Skip to content

Skip to table of contents

ਅਧਿਐਨ ਲੇਖ 3

ਤੁਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰ ਸਕਦੇ ਹੋ?

ਤੁਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰ ਸਕਦੇ ਹੋ?

“ਆਪਣੇ ਮਨ ਦੀ ਵੱਡੀ ਚੌਕਸੀ ਕਰ।”​—ਕਹਾ. 4:23.

ਗੀਤ 52 ਦਿਲ ਦੀ ਰਾਖੀ ਕਰੋ

ਖ਼ਾਸ ਗੱਲਾਂ *

1-3. (ੳ) ਯਹੋਵਾਹ ਸੁਲੇਮਾਨ ਨੂੰ ਕਿਉਂ ਪਿਆਰ ਕਰਦਾ ਸੀ ਅਤੇ ਸੁਲੇਮਾਨ ਨੂੰ ਕਿਹੜੀਆਂ ਬਰਕਤਾਂ ਮਿਲੀਆਂ? (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ?

ਸੁਲੇਮਾਨ ਅਜੇ ਨੌਜਵਾਨ ਹੀ ਸੀ ਜਦੋਂ ਉਹ ਇਜ਼ਰਾਈਲ ਦਾ ਰਾਜਾ ਬਣਿਆ। ਉਸ ਦੇ ਰਾਜ ਦੇ ਸ਼ੁਰੂ ਵਿਚ ਯਹੋਵਾਹ ਉਸ ਦੇ ਸੁਪਨੇ ਵਿਚ ਆਇਆ ਅਤੇ ਕਿਹਾ: “ਮੰਗ ਮੈਂ ਤੈਨੂੰ ਕੀ ਦੇਵਾਂ?” ਸੁਲੇਮਾਨ ਨੇ ਜਵਾਬ ਦਿੱਤਾ: “ਮੈਂ ਤਾਂ ਇੱਕ ਛੋਟਾ ਜਿਹਾ ਮੁੰਡਾ ਹਾਂ ਅਤੇ ਮੈਂ ਬਾਹਰ ਜਾਣਾ ਅਤੇ ਅੰਦਰ ਆਉਣਾ ਨਹੀਂ ਜਾਣਦਾ ਹਾਂ . . . ਆਪਣੇ ਦਾਸ ਨੂੰ ਸੁਣਨ ਵਾਲਾ ਮਨ ਦੇਹ ਭਈ ਉਹ ਤੇਰੀ ਪਰਜਾ ਦਾ ਨਿਆਉਂ ਕਰ ਸੱਕੇ।” (1 ਰਾਜ. 3:5-10) “ਸੁਣਨ ਵਾਲਾ ਮਨ” ਮੰਗ ਕੇ ਉਸ ਨੇ ਕਿੰਨੀ ਹੀ ਨਿਮਰ ਬੇਨਤੀ ਕੀਤੀ! ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਸੁਲੇਮਾਨ ਨੂੰ ਕਿਉਂ ਪਿਆਰ ਕਰਦਾ ਸੀ। (2 ਸਮੂ. 12:24) ਪਰਮੇਸ਼ੁਰ ਨੌਜਵਾਨ ਰਾਜੇ ਦੇ ਜਵਾਬ ਤੋਂ ਇੰਨਾ ਖ਼ੁਸ਼ ਹੋਇਆ ਕਿ ਉਸ ਨੇ ਸੁਲੇਮਾਨ ਨੂੰ “ਇਕ ਬੁੱਧਵਾਨ ਅਤੇ ਸਮਝ ਵਾਲਾ ਮਨ” ਦਿੱਤਾ।​—1 ਰਾਜ. 3:12.

2 ਜਿੰਨਾ ਚਿਰ ਸੁਲੇਮਾਨ ਵਫ਼ਾਦਾਰ ਰਿਹਾ, ਉਸ ਨੇ ਬਹੁਤ ਸਾਰੀਆਂ ਬਰਕਤਾਂ ਦਾ ਆਨੰਦ ਮਾਣਿਆ। ਉਸ ਨੂੰ “ਇਸਰਾਏਲ ਦੇ ਪਰਮੇਸ਼ੁਰ ਦੇ ਨਾਮ” ’ਤੇ ਮੰਦਰ ਬਣਾਉਣ ਦਾ ਸਨਮਾਨ ਮਿਲਿਆ। (1 ਰਾਜ. 8:20) ਉਹ ਪਰਮੇਸ਼ੁਰ ਵੱਲੋਂ ਮਿਲੀ ਬੁੱਧ ਕਰਕੇ ਬਹੁਤ ਮਸ਼ਹੂਰ ਹੋਇਆ। ਨਾਲੇ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਅਧੀਨ ਉਸ ਨੇ ਜੋ ਗੱਲਾਂ ਕਹੀਆਂ, ਉਹ ਬਾਈਬਲ ਦੀਆਂ ਤਿੰਨ ਕਿਤਾਬਾਂ ਵਿਚ ਦਰਜ ਹਨ। ਇਨ੍ਹਾਂ ਵਿੱਚੋਂ ਇਕ ਕਹਾਉਤਾਂ ਦੀ ਕਿਤਾਬ ਹੈ।

3 ਕਹਾਉਤਾਂ ਦੀ ਕਿਤਾਬ ਵਿਚ ਮਨ ਜਾਂ ਦਿਲ ਸ਼ਬਦ ਕਈ ਵਾਰ ਆਉਂਦਾ ਹੈ। ਮਿਸਾਲ ਲਈ, ਕਹਾਉਤਾਂ 4:23 ਵਿਚ ਅਸੀਂ ਪੜ੍ਹਦੇ ਹਾਂ: “ਆਪਣੇ ਮਨ ਦੀ ਵੱਡੀ ਚੌਕਸੀ ਕਰ।” ਇਸ ਆਇਤ ਵਿਚ “ਮਨ” ਸ਼ਬਦ ਦਾ ਕੀ ਮਤਲਬ ਹੈ? ਇਸ ਲੇਖ ਵਿਚ ਅਸੀਂ ਇਸ ਸਵਾਲ ਦਾ ਜਵਾਬ ਲਵਾਂਗੇ। ਇਸ ਦੇ ਨਾਲ-ਨਾਲ ਅਸੀਂ ਹੋਰ ਦੋ ਸਵਾਲਾਂ ਦੇ ਵੀ ਜਵਾਬ ਲਵਾਂਗੇ: ਸ਼ੈਤਾਨ ਸਾਡੇ ਦਿਲ ਨੂੰ ਭ੍ਰਿਸ਼ਟ ਕਰਨ ਦੀ ਕਿਵੇਂ ਕੋਸ਼ਿਸ਼ ਕਰਦਾ ਹੈ? ਅਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰ ਸਕਦੇ ਹਾਂ? ਪਰਮੇਸ਼ੁਰ ਦੇ ਵਫ਼ਾਦਾਰ ਬਣੇ ਰਹਿਣ ਲਈ ਸਾਨੂੰ ਇਨ੍ਹਾਂ ਜ਼ਰੂਰੀ ਸਵਾਲਾਂ ਦੇ ਜਵਾਬ ਲੈਣ ਦੀ ਲੋੜ ਹੈ।

“ਮਨ” ਦਾ ਕੀ ਮਤਲਬ ਹੈ?

4-5. (ੳ) ਕਹਾਉਤਾਂ 4:23 ਤੋਂ ਕਿਵੇਂ ਪਤਾ ਲੱਗਦਾ ਹੈ ਕਿ “ਮਨ” ਸ਼ਬਦ ਦਾ ਮਤਲਬ ਕੀ ਹੈ? (ਅ) ਅਸੀਂ ਅੰਦਰੋਂ ਕਿਹੋ ਜਿਹੇ ਹਾਂ, ਇਸ ਗੱਲ ਦੀ ਅਹਿਮੀਅਤ ਨੂੰ ਸਮਝਣ ਵਿਚ ਚੰਗੀ ਸਿਹਤ ਦੀ ਮਿਸਾਲ ਕਿਵੇਂ ਸਾਡੀ ਮਦਦ ਕਰ ਸਕਦੀ ਹੈ?

4 ਕਹਾਉਤਾਂ 4:23 ਵਿਚ “ਮਨ” ਦਾ ਮਤਲਬ ਹੈ, ਅੰਦਰਲਾ ਇਨਸਾਨ। ਹੋਰ ਸ਼ਬਦਾਂ ਵਿਚ ਕਹੀਏ ਤਾਂ ਮਨ ਜਾਂ ਦਿਲ ਦਾ ਮਤਲਬ ਹੈ, ਸਾਡੀਆਂ ਸੋਚਾਂ, ਭਾਵਨਾਵਾਂ, ਇਰਾਦੇ ਅਤੇ ਇੱਛਾਵਾਂ। ਇਸ ਤੋਂ ਸਿਰਫ਼ ਸਾਡੇ ਬਾਹਰਲੇ ਸੁਭਾਅ ਬਾਰੇ ਹੀ ਪਤਾ ਨਹੀਂ ਲੱਗਦਾ, ਸਗੋਂ ਇਹ ਵੀ ਪਤਾ ਲੱਗਦਾ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ।

5 ਅਸੀਂ ਅੰਦਰੋਂ ਕਿਹੋ ਜਿਹੇ ਹਾਂ, ਇਸ ਗੱਲ ਦੀ ਅਹਿਮੀਅਤ ਨੂੰ ਸਮਝਣ ਲਈ ਅਸੀਂ ਚੰਗੀ ਸਿਹਤ ਦੀ ਮਿਸਾਲ ’ਤੇ ਗੌਰ ਕਰਦੇ ਹਾਂ। ਪਹਿਲਾ, ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਪੌਸ਼ਟਿਕ ਖਾਣਾ ਖਾਈਏ ਅਤੇ ਬਾਕਾਇਦਾ ਕਸਰਤ ਕਰੀਏ। ਇਸੇ ਤਰ੍ਹਾਂ ਆਪਣੇ ਮਨ ਨੂੰ ਸਹੀ ਹਾਲਤ ਵਿਚ ਰੱਖਣ ਲਈ ਸਾਨੂੰ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਨੇ ਚਾਹੀਦੇ ਹਨ ਅਤੇ ਬਾਕਾਇਦਾ ਯਹੋਵਾਹ ’ਤੇ ਆਪਣੀ ਨਿਹਚਾ ਜ਼ਾਹਰ ਕਰਨੀ ਚਾਹੀਦੀ ਹੈ। ਸਿੱਖੀਆਂ ਗੱਲਾਂ ਨੂੰ ਲਾਗੂ ਕਰ ਕੇ ਅਤੇ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸ ਕੇ ਅਸੀਂ ਯਹੋਵਾਹ ’ਤੇ ਆਪਣੀ ਨਿਹਚਾ ਜ਼ਾਹਰ ਕਰਦੇ ਹਾਂ। (ਰੋਮੀ. 10:8-10; ਯਾਕੂ. 2:26) ਦੂਜਾ, ਬਾਹਰੋਂ ਦੇਖਣ ’ਤੇ ਸ਼ਾਇਦ ਸਾਨੂੰ ਲੱਗੇ ਕਿ ਅਸੀਂ ਤੰਦਰੁਸਤ ਹਾਂ, ਪਰ ਹੋ ਸਕਦਾ ਹੈ ਕਿ ਸਾਨੂੰ ਅੰਦਰੋਂ ਕੋਈ ਬੀਮਾਰੀ ਲੱਗੀ ਹੋਵੇ। ਇਸੇ ਤਰ੍ਹਾਂ ਪਰਮੇਸ਼ੁਰੀ ਕੰਮਾਂ ਵਿਚ ਲੱਗੇ ਰਹਿਣ ਕਰਕੇ ਅਸੀਂ ਸ਼ਾਇਦ ਸੋਚੀਏ ਕਿ ਸਾਡੀ ਨਿਹਚਾ ਮਜ਼ਬੂਤ ਹੈ। ਪਰ ਸ਼ਾਇਦ ਸਾਡੇ ਅੰਦਰ ਬੁਰੀਆਂ ਇੱਛਾਵਾਂ ਪਲ਼ ਰਹੀਆਂ ਹੋਣ। (1 ਕੁਰਿੰ. 10:12; ਯਾਕੂ. 1:14, 15) ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ਼ੈਤਾਨ ਆਪਣੀ ਸੋਚ ਰਾਹੀਂ ਸਾਨੂੰ ਭ੍ਰਿਸ਼ਟ ਕਰਨਾ ਚਾਹੁੰਦਾ ਹੈ। ਉਹ ਖ਼ਾਸ ਤੌਰ ’ਤੇ ਇਸ ਤਰ੍ਹਾਂ ਕਰਨ ਦੀ ਕਿਵੇਂ ਕੋਸ਼ਿਸ਼ ਕਰਦਾ ਹੈ? ਅਸੀਂ ਆਪਣੀ ਰਾਖੀ ਕਿਵੇਂ ਕਰ ਸਕਦੇ ਹਾਂ?

ਸ਼ੈਤਾਨ ਸਾਡੇ ਦਿਲ ਨੂੰ ਭ੍ਰਿਸ਼ਟ ਕਰਨ ਦੀ ਕਿਵੇਂ ਕੋਸ਼ਿਸ਼ ਕਰਦਾ ਹੈ?

6. ਸ਼ੈਤਾਨ ਦਾ ਕੀ ਮਕਸਦ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਉਹ ਕਿਹੜੀਆਂ ਕੋਸ਼ਿਸ਼ਾਂ ਕਰਦਾ ਹੈ?

6 ਸ਼ੈਤਾਨ ਬਾਗ਼ੀ ਤੇ ਸੁਆਰਥੀ ਹੈ ਜਿਸ ਨੂੰ ਯਹੋਵਾਹ ਦੇ ਅਸੂਲਾਂ ਦੀ ਕੋਈ ਪਰਵਾਹ ਨਹੀਂ ਹੈ। ਉਹ ਚਾਹੁੰਦਾ ਹੈ ਕਿ ਅਸੀਂ ਵੀ ਉਸ ਵਰਗੇ ਬਣੀਏ। ਪਰ ਸ਼ੈਤਾਨ ਸਾਡੇ ਕੋਲੋਂ ਧੱਕੇ ਨਾਲ ਉਸ ਵਾਂਗ ਸੋਚਣ ਅਤੇ ਉਹ ਕੰਮ ਕਰਨ ਲਈ ਮਜਬੂਰ ਨਹੀਂ ਕਰ ਸਕਦਾ ਜੋ ਅਸੀਂ ਨਹੀਂ ਕਰਨਾ ਚਾਹੁੰਦੇ। ਇਸ ਲਈ ਉਹ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਹੋਰ ਤਰੀਕੇ ਵਰਤਦਾ ਹੈ। ਮਿਸਾਲ ਲਈ, ਉਹ ਸਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਵਰਤਦਾ ਹੈ ਜਿਨ੍ਹਾਂ ਦੀ ਸੋਚ ਉਸ ਨੇ ਪਹਿਲਾਂ ਹੀ ਖ਼ਰਾਬ ਕੀਤੀ ਹੈ। (1 ਯੂਹੰ. 5:19) ਉਸ ਨੂੰ ਉਮੀਦ ਹੈ ਕਿ ਅਸੀਂ ਉਨ੍ਹਾਂ ਨਾਲ ਸੰਗਤੀ ਕਰਨੀ ਚਾਹਾਂਗੇ ਚਾਹੇ ਸਾਨੂੰ ਪਤਾ ਹੈ ਕਿ ਬੁਰੀਆਂ ਸੰਗਤਾਂ ਸਾਡੀ ਸੋਚ ਤੇ ਕੰਮਾਂ ਨੂੰ “ਵਿਗਾੜ” ਸਕਦੀਆਂ ਹਨ। (1 ਕੁਰਿੰ. 15:33) ਰਾਜਾ ਸੁਲੇਮਾਨ ਇਸ ਚਾਲ ਵਿਚ ਫਸ ਗਿਆ ਸੀ। ਉਸ ਨੇ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਵਾਲੀਆਂ ਕਈ ਔਰਤਾਂ ਨਾਲ ਵਿਆਹ ਕਰਵਾਏ। ਇਨ੍ਹਾਂ ਔਰਤਾਂ ਨੇ ਉਸ ’ਤੇ ਜ਼ਬਰਦਸਤ ਅਸਰ ਪਾਇਆ ਅਤੇ ਅਖ਼ੀਰ ਇਨ੍ਹਾਂ ਔਰਤਾਂ ਨੇ ਯਹੋਵਾਹ ਤੋਂ “ਉਹ ਦਾ ਮਨ ਫੇਰ ਲਿਆ।”​—1 ਰਾਜ. 11:3.

ਤੁਹਾਡੇ ਮਨ ਨੂੰ ਭ੍ਰਿਸ਼ਟ ਕਰਨ ਵਾਲੀਆਂ ਸ਼ੈਤਾਨ ਦੀਆਂ ਚਾਲਾਂ ਤੋਂ ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹੋ? (ਪੈਰਾ 7 ਦੇਖੋ) *

7. ਸ਼ੈਤਾਨ ਕਿਨ੍ਹਾਂ ਤਰੀਕਿਆਂ ਰਾਹੀਂ ਆਪਣੀ ਸੋਚ ਫੈਲਾਉਂਦਾ ਹੈ ਅਤੇ ਸਾਨੂੰ ਇਸ ਤੋਂ ਖ਼ਬਰਦਾਰ ਰਹਿਣ ਦੀ ਕਿਉਂ ਲੋੜ ਹੈ?

7 ਸ਼ੈਤਾਨ ਫ਼ਿਲਮਾਂ ਤੇ ਟੈਲੀਵਿਯਨ ਪ੍ਰੋਗ੍ਰਾਮਾਂ ਰਾਹੀਂ ਆਪਣੀ ਸੋਚ ਨੂੰ ਫੈਲਾਉਂਦਾ ਹੈ। ਉਸ ਨੂੰ ਪਤਾ ਹੈ ਕਿ ਕਹਾਣੀ ਸੁਣਾ ਕੇ ਉਹ ਸਿਰਫ਼ ਸਾਡਾ ਮਨੋਰੰਜਨ ਹੀ ਨਹੀਂ ਕਰਦਾ, ਸਗੋਂ ਇਨ੍ਹਾਂ ਰਾਹੀਂ ਉਹ ਸਾਡੀਆਂ ਸੋਚਾਂ, ਭਾਵਨਾਵਾਂ ਤੇ ਸਾਡੇ ਕੰਮਾਂ ਉੱਤੇ ਵੀ ਅਸਰ ਪਾਉਂਦਾ ਹੈ। ਯਿਸੂ ਕਹਾਣੀਆਂ ਸੁਣਾ ਕੇ ਵਧੀਆ ਸਬਕ ਸਿਖਾਉਂਦਾ ਸੀ। ਮਿਸਾਲ ਲਈ, ਉਸ ਨੇ ਦਿਆਲੂ ਸਾਮਰੀ ਅਤੇ ਉਜਾੜੂ ਪੁੱਤਰ ਦੀ ਕਹਾਣੀ ਸੁਣਾਈ। (ਮੱਤੀ 13:34; ਲੂਕਾ 10:29-37; 15:11-32) ਪਰ ਸ਼ੈਤਾਨੀ ਸੋਚ ਰੱਖਣ ਵਾਲੇ ਲੋਕ ਕਹਾਣੀਆਂ ਸੁਣਾ ਕੇ ਸਾਡੀ ਸੋਚ ਨੂੰ ਭ੍ਰਿਸ਼ਟ ਕਰ ਸਕਦੇ ਹਨ। ਸਾਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ। ਫ਼ਿਲਮਾਂ ਅਤੇ ਟੀ. ਵੀ. ਪ੍ਰੋਗ੍ਰਾਮ ਸਾਡੀ ਸੋਚ ਨੂੰ ਭ੍ਰਿਸ਼ਟ ਕੀਤੇ ਬਿਨਾਂ ਸਾਡਾ ਮਨੋਰੰਜਨ ਕਰ ਸਕਦੇ ਹਨ ਅਤੇ ਸਾਨੂੰ ਸਿਖਾ ਸਕਦੇ ਹਨ। ਪਰ ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ। ਮਨੋਰੰਜਨ ਦੀ ਚੋਣ ਕਰਦਿਆਂ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਇਹ ਫ਼ਿਲਮ ਜਾਂ ਟੀ. ਵੀ. ਪ੍ਰੋਗ੍ਰਾਮ ਮੈਨੂੰ ਇਹ ਸਿਖਾ ਰਿਹਾ ਹੈ ਕਿ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਨ ਵਿਚ ਕੋਈ ਹਰਜ਼ ਨਹੀਂ ਹੈ?’ (ਗਲਾ. 5:19-21; ਅਫ਼. 2:1-3) ਤੁਸੀਂ ਉਦੋਂ ਕੀ ਕਰੋਗੇ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਪ੍ਰੋਗ੍ਰਾਮ ਸ਼ੈਤਾਨ ਦੀ ਸੋਚ ਫੈਲਾ ਰਿਹਾ ਹੈ? ਇਸ ਤੋਂ ਦੂਰ ਰਹੋ ਜਿੱਦਾਂ ਤੁਸੀਂ ਛੂਤ ਦੀ ਬੀਮਾਰੀ ਤੋਂ ਦੂਰ ਰਹਿੰਦੇ ਹੋ।

8. ਮਾਪੇ ਆਪਣੇ ਬੱਚਿਆਂ ਦੇ ਦਿਲਾਂ ਦੀ ਰਾਖੀ ਕਿਵੇਂ ਕਰ ਸਕਦੇ ਹਨ?

8 ਮਾਪਿਓ, ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਸ਼ੈਤਾਨ ਤੋਂ ਆਪਣੇ ਬੱਚਿਆਂ ਦੀ ਰਾਖੀ ਕਰੋ ਜੋ ਉਨ੍ਹਾਂ ਦੇ ਮਨਾਂ ਨੂੰ ਭ੍ਰਿਸ਼ਟ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਹੈ। ਬਿਨਾਂ ਸ਼ੱਕ, ਤੁਸੀਂ ਆਪਣੇ ਬੱਚੇ ਨੂੰ ਕਿਸੇ ਵੀ ਬੀਮਾਰੀ ਤੋਂ ਬਚਾਉਣ ਲਈ ਆਪਣੇ ਵੱਲੋਂ ਹਰ ਮੁਮਕਿਨ ਕੋਸ਼ਿਸ਼ ਕਰਦੇ ਹੋ। ਤੁਸੀਂ ਆਪਣੇ ਘਰ ਨੂੰ ਸਾਫ਼ ਰੱਖਦੇ ਹੋ ਅਤੇ ਉਹ ਹਰ ਚੀਜ਼ ਨੂੰ ਬਾਹਰ ਸੁੱਟ ਦਿੰਦੇ ਹੋ ਜਿਸ ਨਾਲ ਤੁਸੀਂ ਜਾਂ ਤੁਹਾਡੇ ਬੱਚੇ ਬੀਮਾਰ ਹੋ ਸਕਦੇ ਹਨ। ਬਿਲਕੁਲ ਇਸੇ ਤਰ੍ਹਾਂ ਤੁਹਾਨੂੰ ਆਪਣੇ ਬੱਚਿਆਂ ਨੂੰ ਉਨ੍ਹਾਂ ਫ਼ਿਲਮਾਂ, ਟੀ. ਵੀ. ਪ੍ਰੋਗ੍ਰਾਮਾਂ, ਵੀਡੀਓ ਗੇਮਾਂ ਅਤੇ ਵੈੱਬਸਾਈਟਾਂ ਤੋਂ ਬਚਾਉਣ ਦੀ ਲੋੜ ਹੈ ਜੋ ਤੁਹਾਡੇ ਬੱਚਿਆਂ ਦੇ ਮਨਾਂ ਵਿਚ ਸ਼ੈਤਾਨ ਦੀ ਸੋਚ ਪੈਦਾ ਕਰ ਸਕਦੀਆਂ ਹਨ। ਯਹੋਵਾਹ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਦੀ ਯਹੋਵਾਹ ਦੇ ਦੋਸਤ ਬਣਨ ਵਿਚ ਮਦਦ ਕਰੋ। (ਕਹਾ. 1:8; ਅਫ਼. 6:1, 4) ਇਸ ਲਈ ਬਾਈਬਲ ਦੇ ਆਧਾਰ ’ਤੇ ਆਪਣੇ ਪਰਿਵਾਰ ਲਈ ਨਿਯਮ ਬਣਾਉਣ ਤੋਂ ਨਾ ਡਰੋ। ਆਪਣੇ ਬੱਚਿਆਂ ਨੂੰ ਦੱਸੋ ਕਿ ਉਹ ਕਿਹੜੇ ਪ੍ਰੋਗ੍ਰਾਮ ਦੇਖ ਸਕਦੇ ਹਨ ਤੇ ਕਿਹੜੇ ਨਹੀਂ। ਉਨ੍ਹਾਂ ਨੂੰ ਸਮਝਾਓ ਕਿ ਤੁਸੀਂ ਨਿਯਮ ਕਿਉਂ ਬਣਾਏ ਹਨ। (ਮੱਤੀ 5:37) ਜਿਵੇਂ-ਜਿਵੇਂ ਤੁਹਾਡਾ ਬੱਚਾ ਵੱਡਾ ਹੁੰਦਾ ਹੈ, ਉਸ ਨੂੰ ਯਹੋਵਾਹ ਦੇ ਮਿਆਰਾਂ ਮੁਤਾਬਕ ਸਹੀ-ਗ਼ਲਤ ਵਿਚ ਫ਼ਰਕ ਦੇਖਣ ਦੀ ਸਿਖਲਾਈ ਦਿਓ। (ਇਬ. 5:14) ਯਾਦ ਰੱਖੋ ਕਿ ਬੱਚੇ ਤੁਹਾਡੀਆਂ ਗੱਲਾਂ ਨਾਲੋਂ ਕਿਤੇ ਜ਼ਿਆਦਾ ਤੁਹਾਡੇ ਕੰਮਾਂ ਤੋਂ ਸਿੱਖਦੇ ਹਨ।​—ਬਿਵ. 6:6, 7; ਰੋਮੀ. 2:21.

9. ਸ਼ੈਤਾਨ ਦੁਆਰਾ ਫੈਲਾਈ ਇਕ ਸੋਚ ਕਿਹੜੀ ਹੈ ਅਤੇ ਇਹ ਸੋਚ ਖ਼ਤਰਨਾਕ ਕਿਉਂ ਹੈ?

9 ਸ਼ੈਤਾਨ ਇਕ ਹੋਰ ਤਰੀਕੇ ਨਾਲ ਸਾਡੇ ਮਨ ਨੂੰ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਦੀ ਸੋਚ ਦੀ ਬਜਾਇ ਇਨਸਾਨੀ ਬੁੱਧ ’ਤੇ ਭਰੋਸਾ ਰੱਖੀਏ। (ਕੁਲੁ. 2:8) ਜ਼ਰਾ ਸ਼ੈਤਾਨ ਦੁਆਰਾ ਫੈਲਾਈ ਸਿਰਫ਼ ਇਕ ਸੋਚ ’ਤੇ ਗੌਰ ਕਰੋ। ਇਹ ਸੋਚ ਹੈ: ਅਮੀਰ ਬਣਨਾ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਸ਼ਾਇਦ ਅਮੀਰ ਬਣ ਜਾਣ ਜਾਂ ਸ਼ਾਇਦ ਨਾ ਵੀ ਬਣਨ। ਪਰ ਇੱਦਾਂ ਦੀ ਸੋਚ ਰੱਖਣ ਵਾਲੇ ਇਨਸਾਨਾਂ ਦਾ ਨੁਕਸਾਨ ਹੁੰਦਾ ਹੈ। ਕਿਉਂ? ਕਿਉਂਕਿ ਉਨ੍ਹਾਂ ਦਾ ਧਿਆਨ ਪੈਸੇ ਕਮਾਉਣ ’ਤੇ ਲੱਗਾ ਰਹਿੰਦਾ ਹੈ ਜਿਸ ਕਰਕੇ ਉਹ ਆਪਣੀ ਸਿਹਤ, ਪਰਿਵਾਰਕ ਰਿਸ਼ਤੇ ਅਤੇ ਇੱਥੋਂ ਤਕ ਕਿ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਵੀ ਦਾਅ ’ਤੇ ਲਾ ਦਿੰਦੇ ਹਨ। (1 ਤਿਮੋ. 6:10) ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਡਾ ਸਵਰਗੀ ਪਿਤਾ ਪੈਸਿਆਂ ਪ੍ਰਤੀ ਸਹੀ ਨਜ਼ਰੀਆ ਰੱਖਣ ਵਿਚ ਸਾਡੀ ਮਦਦ ਕਰਦਾ ਹੈ।​—ਉਪ. 7:12; ਲੂਕਾ 12:15.

ਅਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰ ਸਕਦੇ ਹਾਂ?

ਪੁਰਾਣੇ ਸਮੇਂ ਦੇ ਪਹਿਰੇਦਾਰਾਂ ਅਤੇ ਦਰਬਾਨਾਂ ਵਾਂਗ ਅਸੀਂ ਚੁਕੰਨੇ ਕਿਵੇਂ ਰਹਿ ਸਕਦੇ ਹਾਂ ਅਤੇ ਕੀ ਕਰ ਸਕਦੇ ਹਾਂ ਤਾਂਕਿ ਸ਼ੈਤਾਨ ਸਾਡੇ ਦਿਲਾਂ ’ਤੇ ਅਸਰ ਨਾ ਪਾਵੇ (ਪੈਰੇ 10-11 ਦੇਖੋ) *

10-11. (ੳ) ਸਾਨੂੰ ਆਪਣੇ ਦਿਲ ਦੀ ਰਾਖੀ ਕਰਨ ਲਈ ਕੀ ਕਰਨਾ ਚਾਹੀਦਾ ਹੈ? (ਅ) ਪੁਰਾਣੇ ਸਮੇਂ ਵਿਚ ਪਹਿਰੇਦਾਰ ਕੀ ਕਰਦੇ ਸਨ ਅਤੇ ਸਾਡੀ ਜ਼ਮੀਰ ਪਹਿਰੇਦਾਰ ਵਾਂਗ ਕਿਵੇਂ ਕੰਮ ਕਰ ਸਕਦੀ ਹੈ?

10 ਆਪਣੇ ਦਿਲ ਦੀ ਰਾਖੀ ਕਰਨ ਲਈ ਸਾਨੂੰ ਖ਼ਤਰਿਆਂ ਨੂੰ ਪਛਾਣਨ ਅਤੇ ਆਪਣੀ ਰਾਖੀ ਲਈ ਝੱਟ ਕਦਮ ਚੁੱਕਣ ਦੀ ਲੋੜ ਹੈ। ਕਹਾਉਤਾਂ 4:23 ਅਨੁਵਾਦ ਕੀਤੇ “ਚੌਕਸੀ” ਸ਼ਬਦ ਤੋਂ ਸਾਨੂੰ ਪਹਿਰੇਦਾਰ ਦੇ ਕੰਮ ਦੀ ਯਾਦ ਆਉਂਦੀ ਹੈ। ਰਾਜਾ ਸੁਲੇਮਾਨ ਦੇ ਦਿਨਾਂ ਵਿਚ ਪਹਿਰੇਦਾਰ ਰਾਖੀ ਲਈ ਸ਼ਹਿਰ ਦੀ ਕੰਧ ’ਤੇ ਖੜ੍ਹਦਾ ਸੀ ਅਤੇ ਕੋਈ ਖ਼ਤਰਾ ਨਜ਼ਰ ਆਉਣ ’ਤੇ ਚੇਤਾਵਨੀ ਦਿੰਦਾ ਸੀ। ਆਪਣੇ ਮਨ ਵਿਚ ਇਹ ਤਸਵੀਰ ਬਣਾ ਕੇ ਸਾਡੀ ਇਹ ਸਮਝਣ ਵਿਚ ਮਦਦ ਹੁੰਦੀ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਸ਼ੈਤਾਨ ਸਾਡੀ ਸੋਚ ਨੂੰ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ।

11 ਪੁਰਾਣੇ ਸਮੇਂ ਵਿਚ ਪਹਿਰੇਦਾਰ ਅਤੇ ਸ਼ਹਿਰ ਦੇ ਦਰਵਾਜ਼ੇ ’ਤੇ ਪਹਿਰਾ ਦੇਣ ਵਾਲੇ ਦਰਬਾਨ ਇਕੱਠੇ ਮਿਲ ਕੇ ਕੰਮ ਕਰਦੇ ਸਨ। (2 ਸਮੂ. 18:24-26) ਦੁਸ਼ਮਣ ਨੇੜੇ ਆਉਣ ’ਤੇ ਉਹ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿੰਦੇ ਸਨ। ਇਸ ਤਰ੍ਹਾਂ ਉਹ ਇਕੱਠੇ ਮਿਲ ਕੇ ਸ਼ਹਿਰ ਦੀ ਰਾਖੀ ਕਰਦੇ ਸਨ। (ਨਹ. 7:1-3) ਬਾਈਬਲ ਦੁਆਰਾ ਸਿਖਲਾਈ ਸਾਡੀ ਜ਼ਮੀਰ * ਪਹਿਰੇਦਾਰ ਵਾਂਗ ਕੰਮ ਕਰ ਸਕਦੀ ਹੈ ਅਤੇ ਸਾਨੂੰ ਚੇਤਾਵਨੀ ਦੇ ਸਕਦੀ ਹੈ ਜਦੋਂ ਸ਼ੈਤਾਨ ਸਾਡੇ ਮਨ ’ਤੇ ਅਸਰ ਪਾਉਣ ਦੀ ਕੋਸ਼ਿਸ਼ ਕਰਦਾ ਹੈ ਯਾਨੀ ਜਦੋਂ ਉਹ ਸਾਡੀਆਂ ਸੋਚਾਂ, ਭਾਵਨਾਵਾਂ, ਇੱਛਾਵਾਂ ਜਾਂ ਸਾਡੇ ਇਰਾਦਿਆਂ ’ਤੇ ਅਸਰ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਵੀ ਸਾਡੀ ਜ਼ਮੀਰ ਸਾਨੂੰ ਚੇਤਾਵਨੀ ਦਿੰਦੀ ਹੈ, ਤਾਂ ਸਾਨੂੰ ਉਸ ਦੀ ਸੁਣਨ ਤੇ ਖ਼ਤਰੇ ਤੋਂ ਬਚਣ ਲਈ ਹਰ ਮੁਮਕਿਨ ਕੋਸ਼ਿਸ਼ ਕਰਨ ਦੀ ਲੋੜ ਹੈ।

12-13. ਸ਼ਾਇਦ ਅਸੀਂ ਕੀ ਕਰਨ ਲਈ ਭਰਮਾਏ ਜਾਈਏ, ਪਰ ਸਾਨੂੰ ਕੀ ਕਰਨਾ ਚਾਹੀਦਾ ਹੈ?

12 ਇਕ ਮਿਸਾਲ ’ਤੇ ਗੌਰ ਕਰੋ ਕਿ ਸ਼ੈਤਾਨ ਦੀ ਸੋਚ ਤੋਂ ਬਚਣ ਲਈ ਅਸੀਂ ਆਪਣੀ ਰਾਖੀ ਕਿਵੇਂ ਕਰ ਸਕਦੇ ਹਾਂ। ਯਹੋਵਾਹ ਨੇ ਸਾਨੂੰ ਸਿਖਾਇਆ ਹੈ ਕਿ ਤੁਹਾਡੇ ਵਿਚ “ਹਰਾਮਕਾਰੀ ਦਾ ਅਤੇ ਹਰ ਤਰ੍ਹਾਂ ਦੇ ਗੰਦੇ-ਮੰਦੇ ਕੰਮਾਂ . . . ਦਾ ਜ਼ਿਕਰ ਤਕ” ਨਹੀਂ ਕੀਤਾ ਜਾਣਾ ਚਾਹੀਦਾ। (ਅਫ਼. 5:3) ਪਰ ਅਸੀਂ ਉਦੋਂ ਕੀ ਕਰਾਂਗੇ ਜਦੋਂ ਕੰਮ ’ਤੇ ਜਾਂ ਸਕੂਲ ਵਿਚ ਸਾਡੇ ਹਾਣੀ ਗੰਦੇ ਵਿਸ਼ਿਆਂ ਬਾਰੇ ਗੱਲ ਕਰਨੀ ਸ਼ੁਰੂ ਕਰ ਦੇਣ? ਸਾਨੂੰ ਪਤਾ ਹੈ ਕਿ ਸਾਨੂੰ “ਬੁਰਾਈ ਅਤੇ ਦੁਨਿਆਵੀ ਇੱਛਾਵਾਂ ਨੂੰ ਤਿਆਗਣਾ” ਚਾਹੀਦਾ ਹੈ। (ਤੀਤੁ. 2:12) ਪਹਿਰੇਦਾਰ ਯਾਨੀ ਸਾਡੀ ਜ਼ਮੀਰ ਸ਼ਾਇਦ ਸਾਨੂੰ ਖ਼ਤਰੇ ਬਾਰੇ ਚੇਤਾਵਨੀ ਦੇਵੇ। (ਰੋਮੀ. 2:15) ਪਰ ਕੀ ਅਸੀਂ ਉਸ ਦੀ ਸੁਣਾਂਗੇ? ਅਸੀਂ ਸ਼ਾਇਦ ਆਪਣੇ ਹਾਣੀਆਂ ਦੀ ਗੱਲ ਸੁਣਨ ਅਤੇ ਸ਼ਾਇਦ ਉਨ੍ਹਾਂ ਵੱਲੋਂ ਦਿਖਾਈਆਂ ਜਾਂਦੀਆਂ ਤਸਵੀਰਾਂ ਦੇਖਣ ਲਈ ਭਰਮਾਏ ਜਾਈਏ। ਪਰ ਖ਼ਤਰੇ ਤੋਂ ਬਚਣ ਲਈ ਸਾਨੂੰ ਗੱਲਬਾਤ ਦਾ ਰੁਖ ਬਦਲ ਦੇਣਾ ਜਾਂ ਉੱਥੋਂ ਚਲੇ ਜਾਣਾ ਚਾਹੀਦਾ ਹੈ।

13 ਜਦੋਂ ਹਾਣੀ ਸਾਡੇ ’ਤੇ ਕੁਝ ਗ਼ਲਤ ਸੋਚਣ ਜਾਂ ਕੰਮ ਕਰਨ ਦਾ ਦਬਾਅ ਪਾਉਂਦੇ ਹਨ, ਤਾਂ ਸਾਨੂੰ ਦਲੇਰ ਬਣਨ ਦੀ ਲੋੜ ਹੈ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਜਤਨਾਂ ਨੂੰ ਦੇਖਦਾ ਹੈ ਅਤੇ ਉਹ ਸ਼ੈਤਾਨ ਦੀ ਸੋਚ ਤੋਂ ਬਚਣ ਲਈ ਸਾਨੂੰ ਲੋੜੀਂਦੀ ਤਾਕਤ ਤੇ ਬੁੱਧ ਦੇਵੇਗਾ। (2 ਇਤ. 16:9; ਯਸਾ. 40:29; ਯਾਕੂ. 1:5) ਪਰ ਅਸੀਂ ਆਪਣੇ ਮਨ ਦੀ ਰਾਖੀ ਕਰਨ ਲਈ ਹੋਰ ਕੀ ਕਰ ਸਕਦੇ ਹਾਂ?

ਖ਼ਬਰਦਾਰ ਰਹੋ

14-15. (ੳ) ਸਾਨੂੰ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹਣ ਦੀ ਕਿਉਂ ਲੋੜ ਹੈ ਅਤੇ ਅਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ? (ਅ) ਬਾਈਬਲ ਪੜ੍ਹਾਈ ਤੋਂ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਪਾਉਣ ਵਿਚ ਕਹਾਉਤਾਂ 4:20-22 ਸਾਡੀ ਕਿਵੇਂ ਮਦਦ ਕਰਦਾ ਹੈ? (“ ਸੋਚ-ਵਿਚਾਰ ਕਿਵੇਂ ਕਰੀਏ” ਨਾਂ ਦੀ ਡੱਬੀ ਦੇਖੋ।)

14 ਆਪਣੇ ਮਨ ਦੀ ਰਾਖੀ ਕਰਨ ਲਈ ਇਹੀ ਜ਼ਰੂਰੀ ਨਹੀਂ ਹੈ ਕਿ ਅਸੀਂ ਆਪਣੇ ’ਤੇ ਬੁਰੀਆਂ ਗੱਲਾਂ ਦਾ ਪ੍ਰਭਾਵ ਨਾ ਪੈਣ ਦੇਈਏ, ਪਰ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ’ਤੇ ਚੰਗੀਆਂ ਗੱਲਾਂ ਦਾ ਵੀ ਅਸਰ ਪੈਣ ਦੇਈਏ। ਜ਼ਰਾ ਦੁਬਾਰਾ ਤੋਂ ਉਸ ਸ਼ਹਿਰ ਦੀ ਮਿਸਾਲ ’ਤੇ ਗੌਰ ਕਰੋ ਜਿਸ ਦੇ ਆਲੇ-ਦੁਆਲੇ ਕੰਧਾਂ ਹਨ। ਦਰਬਾਨ ਦੁਸ਼ਮਣਾਂ ਨੂੰ ਸ਼ਹਿਰ ’ਤੇ ਹਮਲਾ ਕਰਨ ਤੋਂ ਰੋਕਣ ਲਈ ਫਾਟਕ ਬੰਦ ਕਰ ਦਿੰਦਾ ਸੀ, ਪਰ ਹੋਰ ਸਮਿਆਂ ’ਤੇ ਉਹ ਖਾਣ-ਪੀਣ ਅਤੇ ਹੋਰ ਚੀਜ਼ਾਂ ਨੂੰ ਸ਼ਹਿਰ ਅੰਦਰ ਲੈ ਕੇ ਜਾਣ ਲਈ ਫਾਟਕ ਖੋਲ੍ਹਦਾ ਸੀ। ਜੇ ਫਾਟਕ ਕਦੇ ਨਾ ਖੋਲ੍ਹੇ ਜਾਂਦੇ, ਤਾਂ ਸ਼ਹਿਰ ਦੇ ਵਾਸੀਆਂ ਨੇ ਭੁੱਖੇ ਮਰ ਜਾਣਾ ਸੀ। ਬਿਲਕੁਲ ਇਸੇ ਤਰ੍ਹਾਂ ਸਾਨੂੰ ਬਾਕਾਇਦਾ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹਣੇ ਚਾਹੀਦੇ ਹਨ ਤਾਂਕਿ ਪਰਮੇਸ਼ੁਰ ਦੀ ਸੋਚ ਦਾ ਅਸਰ ਸਾਡੇ ’ਤੇ ਪਵੇ।

15 ਬਾਈਬਲ ਵਿਚ ਯਹੋਵਾਹ ਦੀ ਸੋਚ ਹੈ। ਇਸ ਲਈ ਜਦੋਂ ਵੀ ਅਸੀਂ ਇਸ ਨੂੰ ਪੜ੍ਹਦੇ ਹਾਂ, ਤਾਂ ਅਸੀਂ ਯਹੋਵਾਹ ਦੇ ਵਿਚਾਰਾਂ ਦਾ ਆਪਣੀਆਂ ਸੋਚਾਂ, ਭਾਵਨਾਵਾਂ ਅਤੇ ਕੰਮਾਂ ’ਤੇ ਅਸਰ ਪੈਣ ਦਿੰਦੇ ਹਾਂ। ਅਸੀਂ ਆਪਣੀ ਬਾਈਬਲ ਪੜ੍ਹਾਈ ਤੋਂ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਕਿਵੇਂ ਪਾ ਸਕਦੇ ਹਾਂ? ਪ੍ਰਾਰਥਨਾ ਕਰਨੀ ਜ਼ਰੂਰੀ ਹੈ। ਇਕ ਮਸੀਹੀ ਭੈਣ ਕਹਿੰਦੀ ਹੈ: “ਬਾਈਬਲ ਪੜ੍ਹਨ ਤੋਂ ਪਹਿਲਾਂ ਮੈਂ ਯਹੋਵਾਹ ਤੋਂ ਪ੍ਰਾਰਥਨਾ ਰਾਹੀਂ ਮਦਦ ਮੰਗਦੀ ਹਾਂ ਤਾਂਕਿ ਮੈਂ ਉਸ ਦੇ ਬਚਨ ਵਿੱਚੋਂ ‘ਅਚਰਜ ਗੱਲਾਂ ਨੂੰ ਵੇਖ’ ਸਕਾਂ।” (ਜ਼ਬੂ. 119:18) ਸਾਨੂੰ ਵੀ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਦੀ ਲੋੜ ਹੈ। ਜਦੋਂ ਅਸੀਂ ਪ੍ਰਾਰਥਨਾ ਕਰਦੇ, ਪੜ੍ਹਦੇ ਅਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਪਰਮੇਸ਼ੁਰ ਦਾ ਬਚਨ ਸਾਡੇ “ਮਨ” ਅੰਦਰ ਵੱਸ ਜਾਂਦਾ ਹੈ ਅਤੇ ਸਾਨੂੰ ਯਹੋਵਾਹ ਦੀ ਸੋਚ ਚੰਗੀ ਲੱਗਣੀ ਸ਼ੁਰੂ ਹੋ ਜਾਂਦੀ ਹੈ।​—ਕਹਾਉਤਾਂ 4:20-22 ਪੜ੍ਹੋ; ਜ਼ਬੂ. 119:97.

16. ਕਈ ਜਣਿਆਂ ਨੂੰ JW ਬ੍ਰਾਡਕਾਸਟਿੰਗ ਤੋਂ ਕਿਵੇਂ ਫ਼ਾਇਦਾ ਹੋਇਆ?

16 ਜਦੋਂ ਅਸੀਂ JW ਬ੍ਰਾਡਕਾਸਟਿੰਗ ’ਤੇ ਦਿੱਤੇ ਵੀਡੀਓ ਦੇਖਦੇ ਹਾਂ, ਤਾਂ ਇਸ ਰਾਹੀਂ ਵੀ ਅਸੀਂ ਆਪਣੇ ’ਤੇ ਪਰਮੇਸ਼ੁਰ ਦੀ ਸੋਚ ਦਾ ਅਸਰ ਪੈਣ ਦਿੰਦੇ ਹਾਂ। ਇਕ ਜੋੜਾ ਕਹਿੰਦਾ ਹੈ: “ਹਰ ਮਹੀਨੇ ਦਾ ਪ੍ਰੋਗ੍ਰਾਮ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਹੈ। ਜਦੋਂ ਅਸੀਂ ਨਿਰਾਸ਼ ਜਾਂ ਇਕੱਲਾਪਣ ਮਹਿਸੂਸ ਕੀਤਾ, ਤਾਂ ਇਨ੍ਹਾਂ ਤੋਂ ਸਾਨੂੰ ਤਾਕਤ ਅਤੇ ਹੱਲਾਸ਼ੇਰੀ ਮਿਲੀ। ਅਸੀਂ ਅਕਸਰ ਆਪਣੇ ਘਰ ਵਿਚ ਬ੍ਰਾਡਕਾਸਟਿੰਗ ਵਿਚ ਦਿੱਤੇ ਗਾਣੇ ਸੁਣਦੇ ਹਾਂ। ਅਸੀਂ ਖਾਣਾ ਬਣਾਉਂਦਿਆਂ, ਸਫ਼ਾਈ ਕਰਦਿਆਂ ਜਾਂ ਚਾਹ ਪੀਂਦਿਆਂ ਇਨ੍ਹਾਂ ਗਾਣਿਆਂ ਨੂੰ ਸੁਣਦੇ ਹਾਂ।” ਇਨ੍ਹਾਂ ਪ੍ਰੋਗ੍ਰਾਮਾਂ ਰਾਹੀਂ ਸਾਡੇ ਦਿਲ ਦੀ ਰਾਖੀ ਹੁੰਦੀ ਹੈ। ਇਹ ਪ੍ਰੋਗ੍ਰਾਮ ਸਾਨੂੰ ਯਹੋਵਾਹ ਵਾਂਗ ਸੋਚਣਾ ਸਿਖਾਉਂਦੇ ਹਨ। ਨਾਲੇ ਉਨ੍ਹਾਂ ਦਬਾਵਾਂ ਤੋਂ ਬਚਣਾ ਸਿਖਾਉਂਦੇ ਹਨ ਜਿਨ੍ਹਾਂ ਵਿਚ ਅਸੀਂ ਸ਼ੈਤਾਨ ਦੀ ਸੋਚ ਅਪਣਾ ਸਕਦੇ ਹਾਂ।

17-18. (ੳ) 1 ਰਾਜਿਆਂ 8:61 ਅਨੁਸਾਰ ਯਹੋਵਾਹ ਵੱਲੋਂ ਸਿਖਾਈਆਂ ਗੱਲਾਂ ਲਾਗੂ ਕਰਨ ’ਤੇ ਕੀ ਹੁੰਦਾ ਹੈ? (ਅ) ਅਸੀਂ ਹਿਜ਼ਕੀਯਾਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? (ੲ) ਜ਼ਬੂਰ 139:23, 24 ਵਿਚ ਦਾਊਦ ਦੀ ਪ੍ਰਾਰਥਨਾ ਅਨੁਸਾਰ ਅਸੀਂ ਕਿਸ ਚੀਜ਼ ਲਈ ਪ੍ਰਾਰਥਨਾ ਕਰ ਸਕਦੇ ਹਾਂ?

17 ਹਰ ਵਾਰ ਜਦੋਂ ਅਸੀਂ ਸਹੀ ਕੰਮ ਕਰਨ ਦੇ ਫ਼ਾਇਦੇ ਦੇਖਦੇ ਹਾਂ, ਤਾਂ ਸਾਡੀ ਨਿਹਚਾ ਹੋਰ ਮਜ਼ਬੂਤ ਹੁੰਦੀ ਹੈ। (ਯਾਕੂ. 1:2, 3) ਸਾਨੂੰ ਚੰਗਾ ਲੱਗਦਾ ਹੈ ਕਿਉਂਕਿ ਸਾਡੇ ਕੰਮਾਂ ਕਰਕੇ ਯਹੋਵਾਹ ਨੂੰ ਸਾਨੂੰ ਆਪਣੇ ਬੱਚੇ ਕਹਿਣ ਵਿਚ ਮਾਣ ਮਹਿਸੂਸ ਹੁੰਦਾ ਹੈ। ਇਸ ਕਰਕੇ ਉਸ ਨੂੰ ਖ਼ੁਸ਼ ਕਰਨ ਦੀ ਸਾਡੀ ਇੱਛਾ ਹੋਰ ਵਧ ਜਾਂਦੀ ਹੈ। (ਕਹਾ. 27:11) ਹਰ ਪਰੀਖਿਆ ਸਾਡੇ ਲਈ ਇਹ ਦਿਖਾਉਣ ਦਾ ਮੌਕਾ ਹੁੰਦਾ ਹੈ ਕਿ ਅਸੀਂ ਆਪਣੇ ਪਰਵਾਹ ਕਰਨ ਵਾਲੇ ਪਿਤਾ ਦੀ ਅੱਧ-ਅਧੂਰੇ ਮਨ ਨਾਲ ਸੇਵਾ ਨਹੀਂ ਕਰਦੇ। (ਜ਼ਬੂ. 119:113) ਇਸ ਦੀ ਬਜਾਇ, ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਪੂਰੇ ਦਿਲ ਨਾਲ ਪਿਆਰ ਕਰਦੇ ਹਾਂ ਯਾਨੀ ਅਸੀਂ ਉਸ ਦੇ ਹੁਕਮਾਂ ਨੂੰ ਮੰਨਣ ਅਤੇ ਉਸ ਦੀ ਇੱਛਾ ਪੂਰੀ ਕਰਨ ਦਾ ਪੱਕਾ ਫ਼ੈਸਲਾ ਕੀਤਾ ਹੈ।​—1 ਰਾਜਿਆਂ 8:61 ਪੜ੍ਹੋ।

18 ਕੀ ਅਸੀਂ ਗ਼ਲਤੀਆਂ ਕਰਾਂਗੇ? ਜੀ ਹਾਂ, ਕਿਉਂਕਿ ਅਸੀਂ ਸਾਰੇ ਪਾਪੀ ਹਾਂ। ਜੇ ਅਸੀਂ ਗ਼ਲਤੀਆਂ ਕਰਦੇ ਹਾਂ, ਤਾਂ ਰਾਜਾ ਹਿਜ਼ਕੀਯਾਹ ਨੂੰ ਯਾਦ ਕਰੋ। ਉਸ ਨੇ ਗ਼ਲਤੀਆਂ ਕੀਤੀਆਂ ਸਨ। ਪਰ ਉਸ ਨੇ ਤੋਬਾ ਕੀਤੀ ਅਤੇ “ਪੂਰੇ ਦਿਲ ਨਾਲ” ਯਹੋਵਾਹ ਦੀ ਸੇਵਾ ਕਰਦਾ ਰਿਹਾ। (ਯਸਾ. 38:3-6; 2 ਇਤ. 29:1, 2; 32:25, 26) ਆਓ ਆਪਾਂ ਸਾਡੀ ਸੋਚ ਨੂੰ ਭ੍ਰਿਸ਼ਟ ਕਰਨ ਵਾਲੇ ਸ਼ੈਤਾਨ ਦੇ ਹਮਲਿਆਂ ਤੋਂ ਬਚੀਏ। ਆਓ ਆਪਾਂ ਪ੍ਰਾਰਥਨਾ ਕਰੀਏ ਤਾਂਕਿ ਅਸੀਂ “ਸੁਣਨ ਵਾਲਾ ਮਨ” ਪ੍ਰਾਪਤ ਕਰ ਸਕੀਏ। (1 ਰਾਜ. 3:9; ਜ਼ਬੂਰਾਂ ਦੀ ਪੋਥੀ 139:23, 24 ਪੜ੍ਹੋ।) ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿ ਸਕਦੇ ਹਾਂ ਜੇ ਅਸੀਂ ਸਭ ਤੋਂ ਜ਼ਿਆਦਾ ਆਪਣੇ ਮਨ ਦੀ ਰਾਖੀ ਕਰਾਂਗੇ।

ਗੀਤ 32 ਤਕੜੇ ਹੋਵੋ, ਦ੍ਰਿੜ੍ਹ ਬਣੋ!

^ ਪੈਰਾ 5 ਕੀ ਅਸੀਂ ਪਰਮੇਸ਼ੁਰ ਦੇ ਵਫ਼ਾਦਾਰ ਰਹਾਂਗੇ ਜਾਂ ਕੀ ਅਸੀਂ ਸ਼ੈਤਾਨ ਨੂੰ ਮੌਕਾ ਦੇਵਾਂਗੇ ਕਿ ਉਹ ਸਾਨੂੰ ਆਪਣੇ ਫੰਦੇ ਵਿਚ ਫਸਾ ਕੇ ਯਹੋਵਾਹ ਤੋਂ ਦੂਰ ਕਰ ਦੇਵੇ? ਇਸ ਸਵਾਲ ਦਾ ਜਵਾਬ ਇਸ ਗੱਲ ’ਤੇ ਨਿਰਭਰ ਨਹੀਂ ਕਰਦਾ ਹੈ ਕਿ ਅਸੀਂ ਕਿੰਨੀਆਂ ਵੱਡੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਾਂ, ਪਰ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰਦੇ ਹਾਂ? “ਮਨ” ਯਾਨੀ ਦਿਲ ਸ਼ਬਦ ਦਾ ਕੀ ਮਤਲਬ ਹੈ? ਸ਼ੈਤਾਨ ਸਾਡੇ ਦਿਲ ਨੂੰ ਭ੍ਰਿਸ਼ਟ ਕਰਨ ਦੀ ਕਿਵੇਂ ਕੋਸ਼ਿਸ਼ ਕਰਦਾ ਹੈ? ਅਸੀਂ ਇਸ ਦੀ ਰਾਖੀ ਕਿਵੇਂ ਕਰ ਸਕਦੇ ਹਾਂ? ਇਸ ਲੇਖ ਵਿਚ ਅਸੀਂ ਇਨ੍ਹਾਂ ਜ਼ਰੂਰੀ ਸਵਾਲਾਂ ਦੇ ਜਵਾਬ ਲਵਾਂਗੇ।

^ ਪੈਰਾ 11 ਸ਼ਬਦ ਦਾ ਮਤਲਬ: ਯਹੋਵਾਹ ਨੇ ਸਾਨੂੰ ਆਪਣੀਆਂ ਸੋਚਾਂ, ਭਾਵਨਾਵਾਂ ਤੇ ਕੰਮਾਂ ਦੀ ਜਾਂਚ ਕਰਨ ਦੀ ਕਾਬਲੀਅਤ ਦਿੱਤੀ ਹੈ ਜਿਸ ਨਾਲ ਅਸੀਂ ਆਪਣੀ ਪਰਖ ਕਰ ਸਕਦੇ ਹਾਂ। ਬਾਈਬਲ ਇਸ ਕਾਬਲੀਅਤ ਨੂੰ ਜ਼ਮੀਰ ਕਹਿੰਦੀ ਹੈ। (ਰੋਮੀ. 2:15; 9:1) ਬਾਈਬਲ ਦੁਆਰਾ ਸਿਖਲਾਈ ਜ਼ਮੀਰ ਵਾਲਾ ਇਨਸਾਨ ਬਾਈਬਲ ਵਿਚ ਦਿੱਤੇ ਯਹੋਵਾਹ ਦੇ ਅਸੂਲਾਂ ਅਨੁਸਾਰ ਫ਼ੈਸਲਾ ਕਰਦਾ ਹੈ ਕਿ ਉਹ ਜੋ ਸੋਚਦਾ, ਕਹਿੰਦਾ ਜਾਂ ਕਰਦਾ ਹੈ ਕਿ ਉਹ ਠੀਕ ਹੈ ਜਾਂ ਗ਼ਲਤ।

^ ਪੈਰਾ 56 ਤਸਵੀਰਾਂ ਬਾਰੇ ਜਾਣਕਾਰੀ: ਇਕ ਬਪਤਿਸਮਾ-ਪ੍ਰਾਪਤ ਭਰਾ ਟੀ. ਵੀ. ਦੇਖਦਾ ਹੋਇਆ ਅਤੇ ਕੋਈ ਗ਼ਲਤ ਸੀਨ ਟੀ. ਵੀ. ’ਤੇ ਆਉਂਦਾ ਹੈ। ਉਸ ਨੂੰ ਫ਼ੈਸਲਾ ਕਰਨਾ ਪੈਣਾ ਕਿ ਉਹ ਹੁਣ ਕੀ ਕਰੇਗਾ।

^ ਪੈਰਾ 58 ਤਸਵੀਰਾਂ ਬਾਰੇ ਜਾਣਕਾਰੀ: ਪੁਰਾਣੇ ਸਮੇਂ ਦਾ ਪਹਿਰੇਦਾਰ ਸ਼ਹਿਰ ਤੋਂ ਬਾਹਰ ਖ਼ਤਰਾ ਦੇਖਦਾ ਹੋਇਆ। ਉਹ ਹੇਠਾਂ ਫਾਟਕ ਦੇ ਦਰਬਾਨਾਂ ਨੂੰ ਆਵਾਜ਼ ਮਾਰਦਾ ਹੈ ਅਤੇ ਜਵਾਬ ਵਿਚ ਦਰਬਾਨ ਝੱਟ ਸ਼ਹਿਰ ਦੇ ਦਰਵਾਜ਼ੇ ਬੰਦ ਕਰਦੇ ਹਨ ਅਤੇ ਅੰਦਰੋਂ ਕੁੰਡਾ ਲਾਉਂਦੇ ਹਨ।