Skip to content

Skip to table of contents

ਅਧਿਐਨ ਲੇਖ 3

ਗੀਤ 124 ਹਮੇਸ਼ਾ ਵਫ਼ਾਦਾਰ ਰਹਾਂਗੇ

ਮੁਸੀਬਤਾਂ ਦੇ ਤੂਫ਼ਾਨ ਵਿਚ ਯਹੋਵਾਹ ਤੁਹਾਨੂੰ ਸੰਭਾਲੇਗਾ

ਮੁਸੀਬਤਾਂ ਦੇ ਤੂਫ਼ਾਨ ਵਿਚ ਯਹੋਵਾਹ ਤੁਹਾਨੂੰ ਸੰਭਾਲੇਗਾ

‘ਯਹੋਵਾਹ ਤੁਹਾਨੂੰ ਕਦੇ ਡੋਲਣ ਨਹੀਂ ਦੇਵੇਗਾ।’​—1 ਪਤ. 5:10.

ਕੀ ਸਿੱਖਾਂਗੇ?

ਅਸੀਂ ਦੇਖਾਂਗੇ ਕਿ ਮੁਸੀਬਤਾਂ ਦੌਰਾਨ ਯਹੋਵਾਹ ਤੋਂ ਮਦਦ ਲੈਣ ਲਈ ਅਸੀਂ ਕੀ ਕਰ ਸਕਦੇ ਹਾਂ।

1-2. ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਸ਼ਾਇਦ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਪਵੇ?

 ਜਦੋਂ ਸਾਡੀ ਜ਼ਿੰਦਗੀ ਵਿਚ ਅਚਾਨਕ ਮੁਸ਼ਕਲਾਂ ਦਾ ਤੂਫ਼ਾਨ ਆ ਜਾਂਦਾ ਹੈ, ਤਾਂ ਰਾਤੋ-ਰਾਤ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ। ਭਰਾ ਲੂਇਸ a ਨਾਲ ਕੁਝ ਅਜਿਹਾ ਹੀ ਹੋਇਆ। ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਸੀ। ਪਰ ਇਕ ਦਿਨ ਡਾਕਟਰ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਕੈਂਸਰ ਹੈ ਅਤੇ ਉਹ ਸਿਰਫ਼ ਕੁਝ ਹੀ ਮਹੀਨਿਆਂ ਦਾ ਮਹਿਮਾਨ ਹੈ। ਭੈਣ ਮੋਨਿਕਾ ਅਤੇ ਉਸ ਦਾ ਪਤੀ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਸਨ। ਉਸ ਦਾ ਪਤੀ ਮੰਡਲੀ ਵਿਚ ਇਕ ਬਜ਼ੁਰਗ ਸੀ। ਪਰ ਇਕ ਦਿਨ ਭੈਣ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਕਈ ਸਾਲਾਂ ਤੋਂ ਲੁਕ-ਛਿਪ ਕੇ ਪਾਪ ਕਰ ਰਿਹਾ ਸੀ। ਓਲੀਵੀਆ ਨਾਂ ਦੀ ਇਕ ਕੁਆਰੀ ਭੈਣ ਨੂੰ ਮਜਬੂਰਨ ਆਪਣਾ ਘਰ ਛੱਡਣਾ ਪਿਆ ਕਿਉਂਕਿ ਉਸ ਦੇ ਇਲਾਕੇ ਵਿਚ ਇਕ ਵੱਡਾ ਤੂਫ਼ਾਨ ਆਉਣ ਵਾਲਾ ਸੀ। ਜਦ ਉਹ ਵਾਪਸ ਆਈ, ਤਾਂ ਉਸ ਨੇ ਦੇਖਿਆ ਕਿ ਉਸ ਦਾ ਘਰ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕਾ ਸੀ। ਇਕ ਹੀ ਪਲ ਵਿਚ ਇਨ੍ਹਾਂ ਭੈਣਾਂ-ਭਰਾਵਾਂ ਦੀ ਜ਼ਿੰਦਗੀ ਤਬਾਹ ਹੋ ਗਈ! ਹੋ ਸਕਦਾ ਹੈ ਕਿ ਤੁਹਾਡੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੋਵੇ। ਤੁਸੀਂ ਸਮਝ ਸਕਦੇ ਹੋ ਕਿ ਜਦੋਂ ਇਕ ਵਿਅਕਤੀ ਨਾਲ ਇੱਦਾਂ ਹੁੰਦਾ ਹੈ, ਤਾਂ ਉਸ ʼਤੇ ਕੀ ਬੀਤਦੀ ਹੈ।

2 ਬਾਕੀ ਲੋਕਾਂ ਵਾਂਗ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਵੀ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਯਹੋਵਾਹ ਦੀ ਸੇਵਾ ਕਰਨ ਕਰਕੇ ਕਈ ਲੋਕ ਸਾਡਾ ਵਿਰੋਧ ਕਰਦੇ ਹਨ ਜਾਂ ਸਾਡੇ ʼਤੇ ਜ਼ੁਲਮ ਕਰਦੇ ਹਨ। ਯਹੋਵਾਹ ਸ਼ਾਇਦ ਸਾਡੇ ʼਤੇ ਇੱਦਾਂ ਦੀਆਂ ਮੁਸ਼ਕਲਾਂ ਆਉਣ ਤੋਂ ਨਾ ਰੋਕੇ, ਪਰ ਉਹ ਵਾਅਦਾ ਕਰਦਾ ਹੈ ਕਿ ਉਹ ਇਨ੍ਹਾਂ ਨੂੰ ਪਾਰ ਕਰਨ ਵਿਚ ਸਾਡੀ ਮਦਦ ਜ਼ਰੂਰ ਕਰੇਗਾ। (ਯਸਾ. 41:10) ਉਸ ਦੀ ਮਦਦ ਨਾਲ ਅਸੀਂ ਔਖੀ ਤੋਂ ਔਖੀ ਘੜੀ ਵਿਚ ਵੀ ਖ਼ੁਸ਼ ਰਹਿ ਸਕਦੇ ਹਾਂ, ਸਹੀ ਫ਼ੈਸਲੇ ਕਰ ਸਕਦੇ ਹਾਂ ਅਤੇ ਉਸ ਦੇ ਵਫ਼ਾਦਾਰ ਰਹਿ ਸਕਦੇ ਹਾਂ। ਸੋ ਜਦੋਂ ਅਸੀਂ ਮੁਸ਼ਕਲਾਂ ਵਿਚ ਫਸੇ ਹੁੰਦੇ ਹਾਂ, ਤਾਂ ਯਹੋਵਾਹ ਕਿਵੇਂ ਸਾਡੀ ਮਦਦ ਕਰਦਾ ਹੈ? ਇਸ ਲੇਖ ਵਿਚ ਅਸੀਂ ਚਾਰ ਤਰੀਕੇ ਦੇਖਾਂਗੇ। ਅਸੀਂ ਇਹ ਵੀ ਜਾਣਾਂਗੇ ਕਿ ਯਹੋਵਾਹ ਦੀ ਮਦਦ ਪਾਉਣ ਲਈ ਸਾਨੂੰ ਕੀ ਕਰਨਾ ਪਵੇਗਾ?

ਯਹੋਵਾਹ ਤੁਹਾਡੀ ਰਾਖੀ ਕਰੇਗਾ

3. ਜਦੋਂ ਸਾਡੇ ਨਾਲ ਕੁਝ ਬੁਰਾ ਹੁੰਦਾ ਹੈ, ਤਾਂ ਸ਼ਾਇਦ ਸਾਡੇ ਲਈ ਕੀ ਕਰਨਾ ਔਖਾ ਹੋਵੇ?

3 ਮੁਸ਼ਕਲ ਕੀ ਹੋ ਸਕਦੀ ਹੈ? ਕੁਝ ਬੁਰਾ ਹੋਣ ʼਤੇ ਸ਼ਾਇਦ ਅਸੀਂ ਨਾ ਤਾਂ ਠੀਕ ਤਰ੍ਹਾਂ ਸੋਚ ਸਕੀਏ ਤੇ ਨਾ ਹੀ ਸਹੀ ਫ਼ੈਸਲੇ ਕਰ ਸਕੀਏ। ਉਹ ਇਸ ਲਈ ਕਿਉਂਕਿ ਇੱਦਾਂ ਦੇ ਹਾਲਾਤ ਵਿਚ ਸਾਡਾ ਦਿਲ ਬਹੁਤ ਦੁਖੀ ਹੁੰਦਾ ਹੈ ਅਤੇ ਸਾਨੂੰ ਇੰਨੀ ਚਿੰਤਾ ਹੁੰਦੀ ਹੈ ਕਿ ਸਾਡਾ ਦਿਮਾਗ਼ ਸਹੀ ਤਰੀਕੇ ਨਾਲ ਕੰਮ ਹੀ ਨਹੀਂ ਕਰਦਾ। ਸਾਨੂੰ ਸ਼ਾਇਦ ਲੱਗੇ ਕਿ ਚਾਰੇ ਪਾਸੇ ਬਹੁਤ ਧੁੰਦ ਛਾਈ ਹੋਈ ਹੈ ਤੇ ਸਾਨੂੰ ਸਮਝ ਹੀ ਨਹੀਂ ਆਉਂਦਾ ਕਿ ਅਸੀਂ ਕਿੱਧਰ ਨੂੰ ਜਾਈਏ। ਧਿਆਨ ਦਿਓ ਕਿ ਪਹਿਲਾਂ ਜਿਨ੍ਹਾਂ ਦੋ ਭੈਣਾਂ ਦਾ ਜ਼ਿਕਰ ਕੀਤਾ ਗਿਆ ਸੀ, ਜਦੋਂ ਉਨ੍ਹਾਂ ʼਤੇ ਮੁਸੀਬਤਾਂ ਆਈਆਂ, ਤਾਂ ਉਨ੍ਹਾਂ ਨੂੰ ਕਿੱਦਾਂ ਲੱਗਾ। ਭੈਣ ਓਲੀਵਿਆ ਕਹਿੰਦੀ ਹੈ: “ਜਦੋਂ ਤੂਫ਼ਾਨ ਕਰਕੇ ਮੇਰਾ ਘਰ ਤਹਿਸ-ਨਹਿਸ ਹੋ ਗਿਆ, ਤਾਂ ਮੈਨੂੰ ਇੱਦਾਂ ਲੱਗਾ ਕਿ ਮੇਰਾ ਸਭ ਕੁਝ ਲੁੱਟ ਗਿਆ ਹੈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ, ਕਿੱਥੇ ਜਾਵਾਂ। ਨਾਲੇ ਧਿਆਨ ਦਿਓ ਕਿ ਜਦੋਂ ਭੈਣ ਮੋਨਿਕਾ ਦੇ ਪਤੀ ਨੇ ਉਸ ਨੂੰ ਧੋਖਾ ਦਿੱਤਾ, ਤਾਂ ਉਸ ਨੂੰ ਕਿੱਦਾਂ ਲੱਗਾ। ਉਹ ਕਹਿੰਦੀ ਹੈ: “ਮੈਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਮੇਰਾ ਪਤੀ ਮੇਰੇ ਨਾਲ ਇੱਦਾਂ ਕਰੇਗਾ। ਇੱਦਾਂ ਲੱਗ ਰਿਹਾ ਸੀ ਜਿੱਦਾਂ ਕਿਸੇ ਨੇ ਮੇਰਾ ਕਲੇਜਾ ਵਿੰਨ੍ਹ ਦਿੱਤਾ ਹੋਵੇ। ਮੇਰੇ ਤੋਂ ਕੁਝ ਵੀ ਨਹੀਂ ਸੀ ਹੋ ਰਿਹਾ, ਮੈਂ ਤਾਂ ਬੱਸ ਇਕ ਜੀਉਂਦੀ-ਜਾਗਦੀ ਲਾਸ਼ ਬਣ ਕੇ ਰਹਿ ਗਈ ਸੀ।” ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਇੱਦਾਂ ਦੇ ਹਾਲਾਤਾਂ ਵਿਚ ਵੀ ਤੁਹਾਡੀ ਮਦਦ ਕਰੇਗਾ। ਪਰ ਕਿਵੇਂ?

4. ਫ਼ਿਲਿੱਪੀਆਂ 4:6, 7 ਮੁਤਾਬਕ ਯਹੋਵਾਹ ਨੇ ਸਾਡੇ ਨਾਲ ਕੀ ਵਾਅਦਾ ਕੀਤਾ ਹੈ?

4 ਯਹੋਵਾਹ ਕੀ ਕਰਦਾ ਹੈ? ਉਸ ਨੇ ਵਾਅਦਾ ਕੀਤਾ ਹੈ ਕਿ ਉਸ ਸਾਨੂੰ ਅਜਿਹੀ ਸ਼ਾਂਤੀ ਦੇਵੇਗਾ ਜਿਸ ਨੂੰ “ਪਰਮੇਸ਼ੁਰ ਦੀ ਸ਼ਾਂਤੀ” ਕਿਹਾ ਗਿਆ ਹੈ। (ਫ਼ਿਲਿੱਪੀਆਂ 4:6, 7 ਪੜ੍ਹੋ।) ਇਹ ਇਸ ਤਰ੍ਹਾਂ ਦਾ ਸਕੂਨ ਹੈ ਜੋ ਸਾਨੂੰ ਉਦੋਂ ਮਿਲਦਾ ਹੈ ਜਦੋਂ ਯਹੋਵਾਹ ਨਾਲ ਸਾਡਾ ਮਜ਼ਬੂਤ ਰਿਸ਼ਤਾ ਹੁੰਦਾ ਹੈ। ਇਹ ਸ਼ਾਂਤੀ “ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।” ਇਹ ਇਕ ਅਜਿਹਾ ਅਹਿਸਾਸ ਹੈ ਜਿਸ ਨੂੰ ਅਸੀਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਕੀ ਤੁਹਾਡੇ ਨਾਲ ਕਦੀ ਇੱਦਾਂ ਹੋਇਆ ਕਿ ਤੁਸੀਂ ਯਹੋਵਾਹ ਨੂੰ ਗਿੜਗਿੜਾ ਕੇ ਪ੍ਰਾਰਥਨਾ ਕੀਤੀ ਅਤੇ ਫਿਰ ਤੁਹਾਡਾ ਮਨ ਇਕਦਮ ਸ਼ਾਂਤ ਹੋ ਗਿਆ? ਇਹੀ ਹੈ, “ਪਰਮੇਸ਼ੁਰ ਦੀ ਸ਼ਾਂਤੀ।”

5. ਪਰਮੇਸ਼ੁਰ ਤੋਂ ਮਿਲਣ ਵਾਲੀ ਸ਼ਾਂਤੀ ਸਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਿਵੇਂ ਕਰਦੀ ਹੈ?

5 ਫ਼ਿਲਿੱਪੀਆਂ 4:7 ਵਿਚ ਇਹ ਵੀ ਕਿਹਾ ਗਿਆ ਹੈ ਕਿ ਪਰਮੇਸ਼ੁਰ ਦੀ ਸ਼ਾਂਤੀ “ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” ਇੱਥੇ ਜਿਸ ਸ਼ਬਦ ਦਾ ਅਨੁਵਾਦ ‘ਰਾਖੀ ਕਰਨਾ’ ਕੀਤਾ ਗਿਆ ਹੈ, ਉਹ ਅਕਸਰ ਉਨ੍ਹਾਂ ਫ਼ੌਜੀਆਂ ਲਈ ਵਰਤਿਆ ਜਾਂਦਾ ਸੀ ਜੋ ਸ਼ਹਿਰ ਦੇ ਫਾਟਕ ʼਤੇ ਪਹਿਰਾ ਦਿੰਦੇ ਸਨ ਤਾਂਕਿ ਦੁਸ਼ਮਣ ਦੇਸ਼ ʼਤੇ ਹਮਲਾ ਨਾ ਕਰ ਸਕੇ। ਇਸ ਕਰਕੇ ਉਸ ਸ਼ਹਿਰ ਦੇ ਲੋਕ ਰਾਤ ਨੂੰ ਚੈਨ ਦੀ ਨੀਂਦ ਸੌਂ ਸਕਦੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਸ਼ਹਿਰ ਦੇ ਫਾਟਕ ʼਤੇ ਫ਼ੌਜੀ ਤੈਨਾਤ ਹਨ। ਉਸੇ ਤਰ੍ਹਾਂ ਜਦੋਂ ਪਰਮੇਸ਼ੁਰ ਤੋਂ ਮਿਲਣ ਵਾਲੀ ਸ਼ਾਂਤੀ ਸਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰਦੀ ਹੈ, ਤਾਂ ਸਾਡਾ ਮਨ ਸ਼ਾਂਤ ਰਹਿ ਪਾਉਂਦਾ ਹੈ ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਮਹਿਫੂਜ਼ ਹਾਂ। (ਜ਼ਬੂ. 4:8) ਹੋ ਸਕਦਾ ਹੈ ਕਿ ਸਾਡੇ ਹਾਲਾਤ ਵੀ ਹੰਨਾਹ ਵਾਂਗ ਇਕਦਮ ਨਾ ਬਦਲਣ. ਪਰ ਫਿਰ ਵੀ ਸਾਨੂੰ ਕਾਫ਼ੀ ਹੱਦ ਮਨ ਦੀ ਸ਼ਾਂਤੀ ਮਿਲ ਸਕਦੀ ਹੈ। (1 ਸਮੂ. 1:16-18) ਨਾਲੇ ਜਦੋਂ ਸਾਡਾ ਮਨ ਸ਼ਾਂਤ ਰਹਿੰਦਾ ਹੈ, ਤਾਂ ਅਕਸਰ ਅਸੀਂ ਚੰਗੀ ਤਰ੍ਹਾਂ ਸੋਚ ਪਾਉਂਦੇ ਹਾਂ ਅਤੇ ਸਹੀ ਫ਼ੈਸਲੇ ਕਰ ਪਾਉਂਦੇ ਹਾਂ।

ਉਦੋਂ ਤਕ ਪ੍ਰਾਰਥਨਾ ਕਰੋ ਜਦ ਤਕ ਤੁਹਾਨੂੰ “ਪਰਮੇਸ਼ੁਰ ਦੀ ਸ਼ਾਂਤੀ” ਨਹੀਂ ਮਿਲ ਜਾਂਦੀ। ਇਹ ਸ਼ਾਂਤੀ ਤੁਹਾਡੇ ਦਿਲ ਤੇ ਮਨ ਦੀ ਰਾਖੀ ਕਰੇਗੀ (ਪੈਰੇ 4-6 ਦੇਖੋ)


6. ਪਰਮੇਸ਼ੁਰ ਦੀ ਸ਼ਾਂਤੀ ਪਾਉਣ ਲਈ ਤੁਸੀਂ ਕੀ ਕਰ ਸਕਦੇ ਹੋ? (ਤਸਵੀਰ ਵੀ ਦੇਖੋ।)

6 ਸਾਨੂੰ ਕੀ ਕਰਨ ਦੀ ਲੋੜ ਹੈ? ਜਦੋਂ ਤੁਹਾਡਾ ਮਨ ਬੇਚੈਨ ਹੁੰਦਾ ਹੈ, ਤਾਂ ਪਹਿਰੇਦਾਰ ਨੂੰ ਬੁਲਾਓ। ਇਸ ਦਾ ਮਤਲਬ, ਉਦੋਂ ਤਕ ਪ੍ਰਾਰਥਨਾ ਕਰਦੇ ਰਹੋ ਜਦੋਂ ਤਕ ਤੁਹਾਨੂੰ ਪਰਮੇਸ਼ੁਰ ਦੀ ਸ਼ਾਂਤੀ ਨਹੀਂ ਮਿਲ ਜਾਂਦੀ। (ਲੂਕਾ 11:9; 1 ਥੱਸ. 5:17) ਜ਼ਰਾ ਫਿਰ ਤੋਂ ਭਰਾ ਲੂਇਸ ਦੀ ਮਿਸਾਲ ʼਤੇ ਧਿਆਨ ਦਿਓ। ਜਦੋਂ ਉਸ ਨੂੰ ਅਤੇ ਉਸ ਦੀ ਪਤਨੀ ਐਨਾ ਨੂੰ ਪਤਾ ਲੱਗਾ ਕਿ ਉਸ ਕੋਲ ਕੁਝ ਮਹੀਨੇ ਹੀ ਬਚੇ ਹਨ, ਤਾਂ ਉਨ੍ਹਾਂ ਨੇ ਕੀ ਕੀਤਾ? ਭਰਾ ਦੱਸਦਾ ਹੈ: “ਇੱਦਾਂ ਦੇ ਸਮੇਂ ਵਿਚ ਇਲਾਜ ਅਤੇ ਦੂਸਰੇ ਮਾਮਲਿਆਂ ਬਾਰੇ ਕੋਈ ਵੀ ਫ਼ੈਸਲਾ ਲੈਣਾ ਬਹੁਤ ਔਖਾ ਹੁੰਦਾ ਹੈ। ਪਰ ਪ੍ਰਾਰਥਨਾ ਕਰਨ ਨਾਲ ਸਾਨੂੰ ਉਸ ਸਮੇਂ ਉਹ ਸ਼ਾਂਤੀ ਮਿਲੀ ਜਿਸ ਦੀ ਸਾਨੂੰ ਬਹੁਤ ਲੋੜ ਸੀ।” ਭਰਾ ਅਤੇ ਉਸ ਦੀ ਪਤਨੀ ਨੇ ਵਾਰ-ਵਾਰ ਗਿੜਗਿੜਾ ਕੇ ਯਹੋਵਾਹ ਨੂੰ ਮਿੰਨਤਾਂ ਕੀਤੀਆਂ ਕਿ ਉਹ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਦੇਵੇ, ਸਕੂਨ ਦੇਵੇ ਅਤੇ ਸਮਝ ਦੇਵੇ ਤਾਂਕਿ ਉਹ ਸਹੀ ਫ਼ੈਸਲੇ ਕਰ ਸਕਣ। ਯਹੋਵਾਹ ਨੇ ਉਨ੍ਹਾਂ ਦੀ ਮਦਦ ਦੀ ਪੁਕਾਰ ਸੁਣੀ। ਜੇ ਤੁਸੀਂ ਵੀ ਕਿਸੇ ਮੁਸ਼ਕਲ ਵਿੱਚੋਂ ਗੁਜ਼ਰ ਰਹੇ ਹੋ, ਤਾਂ ਲਗਾਤਾਰ ਪ੍ਰਾਰਥਨਾ ਕਰੋ। ਉਦੋਂ ਯਹੋਵਾਹ ਤੁਹਾਨੂੰ ਅਜਿਹੀ ਸ਼ਾਂਤੀ ਦੇਵੇਗਾ ਜੋ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।​—ਰੋਮੀ. 12:12.

ਯਹੋਵਾਹ ਤੁਹਾਨੂੰ ਡੋਲਣ ਨਹੀਂ ਦੇਵੇਗਾ

7. ਜਦੋਂ ਅਸੀਂ ਦੁਖੀ ਹੁੰਦੇ ਹਾਂ, ਤਾਂ ਸ਼ਾਇਦ ਅਸੀਂ ਕਿਵੇਂ ਮਹਿਸੂਸ ਕਰੀਏ?

7 ਮੁਸ਼ਕਲ ਕੀ ਹੋ ਸਕਦੀ ਹੈ? ਜਦੋਂ ਅਸੀਂ ਕਿਸੇ ਮੁਸ਼ਕਲ ਵਿੱਚੋਂ ਗੁਜ਼ਰ ਰਹੇ ਹੁੰਦੇ ਹਾਂ, ਤਾਂ ਸਾਡਾ ਮੂਡ ਇੱਕੋ ਜਿਹਾ ਨਹੀਂ ਰਹਿੰਦਾ, ਅਸੀਂ ਚੰਗੀ ਤਰ੍ਹਾਂ ਸੋਚ ਨਹੀਂ ਪਾਉਂਦੇ ਅਤੇ ਸ਼ਾਇਦ ਸਾਡੇ ਵਤੀਰੇ ਵਿਚ ਵੀ ਬਦਲਾਅ ਆ ਜਾਵੇ। ਸਾਨੂੰ ਸ਼ਾਇਦ ਇੱਦਾਂ ਲੱਗੇ ਜਿੱਦਾਂ ਅਸੀਂ ਜਜ਼ਬਾਤਾਂ ਦੀਆਂ ਲਹਿਰਾਂ ਵਿਚ ਇੱਧਰ-ਉੱਧਰ ਉਛਾਲ਼ੇ ਜਾ ਰਹੇ ਹਾਂ। ਭਰਾ ਲੂਇਸ ਦੀ ਮੌਤ ਤੋਂ ਬਾਅਦ ਭੈਣ ਐਨਾ ਨੂੰ ਵੀ ਇੱਦਾਂ ਹੀ ਲੱਗਾ। ਉਸ ਨੇ ਕਿਹਾ: “ਕਈ ਵਾਰ ਮੈਨੂੰ ਬਹੁਤ ਖਾਲੀਪਣ ਲੱਗਦਾ ਸੀ। ਮੈਨੂੰ ਆਪਣੀ ਹਾਲਤ ʼਤੇ ਰੋਣਾ ਆਉਂਦਾ ਸੀ ਤੇ ਕਦੇ-ਕਦੇ ਬਹੁਤ ਗੁੱਸਾ ਵੀ ਆਉਂਦਾ ਸੀ ਕਿ ਉਹ ਮੈਨੂੰ ਛੱਡ ਕੇ ਕਿਉਂ ਚਲੇ ਗਏ।” ਕਦੇ-ਕਦੇ ਭੈਣ ਨੂੰ ਇੱਦਾਂ ਦੇ ਫ਼ੈਸਲੇ ਲੈਣੇ ਪੈਂਦੇ ਸੀ ਜੋ ਪਹਿਲਾਂ ਉਸ ਦਾ ਪਤੀ ਲੈਂਦਾ ਸੀ। ਇੱਦਾਂ ਦੇ ਮੌਕਿਆਂ ʼਤੇ ਉਹ ਬਹੁਤ ਪਰੇਸ਼ਾਨ ਹੋ ਜਾਂਦੀ ਸੀ ਤੇ ਇਕੱਲਾਪਣ ਮਹਿਸੂਸ ਕਰਦੀ ਸੀ। ਕਈ ਵਾਰ ਉਸ ਨੂੰ ਲੱਗਦਾ ਸੀ ਕਿ ਉਹ ਸਮੁੰਦਰ ਵਿਚਕਾਰ ਕਿਸੇ ਤੂਫ਼ਾਨ ਵਿਚ ਫਸ ਗਈ ਹੈ। ਸੋ ਜਦੋਂ ਚਿੰਤਾਵਾਂ ਅਤੇ ਪਰੇਸ਼ਾਨੀਆਂ ਸਾਨੂੰ ਡੁਬਾਉਣ ਲੱਗਦੀਆਂ ਹਨ, ਤਾਂ ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ?

8. ਪਹਿਲਾ ਪਤਰਸ 5:10 ਮੁਤਾਬਕ ਯਹੋਵਾਹ ਸਾਨੂੰ ਕਿਸ ਗੱਲ ਦਾ ਯਕੀਨ ਦਿਵਾਉਂਦਾ ਹੈ?

8 ਯਹੋਵਾਹ ਕੀ ਕਰਦਾ ਹੈ? ਉਹ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਸਾਨੂੰ ਡੋਲਣ ਨਹੀਂ ਦੇਵੇਗਾ। (1 ਪਤਰਸ 5:10 ਪੜ੍ਹੋ।) ਜਦੋਂ ਇਕ ਜਹਾਜ਼ ਤੂਫ਼ਾਨ ਵਿਚ ਫਸ ਜਾਂਦਾ ਹੈ, ਤਾਂ ਉਹ ਬਹੁਤ ਬੁਰੀ ਤਰ੍ਹਾਂ ਇੱਧਰ-ਉੱਧਰ ਡਿੱਕੋ-ਡੋਲੇ ਖਾਣ ਲੱਗਦਾ ਹੈ। ਇਸ ਲਈ ਕਈ ਜਹਾਜ਼ਾਂ ਦੇ ਥੱਲੇ ਦੋਨੋਂ ਪਾਸੇ ਇਕ ਤਰ੍ਹਾਂ ਦਾ ਯੰਤਰ (ਸਟੈਬਲਾਈਜ਼ਰ) ਲੱਗਾ ਹੁੰਦਾ ਹੈ ਜਿਸ ਦੀ ਮਦਦ ਨਾਲ ਤੂਫ਼ਾਨ ਵਿਚ ਵੀ ਜਹਾਜ਼ ਕਾਫ਼ੀ ਹੱਦ ਤਕ ਸੰਭਲ ਜਾਂਦਾ ਹੈ। ਉਸ ʼਤੇ ਬੈਠੇ ਲੋਕ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਥੋੜ੍ਹੀ ਰਾਹਤ ਮਿਲਦੀ ਹੈ। ਪਰ ਇਹ ਯੰਤਰ ਅਕਸਰ ਉਦੋਂ ਸਭ ਤੋਂ ਵਧੀਆ ਕੰਮ ਕਰਦੇ ਹਨ ਜਦੋਂ ਜਹਾਜ਼ ਅੱਗੇ ਵੱਲ ਨੂੰ ਵੱਧ ਰਿਹਾ ਹੋਵੇ। ਉਸੇ ਤਰ੍ਹਾਂ ਜੇ ਮੁਸ਼ਕਲਾਂ ਦੌਰਾਨ ਅਸੀਂ ਅੱਗੇ ਵਧਦੇ ਰਹਿੰਦੇ ਹਾਂ ਯਾਨੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿੰਦੇ ਹਾਂ, ਤਾਂ ਯਹੋਵਾਹ ਸਾਨੂੰ ਵੀ ਡੋਲਣ ਨਹੀਂ ਦੇਵੇਗਾ।

ਸਾਡੇ ਪ੍ਰਕਾਸ਼ਨਾਂ ਤੋਂ ਖੋਜਬੀਨ ਕਰੋ। ਇਸ ਤਰ੍ਹਾਂ ਤੁਸੀਂ ਖ਼ੁਦ ਨੂੰ ਸੰਭਾਲ ਸਕੋਗੇ (ਪੈਰੇ 8-9 ਦੇਖੋ)


9. ਖੋਜਬੀਨ ਕਰਨ ਨਾਲ ਅਸੀਂ ਖ਼ੁਦ ਨੂੰ ਕਿੱਦਾਂ ਸੰਭਾਲ ਸਕਦੇ ਹਾਂ? (ਤਸਵੀਰ ਵੀ ਦੇਖੋ।)

9 ਸਾਨੂੰ ਕੀ ਕਰਨ ਦੀ ਲੋੜ ਹੈ? ਜਦੋਂ ਤੁਹਾਨੂੰ ਲੱਗੇ ਕਿ ਤੁਹਾਡੇ ਜਜ਼ਬਾਤ ਤੁਹਾਡੇ ʼਤੇ ਹਾਵੀ ਹੋਣ ਲੱਗੇ ਹਨ, ਤਾਂ ਲਗਾਤਾਰ ਪ੍ਰਾਰਥਨਾ ਕਰਨ, ਸਭਾਵਾਂ ਵਿਚ ਜਾਣ ਅਤੇ ਪ੍ਰਚਾਰ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਹਾਂ ਤੁਸੀਂ ਸ਼ਾਇਦ ਉਨ੍ਹਾਂ ਨਾ ਕਰ ਸਕੋ, ਜਿਨ੍ਹਾਂ ਤੁਸੀਂ ਪਹਿਲਾਂ ਕਰਦੇ ਸੀ, ਪਰ ਯਾਦ ਰੱਖੋ ਕਿ ਯਹੋਵਾਹ ਸਾਡੇ ਤੋਂ ਉਸ ਚੀਜ਼ ਦੀ ਉਮੀਦ ਨਹੀਂ ਕਰਦਾ ਜੋ ਅਸੀਂ ਨਹੀਂ ਕਰ ਸਕਦੇ। (ਲੂਕਾ 21:1-4 ਵਿਚ ਨੁਕਤਾ ਦੇਖੋ।) ਨਿੱਜੀ ਅਧਿਐਨ ਅਤੇ ਮਨਨ ਕਰਨ ਲਈ ਵੀ ਸਮਾਂ ਤੈਅ ਕਰੋ। ਯਹੋਵਾਹ ਨੇ ਆਪਣੇ ਸੰਗਠਨ ਰਾਹੀਂ ਬਾਈਬਲ ਆਧਾਰਿਤ ਬਹੁਤ ਸਾਰੀ ਜਾਣਕਾਰੀ ਉਪਲਬਧ ਕਰਵਾਈ ਹੈ ਜਿਸ ਦੀ ਮਦਦ ਨਾਲ ਅਸੀਂ ਇਸ ਤੂਫ਼ਾਨ ਵਿਚ ਖ਼ੁਦ ਨੂੰ ਸੰਭਾਲ ਸਕਦੇ ਹਾਂ। ਤੁਸੀਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਅਤੇ JW ਲਾਇਬ੍ਰੇਰੀ ਐਪ ਵਿਚ ਖੋਜਬੀਨ ਕਰਕੇ ਉਹ ਜਾਣਕਾਰੀ ਪਾ ਸਕਦੇ ਹਾਂ ਜਿਸ ਦੀ ਤੁਹਾਨੂੰ ਜ਼ਰੂਰਤ ਹੈ। ਜ਼ਰਾ ਫਿਰ ਤੋਂ ਭੈਣ ਮੋਨਿਕਾ ਦੀ ਮਿਸਾਲ ʼਤੇ ਧਿਆਨ ਦਿਓ। ਉਹ ਦੱਸਦੀ ਹੈ ਕਿ ਜਦੋਂ ਵੀ ਉਸ ਨੂੰ ਲੱਗਦਾ ਸੀ ਕਿ ਉਸ ਦੇ ਜਜ਼ਬਾਤ ਉਸ ʼਤੇ ਹਾਵੀ ਹੋ ਰਹੇ ਹਨ, ਤਾਂ ਉਹ ਖੋਜਬੀਨ ਕਰਨ ਲੱਗ ਪੈਂਦੀ ਸੀ। ਉਹ ਕਦੀ “ਗੁੱਸਾ” ਸ਼ਬਦ ਟਾਈਪ ਕਰਦੀ ਸੀ ਤੇ ਕਦੀ “ਧੋਖਾ” ਜਾਂ “ਵਫ਼ਾਦਾਰ।” ਫਿਰ ਉਹ ਉਦੋਂ ਤਕ ਉਨ੍ਹਾਂ ਵਿਸ਼ਿਆਂ ʼਤੇ ਲੇਖ ਪੜ੍ਹਦੀ ਰਹਿੰਦੀ ਸੀ, ਜਦੋਂ ਤਕ ਉਸ ਨੂੰ ਤਸੱਲੀ ਨਹੀਂ ਸੀ ਮਿਲ ਜਾਂਦੀ। ਉਹ ਦੱਸਦੀ ਹੈ: “ਜਦੋਂ ਮੈਂ ਬਹੁਤ ਪਰੇਸ਼ਾਨ ਹੁੰਦੀ ਸੀ, ਤਾਂ ਮੈਂ ਉੱਦਾਂ ਹੀ ਕਿਸੇ ਵਿਸ਼ੇ ਤੇ ਖੋਜਬੀਨ ਕਰਨ ਲੱਗ ਪੈਂਦੀ ਸੀ ਤੇ ਕੁਝ ਸਮੇਂ ਬਾਅਦ ਮੇਰਾ ਮਨ ਸ਼ਾਂਤ ਹੋ ਜਾਂਦਾ ਸੀ। ਇੱਦਾਂ ਲੱਗਦਾ ਸੀ ਜਿੱਦਾਂ ਯਹੋਵਾਹ ਪਿਆਰ ਨਾਲ ਮੈਨੂੰ ਗਲੇ ਲਾ ਰਿਹਾ ਹੋਵੇ। ਪੜ੍ਹਦੇ-ਪੜ੍ਹਦੇ ਮੈਨੂੰ ਅਹਿਸਾਸ ਹੁੰਦਾ ਸੀ ਕਿ ਯਹੋਵਾਹ ਮੇਰੀਆਂ ਭਾਵਨਾਵਾਂ ਨੂੰ ਸਮਝਦਾ ਹੈ ਅਤੇ ਉਹ ਮੇਰੀ ਮਦਦ ਕਰ ਰਿਹਾ ਹੈ।” ਯਹੋਵਾਹ ਦੀ ਮਦਦ ਨਾਲ ਤੁਸੀਂ ਵੀ ਆਪਣੀਆਂ ਭਾਵਨਾਵਾਂ ʼਤੇ ਕਾਬੂ ਪਾ ਸਕਦੇ ਹੋ ਅਤੇ ਤੁਹਾਡਾ ਮਨ ਸ਼ਾਂਤ ਹੋ ਸਕਦਾ ਹੈ।​—ਜ਼ਬੂ. 119:143, 144.

ਯਹੋਵਾਹ ਤੁਹਾਨੂੰ ਸੰਭਾਲੇਗਾ

10. ਕੁਝ ਬੁਰਾ ਹੋਣ ʼਤੇ ਸਾਡੀ ਜ਼ਿੰਦਗੀ ʼਤੇ ਕੀ ਅਸਰ ਪੈਂਦਾ ਹੈ?

10 ਮੁਸ਼ਕਲ ਕੀ ਹੋ ਸਕਦੀ ਹੈ? ਜਦੋਂ ਸਾਡੇ ਨਾਲ ਕੁਝ ਬੁਰਾ ਹੁੰਦਾ ਹੈ, ਤਾਂ ਸ਼ਾਇਦ ਸਾਡੀ ਜ਼ਿੰਦਗੀ ਪਹਿਲਾਂ ਵਰਗੀ ਨਾ ਰਹੇ। ਸ਼ਾਇਦ ਕਿਸੇ ਦਿਨ ਅਸੀਂ ਬਿਲਕੁਲ ਠੀਕ ਹੋਈਏ, ਪਰ ਕਿਸੇ ਦਿਨ ਅਸੀਂ ਬਹੁਤ ਦੁਖੀ ਤੇ ਨਿਰਾਸ਼ ਹੋਈਏ। ਸਾਡੇ ਵਿਚ ਸ਼ਾਇਦ ਕੁਝ ਵੀ ਕਰਨ ਦੀ ਤਾਕਤ ਨਾ ਹੋਵੇ। ਅਸੀਂ ਸ਼ਾਇਦ ਉਸ ਖਿਡਾਰੀ ਵਾਂਗ ਮਹਿਸੂਸ ਕਰੀਏ ਜੋ ਇਕ ਸਮੇਂ ʼਤੇ ਬਹੁਤ ਤੇਜ਼ ਦੌੜਦਾ ਸੀ, ਪਰ ਸੱਟ ਲੱਗਣ ਕਰਕੇ ਹੁਣ ਲੰਗੜਾ ਕੇ ਤੁਰ ਰਿਹਾ ਹੈ। ਜਿਹੜੇ ਕੰਮ ਅਸੀਂ ਪਹਿਲਾਂ ਆਸਾਨੀ ਨਾਲ ਕਰ ਲੈਂਦੇ ਸੀ, ਹੁਣ ਉਨ੍ਹਾਂ ਨੂੰ ਕਰਨਾ ਸ਼ਾਇਦ ਸਾਨੂੰ ਬਹੁਤ ਔਖਾ ਲੱਗੇ। ਜਾਂ ਇਕ ਸਮੇਂ ʼਤੇ ਜਿਹੜੇ ਕੰਮ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਸੀ, ਹੁਣ ਉਨ੍ਹਾਂ ਨੂੰ ਕਰਨ ਦਾ ਸਾਡਾ ਮਨ ਹੀ ਨਾ ਕਰੇ। ਸ਼ਾਇਦ ਏਲੀਯਾਹ ਵਾਂਗ ਸਾਡੇ ਵਿਚ ਵੀ ਉੱਠਣ ਦੀ ਹਿੰਮਤ ਨਾ ਹੋਵੇ। ਮਨ ਕਰੇ ਕਿ ਅਸੀਂ ਸੁੱਤੇ ਹੀ ਰਹੀਏ। (1 ਰਾਜ. 19:5-7) ਪਰ ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਜਦੋਂ ਅਸੀਂ ਕਮਜ਼ੋਰ ਮਹਿਸੂਸ ਕਰਦੇ ਹਾਂ, ਤਾਂ ਉਹ ਸਾਡੀ ਮਦਦ ਜ਼ਰੂਰ ਕਰੇਗਾ।

11. ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ? (ਜ਼ਬੂਰ 94:18)

11 ਯਹੋਵਾਹ ਕੀ ਕਰਦਾ ਹੈ? ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਸਾਨੂੰ ਸੰਭਾਲੇਗਾ। (ਜ਼ਬੂਰ 94:18 ਪੜ੍ਹੋ।) ਜਦੋਂ ਇਕ ਖਿਡਾਰੀ ਨੂੰ ਸੱਟ ਲੱਗ ਜਾਂਦੀ ਹੈ, ਤਾਂ ਉਹ ਖ਼ੁਦ ਤੁਰ-ਫਿਰ ਨਹੀਂ ਪਾਉਂਦਾ। ਉਸ ਨੂੰ ਸਹਾਰੇ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਸ਼ਾਇਦ ਸਾਨੂੰ ਵੀ ਸਹਾਰੇ ਦੀ ਲੋੜ ਹੋਵੇ। ਜਦੋਂ ਅਸੀਂ ਕਮਜ਼ੋਰ ਮਹਿਸੂਸ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਕਹਿੰਦਾ ਹੈ: “ਮੈਂ, ਤੇਰਾ ਪਰਮੇਸ਼ੁਰ ਯਹੋਵਾਹ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਕਹਿੰਦਾ ਹਾਂ, ‘ਨਾ ਡਰ। ਮੈਂ ਤੇਰੀ ਮਦਦ ਕਰਾਂਗਾ।’” (ਯਸਾ. 41:13) ਯਹੋਵਾਹ ਨੇ ਰਾਜਾ ਦਾਊਦ ਦੀ ਵੀ ਮਦਦ ਕੀਤੀ ਸੀ। ਜਦੋਂ ਉਸ ਦੇ ਦੁਸ਼ਮਣ ਉਸ ਦੇ ਪਿੱਛੇ ਪਏ ਹੋਏ ਸਨ ਅਤੇ ਉਹ ਇਕ ਤੋਂ ਬਾਅਦ ਇਕ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਿਹਾ ਸੀ, ਤਾਂ ਉਸ ਨੇ ਯਹੋਵਾਹ ਨੂੰ ਕਿਹਾ: “ਤੇਰਾ ਸੱਜਾ ਹੱਥ ਮੈਨੂੰ ਸਹਾਰਾ ਦਿੰਦਾ ਹੈ।” (ਜ਼ਬੂ. 18:35) ਪਰ ਯਹੋਵਾਹ ਕਿਵੇਂ ਸਾਡਾ ਹੱਥ ਫੜਦਾ ਹੈ ਜਾਂ ਸਾਨੂੰ ਸਹਾਰਾ ਦਿੰਦਾ ਹੈ?

ਆਪਣੇ ਘਰਦਿਆਂ, ਦੋਸਤਾਂ ਅਤੇ ਬਜ਼ੁਰਗਾਂ ਦੀ ਮਦਦ ਲੈਣ ਤੋਂ ਮਨ੍ਹਾ ਨਾ ਕਰੋ (ਪੈਰੇ 11-13 ਦੇਖੋ)


12. ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ, ਤਾਂ ਯਹੋਵਾਹ ਸ਼ਾਇਦ ਕਿਨ੍ਹਾਂ ਦੇ ਜ਼ਰੀਏ ਸਾਨੂੰ ਸਹਾਰਾ ਦੇਵੇ?

12 ਯਹੋਵਾਹ ਅਕਸਰ ਦੂਜਿਆਂ ਨੂੰ ਸਾਡੀ ਮਦਦ ਕਰਨ ਲਈ ਉਕਸਾਉਂਦਾ ਹੈ ਅਤੇ ਇਸ ਤਰ੍ਹਾਂ ਉਹ ਸਾਨੂੰ ਸਹਾਰਾ ਦਿੰਦਾ ਹੈ। ਜਿਵੇਂ ਇਕ ਵਾਰ ਜਦੋਂ ਦਾਊਦ ਕਮਜ਼ੋਰ ਮਹਿਸੂਸ ਕਰ ਰਿਹਾ ਸੀ, ਤਾਂ ਉਸ ਦਾ ਦੋਸਤ ਯੋਨਾਥਾਨ ਉਸ ਨੂੰ ਮਿਲਣ ਆਇਆ। ਉਸ ਨੇ ਦਾਊਦ ਨੂੰ ਹੌਸਲਾ ਅਤੇ ਸਹਾਰਾ ਦਿੱਤਾ। (1 ਸਮੂ. 23:16, 17) ਜਦੋਂ ਏਲੀਯਾਹ ਨੂੰ ਮਦਦ ਦੀ ਲੋੜ ਸੀ, ਤਾਂ ਯਹੋਵਾਹ ਨੇ ਅਲੀਸ਼ਾ ਦੇ ਜ਼ਰੀਏ ਉਸ ਦੀ ਮਦਦ ਕੀਤੀ। (1 ਰਾਜ. 19:16, 21; 2 ਰਾਜ. 2:2) ਅੱਜ ਯਹੋਵਾਹ ਸ਼ਾਇਦ ਸਾਡੇ ਘਰਦਿਆਂ, ਦੋਸਤਾਂ ਜਾਂ ਬਜ਼ੁਰਗਾਂ ਦੇ ਜ਼ਰੀਏ ਸਾਨੂੰ ਸਹਾਰਾ ਦੇਵੇ। ਪਰ ਜਦੋਂ ਅਸੀਂ ਦੁਖੀ ਹੁੰਦੇ ਹਾਂ, ਤਾਂ ਸ਼ਾਇਦ ਸਾਡਾ ਕਿਸੇ ਨੂੰ ਮਿਲਣ ਦਾ ਦਿਲ ਨਾ ਕਰੇ, ਸਗੋਂ ਅਸੀਂ ਇਕੱਲੇ ਰਹਿਣਾ ਚਾਹੀਏ। ਇੱਦਾਂ ਕਰਨਾ ਗ਼ਲਤ ਨਹੀਂ ਹੈ। ਤਾਂ ਫਿਰ ਯਹੋਵਾਹ ਤੋਂ ਸਹਾਰਾ ਪਾਉਣ ਲਈ ਅਸੀਂ ਕੀ ਕਰ ਸਕਦੇ ਹਾਂ?

13. ਯਹੋਵਾਹ ਤੋਂ ਸਹਾਰਾ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਤਸਵੀਰ ਵੀ ਦੇਖੋ।)

13 ਸਾਨੂੰ ਕੀ ਕਰਨ ਦੀ ਲੋੜ ਹੈ? ਸ਼ਾਇਦ ਸਾਡਾ ਦੂਜਿਆਂ ਨੂੰ ਮਿਲਣ ਦਾ ਦਿਲ ਨਾ ਕਰੇ, ਪਰ ਅਜਿਹੀਆਂ ਭਾਵਨਾਵਾਂ ਨੂੰ ਖ਼ੁਦ ʼਤੇ ਹਾਵੀ ਨਾ ਹੋਣ ਦੇਵੋ। ਜਦੋਂ ਅਸੀਂ ਖ਼ੁਦ ਨੂੰ ਦੂਜਿਆਂ ਤੋਂ ਅਲੱਗ ਕਰ ਲੈਂਦੇ ਹਾਂ, ਤਾਂ ਅਸੀਂ ਬੱਸ ਆਪਣੇ ਬਾਰੇ ਹੀ ਸੋਚਣ ਲੱਗ ਪੈਂਦੇ ਹਾਂ, ਆਪਣੀਆਂ ਪਰੇਸ਼ਾਨੀਆਂ ਵਿਚ ਹੀ ਉਲਝ ਕੇ ਰਹਿ ਜਾਂਦੇ ਹਾਂ। ਇਸ ਕਰਕੇ ਸ਼ਾਇਦ ਅਸੀਂ ਗ਼ਲਤ ਫ਼ੈਸਲੇ ਕਰ ਬੈਠੀਏ। (ਕਹਾ. 18:1) ਹੋ ਸਕਦਾ ਹੈ ਕਿ ਕਦੀ-ਕਦੀ ਸਾਡਾ ਇਕੱਲੇ ਰਹਿਣ ਦਾ ਮਨ ਕਰੇ, ਖ਼ਾਸ ਕਰਕੇ ਉਦੋਂ ਜਦੋਂ ਸਾਡੇ ਨਾਲ ਕੁਝ ਮਾੜਾ ਹੋਇਆ ਹੋਵੇ। ਇੱਦਾਂ ਕਰਨਾ ਗ਼ਲਤ ਵੀ ਨਹੀਂ ਹੈ। ਪਰ ਜੇ ਅਸੀਂ ਲੰਬੇ ਸਮੇਂ ਤਕ ਇਕੱਲੇ ਰਹਿੰਦੇ ਹਾਂ, ਤਾਂ ਇਹ ਇੱਦਾਂ ਹੈ ਜਿੱਦਾਂ ਅਸੀਂ ਯਹੋਵਾਹ ਦੀ ਮਦਦ ਲੈਣ ਤੋਂ ਮਨ੍ਹਾ ਕਰ ਰਹੇ ਹੋਈਏ ਕਿਉਂਕਿ ਯਹੋਵਾਹ ਦੂਜਿਆਂ ਦੇ ਜ਼ਰੀਏ ਸਾਨੂੰ ਸਹਾਰਾ ਦਿੰਦਾ ਹੈ। ਭਾਵੇਂ ਕਿ ਦੁਖੀ ਜਾਂ ਨਿਰਾਸ਼ ਹੋਣ ʼਤੇ ਤੁਹਾਡਾ ਦੂਜਿਆਂ ਨੂੰ ਮਿਲਣ ਦਾ ਦਿਲ ਨਾ ਕਰੇ, ਫਿਰ ਵੀ ਆਪਣੇ ਘਰਦਿਆਂ, ਦੋਸਤਾਂ ਅਤੇ ਬਜ਼ੁਰਗਾਂ ਦੀ ਮਦਦ ਕਬੂਲ ਕਰੋ। ਯਾਦ ਰੱਖੋ ਕਿ ਉਨ੍ਹਾਂ ਦੇ ਜ਼ਰੀਏ ਅਸਲ ਵਿਚ ਯਹੋਵਾਹ ਤੁਹਾਨੂੰ ਸਹਾਰਾ ਦੇ ਰਿਹਾ ਹੈ।​—ਕਹਾ. 17:17; ਯਸਾ. 32:1, 2.

ਯਹੋਵਾਹ ਤੁਹਾਨੂੰ ਦਿਲਾਸਾ ਦੇਵੇਗਾ

14. ਸ਼ਾਇਦ ਕਿਨ੍ਹਾਂ ਹਾਲਾਤਾਂ ਵਿਚ ਸਾਨੂੰ ਡਰ ਲੱਗੇ?

14 ਮੁਸ਼ਕਲ ਕੀ ਹੋ ਸਕਦੀ ਹੈ? ਕਦੀ-ਕਦੀ ਸ਼ਾਇਦ ਸਾਨੂੰ ਬਹੁਤ ਡਰ ਲੱਗੇ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਕੁਝ ਵਫ਼ਾਦਾਰ ਸੇਵਕ ਵੀ ਬਹੁਤ ਡਰ ਗਏ ਸਨ ਅਤੇ ਥਰ-ਥਰ ਕੰਬਣ ਲੱਗ ਪਏ ਸਨ ਕਿਉਂਕਿ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਦੀ ਜਾਨ ਪਿੱਛੇ ਪਏ ਸਨ ਜਾਂ ਉਹ ਹੋਰ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਸਨ। (ਜ਼ਬੂ. 18:4; 55:1, 5) ਉਸੇ ਤਰ੍ਹਾਂ, ਯਹੋਵਾਹ ਦੀ ਸੇਵਾ ਕਰਨ ਕਰਕੇ ਅੱਜ ਸ਼ਾਇਦ ਸਾਡੇ ਨਾਲ ਕੰਮ ਕਰਨ ਵਾਲੇ, ਸਕੂਲ ਵਿਚ ਦੂਜੇ ਬੱਚੇ, ਸਾਡੇ ਘਰਦੇ ਜਾਂ ਸਰਕਾਰ ਸਾਡਾ ਵਿਰੋਧ ਕਰੇ। ਜਾਂ ਹੋ ਸਕਦਾ ਹੈ ਕਿ ਸਾਨੂੰ ਕੋਈ ਜਾਨਲੇਵਾ ਬੀਮਾਰੀ ਹੋਵੇ। ਇੱਦਾਂ ਦੇ ਹਾਲਾਤਾਂ ਵਿਚ ਸ਼ਾਇਦ ਅਸੀਂ ਵੀ ਬਹੁਤ ਡਰ ਜਾਈਏ ਅਤੇ ਬੇਬੱਸ ਮਹਿਸੂਸ ਕਰੀਏ। ਅਸੀਂ ਸ਼ਾਇਦ ਇਕ ਛੋਟੇ ਬੱਚੇ ਵਾਂਗ ਮਹਿਸੂਸ ਕਰੀਏ ਜੋ ਕੁਝ ਨਹੀਂ ਕਰ ਸਕਦਾ। ਇੱਦਾਂ ਦੇ ਹਾਲਾਤਾਂ ਵਿਚ ਯਹੋਵਾਹ ਸਾਡੀ ਕਿੱਦਾਂ ਮਦਦ ਕਰਦਾ ਹੈ?

15. ਜ਼ਬੂਰ 94:19 ਤੋਂ ਸਾਨੂੰ ਕਿਸ ਗੱਲ ਦਾ ਯਕੀਨ ਹੁੰਦਾ ਹੈ?

15 ਯਹੋਵਾਹ ਕੀ ਕਰਦਾ ਹੈ? ਯਹੋਵਾਹ ਸਾਨੂੰ ਦਿਲਾਸਾ ਦਿੰਦਾ ਹੈ, ਸਾਨੂੰ ਸਕੂਨ ਦਿੰਦਾ ਹੈ। (ਜ਼ਬੂਰ 94:19 ਪੜ੍ਹੋ।) ਇਹ ਆਇਤ ਪੜ੍ਹ ਕੇ ਸ਼ਾਇਦ ਸਾਡੇ ਮਨ ਵਿਚ ਇਕ ਛੋਟੀ ਬੱਚੀ ਦਾ ਖ਼ਿਆਲ ਆਵੇ ਜੋ ਬਹੁਤ ਡਰੀ ਹੋਈ ਹੈ ਅਤੇ ਉਹ ਸੌਂ ਨਹੀਂ ਪਾ ਰਹੀ ਕਿਉਂਕਿ ਬਾਹਰ ਬੱਦਲ ਗਰਜ ਰਹੇ ਹਨ ਅਤੇ ਬਿਜਲੀ ਕੜਕ ਰਹੀ ਹੈ। ਪਰ ਫਿਰ ਉਸ ਦੇ ਡੈਡੀ ਆਉਂਦੇ ਹਨ ਅਤੇ ਉਸ ਨੂੰ ਆਪਣੀਆਂ ਵਿਚ ਬਾਹਾਂ ਵਿਚ ਲੈਂਦੇ ਹਨ। ਉਹ ਉਦੋਂ ਤਕ ਉਸ ਕੋਲ ਰਹਿੰਦੇ ਹਨ ਜਦੋਂ ਤਕ ਉਹ ਸੌਂ ਨਹੀਂ ਜਾਂਦੀ। ਬਾਹਰ ਅਜੇ ਵੀ ਤੂਫ਼ਾਨ ਚੱਲ ਰਿਹਾ ਹੈ, ਪਰ ਉਹ ਆਪਣੇ ਡੈਡੀ ਦੀਆਂ ਬਾਹਾਂ ਵਿਚ ਇੰਨਾ ਸੁਰੱਖਿਅਤ ਮਹਿਸੂਸ ਕਰਦੀ ਹੈ ਕਿ ਉਸ ਦਾ ਡਰ ਗਾਇਬ ਹੋ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਜਦੋਂ ਅਸੀਂ ਮੁਸ਼ਕਲਾਂ ਵਿੱਚੋਂ ਗੁਜ਼ਰ ਰਹੇ ਹੁੰਦੇ ਹਾਂ ਅਤੇ ਸਾਨੂੰ ਡਰ ਲੱਗਦਾ ਹੈ, ਤਾਂ ਸ਼ਾਇਦ ਅਸੀਂ ਵੀ ਚਾਹੀਏ ਕਿ ਯਹੋਵਾਹ ਸਾਨੂੰ ਆਪਣੀਆਂ ਬਾਹਾਂ ਵਿਚ ਲੈ ਲਵੇ ਅਤੇ ਉਦੋਂ ਤਕ ਨਾ ਛੱਡੇ ਜਦ ਤਕ ਸਾਡਾ ਮਨ ਸ਼ਾਂਤ ਨਹੀਂ ਹੋ ਜਾਂਦਾ। ਪਰ ਯਹੋਵਾਹ ਤੋਂ ਅਜਿਹਾ ਦਿਲਾਸਾ ਪਾਉਣ ਲਈ ਸਾਨੂੰ ਕੀ ਕਰਨਾ ਪਵੇਗਾ?

ਬਾਈਬਲ ਪੜ੍ਹੋ ਅਤੇ ਯਹੋਵਾਹ ਤੋਂ ਦਿਲਾਸਾ ਪਾਓ (ਪੈਰੇ 15-16 ਦੇਖੋ)


16. ਯਹੋਵਾਹ ਤੋਂ ਦਿਲਾਸਾ ਪਾਉਣ ਲਈ ਅਸੀਂ ਕੀ ਕਰ ਸਕਦੇ ਹਾਂ? (ਤਸਵੀਰ ਵੀ ਦੇਖੋ।)

16 ਸਾਨੂੰ ਕੀ ਕਰਨ ਦੀ ਲੋੜ ਹੈ? ਪ੍ਰਾਰਥਨਾ ਕਰੋ ਅਤੇ ਬਾਈਬਲ ਪੜ੍ਹੋ। ਇੱਦਾਂ ਕਰ ਕੇ ਯਹੋਵਾਹ ਨਾਲ ਸਮਾਂ ਬਿਤਾਓ। (ਜ਼ਬੂ. 77:1, 12-14) ਜੇ ਤੁਸੀਂ ਇੱਦਾਂ ਕਰਨ ਦੀ ਆਦਤ ਬਣਾ ਲਓ, ਤਾਂ ਜੇ ਕਦੀ ਤੁਸੀਂ ਪਰੇਸ਼ਾਨ ਹੋਵੋਗੇ, ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਪਿਤਾ ਯਹੋਵਾਹ ਨੂੰ ਪੁਕਾਰੋਗੇ। ਉਸ ਨੂੰ ਆਪਣੀ ਹਰ ਪਰੇਸ਼ਾਨੀ ਦੱਸੋ, ਉਸ ਨੂੰ ਦੱਸੋ ਕਿ ਤੁਹਾਨੂੰ ਕਿਉਂ ਡਰ ਲੱਗ ਰਿਹਾ ਹੈ। ਫਿਰ ਬਾਈਬਲ ਪੜ੍ਹੋ ਅਤੇ ਯਹੋਵਾਹ ਦੀ ਵੀ ਸੁਣੋ। ਫਿਰ ਤੁਸੀਂ ਮਹਿਸੂਸ ਕਰ ਸਕੋਗੇ ਕਿ ਯਹੋਵਾਹ ਤੁਹਾਨੂੰ ਦਿਲਾਸਾ ਦੇ ਰਿਹਾ ਹੈ। (ਜ਼ਬੂ. 119:28) ਜਦੋਂ ਤੁਹਾਨੂੰ ਡਰ ਲੱਗੇ, ਤਾਂ ਹੋ ਸਕਦਾ ਹੈ ਬਾਈਬਲ ਦਾ ਕੋਈ ਹਿੱਸਾ ਪੜ੍ਹ ਕੇ ਤੁਹਾਨੂੰ ਤਸੱਲੀ ਮਿਲੇ। ਜਿਵੇਂ ਸ਼ਾਇਦ ਤੁਹਾਨੂੰ ਅੱਯੂਬ ਦੀ ਕਿਤਾਬ, ਕੋਈ ਜ਼ਬੂਰ, ਕਹਾਉਤਾਂ ਜਾਂ ਮੱਤੀ ਅਧਿਆਇ 6 ਪੜ੍ਹ ਕੇ ਹਿੰਮਤ ਮਿਲੇ। ਜਦ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਰੋਗੇ ਅਤੇ ਬਾਈਬਲ ਪੜ੍ਹੋਗੇ, ਤਾਂ ਤੁਹਾਨੂੰ ਬਹੁਤ ਦਿਲਾਸਾ ਮਿਲੇਗਾ।

17. ਅਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ?

17 ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਜਦੋਂ ਅਸੀਂ ਮੁਸੀਬਤਾਂ ਨਾਲ ਘਿਰੇ ਹੋਏ ਹੁੰਦੇ ਹਾਂ, ਤਾਂ ਯਹੋਵਾਹ ਸਾਨੂੰ ਸਾਡੇ ਹਾਲ ʼਤੇ ਨਹੀਂ ਛੱਡੇਗਾ। ਉਹ ਸਾਡੀ ਮਦਦ ਕਰੇਗਾ। (ਜ਼ਬੂ. 23:4; 94:14) ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਸਾਡੀ ਰਾਖੀ ਕਰੇਗਾ, ਸਾਨੂੰ ਸੰਭਾਲੇਗਾ, ਸਾਨੂੰ ਸਹਾਰਾ ਤੇ ਦਿਲਾਸਾ ਦੇਵੇਗਾ। ਯਸਾਯਾਹ 26:3 ਵਿਚ ਯਹੋਵਾਹ ਬਾਰੇ ਲਿਖਿਆ ਹੈ, “ਤੂੰ ਉਨ੍ਹਾਂ ਦੀ ਰਾਖੀ ਕਰੇਂਗਾ ਜੋ ਪੂਰੀ ਤਰ੍ਹਾਂ ਤੇਰੇ ʼਤੇ ਨਿਰਭਰ ਰਹਿੰਦੇ ਹਨ; ਤੂੰ ਉਨ੍ਹਾਂ ਨੂੰ ਹਮੇਸ਼ਾ ਸ਼ਾਂਤੀ ਬਖ਼ਸ਼ੇਂਗਾ ਕਿਉਂਕਿ ਉਹ ਤੇਰੇ ʼਤੇ ਭਰੋਸਾ ਰੱਖਦੇ ਹਨ।” ਸੋ ਯਹੋਵਾਹ ʼਤੇ ਭਰੋਸਾ ਰੱਖੋ ਅਤੇ ਉਹ ਜਿਨ੍ਹਾਂ ਤਰੀਕਿਆਂ ਨਾਲ ਤੁਹਾਡੀ ਮਦਦ ਕਰ ਰਿਹਾ ਹੈ, ਉਸ ਦਾ ਪੂਰਾ-ਪੂਰਾ ਫ਼ਾਇਦਾ ਲਓ। ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਹਾਡੇ ਵਿਚ ਨਵੇਂ ਸਿਰਿਓਂ ਜਾਨ ਆ ਜਾਵੇਗੀ ਅਤੇ ਤੁਸੀਂ ਔਖੀ ਤੋਂ ਔਖੀ ਘੜੀ ਵਿਚ ਵੀ ਡਟ ਕੇ ਖੜ੍ਹੇ ਰਹੋਗੇ।

ਤੁਸੀਂ ਕੀ ਜਵਾਬ ਦਿਓਗੇ?

  • ਸਾਨੂੰ ਖ਼ਾਸ ਕਰਕੇ ਕਦੋਂ ਯਹੋਵਾਹ ਦੀ ਮਦਦ ਦੀ ਲੋੜ ਹੁੰਦੀ ਹੈ?

  • ਜਦੋਂ ਅਸੀਂ ਮੁਸ਼ਕਲਾਂ ਨਾਲ ਘਿਰੇ ਹੁੰਦੇ ਹਾਂ, ਤਾਂ ਯਹੋਵਾਹ ਕਿਨ੍ਹਾਂ ਚਾਰ ਤਰੀਕਿਆਂ ਨਾਲ ਸਾਡੀ ਮਦਦ ਕਰਦਾ ਹੈ?

  • ਯਹੋਵਾਹ ਤੋਂ ਮਦਦ ਪਾਉਣ ਲਈ ਅਸੀਂ ਕੀ ਕਰ ਸਕਦੇ ਹਾਂ?

ਗੀਤ 12 ਮਹਾਨ ਪਰਮੇਸ਼ੁਰ ਯਹੋਵਾਹ

a ਕੁਝ ਨਾਂ ਬਦਲੇ ਗਏ ਹਨ।