ਭੈਣਾਂ ਨਾਲ ਉੱਦਾਂ ਪੇਸ਼ ਆਓ ਜਿੱਦਾਂ ਯਹੋਵਾਹ ਆਉਂਦਾ ਹੈ
ਸਾਡੇ ਲਈ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਕਈ ਵਫ਼ਾਦਾਰ ਭੈਣਾਂ ਨਾਲ ਮਿਲ ਕੇ ਕੰਮ ਕਰ ਸਕਦੇ ਹਾਂ। ਇਹ ਭੈਣਾਂ ਯਹੋਵਾਹ ਦੀ ਸੇਵਾ ਕਰਨ ਵਿਚ ਸਖ਼ਤ ਮਿਹਨਤ ਕਰਦੀਆਂ ਹਨ। ਇਸ ਲਈ ਅਸੀਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਅਨਮੋਲ ਸਮਝਦੇ ਹਾਂ। a ਤਾਂ ਫਿਰ ਭਰਾਵੋ, ਭੈਣਾਂ ਨਾਲ ਪਿਆਰ ਨਾਲ ਪੇਸ਼ ਆਓ, ਉਨ੍ਹਾਂ ਦੀ ਇੱਜ਼ਤ ਕਰੋ, ਕਦੀ ਵੀ ਉਨ੍ਹਾਂ ਨਾਲ ਭੇਦ-ਭਾਵ ਨਾ ਕਰੋ। ਪਰ ਨਾਮੁਕੰਮਲ ਹੋਣ ਕਰਕੇ ਕਈ ਵਾਰ ਸ਼ਾਇਦ ਇੱਦਾਂ ਕਰਨਾ ਸਾਡੇ ਲਈ ਮੁਸ਼ਕਲ ਹੋ ਜਾਵੇ। ਨਾਲੇ ਕਈ ਭਰਾਵਾਂ ਲਈ ਕੁਝ ਹੋਰ ਕਾਰਨਾਂ ਕਰਕੇ ਵੀ ਇੱਦਾਂ ਕਰਨਾ ਔਖਾ ਹੁੰਦਾ ਹੈ।
ਸਾਡੇ ਕੁਝ ਭਰਾਵਾਂ ਦੀ ਪਰਵਰਿਸ਼ ਅਜਿਹੇ ਸਭਿਆਚਾਰਾਂ ਵਿਚ ਹੋਈ ਹੈ ਜਿੱਥੇ ਔਰਤਾਂ ਨੂੰ ਆਦਮੀਆਂ ਤੋਂ ਘੱਟ ਸਮਝਿਆ ਜਾਂਦਾ ਹੈ। ਮਿਸਾਲ ਲਈ, ਬੋਲੀਵੀਆ ਦੇ ਇਕ ਸਰਕਟ ਓਵਰਸੀਅਰ ਭਰਾ ਹਾਂਸ ਦੱਸਦਾ ਹੈ: “ਕੁਝ ਆਦਮੀਆਂ ਦੀ ਪਰਵਰਿਸ਼ ਅਜਿਹੇ ਸਭਿਆਚਾਰਾਂ ਵਿਚ ਹੁੰਦੀ ਹੈ ਜਿੱਥੇ ਲੋਕਾਂ ਦਾ ਮੰਨਣਾ ਹੈ ਕਿ ਆਦਮੀਆਂ ਦਾ ਦਰਜਾ ਔਰਤਾਂ ਨਾਲੋਂ ਕਿਤੇ ਉੱਚਾ ਹੈ। ਇਸ ਲਈ ਆਦਮੀ ਖ਼ੁਦ ਨੂੰ ਕੁਝ ਜ਼ਿਆਦਾ ਹੀ ਸਮਝਣ ਲੱਗਦੇ ਹਨ ਅਤੇ ਅਕਸਰ ਉਹ ਔਰਤਾਂ ਨਾਲ ਬੁਰਾ ਸਲੂਕ ਕਰਦੇ ਹਨ।” ਤਾਈਵਾਨ ਵਿਚ ਰਹਿਣ ਵਾਲਾ ਬਜ਼ੁਰਗ ਸ਼ਿੰਗਸ਼ਿਆਗ ਦੱਸਦਾ ਹੈ: “ਮੈਂ ਜਿੱਥੇ ਰਹਿੰਦਾ ਹਾਂ, ਉੱਥੇ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਔਰਤਾਂ ਨੂੰ ਆਦਮੀਆਂ ਦੇ ਵਿਚ ਨਹੀਂ ਬੋਲਣਾ ਚਾਹੀਦਾ। ਨਾਲੇ ਜੇ ਇਕ ਆਦਮੀ ਕਿਸੇ ਮਾਮਲੇ ਬਾਰੇ ਇਕ ਔਰਤ ਦੀ ਰਾਇ ਦੱਸਦਾ ਹੈ, ਤਾਂ ਸ਼ਾਇਦ ਉਸ ਦੇ ਨਾਲ ਵਾਲੇ ਆਦਮੀ ਉਸ ਨੂੰ ਨੀਵਾਂ ਸਮਝਣ।” ਕੁਝ ਹੋਰ ਆਦਮੀ ਭਾਵੇਂ ਸਿੱਧੇ ਤੌਰ ʼਤੇ ਔਰਤਾਂ ਨਾਲ ਪੱਖਪਾਤ ਨਾ ਕਰਨ, ਪਰ ਉਹ ਸ਼ਾਇਦ ਹੋਰ ਤਰੀਕਿਆਂ ਨਾਲ ਇਹ ਜ਼ਾਹਰ ਕਰਨ ਕਿ ਉਹ ਔਰਤਾਂ ਨੂੰ ਨੀਵਾਂ ਸਮਝਦੇ ਹਨ। ਜਿਵੇਂ ਕਿ ਉਹ ਸ਼ਾਇਦ ਉਨ੍ਹਾਂ ਦਾ ਮਜ਼ਾਕ ਉਡਾਉਣ।
ਪਰ ਖ਼ੁਸ਼ੀ ਦੀ ਗੱਲ ਹੈ ਕਿ ਇਕ ਆਦਮੀ ਦੀ ਚਾਹੇ ਜਿੱਦਾਂ ਦੇ ਮਰਜ਼ੀ ਮਾਹੌਲ ਵਿਚ ਪਰਵਰਿਸ਼ ਹੋਈ ਹੋਵੇ, ਉਹ ਬਦਲ ਸਕਦਾ ਹੈ। ਉਹ ਇਹ ਸੋਚ ਅਪਣਾ ਸਕਦਾ ਹੈ ਕਿ ਆਦਮੀ ਤੇ ਔਰਤਾਂ ਦੋਵੇਂ ਇਕ ਬਰਾਬਰ ਹਨ। (ਅਫ਼. 4:22-24) ਇੱਦਾਂ ਕਰਨ ਲਈ ਜ਼ਰੂਰੀ ਹੈ ਕਿ ਉਹ ਯਹੋਵਾਹ ਵਰਗਾ ਬਣਨ ਦੀ ਕੋਸ਼ਿਸ਼ ਕਰਨ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਯਹੋਵਾਹ ਔਰਤਾਂ ਨਾਲ ਕਿਵੇਂ ਪੇਸ਼ ਆਉਂਦਾ ਹੈ, ਭਰਾ ਯਹੋਵਾਹ ਵਰਗੀ ਸੋਚ ਕਿਵੇਂ ਅਪਣਾ ਸਕਦੇ ਹਨ ਅਤੇ ਭੈਣਾਂ ਦਾ ਆਦਰ ਕਰਨ ਦੇ ਮਾਮਲੇ ਵਿਚ ਬਜ਼ੁਰਗ ਕਿਵੇਂ ਇਕ ਵਧੀਆ ਮਿਸਾਲ ਰੱਖ ਸਕਦੇ ਹਨ।
ਯਹੋਵਾਹ ਔਰਤਾਂ ਨਾਲ ਕਿਵੇਂ ਪੇਸ਼ ਆਉਂਦਾ ਹੈ?
ਔਰਤਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ, ਇਸ ਮਾਮਲੇ ਵਿਚ ਯਹੋਵਾਹ ਨੇ ਸਾਡੇ ਲਈ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ ਹੈ। (ਯੂਹੰ. 3:16) ਨਾਲੇ ਜੋ ਔਰਤਾਂ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੀਆਂ ਹਨ, ਉਹ ਉਸ ਦੀਆਂ ਪਿਆਰੀਆਂ ਧੀਆਂ ਹਨ। ਆਓ ਗੌਰ ਕਰੀਏ ਕਿ ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਔਰਤਾਂ ਦੀ ਇੱਜ਼ਤ ਕਰਦਾ ਹੈ।
ਯਹੋਵਾਹ ਉਨ੍ਹਾਂ ਨਾਲ ਪੱਖਪਾਤ ਨਹੀਂ ਕਰਦਾ। ਉਸ ਨੇ ਆਦਮੀ ਤੇ ਔਰਤ ਦੋਵਾਂ ਨੂੰ ਆਪਣੇ ਸਰੂਪ ʼਤੇ ਬਣਾਇਆ ਹੈ। (ਉਤ. 1:27) ਇੱਦਾਂ ਨਹੀਂ ਹੈ ਕਿ ਉਹ ਆਦਮੀਆਂ ਨੂੰ ਔਰਤਾਂ ਨਾਲੋਂ ਜ਼ਿਆਦਾ ਪਸੰਦ ਕਰਦਾ ਹੈ ਜਾਂ ਉਸ ਨੇ ਆਦਮੀਆਂ ਨੂੰ ਔਰਤਾਂ ਨਾਲੋਂ ਜ਼ਿਆਦਾ ਸਮਝਦਾਰ ਜਾਂ ਕਾਬਲ ਬਣਾਇਆ ਹੈ। (2 ਇਤਿ. 19:7) ਯਹੋਵਾਹ ਨੇ ਆਦਮੀ ਤੇ ਔਰਤ ਨੂੰ ਅਜਿਹੀ ਕਾਬਲੀਅਤ ਦਿੱਤੀ ਹੈ ਕਿ ਉਹ ਬਾਈਬਲ ਦੀਆਂ ਸੱਚਾਈਆਂ ਸਮਝ ਸਕਦੇ ਹਨ ਅਤੇ ਉਸ ਵਰਗੇ ਵਧੀਆ ਗੁਣ ਜ਼ਾਹਰ ਕਰ ਸਕਦੇ ਹਨ। ਯਹੋਵਾਹ ਅਜਿਹੇ ਹਰ ਆਦਮੀ ਤੇ ਔਰਤ ਨੂੰ ਪਿਆਰ ਕਰਦਾ ਹੈ ਜੋ ਉਸ ʼਤੇ ਨਿਹਚਾ ਕਰਦਾ ਹੈ। ਨਾਲੇ ਉਸ ਨੇ ਆਦਮੀ ਤੇ ਔਰਤ ਦੋਵਾਂ ਨੂੰ ਇਕ ਸ਼ਾਨਦਾਰ ਉਮੀਦ ਦਿੱਤੀ ਹੈ, ਫਿਰ ਚਾਹੇ ਉਹ ਧਰਤੀ ʼਤੇ ਹਮੇਸ਼ਾ ਰਹਿਣ ਦੀ ਹੋਵੇ ਜਾਂ ਸਵਰਗ ਵਿਚ ਰਾਜਿਆਂ ਤੇ ਪੁਜਾਰੀਆਂ ਵਜੋਂ ਸੇਵਾ ਕਰਨ ਦੀ ਉਮੀਦ ਹੋਵੇ। (2 ਪਤ. 1:1) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਔਰਤਾਂ ਨਾਲ ਕਦੀ ਵੀ ਪੱਖਪਾਤ ਨਹੀਂ ਕਰਦਾ।
ਯਹੋਵਾਹ ਉਨ੍ਹਾਂ ਦੀ ਸੁਣਦਾ ਹੈ। ਉਹ ਇਸ ਗੱਲ ʼਤੇ ਵੀ ਧਿਆਨ ਦਿੰਦਾ ਹੈ ਕਿ ਔਰਤਾਂ ਕਿਵੇਂ ਮਹਿਸੂਸ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਕਿਹੜੀਆਂ ਚਿੰਤਾਵਾਂ ਤੇ ਪਰੇਸ਼ਾਨੀਆਂ ਹਨ। ਉਦਾਹਰਣ ਲਈ, ਜਦੋਂ ਰਾਕੇਲ ਤੇ ਹੰਨਾਹ ਨੇ ਖੁੱਲ੍ਹ ਕੇ ਯਹੋਵਾਹ ਨੂੰ ਦੱਸਿਆ ਕਿ ਉਹ ਕਿਵੇਂ ਮਹਿਸੂਸ ਕਰ ਰਹੀਆਂ ਹਨ, ਤਾਂ ਉਸ ਨੇ ਉਨ੍ਹਾਂ ਦੀ ਸੁਣੀ ਤੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ। (ਉਤ. 30:22; 1 ਸਮੂ. 1:10, 11, 19, 20) ਯਹੋਵਾਹ ਨੇ ਬਾਈਬਲ ਵਿਚ ਅਜਿਹੇ ਬਿਰਤਾਂਤ ਦਰਜ ਕਰਵਾਏ ਹਨ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਆਦਮੀਆਂ ਨੇ ਔਰਤਾਂ ਦੀ ਗੱਲ ਸੁਣੀ। ਮਿਸਾਲ ਲਈ, ਬਾਈਬਲ ਵਿਚ ਅਸੀਂ ਪੜ੍ਹਦੇ ਹਾਂ ਕਿ ਅਬਰਾਹਾਮ ਨੇ ਯਹੋਵਾਹ ਦੀ ਹਿਦਾਇਤ ਮੰਨ ਕੇ ਆਪਣੀ ਪਤਨੀ ਸਾਰਾਹ ਦੀ ਗੱਲ ਸੁਣੀ। (ਉਤ. 21:12-14) ਰਾਜਾ ਦਾਊਦ ਨੇ ਅਬੀਗੈਲ ਦੀ ਗੱਲ ਸੁਣੀ। ਉਸ ਨੇ ਤਾਂ ਇਹ ਵੀ ਕਿਹਾ ਕਿ ਯਹੋਵਾਹ ਨੇ ਹੀ ਅਬੀਗੈਲ ਨੂੰ ਉਸ ਨਾਲ ਗੱਲ ਕਰਨ ਲਈ ਭੇਜਿਆ ਹੈ। (1 ਸਮੂ. 25:32-35) ਨਾਲੇ ਯਿਸੂ ਜੋ ਬਿਲਕੁਲ ਆਪਣੇ ਪਿਤਾ ਵਰਗਾ ਹੈ, ਉਸ ਨੇ ਵੀ ਆਪਣੀ ਮਾਂ ਮਰੀਅਮ ਦੀ ਗੱਲ ਸੁਣੀ। (ਯੂਹੰ. 2:3-10) ਇਨ੍ਹਾਂ ਉਦਾਹਰਣਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਔਰਤਾਂ ਦੀ ਇੱਜ਼ਤ ਕਰਦਾ ਹੈ ਜਿਸ ਕਰਕੇ ਉਹ ਉਨ੍ਹਾਂ ਦੀ ਸੁਣਦਾ ਹੈ।
ਯਹੋਵਾਹ ਉਨ੍ਹਾਂ ʼਤੇ ਭਰੋਸਾ ਕਰਦਾ ਹੈ। ਯਹੋਵਾਹ ਨੂੰ ਹੱਵਾਹ ʼਤੇ ਭਰੋਸਾ ਸੀ ਜਿਸ ਕਰਕੇ ਉਸ ਨੇ ਪੂਰੀ ਧਰਤੀ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਆਦਮ ਦੇ ਨਾਲ-ਨਾਲ ਹੱਵਾਹ ਨੂੰ ਵੀ ਦਿੱਤੀ। (ਉਤ. 1:28) ਇੱਦਾਂ ਕਰਕੇ ਯਹੋਵਾਹ ਨੇ ਦਿਖਾਇਆ ਕਿ ਉਹ ਹੱਵਾਹ ਨੂੰ ਉਸ ਦੇ ਪਤੀ ਆਦਮ ਤੋਂ ਕਿਸੇ ਵੀ ਤਰੀਕੇ ਨਾਲ ਘੱਟ ਨਹੀਂ ਸਮਝਦਾ, ਸਗੋਂ ਇਕ ਅਜਿਹਾ ਸਾਥੀ ਮੰਨਦਾ ਸੀ ਜੋ ਆਦਮ ਦਾ ਪੂਰਾ ਸਾਥ ਦੇਵੇਗੀ। ਯਹੋਵਾਹ ਨੂੰ ਨਬੀਆ ਦਬੋਰਾਹ ਅਤੇ ਹੁਲਦਾਹ ʼਤੇ ਵੀ ਭਰੋਸਾ ਸੀ। ਇਸ ਲਈ ਉਸ ਨੇ ਉਨ੍ਹਾਂ ਨੂੰ ਦੂਜਿਆਂ ਨੂੰ ਸਲਾਹ ਦੇਣ ਦੀ ਜ਼ਿੰਮੇਵਾਰੀ ਦਿੱਤੀ ਸੀ, ਇੱਥੋਂ ਤਕ ਕਿ ਇਕ ਨਿਆਂਕਾਰ ਅਤੇ ਰਾਜੇ ਨੂੰ ਵੀ। (ਨਿਆ. 4:4-9; 2 ਰਾਜ. 22:14-20) ਅੱਜ ਵੀ ਯਹੋਵਾਹ ਨੂੰ ਮਸੀਹੀ ਭੈਣਾਂ ʼਤੇ ਪੂਰਾ ਭਰੋਸਾ ਹੈ ਜਿਸ ਕਰਕੇ ਉਹ ਉਨ੍ਹਾਂ ਨੂੰ ਅਲੱਗ-ਅਲੱਗ ਜ਼ਿੰਮੇਵਾਰੀਆਂ ਦਿੰਦਾ ਹੈ। ਬਹੁਤ ਸਾਰੀਆਂ ਵਫ਼ਾਦਾਰ ਭੈਣਾਂ ਪ੍ਰਚਾਰਕਾਂ, ਪਾਇਨੀਅਰਾਂ ਅਤੇ ਮਿਸ਼ਨਰੀਆਂ ਵਜੋਂ ਸੇਵਾ ਕਰਦੀਆਂ ਹਨ। ਉਹ ਕਿੰਗਡਮ ਹਾਲ ਅਤੇ ਬ੍ਰਾਂਚ ਆਫ਼ਿਸ ਡੀਜ਼ਾਈਨ ਕਰਨ, ਉਨ੍ਹਾਂ ਦੀ ਉਸਾਰੀ ਕਰਨ ਅਤੇ ਮੁਰੰਮਤ ਕਰਨ ਵਿਚ ਹੱਥ ਵਟਾਉਂਦੀਆਂ ਹਨ। ਕੁਝ ਭੈਣਾਂ ਬੈਥਲ ਅਤੇ ਅਨੁਵਾਦ ਆਫ਼ਿਸਾਂ ਵਿਚ ਸੇਵਾ ਕਰਦੀਆਂ ਹਨ। ਇਹ ਭੈਣਾਂ ਇਕ ਵੱਡੀ ਫ਼ੌਜ ਵਾਂਗ ਹਨ ਜਿਨ੍ਹਾਂ ਦੇ ਜ਼ਰੀਏ ਯਹੋਵਾਹ ਆਪਣੀ ਮਰਜ਼ੀ ਪੂਰੀ ਕਰਦਾ ਹੈ। (ਜ਼ਬੂ. 68:11) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਕਿਸੇ ਵੀ ਤਰੀਕੇ ਨਾਲ ਔਰਤਾਂ ਨੂੰ ਕਮਜ਼ੋਰ ਜਾਂ ਅਯੋਗ ਨਹੀਂ ਸਮਝਦਾ।
ਭਰਾ ਕਿਵੇਂ ਯਹੋਵਾਹ ਵਾਂਗ ਭੈਣਾਂ ਨਾਲ ਪੇਸ਼ ਆ ਸਕਦੇ ਹਨ?
ਭਰਾਵੋ, ਕੀ ਤੁਸੀਂ ਮਸੀਹੀ ਭੈਣਾਂ ਨਾਲ ਉੱਦਾਂ ਪੇਸ਼ਾ ਆਉਂਦੇ ਹੋ ਜਿੱਦਾਂ ਯਹੋਵਾਹ ਆਉਂਦਾ ਹੈ? ਇਸ ਦਾ ਜਵਾਬ ਜਾਣਨ ਲਈ ਤੁਹਾਨੂੰ ਚੰਗੀ ਤਰ੍ਹਾਂ ਸੋਚਣਾ ਪੈਣਾ ਕਿ ਔਰਤਾਂ ਬਾਰੇ ਤੁਹਾਡੀ ਕੀ ਰਾਇ ਹੈ ਅਤੇ ਤੁਸੀਂ ਉਨ੍ਹਾਂ ਨਾਲ ਕਿਵੇਂ ਪੇਸ਼ ਆਉਂਦੇ ਹੋ। ਇਸ ਲਈ ਤੁਹਾਨੂੰ ਸ਼ਾਇਦ ਕਿਸੇ ਦੀ ਮਦਦ ਲੈਣੀ ਪਵੇ। ਜਿੱਦਾਂ ਇਕ ਡਾਕਟਰ ਨੂੰ ਕੁਝ ਮਸ਼ੀਨਾਂ ਦੀ ਮਦਦ ਨਾਲ ਪਤਾ ਲੱਗਦਾ ਹੈ ਕਿ ਇਕ ਇਨਸਾਨ ਦੇ ਦਿਲ ਦੀ ਹਾਲਤ ਕਿੱਦਾਂ ਦੀ ਹੈ, ਉਸੇ ਤਰ੍ਹਾਂ ਇਕ ਸੱਚੇ ਦੋਸਤ ਅਤੇ ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ ਤੁਸੀਂ ਔਰਤਾਂ ਬਾਰੇ ਆਪਣੀ ਸੋਚ ਜਾਣ ਸਕਦੇ ਹੋ। ਤੁਸੀਂ ਜਾਣ ਸਕਦੇ ਹੋ ਕਿ ਔਰਤਾਂ ਬਾਰੇ ਤੁਹਾਡੀ ਸੋਚ ਪਰਮੇਸ਼ੁਰ ਵਰਗੀ ਹੈ ਜਾਂ ਨਹੀਂ।
ਇਕ ਚੰਗੇ ਦੋਸਤ ਤੋਂ ਪੁੱਛੋ। (ਕਹਾ. 18:17) ਸਾਨੂੰ ਇਕ ਅਜਿਹੇ ਦੋਸਤ ਨਾਲ ਗੱਲ ਕਰਨੀ ਚਾਹੀਦੀ ਹੈ ਜਿਸ ʼਤੇ ਸਾਨੂੰ ਭਰੋਸਾ ਹੈ ਅਤੇ ਜੋ ਸਾਨੂੰ ਪਿਆਰ ਕਰਦਾ ਹੈ, ਪਰ ਜੋ ਸਾਨੂੰ ਸਾਡੇ ਬਾਰੇ ਸਭ ਕੁਝ ਸੱਚ-ਸੱਚ ਦੱਸ ਸਕਦਾ ਹੈ। ਉਸ ਤੋਂ ਪੁੱਛੋ: “ਤੈਨੂੰ ਕੀ ਲੱਗਦਾ ਕਿ ਮੈਂ ਭੈਣਾਂ ਨਾਲ ਕਿਵੇਂ ਪੇਸ਼ ਆਉਂਦਾ ਹਾਂ? ਕੀ ਮੇਰੇ ਵਰਤਾਅ ਤੋਂ ਭੈਣਾਂ ਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਦੀ ਇੱਜ਼ਤ ਕਰਦਾ ਹਾਂ? ਇਸ ਮਾਮਲੇ ਵਿਚ ਮੈਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ?” ਜੇ ਤੁਹਾਡਾ ਦੋਸਤ ਦੱਸਦਾ ਹੈ ਕਿ ਤੁਹਾਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ, ਤਾਂ ਸਫ਼ਾਈਆਂ ਨਾ ਦਿਓ। ਇਸ ਦੀ ਬਜਾਇ, ਖ਼ੁਸ਼ੀ-ਖ਼ੁਸ਼ੀ ਆਪਣੇ ਵਿਚ ਸੁਧਾਰ ਕਰੋ।
ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰੋ। ਭੈਣਾਂ ਬਾਰੇ ਸਾਡਾ ਰਵੱਈਆ ਕਿਹੋ ਜਿਹਾ ਹੈ ਅਤੇ ਅਸੀਂ ਉਨ੍ਹਾਂ ਨਾਲ ਕਿਵੇਂ ਪੇਸ਼ ਆਉਂਦੇ ਹਾਂ, ਇਹ ਜਾਣਨ ਦਾ ਸਭ ਤੋਂ ਵਧੀਆ ਤਰੀਕਾ ਹੈ, ਪਰਮੇਸ਼ੁਰ ਦੇ ਬਚਨ ਤੋਂ ਮਦਦ ਲੈਣੀ। (ਇਬ. 4:12) ਜਦੋਂ ਅਸੀਂ ਬਾਈਬਲ ਦਾ ਅਧਿਐਨ ਕਰਾਂਗੇ, ਤਾਂ ਅਸੀਂ ਅਜਿਹੇ ਆਦਮੀਆਂ ਬਾਰੇ ਜਾਣਾਂਗੇ ਜਿਨ੍ਹਾਂ ਨੇ ਔਰਤਾਂ ਨਾਲ ਵਧੀਆ ਸਲੂਕ ਕੀਤਾ ਅਤੇ ਅਜਿਹੇ ਆਦਮੀਆਂ ਬਾਰੇ ਵੀ ਜਿਨ੍ਹਾਂ ਨੇ ਅਜਿਹਾ ਨਹੀਂ ਕੀਤਾ। ਫਿਰ ਅਸੀਂ ਉਨ੍ਹਾਂ ਨਾਲ ਆਪਣੀ ਤੁਲਨਾ ਕਰ ਕੇ ਦੇਖ ਸਕਦੇ ਹਾਂ। ਇਸ ਤੋਂ ਅਸੀਂ ਜਾਣ ਸਕਾਂਗੇ ਕਿ ਅਸੀਂ ਵਧੀਆ ਸਲੂਕ ਕਰਦੇ ਹਾਂ ਜਾਂ ਨਹੀਂ। ਇਸ ਤੋਂ ਇਲਾਵਾ, ਸਾਨੂੰ ਬਾਈਬਲ ਦੀ ਇਕ ਆਇਤ ਹੀ ਫੜ ਕੇ ਨਹੀਂ ਬੈਠੇ ਰਹਿਣਾ ਚਾਹੀਦਾ ਕਿਉਂਕਿ ਇੱਦਾਂ ਕਰਕੇ ਅਸੀਂ ਗੱਲਾਂ ਦਾ ਗ਼ਲਤ ਮਤਲਬ ਕੱਢ ਸਕਦੇ ਹਾਂ। ਇਸ ਦੀ ਬਜਾਇ, ਸਾਨੂੰ ਹੋਰ ਵੀ ਆਇਤਾਂ ʼਤੇ ਧਿਆਨ ਦੇਣਾ ਚਾਹੀਦਾ ਹੈ। ਉਦਾਹਰਣ ਲਈ, 1 ਪਤਰਸ 3:7 ਵਿਚ ਦੱਸਿਆ ਗਿਆ ਹੈ ਕਿ ਪਤੀਆਂ ਨੂੰ ਪਤਨੀਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ “ਉਹ ਤੁਹਾਡੇ ਨਾਲੋਂ ਨਾਜ਼ੁਕ ਹਨ।” b ਤਾਂ ਕੀ ਇਸ ਦਾ ਮਤਲਬ ਹੈ ਕਿ ਪਤਨੀਆਂ ਪਤੀਆਂ ਤੋਂ ਕਿਸੇ ਮਾਅਨੇ ਵਿਚ ਘੱਟ ਹਨ ਜਾਂ ਉਨ੍ਹਾਂ ਵਿਚ ਬੁੱਧ ਦੀ ਘਾਟ ਹੈ? ਬਿਲਕੁਲ ਨਹੀਂ। ਕਿਉਂਕਿ ਜੇ ਅਸੀਂ ਗਲਾਤੀਆਂ 3:26-29 ਪੜ੍ਹੀਏ, ਤਾਂ ਉੱਥੇ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਆਦਮੀਆਂ ਦੇ ਨਾਲ-ਨਾਲ ਔਰਤਾਂ ਨੂੰ ਵੀ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਲਈ ਚੁਣਿਆ ਹੈ। ਇਸ ਤਰ੍ਹਾਂ ਜਦੋਂ ਅਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਾਂਗੇ ਅਤੇ ਆਪਣੇ ਕਿਸੇ ਵਧੀਆ ਦੋਸਤ ਤੋਂ ਪੁੱਛਾਂਗੇ ਕਿ ਅਸੀਂ ਔਰਤਾਂ ਨਾਲ ਕਿਵੇਂ ਪੇਸ਼ ਆਉਂਦੇ ਹਾਂ, ਤਾਂ ਅਸੀਂ ਆਪਣੀਆਂ ਭੈਣਾਂ ਦੀ ਇੱਜ਼ਤ ਕਰ ਸਕਾਂਗੇ।
ਭੈਣਾਂ ਦਾ ਆਦਰ ਕਰਨ ਵਿਚ ਬਜ਼ੁਰਗ ਕਿਵੇਂ ਵਧੀਆ ਮਿਸਾਲ ਹਨ?
ਮੰਡਲੀ ਦੇ ਭਰਾ, ਭੈਣਾਂ ਦਾ ਆਦਰ ਕਰਨ ਦੇ ਮਾਮਲੇ ਵਿਚ ਬਜ਼ੁਰਗਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਇਸ ਮਾਮਲੇ ਵਿਚ ਬਜ਼ੁਰਗ ਸਾਡੇ ਸਾਰਿਆਂ ਲਈ ਇਕ ਵਧੀਆ ਮਿਸਾਲ ਹਨ। ਉਹ ਕਿਨ੍ਹਾਂ ਤਰੀਕਿਆਂ ਨਾਲ ਵਧੀਆ ਮਿਸਾਲ ਰੱਖਦੇ ਹਨ? ਆਓ ਕੁਝ ਗੱਲਾਂ ʼਤੇ ਧਿਆਨ ਦੇਈਏ।
ਉਹ ਭੈਣਾਂ ਦੀ ਤਾਰੀਫ਼ ਕਰਦੇ ਹਨ। ਇਸ ਮਾਮਲੇ ਵਿਚ ਪੌਲੁਸ ਰਸੂਲ ਨੇ ਬਜ਼ੁਰਗਾਂ ਲਈ ਵਧੀਆ ਮਿਸਾਲ ਰੱਖੀ। ਜਦੋਂ ਉਸ ਨੇ ਰੋਮ ਦੀ ਮੰਡਲੀ ਨੂੰ ਚਿੱਠੀ ਲਿਖੀ, ਤਾਂ ਉਸ ਨੇ ਕਈ ਭੈਣਾਂ ਦਾ ਨਾਂ ਲੈ ਕੇ ਉਨ੍ਹਾਂ ਦੀ ਤਾਰੀਫ਼ ਕੀਤੀ। (ਰੋਮੀ. 16:12) ਸੋਚੋ ਜਦੋਂ ਮੰਡਲੀ ਵਿਚ ਪੌਲੁਸ ਦੀ ਚਿੱਠੀ ਪੜ੍ਹੀ ਗਈ ਹੋਣੀ, ਤਾਂ ਉਨ੍ਹਾਂ ਭੈਣਾਂ ਨੂੰ ਕਿੰਨੀ ਖ਼ੁਸ਼ੀ ਹੋਈ ਹੋਣੀ। ਉਸੇ ਤਰੀਕੇ ਨਾਲ ਅੱਜ ਜਦੋਂ ਬਜ਼ੁਰਗ ਭੈਣਾਂ ਦੇ ਚੰਗੇ ਗੁਣਾਂ ਵੱਲ ਧਿਆਨ ਦਿੰਦੇ ਹਨ ਅਤੇ ਦੇਖਦੇ ਹਨ ਕਿ ਉਹ ਯਹੋਵਾਹ ਲਈ ਕਿੰਨਾ ਕੁਝ ਕਰਦੀਆਂ ਹਨ, ਤਾਂ ਉਹ ਖੁੱਲ੍ਹ ਕੇ ਉਨ੍ਹਾਂ ਦੀ ਤਾਰੀਫ਼ ਕਰਦੇ ਹਨ। ਇਸ ਨਾਲ ਭੈਣਾਂ ਨੂੰ ਅਹਿਸਾਸ ਹੁੰਦਾ ਹੈ ਕਿ ਭਰਾ ਉਨ੍ਹਾਂ ਦੀ ਇੱਜ਼ਤ ਕਰਦੇ ਹਨ ਅਤੇ ਉਨ੍ਹਾਂ ਦੀ ਬਹੁਤ ਕਦਰ ਕਰਦੇ ਹਨ। ਕਈ ਵਾਰ ਜਦੋਂ ਇਕ ਬਜ਼ੁਰਗ ਹੌਸਲਾ ਵਧਾਉਣ ਵਾਲੀ ਕੋਈ ਗੱਲ ਕਹਿੰਦਾ ਹੈ, ਤਾਂ ਸ਼ਾਇਦ ਉਸ ਤੋਂ ਇਕ ਭੈਣ ਨੂੰ ਬਹੁਤ ਹਿੰਮਤ ਮਿਲੇ। ਸ਼ਾਇਦ ਉਸ ਸਮੇਂ ਭੈਣ ਨੂੰ ਉਸੇ ਹੌਸਲੇ ਦੀ ਲੋੜ ਹੋਵੇ ਤਾਂਕਿ ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੀ ਰਹਿ ਸਕੇ।—ਕਹਾ. 15:23.
ਬਜ਼ੁਰਗ ਦਿਲੋਂ ਭੈਣਾਂ ਦੀ ਤਾਰੀਫ਼ ਕਰਦੇ ਹਨ ਅਤੇ ਖੁੱਲ੍ਹ ਕੇ ਦੱਸਦੇ ਹਨ ਕਿ ਉਨ੍ਹਾਂ ਨੂੰ ਭੈਣਾਂ ਦੀ ਕਿਹੜੀ ਗੱਲ ਵਧੀਆ ਲੱਗੀ। ਇੱਦਾਂ ਕਰਨਾ ਚੰਗੀ ਗੱਲ ਕਿਉਂ ਹੈ? ਭੈਣ ਜੈਸਿਕਾ ਦੱਸਦੀ ਹੈ: “ਜਦੋਂ ਭਰਾ ਕਿਸੇ ਭੈਣ ਨੂੰ ਇਹ ਕਹਿੰਦੇ ਹਨ ਕਿ ਉਨ੍ਹਾਂ ਨੇ ‘ਬਹੁਤ ਚੰਗਾ ਕੰਮ ਕੀਤਾ ਹੈ,’ ਤਾਂ ਇਹ ਸੁਣ ਕੇ ਵਧੀਆ ਲੱਗਦਾ ਹੈ। ਪਰ ਜਦੋਂ ਉਹ ਖੁੱਲ੍ਹ ਕੇ ਇਹ ਦੱਸਦੇ ਹਨ ਕਿ ਉਨ੍ਹਾਂ ਨੂੰ ਕਿਹੜੀ ਗੱਲ ਵਧੀਆ ਲੱਗੀ, ਤਾਂ ਸਾਨੂੰ ਹੋਰ ਵੀ ਜ਼ਿਆਦਾ ਖ਼ੁਸ਼ੀ ਹੁੰਦੀ ਹੈ। ਜਿਵੇਂ ਉਹ ਸ਼ਾਇਦ ਕਹਿਣ ਕਿ ਅਸੀਂ ਆਪਣੇ ਬੱਚਿਆਂ ਨੂੰ ਮੀਟਿੰਗ ਵਿਚ ਆਰਾਮ ਨਾਲ ਬੈਠਣਾ ਸਿਖਾਉਂਦੀਆਂ ਹਾਂ ਜਾਂ ਸਮਾਂ ਕੱਢ ਕੇ ਆਪਣੇ ਬਾਈਬਲ
ਵਿਦਿਆਰਥੀ ਨੂੰ ਮੀਟਿੰਗਾਂ ਲਈ ਲੈਣ ਜਾਂਦੀਆਂ ਹਾਂ।” ਸੋ ਜਦੋਂ ਬਜ਼ੁਰਗ ਖੁੱਲ੍ਹ ਕੇ ਭੈਣਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਨੂੰ ਭੈਣਾਂ ਦੀ ਕਿਹੜੀ ਗੱਲ ਵਧੀਆ ਲੱਗੀ, ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਮੰਡਲੀ ਲਈ ਬਹੁਤ ਮਾਅਨੇ ਰੱਖਦੀਆਂ ਹਨ ਅਤੇ ਸਾਰੇ ਉਨ੍ਹਾਂ ਦੀ ਬਹੁਤ ਕਦਰ ਕਰਦੇ ਹਾਂ।ਉਹ ਭੈਣਾਂ ਦੀ ਸੁਣਦੇ ਹਨ। ਬਜ਼ੁਰਗ ਨਿਮਰ ਹੁੰਦੇ ਹਨ ਅਤੇ ਉਹ ਇੱਦਾਂ ਨਹੀਂ ਸੋਚਦੇ ਕਿ ਉਨ੍ਹਾਂ ਕੋਲ ਹੀ ਸਭ ਤੋਂ ਵਧੀਆ ਸੁਝਾਅ ਹੁੰਦੇ ਹਨ। ਉਹ ਭੈਣਾਂ ਤੋਂ ਵੀ ਸੁਝਾਅ ਲੈਂਦੇ ਹਨ ਅਤੇ ਜਦੋਂ ਉਹ ਗੱਲ ਕਰਦੀਆਂ ਹਨ, ਤਾਂ ਉਹ ਧਿਆਨ ਨਾਲ ਉਨ੍ਹਾਂ ਦੀ ਸੁਣਦੇ ਹਨ। ਇੱਦਾਂ ਕਰ ਕੇ ਬਜ਼ੁਰਗ ਭੈਣਾਂ ਦਾ ਹੌਸਲਾ ਵਧਾਉਂਦੇ ਹਨ ਅਤੇ ਇੱਦਾਂ ਕਰ ਕੇ ਉਨ੍ਹਾਂ ਦਾ ਆਪਣਾ ਵੀ ਫ਼ਾਇਦਾ ਹੁੰਦਾ ਹੈ। ਕਿਵੇਂ? ਭਰਾ ਹੈਰਾਰਡੋ, ਜੋ ਇਕ ਬਜ਼ੁਰਗ ਹੈ ਤੇ ਬੈਥਲ ਵਿਚ ਸੇਵਾ ਕਰਦਾ ਹੈ, ਕਹਿੰਦਾ ਹੈ: “ਮੈਂ ਅਕਸਰ ਭੈਣਾਂ ਤੋਂ ਸੁਝਾਅ ਲੈਂਦਾ ਹਾਂ ਅਤੇ ਇੱਦਾਂ ਮੈਂ ਆਪਣਾ ਕੰਮ ਹੋਰ ਵੀ ਚੰਗੀ ਤਰ੍ਹਾਂ ਕਰ ਪਾਉਂਦਾ ਹਾਂ। ਕਈ ਇੱਦਾਂ ਦੇ ਕੰਮ ਹਨ ਜਿਨ੍ਹਾਂ ਨੂੰ ਕਰਨ ਦਾ ਭੈਣਾਂ ਨੂੰ ਭਰਾਵਾਂ ਤੋਂ ਜ਼ਿਆਦਾ ਤਜਰਬਾ ਹੁੰਦਾ ਹੈ।” ਮੰਡਲੀਆਂ ਵਿਚ ਬਹੁਤ ਸਾਰੀਆਂ ਭੈਣਾਂ ਪਾਇਨੀਅਰ ਵਜੋਂ ਸੇਵਾ ਕਰਦੀਆਂ ਹਨ। ਇਸ ਕਰਕੇ ਉਹ ਆਪਣੇ ਇਲਾਕੇ ਦੇ ਲੋਕਾਂ ਬਾਰੇ ਬਹੁਤ ਕੁਝ ਜਾਣਦੀਆਂ ਹਨ। ਇਕ ਬਜ਼ੁਰਗ ਭਰਾ ਬ੍ਰਾਈਅਨ ਕਹਿੰਦਾ ਹੈ: “ਸਾਡੀਆਂ ਭੈਣਾਂ ਵਿਚ ਇੱਦਾਂ ਦੇ ਬਹੁਤ ਸਾਰੇ ਗੁਣ ਅਤੇ ਹੁਨਰ ਹਨ ਜਿਨ੍ਹਾਂ ਦਾ ਸੰਗਠਨ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਸੋ ਭੈਣਾਂ ਦੇ ਤਜਰਬੇ ਤੋਂ ਸਿੱਖੋ।”
ਸਮਝਦਾਰ ਬਜ਼ੁਰਗ ਭੈਣਾਂ ਦੇ ਸੁਝਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦੇ। ਕਿਉਂ? ਇਸ ਬਾਰੇ ਐਡਵਰਡ ਨਾਂ ਦੇ ਇਕ ਬਜ਼ੁਰਗ ਨੇ ਕਿਹਾ: “ਕਈ ਵਾਰ ਹੋ ਸਕਦਾ ਹੈ ਕਿ ਕਿਸੇ ਭੈਣ ਦੇ ਸੁਝਾਅ ਅਤੇ ਉਸ ਦੇ ਤਜਰਬੇ ਤੋਂ ਇਕ ਭਰਾ ਕਿਸੇ ਮਾਮਲੇ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਸਕੇ ਅਤੇ ਦੂਜਿਆਂ ਨਾਲ ਹੋਰ ਵੀ ਜ਼ਿਆਦਾ ਹਮਦਰਦੀ ਰੱਖਣੀ ਸਿੱਖ ਸਕੇ।” (ਕਹਾ. 1:5) ਜੇ ਇਕ ਬਜ਼ੁਰਗ ਨੂੰ ਲੱਗੇ ਕਿ ਇਕ ਭੈਣ ਦਾ ਸੁਝਾਅ ਮੰਨਣਾ ਸਹੀ ਨਹੀਂ ਹੋਵੇਗਾ, ਉਦੋਂ ਵੀ ਉਹ ਉਸ ਭੈਣ ਨੂੰ ਇਸ ਗੱਲ ਲਈ ਸ਼ੁਕਰੀਆ ਕਹਿ ਸਕਦਾ ਹੈ ਕਿ ਉਸ ਨੇ ਇੰਨਾ ਸੋਚਿਆ ਤੇ ਆਪਣਾ ਸੁਝਾਅ ਦਿੱਤਾ।
ਉਹ ਭੈਣਾਂ ਨੂੰ ਟ੍ਰੇਨਿੰਗ ਦਿੰਦੇ ਹਨ। ਸਮਝਦਾਰ ਬਜ਼ੁਰਗ ਭੈਣਾਂ ਨੂੰ ਟ੍ਰੇਨਿੰਗ ਦੇਣ ਦੇ ਮੌਕੇ ਲੱਭਦੇ ਹਨ। ਮਿਸਾਲ ਲਈ, ਸ਼ਾਇਦ ਉਹ ਭੈਣਾਂ ਨੂੰ ਪ੍ਰਚਾਰ ਦੀ ਸਭਾ ਚਲਾਉਣੀ ਸਿਖਾਉਣ ਤਾਂਕਿ ਜੇ ਕਦੀ ਕੋਈ ਬਪਤਿਸਮਾ-ਪ੍ਰਾਪਤ ਭਰਾ ਨਾ ਹੋਵੇ, ਤਾਂ ਉਹ ਸਭਾ ਚਲਾ ਸਕੇ। ਇਸ ਤੋਂ ਇਲਾਵਾ, ਸੰਗਠਨ ਦੀਆਂ ਇਮਾਰਤਾਂ ਦੀ ਉਸਾਰੀ ਅਤੇ ਸਾਂਭ-ਸੰਭਾਲ ਦੇ ਕੰਮ ਵਿਚ ਹੱਥ ਵਟਾਉਣ ਲਈ ਉਹ ਸ਼ਾਇਦ ਭੈਣਾਂ ਨੂੰ ਔਜ਼ਾਰ ਤੇ ਮਸ਼ੀਨਾਂ ਚਲਾਉਣੀਆਂ ਵੀ ਸਿਖਾਉਣ। ਬੈਥਲ ਵਿਚ ਵੀ ਭੈਣਾਂ ਨੂੰ ਅਲੱਗ-ਅਲੱਗ ਵਿਭਾਗਾਂ ਵਿਚ ਕੰਮ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਿਵੇਂ, ਸਾਂਭ-ਸੰਭਾਲ, ਖ਼ਰੀਦਦਾਰੀ, ਹਿਸਾਬ-ਕਿਤਾਬ, ਕੰਪਿਊਟਰ ਪ੍ਰੋਗ੍ਰਾਮਿੰਗ ਵਗੈਰਾ-ਵਗੈਰਾ। ਜਦੋਂ ਬਜ਼ੁਰਗ ਭੈਣਾਂ ਨੂੰ ਟ੍ਰੇਨਿੰਗ ਦਿੰਦੇ ਹਨ, ਤਾਂ ਉਹ ਦਿਖਾਉਂਦੇ ਹਨ ਕਿ ਉਹ ਭੈਣਾਂ ਨੂੰ ਕਾਬਲ ਤੇ ਭਰੋਸੇਯੋਗ ਸਮਝਦੇ ਹਨ।
ਜਿਨ੍ਹਾਂ ਭੈਣਾਂ ਨੂੰ ਬਜ਼ੁਰਗਾਂ ਨੇ ਟ੍ਰੇਨਿੰਗ ਦਿੱਤੀ ਹੈ, ਉਹ ਭੈਣਾਂ ਦੂਜਿਆਂ ਦੀ ਮਦਦ ਕਰ ਪਾਉਂਦੀਆਂ ਹਨ। ਮਿਸਾਲ ਲਈ, ਜਿਹੜੀਆਂ ਭੈਣਾਂ ਨੂੰ ਉਸਾਰੀ ਦੀ ਟ੍ਰੇਨਿੰਗ ਦਿੱਤੀ ਗਈ ਹੈ, ਉਹ ਕਿਸੇ ਕੁਦਰਤੀ ਆਫ਼ਤ ਆਉਣ ʼਤੇ ਦੂਜਿਆਂ ਦੀ ਆਪਣਾ ਘਰ ਦੁਬਾਰਾ ਤੋਂ ਬਣਾਉਣ ਵਿਚ ਮਦਦ ਕਰ ਪਾਉਂਦੀਆਂ ਹਨ। ਨਾਲੇ ਜਿਨ੍ਹਾਂ ਭੈਣਾਂ ਨੂੰ ਖੁੱਲ੍ਹੇ-ਆਮ ਗਵਾਹੀ ਦੇਣੀ ਸਿਖਾਈ ਗਈ ਹੈ, ਉਹ ਇਹ ਹੁਨਰ ਵਧਾਉਣ ਵਿਚ ਦੂਜੀਆਂ ਭੈਣਾਂ ਦੀ ਵੀ ਮਦਦ ਕਰ ਪਾਉਂਦੀਆਂ ਹਨ। ਤਾਂ ਫਿਰ ਜਿਨ੍ਹਾਂ ਭੈਣਾਂ ਨੂੰ ਬਜ਼ੁਰਗ ਸਮਾਂ ਕੱਢ ਕੇ ਟ੍ਰੇਨਿੰਗ ਦਿੰਦੇ ਹਨ, ਉਨ੍ਹਾਂ ਨੂੰ ਕਿਵੇਂ ਲੱਗਦਾ ਹੈ? ਭੈਣ ਜੈਨੀਫ਼ਰ ਦੱਸਦੀ ਹੈ: “ਜਦੋਂ ਮੈਂ ਇਕ ਕਿੰਗਡਮ ਹਾਲ ਦੇ ਉਸਾਰੀ ਕੰਮ ਵਿਚ ਹੱਥ ਵਟਾ ਰਹੀ ਸੀ, ਤਾਂ ਸਾਡੇ ਓਵਰਸੀਅਰ ਨੇ ਆਪਣਾ ਸਮਾਂ ਕੱਢ ਕੇ ਮੈਨੂੰ ਟ੍ਰੇਨਿੰਗ ਦਿੱਤੀ। ਜਦੋਂ ਮੈਂ ਕੋਈ ਕੰਮ ਕਰਦੀ ਸੀ, ਤਾਂ ਉਹ ਉਸ ਕੰਮ ਵੱਲ ਧਿਆਨ ਦਿੰਦਾ ਸੀ ਅਤੇ ਮੇਰੀ ਤਾਰੀਫ਼ ਕਰਦਾ ਸੀ। ਉਹ ਮੇਰੇ ʼਤੇ ਭਰੋਸਾ ਕਰਦਾ ਸੀ, ਇਸ ਲਈ ਮੈਨੂੰ ਲੱਗਦਾ ਸੀ ਕਿ ਮੈਂ ਵੀ ਯਹੋਵਾਹ ਦੇ ਕੰਮ ਆ ਸਕਦੀ ਹਾਂ। ਮੈਨੂੰ ਉਸ ਨਾਲ ਕੰਮ ਕਰ ਕੇ ਬਹੁਤ ਚੰਗਾ ਲੱਗਾ।”
ਭੈਣਾਂ ਨਾਲ ਆਪਣਿਆਂ ਵਾਂਗ ਪੇਸ਼ ਆਓ
ਅਸੀਂ ਆਪਣੀਆਂ ਵਫ਼ਾਦਾਰ ਭੈਣਾਂ ਨੂੰ ਬਹੁਤ ਪਿਆਰ ਕਰਦੇ ਹਾਂ ਬਿਲਕੁਲ ਜਿੱਦਾਂ ਯਹੋਵਾਹ ਕਰਦਾ ਹੈ। ਉਹ ਸਾਡੇ ਪਰਿਵਾਰ ਦਾ ਹਿੱਸਾ ਹਨ। (1 ਤਿਮੋ. 5:1, 2) ਸਾਨੂੰ ਆਪਣੀਆਂ ਭੈਣਾਂ ʼਤੇ ਮਾਣ ਹੈ ਅਤੇ ਉਨ੍ਹਾਂ ਨਾਲ ਕੰਮ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਨਾਲੇ ਜਦੋਂ ਸਾਡੀਆਂ ਭੈਣਾਂ ਇਹ ਮਹਿਸੂਸ ਕਰਦੀਆਂ ਹਨ ਕਿ ਅਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦਾ ਸਾਥ ਦਿੰਦੇ ਹਾਂ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਭੈਣ ਵਨੈਸਾ ਕਹਿੰਦੀ ਹੈ: “ਮੈਂ ਯਹੋਵਾਹ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੈਨੂੰ ਆਪਣੇ ਸੰਗਠਨ ਦਾ ਹਿੱਸਾ ਬਣਾਇਆ। ਉਸ ਦੇ ਸੰਗਠਨ ਵਿਚ ਇੱਦਾਂ ਬਹੁਤ ਸਾਰੇ ਭਰਾ ਹਨ ਜੋ ਮੇਰਾ ਹੌਸਲਾ ਵਧਾਉਂਦੇ ਹਨ।” ਤਾਈਵਾਨ ਵਿਚ ਰਹਿਣ ਵਾਲੀ ਇਕ ਭੈਣ ਦੱਸਦੀ ਹੈ: “ਮੈਂ ਇਸ ਗੱਲ ਲਈ ਬਹੁਤ ਅਹਿਸਾਨਮੰਦ ਹਾਂ ਕਿ ਯਹੋਵਾਹ ਤੇ ਉਸ ਦਾ ਸੰਗਠਨ ਔਰਤਾਂ ਦੀ ਬਹੁਤ ਇੱਜ਼ਤ ਕਰਦਾ ਹੈ ਅਤੇ ਸਾਡੀਆਂ ਭਾਵਨਾਵਾਂ ਨੂੰ ਸਮਝਦਾ ਹੈ। ਇਸ ਤੋਂ ਮੇਰਾ ਪਰਮੇਸ਼ੁਰ ʼਤੇ ਭਰੋਸਾ ਹੋਰ ਵੀ ਵਧ ਜਾਂਦਾ ਹੈ ਅਤੇ ਇਸ ਗੱਲ ਤੋਂ ਹੋਰ ਵੀ ਜ਼ਿਆਦਾ ਖ਼ੁਸ਼ੀ ਮਿਲਦੀ ਹੈ ਕਿ ਮੈਂ ਯਹੋਵਾਹ ਦੇ ਸੰਗਠਨ ਦਾ ਹਿੱਸਾ ਹਾਂ।”
ਜਦੋਂ ਯਹੋਵਾਹ ਦੇਖਦਾ ਹੋਣਾ ਕਿ ਭਰਾ ਉਸੇ ਤਰੀਕੇ ਨਾਲ ਭੈਣਾਂ ਨਾਲ ਪੇਸ਼ ਆਉਂਦੇ ਹਨ ਜਿਵੇਂ ਉਹ ਆਉਂਦਾ ਹੈ, ਤਾਂ ਉਸ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੋਣੀ! (ਕਹਾ. 27:11) ਸਕਾਟਲੈਂਡ ਵਿਚ ਰਹਿਣ ਵਾਲੇ ਬੈਂਜਾਮਿਨ ਨਾਂ ਦੇ ਬਜ਼ੁਰਗ ਨੇ ਕਿਹਾ: “ਅੱਜ ਦੁਨੀਆਂ ਵਿਚ ਜ਼ਿਆਦਾਤਰ ਆਦਮੀ ਔਰਤਾਂ ਦੀ ਬਿਲਕੁਲ ਵੀ ਇੱਜ਼ਤ ਨਹੀਂ ਕਰਦੇ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਜਦੋਂ ਸਾਡੀਆਂ ਭੈਣਾਂ ਕਿੰਗਡਮ ਹਾਲ ਵਿਚ ਆਉਣ, ਤਾਂ ਉਨ੍ਹਾਂ ਨੂੰ ਮਹਿਸੂਸ ਹੋਵੇ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦੀ ਇੱਜ਼ਤ ਕਰਦੇ ਹਾਂ। ਤਾਂ ਫਿਰ ਆਓ ਆਪਾਂ ਸਾਰੇ ਜਣੇ ਯਹੋਵਾਹ ਵਾਂਗ ਬਣਨ ਦੀ ਕੋਸ਼ਿਸ਼ ਕਰੀਏ ਅਤੇ ਆਪਣੀਆਂ ਭੈਣਾਂ ਨੂੰ ਉਹ ਪਿਆਰ ਤੇ ਇੱਜ਼ਤ ਦੇਈਏ ਜਿਸ ਦੀਆਂ ਉਹ ਹੱਕਦਾਰ ਹਨ।—ਰੋਮੀ. 12:10.
a ਇਸ ਲੇਖ ਵਿਚ “ਭੈਣਾਂ” ਸ਼ਬਦ ਮਸੀਹੀ ਭੈਣਾਂ ਲਈ ਵਰਤਿਆ ਗਿਆ ਹੈ, ਨਾ ਕਿ ਕਿਸੇ ਸਕੀ ਭੈਣ ਲਈ।
b “ਨਾਜ਼ੁਕ” ਸ਼ਬਦ ਦਾ ਮਤਲਬ ਹੋਰ ਚੰਗੀ ਤਰ੍ਹਾਂ ਸਮਝਣ ਲਈ ਪਹਿਰਾਬੁਰਜ 15 ਮਈ 2006 ਵਿਚ ਦਿੱਤਾ ਲੇਖ “‘ਕੋਮਲ ਸਰੀਰ’ ਦੀ ਕਦਰ ਕਰੋ” ਅਤੇ ਪਹਿਰਾਬੁਰਜ 1 ਮਾਰਚ 2005 ਵਿਚ ਦਿੱਤਾ ਲੇਖ “ਸ਼ਾਦੀ-ਸ਼ੁਦਾ ਭੈਣ-ਭਰਾਵਾਂ ਲਈ ਸਲਾਹ” ਪੜ੍ਹੋ।