Skip to content

Skip to table of contents

ਉਸ ਨੂੰ ਕਿਉਂ ਦੇਈਏ ਜਿਸ ਕੋਲ ਸਭ ਕੁਝ ਹੈ?

ਉਸ ਨੂੰ ਕਿਉਂ ਦੇਈਏ ਜਿਸ ਕੋਲ ਸਭ ਕੁਝ ਹੈ?

“ਹੇ ਸਾਡੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਤੇ ਤੇਰੇ ਪ੍ਰਤਾਪ ਵਾਲੇ ਨਾਮ ਦੀ ਮਹਿਮਾ ਕਰਦੇ ਹਾਂ।”​—1 ਇਤ. 29:13.

ਗੀਤ: 1, 48

1, 2. ਯਹੋਵਾਹ ਖੁੱਲ੍ਹ-ਦਿਲੀ ਕਿਵੇਂ ਦਿਖਾਉਂਦਾ ਹੈ?

ਯਹੋਵਾਹ ਖੁੱਲ੍ਹੇ ਦਿਲ ਵਾਲਾ ਪਰਮੇਸ਼ੁਰ ਹੈ। ਸਾਡੇ ਕੋਲ ਜੋ ਵੀ ਹੈ ਉਸ ਦੀ ਹੀ ਦੇਣ ਹੈ। ਧਰਤੀ ਦੀਆਂ ਸਾਰੀਆਂ ਅਨਮੋਲ ਚੀਜ਼ਾਂ ਉਸ ਦੀਆਂ ਹੀ ਹਨ ਅਤੇ ਉਹ ਇਨ੍ਹਾਂ ਚੀਜ਼ਾਂ ਨੂੰ ਧਰਤੀ ’ਤੇ ਜ਼ਿੰਦਗੀ ਬਰਕਰਾਰ ਰੱਖਣ ਲਈ ਵਰਤਦਾ ਹੈ। (ਜ਼ਬੂ. 104:13-15; ਹੱਜ. 2:8) ਬਾਈਬਲ ਤੋਂ ਪਤਾ ਲੱਗਦਾ ਹੈ ਕਦੀ-ਕਦੀ ਯਹੋਵਾਹ ਨੇ ਚਮਤਕਾਰੀ ਢੰਗ ਨਾਲ ਆਪਣੇ ਲੋਕਾਂ ਨੂੰ ਇਹ ਅਨਮੋਲ ਚੀਜ਼ਾਂ ਦੇ ਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ।

2 ਮਿਸਾਲ ਲਈ, ਯਹੋਵਾਹ ਨੇ ਇਜ਼ਰਾਈਲੀਆਂ ਨੂੰ 40 ਸਾਲ ਉਜਾੜ ਵਿਚ ਖਾਣ ਲਈ ਮੰਨ ਅਤੇ ਪੀਣ ਲਈ ਪਾਣੀ ਦਿੱਤਾ ਸੀ। (ਕੂਚ 16:35) ਇਸ ਲਈ ‘ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜ੍ਹ ਨਾ ਰਹੀ।’ (ਨਹ. 9:20, 21) ਬਾਅਦ ਵਿਚ ਯਹੋਵਾਹ ਨੇ ਨਬੀ ਅਲੀਸ਼ਾ ਰਾਹੀਂ ਚਮਤਕਾਰ ਕਰ ਕੇ ਗ਼ਰੀਬ ਵਿਧਵਾ ਦੇ ਥੋੜ੍ਹੇ ਜਿਹੇ ਤੇਲ ਨੂੰ ਮੁੱਕਣ ਨਹੀਂ ਦਿੱਤਾ। ਪਰਮੇਸ਼ੁਰ ਦੇ ਇਸ ਤੋਹਫ਼ੇ ਕਰਕੇ ਵਿਧਵਾ ਨੇ ਆਪਣੇ ਸਾਰੇ ਕਰਜ਼ੇ ਚੁਕਾਏ ਅਤੇ ਬਚੇ ਹੋਏ ਪੈਸਿਆਂ ਨਾਲ ਉਹ ਤੇ ਉਸ ਦੇ ਪੁੱਤਰ ਭੁੱਖ ਨਾਲ ਮਰਨ ਤੋਂ ਬਚੇ ਰਹੇ। (2 ਰਾਜ. 4:1-7) ਯਹੋਵਾਹ ਦੀ ਮਦਦ ਨਾਲ ਯਿਸੂ ਨੇ ਲੋੜ ਪੈਣ ’ਤੇ ਚਮਤਕਾਰ ਕਰ ਕੇ ਖਾਣੇ ਅਤੇ ਇੱਥੋਂ ਤਕ ਕੇ ਪੈਸਿਆਂ ਦਾ ਵੀ ਪ੍ਰਬੰਧ ਕੀਤਾ ਸੀ।​—ਮੱਤੀ 15:35-38; 17:27.

3. ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ’ਤੇ ਚਰਚਾ ਕਰਾਂਗੇ?

3 ਆਪਣੀ ਸ੍ਰਿਸ਼ਟੀ ਨੂੰ ਬਰਕਰਾਰ ਰੱਖਣ ਲਈ ਯਹੋਵਾਹ ਆਪਣੀਆਂ ਬੇ-ਅਥਾਹ ਚੀਜ਼ਾਂ ਵਰਤ ਸਕਦਾ ਹੈ। ਪਰ ਫਿਰ ਵੀ ਯਹੋਵਾਹ ਆਪਣੇ ਸੰਗਠਨ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਆਪਣੇ ਸੇਵਕਾਂ ਨੂੰ ਖ਼ੁਸ਼ੀ ਨਾਲ ਦਾਨ ਦੇਣ ਦਾ ਸਨਮਾਨ ਬਖ਼ਸ਼ਦਾ ਹੈ। (ਕੂਚ 36:3-7; ਕਹਾਉਤਾਂ 3:9 ਪੜ੍ਹੋ।) ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਉਸ ਦੀਆਂ ਦਿੱਤੀਆਂ ਕੀਮਤੀ ਚੀਜ਼ਾਂ ਵਿੱਚੋਂ ਉਸ ਨੂੰ ਮੋੜ ਕੇ ਦੇਈਏ? ਬਾਈਬਲ ਦੇ ਜ਼ਮਾਨੇ ਵਿਚ ਯਹੋਵਾਹ ਦੇ ਸੇਵਕਾਂ ਨੇ ਉਸ ਦੇ ਕੰਮਾਂ ਵਿਚ ਯੋਗਦਾਨ ਕਿਵੇਂ ਪਾਇਆ ਸੀ? ਅੱਜ ਸੰਗਠਨ ਦਾਨ ਕੀਤੇ ਪੈਸਿਆਂ ਨੂੰ ਕਿਵੇਂ ਵਰਤਦਾ ਹੈ? ਇਸ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਖਾਂਗੇ।

ਅਸੀਂ ਯਹੋਵਾਹ ਨੂੰ ਕਿਉਂ ਦਿੰਦੇ ਹਾਂ?

4. ਯਹੋਵਾਹ ਦੇ ਕੰਮਾਂ ਦਾ ਸਮਰਥਨ ਕਰ ਕੇ ਅਸੀਂ ਕੀ ਦਿਖਾਉਂਦੇ ਹਾਂ?

4 ਅਸੀਂ ਯਹੋਵਾਹ ਨੂੰ ਇਸ ਲਈ ਦਿੰਦੇ ਹਾਂ ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੀ ਕਦਰ ਕਰਦੇ ਹਾਂ। ਜਦੋਂ ਅਸੀਂ ਉਨ੍ਹਾਂ ਸਾਰਿਆਂ ਕੰਮਾਂ ’ਤੇ ਸੋਚ-ਵਿਚਾਰ ਕਰਦੇ ਹਾਂ ਜੋ ਯਹੋਵਾਹ ਨੇ ਸਾਡੇ ਲਈ ਕੀਤੇ ਹਨ, ਤਾਂ ਕੀ ਸਾਡੇ ਦਿਲ ਸ਼ਰਧਾ ਨਾਲ ਨਹੀਂ ਭਰ ਜਾਂਦੇ? ਰਾਜੇ ਦਾਊਦ ਨੇ ਮੰਦਰ ਦੀ ਉਸਾਰੀ ਲਈ ਲੋੜੀਂਦੀਆਂ ਚੀਜ਼ਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਡੇ ਕੋਲ ਜੋ ਵੀ ਹੈ ਉਹ ਯਹੋਵਾਹ ਦਾ ਹੀ ਦਿੱਤਾ ਹੋਇਆ ਹੈ। ਨਾਲੇ ਅਸੀਂ ਯਹੋਵਾਹ ਨੂੰ ਜੋ ਵੀ ਦਿੰਦੇ ਹਾਂ ਉਹ ਸਭ ਕੁਝ ਉਸ ਦਾ ਹੀ ਦਿੱਤਾ ਹੋਇਆ ਦਿੰਦੇ ਹਾਂ। ਕੀ ਅਸੀਂ ਦਾਊਦ ਦੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ?​—1 ਇਤਹਾਸ 29:11-14 ਪੜ੍ਹੋ।

5. ਬਾਈਬਲ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਬਿਨਾਂ ਸੁਆਰਥ ਦਾਨ ਦੇਣਾ ਸੱਚੀ ਭਗਤੀ ਦਾ ਅਹਿਮ ਹਿੱਸਾ ਹੈ?

5 ਅਸੀਂ ਯਹੋਵਾਹ ਨੂੰ ਇਸ ਲਈ ਵੀ ਦਿੰਦੇ ਹਾਂ ਕਿਉਂਕਿ ਇਹ ਸਾਡੀ ਭਗਤੀ ਦਾ ਹਿੱਸਾ ਹੈ। ਯੂਹੰਨਾ ਰਸੂਲ ਨੇ ਦਰਸ਼ਣ ਵਿਚ ਯਹੋਵਾਹ ਦੇ ਸਵਰਗੀ ਸੇਵਕਾਂ ਨੂੰ ਇਹ ਕਹਿੰਦੇ ਸੁਣਿਆ: “ਹੇ ਸਾਡੇ ਸ਼ਕਤੀਸ਼ਾਲੀ ਪਰਮੇਸ਼ੁਰ ਯਹੋਵਾਹ, ਤੂੰ ਹੀ ਮਹਿਮਾ ਤੇ ਆਦਰ ਪਾਉਣ ਦਾ ਹੱਕਦਾਰ ਹੈਂ ਕਿਉਂਕਿ ਤੂੰ ਹੀ ਸਾਰੀਆਂ ਚੀਜ਼ਾਂ ਬਣਾਈਆਂ ਹਨ ਅਤੇ ਸਾਰੀਆਂ ਚੀਜ਼ਾਂ ਤੇਰੀ ਹੀ ਇੱਛਾ ਨਾਲ ਹੋਂਦ ਵਿਚ ਆਈਆਂ ਅਤੇ ਬਣਾਈਆਂ ਗਈਆਂ ਹਨ।” (ਪ੍ਰਕਾ. 4:11) ਇਹ ਗੱਲ ਤਾਂ ਪੱਕੀ ਹੈ ਕਿ ਯਹੋਵਾਹ ਹੀ ਮਹਿਮਾ ਅਤੇ ਆਦਰ ਪਾਉਣ ਦਾ ਹੱਕਦਾਰ ਹੈ। ਇਸ ਲਈ ਅਸੀਂ ਆਪਣੀਆਂ ਚੀਜ਼ਾਂ ਵਿੱਚੋਂ ਸਭ ਤੋਂ ਵਧੀਆ ਉਸ ਨੂੰ ਦੇਣਾ ਚਾਹੁੰਦੇ ਹਾਂ। ਯਹੋਵਾਹ ਨੇ ਮੂਸਾ ਰਾਹੀਂ ਆਪਣੇ ਲੋਕਾਂ ਨੂੰ ਸਾਲ ਵਿਚ ਤਿੰਨ ਵਾਰ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ ਸੀ। ਇਹ ਤਿਉਹਾਰ ਯਹੋਵਾਹ ਦੀ ਭਗਤੀ ਦਾ ਹਿੱਸਾ ਸਨ। ਇਸ ਲਈ ਉਨ੍ਹਾਂ ਨੂੰ “ਸੱਖਣੇ ਹੱਥ ਨਾ ਹਾਜ਼ਰ ਹੋਣ” ਲਈ ਕਿਹਾ ਗਿਆ ਸੀ। (ਬਿਵ. 16:16) ਅੱਜ ਵੀ ਬਿਨਾਂ ਸੁਆਰਥ ਦਾਨ ਦੇਣਾ ਸਾਡੀ ਭਗਤੀ ਦਾ ਅਹਿਮ ਹਿੱਸਾ ਹੈ। ਇਸ ਤਰ੍ਹਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੇ ਸੰਗਠਨ ਦੇ ਕੰਮਾਂ ਦੀ ਕਦਰ ਕਰਦੇ ਹਾਂ ਅਤੇ ਉਨ੍ਹਾਂ ਦਾ ਸਮਰਥਨ ਕਰਨਾ ਚਾਹੁੰਦੇ ਹਾਂ।

6. ਦੇਣ ਵਿਚ ਸਾਡੀ ਹੀ ਭਲਾਈ ਕਿਉਂ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

6 ਦਾਨ ਦੇਣਾ ਚੰਗਾ ਹੈ। ਸਿਰਫ਼ ਲੈਣ ਨਾਲ ਹੀ ਨਹੀਂ, ਸਗੋਂ ਖੁੱਲ੍ਹ-ਦਿਲੀ ਨਾਲ ਦੇ ਕੇ ਵੀ ਸਾਡਾ ਭਲਾ ਹੁੰਦਾ ਹੈ। ਬਾਈਬਲ ਕਹਿੰਦੀ ਹੈ: “ਜੇ ਨੌਕਰ ਨੂੰ ਬਚਪਨ ਤੋਂ ਹੀ ਲਾਡ-ਪਿਆਰ ਕੀਤਾ ਜਾਵੇ, ਤਾਂ ਉਹ ਬਾਅਦ ਵਿਚ ਨਾਸ਼ੁਕਰਾ ਬਣ ਜਾਵੇਗਾ।” (ਕਹਾ. 29:21, NW) ਸੋਚੋ, ਇਕ ਛੋਟੇ ਬੱਚੇ ਨੂੰ ਉਸ ਦੇ ਮਾਪੇ ਖ਼ਰਚਣ ਲਈ ਕੁਝ ਪੈਸੇ ਦਿੰਦੇ ਹਨ ਅਤੇ ਬੱਚਾ ਉਨ੍ਹਾਂ ਪੈਸਿਆਂ ਵਿੱਚੋਂ ਆਪਣੇ ਮਾਪਿਆਂ ਲਈ ਤੋਹਫ਼ਾ ਖ਼ਰੀਦਦਾ ਹੈ। ਇਸ ਤੋਹਫ਼ੇ ਨੂੰ ਦੇਖ ਕੇ ਉਸ ਦੇ ਮਾਪਿਆਂ ਨੂੰ ਕਿਵੇਂ ਲੱਗੇਗਾ? ਜਾਂ ਸੋਚੋ, ਇਕ ਨੌਜਵਾਨ ਪਾਇਨੀਅਰ ਆਪਣੇ ਮਾਪਿਆਂ ਨਾਲ ਰਹਿੰਦਾ ਹੈ ਅਤੇ ਉਹ ਘਰ ਦਾ ਖ਼ਰਚਾ ਤੋਰਨ ਲਈ ਆਪਣੇ ਮਾਪਿਆਂ ਨੂੰ ਕੁਝ ਪੈਸੇ ਦਿੰਦਾ ਹੈ। ਚਾਹੇ ਮਾਪਿਆਂ ਨੂੰ ਇਨ੍ਹਾਂ ਪੈਸਿਆਂ ਦੀ ਲੋੜ ਨਹੀਂ ਹੁੰਦੀ, ਪਰ ਫਿਰ ਵੀ ਉਹ ਸ਼ਾਇਦ ਲੈ ਲੈਣ। ਕਿਉਂ? ਉਹ ਜਾਣਦੇ ਹਨ ਕਿ ਇਸ ਤਰ੍ਹਾਂ ਕਰ ਕੇ ਬੱਚਾ ਉਨ੍ਹਾਂ ਦੇ ਕੰਮਾਂ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰ ਰਿਹਾ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਯਹੋਵਾਹ ਜਾਣਦਾ ਹੈ ਕਿ ਆਪਣੀਆਂ ਕੀਮਤੀ ਚੀਜ਼ਾਂ ਉਸ ਨੂੰ ਦੇ ਕੇ ਸਾਡਾ ਹੀ ਭਲਾ ਹੁੰਦਾ ਹੈ।

ਬਾਈਬਲ ਜ਼ਮਾਨੇ ਵਿਚ ਦਾਨ

7, 8. ਬਾਈਬਲ ਦੇ ਜ਼ਮਾਨੇ ਵਿਚ ਯਹੋਵਾਹ ਦੇ ਲੋਕਾਂ ਨੇ ਦਾਨ ਦੇਣ ਵਿਚ ਕਿਵੇਂ ਵਧੀਆ ਮਿਸਾਲ ਰੱਖੀ (ੳ) ਖ਼ਾਸ ਕੰਮਾਂ ਲਈ? (ਅ) ਬਾਕੀ ਕੰਮਾਂ ਲਈ?

7 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਲੋਕ ਉਸ ਦੇ ਕੰਮਾਂ ਦਾ ਸਮਰਥਨ ਕਰਨ ਲਈ ਦਾਨ ਦਿੰਦੇ ਸਨ। ਕਈ ਵਾਰ ਉਹ ਖ਼ਾਸ ਕੰਮਾਂ ਲਈ ਦਾਨ ਦਿੰਦੇ ਸਨ। ਮਿਸਾਲ ਲਈ, ਤੰਬੂ ਨੂੰ ਬਣਾਉਣ ਲਈ ਮੂਸਾ ਨੇ ਇਜ਼ਰਾਈਲੀਆਂ ਨੂੰ ਦਾਨ ਦੇਣ ਦੀ ਹੱਲਾਸ਼ੇਰੀ ਦਿੱਤੀ। ਬਾਅਦ ਵਿਚ ਮੰਦਰ ਬਣਾਉਣ ਲਈ ਰਾਜਾ ਦਾਊਦ ਨੇ ਵੀ ਲੋਕਾਂ ਨੂੰ ਦਾਨ ਦੇਣ ਦੀ ਹੱਲਾਸ਼ੇਰੀ ਦਿੱਤੀ। (ਕੂਚ 35:5; 1 ਇਤ. 29:5-9) ਰਾਜੇ ਯਹੋਆਸ਼ ਦੇ ਰਾਜ ਵਿਚ ਪੁਜਾਰੀਆਂ ਨੇ ਲੋਕਾਂ ਵੱਲੋਂ ਦਾਨ ਕੀਤੇ ਪੈਸਿਆਂ ਨਾਲ ਮੰਦਰ ਦੀ ਮੁਰੰਮਤ ਕੀਤੀ। (2 ਰਾਜ. 12:4, 5) ਪਹਿਲੀ ਸਦੀ ਵਿਚ ਜਦੋਂ ਮਸੀਹੀਆਂ ਨੂੰ ਪਤਾ ਲੱਗਾ ਕਿ ਯਹੂਦੀਆਂ ਵਿਚ ਕਾਲ ਪੈਣ ਕਰਕੇ ਉੱਥੇ ਦੇ ਭੈਣਾਂ-ਭਰਾਵਾਂ ਨੂੰ ਮਦਦ ਦੀ ਲੋੜ ਸੀ, ਤਾਂ ਉਨ੍ਹਾਂ ਨੇ “ਫ਼ੈਸਲਾ ਕੀਤਾ ਕਿ ਸਾਰੇ ਜਣੇ ਆਪਣੀ ਹੈਸੀਅਤ ਅਨੁਸਾਰ ਯਹੂਦੀਆ ਦੇ ਲੋੜਵੰਦ ਭਰਾਵਾਂ ਲਈ ਚੀਜ਼ਾਂ ਘੱਲਣ।”​—ਰਸੂ. 11:27-30.

8 ਯਹੋਵਾਹ ਦੇ ਲੋਕਾਂ ਨੇ ਅਗਵਾਈ ਲੈਣ ਵਾਲਿਆਂ ਦੀ ਵੀ ਪੈਸੇ ਪੱਖੋਂ ਮਦਦ ਕੀਤੀ। ਮਿਸਾਲ ਲਈ, ਮੂਸਾ ਦੇ ਕਾਨੂੰਨ ਮੁਤਾਬਕ ਲੇਵੀਆਂ ਨੂੰ ਵਿਰਾਸਤ ਵਿਚ ਕੁਝ ਨਹੀਂ ਮਿਲਦਾ ਸੀ। ਇਸ ਲਈ ਬਾਕੀ ਇਜ਼ਰਾਈਲੀ ਆਪਣੀਆਂ ਚੀਜ਼ਾਂ ਵਿੱਚੋਂ ਲੇਵੀਆਂ ਨੂੰ ਦਸਵਾਂ ਹਿੱਸਾ ਦਿੰਦੇ ਸਨ। ਇਸ ਤਰ੍ਹਾਂ ਲੇਵੀ ਆਪਣਾ ਧਿਆਨ ਭਗਤੀ ਦੇ ਕੰਮਾਂ ਵਿਚ ਲਾ ਸਕਦੇ ਸਨ। (ਗਿਣ. 18:21) ਬਿਲਕੁਲ ਇਸੇ ਤਰ੍ਹਾਂ ਖੁੱਲ੍ਹੇ ਦਿਲ ਵਾਲੀਆਂ ਔਰਤਾਂ ਨੇ ਵੀ ਯਿਸੂ ਅਤੇ ਉਸ ਦੇ ਰਸੂਲਾਂ ਦੀ ਮਦਦ ਕੀਤੀ।​—ਲੂਕਾ 8:1-3.

9. ਪੁਰਾਣੇ ਸਮੇਂ ਵਿਚ ਦਾਨ ਕਿੱਥੋਂ-ਕਿੱਥੋਂ ਆਇਆ?

9 ਪੁਰਾਣੇ ਸਮੇਂ ਵਿਚ ਦਾਨ ਕਿੱਥੋਂ-ਕਿੱਥੋਂ ਆਇਆ ਸੀ? ਤੰਬੂ ਬਣਾਉਣ ਲਈ ਇਜ਼ਰਾਈਲੀਆਂ ਨੇ ਜੋ ਵੀ ਕੀਮਤੀ ਚੀਜ਼ਾਂ ਦਿੱਤੀਆਂ ਸਨ ਉਹ ਸ਼ਾਇਦ ਮਿਸਰ ਤੋਂ ਲੈ ਕੇ ਆਏ ਸਨ। (ਕੂਚ 3:21, 22; 35:22-24) ਪਹਿਲੀ ਸਦੀ ਵਿਚ ਕੁਝ ਮਸੀਹੀਆਂ ਨੇ ਆਪਣੀਆਂ ਚੀਜ਼ਾਂ ਵੇਚ ਦਿੱਤੀਆਂ। ਮਿਸਾਲ ਲਈ, ਉਨ੍ਹਾਂ ਨੇ ਖੇਤ ਜਾਂ ਘਰ ਵੇਚ ਕੇ ਪੈਸੇ ਰਸੂਲਾਂ ਨੂੰ ਦੇ ਦਿੱਤੇ। ਰਸੂਲਾਂ ਨੇ ਉਹ ਪੈਸੇ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਵਰਤੇ। (ਰਸੂ. 4:34, 35) ਕੁਝ ਮਸੀਹੀ ਪਰਮੇਸ਼ੁਰੀ ਕੰਮਾਂ ਦਾ ਸਮਰਥਨ ਕਰਨ ਲਈ ਕੁਝ ਪੈਸੇ ਅਲੱਗ ਰੱਖ ਲੈਂਦੇ ਸਨ। (1 ਕੁਰਿੰ. 16:2) ਇਸ ਲਈ ਅਮੀਰ ਤੋਂ ਲੈ ਕੇ ਗ਼ਰੀਬ ਤਕ ਹਰ ਇਕ ਨੇ ਕੁਝ-ਨਾ-ਕੁਝ ਦਾਨ ਦਿੱਤਾ।​—ਲੂਕਾ 21:1-4.

ਅੱਜ ਅਸੀਂ ਦਾਨ ਕਿਵੇਂ ਦਿੰਦੇ ਹਾਂ?

10, 11. (ੳ) ਅਸੀਂ ਬਾਈਬਲ ਜ਼ਮਾਨੇ ਦੇ ਖੁੱਲ੍ਹ-ਦਿਲੇ ਸੇਵਕਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਅ) ਤੁਸੀਂ ਰਾਜ ਦੇ ਕੰਮਾਂ ਦਾ ਸਮਰਥਨ ਕਰਨ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

10 ਸ਼ਾਇਦ ਅੱਜ ਸਾਨੂੰ ਵੀ ਕਿਸੇ ਖ਼ਾਸ ਕੰਮ ਲਈ ਦਾਨ ਦੇਣ ਵਾਸਤੇ ਪੁੱਛਿਆ ਜਾਵੇ। ਸ਼ਾਇਦ ਤੁਹਾਡੀ ਮੰਡਲੀ ਕਿੰਗਡਮ ਹਾਲ ਦੀ ਮੁਰੰਮਤ ਕਰਨ ਜਾਂ ਨਵਾਂ ਹਾਲ ਬਣਾਉਣ ਬਾਰੇ ਸੋਚ ਰਹੀ ਹੈ। ਸ਼ਾਇਦ ਤੁਹਾਡੇ ਦੇਸ਼ ਦੇ ਸ਼ਾਖ਼ਾ ਦਫ਼ਤਰ ਦੀ ਇਮਾਰਤ ਦੀ ਮੁਰੰਮਤ ਕਰਨ ਦੀ ਲੋੜ ਹੈ। ਸ਼ਾਇਦ ਸੰਮੇਲਨ ਦੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਤੁਹਾਡੇ ਦਾਨ ਦੀ ਲੋੜ ਹੋਵੇ। ਜਾਂ ਸ਼ਾਇਦ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਹੋਏ ਭੈਣਾਂ-ਭਰਾਵਾਂ ਨੂੰ ਸਾਡੀ ਮਦਦ ਦੀ ਲੋੜ ਹੋਵੇ। ਸਾਡੇ ਦਾਨ ਰਾਹੀਂ ਮਿਸ਼ਨਰੀਆਂ, ਸਪੈਸ਼ਲ ਪਾਇਨੀਅਰਾਂ, ਸਫ਼ਰੀ ਨਿਗਾਹਬਾਨਾਂ ਦੀ ਮਦਦ ਕੀਤੀ ਜਾਂਦੀ ਹੈ। ਨਾਲੇ ਮੁੱਖ-ਦਫ਼ਤਰ ਤੇ ਦੁਨੀਆਂ ਭਰ ਦੇ ਸ਼ਾਖ਼ਾ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਭੈਣਾਂ-ਭਰਾਵਾਂ ਦੀ ਵੀ ਮਦਦ ਕੀਤੀ ਜਾਂਦੀ ਹੈ। ਸ਼ਾਇਦ ਤੁਹਾਡੀ ਮੰਡਲੀ ਪੂਰੀ ਦੁਨੀਆਂ ਵਿਚ ਸੰਮੇਲਨ ਹਾਲ ਅਤੇ ਕਿੰਗਡਮ ਹਾਲ ਬਣਾਉਣ ਲਈ ਬਾਕਾਇਦਾ ਦਾਨ ਭੇਜਦੀ ਹੈ।

11 ਆਖ਼ਰੀ ਦਿਨਾਂ ਵਿਚ ਯਹੋਵਾਹ ਦੇ ਸੰਗਠਨ ਦੇ ਕੰਮਾਂ ਨੂੰ ਸਹਿਯੋਗ ਦੇਣ ਲਈ ਅਸੀਂ ਸਾਰੇ ਜਣੇ ਕੁਝ-ਨਾ-ਕੁਝ ਦਾਨ ਦੇ ਸਕਦੇ ਹਾਂ। ਜ਼ਿਆਦਾਤਰ ਦਾਨ ਦੇਣ ਵਾਲਿਆਂ ਦਾ ਨਾਂ ਪਤਾ ਨਹੀਂ ਲੱਗਦਾ। ਜਦੋਂ ਅਸੀਂ ਕਿੰਗਡਮ ਹਾਲ ਦੀ ਦਾਨ ਪੇਟੀ ਵਿਚ ਦਾਨ ਪਾਉਂਦੇ ਹਾਂ ਜਾਂ jw.org ਰਾਹੀਂ ਆਨ-ਲਾਈਨ ਦਾਨ ਦਿੰਦੇ ਹਾਂ, ਤਾਂ ਅਸੀਂ ਇਸ ਬਾਰੇ ਦੂਜਿਆਂ ਨੂੰ ਨਹੀਂ ਦੱਸਦੇ। ਕਦੀ ਵੀ ਇਹ ਨਾ ਸੋਚੋ ਕਿ ਮੇਰੇ ਥੋੜ੍ਹੇ ਜਿਹੇ ਦਾਨ ਨਾਲ ਕੀ ਹੋਣਾ? ਪਰ ਸੱਚ ਤਾਂ ਇਹ ਹੈ ਕਿ ਸੰਗਠਨ ਦੇ ਖ਼ਰਚੇ ਇਕ-ਦੋ ਜਣਿਆਂ ਦੇ ਬਹੁਤੇ ਵੱਡੇ ਦਾਨ ਤੋਂ ਨਹੀਂ, ਸਗੋਂ ਬਹੁਤ ਸਾਰੇ ਭੈਣਾਂ-ਭਰਾਵਾਂ ਦੇ ਛੋਟੋ-ਛੋਟੋ ਦਾਨ ਤੋਂ ਕੀਤੇ ਜਾਂਦੇ ਹਨ। ਗ਼ਰੀਬ ਭੈਣ-ਭਰਾ ਵੀ ਮਕਦੂਨੀਆ ਦੇ ਮਸੀਹੀਆਂ ਵਾਂਗ ਹਨ ਜਿਨ੍ਹਾਂ ਨੇ “ਇੰਨੇ ਗ਼ਰੀਬ” ਹੋਣ ਦੇ ਬਾਵਜੂਦ ਵੀ ਮਿੰਨਤਾਂ ਕੀਤੀਆਂ ਕਿ ਉਨ੍ਹਾਂ ਨੂੰ ਵੀ ਦਿਲ ਖੋਲ੍ਹ ਕੇ ਦਾਨ ਦੇਣ ਦਾ ਸਨਮਾਨ ਦਿੱਤਾ ਜਾਵੇ। ਉਨ੍ਹਾਂ ਨੇ ਦਰਿਆ-ਦਿਲੀ ਦਿਖਾਉਂਦੇ ਹੋਏ ਦਾਨ ਦਿੱਤਾ।​—2 ਕੁਰਿੰ. 8:1-4.

12. ਸੰਗਠਨ ਦਾਨ ਦਾ ਇਸਤੇਮਾਲ ਸੋਚ-ਸਮਝ ਕੇ ਕਿਵੇਂ ਕਰਦਾ ਹੈ?

12 ਪ੍ਰਬੰਧਕ ਸਭਾ ਦਾਨ ਕੀਤੇ ਪੈਸਿਆਂ ਨੂੰ ਇਸਤੇਮਾਲ ਕਰਨ ਵਿਚ ਵਫ਼ਾਦਾਰੀ ਅਤੇ ਸਮਝਦਾਰੀ ਵਰਤਦੀ ਹੈ। (ਮੱਤੀ 24:45) ਪ੍ਰਬੰਧਕ ਸਭਾ ਦੇ ਭਰਾ ਸਹੀ ਫ਼ੈਸਲਾ ਲੈਣ ਲਈ ਪ੍ਰਾਰਥਨਾ ਕਰਦੇ ਹਨ ਅਤੇ ਸੋਚ-ਸਮਝ ਕੇ ਪੈਸੇ ਖ਼ਰਚਦੇ ਹਨ। (ਲੂਕਾ 14:28) ਬਾਈਬਲ ਜ਼ਮਾਨੇ ਵਿਚ ਦਾਨ ਦਾ ਲੇਖਾ-ਜੋਖਾ ਰੱਖਣ ਵਾਲੇ ਵਫ਼ਾਦਾਰ ਭਰਾ ਧਿਆਨ ਰੱਖਦੇ ਸਨ ਕਿ ਦਾਨ ਨੂੰ ਸਿਰਫ਼ ਪਰਮੇਸ਼ੁਰੀ ਕੰਮਾਂ ਲਈ ਵਰਤਿਆਂ ਜਾਵੇ। ਮਿਸਾਲ ਲਈ, ਜਦੋਂ ਅਜ਼ਰਾ ਯਰੂਸ਼ਲਮ ਨੂੰ ਆਇਆ, ਤਾਂ ਆਉਂਦੇ ਹੋਏ ਉਹ ਫ਼ਾਰਸ ਦੇ ਰਾਜੇ ਵੱਲੋਂ ਦਾਨ ਕੀਤੇ ਸੋਨਾ-ਚਾਂਦੀ ਦੇ ਨਾਲ-ਨਾਲ ਹੋਰ ਕੀਮਤੀ ਖ਼ਜ਼ਾਨੇ ਵੀ ਲੈ ਕੇ ਆਇਆ ਸੀ। ਅੱਜ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਕੀਮਤ 6 ਅਰਬ ਰੁਪਏ (10 ਕਰੋੜ ਅਮਰੀਕੀ ਡਾਲਰ ਤੋਂ ਜ਼ਿਆਦਾ) ਤੋਂ ਵੀ ਜ਼ਿਆਦਾ ਹੈ। ਅਜ਼ਰਾ ਦੀ ਨਜ਼ਰ ਵਿਚ ਇਹ ਦਾਨ ਯਹੋਵਾਹ ਦਾ ਸੀ। ਇਸ ਲਈ ਉਸ ਨੇ ਖ਼ਜ਼ਾਨਾ ਲੈ ਜਾਣ ਵਾਲਿਆਂ ਨੂੰ ਖ਼ਤਰੇ ਭਰੇ ਇਲਾਕਿਆਂ ਵਿੱਚੋਂ ਨਿਕਲਣ ਲਈ ਖ਼ਾਸ ਹਿਦਾਇਤਾਂ ਦਿੱਤੀਆਂ। (ਅਜ਼. 8:24-34) ਬਹੁਤ ਸਾਲਾਂ ਬਾਅਦ, ਪੌਲੁਸ ਰਸੂਲ ਨੇ ਯਹੂਦੀਆਂ ਦੇ ਲੋੜਵੰਦ ਭੈਣਾਂ-ਭਰਾਵਾਂ ਲਈ ਦਾਨ ਇਕੱਠਾ ਕੀਤਾ। ਉਸ ਨੇ ਇਸ ਗੱਲ ਦਾ ਖ਼ਾਸ ਧਿਆਨ ਰੱਖਿਆਂ ਕਿ ਪੈਸੇ ਲੈ ਜਾਣ ਵਾਲੇ ਭਰਾ “ਨਾ ਸਿਰਫ਼ ਯਹੋਵਾਹ ਦੀਆਂ ਨਜ਼ਰਾਂ ਵਿਚ, ਸਗੋਂ ਇਨਸਾਨਾਂ ਦੀਆਂ ਨਜ਼ਰਾਂ ਵਿਚ ਵੀ ਸਾਰੇ ਕੰਮ ਈਮਾਨਦਾਰੀ ਨਾਲ ਕਰਨ” ਵਾਲੇ ਹੋਣ। (2 ਕੁਰਿੰਥੀਆਂ 8:18-21 ਪੜ੍ਹੋ।) ਅੱਜ ਸਾਡਾ ਸੰਗਠਨ ਅਜ਼ਰਾ ਅਤੇ ਪੌਲੁਸ ਦੀ ਰੀਸ ਕਰਦਿਆਂ ਦਾਨ ਨੂੰ ਸੋਚ-ਸਮਝ ਕੇ ਵਰਤਦਾ ਹੈ।

13. ਹਾਲ ਹੀ ਦੇ ਸਮੇਂ ਵਿਚ ਸੰਗਠਨ ਨੇ ਕੁਝ ਤਬਦੀਲੀਆਂ ਕਿਉਂ ਕੀਤੀਆਂ?

13 ਇਕ ਪਰਿਵਾਰ ਆਪਣੀ ਆਮਦਨੀ ਤੋਂ ਵੱਧ ਖ਼ਰਚੇ ਨਾ ਕਰਨ ਲਈ ਸ਼ਾਇਦ ਕੁਝ ਤਬਦੀਲੀਆਂ ਕਰੇ ਜਾਂ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਕਰਨ ਲਈ ਆਪਣੀ ਜ਼ਿੰਦਗੀ ਸਾਦੀ ਕਰੇ। ਇਹੀ ਗੱਲ ਯਹੋਵਾਹ ਦੇ ਸੰਗਠਨ ਬਾਰੇ ਵੀ ਸੱਚ ਹੈ। ਹਾਲ ਹੀ ਦੇ ਸਮਿਆਂ ਵਿਚ ਕੁਝ ਨਵੇਂ ਖ਼ਾਸ ਕੰਮ ਸ਼ੁਰੂ ਕੀਤੇ ਗਏ ਸਨ। ਪਰ ਕੁਝ ਕੰਮਾਂ ਦਾ ਖ਼ਰਚਾ ਦਾਨ ਕੀਤੇ ਪੈਸਿਆਂ ਨਾਲੋਂ ਜ਼ਿਆਦਾ ਹੋਇਆ। ਇਸ ਲਈ ਸੰਗਠਨ ਇਕ ਪਰਿਵਾਰ ਵਾਂਗ ਕੁਝ ਤਬਦੀਲੀਆਂ ਕਰਦਾ ਆ ਰਿਹਾ ਹੈ। ਉਹ ਕੁਝ ਕੰਮਾਂ ਨੂੰ ਸਾਦੇ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂਕਿ ਖੁੱਲ੍ਹ-ਦਿਲੀ ਨਾਲ ਦਿੱਤੇ ਤੁਹਾਡੇ ਦਾਨ ਨੂੰ ਜਿੰਨਾ ਹੋ ਸਕੇ ਹੋਰ ਵੀ ਵਧੀਆ ਢੰਗ ਨਾਲ ਵਰਤਿਆ ਜਾਵੇ।

ਦਾਨ ਦੇਣ ਦੇ ਫ਼ਾਇਦੇ

ਤੁਹਾਡੇ ਦਿੱਤੇ ਦਾਨ ਨਾਲ ਸੰਗਠਨ ਦੇ ਕੰਮ ਚਲਾਏ ਜਾਂਦੇ ਹਨ (ਪੈਰੇ 14-16 ਦੇਖੋ)

14-16. (ੳ) ਤੁਹਾਡੇ ਦਾਨ ਨਾਲ ਕਿਹੜੇ-ਕਿਹੜੇ ਕੰਮ ਸਿਰੇ ਚਾੜ੍ਹੇ ਜਾਂਦੇ ਹਨ? (ਅ) ਇਨ੍ਹਾਂ ਕੰਮਾਂ ਤੋਂ ਤੁਹਾਨੂੰ ਕਿਵੇਂ ਫ਼ਾਇਦਾ ਹੋਇਆ ਹੈ?

14 ਕੁਝ ਭੈਣ-ਭਰਾ ਜੋ ਸਾਲਾਂ ਤੋਂ ਸੱਚਾਈ ਵਿਚ ਹਨ ਕਹਿੰਦੇ ਹਨ ਕਿ ਅੱਜ ਸੰਗਠਨ ਸਾਨੂੰ ਪਹਿਲਾਂ ਨਾਲੋ ਕਿਤੇ ਜ਼ਿਆਦਾ ਤੋਹਫ਼ੇ ਦੇ ਰਿਹਾ ਹੈ। ਅੱਜ ਸਾਡੇ ਕੋਲ jw.org ਅਤੇ JW ਬ੍ਰਾਡਕਾਸਟਿੰਗ ਹੈ। ਨਾਲੇ ਸਾਡੇ ਕੋਲ ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਹੋਰ ਵੀ ਜ਼ਿਆਦਾ ਭਾਸ਼ਾਵਾਂ ਵਿਚ ਹੈ। 2014/2015 ਵਿਚ ਪੂਰੀ ਦੁਨੀਆਂ ਵਿਚ “ਪਰਮੇਸ਼ੁਰ ਦੇ ਰਾਜ ਨੂੰ ਹਮੇਸ਼ਾ ਪਹਿਲ ਦਿਓ!” ਤਿੰਨ ਦਿਨਾਂ ਦਾ ਅੰਤਰਰਾਸ਼ਟਰੀ ਸੰਮੇਲਨ 14 ਸ਼ਹਿਰਾਂ ਦੇ ਵੱਡੇ-ਵੱਡੇ ਸਟੇਡੀਅਮਾਂ ਵਿਚ ਹੋਇਆ। ਉੱਥੇ ਹਾਜ਼ਰ ਹੋਣ ਵਾਲੇ ਸਾਰੇ ਜਣੇ ਬਹੁਤ ਖ਼ੁਸ਼ ਸਨ।

15 ਯਹੋਵਾਹ ਦੇ ਸੰਗਠਨ ਤੋਂ ਤੋਹਫ਼ੇ ਪ੍ਰਾਪਤ ਕਰਕੇ ਬਹੁਤ ਸਾਰੇ ਭੈਣ-ਭਰਾ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰਦੇ ਹਨ। ਮਿਸਾਲ ਲਈ, ਏਸ਼ੀਆ ਵਿਚ ਸੇਵਾ ਕਰਨ ਵਾਲੇ ਇਕ ਜੋੜੇ ਨੇ ਲਿਖਿਆ: “ਅਸੀਂ ਇਕ ਦੂਰ ਛੋਟੇ ਜਿਹੇ ਸ਼ਹਿਰ ਵਿਚ ਸੇਵਾ ਕਰਦੇ ਹਾਂ। ਇਸ ਕਰਕੇ ਅਸੀਂ ਕਈ ਵਾਰ ਇਕੱਲੇ ਮਹਿਸੂਸ ਕਰਦੇ ਹਾਂ ਅਤੇ ਆਸਾਨੀ ਨਾਲ ਭੁੱਲ ਜਾਂਦੇ ਹਾਂ ਕਿ ਯਹੋਵਾਹ ਦਾ ਕੰਮ ਕਿੰਨੇ ਵੱਡੇ ਪੱਧਰ ’ਤੇ ਹੋ ਰਿਹਾ ਹੈ। ਪਰ ਜਦੋਂ ਅਸੀਂ JW ਬ੍ਰਾਡਕਾਸਟਿੰਗ ’ਤੇ ਵੀਡੀਓ ਦੇਖਦੇ ਹਾਂ, ਤਾਂ ਸਾਨੂੰ ਯਾਦ ਆਉਂਦਾ ਹੈ ਕਿ ਅਸੀਂ ਦੁਨੀਆਂ ਭਰ ਦੇ ਭਾਈਚਾਰੇ ਦਾ ਹਿੱਸਾ ਹਾਂ। ਸਾਡੇ ਇਲਾਕੇ ਦੇ ਭੈਣ-ਭਰਾ JW ਬ੍ਰਾਡਕਾਸਟਿੰਗ ’ਤੇ ਵੀਡੀਓ ਦੇਖ ਕੇ ਬਹੁਤ ਖ਼ੁਸ਼ ਹੁੰਦੇ ਹਨ। ਅਸੀਂ ਅਕਸਰ ਉਨ੍ਹਾਂ ਨੂੰ ਕਹਿੰਦੇ ਸੁਣਿਆ ਹੈ ਕਿ ਵੀਡੀਓ ਦੇਖਣ ਤੋਂ ਬਾਅਦ ਉਹ ਪ੍ਰਬੰਧਕ ਸਭਾ ਦੇ ਭਰਾਵਾਂ ਦੇ ਬਹੁਤ ਨੇੜੇ ਮਹਿਸੂਸ ਕਰਦੇ ਹਨ। ਹੁਣ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਾਣ ਮਹਿਸੂਸ ਕਰਦੇ ਹਨ ਕਿ ਉਹ ਪਰਮੇਸ਼ੁਰ ਦੇ ਸੰਗਠਨ ਦਾ ਹਿੱਸਾ ਹਨ।”

16 ਅੱਜ ਪੂਰੀ ਦੁਨੀਆਂ ਵਿਚ ਲਗਭਗ 2,500 ਕਿੰਗਡਮ ਹਾਲ ਜਾਂ ਤਾਂ ਨਵੇਂ ਬਣਾਏ ਜਾ ਰਹੇ ਹਨ ਜਾਂ ਤਾਂ ਮੁਰੰਮਤ ਕੀਤੀ ਜਾ ਰਹੀ ਹੈ। ਹਾਂਡੂਰਸ ਦੇਸ਼ ਦੀ ਇਕ ਮੰਡਲੀ ਦੇ ਭੈਣ-ਭਰਾ ਕਹਿੰਦੇ ਹਨ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਵੀ ਆਪਣਾ ਕਿੰਗਡਮ ਹਾਲ ਹੋਵੇ। ਪਰ ਹੁਣ ਉਨ੍ਹਾਂ ਦਾ ਸੁਪਨਾ ਸੱਚ ਹੋ ਗਿਆ ਹੈ। ਉਨ੍ਹਾਂ ਨੇ ਲਿਖਿਆ: “ਅਸੀਂ ਯਹੋਵਾਹ ਦੇ ਵੱਡੇ ਪਰਿਵਾਰ ਦਾ ਹਿੱਸਾ ਹੋਣ ਕਰਕੇ ਬਹੁਤ ਖ਼ੁਸ਼ ਹਾਂ ਅਤੇ ਦੁਨੀਆਂ ਭਰ ਦੇ ਭਾਈਚਾਰੇ ਦਾ ਆਨੰਦ ਮਾਣਦੇ ਹਾਂ।” ਬਹੁਤ ਸਾਰੇ ਭੈਣ-ਭਰਾ ਬਾਈਬਲ ਅਤੇ ਪ੍ਰਕਾਸ਼ਨ ਮਿਲਣ ’ਤੇ, ਕੁਦਰਤੀ ਆਫ਼ਤਾਂ ਵਿਚ ਸੰਗਠਨ ਵੱਲੋਂ ਮਦਦ ਮਿਲਣ ’ਤੇ ਜਾਂ ਮਹਾਂ-ਨਗਰਾਂ ਅਤੇ ਜਨਤਕ ਥਾਵਾਂ ’ਤੇ ਗਵਾਹੀ ਦੇ ਨਤੀਜਿਆਂ ਬਾਰੇ ਜਾਣ ਕੇ ਇਹੋ ਜਿਹੀ ਖ਼ੁਸ਼ੀ ਜ਼ਾਹਰ ਕਰਦੇ ਹਨ।

17. ਅਸੀਂ ਕਿਵੇਂ ਜਾਣਦੇ ਹਾਂ ਕਿ ਅੱਜ ਯਹੋਵਾਹ ਆਪਣੇ ਸੰਗਠਨ ਨੂੰ ਚਲਾ ਰਿਹਾ ਹੈ?

17 ਬਹੁਤ ਸਾਰੇ ਲੋਕ ਇਹ ਗੱਲ ਨਹੀਂ ਸਮਝਦੇ ਕਿ ਯਹੋਵਾਹ ਦੇ ਗਵਾਹ ਆਪਣੇ ਸਾਰੇ ਕੰਮ ਸਿਰਫ਼ ਦਾਨ ਦੇ ਸਿਰ ’ਤੇ ਕਿਵੇਂ ਪੂਰੇ ਕਰਦੇ ਹਨ। ਜਦੋਂ ਇਕ ਵੱਡੀ ਕੰਪਨੀ ਦਾ ਆਦਮੀ ਸਾਡੇ ਇਕ ਛਾਪੇਖ਼ਾਨੇ ਦਾ ਦੌਰਾ ਕਰਨ ਆਇਆ, ਤਾਂ ਉਹ ਹੈਰਾਨ ਰਹਿ ਗਿਆ। ਉਹ ਇਸ ਗੱਲੋਂ ਹੈਰਾਨ ਸੀ ਕਿ ਸਾਰਾ ਕੰਮ ਦਾਨ ਨਾਲ ਚਲਾਇਆ ਜਾਂਦਾ ਹੈ, ਕਿਸੇ ਨੂੰ ਤਨਖ਼ਾਹ ਨਹੀਂ ਮਿਲਦੀ ਅਤੇ ਸਾਡਾ ਸੰਗਠਨ ਕਿਸੇ ਤੋਂ ਵੀ ਪੈਸੇ ਨਹੀਂ ਮੰਗਦਾ। ਉਸ ਨੇ ਕਿਹਾ ਕਿ ਅਸੀਂ ਜੋ ਕਰ ਰਹੇ ਹਾਂ ਉਹ ਨਾਮੁਮਕਿਨ ਹੈ। ਅਸੀਂ ਵੀ ਉਸ ਦੀ ਗੱਲ ਨਾਲ ਸਹਿਮਤ ਹਾਂ। ਪਰ ਅਸੀਂ ਜਾਣਦੇ ਹਾਂ ਕਿ ਇਹ ਕੰਮ ਸਿਰਫ਼ ਯਹੋਵਾਹ ਦੀ ਮਦਦ ਨਾਲ ਹੀ ਮੁਮਕਿਨ ਹੈ।​—ਅੱਯੂ. 42:2.

ਯਹੋਵਾਹ ਨੂੰ ਵਾਪਸ ਦੇਣ ਨਾਲ ਬਰਕਤਾਂ

18. (ੳ) ਰਾਜ ਦੇ ਕੰਮਾਂ ਨੂੰ ਸਮਰਥਨ ਦੇਣ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ? (ਅ) ਅਸੀਂ ਬੱਚਿਆਂ ਅਤੇ ਨਵੇਂ ਲੋਕਾਂ ਨੂੰ ਦਾਨ ਦੇਣਾ ਕਿਵੇਂ ਸਿਖਾ ਸਕਦੇ ਹਾਂ?

18 ਯਹੋਵਾਹ ਨੇ ਸਾਨੂੰ ਰਾਜ ਦੇ ਮਹਾਨ ਕੰਮ ਵਿਚ ਹਿੱਸਾ ਲੈਣ ਦਾ ਮੌਕਾ ਅਤੇ ਸਨਮਾਨ ਦਿੱਤਾ ਹੈ। ਉਹ ਭਰੋਸਾ ਦਿੰਦਾ ਹੈ ਕਿ ਜੇ ਅਸੀਂ ਇਸ ਵਿਚ ਹਿੱਸਾ ਲੈਂਦੇ ਹਾਂ, ਤਾਂ ਉਹ ਸਾਨੂੰ ਬਰਕਤਾਂ ਦੇਵੇਗਾ। (ਮਲਾ. 3:10) ਯਹੋਵਾਹ ਵਾਅਦਾ ਕਰਦਾ ਹੈ ਕਿ ਜੇ ਅਸੀਂ ਖੁੱਲ੍ਹ-ਦਿਲੀ ਨਾਲ ਦੇਵਾਂਗੇ, ਤਾਂ ਸਾਡਾ ਹੀ ਭਲਾ ਹੋਵੇਗਾ। (ਕਹਾਉਤਾਂ 11:24, 25 ਪੜ੍ਹੋ।) ਉਹ ਸਾਨੂੰ ਇਹ ਵੀ ਕਹਿੰਦਾ ਹੈ ਕਿ “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂ. 20:35) ਅਸੀਂ ਆਪਣੀ ਕਹਿਣੀ ਤੇ ਕਰਨੀ ਰਾਹੀਂ ਆਪਣੇ ਬੱਚਿਆਂ ਅਤੇ ਨਵੇਂ ਲੋਕਾਂ ਨੂੰ ਸਿਖਾ ਸਕਦੇ ਹਾਂ ਕਿ ਉਹ ਵੀ ਪਰਮੇਸ਼ੁਰ ਦੇ ਕੰਮਾਂ ਲਈ ਦਾਨ ਦੇ ਕੇ ਬਰਕਤਾਂ ਦਾ ਆਨੰਦ ਮਾਣਨ।

19. ਇਸ ਲੇਖ ਤੋਂ ਤੁਹਾਨੂੰ ਕਿਹੜੀ ਹੱਲਾਸ਼ੇਰੀ ਮਿਲੀ?

19 ਸਾਡੇ ਕੋਲ ਜੋ ਵੀ ਹੈ ਉਹ ਯਹੋਵਾਹ ਦੀ ਹੀ ਦੇਣ ਹੈ। ਜਦੋਂ ਅਸੀਂ ਉਸ ਦੀਆਂ ਦਿੱਤੀਆਂ ਚੀਜ਼ਾਂ ਵਿੱਚੋਂ ਉਸ ਨੂੰ ਵਾਪਸ ਦਿੰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੀ ਕਦਰ ਕਰਦੇ ਹਾਂ। (1 ਇਤ. 29:17) ਮੰਦਰ ਬਣਾਉਣ ਲਈ ਦਾਨ ਦੇ ਕੇ ਇਜ਼ਰਾਈਲੀਆਂ ਨੇ “ਵੱਡਾ ਅਨੰਦ ਕੀਤਾ ਇਸ ਕਾਰਨ ਜੋ ਉਨ੍ਹਾਂ ਨੇ ਮਨ ਦੇ ਪ੍ਰੇਮ ਨਾਲ ਭੇਟਾਂ ਦਿੱਤੀਆਂ ਸਨ ਕਿਉਂ ਜੋ ਸਿੱਧ ਮਨ ਨਾਲ ਉਨ੍ਹਾਂ ਨੇ ਯਹੋਵਾਹ ਦੇ ਲਈ ਭੇਟਾਂ ਚੜ੍ਹਾਈਆਂ ਸਨ।” (1 ਇਤ. 29:9) ਆਓ ਆਪਾਂ ਯਹੋਵਾਹ ਵੱਲੋਂ ਦਿੱਤੀਆਂ ਚੀਜ਼ਾਂ ਵਿੱਚੋਂ ਉਸ ਨੂੰ ਵਾਪਸ ਦੇ ਕੇ ਖ਼ੁਸ਼ੀ ਅਤੇ ਸੰਤੁਸ਼ਟੀ ਪਾਉਂਦੇ ਰਹੀਏ।