Skip to content

Skip to table of contents

ਅਧਿਐਨ ਲੇਖ 4

ਪ੍ਰਭੂ ਦੇ ਭੋਜਨ ਤੋਂ ਸਾਨੂੰ ਸਵਰਗੀ ਰਾਜੇ ਬਾਰੇ ਕੀ ਪਤਾ ਲੱਗਦਾ ਹੈ?

ਪ੍ਰਭੂ ਦੇ ਭੋਜਨ ਤੋਂ ਸਾਨੂੰ ਸਵਰਗੀ ਰਾਜੇ ਬਾਰੇ ਕੀ ਪਤਾ ਲੱਗਦਾ ਹੈ?

“ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ। . . . ਇਹ ਦਾਖਰਸ ਮੇਰੇ ਲਹੂ ਨੂੰ ਅਰਥਾਤ ‘ਇਕਰਾਰ ਦੇ ਲਹੂ’ ਨੂੰ ਦਰਸਾਉਂਦਾ ਹੈ।”​—ਮੱਤੀ 26:26-28.

ਗੀਤ 14 ਪਰਮੇਸ਼ੁਰ ਦਾ ਰਾਜ​—ਸਾਡੀ ਪਨਾਹ!

ਖ਼ਾਸ ਗੱਲਾਂ *

1-2. (ੳ) ਯਿਸੂ ਨੇ ਆਪਣੀ ਮੌਤ ਦੀ ਯਾਦਗਾਰ ਮਨਾਉਣ ਦਾ ਸਾਦਾ ਜਿਹਾ ਤਰੀਕਾ ਕਿਉਂ ਦੱਸਿਆ? (ਅ) ਅਸੀਂ ਯਿਸੂ ਦੇ ਕਿਹੜੇ ਗੁਣਾਂ ’ਤੇ ਗੌਰ ਕਰਾਂਗੇ?

ਕੀ ਤੁਸੀਂ ਦੱਸ ਸਕਦੇ ਹੋ ਕਿ ਹਰ ਸਾਲ ਮਸੀਹ ਦੀ ਮੌਤ ਦੀ ਯਾਦਗਾਰ ਕਿਵੇਂ ਮਨਾਈ ਜਾਂਦੀ ਹੈ? ਬਿਨਾਂ ਸ਼ੱਕ, ਸਾਡੇ ਵਿੱਚੋਂ ਜ਼ਿਆਦਾਤਰ ਜਣੇ ਯਾਦ ਰੱਖ ਸਕਦੇ ਹਨ ਕਿ ਮੈਮੋਰੀਅਲ ’ਤੇ ਕੀ ਹੁੰਦਾ ਹੈ। ਕਿਉਂ? ਕਿਉਂਕਿ ਇਸ ਨੂੰ ਬਹੁਤ ਸਾਦੇ ਢੰਗ ਨਾਲ ਮਨਾਇਆ ਜਾਂਦਾ ਹੈ। ਪਰ ਇਸ ਦੀ ਬਹੁਤ ਅਹਿਮੀਅਤ ਹੈ। ਇਸ ਲਈ ਸ਼ਾਇਦ ਅਸੀਂ ਪੁੱਛੀਏ, ‘ਇਸ ਨੂੰ ਇੰਨੇ ਸਾਦੇ ਢੰਗ ਨਾਲ ਕਿਉਂ ਮਨਾਇਆ ਜਾਂਦਾ ਹੈ?’

2 ਧਰਤੀ ’ਤੇ ਆਪਣੀ ਸੇਵਕਾਈ ਦੌਰਾਨ ਯਿਸੂ ਇਸ ਗੱਲ ਤੋਂ ਜਾਣਿਆ ਜਾਂਦਾ ਸੀ ਕਿ ਉਹ ਅਹਿਮ ਸੱਚਾਈਆਂ ਨੂੰ ਸਾਫ਼-ਸਾਫ਼ ਤੇ ਸੌਖੇ ਤਰੀਕੇ ਨਾਲ ਸਮਝਾਉਂਦਾ ਸੀ। (ਮੱਤੀ 7:28, 29) ਬਿਲਕੁਲ ਇਸੇ ਤਰ੍ਹਾਂ ਉਸ ਨੇ ਆਪਣੀ ਮੌਤ ਦੀ ਯਾਦਗਾਰ ਮਨਾਉਣ * ਦਾ ਸਾਦਾ ਜਿਹਾ ਤਰੀਕਾ ਦੱਸਿਆ। ਆਓ ਆਪਾਂ ਇਸ ਮੌਕੇ ’ਤੇ ਯਿਸੂ ਦੁਆਰਾ ਵਰਤੀ ਗਈ ਰੋਟੀ ਤੇ ਦਾਖਰਸ ਅਤੇ ਉਸ ਵੱਲੋਂ ਕਹੀਆਂ ਗੱਲਾਂ ਤੇ ਕੀਤੇ ਕੰਮਾਂ ’ਤੇ ਧਿਆਨ ਨਾਲ ਸੋਚ-ਵਿਚਾਰ ਕਰੀਏ। ਇਸ ਕਰਕੇ ਅਸੀਂ ਹੋਰ ਵੀ ਜ਼ਿਆਦਾ ਸਮਝ ਸਕਾਂਗੇ ਕਿ ਯਿਸੂ ਕਿੰਨਾ ਨਿਮਰ, ਦਲੇਰ ਅਤੇ ਪਿਆਰ ਕਰਨ ਵਾਲਾ ਹੈ। ਨਾਲੇ ਅਸੀਂ ਸਿੱਖਾਂਗੇ ਕਿ ਅਸੀਂ ਹੋਰ ਵੀ ਵਧੀਆ ਢੰਗ ਨਾਲ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ।

ਯਿਸੂ ਨਿਮਰ ਹੈ

ਮੈਮੋਰੀਅਲ ਵਿਚ ਵਰਤੀ ਜਾਣ ਵਾਲੀ ਰੋਟੀ ਤੇ ਦਾਖਰਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਿਸੂ ਨੇ ਸਾਡੇ ਲਈ ਆਪਣੀ ਜਾਨ ਕੁਰਬਾਨ ਕੀਤੀ ਅਤੇ ਹੁਣ ਉਹ ਸਵਰਗ ਵਿਚ ਰਾਜੇ ਵਜੋਂ ਰਾਜ ਕਰ ਰਿਹਾ ਹੈ (ਪੈਰੇ 3-5 ਦੇਖੋ)

3. ਮੱਤੀ 26:26-28 ਅਨੁਸਾਰ ਯਿਸੂ ਨੇ ਆਪਣੀ ਮੌਤ ਦੀ ਯਾਦਗਾਰ ਮਨਾਉਣ ਦੀ ਰੀਤ ਕਿੰਨੇ ਕੁ ਸਾਦੇ ਢੰਗ ਨਾਲ ਸ਼ੁਰੂ ਕੀਤੀ ਸੀ ਅਤੇ ਉਸ ਵੱਲੋਂ ਵਰਤੀਆਂ ਦੋ ਸਾਦੀਆਂ ਚੀਜ਼ਾਂ ਕਿਨ੍ਹਾਂ ਨੂੰ ਦਰਸਾਉਂਦੀਆਂ ਹਨ?

3 ਯਿਸੂ ਨੇ ਆਪਣੇ 11 ਵਫ਼ਾਦਾਰ ਰਸੂਲਾਂ ਨਾਲ ਮਿਲ ਕੇ ਆਪਣੀ ਮੌਤ ਦੀ ਯਾਦਗਾਰ ਮਨਾਉਣ ਦੀ ਰੀਤ ਸ਼ੁਰੂ ਕੀਤੀ ਸੀ। ਪਸਾਹ ਦੇ ਭੋਜਨ ਵਿੱਚੋਂ ਬਚੇ ਹੋਏ ਖਾਣੇ ਤੋਂ ਉਸ ਨੇ ਇਹ ਸਾਦੀ ਜਿਹੀ ਰੀਤ ਸ਼ੁਰੂ ਕੀਤੀ। (ਮੱਤੀ 26:26-28 ਪੜ੍ਹੋ।) ਉਸ ਨੇ ਬਚੀ ਹੋਈ ਬੇਖ਼ਮੀਰੀ ਰੋਟੀ ਤੇ ਦਾਖਰਸ ਵਰਤਿਆ। ਯਿਸੂ ਨੇ ਆਪਣੇ ਰਸੂਲਾਂ ਨੂੰ ਦੱਸਿਆ ਕਿ ਇਹ ਦੋ ਸਾਦੀਆਂ ਚੀਜ਼ਾਂ ਉਸ ਦੇ ਮੁਕੰਮਲ ਸਰੀਰ ਅਤੇ ਲਹੂ ਨੂੰ ਦਰਸਾਉਂਦੀਆਂ ਹਨ ਜੋ ਜਲਦੀ ਹੀ ਉਨ੍ਹਾਂ ਲਈ ਕੁਰਬਾਨ ਕੀਤਾ ਜਾਣਾ ਸੀ। ਇਸ ਅਹਿਮ ਰੀਤ ਨੂੰ ਇੰਨੇ ਸਾਦੇ ਢੰਗ ਨਾਲ ਮਨਾਏ ਜਾਣ ’ਤੇ ਸ਼ਾਇਦ ਰਸੂਲਾਂ ਨੂੰ ਕੋਈ ਹੈਰਾਨੀ ਨਹੀਂ ਹੋਈ ਹੋਣੀ? ਉਨ੍ਹਾਂ ਨੂੰ ਹੈਰਾਨੀ ਕਿਉਂ ਨਹੀਂ ਹੋਈ ਹੋਣੀ?

4. ਮਾਰਥਾ ਨੂੰ ਦਿੱਤੀ ਸਲਾਹ ਤੋਂ ਅਸੀਂ ਕਿਵੇਂ ਸਮਝ ਸਕਦੇ ਹਾਂ ਕਿ ਯਿਸੂ ਨੇ ਆਪਣੀ ਮੌਤ ਦੀ ਯਾਦਗਾਰ ਇੰਨੇ ਸਾਦੇ ਢੰਗ ਨਾਲ ਕਿਉਂ ਮਨਾਈ?

4 ਗੌਰ ਕਰੋ ਕਿ ਯਿਸੂ ਦੀ ਸੇਵਕਾਈ ਦੇ ਤੀਸਰੇ ਸਾਲ ਦੌਰਾਨ ਕੀ ਹੋਇਆ ਸੀ। ਇਹ ਰੀਤ ਸ਼ੁਰੂ ਕਰਨ ਤੋਂ ਕੁਝ ਮਹੀਨੇ ਪਹਿਲਾਂ ਉਹ ਆਪਣੇ ਕਰੀਬੀ ਦੋਸਤ ਲਾਜ਼ਰ ਅਤੇ ਉਸ ਦੀਆਂ ਭੈਣਾਂ ਮਾਰਥਾ ਤੇ ਮਰੀਅਮ ਨੂੰ ਮਿਲਣ ਗਿਆ ਸੀ। ਯਿਸੂ ਨੇ ਆਰਾਮ ਨਾਲ ਬੈਠ ਕੇ ਸਿਖਾਉਣਾ ਸ਼ੁਰੂ ਕੀਤਾ। ਮਾਰਥਾ ਉੱਥੇ ਹੀ ਸੀ, ਪਰ ਮਹਿਮਾਨ ਦੀ ਪਰਾਹੁਣਚਾਰੀ ਕਰਨ ਲਈ ਉਸ ਦਾ ਸਾਰਾ ਧਿਆਨ ਰੋਟੀ-ਪਾਣੀ ਤਿਆਰ ਕਰਨ ਵਿਚ ਲੱਗਾ ਹੋਇਆ ਸੀ। ਜਦੋਂ ਯਿਸੂ ਨੇ ਦੇਖਿਆ, ਤਾਂ ਉਸ ਨੇ ਪਿਆਰ ਨਾਲ ਮਾਰਥਾ ਨੂੰ ਸੁਧਾਰਿਆ ਤੇ ਉਸ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਹਮੇਸ਼ਾ ਬਹੁਤ ਸਾਰਾ ਖਾਣਾ ਬਣਾਉਣਾ ਜ਼ਰੂਰੀ ਨਹੀਂ ਹੁੰਦਾ। (ਲੂਕਾ 10:40-42) ਬਾਅਦ ਵਿਚ ਆਪਣੀ ਕੁਰਬਾਨੀ ਦੇਣ ਤੋਂ ਥੋੜ੍ਹੀ ਦੇਰ ਪਹਿਲਾਂ ਯਿਸੂ ਨੇ ਖ਼ੁਦ ਆਪਣੀ ਇਹ ਸਲਾਹ ਲਾਗੂ ਕੀਤੀ। ਉਸ ਨੇ ਸਾਦੇ ਢੰਗ ਨਾਲ ਆਪਣੀ ਮੌਤ ਦੀ ਯਾਦਗਾਰ ਮਨਾਈ। ਇਸ ਤੋਂ ਸਾਨੂੰ ਯਿਸੂ ਬਾਰੇ ਕੀ ਪਤਾ ਲੱਗਦਾ ਹੈ?

5. ਇਸ ਸਾਦੀ ਜਿਹੀ ਰੀਤ ਤੋਂ ਸਾਨੂੰ ਯਿਸੂ ਬਾਰੇ ਕੀ ਪਤਾ ਲੱਗਦਾ ਹੈ ਅਤੇ ਇਹ ਗੱਲ ਫ਼ਿਲਿੱਪੀਆਂ 2:5-8 ਨਾਲ ਕਿਵੇਂ ਮੇਲ ਖਾਂਦੀ ਹੈ?

5 ਯਿਸੂ ਦੀ ਕਹਿਣੀ ਤੇ ਕਰਨੀ ਤੋਂ ਪਤਾ ਲੱਗਦਾ ਹੈ ਕਿ ਉਹ ਨਿਮਰ ਸੀ। ਸੋ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਉਸ ਨੇ ਧਰਤੀ ’ਤੇ ਆਪਣੀ ਆਖ਼ਰੀ ਰਾਤ ਨੂੰ ਇੰਨੀ ਨਿਮਰਤਾ ਦਿਖਾਈ ਸੀ। (ਮੱਤੀ 11:29) ਉਹ ਜਾਣਦਾ ਸੀ ਕਿ ਉਹ ਮਨੁੱਖੀ ਇਤਿਹਾਸ ਵਿਚ ਸਭ ਤੋਂ ਵੱਡੀ ਕੁਰਬਾਨੀ ਦੇਣ ਜਾ ਰਿਹਾ ਸੀ ਅਤੇ ਯਹੋਵਾਹ ਉਸ ਨੂੰ ਸਵਰਗ ਵਿਚ ਰਾਜੇ ਦੀ ਪਦਵੀ ਦੇਣ ਲਈ ਦੁਬਾਰਾ ਜੀਉਂਦਾ ਕਰੇਗਾ। ਪਰ ਫਿਰ ਵੀ ਉਸ ਨੇ ਆਪਣੇ ਵੱਲ ਹੱਦੋਂ ਵੱਧ ਧਿਆਨ ਖਿੱਚਣ ਲਈ ਆਪਣੀ ਮੌਤ ਦੀ ਯਾਦਗਾਰ ਨੂੰ ਗੁੰਝਲਦਾਰ ਤਰੀਕੇ ਨਾਲ ਨਹੀਂ ਮਨਾਇਆ। ਇਸ ਦੀ ਬਜਾਇ, ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਸਾਲ ਵਿਚ ਇਕ ਵਾਰ ਇਹ ਸਾਦੀ ਜਿਹੀ ਰੀਤ ਕਰ ਕੇ ਉਸ ਨੂੰ ਯਾਦ ਕਰਨ। (ਯੂਹੰ. 13:15; 1 ਕੁਰਿੰ. 11:23-25) ਸਾਦੇ, ਪਰ ਕਿਸੇ ਖ਼ਾਸ ਮਕਸਦ ਲਈ ਮਨਾਈ ਰੀਤ ਤੋਂ ਪਤਾ ਲੱਗਦਾ ਹੈ ਕਿ ਯਿਸੂ ਘਮੰਡੀ ਨਹੀਂ ਸੀ। ਅਸੀਂ ਖ਼ੁਸ਼ ਹੋ ਸਕਦੇ ਹਾਂ ਕਿ ਸਾਡੇ ਸਵਰਗੀ ਰਾਜੇ ਵਿਚ ਨਿਮਰਤਾ ਦਾ ਸ਼ਾਨਦਾਰ ਗੁਣ ਵੀ ਹੈ।​—ਫ਼ਿਲਿੱਪੀਆਂ 2:5-8 ਪੜ੍ਹੋ।

6. ਅਜ਼ਮਾਇਸ਼ਾਂ ਵਿਚ ਅਸੀਂ ਯਿਸੂ ਵਾਂਗ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ?

6 ਅਸੀਂ ਯਿਸੂ ਦੀ ਨਿਮਰਤਾ ਦੀ ਰੀਸ ਕਿਵੇਂ ਕਰ ਸਕਦੇ ਹਾਂ? ਆਪਣੇ ਤੋਂ ਪਹਿਲਾਂ ਦੂਜਿਆਂ ਦੇ ਭਲੇ ਬਾਰੇ ਸੋਚ ਕੇ। (ਫ਼ਿਲਿ. 2:3, 4) ਫਿਰ ਤੋਂ ਧਰਤੀ ਉੱਤੇ ਯਿਸੂ ਦੀ ਆਖ਼ਰੀ ਰਾਤ ’ਤੇ ਗੌਰ ਕਰੋ। ਯਿਸੂ ਜਾਣਦਾ ਸੀ ਕਿ ਉਸ ਨੇ ਜਲਦੀ ਹੀ ਦੁਖਦਾਈ ਮੌਤ ਮਰਨਾ ਸੀ। ਪਰ ਫਿਰ ਵੀ ਉਸ ਨੂੰ ਆਪਣੇ ਵਫ਼ਾਦਾਰ ਰਸੂਲਾਂ ਦੀ ਬਹੁਤ ਚਿੰਤਾ ਸੀ ਜਿਨ੍ਹਾਂ ਨੇ ਜਲਦੀ ਹੀ ਉਸ ਦੀ ਮੌਤ ਦਾ ਸੋਗ ਮਨਾਉਣਾ ਸੀ। ਇਸ ਲਈ ਉਸ ਨੇ ਆਪਣੀ ਆਖ਼ਰੀ ਰਾਤ ਉਨ੍ਹਾਂ ਨੂੰ ਹਿਦਾਇਤਾਂ ਤੇ ਹੌਸਲਾ ਦਿੱਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ। (ਯੂਹੰ. 14:25-31) ਯਿਸੂ ਨੇ ਨਿਮਰਤਾ ਦਿਖਾਉਂਦੇ ਹੋਏ ਆਪਣੀ ਚਿੰਤਾ ਕਰਨ ਦੀ ਬਜਾਇ ਦੂਜਿਆਂ ਦੇ ਭਲੇ ਬਾਰੇ ਸੋਚਿਆ। ਉਸ ਨੇ ਸਾਡੇ ਲਈ ਕਿੰਨੀ ਹੀ ਵਧੀਆ ਮਿਸਾਲ ਕਾਇਮ ਕੀਤੀ!

ਯਿਸੂ ਦਲੇਰ ਹੈ

7. ਆਪਣੀ ਮੌਤ ਦੀ ਯਾਦਗਾਰ ਮਨਾਉਣ ਦੀ ਰੀਤ ਸ਼ੁਰੂ ਕਰਨ ਤੋਂ ਤੁਰੰਤ ਬਾਅਦ ਯਿਸੂ ਨੇ ਦਲੇਰੀ ਕਿਵੇਂ ਦਿਖਾਈ?

7 ਪ੍ਰਭੂ ਦੇ ਭੋਜਨ ਦੀ ਰੀਤ ਸ਼ੁਰੂ ਕਰਨ ਤੋਂ ਤੁਰੰਤ ਬਾਅਦ ਯਿਸੂ ਨੇ ਬਹੁਤ ਦਲੇਰੀ ਦਿਖਾਈ। ਕਿਵੇਂ? ਯਿਸੂ ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰਨੀ ਚਾਹੁੰਦਾ ਸੀ, ਚਾਹੇ ਉਸ ਨੂੰ ਪਤਾ ਸੀ ਕਿ ਇਸ ਤਰ੍ਹਾਂ ਕਰਨ ਕਰਕੇ ਉਸ ’ਤੇ ਪਰਮੇਸ਼ੁਰ ਦੀ ਨਿੰਦਿਆ ਕਰਨ ਦਾ ਸ਼ਰਮਨਾਕ ਦੋਸ਼ ਲਾਇਆ ਜਾਵੇਗਾ ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। (ਮੱਤੀ 26:65, 66; ਲੂਕਾ 22:41, 42) ਯਹੋਵਾਹ ਦੇ ਨਾਂ ਨੂੰ ਮਹਿਮਾ ਦੇਣ, ਰਾਜ ਦਾ ਪੱਖ ਲੈਣ ਅਤੇ ਤੋਬਾ ਕਰਨ ਵਾਲੇ ਇਨਸਾਨਾਂ ਲਈ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਖੋਲ੍ਹਣ ਲਈ ਯਿਸੂ ਨੇ ਪੂਰੀ ਤਰ੍ਹਾਂ ਵਫ਼ਾਦਾਰੀ ਬਣਾਈ ਰੱਖੀ। ਇਸੇ ਸਮੇਂ ਯਿਸੂ ਨੇ ਆਪਣੇ ਚੇਲਿਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਕੀਤਾ।

8. (ੳ) ਯਿਸੂ ਨੇ ਆਪਣੇ ਵਫ਼ਾਦਾਰ ਰਸੂਲਾਂ ਨੂੰ ਕੀ ਕਿਹਾ? (ਅ) ਯਿਸੂ ਦੀ ਮੌਤ ਤੋਂ ਬਾਅਦ ਉਸ ਦੇ ਚੇਲੇ ਉਸ ਦੀ ਦਲੇਰੀ ਦੀ ਮਿਸਾਲ ’ਤੇ ਕਿਵੇਂ ਚੱਲੇ?

8 ਯਿਸੂ ਨੇ ਆਪਣੀਆਂ ਚਿੰਤਾਵਾਂ ਵੱਲ ਧਿਆਨ ਲਾਉਣ ਦੀ ਬਜਾਇ ਆਪਣੇ ਵਫ਼ਾਦਾਰ ਰਸੂਲਾਂ ਦੀਆਂ ਲੋੜਾਂ ਵੱਲ ਧਿਆਨ ਦੇ ਕੇ ਵੀ ਦਲੇਰੀ ਦਿਖਾਈ। ਯਹੂਦਾ ਇਸਕਰਿਓਤੀ ਦੇ ਜਾਣ ਤੋਂ ਬਾਅਦ ਉਸ ਨੇ ਸਾਦੀ ਜਿਹੀ ਰੀਤ ਦੀ ਸ਼ੁਰੂਆਤ ਕੀਤੀ। ਇਸ ਰੀਤ ਤੋਂ ਉਨ੍ਹਾਂ ਨੂੰ ਯਾਦ ਆਉਣਾ ਸੀ ਜਿਨ੍ਹਾਂ ਨੂੰ ਯਿਸੂ ਦੇ ਵਹਾਏ ਲਹੂ ਰਾਹੀਂ ਚੁਣਿਆ ਜਾਣਾ ਸੀ ਅਤੇ ਜਿਨ੍ਹਾਂ ਨੇ ਨਵੇਂ ਇਕਰਾਰ ਦਾ ਹਿੱਸਾ ਬਣਨਾ ਸੀ। (1 ਕੁਰਿੰ. 10:16, 17) ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਉਹ ਅਤੇ ਉਸ ਦਾ ਪਿਤਾ ਉਨ੍ਹਾਂ ਤੋਂ ਕੀ ਚਾਹੁੰਦੇ ਹਨ ਤਾਂਕਿ ਚੇਲੇ ਸਵਰਗੀ ਸੱਦੇ ਦੇ ਲਾਇਕ ਬਣੇ ਰਹਿਣ। (ਯੂਹੰ. 15:12-15) ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਕਿਹੜੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਵੇਗਾ। ਫਿਰ ਯਿਸੂ ਨੇ ਆਪਣੀ ਮਿਸਾਲ ’ਤੇ ਚੱਲਣ ਦੀ ਹੱਲਾਸ਼ੇਰੀ ਦਿੰਦਿਆਂ ਉਨ੍ਹਾਂ ਨੂੰ ਕਿਹਾ: “ਹੌਸਲਾ ਰੱਖੋ!” (ਯੂਹੰ. 16:1-4ੳ, 33) ਕਈ ਸਾਲਾਂ ਬਾਅਦ ਵੀ ਯਿਸੂ ਦੇ ਚੇਲੇ ਉਸ ਵਾਂਗ ਕੁਰਬਾਨੀਆਂ ਕਰ ਰਹੇ ਸਨ ਅਤੇ ਦਲੇਰੀ ਦਿਖਾ ਰਹੇ ਸਨ। ਚਾਹੇ ਇਸ ਕਰਕੇ ਉਨ੍ਹਾਂ ਨੂੰ ਬਹੁਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਿਆ, ਪਰ ਫਿਰ ਵੀ ਉਨ੍ਹਾਂ ਨੇ ਵੱਖੋ-ਵੱਖਰੀਆਂ ਅਜ਼ਮਾਇਸ਼ਾਂ ਵਿਚ ਇਕ-ਦੂਜੇ ਦਾ ਸਾਥ ਦਿੱਤਾ।​—ਇਬ. 10:33, 34.

9. ਦਲੇਰੀ ਦਿਖਾਉਣ ਵਿਚ ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?

9 ਇਸੇ ਤਰ੍ਹਾਂ ਅੱਜ ਅਸੀਂ ਵੀ ਯਿਸੂ ਦੀ ਮਿਸਾਲ ’ਤੇ ਚੱਲਦਿਆਂ ਦਲੇਰੀ ਦਿਖਾਉਂਦੇ ਹਾਂ। ਮਿਸਾਲ ਲਈ, ਨਿਹਚਾ ਕਰਕੇ ਸਤਾਏ ਜਾਣ ਵਾਲੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਦਲੇਰੀ ਦੀ ਲੋੜ ਹੁੰਦੀ ਹੈ। ਕਈ ਵਾਰ ਸ਼ਾਇਦ ਸਾਡੇ ਭੈਣਾਂ-ਭਰਾਵਾਂ ਨੂੰ ਬਿਨਾਂ ਕਿਸੇ ਕਾਰਨ ਦੇ ਜੇਲ੍ਹ ਵਿਚ ਸੁੱਟਿਆ ਜਾਵੇ। ਜਦੋਂ ਇੱਦਾਂ ਹੁੰਦਾ ਹੈ, ਤਾਂ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਦੀ ਮਦਦ ਲਈ ਆਪਣੀ ਪੂਰੀ ਵਾਹ ਲਾਈਏ। ਇਸ ਵਿਚ ਉਨ੍ਹਾਂ ਦੇ ਪੱਖ ਵਿਚ ਬੋਲਣਾ ਵੀ ਸ਼ਾਮਲ ਹੈ। (ਫ਼ਿਲਿ. 1:14; ਇਬ. 13:19) “ਨਿਡਰ ਹੋ ਕੇ” ਪ੍ਰਚਾਰ ਕਰਦੇ ਰਹਿਣ ਨਾਲ ਵੀ ਅਸੀਂ ਦਲੇਰੀ ਦਿਖਾਉਂਦੇ ਹਾਂ। (ਰਸੂ. 14:3) ਯਿਸੂ ਵਾਂਗ ਅਸੀਂ ਵੀ ਰਾਜ ਦੇ ਸੰਦੇਸ਼ ਦਾ ਪ੍ਰਚਾਰ ਕਰਨ ਦਾ ਪੱਕਾ ਇਰਾਦਾ ਕੀਤਾ ਹੈ, ਚਾਹੇ ਲੋਕ ਸਾਡਾ ਵਿਰੋਧ ਹੀ ਕਿਉਂ ਨਾ ਕਰਨ ਅਤੇ ਸਾਨੂੰ ਸਤਾਉਣ ਹੀ ਕਿਉਂ ਨਾ। ਪਰ ਕਦੇ-ਕਦੇ ਸਾਨੂੰ ਲੱਗ ਸਕਦਾ ਹੈ ਕਿ ਅਸੀਂ ਦਲੇਰ ਨਹੀਂ ਹਾਂ। ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ?

10. ਮੈਮੋਰੀਅਲ ਤੋਂ ਕੁਝ ਹਫ਼ਤੇ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?

10 ਮਸੀਹ ਦੀ ਕੁਰਬਾਨੀ ਕਰਕੇ ਮਿਲੀ ਉਮੀਦ ’ਤੇ ਸੋਚ-ਵਿਚਾਰ ਕਰ ਕੇ ਅਸੀਂ ਹੋਰ ਵੀ ਜ਼ਿਆਦਾ ਦਲੇਰ ਬਣ ਸਕਦੇ ਹਾਂ। (ਯੂਹੰ. 3:16; ਅਫ਼. 1:7) ਮੈਮੋਰੀਅਲ ਤੋਂ ਕੁਝ ਹਫ਼ਤੇ ਪਹਿਲਾਂ ਸਾਡੇ ਕੋਲ ਰਿਹਾਈ ਦੀ ਕੀਮਤ ਲਈ ਕਦਰਦਾਨੀ ਜ਼ਾਹਰ ਕਰਨ ਦਾ ਖ਼ਾਸ ਮੌਕਾ ਹੁੰਦਾ ਹੈ। ਇਸ ਸਮੇਂ ਦੌਰਾਨ ਮੈਮੋਰੀਅਲ ਦੀ ਬਾਈਬਲ ਪੜ੍ਹਾਈ ਕਰੋ ਅਤੇ ਪ੍ਰਾਰਥਨਾ ਕਰ ਕੇ ਉਨ੍ਹਾਂ ਘਟਨਾਵਾਂ ’ਤੇ ਸੋਚ-ਵਿਚਾਰ ਕਰੋ ਜੋ ਯਿਸੂ ਦੀ ਮੌਤ ਦੇ ਨੇੜੇ-ਤੇੜੇ ਵਾਪਰੀਆਂ ਸਨ। ਫਿਰ ਅਸੀਂ ਮਸੀਹ ਦੀ ਮੌਤ ਦੀ ਯਾਦਗਾਰ ’ਤੇ ਹਾਜ਼ਰ ਹੋ ਕੇ ਮੈਮੋਰੀਅਲ ਵਿਚ ਵਰਤੀ ਜਾਣ ਵਾਲੀ ਰੋਟੀ ਤੇ ਦਾਖਰਸ ਦੀ ਅਹਿਮੀਅਤ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਾਂਗੇ। ਨਾਲੇ ਰੋਟੀ ਤੇ ਦਾਖਰਸ ਤੋਂ ਪਤਾ ਲੱਗੇਗਾ ਕਿ ਇਹ ਕੁਰਬਾਨੀ ਇੰਨੀ ਵੱਖਰੀ ਕਿਉਂ ਹੈ। ਜਦੋਂ ਅਸੀਂ ਸਮਝਾਂਗੇ ਕਿ ਯਿਸੂ ਅਤੇ ਯਹੋਵਾਹ ਨੇ ਸਾਡੇ ਲਈ ਕੀ-ਕੀ ਕੀਤਾ ਹੈ ਅਤੇ ਇਸ ਤੋਂ ਸਾਨੂੰ ਅਤੇ ਸਾਡੇ ਪਿਆਰਿਆਂ ਨੂੰ ਕਿਵੇਂ ਫ਼ਾਇਦਾ ਹੁੰਦਾ ਹੈ, ਤਾਂ ਸਾਡੀ ਉਮੀਦ ਹੋਰ ਵੀ ਪੱਕੀ ਹੁੰਦੀ ਹੈ ਅਤੇ ਅਸੀਂ ਅੰਤ ਤਕ ਦਲੇਰੀ ਨਾਲ ਸਭ ਕੁਝ ਸਹਿਣ ਲਈ ਪ੍ਰੇਰਿਤ ਹੁੰਦੇ ਹਾਂ।​—ਇਬ. 12:3.

11-12. ਹੁਣ ਤਕ ਅਸੀਂ ਕੀ ਸਿੱਖਿਆ?

11 ਹੁਣ ਤਕ ਅਸੀਂ ਸਿੱਖਿਆ ਹੈ ਕਿ ਮਸੀਹ ਦੀ ਮੌਤ ਦੀ ਯਾਦਗਾਰ ਤੋਂ ਸਾਨੂੰ ਸਿਰਫ਼ ਇਹੀ ਪਤਾ ਨਹੀਂ ਲੱਗਦਾ ਕਿ ਰਿਹਾਈ ਦੀ ਕੀਮਤ ਸਾਡੇ ਲਈ ਕਿੰਨੀ ਅਨਮੋਲ ਹੈ, ਸਗੋਂ ਇਸ ਤੋਂ ਸਾਨੂੰ ਯਿਸੂ ਦੇ ਸ਼ਾਨਦਾਰ ਗੁਣਾਂ ਨਿਮਰਤਾ ਤੇ ਦਲੇਰੀ ਬਾਰੇ ਵੀ ਪਤਾ ਲੱਗਦਾ ਹੈ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਸਵਰਗੀ ਮਹਾਂ ਪੁਜਾਰੀ ਵਜੋਂ ਯਿਸੂ ਇਹ ਗੁਣ ਦਿਖਾ ਰਿਹਾ ਹੈ ਤੇ ਸਾਡੇ ਵਾਸਤੇ ਬੇਨਤੀ ਕਰਦਾ ਹੈ। (ਇਬ. 7:24, 25) ਦਿਲੋਂ ਕਦਰਦਾਨੀ ਜ਼ਾਹਰ ਕਰਨ ਲਈ ਸਾਨੂੰ ਯਿਸੂ ਦੇ ਕਹੇ ਅਨੁਸਾਰ ਵਫ਼ਾਦਾਰੀ ਨਾਲ ਉਸ ਦੀ ਮੌਤ ਦੀ ਯਾਦਗਾਰ ਮਨਾਉਣੀ ਚਾਹੀਦੀ ਹੈ। (ਲੂਕਾ 22:19, 20) ਅਸੀਂ 14 ਨੀਸਾਨ ਅਨੁਸਾਰ ਆਉਂਦੀ ਤਾਰੀਖ਼ ਨੂੰ ਇਹ ਦਿਨ ਮਨਾਉਂਦੇ ਹਾਂ ਜੋ ਸਾਡੇ ਲਈ ਸਾਲ ਦਾ ਸਭ ਤੋਂ ਖ਼ਾਸ ਦਿਨ ਹੈ।

12 ਅਸੀਂ ਪ੍ਰਭੂ ਦੇ ਭੋਜਨ ਦੀ ਸਾਦੀ ਜਿਹੀ ਰੀਤ ਤੋਂ ਉਸ ਦੇ ਇਕ ਹੋਰ ਗੁਣ ਬਾਰੇ ਜਾਣ ਸਕਦੇ ਹਾਂ ਜਿਸ ਕਰਕੇ ਉਸ ਨੇ ਸਾਡੇ ਲਈ ਆਪਣੀ ਜਾਨ ਦਿੱਤੀ। ਧਰਤੀ ’ਤੇ ਉਹ ਇਸ ਗੁਣ ਲਈ ਜਾਣਿਆ ਜਾਂਦਾ ਸੀ। ਇਹ ਗੁਣ ਕਿਹੜਾ ਸੀ?

ਯਿਸੂ ਪਿਆਰ ਕਰਨ ਵਾਲਾ ਹੈ

13. ਯੂਹੰਨਾ 15:9 ਅਤੇ 1 ਯੂਹੰਨਾ 4:8-10 ਵਿਚ ਯਹੋਵਾਹ ਅਤੇ ਯਿਸੂ ਦੁਆਰਾ ਦਿਖਾਏ ਪਿਆਰ ਬਾਰੇ ਕੀ ਦੱਸਿਆ ਗਿਆ ਹੈ ਅਤੇ ਇਸ ਪਿਆਰ ਤੋਂ ਕਿਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ?

13 ਯਿਸੂ ਨੇ ਜੋ ਵੀ ਕੀਤਾ, ਉਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ। (ਯੂਹੰਨਾ 15:9; 1 ਯੂਹੰਨਾ 4:8-10 ਪੜ੍ਹੋ।) ਸਭ ਤੋਂ ਜ਼ਰੂਰੀ ਗੱਲ ਹੈ ਕਿ ਯਿਸੂ ਦਿਲੋਂ ਸਾਡੇ ਲਈ ਆਪਣੀ ਜਾਨ ਵਾਰਨ ਲਈ ਪ੍ਰੇਰਿਤ ਹੋਇਆ ਸੀ। ਚਾਹੇ ਅਸੀਂ ਚੁਣੇ ਹੋਏ ਹਾਂ ਜਾਂ “ਹੋਰ ਭੇਡਾਂ”, ਪਰ ਸਾਨੂੰ ਸਾਰਿਆਂ ਨੂੰ ਯਹੋਵਾਹ ਅਤੇ ਉਸ ਦੇ ਪੁੱਤਰ ਦੇ ਪਿਆਰ ਤੋਂ ਫ਼ਾਇਦਾ ਹੁੰਦਾ ਹੈ ਜੋ ਉਨ੍ਹਾਂ ਨੇ ਇਸ ਕੁਰਬਾਨੀ ਰਾਹੀਂ ਦਿਖਾਇਆ। (ਯੂਹੰ. 10:16; 1 ਯੂਹੰ. 2:2) ਜ਼ਰਾ ਯਿਸੂ ਦੀ ਮੌਤ ਦੀ ਯਾਦਗਾਰ ’ਤੇ ਵਰਤੀ ਜਾਣ ਵਾਲੀ ਰੋਟੀ ਤੇ ਦਾਖਰਸ ’ਤੇ ਵੀ ਗੌਰ ਕਰੋ। ਇਨ੍ਹਾਂ ਤੋਂ ਵੀ ਪਤਾ ਲੱਗਦਾ ਹੈ ਕਿ ਯਿਸੂ ਆਪਣੇ ਚੇਲਿਆਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਪਰਵਾਹ ਕਰਦਾ ਹੈ। ਕਿਵੇਂ?

ਯਿਸੂ ਨੇ ਮੈਮੋਰੀਅਲ ਮਨਾਉਣ ਦੀ ਇਕ ਸਾਦੀ ਜਿਹੀ ਰੀਤ ਦੀ ਸ਼ੁਰੂਆਤ ਕਰ ਕੇ ਪਿਆਰ ਦਿਖਾਇਆ ਕਿਉਂਕਿ ਅਸੀਂ ਔਖੇ ਤੋਂ ਔਖੇ ਹਾਲਾਤਾਂ ਵਿਚ ਵੀ ਮੈਮੋਰੀਅਲ ਮਨਾ ਸਕਦੇ ਹਾਂ (ਪੈਰੇ 14-16 ਦੇਖੋ) *

14. ਯਿਸੂ ਨੇ ਕਿਸ ਤਰੀਕੇ ਰਾਹੀਂ ਆਪਣੇ ਚੇਲਿਆਂ ਨੂੰ ਪਿਆਰ ਦਿਖਾਇਆ?

14 ਯਿਸੂ ਨੇ ਇਕ ਗੁੰਝਲਦਾਰ ਰੀਤ ਦੀ ਬਜਾਇ ਸਾਦੀ ਜਿਹੀ ਰੀਤ ਦੀ ਸ਼ੁਰੂਆਤ ਕਰ ਕੇ ਆਪਣੇ ਚੁਣੇ ਹੋਏ ਚੇਲਿਆਂ ਲਈ ਪਿਆਰ ਦਿਖਾਇਆ। ਸਮੇਂ ਦੇ ਬੀਤਣ ਨਾਲ, ਚੁਣੇ ਹੋਏ ਚੇਲਿਆਂ ਨੂੰ ਹਰ ਸਾਲ ਵੱਖੋ-ਵੱਖਰੇ ਹਾਲਾਤਾਂ ਵਿਚ ਮੈਮੋਰੀਅਲ ਮਨਾਉਣ ਦੀ ਲੋੜ ਸੀ, ਇੱਥੋਂ ਤਕ ਕੇ ਜੇਲ੍ਹ ਵਿਚ ਵੀ। (ਪ੍ਰਕਾ. 2:10) ਕੀ ਉਨ੍ਹਾਂ ਨੇ ਯਿਸੂ ਦਾ ਕਹਿਣਾ ਮੰਨਿਆ? ਬਿਲਕੁਲ।

15-16. ਕੁਝ ਜਣੇ ਔਖੇ ਹਾਲਾਤਾਂ ਵਿਚ ਵੀ ਮਸੀਹ ਦੀ ਮੌਤ ਦੀ ਯਾਦਗਾਰ ਕਿਵੇਂ ਮਨਾਉਂਦੇ ਰਹਿ ਸਕੇ?

15 ਪਹਿਲੀ ਸਦੀ ਤੋਂ ਲੈ ਕੇ ਹੁਣ ਤਕ ਸੱਚੇ ਮਸੀਹੀਆਂ ਨੇ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਦੀ ਹਰ ਕੋਸ਼ਿਸ਼ ਕੀਤੀ ਹੈ। ਉਹ ਯਿਸੂ ਦੁਆਰਾ ਦਿੱਤੀਆਂ ਹਿਦਾਇਤਾਂ ਅਨੁਸਾਰ ਇਸ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਕਈ ਵਾਰ ਔਖੇ ਹਾਲਾਤਾਂ ਵਿਚ ਵੀ। ਕੁਝ ਮਿਸਾਲਾਂ ’ਤੇ ਗੌਰ ਕਰੋ। ਜਦੋਂ ਭਰਾ ਹੈਰਲਡ ਕਿੰਗ ਚੀਨ ਦੀ ਕਾਲ-ਕੋਠੜੀ ਵਿਚ ਕੈਦ ਸੀ, ਤਾਂ ਉਸ ਨੂੰ ਮੈਮੋਰੀਅਲ ਮਨਾਉਣ ਲਈ ਤਰੀਕਾ ਲੱਭਣਾ ਪਿਆ। ਉਸ ਨੇ ਬੜੀ ਸਾਵਧਾਨੀ ਨਾਲ ਉਸ ਸਾਮਾਨ ਤੋਂ ਮੈਮੋਰੀਅਲ ਵਿਚ ਵਰਤੀ ਜਾਣ ਵਾਲੀ ਰੋਟੀ ਤੇ ਦਾਖਰਸ ਤਿਆਰ ਕੀਤਾ ਜੋ ਉਸ ਕੋਲ ਸੀ। ਉਸ ਨੇ ਆਪਣੇ ਵੱਲੋਂ ਦਿਨਾਂ ਅਨੁਸਾਰ ਮੈਮੋਰੀਅਲ ਦੀ ਤਾਰੀਖ਼ ਦਾ ਵੀ ਅੰਦਾਜ਼ਾ ਲਗਾਇਆ। ਜਦੋਂ ਮੈਮੋਰੀਅਲ ਮਨਾਉਣ ਦਾ ਸਮਾਂ ਆਇਆ, ਤਾਂ ਉਸ ਨੇ ਜੇਲ੍ਹ ਵਿਚ ਇਕੱਲਿਆਂ ਹੀ ਗੀਤ ਗਾਏ, ਪ੍ਰਾਰਥਨਾ ਕੀਤੀ ਅਤੇ ਭਾਸ਼ਣ ਦਿੱਤਾ।

16 ਇਕ ਹੋਰ ਮਿਸਾਲ ’ਤੇ ਗੌਰ ਕਰੋ। ਦੂਜੇ ਵਿਸ਼ਵ ਯੁੱਧ ਦੌਰਾਨ ਤਸ਼ੱਦਦ ਕੈਂਪ ਵਿਚ ਬੰਦ ਭੈਣਾਂ ਨੇ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਕਰਕੇ ਆਪਣੀਆਂ ਜਾਨਾਂ ਖ਼ਤਰੇ ਵਿਚ ਪਾਈਆਂ। ਪਰ ਮੈਮੋਰੀਅਲ ਵਿਚ ਸਾਦੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਹਨ ਜਿਸ ਕਰਕੇ ਉਹ ਸਮਝਦਾਰੀ ਨਾਲ ਮੈਮੋਰੀਅਲ ਮਨਾ ਸਕੀਆਂ। ਉਨ੍ਹਾਂ ਨੇ ਦੱਸਿਆ: “ਅਸੀਂ ਇਕ ਮੇਜ਼ ਦੁਆਲੇ ਘੇਰਾ ਬਣਾ ਕੇ ਖੜ੍ਹੀਆਂ ਹੋ ਗਈਆਂ। ਮੇਜ਼ ’ਤੇ ਚਿੱਟਾ ਕੱਪੜਾ ਵਿਛਾਇਆ ਸੀ ਜਿਸ ’ਤੇ ਵਾਈਨ ਅਤੇ ਵਾਈਨ ਉੱਤੇ ਰੋਟੀ ਪਈ ਸੀ। ਬਿਜਲੀ ਦੀ ਰੋਸ਼ਨੀ ਕਰਕੇ ਪਤਾ ਲੱਗ ਸਕਦਾ ਸੀ ਕਿ ਅਸੀਂ ਕੀ ਕਰ ਰਹੀਆਂ ਸਨ। ਇਸ ਲਈ ਅਸੀਂ ਰੋਸ਼ਨੀ ਲਈ ਮੋਮਬੱਤੀ ਬਾਲ਼ੀ ਹੋਈ ਸੀ। . . . ਅਸੀਂ ਪੂਰੀ ਵਾਹ ਲਾ ਕੇ ਆਪਣੇ ਪਿਤਾ ਦੇ ਪਵਿੱਤਰ ਨਾਂ ਦੀ ਮਹਿਮਾ ਕਰਨ ਦੀਆਂ ਆਪਣੀਆਂ ਸਹੁੰਆਂ ਨੂੰ ਵਾਰ-ਵਾਰ ਦੁਹਰਾਇਆ।” ਉਨ੍ਹਾਂ ਨੇ ਕਿੰਨੀ ਹੀ ਨਿਹਚਾ ਦਿਖਾਈ! ਨਾਲੇ ਯਿਸੂ ਨੇ ਸਾਦੀ ਜਿਹੀ ਰੀਤ ਨਾਲ ਮੈਮੋਰੀਅਲ ਮਨਾਉਣ ਦਾ ਹੁਕਮ ਦੇ ਕੇ ਪਿਆਰ ਦਿਖਾਇਆ ਕਿਉਂਕਿ ਅਸੀਂ ਔਖੇ ਤੋਂ ਔਖੇ ਹਾਲਾਤਾਂ ਵਿਚ ਵੀ ਮੈਮੋਰੀਅਲ ਮਨਾ ਸਕਦੇ ਹਾਂ।

17. ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?

17 ਜਿੱਦਾਂ-ਜਿੱਦਾਂ ਮੈਮੋਰੀਅਲ ਦਾ ਦਿਨ ਨੇੜੇ ਆਉਂਦਾ ਜਾ ਰਿਹਾ ਹੈ, ਸਾਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣ ਦੀ ਲੋੜ ਹੈ: ‘ਮੈਂ ਪਿਆਰ ਦਿਖਾਉਣ ਵਿਚ ਯਿਸੂ ਦੀ ਹੋਰ ਜ਼ਿਆਦਾ ਰੀਸ ਕਿਵੇਂ ਕਰ ਸਕਦਾ ਹਾਂ? ਕੀ ਮੈਂ ਆਪਣੀਆਂ ਲੋੜਾਂ ਨਾਲੋਂ ਜ਼ਿਆਦਾ ਆਪਣੇ ਭੈਣਾਂ-ਭਰਾਵਾਂ ਦੀਆਂ ਲੋੜਾਂ ਬਾਰੇ ਸੋਚਦਾ ਹਾਂ? ਕੀ ਮੈਂ ਆਪਣੇ ਭੈਣਾਂ-ਭਰਾਵਾਂ ਤੋਂ ਜ਼ਿਆਦਾ ਆਸ ਰੱਖਦਾ ਹਾਂ ਜਾਂ ਕੀ ਮੈਂ ਉਨ੍ਹਾਂ ਦੀਆਂ ਹੱਦਾਂ ਨੂੰ ਪਛਾਣਦਾ ਹਾਂ?’ ਆਓ ਆਪਾਂ ਹਮੇਸ਼ਾ ਯਿਸੂ ਦੀ ਰੀਸ ਕਰੀਏ ਅਤੇ “ਦੁੱਖਾਂ ਵਿਚ ਇਕ-ਦੂਜੇ ਦਾ ਸਾਥ” ਦੇਈਏ।​—1 ਪਤ. 3:8.

ਹਮੇਸ਼ਾ ਇਹ ਸਬਕ ਯਾਦ ਰੱਖੋ

18-19. (ੳ) ਅਸੀਂ ਕਿਸ ਗੱਲ ਦਾ ਪੱਕਾ ਭਰੋਸਾ ਰੱਖ ਸਕਦੇ ਹਾਂ? (ਅ) ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?

18 ਸਾਨੂੰ ਮਸੀਹ ਦੀ ਮੌਤ ਦੀ ਯਾਦਗਾਰ ਜ਼ਿਆਦਾ ਲੰਬੇ ਸਮੇਂ ਤਕ ਮਨਾਉਣ ਦੀ ਲੋੜ ਨਹੀਂ ਪਵੇਗੀ। ਜਦੋਂ ਯਿਸੂ ਮਹਾਂਕਸ਼ਟ ਦੌਰਾਨ ਆਵੇਗਾ, ਤਾਂ ਉਹ ਬਾਕੀ “ਚੁਣੇ ਹੋਏ ਲੋਕਾਂ ਨੂੰ ਇਕੱਠਾ” ਕਰ ਕੇ ਸਵਰਗ ਲੈ ਜਾਵੇਗਾ। ਇਸ ਤੋਂ ਬਾਅਦ ਅਸੀਂ ਮਸੀਹ ਦੀ ਮੌਤ ਦੀ ਯਾਦਗਾਰ ਨਹੀਂ ਮਨਾਵਾਂਗੇ।​—1 ਕੁਰਿੰ. 11:26; ਮੱਤੀ 24:31.

19 ਚਾਹੇ ਇਸ ਤੋਂ ਬਾਅਦ ਮਸੀਹ ਦੀ ਮੌਤ ਦੀ ਯਾਦਗਾਰ ਨਹੀਂ ਮਨਾਈ ਜਾਵੇਗੀ, ਪਰ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦੇ ਲੋਕ ਇਸ ਸਾਦੀ ਜਿਹੀ ਰੀਤ ਨੂੰ ਯਿਸੂ ਵੱਲੋਂ ਦਿਖਾਈ ਨਿਮਰਤਾ, ਦਲੇਰੀ ਅਤੇ ਪਿਆਰ ਦੀ ਸਭ ਤੋਂ ਵੱਡੀ ਮਿਸਾਲ ਵਜੋਂ ਯਾਦ ਰੱਖਣਗੇ। ਜਿਨ੍ਹਾਂ ਨੇ ਇਸ ਰੀਤ ਨੂੰ ਮਨਾਇਆ ਸੀ, ਉਹ ਉਸ ਸਮੇਂ ਵਿਚ ਜੀ ਰਹੇ ਲੋਕਾਂ ਨੂੰ ਇਸ ਦੇ ਫ਼ਾਇਦਿਆਂ ਬਾਰੇ ਜ਼ਰੂਰ ਦੱਸਣਗੇ। ਪਰ ਹੁਣ ਇਸ ਤੋਂ ਫ਼ਾਇਦਾ ਲੈਣ ਲਈ ਸਾਨੂੰ ਯਿਸੂ ਦੀ ਨਿਮਰਤਾ, ਦਲੇਰੀ ਤੇ ਪਿਆਰ ਦੀ ਰੀਸ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ। ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਜ਼ਰੂਰ ਇਨਾਮ ਦੇਵੇਗਾ।​—2 ਪਤ. 1:10, 11.

ਗੀਤ 5 ਮਸੀਹ, ਸਾਡੀ ਮਿਸਾਲ

^ ਪੈਰਾ 5 ਅਸੀਂ ਜਲਦੀ ਹੀ ਯਿਸੂ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਵਾਂਗੇ। ਇਸ ਸਭਾ ਤੋਂ ਅਸੀਂ ਯਿਸੂ ਦੀ ਨਿਮਰਤਾ, ਦਲੇਰੀ ਅਤੇ ਪਿਆਰ ਬਾਰੇ ਬਹੁਤ ਕੁਝ ਸਿੱਖਦੇ ਹਾਂ। ਇਸ ਲੇਖ ਵਿਚ ਅਸੀਂ ਇਸ ਗੱਲ ’ਤੇ ਚਰਚਾ ਕਰਾਂਗੇ ਕਿ ਅਸੀਂ ਯਿਸੂ ਦੁਆਰਾ ਦਿਖਾਏ ਇਨ੍ਹਾਂ ਸ਼ਾਨਦਾਰ ਗੁਣਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ।

^ ਪੈਰਾ 2 ਸ਼ਬਦ ਦਾ ਮਤਲਬ: ਯਾਦਗਾਰ ਮਨਾਉਣ ਦਾ ਮਤਲਬ ਹੈ, ਕਿਸੇ ਅਹਿਮ ਮੌਕੇ ਜਾਂ ਵਿਅਕਤੀ ਦੀ ਯਾਦ ਅਤੇ ਉਸ ਦੇ ਸਨਮਾਨ ਵਿਚ ਕੁਝ ਖ਼ਾਸ ਕਰਨਾ।

^ ਪੈਰਾ 56 ਤਸਵੀਰਾਂ ਬਾਰੇ ਜਾਣਕਾਰੀ: ਪਹਿਲੀ ਸਦੀ ਦੀ ਮੰਡਲੀ ਦੇ; ਲਗਭਗ 1880 ਵਿਚ; ਨਾਜ਼ੀ ਤਸ਼ੱਦਦ ਕੈਂਪ ਵਿਚ ਅਤੇ ਅੱਜ ਦੱਖਣੀ ਅਮਰੀਕਾ ਵਿਚ ਗਰਮੀ ਦੇ ਮੌਸਮ ਵਿਚ ਸਾਦੇ ਤੇ ਖੁੱਲ੍ਹੇ ਕਿੰਗਡਮ ਹਾਲ ਵਿਚ ਵਫ਼ਾਦਾਰ ਸੇਵਕ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਹੋਏ।