Skip to content

Skip to table of contents

ਲੋਕਾਂ ਵਿਚ ਫ਼ਰਕ ਦੇਖੋ

ਲੋਕਾਂ ਵਿਚ ਫ਼ਰਕ ਦੇਖੋ

‘ਤੁਸੀਂ ਧਰਮੀ ਅਰ ਦੁਸ਼ਟ ਵਿੱਚ ਪਰਖ ਕਰੋਗੇ।’​—ਮਲਾ. 3:18.

ਗੀਤ: 29, 53

1, 2. ਪਰਮੇਸ਼ੁਰ ਦੇ ਸੇਵਕਾਂ ਨੂੰ ਅੱਜ ਸ਼ਾਇਦ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਬਹੁਤ ਸਾਰੇ ਡਾਕਟਰ ਅਤੇ ਨਰਸਾਂ ਤਰ੍ਹਾਂ-ਤਰ੍ਹਾਂ ਦੀਆਂ ਛੂਤ ਦੀਆਂ ਬੀਮਾਰੀਆਂ ਦਾ ਇਲਾਜ ਕਰਦੇ ਹਨ। ਉਹ ਆਪਣੇ ਮਰੀਜ਼ਾਂ ਦਾ ਖ਼ਿਆਲ ਇਸ ਕਰਕੇ ਰੱਖਦੇ ਹਨ ਕਿਉਂਕਿ ਉਹ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹਨ। ਪਰ ਉਨ੍ਹਾਂ ਨੂੰ ਆਪਣਾ ਬਚਾਅ ਕਰਨ ਦੀ ਵੀ ਲੋੜ ਹੈ ਤਾਂਕਿ ਉਨ੍ਹਾਂ ਨੂੰ ਉਹ ਬੀਮਾਰੀਆਂ ਨਾ ਲੱਗ ਜਾਣ ਜਿਨ੍ਹਾਂ ਦਾ ਉਹ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਵੀ ਇਹੋ ਜਿਹੇ ਹਾਲਾਤਾਂ ਵਿਚ ਰਹਿ ਰਹੇ ਹਾਂ। ਸਾਡੇ ਵਿੱਚੋਂ ਬਹੁਤ ਸਾਰੇ ਭੈਣ-ਭਰਾ ਇਹੋ ਜਿਹੇ ਲੋਕਾਂ ਨਾਲ ਰਹਿੰਦੇ ਅਤੇ ਉਨ੍ਹਾਂ ਨਾਲ ਕੰਮ ਕਰਦੇ ਹਨ ਜਿਨ੍ਹਾਂ ਦਾ ਮਾੜਾ ਰਵੱਈਆ ਅਤੇ ਬੁਰੀਆਂ ਆਦਤਾਂ ਛੂਤ ਦੀ ਬੀਮਾਰੀ ਵਾਂਗ ਹਨ। ਇਹੋ ਜਿਹਾ ਰਵੱਈਆ ਪਰਮੇਸ਼ੁਰ ਦੇ ਗੁਣਾਂ ਤੋਂ ਬਿਲਕੁਲ ਵੱਖਰਾ ਹੈ ਅਤੇ ਇਨ੍ਹਾਂ ਹਾਲਾਤਾਂ ਵਿਚ ਰਹਿਣਾ ਮਸੀਹੀਆਂ ਲਈ ਸੌਖਾ ਨਹੀਂ ਹੈ।

2 ਇਨ੍ਹਾਂ ਆਖ਼ਰੀ ਦਿਨਾਂ ਵਿਚ ਜਿਹੜੇ ਲੋਕ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਦੇ ਉਹ ਪਰਮੇਸ਼ੁਰ ਦੇ ਸਹੀ-ਗ਼ਲਤ ਦੇ ਮਿਆਰਾਂ ਨੂੰ ਅਣਡਿੱਠ ਕਰਦੇ ਹਨ। ਪੌਲੁਸ ਨੇ ਇਨ੍ਹਾਂ ਲੋਕਾਂ ਦੇ ਔਗੁਣਾਂ ਦਾ ਜ਼ਿਕਰ ਤਿਮੋਥਿਉਸ ਨੂੰ ਲਿਖੀ ਚਿੱਠੀ ਵਿਚ ਕੀਤਾ। ਪੌਲੁਸ ਨੇ ਕਿਹਾ ਜਿੱਦਾਂ-ਜਿੱਦਾਂ ਅੰਤ ਨੇੜੇ ਆਉਂਦਾ ਜਾਵੇਗਾ, ਉੱਦਾਂ-ਉੱਦਾਂ ਲੋਕਾਂ ਵਿਚ ਇਹ ਔਗੁਣ ਹੋਰ ਵੀ ਵਧਦੇ ਜਾਣਗੇ। (2 ਤਿਮੋਥਿਉਸ 3:1-5, 13 ਪੜ੍ਹੋ।) ਸ਼ਾਇਦ ਅਸੀਂ ਲੋਕਾਂ ਦੀਆਂ ਮਾੜੀਆਂ ਆਦਤਾਂ ਅਤੇ ਰਵੱਈਏ ਕਰਕੇ ਹੈਰਾਨ-ਪਰੇਸ਼ਾਨ ਜਾਈਏ, ਪਰ ਫਿਰ ਵੀ ਉਨ੍ਹਾਂ ਦੀ ਸੋਚ, ਕਹਿਣੀ ਤੇ ਕਰਨੀ ਦਾ ਅਸਰ ਸਾਡੇ ਉੱਤੇ ਪੈ ਸਕਦਾ ਹੈ। (ਕਹਾ. 13:20) ਇਸ ਲੇਖ ਵਿਚ ਅਸੀਂ ਦੁਨੀਆਂ ਦੇ ਲੋਕਾਂ ਦੇ ਔਗੁਣ ਅਤੇ ਪਰਮੇਸ਼ੁਰ ਦੇ ਲੋਕਾਂ ਦੇ ਗੁਣ ਦੇਖਾਂਗੇ। ਅਸੀਂ ਇਹ ਵੀ ਦੇਖਾਂਗੇ ਕਿ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਉਂਦਿਆਂ ਅਸੀਂ ਉਨ੍ਹਾਂ ਦੇ ਛੂਤ ਵਰਗੇ ਬੁਰੇ ਪ੍ਰਭਾਵਾਂ ਤੋਂ ਕਿਵੇਂ ਬਚੇ ਰਹਿ ਸਕਦੇ ਹਾਂ।

3. ਦੂਜਾ ਤਿਮੋਥਿਉਸ 3:2-5 ਵਿਚ ਕਿਹੋ ਜਿਹੇ ਲੋਕਾਂ ਬਾਰੇ ਦੱਸਿਆ ਗਿਆ ਹੈ?

3 ਪੌਲੁਸ ਨੇ ਲਿਖਿਆ ਕਿ “ਆਖ਼ਰੀ ਦਿਨ ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ ਹੋਣਗੇ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ।” ਬਾਅਦ ਵਿਚ ਉਸ ਨੇ 19 ਔਗੁਣਾਂ ਦਾ ਜ਼ਿਕਰ ਕੀਤਾ ਜੋ ਅੱਜ ਸਾਡੇ ਜ਼ਮਾਨੇ ਵਿਚ ਆਮ ਦੇਖੇ ਜਾਂਦੇ ਹਨ। ਇਹ ਔਗੁਣ ਰੋਮੀਆਂ 1:29-31 ਵਿਚ ਜ਼ਿਕਰ ਕੀਤੇ ਔਗੁਣਾਂ ਵਰਗੇ ਹਨ। ਪਰ ਤਿਮੋਥਿਉਸ ਦੀ ਕਿਤਾਬ ਵਿਚ ਉਸ ਨੇ ਅਜਿਹੇ ਔਗੁਣਾਂ ਬਾਰੇ ਦੱਸਿਆ ਜਿਹੜੇ ਯੂਨਾਨੀ ਸ਼ਾਸਤਰ ਵਿਚ ਹੋਰ ਕਿਤੇ ਵੀ ਦਰਜ ਨਹੀਂ ਹਨ। ਪਰ ਸਾਰੇ ਲੋਕਾਂ ਵਿਚ ਇਹ ਔਗੁਣ ਨਹੀਂ ਹਨ। ਮਸੀਹੀ ਚੰਗੇ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ।​—ਮਲਾਕੀ 3:18 ਪੜ੍ਹੋ।

ਆਪਣੇ ਬਾਰੇ ਨਜ਼ਰੀਆ

4. ਦੱਸੋ ਕਿ ਘਮੰਡ ਨਾਲ ਫੁੱਲੇ ਲੋਕ ਕਿਹੋ ਜਿਹੇ ਹੁੰਦੇ ਹਨ?

4 ਸੁਆਰਥੀ ਅਤੇ ਪੈਸੇ ਦੇ ਪ੍ਰੇਮੀ ਲੋਕਾਂ ਦਾ ਜ਼ਿਕਰ ਕਰਨ ਤੋਂ ਬਾਅਦ ਪੌਲੁਸ ਨੇ ਕਿਹਾ ਕਿ ਲੋਕ ਸ਼ੇਖ਼ੀਬਾਜ਼, ਹੰਕਾਰੀ ਅਤੇ ਘਮੰਡ ਨਾਲ ਫੁੱਲੇ ਹੋਏ ਵੀ ਹੋਣਗੇ। ਇਹ ਲੋਕ ਆਪਣੀ ਸੁੰਦਰਤਾ, ਹੁਨਰ, ਅਮੀਰੀ, ਚੀਜ਼ਾਂ ਜਾਂ ਰੁਤਬੇ ਕਰਕੇ ਆਪਣੇ ਆਪ ਨੂੰ ਬਾਕੀਆਂ ਨਾਲੋਂ ਵਧੀਆ ਸਮਝਦੇ ਹਨ। ਉਹ ਬੱਸ ਆਪਣੀ ਵਾਹ-ਵਾਹ ਖੱਟਣੀ ਚਾਹੁੰਦੇ ਹਨ। ਇਕ ਵਿਦਵਾਨ ਇਹੋ ਜਿਹੇ ਲੋਕਾਂ ਬਾਰੇ ਕਹਿੰਦਾ ਹੈ: “ਉਨ੍ਹਾਂ ਨੇ ਆਪਣੇ ਦਿਲ ਵਿਚ ਇਕ ਛੋਟਾ ਜਿਹਾ ਮੰਦਰ ਬਣਾਇਆ ਹੋਇਆ ਹੈ, ਜਿੱਥੇ ਉਹ ਆਪਣੇ ਹੀ ਭਗਤੀ ਕਰਦੇ ਹਨ।” ਕੁਝ ਕਹਿੰਦੇ ਹਨ ਕਿ ਘਮੰਡ ਇੰਨਾ ਭੈੜਾ ਹੈ ਕਿ ਘਮੰਡੀ ਲੋਕ ਵੀ ਘਮੰਡੀਆਂ ਨੂੰ ਪਸੰਦ ਨਹੀਂ ਕਰਦੇ।

5. ਯਹੋਵਾਹ ਦੇ ਵਫ਼ਾਦਾਰ ਸੇਵਕ ਵੀ ਕਿਵੇਂ ਘਮੰਡੀ ਬਣ ਗਏ?

5 ਯਹੋਵਾਹ ਘਮੰਡ ਨਾਲ ਨਫ਼ਰਤ ਕਰਦਾ ਹੈ। ਬਾਈਬਲ ਵਿਚ ਘਮੰਡ ਨੂੰ “ਉੱਚੀਆਂ ਅੱਖਾਂ” ਨਾਲ ਦਰਸਾਇਆ ਗਿਆ ਹੈ। (ਕਹਾ. 6:16, 17) ਦਰਅਸਲ, ਘਮੰਡ ਲੋਕਾਂ ਨੂੰ ਪਰਮੇਸ਼ੁਰ ਤੋਂ ਦੂਰ ਲੈ ਜਾਂਦਾ ਹੈ। (ਜ਼ਬੂ. 10:4) ਘਮੰਡ ਸ਼ੈਤਾਨ ਦਾ ਔਗੁਣ ਹੈ। (1 ਤਿਮੋ. 3:6) ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਪਰਮੇਸ਼ੁਰ ਦੇ ਕੁਝ ਵਫ਼ਾਦਾਰ ਸੇਵਕਾਂ ਨੂੰ ਵੀ ਘਮੰਡ ਵਰਗਾ ਛੂਤ ਦਾ ਰੋਗ ਲੱਗ ਗਿਆ। ਮਿਸਾਲ ਲਈ, ਯਹੂਦਾਹ ਦਾ ਰਾਜਾ ਉਜ਼ੀਯਾਹ ਬਹੁਤ ਸਾਲਾਂ ਤਕ ਯਹੋਵਾਹ ਦਾ ਵਫ਼ਾਦਾਰ ਰਿਹਾ। ਪਰ ਬਾਈਬਲ ਕਹਿੰਦੀ ਹੈ: “ਜਦ ਉਹ ਤਕੜਾ ਹੋ ਗਿਆ ਤਾਂ ਉਹ ਦਾ ਦਿਲ ਇੰਨਾ ਹੰਕਾਰਿਆ ਗਿਆ ਕਿ ਉਹ ਵਿਗੜ ਗਿਆ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਹੋ ਗਿਆ।” ਉਜ਼ੀਯਾਹ ਨੇ ਆਪਣੀ ਹੱਦ ਤੋਂ ਬਾਹਰ ਜਾ ਕੇ ਮੰਦਰ ਵਿਚ ਧੂਪ ਧੁਖਾਇਆ। ਵਫ਼ਾਦਾਰ ਰਾਜਾ ਹਿਜ਼ਕੀਯਾਹ ਵੀ ਥੋੜ੍ਹੇ ਸਮੇਂ ਲਈ ਘਮੰਡੀ ਬਣ ਗਿਆ ਸੀ।​—2 ਇਤ. 26:16; 32:25, 26.

6. ਦਾਊਦ ਕਿਹੜੀਆਂ ਗੱਲਾਂ ਕਰਕੇ ਘਮੰਡੀ ਬਣ ਸਕਦਾ ਸੀ? ਪਰ ਉਹ ਨਿਮਰ ਕਿਉਂ ਰਿਹਾ?

6 ਕੁਝ ਲੋਕ ਇਸ ਕਰਕੇ ਘਮੰਡੀ ਬਣ ਜਾਂਦੇ ਹਨ ਕਿਉਂਕਿ ਲੋਕ ਉਨ੍ਹਾਂ ਦੀਆਂ ਤਾਰੀਫ਼ਾਂ ਕਰਦੇ ਹਨ ਜਾਂ ਉਹ ਸੋਹਣੇ, ਮਸ਼ਹੂਰ, ਵਧੀਆ ਸੰਗੀਤਕਾਰ ਜਾਂ ਤਾਕਤਵਰ ਹਨ। ਦਾਊਦ ਵਿਚ ਇਹ ਸਾਰੀਆਂ ਖੂਬੀਆਂ ਸਨ, ਪਰ ਉਹ ਆਪਣੀ ਸਾਰੀ ਜ਼ਿੰਦਗੀ ਨਿਮਰ ਰਿਹਾ। ਮਿਸਾਲ ਲਈ, ਜਦੋਂ ਦਾਊਦ ਨੇ ਗੋਲਿਅਥ ਨੂੰ ਮਾਰਿਆ, ਤਾਂ ਸ਼ਾਊਲ ਨੇ ਦਾਊਦ ਨੂੰ ਕਿਹਾ ਕਿ ਉਹ ਉਸ ਦੀ ਧੀ ਨਾਲ ਵਿਆਹ ਕਰ ਸਕਦਾ ਸੀ। ਪਰ ਦਾਊਦ ਨੇ ਕਿਹਾ: “ਮੈਂ ਹਾਂ ਕੌਣ ਅਤੇ ਮੇਰੀ ਜਿੰਦ ਕੀ ਹੈ ਅਤੇ ਇਜ਼ਰਾਈਲ ਵਿੱਚ ਮੇਰੇ ਪਿਉ ਦਾ ਟੱਬਰ ਕਿਹੜਾ ਹੈ ਜੋ ਮੈਂ ਪਾਤਸ਼ਾਹ ਦਾ ਜਵਾਈ ਬਣਾਂ?” (1 ਸਮੂ. 18:18) ਦਾਊਦ ਕਿਹੜੀ ਗੱਲ ਕਰਕੇ ਨਿਮਰ ਰਿਹਾ? ਉਹ ਜਾਣਦਾ ਸੀ ਕਿ ਉਸ ਦੇ ਗੁਣ, ਕਾਬਲੀਅਤਾਂ ਅਤੇ ਸਨਮਾਨ ਯਹੋਵਾਹ ਵੱਲੋਂ ਸਨ ਜਿਸ ਨੇ “ਨੀਵਿਆਂ” ਹੋ ਕੇ ਉਸ ਵੱਲ ਧਿਆਨ ਦਿੱਤਾ ਸੀ। (ਜ਼ਬੂ. 113:5-8) ਦਾਊਦ ਜਾਣਦਾ ਸੀ ਕਿ ਹਰ ਵਧੀਆ ਚੀਜ਼ ਉਸ ਨੂੰ ਯਹੋਵਾਹ ਕੋਲੋਂ ਹੀ ਮਿਲੀ ਸੀ।​—1 ਕੁਰਿੰ. 4:7 ਵਿਚ ਨੁਕਤਾ ਦੇਖੋ।

7. ਕਿਹੜੀ ਗੱਲ ਨਿਮਰ ਬਣੇ ਰਹਿਣ ਵਿਚ ਸਾਡੀ ਮਦਦ ਕਰ ਸਕਦੀ ਹੈ?

7 ਦਾਊਦ ਵਾਂਗ ਅੱਜ ਵੀ ਯਹੋਵਾਹ ਦੇ ਸੇਵਕ ਨਿਮਰ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਹ ਗੱਲ ਸਾਡੇ ਦਿਲ ਨੂੰ ਛੂਹ ਲੈਂਦੀ ਹੈ ਕਿ ਸਾਰੇ ਜਹਾਨ ਦਾ ਮਾਲਕ ਯਹੋਵਾਹ ਨਿਮਰ ਹੈ। (ਜ਼ਬੂ. 18:35) ਅਸੀਂ ਇਹ ਗੱਲ ਲਾਗੂ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ: “ਹਮਦਰਦੀ, ਦਇਆ, ਨਿਮਰਤਾ, ਨਰਮਾਈ ਤੇ ਧੀਰਜ ਨੂੰ ਕੱਪੜਿਆਂ ਵਾਂਗ ਪਹਿਨ ਲਓ।” (ਕੁਲੁ. 3:12) ਅਸੀਂ ਇਹ ਵੀ ਜਾਣਦੇ ਹਾਂ ਕਿ “ਪਿਆਰ ਸ਼ੇਖ਼ੀਆਂ ਨਹੀਂ ਮਾਰਦਾ, ਘਮੰਡ ਨਾਲ ਫੁੱਲਦਾ ਨਹੀਂ।” (1 ਕੁਰਿੰ. 13:4) ਸਾਡੇ ਵਿਚ ਨਿਮਰਤਾ ਦਾ ਗੁਣ ਦੇਖ ਕੇ ਸ਼ਾਇਦ ਲੋਕ ਯਹੋਵਾਹ ਬਾਰੇ ਜਾਣਨਾ ਚਾਹੁਣ। ਜਿੱਦਾਂ ਇਕ ਮਸੀਹੀ ਭੈਣ ਦਾ ਅਵਿਸ਼ਵਾਸੀ ਪਤੀ ਉਸ ਦੇ ਚੰਗੇ ਚਾਲ-ਚਲਣ ਕਰਕੇ ਯਹੋਵਾਹ ਵੱਲ ਖਿੱਚਿਆ ਜਾ ਸਕਦਾ ਹੈ, ਉਸੇ ਤਰ੍ਹਾਂ ਲੋਕ ਪਰਮੇਸ਼ੁਰ ਦੇ ਸੇਵਕਾਂ ਦੀ ਨਿਮਰਤਾ ਕਰਕੇ ਉਸ ਵੱਲ ਖਿੱਚੇ ਜਾ ਸਕਦੇ ਹਨ।​—1 ਪਤ. 3:1.

ਦੂਜਿਆਂ ਨਾਲ ਸਾਡਾ ਵਰਤਾਓ

8. (ੳ) ਅੱਜ ਲੋਕ ਮਾਪਿਆਂ ਦੀ ਅਣਆਗਿਆਕਾਰੀ ਕਰਨ ਬਾਰੇ ਕੀ ਸੋਚਦੇ ਹਨ? (ਅ) ਬਾਈਬਲ ਵਿਚ ਬੱਚਿਆਂ ਨੂੰ ਕੀ ਕਰਨ ਲਈ ਕਿਹਾ ਗਿਆ ਹੈ?

8 ਪੌਲੁਸ ਨੇ ਦੱਸਿਆ ਕਿ ਆਖ਼ਰੀ ਦਿਨਾਂ ਵਿਚ ਲੋਕ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਣਗੇ। ਉਸ ਨੇ ਲਿਖਿਆ ਕਿ ਬੱਚੇ ਮਾਪਿਆਂ ਦੇ ਅਣਆਗਿਆਕਾਰ ਹੋਣਗੇ। ਅੱਜ ਕਿਤਾਬਾਂ, ਫ਼ਿਲਮਾਂ ਅਤੇ ਟੀ. ਵੀ. ’ਤੇ ਇਹ ਗੱਲ ਆਮ ਦਿਖਾਈ ਜਾਂਦੀ ਹੈ ਕਿ ਮਾਪਿਆਂ ਦਾ ਕਹਿਣਾ ਨਾ ਮੰਨਣ ਵਿਚ ਕੋਈ ਬੁਰਾਈ ਨਹੀਂ। ਪਰ ਸੱਚ ਤਾਂ ਇਹ ਹੈ ਕਿ ਅਣਆਗਿਆਕਾਰੀ, ਪਰਿਵਾਰ ਦੀ ਨੀਂਹ ਨੂੰ ਖੋਖਲੀ ਕਰ ਦਿੰਦੀ ਹੈ। ਜੇ ਪਰਿਵਾਰ ਕਮਜ਼ੋਰ ਹੋਵੇਗਾ, ਤਾਂ ਸਮਾਜ ਵੀ ਕਮਜ਼ੋਰ ਹੋਵੇਗਾ। ਲੋਕ ਇਹ ਸੱਚਾਈ ਕਾਫ਼ੀ ਸਾਲਾਂ ਤੋਂ ਜਾਣਦੇ ਹਨ। ਮਿਸਾਲ ਲਈ, ਪ੍ਰਾਚੀਨ ਯੂਨਾਨ ਵਿਚ ਜੇ ਕੋਈ ਆਦਮੀ ਆਪਣੇ ਮਾਪਿਆਂ ਨੂੰ ਮਾਰਦਾ-ਕੁੱਟਦਾ ਸੀ, ਤਾਂ ਉਸ ਦੀ ਨਾਗਰਿਕ ਹੱਕ ਗੁਆ ਬੈਠਦਾ ਸੀ। ਰੋਮੀ ਕਾਨੂੰਨ ਅਨੁਸਾਰ ਆਪਣੇ ਪਿਤਾ ’ਤੇ ਹੱਥ ਚੁੱਕਦਾ ਵਾਲਾ ਖ਼ੂਨੀ ਦੇ ਸਮਾਨ ਹੁੰਦਾ ਸੀ। ਇਬਰਾਨੀ ਅਤੇ ਯੂਨਾਨੀ ਲਿਖਤਾਂ ਵਿਚ ਲਿਖਿਆ ਹੈ ਕਿ ਬੱਚੇ ਆਪਣੇ ਮਾਪਿਆਂ ਦਾ ਆਦਰ ਕਰਨ।​—ਕੂਚ 20:12; ਅਫ਼. 6:1-3.

9. ਮਾਪਿਆਂ ਦਾ ਕਹਿਣਾ ਮੰਨਣ ਲਈ ਕਿਹੜੀਆਂ ਗੱਲਾਂ ਬੱਚਿਆਂ ਦੀ ਮਦਦ ਕਰਨਗੀਆਂ?

9 ਚਾਹੇ ਤੁਹਾਡੇ ਆਲੇ-ਦੁਆਲੇ ਦੇ ਨਿਆਣੇ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ, ਪਰ ਫਿਰ ਵੀ ਤੁਸੀਂ ਆਪਣੇ ਮਾਪਿਆਂ ਦੇ ਆਗਿਆਕਾਰ ਕਿਵੇਂ ਰਹਿ ਸਕਦੇ ਹੋ? ਜਦੋਂ ਤੁਸੀਂ ਸੋਚਦੇ ਹੋ ਕਿ ਤੁਹਾਡੇ ਮਾਪਿਆਂ ਨੇ ਤੁਹਾਡੇ ਲਈ ਕਿੰਨਾ ਕੁਝ ਕੀਤਾ ਹੈ, ਤਾਂ ਕੀ ਤੁਸੀਂ ਉਨ੍ਹਾਂ ਦੇ ਧੰਨਵਾਦੀ ਨਹੀਂ ਹੋਵੋਗੇ ਅਤੇ ਉਨ੍ਹਾਂ ਦਾ ਕਹਿਣਾ ਨਹੀਂ ਮੰਨੋਗੇ? ਇਹ ਵੀ ਯਾਦ ਰੱਖੋ ਕਿ ਪਰਮੇਸ਼ੁਰ ਸਾਰਿਆਂ ਦਾ ਪਿਤਾ ਹੈ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ। ਜੇ ਤੁਸੀਂ ਆਪਣੇ ਮਾਪਿਆਂ ਬਾਰੇ ਚੰਗੀਆਂ ਗੱਲਾਂ ਕਰੋਗੇ, ਤਾਂ ਸ਼ਾਇਦ ਤੁਹਾਡੇ ਦੋਸਤ ਵੀ ਆਪਣੇ ਮਾਪਿਆਂ ਦਾ ਆਦਰ ਕਰਨ। ਇਹ ਵੀ ਗੱਲ ਸੱਚ ਹੈ ਕਿ ਜੇ ਮਾਪੇ ਨਿਰਮੋਹੀ ਹੋਣਗੇ, ਤਾਂ ਬੱਚਿਆਂ ਲਈ ਉਨ੍ਹਾਂ ਦਾ ਕਹਿਣਾ ਮੰਨਣਾ ਔਖਾ ਹੋਵੇਗਾ। ਪਰ ਜਦੋਂ ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੇ ਮਾਪੇ ਸੱਚ-ਮੁੱਚ ਉਨ੍ਹਾਂ ਨੂੰ ਪਿਆਰ ਕਰਦੇ ਹਨ, ਤਾਂ ਉਹ ਉਦੋਂ ਵੀ ਆਪਣੇ ਮਾਪਿਆਂ ਦਾ ਕਹਿਣਾ ਮੰਨਣਗੇ ਜਦੋਂ ਉਨ੍ਹਾਂ ਲਈ ਇਸ ਤਰ੍ਹਾਂ ਕਰਨਾ ਔਖਾ ਹੋਵੇ। ਔਸਟਿਨ ਨਾਂ ਦਾ ਨੌਜਵਾਨ ਭਰਾ ਕਹਿੰਦਾ ਹੈ: “ਮੈਂ ਆਪਣੀਆਂ ਗ਼ਲਤੀਆਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ ਸੀ। ਪਰ ਮੇਰੇ ਮਾਪਿਆਂ ਨੇ ਹਮੇਸ਼ਾ ਮੇਰੇ ਲਈ ਜਾਇਜ਼ ਹੱਦਾਂ ਠਹਿਰਾਈਆਂ ਅਤੇ ਮੈਨੂੰ ਇਨ੍ਹਾਂ ਦਾ ਕਾਰਨ ਵੀ ਸਮਝਾਇਆ। ਅਸੀਂ ਹਮੇਸ਼ਾ ਖੁੱਲ੍ਹ ਕੇ ਗੱਲਬਾਤ ਕਰਦੇ ਸੀ। ਇਨ੍ਹਾਂ ਗੱਲਾਂ ਕਰਕੇ ਮੈਂ ਆਪਣੇ ਮਾਪਿਆਂ ਦਾ ਆਗਿਆਕਾਰ ਰਹਿ ਸਕਿਆ। ਮੈਂ ਸਾਫ਼-ਸਾਫ਼ ਦੇਖਿਆ ਕਿ ਉਹ ਮੇਰੀ ਪਰਵਾਹ ਕਰਦੇ ਸੀ ਜਿਸ ਕਰਕੇ ਮੈਂ ਵੀ ਉਨ੍ਹਾਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ।”

10, 11. (ੳ) ਦੂਜਿਆਂ ਨੂੰ ਪਿਆਰ ਨਾ ਕਰਨ ਵਾਲਿਆਂ ਵਿਚ ਕਿਹੜੇ ਔਗੁਣ ਹਨ? (ਅ) ਸੱਚੇ ਮਸੀਹੀ ਦੂਜਿਆਂ ਨੂੰ ਕਿਸ ਹੱਦ ਤਕ ਪਿਆਰ ਕਰਦੇ ਹਨ?

10 ਪੌਲੁਸ ਨੇ ਹੋਰ ਔਗੁਣਾਂ ਬਾਰੇ ਵੀ ਦੱਸਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦਾ ਆਪਸੀ ਪਿਆਰ ਠੰਢਾ ਪੈ ਜਾਵੇਗਾ। “ਮਾਤਾ-ਪਿਤਾ ਦਾ ਕਹਿਣਾ ਨਾ ਮੰਨਣ ਵਾਲੇ” ਲੋਕਾਂ ਬਾਰੇ ਗੱਲ ਕਰਨ ਤੋਂ ਬਾਅਦ ਉਸ ਨੇ ਕਿਹਾ ਕਿ ਲੋਕ ਨਾਸ਼ੁਕਰੇ ਹੋਣਗੇ। ਕਿਉਂ? ਕਿਉਂਕਿ ਪੌਲੁਸ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਸੀ ਕਿ ਨਾਸ਼ੁਕਰੇ ਲੋਕ ਉਨ੍ਹਾਂ ਕੰਮਾਂ ਦੀ ਵੀ ਕੋਈ ਕਦਰ ਨਹੀਂ ਕਰਦੇ ਜੋ ਦੂਸਰੇ ਉਨ੍ਹਾਂ ਦੇ ਭਲੇ ਲਈ ਕਰਦੇ ਹਨ। ਪੌਲੁਸ ਨੇ ਇਹ ਵੀ ਕਿਹਾ ਕਿ ਲੋਕ ਵਿਸ਼ਵਾਸਘਾਤੀ ਅਤੇ ਕਿਸੇ ਗੱਲ ’ਤੇ ਰਾਜ਼ੀ ਨਾ ਹੋਣ ਵਾਲੇ ਹੋਣਗੇ। ਇਸ ਦਾ ਮਤਲਬ ਹੈ ਕਿ ਉਹ ਦੂਜਿਆਂ ਨਾਲ ਸ਼ਾਂਤੀ ਕਾਇਮ ਨਾ ਕਰਨ ਵਾਲੇ ਹੋਣਗੇ। ਉਹ ਨਿੰਦਿਆ ਕਰਨ ਵਾਲੇ ਅਤੇ ਧੋਖੇਬਾਜ਼ ਹੋਣਗੇ ਯਾਨੀ ਉਹ ਦੂਜਿਆਂ ਬਾਰੇ ਇੱਥੋਂ ਤਕ ਕਿ ਪਰਮੇਸ਼ੁਰ ਬਾਰੇ ਬੁਰੀਆਂ ਗੱਲਾਂ ਕਰਨਗੇ। ਨਾਲੇ ਉਹ ਦੂਜਿਆਂ ਨੂੰ ਬਦਨਾਮ ਕਰਨ ਵਾਲੇ ਹੋਣਗੇ। *

11 ਯਹੋਵਾਹ ਦੇ ਸੇਵਕ ਦੂਜਿਆਂ ਨੂੰ ਸੱਚਾ ਪਿਆਰ ਕਰਨ ਕਰਕੇ ਦੁਨੀਆਂ ਦੇ ਜ਼ਿਆਦਾਤਰ ਲੋਕਾਂ ਨਾਲੋਂ ਬਿਲਕੁਲ ਵੱਖਰੇ ਹਨ। ਇਹ ਗੱਲ ਹਮੇਸ਼ਾ ਸੱਚ ਸਾਬਤ ਹੋਈ ਹੈ। ਪਰਮੇਸ਼ੁਰ ਨੂੰ ਪਿਆਰ ਕਰਨ ਦੇ ਹੁਕਮ ਤੋਂ ਬਾਅਦ ਸਭ ਤੋਂ ਵੱਡਾ ਹੁਕਮ ਦੂਜਿਆਂ ਨੂੰ ਪਿਆਰ ਕਰਨ ਦਾ ਹੈ। (ਮੱਤੀ 22:38, 39) ਯਿਸੂ ਨੇ ਇਹ ਵੀ ਕਿਹਾ ਕਿ ਸੱਚੇ ਮਸੀਹੀ ਆਪਣੇ ਪਿਆਰ ਤੋਂ ਪਛਾਣੇ ਜਾਣਗੇ। (ਯੂਹੰਨਾ 13:34, 35 ਪੜ੍ਹੋ।) ਸੱਚੇ ਮਸੀਹੀ ਆਪਣੇ ਦੁਸ਼ਮਣਾਂ ਨੂੰ ਵੀ ਪਿਆਰ ਕਰਦੇ ਹਨ।​—ਮੱਤੀ 5:43, 44.

12. ਯਿਸੂ ਨੇ ਦੂਜਿਆਂ ਨੂੰ ਪਿਆਰ ਕਿਵੇਂ ਦਿਖਾਇਆ?

12 ਯਿਸੂ ਨੇ ਦਿਖਾਇਆ ਕਿ ਉਹ ਲੋਕਾਂ ਨੂੰ ਸੱਚਾ ਪਿਆਰ ਕਰਦਾ ਸੀ। ਉਹ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਣ ਲਈ ਸ਼ਹਿਰੋ-ਸ਼ਹਿਰ ਗਿਆ। ਉਸ ਨੇ ਅੰਨ੍ਹਿਆਂ, ਕੋੜ੍ਹੀਆਂ, ਬੋਲ਼ਿਆਂ ਅਤੇ ਲੰਗੜਿਆਂ ਨੂੰ ਠੀਕ ਕੀਤਾ। ਨਾਲੇ ਉਸ ਨੇ ਮਰੇ ਹੋਇਆਂ ਨੂੰ ਵੀ ਜੀਉਂਦਾ ਕੀਤਾ। (ਲੂਕਾ 7:22) ਭਾਵੇਂ ਕਿ ਬਹੁਤ ਸਾਰੇ ਲੋਕ ਯਿਸੂ ਨੂੰ ਨਫ਼ਰਤ ਕਰਦੇ ਸਨ, ਪਰ ਫਿਰ ਵੀ ਉਸ ਨੇ ਦੂਜਿਆਂ ਨੂੰ ਬਚਾਉਣ ਲਈ ਆਪਣੀ ਜਾਨ ਤਕ ਦੀ ਵੀ ਪਰਵਾਹ ਨਹੀਂ ਕੀਤੀ। ਯਿਸੂ ਨੇ ਆਪਣੇ ਪਿਤਾ ਦੇ ਪਿਆਰ ਦੀ ਹੂ-ਬਹੂ ਰੀਸ ਕੀਤੀ। ਸਾਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹ ਯਿਸੂ ਦੀ ਰੀਸ ਕਰਦਿਆਂ ਦੂਜਿਆਂ ਨੂੰ ਪਿਆਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ।

13. ਸਾਡੇ ਵੱਲੋਂ ਦਿਖਾਏ ਪਿਆਰ ਕਰਕੇ ਲੋਕ ਯਹੋਵਾਹ ਵੱਲ ਕਿਵੇਂ ਖਿੱਚੇ ਚਲੇ ਆ ਸਕਦੇ ਹਨ?

13 ਦੂਜਿਆਂ ਨੂੰ ਪਿਆਰ ਦਿਖਾਉਣ ਕਰਕੇ ਸ਼ਾਇਦ ਲੋਕ ਸਾਡੇ ਸਵਰਗੀ ਪਿਤਾ ਵੱਲ ਖਿੱਚੇ ਆਉਣ। ਮਿਸਾਲ ਲਈ, ਥਾਈਲੈਂਡ ਵਿਚ ਇਕ ਆਦਮੀ ਵੱਡੇ ਸੰਮੇਲਨ ’ਤੇ ਗਿਆ, ਤਾਂ ਉਹ ਭੈਣਾਂ-ਭਰਾਵਾਂ ਦਾ ਪਿਆਰ ਦੇਖ ਕੇ ਹੈਰਾਨ ਰਹਿ ਗਿਆ। ਜਦੋਂ ਉਹ ਘਰ ਗਿਆ, ਤਾਂ ਉਸ ਨੇ ਯਹੋਵਾਹ ਦੇ ਗਵਾਹਾਂ ਨੂੰ ਪੁੱਛਿਆ ਕਿ ਕੀ ਉਹ ਉਸ ਨੂੰ ਹਫ਼ਤੇ ਵਿਚ ਦੋ ਵਾਰੀ ਸਟੱਡੀ ਕਰਵਾ ਸਕਦੇ ਸਨ? ਬਾਅਦ ਵਿਚ ਉਸ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਪ੍ਰਚਾਰ ਕੀਤਾ। ਸਿਰਫ਼ ਛੇ ਮਹੀਨਿਆਂ ਬਾਅਦ ਉਸ ਨੇ ਪਹਿਲੀ ਵਾਰ ਕਿੰਗਡਮ ਹਾਲ ਵਿਚ ਬਾਈਬਲ ਪੜ੍ਹਾਈ ਕੀਤੀ। ਕੀ ਅਸੀਂ ਵੀ ਦੂਜਿਆਂ ਨੂੰ ਇਹੋ ਜਿਹਾ ਪਿਆਰ ਦਿਖਾਉਂਦੇ ਹਾਂ? ਇਹ ਜਾਣਨ ਲਈ ਆਪਣੇ ਆਪ ਨੂੰ ਪੁੱਛੋ: ‘ਕੀ ਮੈਂ ਪਰਿਵਾਰ, ਮੰਡਲੀ ਅਤੇ ਪ੍ਰਚਾਰ ਵਿਚ ਦੂਜਿਆਂ ਦੀ ਮਦਦ ਕਰਨ ਲਈ ਪੂਰੀ ਵਾਹ ਲਾ ਰਿਹਾ ਹਾਂ? ਕੀ ਮੈਂ ਦੂਜਿਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖਦਾ ਹਾਂ?’

ਬਘਿਆੜ ਅਤੇ ਲੇਲੇ

14, 15. ਲੋਕਾਂ ਵਿਚ ਕਿਹੜੇ ਔਗੁਣ ਹਨ? ਕੁਝ ਲੋਕਾਂ ਨੇ ਆਪਣੀਆਂ ਆਦਤਾਂ ਕਿਵੇਂ ਬਦਲੀਆਂ?

14 ਅੱਜ ਆਖ਼ਰੀ ਦਿਨਾਂ ਵਿਚ ਲੋਕ ਹੋਰ ਵੀ ਔਗੁਣ ਦਿਖਾਉਂਦੇ ਹਨ ਜਿਨ੍ਹਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ। ਮਿਸਾਲ ਲਈ, ਬਹੁਤ ਸਾਰੇ ਲੋਕ ਭਲਾਈ ਨਾਲ ਪਿਆਰ ਨਾ ਕਰਨ ਵਾਲੇ ਹਨ। ਉਹ ਭਲਾਈ ਨਾਲ ਨਫ਼ਰਤ ਕਰਦੇ ਹਨ ਅਤੇ ਇੱਥੋਂ ਤਕ ਕਿ ਉਸ ਦਾ ਵਿਰੋਧ ਵੀ ਕਰਦੇ ਹਨ। ਇਹੋ ਜਿਹੇ ਲੋਕ ਅਸੰਜਮੀ, ਵਹਿਸ਼ੀ ਅਤੇ ਜ਼ਿੱਦੀ ਹਨ। ਉਹ ਬਿਨਾਂ ਸੋਚੇ-ਸਮਝੇ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਦੂਜਿਆਂ ’ਤੇ ਇਸ ਦਾ ਕੀ ਅਸਰ ਪਵੇਗਾ।

15 ਬਹੁਤ ਸਾਰੇ ਲੋਕਾਂ ਦਾ ਸੁਭਾਅ ਪਹਿਲਾਂ ਵਹਿਸ਼ੀ ਜਾਨਵਰਾਂ ਵਰਗਾ ਸੀ। ਪਰ ਹੁਣ ਉਹ ਬਿਲਕੁਲ ਬਦਲ ਗਏ ਹਨ। ਬਾਈਬਲ ਦੀ ਭਵਿੱਖਬਾਣੀ ਵਿਚ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਤਬਦੀਲੀਆਂ ਬਾਰੇ ਦੱਸਿਆ ਗਿਆ ਸੀ। (ਯਸਾਯਾਹ 11:6, 7 ਪੜ੍ਹੋ।) ਇੱਥੇ ਬਘਿਆੜ ਤੇ ਸ਼ੇਰ ਵਰਗੇ ਜੰਗਲੀ ਜਾਨਵਰਾਂ ਬਾਰੇ ਦੱਸਿਆ ਗਿਆ ਹੈ ਜੋ ਲੇਲੇ ਅਤੇ ਮੇਮਣੇ ਵਰਗੇ ਪਾਲਤੂ ਪਸ਼ੂਆਂ ਨਾਲ ਇਕੱਠੇ ਰਹਿੰਦੇ ਹਨ। ਉਨ੍ਹਾਂ ਵਿਚ ਸ਼ਾਂਤੀ ਕਿਉਂ ਹੈ? ਬਾਈਬਲ ਕਹਿੰਦੀ ਹੈ: “ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ।” (ਯਸਾ. 11:9) ਯਹੋਵਾਹ ਬਾਰੇ ਜਾਨਵਰ ਨਹੀਂ ਸਿੱਖ ਸਕਦੇ। ਇਸ ਦਾ ਮਤਲਬ ਹੈ ਕਿ ਇਹ ਭਵਿੱਖਬਾਣੀ ਉਨ੍ਹਾਂ ਲੋਕਾਂ ਬਾਰੇ ਹੈ ਜੋ ਆਪਣੇ ਸੁਭਾਅ ਵਿਚ ਤਬਦੀਲੀਆਂ ਕਰਦੇ ਹਨ।

ਬਾਈਬਲ ਦੇ ਅਸੂਲਾਂ ’ਤੇ ਚੱਲ ਕੇ ਲੋਕਾਂ ਨੇ ਆਪਣੀ ਜ਼ਿੰਦਗੀ ਬਦਲੀ (ਪੈਰਾ 16 ਦੇਖੋ)

16. ਬਾਈਬਲ ਦਾ ਗਿਆਨ ਲੈ ਕੇ ਲੋਕਾਂ ਨੇ ਆਪਣਾ ਸੁਭਾਅ ਕਿਵੇਂ ਬਦਲਿਆ ਹੈ?

16 ਸਾਡੇ ਬਹੁਤ ਸਾਰੇ ਭੈਣ-ਭਰਾ ਪਹਿਲਾਂ ਵਹਿਸ਼ੀ ਬਘਿਆੜਾਂ ਵਰਗੇ ਸਨ, ਪਰ ਹੁਣ ਉਹ ਸ਼ਾਂਤੀ-ਪਸੰਦ ਲੋਕ ਹਨ। ਤੁਸੀਂ jw.org ’ਤੇ “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਨਾਂ ਦੇ ਲੜੀਵਾਰ ਲੇਖਾਂ ਵਿਚ ਇਸ ਤਰ੍ਹਾਂ ਦੇ ਤਜਰਬੇ ਪੜ੍ਹ ਸਕਦੇ ਹੋ। ਯਹੋਵਾਹ ਨੂੰ ਜਾਣਨ ਅਤੇ ਉਸ ਦੀ ਸੇਵਾ ਕਰਨ ਵਾਲੇ ਲੋਕ ਉਨ੍ਹਾਂ ਵਰਗੇ ਨਹੀਂ ਹਨ ਜੋ ਭਗਤੀ ਦਾ ਦਿਖਾਵਾ ਕਰਦੇ ਹਨ, ਪਰ ਇਸ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਜੀਉਂਦੇ। ਯਹੋਵਾਹ ਦੇ ਬਹੁਤ ਸਾਰੇ ਸੇਵਕ ਪਹਿਲਾਂ ਵਹਿਸ਼ੀ ਸਨ। ਪਰ ਉਨ੍ਹਾਂ ਨੇ ਬਾਈਬਲ ਦੀ ਇਹ ਗੱਲ ਮੰਨੀ ਹੈ: “ਤੁਸੀਂ ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨ ਲਓ ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜਿਆ ਗਿਆ ਸੀ ਅਤੇ ਇਹ ਸੱਚੀ ਧਾਰਮਿਕਤਾ ਤੇ ਵਫ਼ਾਦਾਰੀ ਦੀਆਂ ਮੰਗਾਂ ਮੁਤਾਬਕ ਹੈ।” (ਅਫ਼. 4:23, 24) ਜਦੋਂ ਲੋਕ ਪਰਮੇਸ਼ੁਰ ਬਾਰੇ ਸਿੱਖਦੇ ਹਨ, ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਣ ਦੀ ਲੋੜ ਹੈ। ਇਸ ਗੱਲ ਕਰਕੇ ਉਨ੍ਹਾਂ ਨੇ ਆਪਣੇ ਵਿਸ਼ਵਾਸ, ਸੋਚ ਅਤੇ ਕੰਮਾਂ ਵਿਚ ਸੁਧਾਰ ਕੀਤਾ ਹੈ। ਇੱਦਾਂ ਦੀਆਂ ਤਬਦੀਲੀਆਂ ਕਰਨੀਆਂ ਸੌਖੀਆਂ ਨਹੀਂ ਹੁੰਦੀਆਂ, ਪਰ ਪਵਿੱਤਰ ਸ਼ਕਤੀ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲਿਆਂ ਦੀ ਮਦਦ ਕਰਦੀ ਹੈ।

“ਇਨ੍ਹਾਂ ਲੋਕਾਂ ਤੋਂ ਦੂਰ ਰਹਿ”

17. ਅਸੀਂ ਬੁਰੇ ਲੋਕਾਂ ਤੋਂ ਦੂਰ ਕਿਵੇਂ ਰਹਿ ਸਕਦੇ ਹਾਂ?

17 ਪਰਮੇਸ਼ੁਰ ਦੇ ਸੇਵਕਾਂ ਅਤੇ ਦੁਨੀਆਂ ਦੇ ਲੋਕਾਂ ਵਿਚ ਫ਼ਰਕ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ। ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਔਗੁਣਾਂ ਦਾ ਅਸਰ ਸਾਡੇ ਉੱਤੇ ਨਾ ਪਵੇ। ਯਹੋਵਾਹ ਦੇ ਕਹਿਣੇ ਮੁਤਾਬਕ ਸਾਨੂੰ ਇਹੋ ਜਿਹੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਬਾਰੇ 2 ਤਿਮੋਥਿਉਸ 3:2-5 ਵਿਚ ਦੱਸਿਆ ਗਿਆ ਹੈ। ਇਹ ਸੱਚ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਤੋਂ ਅਸੀਂ ਪੂਰੀ ਤਰ੍ਹਾਂ ਦੂਰ ਨਹੀਂ ਰਹਿ ਸਕਦੇ। ਸਾਨੂੰ ਉਨ੍ਹਾਂ ਨਾਲ ਕੰਮ ਕਰਨਾ ਪੈਂਦਾ, ਉਨ੍ਹਾਂ ਨਾਲ ਸਕੂਲ ਜਾਣਾ ਪੈਂਦਾ ਜਾਂ ਸ਼ਾਇਦ ਉਹ ਸਾਡੇ ਨਾਲ ਹੀ ਰਹਿੰਦੇ ਹਨ। ਪਰ ਸਾਨੂੰ ਉਨ੍ਹਾਂ ਵਰਗੀ ਸੋਚ ਰੱਖਣ ਜਾਂ ਉਨ੍ਹਾਂ ਵਰਗੇ ਕੰਮ ਕਰਨ ਦੀ ਕੋਈ ਲੋੜ ਨਹੀਂ। ਫਿਰ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਬਾਈਬਲ ਪੜ੍ਹ ਕੇ ਅਤੇ ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਨਾਲ ਦੋਸਤੀ ਕਰ ਕੇ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਦੇ ਹਾਂ।

18. ਆਪਣੀ ਕਹਿਣੀ ਅਤੇ ਕਰਨੀ ਰਾਹੀਂ ਅਸੀਂ ਦੂਜਿਆਂ ਦੀ ਯਹੋਵਾਹ ਨੂੰ ਜਾਣਨ ਵਿਚ ਮਦਦ ਕਿਵੇਂ ਕਰ ਸਕਦੇ ਹਾਂ?

18 ਯਹੋਵਾਹ ਨੂੰ ਜਾਣਨ ਵਿਚ ਅਸੀਂ ਦੂਜਿਆਂ ਦੀ ਮਦਦ ਕਰਨੀ ਚਾਹੁੰਦੇ ਹਾਂ। ਗਵਾਹੀ ਦੇਣ ਦੇ ਮੌਕਿਆਂ ਨੂੰ ਹੱਥੋਂ ਨਾ ਜਾਣ ਦਿਓ। ਯਹੋਵਾਹ ਕੋਲੋਂ ਮਦਦ ਮੰਗੋ ਤਾਂਕਿ ਤੁਸੀਂ ਸਹੀ ਸਮੇਂ ’ਤੇ ਸਹੀ ਗੱਲ ਕਹਿ ਸਕੋ। ਦੂਜਿਆਂ ਨੂੰ ਦੱਸੋ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ। ਸਾਡੇ ਚੰਗੇ ਰਵੱਈਏ ਕਰਕੇ ਪਰਮੇਸ਼ੁਰ ਦੀ ਮਹਿਮਾ ਹੋਵੇਗੀ ਨਾ ਕਿ ਸਾਡੀ। ਯਹੋਵਾਹ ਸਾਨੂੰ “ਬੁਰਾਈ ਅਤੇ ਦੁਨਿਆਵੀ ਇੱਛਾਵਾਂ ਨੂੰ ਤਿਆਗਣਾ ਅਤੇ ਇਸ ਦੁਨੀਆਂ ਵਿਚ ਸਮਝਦਾਰੀ, ਨੇਕੀ ਤੇ ਭਗਤੀ ਨਾਲ ਜੀਵਨ ਗੁਜ਼ਾਰਨਾ” ਸਿਖਾਉਂਦਾ ਹੈ। (ਤੀਤੁ. 2:11-14) ਜੇ ਅਸੀਂ ਯਹੋਵਾਹ ਦੀ ਰੀਸ ਕਰਦੇ ਹਾਂ ਅਤੇ ਉਸ ਦਾ ਕਹਿਣਾ ਮੰਨਦੇ ਹਾਂ, ਤਾਂ ਦੂਜੇ ਇਹ ਗੱਲ ਸਾਫ਼-ਸਾਫ਼ ਦੇਖ ਸਕਣਗੇ। ਸ਼ਾਇਦ ਕੁਝ ਕਹਿਣ: “ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!”​—ਜ਼ਕ. 8:23.

^ ਪੈਰਾ 10 ਯੂਨਾਨੀ ਸ਼ਬਦ ਡਾਏਬੋਲੌਸ ਦਾ ਤਰਜਮਾ “ਤੁਹਮਤੀ” ਜਾਂ “ਦੂਜਿਆਂ ਨੂੰ ਬਦਨਾਮ ਕਰਨ” ਵਾਲਾ ਕੀਤਾ ਗਿਆ ਹੈ। ਬਾਈਬਲ ਵਿਚ ਇਹ ਸ਼ਬਦ ਸ਼ੈਤਾਨ ਲਈ ਵਰਤਿਆ ਗਿਆ ਹੈ ਜੋ ਪਰਮੇਸ਼ੁਰ ਉੱਤੇ ਤੁਹਮਤਾਂ ਲਾ ਕੇ ਉਸ ਨੂੰ ਬਦਨਾਮ ਕਰਦਾ ਹੈ।