Skip to content

Skip to table of contents

ਅਧਿਐਨ ਲੇਖ 4

ਮੈਮੋਰੀਅਲ ਮਨਾਉਣ ਦੇ ਤੁਹਾਡੇ ਜਤਨਾਂ ʼਤੇ ਯਹੋਵਾਹ ਦੀ ਬਰਕਤ!

ਮੈਮੋਰੀਅਲ ਮਨਾਉਣ ਦੇ ਤੁਹਾਡੇ ਜਤਨਾਂ ʼਤੇ ਯਹੋਵਾਹ ਦੀ ਬਰਕਤ!

“ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।”​—ਲੂਕਾ 22:19.

ਗੀਤ 19 ਪ੍ਰਭੂ ਦਾ ਭੋਜਨ

ਖ਼ਾਸ ਗੱਲਾਂ a

1-2. ਅਸੀਂ ਹਰ ਸਾਲ ਮੈਮੋਰੀਅਲ ਵਿਚ ਕਿਉਂ ਹਾਜ਼ਰ ਹੁੰਦੇ ਹਾਂ?

 ਲਗਭਗ 2,000 ਸਾਲ ਪਹਿਲਾਂ ਯਿਸੂ ਨੇ ਸਾਡੇ ਸਾਰਿਆਂ ਲਈ ਆਪਣੀ ਜਾਨ ਕੁਰਬਾਨ ਕੀਤੀ। ਇਸ ਤਰ੍ਹਾਂ ਉਸ ਨੇ ਸਾਡੇ ਸਾਰਿਆਂ ਲਈ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਰਾਹ ਖੋਲ੍ਹਿਆ। ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਉਸ ਦੀ ਮੌਤ ਦੀ ਯਾਦਗਾਰ ਸਾਦੇ ਢੰਗ ਨਾਲ ਮਨਾਉਣ ਲਈ ਕਿਹਾ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਯਾਦਗਾਰ ਮਨਾਉਂਦਿਆਂ ਉਹ ਸਿਰਫ਼ ਰੋਟੀ ਤੇ ਦਾਖਰਸ ਵਰਤਣ।​—1 ਕੁਰਿੰ. 11:23-26.

2 ਅਸੀਂ ਯਿਸੂ ਦਾ ਹੁਕਮ ਇਸ ਲਈ ਮੰਨਦੇ ਹਾਂ ਕਿਉਂਕਿ ਅਸੀਂ ਉਸ ਨੂੰ ਬਹੁਤ ਪਿਆਰ ਕਰਦੇ ਹਾਂ। (ਯੂਹੰ. 14:15) ਹਰ ਸਾਲ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਅਸੀਂ ਉਸ ਲਈ ਕਦਰਦਾਨੀ ਜ਼ਾਹਰ ਕਰਦੇ ਹਾਂ। ਕਿਵੇਂ? ਅਸੀਂ ਪ੍ਰਾਰਥਨਾ ਕਰ ਕੇ ਸੋਚ-ਵਿਚਾਰ ਕਰਦੇ ਹਾਂ ਕਿ ਮਸੀਹ ਦੀ ਕੁਰਬਾਨੀ ਸਾਡੇ ਲਈ ਕੀ ਮਾਅਨੇ ਰੱਖਦੀ ਹੈ। ਨਾਲੇ ਅਸੀਂ ਪ੍ਰਚਾਰ ਵਿਚ ਖ਼ੁਸ਼ੀ-ਖ਼ੁਸ਼ੀ ਵਧ-ਚੜ੍ਹ ਕੇ ਹਿੱਸਾ ਲੈਂਦੇ ਹਾਂ ਅਤੇ ਇਸ ਖ਼ਾਸ ਮੌਕੇ ਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਉਣ ਦਾ ਸੱਦਾ ਦਿੰਦੇ ਹਾਂ। ਬਿਨਾਂ ਸ਼ੱਕ, ਅਸੀਂ ਪੱਕਾ ਇਰਾਦਾ ਕੀਤਾ ਹੈ ਕਿ ਚਾਹੇ ਜੋ ਮਰਜ਼ੀ ਹੋ ਜਾਵੇ, ਅਸੀਂ ਹਰ ਹਾਲ ਵਿਚ ਮੈਮੋਰੀਅਲ ਵਿਚ ਹਾਜ਼ਰ ਹੋਵਾਂਗੇ।

3. ਇਸ ਲੇਖ ਵਿਚ ਅਸੀਂ ਕੀ ਗੌਰ ਕਰਾਂਗੇ?

3 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਦੇ ਲੋਕ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਕਿੰਨੀ ਮਿਹਨਤ ਕਰਦੇ ਹਨ। ਅਸੀਂ ਗੌਰ ਕਰਾਂਗੇ ਕਿ ਉਹ ਕਿਵੇਂ (1) ਯਿਸੂ ਦੇ ਸਿਖਾਏ ਤਰੀਕੇ ਨਾਲ ਮੈਮੋਰੀਅਲ ਮਨਾਉਂਦੇ ਹਨ, (2) ਦੂਜਿਆਂ ਨੂੰ ਮੈਮੋਰੀਅਲ ਵਿਚ ਆਉਣ ਦਾ ਸੱਦਾ ਦਿੰਦੇ ਹਨ ਅਤੇ (3) ਮੁਸ਼ਕਲਾਂ ਦੇ ਬਾਵਜੂਦ ਮੈਮੋਰੀਅਲ ਵਿਚ ਹਾਜ਼ਰ ਹੁੰਦੇ ਹਨ।

ਅਸੀਂ ਯਿਸੂ ਦੇ ਸਿਖਾਏ ਤਰੀਕੇ ਨਾਲ ਮੈਮੋਰੀਅਲ ਮਨਾਉਂਦੇ ਹਾਂ

4. ਹਰ ਸਾਲ ਮੈਮੋਰੀਅਲ ਵਿਚ ਕਿਨ੍ਹਾਂ ਸੱਚਾਈਆਂ ਬਾਰੇ ਸਮਝਾਇਆ ਜਾਂਦਾ ਹੈ ਅਤੇ ਸਾਨੂੰ ਇਨ੍ਹਾਂ ਨੂੰ ਐਵੇਂ ਕਿਉਂ ਨਹੀਂ ਸਮਝਣਾ ਚਾਹੀਦਾ? (ਲੂਕਾ 22:19, 20)

4 ਹਰ ਸਾਲ ਅਸੀਂ ਮੈਮੋਰੀਅਲ ਵਿਚ ਬਾਈਬਲ-ਆਧਾਰਿਤ ਭਾਸ਼ਣ ਸੁਣਦੇ ਹਾਂ ਜਿਸ ਵਿਚ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ। ਅਸੀਂ ਸਿੱਖਦੇ ਹਾਂ ਕਿ ਮਨੁੱਖਜਾਤੀ ਨੂੰ ਰਿਹਾਈ ਦੀ ਕੀਮਤ ਦੀ ਲੋੜ ਕਿਉਂ ਪਈ। ਨਾਲੇ ਅਸੀਂ ਸਿੱਖਦੇ ਹਾਂ ਕਿ ਇਕ ਆਦਮੀ ਦੀ ਮੌਤ ਨਾਲ ਅਣਗਿਣਤ ਲੋਕਾਂ ਦੇ ਪਾਪ ਮਾਫ਼ ਕਿੱਦਾਂ ਹੋ ਸਕਦੇ ਹਨ। ਸਾਨੂੰ ਇਹ ਵੀ ਯਾਦ ਕਰਾਇਆ ਜਾਂਦਾ ਹੈ ਕਿ ਰੋਟੀ ਅਤੇ ਦਾਖਰਸ ਕਿਸ ਨੂੰ ਦਰਸਾਉਂਦੇ ਹਨ ਅਤੇ ਇਨ੍ਹਾਂ ਨੂੰ ਕੌਣ ਲੈ ਸਕਦੇ ਹਨ। (ਲੂਕਾ 22:19, 20 ਪੜ੍ਹੋ।) ਇਸ ਤੋਂ ਇਲਾਵਾ, ਅਸੀਂ ਉਨ੍ਹਾਂ ਬਰਕਤਾਂ ʼਤੇ ਵੀ ਸੋਚ-ਵਿਚਾਰ ਕਰ ਪਾਉਂਦੇ ਹਾਂ ਜੋ ਧਰਤੀ ʼਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਰੱਖਣ ਵਾਲਿਆਂ ਨੂੰ ਮਿਲਣਗੀਆਂ। (ਯਸਾ. 35:5, 6; 65:17, 21-23) ਸਾਡੇ ਲਈ ਇਹ ਸੱਚਾਈਆਂ ਬਹੁਤ ਅਹਿਮ ਹਨ ਅਤੇ ਅਸੀਂ ਕਦੇ ਵੀ ਇਨ੍ਹਾਂ ਸੱਚਾਈਆਂ ਨੂੰ ਐਵੇਂ ਨਹੀਂ ਸਮਝਦੇ। ਦੁਨੀਆਂ ਦੇ ਅਰਬਾਂ ਹੀ ਲੋਕ ਇਨ੍ਹਾਂ ਬਾਰੇ ਨਹੀਂ ਜਾਣਦੇ ਅਤੇ ਉਹ ਇਹ ਵੀ ਨਹੀਂ ਸਮਝਦੇ ਕਿ ਯਿਸੂ ਦੀ ਕੁਰਬਾਨੀ ਕਿੰਨੀ ਅਨਮੋਲ ਹੈ। ਨਾਲੇ ਜੋ ਲੋਕ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਵੀ ਹਨ, ਉਹ ਵੀ ਉਸ ਦੇ ਸਿਖਾਏ ਤਰੀਕੇ ਨਾਲ ਨਹੀਂ ਮਨਾਉਂਦੇ। ਆਓ ਜਾਣੀਏ ਕਿ ਇੱਦਾਂ ਕਿਉਂ ਹੈ।

5. ਰਸੂਲਾਂ ਦੀ ਮੌਤ ਤੋਂ ਬਾਅਦ ਲੋਕਾਂ ਨੇ ਯਿਸੂ ਦੀ ਮੌਤ ਦੀ ਯਾਦਗਾਰ ਕਿੱਦਾਂ ਮਨਾਉਣੀ ਸ਼ੁਰੂ ਕਰ ਦਿੱਤੀ?

5 ਯਿਸੂ ਦੇ ਰਸੂਲਾਂ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ ਹੀ ਝੂਠੇ ਮਸੀਹੀ ਮੰਡਲੀ ਵਿਚ ਆ ਵੜੇ। (ਮੱਤੀ 13:24-27, 37-39) ਉਹ “ਚੇਲਿਆਂ ਨੂੰ ਆਪਣੇ ਮਗਰ ਲਾਉਣ ਲਈ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼” ਕਰਨ ਲੱਗੇ। (ਰਸੂ. 20:29, 30) ਉਦਾਹਰਣ ਲਈ, ਬਾਈਬਲ ਵਿਚ ਲਿਖਿਆ ਹੈ ਕਿ ਯਿਸੂ ਨੇ “ਬਹੁਤ ਸਾਰੇ ਲੋਕਾਂ ਦੇ ਪਾਪਾਂ ਲਈ ਆਪਣੇ ਆਪ ਨੂੰ ਇੱਕੋ ਵਾਰ ਹਮੇਸ਼ਾ ਲਈ ਚੜ੍ਹਾਇਆ।” (ਇਬ. 9:27, 28) ਪਰ ਝੂਠੇ ਮਸੀਹੀ ਕਹਿੰਦੇ ਹਨ ਕਿ ਸਾਡੇ ਪਾਪਾਂ ਦੀ ਮਾਫ਼ੀ ਲਈ ਯਿਸੂ ਦੀ ਕੁਰਬਾਨੀ ਵਾਰ-ਵਾਰ ਦਿੱਤੀ ਜਾਣੀ ਚਾਹੀਦੀ ਹੈ। ਅੱਜ ਬਹੁਤ ਸਾਰੇ ਲੋਕ ਝੂਠੇ ਮਸੀਹੀਆਂ ਦੀ ਇਸ ਗ਼ਲਤ ਸਿੱਖਿਆ ʼਤੇ ਯਕੀਨ ਕਰਦੇ ਹਨ। ਇਸ ਲਈ ਉਹ ਹਰ ਹਫ਼ਤੇ ਜਾਂ ਹਰ ਰੋਜ਼ ਚਰਚਾਂ ਵਿਚ “ਯੂਖਾਰਿਸਤ” ਮਨਾਉਂਦੇ ਹਨ। b ਹੋਰ ਚਰਚਾਂ ਵਿਚ ਯਿਸੂ ਦੀ ਮੌਤ ਦੀ ਯਾਦਗਾਰ ਸਾਲ ਵਿਚ ਇੰਨੀ ਵਾਰ ਨਹੀਂ ਮਨਾਈ ਜਾਂਦੀ, ਪਰ ਉਨ੍ਹਾਂ ਦੇ ਜ਼ਿਆਦਾਤਰ ਮੈਂਬਰਾਂ ਨੂੰ ਇਸ ਦੀ ਅਹਿਮੀਅਤ ਬਾਰੇ ਕੁਝ ਪਤਾ ਹੀ ਨਹੀਂ ਹੁੰਦਾ। ਕੁਝ ਲੋਕ ਸ਼ਾਇਦ ਸੋਚਣ, ‘ਕੀ ਸੱਚੀਂ ਯਿਸੂ ਦੀ ਕੁਰਬਾਨੀ ਕਰਕੇ ਮੇਰੇ ਪਾਪ ਮਾਫ਼ ਹੋ ਜਾਣਗੇ?’ ਉਹ ਇਹ ਸਵਾਲ ਕਿਉਂ ਪੁੱਛਦੇ ਹਨ? ਕਿਉਂਕਿ ਉਨ੍ਹਾਂ ʼਤੇ ਅਜਿਹੇ ਲੋਕਾਂ ਦਾ ਅਸਰ ਹੁੰਦਾ ਹੈ ਜੋ ਕਹਿੰਦੇ ਹਨ ਕਿ ਯਿਸੂ ਦੀ ਕੁਰਬਾਨੀ ਕਰਕੇ ਸਾਨੂੰ ਆਪਣੇ ਪਾਪਾਂ ਤੋਂ ਮਾਫ਼ੀ ਨਹੀਂ ਮਿਲਦੀ। ਪਰ ਸੱਚੇ ਮਸੀਹੀਆਂ ਨੇ ਦੂਜਿਆਂ ਨੂੰ ਕਿਵੇਂ ਸਮਝਾਇਆ ਹੈ ਕਿ ਯਿਸੂ ਕਿਉਂ ਮਰਿਆ ਅਤੇ ਉਸ ਦੀ ਮੌਤ ਦੀ ਯਾਦਗਾਰ ਮਨਾਉਣ ਦਾ ਸਹੀ ਤਰੀਕਾ ਕੀ ਹੈ? ਆਓ ਇਸ ਸਵਾਲ ਦਾ ਜਵਾਬ ਜਾਣੀਏ।

6. ਸਾਲ 1872 ਤਕ ਬਾਈਬਲ ਵਿਦਿਆਰਥੀਆਂ ਨੂੰ ਕਿਹੜੀ ਗੱਲ ਸਮਝ ਆ ਗਈ?

6 ਸਾਲ 1870 ਵਿਚ ਚਾਰਲਸ ਟੇਜ਼ ਰਸਲ ਦੀ ਅਗਵਾਈ ਅਧੀਨ ਬਾਈਬਲ ਸਟੂਡੈਂਟਸ ਨੇ ਬਾਈਬਲ ਦਾ ਗਹਿਰਾਈ ਨਾਲ ਅਧਿਐਨ ਕਰਨਾ ਸ਼ੁਰੂ ਕੀਤਾ। ਉਹ ਇਨ੍ਹਾਂ ਗੱਲਾਂ ਬਾਰੇ ਸੱਚਾਈ ਜਾਣਨੀ ਚਾਹੁੰਦੇ ਸਨ ਕਿ ਯਿਸੂ ਦੀ ਕੁਰਬਾਨੀ ਦੀ ਕੀ ਅਹਿਮੀਅਤ ਹੈ ਅਤੇ ਉਸ ਦੀ ਮੌਤ ਦੀ ਯਾਦਗਾਰ ਕਿੱਦਾਂ ਮਨਾਈ ਜਾਣੀ ਚਾਹੀਦੀ ਹੈ। 1872 ਤਕ ਉਨ੍ਹਾਂ ਨੂੰ ਬਾਈਬਲ ਤੋਂ ਇਹ ਸਮਝ ਆ ਗਿਆ ਕਿ ਯਿਸੂ ਨੇ ਮਨੁੱਖਜਾਤੀ ਲਈ ਰਿਹਾਈ ਦੀ ਕੀਮਤ ਵਜੋਂ ਆਪਣੀ ਜਾਨ ਕੁਰਬਾਨ ਕੀਤੀ। ਉਨ੍ਹਾਂ ਨੇ ਇਹ ਸੱਚਾਈਆਂ ਆਪਣੇ ਤਕ ਹੀ ਨਹੀਂ ਰੱਖੀਆਂ, ਸਗੋਂ ਕਿਤਾਬਾਂ, ਰਸਾਲਿਆਂ ਅਤੇ ਅਖ਼ਬਾਰਾਂ ਰਾਹੀਂ ਪੂਰੀ ਦੁਨੀਆਂ ਤਕ ਪਹੁੰਚਾਈਆਂ। ਫਿਰ ਥੋੜ੍ਹੇ ਸਮੇਂ ਬਾਅਦ ਉਹ ਵੀ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਸਾਲ ਵਿਚ ਸਿਰਫ਼ ਇਕ ਵਾਰ ਮੈਮੋਰੀਅਲ ਮਨਾਉਣ ਲੱਗ ਪਏ।

7. ਬਾਈਬਲ ਵਿਦਿਆਰਥੀਆਂ ਨੇ ਜੋ ਖੋਜਬੀਨ ਕੀਤੀ ਸੀ, ਉਸ ਤੋਂ ਅੱਜ ਸਾਨੂੰ ਕਿਵੇਂ ਫ਼ਾਇਦਾ ਹੋ ਰਿਹਾ ਹੈ?

7 ਕਈ ਸਾਲ ਪਹਿਲਾਂ ਬਾਈਬਲ ਵਿਦਿਆਰਥੀਆਂ ਨੇ ਜੋ ਖੋਜਬੀਨ ਕੀਤੀ ਸੀ, ਅੱਜ ਉਸ ਤੋਂ ਸਾਨੂੰ ਵੀ ਫ਼ਾਇਦਾ ਹੋ ਰਿਹਾ ਹੈ। ਉਹ ਕਿਵੇਂ? ਯਹੋਵਾਹ ਦੀ ਬਰਕਤ ਸਦਕਾ ਸਾਡੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਅਸੀਂ ਜਾਣ ਪਾਏ ਕਿ ਯਿਸੂ ਕਿਉਂ ਮਰਿਆ ਤੇ ਉਸ ਦੀ ਕੁਰਬਾਨੀ ਕਰਕੇ ਕੀ ਕੁਝ ਮੁਮਕਿਨ ਹੋਇਆ ਹੈ। (1 ਯੂਹੰ. 2:1, 2) ਅਸੀਂ ਬਾਈਬਲ ਵਿੱਚੋਂ ਇਹ ਵੀ ਜਾਣਿਆ ਕਿ ਜੋ ਲੋਕ ਪਰਮੇਸ਼ੁਰ ਨੂੰ ਖ਼ੁਸ਼ ਕਰਨਗੇ, ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਸਵਰਗ ਵਿਚ ਅਮਰ ਜੀਵਨ ਮਿਲੇਗਾ ਅਤੇ ਹੋਰ ਲੱਖਾਂ ਲੋਕਾਂ ਨੂੰ ਧਰਤੀ ʼਤੇ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਯਿਸੂ ਦੀ ਕੁਰਬਾਨੀ ਕਰਕੇ ਸਾਨੂੰ ਕਿੰਨੇ ਫ਼ਾਇਦੇ ਹੁੰਦੇ ਹਨ, ਤਾਂ ਅਸੀਂ ਯਹੋਵਾਹ ਦੇ ਹੋਰ ਵੀ ਨੇੜੇ ਜਾਂਦੇ ਹਾਂ। (1 ਪਤ. 3:18; 1 ਯੂਹੰ. 4:9) ਇਸ ਲਈ ਅਸੀਂ ਆਪਣੇ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਭਰਾਵਾਂ ਵਾਂਗ ਦੂਜਿਆਂ ਨੂੰ ਸਾਡੇ ਨਾਲ ਮਿਲ ਕੇ ਮੈਮੋਰੀਅਲ ਮਨਾਉਣ ਦਾ ਸੱਦਾ ਦਿੰਦੇ ਹਾਂ। ਨਾਲੇ ਅਸੀਂ ਬਿਲਕੁਲ ਉਸੇ ਤਰ੍ਹਾਂ ਮੈਮੋਰੀਅਲ ਮਨਾਉਂਦੇ ਹਾਂ ਜਿੱਦਾਂ ਯਿਸੂ ਨੇ ਮਨਾਉਣਾ ਸਿਖਾਇਆ ਸੀ।

ਅਸੀਂ ਦੂਜਿਆਂ ਨੂੰ ਮੈਮੋਰੀਅਲ ਵਿਚ ਆਉਣ ਦਾ ਸੱਦਾ ਦਿੰਦੇ ਹਾਂ

ਮੈਮੋਰੀਅਲ ਦਾ ਸੱਦਾ ਦੇਣ ਦੀ ਮੁਹਿੰਮ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣ ਲਈ ਤੁਸੀਂ ਕੀ ਕਰ ਸਕਦੇ ਹੋ? (ਪੈਰੇ 8-10 ਦੇਖੋ) e

8. ਯਹੋਵਾਹ ਦੇ ਲੋਕਾਂ ਨੇ ਦੂਜਿਆਂ ਨੂੰ ਮੈਮੋਰੀਅਲ ਦਾ ਸੱਦਾ ਦੇਣ ਲਈ ਕੀ ਕੁਝ ਕੀਤਾ ਹੈ? (ਤਸਵੀਰ ਦੇਖੋ।)

8 ਕਈ ਸਾਲਾਂ ਤੋਂ ਯਹੋਵਾਹ ਦੇ ਲੋਕ ਦੂਜਿਆਂ ਨੂੰ ਮੈਮੋਰੀਅਲ ਵਿਚ ਆਉਣ ਦਾ ਸੱਦਾ ਦਿੰਦੇ ਆਏ ਹਨ। 1881 ਵਿਚ ਅਮਰੀਕਾ ਦੇ ਭੈਣਾਂ-ਭਰਾਵਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਉਹ ਇਸ ਖ਼ਾਸ ਮੌਕੇ ਤੇ ਪੈਨਸਿਲਵੇਨੀਆ ਦੇ ਐਲੇਗੇਨੀ ਸ਼ਹਿਰ ਵਿਚ ਇਕ ਭਰਾ ਦੇ ਘਰ ਇਕੱਠੇ ਹੋਣ। ਬਾਅਦ ਵਿਚ ਹਰ ਮੰਡਲੀ ਆਪੋ-ਆਪਣੇ ਇਲਾਕੇ ਵਿਚ ਮੈਮੋਰੀਅਲ ਮਨਾਉਣ ਲੱਗ ਪਈ। ਮਾਰਚ 1940 ਵਿਚ ਪ੍ਰਚਾਰਕਾਂ ਨੂੰ ਕਿਹਾ ਗਿਆ ਕਿ ਉਹ ਦਿਲਚਸਪੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਮੈਮੋਰੀਅਲ ਵਿਚ ਆਉਣ ਦਾ ਸੱਦਾ ਦੇ ਸਕਦੇ ਸਨ। 1960 ਵਿਚ ਬੈਥਲ ਨੇ ਪਹਿਲੀ ਵਾਰ ਮੈਮੋਰੀਅਲ ਦੇ ਸੱਦਾ-ਪੱਤਰ ਛਾਪੇ ਅਤੇ ਮੰਡਲੀਆਂ ਨੇ ਇਨ੍ਹਾਂ ਨੂੰ ਵਰਤਣਾ ਸ਼ੁਰੂ ਕੀਤਾ। ਉਦੋਂ ਤੋਂ ਅਸੀਂ ਸੱਦਾ-ਪੱਤਰ ਦੀਆਂ ਅਰਬਾਂ ਕਾਪੀਆਂ ਵੰਡੀਆਂ ਹਨ। ਅਸੀਂ ਦੂਜਿਆਂ ਨੂੰ ਸੱਦਾ ਦੇਣ ਲਈ ਕਿਉਂ ਇੰਨੀ ਮਿਹਨਤ ਕਰਦੇ ਅਤੇ ਸਮਾਂ ਲਾਉਂਦੇ ਹਾਂ?

9-10. ਅਸੀਂ ਕਿਨ੍ਹਾਂ ਨੂੰ ਮੈਮੋਰੀਅਲ ਵਿਚ ਆਉਣ ਦਾ ਸੱਦਾ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਇਸ ਤੋਂ ਕੀ ਫ਼ਾਇਦਾ ਹੁੰਦਾ ਹੈ? (ਯੂਹੰਨਾ 3:16)

9 ਇਸ ਤਰ੍ਹਾਂ ਕਰਨ ਦਾ ਇਕ ਕਾਰਨ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪਹਿਲੀ ਵਾਰ ਮੈਮੋਰੀਅਲ ਵਿਚ ਆਉਣ ਵਾਲੇ ਲੋਕ ਜਾਣ ਸਕਣ ਕਿ ਯਹੋਵਾਹ ਅਤੇ ਯਿਸੂ ਨੇ ਸਾਰੇ ਇਨਸਾਨਾਂ ਲਈ ਕੀ ਕੁਝ ਕੀਤਾ ਹੈ। (ਯੂਹੰਨਾ 3:16 ਪੜ੍ਹੋ।) ਅਸੀਂ ਉਮੀਦ ਰੱਖਦੇ ਹਾਂ ਕਿ ਉਹ ਮੈਮੋਰੀਅਲ ਵਿਚ ਜੋ ਵੀ ਸੁਣਦੇ ਅਤੇ ਦੇਖਦੇ ਹਨ, ਉਸ ਕਰਕੇ ਉਨ੍ਹਾਂ ਅੰਦਰ ਯਹੋਵਾਹ ਬਾਰੇ ਹੋਰ ਜ਼ਿਆਦਾ ਸਿੱਖਣ ਅਤੇ ਉਸ ਦੀ ਸੇਵਾ ਕਰਨ ਦੀ ਇੱਛਾ ਪੈਦਾ ਹੋਵੇ। ਮੈਮੋਰੀਅਲ ਵਿਚ ਆ ਕੇ ਸਿਰਫ਼ ਨਵੇਂ ਲੋਕਾਂ ਨੂੰ ਹੀ ਨਹੀਂ, ਸਗੋਂ ਹੋਰ ਲੋਕਾਂ ਨੂੰ ਵੀ ਫ਼ਾਇਦਾ ਹੁੰਦਾ ਹੈ।

10 ਅਸੀਂ ਉਨ੍ਹਾਂ ਨੂੰ ਵੀ ਸੱਦਾ ਦਿੰਦੇ ਹਾਂ ਜੋ ਹੁਣ ਯਹੋਵਾਹ ਦੀ ਸੇਵਾ ਨਹੀਂ ਕਰਦੇ। ਇਸ ਤਰ੍ਹਾਂ ਕਰ ਕੇ ਅਸੀਂ ਉਨ੍ਹਾਂ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਯਹੋਵਾਹ ਹਾਲੇ ਵੀ ਉਨ੍ਹਾਂ ਨੂੰ ਪਿਆਰ ਕਰਦਾ ਹੈ। ਕਈ ਜਣੇ ਸਾਡਾ ਸੱਦਾ ਕਬੂਲ ਕਰ ਕੇ ਮੈਮੋਰੀਅਲ ਵਿਚ ਆਉਂਦੇ ਹਨ ਅਤੇ ਉਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਮੈਮੋਰੀਅਲ ਵਿਚ ਹਾਜ਼ਰ ਹੋ ਕੇ ਉਨ੍ਹਾਂ ਨੂੰ ਯਾਦ ਆਉਂਦਾ ਹੈ ਕਿ ਯਹੋਵਾਹ ਦੀ ਸੇਵਾ ਕਰ ਕੇ ਉਨ੍ਹਾਂ ਨੂੰ ਕਿੰਨੀ ਖ਼ੁਸ਼ੀ ਹੁੰਦੀ ਸੀ। ਜ਼ਰਾ ਮੋਨੀਕਾ ਦੇ ਤਜਰਬੇ ʼਤੇ ਗੌਰ ਕਰੋ। c ਉਸ ਨੇ ਕਈ ਸਾਲ ਪਹਿਲਾਂ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਸੀ। ਪਰ ਕੋਵਿਡ-19 ਮਹਾਂਮਾਰੀ ਦੌਰਾਨ ਉਹ ਦੁਬਾਰਾ ਤੋਂ ਪ੍ਰਚਾਰ ਕਰਨ ਲੱਗ ਪਈ। 2021 ਦੇ ਮੈਮੋਰੀਅਲ ਵਿਚ ਹਾਜ਼ਰ ਹੋਣ ਤੋਂ ਬਾਅਦ ਉਸ ਨੇ ਕਿਹਾ: “ਇਸ ਸਾਲ ਦਾ ਮੈਮੋਰੀਅਲ ਮੇਰੇ ਲਈ ਬਹੁਤ ਖ਼ਾਸ ਹੈ। 20 ਸਾਲਾਂ ਬਾਅਦ ਮੈਂ ਦੁਬਾਰਾ ਲੋਕਾਂ ਨੂੰ ਪ੍ਰਚਾਰ ਕੀਤਾ ਅਤੇ ਮੈਮੋਰੀਅਲ ਵਿਚ ਆਉਣ ਦਾ ਸੱਦਾ ਦੇ ਪਾਈ। ਮੈਂ ਦਿਲੋਂ ਸਾਰਾ ਕੁਝ ਕੀਤਾ ਕਿਉਂਕਿ ਮੈ ਯਹੋਵਾਹ ਤੇ ਯਿਸੂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੇਰੇ ਲਈ ਇੰਨਾ ਕੁਝ ਕੀਤਾ।” (ਜ਼ਬੂ. 103:1-4) ਚਾਹੇ ਲੋਕ ਮੈਮੋਰੀਅਲ ਵਿਚ ਆਉਣ ਜਾਂ ਨਾ ਆਉਣ, ਫਿਰ ਵੀ ਅਸੀਂ ਪੂਰੀ ਵਾਹ ਲਾ ਕੇ ਉਨ੍ਹਾਂ ਨੂੰ ਸੱਦਾ ਦਿੰਦੇ ਰਹਾਂਗੇ। ਕਿਉਂ? ਕਿਉਂਕਿ ਅਸੀਂ ਯਾਦ ਰੱਖਦੇ ਹਾਂ ਕਿ ਯਹੋਵਾਹ ਸਾਡੀ ਮਿਹਨਤ ਦੀ ਕਦਰ ਕਰਦਾ ਹੈ।

11. ਲੋਕਾਂ ਨੂੰ ਮੈਮੋਰੀਅਲ ਵਿਚ ਆਉਣ ਦਾ ਸੱਦਾ ਦੇਣ ਲਈ ਅਸੀਂ ਜੋ ਮਿਹਨਤ ਕਰਦੇ ਹਾਂ, ਯਹੋਵਾਹ ਨੇ ਉਸ ʼਤੇ ਬਰਕਤ ਕਿਵੇਂ ਪਾਈ ਹੈ? (ਹੱਜਈ 2:7)

11 ਅਸੀਂ ਲੋਕਾਂ ਨੂੰ ਮੈਮੋਰੀਅਲ ਵਿਚ ਆਉਣ ਦਾ ਸੱਦਾ ਦੇਣ ਲਈ ਜੋ ਮਿਹਨਤ ਕਰਦੇ ਹਾਂ, ਯਹੋਵਾਹ ਨੇ ਉਸ ʼਤੇ ਬਹੁਤ ਬਰਕਤ ਪਾਈ ਹੈ। ਉਦਾਹਰਣ ਲਈ, 2021 ਵਿਚ ਜਦੋਂ ਕੋਵਿਡ-19 ਮਹਾਂਮਾਰੀ ਫੈਲਣ ਕਰਕੇ ਲੋਕ ਇਕੱਠੇ ਨਹੀਂ ਹੋ ਸਕਦੇ ਸਨ, ਉਦੋਂ ਵੀ 2,13,67,603 ਲੋਕ ਮੈਮੋਰੀਅਲ ਵਿਚ ਹਾਜ਼ਰ ਹੋਏ। ਇਹ ਗਿਣਤੀ ਯਹੋਵਾਹ ਦੇ ਗਵਾਹਾਂ ਦੀ ਕੁੱਲ ਗਿਣਤੀ ਨਾਲੋਂ ਢਾਈ ਗੁਣਾ ਜ਼ਿਆਦਾ ਹੈ! ਇਹ ਤਾਂ ਸੱਚ ਹੈ ਕਿ ਯਹੋਵਾਹ ਨੂੰ ਗਿਣਤੀ ਵਿਚ ਨਹੀਂ, ਸਗੋਂ ਲੋਕਾਂ ਵਿਚ ਦਿਲਚਸਪੀ ਹੈ। (ਲੂਕਾ 15:7; 1 ਤਿਮੋ. 2:3, 4) ਸਾਨੂੰ ਪੂਰਾ ਯਕੀਨ ਹੈ ਕਿ ਜਦੋਂ ਅਸੀਂ ਲੋਕਾਂ ਨੂੰ ਮੈਮੋਰੀਅਲ ਵਿਚ ਆਉਣ ਦਾ ਸੱਦਾ ਦਿੰਦੇ ਹਾਂ, ਤਾਂ ਯਹੋਵਾਹ ਨੇਕਦਿਲ ਲੋਕਾਂ ਨੂੰ ਲੱਭਣ ਵਿਚ ਜ਼ਰੂਰ ਸਾਡੀ ਮਦਦ ਕਰਦਾ ਹੈ।​—ਹੱਜਈ 2:7 ਪੜ੍ਹੋ।

ਅਸੀਂ ਮੁਸ਼ਕਲਾਂ ਦੇ ਬਾਵਜੂਦ ਮੈਮੋਰੀਅਲ ਵਿਚ ਹਾਜ਼ਰ ਹੁੰਦੇ ਹਾਂ

ਮੈਮੋਰੀਅਲ ਵਿਚ ਹਾਜ਼ਰ ਹੋਣ ਦੀਆਂ ਸਾਡੀਆਂ ਕੋਸ਼ਿਸ਼ਾਂ ʼਤੇ ਯਹੋਵਾਹ ਬਰਕਤ ਪਾਉਂਦਾ ਹੈ (ਪੈਰਾ 12 ਦੇਖੋ) f

12. ਕਿਹੜੇ ਹਾਲਾਤਾਂ ਕਰਕੇ ਸਾਡੇ ਲਈ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣੀ ਮੁਸ਼ਕਲ ਹੋ ਸਕਦੀ ਹੈ? (ਤਸਵੀਰ ਦੇਖੋ।)

12 ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਆਖ਼ਰੀ ਦਿਨਾਂ ਦੌਰਾਨ ਸਾਨੂੰ ਵੱਖੋ-ਵੱਖਰੀਆਂ ਮੁਸ਼ਕਲਾਂ ਝੱਲਣੀਆਂ ਪੈਣਗੀਆਂ, ਜਿਵੇਂ ਕਿ ਘਰਦਿਆਂ ਵੱਲੋਂ ਵਿਰੋਧ, ਜ਼ੁਲਮ, ਯੁੱਧ, ਕਾਲ਼ ਅਤੇ ਹੋਰ ਵੀ ਬਹੁਤ ਕੁਝ। (ਮੱਤੀ 10:36; ਮਰ. 13:9; ਲੂਕਾ 21:10, 11) ਕਈ ਵਾਰ ਇਨ੍ਹਾਂ ਹਾਲਾਤਾਂ ਕਰਕੇ ਸਾਡੇ ਲਈ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣੀ ਮੁਸ਼ਕਲ ਹੋ ਸਕਦੀ ਹੈ। ਆਓ ਦੇਖੀਏ ਕਿ ਸਾਡੇ ਭੈਣਾਂ-ਭਰਾਵਾਂ ਨੇ ਇਨ੍ਹਾਂ ਮੁਸ਼ਕਲਾਂ ਨੂੰ ਕਿਵੇਂ ਪਾਰ ਕੀਤਾ ਅਤੇ ਯਹੋਵਾਹ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ।

13. ਜਦੋਂ ਭਰਾ ਆਰਟਮ ਨੇ ਜੇਲ੍ਹ ਵਿਚ ਮੈਮੋਰੀਅਲ ਮਨਾਉਣ ਦਾ ਪੱਕਾ ਇਰਾਦਾ ਕੀਤਾ, ਤਾਂ ਯਹੋਵਾਹ ਨੇ ਉਸ ਦੀਆਂ ਕੋਸ਼ਿਸ਼ਾਂ ʼਤੇ ਕਿਵੇਂ ਬਰਕਤ ਪਾਈ?

13 ਜੇਲ੍ਹ। ਜਿਹੜੇ ਭੈਣ-ਭਰਾ ਆਪਣੀ ਨਿਹਚਾ ਕਰਕੇ ਜੇਲ੍ਹਾਂ ਵਿਚ ਬੰਦ ਹਨ, ਉਹ ਵੀ ਮੈਮੋਰੀਅਲ ਮਨਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਜ਼ਰਾ ਭਰਾ ਆਰਟਮ ਦੀ ਉਦਾਹਰਣ ʼਤੇ ਗੌਰ ਕਰੋ: 2020 ਵਿਚ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਭਰਾ ਨੂੰ ਜੇਲ੍ਹ ਹੋ ਗਈ ਸੀ। ਉਸ ਨੂੰ ਇਕ ਛੋਟੀ ਜਿਹੀ ਕੋਠੜੀ ਵਿਚ ਰੱਖਿਆ ਗਿਆ ਸੀ ਜਿੱਥੇ ਪਹਿਲਾਂ ਹੀ ਪੰਜ ਕੈਦੀ ਸਨ। ਤਾਂ ਫਿਰ ਭਰਾ ਨੇ ਮੈਮੋਰੀਅਲ ਕਿਵੇਂ ਮਨਾਇਆ? ਉਸ ਨੇ ਕਿਸੇ-ਨਾ-ਕਿਸੇ ਤਰੀਕੇ ਨਾਲ ਉਹ ਚੀਜ਼ਾਂ ਇਕੱਠੀਆਂ ਕੀਤੀਆਂ ਜਿਨ੍ਹਾਂ ਨੂੰ ਉਹ ਮੈਮੋਰੀਅਲ ਵਿਚ ਰੋਟੀ ਤੇ ਦਾਖਰਸ ਵਜੋਂ ਵਰਤ ਸਕਦਾ ਸੀ। ਉਸ ਨੇ ਸੋਚਿਆ ਕਿ ਉਹ ਆਪਣੇ ਫ਼ਾਇਦੇ ਲਈ ਮੈਮੋਰੀਅਲ ਦਾ ਭਾਸ਼ਣ ਵੀ ਦੇਵੇਗਾ। ਪਰ ਉਸ ਦੇ ਨਾਲ ਦੇ ਕੈਦੀ ਬਹੁਤ ਗਾਲ਼ਾਂ ਕੱਢਦੇ ਤੇ ਸਿਗਰਟਾਂ ਪੀਂਦੇ ਸਨ। ਇਸ ਲਈ ਭਰਾ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਿਰਫ਼ ਇਕ ਘੰਟੇ ਲਈ ਗਾਲ਼ਾਂ ਨਾ ਕੱਢਣ ਅਤੇ ਸਿਗਰਟਾਂ ਨਾ ਪੀਣ। ਭਰਾ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਹ ਮੰਨ ਗਏ। ਭਰਾ ਆਰਟਮ ਦੱਸਦਾ ਹੈ ਕਿ ਜਦੋਂ ਉਸ ਨੇ ਉਨ੍ਹਾਂ ਨੂੰ ਮੈਮੋਰੀਅਲ ਬਾਰੇ ਦੱਸਣਾ ਚਾਹਿਆ, ਤਾਂ ਪਹਿਲਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਪਰ ਜਦੋਂ ਉਨ੍ਹਾਂ ਨੇ ਭਰਾ ਨੂੰ ਮੈਮੋਰੀਅਲ ਮਨਾਉਂਦੇ ਦੇਖਿਆ, ਤਾਂ ਉਹ ਇਸ ਬਾਰੇ ਭਰਾ ਤੋਂ ਸਵਾਲ ਪੁੱਛਣ ਲੱਗ ਪਏ।

14. ਕੋਵਿਡ-19 ਮਹਾਂਮਾਰੀ ਦੌਰਾਨ ਵੀ ਯਹੋਵਾਹ ਦੇ ਲੋਕ ਮੈਮੋਰੀਅਲ ਕਿਵੇਂ ਮਨਾ ਸਕੇ?

14 ਕੋਵਿਡ-19 ਮਹਾਂਮਾਰੀ। ਮਹਾਂਮਾਰੀ ਫੈਲਣ ਕਰਕੇ ਯਹੋਵਾਹ ਦੇ ਲੋਕ ਮੈਮੋਰੀਅਲ ਮਨਾਉਣ ਲਈ ਇਕ ਜਗ੍ਹਾ ਇਕੱਠੇ ਨਹੀਂ ਹੋ ਸਕਦੇ ਸਨ। ਫਿਰ ਵੀ ਉਹ ਸਾਰਿਆਂ ਨਾਲ ਮਿਲ ਕੇ ਮੈਮੋਰੀਅਲ ਮਨਾ ਸਕੇ। d ਕਿਵੇਂ? ਜਿਨ੍ਹਾਂ ਮੰਡਲੀਆਂ ਕੋਲ ਇੰਟਰਨੈੱਟ ਦੀ ਸਹੂਲਤ ਸੀ, ਉਹ ਵੀਡੀਓ ਕਾਨਫ਼ਰੰਸ ਦੇ ਰਾਹੀਂ ਮੈਮੋਰੀਅਲ ਮਨਾ ਸਕੇ। ਪਰ ਜਿਨ੍ਹਾਂ ਮੰਡਲੀਆਂ ਕੋਲ ਇੰਟਰਨੈੱਟ ਨਹੀਂ ਸੀ, ਉਨ੍ਹਾਂ ਨੇ ਮੈਮੋਰੀਅਲ ਕਿਵੇਂ ਮਨਾਇਆ? ਕੁਝ ਦੇਸ਼ਾਂ ਵਿਚ ਪ੍ਰਬੰਧ ਕੀਤਾ ਗਿਆ ਕਿ ਭੈਣ-ਭਰਾ ਟੀ. ਵੀ. ʼਤੇ ਮੈਮੋਰੀਅਲ ਦੇਖ ਸਕਣ ਜਾਂ ਫਿਰ ਰੇਡੀਓ ਰਾਹੀਂ ਭਾਸ਼ਣ ਸੁਣ ਸਕਣ। ਇਸ ਤੋਂ ਇਲਾਵਾ, ਬ੍ਰਾਂਚ ਆਫ਼ਿਸਾਂ ਨੇ 500 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਮੈਮੋਰੀਅਲ ਦੇ ਭਾਸ਼ਣ ਦੀ ਰਿਕਾਰਡਿੰਗ ਕਰਵਾਈ। ਵਫ਼ਾਦਾਰ ਭਰਾਵਾਂ ਨੇ ਇਹ ਰਿਕਾਰਡਿੰਗ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਰਹਿਣ ਵਾਲੇ ਭੈਣਾਂ-ਭਰਾਵਾਂ ਤਕ ਪਹੁੰਚਾਈ ਤਾਂਕਿ ਉਹ ਵੀ ਮੈਮੋਰੀਅਲ ਮਨਾ ਸਕਣ।

15. ਤੁਸੀਂ ਸੂ ਦੇ ਤਜਰਬੇ ਤੋਂ ਕੀ ਸਿੱਖਦੇ ਹੋ?

15 ਘਰਦਿਆਂ ਵੱਲੋਂ ਵਿਰੋਧ। ਕੁਝ ਲੋਕਾਂ ਲਈ ਮੈਮੋਰੀਅਲ ਵਿਚ ਹਾਜ਼ਰ ਹੋਣਾ ਇਸ ਲਈ ਵੀ ਔਖਾ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਘਰਦੇ ਉਨ੍ਹਾਂ ਦਾ ਵਿਰੋਧ ਕਰਦੇ ਹਨ। ਜ਼ਰਾ ਸੂ ਨਾਂ ਦੀ ਬਾਈਬਲ ਵਿਦਿਆਰਥੀ ਦੇ ਤਜਰਬੇ ʼਤੇ ਗੌਰ ਕਰੋ। 2021 ਵਿਚ ਮੈਮੋਰੀਅਲ ਤੋਂ ਇਕ ਦਿਨ ਪਹਿਲਾਂ ਉਸ ਨੇ ਸਟੱਡੀ ਕਰਾਉਣ ਵਾਲੀ ਭੈਣ ਨੂੰ ਦੱਸਿਆ ਕਿ ਉਹ ਘਰਦਿਆਂ ਦੇ ਵਿਰੋਧ ਕਰਕੇ ਮੈਮੋਰੀਅਲ ਵਿਚ ਹਾਜ਼ਰ ਨਹੀਂ ਹੋ ਸਕੇਗੀ। ਭੈਣ ਨੇ ਸੂ ਨੂੰ ਲੂਕਾ 22:44 ਪੜ੍ਹ ਕੇ ਸੁਣਾਇਆ ਅਤੇ ਸਮਝਾਇਆ ਕਿ ਜਦੋਂ ਅਸੀਂ ਔਖੀਆਂ ਘੜੀਆਂ ਵਿੱਚੋਂ ਲੰਘਦੇ ਹਾਂ, ਤਾਂ ਸਾਨੂੰ ਯਿਸੂ ਦੀ ਮਿਸਾਲ ʼਤੇ ਚੱਲ ਕੇ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਉਸ ʼਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। ਅਗਲੇ ਦਿਨ ਸੂ ਨੇ ਮੈਮੋਰੀਅਲ ਲਈ ਰੋਟੀ ਅਤੇ ਦਾਖਰਸ ਦਾ ਪ੍ਰਬੰਧ ਕੀਤਾ ਅਤੇ jw.org ʼਤੇ “ਮੈਮੋਰੀਅਲ ਵਾਲੇ ਦਿਨ ਬਾਈਬਲ ਹਵਾਲੇ ਦੀ ਚਰਚਾ” ਪ੍ਰੋਗ੍ਰਾਮ ਦੇਖਿਆ। ਸ਼ਾਮ ਨੂੰ ਉਸ ਨੇ ਇਕੱਲਿਆਂ ਆਪਣੇ ਕਮਰੇ ਵਿਚ ਫ਼ੋਨ ʼਤੇ ਮੈਮੋਰੀਅਲ ਦਾ ਭਾਸ਼ਣ ਸੁਣਿਆ। ਬਾਅਦ ਵਿਚ ਸੂ ਨੇ ਉਸ ਭੈਣ ਨੂੰ ਲਿਖਿਆ: “ਕੱਲ੍ਹ ਤੁਸੀਂ ਮੈਨੂੰ ਬਹੁਤ ਹੌਸਲਾ ਦਿੱਤਾ। ਇਸ ਲਈ ਮੈਂ ਮੈਮੋਰੀਅਲ ਵਿਚ ਹਾਜ਼ਰ ਹੋਣ ਲਈ ਉਹ ਸਭ ਕੁਝ ਕੀਤਾ ਜੋ ਮੈਂ ਕਰ ਸਕਦੀ ਸੀ ਅਤੇ ਬਾਕੀ ਸਾਰਾ ਕੁਝ ਯਹੋਵਾਹ ਨੇ ਸੰਭਾਲ ਲਿਆ। ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਂ ਕਿੰਨੀ ਖ਼ੁਸ਼ ਹਾਂ ਅਤੇ ਯਹੋਵਾਹ ਦੀ ਕਿੰਨੀ ਸ਼ੁਕਰਗੁਜ਼ਾਰ ਹਾਂ!” ਜੇ ਤੁਸੀਂ ਵੀ ਅਜਿਹੇ ਹਲਾਤਾਂ ਵਿੱਚੋਂ ਲੰਘ ਰਹੇ ਹੋ, ਤਾਂ ਕੀ ਤੁਹਾਨੂੰ ਲੱਗਦਾ ਕਿ ਯਹੋਵਾਹ ਤੁਹਾਡੀ ਮਦਦ ਵੀ ਕਰੇਗਾ?

16. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਮੈਮੋਰੀਅਲ ਵਿਚ ਹਾਜ਼ਰ ਹੋਣ ਦੀਆਂ ਸਾਡੀਆਂ ਕੋਸ਼ਿਸ਼ਾਂ ʼਤੇ ਯਹੋਵਾਹ ਬਰਕਤ ਪਾਉਂਦਾ ਹੈ? (ਰੋਮੀਆਂ 8:31, 32)

16 ਜਦੋਂ ਯਹੋਵਾਹ ਦੇਖਦਾ ਹੈ ਕਿ ਅਸੀਂ ਮੈਮੋਰੀਅਲ ਮਨਾਉਣ ਲਈ ਕਿੰਨੀਆਂ ਕੋਸ਼ਿਸ਼ਾਂ ਕਰਦੇ ਹਾਂ ਅਤੇ ਉਸ ਦੇ ਪੁੱਤਰ ਦੀ ਕੁਰਬਾਨੀ ਦੀ ਕਿੰਨੀ ਕਦਰ ਕਰਦੇ ਹਾਂ, ਤਾਂ ਉਹ ਬਹੁਤ ਖ਼ੁਸ਼ ਹੁੰਦਾ ਹੈ ਅਤੇ ਸਾਨੂੰ ਬਰਕਤਾਂ ਦਿੰਦਾ ਹੈ। (ਰੋਮੀਆਂ 8:31, 32 ਪੜ੍ਹੋ।) ਇਸ ਲਈ ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਇਸ ਸਾਲ ਵੀ ਮੈਮੋਰੀਅਲ ਵਿਚ ਜ਼ਰੂਰ ਹਾਜ਼ਰ ਹੋਵਾਂਗੇ ਅਤੇ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਹੋਰ ਵੀ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਾਂਗੇ।

ਗੀਤ 18 ਰਿਹਾਈ ਲਈ ਅਹਿਸਾਨਮੰਦ

a ਮੰਗਲਵਾਰ 4 ਅਪ੍ਰੈਲ 2023 ਨੂੰ ਪੂਰੀ ਦੁਨੀਆਂ ਵਿਚ ਲੱਖਾਂ ਹੀ ਲੋਕ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਹਾਜ਼ਰ ਹੋਣਗੇ। ਇਸ ਵਿਚ ਕਈ ਜਣੇ ਪਹਿਲੀ ਵਾਰ ਆਉਣਗੇ। ਨਾਲੇ ਕੁਝ ਉਹ ਗਵਾਹ ਵੀ ਆਉਣਗੇ ਜਿਨ੍ਹਾਂ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਅਤੇ ਉਹ ਕਈ ਸਾਲ ਮੈਮੋਰੀਅਲ ਵਿਚ ਨਹੀਂ ਆਏ। ਕਈ ਲੋਕ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਮੈਮੋਰੀਅਲ ਵਿਚ ਹਾਜ਼ਰ ਹੋਣਗੇ। ਜੇ ਤੁਸੀਂ ਹਰ ਹਾਲ ਵਿਚ ਮੈਮੋਰੀਅਲ ਵਿਚ ਆਉਣ ਦੀ ਕੋਸ਼ਿਸ਼ ਕਰੋਗੇ, ਤਾਂ ਇਹ ਦੇਖ ਕੇ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੋਵੇਗੀ।

b ਜੋ ਲੋਕ “ਯੂਖਾਰਿਸਤ” (ਅਸ਼ਾਇ ਰੱਬਾਨੀ) ਮਨਾਉਂਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਰੋਟੀ ਤੇ ਦਾਖਰਸ ਲੈਂਦੇ ਹਨ, ਤਾਂ ਰੋਟੀ ਤੇ ਦਾਖਰਸ ਯਿਸੂ ਦੇ ਸਰੀਰ ਅਤੇ ਖ਼ੂਨ ਵਿਚ ਬਦਲ ਜਾਂਦੇ ਹਨ। ਉਹ ਸੋਚਦੇ ਹਨ ਕਿ ਹਰ ਵਾਰ ਇਸ ਰੀਤ ਵਿਚ ਹਿੱਸਾ ਲੈਣ ਨਾਲ ਯਿਸੂ ਦੇ ਸਰੀਰ ਅਤੇ ਖ਼ੂਨ ਦੀ ਕੁਰਬਾਨੀ ਦਿੱਤੀ ਜਾਂਦੀ ਹੈ।

c ਕੁਝ ਨਾਂ ਬਦਲੇ ਗਏ ਹਨ।

d jw.org ʼਤੇ “2021 Memorial Commemoration” ਹੇਠਾਂ ਦਿੱਤੇ ਲੇਖ ਦੇਖੋ।

e ਤਸਵੀਰਾਂ ਬਾਰੇ ਜਾਣਕਾਰੀ: ਸਾਲ 1960 ਤੋਂ ਲੈ ਕੇ ਅੱਜ ਤਕ ਮੈਮੋਰੀਅਲ ਦੇ ਸੱਦਾ-ਪੱਤਰਾਂ ਨੂੰ ਹੋਰ ਵੀ ਬਿਹਤਰ ਬਣਾਇਆ ਜਾ ਰਿਹਾ ਹੈ। ਅੱਜ ਅਸੀਂ ਲੋਕਾਂ ਨੂੰ ਇਸ ਦੀਆਂ ਛਪੀਆਂ ਹੋਈਆਂ ਅਤੇ ਇਲੈਕਟ੍ਰਾਨਿਕ ਕਾਪੀਆਂ ਦੇ ਸਕਦੇ ਹਾਂ।

f ਤਸਵੀਰਾਂ ਬਾਰੇ ਜਾਣਕਾਰੀ: ਬਾਹਰ ਦੰਗੇ-ਫ਼ਸਾਦ ਹੋ ਰਹੇ ਹਨ, ਪਰ ਭੈਣ-ਭਰਾ ਮੈਮੋਰੀਅਲ ਮਨਾ ਰਹੇ ਹਨ।