Skip to content

Skip to table of contents

ਅਧਿਐਨ ਲੇਖ 5

“ਮਸੀਹ ਦਾ ਪਿਆਰ ਸਾਨੂੰ ਪ੍ਰੇਰਦਾ ਹੈ”

“ਮਸੀਹ ਦਾ ਪਿਆਰ ਸਾਨੂੰ ਪ੍ਰੇਰਦਾ ਹੈ”

“ਮਸੀਹ ਦਾ ਪਿਆਰ ਸਾਨੂੰ ਪ੍ਰੇਰਦਾ ਹੈ . . . ਤਾਂਕਿ ਜਿਹੜੇ ਜੀ ਰਹੇ ਹਨ, ਉਹ ਅੱਗੇ ਤੋਂ ਆਪਣੇ ਲਈ ਨਾ ਜੀਉਣ।”’​—2 ਕੁਰਿੰ. 5:14, 15.

ਗੀਤ 13 ਮਸੀਹ, ਸਾਡੀ ਮਿਸਾਲ

ਖ਼ਾਸ ਗੱਲਾਂ a

1-2. (ੳ) ਜਦੋਂ ਅਸੀਂ ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਬਾਰੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਨੂੰ ਕਿੱਦਾਂ ਲੱਗਦਾ ਹੈ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

 ਜਦੋਂ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਂਦੀ ਹੈ, ਤਾਂ ਸਾਨੂੰ ਉਸ ਦੀਆਂ ਯਾਦਾਂ ਬਹੁਤ ਸਤਾਉਂਦੀਆਂ ਹਨ! ਸ਼ੁਰੂ-ਸ਼ੁਰੂ ਵਿਚ ਅਸੀਂ ਸ਼ਾਇਦ ਉਨ੍ਹਾਂ ਪਲਾਂ ਨੂੰ ਯਾਦ ਕਰ ਕੇ ਬਹੁਤ ਦੁਖੀ ਹੁੰਦੇ ਹਾਂ ਜੋ ਅਸੀਂ ਉਸ ਦੀ ਮੌਤ ਤੋਂ ਪਹਿਲਾਂ ਉਸ ਨਾਲ ਬਿਤਾਏ ਹੁੰਦੇ ਹਨ। ਖ਼ਾਸ ਕਰਕੇ ਸਾਨੂੰ ਉਦੋਂ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਜਦੋਂ ਉਸ ਦੀ ਮੌਤ ਬਹੁਤ ਦੁੱਖ ਝੱਲ ਕੇ ਹੋਈ ਹੁੰਦੀ ਹੈ। ਸਮੇਂ ਦੇ ਬੀਤਣ ਨਾਲ ਉਸ ਦੀਆਂ ਕੁਝ ਮਿੱਠੀਆਂ ਯਾਦਾਂ ਬਾਰੇ ਸੋਚ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ। ਸ਼ਾਇਦ ਸਾਨੂੰ ਉਸ ਦੀਆਂ ਕਹੀਆਂ ਗੱਲਾਂ ਯਾਦ ਆਉਣ ਜਾਂ ਉਹ ਕੰਮ ਯਾਦ ਆਉਣ ਜੋ ਉਸ ਨੇ ਸਾਨੂੰ ਹੌਸਲਾ ਦੇਣ ਲਈ ਜਾਂ ਸਾਡੇ ਚਿਹਰੇ ʼਤੇ ਮੁਸਕਰਾਹਟ ਲਿਆਉਣ ਲਈ ਕੀਤੇ ਸਨ।

2 ਬਿਲਕੁਲ ਇਸੇ ਤਰ੍ਹਾਂ ਜਦੋਂ ਅਸੀਂ ਪੜ੍ਹਦੇ ਹਾਂ ਕਿ ਯਿਸੂ ਦੀ ਮੌਤ ਕਿੰਨੇ ਦੁੱਖ ਝੱਲ ਕੇ ਹੋਈ, ਤਾਂ ਸਾਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ। ਪਰ ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਯਿਸੂ ਨੇ ਧਰਤੀ ʼਤੇ ਹੁੰਦਿਆਂ ਕੀ ਕੁਝ ਕਿਹਾ ਤੇ ਕੀਤਾ, ਤਾਂ ਸਾਨੂੰ ਬਹੁਤ ਜ਼ਿਆਦਾ ਖ਼ੁਸ਼ੀ ਵੀ ਮਿਲਦੀ ਹੈ। ਖ਼ਾਸ ਕਰਕੇ ਸਾਨੂੰ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਰਿਹਾਈ ਦੀ ਕੀਮਤ ਦੀ ਅਹਿਮੀਅਤ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। (1 ਕੁਰਿੰ. 11:24, 25) ਜਦੋਂ ਅਸੀਂ ਇਸ ਗੱਲ ʼਤੇ ਵੀ ਸੋਚ-ਵਿਚਾਰ ਕਰਦੇ ਹਾਂ ਕਿ ਯਿਸੂ ਅੱਜ ਕੀ ਕਰ ਰਿਹਾ ਹੈ ਅਤੇ ਉਹ ਭਵਿੱਖ ਵਿਚ ਸਾਡੇ ਲਈ ਕੀ ਕਰੇਗਾ, ਤਾਂ ਸਾਨੂੰ ਬਹੁਤ ਹੌਸਲਾ ਮਿਲਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਉੱਤੇ ਅਤੇ ਸਾਡੇ ਲਈ ਯਿਸੂ ਦੇ ਪਿਆਰ ʼਤੇ ਗੌਰ ਕਰ ਕੇ ਅਸੀਂ ਸ਼ੁਕਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਹੁੰਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ।

ਸ਼ੁਕਰਗੁਜ਼ਾਰ ਹੋਣ ਕਰਕੇ ਅਸੀਂ ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲਦੇ ਰਹਿੰਦੇ ਹਾਂ

3. ਸਾਡੇ ਕੋਲ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰੀ ਦਿਖਾਉਣ ਦੇ ਕਿਹੜੇ ਕਾਰਨ ਹਨ?

3 ਯਿਸੂ ਦੀ ਜ਼ਿੰਦਗੀ ਅਤੇ ਮੌਤ ʼਤੇ ਸੋਚ-ਵਿਚਾਰ ਕਰ ਕੇ ਸਾਡੇ ਦਿਲ ਸ਼ੁਕਰਗੁਜ਼ਾਰੀ ਨਾਲ ਭਰ ਜਾਂਦੇ ਹਨ। ਧਰਤੀ ʼਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਸਿਖਾਇਆ। ਅਸੀਂ ਬਾਈਬਲ ਦੀਆਂ ਇਨ੍ਹਾਂ ਸੱਚਾਈਆਂ ਦੀ ਦਿਲੋਂ ਕਦਰ ਕਰਦੇ ਹਾਂ। ਅਸੀਂ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਸ ਕਰਕੇ ਯਹੋਵਾਹ ਅਤੇ ਯਿਸੂ ਨਾਲ ਰਿਸ਼ਤਾ ਜੋੜਨ ਦਾ ਰਾਹ ਖੁੱਲ੍ਹ ਗਿਆ। ਜਿਹੜੇ ਲੋਕ ਯਿਸੂ ʼਤੇ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਨ, ਉਨ੍ਹਾਂ ਕੋਲ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਅਤੇ ਆਪਣੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਮਿਲਣ ਦੀ ਵੀ ਉਮੀਦ ਹੈ। (ਯੂਹੰ. 5:28, 29; ਰੋਮੀ. 6:23) ਅਸੀਂ ਇਨ੍ਹਾਂ ਵਿੱਚੋਂ ਕੋਈ ਵੀ ਬਰਕਤ ਪਾਉਣ ਦੇ ਲਾਇਕ ਨਹੀਂ ਹਾਂ ਅਤੇ ਨਾ ਹੀ ਅਸੀਂ ਇਨ੍ਹਾਂ ਦੇ ਬਦਲੇ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੂੰ ਕੁਝ ਦੇ ਸਕਦੇ ਹਾਂ। (ਰੋਮੀ. 5:8, 20, 21) ਪਰ ਅਸੀਂ ਉਨ੍ਹਾਂ ਨੂੰ ਦਿਲੋਂ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ। ਆਓ ਦੇਖੀਏ ਕਿਵੇਂ।

ਮਰੀਅਮ ਮਗਦਲੀਨੀ ਦੀ ਮਿਸਾਲ ʼਤੇ ਸੋਚ-ਵਿਚਾਰ ਕਰ ਕੇ ਅਸੀਂ ਯਹੋਵਾਹ ਲਈ ਸ਼ੁਕਰਗੁਜ਼ਾਰੀ ਜ਼ਾਹਰ ਕਰਨ ਲਈ ਪ੍ਰੇਰਿਤ ਹੁੰਦੇ ਹਾਂ (ਪੈਰੇ 4-5 ਦੇਖੋ)

4. ਮਰੀਅਮ ਮਗਦਲੀਨੀ ਨੇ ਕਿਵੇਂ ਦਿਖਾਇਆ ਕਿ ਉਹ ਯਿਸੂ ਦੀ ਸ਼ੁਕਰਗੁਜ਼ਾਰ ਸੀ? (ਤਸਵੀਰ ਦੇਖੋ।)

4 ਜ਼ਰਾ ਮਰੀਅਮ ਮਗਦਲੀਨੀ ਦੀ ਮਿਸਾਲ ʼਤੇ ਗੌਰ ਕਰੋ। ਉਹ ਇਕ ਯਹੂਦੀ ਔਰਤ ਸੀ। ਉਸ ਨੂੰ ਸੱਤ ਦੁਸ਼ਟ ਦੂਤ ਚਿੰਬੜੇ ਹੋਏ ਸਨ ਜਿਨ੍ਹਾਂ ਕਰਕੇ ਉਸ ਦਾ ਬਹੁਤ ਮਾੜਾ ਹਾਲ ਸੀ। ਉਸ ਨੂੰ ਜ਼ਰੂਰ ਲੱਗਦਾ ਹੋਣਾ ਕਿ ਉਸ ਦੀ ਕੋਈ ਮਦਦ ਨਹੀਂ ਕਰ ਸਕਦਾ ਸੀ। ਇਸ ਲਈ ਜ਼ਰਾ ਕਲਪਨਾ ਕਰੋ ਕਿ ਜਦੋਂ ਯਿਸੂ ਨੇ ਉਸ ਵਿੱਚੋਂ ਦੁਸ਼ਟ ਦੂਤਾਂ ਨੂੰ ਕੱਢਿਆ, ਤਾਂ ਉਹ ਯਿਸੂ ਦੀ ਕਿੰਨੀ ਸ਼ੁਕਰਗੁਜ਼ਾਰ ਹੋਈ ਹੋਣੀ। ਇਸ ਕਰਕੇ ਉਹ ਵੀ ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲਣ ਲੱਗ ਪਈ ਅਤੇ ਆਪਣਾ ਸਮਾਂ, ਤਾਕਤ ਅਤੇ ਪੈਸਾ ਉਸ ਦੀ ਸੇਵਾ ਵਿਚ ਲਾਉਣ ਲੱਗ ਪਈ। (ਲੂਕਾ 8:1-3) ਚਾਹੇ ਮਰੀਅਮ ਉਸ ਸਭ ਲਈ ਸ਼ੁਕਰਗੁਜ਼ਾਰ ਸੀ ਜੋ ਯਿਸੂ ਨੇ ਉਸ ਲਈ ਕੀਤਾ ਸੀ, ਪਰ ਉਹ ਸ਼ਾਇਦ ਇਹ ਨਹੀਂ ਜਾਣਦੀ ਸੀ ਕਿ ਯਿਸੂ ਇਸ ਤੋਂ ਵੀ ਵੱਧ ਉਸ ਲਈ ਕੁਝ ਕਰਨ ਵਾਲਾ ਸੀ। ਯਿਸੂ ਨੇ ਸਾਰੀ ਮਨੁੱਖਜਾਤੀ ਲਈ ਆਪਣੀ ਜਾਨ ਕੁਰਬਾਨ ਕਰਨੀ ਸੀ “ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ” ਦੇਵੇ, ਉਹ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਪਾਵੇ। (ਯੂਹੰ. 3:16) ਮਰੀਅਮ ਮਗਦਲੀਨੀ ਨੇ ਯਿਸੂ ਪ੍ਰਤੀ ਵਫ਼ਾਦਾਰ ਰਹਿ ਕੇ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕੀਤੀ। ਜਦੋਂ ਯਿਸੂ ਨੂੰ ਤਸੀਹੇ ਦੀ ਸੂਲ਼ੀ ʼਤੇ ਟੰਗਿਆ ਗਿਆ ਸੀ ਅਤੇ ਉਹ ਬਹੁਤ ਦਰਦ ਵਿਚ ਸੀ, ਤਾਂ ਮਰੀਅਮ ਉੱਥੇ ਹੀ ਸੀ ਕਿਉਂਕਿ ਉਸ ਨੂੰ ਯਿਸੂ ਦੀ ਪਰਵਾਹ ਸੀ ਅਤੇ ਉਹ ਉੱਥੇ ਖੜ੍ਹੇ ਹੋਰ ਲੋਕਾਂ ਨੂੰ ਹੌਸਲਾ ਦੇਣਾ ਚਾਹੁੰਦੀ ਸੀ। (ਯੂਹੰ. 19:25) ਯਿਸੂ ਦੀ ਮੌਤ ਤੋਂ ਬਾਅਦ ਮਰੀਅਮ ਅਤੇ ਦੋ ਹੋਰ ਔਰਤਾਂ ਮਸਾਲੇ ਲੈ ਕੇ ਉਸ ਦੀ ਕਬਰ ʼਤੇ ਗਈਆਂ ਤਾਂਕਿ ਉਸ ਦੇ ਸਰੀਰ ਨੂੰ ਦਫ਼ਨਾਉਣ ਲਈ ਤਿਆਰ ਕਰ ਸਕਣ। (ਮਰ. 16:1, 2) ਮਰੀਅਮ ਨੂੰ ਆਪਣੀ ਵਫ਼ਾਦਾਰੀ ਦਾ ਬਹੁਤ ਵੱਡਾ ਇਨਾਮ ਮਿਲਿਆ। ਜਦੋਂ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ, ਤਾਂ ਮਰੀਅਮ ਨੂੰ ਉਸ ਨੂੰ ਮਿਲਣ ਅਤੇ ਉਸ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਜਦ ਕਿ ਇਹ ਮੌਕਾ ਯਿਸੂ ਦੇ ਕੁਝ ਹੋਰ ਚੇਲਿਆਂ ਨੂੰ ਨਹੀਂ ਮਿਲਿਆ ਸੀ।​—ਯੂਹੰ. 20:11-18.

5. ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਤੇ ਯਿਸੂ ਦੇ ਸ਼ੁਕਰਗੁਜ਼ਾਰ ਹਾਂ?

5 ਅਸੀਂ ਵੀ ਆਪਣਾ ਸਮਾਂ, ਤਾਕਤ ਅਤੇ ਪੈਸਾ ਯਹੋਵਾਹ ਦੀ ਸੇਵਾ ਵਿਚ ਲਾ ਕੇ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਅਤੇ ਯਿਸੂ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ। ਉਦਾਹਰਣ ਲਈ, ਅਸੀਂ ਯਹੋਵਾਹ ਦੀ ਭਗਤੀ ਨਾਲ ਜੁੜੀਆਂ ਇਮਾਰਤਾਂ ਦੀ ਉਸਾਰੀ ਅਤੇ ਸਾਂਭ-ਸੰਭਾਲ ਕਰਨ ਲਈ ਆਪਣੇ ਆਪ ਨੂੰ ਪੇਸ਼ ਕਰ ਸਕਦੇ ਹਾਂ।

ਯਹੋਵਾਹ ਅਤੇ ਯਿਸੂ ਨਾਲ ਪਿਆਰ ਹੋਣ ਕਰਕੇ ਅਸੀਂ ਦੂਜਿਆਂ ਨੂੰ ਪਿਆਰ ਕਰਦੇ ਹਾਂ

6. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਰਿਹਾਈ ਦੀ ਕੀਮਤ ਹਰੇਕ ਵਿਅਕਤੀ ਲਈ ਇਕ ਅਨਮੋਲ ਤੋਹਫ਼ਾ ਹੈ?

6 ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਤੇ ਯਿਸੂ ਸਾਡੇ ਨਾਲ ਕਿੰਨਾ ਪਿਆਰ ਕਰਦੇ ਹਨ, ਤਾਂ ਅਸੀਂ ਵੀ ਉਨ੍ਹਾਂ ਨੂੰ ਪਿਆਰ ਕਰਨ ਲਈ ਪ੍ਰੇਰਿਤ ਹੁੰਦੇ ਹਾਂ। (1 ਯੂਹੰ. 4:10, 19) ਉਨ੍ਹਾਂ ਲਈ ਸਾਡਾ ਪਿਆਰ ਹੋਰ ਵੀ ਵਧ ਜਾਂਦਾ ਹੈ ਜਦੋਂ ਸਾਨੂੰ ਅਹਿਸਾਸ ਹੁੰਦਾ ਕਿ ਯਿਸੂ ਨੇ ਸਾਡੇ ਵਿੱਚੋਂ ਹਰ ਇਕ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ। ਪੌਲੁਸ ਰਸੂਲ ਵੀ ਇਹ ਗੱਲ ਜਾਣਦਾ ਸੀ ਅਤੇ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰਦਿਆਂ ਉਸ ਨੇ ਗਲਾਤੀਆਂ ਦੇ ਮਸੀਹੀਆਂ ਨੂੰ ਲਿਖਿਆ: “ਪਰਮੇਸ਼ੁਰ ਦੇ ਪੁੱਤਰ ਨੇ . . . ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ।” (ਗਲਾ. 2:20) ਰਿਹਾਈ ਦੀ ਕੀਮਤ ਦੇ ਆਧਾਰ ʼਤੇ ਯਹੋਵਾਹ ਤੁਹਾਨੂੰ ਆਪਣੇ ਵੱਲ ਖਿੱਚਦਾ ਹੈ ਤਾਂਕਿ ਤੁਸੀਂ ਉਸ ਦੇ ਦੋਸਤ ਬਣ ਸਕੋ। (ਯੂਹੰ. 6:44) ਕੀ ਇਹ ਗੱਲ ਤੁਹਾਡੇ ਦਿਲ ਨੂੰ ਨਹੀਂ ਛੂਹ ਜਾਂਦੀ ਕਿ ਯਹੋਵਾਹ ਨੇ ਤੁਹਾਡੇ ਵਿਚ ਕੁਝ ਚੰਗਾ ਦੇਖਿਆ ਅਤੇ ਬਹੁਤ ਵੱਡੀ ਕੀਮਤ ਦੇ ਕੇ ਤੁਹਾਨੂੰ ਆਪਣਾ ਦੋਸਤ ਬਣਾਇਆ ਹੈ? ਕੀ ਇਸ ਕਰਕੇ ਤੁਹਾਡਾ ਯਹੋਵਾਹ ਤੇ ਯਿਸੂ ਲਈ ਪਿਆਰ ਵਧਣਾ ਨਹੀਂ ਚਾਹੀਦਾ? ਇਸ ਲਈ ਆਪਣੇ ਆਪ ਤੋਂ ਪੁੱਛੋ, ‘ਇਹ ਪਿਆਰ ਮੈਨੂੰ ਕੀ ਕਰਨ ਲਈ ਪ੍ਰੇਰਦਾ ਹੈ?’

ਯਹੋਵਾਹ ਅਤੇ ਯਿਸੂ ਮਸੀਹ ਲਈ ਪਿਆਰ ਹੋਣ ਕਰਕੇ ਅਸੀਂ ਹਰ ਤਰ੍ਹਾਂ ਦੇ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਉਣ ਲਈ ਪ੍ਰੇਰਿਤ ਹੁੰਦੇ ਹਾਂ (ਪੈਰਾ 7 ਦੇਖੋ)

7. ਤਸਵੀਰ ਮੁਤਾਬਕ ਅਸੀਂ ਯਹੋਵਾਹ ਤੇ ਯਿਸੂ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ? (2 ਕੁਰਿੰਥੀਆਂ 5:14, 15; 6:1, 2)

7 ਯਹੋਵਾਹ ਅਤੇ ਯਿਸੂ ਮਸੀਹ ਲਈ ਪਿਆਰ ਹੋਣ ਕਰਕੇ ਅਸੀਂ ਦੂਜਿਆਂ ਲਈ ਪਿਆਰ ਜ਼ਾਹਰ ਕਰਦੇ ਹਾਂ। (2 ਕੁਰਿੰਥੀਆਂ 5:14, 15; 6:1, 2 ਪੜ੍ਹੋ।) ਪਿਆਰ ਦਿਖਾਉਣ ਦਾ ਇਕ ਤਰੀਕਾ ਹੈ ਕਿ ਅਸੀਂ ਪੂਰੇ ਜੋਸ਼ ਨਾਲ ਅਤੇ ਹਰੇਕ ਨੂੰ ਪ੍ਰਚਾਰ ਕਰਦੇ ਹਾਂ। ਅਸੀਂ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦੇ, ਫਿਰ ਚਾਹੇ ਕੋਈ ਕਿਸੇ ਵੀ ਜਾਤ ਜਾਂ ਕੌਮ ਦਾ ਹੋਵੇ, ਅਮੀਰ ਜਾਂ ਗ਼ਰੀਬ ਹੋਵੇ, ਪੜ੍ਹਿਆ-ਲਿਖਿਆ ਜਾਂ ਅਨਪੜ੍ਹ ਹੋਵੇ। ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਦੀ ਇਹ ਇੱਛਾ ਪੂਰੀ ਕਰ ਰਹੇ ਹੁੰਦੇ ਹਾਂ ਕਿ “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।”​—1 ਤਿਮੋ. 2:4.

8. ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ?

8 ਭੈਣਾਂ-ਭਰਾਵਾਂ ਲਈ ਪਿਆਰ ਜ਼ਾਹਰ ਕਰ ਕੇ ਵੀ ਅਸੀਂ ਯਹੋਵਾਹ ਤੇ ਯਿਸੂ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ। (1 ਯੂਹੰ. 4:21) ਜਦੋਂ ਭੈਣਾਂ-ਭਰਾਵਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ, ਤਾਂ ਅਸੀਂ ਦਿਲੋਂ ਉਨ੍ਹਾਂ ਲਈ ਪਰਵਾਹ ਦਿਖਾਉਂਦੇ ਹੋਏ ਉਨ੍ਹਾਂ ਦੀ ਮਦਦ ਕਰਦੇ ਹਾਂ। ਨਾਲੇ ਜਦੋਂ ਉਨ੍ਹਾਂ ਦੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਂਦੀ ਹੈ, ਤਾਂ ਅਸੀਂ ਉਨ੍ਹਾਂ ਨੂੰ ਦਿਲਾਸਾ ਦਿੰਦੇ ਹਾਂ। ਜਦੋਂ ਉਹ ਬੀਮਾਰ ਹੁੰਦੇ ਹਨ ਜਾਂ ਕਿਸੇ ਗੱਲੋਂ ਨਿਰਾਸ਼ ਹੁੰਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਮਿਲਣ ਜਾਂਦੇ ਹਾਂ ਅਤੇ ਉਨ੍ਹਾਂ ਨੂੰ ਹੌਸਲਾ ਦੇਣ ਦੀ ਵੀ ਪੂਰੀ ਕੋਸ਼ਿਸ਼ ਕਰਦੇ ਹਾਂ। (2 ਕੁਰਿੰ. 1:3-7; 1 ਥੱਸ. 5:11, 14) ਅਸੀਂ ਹਮੇਸ਼ਾ ਉਨ੍ਹਾਂ ਲਈ ਪ੍ਰਾਰਥਨਾ ਕਰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ “ਧਰਮੀ ਇਨਸਾਨ ਦੀ ਫ਼ਰਿਆਦ ਵਿਚ ਬੜਾ ਦਮ ਹੁੰਦਾ ਹੈ।”​—ਯਾਕੂ. 5:16.

9. ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਹੋਰ ਕਿਹੜੇ ਤਰੀਕੇ ਨਾਲ ਪਿਆਰ ਜ਼ਾਹਰ ਕਰ ਸਕਦੇ ਹਾਂ?

9 ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾ ਕੇ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰ ਰਹੇ ਹੁੰਦੇ ਹਾਂ। ਅਸੀਂ ਯਹੋਵਾਹ ਦੀ ਮਿਸਾਲ ʼਤੇ ਚੱਲ ਕੇ ਦੂਜਿਆਂ ਨੂੰ ਮਾਫ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਜ਼ਰਾ ਸੋਚੋ: ਜੇ ਯਹੋਵਾਹ ਨੇ ਸਾਡੇ ਪਾਪ ਮਾਫ਼ ਕਰਨ ਲਈ ਆਪਣੇ ਪੁੱਤਰ ਨੂੰ ਕੁਰਬਾਨ ਕਰ ਦਿੱਤਾ, ਤਾਂ ਕੀ ਸਾਨੂੰ ਵੀ ਸਾਡੇ ਖ਼ਿਲਾਫ਼ ਪਾਪ ਕਰਨ ਵਾਲੇ ਭੈਣਾਂ-ਭਰਾਵਾਂ ਨੂੰ ਮਾਫ਼ ਕਰਨ ਲਈ ਤਿਆਰ ਨਹੀਂ ਰਹਿਣਾ ਚਾਹੀਦਾ? ਅਸੀਂ ਕਦੇ ਵੀ ਯਿਸੂ ਦੀ ਮਿਸਾਲ ਵਿਚ ਦੱਸੇ ਦੁਸ਼ਟ ਨੌਕਰ ਵਰਗੇ ਨਹੀਂ ਬਣਨਾ ਚਾਹੁੰਦੇ। ਚਾਹੇ ਉਸ ਦੇ ਮਾਲਕ ਨੇ ਉਸ ਦਾ ਬਹੁਤ ਵੱਡਾ ਕਰਜ਼ਾ ਮਾਫ਼ ਕਰ ਦਿੱਤਾ ਸੀ, ਪਰ ਉਸ ਨੌਕਰ ਨੇ ਦੂਜੇ ਨੌਕਰ ਦਾ ਥੋੜ੍ਹਾ ਜਿਹਾ ਕਰਜ਼ਾ ਵੀ ਮਾਫ਼ ਨਹੀਂ ਕੀਤਾ। (ਮੱਤੀ 18:23-35) ਜੇ ਮੰਡਲੀ ਵਿਚ ਤੁਹਾਨੂੰ ਕਿਸੇ ਭੈਣ ਜਾਂ ਭਰਾ ਬਾਰੇ ਕੋਈ ਗ਼ਲਤਫ਼ਹਿਮੀ ਹੈ, ਤਾਂ ਕਿਉਂ ਨਾ ਮੈਮੋਰੀਅਲ ਤੋਂ ਪਹਿਲਾਂ ਤੁਸੀਂ ਪਹਿਲ ਕਰ ਕੇ ਉਸ ਨਾਲ ਸੁਲ੍ਹਾ ਕਰੋ। (ਮੱਤੀ 5:23, 24) ਇਸ ਤੋਂ ਸਾਫ਼ ਪਤਾ ਲੱਗੇਗਾ ਕਿ ਤੁਸੀਂ ਯਹੋਵਾਹ ਅਤੇ ਯਿਸੂ ਨੂੰ ਬਹੁਤ ਪਿਆਰ ਕਰਦੇ ਹੋ।

10-11. ਯਹੋਵਾਹ ਅਤੇ ਯਿਸੂ ਲਈ ਬਜ਼ੁਰਗ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਨ? (1 ਪਤਰਸ 5:1, 2)

10 ਬਜ਼ੁਰਗ ਕਿਵੇਂ ਦਿਖਾ ਸਕਦੇ ਹਨ ਕਿ ਉਹ ਯਹੋਵਾਹ ਤੇ ਯਿਸੂ ਨੂੰ ਪਿਆਰ ਕਰਦੇ ਹਨ? ਇਸ ਤਰ੍ਹਾਂ ਕਰਨ ਦਾ ਇਕ ਅਹਿਮ ਤਰੀਕਾ ਹੈ ਯਿਸੂ ਦੀਆਂ ਭੇਡਾਂ ਦੀ ਦੇਖ-ਭਾਲ ਕਰਨੀ। (1 ਪਤਰਸ 5:1, 2 ਪੜ੍ਹੋ।) ਯਿਸੂ ਨੇ ਇਹ ਗੱਲ ਪਤਰਸ ਰਸੂਲ ਨੂੰ ਚੰਗੀ ਤਰ੍ਹਾਂ ਸਮਝਾਈ। ਯਿਸੂ ਦਾ ਤਿੰਨ ਵਾਰ ਇਨਕਾਰ ਕਰਨ ਤੋਂ ਬਾਅਦ ਪਤਰਸ ਬਹੁਤ ਦੁਖੀ ਹੋਇਆ ਅਤੇ ਉਹ ਕਿਸੇ-ਨਾ-ਕਿਸੇ ਤਰੀਕੇ ਨਾਲ ਯਿਸੂ ਲਈ ਆਪਣਾ ਪਿਆਰ ਜ਼ਾਹਰ ਕਰਨਾ ਚਾਹੁੰਦਾ ਸੀ। ਜਦੋਂ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ, ਤਾਂ ਉਸ ਨੇ ਪਤਰਸ ਨੂੰ ਪੁੱਛਿਆ: “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਅਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ ਕਿ ਪਤਰਸ ਆਪਣੇ ਗੁਰੂ ਲਈ ਆਪਣੇ ਪਿਆਰ ਦਾ ਸਬੂਤ ਦੇਣ ਵਾਸਤੇ ਕੁਝ ਵੀ ਕਰਨ ਲਈ ਤਿਆਰ ਹੋਣਾ। ਯਿਸੂ ਨੇ ਪਤਰਸ ਨੂੰ ਕਿਹਾ: “ਚਰਵਾਹੇ ਵਾਂਗ ਮੇਰੇ ਲੇਲਿਆਂ ਦੀ ਦੇਖ-ਭਾਲ ਕਰ।” (ਯੂਹੰ. 21:15-17) ਇਸ ਲਈ ਉਸ ਨੇ ਹਮੇਸ਼ਾ ਪ੍ਰਭੂ ਦੀਆਂ ਭੇਡਾਂ ਦੀ ਪਿਆਰ ਨਾਲ ਦੇਖ-ਭਾਲ ਕੀਤੀ। ਇਸ ਤਰ੍ਹਾਂ ਪਤਰਸ ਨੇ ਪੂਰੀ ਜ਼ਿੰਦਗੀ ਯਿਸੂ ਲਈ ਆਪਣੇ ਪਿਆਰ ਦਾ ਸਬੂਤ ਦਿੱਤਾ।

11 ਬਜ਼ੁਰਗੋ, ਮੈਮੋਰੀਅਲ ਦੇ ਮਹੀਨਿਆਂ ਦੌਰਾਨ ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਪਤਰਸ ਨੂੰ ਕਹੇ ਯਿਸੂ ਦੇ ਸ਼ਬਦ ਤੁਹਾਡੇ ਲਈ ਵੀ ਅਹਿਮੀਅਤ ਰੱਖਦੇ ਹਨ? ਜਦੋਂ ਤੁਸੀਂ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਬਾਕਾਇਦਾ ਮਿਲਦੇ ਹੋ ਅਤੇ ਖ਼ਾਸ ਕਰਕੇ ਪ੍ਰਚਾਰ ਕਰਨਾ ਛੱਡ ਚੁੱਕੇ ਮਸੀਹੀਆਂ ਦੀ ਯਹੋਵਾਹ ਕੋਲ ਮੁੜ ਆਉਣ ਵਿਚ ਮਦਦ ਕਰਦੇ ਹੋ, ਤਾਂ ਤੁਸੀਂ ਯਹੋਵਾਹ ਅਤੇ ਯਿਸੂ ਲਈ ਆਪਣਾ ਪਿਆਰ ਜ਼ਾਹਰ ਕਰਦੇ ਹੋ। (ਹਿਜ਼. 34:11, 12) ਤੁਸੀਂ ਬਾਈਬਲ ਵਿਦਿਆਰਥੀਆਂ ਅਤੇ ਮੈਮੋਰੀਅਲ ਵਿਚ ਆਏ ਨਵੇਂ ਲੋਕਾਂ ਦਾ ਹੌਸਲਾ ਵਧਾ ਸਕਦੇ ਹੋ। ਅਸੀਂ ਨਹੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਓਪਰਾ ਲੱਗੇ ਕਿਉਂਕਿ ਅਸੀਂ ਉਮੀਦ ਰੱਖਦੇ ਹਾਂ ਕਿ ਉਹ ਵੀ ਯਿਸੂ ਦੇ ਚੇਲੇ ਬਣਨ।

ਮਸੀਹ ਨਾਲ ਪਿਆਰ ਹੋਣ ਕਰਕੇ ਅਸੀਂ ਦਲੇਰ ਬਣਦੇ ਹਾਂ

12. ਯਿਸੂ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਜੋ ਗੱਲਾਂ ਕਹੀਆਂ ਸਨ, ਉਨ੍ਹਾਂ ʼਤੇ ਸੋਚ-ਵਿਚਾਰ ਕਰ ਕੇ ਸਾਨੂੰ ਹੌਸਲਾ ਕਿਉਂ ਮਿਲਦਾ ਹੈ? (ਯੂਹੰਨਾ 16:32, 33)

12 ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਦੁਨੀਆਂ ਵਿਚ ਤੁਹਾਨੂੰ ਕਸ਼ਟ ਸਹਿਣਾ ਪਵੇਗਾ, ਪਰ ਹੌਸਲਾ ਰੱਖੋ! ਮੈਂ ਦੁਨੀਆਂ ਨੂੰ ਜਿੱਤ ਲਿਆ ਹੈ।” (ਯੂਹੰਨਾ 16:32, 33 ਪੜ੍ਹੋ।) ਕਿਹੜੀ ਗੱਲ ਕਰਕੇ ਦੁਸ਼ਮਣਾਂ ਦੀਆਂ ਧਮਕੀਆਂ ਦੇ ਬਾਵਜੂਦ ਵੀ ਯਿਸੂ ਦਲੇਰ ਅਤੇ ਮਰਦੇ ਦਮ ਤਕ ਵਫ਼ਾਦਾਰ ਰਹਿ ਸਕਿਆ? ਉਸ ਨੇ ਹਮੇਸ਼ਾ ਯਹੋਵਾਹ ʼਤੇ ਭਰੋਸਾ ਰੱਖਿਆ। ਉਸ ਨੂੰ ਪਤਾ ਸੀ ਕਿ ਉਸ ਦੇ ਚੇਲਿਆਂ ਉੱਤੇ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਆਉਣਗੀਆਂ, ਇਸ ਲਈ ਉਸ ਨੇ ਯਹੋਵਾਹ ਨੂੰ ਉਨ੍ਹਾਂ ਦੀ ਰੱਖਿਆ ਕਰਨ ਲਈ ਕਿਹਾ। (ਯੂਹੰ. 17:11) ਇਸ ਗੱਲ ਤੋਂ ਸਾਨੂੰ ਹੌਸਲਾ ਕਿਉਂ ਮਿਲਦਾ ਹੈ? ਕਿਉਂਕਿ ਸਾਡੀ ਰਾਖੀ ਕਰਨ ਵਾਲਾ ਯਹੋਵਾਹ ਸਾਡੇ ਦੁਸ਼ਮਣਾਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। (1 ਯੂਹੰ. 4:4) ਉਸ ਦੀਆਂ ਅੱਖਾਂ ਤੋਂ ਕੋਈ ਗੱਲ ਲੁਕੀ ਹੋਈ ਨਹੀਂ ਹੈ। ਸਾਨੂੰ ਯਕੀਨ ਹੈ ਕਿ ਜੇ ਅਸੀਂ ਯਹੋਵਾਹ ʼਤੇ ਭਰੋਸਾ ਰੱਖਾਂਗੇ, ਤਾਂ ਅਸੀਂ ਆਪਣੇ ਡਰ ʼਤੇ ਕਾਬੂ ਪਾ ਕੇ ਦਲੇਰੀ ਦਿਖਾ ਸਕਾਂਗੇ।

13. ਅਰਿਮਥੀਆ ਦੇ ਰਹਿਣ ਵਾਲੇ ਯੂਸੁਫ਼ ਨੇ ਦਲੇਰੀ ਕਿਵੇਂ ਦਿਖਾਈ?

13 ਜ਼ਰਾ ਅਰਿਮਥੀਆ ਦੇ ਰਹਿਣ ਵਾਲੇ ਯੂਸੁਫ਼ ਦੀ ਮਿਸਾਲ ʼਤੇ ਗੌਰ ਕਰੋ। ਉਸ ਦਾ ਯਹੂਦੀ ਸਮਾਜ ਵਿਚ ਬਹੁਤ ਇੱਜ਼ਤ-ਮਾਣ ਸੀ। ਉਹ ਮਹਾਸਭਾ ਯਾਨੀ ਯਹੂਦੀਆਂ ਦੀ ਸੁਪਰੀਮ ਕੋਰਟ ਦਾ ਮੈਂਬਰ ਸੀ। ਯੂਹੰਨਾ ਨੇ ਕਿਹਾ ਕਿ “ਯੂਸੁਫ਼ ਯਿਸੂ ਦਾ ਚੇਲਾ ਸੀ, ਪਰ ਉਸ ਨੇ ਯਹੂਦੀ ਆਗੂਆਂ ਤੋਂ ਡਰ ਦੇ ਮਾਰੇ ਇਹ ਗੱਲ ਲੁਕੋ ਕੇ ਰੱਖੀ ਸੀ।” (ਯੂਹੰ. 19:38) ਚਾਹੇ ਯੂਸੁਫ਼ ਨੂੰ ਰਾਜ ਦੇ ਸੰਦੇਸ਼ ਵਿਚ ਦਿਲਚਸਪੀ ਸੀ, ਪਰ ਉਸ ਨੇ ਦੂਜਿਆਂ ਤੋਂ ਇਹ ਗੱਲ ਲੁਕੋ ਕੇ ਰੱਖੀ ਕਿ ਉਸ ਨੂੰ ਯਿਸੂ ʼਤੇ ਨਿਹਚਾ ਸੀ। ਬਿਨਾਂ ਸ਼ੱਕ, ਉਸ ਨੂੰ ਡਰ ਸੀ ਕਿ ਸਮਾਜ ਵਿਚ ਉਸ ਦਾ ਜੋ ਉੱਚਾ ਰੁਤਬਾ ਸੀ, ਉਸ ਨੂੰ ਕਿਤੇ ਉਹ ਗੁਆ ਨਾ ਬੈਠੇ। ਪਰ ਬਾਈਬਲ ਦੱਸਦੀ ਹੈ ਕਿ ਅਖ਼ੀਰ ਯੂਸੁਫ਼ ਨੇ ਦਲੇਰੀ ਦਿਖਾਈ। ਯਿਸੂ ਦੀ ਮੌਤ ਤੋਂ ਬਾਅਦ ਉਹ “ਹਿੰਮਤ ਕਰ ਕੇ ਪਿਲਾਤੁਸ ਕੋਲ ਗਿਆ ਅਤੇ ਉਸ ਤੋਂ ਯਿਸੂ ਦੀ ਲਾਸ਼ ਮੰਗੀ।” (ਮਰ. 15:42, 43) ਫਿਰ ਕਿਸੇ ਤੋਂ ਵੀ ਇਹ ਗੱਲ ਲੁਕੀ ਨਹੀਂ ਰਹੀ ਕਿ ਯੂਸੁਫ਼ ਯਿਸੂ ਦਾ ਚੇਲਾ ਸੀ।

14. ਜੇ ਤੁਹਾਨੂੰ ਵੀ ਇਨਸਾਨਾਂ ਦਾ ਡਰ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

14 ਕੀ ਤੁਹਾਨੂੰ ਵੀ ਯੂਸੁਫ਼ ਵਾਂਗ ਇਨਸਾਨਾਂ ਦਾ ਡਰ ਹੈ? ਕੀ ਤੁਹਾਨੂੰ ਸਕੂਲ ਵਿਚ ਜਾਂ ਕੰਮ ʼਤੇ ਯਹੋਵਾਹ ਦੇ ਗਵਾਹ ਵਜੋਂ ਆਪਣੀ ਪਛਾਣ ਕਰਾਉਣ ਵਿਚ ਕਦੇ-ਕਦੇ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ? ਕੀ ਤੁਸੀਂ ਸਿਰਫ਼ ਇਸ ਕਰਕੇ ਪ੍ਰਚਾਰਕ ਬਣਨ ਜਾਂ ਬਪਤਿਸਮਾ ਲੈਣ ਤੋਂ ਆਪਣੇ ਆਪ ਨੂੰ ਰੋਕ ਰਹੇ ਹੋ ਕਿ ਦੂਜੇ ਤੁਹਾਡੇ ਬਾਰੇ ਕੀ ਸੋਚਣਗੇ? ਜੇ ਤੁਹਾਡੇ ਮਨ ਵਿਚ ਵੀ ਇਹ ਖ਼ਿਆਲ ਆਉਂਦੇ ਹਨ, ਤਾਂ ਵੀ ਸਹੀ ਕੰਮ ਕਰਨ ਤੋਂ ਪਿੱਛੇ ਨਾ ਹਟੋ। ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰੋ। ਉਸ ਨੂੰ ਕਹੋ ਕਿ ਉਹ ਤੁਹਾਡੀ ਦਲੇਰ ਬਣਨ ਵਿਚ ਮਦਦ ਕਰੇ ਤਾਂਕਿ ਤੁਸੀਂ ਉਸ ਦੀ ਇੱਛਾ ਪੂਰੀ ਕਰ ਸਕੋ। ਜਦੋਂ ਤੁਸੀਂ ਦੇਖੋਗੇ ਕਿ ਯਹੋਵਾਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ, ਤਾਂ ਤੁਸੀਂ ਹੋਰ ਵੀ ਜ਼ਿਆਦਾ ਤਕੜੇ ਹੋਵੋਗੇ ਤੇ ਦਲੇਰ ਬਣੋਗੇ।​—ਯਸਾ. 41:10, 13.

ਖ਼ੁਸ਼ ਰਹਿਣ ਕਰਕੇ ਅਸੀਂ ਬਿਨਾਂ ਰੁਕੇ ਯਹੋਵਾਹ ਦੀ ਸੇਵਾ ਕਰਦੇ ਰਹਿੰਦੇ ਹਾਂ

15. ਯਿਸੂ ਨੂੰ ਜੀਉਂਦਾ ਦੇਖ ਕੇ ਚੇਲੇ ਬਹੁਤ ਖ਼ੁਸ਼ ਸਨ, ਇਸ ਲਈ ਉਨ੍ਹਾਂ ਨੇ ਕੀ ਕੀਤਾ? (ਲੂਕਾ 24:52, 53)

15 ਯਿਸੂ ਦੀ ਮੌਤ ਤੋਂ ਬਾਅਦ ਉਸ ਦੇ ਚੇਲੇ ਬਹੁਤ ਦੁਖੀ ਸਨ। ਜ਼ਰਾ ਸੋਚੋ, ਜੇ ਤੁਸੀਂ ਉਨ੍ਹਾਂ ਦੀ ਥਾਂ ਹੁੰਦੇ, ਤਾਂ ਤੁਹਾਨੂੰ ਕਿੱਦਾਂ ਲੱਗਦਾ? ਆਪਣੇ ਜਿਗਰੀ ਦੋਸਤ ਦੀ ਮੌਤ ਹੋਣ ਤੇ ਉਨ੍ਹਾਂ ਨੂੰ ਲੱਗਾ ਕਿ ਹੁਣ ਕੋਈ ਉਮੀਦ ਨਹੀਂ ਬਚੀ ਸੀ। (ਲੂਕਾ 24:17-21) ਪਰ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਜਦੋਂ ਯਿਸੂ ਉਨ੍ਹਾਂ ਨੂੰ ਆ ਕੇ ਮਿਲਿਆ, ਤਾਂ ਉਹ ਕਿੰਨੇ ਖ਼ੁਸ਼ ਹੋਏ ਹੋਣੇ! ਉਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਸ ਦੀ ਕੁਰਬਾਨੀ ਕਰਕੇ ਬਾਈਬਲ ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ। ਉਸ ਨੇ ਉਨ੍ਹਾਂ ਨੂੰ ਇਕ ਅਹਿਮ ਕੰਮ ਵੀ ਕਰਨ ਲਈ ਦਿੱਤਾ। (ਲੂਕਾ 24:26, 27, 45-48) ਯਿਸੂ ਨੂੰ 40 ਦਿਨਾਂ ਬਾਅਦ ਸਵਰਗ ਉਠਾ ਲਿਆ ਗਿਆ। ਉਦੋਂ ਤਕ ਚੇਲਿਆਂ ਦਾ ਗਮ ਖ਼ੁਸ਼ੀ ਵਿਚ ਬਦਲ ਚੁੱਕਾ ਸੀ। ਉਹ ਖ਼ੁਸ਼ ਸਨ ਕਿ ਉਨ੍ਹਾਂ ਦਾ ਗੁਰੂ ਜੀਉਂਦਾ ਸੀ ਅਤੇ ਉਹ ਉਸ ਕੰਮ ਨੂੰ ਪੂਰਾ ਕਰਨ ਵਿਚ ਉਨ੍ਹਾਂ ਦੀ ਮਦਦ ਕਰੇਗਾ ਜੋ ਯਿਸੂ ਨੇ ਉਨ੍ਹਾਂ ਨੂੰ ਦਿੱਤਾ ਸੀ। ਇਸ ਖ਼ੁਸ਼ੀ ਨੇ ਉਨ੍ਹਾਂ ਨੂੰ ਪ੍ਰੇਰਿਆ ਕਿ ਉਹ ਬਿਨਾਂ ਰੁਕੇ ਯਹੋਵਾਹ ਦੀ ਮਹਿਮਾ ਕਰਦੇ ਰਹਿਣ।​—ਲੂਕਾ 24:52, 53 ਪੜ੍ਹੋ; ਰਸੂ. 5:42.

16. ਅਸੀਂ ਯਿਸੂ ਦੇ ਚੇਲਿਆਂ ਦੀ ਰੀਸ ਕਿਵੇਂ ਕਰ ਸਕਦੇ ਹਾਂ?

16 ਅਸੀਂ ਯਿਸੂ ਦੇ ਚੇਲਿਆਂ ਦੀ ਰੀਸ ਕਿਵੇਂ ਕਰ ਸਕਦੇ ਹਾਂ? ਸਿਰਫ਼ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਹੀ ਨਹੀਂ, ਸਗੋਂ ਪੂਰੇ ਸਾਲ ਦੌਰਾਨ ਯਹੋਵਾਹ ਦੀ ਸੇਵਾ ਕਰ ਕੇ ਅਸੀਂ ਖ਼ੁਸ਼ੀ ਪਾ ਸਕਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਈਏ। ਉਦਾਹਰਣ ਲਈ, ਕਈ ਮਸੀਹੀਆਂ ਨੇ ਆਪਣੇ ਕੰਮ ਵਿਚ ਫੇਰ-ਬਦਲ ਕੀਤਾ ਹੈ ਤਾਂਕਿ ਉਹ ਪ੍ਰਚਾਰ ਕਰ ਸਕਣ, ਮੀਟਿੰਗਾਂ ਵਿਚ ਹਾਜ਼ਰ ਹੋ ਸਕਣ ਅਤੇ ਬਾਕਾਇਦਾ ਪਰਿਵਾਰਕ ਸਟੱਡੀ ਕਰ ਸਕਣ। ਕਈ ਭੈਣ-ਭਰਾ ਕੁਝ ਚੀਜ਼ਾਂ ਤੋਂ ਬਗੈਰ ਗੁਜ਼ਾਰਾ ਕਰਦੇ ਹਨ ਜੋ ਸ਼ਾਇਦ ਦੂਜਿਆਂ ਨੂੰ ਜ਼ਰੂਰੀ ਲੱਗਦੀਆਂ ਹੋਣ। ਉਹ ਇੱਦਾਂ ਇਸ ਲਈ ਕਰਦੇ ਹਨ ਤਾਂਕਿ ਉਹ ਮੰਡਲੀ ਦੇ ਕੰਮਾਂ ਵਿਚ ਹੋਰ ਹੱਥ ਵਟਾ ਸਕਣ ਜਾਂ ਅਜਿਹੀ ਜਗ੍ਹਾ ਜਾ ਕੇ ਸੇਵਾ ਕਰ ਸਕਣ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਇਹ ਤਾਂ ਸੱਚ ਹੈ ਕਿ ਯਹੋਵਾਹ ਦੀ ਸੇਵਾ ਕਰਦੇ ਰਹਿਣ ਲਈ ਧੀਰਜ ਦੀ ਬਹੁਤ ਲੋੜ ਹੁੰਦੀ ਹੈ। ਪਰ ਉਹ ਸਾਡੇ ਨਾਲ ਵਾਅਦਾ ਕਰਦਾ ਹੈ ਕਿ ਜੇ ਅਸੀਂ ਉਸ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਵਾਂਗੇ, ਤਾਂ ਉਹ ਸਾਨੂੰ ਬੇਸ਼ੁਮਾਰ ਬਰਕਤਾਂ ਦੇਵੇਗਾ।​—ਕਹਾ. 10:22; ਮੱਤੀ 6:32, 33.

ਮੈਮੋਰੀਅਲ ਦੇ ਮਹੀਨਿਆਂ ਦੌਰਾਨ ਸਮਾਂ ਕੱਢ ਕੇ ਸੋਚ-ਵਿਚਾਰ ਕਰੋ ਕਿ ਯਹੋਵਾਹ ਅਤੇ ਯਿਸੂ ਨੇ ਖ਼ਾਸ ਕਰਕੇ ਤੁਹਾਡੇ ਲਈ ਕੀ ਕੁਝ ਕੀਤਾ ਹੈ (ਪੈਰਾ 17 ਦੇਖੋ)

17. ਮੈਮੋਰੀਅਲ ਦੇ ਮਹੀਨਿਆਂ ਦੌਰਾਨ ਤੁਸੀਂ ਕੀ ਕਰਨ ਦਾ ਇਰਾਦਾ ਕੀਤਾ ਹੈ? (ਤਸਵੀਰ ਦੇਖੋ।)

17 ਅਸੀਂ ਮੰਗਲਵਾਰ 4 ਅਪ੍ਰੈਲ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਜਦੋਂ ਅਸੀਂ ਮੈਮੋਰੀਅਲ ਮਨਾਵਾਂਗੇ। ਆਓ ਆਪਾਂ ਉਹ ਦਿਨ ਆਉਣ ਤਕ ਯਿਸੂ ਦੀ ਜ਼ਿੰਦਗੀ, ਮੌਤ ਅਤੇ ਯਹੋਵਾਹ ਤੇ ਯਿਸੂ ਦੇ ਪਿਆਰ ਬਾਰੇ ਗਹਿਰਾਈ ਨਾਲ ਸੋਚ-ਵਿਚਾਰ ਕਰਦੇ ਰਹੀਏ। ਇਸ ਲਈ ਕਿਉਂ ਨਾ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਹਰ ਮੌਕੇ ਦਾ ਫ਼ਾਇਦਾ ਉਠਾਓ। ਉਦਾਹਰਣ ਲਈ, ਤੁਸੀਂ ਥੋੜ੍ਹਾ ਸਮਾਂ ਕੱਢ ਕੇ “ਧਰਤੀ ਉੱਤੇ ਯਿਸੂ ਦਾ ਆਖ਼ਰੀ ਹਫ਼ਤਾ” ਚਾਰਟ ਵਿਚ ਦੱਸੀਆਂ ਘਟਨਾਵਾਂ ਬਾਰੇ ਪੜ੍ਹ ਸਕਦੇ ਹੋ ਅਤੇ ਸੋਚ-ਵਿਚਾਰ ਕਰ ਸਕਦੇ ਹੋ। ਇਹ ਚਾਰਟ ਨਵੀਂ ਦੁਨੀਆਂ ਅਨੁਵਾਦ ਵਿਚ ਵਧੇਰੇ ਜਾਣਕਾਰੀ 2.12 ʼਤੇ ਦਿੱਤਾ ਗਿਆ ਹੈ। ਜਦੋਂ ਤੁਸੀਂ ਚਾਰਟ ਵਿਚ ਜ਼ਿਕਰ ਕੀਤੀਆਂ ਘਟਨਾਵਾਂ ਪੜ੍ਹੋਗੇ, ਤਾਂ ਤੁਸੀਂ ਯਹੋਵਾਹ ਦੇ ਹੋਰ ਵੀ ਜ਼ਿਆਦਾ ਸ਼ੁਕਰਗੁਜ਼ਾਰ ਹੋਵੋਗੇ, ਉਸ ਲਈ ਤੁਹਾਡਾ ਪਿਆਰ ਵਧੇਗਾ, ਤੁਸੀਂ ਦਲੇਰ ਬਣੋਗੇ ਅਤੇ ਤੁਹਾਨੂੰ ਖ਼ੁਸ਼ੀ ਮਿਲੇਗੀ। ਸੋਚੋ ਕਿ ਤੁਸੀਂ ਹੋਰ ਕਿਨ੍ਹਾਂ ਤਰੀਕਿਆਂ ਰਾਹੀਂ ਆਪਣੀ ਸ਼ੁਕਰਗੁਜ਼ਾਰੀ ਦਿਖਾ ਸਕਦੇ ਹੋ। ਯਕੀਨ ਰੱਖੋ ਕਿ ਤੁਸੀਂ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਯਿਸੂ ਦੀ ਯਾਦ ਵਿਚ ਜੋ ਵੀ ਕਰੋਗੇ, ਉਸ ਤੋਂ ਉਸ ਨੂੰ ਬਹੁਤ ਖ਼ੁਸ਼ੀ ਹੋਵੇਗੀ।​—ਪ੍ਰਕਾ. 2:19.

ਗੀਤ 17 “ਮੈਂ ਚਾਹੁੰਦਾ ਹਾਂ”

a ਮੈਮੋਰੀਅਲ ਦੇ ਮਹੀਨਿਆਂ ਦੌਰਾਨ ਸਾਨੂੰ ਯਿਸੂ ਦੀ ਜ਼ਿੰਦਗੀ ਅਤੇ ਮੌਤ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਨਾਲੇ ਇਨਸਾਨਾਂ ਲਈ ਯਿਸੂ ਅਤੇ ਉਸ ਦੇ ਪਿਤਾ ਨੇ ਜੋ ਪਿਆਰ ਦਿਖਾਇਆ ਉਸ ʼਤੇ ਵੀ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਸ਼ੁਕਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਹੁੰਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਯਹੋਵਾਹ ਅਤੇ ਯਿਸੂ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ। ਇਸ ਤੋਂ ਇਲਾਵਾ, ਅਸੀਂ ਦੇਖਾਂਗੇ ਕਿ ਅਸੀਂ ਭੈਣਾਂ-ਭਰਾਵਾਂ ਲਈ ਪਿਆਰ ਜ਼ਾਹਰ ਕਰਨ, ਦਲੇਰੀ ਦਿਖਾਉਣ ਅਤੇ ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰਨ ਲਈ ਕਿਵੇਂ ਪ੍ਰੇਰਿਤ ਹੁੰਦੇ ਹਾਂ।