Skip to content

Skip to table of contents

ਅਧਿਐਨ ਲੇਖ 1

”ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ”

”ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ”

“ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ।”​—ਯਸਾ. 41:10.

ਗੀਤ 23 ਯਹੋਵਾਹ ਸਾਡਾ ਬਲ

ਖ਼ਾਸ ਗੱਲਾਂ *

1-2. (ੳ) ਯਸਾਯਾਹ 41:10 ਵਿਚ ਦਰਜ ਸੰਦੇਸ਼ ਦਾ ਯੋਸ਼ੀਕੋ ਨਾਂ ਦੀ ਭੈਣ ’ਤੇ ਕੀ ਅਸਰ ਪਿਆ? (ਅ) ਯਹੋਵਾਹ ਨੇ ਇਹ ਸੰਦੇਸ਼ ਕਿਨ੍ਹਾਂ ਦੇ ਫ਼ਾਇਦੇ ਲਈ ਲਿਖਵਾਇਆ?

ਯੋਸ਼ੀਕੋ ਨਾਂ ਦੀ ਇਕ ਵਫ਼ਾਦਾਰ ਭੈਣ ਨੂੰ ਇਕ ਬੁਰੀ ਖ਼ਬਰ ਮਿਲੀ। ਡਾਕਟਰ ਨੇ ਉਸ ਨੂੰ ਦੱਸਿਆ ਕਿ ਉਹ ਸਿਰਫ਼ ਕੁਝ ਹੀ ਮਹੀਨੇ ਹੋਰ ਜੀ ਸਕੇਗੀ। ਇਸ ਗੱਲ ਦਾ ਉਸ ’ਤੇ ਕੀ ਅਸਰ ਪਿਆ? ਯੋਸ਼ੀਕੋ ਨੇ ਆਪਣਾ ਮਨਪਸੰਦ ਹਵਾਲਾ ਯਾਦ ਕੀਤਾ, ਯਸਾਯਾਹ 41:10. (ਪੜ੍ਹੋ।) ਫਿਰ ਉਸ ਨੇ ਸ਼ਾਂਤੀ ਨਾਲ ਆਪਣੇ ਡਾਕਟਰ ਨੂੰ ਦੱਸਿਆ ਕਿ ਉਸ ਨੂੰ ਡਰ ਨਹੀਂ ਲੱਗ ਰਿਹਾ ਕਿਉਂਕਿ ਯਹੋਵਾਹ ਨੇ ਉਸ ਦਾ ਹੱਥ ਫੜਿਆ ਹੋਇਆ ਸੀ। * ਇਸ ਹਵਾਲੇ ਵਿਚ ਦਿੱਤੇ ਦਿਲਾਸੇ ਭਰੇ ਸੰਦੇਸ਼ ਕਰਕੇ ਸਾਡੀ ਭੈਣ ਯਹੋਵਾਹ ’ਤੇ ਪੂਰਾ ਭਰੋਸਾ ਰੱਖ ਸਕੀ। ਇਹੀ ਹਵਾਲਾ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦਿਆਂ ਸਾਡੀ ਵੀ ਸ਼ਾਂਤ ਰਹਿਣ ਵਿਚ ਮਦਦ ਕਰ ਸਕਦਾ ਹੈ। ਇਹ ਸਮਝਣ ਲਈ ਕਿ ਅਸੀਂ ਇਹ ਕਿੱਦਾਂ ਕਰ ਸਕਦੇ ਹਾਂ, ਆਓ ਪਹਿਲਾਂ ਆਪਾਂ ਗੌਰ ਕਰੀਏ ਕਿ ਪਰਮੇਸ਼ੁਰ ਨੇ ਯਸਾਯਾਹ ਨੂੰ ਇਹ ਸੰਦੇਸ਼ ਕਿਉਂ ਦਿੱਤਾ ਸੀ।

2 ਯਹੋਵਾਹ ਨੇ ਯਸਾਯਾਹ ਤੋਂ ਇਹ ਸ਼ਬਦ ਯਹੂਦੀਆਂ ਨੂੰ ਦਿਲਾਸਾ ਦੇਣ ਲਈ ਲਿਖਵਾਏ ਸਨ ਜਿਨ੍ਹਾਂ ਨੂੰ ਬਾਅਦ ਵਿਚ ਬਾਬਲ ਵਿਚ ਗ਼ੁਲਾਮ ਬਣਾ ਕੇ ਲਿਜਾਇਆ ਜਾਣਾ ਸੀ। ਪਰ ਯਹੋਵਾਹ ਨੇ ਇਹ ਸੰਦੇਸ਼ ਸਿਰਫ਼ ਗ਼ੁਲਾਮ ਯਹੂਦੀਆਂ ਦੇ ਫ਼ਾਇਦੇ ਲਈ ਹੀ ਨਹੀਂ ਲਿਖਵਾਇਆ, ਸਗੋਂ ਅੱਜ ਤਕ ਜੀਉਂਦੇ ਆਪਣੇ ਹਰ ਸੇਵਕ ਲਈ ਲਿਖਵਾਇਆ ਹੈ। (ਯਸਾ. 40:8; ਰੋਮੀ. 15:4) ਅੱਜ ਅਸੀਂ “ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ” ਸਮੇਂ ਵਿਚ ਰਹਿ ਰਹੇ ਹਾਂ ਤੇ “ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ” ਹੈ। ਇਸ ਕਰਕੇ ਅੱਜ ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਯਸਾਯਾਹ ਦੀ ਕਿਤਾਬ ਵਿਚ ਦਿੱਤੇ ਹੌਸਲੇ ਦੀ ਲੋੜ ਹੈ।​—2 ਤਿਮੋ. 3:1.

3. (ੳ) ਯਸਾਯਾਹ 41:10 ਵਿਚ ਕਿਹੜੇ ਵਾਅਦੇ ਕੀਤੇ ਗਏ ਹਨ? (ਅ) ਸਾਨੂੰ ਇਨ੍ਹਾਂ ਵਾਅਦਿਆਂ ਦੀ ਕਿਉਂ ਲੋੜ ਹੈ?

3 ਇਸ ਲੇਖ ਵਿਚ ਅਸੀਂ ਯਸਾਯਾਹ 41:10 ਵਿਚ ਦਰਜ ਯਹੋਵਾਹ ਦੇ ਤਿੰਨ ਵਾਅਦਿਆਂ ’ਤੇ ਗੌਰ ਕਰਾਂਗੇ ਜਿਨ੍ਹਾਂ ਕਰਕੇ ਸਾਡੀ ਨਿਹਚਾ ਮਜ਼ਬੂਤ ਹੋ ਸਕਦੀ ਹੈ: (1) ਯਹੋਵਾਹ ਸਾਡੇ ਨਾਲ ਹੋਵੇਗਾ, (2) ਉਹ ਸਾਡਾ ਪਰਮੇਸ਼ੁਰ ਹੈ ਅਤੇ (3) ਉਹ ਸਾਡੀ ਮਦਦ ਕਰੇਗਾ। ਸਾਨੂੰ ਇਸ ਤਰ੍ਹਾਂ ਦੇ ਵਾਅਦਿਆਂ * ਦੀ ਲੋੜ ਹੈ ਕਿਉਂਕਿ ਅਸੀਂ ਵੀ ਯੋਸ਼ੀਕੋ ਵਾਂਗ ਜ਼ਿੰਦਗੀ ਵਿਚ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਾਂ। ਸਾਨੂੰ ਦੁਨੀਆਂ ਵਿਚ ਹੋ ਰਹੀਆਂ ਬੁਰੀਆਂ ਘਟਨਾਵਾਂ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ। ਸਾਡੇ ਵਿੱਚੋਂ ਤਾਂ ਕੁਝ ਜਣੇ ਤਾਕਤਵਰ ਸਰਕਾਰਾਂ ਵੱਲੋਂ ਵੀ ਸਤਾਹਟਾਂ ਦਾ ਸਾਮ੍ਹਣਾ ਕਰ ਰਹੇ ਹਨ। ਆਓ ਆਪਾਂ ਇਕ-ਇਕ ਕਰ ਕੇ ਤਿੰਨ ਵਾਅਦਿਆਂ ’ਤੇ ਗੌਰ ਕਰੀਏ।

“ਮੈਂ ਤੇਰੇ ਅੰਗ ਸੰਗ ਜੋ ਹਾਂ”

4. (ੳ) ਪਹਿਲਾ ਵਾਅਦਾ ਕਿਹੜਾ ਹੈ ਜਿਸ ’ਤੇ ਅਸੀਂ ਗੌਰ ਕਰਾਂਗੇ? (ਫੁਟਨੋਟ ਵੀ ਦੇਖੋ।) (ਅ) ਯਹੋਵਾਹ ਕਿਨ੍ਹਾਂ ਤਰੀਕਿਆਂ ਰਾਹੀਂ ਸਾਡੇ ਲਈ ਆਪਣੀਆਂ ਭਾਵਨਾਵਾਂ ਜ਼ਾਹਰ ਕਰਦਾ ਹੈ? (ੲ) ਪਰਮੇਸ਼ੁਰ ਦੇ ਸ਼ਬਦਾਂ ਦਾ ਤੁਹਾਡੇ ’ਤੇ ਕੀ ਅਸਰ ਪੈਂਦਾ ਹੈ?

4 ਯਹੋਵਾਹ ਆਪਣੇ ਪਹਿਲੇ ਵਾਅਦੇ ਰਾਹੀਂ ਸਾਨੂੰ ਹੌਸਲਾ ਦਿੰਦਾ ਹੈ: “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ।” * ਸਾਡੇ ਵੱਲ ਪੂਰਾ ਧਿਆਨ ਦੇ ਕੇ ਅਤੇ ਆਪਣਾ ਗਹਿਰਾ ਪਿਆਰ ਜ਼ਾਹਰ ਕਰ ਕੇ ਯਹੋਵਾਹ ਦਿਖਾਉਂਦਾ ਹੈ ਕਿ ਉਹ ਸਾਡੇ ਨਾਲ ਹੈ। ਜ਼ਰਾ ਗੌਰ ਕਰੋ ਕਿ ਉਹ ਕਿਵੇਂ ਆਪਣੀਆਂ ਕੋਮਲ ਤੇ ਗਹਿਰੀਆਂ ਭਾਵਨਾਵਾਂ ਜ਼ਾਹਰ ਕਰਦਾ ਹੈ। ਯਹੋਵਾਹ ਕਹਿੰਦਾ ਹੈ: ‘ਤੂੰ ਮੇਰੀ ਨਿਗਾਹ ਵਿੱਚ ਬਹੁ ਮੁੱਲਾ ਅਤੇ ਆਦਰਮਾਨ ਹੈਂ, ਅਤੇ ਮੈਂ ਤੈਨੂੰ ਪਿਆਰ ਕੀਤਾ।’ (ਯਸਾ. 43:4) ਬ੍ਰਹਿਮੰਡ ਦੀ ਕੋਈ ਵੀ ਤਾਕਤ ਯਹੋਵਾਹ ਨੂੰ ਉਨ੍ਹਾਂ ਲੋਕਾਂ ਨਾਲ ਪਿਆਰ ਕਰਨ ਤੋਂ ਨਹੀਂ ਰੋਕ ਸਕਦੀ ਜੋ ਉਸ ਦੀ ਸੇਵਾ ਕਰਦੇ ਹਨ। ਸਾਡੇ ਪ੍ਰਤੀ ਉਸ ਦੀ ਵਫ਼ਾਦਾਰੀ ਅਟੱਲ ਹੈ। (ਯਸਾ. 54:10) ਉਸ ਦੇ ਪਿਆਰ ਤੇ ਦੋਸਤੀ ਤੋਂ ਸਾਨੂੰ ਬਹੁਤ ਜ਼ਿਆਦਾ ਹਿੰਮਤ ਮਿਲਦੀ ਹੈ। ਉਹ ਅੱਜ ਸਾਡੀ ਵੀ ਰਾਖੀ ਕਰੇਗਾ ਜਿਵੇਂ ਉਸ ਨੇ ਆਪਣੇ ਦੋਸਤ ਅਬਰਾਮ (ਅਬਰਾਹਾਮ) ਦੀ ਰਾਖੀ ਕੀਤੀ ਸੀ। ਯਹੋਵਾਹ ਨੇ ਉਸ ਨੂੰ ਕਿਹਾ: “ਨਾ ਡਰ ਅਬਰਾਮ ਮੈਂ ਤੇਰੇ ਲਈ ਢਾਲ ਹਾਂ।”​—ਉਤ. 15:1.

ਯਹੋਵਾਹ ਦੀ ਮਦਦ ਨਾਲ ਅਸੀਂ ਨਦੀਆਂ ਤੇ ਲਾਟਾਂ ਵਰਗੀਆਂ ਮੁਸ਼ਕਲਾਂ ਵਿੱਚੋਂ ਦੀ ਲੰਘ ਸਕਦੇ ਹਾਂ (ਪੈਰੇ 5-6 ਦੇਖੋ) *

5-6. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਮੁਸ਼ਕਲਾਂ ਵਿਚ ਸਾਡੀ ਮਦਦ ਕਰਨੀ ਚਾਹੁੰਦਾ ਹੈ? (ਅ) ਅਸੀਂ ਯੋਸ਼ੀਕੋ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

5 ਅਸੀਂ ਜਾਣਦੇ ਹਾਂ ਕਿ ਯਹੋਵਾਹ ਮੁਸ਼ਕਲਾਂ ਵਿਚ ਸਾਡੀ ਮਦਦ ਕਰਨੀ ਚਾਹੁੰਦਾ ਹੈ ਕਿਉਂਕਿ ਉਹ ਆਪਣੇ ਲੋਕਾਂ ਨਾਲ ਵਾਅਦਾ ਕਰਦਾ ਹੈ: ‘ਜਦ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਘੇਂਗਾ, ਮੈਂ ਤੇਰੇ ਅੰਗ ਸੰਗ ਹੋਵਾਂਗਾ, ਅਤੇ ਜਦ ਨਦੀਆਂ ਦੇ ਵਿੱਚੋਂ ਦੀ, ਓਹ ਤੈਨੂੰ ਨਾ ਡਬੋਣਗੀਆਂ, ਜਦ ਤੂੰ ਅੱਗ ਦੇ ਵਿੱਚੋਂ ਦੀ ਚੱਲੇਂਗਾ, ਉਹ ਤੈਨੂੰ ਨਾ ਸਾੜੇਗੀ, ਨਾ ਲਾਟ ਤੇਰੇ ਉੱਤੇ ਬਲੇਗੀ।’ (ਯਸਾ. 43:2) ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ?

6 ਯਹੋਵਾਹ ਸਾਡੀਆਂ ਮੁਸ਼ਕਲਾਂ ਨੂੰ ਖ਼ਤਮ ਕਰਨ ਦਾ ਵਾਅਦਾ ਨਹੀਂ ਕਰਦਾ, ਪਰ ਉਹ “ਨਦੀਆਂ” ਵਰਗੀਆਂ ਮੁਸ਼ਕਲਾਂ ਵਿਚ ਸਾਨੂੰ ਡੁੱਬਣ ਨਹੀਂ ਦੇਵੇਗਾ ਜਾਂ ‘ਲਾਟਾਂ’ ਯਾਨੀ ਅੱਗ ਵਰਗੀਆਂ ਅਜ਼ਮਾਇਸ਼ਾਂ ਨੂੰ ਸਾਡਾ ਅਜਿਹਾ ਨੁਕਸਾਨ ਨਹੀਂ ਕਰਨ ਦੇਵੇਗਾ ਜਿਸ ਦੀ ਭਰਪਾਈ ਨਾ ਕੀਤੀ ਜਾ ਸਕੇ। ਉਹ ਵਾਅਦਾ ਕਰਦਾ ਹੈ ਕਿ ਉਹ ਸਾਡੇ ਨਾਲ ਹੋਵੇਗਾ ਯਾਨੀ ਇਨ੍ਹਾਂ ਮੁਸ਼ਕਲਾਂ ਵਿੱਚੋਂ ‘ਲੰਘਣ’ ਵਿਚ ਸਾਡੀ ਮਦਦ ਕਰੇਗਾ। ਯਹੋਵਾਹ ਕੀ ਕਰੇਗਾ? ਉਹ ਹਰ ਤਰ੍ਹਾਂ ਦੇ ਡਰ ’ਤੇ ਕਾਬੂ ਪਾਉਣ ਵਿਚ ਸਾਡੀ ਮਦਦ ਕਰੇਗਾ ਤਾਂਕਿ ਅਸੀਂ ਉਸ ਪ੍ਰਤੀ ਆਪਣੀ ਵਫ਼ਾਦਾਰੀ ਬਣਾਈ ਰੱਖ ਸਕੀਏ, ਇੱਥੋਂ ਤਕ ਕਿ ਮੌਤ ਦਾ ਸਾਮ੍ਹਣਾ ਕਰਦਿਆਂ ਵੀ। (ਯਸਾ. 41:13) ਯੋਸ਼ੀਕੋ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਲਈ ਇਹ ਸ਼ਬਦ ਸੱਚ ਸਾਬਤ ਹੋਏ। ਉਸ ਦੀ ਧੀ ਕਹਿੰਦੀ ਹੈ: “ਅਸੀਂ ਹੈਰਾਨ ਸੀ ਕਿ ਮੰਮੀ ਜੀ ਉਸ ਵੇਲੇ ਕਿੰਨੇ ਸ਼ਾਂਤ ਸਨ। ਅਸੀਂ ਸੱਚੀ ਦੇਖਿਆ ਕਿ ਯਹੋਵਾਹ ਨੇ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਦਿੱਤੀ ਸੀ। ਆਪਣੀ ਮੌਤ ਤਕ ਮੰਮੀ ਜੀ ਨਰਸਾਂ ਤੇ ਮਰੀਜ਼ਾਂ ਨੂੰ ਯਹੋਵਾਹ ਤੇ ਉਸ ਦੇ ਵਾਅਦਿਆਂ ਬਾਰੇ ਦੱਸਦੇ ਰਹੇ।” ਅਸੀਂ ਯੋਸ਼ੀਕੋ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? ਜਦੋਂ ਅਸੀਂ ਪਰਮੇਸ਼ੁਰ ਦੇ ਇਸ ਵਾਅਦੇ ’ਤੇ ਭਰੋਸਾ ਕਰਦੇ ਹਾਂ ਕਿ “ਮੈਂ ਤੇਰੇ ਅੰਗ ਸੰਗ ਹੋਵਾਂਗਾ,” ਤਾਂ ਅਸੀਂ ਵੀ ਦਲੇਰੀ ਤੇ ਹਿੰਮਤ ਨਾਲ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕਾਂਗੇ।

“ਮੈਂ ਤੇਰਾ ਪਰਮੇਸ਼ੁਰ ਜੋ ਹਾਂ”

7-8. (ੳ) ਦੂਜਾ ਵਾਅਦਾ ਕਿਹੜਾ ਹੈ ਜਿਸ ’ਤੇ ਅਸੀਂ ਗੌਰ ਕਰਾਂਗੇ ਅਤੇ “ਨਾ ਘਾਬਰ” ਦਾ ਕੀ ਮਤਲਬ ਹੈ? (ਅ) ਯਹੋਵਾਹ ਨੇ ਗ਼ੁਲਾਮ ਯਹੂਦੀਆਂ ਨੂੰ ਕਿਉਂ ਕਿਹਾ ਸੀ: ‘ਨਾ ਘਾਬਰੋ?’ (ੲ) ਯਸਾਯਾਹ 46:3, 4 ਵਿਚ ਦਰਜ ਕਿਹੜੇ ਸ਼ਬਦਾਂ ਤੋਂ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਹੋਈ ਹੋਣੀ?

7 ਯਸਾਯਾਹ ਦੁਆਰਾ ਦਰਜ ਕੀਤੇ ਦੂਜੇ ਵਾਅਦੇ ’ਤੇ ਗੌਰ ਕਰੋ: “ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ।” ਇਸ ਵਿਚ ਘਾਬਰ ਦਾ ਕੀ ਮਤਲਬ ਹੈ? ਬਾਈਬਲ ਦੀ ਮੂਲ ਭਾਸ਼ਾ ਵਿਚ “ਘਾਬਰ” ਸ਼ਬਦ ਦਾ ਮਤਲਬ ਹੈ ਕਿ ਇਸ ਡਰ ਨਾਲ ਲਗਾਤਾਰ ਪਿੱਛੇ ਦੇਖਦੇ ਰਹਿਣਾ ਕਿ ਕੋਈ ਖ਼ਤਰਨਾਕ ਚੀਜ਼ ਜਾਂ ਵਿਅਕਤੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਜਾਂ ਉਸ ਵਿਅਕਤੀ ਵਾਂਗ ਡਰ ਜਾਣਾ ਜੋ ਖ਼ਤਰੇ ਵਿਚ ਹੈ।

8 ਯਹੋਵਾਹ ਨੇ ਬਾਬਲ ਵਿਚ ਗ਼ੁਲਾਮ ਬਣਾਏ ਜਾਣ ਵਾਲੇ ਯਹੂਦੀਆਂ ਨੂੰ ਕਿਉਂ ਕਿਹਾ ਕਿ ਉਹ ‘ਨਾ ਘਾਬਰਨ’? ਕਿਉਂਕਿ ਉਹ ਜਾਣਦਾ ਸੀ ਕਿ ਉਸ ਦੇਸ਼ ਦੇ ਲੋਕ ਡਰ ਜਾਣਗੇ। ਉਨ੍ਹਾਂ ਨੇ ਕਿਉਂ ਡਰ ਜਾਣਾ ਸੀ? ਯਹੂਦੀਆਂ ਦੀ ਗ਼ੁਲਾਮੀ ਦੇ 70ਵੇਂ ਸਾਲ ਦੇ ਅਖ਼ੀਰ ’ਤੇ ਮਾਦੀ-ਫ਼ਾਰਸੀਆਂ ਦੀ ਤਾਕਤਵਰ ਫ਼ੌਜ ਨੇ ਬਾਬਲ ’ਤੇ ਹਮਲਾ ਕਰਨਾ ਸੀ। ਯਹੋਵਾਹ ਨੇ ਬਾਬਲ ਵਿੱਚੋਂ ਆਪਣੇ ਲੋਕਾਂ ਨੂੰ ਆਜ਼ਾਦ ਕਰਾਉਣ ਲਈ ਇਸ ਫ਼ੌਜ ਨੂੰ ਵਰਤਣਾ ਸੀ। (ਯਸਾ. 41:2-4) ਜਦੋਂ ਉਸ ਸਮੇਂ ਰਹਿ ਰਹੇ ਬਾਬਲੀਆਂ ਤੇ ਹੋਰ ਕੌਮਾਂ ਨੂੰ ਪਤਾ ਲੱਗਣਾ ਸੀ ਕਿ ਉਨ੍ਹਾਂ ਦੇ ਦੁਸ਼ਮਣ ਹਮਲਾ ਕਰਨ ਆ ਰਹੇ ਸਨ, ਤਾਂ ਉਨ੍ਹਾਂ ਨੇ ਇਕ-ਦੂਜੇ ਨੂੰ ਇਹ ਕਹਿ ਕੇ ਹਿੰਮਤ ਦੇਣੀ ਸੀ: “ਤਕੜੇ ਹੋਵੋ।” ਨਾਲੇ ਉਨ੍ਹਾਂ ਨੇ ਇਸ ਆਸ ਨਾਲ ਦੇਵਤਿਆਂ ਦੀਆਂ ਹੋਰ ਜ਼ਿਆਦਾ ਮੂਰਤੀਆਂ ਵੀ ਬਣਾਉਣੀਆਂ ਸਨ ਕਿ ਇਹ ਮੂਰਤੀਆਂ ਉਨ੍ਹਾਂ ਦੀ ਰਾਖੀ ਕਰਨਗੀਆਂ। (ਯਸਾ. 41:5-7) ਉਸ ਸਮੇਂ ਯਹੋਵਾਹ ਨੇ ਗ਼ੁਲਾਮ ਯਹੂਦੀਆਂ ਨੂੰ ਇਹ ਕਹਿ ਕੇ ਸ਼ਾਂਤੀ ਬਖ਼ਸ਼ੀ: “ਤੂੰ, ਹੇ ਇਸਰਾਏਲ, [ਆਪਣੇ ਗੁਆਂਢੀਆਂ ਤੋਂ ਉਲਟ] ਮੇਰੇ ਦਾਸ . . . ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ।” (ਯਸਾ. 41:8-10) ਗੌਰ ਕਰੋ ਕਿ ਯਹੋਵਾਹ ਨੇ ਕਿਹਾ: ‘ਮੈਂ ਤੇਰਾ ਪਰਮੇਸ਼ੁਰ ਜੋ ਹਾਂ।’ ਇਨ੍ਹਾਂ ਸ਼ਬਦਾਂ ਨਾਲ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਯਕੀਨ ਦਿਵਾਇਆ ਕਿ ਉਹ ਉਨ੍ਹਾਂ ਨੂੰ ਭੁੱਲਿਆ ਨਹੀਂ ਸੀ ਯਾਨੀ ਉਹ ਅਜੇ ਵੀ ਉਨ੍ਹਾਂ ਦਾ ਪਰਮੇਸ਼ੁਰ ਸੀ ਅਤੇ ਉਹ ਅਜੇ ਵੀ ਉਸ ਦੇ ਲੋਕ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: ‘ਮੈਂ ਤੁਹਾਨੂੰ ਚੁੱਕਾਂਗਾ ਤੇ ਮੈਂ ਤੁਹਾਨੂੰ ਛੁਡਾਵਾਂਗਾ।’ ਬਿਨਾਂ ਸ਼ੱਕ, ਇਨ੍ਹਾਂ ਹੌਸਲੇ ਭਰੇ ਸ਼ਬਦਾਂ ਤੋਂ ਗ਼ੁਲਾਮ ਯਹੂਦੀਆਂ ਨੂੰ ਜ਼ਰੂਰ ਹਿੰਮਤ ਮਿਲੀ ਹੋਣੀ।​—ਯਸਾਯਾਹ 46:3, 4 ਪੜ੍ਹੋ।

9-10. ਸਾਨੂੰ ਡਰਨ ਦੀ ਲੋੜ ਕਿਉਂ ਨਹੀਂ ਹੈ? ਇਕ ਮਿਸਾਲ ਦਿਓ।

9 ਅੱਜ ਸਾਡੇ ਆਲੇ-ਦੁਆਲੇ ਦੇ ਲੋਕ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਘਬਰਾਏ ਹੋਏ ਹਨ ਕਿਉਂਕਿ ਦੁਨੀਆਂ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਬਿਨਾਂ ਸ਼ੱਕ, ਇਨ੍ਹਾਂ ਹਾਲਾਤਾਂ ਦਾ ਸਾਡੇ ’ਤੇ ਵੀ ਅਸਰ ਪੈਂਦਾ ਹੈ। ਪਰ ਸਾਨੂੰ ਡਰਨ ਦੀ ਲੋੜ ਨਹੀਂ ਹੈ। ਯਹੋਵਾਹ ਸਾਨੂੰ ਕਹਿੰਦਾ ਹੈ: “ਮੈਂ ਤੇਰਾ ਪਰਮੇਸ਼ੁਰ ਜੋ ਹਾਂ।” ਇਹ ਗੱਲ ਸ਼ਾਂਤ ਰਹਿਣ ਦਾ ਜ਼ਬਰਦਸਤ ਕਾਰਨ ਕਿਉਂ ਹੈ?

10 ਜ਼ਰਾ ਇਸ ਮਿਸਾਲ ’ਤੇ ਧਿਆਨ ਦਿਓ: ਜਿਮ ਤੇ ਬੈੱਨ ਨਾਂ ਦੇ ਦੋ ਵਿਅਕਤੀ ਜਹਾਜ਼ ਵਿਚ ਬੈਠੇ ਹੋਏ ਹਨ। ਉਨ੍ਹਾਂ ਦਾ ਹਵਾਈ ਜਹਾਜ਼ ਤੂਫ਼ਾਨ ਵਿਚ ਡਿੱਕੇ-ਡੋਲੇ ਖਾ ਰਿਹਾ ਹੈ। ਉਸ ਵੇਲੇ ਪਾਇਲਟ ਦੀ ਆਵਾਜ਼ ਸੁਣਾਈ ਦਿੰਦੀ ਹੈ: “ਆਪਣੀਆਂ ਸੀਟ ਦੀਆਂ ਬੈੱਲਟਾਂ ਬੰਨ੍ਹੀ ਰੱਖੋ। ਸਾਨੂੰ ਕੁਝ ਸਮੇਂ ਤਕ ਖ਼ਰਾਬ ਮੌਸਮ ਦਾ ਸਾਮ੍ਹਣਾ ਕਰਨਾ ਪਵੇਗਾ।” ਜਿਮ ਬਹੁਤ ਪਰੇਸ਼ਾਨ ਹੋ ਜਾਂਦਾ ਹੈ। ਪਰ ਫਿਰ ਪਾਇਲਟ ਕਹਿੰਦਾ ਹੈ: “ਘਬਰਾਓ ਨਾ। ਮੈਂ ਤੁਹਾਡਾ ਪਾਇਲਟ ਗੱਲ ਕਰ ਰਿਹਾ ਹਾਂ।” ਇਸ ਸਮੇਂ ’ਤੇ ਜਿਮ ਪਰੇਸ਼ਾਨੀ ਵਿਚ ਸਿਰ ਹਿਲਾਉਂਦਾ ਹੋਇਆ ਕਹਿੰਦਾ ਹੈ: “ਪਾਇਲਟ ਇਹ ਕਿਸ ਤਰ੍ਹਾਂ ਦੀ ਤਸੱਲੀ ਦੇ ਰਿਹਾ ਹੈ?” ਪਰ ਉਹ ਦੇਖਦਾ ਹੈ ਕਿ ਬੈੱਨ ਬਿਲਕੁਲ ਵੀ ਪਰੇਸ਼ਾਨ ਨਹੀਂ ਹੈ। ਜਿਮ ਉਸ ਨੂੰ ਪੁੱਛਦਾ ਹੈ: “ਤੂੰ ਇੰਨਾ ਸ਼ਾਂਤ ਕਿਵੇਂ ਬੈਠਾ?” ਬੈੱਨ ਮੁਸਕਰਾਉਂਦਿਆਂ ਕਹਿੰਦਾ ਹੈ: “ਕਿਉਂਕਿ ਮੈਂ ਪਾਇਲਟ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਉਹ ਮੇਰੇ ਡੈਡੀ ਜੀ ਹਨ!” ਫਿਰ ਬੈੱਨ ਕਹਿੰਦਾ ਹੈ: “ਚੱਲ ਮੈਂ ਤੈਨੂੰ ਆਪਣੇ ਡੈਡੀ ਜੀ ਬਾਰੇ ਦੱਸਦਾ। ਮੈਨੂੰ ਯਕੀਨ ਹੈ ਕਿ ਜਦੋਂ ਤੂੰ ਮੇਰੇ ਡੈਡੀ ਜੀ ਅਤੇ ਉਨ੍ਹਾਂ ਦੀ ਜਹਾਜ਼ ਉਡਾਉਣ ਦੀ ਕਾਬਲੀਅਤ ਬਾਰੇ ਜਾਣ ਜਾਵੇਂਗਾ, ਤਾਂ ਤੇਰੀ ਵੀ ਪਰੇਸ਼ਾਨੀ ਖ਼ਤਮ ਹੋ ਜਾਵੇਗੀ।”

11. ਅਸੀਂ ਦੋ ਵਿਅਕਤੀਆਂ ਬਾਰੇ ਦਿੱਤੀ ਮਿਸਾਲ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ?

11 ਇਸ ਮਿਸਾਲ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ? ਬੈੱਨ ਦੀ ਤਰ੍ਹਾਂ ਅਸੀਂ ਵੀ ਪਰੇਸ਼ਾਨ ਨਹੀਂ ਹਾਂ ਕਿਉਂਕਿ ਅਸੀਂ ਆਪਣੇ ਸਵਰਗੀ ਪਿਤਾ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਅਸੀਂ ਜਾਣਦੇ ਹਾਂ ਕਿ ਉਹ ਇਸ ਦੁਨੀਆਂ ਦੇ ਆਖ਼ਰੀ ਦਿਨਾਂ ਦੌਰਾਨ ਆਉਂਦੀਆਂ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰੇਗਾ। (ਯਸਾ. 35:4) ਯਹੋਵਾਹ ’ਤੇ ਭਰੋਸਾ ਰੱਖਣ ਕਰਕੇ ਅਸੀਂ ਸ਼ਾਂਤ ਰਹਿ ਸਕਦੇ ਹਾਂ ਜਦ ਕਿ ਦੁਨੀਆਂ ਡਰ ਦੇ ਸਾਏ ਹੇਠ ਹੈ। (ਯਸਾ. 30:15) ਨਾਲੇ ਅਸੀਂ ਬੈੱਨ ਵਾਂਗ ਆਪਣੇ ਗੁਆਂਢੀਆਂ ਨੂੰ ਦੱਸਦੇ ਹਾਂ ਕਿ ਅਸੀਂ ਪਰਮੇਸ਼ੁਰ ’ਤੇ ਕਿਉਂ ਭਰੋਸਾ ਰੱਖਦੇ ਹਾਂ। ਫਿਰ ਉਹ ਵੀ ਯਹੋਵਾਹ ’ਤੇ ਭਰੋਸਾ ਰੱਖ ਸਕਦੇ ਹਨ ਕਿ ਚਾਹੇ ਉਹ ਜਿਹੜੀਆਂ ਮਰਜ਼ੀ ਮੁਸ਼ਕਲਾਂ ਦਾ ਸਾਮ੍ਹਣਾ ਕਰਨ, ਪਰਮੇਸ਼ੁਰ ਉਨ੍ਹਾਂ ਦੀ ਮਦਦ ਕਰੇਗਾ।

‘ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ ਅਤੇ ਤੇਰੀ ਸਹਾਇਤਾ ਕਰਾਂਗਾ’

12. (ੳ) ਤੀਜਾ ਵਾਅਦਾ ਕਿਹੜਾ ਹੈ ਜਿਸ ’ਤੇ ਅਸੀਂ ਗੌਰ ਕਰਾਂਗੇ? (ਅ) ਯਹੋਵਾਹ ਦੀ “ਭੁਜਾ” ਸ਼ਬਦ ਸਾਨੂੰ ਕੀ ਯਾਦ ਦਿਵਾਉਂਦੇ ਹਨ?

12 ਯਸਾਯਾਹ ਦੁਆਰਾ ਦਰਜ ਕੀਤੇ ਤੀਜੇ ਵਾਅਦੇ ’ਤੇ ਗੌਰ ਕਰੋ: “ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ।” ਯਸਾਯਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਕਿਵੇਂ ਯਹੋਵਾਹ ਆਪਣੇ ਲੋਕਾਂ ਨੂੰ ਤਾਕਤ ਦੇਵੇਗਾ। ਉਸ ਨੇ ਕਿਹਾ: ‘ਯਹੋਵਾਹ ਤਕੜਾਈ ਨਾਲ ਆ ਰਿਹਾ ਹੈ, ਉਹ ਦੀ ਭੁਜਾ ਉਹ ਦੇ ਲਈ ਰਾਜ ਕਰਦੀ ਹੈ।’ (ਯਸਾ. 40:10) ਬਾਈਬਲ ਵਿਚ “ਭੁਜਾ” ਯਾਨੀ ਬਾਂਹ ਸ਼ਬਦ ਅਕਸਰ ਤਾਕਤ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਸੋ ਯਹੋਵਾਹ ਦੀ ‘ਭੁਜਾ ਰਾਜ ਕਰੇਗੀ’ ਸ਼ਬਦ ਸਾਨੂੰ ਯਾਦ ਦਿਵਾਉਂਦੇ ਹਨ ਕਿ ਯਹੋਵਾਹ ਸ਼ਕਤੀਸ਼ਾਲੀ ਰਾਜਾ ਹੈ। ਉਸ ਨੇ ਆਪਣੇ ਪੁਰਾਣੇ ਸਮੇਂ ਦੇ ਸੇਵਕਾਂ ਦੀ ਮਦਦ ਕਰਨ ਤੇ ਉਨ੍ਹਾਂ ਦੀ ਰਾਖੀ ਕਰਨ ਲਈ ਆਪਣੀ ਅਸੀਮ ਤਾਕਤ ਨੂੰ ਵਰਤਿਆ। ਉਹ ਅੱਜ ਵੀ ਉਸ ’ਤੇ ਭਰੋਸਾ ਕਰਨ ਵਾਲਿਆਂ ਨੂੰ ਮਜ਼ਬੂਤ ਕਰਦਾ ਰਹੇਗਾ ਅਤੇ ਉਨ੍ਹਾਂ ਦੀ ਰਾਖੀ ਕਰਦਾ ਰਹੇਗਾ।​—ਬਿਵ. 1:30, 31; ਯਸਾ. 43:10.

ਯਹੋਵਾਹ ਦੀ ਮਜ਼ਬੂਤ ਬਾਂਹ ਸਾਮ੍ਹਣੇ ਹਰ ਹਥਿਆਰ ਨਿਕੰਮਾ ਹੋਵੇਗਾ (ਪੈਰੇ 12-16 ਦੇਖੋ) *

13. (ੳ) ਯਹੋਵਾਹ ਖ਼ਾਸ ਕਰਕੇ ਸਾਨੂੰ ਜ਼ੋਰ ਬਖ਼ਸ਼ਣ ਦਾ ਆਪਣਾ ਵਾਅਦਾ ਕਦੋਂ ਪੂਰਾ ਕਰਦਾ ਹੈ? (ਅ) ਕਿਸ ਵਾਅਦੇ ਤੋਂ ਸਾਨੂੰ ਹਿੰਮਤ ਤੇ ਤਾਕਤ ਮਿਲਦੀ ਹੈ?

13 ਖ਼ਾਸ ਕਰਕੇ ਜਦੋਂ ਦੁਸ਼ਮਣ ਸਾਨੂੰ ਸਤਾਉਂਦੇ ਹਨ, ਉਦੋਂ ਯਹੋਵਾਹ ਆਪਣਾ ਵਾਅਦਾ ਨਿਭਾਉਂਦਾ ਹੈ: “ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ।” ਅੱਜ ਦੁਨੀਆਂ ਦੇ ਕੁਝ ਹਿੱਸਿਆਂ ਵਿਚ ਸਾਡੇ ਦੁਸ਼ਮਣ ਪ੍ਰਚਾਰ ਦੇ ਕੰਮ ਨੂੰ ਰੋਕਣ ਜਾਂ ਸਾਡੇ ਸੰਗਠਨ ’ਤੇ ਪਾਬੰਦੀ ਲਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਪਰ ਫਿਰ ਵੀ ਇਸ ਤਰ੍ਹਾਂ ਦੇ ਹਮਲਿਆਂ ਬਾਰੇ ਸੋਚ ਕੇ ਅਸੀਂ ਹੱਦੋਂ ਵੱਧ ਘਬਰਾਉਂਦੇ ਨਹੀਂ ਹਾਂ। ਯਹੋਵਾਹ ਦੇ ਇਸ ਵਾਅਦੇ ਤੋਂ ਸਾਨੂੰ ਹਿੰਮਤ ਤੇ ਤਾਕਤ ਮਿਲਦੀ ਹੈ: “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ।” (ਯਸਾ. 54:17) ਇਹ ਗੱਲ ਸਾਨੂੰ ਤਿੰਨ ਮੁੱਖ ਸੱਚਾਈਆਂ ਯਾਦ ਕਰਾਉਂਦੀ ਹੈ।

14. ਸਾਨੂੰ ਉਦੋਂ ਹੈਰਾਨੀ ਕਿਉਂ ਨਹੀਂ ਹੁੰਦੀ ਜਦੋਂ ਪਰਮੇਸ਼ੁਰ ਦੇ ਦੁਸ਼ਮਣ ਸਾਡੇ ’ਤੇ ਹਮਲਾ ਕਰਦੇ ਹਨ?

14 ਪਹਿਲੀ ਗੱਲ, ਮਸੀਹ ਦੇ ਚੇਲੇ ਹੋਣ ਕਰਕੇ ਅਸੀਂ ਉਮੀਦ ਰੱਖਦੇ ਹਾਂ ਕਿ ਲੋਕ ਸਾਡੇ ਨਾਲ ਵੈਰ ਕਰਨਗੇ। (ਮੱਤੀ 10:22) ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਆਖ਼ਰੀ ਦਿਨਾਂ ਦੌਰਾਨ ਉਸ ਦੇ ਚੇਲਿਆਂ ਨੂੰ ਬਹੁਤ ਸਤਾਇਆ ਜਾਵੇਗਾ। (ਮੱਤੀ 24:9; ਯੂਹੰ. 15:20) ਦੂਜੀ ਗੱਲ, ਯਸਾਯਾਹ ਦੀ ਭਵਿੱਖਬਾਣੀ ਵਿਚ ਸਾਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਸਾਡੇ ਦੁਸ਼ਮਣ ਸਾਡੇ ਨਾਲ ਸਿਰਫ਼ ਵੈਰ ਹੀ ਨਹੀਂ ਕਰਨਗੇ, ਸਗੋਂ ਉਹ ਸਾਡੇ ਵਿਰੁੱਧ ਅਲੱਗ-ਅਲੱਗ ਤਰ੍ਹਾਂ ਦੇ ਹਥਿਆਰ ਵੀ ਇਸਤੇਮਾਲ ਕਰਨਗੇ। ਇਨ੍ਹਾਂ ਹਥਿਆਰਾਂ ਵਿਚ ਚਲਾਕੀ ਨਾਲ ਧੋਖਾ ਦੇਣਾ, ਝੂਠੀਆਂ ਗੱਲਾਂ ਫੈਲਾਉਣੀਆਂ ਅਤੇ ਅਤਿਆਚਾਰ ਕਰਨੇ ਵੀ ਸ਼ਾਮਲ ਹਨ। (ਮੱਤੀ 5:11) ਯਹੋਵਾਹ ਸਾਡੇ ਦੁਸ਼ਮਣਾਂ ਨੂੰ ਇਹ ਹਥਿਆਰ ਇਸਤੇਮਾਲ ਕਰਨ ਤੋਂ ਨਹੀਂ ਰੋਕੇਗਾ। (ਅਫ਼. 6:12; ਪ੍ਰਕਾ. 12:17) ਪਰ ਸਾਨੂੰ ਡਰਨ ਦੀ ਲੋੜ ਨਹੀਂ ਹੈ। ਕਿਉਂ?

15-16. (ੳ) ਤੀਜੀ ਸੱਚਾਈ ਕਿਹੜੀ ਹੈ ਜਿਸ ਨੂੰ ਸਾਨੂੰ ਯਾਦ ਰੱਖਣ ਦੀ ਲੋੜ ਹੈ ਅਤੇ ਯਸਾਯਾਹ 25:4, 5 ਇਸ ਗੱਲ ਨਾਲ ਮੇਲ ਕਿਵੇਂ ਖਾਂਦੀ ਹੈ? (ਅ) ਸਾਡੇ ਖ਼ਿਲਾਫ਼ ਲੜਨ ਵਾਲਿਆਂ ਦੇ ਅੰਜਾਮ ਬਾਰੇ ਯਸਾਯਾਹ 41:11, 12 ਵਿਚ ਕੀ ਦੱਸਿਆ ਗਿਆ ਹੈ?

15 ਜ਼ਰਾ ਤੀਜੀ ਸੱਚਾਈ ’ਤੇ ਗੌਰ ਕਰੋ ਜਿਸ ਨੂੰ ਸਾਨੂੰ ਯਾਦ ਰੱਖਣ ਦੀ ਲੋੜ ਹੈ। ਯਹੋਵਾਹ ਨੇ ਕਿਹਾ ਕਿ “ਹਰ ਹਥਿਆਰ” ਜੋ ਸਾਡੇ ਵਿਰੁੱਧ ਵਰਤਿਆ ਜਾਵੇਗਾ, ਉਹ “ਨਿਕੰਮਾ ਹੋਵੇਗਾ।” ਜਿਸ ਤਰ੍ਹਾਂ ਕੰਧ ਮੀਂਹ-ਹਨੇਰੀ ਤੋਂ ਸਾਡਾ ਬਚਾਅ ਕਰਦੀ ਹੈ, ਉਸੇ ਤਰ੍ਹਾਂ ਯਹੋਵਾਹ “ਡਰਾਉਣਿਆਂ” ਯਾਨੀ ਜ਼ਾਲਮਾਂ ਦੇ ਕਹਿਰ ਤੋਂ ਸਾਡਾ ਬਚਾਅ ਕਰਦਾ ਹੈ। (ਯਸਾਯਾਹ 25:4, 5 ਪੜ੍ਹੋ।) ਸਾਡੇ ਦੁਸ਼ਮਣ ਸਾਡਾ ਕਦੇ ਵੀ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰ ਸਕਣਗੇ ਜਿਸ ਦੀ ਭਰਪਾਈ ਨਾ ਕੀਤੀ ਜਾ ਸਕੇ।​—ਯਸਾ. 65:17.

16 ਜਿਹੜੇ ਲੋਕ ਸਾਡੇ ’ਤੇ “ਗੁੱਸੇ ਹਨ,” ਉਨ੍ਹਾਂ ਦਾ ਅੰਜਾਮ ਦੱਸ ਕੇ ਵੀ ਯਹੋਵਾਹ ਸਾਡੇ ਭਰੋਸੇ ਨੂੰ ਹੋਰ ਮਜ਼ਬੂਤ ਕਰਦਾ ਹੈ। (ਯਸਾਯਾਹ 41:11, 12 ਪੜ੍ਹੋ।) ਚਾਹੇ ਸਾਡੇ ਦੁਸ਼ਮਣ ਜਿੰਨੀ ਮਰਜ਼ੀ ਤਾਕਤ ਲਾ ਕੇ ਸਾਡੇ ਨਾਲ ਲੜਨ ਜਾਂ ਇਹ ਲੜਾਈ ਜਿੰਨੀ ਮਰਜ਼ੀ ਭਿਆਨਕ ਹੋ ਜਾਵੇ, ਪਰ ਇਸ ਲੜਾਈ ਦਾ ਅੰਜਾਮ ਇਕ ਹੀ ਨਿਕਲੇਗਾ: ਪਰਮੇਸ਼ੁਰ ਦੇ ਲੋਕਾਂ ਦੇ ਸਾਰੇ ਦੁਸ਼ਮਣ “ਨਾ ਹੋਇਆਂ ਜੇਹੇ ਹੋ ਕੇ ਨਾਸ ਹੋ ਜਾਣਗੇ।”

ਯਹੋਵਾਹ ’ਤੇ ਆਪਣੇ ਭਰੋਸੇ ਨੂੰ ਹੋਰ ਮਜ਼ਬੂਤ ਕਿਵੇਂ ਕਰੀਏ?

ਹਰ ਰੋਜ਼ ਬਾਈਬਲ ਵਿੱਚੋਂ ਯਹੋਵਾਹ ਬਾਰੇ ਪੜ੍ਹ ਕੇ ਅਸੀਂ ਉਸ ’ਤੇ ਆਪਣਾ ਭਰੋਸਾ ਹੋਰ ਮਜ਼ਬੂਤ ਕਰ ਸਕਦੇ ਹਾਂ (ਪੈਰੇ 17-18 ਦੇਖੋ) *

17-18. (ੳ) ਬਾਈਬਲ ਪੜ੍ਹਨ ਨਾਲ ਪਰਮੇਸ਼ੁਰ ’ਤੇ ਸਾਡਾ ਭਰੋਸਾ ਹੋਰ ਮਜ਼ਬੂਤ ਕਿਵੇਂ ਹੁੰਦਾ ਹੈ? ਇਕ ਮਿਸਾਲ ਦਿਓ। (ਅ) 2019 ਲਈ ਚੁਣੇ ਗਏ ਬਾਈਬਲ ਹਵਾਲੇ ’ਤੇ ਸੋਚ-ਵਿਚਾਰ ਕਰਨ ਨਾਲ ਸਾਡੀ ਕਿਵੇਂ ਮਦਦ ਹੋ ਸਕਦੀ ਹੈ?

17 ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਜਾਣ ਕੇ ਅਸੀਂ ਉਸ ’ਤੇ ਆਪਣਾ ਭਰੋਸਾ ਹੋਰ ਮਜ਼ਬੂਤ ਕਰਦੇ ਹਾਂ। ਬਾਈਬਲ ਨੂੰ ਧਿਆਨ ਨਾਲ ਪੜ੍ਹ ਕੇ ਅਤੇ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰ ਕੇ ਹੀ ਅਸੀਂ ਉਸ ਨੂੰ ਚੰਗੀ ਤਰ੍ਹਾਂ ਜਾਣ ਸਕਦੇ ਹਾਂ। ਬਾਈਬਲ ਵਿਚ ਭਰੋਸੇਯੋਗ ਜਾਣਕਾਰੀ ਮਿਲਦੀ ਹੈ ਕਿ ਯਹੋਵਾਹ ਨੇ ਪੁਰਾਣੇ ਸਮੇਂ ਵਿਚ ਆਪਣੇ ਲੋਕਾਂ ਦੀ ਰਾਖੀ ਕਿਵੇਂ ਕੀਤੀ ਸੀ। ਇਸ ਜਾਣਕਾਰੀ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਉਹ ਅੱਜ ਸਾਡੀ ਵੀ ਦੇਖ-ਭਾਲ ਕਰੇਗਾ।

18 ਜ਼ਰਾ ਇਕ ਮਿਸਾਲ ਵੱਲ ਧਿਆਨ ਦਿਓ ਜਿਸ ਰਾਹੀਂ ਯਸਾਯਾਹ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਸਮਝਾਇਆ ਹੈ ਕਿ ਯਹੋਵਾਹ ਸਾਡੀ ਰਾਖੀ ਕਿਵੇਂ ਕਰਦਾ ਹੈ। ਉਹ ਯਹੋਵਾਹ ਨੂੰ ਚਰਵਾਹਾ ਕਹਿੰਦਾ ਹੈ ਤੇ ਉਸ ਦੇ ਲੋਕਾਂ ਨੂੰ ਲੇਲੇ। ਯਸਾਯਾਹ ਯਹੋਵਾਹ ਬਾਰੇ ਕਹਿੰਦਾ ਹੈ: “ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ।” (ਯਸਾ. 40:11) ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਯਹੋਵਾਹ ਨੇ ਆਪਣੀਆਂ ਮਜ਼ਬੂਤ ਬਾਹਾਂ ਨਾਲ ਸਾਨੂੰ ਗਲੇ ਲਾਇਆ ਹੋਇਆ ਹੈ, ਤਾਂ ਅਸੀਂ ਸੁਰੱਖਿਅਤ ਤੇ ਸ਼ਾਂਤ ਮਹਿਸੂਸ ਕਰਦੇ ਹਾਂ। ਮੁਸ਼ਕਲਾਂ ਦੇ ਬਾਵਜੂਦ ਸਾਡੀ ਸ਼ਾਂਤ ਰਹਿਣ ਵਿਚ ਮਦਦ ਕਰਨ ਲਈ ਵਫ਼ਾਦਾਰ ਤੇ ਸਮਝਦਾਰ ਨੌਕਰ ਨੇ 2019 ਲਈ ਯਸਾਯਾਹ 41:10 ਦਾ ਬਾਈਬਲ ਦਾ ਹਵਾਲਾ ਚੁਣਿਆ ਹੈ, “ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ।” ਹੱਲਾਸ਼ੇਰੀ ਦੇਣ ਵਾਲੇ ਇਨ੍ਹਾਂ ਸ਼ਬਦਾਂ ’ਤੇ ਸੋਚ-ਵਿਚਾਰ ਕਰੋ। ਇਹ ਸ਼ਬਦ ਭਵਿੱਖ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤੁਹਾਨੂੰ ਤਾਕਤ ਦੇਣਗੇ।

ਗੀਤ 60 ਉਹ ਤੁਹਾਨੂੰ ਤਕੜਾ ਕਰੇਗਾ

^ ਪੈਰਾ 5 2019 ਲਈ ਚੁਣੇ ਗਏ ਬਾਈਬਲ ਦੇ ਹਵਾਲੇ ਤੋਂ ਸਾਨੂੰ ਸ਼ਾਂਤ ਰਹਿਣ ਦੇ ਤਿੰਨ ਕਾਰਨ ਮਿਲਦੇ ਹਨ। ਉਦੋਂ ਵੀ ਜਦੋਂ ਅਸੀਂ ਦੁਨੀਆਂ ਵਿਚ ਬੁਰੀਆਂ ਘਟਨਾਵਾਂ ਹੁੰਦੀਆਂ ਦੇਖਦੇ ਹਾਂ ਜਾਂ ਸਾਡੀ ਜ਼ਿੰਦਗੀ ਵਿਚ ਉਤਾਰ-ਚੜ੍ਹਾਅ ਆਉਂਦੇ ਹਨ। ਇਸ ਲੇਖ ਵਿਚ ਅਸੀਂ ਇਨ੍ਹਾਂ ਤਿੰਨ ਕਾਰਨਾਂ ਦੀ ਜਾਂਚ ਕਰਾਂਗੇ। ਨਾਲੇ ਇਹ ਲੇਖ ਸਾਡੀ ਮਦਦ ਕਰੇਗਾ ਕਿ ਅਸੀਂ ਹੱਦੋਂ ਵੱਧ ਚਿੰਤਾ ਨਾ ਕਰੀਏ ਅਤੇ ਯਹੋਵਾਹ ’ਤੇ ਆਪਣੇ ਭਰੋਸੇ ਨੂੰ ਹੋਰ ਮਜ਼ਬੂਤ ਕਰੀਏ। ਬਾਈਬਲ ਦੇ ਹਵਾਲੇ ’ਤੇ ਸੋਚ-ਵਿਚਾਰ ਕਰੋ। ਜੇ ਹੋ ਸਕੇ, ਤਾਂ ਇਸ ਨੂੰ ਮੂੰਹ-ਜ਼ਬਾਨੀ ਯਾਦ ਕਰੋ। ਇਹ ਤੁਹਾਨੂੰ ਭਵਿੱਖ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਦੇਵੇਗਾ।

^ ਪੈਰਾ 3 ਸ਼ਬਦ ਦਾ ਮਤਲਬ: ਯਹੋਵਾਹ ਦੇ ਵਾਅਦੇ ਉਹ ਸੱਚੀਆਂ ਗੱਲਾਂ ਹਨ ਜੋ ਜ਼ਰੂਰ ਪੂਰੀਆਂ ਹੋਣਗੀਆਂ। ਯਹੋਵਾਹ ਦੇ ਵਾਅਦਿਆਂ ਕਰਕੇ ਅਸੀਂ ਆਪਣੀ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਕਰਕੇ ਹੱਦੋਂ ਵੱਧ ਚਿੰਤਾ ਨਹੀਂ ਕਰਾਂਗੇ।

^ ਪੈਰਾ 4 ਯਸਾਯਾਹ 41:10, 13 ਤੇ 14 ਵਿਚ ਤਿੰਨ ਵਾਰ “ਨਾ ਡਰ” ਸ਼ਬਦ ਆਉਂਦੇ ਹਨ। ਇਨ੍ਹਾਂ ਹਵਾਲਿਆਂ ਵਿਚ ਕਈ ਵਾਰ “ਮੈਂ” (ਯਹੋਵਾਹ ਨੂੰ ਦਰਸਾਉਂਦਾ ਹੈ) ਸ਼ਬਦ ਆਉਂਦਾ ਹੈ। ਯਹੋਵਾਹ ਨੇ ਯਸਾਯਾਹ ਨੂੰ ਇੰਨੀ ਵਾਰ “ਮੈਂ” ਸ਼ਬਦ ਲਿਖਣ ਨੂੰ ਕਿਉਂ ਪ੍ਰੇਰਿਆ? ਇਸ ਜ਼ਰੂਰੀ ਗੱਲ ’ਤੇ ਜ਼ੋਰ ਦੇਣ ਲਈ ਕਿ ਯਹੋਵਾਹ ’ਤੇ ਭਰੋਸਾ ਰੱਖਣ ਕਰਕੇ ਹੀ ਅਸੀਂ ਆਪਣੇ ਡਰ ’ਤੇ ਕਾਬੂ ਪਾ ਸਕਦੇ ਹਾਂ।

^ ਪੈਰਾ 52 ਤਸਵੀਰਾਂ ਬਾਰੇ ਜਾਣਕਾਰੀ: ਪਰਿਵਾਰ ਦੇ ਮੈਂਬਰ ਕੰਮ ’ਤੇ, ਸਿਹਤ ਸੰਬੰਧੀ, ਪ੍ਰਚਾਰ ਵਿਚ ਤੇ ਸਕੂਲ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋਏ।

^ ਪੈਰਾ 54 ਤਸਵੀਰਾਂ ਬਾਰੇ ਜਾਣਕਾਰੀ: ਕਿਸੇ ਦੇ ਘਰ ਚੱਲਦੀ ਗਵਾਹਾਂ ਦੀ ਸਭਾ ’ਤੇ ਪੁਲਿਸ ਛਾਪਾ ਮਾਰਦੀ ਹੋਈ, ਪਰ ਭੈਣ-ਭਰਾ ਡਰੇ ਹੋਏ ਨਹੀਂ ਹਨ।

^ ਪੈਰਾ 56 ਤਸਵੀਰਾਂ ਬਾਰੇ ਜਾਣਕਾਰੀ: ਬਾਕਾਇਦਾ ਪਰਿਵਾਰਕ ਸਟੱਡੀ ਕਰਨ ਨਾਲ ਸਾਨੂੰ ਸਹਿਣ ਦੀ ਤਾਕਤ ਮਿਲਦੀ ਹੈ।