Skip to content

Skip to table of contents

ਅਧਿਐਨ ਲੇਖ 3

ਗੀਤ 35 ਜ਼ਰੂਰੀ ਗੱਲਾਂ ਨੂੰ ਪਹਿਲ ਦਿਓ

ਅਜਿਹੇ ਫ਼ੈਸਲੇ ਕਰੋ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ

ਅਜਿਹੇ ਫ਼ੈਸਲੇ ਕਰੋ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ

“ਯਹੋਵਾਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ ਅਤੇ ਅੱਤ ਪਵਿੱਤਰ ਪਰਮੇਸ਼ੁਰ ਦਾ ਗਿਆਨ ਹੀ ਸਮਝ ਹੈ।”​—ਕਹਾ. 9:10.

ਕੀ ਸਿੱਖਾਂਗੇ?

ਅਸੀਂ ਜਾਣਾਂਗੇ ਕਿ ਅਸੀਂ ਗਿਆਨ, ਸਮਝ ਅਤੇ ਸੂਝ-ਬੂਝ ਨੂੰ ਵਰਤ ਕੇ ਸਹੀ ਫ਼ੈਸਲੇ ਕਿਵੇਂ ਲੈ ਸਕਦੇ ਹਾਂ।

1. ਸਾਨੂੰ ਸਾਰਿਆਂ ਨੂੰ ਕਿਹੜਾ ਔਖਾ ਕੰਮ ਕਰਨਾ ਪੈਂਦਾ ਹੈ?

 ਸਾਨੂੰ ਹਰ ਰੋਜ਼ ਕਈ ਫ਼ੈਸਲੇ ਕਰਨੇ ਪੈਂਦੇ ਹਨ। ਕੁਝ ਫ਼ੈਸਲੇ ਕਰਨੇ ਸੌਖੇ ਹੁੰਦੇ ਹਨ, ਜਿਵੇਂ ਅਸੀਂ ਕੀ ਖਾਵਾਂਗੇ ਜਾਂ ਕਦੋਂ ਸੌਂਵਾਂਗੇ। ਪਰ ਕੁਝ ਫ਼ੈਸਲੇ ਕਰਨੇ ਔਖੇ ਹੁੰਦੇ ਹਨ। ਕਿਉਂ? ਕਿਉਂਕਿ ਇਨ੍ਹਾਂ ਫ਼ੈਸਲਿਆਂ ਦਾ ਅਸਰ ਸਾਡੀ ਸਿਹਤ, ਸਾਡੀ ਖ਼ੁਸ਼ੀ, ਸਾਡੇ ਘਰਦਿਆਂ ਅਤੇ ਇੱਥੋਂ ਤਕ ਕਿ ਸਾਡੀ ਭਗਤੀ ਦੇ ਕੰਮਾਂ ʼਤੇ ਵੀ ਪੈ ਸਕਦਾ ਹੈ। ਅਸੀਂ ਚਾਹੁੰਦੇ ਹਾਂ ਕਿ ਅਸੀਂ ਇੱਦਾਂ ਦੇ ਫ਼ੈਸਲੇ ਕਰੀਏ ਜਿਨ੍ਹਾਂ ਤੋਂ ਸਾਨੂੰ ਅਤੇ ਸਾਡੇ ਘਰਦਿਆਂ ਨੂੰ ਫ਼ਾਇਦਾ ਹੋਵੇ। ਇਸ ਤੋਂ ਵੀ ਵੱਧ, ਅਸੀਂ ਅਜਿਹੇ ਫ਼ੈਸਲੇ ਕਰਨੇ ਚਾਹੁੰਦੇ ਹਾਂ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ।​—ਰੋਮੀ. 12:1, 2.

2. ਕਿਹੜੇ ਕਦਮ ਚੁੱਕ ਕੇ ਤੁਸੀਂ ਚੰਗੇ ਫ਼ੈਸਲੇ ਲੈ ਸਕੋਗੇ?

2 ਚੰਗਾ ਫ਼ੈਸਲਾ ਲੈਣ ਲਈ ਜ਼ਰੂਰੀ ਹੈ ਕਿ ਤੁਸੀਂ (1) ਪੂਰੀ ਜਾਣਕਾਰੀ ਲਓ, (2) ਯਹੋਵਾਹ ਦੀ ਸੋਚ ਜਾਣੋ ਅਤੇ (3) ਤੁਹਾਡੇ ਸਾਮ੍ਹਣੇ ਜੋ ਵੀ ਰਾਹ ਹਨ, ਉਨ੍ਹਾਂ ਵਿੱਚੋਂ ਹਰੇਕ ਬਾਰੇ ਗਹਿਰਾਈ ਨਾਲ ਸੋਚੋ। ਇਸ ਲੇਖ ਵਿਚ ਅਸੀਂ ਇਨ੍ਹਾਂ ਤਿੰਨ ਗੱਲਾਂ ʼਤੇ ਚਰਚਾ ਕਰਾਂਗੇ ਅਤੇ ਦੇਖਾਂਗੇ ਕਿ ਅਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਕਿੱਦਾਂ ਵਧਾ ਸਕਦੇ ਹਾਂ।​—ਕਹਾ. 2:11.

ਪੂਰੀ ਜਾਣਕਾਰੀ ਲਓ

3. ਸਮਝਾਓ ਕਿ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਪੂਰੀ ਜਾਣਕਾਰੀ ਲੈਣੀ ਕਿਉਂ ਜ਼ਰੂਰੀ ਹੈ।

3 ਚੰਗਾ ਫ਼ੈਸਲਾ ਲੈਣ ਲਈ ਸਭ ਤੋਂ ਪਹਿਲਾਂ ਜਾਣਕਾਰੀ ਇਕੱਠੀ ਕਰੋ। ਇਹ ਇੰਨਾ ਜ਼ਰੂਰੀ ਕਿਉਂ ਹੈ? ਕਲਪਨਾ ਕਰੋ ਕਿ ਇਕ ਮਰੀਜ਼ ਜਿਸ ਨੂੰ ਗੰਭੀਰ ਬੀਮਾਰੀ ਹੈ, ਉਹ ਡਾਕਟਰ ਕੋਲ ਜਾਂਦਾ ਹੈ। ਕੀ ਉਹ ਡਾਕਟਰ ਉਸ ਮਰੀਜ਼ ਦੀ ਹਾਲਤ ਜਾਣੇ ਬਗੈਰ ਜਾਂ ਉਸ ਤੋਂ ਕੋਈ ਸਵਾਲ ਪੁੱਛੇ ਬਗੈਰ ਹੀ ਉਸ ਦਾ ਇਲਾਜ ਸ਼ੁਰੂ ਕਰ ਦੇਵੇਗਾ? ਬਿਲਕੁਲ ਨਹੀਂ। ਜੇ ਤੁਸੀਂ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਮਾਮਲੇ ਬਾਰੇ ਪੂਰੀ ਜਾਣਕਾਰੀ ਇਕੱਠੀ ਕਰੋਗੇ, ਤਾਂ ਤੁਸੀਂ ਚੰਗਾ ਫ਼ੈਸਲਾ ਲੈ ਸਕੋਗੇ। ਪਰ ਤੁਸੀਂ ਇਹ ਕਿੱਦਾਂ ਕਰ ਸਕਦੇ ਹੋ?

4. ਕਹਾਉਤਾਂ 18:13 ਮੁਤਾਬਕ ਤੁਸੀਂ ਪੂਰੀ ਜਾਣਕਾਰੀ ਕਿਵੇਂ ਲੈ ਸਕਦੇ ਹੋ? (ਤਸਵੀਰ ਵੀ ਦੇਖੋ।)

4 ਅਕਸਰ ਸਵਾਲ ਪੁੱਛ ਕੇ ਤੁਸੀਂ ਜਾਣਕਾਰੀ ਇਕੱਠੀ ਕਰ ਸਕਦੇ ਹੋ। ਮੰਨ ਲਓ, ਤੁਹਾਨੂੰ ਇਕ ਪਾਰਟੀ ʼਤੇ ਬੁਲਾਇਆ ਜਾਂਦਾ ਹੈ। ਤੁਸੀਂ ਕਿੱਦਾਂ ਫ਼ੈਸਲਾ ਕਰ ਸਕਦੇ ਹੋ ਕਿ ਤੁਹਾਨੂੰ ਉੱਥੇ ਜਾਣਾ ਚਾਹੀਦਾ ਹੈ ਜਾਂ ਨਹੀਂ? ਜੇ ਤੁਸੀਂ ਪਾਰਟੀ ਦੇਣ ਵਾਲੇ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਜਾਂ ਇਹ ਨਹੀਂ ਜਾਣਦੇ ਕਿ ਉੱਥੇ ਕੀ-ਕੀ ਹੋਵੇਗਾ, ਤਾਂ ਤੁਸੀਂ ਉਸ ਵਿਅਕਤੀ ਤੋਂ ਕੁਝ ਸਵਾਲ ਪੁੱਛ ਸਕਦੇ ਹੋ। ਜਿਵੇਂ, ਪਾਰਟੀ ਕਿੱਥੇ ਅਤੇ ਕਦੋਂ ਹੋਵੇਗੀ? ਉੱਥੇ ਕਿੰਨੇ ਲੋਕ ਆਉਣਗੇ? ਪਾਰਟੀ ਦੀ ਦੇਖ-ਰੇਖ ਕੌਣ ਕਰੇਗਾ? ਉੱਥੇ ਕੌਣ-ਕੌਣ ਆਵੇਗਾ? ਉੱਥੇ ਕੀ-ਕੀ ਕੀਤਾ ਜਾਵੇਗਾ? ਕੀ ਉੱਥੇ ਸ਼ਰਾਬ ਹੋਵੇਗੀ? ਅਜਿਹੇ ਸਵਾਲਾਂ ਦੇ ਜਵਾਬ ਜਾਣ ਕੇ ਚੰਗਾ ਫ਼ੈਸਲਾ ਲੈਣ ਵਿਚ ਤੁਹਾਡੀ ਮਦਦ ਹੋਵੇਗੀ।​—ਕਹਾਉਤਾਂ 18:13 ਪੜ੍ਹੋ।

ਸਵਾਲ ਪੁੱਛ ਕੇ ਪੂਰੀ ਜਾਣਕਾਰੀ ਲਓ (ਪੈਰਾ 4 ਦੇਖੋ) a


5. ਸਾਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

5 ਸਾਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਧਿਆਨ ਨਾਲ ਪੂਰੇ ਮਾਮਲੇ ਬਾਰੇ ਸੋਚੋ। ਮਿਸਾਲ ਲਈ, ਉਦੋਂ ਕੀ ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਪਾਰਟੀ ਵਿਚ ਉਹ ਲੋਕ ਵੀ ਆਉਣਗੇ ਜੋ ਬਾਈਬਲ ਮਿਆਰਾਂ ਮੁਤਾਬਕ ਜ਼ਿੰਦਗੀ ਨਹੀਂ ਜੀਉਂਦੇ? ਜਾਂ ਫਿਰ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਉੱਥੇ ਸ਼ਰਾਬ ਹੋਵੇਗੀ ਅਤੇ ਉੱਥੇ ਕੋਈ ਵੀ ਜ਼ਿੰਮੇਵਾਰ ਵਿਅਕਤੀ ਨਹੀਂ ਹੋਵੇਗਾ? ਇਸ ਪਾਰਟੀ ਵਿਚ ਲੋਕ ਕਿਤੇ ਬੇਕਾਬੂ ਹੋ ਕੇ ਰੰਗਰਲੀਆਂ ਤਾਂ ਨਹੀਂ ਮਨਾਉਣ ਲੱਗ ਪੈਣਗੇ? (1 ਪਤ. 4:3) ਦੂਜੇ ਪਾਸੇ, ਉਦੋਂ ਕੀ ਜੇ ਉਸ ਪਾਰਟੀ ʼਤੇ ਜਾਣ ਕਰਕੇ ਤੁਸੀਂ ਸਭਾ ਜਾਂ ਪ੍ਰਚਾਰ ਵਿਚ ਨਾ ਜਾ ਸਕੋ? ਜਦੋਂ ਤੁਸੀਂ ਸਾਰੀ ਜਾਣਕਾਰੀ ʼਤੇ ਧਿਆਨ ਨਾਲ ਸੋਚ-ਵਿਚਾਰ ਕਰੋਗੇ, ਤਾਂ ਤੁਹਾਡੇ ਲਈ ਫ਼ੈਸਲਾ ਲੈਣਾ ਸੌਖਾ ਹੋ ਜਾਵੇਗਾ। ਪਰ ਤੁਹਾਨੂੰ ਇਕ ਹੋਰ ਕਦਮ ਚੁੱਕਣ ਦੀ ਲੋੜ ਹੈ। ਹੁਣ ਤਕ ਤੁਸੀਂ ਮਾਮਲੇ ਨੂੰ ਸਿਰਫ਼ ਆਪਣੀ ਨਜ਼ਰ ਨਾਲ ਦੇਖਿਆ ਹੈ, ਪਰ ਹੁਣ ਇਸ ਨੂੰ ਯਹੋਵਾਹ ਦੀ ਨਜ਼ਰ ਨਾਲ ਦੇਖੋ। ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹ ਇਸ ਬਾਰੇ ਕੀ ਸੋਚਦਾ ਹੈ।​—ਕਹਾ. 2:6.

ਯਹੋਵਾਹ ਦੀ ਸੋਚ ਜਾਣੋ

6. ਯਾਕੂਬ 1:5 ਮੁਤਾਬਕ ਸਾਨੂੰ ਕਿਸ ਚੀਜ਼ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਕਿਉਂ?

6 ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਮਾਮਲੇ ਬਾਰੇ ਉਸ ਦੀ ਸੋਚ ਜਾਣਨ ਵਿਚ ਤੁਹਾਡੀ ਮਦਦ ਕਰੇ। ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਸਾਨੂੰ ਬੁੱਧ ਜ਼ਰੂਰ ਦੇਵੇਗਾ ਤਾਂਕਿ ਅਸੀਂ ਸਮਝ ਸਕੀਏ ਕਿ ਸਾਡੇ ਫ਼ੈਸਲੇ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ ਜਾਂ ਨਹੀਂ। ਉਹ ਇਹ ਬੁੱਧ “ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ ਦਿੰਦਾ ਹੈ ਅਤੇ ਮੰਗਣ ਵਾਲਿਆਂ ਨਾਲ ਗੁੱਸੇ ਨਹੀਂ ਹੁੰਦਾ।”​—ਯਾਕੂਬ 1:5 ਪੜ੍ਹੋ।

7. ਮਿਸਾਲ ਦੇ ਕੇ ਸਮਝਾਓ ਕਿ ਯਹੋਵਾਹ ਦੀ ਸੋਚ ਜਾਣਨ ਲਈ ਤੁਸੀਂ ਕੀ ਕਰ ਸਕਦੇ ਹੋ।

7 ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨ ਤੋਂ ਬਾਅਦ ਦੇਖੋ ਕਿ ਉਹ ਕੀ ਜਵਾਬ ਦਿੰਦਾ ਹੈ। ਮਿਸਾਲ ਲਈ, ਜੇ ਤੁਸੀਂ ਸਫ਼ਰ ਕਰਦਿਆਂ ਭਟਕ ਜਾਂਦੇ ਹੋ, ਤਾਂ ਸ਼ਾਇਦ ਤੁਸੀਂ ਉਸ ਇਲਾਕੇ ਦੇ ਕਿਸੇ ਵਿਅਕਤੀ ਤੋਂ ਰਸਤਾ ਪੁੱਛੋ। ਪਰ ਕੀ ਤੁਸੀਂ ਉਸ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਉੱਥੋਂ ਚਲੇ ਜਾਓਗੇ? ਬਿਲਕੁਲ ਨਹੀਂ। ਤੁਸੀਂ ਉਸ ਦੀ ਗੱਲ ਬਹੁਤ ਧਿਆਨ ਨਾਲ ਸੁਣੋਗੇ। ਉਸੇ ਤਰ੍ਹਾਂ, ਬੁੱਧ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨ ਤੋਂ ਬਾਅਦ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਹਾਲਾਤਾਂ ʼਤੇ ਬਾਈਬਲ ਦੇ ਕਿਹੜੇ ਕਾਨੂੰਨ ਅਤੇ ਅਸੂਲ ਢੁਕਦੇ ਹਨ। ਇੱਦਾਂ ਕਰਕੇ ਤੁਸੀਂ ਯਹੋਵਾਹ ਦਾ ਜਵਾਬ ਜਾਣਨ ਦੀ ਕੋਸ਼ਿਸ਼ ਕਰ ਰਹੇ ਹੋਵੋਗੇ। ਉਦਾਹਰਣ ਲਈ, ਜੇ ਤੁਹਾਨੂੰ ਇਹ ਫ਼ੈਸਲਾ ਕਰਨਾ ਪਵੇ ਕਿ ਤੁਸੀਂ ਪਾਰਟੀ ʼਤੇ ਜਾਓਗੇ ਜਾਂ ਨਹੀਂ, ਤਾਂ ਸੋਚੋ ਕਿ ਰੰਗਰਲੀਆਂ ਮਨਾਉਣ, ਬੁਰੀ ਸੰਗਤ ਕਰਨ ਅਤੇ ਆਪਣੀ ਮਰਜ਼ੀ ਨੂੰ ਪਹਿਲ ਦੇਣ ਦੀ ਬਜਾਇ ਰਾਜ ਦੇ ਕੰਮਾਂ ਨੂੰ ਪਹਿਲ ਦੇਣ ਬਾਰੇ ਬਾਈਬਲ ਕੀ ਕਹਿੰਦੀ ਹੈ।​—ਮੱਤੀ 6:33; ਰੋਮੀ. 13:13; 1 ਕੁਰਿੰ. 15:33.

8. ਜੇ ਤੁਹਾਨੂੰ ਕੁਝ ਹੋਰ ਜਾਣਕਾਰੀ ਦੀ ਲੋੜ ਪੈਂਦੀ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? (ਤਸਵੀਰ ਵੀ ਦੇਖੋ।)

8 ਪਰ ਸ਼ਾਇਦ ਕਦੇ-ਕਦੇ ਤੁਹਾਨੂੰ ਮਾਮਲੇ ਬਾਰੇ ਹੋਰ ਜਾਣਕਾਰੀ ਦੀ ਲੋੜ ਪਵੇ। ਇਨ੍ਹਾਂ ਹਾਲਾਤਾਂ ਵਿਚ ਤੁਸੀਂ ਕਿਸੇ ਤਜਰਬੇਕਾਰ ਭੈਣ ਜਾਂ ਭਰਾ ਦੀ ਮਦਦ ਲੈ ਸਕਦੇ ਹੋ। ਪਰ ਤੁਸੀਂ ਖ਼ੁਦ ਵੀ ਉਸ ਵਿਸ਼ੇ ʼਤੇ ਖੋਜਬੀਨ ਕਰ ਸਕਦੇ ਹੋ। ਖੋਜਬੀਨ ਕਰਨ ਲਈ ਸਾਡੇ ਬਹੁਤ ਸਾਰੇ ਪ੍ਰਕਾਸ਼ਨਾਂ ਵਿਚ ਗਿਆਨ ਦਾ ਭੰਡਾਰ ਹੈ ਜਿਵੇਂ, ਯਹੋਵਾਹ ਦੇ ਗਵਾਹਾਂ ਦਾ ਰਿਸਰਚ ਬਰੋਸ਼ਰ ਅਤੇ ਮਸੀਹੀ ਜ਼ਿੰਦਗੀ ਲਈ ਬਾਈਬਲ ਦੇ ਅਸੂਲ। ਯਾਦ ਰੱਖੋ ਕਿ ਸਾਡਾ ਟੀਚਾ ਹੈ ਕਿ ਅਸੀਂ ਅਜਿਹੇ ਫ਼ੈਸਲੇ ਕਰੀਏ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ।

ਯਹੋਵਾਹ ਦੀ ਸੋਚ ਜਾਣੋ (ਪੈਰਾ 8 ਦੇਖੋ) b


9. ਅਸੀਂ ਇਹ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਯਹੋਵਾਹ ਨੂੰ ਸਾਡੇ ਫ਼ੈਸਲੇ ਤੋਂ ਖ਼ੁਸ਼ੀ ਹੋਵੇਗੀ? (ਅਫ਼ਸੀਆਂ 5:17)

9 ਅਸੀਂ ਇਹ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਯਹੋਵਾਹ ਨੂੰ ਸਾਡੇ ਫ਼ੈਸਲੇ ਤੋਂ ਖ਼ੁਸ਼ੀ ਹੋਵੇਗੀ? ਸਭ ਤੋਂ ਪਹਿਲਾਂ ਤਾਂ ਸਾਨੂੰ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਨ ਦੀ ਲੋੜ ਹੈ। ਬਾਈਬਲ ਕਹਿੰਦੀ ਹੈ ਕਿ “ਅੱਤ ਪਵਿੱਤਰ ਪਰਮੇਸ਼ੁਰ ਦਾ ਗਿਆਨ ਹੀ ਸਮਝ ਹੈ।” (ਕਹਾ. 9:10) ਜੀ ਹਾਂ, ਇਹ ਸਮਝ ਸਾਨੂੰ ਤਾਂ ਹੀ ਮਿਲੇਗੀ, ਜੇ ਅਸੀਂ ਯਹੋਵਾਹ ਦੇ ਗੁਣਾਂ, ਉਸ ਦੇ ਮਕਸਦ ਅਤੇ ਉਸ ਦੀ ਪਸੰਦ-ਨਾਪਸੰਦ ਬਾਰੇ ਜਾਣਾਂਗੇ। ਖ਼ੁਦ ਨੂੰ ਪੁੱਛੋ, ‘ਮੈਂ ਯਹੋਵਾਹ ਬਾਰੇ ਜਿੰਨਾ ਜਾਣਦਾ ਹਾਂ, ਉਸ ਮੁਤਾਬਕ ਮੈਂ ਕਿਹੜਾ ਫ਼ੈਸਲਾ ਲਵਾਂਗਾ ਜਿਸ ਨਾਲ ਯਹੋਵਾਹ ਨੂੰ ਖ਼ੁਸ਼ੀ ਹੋਵੇ?’​—ਅਫ਼ਸੀਆਂ 5:17 ਪੜ੍ਹੋ।

10. ਸਾਡੇ ਸਭਿਆਚਾਰ ਜਾਂ ਪਰਿਵਾਰ ਦੀ ਸੋਚ ਨਾਲੋਂ ਬਾਈਬਲ ਦੇ ਅਸੂਲ ਜ਼ਿਆਦਾ ਜ਼ਰੂਰੀ ਕਿਉਂ ਹਨ?

10 ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਕਦੇ-ਕਦੇ ਅਜਿਹੇ ਫ਼ੈਸਲੇ ਕਰਨੇ ਪੈਣਗੇ ਜਿਸ ਕਰਕੇ ਸਾਡੇ ਆਪਣੇ ਸਾਡੇ ਨਾਲ ਨਾਰਾਜ਼ ਹੋ ਜਾਣ। ਮਿਸਾਲ ਲਈ, ਹੋ ਸਕਦਾ ਹੈ ਕਿ ਮਸੀਹੀ ਮਾਪੇ ਆਪਣੀ ਧੀ ʼਤੇ ਉਸ ਭਰਾ ਨਾਲ ਵਿਆਹ ਕਰਨ ਦਾ ਦਬਾਅ ਪਾਉਣ ਜੋ ਬਹੁਤ ਅਮੀਰ ਹੈ। ਪਰ ਉਹ ਜੋਸ਼ ਨਾਲ ਯਹੋਵਾਹ ਦੀ ਸੇਵਾ ਨਹੀਂ ਕਰਦਾ। ਹੋ ਸਕਦਾ ਹੈ ਕਿ ਉਨ੍ਹਾਂ ਦਾ ਇਰਾਦਾ ਨੇਕ ਹੋਵੇ। ਸ਼ਾਇਦ ਉਹ ਚਾਹੁੰਦੇ ਹੋਣ ਕਿ ਉਨ੍ਹਾਂ ਦੀ ਧੀ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ। ਪਰ ਕੀ ਭਰਾ ਯਹੋਵਾਹ ਨਾਲ ਵਧੀਆ ਰਿਸ਼ਤਾ ਬਣਾਈ ਰੱਖਣ ਵਿਚ ਉਸ ਦੀ ਮਦਦ ਕਰ ਸਕੇਗਾ? ਇਸ ਮਾਮਲੇ ਬਾਰੇ ਯਹੋਵਾਹ ਦੀ ਕੀ ਸੋਚ ਹੈ? ਇਸ ਦਾ ਜਵਾਬ ਸਾਨੂੰ ਮੱਤੀ 6:33 ਤੋਂ ਮਿਲਦਾ ਹੈ। ਇਸ ਆਇਤ ਵਿਚ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਉਹ ‘ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਰਹਿਣ।’ ਅਸੀਂ ਆਪਣੇ ਮਾਪਿਆਂ ਅਤੇ ਸਮਾਜ ਦੇ ਲੋਕਾਂ ਦੀ ਇੱਜ਼ਤ ਕਰਦੇ ਹਾਂ, ਪਰ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਨੂੰ ਖ਼ੁਸ਼ ਕਰੀਏ।

ਤੁਹਾਡੇ ਸਾਮ੍ਹਣੇ ਜੋ ਰਾਹ ਹਨ, ਉਨ੍ਹਾਂ ਬਾਰੇ ਗਹਿਰਾਈ ਨਾਲ ਸੋਚੋ

11. ਤੁਹਾਡੇ ਸਾਮ੍ਹਣੇ ਜੋ ਰਾਹ ਹਨ, ਉਨ੍ਹਾਂ ਬਾਰੇ ਗਹਿਰਾਈ ਨਾਲ ਸੋਚਣ ਵਿਚ ਕਿਹੜੀ ਚੀਜ਼ ਤੁਹਾਡੀ ਮਦਦ ਕਰੇਗੀ? (ਕਹਾਉਤਾਂ 2:11)

11 ਤੁਸੀਂ ਇਹ ਪਤਾ ਲਗਾ ਲਿਆ ਹੈ ਕਿ ਬਾਈਬਲ ਦੇ ਕਿਹੜੇ ਅਸੂਲ ਤੁਹਾਡੀ ਮਦਦ ਕਰ ਸਕਦੇ ਹਨ। ਹੁਣ ਤੁਹਾਡੇ ਅੱਗੇ ਜੋ ਅਲੱਗ-ਅਲੱਗ ਰਾਹ ਹਨ, ਉਨ੍ਹਾਂ ਬਾਰੇ ਗਹਿਰਾਈ ਨਾਲ ਸੋਚੋ। (ਕਹਾਉਤਾਂ 2:11 ਪੜ੍ਹੋ।) ਸੂਝ-ਬੂਝ ਸਾਡੀ ਹਿਫਾਜ਼ਤ ਕਰੇਗੀ ਯਾਨੀ ਇਹ ਦੇਖਣ ਵਿਚ ਮਦਦ ਕਰੇਗੀ ਕਿ ਸਾਡੇ ਕਿਹੜੇ ਫ਼ੈਸਲੇ ਦਾ ਕੀ ਨਤੀਜਾ ਨਿਕਲੇਗਾ। ਕੁਝ ਫ਼ੈਸਲੇ ਲੈਣੇ ਸਾਡੇ ਲਈ ਸੌਖੇ ਹੋ ਸਕਦੇ ਹਨ। ਪਰ ਕਦੇ-ਕਦੇ ਕੁਝ ਫ਼ੈਸਲੇ ਅਜਿਹੇ ਹੋ ਸਕਦੇ ਹਨ ਜੋ ਸਾਡੇ ਲਈ ਲੈਣੇ ਔਖੇ ਹੋਣ। ਸੂਝ-ਬੂਝ ਸਾਡੀ ਉਦੋਂ ਵੀ ਚੰਗਾ ਫ਼ੈਸਲਾ ਲੈਣ ਵਿਚ ਮਦਦ ਕਰੇਗੀ ਜਦੋਂ ਸਾਨੂੰ ਇਹ ਪਤਾ ਨਾ ਲੱਗੇ ਕਿ ਕੀ ਕਰਨਾ ਸਹੀ ਰਹੇਗਾ ਤੇ ਕੀ ਨਹੀਂ।

12-13. ਨੌਕਰੀ ਚੁਣਨ ਦੇ ਮਾਮਲੇ ਵਿਚ ਸੂਝ-ਬੂਝ ਚੰਗਾ ਫ਼ੈਸਲਾ ਲੈਣ ਵਿਚ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?

12 ਮੰਨ ਲਓ ਕਿ ਤੁਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਨੌਕਰੀ ਲੱਭ ਰਹੇ ਹੋ। ਤੁਹਾਨੂੰ ਦੋ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਤੁਸੀਂ ਸਾਰੀ ਜਾਣਕਾਰੀ ਇਕੱਠੀ ਕਰਦੇ ਹੋ, ਜਿੱਦਾਂ ਕੰਮ ਕੀ ਹੈ, ਕੰਮ ਕਿੰਨੇ ਵਜੇ ਤੋਂ ਕਿੰਨੇ ਵਜੇ ਤਕ ਹੈ, ਆਉਣ-ਜਾਣ ਵਿਚ ਕਿੰਨਾ ਸਮਾਂ ਲੱਗੇਗਾ, ਵਗੈਰਾ-ਵਗੈਰਾ। ਦੋਵੇਂ ਹੀ ਨੌਕਰੀਆਂ ਬਾਈਬਲ ਅਸੂਲਾਂ ਮੁਤਾਬਕ ਸਹੀ ਹਨ। ਸ਼ਾਇਦ ਤੁਸੀਂ ਉਹ ਨੌਕਰੀ ਕਰਨ ਬਾਰੇ ਸੋਚੋ ਜੋ ਤੁਹਾਨੂੰ ਜ਼ਿਆਦਾ ਪਸੰਦ ਹੈ ਜਾਂ ਜਿਸ ਦੀ ਜ਼ਿਆਦਾ ਤਨਖ਼ਾਹ ਹੈ। ਪਰ ਫ਼ੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ ਕੁਝ ਹੋਰ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।

13 ਮਿਸਾਲ ਲਈ, ਦੋਨੋਂ ਹੀ ਨੌਕਰੀਆਂ ਬਾਰੇ ਸੋਚੋ, ‘ਜੇ ਮੈਂ ਇਹ ਨੌਕਰੀ ਕਰਾਂਗਾ, ਤਾਂ ਮੇਰੇ ਲਈ ਸਭਾਵਾਂ ʼਤੇ ਜਾਣਾ ਔਖਾ ਤਾਂ ਨਹੀਂ ਹੋ ਜਾਵੇਗਾ? ਕੀ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਜਾਂ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਕਰਨਾ ਮੇਰੇ ਲਈ ਔਖਾ ਤਾਂ ਨਹੀਂ ਹੋ ਜਾਵੇਗਾ?’ ਅਜਿਹੇ ਸਵਾਲਾਂ ʼਤੇ ਸੋਚ-ਵਿਚਾਰ ਕਰ ਕੇ ਤੁਸੀਂ “ਜ਼ਿਆਦਾ ਜ਼ਰੂਰੀ ਗੱਲਾਂ” ਨੂੰ ਪਹਿਲ ਦੇ ਸਕੋਗੇ। (ਫ਼ਿਲਿ. 1:10ੳ) ਕਹਿਣ ਦਾ ਮਤਲਬ ਕਿ ਜ਼ਿਆਦਾ ਪੈਸੇ ਕਮਾਉਣ ਦੀ ਬਜਾਇ ਤੁਸੀਂ ਆਪਣਾ ਧਿਆਨ ਭਗਤੀ ਦੇ ਕੰਮਾਂ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ʼਤੇ ਲਗਾ ਸਕੋਗੇ। ਫਿਰ ਤੁਸੀਂ ਉਹ ਫ਼ੈਸਲਾ ਕਰ ਸਕੋਗੇ ਜਿਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ।

14. ਸੂਝ-ਬੂਝ ਅਤੇ ਲੋਕਾਂ ਲਈ ਪਿਆਰ ਹੋਣ ਕਰਕੇ ਅਸੀਂ ਕਿਸੇ ਦੀ “ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ” ਕਰਨ ਤੋਂ ਕਿਵੇਂ ਬਚ ਸਕਦੇ ਹਾਂ?

14 ਸੂਝ-ਬੂਝ ਹੋਣ ਕਰਕੇ ਅਸੀਂ ਇਹ ਵੀ ਸੋਚਾਂਗੇ ਕਿ ਸਾਡੇ ਫ਼ੈਸਲਿਆਂ ਦਾ ਦੂਜਿਆਂ ʼਤੇ ਕੀ ਅਸਰ ਪੈ ਸਕਦਾ ਹੈ। ਇਸ ਲਈ ਅਸੀਂ ਅਜਿਹਾ ਕੁਝ ਨਹੀਂ ਕਰਾਂਗੇ ਜਿਸ ਨਾਲ ਕਿਸੇ ਦੀ “ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ” ਹੋ ਜਾਵੇ। (ਫ਼ਿਲਿ. 1:10ਅ) ਜਦੋਂ ਅਸੀਂ ਕੁਝ ਨਿੱਜੀ ਮਾਮਲਿਆਂ ਬਾਰੇ ਫ਼ੈਸਲੇ ਕਰਦੇ ਹਾਂ, ਤਾਂ ਇਸ ਗੱਲ ਦਾ ਧਿਆਨ ਰੱਖਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਮਿਸਾਲ ਲਈ, ਇਹ ਫ਼ੈਸਲਿਆਂ ਕਰਦਿਆਂ ਕਿ ਅਸੀਂ ਕੀ ਪਾਵਾਂਗੇ ਤੇ ਕਿੱਦਾਂ ਦਾ ਹੇਅਰ ਸਟਾਈਲ ਕਰਾਂਗੇ। ਹੋ ਸਕਦਾ ਹੈ ਕਿ ਸਾਨੂੰ ਕਿਸੇ ਸਟਾਈਲ ਦੇ ਕੱਪੜੇ ਪਾਉਣੇ ਜਾਂ ਕਿਸੇ ਤਰ੍ਹਾਂ ਦਾ ਹੇਅਰ-ਸਟਾਈਲ ਕਰਨਾ ਪਸੰਦ ਹੋਵੇ। ਪਰ ਸਾਨੂੰ ਇਹ ਸੋਚਣਾ ਚਾਹੀਦਾ ਹੈ, ‘ਕੀ ਇਸ ਕਰਕੇ ਮੰਡਲੀ ਦੇ ਭੈਣਾਂ-ਭਰਾਵਾਂ ਜਾਂ ਬਾਹਰ ਵਾਲਿਆਂ ਨੂੰ ਠੋਕਰ ਤਾਂ ਨਹੀਂ ਲੱਗੇਗੀ?’ ਸੂਝ-ਬੂਝ ਹੋਣ ਕਰਕੇ ਅਸੀਂ ਦੂਜਿਆਂ ਦਾ ਲਿਹਾਜ਼ ਕਰਾਂਗੇ। ਲੋਕਾਂ ਨਾਲ ਪਿਆਰ ਹੋਣ ਕਰਕੇ ਅਸੀਂ ਉਨ੍ਹਾਂ ਦੇ ਭਲੇ ਬਾਰੇ ਸੋਚਾਂਗੇ। (1 ਕੁਰਿੰ. 10:23, 24, 32; 1 ਤਿਮੋ. 2:9, 10) ਇੱਦਾਂ ਕਰ ਕੇ ਅਸੀਂ ਉਹ ਫ਼ੈਸਲੇ ਕਰ ਸਕਾਂਗੇ ਜਿਨ੍ਹਾਂ ਤੋਂ ਦੂਜਿਆਂ ਲਈ ਪਿਆਰ ਤੇ ਆਦਰ ਝਲਕੇ।

15. ਕੋਈ ਵੀ ਅਹਿਮ ਫ਼ੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

15 ਜੇ ਤੁਸੀਂ ਕੋਈ ਅਹਿਮ ਫ਼ੈਸਲਾ ਲੈ ਰਹੇ ਹੋ, ਤਾਂ ਸੋਚੋ ਕਿ ਇਸ ਫ਼ੈਸਲੇ ਮੁਤਾਬਕ ਤੁਹਾਨੂੰ ਕੀ ਕਰਨ ਦੀ ਲੋੜ ਪਵੇਗੀ। ਯਿਸੂ ਨੇ ਕਿਹਾ ਸੀ ਕਿ ਕੁਝ ਵੀ ਕਰਨ ਤੋਂ ‘ਪਹਿਲਾਂ ਬੈਠ ਕੇ ਪੂਰਾ ਹਿਸਾਬ ਲਾਓ।’ (ਲੂਕਾ 14:28) ਸੋਚੋ ਕਿ ਇਸ ਫ਼ੈਸਲੇ ਮੁਤਾਬਕ ਚੱਲਣ ਲਈ ਤੁਹਾਨੂੰ ਕਿੰਨਾ ਸਮਾਂ ਲਾਉਣਾ ਪਵੇਗਾ, ਕਿਹੜੀਆਂ ਕੁਝ ਚੀਜ਼ਾਂ ਦੀ ਲੋੜ ਪਵੇਗੀ ਅਤੇ ਹੋਰ ਕੀ ਕਰਨਾ ਪਵੇਗਾ। ਕੁਝ ਮਾਮਲਿਆਂ ਵਿਚ ਸ਼ਾਇਦ ਤੁਹਾਨੂੰ ਆਪਣੇ ਪਰਿਵਾਰ ਨਾਲ ਗੱਲ ਕਰਨੀ ਪਵੇ ਕਿ ਉਹ ਤੁਹਾਡੀ ਕਿੱਦਾਂ ਮਦਦ ਕਰ ਸਕਦੇ ਹਨ। ਇਹ ਸਭ ਕਰਨਾ ਵਧੀਆ ਕਿਉਂ ਹੋਵੇਗਾ? ਕਿਉਂਕਿ ਇਸ ਨਾਲ ਤੁਹਾਨੂੰ ਪਤਾ ਲੱਗ ਸਕੇਗਾ ਕਿ ਤੁਹਾਨੂੰ ਆਪਣੇ ਫ਼ੈਸਲੇ ਵਿਚ ਕੋਈ ਫੇਰ-ਬਦਲ ਕਰਨ ਦੀ ਲੋੜ ਹੈ ਜਾਂ ਇਸ ਨੂੰ ਪੂਰੀ ਤਰ੍ਹਾਂ ਬਦਲਣ ਦੀ ਲੋੜ ਹੈ। ਨਾਲੇ ਜੇ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਰਾਇ ਲਵੋਗੇ ਅਤੇ ਉਨ੍ਹਾਂ ਦੀ ਸੁਣੋਗੇ, ਤਾਂ ਉਹ ਖ਼ੁਸ਼ੀ-ਖ਼ੁਸ਼ੀ ਤੁਹਾਡੀ ਮਦਦ ਕਰਨਗੇ ਤਾਂਕਿ ਤੁਸੀਂ ਆਪਣੇ ਫ਼ੈਸਲੇ ਮੁਤਾਬਕ ਕੰਮ ਕਰਨ ਵਿਚ ਕਾਮਯਾਬ ਹੋ ਸਕੋ।​—ਕਹਾ. 15:22.

ਚੰਗੇ ਫ਼ੈਸਲੇ ਲਓ ਤੇ ਕਾਮਯਾਬ ਹੋਵੋ

16. ਕਿਹੜੇ ਕਦਮ ਚੁੱਕ ਕੇ ਤੁਸੀਂ ਚੰਗਾ ਫ਼ੈਸਲਾ ਲੈ ਸਕਦੇ ਹੋ? (“ ਚੰਗੇ ਫ਼ੈਸਲੇ ਕਿਵੇਂ ਲਈਏ?” ਨਾਂ ਦੀ ਡੱਬੀ ਵੀ ਦੇਖੋ।)

16 ਜੇ ਤੁਸੀਂ ਉੱਪਰ ਦੱਸੇ ਕਦਮ ਚੁੱਕ ਲਏ ਹਨ, ਤਾਂ ਤੁਸੀਂ ਚੰਗਾ ਫ਼ੈਸਲਾ ਲੈਣ ਲਈ ਤਿਆਰ ਹੋ। ਤੁਸੀਂ ਜਾਣਕਾਰੀ ਇਕੱਠੀ ਕਰ ਲਈ ਹੈ ਅਤੇ ਬਾਈਬਲ ਦੇ ਅਸੂਲਾਂ ਦੀ ਵੀ ਜਾਂਚ ਕਰ ਲਈ ਹੈ। ਇਸ ਲਈ ਹੁਣ ਤੁਸੀਂ ਉਹ ਫ਼ੈਸਲਾ ਲੈ ਸਕੋਗੇ ਜਿਸ ਤੋਂ ਯਹੋਵਾਹ ਦਾ ਦਿਲ ਖ਼ੁਸ਼ ਹੋਵੇਗਾ। ਫਿਰ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹੋ ਕਿ ਉਹ ਤੁਹਾਡੇ ਫ਼ੈਸਲੇ ʼਤੇ ਬਰਕਤ ਪਾਵੇ ਤਾਂਕਿ ਤੁਸੀਂ ਕਾਮਯਾਬ ਹੋ ਸਕੋ।

17. ਚੰਗੇ ਫ਼ੈਸਲੇ ਲੈਣ ਲਈ ਸਭ ਤੋਂ ਜ਼ਰੂਰੀ ਕੀ ਹੈ?

17 ਚਾਹੇ ਕਿ ਤੁਸੀਂ ਪਹਿਲਾਂ ਬਹੁਤ ਸਾਰੇ ਚੰਗੇ ਫ਼ੈਸਲੇ ਲਏ ਹੋਣ, ਪਰ ਯਾਦ ਰੱਖੋ ਕਿ ਚੰਗੇ ਫ਼ੈਸਲੇ ਲੈਣ ਲਈ ਜ਼ਰੂਰੀ ਹੈ ਕਿ ਤੁਸੀਂ ਯਹੋਵਾਹ ਦੀ ਬੁੱਧ ʼਤੇ ਭਰੋਸਾ ਰੱਖੋ, ਨਾ ਕਿ ਆਪਣੀ ਸਮਝ ਜਾਂ ਤਾਕਤ ʼਤੇ। ਯਹੋਵਾਹ ਹੀ ਸਾਨੂੰ ਸੱਚਾ ਗਿਆਨ, ਸਮਝ ਅਤੇ ਸੂਝ-ਬੂਝ ਦੇ ਸਕਦਾ ਹੈ। ਬੁੱਧੀਮਾਨ ਬਣਨ ਲਈ ਇਹ ਸਭ ਜ਼ਰੂਰੀ ਹਨ। (ਕਹਾ. 2:1-5) ਯਹੋਵਾਹ ਉਹ ਫ਼ੈਸਲੇ ਲੈਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ ਜਿਨ੍ਹਾਂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।​—ਜ਼ਬੂ. 23:2, 3.

ਗੀਤ 28 ਯਹੋਵਾਹ ਨਾਲ ਦੋਸਤੀ ਕਰੋ

a ਤਸਵੀਰਾਂ ਬਾਰੇ ਜਾਣਕਾਰੀ: ਕੁਝ ਨੌਜਵਾਨ ਮਸੀਹੀਆਂ ਨੂੰ ਫ਼ੋਨ ʼਤੇ ਇਕ ਪਾਰਟੀ ਦਾ ਸੱਦਾ ਮਿਲਿਆ ਹੈ। ਉਹ ਰਲ਼ ਕੇ ਉਸ ਬਾਰੇ ਗੱਲ ਕਰ ਰਹੇ ਹਨ।

b ਤਸਵੀਰ ਬਾਰੇ ਜਾਣਕਾਰੀ: ਉਨ੍ਹਾਂ ਵਿੱਚੋਂ ਇਕ ਭਰਾ ਪਾਰਟੀ ʼਤੇ ਜਾਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਖੋਜਬੀਨ ਕਰਦਾ ਹੈ।