Skip to content

Skip to table of contents

ਅਧਿਐਨ ਲੇਖ 2

ਗੀਤ 132 ਹੁਣ ਅਸੀਂ ਇਕ ਹੋ ਗਏ

ਪਤੀਓ, ਆਪਣੀਆਂ ਪਤਨੀਆਂ ਦੀ ਇੱਜ਼ਤ ਕਰੋ

ਪਤੀਓ, ਆਪਣੀਆਂ ਪਤਨੀਆਂ ਦੀ ਇੱਜ਼ਤ ਕਰੋ

“ਪਤੀਓ, . . . ਉਨ੍ਹਾਂ ਦੀ ਇੱਜ਼ਤ ਕਰੋ।”​—1 ਪਤ. 3:7.

ਕੀ ਸਿੱਖਾਂਗੇ?

ਅਸੀਂ ਜਾਣਾਂਗੇ ਕਿ ਇਕ ਪਤੀ ਆਪਣੀ ਕਹਿਣੀ ਤੇ ਕਰਨੀ ਰਾਹੀਂ ਕਿਵੇਂ ਦਿਖਾ ਸਕਦਾ ਹੈ ਕਿ ਉਹ ਆਪਣੀ ਪਤਨੀ ਦੀ ਇੱਜ਼ਤ ਕਰਦਾ ਹੈ।

1. ਕਿਹੜੇ ਇਕ ਕਾਰਨ ਕਰਕੇ ਯਹੋਵਾਹ ਨੇ ਵਿਆਹ ਦੀ ਸ਼ੁਰੂਆਤ ਕੀਤੀ?

 ਯਹੋਵਾਹ “ਖ਼ੁਸ਼ਦਿਲ ਪਰਮੇਸ਼ੁਰ” ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਵੀ ਖ਼ੁਸ਼ ਰਹੀਏ। (1 ਤਿਮੋ. 1: 11) ਇਸ ਲਈ ਜ਼ਿੰਦਗੀ ਦਾ ਆਨੰਦ ਮਾਣਨ ਲਈ ਉਸ ਨੇ ਸਾਨੂੰ ਬਹੁਤ ਸਾਰੇ ਤੋਹਫ਼ੇ ਦਿੱਤੇ ਹਨ। (ਯਾਕੂ. 1:17) ਉਨ੍ਹਾਂ ਵਿੱਚੋਂ ਇਕ ਤੋਹਫ਼ਾ ਹੈ, ਵਿਆਹ ਦਾ ਬੰਧਨ। ਜਦੋਂ ਆਦਮੀ ਤੇ ਔਰਤ ਦਾ ਵਿਆਹ ਹੁੰਦਾ ਹੈ, ਤਾਂ ਉਹ ਇਕ-ਦੂਜੇ ਨੂੰ ਪਿਆਰ ਕਰਨ ਅਤੇ ਇਕ-ਦੂਜੇ ਦੀ ਇੱਜ਼ਤ ਕਰਨ ਦਾ ਵਾਅਦਾ ਕਰਦੇ ਹਨ। ਗੂੜ੍ਹਾ ਰਿਸ਼ਤਾ ਬਣਾਈ ਰੱਖਣ ਕਰਕੇ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀਆਂ ਆ ਸਕਦੀਆਂ ਹਨ।​—ਕਹਾ. 5:18.

2. ਅੱਜ ਬਹੁਤ ਸਾਰੇ ਪਤੀ ਆਪਣੀਆਂ ਪਤਨੀਆਂ ਨਾਲ ਕਿਵੇਂ ਪੇਸ਼ ਆਉਂਦੇ ਹਨ?

2 ਦੁੱਖ ਦੀ ਗੱਲ ਹੈ ਕਿ ਅੱਜ ਬਹੁਤ ਸਾਰੇ ਵਿਆਹੇ ਜੋੜੇ ਆਪਣੇ ਵਿਆਹ ਵਾਲੇ ਦਿਨ ਖਾਧੀਆਂ ਕਸਮਾਂ ਭੁੱਲ ਚੁੱਕੇ ਹਨ। ਨਤੀਜੇ ਵਜੋਂ, ਉਹ ਖ਼ੁਸ਼ ਨਹੀਂ ਰਹਿੰਦੇ। ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਮੁਤਾਬਕ ਬਹੁਤ ਸਾਰੇ ਪਤੀ ਆਪਣੀਆਂ ਪਤਨੀਆਂ ਨੂੰ ਮਾਰਦੇ-ਕੁੱਟਦੇ ਹਨ, ਉਨ੍ਹਾਂ ਨੂੰ ਚੁੱਭਵੀਆਂ ਗੱਲਾਂ ਕਹਿੰਦੇ ਹਨ ਜਾਂ ਉਨ੍ਹਾਂ ਦੇ ਜਜ਼ਬਾਤਾਂ ਨਾਲ ਖੇਡਦੇ ਹਨ। ਸ਼ਾਇਦ ਇਕ ਪਤੀ ਲੋਕਾਂ ਸਾਮ੍ਹਣੇ ਆਪਣੀ ਪਤਨੀ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਦਾ ਦਿਖਾਵਾ ਕਰੇ, ਪਰ ਇਕੱਲਿਆਂ ਵਿਚ ਉਹ ਉਸ ਨਾਲ ਬਦਸਲੂਕੀ ਕਰੇ। ਨਾਲੇ ਜਿਹੜੇ ਪਤੀ ਪੋਰਨੋਗ੍ਰਾਫੀ ਦੇਖਦੇ ਹਨ, ਉਨ੍ਹਾਂ ਦੇ ਵਿਆਹ ਦੇ ਬੰਧਨ ਵਿਚ ਦਰਾੜ ਆ ਜਾਂਦੀ ਹੈ।

3. ਕੁਝ ਪਤੀ ਆਪਣੀਆਂ ਪਤਨੀਆਂ ਨਾਲ ਬੁਰਾ ਸਲੂਕ ਕਿਉਂ ਕਰਦੇ ਹਨ?

3 ਕੁਝ ਪਤੀ ਆਪਣੀਆਂ ਪਤਨੀਆਂ ਨਾਲ ਬੁਰਾ ਸਲੂਕ ਕਿਉਂ ਕਰਦੇ ਹਨ? ਕਿਉਂਕਿ ਸ਼ਾਇਦ ਉਨ੍ਹਾਂ ਨੇ ਦੇਖਿਆ ਹੋਣਾ ਕਿ ਉਨ੍ਹਾਂ ਦੇ ਪਿਤਾ ਆਪਣੀਆਂ ਪਤਨੀਆਂ ਨਾਲ ਬੁਰਾ ਸਲੂਕ ਕਰਦੇ ਸਨ। ਇਸ ਕਰਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਆਪਣੀ ਪਤਨੀ ਨਾਲ ਬਦਸਲੂਕੀ ਕਰਨੀ ਗ਼ਲਤ ਨਹੀਂ ਹੈ। ਕੁਝ ਆਦਮੀਆਂ ਦੀ ਪਰਵਰਿਸ਼ ਅਜਿਹੇ ਸਮਾਜ ਵਿਚ ਹੋਈ ਹੁੰਦੀ ਹੈ ਜਿੱਥੇ ਲੋਕ ਸੋਚਦੇ ਹਨ ਕਿ “ਅਸਲੀ ਮਰਦ” ਉਹੀ ਹੈ ਜੋ ਆਪਣੀ ਪਤਨੀ ʼਤੇ ਰੋਹਬ ਜਮਾਉਂਦਾ ਹੈ। ਹੋਰ ਆਦਮੀਆਂ ਨੂੰ ਗੁੱਸੇ ਵਰਗੀਆਂ ਆਪਣੀਆਂ ਭਾਵਨਾਵਾਂ ʼਤੇ ਕਾਬੂ ਰੱਖਣਾ ਨਹੀਂ ਸਿਖਾਇਆ ਜਾਂਦਾ। ਕੁਝ ਆਦਮੀ ਬਾਕਾਇਦਾ ਪੋਰਨੋਗ੍ਰਾਫੀ ਦੇਖਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਲੱਗ ਸਕਦਾ ਹੈ ਕਿ ਔਰਤਾਂ ਸਿਰਫ਼ ਜਿਸਮ ਦੀ ਭੁੱਖ ਮਿਟਾਉਣ ਵਾਲੀਆਂ ਚੀਜ਼ਾਂ ਹੀ ਹਨ। ਨਾਲੇ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਬਹੁਤ ਸਾਰੇ ਪਤੀਆਂ ਨੇ ਆਪਣੀਆਂ ਪਤਨੀਆਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਕਾਰਨ ਚਾਹੇ ਜੋ ਵੀ ਹੋਵੇ, ਇਕ ਪਤੀ ਦਾ ਆਪਣੀ ਪਤਨੀ ਨਾਲ ਬੁਰਾ ਸਲੂਕ ਕਰਨਾ ਸਰਾਸਰ ਗ਼ਲਤ ਹੈ।

4. ਵਿਆਹੇ ਭਰਾਵਾਂ ਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਿਉਂ?

4 ਵਿਆਹੇ ਭਰਾਵਾਂ ਨੂੰ ਖ਼ਾਸ ਕਰਕੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਔਰਤਾਂ ਬਾਰੇ ਦੁਨੀਆਂ ਦੀ ਗ਼ਲਤ ਸੋਚ ਨਾ ਅਪਣਾਉਣ। a ਕਿਉਂ? ਕਿਉਂਕਿ ਇਨਸਾਨ ਦੀ ਸੋਚ ਦਾ ਅਕਸਰ ਉਸ ਦੇ ਕੰਮਾਂ ʼਤੇ ਅਸਰ ਪੈਂਦਾ ਹੈ। ਪੌਲੁਸ ਰਸੂਲ ਨੇ ਰੋਮ ਦੇ ਚੁਣੇ ਹੋਏ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ‘ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦੇਣ।’ (ਰੋਮੀ. 12:1, 2) ਜਦੋਂ ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਇਹ ਚਿੱਠੀ ਲਿਖੀ ਸੀ, ਤਾਂ ਉਸ ਵੇਲੇ ਮੰਡਲੀ ਨੂੰ ਬਣਿਆ ਕੁਝ ਸਾਲ ਹੋ ਗਏ ਸਨ। ਪਰ ਪੌਲੁਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਮੰਡਲੀ ਦੇ ਕੁਝ ਭਰਾਵਾਂ ʼਤੇ ਹਾਲੇ ਵੀ ਦੁਨੀਆਂ ਦੀ ਸੋਚ ਅਤੇ ਤੌਰ-ਤਰੀਕਿਆਂ ਦਾ ਅਸਰ ਸੀ। ਇਸੇ ਕਰਕੇ ਪੌਲੁਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਸੋਚ ਅਤੇ ਰਵੱਈਏ ਨੂੰ ਬਦਲਣ। ਬਿਨਾਂ ਸ਼ੱਕ, ਇਹ ਸਲਾਹ ਅੱਜ ਮੰਡਲੀ ਦੇ ਵਿਆਹੇ ਭਰਾਵਾਂ ʼਤੇ ਵੀ ਲਾਗੂ ਹੁੰਦੀ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਕੁਝ ਭਰਾਵਾਂ ʼਤੇ ਹਾਲੇ ਵੀ ਦੁਨੀਆਂ ਦੀ ਸੋਚ ਦਾ ਅਸਰ ਹੈ। ਕਈਆਂ ਨੇ ਤਾਂ ਆਪਣੀਆਂ ਪਤਨੀਆਂ ਨਾਲ ਬੁਰਾ ਸਲੂਕ ਵੀ ਕੀਤਾ ਹੈ। b ਤਾਂ ਫਿਰ ਇਕ ਪਤੀ ਨੂੰ ਆਪਣੀ ਪਤਨੀ ਨਾਲ ਕਿੱਦਾਂ ਪੇਸ਼ ਆਉਣਾ ਚਾਹੀਦਾ ਹੈ? ਯਹੋਵਾਹ ਉਸ ਤੋਂ ਕੀ ਚਾਹੁੰਦਾ ਹੈ? ਇਸ ਸਵਾਲ ਦਾ ਜਵਾਬ ਸਾਨੂੰ ਇਸ ਲੇਖ ਦੇ ਮੁੱਖ ਹਵਾਲੇ ਵਿੱਚੋਂ ਮਿਲਦਾ ਹੈ।

5. ਪਹਿਲਾ ਪਤਰਸ 3:7 ਮੁਤਾਬਕ ਇਕ ਪਤੀ ਨੂੰ ਆਪਣੀ ਪਤਨੀ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

5 1 ਪਤਰਸ 3:7 ਪੜ੍ਹੋ। ਯਹੋਵਾਹ ਨੇ ਪਤੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਆਪਣੀਆਂ ਪਤਨੀਆਂ ਦੀ ਇੱਜ਼ਤ ਕਰਨ। ਜਿਹੜਾ ਪਤੀ ਆਪਣੀ ਪਤਨੀ ਦੀ ਇੱਜ਼ਤ ਕਰਦਾ ਹੈ, ਉਹ ਉਸ ਨਾਲ ਪਿਆਰ ਅਤੇ ਕੋਮਲਤਾ ਨਾਲ ਪੇਸ਼ ਆਵੇਗਾ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਇਕ ਪਤੀ ਆਪਣੀ ਪਤਨੀ ਦੀ ਇੱਜ਼ਤ ਕਿੱਦਾਂ ਕਰ ਸਕਦਾ ਹੈ। ਪਰ ਪਹਿਲਾਂ ਆਓ ਆਪਾਂ ਦੇਖੀਏ ਕਿ ਇਕ ਪਤੀ ਨੂੰ ਆਪਣੀ ਪਤਨੀ ਨਾਲ ਕਿਵੇਂ ਪੇਸ਼ ਨਹੀਂ ਆਉਣਾ ਚਾਹੀਦਾ।

ਅਜਿਹਾ ਕੁਝ ਨਾ ਕਰੋ ਜਿਸ ਕਰਕੇ ਤੁਹਾਡੀ ਪਤਨੀ ਦਾ ਨਿਰਾਦਰ ਹੋਵੇ

6. ਯਹੋਵਾਹ ਉਨ੍ਹਾਂ ਆਦਮੀਆਂ ਬਾਰੇ ਕਿੱਦਾਂ ਮਹਿਸੂਸ ਕਰਦਾ ਹੈ ਜੋ ਆਪਣੀਆਂ ਪਤਨੀਆਂ ਨੂੰ ਮਾਰਦੇ-ਕੁੱਟਦੇ ਹਨ? (ਕੁਲੁੱਸੀਆਂ 3:19)

6 ਮਾਰ-ਕੁੱਟ ਨਾ ਕਰੋ। ਯਹੋਵਾਹ ਹਿੰਸਾ ਕਰਨ ਵਾਲਿਆਂ ਨੂੰ ਨਫ਼ਰਤ ਕਰਦਾ ਹੈ। (ਜ਼ਬੂ. 11:5) ਉਸ ਨੂੰ ਇਹ ਹਰਗਿਜ਼ ਬਰਦਾਸ਼ਤ ਨਹੀਂ ਕਿ ਇਕ ਪਤੀ ਆਪਣੀ ਪਤਨੀ ਨਾਲ ਬੁਰਾ ਸਲੂਕ ਕਰੇ। (ਮਲਾ. 2:16; ਕੁਲੁੱਸੀਆਂ 3:19 ਪੜ੍ਹੋ।) ਸਾਡੇ ਮੁੱਖ ਹਵਾਲੇ 1 ਪਤਰਸ 3:7 ਮੁਤਾਬਕ ਜੇ ਇਕ ਪਤੀ ਆਪਣੀ ਪਤਨੀ ਨਾਲ ਸਹੀ ਤਰੀਕੇ ਨਾਲ ਪੇਸ਼ ਨਹੀਂ ਆਵੇਗਾ, ਤਾਂ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਖ਼ਰਾਬ ਹੋ ਜਾਵੇਗਾ। ਇੱਥੋਂ ਤਕ ਕਿ ਸ਼ਾਇਦ ਯਹੋਵਾਹ ਉਸ ਦੀਆਂ ਪ੍ਰਾਰਥਨਾਵਾਂ ਵੀ ਨਾ ਸੁਣੇ।

7. ਅਫ਼ਸੀਆਂ 4:31, 32 ਮੁਤਾਬਕ ਪਤੀਆਂ ਨੂੰ ਕਿਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ? (“ਸ਼ਬਦ ਦਾ ਮਤਲਬ” ਵੀ ਦੇਖੋ।)

7 ਚੁੱਭਵੀਆਂ ਗੱਲਾਂ ਨਾ ਕਹੋ। ਕੁਝ ਪਤੀ ਆਪਣੀਆਂ ਪਤਨੀਆਂ ਨਾਲ ਬਹੁਤ ਗੁੱਸੇ ਵਿਚ ਗੱਲ ਕਰਦੇ ਹਨ ਅਤੇ ਚੁੱਭਵੀਆਂ ਗੱਲਾਂ ਕਹਿੰਦੇ ਹਨ। ਪਰ ਯਹੋਵਾਹ ‘ਗੁੱਸੇ, ਕ੍ਰੋਧ, ਚੀਕ-ਚਿਹਾੜੇ ਅਤੇ ਗਾਲ਼ੀ-ਗਲੋਚ’ c ਤੋਂ ਨਫ਼ਰਤ ਕਰਦਾ ਹੈ। (ਅਫ਼ਸੀਆਂ 4:31, 32 ਪੜ੍ਹੋ।) ਯਹੋਵਾਹ ਧਿਆਨ ਨਾਲ ਸਾਰਾ ਕੁਝ ਸੁਣਦਾ ਹੈ। ਉਸ ਨੂੰ ਇਸ ਗੱਲ ਨਾਲ ਫ਼ਰਕ ਪੈਂਦਾ ਹੈ ਕਿ ਇਕ ਪਤੀ ਆਪਣੀ ਪਤਨੀ ਨਾਲ ਕਿੱਦਾਂ ਗੱਲ ਕਰਦਾ ਹੈ, ਉਦੋਂ ਵੀ ਜਦੋਂ ਉਹ ਆਪਣੀ ਪਤਨੀ ਨਾਲ ਇਕੱਲਾ ਹੁੰਦਾ ਹੈ। ਜਿਹੜਾ ਪਤੀ ਆਪਣੀ ਪਤਨੀ ਨਾਲ ਰੁੱਖੇ ਤਰੀਕੇ ਨਾਲ ਗੱਲ ਕਰਦਾ ਹੈ, ਉਸ ਦਾ ਨਾ ਸਿਰਫ਼ ਵਿਆਹੁਤਾ ਰਿਸ਼ਤਾ, ਸਗੋਂ ਯਹੋਵਾਹ ਨਾਲ ਵੀ ਰਿਸ਼ਤਾ ਖ਼ਰਾਬ ਹੁੰਦਾ ਹੈ।​—ਯਾਕੂ. 1:26.

8. ਪੋਰਨੋਗ੍ਰਾਫੀ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ ਅਤੇ ਕਿਉਂ?

8 ਪੋਰਨੋਗ੍ਰਾਫੀ ਨਾ ਦੇਖੋ। ਪੋਰਨੋਗ੍ਰਾਫੀ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ? ਉਹ ਇਸ ਨਾਲ ਸਖ਼ਤ ਨਫ਼ਰਤ ਕਰਦਾ ਹੈ। ਇਸ ਲਈ ਜਿਹੜਾ ਪਤੀ ਅਸ਼ਲੀਲ ਤਸਵੀਰਾਂ ਦੇਖਦਾ ਹੈ, ਉਸ ਦਾ ਯਹੋਵਾਹ ਨਾਲ ਰਿਸ਼ਤਾ ਖ਼ਰਾਬ ਹੋ ਜਾਂਦਾ ਹੈ ਅਤੇ ਉਹ ਆਪਣੀ ਪਤਨੀ ਦਾ ਨਿਰਾਦਰ ਕਰ ਰਿਹਾ ਹੁੰਦਾ ਹੈ। d ਯਹੋਵਾਹ ਉਮੀਦ ਰੱਖਦਾ ਹੈ ਕਿ ਇਕ ਪਤੀ ਆਪਣੇ ਕੰਮਾਂ ਦੇ ਨਾਲ-ਨਾਲ ਆਪਣੀ ਸੋਚ ਰਾਹੀਂ ਵੀ ਦਿਖਾਵੇ ਕਿ ਉਹ ਆਪਣੀ ਪਤਨੀ ਦਾ ਵਫ਼ਾਦਾਰ ਹੈ। ਯਿਸੂ ਨੇ ਕਿਹਾ ਸੀ ਕਿ ਜਿਹੜਾ ਆਦਮੀ ਇਕ ਔਰਤ ਨੂੰ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ, ਉਹ ਉਸ ਨਾਲ “ਆਪਣੇ ਦਿਲ ਵਿਚ” ਹਰਾਮਕਾਰੀ ਕਰ ਚੁੱਕਾ ਹੈ। e​—ਮੱਤੀ 5:28, 29.

9. ਜੇ ਇਕ ਪਤੀ ਆਪਣੀ ਪਤਨੀ ਨੂੰ ਹਵਸ ਦਾ ਸ਼ਿਕਾਰ ਬਣਾਉਂਦਾ ਹੈ, ਤਾਂ ਯਹੋਵਾਹ ਇਸ ਨਾਲ ਨਫ਼ਰਤ ਕਿਉਂ ਕਰਦਾ ਹੈ?

9 ਪਤਨੀ ਨੂੰ ਆਪਣੀ ਹਵਸ ਦਾ ਸ਼ਿਕਾਰ ਨਾ ਬਣਾਓ। ਕੁਝ ਪਤੀ ਸਰੀਰਕ ਸੰਬੰਧ ਬਣਾਉਂਦਿਆਂ ਆਪਣੀ ਪਤਨੀ ਨੂੰ ਅਜਿਹਾ ਕੁਝ ਕਰਨ ਲਈ ਕਹਿੰਦੇ ਹਨ ਜਿਸ ਕਰਕੇ ਪਤਨੀ ਨੂੰ ਲੱਗਦਾ ਹੈ ਕਿ ਉਸ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਾਂ ਉਸ ਦੀ ਜ਼ਮੀਰ ਉਸ ਨੂੰ ਲਾਹਨਤਾਂ ਪਾਉਂਦੀ ਹੈ। ਯਹੋਵਾਹ ਇੱਦਾਂ ਦੇ ਸੁਆਰਥੀ ਰਵੱਈਏ ਤੋਂ ਨਫ਼ਰਤ ਕਰਦਾ ਹੈ। ਕਿਉਂ? ਕਿਉਂਕਿ ਯਹੋਵਾਹ ਚਾਹੁੰਦਾ ਹੈ ਕਿ ਇਕ ਪਤੀ ਆਪਣੀ ਪਤਨੀ ਨਾਲ ਪਿਆਰ ਕਰੇ ਅਤੇ ਉਸ ਦੀਆਂ ਭਾਵਨਾਵਾਂ ਨੂੰ ਸਮਝੇ। (ਅਫ਼. 5:28, 29) ਪਰ ਜੇ ਇਕ ਮਸੀਹੀ ਪਤੀ ਆਪਣੀ ਪਤਨੀ ਨੂੰ ਹਵਸ ਦਾ ਸ਼ਿਕਾਰ ਬਣਾਉਂਦਾ ਹੈ ਜਾਂ ਉਸ ਨੂੰ ਮਾਰਦਾ-ਕੁੱਟਦਾ ਜਾਂ ਚੁੱਭਵੀਆਂ ਗੱਲਾਂ ਕਹਿੰਦਾ ਹੈ ਜਾਂ ਪੋਰਨੋਗ੍ਰਾਫੀ ਦੇਖਦਾ ਹੈ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ? ਉਹ ਆਪਣੀ ਸੋਚ ਅਤੇ ਕੰਮਾਂ ਨੂੰ ਕਿਵੇਂ ਬਦਲ ਸਕਦਾ ਹੈ?

ਪਤੀ ਆਪਣੇ ਬੁਰੇ ਰਵੱਈਏ ਨੂੰ ਕਿਵੇਂ ਬਦਲ ਸਕਦੇ ਹਨ?

10. ਯਿਸੂ ਦੀ ਮਿਸਾਲ ਤੋਂ ਪਤੀ ਕੀ ਸਿੱਖ ਸਕਦੇ ਹਨ?

10 ਜੇ ਇਕ ਪਤੀ ਆਪਣੀ ਪਤਨੀ ਨਾਲ ਬੁਰਾ ਸਲੂਕ ਕਰਦਾ ਹੈ ਜਾਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ, ਤਾਂ ਉਹ ਆਪਣਾ ਰਵੱਈਆ ਕਿਵੇਂ ਬਦਲ ਸਕਦਾ ਹੈ? ਉਹ ਯਿਸੂ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰ ਸਕਦਾ ਹੈ। ਭਾਵੇਂ ਕਿ ਯਿਸੂ ਵਿਆਹਿਆ ਹੋਇਆ ਨਹੀਂ ਸੀ, ਪਰ ਉਹ ਜਿਸ ਤਰੀਕੇ ਨਾਲ ਆਪਣੇ ਚੇਲਿਆਂ ਨਾਲ ਪੇਸ਼ ਆਇਆ, ਉਸ ਤੋਂ ਪਤੀ ਸਿੱਖ ਸਕਦੇ ਹਨ ਕਿ ਉਨ੍ਹਾਂ ਨੂੰ ਆਪਣੀਆਂ ਪਤਨੀਆਂ ਨਾਲ ਕਿੱਦਾਂ ਪੇਸ਼ ਆਉਣਾ ਚਾਹੀਦਾ ਹੈ। (ਅਫ਼. 5:25) ਆਓ ਆਪਾਂ ਦੇਖੀਏ ਕਿ ਯਿਸੂ ਆਪਣੇ ਰਸੂਲਾਂ ਨਾਲ ਕਿਵੇਂ ਪੇਸ਼ ਆਇਆ ਅਤੇ ਉਨ੍ਹਾਂ ਨਾਲ ਕਿਵੇਂ ਗੱਲ ਕੀਤੀ।

11. ਯਿਸੂ ਆਪਣੇ ਰਸੂਲਾਂ ਨਾਲ ਕਿਵੇਂ ਪੇਸ਼ ਆਉਂਦਾ ਸੀ?

11 ਯਿਸੂ ਆਪਣੇ ਰਸੂਲਾਂ ਨਾਲ ਹਮੇਸ਼ਾ ਪਿਆਰ ਅਤੇ ਆਦਰ ਨਾਲ ਪੇਸ਼ ਆਉਂਦਾ ਸੀ। ਉਹ ਉਨ੍ਹਾਂ ਨਾਲ ਕਦੇ ਵੀ ਰੁੱਖੇ ਤਰੀਕੇ ਨਾਲ ਪੇਸ਼ ਨਹੀਂ ਆਇਆ। ਭਾਵੇਂ ਕਿ ਯਿਸੂ ਉਨ੍ਹਾਂ ਦਾ ਪ੍ਰਭੂ ਅਤੇ ਮਾਲਕ ਸੀ, ਫਿਰ ਵੀ ਉਸ ਨੇ ਕਦੇ ਵੀ ਉਨ੍ਹਾਂ ʼਤੇ ਰੋਹਬ ਨਹੀਂ ਜਮਾਇਆ। ਇਸ ਦੀ ਬਜਾਇ, ਉਸ ਨੇ ਨਿਮਰਤਾ ਨਾਲ ਉਨ੍ਹਾਂ ਦੀ ਸੇਵਾ ਕੀਤੀ। (ਯੂਹੰ. 13:12-17) ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੇਰੇ ਤੋਂ ਸਿੱਖੋ ਕਿਉਂਕਿ ਮੈਂ ਸੁਭਾਅ ਦਾ ਨਰਮ ਅਤੇ ਮਨ ਦਾ ਹਲੀਮ ਹਾਂ ਅਤੇ ਤੁਹਾਨੂੰ ਤਾਜ਼ਗੀ ਮਿਲੇਗੀ।” (ਮੱਤੀ 11:28-30) ਗੌਰ ਕਰੋ ਕਿ ਯਿਸੂ ਸੁਭਾਅ ਦਾ ਨਰਮ ਇਨਸਾਨ ਸੀ। ਨਰਮ ਸੁਭਾਅ ਕਮਜ਼ੋਰੀ ਦੀ ਨਹੀਂ, ਸਗੋਂ ਤਾਕਤ ਦੀ ਨਿਸ਼ਾਨੀ ਹੈ। ਨਰਮ ਸੁਭਾਅ ਦਾ ਵਿਅਕਤੀ ਭੜਕਾਏ ਜਾਣ ਤੇ ਵੀ ਸ਼ਾਂਤ ਰਹਿੰਦਾ ਹੈ ਅਤੇ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿਚ ਰੱਖਦਾ ਹੈ।

12. ਯਿਸੂ ਦੂਜਿਆਂ ਨਾਲ ਕਿੱਦਾਂ ਗੱਲ ਕਰਦਾ ਸੀ?

12 ਯਿਸੂ ਜਿਸ ਤਰੀਕੇ ਨਾਲ ਲੋਕਾਂ ਨਾਲ ਗੱਲ ਕਰਦਾ ਸੀ, ਉਸ ਤੋਂ ਉਨ੍ਹਾਂ ਨੂੰ ਦਿਲਾਸਾ ਅਤੇ ਤਾਜ਼ਗੀ ਮਿਲਦੀ ਸੀ। ਉਸ ਨੇ ਕਦੇ ਵੀ ਆਪਣੇ ਚੇਲਿਆਂ ਨਾਲ ਰੁੱਖੇ ਤਰੀਕੇ ਨਾਲ ਗੱਲ ਨਹੀਂ ਕੀਤੀ। (ਲੂਕਾ 8:47, 48) ਇੱਥੋਂ ਤਕ ਕਿ ਜਦੋਂ ਵਿਰੋਧੀ ਉਸ ਦੀ ਬੇਇੱਜ਼ਤੀ ਕਰਦੇ ਸਨ ਅਤੇ ਉਸ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦੇ ਸਨ, ਉਦੋਂ ਵੀ “ਉਹ ਬਦਲੇ ਵਿਚ ਉਨ੍ਹਾਂ ਦੀ ਬੇਇੱਜ਼ਤੀ ਨਹੀਂ ਕਰਦਾ ਸੀ।” (1 ਪਤ. 2:21-23) ਯਿਸੂ ਨੇ ਕਈ ਵਾਰ ਰੁੱਖੇ ਤਰੀਕੇ ਨਾਲ ਜਵਾਬ ਦੇਣ ਦੀ ਬਜਾਇ ਚੁੱਪ ਰਹਿਣ ਦਾ ਫ਼ੈਸਲਾ ਕੀਤਾ। (ਮੱਤੀ 27:12-14) ਮਸੀਹੀ ਪਤੀਆਂ ਲਈ ਕਿੰਨੀ ਹੀ ਸ਼ਾਨਦਾਰ ਮਿਸਾਲ!

13. ਇਸ ਦਾ ਕੀ ਮਤਲਬ ਹੈ ਕਿ ਇਕ ਪਤੀ “ਆਪਣੀ ਪਤਨੀ ਨਾਲ ਰਹੇਗਾ”? (ਮੱਤੀ 19:4-6) (ਤਸਵੀਰ ਵੀ ਦੇਖੋ।)

13 ਯਿਸੂ ਨੇ ਪਤੀਆਂ ਨੂੰ ਹੁਕਮ ਦਿੱਤਾ ਕਿ ਉਹ ਆਪਣੀਆਂ ਪਤਨੀਆਂ ਦੇ ਵਫ਼ਾਦਾਰ ਰਹਿਣ। ਉਸ ਨੇ ਆਪਣੇ ਪਿਤਾ ਦੇ ਕਹੇ ਸ਼ਬਦ ਦੁਹਰਾਉਂਦੇ ਹੋਏ ਕਿਹਾ ਕਿ ਇਕ ਪਤੀ “ਆਪਣੀ ਪਤਨੀ ਨਾਲ ਰਹੇਗਾ।” (ਮੱਤੀ 19:4-6 ਪੜ੍ਹੋ।) ਇੱਥੇ ਜਿਸ ਯੂਨਾਨੀ ਕਿਰਿਆ ਦਾ ਅਨੁਵਾਦ “ਨਾਲ ਰਹੇਗਾ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ, “ਚਿੰਬੜੇ ਰਹਿਣਾ।” ਇਸ ਦਾ ਮਤਲਬ ਹੈ ਕਿ ਇਕ ਪਤੀ-ਪਤਨੀ ਦਾ ਰਿਸ਼ਤਾ ਇੰਨਾ ਮਜ਼ਬੂਤ ਹੋਣਾ ਚਾਹੀਦਾ ਹੈ ਜਿੱਦਾਂ ਉਹ ਦੋਵੇਂ ਜਣੇ ਇਕ-ਦੂਜੇ ਨਾਲ ਚਿੰਬੜੇ ਹੋਏ ਹੋਣ। ਇਸ ਲਈ ਜੇ ਦੋਹਾਂ ਵਿੱਚੋਂ ਕੋਈ ਇਕ ਜਣਾ ਇੱਦਾਂ ਦਾ ਕੰਮ ਕਰਦਾ ਹੈ ਜਿਸ ਕਰਕੇ ਦੂਸਰੇ ਨੂੰ ਦੁੱਖ ਲੱਗਦਾ ਹੈ, ਤਾਂ ਇਸ ਦਾ ਨਤੀਜਾ ਦੋਹਾਂ ਨੂੰ ਹੀ ਭੁਗਤਣਾ ਪਵੇਗਾ। ਜਿਹੜਾ ਪਤੀ ਆਪਣੀ ਪਤਨੀ ਨੂੰ ਗੂੜ੍ਹਾ ਪਿਆਰ ਕਰਦਾ ਹੈ, ਉਹ ਹਰ ਤਰ੍ਹਾਂ ਦੀ ਪੋਰਨੋਗ੍ਰਾਫੀ ਤੋਂ ਦੂਰ ਰਹੇਗਾ। ਉਹ ਤੁਰੰਤ ਆਪਣੀਆਂ ਅੱਖਾਂ ਨੂੰ “ਵਿਅਰਥ ਚੀਜ਼ਾਂ ਦੇਖਣ ਤੋਂ ਮੋੜ” ਲਵੇਗਾ। (ਜ਼ਬੂ. 119:37) ਅੱਯੂਬ ਵਾਂਗ ਉਹ ਆਪਣੀਆਂ ਅੱਖਾਂ ਨਾਲ ਇਕਰਾਰ ਕਰਦਾ ਹੈ ਕਿ ਉਹ ਕਿਸੇ ਵੀ ਔਰਤ ਨੂੰ ਗ਼ਲਤ ਨਜ਼ਰ ਨਾਲ ਨਹੀਂ ਦੇਖੇਗਾ।​—ਅੱਯੂ. 31:1.

ਇਕ ਵਫ਼ਾਦਾਰ ਪਤੀ ਪੋਰਨੋਗ੍ਰਾਫੀ ਦੇਖਣ ਤੋਂ ਇਨਕਾਰ ਕਰ ਰਿਹਾ ਹੈ (ਪੈਰਾ 13 ਦੇਖੋ) g


14. ਯਹੋਵਾਹ ਅਤੇ ਆਪਣੀ ਪਤਨੀ ਨਾਲ ਰਿਸ਼ਤਾ ਸੁਧਾਰਨ ਲਈ ਇਕ ਪਤੀ ਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ?

14 ਜਿਹੜਾ ਪਤੀ ਆਪਣੀ ਪਤਨੀ ਨੂੰ ਮਾਰਦਾ-ਕੁੱਟਦਾ ਹੈ ਜਾਂ ਚੁੱਭਵੀਆਂ ਗੱਲਾਂ ਕਹਿੰਦਾ ਹੈ, ਉਸ ਨੂੰ ਯਹੋਵਾਹ ਅਤੇ ਆਪਣੀ ਪਤਨੀ ਨਾਲ ਰਿਸ਼ਤਾ ਸੁਧਾਰਨ ਲਈ ਕੁਝ ਕਦਮ ਚੁੱਕਣ ਦੀ ਲੋੜ ਹੈ। ਉਸ ਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ? ਪਹਿਲਾ, ਉਸ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਜੋ ਕਰ ਰਿਹਾ ਹੈ, ਉਹ ਗ਼ਲਤ ਹੈ। ਯਹੋਵਾਹ ਦੀਆਂ ਨਜ਼ਰਾਂ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ। (ਜ਼ਬੂ. 44:21; ਉਪ. 12:14; ਇਬ. 4:13) ਦੂਜਾ, ਉਸ ਨੂੰ ਆਪਣੀ ਪਤਨੀ ਨਾਲ ਬੁਰਾ ਸਲੂਕ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਆਪਣੇ ਰਵੱਈਏ ਨੂੰ ਬਦਲਣਾ ਚਾਹੀਦਾ ਹੈ। (ਕਹਾ. 28:13) ਤੀਜਾ, ਉਸ ਨੂੰ ਯਹੋਵਾਹ ਅਤੇ ਆਪਣੀ ਪਤਨੀ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। (ਰਸੂ. 3:19) ਉਸ ਨੂੰ ਇਹ ਪ੍ਰਾਰਥਨਾ ਵੀ ਕਰਨੀ ਚਾਹੀਦੀ ਹੈ ਕਿ ਯਹੋਵਾਹ ਉਸ ਅੰਦਰ ਬਦਲਣ ਦੀ ਇੱਛਾ ਪੈਦਾ ਕਰੇ ਅਤੇ ਉਸ ਦੀ ਮਦਦ ਕਰੇ ਕਿ ਉਹ ਆਪਣੀ ਗ਼ਲਤ ਸੋਚ, ਬੋਲੀ ਅਤੇ ਕੰਮਾਂ ਨੂੰ ਬਦਲ ਸਕੇ। (ਜ਼ਬੂ. 51:10-12; 2 ਕੁਰਿੰ. 10:5; ਫ਼ਿਲਿ. 2:13) ਚੌਥਾ, ਉਸ ਨੂੰ ਆਪਣੀ ਪ੍ਰਾਰਥਨਾ ਮੁਤਾਬਕ ਕੰਮ ਕਰਨਾ ਚਾਹੀਦਾ ਹੈ। ਉਸ ਨੂੰ ਹਰ ਤਰ੍ਹਾਂ ਦੀ ਹਿੰਸਾ ਅਤੇ ਚੁੱਭਵੀਆਂ ਗੱਲਾਂ ਨਾਲ ਨਫ਼ਰਤ ਕਰਨੀ ਚਾਹੀਦੀ ਹੈ। (ਜ਼ਬੂ. 97:10) ਪੰਜਵਾਂ, ਉਸ ਨੂੰ ਤੁਰੰਤ ਮੰਡਲੀ ਦੇ ਬਜ਼ੁਰਗਾਂ ਤੋਂ ਮਦਦ ਲੈਣੀ ਚਾਹੀਦੀ ਹੈ। (ਯਾਕੂ. 5:14-16) ਛੇਵਾਂ, ਉਸ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਕੀ ਕਰ ਸਕਦਾ ਹੈ ਤਾਂਕਿ ਉਹ ਅੱਗੇ ਚੱਲ ਕੇ ਇਹੋ ਜਿਹਾ ਕੋਈ ਗ਼ਲਤ ਕੰਮ ਨਾ ਦੁਹਰਾਏ। ਜਿਹੜਾ ਪਤੀ ਪੋਰਨੋਗ੍ਰਾਫੀ ਦੇਖਦਾ ਹੈ, ਉਸ ਨੂੰ ਵੀ ਇਹੀ ਕਦਮ ਚੁੱਕਣੇ ਚਾਹੀਦੇ ਹਨ। ਉਹ ਆਪਣੇ ਆਪ ਨੂੰ ਬਦਲਣ ਲਈ ਜੋ ਵੀ ਮਿਹਨਤ ਕਰੇਗਾ, ਯਹੋਵਾਹ ਉਸ ʼਤੇ ਬਰਕਤ ਪਾਵੇਗਾ। (ਜ਼ਬੂ. 37:5) ਪਰ ਇਕ ਪਤੀ ਲਈ ਸਿਰਫ਼ ਉਹ ਕੰਮ ਛੱਡਣੇ ਹੀ ਕਾਫ਼ੀ ਨਹੀਂ ਹਨ ਜਿਸ ਨਾਲ ਉਸ ਦੀ ਪਤਨੀ ਦਾ ਨਿਰਾਦਰ ਹੁੰਦਾ ਹੈ। ਇਸ ਦੇ ਨਾਲ-ਨਾਲ ਉਸ ਨੂੰ ਆਪਣੀ ਪਤਨੀ ਦੀ ਇੱਜ਼ਤ ਕਰਨੀ ਵੀ ਸਿੱਖਣੀ ਪਵੇਗੀ। ਉਹ ਇਹ ਕਿੱਦਾਂ ਕਰ ਸਕਦਾ ਹੈ?

ਪਤੀ ਆਪਣੀ ਪਤਨੀ ਦੀ ਇੱਜ਼ਤ ਕਿਵੇਂ ਕਰ ਸਕਦੇ ਹਨ?

15. ਇਕ ਪਤੀ ਆਪਣੀ ਪਤਨੀ ਲਈ ਪਿਆਰ ਕਿੱਦਾਂ ਜਤਾ ਸਕਦਾ ਹੈ?

15 ਪਿਆਰ ਜਤਾਓ। ਕੁਝ ਵਿਆਹੇ ਭਰਾਵਾਂ ਨੇ ਹਰ ਰੋਜ਼ ਕੁਝ ਅਜਿਹਾ ਕਰਨ ਦੀ ਆਦਤ ਬਣਾਈ ਹੈ ਜਿਸ ਤੋਂ ਪਤਾ ਲੱਗਦਾ ਕਿ ਉਹ ਆਪਣੀਆਂ ਪਤਨੀਆਂ ਨੂੰ ਕਿੰਨਾ ਪਿਆਰ ਕਰਦੇ ਹਨ। (1 ਯੂਹੰ. 3:18) ਇਕ ਪਤੀ ਚਾਹੇ ਤਾਂ ਛੋਟੇ-ਛੋਟੇ ਕੰਮਾਂ ਰਾਹੀਂ ਆਪਣੀ ਪਤਨੀ ਲਈ ਪਿਆਰ ਦਿਖਾ ਸਕਦਾ ਹੈ, ਜਿਵੇਂ ਪਿਆਰ ਨਾਲ ਉਸ ਦਾ ਹੱਥ ਫੜ ਕੇ ਜਾਂ ਉਸ ਨੂੰ ਜੱਫੀ ਪਾ ਕੇ। ਉਹ ਉਸ ਨੂੰ ਮੈਸਿਜ ਕਰ ਸਕਦਾ ਹੈ ਕਿ ‘ਮੈਂ ਤੈਨੂੰ ਯਾਦ ਕਰਦਾ ਸੀ।’ ਜਾਂ ਉਹ ਉਸ ਨੂੰ ਪੁੱਛ ਸਕਦਾ ਹੈ, ‘ਖਾਣਾ ਖਾ ਲਿਆ ਸੀ?’ ਸਮੇਂ-ਸਮੇਂ ʼਤੇ ਉਹ ਇਕ ਕਾਰਡ ʼਤੇ ਕੁਝ ਲਿਖ ਕੇ ਵੀ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦਾ ਹੈ। ਜਦੋਂ ਇਕ ਪਤੀ ਇੱਦਾਂ ਕਰਦਾ ਹੈ, ਤਾਂ ਉਹ ਆਪਣੀ ਪਤਨੀ ਦੀ ਇੱਜ਼ਤ ਕਰਦਾ ਹੈ ਅਤੇ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ।

16. ਇਕ ਪਤੀ ਨੂੰ ਆਪਣੀ ਪਤਨੀ ਦੀ ਤਾਰੀਫ਼ ਕਿਉਂ ਕਰਨੀ ਚਾਹੀਦੀ ਹੈ?

16 ਕਦਰ ਜ਼ਾਹਰ ਕਰੋ। ਜਿਹੜਾ ਪਤੀ ਆਪਣੀ ਪਤਨੀ ਦੀ ਇੱਜ਼ਤ ਕਰਦਾ ਹੈ, ਉਹ ਉਸ ਨੂੰ ਦੱਸਦਾ ਹੈ ਕਿ ਉਹ ਉਸ ਦੀ ਕਦਰ ਕਿਉਂ ਕਰਦਾ ਹੈ ਅਤੇ ਉਸ ਨੂੰ ਵਧੀਆ ਮਹਿਸੂਸ ਕਰਾਉਂਦਾ ਹੈ। ਇੱਦਾਂ ਕਰਨ ਦਾ ਇਕ ਤਰੀਕਾ ਹੈ ਕਿ ਉਸ ਦੀ ਪਤਨੀ ਉਸ ਦਾ ਸਾਥ ਦੇਣ ਲਈ ਜੋ ਵੀ ਕਰਦੀ ਹੈ, ਉਹ ਉਸ ਲਈ ਕਦਰਦਾਨੀ ਦਿਖਾਵੇ। (ਕੁਲੁ. 3:15) ਜਦੋਂ ਪਤੀ ਆਪਣੀ ਪਤਨੀ ਦੀ ਦਿਲੋਂ ਤਾਰੀਫ਼ ਕਰੇਗਾ, ਤਾਂ ਉਸ ਦੀ ਪਤਨੀ ਦਾ ਦਿਲ ਖ਼ੁਸ਼ ਹੋਵੇਗਾ। ਉਸ ਨੂੰ ਅਹਿਸਾਸ ਹੋਵੇਗਾ ਕਿ ਉਸ ਦਾ ਪਤੀ ਉਸ ਨੂੰ ਪਿਆਰ ਕਰਦਾ ਹੈ ਅਤੇ ਉਸ ਦੀ ਇੱਜ਼ਤ ਕਰਦਾ ਹੈ।​—ਕਹਾ. 31:28.

17. ਇਕ ਪਤੀ ਕਿਵੇਂ ਦਿਖਾ ਸਕਦਾ ਹੈ ਕਿ ਉਹ ਆਪਣੀ ਪਤਨੀ ਦੀ ਇੱਜ਼ਤ ਕਰਦਾ ਹੈ?

17 ਪਿਆਰ ਅਤੇ ਇੱਜ਼ਤ ਨਾਲ ਪੇਸ਼ ਆਓ। ਜਿਹੜਾ ਪਤੀ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ, ਉਹ ਉਸ ਨੂੰ ਅਨਮੋਲ ਸਮਝਦਾ ਹੈ। ਉਹ ਮੰਨਦਾ ਹੈ ਕਿ ਉਸ ਦੀ ਪਤਨੀ ਯਹੋਵਾਹ ਤੋਂ ਮਿਲਿਆ ਬੇਸ਼ਕੀਮਤੀ ਤੋਹਫ਼ਾ ਹੈ। (ਕਹਾ. 18:22; 31:10) ਨਤੀਜੇ ਵਜੋਂ, ਉਹ ਉਸ ਨਾਲ ਪਿਆਰ ਨਾਲ ਪੇਸ਼ ਆਉਂਦਾ ਹੈ ਅਤੇ ਉਸ ਦੀ ਇੱਜ਼ਤ ਕਰਦਾ ਹੈ, ਉਦੋਂ ਵੀ ਜਦੋਂ ਉਹ ਸਰੀਰਕ ਸੰਬੰਧ ਬਣਾਉਂਦੇ ਹਨ। ਉਹ ਉਸ ਨੂੰ ਅਜਿਹਾ ਕੁਝ ਵੀ ਕਰਨ ਲਈ ਨਹੀਂ ਕਹੇਗਾ ਜਿਸ ਕਰਕੇ ਪਤਨੀ ਨੂੰ ਚੰਗਾ ਨਾ ਲੱਗੇ ਜਾਂ ਉਸ ਨੂੰ ਲੱਗੇ ਕਿ ਉਸ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਾਂ ਉਸ ਦੀ ਜ਼ਮੀਰ ਉਸ ਨੂੰ ਲਾਹਨਤਾਂ ਪਾਵੇ। f ਪਤੀ ਵੀ ਯਹੋਵਾਹ ਸਾਮ੍ਹਣੇ ਆਪਣੀ ਜ਼ਮੀਰ ਨੂੰ ਸ਼ੁੱਧ ਬਣਾਈ ਰੱਖਣ ਦੀ ਕੋਸ਼ਿਸ਼ ਕਰੇਗਾ।​—ਰਸੂ. 24:16.

18. ਪਤੀਆਂ ਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ? (“ਪਤਨੀ ਦੀ ਇੱਜ਼ਤ ਕਰਨ ਦੇ ਚਾਰ ਸੁਝਾਅ” ਨਾਂ ਦੀ ਡੱਬੀ ਵੀ ਦੇਖੋ।)

18 ਪਤੀਓ, ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਤੁਸੀਂ ਆਪਣੀ ਪਤਨੀ ਦੀ ਇੱਜ਼ਤ ਕਰਨ ਲਈ ਜੋ ਵੀ ਕੋਸ਼ਿਸ਼ਾਂ ਕਰਦੇ ਹੋ, ਯਹੋਵਾਹ ਉਨ੍ਹਾਂ ਨੂੰ ਦੇਖਦਾ ਹੈ ਅਤੇ ਉਨ੍ਹਾਂ ਦੀ ਕਦਰ ਕਰਦਾ ਹੈ। ਪੱਕਾ ਇਰਾਦਾ ਕਰੋ ਕਿ ਤੁਸੀਂ ਇੱਦਾਂ ਦਾ ਕੁਝ ਵੀ ਨਹੀਂ ਕਰੋਗੇ ਜਿਸ ਨਾਲ ਤੁਹਾਡੀ ਪਤਨੀ ਦਾ ਨਿਰਾਦਰ ਹੋਵੇ। ਨਾਲੇ ਤੁਸੀਂ ਉਸ ਨਾਲ ਪਿਆਰ ਤੇ ਇੱਜ਼ਤ ਨਾਲ ਪੇਸ਼ ਆਓਗੇ ਅਤੇ ਉਸ ਨੂੰ ਪਿਆਰ ਜਤਾਓਗੇ। ਇੱਦਾਂ ਕਰ ਕੇ ਤੁਸੀਂ ਦਿਖਾਓਗੇ ਕਿ ਤੁਸੀਂ ਆਪਣੀ ਪਤਨੀ ਨੂੰ ਪਿਆਰ ਕਰਦੇ ਹੋ ਅਤੇ ਉਸ ਦੀ ਕਦਰ ਕਰਦੇ ਹੋ। ਤਾਂ ਫਿਰ ਆਪਣੀ ਪਤਨੀ ਦੀ ਇੱਜ਼ਤ ਕਰੋ। ਇੱਦਾਂ ਕਰ ਕੇ ਤੁਸੀਂ ਪੂਰੀ ਕਾਇਨਾਤ ਦੇ ਮਾਲਕ ਯਹੋਵਾਹ ਨਾਲ ਆਪਣੀ ਦੋਸਤੀ ਬਣਾਈ ਰੱਖ ਸਕੋਗੇ।​—ਜ਼ਬੂ. 25:14.

ਗੀਤ 131 ‘ਜੋ ਰੱਬ ਨੇ ਜੋੜਿਆ ਹੈ’

a ਪਤੀਆਂ ਨੂੰ ਇਹ ਲੇਖ ਪੜ੍ਹ ਕੇ ਜ਼ਰੂਰ ਫ਼ਾਇਦਾ ਹੋਵੇਗਾ: “ਭੈਣਾਂ ਨਾਲ ਉੱਦਾਂ ਪੇਸ਼ ਆਓ ਜਿੱਦਾਂ ਯਹੋਵਾਹ ਆਉਂਦਾ ਹੈ”​—ਪਹਿਰਾਬੁਰਜ ਜਨਵਰੀ 2024.

b ਜੇ ਤੁਸੀਂ ਘਰੇਲੂ ਹਿੰਸਾ ਦੇ ਸ਼ਿਕਾਰ ਹੋਏ ਹੋ, ਤਾਂ ਤੁਹਾਨੂੰ “ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਲਈ ਮਦਦ” ਨਾਂ ਦੇ ਲੇਖ ਤੋਂ ਫ਼ਾਇਦਾ ਹੋ ਸਕਦਾ ਹੈ। ਇਹ ਲੇਖ jw.org/pa ਅਤੇ JW ਲਾਇਬ੍ਰੇਰੀ ʼਤੇ “ਹੋਰ ਵਿਸ਼ੇ” ਭਾਗ ਵਿਚ ਮਿਲੇਗਾ।

c ਸ਼ਬਦ ਦਾ ਮਤਲਬ: “ਗਾਲ਼ੀ-ਗਲੋਚ” ਕਰਨ ਵਿਚ ਉਹ ਗੱਲਾਂ ਕਹਿਣੀਆਂ ਸ਼ਾਮਲ ਹਨ ਜਿਸ ਨਾਲ ਦੂਜੇ ਵਿਅਕਤੀ ਦੀ ਬੇਇੱਜ਼ਤੀ ਹੋਵੇ ਅਤੇ ਉਹ ਖ਼ੁਦ ਨੂੰ ਨਿਕੰਮਾ ਮਹਿਸੂਸ ਕਰੇ। ਇਸ ਵਿਚ ਉਸ ਦੀ ਬੁਰਾਈ ਕਰਨੀ, ਉਸ ਨੂੰ ਦੁੱਖ ਪਹੁੰਚਾਉਣਾ ਜਾਂ ਉਸ ਨੂੰ ਪੁੱਠੇ-ਸਿੱਧੇ ਨਾਵਾਂ ਨਾਲ ਬੁਲਾਉਣਾ ਵੀ ਸ਼ਾਮਲ ਹੈ।

d jw.org/pa ਅਤੇ JW ਲਾਇਬ੍ਰੇਰੀ ʼਤੇ “ਪੋਰਨੋਗ੍ਰਾਫੀ ਕਰਕੇ ਤੁਹਾਡਾ ਵਿਆਹ ਟੁੱਟ ਸਕਦਾ ਹੈ” ਨਾਂ ਦਾ ਲੇਖ ਪੜ੍ਹੋ।

e ਜੇ ਇਕ ਔਰਤ ਦਾ ਪਤੀ ਪੋਰਨੋਗ੍ਰਾਫੀ ਦੇਖਦਾ ਹੈ, ਤਾਂ ਉਸ ਨੂੰ ਇਸ ਲੇਖ ਤੋਂ ਫ਼ਾਇਦਾ ਹੋਵੇਗਾ: “ਤੁਸੀਂ ਉਦੋਂ ਕੀ ਕਰ ਸਕਦੇ ਹੋ ਜਦੋਂ ਤੁਹਾਡਾ ਜੀਵਨ ਸਾਥੀ ਪੋਰਨੋਗ੍ਰਾਫੀ ਦੇਖਦਾ ਹੈ?”​—ਪਹਿਰਾਬੁਰਜ ਅਗਸਤ 2023.

f ਬਾਈਬਲ ਵਿਚ ਸਾਫ਼-ਸਾਫ਼ ਨਹੀਂ ਦੱਸਿਆ ਗਿਆ ਕਿ ਪਤੀ-ਪਤਨੀ ਲਈ ਕਿਹੋ ਜਿਹੇ ਸਰੀਰਕ ਸੰਬੰਧ ਬਣਾਉਣੇ ਸਹੀ ਹਨ ਜਾਂ ਕਿਹੋ ਜਿਹੇ ਗ਼ਲਤ। ਇਸ ਮਾਮਲੇ ਵਿਚ ਹਰ ਮਸੀਹੀ ਜੋੜਾ ਖ਼ੁਦ ਫ਼ੈਸਲਾ ਕਰੇਗਾ। ਪਰ ਪਤੀ-ਪਤਨੀ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਅਜਿਹੇ ਫ਼ੈਸਲੇ ਕਰਨ ਜਿਨ੍ਹਾਂ ਤੋਂ ਪਤਾ ਲੱਗੇ ਕਿ ਉਹ ਯਹੋਵਾਹ ਨੂੰ ਆਦਰ ਦੇਣਾ ਚਾਹੁੰਦੇ ਹਨ, ਇਕ-ਦੂਜੇ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ ਅਤੇ ਆਪਣੀ ਜ਼ਮੀਰ ਸ਼ੁੱਧ ਰੱਖਣੀ ਚਾਹੁੰਦੇ ਹਨ। ਆਮ ਤੌਰ ਤੇ ਇਕ ਜੋੜਾ ਇਸ ਨਿੱਜੀ ਮਾਮਲੇ ਬਾਰੇ ਕਿਸੇ ਨਾਲ ਚਰਚਾ ਨਹੀਂ ਕਰਦਾ।

g ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਨਾਲ ਕੰਮ ਕਰਨ ਵਾਲੇ ਉਸ ਨੂੰ ਮੈਗਜ਼ੀਨ ਵਿੱਚੋਂ ਅਸ਼ਲੀਲ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ।