ਅਧਿਐਨ ਲੇਖ 1
ਭਰੋਸਾ ਰੱਖੋ ਕਿ ਪਰਮੇਸ਼ੁਰ ਦਾ ਬਚਨ “ਸੱਚਾਈ” ਹੈ
2023 ਲਈ ਬਾਈਬਲ ਦਾ ਹਵਾਲਾ: “ਤੇਰਾ ਬਚਨ ਸੱਚਾਈ ਹੀ ਹੈ।”—ਜ਼ਬੂ. 119:160.
ਗੀਤ 96 ਰੱਬ ਦੀ ਕਿਤਾਬ—ਇਕ ਖ਼ਜ਼ਾਨਾ
ਖ਼ਾਸ ਗੱਲਾਂ a
1. ਅੱਜ ਬਹੁਤ ਸਾਰੇ ਲੋਕਾਂ ਨੂੰ ਬਾਈਬਲ ʼਤੇ ਭਰੋਸਾ ਕਰਨਾ ਔਖਾ ਕਿਉਂ ਲੱਗਦਾ ਹੈ?
ਅੱਜ ਬਹੁਤ ਸਾਰੇ ਲੋਕਾਂ ਨੂੰ ਦੂਜਿਆਂ ʼਤੇ ਭਰੋਸਾ ਕਰਨਾ ਔਖਾ ਲੱਗਦਾ ਹੈ। ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਸ ʼਤੇ ਭਰੋਸਾ ਕਰਨ ਜਾਂ ਕਿਸ ʼਤੇ ਨਹੀਂ। ਉਹ ਉਨ੍ਹਾਂ ਲੋਕਾਂ ʼਤੇ ਵੀ ਭਰੋਸਾ ਨਹੀਂ ਕਰ ਪਾਉਂਦੇ ਜਿਨ੍ਹਾਂ ਦਾ ਉਹ ਬਹੁਤ ਆਦਰ ਕਰਦੇ ਹਨ, ਜਿਵੇਂ ਕਿ ਨੇਤਾ, ਵਿਗਿਆਨੀ ਅਤੇ ਵਪਾਰੀ। ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਲੋਕ ਸੱਚ-ਮੁੱਚ ਉਨ੍ਹਾਂ ਦਾ ਭਲਾ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ, ਬਾਈਬਲ ਤੋਂ ਸਿਖਾਉਣ ਦਾ ਦਾਅਵਾ ਕਰਨ ਵਾਲੇ ਪਾਦਰੀਆਂ ਤੋਂ ਵੀ ਲੋਕਾਂ ਦਾ ਭਰੋਸਾ ਉੱਠਦਾ ਜਾ ਰਿਹਾ ਹੈ। ਇਸ ਕਰਕੇ ਬਹੁਤ ਸਾਰੇ ਲੋਕ ਬਾਈਬਲ ʼਤੇ ਭਰੋਸਾ ਨਹੀਂ ਕਰ ਪਾਉਂਦੇ।
2. ਜ਼ਬੂਰ 119:160 ਮੁਤਾਬਕ ਸਾਨੂੰ ਕਿਹੜੀ ਗੱਲ ਦਾ ਪੱਕਾ ਭਰੋਸਾ ਹੋਣਾ ਚਾਹੀਦਾ ਹੈ?
2 ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ “ਸੱਚਾਈ ਦਾ ਪਰਮੇਸ਼ੁਰ ਹੈ” ਅਤੇ ਉਹ ਹਮੇਸ਼ਾ ਸਾਡਾ ਭਲਾ ਚਾਹੁੰਦਾ ਹੈ। (ਜ਼ਬੂ. 31:5; ਯਸਾ. 48:17) ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਸੀਂ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ʼਤੇ ਭਰੋਸਾ ਕਰ ਸਕਦੇ ਹਾਂ ਕਿਉਂਕਿ ਸਾਨੂੰ ਯਕੀਨ ਹੈ ਕਿ “[ਪਰਮੇਸ਼ੁਰ ਦਾ] ਬਚਨ ਸੱਚਾਈ ਹੀ ਹੈ।” b (ਜ਼ਬੂਰ 119:160 ਪੜ੍ਹੋ।) ਅਸੀਂ ਬਾਈਬਲ ਦੇ ਇਕ ਮਾਹਰ ਦੀ ਇਸ ਗੱਲ ਨਾਲ ਸਹਿਮਤ ਹਾਂ: “ਪਰਮੇਸ਼ੁਰ ਕਦੇ ਝੂਠ ਨਹੀਂ ਬੋਲਦਾ ਅਤੇ ਉਸ ਦੀ ਹਰ ਗੱਲ ਸੱਚ ਸਾਬਤ ਹੁੰਦੀ ਹੈ। ਪਰਮੇਸ਼ੁਰ ਦੇ ਲੋਕ ਉਸ ʼਤੇ ਭਰੋਸਾ ਕਰਦੇ ਹਨ, ਇਸ ਲਈ ਉਹ ਉਸ ਦੀ ਕਹੀ ਹਰ ਗੱਲ ʼਤੇ ਵੀ ਭਰੋਸਾ ਕਰ ਸਕਦੇ ਹਨ।”
3. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ?
3 ਅਸੀਂ ਦੂਜਿਆਂ ਦੀ ਬਾਈਬਲ ʼਤੇ ਉੱਨਾ ਭਰੋਸਾ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ ਜਿੰਨਾ ਅਸੀਂ ਕਰਦੇ ਹਾਂ? ਇਸ ਲਈ ਅਸੀਂ ਤਿੰਨ ਕਾਰਨਾਂ ʼਤੇ ਗੌਰ ਕਰਾਂਗੇ ਕਿ ਅਸੀਂ ਬਾਈਬਲ ʼਤੇ ਕਿਉਂ ਭਰੋਸਾ ਕਰ ਸਕਦੇ ਹਾਂ: (1) ਬਾਈਬਲ ਦਾ ਸੰਦੇਸ਼ ਬਦਲਿਆ ਨਹੀਂ ਹੈ, (2) ਬਾਈਬਲ ਦੀਆਂ ਭਵਿੱਖਬਾਣੀਆਂ ਸੱਚੀਆਂ ਹਨ ਅਤੇ (3) ਬਾਈਬਲ ਵਿਚ ਜ਼ਿੰਦਗੀਆਂ ਨੂੰ ਬਦਲਣ ਦੀ ਤਾਕਤ ਹੈ।
ਬਾਈਬਲ ਦਾ ਸੰਦੇਸ਼ ਬਦਲਿਆ ਨਹੀਂ ਹੈ
4. ਕੁਝ ਲੋਕਾਂ ਨੂੰ ਕਿਉਂ ਲੱਗਦਾ ਹੈ ਕਿ ਬਾਈਬਲ ਦਾ ਸੰਦੇਸ਼ ਬਦਲ ਗਿਆ ਹੈ?
4 ਯਹੋਵਾਹ ਪਰਮੇਸ਼ੁਰ ਨੇ ਲਗਭਗ 40 ਵਫ਼ਾਦਾਰ ਆਦਮੀਆਂ ਨੂੰ ਬਾਈਬਲ ਲਿਖਣ ਲਈ ਵਰਤਿਆ। ਅੱਜ ਅਸਲੀ ਹੱਥ-ਲਿਖਤਾਂ ਤਾਂ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੀਆਂ ਅੱਗੋਂ ਤੋਂ ਅੱਗੋਂ ਤਿਆਰ ਕੀਤੀਆਂ ਨਕਲਾਂ ਜ਼ਰੂਰ ਮੌਜੂਦ ਹਨ। ਇਸ ਕਰਕੇ ਬਾਈਬਲ ਪੜ੍ਹਦੇ ਵੇਲੇ ਸ਼ਾਇਦ ਕੁਝ ਲੋਕ ਸੋਚਣ, ‘ਕੀ ਇਹ ਉਹੀ ਸੰਦੇਸ਼ ਹੈ ਜੋ ਸ਼ੁਰੂ ਵਿਚ ਲਿਖਵਾਇਆ ਗਿਆ ਸੀ?’ ਕੀ ਤੁਹਾਡੇ ਮਨ ਵਿਚ ਕਦੇ ਇਹ ਖ਼ਿਆਲ ਆਇਆ ਹੈ? ਆਓ ਜਾਣੀਏ ਕਿ ਅਸੀਂ ਕਿਵੇਂ ਯਕੀਨ ਕਰ ਸਕਦੇ ਹਾਂ ਕਿ ਬਾਈਬਲ ਵਿਚ ਲਿਖਿਆ ਸੰਦੇਸ਼ ਬਦਲਿਆ ਨਹੀਂ ਹੈ।
5. ਇਬਰਾਨੀ ਲਿਖਤਾਂ ਦੀਆਂ ਨਕਲਾਂ ਕਿਵੇਂ ਤਿਆਰ ਕੀਤੀਆਂ ਗਈਆਂ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
5 ਯਹੋਵਾਹ ਨੇ ਆਪਣੇ ਸੰਦੇਸ਼ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਲੋਕਾਂ ਨੂੰ ਇਸ ਦੀਆਂ ਨਕਲਾਂ ਤਿਆਰ ਕਰਨ ਦਾ ਹੁਕਮ ਦਿੱਤਾ। ਉਸ ਨੇ ਇਜ਼ਰਾਈਲ ਦੇ ਰਾਜਿਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਆਪਣੇ ਲਈ ਮੂਸਾ ਦੇ ਕਾਨੂੰਨ ਦੀਆਂ ਨਕਲਾਂ ਆਪ ਤਿਆਰ ਕਰਨ। ਨਾਲੇ ਉਸ ਨੇ ਲੇਵੀਆਂ ਨੂੰ ਵੀ ਉਸ ਦੇ ਲੋਕਾਂ ਨੂੰ ਕਾਨੂੰਨ ਦੀਆਂ ਗੱਲਾਂ ਸਿਖਾਉਣ ਦੀ ਜ਼ਿੰਮੇਵਾਰੀ ਦਿੱਤੀ ਸੀ। (ਬਿਵ. 17:18; 31:24-26; ਨਹ. 8:7) ਇਜ਼ਰਾਈਲੀ ਦੇ ਬਾਬਲ ਦੀ ਗ਼ੁਲਾਮੀ ਤੋਂ ਵਾਪਸ ਆਉਣ ਤੋਂ ਬਾਅਦ, ਕੁਝ ਮਾਹਰ ਨਕਲਨਵੀਸਾਂ ਦੇ ਸਮੂਹ ਨੇ ਇਬਰਾਨੀ ਲਿਖਤਾਂ ਦੀਆਂ ਬਹੁਤ ਸਾਰੀਆਂ ਨਕਲਾਂ ਤਿਆਰ ਕਰਨੀਆਂ ਸ਼ੁਰੂ ਕੀਤੀਆਂ। (ਅਜ਼. 7:6, ਫੁਟਨੋਟ) ਉਨ੍ਹਾਂ ਨਕਲਨਵੀਸਾਂ ਨੇ ਬੜੇ ਧਿਆਨ ਨਾਲ ਇਹ ਕੰਮ ਕੀਤਾ। ਸਮੇਂ ਦੇ ਬੀਤਣ ਨਾਲ ਉਨ੍ਹਾਂ ਨੇ ਹੱਥ-ਲਿਖਤਾਂ ਦੀਆਂ ਹੂ-ਬਹੂ ਨਕਲਾਂ ਉਤਾਰਨ ਲਈ ਨਾ ਸਿਰਫ਼ ਸ਼ਬਦਾਂ ਨੂੰ, ਸਗੋਂ ਅੱਖਰਾਂ ਨੂੰ ਵੀ ਗਿਣਨਾ ਸ਼ੁਰੂ ਕਰ ਦਿੱਤਾ ਤਾਂਕਿ ਉਹ ਇਹ ਗੱਲ ਪੱਕੀ ਕਰ ਸਕਣ ਕਿ ਉਨ੍ਹਾਂ ਨੇ ਜੋ ਨਕਲ ਉਤਾਰੀ ਹੈ, ਉਹ ਸਹੀ ਹੈ ਜਾਂ ਨਹੀਂ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਉਨ੍ਹਾਂ ਤੋਂ ਕੋਈ ਗ਼ਲਤੀ ਨਹੀਂ ਹੋਈ? ਨਹੀਂ, ਨਾਮੁਕੰਮਲ ਹੋਣ ਕਰਕੇ ਉਨ੍ਹਾਂ ਦੀਆਂ ਨਕਲਾਂ ਵਿਚ ਛੋਟੀਆਂ-ਮੋਟੀਆਂ ਗ਼ਲਤੀਆਂ ਹੋਈਆਂ। ਪਰ ਹੱਥ-ਲਿਖਤਾਂ ਦੀਆਂ ਬਹੁਤ ਸਾਰੀਆਂ ਨਕਲਾਂ ਹੋਣ ਕਰਕੇ ਉਨ੍ਹਾਂ ਗ਼ਲਤੀਆਂ ਨੂੰ ਲੱਭਣਾ ਸੌਖਾ ਹੋ ਗਿਆ। ਆਓ ਦੇਖੀਏ ਕਿਵੇਂ।
6. ਅੱਜ ਵਿਦਵਾਨ ਬਾਈਬਲ ਦੀਆਂ ਨਕਲਾਂ ਵਿੱਚੋਂ ਗ਼ਲਤੀਆਂ ਕਿਵੇਂ ਲੱਭ ਪਾਉਂਦੇ ਹਨ?
6 ਨਕਲਨਵੀਸਾਂ ਦੀਆਂ ਨਕਲਾਂ ਵਿੱਚੋਂ ਗ਼ਲਤੀਆਂ ਲੱਭਣ ਲਈ ਅੱਜ ਦੇ ਵਿਦਵਾਨਾਂ ਕੋਲ ਇਕ ਅਸਰਕਾਰੀ ਤਰੀਕਾ ਹੈ। ਉਹ ਕਿਹੜਾ? ਇਸ ਨੂੰ ਸਮਝਣ ਲਈ ਜ਼ਰਾ ਇਸ ਉਦਾਹਰਣ ʼਤੇ ਗੌਰ ਕਰੋ। 100 ਆਦਮੀ ਇਕ ਸਫ਼ੇ ʼਤੇ ਲਿਖੀਆਂ ਗੱਲਾਂ ਦੀ ਨਕਲ ਉਤਾਰਦੇ ਹਨ। ਉਨ੍ਹਾਂ ਵਿੱਚੋਂ ਇਕ ਆਦਮੀ ਤੋਂ ਆਪਣੀ ਨਕਲ ਵਿਚ ਛੋਟੀ-ਮੋਟੀ ਗ਼ਲਤੀ ਹੋ ਜਾਂਦੀ ਹੈ। ਉਸ ਗ਼ਲਤੀ ਨੂੰ ਲੱਭਣ ਲਈ ਉਸ ਦੀ ਨਕਲ ਬਾਕੀ 99 ਆਦਮੀਆਂ ਦੀਆਂ ਨਕਲਾਂ ਨਾਲ ਮਿਲਾਈ ਜਾਂਦੀ ਹੈ। ਬਿਲਕੁਲ ਇਸੇ ਤਰ੍ਹਾਂ ਵਿਦਵਾਨ ਬਾਈਬਲ ਦੀਆਂ ਵੱਖੋ-ਵੱਖਰੀਆਂ ਹੱਥ-ਲਿਖਤਾਂ ਨੂੰ ਮਿਲਾ ਕੇ ਦੇਖ ਪਾਉਂਦੇ ਹਨ ਕਿ ਕਿਸੇ ਨਕਲਨਵੀਸ ਤੋਂ ਕਿਹੜੀ ਗ਼ਲਤੀ ਹੋਈ ਹੈ ਜਾਂ ਉਸ ਤੋਂ ਕਿਹੜੀ ਗੱਲ ਛੁੱਟ ਗਈ ਹੈ।
7. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਨਕਲਨਵੀਸ ਬੜੀ ਮਿਹਨਤ ਨਾਲ ਬਾਈਬਲ ਦੀਆਂ ਨਕਲਾਂ ਤਿਆਰ ਕਰਦੇ ਸਨ?
7 ਬਾਈਬਲ ਦੀਆਂ ਹੱਥ-ਲਿਖਤਾਂ ਦੀਆਂ ਸਹੀ-ਸਹੀ ਨਕਲਾਂ ਤਿਆਰ ਕਰਨ ਲਈ ਨਕਲਨਵੀਸਾਂ ਨੇ ਬੜੀ ਮਿਹਨਤ ਕੀਤੀ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਜ਼ਰਾ ਇਸ ਗੱਲ ʼਤੇ ਗੌਰ ਕਰੋ। ਇਬਰਾਨੀ ਲਿਖਤਾਂ ਦੀ ਪੂਰੀ ਹੱਥ-ਲਿਖਤ ਸੰਨ 1008 ਜਾਂ 1009 ਈਸਵੀ ਦੀ ਹੈ। ਇਸ ਹੱਥ-ਲਿਖਤ ਨੂੰ ਲੈਨਿਨਗ੍ਰਾਡ ਕੋਡੈਕਸ ਕਿਹਾ ਜਾਂਦਾ ਹੈ। ਪਰ ਕੁਝ ਸਮਾਂ ਪਹਿਲਾਂ ਬਾਈਬਲ ਦੀਆਂ ਕਈ ਹੱਥ-ਲਿਖਤਾਂ ਅਤੇ ਇਨ੍ਹਾਂ ਦੇ ਟੁਕੜੇ ਮਿਲੇ ਹਨ ਜੋ ਲੈਨਿਨਗ੍ਰਾਡ ਕੋਡੈਕਸ ਤੋਂ 1,000 ਤੋਂ ਵੀ ਜ਼ਿਆਦਾ ਸਾਲ ਪੁਰਾਣੇ ਹਨ। ਇਨ੍ਹਾਂ ਸਾਲਾਂ ਦੌਰਾਨ ਲੈਨਿਨਗ੍ਰਾਡ ਕੋਡੈਕਸ ਤੋਂ ਵੀ ਪੁਰਾਣੀਆਂ ਹੱਥ-ਲਿਖਤਾਂ ਦੀਆਂ ਅੱਗੋਂ ਤੋਂ ਅੱਗੋਂ ਨਕਲਾਂ ਤਿਆਰ ਕੀਤੀਆਂ ਗਈਆਂ ਸਨ। ਇਸ ਕਰਕੇ ਸ਼ਾਇਦ ਲੋਕ ਸੋਚਣ ਕਿ ਸਭ ਤੋਂ ਪੁਰਾਣੀਆਂ ਹੱਥ-ਲਿਖਤਾਂ ਅਤੇ ਲੈਨਿਨਗ੍ਰਾਡ ਕੋਡੈਕਸ ਵਿਚਲੇ ਸੰਦੇਸ਼ ਵਿਚ ਬਹੁਤ ਫ਼ਰਕ ਆ ਗਿਆ ਹੋਣਾ। ਪਰ ਜਦੋਂ ਮਾਹਰਾਂ ਨੇ ਇਨ੍ਹਾਂ ਪੁਰਾਣੀਆਂ ਹੱਥ-ਲਿਖਤਾਂ ਅਤੇ ਲੈਨਿਨਗ੍ਰਾਡ ਕੋਡੈਕਸ ਦੀ ਤੁਲਨਾ ਕੀਤੀ, ਤਾਂ ਇਹ ਗੱਲ ਪੱਕੀ ਹੋ ਗਈ ਕਿ ਇਨ੍ਹਾਂ ਦੋਵੇਂ ਹੱਥ-ਲਿਖਤਾਂ ਵਿਚ ਸ਼ਬਦਾਂ ਦਾ ਥੋੜ੍ਹਾ-ਬਹੁਤ ਫ਼ਰਕ ਹੈ, ਪਰ ਇਨ੍ਹਾਂ ਦੇ ਸੰਦੇਸ਼ ਵਿਚ ਕੋਈ ਫ਼ਰਕ ਨਹੀਂ ਹੈ।
8. ਮਸੀਹੀ ਯੂਨਾਨੀ ਲਿਖਤਾਂ ਦੀਆਂ ਨਕਲਾਂ ਅਤੇ ਉਸ ਜ਼ਮਾਨੇ ਦੀਆਂ ਹੋਰ ਕਿਤਾਬਾਂ ਦੀਆਂ ਨਕਲਾਂ ਵਿਚ ਕੀ ਫ਼ਰਕ ਹੈ?
8 ਪਹਿਲੀ ਸਦੀ ਦੇ ਮਸੀਹੀਆਂ ਨੇ ਇਬਰਾਨੀ ਲਿਖਤਾਂ ਦੇ ਨਕਲਨਵੀਸਾਂ ਦੀ ਰੀਸ ਕੀਤੀ। ਉਨ੍ਹਾਂ ਨੇ ਵੀ ਬੜੇ ਧਿਆਨ ਨਾਲ ਯੂਨਾਨੀ ਲਿਖਤਾਂ ਦੀਆਂ 27 ਕਿਤਾਬਾਂ ਦੀਆਂ ਨਕਲਾਂ ਤਿਆਰ ਕੀਤੀਆਂ। ਇਨ੍ਹਾਂ ਨਕਲਾਂ ਨੂੰ ਉਹ ਮੀਟਿੰਗਾਂ ਅਤੇ ਪ੍ਰਚਾਰ ਕਰਦਿਆਂ ਵਰਤਦੇ ਸਨ। ਇਕ ਵਿਦਵਾਨ ਨੇ ਪਹਿਲੀ ਸਦੀ ਦੀਆਂ ਯੂਨਾਨੀ ਲਿਖਤਾਂ ਦੀ ਤੁਲਨਾ ਉਸ ਸਮੇਂ ਦੀਆਂ ਹੋਰ ਕਿਤਾਬਾਂ ਨਾਲ ਕੀਤੀ ਅਤੇ ਉਹ ਦੱਸਦਾ ਹੈ: “ਦੇਖਿਆ ਗਿਆ ਹੈ ਕਿ ਉਸ ਜ਼ਮਾਨੇ ਦੀਆਂ ਹੋਰ ਕਿਤਾਬਾਂ ਨਾਲੋਂ [ਯੂਨਾਨੀ ਲਿਖਤਾਂ] ਦੀਆਂ ਜ਼ਿਆਦਾ ਹੱਥ-ਲਿਖਤਾਂ ਅੱਜ ਮੌਜੂਦ ਹਨ, . . . ਅਤੇ ਇਹ ਹੱਥ-ਲਿਖਤਾਂ ਪੂਰੀਆਂ ਹਨ।” ਇਕ ਕਿਤਾਬ ਦੱਸਦੀ ਹੈ: “ਅਸੀਂ ਯਕੀਨ ਰੱਖ ਸਕਦੇ ਹਾਂ ਕਿ ਅੱਜ ਦੇ ਯੂਨਾਨੀ ਲਿਖਤਾਂ ਦੇ ਭਰੋਸੇਯੋਗ ਅਨੁਵਾਦਾਂ ਵਿਚ ਉਹੀ ਗੱਲਾਂ ਹਨ ਜੋ ਲਿਖਾਰੀਆਂ ਨੇ ਸ਼ੁਰੂ ਵਿਚ ਲਿਖੀਆਂ ਸਨ।”—Anatomy of the New Testament.
9. ਯਸਾਯਾਹ 40:8 ਮੁਤਾਬਕ ਬਾਈਬਲ ਦੇ ਸੰਦੇਸ਼ ਬਾਰੇ ਕਿਹੜੀ ਗੱਲ ਸੱਚ ਹੈ?
9 ਸਦੀਆਂ ਤੋਂ ਬਹੁਤ ਸਾਰੇ ਨਕਲਨਵੀਸਾਂ ਨੇ ਬੜੇ ਧਿਆਨ ਨਾਲ ਅਤੇ ਸਖ਼ਤ ਮਿਹਨਤ ਕਰ ਕੇ ਬਾਈਬਲ ਦੀਆਂ ਨਕਲਾਂ ਤਿਆਰ ਕੀਤੀਆਂ। ਇਸ ਲਈ ਅਸੀਂ ਯਕੀਨ ਕਰ ਸਕਦੇ ਹਾਂ ਕਿ ਅੱਜ ਅਸੀਂ ਬਾਈਬਲ ਵਿੱਚੋਂ ਜੋ ਸੰਦੇਸ਼ ਪੜ੍ਹਦੇ ਹਾਂ, ਉਹ ਬਦਲਿਆ ਨਹੀਂ ਹੈ। c ਬਿਨਾਂ ਸ਼ੱਕ, ਯਹੋਵਾਹ ਨੇ ਹੀ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਇਨਸਾਨਾਂ ਤਕ ਉਸ ਦਾ ਸੰਦੇਸ਼ ਬਿਲਕੁਲ ਸਹੀ-ਸਹੀ ਪਹੁੰਚੇ। (ਯਸਾਯਾਹ 40:8 ਪੜ੍ਹੋ।) ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਜੇ ਬਾਈਬਲ ਦਾ ਸੰਦੇਸ਼ ਨਹੀਂ ਵੀ ਬਦਲਿਆ, ਤਾਂ ਵੀ ਇਹ ਕੋਈ ਸਬੂਤ ਨਹੀਂ ਹੈ ਕਿ ਇਹ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖਵਾਈ ਗਈ ਹੈ। ਆਓ ਆਪਾਂ ਕੁਝ ਸਬੂਤਾਂ ʼਤੇ ਗੌਰ ਕਰੀਏ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀ ਗਈ ਹੈ।
ਬਾਈਬਲ ਦੀਆਂ ਭਵਿੱਖਬਾਣੀਆਂ ਸੱਚੀਆਂ ਹਨ
10. ਕਿਵੇਂ ਪਤਾ ਲੱਗਦਾ ਹੈ ਕਿ 2 ਪਤਰਸ 1:21 ਵਿਚ ਲਿਖੀ ਗੱਲ ਬਿਲਕੁਲ ਸੱਚ ਹੈ? (ਤਸਵੀਰਾਂ ਦੇਖੋ।)
10 ਬਾਈਬਲ ਵਿਚ ਲਿਖੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ। ਕੁਝ ਤਾਂ ਲਿਖੇ ਜਾਣ ਤੋਂ ਸਦੀਆਂ ਬਾਅਦ ਜਾ ਕੇ ਪੂਰੀਆਂ ਹੋਈਆਂ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿੱਦਾਂ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ, ਬਿਲਕੁਲ ਉੱਦਾਂ ਹੀ ਪੂਰੀਆਂ ਹੋਈਆਂ। ਇਸ ਲਈ ਸਾਨੂੰ ਕੋਈ ਹੈਰਾਨੀ ਨਹੀਂ ਹੁੰਦੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਇਨ੍ਹਾਂ ਨੂੰ ਲਿਖਵਾਉਣ ਵਾਲਾ ਯਹੋਵਾਹ ਹੈ। (2 ਪਤਰਸ 1:21 ਪੜ੍ਹੋ।) ਜ਼ਰਾ ਪ੍ਰਾਚੀਨ ਬਾਬਲ ਸ਼ਹਿਰ ਦੇ ਨਾਸ਼ ਬਾਰੇ ਕੀਤੀਆਂ ਭਵਿੱਖਬਾਣੀਆਂ ʼਤੇ ਗੌਰ ਕਰੋ। ਅੱਠਵੀਂ ਸਦੀ ਈਸਵੀ ਪੂਰਵ ਵਿਚ ਯਸਾਯਾਹ ਨਬੀ ਨੇ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਭਵਿੱਖਬਾਣੀ ਕੀਤੀ ਸੀ ਕਿ ਸ਼ਕਤੀਸ਼ਾਲੀ ਬਾਬਲ ਸ਼ਹਿਰ ʼਤੇ ਕਬਜ਼ਾ ਕੀਤਾ ਜਾਵੇਗਾ। ਉਸ ਨੇ ਅੱਗੇ ਦੱਸਿਆ ਕਿ ਬਾਬਲ ਸ਼ਹਿਰ ʼਤੇ ਖੋਰੁਸ ਜਿੱਤ ਹਾਸਲ ਕਰੇਗਾ ਅਤੇ ਉਹ ਕਿਵੇਂ ਜਿੱਤ ਹਾਸਲ ਕਰੇਗਾ। (ਯਸਾ. 44:27–45:2) ਯਸਾਯਾਹ ਨੇ ਇਹ ਵੀ ਭਵਿੱਖਬਾਣੀ ਕੀਤੀ ਕਿ ਬਾਬਲ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ ਅਤੇ ਉਸ ਨੂੰ ਫਿਰ ਕਦੀ ਵੀ ਵਸਾਇਆ ਨਹੀਂ ਜਾਵੇਗਾ। (ਯਸਾ. 13:19, 20) ਬਿਲਕੁਲ ਇਸੇ ਤਰ੍ਹਾਂ ਹੋਇਆ! 539 ਈਸਵੀ ਪੂਰਵ ਵਿਚ ਮਾਦੀ-ਫਾਰਸੀਆਂ ਨੇ ਇਸ ਵਿਸ਼ਾਲ ਸ਼ਹਿਰ ਦਾ ਨਾਸ਼ ਕਰ ਕੇ ਇਸ ਨੂੰ ਪੱਥਰਾਂ ਦਾ ਢੇਰ ਬਣਾ ਦਿੱਤਾ।—ਫ਼ੋਨ ਜਾਂ ਟੈਬਲੇਟ ʼਤੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦੇ ਪਾਠ 3 ਵਿਚ ਨੁਕਤਾ 5 ਵਿਚ ਬਾਬਲ ਦੇ ਨਾਸ਼ ਦੀ ਭਵਿੱਖਬਾਣੀ ਨਾਂ ਦੀ ਵੀਡੀਓ ਦੇਖੋ।
11. ਦੱਸੋ ਕਿ ਦਾਨੀਏਲ 2:41-43 ਵਿਚ ਲਿਖੀ ਭਵਿੱਖਬਾਣੀ ਕਿਵੇਂ ਪੂਰੀ ਹੋ ਰਹੀ ਹੈ?
11 ਬਾਈਬਲ ਦੀਆਂ ਭਵਿੱਖਬਾਣੀਆਂ ਸਿਰਫ਼ ਬੀਤੇ ਸਮੇਂ ਵਿਚ ਹੀ ਪੂਰੀਆਂ ਨਹੀਂ ਹੋਈਆਂ, ਸਗੋਂ ਅੱਜ ਵੀ ਪੂਰੀਆਂ ਹੋ ਰਹੀਆਂ ਹਨ। ਉਦਾਹਰਣ ਲਈ, ਜ਼ਰਾ ਦਾਨੀਏਲ ਦੁਆਰਾ ਐਂਗਲੋ-ਅਮਰੀਕੀ ਵਿਸ਼ਵ-ਸ਼ਕਤੀ ਬਾਰੇ ਕੀਤੀ ਭਵਿੱਖਬਾਣੀ ʼਤੇ ਗੌਰ ਕਰੋ। (ਦਾਨੀਏਲ 2:41-43 ਪੜ੍ਹੋ।) ਇਸ ਭਵਿੱਖਬਾਣੀ ਵਿਚ ਸਿਰਫ਼ ਇਹ ਨਹੀਂ ਦੱਸਿਆ ਗਿਆ ਸੀ ਕਿ ਦੋ ਸ਼ਕਤੀਆਂ ਮਿਲ ਕੇ ਰਾਜ ਕਰਨਗੀਆਂ, ਸਗੋਂ ਇਹ ਵੀ ਸਹੀ-ਸਹੀ ਦੱਸਿਆ ਗਿਆ ਕਿ ਇਹ ਰਾਜ ਲੋਹੇ ਵਾਂਗ “ਮਜ਼ਬੂਤ” ਅਤੇ ਮਿੱਟੀ ਵਾਂਗ “ਕਮਜ਼ੋਰ” ਹੋਵੇਗਾ। ਇਹ ਭਵਿੱਖਬਾਣੀ ਸੱਚ ਸਾਬਤ ਹੋ ਰਹੀ ਹੈ। ਬ੍ਰਿਟੇਨ ਅਤੇ ਅਮਰੀਕਾ ਦਾ ਰਾਜ ਲੋਹੇ ਵਾਂਗ ਮਜ਼ਬੂਤ ਹੈ। ਇਨ੍ਹਾਂ ਨੇ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਇਨ੍ਹਾਂ ਦੀ ਜਿੱਤ ਹੋਈ। ਨਾਲੇ ਇਨ੍ਹਾਂ ਕੋਲ ਤਾਕਤਵਰ ਫ਼ੌਜ ਹੈ। ਪਰ ਇਨ੍ਹਾਂ ਦੇਸ਼ਾਂ ਦੇ ਲੋਕ ਇਸ ਵਿਸ਼ਵ-ਸ਼ਕਤੀ ਨੂੰ ਕਮਜ਼ੋਰ ਕਰਦੇ ਹਨ। ਉਹ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਲਈ ਮਜ਼ਦੂਰ ਯੂਨੀਅਨਾਂ ਬਣਾਉਂਦੇ ਹਨ, ਆਪਣੇ ਹੱਕਾਂ ਲਈ ਲੜਦੇ ਹਨ ਅਤੇ ਸਰਕਾਰਾਂ ਖ਼ਿਲਾਫ਼ ਰੈਲੀਆਂ ਕੱਢਦੇ ਹਨ। ਦੁਨੀਆਂ ਦੀ ਰਾਜਨੀਤੀ ਦੇ ਇਕ ਮਾਹਰ ਨੇ ਕਿਹਾ: “ਦੁਨੀਆਂ ਦੇ ਆਧੁਨਿਕ ਲੋਕਤੰਤਰੀ ਦੇਸ਼ਾਂ ਵਿੱਚੋਂ ਅਮਰੀਕਾ ਇਕ ਅਜਿਹਾ ਦੇਸ਼ ਹੈ ਜਿਸ ਵਿਚ ਰਾਜਨੀਤਿਕ ਮਾਮਲਿਆਂ ਨੂੰ ਲੈ ਕੇ ਲੋਕਾਂ ਵਿਚ ਸਭ ਤੋਂ ਜ਼ਿਆਦਾ ਵੰਡ ਪਈ ਹੋਈ ਹੈ। ਇਸ ਕਰਕੇ ਇਸ ਦੇਸ਼ ਦੀ ਸਰਕਾਰ ਆਪਣੀਆਂ ਨੀਤੀਆਂ ਨੂੰ ਚੰਗੀ ਤਰ੍ਹਾਂ ਲਾਗੂ ਨਹੀਂ ਕਰ ਪਾਉਂਦੀ।” ਹਾਲ ਹੀ ਦੇ ਸਾਲਾਂ ਵਿਚ ਇਸ ਵਿਸ਼ਵ-ਸ਼ਕਤੀ ਦੇ ਦੂਜੇ ਹਿੱਸੇ ਬ੍ਰਿਟੇਨ ਦੇ ਲੋਕਾਂ ਦੀ ਖ਼ਾਸ ਕਰਕੇ ਵੱਖੋ-ਵੱਖਰੀ ਰਾਇ ਹੈ ਕਿ ਬ੍ਰਿਟੇਨ ਨੂੰ ਯੂਰਪੀ ਸੰਘ ਵਿਚ ਸ਼ਾਮਲ ਦੇਸ਼ਾਂ ਨਾਲ ਸੰਬੰਧ ਰੱਖਣੇ ਚਾਹੀਦੇ ਹਨ ਜਾਂ ਨਹੀਂ। ਇਸ ਕਰਕੇ ਐਂਗਲੋ-ਅਮਰੀਕੀ ਵਿਸ਼ਵ-ਸ਼ਕਤੀ ਆਪਣੀ ਤਾਕਤ ਨੂੰ ਚੰਗੀ ਤਰ੍ਹਾਂ ਵਰਤ ਨਹੀਂ ਪਾਉਂਦੀ।
12. ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਸਾਡਾ ਕਿਹੜੀ ਗੱਲ ʼਤੇ ਭਰੋਸਾ ਪੱਕਾ ਹੁੰਦਾ ਹੈ?
12 ਬਾਈਬਲ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ। ਇਸ ਕਰਕੇ ਸਾਡਾ ਭਰੋਸਾ ਵਧਦਾ ਹੈ ਕਿ ਪਰਮੇਸ਼ੁਰ ਨੇ ਭਵਿੱਖ ਲਈ ਜੋ ਵਾਅਦੇ ਕੀਤੇ ਹਨ, ਉਹ ਵੀ ਜ਼ਰੂਰ ਪੂਰੇ ਹੋਣਗੇ। ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਦੇ ਹਾਂ, ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਿਹਾ: “ਮੈਂ ਤੇਰੇ ਰਾਹੀਂ ਮੁਕਤੀ ਪਾਉਣ ਲਈ ਤਰਸਦਾ ਹਾਂ, ਮੈਂ ਤੇਰੇ ਬਚਨ ʼਤੇ ਉਮੀਦ ਲਾਈ ਹੈ।” (ਜ਼ਬੂ. 119:81) ਯਹੋਵਾਹ ਨੇ ਆਪਣੇ ਬਚਨ ਬਾਈਬਲ ਰਾਹੀਂ ਸਾਨੂੰ “ਚੰਗਾ ਭਵਿੱਖ ਅਤੇ ਉਮੀਦ” ਦਿੱਤੀ ਹੈ। (ਯਿਰ. 29:11) ਸਾਡਾ ਭਵਿੱਖ ਇਨਸਾਨਾਂ ਦੇ ਕੰਮਾਂ ʼਤੇ ਨਹੀਂ, ਸਗੋਂ ਪਰਮੇਸ਼ੁਰ ਦੇ ਵਾਅਦਿਆਂ ʼਤੇ ਨਿਰਭਰ ਕਰਦਾ ਹੈ। ਆਓ ਆਪਾਂ ਬਾਈਬਲ ਵਿਚ ਲਿਖੀਆਂ ਭਵਿੱਖਬਾਣੀਆਂ ਦਾ ਚੰਗੀ ਤਰ੍ਹਾਂ ਅਧਿਐਨ ਕਰ ਕੇ ਪਰਮੇਸ਼ੁਰ ਦੇ ਬਚਨ ʼਤੇ ਆਪਣਾ ਭਰੋਸਾ ਪੱਕਾ ਕਰਦੇ ਰਹੀਏ।
ਬਾਈਬਲ ਦੀ ਸਲਾਹ ਤੋਂ ਲੱਖਾਂ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ
13. ਜ਼ਬੂਰ 119:66, 138 ਮੁਤਾਬਕ ਬਾਈਬਲ ʼਤੇ ਭਰੋਸਾ ਕਰਨ ਦਾ ਇਕ ਹੋਰ ਕਿਹੜਾ ਕਾਰਨ ਹੈ?
13 ਬਾਈਬਲ ʼਤੇ ਭਰੋਸਾ ਕਰਨ ਦਾ ਇਕ ਹੋਰ ਕਾਰਨ ਹੈ ਕਿ ਬਾਈਬਲ ਵਿਚ ਦਿੱਤੀ ਸਲਾਹ ਨੂੰ ਲਾਗੂ ਕਰ ਕੇ ਬਹੁਤ ਸਾਰੇ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ। (ਜ਼ਬੂਰ 119:66, 138 ਪੜ੍ਹੋ।) ਉਦਾਹਰਣ ਲਈ, ਜਿਹੜੇ ਵਿਆਹੇ ਜੋੜੇ ਤਲਾਕ ਲੈਣ ਵਾਲੇ ਸਨ, ਉਨ੍ਹਾਂ ਨੇ ਬਾਈਬਲ ਦੀਆਂ ਸਲਾਹਾਂ ਲਾਗੂ ਕਰ ਕੇ ਆਪਣਾ ਵਿਆਹੁਤਾ ਰਿਸ਼ਤਾ ਵਧੀਆ ਬਣਾਇਆ ਹੈ। ਨਾਲੇ ਉਹ ਚੰਗੇ ਮਾਪੇ ਬਣ ਕੇ ਆਪਣੇ ਬੱਚਿਆਂ ਦੀ ਪਿਆਰ ਨਾਲ ਪਰਵਰਿਸ਼ ਕਰਦੇ ਹਨ ਅਤੇ ਬੱਚੇ ਇਸ ਪਿਆਰ ਭਰੇ ਮਾਹੌਲ ਵਿਚ ਸੁਰੱਖਿਅਤ ਮਹਿਸੂਸ ਕਰਦੇ ਹਨ।—ਅਫ਼. 5:22-29.
14. ਉਦਾਹਰਣ ਦੇ ਕੇ ਸਮਝਾਓ ਕਿ ਬਾਈਬਲ ਦੀਆਂ ਸਲਾਹਾਂ ਨੂੰ ਮੰਨ ਕੇ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਹੈ।
14 ਬਾਈਬਲ ਵਿਚ ਦਿੱਤੀਆਂ ਚੰਗੀਆਂ ਸਲਾਹਾਂ ਨੂੰ ਲਾਗੂ ਕਰ ਕੇ ਖ਼ਤਰਨਾਕ ਅਪਰਾਧੀ ਵੀ ਖ਼ੁਦ ਨੂੰ ਬਦਲ ਸਕੇ ਹਨ। ਗੌਰ ਕਰੋ ਕਿ ਜ਼ੈਕ ਨਾਂ ਦੇ ਅਪਰਾਧੀ ਨਾਲ ਕੀ ਹੋਇਆ। d ਉਹ ਬਹੁਤ ਹੀ ਜ਼ਾਲਮ ਸੀ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਪਰ ਇਕ ਦਿਨ ਜਦੋਂ ਜੇਲ੍ਹ ਵਿਚ ਭਰਾ ਕਿਸੇ ਨੂੰ ਬਾਈਬਲ ਸਟੱਡੀ ਕਰਵਾ ਰਹੇ ਸਨ, ਤਾਂ ਜ਼ੈਕ ਵੀ ਉਨ੍ਹਾਂ ਕੋਲ ਆ ਕੇ ਬੈਠ ਗਿਆ। ਭਰਾ ਸਟੱਡੀ ਦੌਰਾਨ ਜਿਸ ਤਰੀਕੇ ਨਾਲ ਪਿਆਰ ਅਤੇ ਪਰਵਾਹ ਦਿਖਾ ਰਹੇ ਸਨ, ਉਹ ਗੱਲ ਉਸ ਦੇ ਦਿਲ ਨੂੰ ਛੂਹ ਗਈ। ਇਸ ਲਈ ਉਸ ਨੇ ਵੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਜਿੱਦਾਂ-ਜਿੱਦਾਂ ਉਸ ਨੇ ਬਾਈਬਲ ਦੀਆਂ ਸੱਚਾਈਆਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਸ਼ੁਰੂ ਕੀਤਾ, ਉੱਦਾਂ-ਉੱਦਾਂ ਉਸ ਦਾ ਚਾਲ-ਚਲਣ ਅਤੇ ਰਵੱਈਆ ਬਦਲਦਾ ਗਿਆ। ਕੁਝ ਸਮੇਂ ਬਾਅਦ ਉਹ ਪ੍ਰਚਾਰਕ ਬਣ ਗਿਆ ਅਤੇ ਫਿਰ ਉਸ ਨੇ ਬਪਤਿਸਮਾ ਲੈ ਲਿਆ। ਉਸ ਨੇ ਬੜੇ ਜੋਸ਼ ਨਾਲ ਹੋਰ ਕੈਦੀਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਉਸ ਨੇ ਘੱਟੋ-ਘੱਟ ਚਾਰ ਲੋਕਾਂ ਨੂੰ ਬਾਈਬਲ ਸਟੱਡੀ ਕਰਾਈ। ਜਿਸ ਦਿਨ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ, ਉਸ ਦਿਨ ਤਕ ਜ਼ੈਕ ਪੂਰੀ ਤਰ੍ਹਾਂ ਬਦਲ ਕੇ ਚੰਗਾ ਇਨਸਾਨ ਬਣ ਗਿਆ ਸੀ। ਉਸ ਦੀ ਇਕ ਵਕੀਲ ਨੇ ਕਿਹਾ: “ਮੈਂ 20 ਸਾਲਾਂ ਤੋਂ ਜਿਸ ਜ਼ੈਕ ਨੂੰ ਜਾਣਦੀ ਸੀ, ਹੁਣ ਉਹ ਪੂਰੀ ਤਰ੍ਹਾਂ ਬਦਲ ਗਿਆ ਹੈ। ਯਹੋਵਾਹ ਦੇ ਗਵਾਹਾਂ ਨੇ ਜ਼ੈਕ ਨੂੰ ਜੋ ਗੱਲਾਂ ਸਿਖਾਈਆਂ, ਉਨ੍ਹਾਂ ਕਰਕੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ।” ਚਾਹੇ ਸਜ਼ਾ ਮੁਤਾਬਕ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਪਰ ਉਸ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਬਚਨ ਵਿਚ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲਣ ਦੀ ਤਾਕਤ ਹੈ। ਇਸ ਲਈ ਅਸੀਂ ਪਰਮੇਸ਼ੁਰ ਦੇ ਬਚਨ ʼਤੇ ਪੂਰਾ ਭਰੋਸਾ ਕਰ ਸਕਦੇ ਹਾਂ।—ਯਸਾ. 11:6-9.
15. ਬਾਈਬਲ ਦੀਆਂ ਸੱਚਾਈਆਂ ਮੰਨਣ ਕਰਕੇ ਯਹੋਵਾਹ ਦੇ ਗਵਾਹ ਦੁਨੀਆਂ ਦੇ ਲੋਕਾਂ ਤੋਂ ਵੱਖਰੇ ਕਿਵੇਂ ਹਨ? (ਤਸਵੀਰ ਦੇਖੋ।)
15 ਬਾਈਬਲ ਦੀਆਂ ਸੱਚਾਈਆਂ ਲਾਗੂ ਕਰਨ ਕਰਕੇ ਯਹੋਵਾਹ ਦੇ ਲੋਕਾਂ ਵਿਚ ਏਕਤਾ ਹੈ। (ਯੂਹੰ. 13:35; 1 ਕੁਰਿੰ. 1:10) ਦੁਨੀਆਂ ਵਿਚ ਜਿੱਥੇ ਲੋਕ ਰਾਜਨੀਤਿਕ, ਜਾਤੀਵਾਦ ਜਾਂ ਅਮੀਰੀ-ਗ਼ਰੀਬੀ ਕਰਕੇ ਵੰਡੇ ਹੋਏ ਹਨ, ਉੱਥੇ ਯਹੋਵਾਹ ਦੇ ਲੋਕਾਂ ਵਿਚ ਕਮਾਲ ਦੀ ਏਕਤਾ ਅਤੇ ਸ਼ਾਂਤੀ ਹੈ। ਜ਼ਰਾ ਜੌਨ ਦੀ ਉਦਾਹਰਣ ʼਤੇ ਗੌਰ ਕਰੋ। ਉਸ ਦੀ ਪਰਵਰਿਸ਼ ਅਫ਼ਰੀਕਾ ਵਿਚ ਹੋਈ। ਯਹੋਵਾਹ ਦੇ ਗਵਾਹਾਂ ਵਿਚ ਕਮਾਲ ਦੀ ਏਕਤਾ ਉਸ ਦੇ ਦਿਲ ਨੂੰ ਛੂਹ ਗਈ। ਜਦੋਂ ਅਫ਼ਰੀਕਾ ਵਿਚ ਯੁੱਧ ਸ਼ੁਰੂ ਹੋਇਆ, ਤਾਂ ਉਹ ਫ਼ੌਜ ਵਿਚ ਭਰਤੀ ਹੋ ਗਿਆ। ਪਰ ਉਹ ਗੁਆਂਢੀ ਦੇਸ਼ ਵਿਚ ਭੱਜ ਗਿਆ। ਉਸ ਦੇਸ਼ ਵਿਚ ਉਸ ਨੂੰ ਯਹੋਵਾਹ ਦੇ ਗਵਾਹ ਮਿਲੇ। ਉਹ ਦੱਸਦਾ ਹੈ: “ਮੈਂ ਸਿੱਖਿਆ ਸੀ ਕਿ ਸੱਚੇ ਧਰਮ ਦੇ ਲੋਕ ਰਾਜਨੀਤੀ ਵਿਚ ਹਿੱਸਾ ਨਹੀਂ ਲੈਂਦੇ ਅਤੇ ਨਾ ਹੀ ਉਨ੍ਹਾਂ ਵਿਚ ਮੱਤ-ਭੇਦ ਹੁੰਦੇ ਹਨ। ਇਸ ਦੀ ਬਜਾਇ, ਉਹ ਇਕ-ਦੂਜੇ ਨੂੰ ਪਿਆਰ ਕਰਦੇ ਹਨ।” ਉਹ ਅੱਗੇ ਦੱਸਦਾ ਹੈ: “ਮੈਂ ਆਪਣੀ ਜ਼ਿੰਦਗੀ ਦੇਸ਼ ਦੇ ਨਾਂ ਕੀਤੀ ਸੀ। ਪਰ ਜਦੋਂ ਮੈਂ ਬਾਈਬਲ ਵਿੱਚੋਂ ਸਿੱਖਣਾ ਸ਼ੁਰੂ ਕੀਤਾ, ਤਾਂ ਮੈਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ।” ਜੌਨ ਪੂਰੀ ਤਰ੍ਹਾਂ ਬਦਲ ਗਿਆ। ਹੁਣ ਉਹ ਹੋਰ ਪਿਛੋਕੜ ਦੇ ਲੋਕਾਂ ਨਾਲ ਲੜਨ ਦੀ ਬਜਾਇ ਉਨ੍ਹਾਂ ਨੂੰ ਬਾਈਬਲ ਦੀਆਂ ਸੱਚਾਈਆਂ ਦੱਸਦਾ ਹੈ। ਦਰਅਸਲ, ਅਲੱਗ-ਅਲੱਗ ਪਿਛੋਕੜ ਦੇ ਲੋਕਾਂ ਨੇ ਬਾਈਬਲ ਦੀਆਂ ਸੱਚਾਈਆਂ ਲਾਗੂ ਕਰ ਕੇ ਆਪਣੀ ਜ਼ਿੰਦਗੀ ਬਦਲੀ ਹੈ। ਇਸ ਸਭ ਤੋਂ ਸਾਨੂੰ ਸਬੂਤ ਮਿਲਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ʼਤੇ ਭਰੋਸਾ ਕਰ ਸਕਦੇ ਹਾਂ।
ਪਰਮੇਸ਼ੁਰ ਦੇ ਬਚਨ ʼਤੇ ਭਰੋਸਾ ਕਰਦੇ ਰਹੋ
16. ਸਾਨੂੰ ਪਰਮੇਸ਼ੁਰ ਦੇ ਬਚਨ ʼਤੇ ਆਪਣਾ ਭਰੋਸਾ ਕਿਉਂ ਪੱਕਾ ਕਰਨਾ ਚਾਹੀਦਾ ਹੈ?
16 ਦੁਨੀਆਂ ਬੁਰੀ ਤੋਂ ਬੁਰੀ ਹੁੰਦੀ ਜਾ ਰਹੀ ਹੈ, ਇਸ ਕਰਕੇ ਪਰਮੇਸ਼ੁਰ ਦੇ ਬਚਨ ʼਤੇ ਸਾਡੇ ਭਰੋਸੇ ਦੀ ਹੋਰ ਵੀ ਜ਼ਿਆਦਾ ਪਰਖ ਹੋਵੇਗੀ। ਲੋਕ ਸਾਡੇ ਦਿਲ ਵਿਚ ਸ਼ਾਇਦ ਇਹ ਸ਼ੱਕ ਪੈਦਾ ਕਰਨ ਕਿ ਬਾਈਬਲ ਸੱਚੀ ਵੀ ਹੈ ਜਾਂ ਨਹੀਂ। ਜਾਂ ਫਿਰ ਉਹ ਇਹ ਸ਼ੱਕ ਪੈਦਾ ਕਰਨ ਕਿ ਯਹੋਵਾਹ ਸੱਚ-ਮੁੱਚ ਵਫ਼ਾਦਾਰ ਅਤੇ ਸਮਝਦਾਰ ਨੌਕਰ ਰਾਹੀਂ ਸਾਡੀ ਅਗਵਾਈ ਕਰ ਰਿਹਾ ਹੈ ਜਾਂ ਨਹੀਂ। ਜੇ ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਦਾ ਬਚਨ ਸੱਚਾ ਹੈ, ਤਾਂ ਅਸੀਂ ਅਜਿਹੇ ਹਾਲਾਤਾਂ ਵਿਚ ਡੋਲਾਂਗੇ ਨਹੀਂ। ਅਸੀਂ ‘ਸਾਰੀ ਜ਼ਿੰਦਗੀ [ਯਹੋਵਾਹ ਦੇ] ਨਿਯਮਾਂ ਦੀ ਪਾਲਣਾ ਕਰਨ ਅਤੇ ਮਰਨ ਤਕ ਇਸ ਤਰ੍ਹਾਂ ਕਰਨ ਦਾ ਪੱਕਾ ਇਰਾਦਾ ਕੀਤਾ ਹੈ।’ (ਜ਼ਬੂ. 119:112) ਅਸੀਂ ਦੂਜਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਦੱਸਣ ਅਤੇ ਇਸ ਮੁਤਾਬਕ ਚੱਲਣ ਦੀ ਹੱਲਾਸ਼ੇਰੀ ਦੇਣ ਵਿਚ “ਸ਼ਰਮਿੰਦਾ ਮਹਿਸੂਸ” ਨਹੀਂ ਕਰਾਂਗੇ। (ਜ਼ਬੂ. 119:46) ਅਸੀਂ ਵੱਡੀਆਂ-ਵੱਡੀਆਂ ਮੁਸ਼ਕਲਾਂ, ਇੱਥੋਂ ਤਕ ਜ਼ੁਲਮਾਂ ਨੂੰ ਵੀ “ਧੀਰਜ ਅਤੇ ਖ਼ੁਸ਼ੀ ਨਾਲ” ਸਹਿ ਸਕਾਂਗੇ।—ਕੁਲੁ. 1:11; ਜ਼ਬੂ. 119:143, 157.
17. ਸਾਲ 2023 ਲਈ ਬਾਈਬਲ ਦਾ ਹਵਾਲਾ ਕਿਹੜੀ ਗੱਲ ʼਤੇ ਸਾਡਾ ਭਰੋਸਾ ਪੱਕਾ ਕਰਦਾ ਹੈ?
17 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਸਾਨੂੰ ਸੱਚਾਈ ਸਿੱਖਣ ਦਾ ਮੌਕਾ ਦਿੱਤਾ ਹੈ। ਅੱਜ ਦੁਨੀਆਂ ਦੇ ਲੋਕ ਉਲਝਣ ਵਿਚ ਪਏ ਹੋਏ ਹਨ ਅਤੇ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਸ ʼਤੇ ਭਰੋਸਾ ਕਰਨ। ਪਰ ਸੱਚਾਈ ਜਾਣਨ ਕਰਕੇ ਅਸੀਂ ਸ਼ਾਂਤ ਰਹਿ ਪਾਉਂਦੇ ਹਾਂ ਅਤੇ ਅਸੀਂ ਕਦੇ ਡਾਵਾਂ-ਡੋਲ ਨਹੀਂ ਹੁੰਦੇ। ਨਾਲੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਜ਼ਿੰਦਗੀ ਕਿਵੇਂ ਜੀਉਣੀ ਹੈ। ਇਸ ਕਰਕੇ ਸਾਨੂੰ ਇਹ ਉਮੀਦ ਵੀ ਮਿਲਦੀ ਹੈ ਕਿ ਪਰਮੇਸ਼ੁਰ ਦੇ ਰਾਜ ਅਧੀਨ ਸਾਡਾ ਭਵਿੱਖ ਬਹੁਤ ਵਧੀਆ ਹੋਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ਸਾਲ 2023 ਲਈ ਬਾਈਬਲ ਦਾ ਹਵਾਲਾ ਇਸ ਗੱਲ ʼਤੇ ਸਾਡਾ ਭਰੋਸਾ ਪੱਕਾ ਰੱਖੇ ਕਿ ਪਰਮੇਸ਼ੁਰ ਦਾ ਬਚਨ ਸੱਚਾਈ ਹੀ ਹੈ!—ਜ਼ਬੂ. 119:160.
ਗੀਤ 98 ਪਰਮੇਸ਼ੁਰ ਦਾ ਬਚਨ
a ਸਾਲ 2023 ਲਈ ਬਾਈਬਲ ਦਾ ਹਵਾਲਾ ਹੈ: “ਤੇਰਾ ਬਚਨ ਸੱਚਾਈ ਹੀ ਹੈ।” (ਜ਼ਬੂ. 119:160) ਇਸ ਹਵਾਲੇ ਨੂੰ ਪੜ੍ਹ ਕੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਬਿਨਾਂ ਸ਼ੱਕ, ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਣੇ। ਪਰ ਬਹੁਤ ਸਾਰੇ ਲੋਕ ਇਹ ਨਹੀਂ ਮੰਨਦੇ ਕਿ ਬਾਈਬਲ ਸੱਚੀ ਹੈ ਅਤੇ ਇਸ ਵਿੱਚੋਂ ਸਾਨੂੰ ਕੋਈ ਵਧੀਆ ਸਲਾਹ ਮਿਲ ਸਕਦੀ ਹੈ। ਇਸ ਲੇਖ ਵਿਚ ਅਸੀਂ ਤਿੰਨ ਗੱਲਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਰਾਹੀਂ ਅਸੀਂ ਨੇਕਦਿਲ ਲੋਕਾਂ ਦੀ ਬਾਈਬਲ ਅਤੇ ਇਸ ਵਿਚ ਦਿੱਤੀਆਂ ਸਲਾਹਾਂ ʼਤੇ ਯਕੀਨ ਕਰਨ ਵਿਚ ਮਦਦ ਕਰ ਸਕਦੇ ਹਾਂ।
b ਇਬਰਾਨੀ ਭਾਸ਼ਾ ਮੁਤਾਬਕ ਇਸ ਆਇਤ ਦਾ ਅਨੁਵਾਦ ਇੱਦਾਂ ਵੀ ਕੀਤਾ ਜਾ ਸਕਦਾ ਹੈ: “ਤੇਰਾ ਪੂਰਾ ਬਚਨ ਸੱਚਾਈ ਹੀ ਹੈ।”
c ਬਾਈਬਲ ਨੂੰ ਸੁਰੱਖਿਅਤ ਰੱਖਣ ਲਈ ਹੋਰ ਕੀ-ਕੀ ਕੀਤਾ ਗਿਆ, ਇਹ ਜਾਣਨ ਲਈ jw.org/pa ਵੈੱਬਸਾਈਟ ʼਤੇ ਜਾਓ ਅਤੇ ਲੱਭੋ ਬਾਕਸ ਵਿਚ “ਇਤਿਹਾਸ ਅਤੇ ਬਾਈਬਲ” ਟਾਈਪ ਕਰੋ।
d ਕੁਝ ਨਾਂ ਬਦਲੇ ਗਏ ਹਨ।