ਕੀ ਤੁਸੀਂ ਜਾਣਦੇ ਹੋ?
ਪੁਰਾਣੇ ਜ਼ਮਾਨੇ ਵਿਚ ਅੱਗ ਨੂੰ ਇਕ ਥਾਂ ਤੋਂ ਦੂਜੀ ਥਾਂ ਕਿਵੇਂ ਲਿਜਾਇਆ ਜਾਂਦਾ ਸੀ?
ਉਤਪਤ 22:6 ਦੇ ਬਿਰਤਾਂਤ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਬਰਾਹਾਮ ਨੇ ਦੂਰ ਕਿਸੇ ਜਗ੍ਹਾ ’ਤੇ ਜਾ ਕੇ ਬਲ਼ੀ ਚੜ੍ਹਾਉਣ ਲਈ “ਹੋਮ ਦੀ ਬਲੀ ਦੀਆਂ ਲੱਕੜੀਆਂ ਲੈਕੇ ਆਪਣੇ ਪੁੱਤ੍ਰ ਇਸਹਾਕ ਨੂੰ ਚੁਕਾ ਦਿੱਤੀਆਂ ਤੇ ਆਪਣੇ ਹੱਥ ਵਿੱਚ ਅਗਨੀ ਅਰ ਛੁਰੀ ਫੜ ਲਈ ਅਰ ਦੋਵੇਂ ਇਕੱਠੇ ਤੁਰੇ ਗਏ।”
ਬਾਈਬਲ ਵਿਚ ਕਿਤੇ ਵੀ ਨਹੀਂ ਦੱਸਿਆ ਗਿਆ ਕਿ ਪੁਰਾਣੇ ਜ਼ਮਾਨੇ ਵਿਚ ਅੱਗ ਬਾਲ਼ਣ ਲਈ ਕਿਹੜਾ ਤਰੀਕਾ ਵਰਤਿਆ ਜਾਂਦਾ ਸੀ। ਇੱਥੇ ਜਿਸ ਬਿਰਤਾਂਤ ਬਾਰੇ ਗੱਲ ਕੀਤੀ ਗਈ ਹੈ, ਉਸ ਬਾਰੇ ਘੱਟੋ-ਘੱਟ ਇਕ ਟਿੱਪਣੀਕਾਰ ਦਾ ਮੰਨਣਾ ਹੈ ਕਿ ਅਬਰਾਹਾਮ ਅਤੇ ਇਸਹਾਕ ਕੋਲ ਜੋ ਅੱਗ ਸੀ, ਉਹ ਉਨ੍ਹਾਂ ਦੇ “ਲੰਬੇ ਸਫ਼ਰ ਦੌਰਾਨ” ਬਲ਼ਦੀ ਨਹੀਂ ਸੀ ਰਹਿ ਸਕਦੀ। ਇਸ ਲਈ ਸ਼ਾਇਦ ਇੱਥੇ ਉਸ ਭਾਂਡੇ ਦੀ ਗੱਲ ਕੀਤੀ ਗਈ ਹੋਵੇ ਜੋ ਅੱਗ ਬਾਲ਼ਣ ਲਈ ਜ਼ਰੂਰੀ ਸੀ।
ਪਰ ਹੋਰ ਲੋਕ ਕਹਿੰਦੇ ਹਨ ਕਿ ਪੁਰਾਣੇ ਸਮਿਆਂ ਵਿਚ ਅੱਗ ਬਾਲ਼ਣੀ ਸੌਖੀ ਨਹੀਂ ਸੀ ਹੁੰਦੀ। ਲੋਕਾਂ ਲਈ ਆਪ ਅੱਗ ਬਾਲ਼ਣ ਨਾਲੋਂ ਗੁਆਂਢੀਆਂ ਕੋਲੋਂ ਅੰਗਿਆਰੇ ਲੈਣੇ ਜ਼ਿਆਦਾ ਆਸਾਨ ਹੁੰਦੇ ਸਨ। ਇਸ ਲਈ ਕਈ ਵਿਦਵਾਨ ਮੰਨਦੇ ਹਨ ਕਿ ਅਬਰਾਹਾਮ ਸ਼ਾਇਦ ਆਪਣੇ ਨਾਲ ਕੋਈ ਭਾਂਡਾ ਲੈ ਕੇ ਗਿਆ ਹੋਣਾ ਜਿਸ ਨੂੰ ਫੜਨ ਲਈ ਇਕ ਜ਼ੰਜੀਰ ਲੱਗੀ ਹੋਈ ਸੀ। ਇਸ ਭਾਂਡੇ ਵਿਚ ਅਬਰਾਹਾਮ ਨੇ ਪਿਛਲੀ ਰਾਤ ਨੂੰ ਬਾਲ਼ੀ ਅੱਗ ਦੇ ਅੰਗਿਆਰੇ ਜਾਂ ਲੱਕੜੀ ਦੇ ਭਖਦੇ ਕੋਲੇ ਪਾਏ ਹੋਣੇ। (ਯਸਾ. 30:14) ਭਖਦੇ ਕੋਲਿਆਂ ਨੂੰ ਇਸ ਤਰੀਕੇ ਨਾਲ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਂਦਾ ਸੀ ਤਾਂਕਿ ਸਫ਼ਰ ਦੌਰਾਨ ਕਿਤੇ ਵੀ ਲੱਕੜਾਂ ਦੀ ਅੱਗ ਬਾਲ਼ੀ ਜਾ ਸਕੇ।