Skip to content

Skip to table of contents

ਅਧਿਐਨ ਲੇਖ 1

ਗੀਤ 2 ਯਹੋਵਾਹ ਤੇਰਾ ਨਾਮ

ਯਹੋਵਾਹ ਦੀ ਮਹਿਮਾ ਕਰੋ

ਯਹੋਵਾਹ ਦੀ ਮਹਿਮਾ ਕਰੋ

2025 ਲਈ ਬਾਈਬਲ ਦਾ ਹਵਾਲਾ: “ਯਹੋਵਾਹ ਦੇ ਨਾਂ ਦੀ ਮਹਿਮਾ ਕਰੋ ਜਿਸ ਦਾ ਉਹ ਹੱਕਦਾਰ ਹੈ।”​—ਜ਼ਬੂ. 96:8.

ਕੀ ਸਿੱਖਾਂਗੇ?

ਅਸੀਂ ਜਾਣਾਂਗੇ ਕਿ ਅਸੀਂ ਯਹੋਵਾਹ ਨੂੰ ਉਹ ਮਹਿਮਾ ਕਿਵੇਂ ਦੇ ਸਕਦੇ ਹਾਂ ਜਿਸ ਦਾ ਉਹ ਹੱਕਦਾਰ ਹੈ।

1. ਅੱਜ ਜ਼ਿਆਦਾਤਰ ਲੋਕਾਂ ਦਾ ਧਿਆਨ ਕਿਹੜੀ ਗੱਲ ʼਤੇ ਹੈ?

 ਅੱਜ ਜ਼ਿਆਦਾਤਰ ਲੋਕ ਆਪਣੇ ਬਾਰੇ ਹੀ ਸੋਚਦੇ ਹਨ। ਮਿਸਾਲ ਲਈ, ਤੁਸੀਂ ਦੇਖਿਆ ਹੋਣਾ ਕਿ ਕੁਝ ਲੋਕ ਸੋਸ਼ਲ ਮੀਡੀਆ ʼਤੇ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ ਜਾਂ ਇਹ ਦਿਖਾਉਂਦੇ ਹਨ ਕਿ ਉਨ੍ਹਾਂ ਨੇ ਕੀ ਕੁਝ ਹਾਸਲ ਕੀਤਾ ਹੈ। ਬਹੁਤ ਹੀ ਘੱਟ ਲੋਕ ਹਨ ਜੋ ਯਹੋਵਾਹ ਪਰਮੇਸ਼ੁਰ ਦੀ ਮਹਿਮਾ ਕਰਦੇ ਹਨ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਯਹੋਵਾਹ ਦੀ ਮਹਿਮਾ ਕਰਨ ਦਾ ਕੀ ਮਤਲਬ ਹੈ ਅਤੇ ਸਾਨੂੰ ਕਿਉਂ ਉਸ ਦੀ ਮਹਿਮਾ ਕਰਨੀ ਚਾਹੀਦੀ ਹੈ। ਅਸੀਂ ਇਹ ਵੀ ਜਾਣਾਂਗੇ ਕਿ ਅਸੀਂ ਯਹੋਵਾਹ ਨੂੰ ਉਹ ਮਹਿਮਾ ਕਿਵੇਂ ਦੇ ਸਕਦੇ ਹਾਂ ਜਿਸ ਦਾ ਉਹ ਹੱਕਦਾਰ ਹੈ ਅਤੇ ਬਹੁਤ ਜਲਦ ਯਹੋਵਾਹ ਕਿਵੇਂ ਆਪਣੇ ਨਾਂ ਦੀ ਮਹਿਮਾ ਕਰੇਗਾ।

ਯਹੋਵਾਹ ਦੀ ਮਹਿਮਾ ਕਰਨ ਦਾ ਕੀ ਮਤਲਬ ਹੈ?

2. ਯਹੋਵਾਹ ਨੇ ਸੀਨਈ ਪਹਾੜ ʼਤੇ ਆਪਣੀ ਮਹਿਮਾ ਕਿਵੇਂ ਜ਼ਾਹਰ ਕੀਤੀ? (ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਵੀ ਦੇਖੋ।)

2 ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਇਕ ਮਹਾਨ ਪਰਮੇਸ਼ੁਰ ਹੈ। ਜਦੋਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ, ਤਾਂ ਉਸ ਤੋਂ ਕੁਝ ਹੀ ਸਮੇਂ ਬਾਅਦ ਉਸ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਆਪਣੀ ਮਹਿਮਾ ਜ਼ਾਹਰ ਕੀਤੀ। ਜ਼ਰਾ ਕਲਪਨਾ ਕਰੋ, ਲੱਖਾਂ ਹੀ ਇਜ਼ਰਾਈਲੀ ਸੀਨਈ ਪਹਾੜ ਕੋਲ ਖੜ੍ਹੇ ਹਨ। ਉਹ ਆਪਣੇ ਪਰਮੇਸ਼ੁਰ ਦੀ ਗੱਲ ਸੁਣਨ ਲਈ ਬੇਤਾਬ ਹਨ। ਫਿਰ ਇਕ ਕਾਲਾ ਬੱਦਲ ਪਹਾੜ ਨੂੰ ਢਕ ਲੈਂਦਾ ਹੈ। ਅਚਾਨਕ ਇਕ ਜ਼ਬਰਦਸਤ ਭੁਚਾਲ਼ ਆਉਂਦਾ ਹੈ ਤੇ ਪਹਾੜ ਤੋਂ ਇੱਦਾਂ ਦਾ ਧੂੰਆਂ ਉੱਠਣ ਲੱਗਦਾ ਹੈ ਜਿੱਦਾਂ ਕਿਸੇ ਜੁਆਲਾਮੁਖੀ ਤੋਂ ਉੱਠ ਰਿਹਾ ਹੋਵੇ। ਧਰਤੀ ਕੰਬਣ ਲੱਗਦੀ ਹੈ, ਬਿਜਲੀ ਲਿਸ਼ਕਣ ਲੱਗਦੀ ਹੈ ਅਤੇ ਬੱਦਲ ਗਰਜਣ ਲੱਗਦੇ ਹਨ। ਚਾਰੇ ਪਾਸੇ ਨਰਸਿੰਗੇ ਦੀ ਜ਼ੋਰਦਾਰ ਆਵਾਜ਼ ਗੂੰਜਣ ਲੱਗਦੀ ਹੈ। (ਕੂਚ 19:16-18; 24:17; ਜ਼ਬੂ. 68:8) ਯਹੋਵਾਹ ਦੀ ਮਹਿਮਾ ਦਾ ਇਹ ਸ਼ਾਨਦਾਰ ਨਜ਼ਾਰਾ ਦੇਖ ਕੇ ਇਜ਼ਰਾਈਲੀ ਜ਼ਰੂਰ ਹੈਰਾਨ ਰਹਿ ਗਏ ਹੋਣੇ।

ਯਹੋਵਾਹ ਨੇ ਸੀਨਈ ਪਹਾੜ ʼਤੇ ਇਜ਼ਰਾਈਲੀਆਂ ਸਾਮ੍ਹਣੇ ਸ਼ਾਨਦਾਰ ਤਰੀਕੇ ਨਾਲ ਆਪਣੀ ਮਹਿਮਾ ਜ਼ਾਹਰ ਕੀਤੀ (ਪੈਰਾ 2 ਦੇਖੋ)


3. ਅਸੀਂ ਯਹੋਵਾਹ ਦੀ ਮਹਿਮਾ ਕਿਵੇਂ ਕਰ ਸਕਦੇ ਹਾਂ?

3 ਪਰ ਕੀ ਅਸੀਂ ਇਨਸਾਨ ਵੀ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ? ਬਿਲਕੁਲ। ਯਹੋਵਾਹ ਦੀ ਮਹਿਮਾ ਕਰਨ ਦਾ ਇਕ ਤਰੀਕਾ ਹੈ, ਦੂਜਿਆਂ ਨੂੰ ਉਸ ਦੇ ਸ਼ਾਨਦਾਰ ਕੰਮਾਂ ਅਤੇ ਗੁਣਾਂ ਬਾਰੇ ਦੱਸਣਾ। ਜਦੋਂ ਅਸੀਂ ਯਹੋਵਾਹ ਦੀ ਮਦਦ ਨਾਲ ਕੋਈ ਕੰਮ ਚੰਗੀ ਤਰ੍ਹਾਂ ਕਰਦੇ ਹਾਂ ਤੇ ਉਸ ਦਾ ਸਿਹਰਾ ਯਹੋਵਾਹ ਨੂੰ ਦਿੰਦੇ ਹਾਂ, ਉਦੋਂ ਵੀ ਅਸੀਂ ਉਸ ਦੀ ਮਹਿਮਾ ਕਰਦੇ ਹਾਂ। (ਯਸਾ. 26:12) ਇਸ ਮਾਮਲੇ ਵਿਚ ਅਸੀਂ ਰਾਜਾ ਦਾਊਦ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਉਸ ਨੇ ਹਮੇਸ਼ਾ ਯਹੋਵਾਹ ਦੀ ਮਹਿਮਾ ਕੀਤੀ। ਇਕ ਮੌਕੇ ʼਤੇ ਉਸ ਨੇ ਇਜ਼ਰਾਈਲੀਆਂ ਦੀ ਪੂਰੀ ਮੰਡਲੀ ਸਾਮ੍ਹਣੇ ਪ੍ਰਾਰਥਨਾ ਵਿਚ ਕਿਹਾ: “ਹੇ ਯਹੋਵਾਹ, ਮਹਾਨਤਾ, ਤਾਕਤ, ਸੁਹੱਪਣ, ਸ਼ਾਨੋ-ਸ਼ੌਕਤ ਅਤੇ ਪ੍ਰਤਾਪ ਤੇਰਾ ਹੀ ਹੈ ਕਿਉਂਕਿ ਆਕਾਸ਼ ਅਤੇ ਧਰਤੀ ਉੱਤੇ ਸਭ ਕੁਝ ਤੇਰਾ ਹੈ।” ਦਾਊਦ ਦੇ ਪ੍ਰਾਰਥਨਾ ਕਰਨ ਤੋਂ ਬਾਅਦ ‘ਸਾਰੀ ਮੰਡਲੀ ਨੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕੀਤੀ।’​—1 ਇਤਿ. 29:11, 20.

4. ਯਿਸੂ ਨੇ ਯਹੋਵਾਹ ਦੀ ਮਹਿਮਾ ਕਿਵੇਂ ਕੀਤੀ?

4 ਧਰਤੀ ʼਤੇ ਹੁੰਦਿਆਂ ਯਿਸੂ ਨੇ ਹਮੇਸ਼ਾ ਆਪਣੇ ਪਿਤਾ ਦੀ ਮਹਿਮਾ ਕੀਤੀ। ਉਹ ਜਦੋਂ ਵੀ ਕੋਈ ਚਮਤਕਾਰ ਕਰਦਾ ਸੀ, ਤਾਂ ਉਹ ਲੋਕਾਂ ਨੂੰ ਦੱਸਦਾ ਸੀ ਕਿ ਉਸ ਨੇ ਇਹ ਚਮਤਕਾਰ ਯਹੋਵਾਹ ਦੀ ਮਦਦ ਨਾਲ ਕੀਤਾ ਹੈ। (ਮਰ. 5:18-20) ਉਹ ਆਪਣੇ ਪਿਤਾ ਬਾਰੇ ਜਿੱਦਾਂ ਗੱਲ ਕਰਦਾ ਸੀ ਅਤੇ ਲੋਕਾਂ ਨਾਲ ਜਿੱਦਾਂ ਪੇਸ਼ ਆਉਂਦਾ ਸੀ, ਉਸ ਨਾਲ ਵੀ ਉਸ ਨੇ ਯਹੋਵਾਹ ਦੀ ਮਹਿਮਾ ਕੀਤੀ। ਇਕ ਵਾਰ ਯਿਸੂ ਸਭਾ ਘਰ ਵਿਚ ਲੋਕਾਂ ਨੂੰ ਸਿਖਾ ਰਿਹਾ ਸੀ। ਉੱਥੇ ਇਕ ਤੀਵੀਂ ਸੀ ਜਿਸ ਨੂੰ 18 ਸਾਲਾਂ ਤੋਂ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ। ਇਸ ਕਰਕੇ ਉਸ ਦਾ ਕੁੱਬ ਨਿਕਲਿਆ ਹੋਇਆ ਸੀ ਅਤੇ ਉਹ ਸਿੱਧੀ ਖੜ੍ਹੀ ਨਹੀਂ ਹੋ ਸਕਦੀ ਸੀ। ਜ਼ਰਾ ਸੋਚੋ, ਉਹ ਕਿੰਨੀ ਤਕਲੀਫ਼ ਵਿਚ ਹੋਣੀ! ਉਸ ਦੀ ਹਾਲਤ ਦੇਖ ਕੇ ਯਿਸੂ ਨੂੰ ਉਸ ʼਤੇ ਤਰਸ ਆਇਆ। ਉਹ ਉਸ ਕੋਲ ਗਿਆ ਅਤੇ ਉਸ ਨੂੰ ਪਿਆਰ ਨਾਲ ਕਿਹਾ: “ਬੀਬੀ, ਤੂੰ ਆਪਣੀ ਬੀਮਾਰੀ ਤੋਂ ਛੁੱਟ ਗਈ ਹੈਂ।” ਫਿਰ ਉਸ ਨੇ ਆਪਣੇ ਹੱਥ ਤੀਵੀਂ ʼਤੇ ਰੱਖੇ ਤੇ ਉਹ ਉਸੇ ਵੇਲੇ ਸਿੱਧੀ ਖੜ੍ਹੀ ਹੋ ਗਈ। ਉਹ ਤੀਵੀਂ ਯਹੋਵਾਹ ਦੀ ਬਹੁਤ ਸ਼ੁਕਰਗੁਜ਼ਾਰ ਸੀ ਕਿ ਉਹ ਠੀਕ ਹੋ ਗਈ ਹੈ। ਇਸ ਲਈ ਉਹ “ਪਰਮੇਸ਼ੁਰ ਦੀ ਮਹਿਮਾ ਕਰਨ ਲੱਗ ਪਈ।” (ਲੂਕਾ 13:10-13) ਉਸ ਔਰਤ ਵਾਂਗ ਸਾਡੇ ਕੋਲ ਵੀ ਯਹੋਵਾਹ ਦੀ ਮਹਿਮਾ ਕਰਨ ਦੇ ਬਹੁਤ ਸਾਰੇ ਕਾਰਨ ਹਨ।

ਅਸੀਂ ਯਹੋਵਾਹ ਦੀ ਮਹਿਮਾ ਕਿਉਂ ਕਰਦੇ ਹਾਂ?

5. ਸਾਡੇ ਕੋਲ ਯਹੋਵਾਹ ਦਾ ਆਦਰ ਕਰਨ ਦੇ ਕਿਹੜੇ ਕਾਰਨ ਹਨ?

5 ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ ਕਿਉਂਕਿ ਅਸੀਂ ਉਸ ਦਾ ਗਹਿਰਾ ਆਦਰ ਕਰਦੇ ਹਾਂ। ਸਾਡੇ ਕੋਲ ਯਹੋਵਾਹ ਦਾ ਆਦਰ ਕਰਨ ਦੇ ਬਹੁਤ ਸਾਰੇ ਕਾਰਨ ਹਨ। ਯਹੋਵਾਹ ਸਰਬਸ਼ਕਤੀਮਾਨ ਹੈ। ਉਸ ਕੋਲ ਅਸੀਮ ਤਾਕਤ ਹੈ। (ਜ਼ਬੂ. 96:4-7) ਉਹ ਬਹੁਤ ਬੁੱਧੀਮਾਨ ਹੈ। ਉਸ ਦੀਆਂ ਬਣਾਈਆਂ ਚੀਜ਼ਾਂ ਤੋਂ ਉਸ ਦੀ ਬੁੱਧ ਸਾਫ਼ ਝਲਕਦੀ ਹੈ। ਯਹੋਵਾਹ ਨੇ ਹੀ ਸਾਨੂੰ ਜੀਵਨ ਦਿੱਤਾ ਹੈ ਅਤੇ ਜੀਉਂਦੇ ਰਹਿਣ ਲਈ ਹਰ ਚੀਜ਼ ਵੀ ਦਿੱਤੀ ਹੈ। (ਪ੍ਰਕਾ. 4:11) ਯਹੋਵਾਹ ਵਫ਼ਾਦਾਰ ਹੈ। (ਪ੍ਰਕਾ. 15:4) ਉਹ ਹਰ ਕੰਮ ਵਿਚ ਸਫ਼ਲ ਹੁੰਦਾ ਹੈ ਅਤੇ ਹਮੇਸ਼ਾ ਆਪਣੇ ਵਾਅਦੇ ਪੂਰਾ ਕਰਦਾ ਹੈ। (ਯਹੋ. 23:14) ਇਸੇ ਕਰਕੇ ਯਿਰਮਿਯਾਹ ਨਬੀ ਨੇ ਉਸ ਬਾਰੇ ਕਿਹਾ: “ਧਰਤੀ ਦੀਆਂ ਸਾਰੀਆਂ ਬਾਦਸ਼ਾਹੀਆਂ ਵਿਚ ਜਿੰਨੇ ਵੀ ਬੁੱਧੀਮਾਨ ਹਨ, ਉਨ੍ਹਾਂ ਵਿੱਚੋਂ ਇਕ ਵੀ ਤੇਰੇ ਵਰਗਾ ਨਹੀਂ।” (ਯਿਰ. 10:6, 7) ਸੱਚੀਂ, ਸਾਡੇ ਕੋਲ ਆਪਣੇ ਪਿਤਾ ਯਹੋਵਾਹ ਦਾ ਆਦਰ ਕਰਨ ਦੇ ਬਹੁਤ ਸਾਰੇ ਕਾਰਨ ਹਨ। ਪਰ ਅਸੀਂ ਆਪਣੇ ਪਿਤਾ ਯਹੋਵਾਹ ਦਾ ਸਿਰਫ਼ ਆਦਰ ਹੀ ਨਹੀਂ ਕਰਦੇ, ਸਗੋਂ ਉਸ ਨੂੰ ਪਿਆਰ ਵੀ ਕਰਦੇ ਹਾਂ।

6. ਅਸੀਂ ਯਹੋਵਾਹ ਨੂੰ ਪਿਆਰ ਕਿਉਂ ਕਰਦੇ ਹਾਂ?

6 ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ ਕਿਉਂਕਿ ਅਸੀਂ ਉਸ ਨੂੰ ਬਹੁਤ ਪਿਆਰ ਕਰਦੇ ਹਾਂ। ਯਹੋਵਾਹ ਵਿਚ ਅਜਿਹੀਆਂ ਕਈ ਖ਼ੂਬੀਆਂ ਹਨ ਜਿਸ ਕਰਕੇ ਅਸੀਂ ਉਸ ਨੂੰ ਪਿਆਰ ਕਰਦੇ ਹਾਂ। ਉਹ ਰਹਿਮਦਿਲ ਹੈ ਅਤੇ ਬਹੁਤ ਦਿਆਲੂ ਹੈ। (ਜ਼ਬੂ. 103:13; ਯਸਾ. 49:15) ਉਹ ਸਾਡੇ ਨਾਲ ਹਮਦਰਦੀ ਰੱਖਦਾ ਹੈ ਇਸ ਲਈ ਜਦੋਂ ਅਸੀਂ ਦੁਖੀ ਹੁੰਦੇ ਹਾਂ, ਤਾਂ ਉਹ ਵੀ ਦੁਖੀ ਹੁੰਦਾ ਹੈ। (ਜ਼ਕ. 2:8) ਉਸ ਨੇ ਸਾਡੇ ਵੱਲ ਦੋਸਤੀ ਦਾ ਹੱਥ ਵਧਾਇਆ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਜਾਣੀਏ ਤੇ ਉਸ ਦੇ ਨੇੜੇ ਆਈਏ। (ਜ਼ਬੂ. 25:14; ਰਸੂ. 17:27) ਯਹੋਵਾਹ ਨਿਮਰ ਵੀ ਹੈ। ਇਸ ਬਾਰੇ ਬਾਈਬਲ ਕਹਿੰਦੀ ਹੈ: “ਉਹ ਆਕਾਸ਼ ਅਤੇ ਧਰਤੀ ʼਤੇ ਨਿਗਾਹ ਮਾਰਨ ਲਈ ਝੁਕਦਾ ਹੈ, ਉਹ ਮਾਮੂਲੀ ਇਨਸਾਨ ਨੂੰ ਖ਼ਾਕ ਵਿੱਚੋਂ ਚੁੱਕਦਾ ਹੈ।” (ਜ਼ਬੂ. 113:6, 7) ਸਾਡੇ ਕੋਲ ਆਪਣੇ ਪਰਮੇਸ਼ੁਰ ਦੀ ਮਹਿਮਾ ਕਰਨ ਦੇ ਬਹੁਤ ਸਾਰੇ ਕਾਰਨ ਹਨ। ਇਸ ਕਰਕੇ ਅਸੀਂ ਖ਼ੁਦ ਨੂੰ ਉਸ ਦੀ ਮਹਿਮਾ ਕਰਨ ਤੋਂ ਰੋਕ ਹੀ ਨਹੀਂ ਪਾਉਂਦੇ।​—ਜ਼ਬੂ. 86:12.

7. ਸਾਡੇ ਕੋਲ ਕਿਹੜਾ ਖ਼ਾਸ ਮੌਕਾ ਹੈ?

7 ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਉਸ ਬਾਰੇ ਜਾਣੇ। ਅੱਜ ਬਹੁਤ ਸਾਰੇ ਲੋਕ ਯਹੋਵਾਹ ਬਾਰੇ ਸੱਚਾਈ ਨਹੀਂ ਜਾਣਦੇ। ਕਿਉਂ? ਕਿਉਂਕਿ ਸ਼ੈਤਾਨ ਨੇ ਯਹੋਵਾਹ ਬਾਰੇ ਬਹੁਤ ਸਾਰੀਆਂ ਝੂਠੀਆਂ ਗੱਲਾਂ ਫੈਲਾ ਕੇ ਲੋਕਾਂ ਦੇ ਮਨ ਦੀਆਂ ਅੱਖਾਂ ਅੰਨ੍ਹੀਆਂ ਕੀਤੀਆਂ ਹਨ। (2 ਕੁਰਿੰ. 4:4) ਇਸ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਪਰਮੇਸ਼ੁਰ ਹਮੇਸ਼ਾ ਗੁੱਸੇ ਵਿਚ ਹੀ ਰਹਿੰਦਾ ਹੈ। ਉਹ ਇਹ ਵੀ ਸੋਚਦੇ ਹਨ ਕਿ ਪਰਮੇਸ਼ੁਰ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਅਤੇ ਅੱਜ ਦੁਨੀਆਂ ਵਿਚ ਜੋ ਵੀ ਦੁੱਖ-ਤਕਲੀਫ਼ਾਂ ਹਨ, ਉਹ ਸਭ ਉਸੇ ਕਰਕੇ ਹਨ। ਪਰ ਅਸੀਂ ਪਰਮੇਸ਼ੁਰ ਬਾਰੇ ਸੱਚਾਈ ਜਾਣਦੇ ਹਾਂ ਅਤੇ ਅੱਜ ਸਾਡੇ ਕੋਲ ਦੂਸਰਿਆਂ ਨੂੰ ਦੱਸਣ ਦਾ ਇਹ ਖ਼ਾਸ ਮੌਕਾ ਹੈ ਕਿ ਯਹੋਵਾਹ ਅਸਲ ਵਿਚ ਕਿਹੋ ਜਿਹਾ ਪਰਮੇਸ਼ੁਰ ਹੈ ਤਾਂਕਿ ਉਹ ਵੀ ਉਸ ਦੀ ਮਹਿਮਾ ਕਰਨ। (ਯਸਾ. 43:10) ਜ਼ਬੂਰ 96 ਵਿਚ ਦੱਸਿਆ ਗਿਆ ਹੈ ਕਿ ਅਸੀਂ ਕਿਵੇਂ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ। ਆਓ ਆਪਾਂ ਪਰਮੇਸ਼ੁਰ ਦੇ ਲਿਖਵਾਏ ਇਸ ਜ਼ਬੂਰ ਦੀਆਂ ਕੁਝ ਆਇਤਾਂ ʼਤੇ ਚਰਚਾ ਕਰੀਏ। ਇੱਦਾਂ ਕਰਦਿਆਂ ਸੋਚੋ ਕਿ ਤੁਸੀਂ ਪਰਮੇਸ਼ੁਰ ਨੂੰ ਉਹ ਮਹਿਮਾ ਕਿਵੇਂ ਦੇ ਸਕਦੇ ਹੋ ਜਿਸ ਦਾ ਉਹ ਹੱਕਦਾਰ ਹੈ।

ਅਸੀਂ ਯਹੋਵਾਹ ਨੂੰ ਉਹ ਮਹਿਮਾ ਕਿਵੇਂ ਦੇ ਸਕਦੇ ਹਾਂ ਜਿਸ ਦਾ ਉਹ ਹੱਕਦਾਰ ਹੈ?

8. ਕਿਹੜੇ ਇਕ ਤਰੀਕੇ ਰਾਹੀਂ ਅਸੀਂ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ? (ਜ਼ਬੂਰ 96:1-3)

8 ਜ਼ਬੂਰ 96:1-3 ਪੜ੍ਹੋ। ਅਸੀਂ ਯਹੋਵਾਹ ਬਾਰੇ ਜੋ ਕਹਿੰਦੇ ਹਾਂ, ਉਸ ਰਾਹੀਂ ਅਸੀਂ ਉਸ ਦੀ ਮਹਿਮਾ ਕਰ ਸਕਦੇ ਹਾਂ। ਇਨ੍ਹਾਂ ਆਇਤਾਂ ਵਿਚ ਯਹੋਵਾਹ ਦੇ ਲੋਕਾਂ ਨੂੰ ਕਿਹਾ ਗਿਆ ਹੈ: “ਯਹੋਵਾਹ ਲਈ ਗੀਤ ਗਾਓ,” “ਉਸ ਦੇ ਨਾਂ ਦੀ ਮਹਿਮਾ ਕਰੋ,” “ਉਸ ਦੇ ਮੁਕਤੀ ਦੇ ਕੰਮਾਂ ਦੀ ਖ਼ੁਸ਼ ਖ਼ਬਰੀ ਸੁਣਾਓ” ਅਤੇ “ਦੇਸ਼-ਦੇਸ਼ ਦੇ ਲੋਕਾਂ ਵਿਚ ਉਸ ਦੇ ਸ਼ਾਨਦਾਰ ਕੰਮ ਬਿਆਨ ਕਰੋ।” ਅਸੀਂ ਇਨ੍ਹਾਂ ਸਾਰੇ ਤਰੀਕਿਆਂ ਰਾਹੀਂ ਆਪਣੇ ਪਿਤਾ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ। ਵਫ਼ਾਦਾਰ ਯਹੂਦੀਆਂ ਅਤੇ ਪਹਿਲੀ ਸਦੀ ਦੇ ਮਸੀਹੀਆਂ ਨੇ ਦਲੇਰੀ ਨਾਲ ਉਸ ਦੇ ਨਾਂ ਦਾ ਪੱਖ ਲਿਆ। ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ ਅਤੇ ਉਸ ਨੇ ਉਨ੍ਹਾਂ ਲਈ ਕੀ ਕੁਝ ਕੀਤਾ ਹੈ। (ਦਾਨੀ. 3:16-18; ਰਸੂ. 4:29) ਅੱਜ ਅਸੀਂ ਇਹ ਕਿਵੇਂ ਕਰ ਸਕਦੇ ਹਾਂ?

9-10. ਤੁਸੀਂ ਐਂਜਲੀਨਾ ਦੇ ਤਜਰਬੇ ਤੋਂ ਕੀ ਸਿੱਖਿਆ? (ਤਸਵੀਰ ਵੀ ਦੇਖੋ।)

9 ਜ਼ਰਾ ਭੈਣ ਐਂਜਲੀਨਾ a ਦੇ ਤਜਰਬੇ ʼਤੇ ਗੌਰ ਕਰੋ ਜੋ ਅਮਰੀਕਾ ਵਿਚ ਰਹਿੰਦੀ ਹੈ। ਉਹ ਜਿਸ ਕੰਪਨੀ ਵਿਚ ਕੰਮ ਕਰਦੀ ਹੈ, ਉੱਥੇ ਉਸ ਨੇ ਦਲੇਰੀ ਨਾਲ ਦੂਜਿਆਂ ਨੂੰ ਯਹੋਵਾਹ ਬਾਰੇ ਦੱਸਿਆ ਅਤੇ ਉਸ ਦੇ ਨਾਂ ਦਾ ਪੱਖ ਲਿਆ। ਐਂਜਲੀਨਾ ਨੇ ਹਾਲ ਹੀ ਵਿਚ ਉਸ ਕੰਪਨੀ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ। ਇਕ ਦਿਨ ਇਕ ਮੀਟਿੰਗ ਰੱਖੀ ਗਈ ਜਿਸ ਵਿਚ ਉਸ ਨੂੰ ਤੇ ਕੰਪਨੀ ਦੇ ਹੋਰ ਨਵੇਂ ਲੋਕਾਂ ਨੂੰ ਬੁਲਾਇਆ ਗਿਆ। ਸਾਰਿਆਂ ਨੇ ਆਪਣੇ ਬਾਰੇ ਦੱਸਣਾ ਸੀ ਤਾਂਕਿ ਉਹ ਇਕ-ਦੂਜੇ ਨੂੰ ਜਾਣ ਸਕਣ। ਐਂਜਲੀਨਾ ਨੇ ਕੁਝ ਫੋਟੋਆਂ ਦਿਖਾਉਣ ਦੀ ਸੋਚੀ ਤਾਂਕਿ ਉਹ ਦੂਜਿਆਂ ਨੂੰ ਦੱਸ ਸਕੇ ਕਿ ਉਹ ਇਕ ਯਹੋਵਾਹ ਦੀ ਗਵਾਹ ਹੈ ਅਤੇ ਆਪਣੀ ਜ਼ਿੰਦਗੀ ਵਿਚ ਬਹੁਤ ਖ਼ੁਸ਼ ਹੈ। ਪਰ ਉਸ ਤੋਂ ਪਹਿਲਾਂ ਜੋ ਵਿਅਕਤੀ ਆਪਣੇ ਬਾਰੇ ਦੱਸ ਰਿਹਾ ਸੀ, ਉਸ ਨੇ ਕਿਹਾ ਕਿ ਉਸ ਦੀ ਪਰਵਰਿਸ਼ ਇਕ ਗਵਾਹ ਵਜੋਂ ਹੋਈ ਸੀ। ਫਿਰ ਉਹ ਗਵਾਹਾਂ ਬਾਰੇ ਅਤੇ ਉਨ੍ਹਾਂ ਦੇ ਵਿਸ਼ਵਾਸਾਂ ਬਾਰੇ ਬੁਰਾ-ਭਲਾ ਕਹਿਣ ਲੱਗ ਪਿਆ। ਐਂਜਲੀਨਾ ਦੱਸਦੀ ਹੈ: “ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ। ਫਿਰ ਮੈਂ ਸੋਚਿਆ, ‘ਉਹ ਯਹੋਵਾਹ ਬਾਰੇ ਕਿੰਨਾ ਝੂਠ ਬੋਲ ਰਿਹਾ ਹੈ। ਮੈਂ ਚੁੱਪ ਨਹੀਂ ਰਹਿ ਸਕਦੀ। ਮੈਂ ਸਾਰਿਆਂ ਨੂੰ ਦੱਸਣਾ ਕਿ ਯਹੋਵਾਹ ਇਹੋ ਜਿਹਾ ਨਹੀਂ ਹੈ।’”

10 ਜਦੋਂ ਉਸ ਵਿਅਕਤੀ ਨੇ ਆਪਣੀ ਗੱਲ ਖ਼ਤਮ ਕੀਤੀ, ਤਾਂ ਐਂਜਲੀਨਾ ਨੇ ਫਟਾਫਟ ਮਨ ਵਿਚ ਇਕ ਛੋਟੀ ਜਿਹੀ ਪ੍ਰਾਰਥਨਾ ਕੀਤੀ। ਫਿਰ ਉਸ ਨੇ ਬਹੁਤ ਆਰਾਮ ਨਾਲ ਉਸ ਵਿਅਕਤੀ ਨੂੰ ਕਿਹਾ: “ਮੇਰੀ ਪਰਵਰਿਸ਼ ਵੀ ਇਕ ਗਵਾਹ ਦੇ ਤੌਰ ਤੇ ਹੋਈ ਹੈ ਅਤੇ ਮੈਂ ਅੱਜ ਵੀ ਇਕ ਗਵਾਹ ਹਾਂ।” ਕਮਰੇ ਵਿਚ ਤਣਾਅ ਦਾ ਮਾਹੌਲ ਬਣ ਗਿਆ, ਪਰ ਐਂਜਲੀਨਾ ਸ਼ਾਂਤ ਰਹੀ। ਉਸ ਨੇ ਸਾਰਿਆਂ ਨੂੰ ਸੰਮੇਲਨ ਵਗੈਰਾ ਦੀਆਂ ਕੁਝ ਫੋਟੋਆਂ ਦਿਖਾਈਆਂ ਜਿਸ ਵਿਚ ਉਹ ਅਤੇ ਉਸ ਦੇ ਦੋਸਤ ਬਹੁਤ ਖ਼ੁਸ਼ ਨਜ਼ਰ ਆ ਰਹੇ ਸਨ। ਉਸ ਨੇ ਸਮਝ ਤੋਂ ਕੰਮ ਲਿਆ ਅਤੇ ਸਾਰਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਿਆ। (1 ਪਤ. 3:15) ਇਸ ਦਾ ਕੀ ਨਤੀਜਾ ਨਿਕਲਿਆ? ਜਦੋਂ ਤਕ ਐਂਜਲੀਨਾ ਨੇ ਆਪਣੀ ਗੱਲ ਖ਼ਤਮ ਕੀਤੀ, ਉਹ ਵਿਅਕਤੀ ਥੋੜ੍ਹਾ ਸ਼ਾਂਤ ਹੋ ਗਿਆ ਸੀ। ਉਸ ਨੇ ਦੱਸਿਆ ਕਿ ਉਸ ਕੋਲ ਵੀ ਉਸ ਸਮੇਂ ਦੀਆਂ ਮਿੱਠੀਆਂ ਯਾਦਾਂ ਹਨ ਜਦੋਂ ਉਹ ਯਹੋਵਾਹ ਦੇ ਗਵਾਹਾਂ ਨਾਲ ਮਿਲਦਾ-ਜੁਲਦਾ ਸੀ। ਐਂਜਲੀਨਾ ਦੱਸਦੀ ਹੈ: “ਯਹੋਵਾਹ ਨੂੰ ਮਹਿਮਾ ਪਾਉਣ ਦਾ ਪੂਰਾ ਹੱਕ ਹੈ। ਇਸ ਲਈ ਸਾਨੂੰ ਉਸ ਦੇ ਪੱਖ ਵਿਚ ਬੋਲਣਾ ਹੀ ਚਾਹੀਦਾ ਹੈ। ਇਹ ਬਹੁਤ ਵੱਡੇ ਸਨਮਾਨ ਦੀ ਗੱਲ ਹੈ।” ਅੱਜ ਜਦੋਂ ਦੂਜੇ ਯਹੋਵਾਹ ਨੂੰ ਬਦਨਾਮ ਕਰਦੇ ਹਨ, ਤਾਂ ਸਾਡੇ ਕੋਲ ਵੀ ਉਸ ਦੀ ਵਡਿਆਈ ਕਰਨ ਅਤੇ ਉਸ ਦੀ ਮਹਿਮਾ ਕਰਨ ਦਾ ਖ਼ਾਸ ਮੌਕਾ ਹੁੰਦਾ ਹੈ।

ਅਸੀਂ ਆਪਣੀਆਂ ਗੱਲਾਂ ਰਾਹੀਂ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ (ਪੈਰੇ 9-10 ਦੇਖੋ) b


11. ਯਹੋਵਾਹ ਦੇ ਸੇਵਕਾਂ ਨੇ ਹਮੇਸ਼ਾ ਤੋਂ ਹੀ ਜ਼ਬੂਰ 96:8 ਵਿਚ ਦਿੱਤਾ ਅਸੂਲ ਕਿਵੇਂ ਮੰਨਿਆ ਹੈ?

11 ਜ਼ਬੂਰ 96:8 ਪੜ੍ਹੋ। ਅਸੀਂ ਆਪਣੀਆਂ ਚੀਜ਼ਾਂ ਨਾਲ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ। ਯਹੋਵਾਹ ਦੇ ਸੇਵਕਾਂ ਨੇ ਹਮੇਸ਼ਾ ਤੋਂ ਹੀ ਇੱਦਾਂ ਕੀਤਾ ਹੈ। (ਕਹਾ. 3:9) ਮਿਸਾਲ ਲਈ, ਇਜ਼ਰਾਈਲੀਆਂ ਨੇ ਮੰਦਰ ਬਣਾਉਣ ਅਤੇ ਇਸ ਦੀ ਸਾਂਭ-ਸੰਭਾਲ ਕਰਨ ਲਈ ਦਾਨ ਦਿੱਤਾ ਸੀ। (2 ਰਾਜ. 12:4, 5; 1 ਇਤਿ. 29:3-9) ਯਿਸੂ ਦੇ ਕੁਝ ਚੇਲਿਆਂ ਨੇ “ਆਪਣੇ ਪੈਸੇ ਨਾਲ” ਉਸ ਦੀਆਂ ਅਤੇ ਉਸ ਦੇ ਰਸੂਲਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ। (ਲੂਕਾ 8:1-3) ਪਹਿਲੀ ਸਦੀ ਵਿਚ ਵੀ ਜਦੋਂ ਕੁਝ ਮਸੀਹੀ ਕਾਲ਼ ਦੀ ਮਾਰ ਝੱਲ ਰਹੇ ਸਨ, ਤਾਂ ਭੈਣਾਂ-ਭਰਾਵਾਂ ਨੇ ਉਨ੍ਹਾਂ ਨੂੰ ਰਾਹਤ ਦਾ ਸਾਮਾਨ ਭੇਜਿਆ। (ਰਸੂ. 11:27-29) ਅੱਜ ਅਸੀਂ ਵੀ ਆਪਣੀ ਇੱਛਾ ਨਾਲ ਦਾਨ ਦੇ ਕੇ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ।

12. ਜਦੋਂ ਅਸੀਂ ਦਾਨ ਦਿੰਦੇ ਹਾਂ, ਤਾਂ ਯਹੋਵਾਹ ਦੀ ਮਹਿਮਾ ਕਿਵੇਂ ਹੁੰਦੀ ਹੈ? (ਤਸਵੀਰ ਵੀ ਦੇਖੋ।)

12 ਜ਼ਰਾ ਇਕ ਤਜਰਬੇ ʼਤੇ ਗੌਰ ਕਰੋ ਜਿਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਦਾਨ ਦਿੰਦੇ ਹਾਂ, ਤਾਂ ਯਹੋਵਾਹ ਦੀ ਮਹਿਮਾ ਕਿਵੇਂ ਹੁੰਦੀ ਹੈ। 2020 ਵਿਚ ਜ਼ਿਮਬਾਬਵੇ ਵਿਚ ਇਕ ਬਹੁਤ ਵੱਡਾ ਕਾਲ਼ ਪਿਆ ਅਤੇ ਇਹ ਕਾਫ਼ੀ ਲੰਬੇ ਸਮੇਂ ਤਕ ਚੱਲਿਆ। ਇਕ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਖਾਣੇ ਦੀ ਕਮੀ ਹੋਣ ਕਰਕੇ ਲੱਖਾਂ ਹੀ ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਸਨ। ਇਨ੍ਹਾਂ ਵਿੱਚੋਂ ਇਕ ਸਾਡੀ ਭੈਣ ਪ੍ਰਿਸਕਾ ਵੀ ਸੀ। ਭੈਣ ਹਰ ਬੁੱਧਵਾਰ ਅਤੇ ਸ਼ੁੱਕਰਵਾਰ ਪ੍ਰਚਾਰ ʼਤੇ ਜਾਂਦੀ ਸੀ। ਜਦੋਂ ਕਾਲ਼ ਪਿਆ, ਤਾਂ ਉਸ ਦੌਰਾਨ ਵੀ ਭੈਣ ਨੇ ਪ੍ਰਚਾਰ ʼਤੇ ਜਾਣਾ ਨਹੀਂ ਛੱਡਿਆ। ਇੱਥੋਂ ਤਕ ਕਿ ਜਦੋਂ ਫ਼ਸਲ ਬੀਜਣ ਦਾ ਸਮਾਂ ਆਇਆ, ਤਾਂ ਉਸ ਦੌਰਾਨ ਵੀ ਭੈਣ ਪ੍ਰਚਾਰ ʼਤੇ ਜਾਂਦੀ ਰਹੀ। ਜਦੋਂ ਉਸ ਦੇ ਗੁਆਂਢੀ ਦੇਖਦੇ ਸਨ ਕਿ ਉਹ ਖੇਤਾਂ ਵਿਚ ਕੰਮ ਕਰਨ ਦੀ ਬਜਾਇ ਪ੍ਰਚਾਰ ʼਤੇ ਜਾ ਰਹੀ ਹੈ, ਤਾਂ ਉਹ ਉਸ ਨੂੰ ਤਾਅਨੇ ਮਾਰਦੇ ਹੋਏ ਕਹਿੰਦੇ ਸਨ: “ਤੂੰ ਤਾਂ ਭੁੱਖੀ ਮਰੇਂਗੀ।” ਪਰ ਭੈਣ ਨੂੰ ਯਕੀਨ ਸੀ ਕਿ ਯਹੋਵਾਹ ਉਸ ਦਾ ਖ਼ਿਆਲ ਰੱਖੇਗਾ। ਇਸ ਲਈ ਉਹ ਉਨ੍ਹਾਂ ਨੂੰ ਕਹਿੰਦੀ ਸੀ: “ਯਹੋਵਾਹ ਕਦੇ ਆਪਣੇ ਸੇਵਕਾਂ ਨੂੰ ਨਹੀਂ ਛੱਡਦਾ।” ਇਸ ਤੋਂ ਕੁਝ ਹੀ ਸਮੇਂ ਬਾਅਦ ਭੈਣ ਨੂੰ ਸੰਗਠਨ ਵੱਲੋਂ ਰਾਹਤ ਦਾ ਸਾਮਾਨ ਮਿਲਿਆ। ਅਸੀਂ ਜੋ ਦਾਨ ਦਿੰਦੇ ਹਾਂ, ਉਸੇ ਕਰਕੇ ਜ਼ਿਮਬਾਬਵੇ ਵਿਚ ਪ੍ਰਿਸਕਾ ਅਤੇ ਹੋਰ ਭੈਣਾਂ-ਭਰਾਵਾਂ ਤਕ ਜ਼ਰੂਰਤ ਦੀਆਂ ਚੀਜ਼ਾਂ ਪਹੁੰਚਾਈਆਂ ਗਈਆਂ। ਇਹ ਦੇਖ ਕੇ ਭੈਣ ਦੇ ਗੁਆਂਢੀਆਂ ਨੇ ਕਿਹਾ: “ਤੇਰਾ ਰੱਬ ਹਮੇਸ਼ਾ ਤੇਰਾ ਖ਼ਿਆਲ ਰੱਖਦਾ ਹੈ। ਅਸੀਂ ਉਸ ਬਾਰੇ ਹੋਰ ਜਾਣਨਾ ਚਾਹੁੰਦੇ ਹਾਂ।” ਇਸ ਤੋਂ ਬਾਅਦ ਭੈਣ ਦੇ ਸੱਤ ਗੁਆਂਢੀਆਂ ਨੇ ਸਭਾਵਾਂ ਵਿਚ ਆਉਣਾ ਸ਼ੁਰੂ ਕਰ ਦਿੱਤਾ।

ਅਸੀਂ ਆਪਣੀਆਂ ਚੀਜ਼ਾਂ ਰਾਹੀਂ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ (ਪੈਰਾ 12 ਦੇਖੋ) c


13. ਅਸੀਂ ਆਪਣੇ ਚਾਲ-ਚਲਣ ਰਾਹੀਂ ਯਹੋਵਾਹ ਦੀ ਮਹਿਮਾ ਕਿਵੇਂ ਕਰ ਸਕਦੇ ਹਾਂ? (ਜ਼ਬੂਰ 96:9)

13 ਜ਼ਬੂਰ 96:9 ਪੜ੍ਹੋ। ਅਸੀਂ ਆਪਣੇ ਚਾਲ-ਚਲਣ ਰਾਹੀਂ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ। ਜਿਹੜੇ ਪੁਜਾਰੀ ਯਹੋਵਾਹ ਦੇ ਘਰ ਵਿਚ ਸੇਵਾ ਕਰਦੇ ਸਨ, ਉਨ੍ਹਾਂ ਨੂੰ ਹਮੇਸ਼ਾ ਸਾਫ਼-ਸੁਥਰੇ ਰਹਿਣ ਦੀ ਲੋੜ ਹੁੰਦੀ ਸੀ। (ਕੂਚ 40:30-32) ਉਨ੍ਹਾਂ ਵਾਂਗ ਅੱਜ ਸਾਨੂੰ ਵੀ ਸਾਫ਼-ਸੁਥਰੇ ਰਹਿਣਾ ਚਾਹੀਦਾ ਹੈ। ਪਰ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਸਾਡਾ ਚਾਲ-ਚਲਣ ਸ਼ੁੱਧ ਹੋਵੇ। (ਜ਼ਬੂ. 24:3, 4; 1 ਪਤ. 1:15, 16) ਬਾਈਬਲ ਕਹਿੰਦੀ ਹੈ ਕਿ ਸਾਨੂੰ ਆਪਣੇ “ਪੁਰਾਣੇ ਸੁਭਾਅ” ਨੂੰ ਲਾਹ ਕੇ “ਨਵੇਂ ਸੁਭਾਅ” ਨੂੰ ਪਹਿਨਣਾ ਚਾਹੀਦਾ ਹੈ। (ਕੁਲੁ. 3:9, 10) ਇਸ ਦਾ ਮਤਲਬ ਹੈ ਕਿ ਸਾਨੂੰ ਅਜਿਹੀ ਸੋਚ ਅਤੇ ਕੰਮਾਂ ਤੋਂ ਦੂਰ ਰਹਿਣ ਵਿਚ ਪੂਰੀ ਵਾਹ ਲਾਉਣੀ ਚਾਹੀਦੀ ਹੈ ਜੋ ਯਹੋਵਾਹ ਨੂੰ ਪਸੰਦ ਨਹੀਂ। ਨਾਲੇ ਸਾਨੂੰ ਯਹੋਵਾਹ ਦੀ ਰੀਸ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਉਸ ਵਾਂਗ ਸੋਚਣਾ ਚਾਹੀਦਾ ਹੈ ਅਤੇ ਉਸ ਵਰਗੇ ਗੁਣ ਜ਼ਾਹਰ ਕਰਨੇ ਚਾਹੀਦੇ ਹਨ। ਯਹੋਵਾਹ ਦੀ ਮਦਦ ਨਾਲ ਮਾੜੇ ਤੋਂ ਮਾੜੇ ਕੰਮ ਕਰਨ ਵਾਲੇ ਤੇ ਖੂੰਖਾਰ ਲੋਕ ਵੀ ਖ਼ੁਦ ਨੂੰ ਬਦਲ ਸਕਦੇ ਹਨ ਅਤੇ ਨਵੇਂ ਸੁਭਾਅ ਨੂੰ ਪਹਿਨ ਸਕਦੇ ਹਨ।

14. ਤੁਸੀਂ ਜੈਕ ਦੇ ਤਜਰਬੇ ਤੋਂ ਕੀ ਸਿੱਖਿਆ? (ਤਸਵੀਰ ਵੀ ਦੇਖੋ।)

14 ਜ਼ਰਾ ਜੈਕ ਦੇ ਤਜਰਬੇ ʼਤੇ ਧਿਆਨ ਦਿਓ। ਜੈਕ ਇੰਨਾ ਖ਼ਤਰਨਾਕ ਅਤੇ ਖ਼ੂੰਖ਼ਾਰ ਸੀ ਕਿ ਲੋਕ ਉਸ ਨੂੰ ਰਾਖ਼ਸ਼ ਕਹਿੰਦੇ ਸਨ। ਜੈਕ ਨੇ ਇੰਨੇ ਅਪਰਾਧ ਕੀਤੇ ਸਨ ਕਿ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਪਰ ਜਦੋਂ ਜੈਕ ਜੇਲ੍ਹ ਵਿਚ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਸੀ, ਤਾਂ ਇਸ ਦੌਰਾਨ ਉਹ ਇਕ ਭਰਾ ਨਾਲ ਸਟੱਡੀ ਕਰਨ ਲੱਗ ਪਿਆ ਜੋ ਉਸ ਜੇਲ੍ਹ ਵਿਚ ਲੋਕਾਂ ਨੂੰ ਸਿਖਾਉਣ ਲਈ ਆਉਂਦਾ ਹੁੰਦਾ ਸੀ। ਜੈਕ ਨੇ ਬਹੁਤ ਮਾੜੇ ਕੰਮ ਕੀਤੇ ਸਨ, ਪਰ ਉਸ ਨੇ ਆਪਣੇ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ ਦਿੱਤਾ ਅਤੇ ਜਲਦੀ ਹੀ ਬਪਤਿਸਮਾ ਲੈ ਲਿਆ। ਧਿਆਨ ਦਿਓ ਕਿ ਜਿਸ ਦਿਨ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ, ਉਸ ਦਿਨ ਕੀ ਹੋਇਆ। ਜੈਕ ਇੰਨਾ ਬਦਲ ਗਿਆ ਸੀ ਕਿ ਉਸ ਦਿਨ ਜੇਲ੍ਹ ਦੇ ਕੁਝ ਪਹਿਰੇਦਾਰ ਉਸ ਨੂੰ ਅਲਵਿਦਾ ਕਹਿਣ ਆਏ ਅਤੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਜੇਲ੍ਹ ਦੇ ਇਕ ਫ਼ੌਜੀ ਨੇ ਕਿਹਾ, “ਇਸ ਜੇਲ੍ਹ ਵਿਚ ਜੈਕ ਤੋਂ ਭੈੜਾ ਆਦਮੀ ਹੋਰ ਕੋਈ ਨਹੀਂ ਸੀ, ਪਰ ਹੁਣ ਉਸ ਤੋਂ ਚੰਗਾ ਕੋਈ ਨਹੀਂ ਹੈ।” ਜੈਕ ਦੀ ਮੌਤ ਤੋਂ ਇਕ ਹਫ਼ਤੇ ਬਾਅਦ ਜਦੋਂ ਉਹ ਭਰਾ ਜੇਲ੍ਹ ਵਿਚ ਸਭਾ ਚਲਾਉਣ ਆਇਆ, ਤਾਂ ਉਸ ਦੀ ਮੁਲਾਕਾਤ ਇਕ ਅਜਿਹੇ ਕੈਦੀ ਨਾਲ ਹੋਈ ਜੋ ਪਹਿਲੀ ਵਾਰ ਸਭਾ ਵਿਚ ਆਇਆ ਸੀ। ਉਹ ਸਭਾ ਵਿਚ ਕਿਉਂ ਆਇਆ ਸੀ? ਜੈਕ ਨੇ ਖ਼ੁਦ ਨੂੰ ਜਿਸ ਤਰ੍ਹਾਂ ਬਦਲਿਆ ਸੀ, ਉਹ ਦੇਖ ਕੇ ਉਹ ਆਦਮੀ ਬਹੁਤ ਹੈਰਾਨ ਰਹਿ ਗਿਆ ਸੀ। ਇਸ ਕਰਕੇ ਉਹ ਵੀ ਯਹੋਵਾਹ ਬਾਰੇ ਸਿੱਖਣਾ ਚਾਹੁੰਦਾ ਸੀ ਤੇ ਜਾਣਨਾ ਚਾਹੁੰਦਾ ਸੀ ਕਿ ਉਹ ਯਹੋਵਾਹ ਦੀ ਭਗਤੀ ਕਿਵੇਂ ਕਰ ਸਕਦਾ ਹੈ। ਇਸ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਚਾਲ-ਚਲਣ ਰਾਹੀਂ ਆਪਣੇ ਪਿਤਾ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ।​—1 ਪਤ. 2:12.

ਅਸੀਂ ਆਪਣੇ ਚਾਲ-ਚਲਣ ਰਾਹੀਂ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ (ਪੈਰਾ 14 ਦੇਖੋ) d


ਬਹੁਤ ਜਲਦ ਯਹੋਵਾਹ ਆਪਣੇ ਨਾਂ ਦੀ ਮਹਿਮਾ ਕਿਵੇਂ ਕਰੇਗਾ?

15. ਬਹੁਤ ਜਲਦ ਯਹੋਵਾਹ ਆਪਣੇ ਨਾਂ ਦੀ ਮਹਿਮਾ ਕਿਵੇਂ ਕਰੇਗਾ? (ਜ਼ਬੂਰ 96:10-13)

15 ਜ਼ਬੂਰ 96:10-13 ਪੜ੍ਹੋ। ਜ਼ਬੂਰ 96 ਦੀਆਂ ਇਨ੍ਹਾਂ ਆਖ਼ਰੀ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਇਕ ਰਾਜਾ ਹੈ ਜੋ ਬਿਨਾਂ ਕਿਸੇ ਪੱਖਪਾਤ ਦੇ ਨਿਆਂ ਕਰਦਾ ਹੈ। ਬਹੁਤ ਜਲਦ ਯਹੋਵਾਹ ਆਪਣੇ ਨਾਂ ਦੀ ਮਹਿਮਾ ਕਰੇਗਾ। ਕਿਵੇਂ? ਇਕਦਮ ਸਹੀ ਨਿਆਂ ਕਰ ਕੇ। ਜਲਦੀ ਹੀ ਯਹੋਵਾਹ ਮਹਾਂ ਬਾਬਲ ਦਾ ਨਾਸ਼ ਕਰ ਦੇਵੇਗਾ ਕਿਉਂਕਿ ਝੂਠੇ ਧਰਮਾਂ ਨੇ ਉਸ ਦੇ ਪਵਿੱਤਰ ਨਾਂ ʼਤੇ ਕਲੰਕ ਲਾਇਆ ਹੈ। (ਪ੍ਰਕਾ. 17:5, 16; 19:1, 2) ਜਿਹੜੇ ਲੋਕ ਮਹਾਂ ਬਾਬਲ ਦਾ ਨਾਸ਼ ਹੁੰਦਿਆਂ ਦੇਖਣਗੇ, ਉਨ੍ਹਾਂ ਵਿੱਚੋਂ ਸ਼ਾਇਦ ਕੁਝ ਜਣੇ ਯਹੋਵਾਹ ʼਤੇ ਨਿਹਚਾ ਕਰਨ ਲੱਗ ਪੈਣ ਅਤੇ ਸਾਡੇ ਨਾਲ ਮਿਲ ਕੇ ਉਸ ਦੀ ਸੇਵਾ ਕਰਨ ਲੱਗ ਪੈਣ। ਅਖ਼ੀਰ, ਆਰਮਾਗੇਡਨ ਦੇ ਯੁੱਧ ਵਿਚ ਯਹੋਵਾਹ ਪਰਮੇਸ਼ੁਰ ਸ਼ੈਤਾਨ ਦੀ ਇਸ ਦੁਸ਼ਟ ਦੁਨੀਆਂ ਯਾਨੀ ਉਨ੍ਹਾਂ ਸਾਰੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ ਜੋ ਉਸ ਦਾ ਵਿਰੋਧ ਕਰਦੇ ਹਨ ਤੇ ਉਸ ਬਾਰੇ ਝੂਠੀਆਂ ਗੱਲਾਂ ਫੈਲਾਉਂਦੇ ਹਨ। ਪਰ ਜਿਹੜੇ ਲੋਕ ਉਸ ਨੂੰ ਪਿਆਰ ਕਰਦੇ ਹਨ, ਉਸ ਦਾ ਕਹਿਣਾ ਮੰਨਦੇ ਹਨ ਅਤੇ ਖ਼ੁਸ਼ੀ-ਖ਼ੁਸ਼ੀ ਉਸ ਦੀ ਮਹਿਮਾ ਕਰਦੇ ਹਨ, ਉਹ ਉਨ੍ਹਾਂ ਸਾਰਿਆਂ ਨੂੰ ਬਚਾਵੇਗਾ। (ਮਰ. 8:38; 2 ਥੱਸ. 1:6-10) ਮਸੀਹ ਦੇ ਹਜ਼ਾਰ ਸਾਲ ਤੋਂ ਬਾਅਦ ਆਖ਼ਰੀ ਪਰੀਖਿਆ ਹੋਵੇਗੀ। ਇਸ ਪਰੀਖਿਆ ਤੋਂ ਬਾਅਦ ਯਹੋਵਾਹ ਆਪਣੇ ਨਾਂ ਨੂੰ ਪੂਰੀ ਤਰ੍ਹਾਂ ਪਵਿੱਤਰ ਕਰ ਚੁੱਕਾ ਹੋਵੇਗਾ। (ਪ੍ਰਕਾ. 20:7-10) ਉਸ ਸਮੇਂ “ਧਰਤੀ ਯਹੋਵਾਹ ਦੀ ਮਹਿਮਾ ਦੇ ਗਿਆਨ ਨਾਲ ਭਰ ਜਾਵੇਗੀ ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਹੈ।”​—ਹੱਬ. 2:14.

16. ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ? (ਤਸਵੀਰ ਵੀ ਦੇਖੋ।)

16 ਸੋਚੋ ਕਿ ਉਹ ਸਮਾਂ ਕਿਹੋ ਜਿਹਾ ਹੋਵੇਗਾ ਜਦੋਂ ਹਰ ਕੋਈ ਯਹੋਵਾਹ ਦੇ ਨਾਂ ਦੀ ਮਹਿਮਾ ਕਰੇਗਾ ਜਿਸ ਦਾ ਉਹ ਹੱਕਦਾਰ ਹੈ। ਪਰ ਜਦੋਂ ਤਕ ਉਹ ਦਿਨ ਨਹੀਂ ਆ ਜਾਂਦਾ, ਆਓ ਆਪਾਂ ਯਹੋਵਾਹ ਦੀ ਮਹਿਮਾ ਕਰਨ ਦਾ ਇਕ ਵੀ ਮੌਕਾ ਹੱਥੋਂ ਨਾ ਗੁਆਈਏ। ਇਸ ਗੱਲ ʼਤੇ ਸਾਡਾ ਧਿਆਨ ਦਿਵਾਉਣ ਲਈ ਪ੍ਰਬੰਧਕ ਸਭਾ ਨੇ ਸਾਲ 2025 ਲਈ ਜ਼ਬੂਰ 96:8 ਨੂੰ ਬਾਈਬਲ ਦਾ ਹਵਾਲਾ ਚੁਣਿਆ ਹੈ: “ਯਹੋਵਾਹ ਦੇ ਨਾਂ ਦੀ ਮਹਿਮਾ ਕਰੋ ਜਿਸ ਦਾ ਉਹ ਹੱਕਦਾਰ ਹੈ।”

ਅਖ਼ੀਰ ਹਰ ਕੋਈ ਯਹੋਵਾਹ ਦੇ ਨਾਂ ਦੀ ਮਹਿਮਾ ਕਰੇਗਾ ਜਿਸ ਦਾ ਉਹ ਹੱਕਦਾਰ ਹੈ! (ਪੈਰਾ 16 ਦੇਖੋ)

ਗੀਤ 12 ਮਹਾਨ ਪਰਮੇਸ਼ੁਰ ਯਹੋਵਾਹ

a ਕੁਝ ਨਾਂ ਬਦਲੇ ਗਏ ਹਨ।

b ਤਸਵੀਰਾਂ ਬਾਰੇ ਜਾਣਕਾਰੀ: ਐਂਜਲੀਨਾ ਦੇ ਤਜਰਬੇ ਦਾ ਪ੍ਰਦਰਸ਼ਨ।

c ਤਸਵੀਰ ਬਾਰੇ ਜਾਣਕਾਰੀ: ਪ੍ਰਿਸਕਾ ਦੇ ਤਜਰਬੇ ਦਾ ਪ੍ਰਦਰਸ਼ਨ।

d ਤਸਵੀਰ ਬਾਰੇ ਜਾਣਕਾਰੀ: ਜੈਕ ਦੇ ਤਜਰਬੇ ਦਾ ਪ੍ਰਦਰਸ਼ਨ।