Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਕੀ ਪ੍ਰਾਚੀਨ ਇਜ਼ਰਾਈਲ ਵਿਚ ਕਾਨੂੰਨੀ ਮਾਮਲਿਆਂ ਨੂੰ ਸੱਚ-ਮੁੱਚ ਮੂਸਾ ਦੇ ਕਾਨੂੰਨ ਵਿਚ ਦਿੱਤੇ ਅਸੂਲਾਂ ਦੇ ਆਧਾਰ ’ਤੇ ਸੁਲਝਾਇਆ ਜਾਂਦਾ ਸੀ?

ਕਈ ਵਾਰ ਇੱਦਾਂ ਹੁੰਦਾ ਸੀ। ਇਕ ਮਿਸਾਲ ’ਤੇ ਗੌਰ ਕਰੋ। ਬਿਵਸਥਾ ਸਾਰ 24:14, 15 ਵਿਚ ਦੱਸਿਆ ਹੈ: “ਤੂੰ ਮਜ਼ਦੂਰ ਉੱਤੇ ਹੱਤਿਆ ਨਾ ਕਰ ਜਿਹੜਾ ਕੰਗਾਲ ਅਤੇ ਮੁਤਾਜ ਹੈ ਭਾਵੇਂ ਉਹ ਤੇਰੇ ਭਰਾਵਾਂ ਵਿੱਚੋਂ ਭਾਵੇਂ ਪਰਦੇਸੀਆਂ ਵਿੱਚੋਂ . . . ਯਹੋਵਾਹ ਅੱਗੇ ਤੇਰੇ ਵਿਰੁੱਧ ਦੁਹਾਈ ਦੇਵੇ ਅਤੇ ਇਹ ਤੇਰੇ ਲਈ ਪਾਪ ਠਹਿਰੇ।”

ਮਿੱਟੀ ਦੇ ਭਾਂਡੇ ਦੇ ਟੁਕੜੇ ’ਤੇ ਇਕ ਮਜ਼ਦੂਰ ਦੀ ਦੁਹਾਈ

ਮਿਸਾਲ ਲਈ, ਇਹੋ ਜਿਹੀ ਦੁਹਾਈ ਇਕ ਮਿੱਟੀ ਦੇ ਭਾਂਡੇ ਉੱਤੇ ਲਿਖੀ ਹੋਈ ਮਿਲੀ ਸੀ। ਮਿੱਟੀ ਦੇ ਭਾਂਡੇ ਦਾ ਇਹ ਟੁਕੜਾ 7ਵੀਂ ਈਸਵੀ ਪੂਰਵ ਦਾ ਸੀ ਜੋ ਅਸ਼ਦੋਦ ਸ਼ਹਿਰ ਵਿਚ ਮਿਲਿਆ ਸੀ। ਇਹ ਅਰਜ਼ੋਈ ਸ਼ਾਇਦ ਉਸ ਮਜ਼ਦੂਰ ਲਈ ਲਿਖੀ ਗਈ ਸੀ ਜਿਸ ਉੱਤੇ ਆਪਣੇ ਹਿੱਸੇ ਦੀ ਵਾਢੀ ਦਾ ਕੰਮ ਪੂਰਾ ਨਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਹ ਦੁਹਾਈ ਦਾ ਦਸਤਾਵੇਜ਼ ਮਿੱਟੀ ਦੇ ਭਾਂਡੇ ਉੱਤੇ ਲਿਖਿਆ ਹੋਇਆ ਸੀ। ਇਸ ’ਤੇ ਇਹ ਲਿਖਿਆ ਸੀ: “ਥੋੜ੍ਹੇ ਦਿਨ ਪਹਿਲਾਂ ਜਦੋਂ ਤੁਹਾਡਾ ਸੇਵਕ [ਫ਼ਰਿਆਦੀ] ਕਣਕ ਦੀਆਂ ਬੋਰੀਆਂ ਜਮ੍ਹਾ ਕਰ ਚੁੱਕਾ ਸੀ, ਤਾਂ ਸ਼ੋਬੇ ਦਾ ਪੁੱਤਰ ਹੋਸ਼ਿਆਓ ਆ ਕੇ ਤੇਰੇ ਸੇਵਕ ਦਾ ਚੋਗਾ ਲੈ ਗਿਆ. . . । ਸੂਰਜ ਦੀ ਤਪਦੀ ਧੁੱਪ ਹੇਠ ਕੰਮ ਕਰਨ ਵਾਲੇ ਬਾਕੀ ਵਾਢੇ ਇਸ ਗੱਲ ਦੇ ਗਵਾਹ ਹਨ . . . ਕਿ ਮੈਂ ਜੋ ਵੀ ਕਿਹਾ ਉਹ ਸੱਚ ਹੈ। ਮੈਂ ਕੋਈ ਗੁਨਾਹ ਨਹੀਂ ਕੀਤਾ. . . । ਜੇ ਰਾਜਪਾਲ ਨੂੰ ਲੱਗਦਾ ਹੈ ਕਿ ਮੇਰਾ ਚੋਗਾ ਵਾਪਸ ਲਿਆਉਣ ਦਾ ਫ਼ਰਜ਼ ਉਸ ਦਾ ਨਹੀਂ ਹੈ, ਤਾਂ ਘੱਟੋ-ਘੱਟ ਆਪਣੇ ਸੇਵਕ ’ਤੇ ਤਰਸ ਖਾ ਕੇ ਹੀ ਚੋਗਾ ਵਾਪਸ ਲਿਆ ਦੇਵੇ। ਆਪਣੇ ਸੇਵਕ ਨੂੰ ਚੋਗੇ ਤੋਂ ਬਿਨਾਂ ਦੇਖ ਕੇ ਚੁੱਪ ਨਾ ਬੈਠ।”

ਇਤਿਹਾਸਕਾਰ ਸਾਇਮਨ ਸ਼ਾਮਾ ਕਹਿੰਦਾ ਹੈ: “ਇਹ ਦੁਹਾਈ ਸਿਰਫ਼ ਕਾਮੇ ਦਾ ਚੋਗਾ ਵਾਪਸ ਨਾ ਮਿਲਣ ਕਰਕੇ ਉਸ ਦੀ ਮਾਯੂਸੀ ਨੂੰ ਹੀ ਜ਼ਾਹਰ ਨਹੀਂ ਕਰਦੀ, ਸਗੋਂ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਾਮਾ ਬਾਈਬਲ ਦੇ ਕਾਨੂੰਨਾਂ ਬਾਰੇ ਕੁਝ-ਨਾ-ਕੁਝ ਜਾਣਦਾ ਸੀ, ਖ਼ਾਸ ਕਰਕੇ ਲੇਵੀਆਂ ਅਤੇ ਬਿਵਸਥਾ ਸਾਰ ਵਿਚ ਦਰਜ ਗ਼ਰੀਬਾਂ ਨਾਲ ਕੀਤੇ ਜਾਣ ਵਾਲੇ ਬੁਰੇ ਵਰਤਾਓ ਸੰਬੰਧੀ ਕਾਨੂੰਨ ਬਾਰੇ।”