“ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ”
“ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ . . . ਅਤੇ ਸੱਚਿਆਈ ਉੱਤੇ ਪਲ।”
ਗੀਤ: 49, 50
1. ਯਹੋਵਾਹ ਨੇ ਇਨਸਾਨਾਂ ਵਿਚ ਕਿਹੜੀਆਂ ਸ਼ਾਨਦਾਰ ਕਾਬਲੀਅਤਾਂ ਪਾਈਆਂ ਹਨ?
ਯਹੋਵਾਹ ਨੇ ਇਨਸਾਨਾਂ ਵਿਚ ਸ਼ਾਨਦਾਰ ਕਾਬਲੀਅਤਾਂ ਪਾਈਆਂ ਹਨ। ਉਸ ਨੇ ਸਾਨੂੰ ਸੋਚਣ-ਸਮਝਣ ਦੀ ਕਾਬਲੀਅਤ ਦਿੱਤੀ ਹੈ ਜਿਸ ਨਾਲ ਅਸੀਂ ਮੁਸ਼ਕਲਾਂ ਹੱਲ ਕਰ ਸਕਦੇ ਹਾਂ ਅਤੇ ਭਵਿੱਖ ਲਈ ਜਾਇਜ਼ ਯੋਜਨਾਵਾਂ ਬਣਾ ਸਕਦੇ ਹਾਂ। (ਕਹਾ. 2:11) ਨਾਲੇ ਉਸ ਨੇ ਸਾਨੂੰ ਇਨ੍ਹਾਂ ਯੋਜਨਾਵਾਂ ਨੂੰ ਸਫ਼ਲ ਬਣਾਉਣ ਦੀ ਕਾਬਲੀਅਤ ਵੀ ਦਿੱਤੀ ਹੈ। (ਫ਼ਿਲਿ. 2:13) ਉਸ ਨੇ ਸਾਨੂੰ ਜ਼ਮੀਰ ਵੀ ਦਿੱਤੀ ਹੈ ਯਾਨੀ ਸਾਡੀ ਅੰਦਰਲੀ ਆਵਾਜ਼। ਇਸ ਨਾਲ ਅਸੀਂ ਸਹੀ-ਗ਼ਲਤ ਦੀ ਪਛਾਣ ਕਰ ਸਕਦੇ ਹਾਂ। ਨਾਲੇ ਅਸੀਂ ਗ਼ਲਤ ਕੰਮ ਕਰਨ ਤੋਂ ਬਚ ਸਕਦੇ ਹਾਂ ਅਤੇ ਆਪਣੀਆਂ ਗ਼ਲਤੀਆਂ ਸੁਧਾਰ ਸਕਦੇ ਹਾਂ।
2. ਅਸੀਂ ਯਹੋਵਾਹ ਦੀ ਮਰਜ਼ੀ ਮੁਤਾਬਕ ਆਪਣੀਆਂ ਕਾਬਲੀਅਤਾਂ ਕਿਵੇਂ ਵਰਤ ਸਕਦੇ ਹਾਂ?
2 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੀਆਂ ਕਾਬਲੀਅਤਾਂ ਨੂੰ ਸਹੀ ਤਰੀਕੇ ਨਾਲ ਵਰਤੀਏ। ਕਿਉਂ? ਕਿਉਂਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਅਤੇ ਜਾਣਦਾ ਹੈ ਕਿ ਇਨ੍ਹਾਂ ਨੂੰ ਸਹੀ ਤਰੀਕੇ ਨਾਲ ਵਰਤ ਕੇ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ। ਯਹੋਵਾਹ ਨੇ ਆਪਣੇ ਬਚਨ ਰਾਹੀਂ ਵਾਰ-ਵਾਰ ਸਾਨੂੰ ਆਪਣੀਆਂ ਕਾਬਲੀਅਤਾਂ ਨੂੰ ਵਧੀਆ ਤਰੀਕੇ ਨਾਲ ਵਰਤਣ ਦੀ ਸਲਾਹ ਦਿੱਤੀ ਹੈ। ਮਿਸਾਲ ਲਈ, ਅਸੀਂ ਇਬਰਾਨੀ ਲਿਖਤਾਂ ਵਿਚ ਪੜ੍ਹਦੇ ਹਾਂ: “ਉੱਦਮੀ ਦੀਆਂ ਜੁਗਤਾਂ ਨਿਰੀਆਂ ਵਾਫ਼ਰੀ ਵੱਲ ਹੁੰਦੀਆਂ ਹਨ” ਅਤੇ “ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਉਹੋ ਆਪਣੇ ਸਾਰੇ ਜ਼ੋਰ ਨਾਲ ਕਰ।” (ਕਹਾ. 21:5; ਉਪ. 9:10) ਮਸੀਹੀ ਯੂਨਾਨੀ ਲਿਖਤਾਂ ਵਿਚ ਕਿਹਾ ਗਿਆ ਹੈ ਕਿ “ਜਦ ਤਕ ਸਾਡੇ ਕੋਲ ਮੌਕਾ ਹੈ, ਆਓ ਆਪਾਂ ਸਾਰਿਆਂ ਦਾ ਭਲਾ ਕਰਦੇ ਰਹੀਏ” ਅਤੇ ਪਰਮੇਸ਼ੁਰ ਨੇ ਸਾਨੂੰ ਜੋ “ਹੁਨਰ ਬਖ਼ਸ਼ੇ ਹਨ,” ਉਨ੍ਹਾਂ ਨੂੰ “ਇਕ-ਦੂਜੇ ਦੀ ਸੇਵਾ” ਕਰਨ ਲਈ ਵਰਤੀਏ। (ਗਲਾ. 6:10; 1 ਪਤ. 4:10) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੇ ਅਤੇ ਦੂਜਿਆਂ ਦੇ ਭਲੇ ਲਈ ਜੋ ਕਰ ਸਕਦੇ ਹਾਂ, ਉਹ ਕਰੀਏ।
3. ਇਨਸਾਨ ਦੀਆਂ ਕਿਹੜੀਆਂ ਹੱਦਾਂ ਹਨ?
3 ਦੂਜੇ ਪਾਸੇ, ਯਹੋਵਾਹ ਸਾਡੀਆਂ ਹੱਦਾਂ ਨੂੰ ਵੀ ਜਾਣਦਾ ਹੈ। ਅਸੀਂ ਖ਼ੁਦ ਆਪਣੀਆਂ ਕਮੀਆਂ-ਕਮਜ਼ੋਰੀਆਂ, ਪਾਪ ਅਤੇ ਮੌਤ ਨੂੰ ਕਦੇ ਖ਼ਤਮ ਨਹੀਂ ਕਰ ਸਕਦੇ। ਨਾਲੇ ਨਾ ਹੀ ਅਸੀਂ ਦੂਜਿਆਂ ਲਈ ਫ਼ੈਸਲੇ ਕਰ ਸਕਦੇ ਹਾਂ ਤੇ ਨਾ ਹੀ ਉਨ੍ਹਾਂ ਨੂੰ ਦੱਸ ਸਕਦੇ ਹਾਂ ਕਿ ਉਹ ਆਪਣੀਆਂ ਜ਼ਿੰਦਗੀਆਂ ਕਿਵੇਂ ਜੀਉਣ ਕਿਉਂਕਿ ਸਾਰਿਆਂ ਕੋਲ ਆਜ਼ਾਦ ਮਰਜ਼ੀ ਹੈ। (1 ਰਾਜ. 8:46) ਇਸ ਦੇ ਨਾਲ-ਨਾਲ, ਚਾਹੇ ਸਾਡੇ ਕੋਲ ਜਿੰਨਾ ਮਰਜ਼ੀ ਗਿਆਨ ਜਾਂ ਤਜਰਬਾ ਹੋਵੇ, ਪਰ ਅਸੀਂ ਯਹੋਵਾਹ ਦੀ ਤੁਲਨਾ ਵਿਚ ਹਮੇਸ਼ਾ ਨਿਆਣੇ ਹੀ ਰਹਾਂਗੇ।
4. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਚਰਚਾ ਕਰਾਂਗੇ?
4 ਸਾਨੂੰ ਹਰ ਹਾਲਾਤ ਵਿਚ ਯਹੋਵਾਹ ਦੀ ਅਗਵਾਈ ਦੀ ਲੋੜ ਹੈ। ਨਾਲੇ ਇਹ ਵੀ ਭਰੋਸਾ ਰੱਖਣ ਦੀ ਲੋੜ ਹੈ ਕਿ ਉਹ ਸਾਡੀ ਹਰ ਕੰਮ ਵਿਚ ਮਦਦ ਕਰੇਗਾ, ਚਾਹੇ ਉਹ ਕੰਮ ਸਾਡੇ ਹੱਥ-ਵੱਸ ਹਨ ਜਾਂ ਨਹੀਂ। ਪਰ ਸਾਨੂੰ ਆਪਣੀਆਂ ਸਮੱਸਿਆਵਾਂ ਹੱਲ ਕਰਨ ਅਤੇ ਦੂਜਿਆਂ ਦੀ ਮਦਦ ਕਰਨ ਲਈ ਆਪ ਵੀ ਹੱਥ-ਪੈਰ ਮਾਰਨੇ ਚਾਹੀਦੇ ਹਨ। (ਜ਼ਬੂਰਾਂ ਦੀ ਪੋਥੀ 37:3 ਪੜ੍ਹੋ।) ਕਹਿਣ ਦਾ ਮਤਲਬ ਕਿ ਸਾਨੂੰ ‘ਯਹੋਵਾਹ ਉੱਤੇ ਭਰੋਸਾ ਰੱਖਣ ਅਤੇ ਭਲਿਆਈ ਕਰਨ ਅਤੇ ਸੱਚਿਆਈ ਉੱਤੇ ਪਲਣ’ ਦੀ ਲੋੜ ਹੈ। ਇਸ ਮਾਮਲੇ ਵਿਚ ਆਓ ਆਪਾਂ ਨੂਹ, ਦਾਊਦ ਅਤੇ ਹੋਰ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ’ਤੇ ਗੌਰ ਕਰੀਏ ਜਿਨ੍ਹਾਂ ਨੇ ਯਹੋਵਾਹ ’ਤੇ ਭਰੋਸਾ ਰੱਖਿਆ ਅਤੇ ਢੁਕਵੇਂ ਕਦਮ ਚੁੱਕੇ। ਅਸੀਂ ਇਨ੍ਹਾਂ ਦੀਆਂ ਮਿਸਾਲਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਅਸੀਂ ਇਹ ਦੇਖਾਂਗੇ ਕਿ ਉਨ੍ਹਾਂ ਨੇ ਇਸ ਗੱਲ ਵਿਚ ਫ਼ਰਕ ਪਛਾਣਿਆ ਕਿ ਉਹ ਕੀ ਨਹੀਂ ਕਰ ਸਕਦੇ ਸਨ ਅਤੇ ਉਹ ਕੀ ਕਰ ਸਕਦੇ ਸਨ। ਫਿਰ ਉਨ੍ਹਾਂ ਨੇ ਇਸ ਮੁਤਾਬਕ ਕੰਮ ਵੀ ਕੀਤੇ।
ਦੁਸ਼ਟਤਾ ਨਾਲ ਘਿਰੇ ਹੋਏ
5. ਨੂਹ ਦੇ ਹਾਲਤਾਂ ਬਾਰੇ ਦੱਸੋ।
5 ਨੂਹ ਅਜਿਹੀ ਦੁਨੀਆਂ ਵਿਚ ਰਹਿੰਦਾ ਸੀ ਜੋ “ਜ਼ੁਲਮ” ਅਤੇ ਅਨੈਤਿਕਤਾ ਨਾਲ ਭਰੀ ਹੋਈ ਸੀ। (ਉਤ. 6:4, 9-13) ਚਾਹੇ ਨੂਹ ਜਾਣਦਾ ਸੀ ਕਿ ਯਹੋਵਾਹ ਇਕ ਦਿਨ ਇਸ ਦੁਸ਼ਟ ਦੁਨੀਆਂ ਦਾ ਨਾਸ਼ ਜ਼ਰੂਰ ਕਰੇਗਾ, ਪਰ ਫਿਰ ਵੀ ਉਹ ਇਨ੍ਹਾਂ ਬੁਰੇ ਹਾਲਾਤਾਂ ਕਰਕੇ ਨਿਰਾਸ਼ ਸੀ। ਇਨ੍ਹਾਂ ਹਾਲਾਤਾਂ ਵਿਚ ਨੂਹ ਨੇ ਪਛਾਣਿਆ ਕਿ ਉਹ ਕਿਹੜੇ ਕੰਮ ਨਹੀਂ ਕਰ ਸਕਦਾ ਸੀ, ਪਰ ਕਿਹੜੇ ਕਰ ਸਕਦਾ ਸੀ।
6, 7. (ੳ) ਨੂਹ ਕਿਹੜੇ ਕੰਮ ਨਹੀਂ ਕਰ ਸਕਦਾ ਸੀ? (ਅ) ਸਾਡੇ ਹਾਲਾਤ ਨੂਹ ਵਰਗੇ ਕਿਵੇਂ ਹਨ?
6 ਨੂਹ ਕਿਹੜੇ ਕੰਮ ਨਹੀਂ ਕਰ ਸਕਦਾ ਸੀ: ਨੂਹ ਨੇ
7 ਅਸੀਂ ਵੀ ਦੁਸ਼ਟਤਾ ਨਾਲ ਭਰੀ ਦੁਨੀਆਂ ਵਿਚ ਰਹਿੰਦੇ ਹਾਂ ਅਤੇ ਜਾਣਦੇ ਹਾਂ ਕਿ ਯਹੋਵਾਹ ਨੇ ਇਸ ਦੁਸ਼ਟ ਦੁਨੀਆਂ ਦਾ ਖੁਰਾ-ਖੋਜ ਮਿਟਾਉਣ ਦਾ ਵਾਅਦਾ ਕੀਤਾ ਹੈ। (1 ਯੂਹੰ. 2:17) ਪਰ ਅਸੀਂ ਲੋਕਾਂ ਨੂੰ ‘ਰਾਜ ਦੀ ਖ਼ੁਸ਼ ਖ਼ਬਰੀ’ ਕਬੂਲ ਕਰਨ ਲਈ ਮਜਬੂਰ ਨਹੀਂ ਕਰ ਸਕਦੇ। ਨਾਲੇ ਅਸੀਂ “ਮਹਾਂਕਸ਼ਟ” ਨੂੰ ਜਲਦੀ ਲਿਆਉਣ ਲਈ ਵੀ ਕੁਝ ਨਹੀਂ ਕਰ ਸਕਦੇ। (ਮੱਤੀ 24:14, 21) ਸਾਨੂੰ ਨੂਹ ਵਾਂਗ ਪੱਕੀ ਨਿਹਚਾ ਰੱਖਣ ਦੀ ਲੋੜ ਹੈ ਕਿ ਯਹੋਵਾਹ ਜਲਦੀ ਹੀ ਕਦਮ ਚੁੱਕੇਗਾ। (ਜ਼ਬੂ. 37:10, 11) ਸਾਨੂੰ ਯਕੀਨ ਹੈ ਕਿ ਯਹੋਵਾਹ ਇਸ ਦੁਸ਼ਟ ਦੁਨੀਆਂ ਨੂੰ ਆਪਣੇ ਮਿੱਥੇ ਹੋਏ ਸਮੇਂ ਤੋਂ ਇਕ ਦਿਨ ਵੀ ਜ਼ਿਆਦਾ ਨਹੀਂ ਚੱਲਣ ਦੇਵੇਗਾ।
8. ਨੂਹ ਨੇ ਕਿਹੜੇ ਕੰਮਾਂ ’ਤੇ ਆਪਣਾ ਧਿਆਨ ਲਾਇਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
8 ਨੂਹ ਕੀ ਕਰ ਸਕਦਾ ਸੀ: ਨੂਹ ਜਿਹੜੇ ਕੰਮ ਨਹੀਂ ਕਰ ਸਕਦਾ ਸੀ ਉਨ੍ਹਾਂ ਕੰਮਾਂ ਕਰਕੇ ਉਸ ਨੇ ਹਾਰ ਨਹੀਂ ਮੰਨੀ, ਸਗੋਂ ਉਸ ਨੇ ਉਨ੍ਹਾਂ ਕੰਮਾਂ ’ਤੇ ਧਿਆਨ ਲਾਇਆ ਜੋ ਉਹ ਕਰ ਸਕਦਾ ਸੀ। “ਧਾਰਮਿਕਤਾ ਦੇ ਪ੍ਰਚਾਰਕ” ਨੂਹ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਵੱਲੋਂ ਮਿਲੀ ਚੇਤਾਵਨੀ ਦਿੱਤੀ। (2 ਪਤ. 2:5) ਬਿਨਾਂ ਸ਼ੱਕ ਇੱਦਾਂ ਕਰਨ ਨਾਲ ਉਹ ਆਪਣੀ ਨਿਹਚਾ ਮਜ਼ਬੂਤ ਰੱਖ ਸਕਿਆ। ਪ੍ਰਚਾਰ ਕਰਨ ਦੇ ਨਾਲ-ਨਾਲ ਉਸ ਨੇ ਆਪਣਾ ਪੂਰਾ ਜ਼ੋਰ ਅਤੇ ਧਿਆਨ ਪਰਮੇਸ਼ੁਰ ਵੱਲੋਂ ਮਿਲੇ ਕਿਸ਼ਤੀ ਬਣਾਉਣ ਦੇ ਕੰਮ ਉੱਤੇ ਲਾਇਆ।
9. ਅਸੀਂ ਨੂਹ ਦੀ ਰੀਸ ਕਿਵੇਂ ਕਰ ਸਕਦੇ ਹਾਂ?
9 ਨੂਹ ਵਾਂਗ ਸਾਨੂੰ “ਪ੍ਰਭੂ ਦੇ ਕੰਮ ਵਿਚ ਹਮੇਸ਼ਾ ਰੁੱਝੇ” ਰਹਿਣਾ ਚਾਹੀਦਾ ਹੈ। (1 ਕੁਰਿੰ. 15:58) ਇਸ ਵਿਚ ਅਜਿਹੇ ਕੰਮ ਸ਼ਾਮਲ ਹੋ ਸਕਦੇ ਹਨ, ਜਿਵੇਂ ਕਿ ਭਗਤੀ ਕਰਨ ਵਾਲੀਆਂ ਥਾਵਾਂ ਦੀ ਉਸਾਰੀ ਅਤੇ ਸਾਂਭ-ਸੰਭਾਲ ਕਰਨੀ, ਸੰਮੇਲਨਾਂ ਵਿਚ ਖ਼ੁਸ਼ੀ-ਖ਼ੁਸ਼ੀ ਕੰਮ ਕਰਨਾ ਜਾਂ ਸ਼ਾਖ਼ਾ ਦਫ਼ਤਰ ਜਾਂ ਟ੍ਰਾਂਸਲੇਸ਼ਨ ਆਫ਼ਿਸ ਵਿਚ ਜ਼ਿੰਮੇਵਾਰੀਆਂ ਸੰਭਾਲਣੀਆਂ। ਪਰ ਅਸੀਂ ਪ੍ਰਚਾਰ ਦੇ ਕੰਮ ਵਿਚ ਰੁੱਝੇ ਰਹਿੰਦੇ ਹਾਂ ਕਿਉਂਕਿ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਕੰਮ ਹੈ। ਨਾਲੇ ਇੱਦਾਂ ਕਰਨ ਨਾਲ ਸਾਡੀ ਭਵਿੱਖ ਲਈ ਉਮੀਦ ਹੋਰ ਵੀ ਪੱਕੀ ਹੁੰਦੀ ਹੈ। ਬਹੁਤ ਸਾਲਾਂ ਤੋਂ ਸੇਵਾ ਕਰ ਰਹੀ ਇਕ ਭੈਣ ਨੇ ਕਿਹਾ: “ਜਦੋਂ ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਬਾਰੇ ਦੱਸਦੇ ਹਾਂ, ਤਾਂ ਅਸੀਂ ਦੇਖ ਸਕਦੇ ਹਾਂ ਕਿ ਉਨ੍ਹਾਂ ਕੋਲ ਕੋਈ ਉਮੀਦ ਨਹੀਂ ਅਤੇ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਦੁੱਖ ਕਦੀ ਖ਼ਤਮ ਨਹੀਂ ਹੋਣਗੇ।” ਵਾਕਈ, ਪ੍ਰਚਾਰ ਕਰਨ ਕਰਕੇ ਭਵਿੱਖ ਲਈ ਸਾਡੀ ਉਮੀਦ ਹੋਰ ਪੱਕੀ ਹੁੰਦੀ ਹੈ ਅਤੇ ਜ਼ਿੰਦਗੀ ਦੀ ਦੌੜ ਵਿਚ ਕਦੇ ਹਾਰ ਨਾ ਮੰਨਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੁੰਦਾ ਹੈ।
ਜਦੋਂ ਅਸੀਂ ਪਰਮੇਸ਼ੁਰ ਦੇ ਮਿਆਰਾਂ ’ਤੇ ਖਰੇ ਨਹੀਂ ਉਤਰਦੇ
10. ਦਾਊਦ ਦੇ ਹਾਲਾਤਾਂ ਬਾਰੇ ਦੱਸੋ।
10 ਯਹੋਵਾਹ ਨੇ ਰਾਜਾ ਦਾਊਦ ਬਾਰੇ ਕਿਹਾ ਕਿ ਉਹ “ਉਸ ਤੋਂ ਦਿਲੋਂ ਖ਼ੁਸ਼” ਸੀ। (ਰਸੂ. 13:22) ਚਾਹੇ ਦਾਊਦ ਨੇ ਪਰਮੇਸ਼ੁਰ ਦੀ ਵਫ਼ਾਦਾਰੀ ਨਾਲ ਸੇਵਾ ਕੀਤੀ, ਪਰ ਫਿਰ ਵੀ ਉਸ ਨੇ ਕੁਝ ਗੰਭੀਰ ਪਾਪ ਕੀਤੇ। ਉਸ ਨੇ ਬਥ-ਸ਼ਬਾ ਨਾਲ ਹਰਾਮਕਾਰੀ ਕੀਤੀ। ਹਾਲਾਤ ਹੋਰ ਵੀ ਮਾੜੇ ਉਦੋਂ ਹੋ ਗਏ ਜਦੋਂ ਉਸ ਨੇ ਆਪਣਾ ਪਾਪ ਲੁਕਾਉਣ ਲਈ ਬਥ-ਸ਼ਬਾ ਦੇ ਪਤੀ ਊਰਿੱਯਾਹ ਨੂੰ ਮਰਵਾਉਣ ਦੀ ਸਾਜ਼ਸ਼ ਘੜੀ। ਇੱਥੋਂ ਤਕ ਕਿ ਉਸ ਨੇ ਊਰਿੱਯਾਹ ਦੇ ਹੱਥ ਹੀ ਉਸ ਦੀ ਮੌਤ ਦਾ ਫ਼ਰਮਾਨ ਭੇਜਿਆ। (2 ਸਮੂ. 11:1-21) ਪਰ ਦਾਊਦ ਦੇ ਪਾਪ ਲੁਕੇ ਨਹੀਂ ਰਹੇ। (ਮਰ. 4:22) ਜਦੋਂ ਇੱਦਾਂ ਹੋਇਆ, ਤਾਂ ਉਸ ਨੇ ਕੀ ਕੀਤਾ?
11, 12. (ੳ) ਪਾਪ ਕਰਨ ਤੋਂ ਬਾਅਦ ਦਾਊਦ ਕੀ ਨਹੀਂ ਕਰ ਸਕਦਾ ਸੀ? (ਅ) ਜੇ ਅਸੀਂ ਤੋਬਾ ਕਰਾਂਗੇ, ਤਾਂ ਯਹੋਵਾਹ ਸਾਡੇ ਲਈ ਕੀ ਕਰੇਗਾ?
11 ਦਾਊਦ ਕੀ ਨਹੀਂ ਕਰ ਸਕਦਾ ਸੀ: ਦਾਊਦ ਆਪਣੀ ਕੀਤੀ ਨੂੰ ਬਦਲ ਨਹੀਂ ਸਕਦਾ ਸੀ। ਦਰਅਸਲ ਉਸ ਨੂੰ ਆਪਣੇ ਪਾਪਾਂ ਦੇ ਕੁਝ ਅੰਜਾਮ ਪੂਰੀ ਜ਼ਿੰਦਗੀ ਭੁਗਤਣੇ ਪੈਣੇ ਸਨ। (2 ਸਮੂ. 12:10-12, 14) ਪਰ ਉਸ ਨੂੰ ਨਿਹਚਾ ਰੱਖਣ ਦੀ ਲੋੜ ਸੀ। ਉਸ ਨੇ ਇਸ ਗੱਲ ਦਾ ਭਰੋਸਾ ਰੱਖਣਾ ਸੀ ਕਿ ਜੇ ਉਹ ਦਿਲੋਂ ਤੋਬਾ ਕਰੇਗਾ, ਤਾਂ ਯਹੋਵਾਹ ਉਸ ਨੂੰ ਮਾਫ਼ ਕਰੇਗਾ ਅਤੇ ਉਸ ਦੀਆਂ ਗ਼ਲਤੀਆਂ ਦੇ ਬੁਰੇ ਨਤੀਜਿਆਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰੇਗਾ।
12 ਪਾਪੀ ਹੋਣ ਕਰਕੇ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। ਪਰ ਕੁਝ ਗ਼ਲਤੀਆਂ ਇੰਨੀਆਂ ਜ਼ਿਆਦਾ ਗੰਭੀਰ ਹੁੰਦੀਆਂ ਹਨ ਜਿਨ੍ਹਾਂ ਬਾਰੇ ਅਸੀਂ ਸ਼ਾਇਦ ਕੁਝ ਵੀ ਨਹੀਂ ਕਰ ਸਕਦੇ। ਸਾਨੂੰ ਵੀ ਸ਼ਾਇਦ ਆਪਣੀ ਕੀਤੀ ਦੇ ਬੁਰੇ ਅੰਜਾਮ ਭੁਗਤਣੇ ਪੈਣ। (ਗਲਾ. 6:7) ਪਰ ਅਸੀਂ ਪਰਮੇਸ਼ੁਰ ਦੇ ਵਾਅਦੇ ਉੱਤੇ ਭਰੋਸਾ ਰੱਖਦੇ ਹਾਂ ਕਿ ਜੇ ਅਸੀਂ ਸੱਚੇ ਦਿਲੋਂ ਤੋਬਾ ਕਰਾਂਗੇ, ਤਾਂ ਉਹ ਮੁਸ਼ਕਲਾਂ ਦੌਰਾਨ ਸਾਡੀ ਮਦਦ ਕਰੇਗਾ, ਚਾਹੇ ਇਹ ਮੁਸ਼ਕਲਾਂ ਸਾਡੀਆਂ ਆਪਣੀਆਂ ਗ਼ਲਤੀਆਂ ਕਰਕੇ ਹੀ ਕਿਉਂ ਨਾ ਆਈਆਂ ਹੋਣ।
13. ਦਾਊਦ ਨੇ ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਤੋਂ ਕਿਵੇਂ ਜੋੜਿਆ?
13 ਦਾਊਦ ਕੀ ਕਰ ਸਕਦਾ ਸੀ: ਦਾਊਦ ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਤੋਂ ਜੋੜਨਾ ਚਾਹੁੰਦਾ ਸੀ। ਉਸ ਨੇ ਇਹ ਕਿਵੇਂ ਕੀਤਾ? ਦਾਊਦ ਨੇ ਯਹੋਵਾਹ ਦੀ ਮਦਦ ਸਵੀਕਾਰ ਕੀਤੀ। ਮਿਸਾਲ ਲਈ, ਉਸ ਨੇ ਯਹੋਵਾਹ ਦੇ ਨਬੀ ਨਾਥਾਨ ਦੀ ਤਾੜਨਾ ਕਬੂਲ ਕੀਤੀ। (2 ਸਮੂ. 12:13) ਦਾਊਦ ਨੇ ਪ੍ਰਾਰਥਨਾ ਕਰਨ ਦੇ ਨਾਲ-ਨਾਲ ਯਹੋਵਾਹ ਸਾਮ੍ਹਣੇ ਆਪਣੇ ਪਾਪ ਵੀ ਕਬੂਲ ਕੀਤੇ। ਇੱਦਾਂ ਕਰ ਕੇ ਉਸ ਨੇ ਦਿਖਾਇਆ ਕਿ ਉਹ ਯਹੋਵਾਹ ਦੀ ਮਿਹਰ ਦਿਲੋਂ ਚਾਹੁੰਦਾ ਸੀ। (ਜ਼ਬੂ. 51:1-17) ਦੋਸ਼ੀ ਭਾਵਨਾਵਾਂ ਵਿਚ ਡੁੱਬਣ ਦੀ ਬਜਾਇ ਦਾਊਦ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ। ਉਸ ਨੇ ਉਹ ਪਾਪ ਦੁਬਾਰਾ ਕਦੀ ਨਹੀਂ ਕੀਤੇ। ਬਹੁਤ ਸਾਲਾਂ ਬਾਅਦ ਉਹ ਇਕ ਵਫ਼ਾਦਾਰ ਇਨਸਾਨ ਵਜੋਂ ਮਰਿਆ ਤੇ ਯਹੋਵਾਹ ਨੂੰ ਅੱਜ ਵੀ ਉਸ ਦੀ ਵਫ਼ਾਦਾਰੀ ਯਾਦ ਹੈ।
14. ਅਸੀਂ ਦਾਊਦ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
14 ਅਸੀਂ ਦਾਊਦ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਜੇ ਅਸੀਂ ਕੋਈ ਗੰਭੀਰ ਪਾਪ ਕਰ ਲੈਂਦੇ ਹਾਂ, ਤਾਂ ਸਾਨੂੰ ਦਿਲੋਂ ਤੋਬਾ ਕਰਨ, ਯਹੋਵਾਹ ਸਾਮ੍ਹਣੇ ਆਪਣਾ ਪਾਪ ਕਬੂਲ ਕਰਨ ਅਤੇ ਉਸ ਤੋਂ ਮਾਫ਼ੀ ਮੰਗਣ ਦੀ ਲੋੜ ਹੈ। (1 ਯੂਹੰ. 1:9) ਸਾਨੂੰ ਬਜ਼ੁਰਗਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਉਹ ਯਹੋਵਾਹ ਨਾਲ ਸਾਡਾ ਰਿਸ਼ਤਾ ਦੁਬਾਰਾ ਜੋੜਨ ਵਿਚ ਮਦਦ ਕਰ ਸਕਦੇ ਹਨ। (ਯਾਕੂਬ 5:14-16 ਪੜ੍ਹੋ।) ਯਹੋਵਾਹ ਦੀ ਮਦਦ ਕਬੂਲ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਮਾਫ਼ ਕਰਨ ਦੇ ਵਾਅਦੇ ’ਤੇ ਭਰੋਸਾ ਰੱਖਦੇ ਹਾਂ। ਨਾਲੇ ਸਾਨੂੰ ਆਪਣੀਆਂ ਗ਼ਲਤੀਆਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਪਿੱਛੇ ਦੇਖਣ ਦੀ ਬਜਾਇ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਵਿਚ ਅੱਗੇ ਵਧਦੇ ਰਹਿਣਾ ਚਾਹੀਦਾ ਹੈ।
ਹੋਰ ਹਾਲਾਤਾਂ ਵਿਚ
15. ਅਸੀਂ ਹੰਨਾਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
15 ਤੁਸੀਂ ਬਾਈਬਲ ਦੇ ਹੋਰ ਵਫ਼ਾਦਾਰ ਸੇਵਕਾਂ ਬਾਰੇ ਸੋਚ ਸਕਦੇ ਹੋ ਜਿਨ੍ਹਾਂ ਨੇ ਮੁਸ਼ਕਲ ਹਾਲਾਤਾਂ ਵਿਚ ਯਹੋਵਾਹ ’ਤੇ ਭਰੋਸਾ ਰੱਖ ਕੇ ਉਹ ਕੰਮ ਕੀਤੇ ਜੋ ਉਹ ਕਰ ਸਕਦੇ ਸਨ। ਮਿਸਾਲ ਲਈ, ਇਕ ਸਮਾਂ ਇੱਦਾਂ ਦਾ ਸੀ, ਜਦੋਂ ਹੰਨਾਹ ਮਾਂ ਨਹੀਂ ਬਣ ਸਕਦੀ ਸੀ। ਉਹ ਆਪਣੇ ਇਸ ਹਾਲਾਤ ਨੂੰ ਬਦਲ ਨਹੀਂ ਸਕਦੀ ਸੀ। ਪਰ ਉਸ ਨੇ ਭਰੋਸਾ ਰੱਖਿਆ ਕਿ ਯਹੋਵਾਹ ਉਸ ਨੂੰ ਤਸੱਲੀ ਦੇਵੇਗਾ। ਇਸ ਲਈ ਉਹ ਤੰਬੂ ਵਿਚ ਯਹੋਵਾਹ ਦੀ ਭਗਤੀ ਕਰਦੀ ਰਹੀ ਅਤੇ ਉਸ ਨੂੰ ਪ੍ਰਾਰਥਨਾ 1 ਸਮੂ. 1:9-11) ਸਾਡੇ ਲਈ ਕਿੰਨੀ ਹੀ ਵਧੀਆ ਮਿਸਾਲ! ਜਦੋਂ ਸਾਨੂੰ ਕੋਈ ਸਿਹਤ ਸਮੱਸਿਆ ਜਾਂ ਕੋਈ ਹੋਰ ਮੁਸ਼ਕਲ ਹੁੰਦੀ ਹੈ ਜਿਸ ਨੂੰ ਅਸੀਂ ਬਦਲ ਨਹੀਂ ਸਕਦੇ, ਤਾਂ ਅਸੀਂ ਯਹੋਵਾਹ ’ਤੇ ਆਪਣੀਆਂ ਚਿੰਤਾਵਾਂ ਦਾ ਬੋਝ ਪਾਉਂਦੇ ਹਾਂ ਅਤੇ ਭਰੋਸਾ ਰੱਖਦੇ ਹਾਂ ਕਿ ਉਹ ਸਾਡੀ ਦੇਖ-ਭਾਲ ਕਰੇਗਾ। (1 ਪਤ. 5:6, 7) ਨਾਲੇ ਸਭਾਵਾਂ ਅਤੇ ਯਹੋਵਾਹ ਦੇ ਸੰਗਠਨ ਵੱਲੋਂ ਕੀਤੇ ਹੋਰ ਪ੍ਰਬੰਧਾਂ ਤੋਂ ਫ਼ਾਇਦਾ ਲੈਣ ਲਈ ਅਸੀਂ ਜੋ ਕਰ ਸਕਦੇ ਹਾਂ, ਉਹ ਕਰਦੇ ਹਾਂ।
16. ਮਾਪੇ ਸਮੂਏਲ ਤੋਂ ਕੀ ਸਿੱਖ ਸਕਦੇ ਹਨ?
16 ਉਨ੍ਹਾਂ ਵਫ਼ਾਦਾਰ ਮਾਪਿਆਂ ਬਾਰੇ ਕੀ, ਜਿਨ੍ਹਾਂ ਦੇ ਬੱਚਿਆਂ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਹੈ? ਜਦੋਂ ਨਬੀ ਸਮੂਏਲ ਦੇ ਪੁੱਤਰ ਵੱਡੇ ਹੋ ਗਏ ਸਨ, ਤਾਂ ਉਹ ਉਨ੍ਹਾਂ ਨੂੰ ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਲਈ ਮਜਬੂਰ ਨਹੀਂ ਕਰ ਸਕਦਾ ਸੀ। (1 ਸਮੂ. 8:1-3) ਉਸ ਨੂੰ ਇਹ ਮਾਮਲਾ ਯਹੋਵਾਹ ਦੇ ਹੱਥਾਂ ਵਿਚ ਛੱਡਣਾ ਪੈਣਾ ਸੀ। ਪਰ ਸਮੂਏਲ ਆਪਣੇ ਸਵਰਗੀ ਪਿਤਾ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਅਤੇ ਉਸ ਨੂੰ ਖ਼ੁਸ਼ ਕਰਨ ਲਈ ਜੋ ਕਰ ਸਕਦਾ ਸੀ, ਉਸ ਨੇ ਕੀਤਾ। (ਕਹਾ. 27:11) ਅੱਜ ਬਹੁਤ ਸਾਰੇ ਮਸੀਹੀ ਮਾਪਿਆਂ ਦੇ ਹਾਲਾਤ ਸ਼ਾਇਦ ਇਸ ਤਰ੍ਹਾਂ ਦੇ ਹੋਣ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਯਿਸੂ ਦੀ ਮਿਸਾਲ ਵਿਚ ਜ਼ਿਕਰ ਕੀਤੇ ਗਏ ਉਜਾੜੂ ਪੁੱਤਰ ਦੇ ਪਿਤਾ ਵਾਂਗ ਯਹੋਵਾਹ ਤੋਬਾ ਕਰਨ ਵਾਲੇ ਪਾਪੀਆਂ ਨੂੰ ਹਮੇਸ਼ਾ ਮਾਫ਼ ਕਰਦਾ ਹੈ। (ਲੂਕਾ 15:20) ਜਦੋਂ ਬੱਚੇ ਯਹੋਵਾਹ ਤੋਂ ਦੂਰ ਹੋ ਜਾਂਦੇ ਹਨ, ਤਾਂ ਮਾਪੇ ਆਪਣਾ ਧਿਆਨ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ’ਤੇ ਲਾਈ ਰੱਖਦੇ ਹਨ। ਨਾਲੇ ਉਹ ਉਮੀਦ ਰੱਖਦੇ ਹਨ ਕਿ ਉਨ੍ਹਾਂ ਦੀ ਮਿਸਾਲ ਉਨ੍ਹਾਂ ਦੇ ਬੱਚਿਆਂ ਨੂੰ ਪਰਮੇਸ਼ੁਰ ਕੋਲ ਮੁੜ ਆਉਣ ਲਈ ਪ੍ਰੇਰਿਤ ਕਰ ਸਕਦੀ ਹੈ।
17. ਸਾਨੂੰ ਗ਼ਰੀਬ ਵਿਧਵਾ ਦੀ ਮਿਸਾਲ ਤੋਂ ਕਿਵੇਂ ਹੌਸਲਾ ਮਿਲਦਾ ਹੈ?
17 ਯਿਸੂ ਦੇ ਦਿਨਾਂ ਦੀ ਗ਼ਰੀਬ ਵਿਧਵਾ ਦੀ ਮਿਸਾਲ ਬਾਰੇ ਵੀ ਸੋਚੋ। (ਲੂਕਾ 21:1-4 ਪੜ੍ਹੋ।) ਉਹ ਨਾ ਤਾਂ ਮੰਦਰ ਵਿਚ ਹੋ ਰਹੀ ਲੁੱਟ-ਖਸੁੱਟ ਬਾਰੇ ਕੁਝ ਕਰ ਸਕਦੀ ਸੀ ਤੇ ਨਾ ਹੀ ਆਪਣੀ ਗ਼ਰੀਬੀ ਬਾਰੇ। (ਮੱਤੀ 21:12, 13) ਪਰ ਫਿਰ ਵੀ ਉਸ ਨੇ ਖੁੱਲ੍ਹ-ਦਿਲੀ ਨਾਲ “ਦੋ ਸਿੱਕੇ” ਦਾਨ ਦਿੱਤੇ। ਉਸ ਕੋਲ “ਆਪਣੇ ਗੁਜ਼ਾਰੇ” ਲਈ ਬੱਸ ਇੰਨੇ ਹੀ ਪੈਸੇ ਸਨ। ਉਸ ਵਫ਼ਾਦਾਰ ਔਰਤ ਨੇ ਯਹੋਵਾਹ ਉੱਤੇ ਪੂਰਾ ਭਰੋਸਾ ਦਿਖਾਇਆ। ਉਹ ਜਾਣਦੀ ਸੀ ਕਿ ਜੇ ਉਹ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਵੇਗੀ, ਤਾਂ ਉਹ ਉਸ ਦੀ ਹਰ ਲੋੜ ਜ਼ਰੂਰ ਪੂਰੀ ਕਰੇਗਾ। ਉਸ ਔਰਤ ਵਾਂਗ ਅਸੀਂ ਵੀ ਇਸ ਗੱਲ ਦਾ ਭਰੋਸਾ ਰੱਖਦੇ ਹਾਂ ਕਿ ਜੇ ਅਸੀਂ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਵਾਂਗੇ, ਤਾਂ ਉਹ ਸਾਡੀ ਹਰ ਲੋੜ ਜ਼ਰੂਰ ਪੂਰੀ ਕਰੇਗਾ।
18. ਇਕ ਭਰਾ ਬਾਰੇ ਦੱਸੋ ਜਿਸ ਨੇ ਸਹੀ ਰਵੱਈਆ ਰੱਖਿਆ।
18 ਅੱਜ ਬਹੁਤ ਸਾਰੇ ਭੈਣ-ਭਰਾ ਆਪਣਾ ਧਿਆਨ ਉਨ੍ਹਾਂ ਕੰਮਾਂ ’ਤੇ ਲਾਉਂਦੇ ਹਨ ਜੋ ਉਹ ਕਰ ਸਕਦੇ ਹਨ, ਨਾ ਕਿ ਉਨ੍ਹਾਂ ਕੰਮਾਂ ’ਤੇ ਜੋ ਉਹ ਨਹੀਂ ਕਰ ਸਕਦੇ। ਇੱਦਾਂ ਕਰ ਕੇ ਉਹ ਇਨ੍ਹਾਂ ਵਫ਼ਾਦਾਰ ਸੇਵਕਾਂ ਵਾਂਗ ਯਹੋਵਾਹ ’ਤੇ ਭਰੋਸਾ ਰੱਖਦੇ ਹਨ। ਮੈਲਕਮ ਨਾਂ ਦੇ ਭਰਾ ਬਾਰੇ ਸੋਚੋ ਜੋ 2015 ਵਿਚ ਮੌਤ ਦੀ ਨੀਂਦ ਸੌਂ ਗਿਆ। ਉਹ ਆਪਣੇ ਆਖ਼ਰੀ ਸਾਹ ਤਕ ਵਫ਼ਾਦਾਰ ਰਿਹਾ। ਸਾਲਾਂ ਦੌਰਾਨ ਯਹੋਵਾਹ ਦੀ ਸੇਵਾ ਕਰਦਿਆਂ ਉਸ ਨੇ ਅਤੇ ਉਸ ਦੀ ਪਤਨੀ ਨੇ ਜ਼ਿੰਦਗੀ ਵਿਚ ਕਾਫ਼ੀ ਉਤਰਾਅ-ਚੜ੍ਹਾਅ ਦੇਖੇ। ਉਸ ਨੇ ਦੱਸਿਆ: “ਅਸੀਂ ਨਹੀਂ ਜਾਣਦੇ ਕਿ ਕੱਲ੍ਹ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਜਾਂ ਸਾਡੇ ਸਾਮ੍ਹਣੇ ਕਿਹੜੀ ਮੁਸ਼ਕਲ ਖੜ੍ਹੀ ਹੋ ਜਾਵੇਗੀ। ਪਰ ਜਿਹੜੇ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ, ਉਹ ਉਨ੍ਹਾਂ ਨੂੰ ਬਰਕਤਾਂ ਬਖ਼ਸ਼ਦਾ ਹੈ।” ਮੈਲਕਮ ਨੇ ਸਾਨੂੰ ਕਿਹੜੀ ਸਲਾਹ ਦਿੱਤੀ? “ਪ੍ਰਾਰਥਨਾ ਰਾਹੀਂ ਯਹੋਵਾਹ ਤੋਂ ਮਦਦ ਮੰਗੋ ਕਿ ਤੁਸੀਂ ਜੀ-ਜਾਨ ਨਾਲ ਉਸ ਦੀ ਸੇਵਾ ਵਿਚ ਲੱਗੇ ਰਹੋ। ਉਨ੍ਹਾਂ ਕੰਮਾਂ ’ਤੇ ਧਿਆਨ ਨਾ ਲਾਓ ਜੋ ਤੁਸੀਂ ਨਹੀਂ ਕਰ ਸਕਦੇ, ਸਗੋਂ ਉਨ੍ਹਾਂ ਉੱਤੇ ਲਾਓ ਜੋ ਤੁਸੀਂ ਕਰ ਸਕਦੇ ਹੋ।” *
19. (ੳ) 2017 ਦਾ ਹਵਾਲਾ ਢੁਕਵਾਂ ਕਿਉਂ ਹੈ? (ਅ) ਤੁਸੀਂ 2017 ਦਾ ਹਵਾਲਾ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰੋਗੇ?
19 ਇਹ ਦੁਸ਼ਟ ਦੁਨੀਆਂ ‘ਬੁਰੀ ਤੋਂ ਬੁਰੀ’ ਹੁੰਦੀ ਜਾ ਰਹੀ ਹੈ। ਇਸ ਕਰਕੇ ਸਾਡੇ ਉੱਤੇ ਹੋਰ ਵੀ ਮੁਸੀਬਤਾਂ ਆਉਣਗੀਆਂ। (2 ਤਿਮੋ. 3:1, 13) ਪਹਿਲਾਂ ਨਾਲੋਂ ਅੱਜ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਮੁਸੀਬਤਾਂ ਕਰਕੇ ਘਬਰਾ ਨਾ ਜਾਈਏ। ਇਸ ਦੀ ਬਜਾਇ, ਸਾਨੂੰ ਯਹੋਵਾਹ ਉੱਤੇ ਪੱਕਾ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਕੰਮਾਂ ਉੱਤੇ ਧਿਆਨ ਲਾਉਣਾ ਚਾਹੀਦਾ ਹੈ ਜੋ ਸਾਡੇ ਹੱਥ-ਵੱਸ ਹਨ। ਇਸ ਲਈ 2017 ਲਈ ਇਕ ਢੁਕਵਾਂ ਹਵਾਲਾ ਚੁਣਿਆ ਗਿਆ ਹੈ: “ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ।”
2017 ਲਈ ਬਾਈਬਲ ਦਾ ਹਵਾਲਾ: “ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ . . . ਅਤੇ ਸੱਚਿਆਈ ਉੱਤੇ ਪਲ।”