ਅਧਿਐਨ ਲੇਖ 4
ਗੀਤ 30 ਯਹੋਵਾਹ ਮੇਰਾ ਪਿਤਾ, ਪਰਮੇਸ਼ੁਰ ਤੇ ਦੋਸਤ
ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ
‘ਪਿਤਾ ਤੁਹਾਡੇ ਨਾਲ ਪਿਆਰ ਕਰਦਾ ਹੈ।’—ਯੂਹੰ. 16:27.
ਕੀ ਸਿੱਖਾਂਗੇ?
ਯਹੋਵਾਹ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ। ਇਹ ਜਾਣ ਕੇ ਅਸੀਂ ਕਿਵੇਂ ਉਸ ਦੇ ਨੇੜੇ ਆਉਂਦੇ ਹਾਂ, ਸੁਰੱਖਿਅਤ ਤੇ ਤਰੋ-ਤਾਜ਼ਾ ਮਹਿਸੂਸ ਕਰਦੇ ਹਾਂ ਅਤੇ ਇਹ ਸਮਝ ਪਾਉਂਦੇ ਹਾਂ ਕਿ ਉਹ ਸਾਡੀ ਪਰਵਾਹ ਕਰਦਾ ਹੈ?
1. ਜਦੋਂ ਤੁਸੀਂ ਯਹੋਵਾਹ ਬਾਰੇ ਸੋਚਦੇ ਹੋ, ਤਾਂ ਤੁਹਾਡੇ ਮਨ ਵਿਚ ਕਿਹੜੀ ਤਸਵੀਰ ਆਉਂਦੀ ਹੈ?
ਕੀ ਤੁਸੀਂ ਕਦੀ ਸੋਚਿਆ ਕਿ ਯਹੋਵਾਹ ਦੇਖਣ ਨੂੰ ਕਿੱਦਾਂ ਦਾ ਲੱਗਦਾ ਹੈ? ਜਦੋਂ ਤੁਸੀਂ ਉਸ ਨੂੰ ਪ੍ਰਾਰਥਨਾ ਕਰਦੇ ਹੋ, ਤਾਂ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਵੈਸੇ ਤਾਂ ਅਸੀਂ ਯਹੋਵਾਹ ਨੂੰ ਦੇਖ ਨਹੀਂ ਸਕਦੇ, ਪਰ ਬਾਈਬਲ ਵਿਚ ਉਸ ਬਾਰੇ ਬਹੁਤ ਕੁਝ ਦੱਸਿਆ ਗਿਆ ਹੈ। ਇਸ ਵਿਚ ਯਹੋਵਾਹ ਬਾਰੇ ਕਿਹਾ ਗਿਆ ਹੈ ਕਿ ਉਹ “ਸਾਡਾ ਸੂਰਜ ਅਤੇ ਸਾਡੀ ਢਾਲ ਹੈ” ਅਤੇ “ਭਸਮ ਕਰ ਦੇਣ ਵਾਲੀ ਅੱਗ ਹੈ।” (ਜ਼ਬੂ. 84:11; ਇਬ. 12:29) ਇਕ ਹੋਰ ਜਗ੍ਹਾ ʼਤੇ ਉਸ ਬਾਰੇ ਕਿਹਾ ਗਿਆ ਹੈ ਕਿ ਉਹ ਸੋਨੇ-ਚਾਂਦੀ ਵਾਂਗ ਚਮਕ ਰਿਹਾ ਹੈ, ਉਹ ਨੀਲਮ ਪੱਥਰ ਦੇ ਸਿੰਘਾਸਣ ʼਤੇ ਬੈਠਾ ਹੋਇਆ ਹੈ ਅਤੇ ਉਸ ਦੇ ਆਲੇ-ਦੁਆਲੇ ਤੇਜ਼ ਰੌਸ਼ਨੀ ਨਜ਼ਰ ਆਉਂਦੀ ਹੈ ਜਿਵੇਂ ਸਤਰੰਗੀ ਪੀਂਘ ਵਿਚ ਹੁੰਦੀ ਹੈ। (ਹਿਜ਼. 1:26-28) ਇਹ ਸਾਰਾ ਕੁਝ ਪੜ੍ਹ ਕੇ ਸ਼ਾਇਦ ਸਾਡੇ ਦਿਲ ਸ਼ਰਧਾ ਨਾਲ ਭਰ ਜਾਣ ਜਾਂ ਸਾਨੂੰ ਲੱਗੇ ਕਿ ਅਸੀਂ ਯਹੋਵਾਹ ਦੇ ਸਾਮ੍ਹਣੇ ਕੁਝ ਵੀ ਨਹੀਂ ਹਾਂ।
2. ਕੁਝ ਲੋਕਾਂ ਨੂੰ ਯਹੋਵਾਹ ਦੇ ਨੇੜੇ ਆਉਣਾ ਸ਼ਾਇਦ ਕਿਉਂ ਔਖਾ ਲੱਗੇ?
2 ਅਸੀਂ ਯਹੋਵਾਹ ਨੂੰ ਦੇਖ ਨਹੀਂ ਸਕਦੇ। ਇਸ ਲਈ ਸ਼ਾਇਦ ਸਾਨੂੰ ਇਹ ਮੰਨਣਾ ਔਖਾ ਲੱਗੇ ਕਿ ਉਹ ਸਾਨੂੰ ਪਿਆਰ ਕਰਦਾ ਹੈ। ਕੁਝ ਲੋਕਾਂ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਸਹਿਆ ਹੈ ਇਸ ਲਈ ਉਨ੍ਹਾਂ ਨੂੰ ਯਕੀਨ ਨਹੀਂ ਹੁੰਦਾ ਕਿ ਯਹੋਵਾਹ ਉਨ੍ਹਾਂ ਨੂੰ ਪਿਆਰ ਕਰ ਸਕਦਾ ਹੈ। ਮਿਸਾਲ ਲਈ, ਹੋ ਸਕਦਾ ਹੈ ਕਿ ਉਨ੍ਹਾਂ ਨੂੰ ਕਦੀ ਆਪਣੇ ਪਿਤਾ ਦਾ ਪਿਆਰ ਹੀ ਨਾ ਮਿਲਿਆ ਹੋਵੇ। ਯਹੋਵਾਹ ਇਹ ਸਭ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਜਾਣਦਾ ਹੈ ਕਿ ਕਿਉਂ ਕੁਝ ਲੋਕਾਂ ਨੂੰ ਉਸ ਦੇ ਨੇੜੇ ਆਉਣਾ ਔਖਾ ਲੱਗਦਾ ਹੈ। ਇਸ ਲਈ ਉਸ ਨੇ ਆਪਣੇ ਬਚਨ ਵਿਚ ਖੁੱਲ੍ਹ ਕੇ ਦੱਸਿਆ ਹੈ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ।
3. ਸਾਨੂੰ ਯਹੋਵਾਹ ਦੇ ਪਿਆਰ ਬਾਰੇ ਹੋਰ ਚੰਗੀ ਤਰ੍ਹਾਂ ਕਿਉਂ ਜਾਣਨਾ ਚਾਹੀਦਾ ਹੈ?
3 ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ, ਜੇ ਅਸੀਂ ਇਸ ਨੂੰ ਇਕ ਸ਼ਬਦ ਵਿਚ ਦੱਸਣਾ ਹੋਵੇ, ਤਾਂ ਉਹ ਹੈ ਪਿਆਰ। ਬਾਈਬਲ ਵਿਚ ਲਿਖਿਆ ਹੈ ਕਿ “ਪਰਮੇਸ਼ੁਰ ਪਿਆਰ ਹੈ।” (1 ਯੂਹੰ. 4:8) ਉਹ ਜੋ ਵੀ ਕਰਦਾ ਹੈ, ਪਿਆਰ ਕਰਕੇ ਹੀ ਕਰਦਾ ਹੈ। ਯਹੋਵਾਹ ਪਿਆਰ ਦਾ ਸਾਗਰ ਹੈ। ਉਹ ਉਨ੍ਹਾਂ ਨੂੰ ਵੀ ਪਿਆਰ ਕਰਦਾ ਹੈ ਜੋ ਉਸ ਨੂੰ ਪਿਆਰ ਨਹੀਂ ਕਰਦੇ। (ਮੱਤੀ 5:44, 45) ਇਸ ਲੇਖ ਵਿਚ ਅਸੀਂ ਯਹੋਵਾਹ ਅਤੇ ਉਸ ਦੇ ਪਿਆਰ ਬਾਰੇ ਹੋਰ ਵੀ ਚੰਗੀ ਤਰ੍ਹਾਂ ਜਾਣਾਂਗੇ। ਅਸੀਂ ਜਿੰਨਾ ਜ਼ਿਆਦਾ ਆਪਣੇ ਪਰਮੇਸ਼ੁਰ ਬਾਰੇ ਜਾਣਾਂਗੇ, ਅਸੀਂ ਉੱਨਾ ਜ਼ਿਆਦਾ ਉਸ ਨੂੰ ਪਿਆਰ ਕਰਨ ਲੱਗਾਂਗੇ।
ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ
4. ਯਹੋਵਾਹ ਜਿਸ ਤਰ੍ਹਾਂ ਤੁਹਾਨੂੰ ਪਿਆਰ ਕਰਦਾ ਹੈ, ਉਸ ਬਾਰੇ ਸੋਚ ਤੁਹਾਨੂੰ ਕਿਵੇਂ ਲੱਗਦਾ ਹੈ? (ਤਸਵੀਰ ਵੀ ਦੇਖੋ।)
4 ਯਹੋਵਾਹ ‘ਪਿਤਾ ਤੁਹਾਡੇ ਨਾਲ ਪਿਆਰ ਕਰਦਾ ਹੈ।’ (ਯੂਹੰ. 16:27) ਬਾਈਬਲ ਵਿਚ ਦੱਸਿਆ ਗਿਆ ਹੈ ਕਿ ਉਹ ਉਸ ਮਾਂ ਵਾਂਗ ਹੈ ਜੋ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਹੈ। (ਯਸਾ. 66:12, 13) ਜ਼ਰਾ ਸੋਚੋ, ਇਕ ਮਾਂ ਕਿੰਨੇ ਪਿਆਰ ਨਾਲ ਆਪਣੇ ਛੋਟੇ ਜਿਹੇ ਬੱਚੇ ਦੀ ਦੇਖ-ਭਾਲ ਕਰਦੀ ਹੈ। ਉਹ ਉਸ ਨੂੰ ਗੋਦੀ ਚੁੱਕਦੀ ਹੈ, ਉਸ ਨਾਲ ਲਾਡੀਆਂ ਕਰਦੀ ਹੈ ਅਤੇ ਉਸ ਨਾਲ ਬਹੁਤ ਪਿਆਰ ਨਾਲ ਗੱਲ ਕਰਦੀ ਹੈ। ਜਦੋਂ ਬੱਚਾ ਰੋਂਦਾ ਹੈ ਜਾਂ ਉਸ ਨੂੰ ਦਰਦ ਹੁੰਦਾ ਹੈ, ਤਾਂ ਉਹ ਸਮਝ ਜਾਂਦੀ ਹੈ ਕਿ ਉਸ ਨੂੰ ਕੀ ਚਾਹੀਦਾ ਹੈ। ਉਸੇ ਤਰ੍ਹਾਂ ਜਦੋਂ ਅਸੀਂ ਦੁਖੀ ਹੁੰਦੇ ਹਾਂ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਵੀ ਉਸ ਮਾਂ ਵਾਂਗ ਸਾਨੂੰ ਬਹੁਤ ਪਿਆਰ ਕਰਦਾ ਹੈ। ਜ਼ਬੂਰਾਂ ਦੇ ਇਕ ਲਿਖਾਰੀ ਨੂੰ ਵੀ ਇਸ ਗੱਲ ʼਤੇ ਯਕੀਨ ਸੀ। ਇਸ ਲਈ ਉਸ ਨੇ ਕਿਹਾ: “ਜਦੋਂ ਮੈਂ ਚਿੰਤਾਵਾਂ ਨਾਲ ਘਿਰਿਆ ਹੋਇਆ ਸੀ, ਤਾਂ ਤੂੰ ਮੈਨੂੰ ਦਿਲਾਸਾ ਅਤੇ ਸਕੂਨ ਦਿੱਤਾ।”—ਜ਼ਬੂ. 94:19.
5. ਯਹੋਵਾਹ ਦਾ ਅਟੱਲ ਪਿਆਰ ਤੁਹਾਡੇ ਲਈ ਕੀ ਮਾਅਨੇ ਰੱਖਦਾ ਹੈ?
5 ਯਹੋਵਾਹ ਦਾ ਪਿਆਰ ਅਟੱਲ ਰਹਿੰਦਾ ਹੈ। (ਜ਼ਬੂ. 103:8) ਜਦੋਂ ਸਾਡੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ, ਉਹ ਉਦੋਂ ਵੀ ਸਾਨੂੰ ਪਿਆਰ ਕਰਨਾ ਨਹੀਂ ਛੱਡਦਾ। ਜ਼ਰਾ ਇਜ਼ਰਾਈਲੀਆਂ ਬਾਰੇ ਸੋਚੋ। ਉਨ੍ਹਾਂ ਨੇ ਵਾਰ-ਵਾਰ ਯਹੋਵਾਹ ਦਾ ਦਿਲ ਦੁਖਾਇਆ। ਫਿਰ ਵੀ ਜਿਨ੍ਹਾਂ ਲੋਕਾਂ ਨੇ ਤੋਬਾ ਕੀਤੀ, ਯਹੋਵਾਹ ਨੇ ਉਨ੍ਹਾਂ ਨੂੰ ਪਿਆਰ ਕਰਨਾ ਨਹੀਂ ਛੱਡਿਆ। ਉਸ ਨੇ ਕਿਹਾ: “ਤੂੰ ਮੇਰੀਆਂ ਨਜ਼ਰਾਂ ਵਿਚ ਅਨਮੋਲ ਹੈਂ, ਤੈਨੂੰ ਆਦਰ ਮਿਲਿਆ ਅਤੇ ਮੈਂ ਤੈਨੂੰ ਪਿਆਰ ਕੀਤਾ।” (ਯਸਾ. 43:4, 5) ਯਹੋਵਾਹ ਬਦਲਿਆ ਨਹੀਂ ਹੈ। ਉਹ ਅੱਜ ਸਾਨੂੰ ਵੀ ਬਹੁਤ ਪਿਆਰ ਕਰਦਾ ਹੈ। ਜਦੋਂ ਸਾਡੇ ਤੋਂ ਕੋਈ ਗੰਭੀਰ ਗ਼ਲਤੀ ਵੀ ਹੋ ਜਾਂਦੀ ਹੈ, ਤਾਂ ਵੀ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਨੂੰ ਨਹੀਂ ਛੱਡੇਗਾ। ਜੇ ਅਸੀਂ ਤੋਬਾ ਕਰ ਕੇ ਉਸ ਤੋਂ ਵਾਪਸ ਆਵਾਂਗੇ, ਤਾਂ ਅਸੀਂ ਦੇਖ ਸਕਾਂਗੇ ਕਿ ਯਹੋਵਾਹ ਹੁਣ ਵੀ ਸਾਨੂੰ ਪਹਿਲਾਂ ਜਿੰਨਾ ਪਿਆਰ ਕਰਦਾ ਹੈ। ਉਸ ਨੇ ਵਾਅਦਾ ਕੀਤਾ ਹੈ ਕਿ ਉਹ ਸਾਨੂੰ “ਖੁੱਲ੍ਹੇ ਦਿਲ ਨਾਲ ਮਾਫ਼ ਕਰੇਗਾ।” (ਯਸਾ. 55:7) ਨਾਲੇ ਜਦੋਂ ਸਾਨੂੰ ਮਾਫ਼ੀ ਮਿਲ ਜਾਂਦੀ ਹੈ, ਤਾਂ ਸਾਡੀ ਜ਼ਿੰਦਗੀ ਵਿਚ “ਯਹੋਵਾਹ ਵੱਲੋਂ ਰਾਹਤ ਦੇ ਦਿਨ” ਆਉਂਦੇ ਹਨ।—ਰਸੂ. 3:19.
6. ਜ਼ਕਰਯਾਹ 2:8 ਤੋਂ ਸਾਨੂੰ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?
6 ਜ਼ਕਰਯਾਹ 2:8 ਪੜ੍ਹੋ। ਯਹੋਵਾਹ ਕਹਿੰਦਾ ਹੈ ਕਿ ਅਸੀਂ ਉਸ ਦੀ “ਅੱਖ ਦੀ ਪੁਤਲੀ ਵਾਂਗ” ਹਾਂ। ਸਾਡੀ ਅੱਖ ਬਹੁਤ ਨਾਜ਼ੁਕ ਹੁੰਦੀ ਹੈ ਅਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਉਸ ʼਤੇ ਕੋਈ ਸੱਟ ਨਾ ਲੱਗੇ। ਸੋ ਯਹੋਵਾਹ ਇਕ ਤਰੀਕੇ ਨਾਲ ਕਹਿ ਰਿਹਾ ਸੀ, ‘ਜੋ ਕੋਈ ਤੁਹਾਨੂੰ, ਮੇਰੇ ਲੋਕਾਂ ਨੂੰ, ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਮੇਰੀ ਸਭ ਤੋਂ ਪਿਆਰੀ, ਸਭ ਤੋਂ ਅਨਮੋਲ ਚੀਜ਼ ਨੂੰ ਹੱਥ ਲਗਾਉਣ ਦੀ ਜੁਰਅਤ ਕਰਦਾ ਹੈ।’ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ। ਇਸ ਲਈ ਉਹ ਸਮਝਦਾ ਹੈ ਕਿ ਅਸੀਂ ਕਿਵੇਂ ਮਹਿਸੂਸ ਕਰ ਰਹੇ ਹਾਂ ਅਤੇ ਉਹ ਸਾਡੀ ਹਿਫਾਜ਼ਤ ਕਰਨ ਲਈ ਤੁਰੰਤ ਕਦਮ ਚੁੱਕਦਾ ਹੈ। ਜਦੋਂ ਅਸੀਂ ਦੁਖੀ ਹੁੰਦੇ ਹਾਂ, ਤਾਂ ਉਹ ਵੀ ਦੁਖੀ ਹੁੰਦਾ ਹੈ। ਇਸ ਲਈ ਅਸੀਂ ਉਸ ਨੂੰ ਪੂਰੇ ਭਰੋਸੇ ਨਾਲ ਪ੍ਰਾਰਥਨਾ ਕਰ ਸਕਦੇ ਹਾਂ: “ਆਪਣੀ ਅੱਖ ਦੀ ਪੁਤਲੀ ਵਾਂਗ ਮੇਰੀ ਹਿਫਾਜ਼ਤ ਕਰ।”—ਜ਼ਬੂ. 17:8.
7. ਸਾਨੂੰ ਕਿਉਂ ਇਸ ਗੱਲ ʼਤੇ ਭਰੋਸਾ ਵਧਾਉਂਦੇ ਰਹਿਣ ਦੀ ਲੋੜ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ?
7 ਯਹੋਵਾਹ ਚਾਹੁੰਦਾ ਹੈ ਕਿ ਤੁਹਾਨੂੰ ਇਸ ਗੱਲ ʼਤੇ ਪੂਰਾ ਭਰੋਸਾ ਹੋਵੇ ਕਿ ਉਹ ਤੁਹਾਨੂੰ ਪਿਆਰ ਕਰਦਾ ਹੈ। ਪਰ ਉਹ ਸਮਝਦਾ ਹੈ ਕਿ ਕਦੀ-ਕਦਾਈਂ ਤੁਹਾਡੇ ਲਈ ਇੱਦਾਂ ਕਰਨਾ ਔਖਾ ਹੋ ਸਕਦਾ ਹੈ। ਉਹ ਇਸ ਲਈ ਕਿਉਂਕਿ ਸ਼ਾਇਦ ਤੁਸੀਂ ਆਪਣੀ ਜ਼ਿੰਦਗੀ ਵਿਚ ਬਹੁਤ ਕੁਝ ਸਹਿਆ ਹੋਵੇ ਜਾਂ ਅੱਜ ਤੁਸੀਂ ਕੁਝ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹੋਵੋ। ਤਾਂ ਫਿਰ ਤੁਸੀਂ ਆਪਣਾ ਭਰੋਸਾ ਕਿਵੇਂ ਵਧਾ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ? ਇਸ ਦਾ ਇਕ ਤਰੀਕਾ ਹੈ, ਜਾਣੋ ਕਿ ਯਹੋਵਾਹ ਨੇ ਯਿਸੂ, ਚੁਣੇ ਹੋਏ ਮਸੀਹੀਆਂ ਅਤੇ ਸਾਡੇ ਸਾਰਿਆਂ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕੀਤਾ ਹੈ।
ਯਹੋਵਾਹ ਨੇ ਆਪਣਾ ਪਿਆਰ ਕਿਵੇਂ ਜ਼ਾਹਰ ਕੀਤਾ?
8. ਯਿਸੂ ਨੂੰ ਕਿਉਂ ਯਕੀਨ ਸੀ ਕਿ ਉਸ ਦਾ ਪਿਤਾ ਉਸ ਨੂੰ ਪਿਆਰ ਕਰਦਾ ਹੈ?
8 ਯਹੋਵਾਹ ਅਤੇ ਉਸ ਦੇ ਪੁੱਤਰ ਨੇ ਇਕੱਠੇ ਜਿੰਨਾ ਸਮਾਂ ਬਿਤਾਇਆ ਹੈ, ਉੱਨਾ ਸਮਾਂ ਇਸ ਦੁਨੀਆਂ ਵਿਚ ਹੋਰ ਕਿਸੇ ਨੇ ਨਹੀਂ ਬਿਤਾਇਆ। ਉਹ ਅਰਬਾਂ-ਖਰਬਾਂ ਸਾਲਾਂ ਤੋਂ ਸਵਰਗ ਵਿਚ ਇਕੱਠੇ ਸਨ। ਤਾਂ ਸੋਚੋ, ਉਨ੍ਹਾਂ ਦਾ ਰਿਸ਼ਤਾ ਕਿੰਨਾ ਗੂੜ੍ਹਾ ਹੋਣਾ ਅਤੇ ਉਹ ਇਕ-ਦੂਜੇ ਨਾਲ ਕਿੰਨਾ ਪਿਆਰ ਕਰਦੇ ਹੋਣੇ। ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਯਹੋਵਾਹ ਨੇ ਸਾਫ਼-ਸਾਫ਼ ਦੱਸਿਆ ਕਿ ਉਹ ਯਿਸੂ ਨੂੰ ਬਹੁਤ ਪਿਆਰ ਕਰਦਾ ਹੈ। ਇਹ ਗੱਲ ਅਸੀਂ ਮੱਤੀ 17:5 ਵਿਚ ਪੜ੍ਹ ਸਕਦੇ ਹਾਂ। ਯਹੋਵਾਹ ਚਾਹੁੰਦਾ ਤਾਂ ਸਿਰਫ਼ ਇਹ ਕਹਿ ਸਕਦਾ ਸੀ, ‘ਇਹ ਉਹ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।’ ਪਰ ਉਸ ਨੇ ਕਿਹਾ: “ਇਹ ਮੇਰਾ ਪਿਆਰਾ ਪੁੱਤਰ ਹੈ।” ਉਸ ਨੇ ਇੱਦਾਂ ਇਸ ਲਈ ਕਿਹਾ ਕਿਉਂਕਿ ਉਹ ਚਾਹੁੰਦਾ ਸੀ ਕਿ ਅਸੀਂ ਇਹ ਜਾਣੀਏ ਕਿ ਉਹ ਆਪਣੇ ਪੁੱਤਰ ਨਾਲ ਕਿੰਨਾ ਪਿਆਰ ਹੈ। ਯਹੋਵਾਹ ਨੂੰ ਯਿਸੂ ʼਤੇ ਬਹੁਤ ਮਾਣ ਸੀ, ਖ਼ਾਸ ਕਰਕੇ ਇਸ ਲਈ ਕਿ ਉਹ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਸੀ। (ਅਫ਼. 1:7) ਯਿਸੂ ਨੂੰ ਵੀ ਆਪਣੇ ਪਿਤਾ ਦੇ ਪਿਆਰ ʼਤੇ ਜ਼ਰਾ ਵੀ ਸ਼ੱਕ ਨਹੀਂ ਸੀ। ਉਹ ਹਰ ਪਲ ਮਹਿਸੂਸ ਕਰ ਸਕਦਾ ਸੀ ਕਿ ਯਹੋਵਾਹ ਉਸ ਨੂੰ ਬਹੁਤ ਪਿਆਰ ਕਰਦਾ ਹੈ। ਨਾਲੇ ਉਸ ਨੇ ਕਈ ਵਾਰ ਪੂਰੇ ਯਕੀਨ ਨਾਲ ਲੋਕਾਂ ਨੂੰ ਵੀ ਕਿਹਾ ਸੀ ਕਿ ਉਸ ਦਾ ਪਿਤਾ ਉਸ ਨਾਲ ਪਿਆਰ ਕਰਦਾ ਹੈ।—ਯੂਹੰ. 3:35; 10:17; 17:24.
9. ਬਾਈਬਲ ਵਿਚ ਲਿਖੀ ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਚੁਣੇ ਹੋਏ ਮਸੀਹੀਆਂ ਨੂੰ ਪਿਆਰ ਕਰਦਾ ਹੈ? ਸਮਝਾਓ। (ਰੋਮੀਆਂ 5:5)
9 ਯਹੋਵਾਹ ਨੇ ਚੁਣੇ ਹੋਏ ਮਸੀਹੀਆਂ ਲਈ ਵੀ ਆਪਣਾ ਪਿਆਰ ਜ਼ਾਹਰ ਕੀਤਾ ਹੈ। ਉਹ ਉਨ੍ਹਾਂ ਨਾਲ ਗੂੜ੍ਹਾ ਪਿਆਰ ਕਰਦਾ ਹੈ। ਇਹ ਗੱਲ ਰੋਮੀਆਂ 5:5 ਤੋਂ ਪਤਾ ਲੱਗਦੀ ਹੈ। (ਪੜ੍ਹੋ।) ਉੱਥੇ ਲਿਖਿਆ ਹੈ ਕਿ ਪਰਮੇਸ਼ੁਰ ਨੇ ਆਪਣਾ ਪਿਆਰ ਉਨ੍ਹਾਂ ਦੇ ਦਿਲਾਂ ਵਿਚ “ਭਰ ਦਿੱਤਾ ਹੈ।” ਇਕ ਸ਼ਬਦ-ਕੋਸ਼ ਵਿਚ ਇਨ੍ਹਾਂ ਸ਼ਬਦਾਂ ਦਾ ਮਤਲਬ ਕੁਝ ਇਸ ਤਰ੍ਹਾਂ ਦੱਸਿਆ ਗਿਆ ਹੈ ਕਿ ਯਹੋਵਾਹ ਉਨ੍ਹਾਂ ਨਾਲ ਇੰਨਾ ਜ਼ਿਆਦਾ ਪਿਆਰ ਕਰਦਾ ਹੈ ਜਿੱਦਾਂ ਉਨ੍ਹਾਂ ਦੇ ਦਿਲਾਂ ਵਿਚ ਪਿਆਰ ਦੀ ਧਾਰਾ ਡੋਲ੍ਹੀ ਜਾ ਹੀ ਹੋਵੇ। ਚੁਣੇ ਹੋਏ ਮਸੀਹੀ ਜਾਣਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਨੂੰ “ਪਿਆਰ ਕਰਦਾ ਹੈ।” (ਯਹੂ. 1) ਯੂਹੰਨਾ ਨੇ ਲਿਖਿਆ: “ਗੌਰ ਕਰੋ ਕਿ ਪਿਤਾ ਨੇ ਸਾਨੂੰ ਇੰਨਾ ਪਿਆਰ ਕੀਤਾ ਕਿ ਉਸ ਨੇ ਸਾਨੂੰ ਆਪਣੇ ਬੱਚੇ ਕਹਾਉਣ ਦਾ ਮਾਣ ਬਖ਼ਸ਼ਿਆ ਹੈ।” (1 ਯੂਹੰ. 3:1) ਇਸ ਤੋਂ ਪਤਾ ਲੱਗਦਾ ਹੈ ਕਿ ਚੁਣੇ ਹੋਏ ਮਸੀਹੀ ਪਰਮੇਸ਼ੁਰ ਦੇ ਪਿਆਰ ਬਾਰੇ ਕਿਵੇਂ ਮਹਿਸੂਸ ਕਰਦੇ ਹਨ। ਪਰ ਕੀ ਯਹੋਵਾਹ ਸਿਰਫ਼ ਚੁਣੇ ਹੋਏ ਮਸੀਹੀਆਂ ਨੂੰ ਹੀ ਪਿਆਰ ਕਰਦਾ ਹੈ? ਨਹੀਂ। ਯਹੋਵਾਹ ਨੇ ਜ਼ਾਹਰ ਕੀਤਾ ਹੈ ਕਿ ਉਹ ਸਾਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ।
10. ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ, ਇਸ ਦਾ ਸਭ ਤੋਂ ਵੱਡਾ ਸਬੂਤ ਕੀ ਹੈ?
10 ਸਾਡੇ ਲਈ ਯਹੋਵਾਹ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਕੀ ਹੈ? ਰਿਹਾਈ ਦੀ ਕੀਮਤ। ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ! (ਯੂਹੰ. 3:16; ਰੋਮੀ. 5:8) ਯਹੋਵਾਹ ਨੇ ਸਾਰੇ ਇਨਸਾਨਾਂ ਦੀ ਖ਼ਾਤਰ ਆਪਣਾ ਸਭ ਤੋਂ ਪਿਆਰਾ ਪੁੱਤਰ ਕੁਰਬਾਨ ਕਰ ਦਿੱਤਾ ਤਾਂਕਿ ਸਾਨੂੰ ਪਾਪਾਂ ਦੀ ਮਾਫ਼ੀ ਮਿਲ ਸਕੇ ਅਤੇ ਅਸੀਂ ਯਹੋਵਾਹ ਦੇ ਦੋਸਤ ਬਣ ਸਕੀਏ। (1 ਯੂਹੰ. 4:10) ਅਸੀਂ ਜਿੰਨਾ ਜ਼ਿਆਦਾ ਇਸ ਬਾਰੇ ਸੋਚਦੇ ਹਾਂ ਕਿ ਯਹੋਵਾਹ ਅਤੇ ਯਿਸੂ ਨੇ ਸਾਡੇ ਲਈ ਕਿੰਨਾ ਕੁਝ ਕੀਤਾ ਹੈ, ਅਸੀਂ ਉੱਨੀ ਹੀ ਚੰਗੀ ਤਰ੍ਹਾਂ ਸਮਝ ਪਾਉਂਦੇ ਹਾਂ ਕਿ ਉਹ ਸਾਨੂੰ ਹਰੇਕ ਨੂੰ ਕਿੰਨਾ ਪਿਆਰ ਕਰਦੇ ਹਨ। (ਗਲਾ. 2:20) ਯਹੋਵਾਹ ਨੇ ਬੱਸ ਕਾਨੂੰਨੀ ਮੰਗ ਪੂਰੀ ਕਰਨ ਲਈ ਹੀ ਰਿਹਾਈ ਦੀ ਕੀਮਤ ਦਾ ਇੰਤਜ਼ਾਮ ਨਹੀਂ ਕੀਤਾ, ਸਗੋਂ ਉਸ ਨੇ ਪਿਆਰ ਦੀ ਖ਼ਾਤਰ ਕੀਤਾ ਸੀ। ਆਪਣਾ ਪਿਆਰ ਜ਼ਾਹਰ ਕਰਨ ਲਈ ਯਹੋਵਾਹ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਕੁਰਬਾਨ ਕਰ ਦਿੱਤਾ। ਉਸ ਨੇ ਸਾਡੀ ਖ਼ਾਤਰ ਆਪਣੇ ਸਭ ਤੋਂ ਪਿਆਰੇ ਪੁੱਤਰ ਨੂੰ ਤੜਫ-ਤੜਫ ਕੇ ਮਰਨ ਦਿੱਤਾ।
11. ਯਿਰਮਿਯਾਹ 31:3 ਤੋਂ ਅਸੀਂ ਕੀ ਸਿੱਖਦੇ ਹਾਂ?
11 ਜਿੱਦਾਂ ਅਸੀਂ ਦੇਖਿਆ, ਯਹੋਵਾਹ ਦੇ ਦਿਲ ਵਿਚ ਸਾਡੇ ਲਈ ਜੋ ਪਿਆਰ ਹੈ, ਉਹ ਉਸ ਨੂੰ ਖੁੱਲ੍ਹ ਕੇ ਜ਼ਾਹਰ ਵੀ ਕਰਦਾ ਹੈ। (ਯਿਰਮਿਯਾਹ 31:3 ਪੜ੍ਹੋ।) ਉਹ ਸਾਨੂੰ ਪਿਆਰ ਕਰਦਾ ਹੈ। ਇਸੇ ਕਰਕੇ ਉਸ ਨੇ ਸਾਨੂੰ ਆਪਣੇ ਵੱਲ ਖਿੱਚਿਆ ਹੈ। (ਬਿਵਸਥਾ ਸਾਰ 7:7, 8 ਵਿਚ ਨੁਕਤਾ ਦੇਖੋ।) ਉਸ ਦੇ ਇਸ ਪਿਆਰ ਤੋਂ ਸਾਨੂੰ ਕੋਈ ਵੀ ਚੀਜ਼ ਜਾਂ ਤਾਕਤ ਅਲੱਗ ਨਹੀਂ ਕਰ ਸਕਦੀ। (ਰੋਮੀ. 8:38, 39) ਜਦੋਂ ਤੁਸੀਂ ਯਹੋਵਾਹ ਦੇ ਪਿਆਰ ਬਾਰੇ ਸੋਚਦੇ ਹੋ, ਤਾਂ ਤੁਹਾਨੂੰ ਕਿੱਦਾਂ ਲੱਗਦਾ ਹੈ? ਜ਼ਰਾ ਜ਼ਬੂਰ 23 ਪੜ੍ਹ ਕੇ ਦੇਖੋ। ਸ਼ਾਇਦ ਤੁਸੀਂ ਵੀ ਯਹੋਵਾਹ ਦੇ ਪਿਆਰ ਅਤੇ ਉਸ ਦੀ ਪਰਵਾਹ ਬਾਰੇ ਸੋਚ ਕੇ ਉੱਦਾਂ ਹੀ ਮਹਿਸੂਸ ਕਰੋ ਜਿਵੇਂ ਦਾਊਦ ਨੇ ਕੀਤਾ ਸੀ।
ਯਹੋਵਾਹ ਦਾ ਪਿਆਰ ਪਾ ਕੇ ਤੁਹਾਨੂੰ ਕਿੱਦਾਂ ਲੱਗਦਾ ਹੈ?
12. ਥੋੜ੍ਹੇ ਸ਼ਬਦਾਂ ਵਿਚ ਦੱਸੋ ਕਿ ਜ਼ਬੂਰ 23 ਵਿਚ ਦਾਊਦ ਨੇ ਕੀ ਕਿਹਾ?
12 ਜ਼ਬੂਰ 23:1-6 ਪੜ੍ਹੋ। ਜ਼ਬੂਰ 23 ਵਿਚ ਦਾਊਦ ਨੇ ਦੱਸਿਆ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਹੈ ਅਤੇ ਉਸ ਦੀ ਪਰਵਾਹ ਕਰਦਾ ਹੈ। ਯਹੋਵਾਹ ਨੂੰ ਚਰਵਾਹਾ ਕਹਿ ਕੇ ਉਸ ਨੇ ਜ਼ਾਹਰ ਕੀਤਾ ਕਿ ਉਸ ਦਾ ਅਤੇ ਯਹੋਵਾਹ ਦਾ ਰਿਸ਼ਤਾ ਕਿੰਨਾ ਗੂੜ੍ਹਾ ਹੈ। ਯਹੋਵਾਹ ਦੇ ਦੱਸੇ ਰਾਹ ʼਤੇ ਚੱਲ ਕੇ ਦਾਊਦ ਸੁਰੱਖਿਅਤ ਮਹਿਸੂਸ ਕਰਦਾ ਸੀ। ਨਾਲੇ ਉਹ ਪੂਰੀ ਤਰ੍ਹਾਂ ਯਹੋਵਾਹ ʼਤੇ ਨਿਰਭਰ ਰਹਿੰਦਾ ਸੀ। ਦਾਊਦ ਜਾਣਦਾ ਸੀ ਕਿ ਯਹੋਵਾਹ ਜ਼ਿੰਦਗੀ ਭਰ ਉਸ ਨਾਲ ਅਟੱਲ ਪਿਆਰ ਕਰਦਾ ਰਹੇਗਾ। ਦਾਊਦ ਨੂੰ ਕਿਉਂ ਇੰਨਾ ਯਕੀਨ ਸੀ?
13. ਦਾਊਦ ਨੂੰ ਕਿਉਂ ਯਕੀਨ ਸੀ ਕਿ ਯਹੋਵਾਹ ਉਸ ਨੂੰ ਸੰਭਾਲੇਗਾ?
13 “ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ।” ਦਾਊਦ ਨੇ ਮਹਿਸੂਸ ਕੀਤਾ ਕਿ ਯਹੋਵਾਹ ਉਸ ਦਾ ਖ਼ਿਆਲ ਰੱਖ ਰਿਹਾ ਸੀ ਕਿਉਂਕਿ ਯਹੋਵਾਹ ਨੇ ਹਮੇਸ਼ਾ ਉਸ ਦੀਆਂ ਲੋੜਾਂ ਪੂਰੀਆਂ ਕੀਤੀਆਂ ਸਨ। ਉਹ ਇਹ ਵੀ ਜਾਣਦਾ ਸੀ ਕਿ ਯਹੋਵਾਹ ਉਸ ਦਾ ਦੋਸਤ ਹੈ ਅਤੇ ਉਸ ਤੋਂ ਖ਼ੁਸ਼ ਹੈ। ਇਸ ਲਈ ਉਸ ਨੂੰ ਪੂਰਾ ਯਕੀਨ ਸੀ ਕਿ ਕੱਲ੍ਹ ਨੂੰ ਚਾਹੇ ਜੋ ਮਰਜ਼ੀ ਹੋ ਜਾਵੇ, ਯਹੋਵਾਹ ਉਸ ਨੂੰ ਸੰਭਾਲੇਗਾ। ਦਾਊਦ ਜਾਣਦਾ ਸੀ ਕਿ ਯਹੋਵਾਹ ਉਸ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਹ ਹਮੇਸ਼ਾ ਉਸ ਦਾ ਖ਼ਿਆਲ ਰੱਖੇਗਾ। ਇਸ ਲਈ ਉਹ ਚਿੰਤਾਵਾਂ ਦੇ ਬਾਵਜੂਦ ਵੀ ਖ਼ੁਸ਼ ਰਹਿ ਸਕਿਆ।—ਜ਼ਬੂ. 16:11.
14. ਯਹੋਵਾਹ ਸ਼ਾਇਦ ਅੱਜ ਕਿੱਦਾਂ ਸਾਡੀ ਪਿਆਰ ਨਾਲ ਦੇਖ-ਭਾਲ ਕਰੇ?
14 ਯਹੋਵਾਹ ਬਹੁਤ ਪਿਆਰ ਨਾਲ ਸਾਡੀ ਦੇਖ-ਭਾਲ ਕਰਦਾ ਹੈ। ਜਦੋਂ ਸਾਡੇ ਨਾਲ ਕੁਝ ਮਾੜਾ ਹੁੰਦਾ ਹੈ, ਉਦੋਂ ਉਹ ਹੋਰ ਵੀ ਜ਼ਿਆਦਾ ਸਾਡਾ ਖ਼ਿਆਲ ਰੱਖਦਾ ਹੈ। ਭੈਣ ਕਲੇਅਰ a ਨੇ ਇੱਦਾਂ ਹੀ ਮਹਿਸੂਸ ਕੀਤਾ। ਉਸ ਨੂੰ ਬੈਥਲ ਵਿਚ ਸੇਵਾ ਕਰਦਿਆਂ 20 ਤੋਂ ਜ਼ਿਆਦਾ ਸਾਲ ਹੋ ਗਏ ਹਨ। ਇਕ ਵਾਰ ਤਾਂ ਉਸ ʼਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ। ਪਹਿਲਾਂ ਤਾਂ ਉਸ ਦੇ ਪਿਤਾ ਨੂੰ ਦਿਮਾਗ਼ ਦਾ ਦੌਰਾ ਪੈ ਗਿਆ ਅਤੇ ਉਸ ਦੀ ਸਿਹਤ ਬਹੁਤ ਖ਼ਰਾਬ ਹੋ ਗਈ। ਫਿਰ ਉਸ ਦੀ ਇਕ ਭੈਣ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ। ਉਸ ਦੇ ਪਰਿਵਾਰ ਦਾ ਛੋਟਾ ਜਿਹਾ ਕਾਰੋਬਾਰ ਸੀ ਜੋ ਠੱਪ ਹੋ ਗਿਆ ਅਤੇ ਉਨ੍ਹਾਂ ਦਾ ਘਰ ਵੀ ਜ਼ਬਤ ਕਰ ਲਿਆ ਗਿਆ। ਭੈਣ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ। ਉਸ ਸਮੇਂ ਯਹੋਵਾਹ ਨੇ ਉਸ ਦਾ ਖ਼ਿਆਲ ਕਿਵੇਂ ਰੱਖਿਆ? ਭੈਣ ਦੱਸਦੀ ਹੈ: “ਯਹੋਵਾਹ ਨੇ ਹਰ ਰੋਜ਼ ਸਾਡੀਆਂ ਲੋੜਾਂ ਪੂਰੀਆਂ ਕੀਤੀਆਂ। ਸਾਨੂੰ ਕਦੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੋਈ। ਕਈ ਵਾਰ ਤਾਂ ਯਹੋਵਾਹ ਨੇ ਸਾਡੀਆਂ ਉਮੀਦਾਂ ਤੋਂ ਵੱਧ ਕੇ ਸਾਡੇ ਲਈ ਕੀਤਾ। ਮੈਂ ਅਕਸਰ ਉਨ੍ਹਾਂ ਪਲਾਂ ਬਾਰੇ ਸੋਚਦੀ ਹਾਂ ਜਦੋਂ ਯਹੋਵਾਹ ਨੇ ਬਹੁਤ ਪਿਆਰ ਨਾਲ ਸਾਨੂੰ ਸੰਭਾਲਿਆ ਸੀ। ਮੈਂ ਉਹ ਸਮਾਂ ਕਦੇ ਨਹੀਂ ਭੁੱਲ ਸਕਦੀ। ਉਸ ਸਮੇਂ ਯਹੋਵਾਹ ਨੇ ਜਿੱਦਾਂ ਸਾਨੂੰ ਸੰਭਾਲਿਆ, ਉਸ ਕਰਕੇ ਮੈਂ ਹੋਰ ਮੁਸ਼ਕਲਾਂ ਦਾ ਵੀ ਡਟ ਕੇ ਸਾਮ੍ਹਣਾ ਕਰ ਸਕੀ।”
15. ਦਾਊਦ ਨੇ ਤਾਜ਼ਗੀ ਕਿਉਂ ਮਹਿਸੂਸ ਕੀਤੀ? (ਤਸਵੀਰ ਵੀ ਦੇਖੋ।)
15 “ਉਹ ਮੈਨੂੰ ਤਾਜ਼ਗੀ ਦਿੰਦਾ ਹੈ।” ਦਾਊਦ ਨੂੰ ਇਕ ਤੋਂ ਬਾਅਦ ਇਕ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਇਸ ਲਈ ਉਹ ਕਦੀ-ਕਦਾਈਂ ਨਿਰਾਸ਼ ਹੋ ਜਾਂਦਾ ਸੀ। ਕਈ ਵਾਰ ਉਹ ਥੱਕ ਕੇ ਚੂਰ ਹੋ ਜਾਂਦਾ ਸੀ ਤੇ ਅੰਦਰੋਂ ਪੂਰੀ ਤਰ੍ਹਾਂ ਟੁੱਟ ਜਾਂਦਾ ਸੀ। (ਜ਼ਬੂ. 18:4-6) ਪਰ ਇਨ੍ਹਾਂ ਹਾਲਾਤਾਂ ਵਿਚ ਵੀ ਯਹੋਵਾਹ ਦੇ ਪਿਆਰ ਅਤੇ ਪਰਵਾਹ ਕਰਕੇ ਉਸ ਨੇ ਤਾਜ਼ਗੀ ਮਹਿਸੂਸ ਕੀਤੀ। ਇਹ ਇੱਦਾਂ ਸੀ ਕਿ ਜਿਵੇਂ ਯਹੋਵਾਹ ਆਪਣੇ ਇਸ ਦੋਸਤ ਨੂੰ “ਹਰੀਆਂ-ਹਰੀਆਂ ਚਰਾਂਦਾਂ” ਅਤੇ “ਪਾਣੀਆਂ ਦੇ ਕੰਢੇ ਆਰਾਮ ਕਰਨ ਲਈ” ਲੈ ਗਿਆ ਹੋਵੇ। ਉਸ ਸਮੇਂ ਦਾਊਦ ਵਿਚ ਇਕ ਤਰੀਕੇ ਨਾਲ ਨਵੇਂ ਸਿਰਿਓਂ ਜਾਨ ਆ ਗਈ ਅਤੇ ਉਹ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਿਹਾ।—ਜ਼ਬੂ. 18:28-32.
16. ਯਹੋਵਾਹ ਦੇ ਪਿਆਰ ਕਰਕੇ ਤੁਹਾਨੂੰ ਤਾਜ਼ਗੀ ਕਿਵੇਂ ਮਿਲੀ ਹੈ?
16 ਦਾਊਦ ਵਾਂਗ ਅੱਜ ਅਸੀਂ ਵੀ ‘ਯਹੋਵਾਹ ਦੇ ਅਟੱਲ ਪਿਆਰ’ ਕਰਕੇ ਹੀ ਮੁਸ਼ਕਲਾਂ ਵਿਚ ਡਟੇ ਰਹਿ ਪਾਉਂਦੇ ਹਾਂ। (ਵਿਰ. 3:22; ਕੁਲੁ. 1:11) ਜ਼ਰਾ ਭੈਣ ਰੇਚਲ ਦੀ ਮਿਸਾਲ ʼਤੇ ਗੌਰ ਕਰੋ। ਕੋਵਿਡ-19 ਮਹਾਂਮਾਰੀ ਦੌਰਾਨ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਅਤੇ ਉਸ ਨੇ ਯਹੋਵਾਹ ਨਾਲ ਵੀ ਰਿਸ਼ਤਾ ਤੋੜ ਲਿਆ। ਉਸ ਸਮੇਂ ਭੈਣ ਪੂਰੀ ਤਰ੍ਹਾਂ ਟੁੱਟ ਗਈ ਸੀ। ਉਦੋਂ ਯਹੋਵਾਹ ਨੇ ਉਸ ਨੂੰ ਕਿਵੇਂ ਸੰਭਾਲਿਆ? ਭੈਣ ਦੱਸਦੀ ਹੈ: “ਯਹੋਵਾਹ ਨੇ ਕਦੇ ਮੈਨੂੰ ਪਿਆਰ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਉਸ ਨੇ ਮੇਰੇ ਦੋਸਤਾਂ ਰਾਹੀਂ ਮੇਰਾ ਖ਼ਿਆਲ ਰੱਖਿਆ। ਉਹ ਮੇਰੇ ਨਾਲ ਸਮਾਂ ਬਿਤਾਉਂਦੇ ਸਨ, ਮੇਰੇ ਲਈ ਖਾਣਾ ਬਣਾ ਕੇ ਲਿਆਉਂਦੇ ਸਨ, ਮੇਰਾ ਹੌਸਲਾ ਵਧਾਉਣ ਲਈ ਮੈਨੂੰ ਮੈਸਿਜ ਜਾਂ ਕੁਝ ਆਇਤਾਂ ਲਿਖ ਕੇ ਭੇਜਦੇ ਸਨ, ਮੈਨੂੰ ਦੇਖ ਕੇ ਮੁਸਕਰਾਉਂਦੇ ਸਨ ਅਤੇ ਮੈਨੂੰ ਯਾਦ ਦਿਵਾਉਂਦੇ ਰਹਿੰਦੇ ਸਨ ਕਿ ਯਹੋਵਾਹ ਮੇਰੀ ਕਿੰਨੀ ਪਰਵਾਹ ਕਰਦਾ ਹੈ। ਮੈਂ ਹਮੇਸ਼ਾ ਯਹੋਵਾਹ ਦਾ ਸ਼ੁਕਰ ਕਰਦੀ ਹਾਂ ਕਿ ਉਸ ਨੇ ਮੈਨੂੰ ਇੰਨਾ ਵੱਡਾ ਪਰਿਵਾਰ ਦਿੱਤਾ ਹੈ ਜੋ ਮੈਨੂੰ ਬਹੁਤ ਪਿਆਰ ਕਰਦਾ ਹੈ।”
17. ਦਾਊਦ ਨੇ ਇੱਦਾਂ ਕਿਉਂ ਕਿਹਾ ਕਿ “ਮੈਨੂੰ ਕੋਈ ਡਰ ਨਹੀਂ”?
17 “ਮੈਨੂੰ ਕੋਈ ਡਰ ਨਹੀਂ ਕਿਉਂਕਿ ਤੂੰ ਮੇਰੇ ਨਾਲ ਹੈਂ।” ਦਾਊਦ ਦੇ ਕਈ ਤਾਕਤਵਰ ਦੁਸ਼ਮਣ ਸਨ ਅਤੇ ਕਈ ਵਾਰ ਤਾਂ ਉਸ ਦੀ ਜਾਨ ਵੀ ਖ਼ਤਰੇ ਵਿਚ ਸੀ। ਪਰ ਯਹੋਵਾਹ ਦਾਊਦ ਨੂੰ ਪਿਆਰ ਕਰਦਾ ਸੀ। ਇਸ ਲਈ ਉਹ ਸੁਰੱਖਿਅਤ ਮਹਿਸੂਸ ਕਰ ਸਕਿਆ। ਦਾਊਦ ਦੇਖ ਸਕਿਆ ਕਿ ਯਹੋਵਾਹ ਕਿੱਦਾਂ ਹਰ ਪਲ ਉਸ ਦਾ ਸਾਥ ਦੇ ਰਿਹਾ ਸੀ ਅਤੇ ਇਸ ਤੋਂ ਉਸ ਨੂੰ ਦਿਲਾਸਾ ਮਿਲਿਆ। ਇਸ ਲਈ ਉਹ ਕਹਿ ਸਕਿਆ: “[ਯਹੋਵਾਹ] ਨੇ ਮੇਰਾ ਸਾਰਾ ਡਰ ਦੂਰ ਕਰ ਦਿੱਤਾ।” (ਜ਼ਬੂ. 34:4) ਦਾਊਦ ਨੂੰ ਡਰ ਤਾਂ ਲੱਗਦਾ ਸੀ, ਪਰ ਉਹ ਜਾਣਦਾ ਸੀ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਹੈ। ਇਸ ਲਈ ਉਸ ਨੇ ਡਰ ਨੂੰ ਆਪਣੇ ʼਤੇ ਹਾਵੀ ਨਹੀਂ ਹੋਣ ਦਿੱਤਾ।
18. ਯਹੋਵਾਹ ਸਾਨੂੰ ਪਿਆਰ ਕਰਦਾ ਹੈ, ਇਹ ਯਾਦ ਰੱਖਣ ਨਾਲ ਸਾਨੂੰ ਉਸ ਸਮੇਂ ਵੀ ਕਿਵੇਂ ਹਿੰਮਤ ਮਿਲ ਸਕਦੀ ਹੈ ਜਦੋਂ ਸਾਨੂੰ ਡਰ ਲੱਗ ਰਿਹਾ ਹੋਵੇ?
18 ਕਦੀ-ਕਦਾਈਂ ਅਸੀਂ ਵੀ ਬਹੁਤ ਡਰ ਜਾਂਦੇ ਹਾਂ। ਪਰ ਜੇ ਸਾਨੂੰ ਯਕੀਨ ਹੋਵੇਗਾ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ, ਤਾਂ ਸਾਨੂੰ ਹਿੰਮਤ ਮਿਲੇਗੀ। ਉਹ ਕਿਵੇਂ? ਜ਼ਰਾ ਭੈਣ ਸੂਜ਼ੀ ਦੀ ਮਿਸਾਲ ʼਤੇ ਗੌਰ ਕਰੋ ਜੋ ਇਕ ਪਾਇਨੀਅਰ ਹੈ। ਉਹ ਦੱਸਦੀ ਹੈ ਕਿ ਜਦੋਂ ਉਸ ਦੇ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ, ਤਾਂ ਉਸ ʼਤੇ ਅਤੇ ਉਸ ਦੇ ਪਤੀ ʼਤੇ ਕੀ ਬੀਤੀ। ਉਹ ਕਹਿੰਦੀ ਹੈ: “ਜਦੋਂ ਅਚਾਨਕ ਇੱਦਾਂ ਦਾ ਕੋਈ ਹਾਦਸਾ ਹੋ ਜਾਂਦਾ ਹੈ, ਤਾਂ ਬਹੁਤ ਧੱਕਾ ਲੱਗਦਾ ਹੈ। ਅਸੀਂ ਬੇਬੱਸ ਮਹਿਸੂਸ ਕਰਦੇ ਹਾਂ ਅਤੇ ਸ਼ਾਇਦ ਇਹ ਵੀ ਚਿੰਤਾ ਹੋਣ ਲੱਗ ਪੈਂਦੀ ਹੈ ਕਿ ਕੱਲ੍ਹ ਨੂੰ ਕੁਝ ਹੋਰ ਮਾੜਾ ਨਾ ਹੋ ਜਾਵੇ। ਪਰ ਉਸ ਸਮੇਂ ਯਹੋਵਾਹ ਨੇ ਬਹੁਤ ਪਿਆਰ ਨਾਲ ਸਾਨੂੰ ਸੰਭਾਲਿਆ। ਸਾਨੂੰ ਇੱਦਾਂ ਲੱਗਾ ਜਿੱਦਾਂ ਅਸੀਂ ਉਸ ਦੀਆਂ ਬਾਹਾਂ ਵਿਚ ਮਹਿਫੂਜ਼ ਹਾਂ।” ਭੈਣ ਰੇਚਲ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ: “ਇਕ ਰਾਤ ਮੈਂ ਬਹੁਤ ਮਾਯੂਸ ਹੋ ਗਈ ਸੀ। ਮੈਨੂੰ ਬਹੁਤ ਚਿੰਤਾ ਹੋ ਰਹੀ ਸੀ ਅਤੇ ਡਰ ਵੀ ਲੱਗ ਰਿਹਾ ਸੀ। ਮੈਂ ਰੋ-ਰੋ ਕੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਲੱਗੀ। ਉਦੋਂ ਮੈਨੂੰ ਇੱਦਾਂ ਲੱਗਾ ਜਿੱਦਾਂ ਯਹੋਵਾਹ ਨੇ ਮੈਨੂੰ ਇਕ ਮਾਂ ਵਾਂਗ ਆਪਣੀ ਗੋਦ ਵਿਚ ਲੈ ਲਿਆ ਹੋਵੇ। ਮੇਰਾ ਮਨ ਇਕਦਮ ਸ਼ਾਂਤ ਹੋ ਗਿਆ, ਮੈਨੂੰ ਸਕੂਨ ਮਿਲਿਆ ਤੇ ਮੈਂ ਸੌਂ ਗਈ। ਉਹ ਪਲ ਮੈਂ ਕਦੀ ਨਹੀਂ ਭੁੱਲਾਂਗੀ।” ਤਾਸੋਸ ਨਾਂ ਦੇ ਬਜ਼ੁਰਗ ਨੇ ਫ਼ੌਜ ਵਿਚ ਭਰਤੀ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ ਜਿਸ ਕਰਕੇ ਉਸ ਨੂੰ ਚਾਰ ਸਾਲ ਜੇਲ੍ਹ ਵਿਚ ਰਹਿਣਾ ਪਿਆ। ਇਸ ਦੌਰਾਨ ਭਰਾ ਨੇ ਯਹੋਵਾਹ ਦਾ ਪਿਆਰ ਅਤੇ ਪਰਵਾਹ ਕਿਵੇਂ ਮਹਿਸੂਸ ਕੀਤੀ? ਭਰਾ ਦੱਸਦਾ ਹੈ: “ਯਹੋਵਾਹ ਨੇ ਮੇਰੀਆਂ ਸਾਰੀਆਂ ਲੋੜਾਂ ਦਾ ਖ਼ਿਆਲ ਰੱਖਿਆ, ਇੱਥੋਂ ਤਕ ਕਿ ਇਸ ਤੋਂ ਵੱਧ ਕੇ ਹੀ ਕੀਤਾ। ਇਸ ਕਰਕੇ ਮੈਂ ਉਸ ʼਤੇ ਹੋਰ ਵੀ ਭਰੋਸਾ ਕਰਨ ਲੱਗ ਪਿਆ। ਜੇਲ੍ਹ ਦਾ ਮਾਹੌਲ ਖ਼ਰਾਬ ਸੀ, ਫਿਰ ਵੀ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਮੈਂ ਖ਼ੁਸ਼ ਰਹਿ ਸਕਿਆ। ਇਸ ਤਰ੍ਹਾਂ ਮੈਂ ਸਮਝ ਗਿਆ ਕਿ ਮੈਂ ਜਿੰਨਾ ਜ਼ਿਆਦਾ ਯਹੋਵਾਹ ʼਤੇ ਭਰੋਸਾ ਕਰਾਂਗਾ, ਉੱਨਾ ਜ਼ਿਆਦਾ ਉਸ ਦਾ ਪਿਆਰ ਮਹਿਸੂਸ ਕਰ ਸਕਾਂਗਾ। ਇਸ ਲਈ ਜੇਲ੍ਹ ਵਿਚ ਹੁੰਦਿਆਂ ਹੀ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ।”
ਆਪਣੇ ਪਿਆਰੇ ਪਿਤਾ ਦੇ ਨੇੜੇ ਆਉਂਦੇ ਰਹੋ
19. (ੳ) ਜੇ ਸਾਨੂੰ ਯਕੀਨ ਹੋਵੇਗਾ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ, ਤਾਂ ਅਸੀਂ ਉਸ ਨੂੰ ਕਿਵੇਂ ਪ੍ਰਾਰਥਨਾ ਕਰਾਂਗੇ? (ਅ) ਯਹੋਵਾਹ ਦੇ ਪਿਆਰ ਬਾਰੇ ਕਿਹੜੀਆਂ ਗੱਲਾਂ ਤੁਹਾਡੇ ਦਿਲ ਨੂੰ ਛੂਹ ਜਾਂਦੀਆਂ ਹਨ? (“ ਆਇਤਾਂ ਜੋ ਯਹੋਵਾਹ ਦੇ ਪਿਆਰ ਦਾ ਅਹਿਸਾਸ ਦਿਵਾਉਂਦੀਆਂ ਹਨ” ਨਾਂ ਦੀ ਡੱਬੀ ਦੇਖੋ।)
19 ਅਸੀਂ ਜਿਨ੍ਹਾਂ ਮਿਸਾਲਾਂ ʼਤੇ ਚਰਚਾ ਕੀਤੀ, ਉਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ‘ਪਿਆਰ ਦਾ ਪਰਮੇਸ਼ੁਰ’ ਯਹੋਵਾਹ ਹਮੇਸ਼ਾ ਸਾਡੇ ਨਾਲ ਹੈ। (2 ਕੁਰਿੰ. 13:11) ਉਹ ਸਾਡੇ ਵਿੱਚੋਂ ਹਰੇਕ ʼਤੇ ਧਿਆਨ ਦਿੰਦਾ ਹੈ। ਸਾਨੂੰ ਪੂਰਾ ਯਕੀਨ ਹੈ ਕਿ ਅਸੀਂ “ਉਸ ਦੇ ਅਟੱਲ ਪਿਆਰ ਦੀ ਬੁੱਕਲ ਵਿਚ ਰਹਿੰਦੇ” ਹਾਂ। (ਜ਼ਬੂ. 32:10) ਜਿੰਨਾ ਜ਼ਿਆਦਾ ਅਸੀਂ ਇਸ ਬਾਰੇ ਸੋਚਾਂਗੇ ਕਿ ਯਹੋਵਾਹ ਨੇ ਸਾਨੂੰ ਕਿਵੇਂ ਪਿਆਰ ਦਿਖਾਇਆ ਹੈ, ਉੱਨਾ ਜ਼ਿਆਦਾ ਉਹ ਸਾਡੇ ਲਈ ਅਸਲੀ ਹੁੰਦਾ ਜਾਵੇਗਾ ਅਤੇ ਅਸੀਂ ਉਸ ਦੇ ਹੋਰ ਵੀ ਨੇੜੇ ਮਹਿਸੂਸ ਕਰਾਂਗੇ। ਅਸੀਂ ਬੇਝਿਜਕ ਉਸ ਨੂੰ ਪ੍ਰਾਰਥਨਾ ਕਰ ਪਾਵਾਂਗੇ ਅਤੇ ਉਸ ਨੂੰ ਦੱਸ ਸਕਾਂਗੇ ਕਿ ਅਸੀਂ ਉਸ ਦੇ ਪਿਆਰ ਤੋਂ ਬਿਨਾਂ ਨਹੀਂ ਰਹਿ ਸਕਦੇ। ਅਸੀਂ ਉਸ ਨੂੰ ਆਪਣੀ ਹਰ ਚਿੰਤਾ, ਪਰੇਸ਼ਾਨੀ ਦੱਸ ਸਕਾਂਗੇ ਅਤੇ ਯਕੀਨ ਰੱਖ ਸਕਾਂਗੇ ਕਿ ਉਹ ਸਾਨੂੰ ਸਮਝਦਾ ਹੈ ਅਤੇ ਸਾਡੀ ਮਦਦ ਕਰਨ ਲਈ ਬੇਤਾਬ ਹੈ।—ਜ਼ਬੂ. 145:18, 19.
20. ਯਹੋਵਾਹ ਦਾ ਪਿਆਰ ਸਾਨੂੰ ਕਿਵੇਂ ਉਸ ਵੱਲ ਖਿੱਚਦਾ ਹੈ?
20 ਠੰਢ ਵਿਚ ਜੇ ਕਿਤੇ ਅੱਗ ਬਲ਼ਦੀ ਹੋਵੇ, ਤਾਂ ਅਸੀਂ ਉਸ ਵੱਲ ਖਿੱਚੇ ਜਾਂਦੇ ਹਾਂ। ਯਹੋਵਾਹ ਦਾ ਪਿਆਰ ਵੀ ਇਸ ਬਰਫ਼ੀਲੀ ਦੁਨੀਆਂ ਵਿਚ ਅੱਗ ਵਾਂਗ ਹੈ ਜਿਸ ਦੀ ਗਰਮਾਹਟ ਕਰਕੇ ਅਸੀਂ ਉਸ ਵੱਲ ਖਿੱਚੇ ਜਾਂਦੇ ਹਾਂ। ਇਸ ਪਿਆਰ ਵਿਚ ਜ਼ਬਰਦਸਤ ਤਾਕਤ ਵੀ ਹੈ, ਪਰ ਇਹ ਬਹੁਤ ਕੋਮਲ ਵੀ ਹੈ। ਸੱਚ-ਮੁੱਚ ਯਹੋਵਾਹ ਸਾਨੂੰ ਬਹੁਤ-ਬਹੁਤ ਪਿਆਰ ਕਰਦਾ ਹੈ। ਆਓ ਆਪਾਂ ਵੀ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹੀਏ ਅਤੇ ਕਹੀਏ: “ਮੈਂ ਯਹੋਵਾਹ ਨੂੰ ਪਿਆਰ ਕਰਦਾ ਹਾਂ।”—ਜ਼ਬੂ. 116:1.
ਤੁਸੀਂ ਕੀ ਜਵਾਬ ਦਿਓਗੇ?
-
ਤੁਸੀਂ ਯਹੋਵਾਹ ਦੇ ਪਿਆਰ ਬਾਰੇ ਕੀ ਕਹੋਗੇ?
-
ਤੁਸੀਂ ਕਿਉਂ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ?
-
ਯਹੋਵਾਹ ਦਾ ਪਿਆਰ ਪਾ ਕੇ ਤੁਹਾਨੂੰ ਕਿਵੇਂ ਲੱਗਦਾ ਹੈ?
ਗੀਤ 108 ਰੱਬ ਦਾ ਅਟੱਲ ਪਿਆਰ
a ਕੁਝ ਨਾਂ ਬਦਲੇ ਗਏ ਹਨ।