Skip to content

Skip to table of contents

ਅਧਿਐਨ ਲੇਖ 5

ਗੀਤ 108 ਰੱਬ ਦਾ ਅਟੱਲ ਪਿਆਰ

ਯਹੋਵਾਹ ਦੇ ਪਿਆਰ ਕਰਕੇ ਮਿਲਣ ਵਾਲੀਆਂ ਬਰਕਤਾਂ

ਯਹੋਵਾਹ ਦੇ ਪਿਆਰ ਕਰਕੇ ਮਿਲਣ ਵਾਲੀਆਂ ਬਰਕਤਾਂ

“ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਦੁਨੀਆਂ ਵਿਚ ਆਇਆ ਸੀ।”​—1 ਤਿਮੋ. 1:15.

ਕੀ ਸਿੱਖਾਂਗੇ?

ਅਸੀਂ ਜਾਣਾਂਗੇ ਕਿ ਰਿਹਾਈ ਦੀ ਕੀਮਤ ਕਰਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ ਅਤੇ ਅਸੀਂ ਯਹੋਵਾਹ ਲਈ ਆਪਣੀ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ।

1. ਯਹੋਵਾਹ ਨੂੰ ਖ਼ੁਸ਼ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?

 ਕਲਪਨਾ ਕਰੋ ਕਿ ਤੁਸੀਂ ਆਪਣੇ ਕਿਸੇ ਪਿਆਰੇ ਨੂੰ ਇਕ ਖ਼ਾਸ ਤੋਹਫ਼ਾ ਦਿੰਦੇ ਹੋ। ਇਹ ਤੋਹਫ਼ਾ ਬਹੁਤ ਸੋਹਣਾ ਹੈ ਅਤੇ ਉਸ ਦੇ ਬਹੁਤ ਕੰਮ ਆਵੇਗਾ। ਪਰ ਜੇ ਉਹ ਇਸ ਨੂੰ ਵਰਤਣ ਦੀ ਬਜਾਇ ਕਿਤੇ ਰੱਖ ਦੇਵੇ ਤੇ ਇਸ ਨੂੰ ਭੁੱਲ ਜਾਵੇ, ਤਾਂ ਤੁਹਾਨੂੰ ਬਹੁਤ ਦੁੱਖ ਲੱਗੇਗਾ। ਦੂਜੇ ਪਾਸੇ, ਜੇ ਉਹ ਤੁਹਾਡਾ ਦਿੱਤਾ ਤੋਹਫ਼ਾ ਵਰਤੇ ਅਤੇ ਸ਼ੁਕਰਗੁਜ਼ਾਰੀ ਦਿਖਾਵੇ, ਤਾਂ ਤੁਹਾਨੂੰ ਜ਼ਰੂਰ ਖ਼ੁਸ਼ੀ ਹੋਵੇਗੀ। ਇਸੇ ਤਰ੍ਹਾਂ ਯਹੋਵਾਹ ਨੇ ਵੀ ਸਾਨੂੰ ਇਕ ਖ਼ਾਸ ਤੋਹਫ਼ਾ ਦਿੱਤਾ ਹੈ। ਉਸ ਨੇ ਸਾਡੀ ਖ਼ਾਤਰ ਆਪਣਾ ਪੁੱਤਰ ਵਾਰ ਦਿੱਤਾ। ਜੇ ਅਸੀਂ ਇਸ ਅਨਮੋਲ ਤੋਹਫ਼ੇ ਲਈ ਅਤੇ ਯਹੋਵਾਹ ਦੇ ਪਿਆਰ ਲਈ ਸ਼ੁਕਰਗੁਜ਼ਾਰੀ ਦਿਖਾਈਏ, ਤਾਂ ਯਹੋਵਾਹ ਨੂੰ ਜ਼ਰੂਰ ਖ਼ੁਸ਼ੀ ਹੋਵੇਗੀ।​—ਯੂਹੰ. 3:16; ਰੋਮੀ. 5:7, 8.

2. ਇਸ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

2 ਪਰ ਸਮੇਂ ਦੇ ਬੀਤਣ ਨਾਲ ਰਿਹਾਈ ਦੀ ਕੀਮਤ ਲਈ ਸਾਡੀ ਸ਼ੁਕਰਗੁਜ਼ਾਰੀ ਘੱਟ ਸਕਦੀ ਹੈ। ਇਹ ਇੱਦਾਂ ਹੋਵੇਗਾ ਜਿੱਦਾਂ ਅਸੀਂ ਯਹੋਵਾਹ ਵੱਲੋਂ ਦਿੱਤੇ ਬੇਸ਼ਕੀਮਤੀ ਤੋਹਫ਼ੇ ਨੂੰ ਕਿਤੇ ਰੱਖ ਦਿੱਤਾ ਹੋਵੇ ਅਤੇ ਉਸ ਨੂੰ ਭੁੱਲ ਗਏ ਹੋਈਏ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਨਾਲ ਇੱਦਾਂ ਹੋਵੇ। ਇਸ ਲਈ ਜ਼ਰੂਰੀ ਹੈ ਕਿ ਯਹੋਵਾਹ ਅਤੇ ਯਿਸੂ ਨੇ ਸਾਡੇ ਲਈ ਜੋ ਕੁਝ ਕੀਤਾ ਹੈ, ਅਸੀਂ ਉਸ ਬਾਰੇ ਸੋਚਦੇ ਰਹੀਏ ਅਤੇ ਉਸ ਲਈ ਸ਼ੁਕਰਗੁਜ਼ਾਰੀ ਦਿਖਾਉਂਦੇ ਰਹੀਏ। ਇਹ ਲੇਖ ਇੱਦਾਂ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ। ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਸਾਨੂੰ ਰਿਹਾਈ ਦੀ ਕੀਮਤ ਕਰਕੇ ਅੱਜ ਅਤੇ ਭਵਿੱਖ ਵਿਚ ਕਿਹੜੀਆਂ ਬਰਕਤਾਂ ਮਿਲਣਗੀਆਂ। ਨਾਲੇ ਅਸੀਂ ਗੌਰ ਕਰਾਂਗੇ ਕਿ ਅਸੀਂ ਖ਼ਾਸ ਕਰਕੇ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਯਹੋਵਾਹ ਦੇ ਪਿਆਰ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ।

ਅੱਜ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

3. ਅੱਜ ਸਾਨੂੰ ਰਿਹਾਈ ਦੀ ਕੀਮਤ ਕਰਕੇ ਕਿਹੜੀ ਇਕ ਬਰਕਤ ਮਿਲਦੀ ਹੈ?

3 ਅੱਜ ਸਾਨੂੰ ਰਿਹਾਈ ਦੀ ਕੀਮਤ ਕਰਕੇ ਬਹੁਤ ਸਾਰੀਆਂ ਬਰਕਤਾਂ ਮਿਲ ਰਹੀਆਂ ਹਨ। ਮਿਸਾਲ ਲਈ, ਰਿਹਾਈ ਦੀ ਕੀਮਤ ਦੇ ਆਧਾਰ ਤੇ ਯਹੋਵਾਹ ਸਾਡੇ ਪਾਪ ਮਾਫ਼ ਕਰਦਾ ਹੈ। ਪਰ ਉਹ ਮਜਬੂਰੀ ਵਿਚ ਸਾਡੇ ਪਾਪ ਮਾਫ਼ ਨਹੀਂ ਕਰਦਾ, ਸਗੋਂ ਉਹ ਦਿਲੋਂ ਸਾਡੇ ਪਾਪ ਮਾਫ਼ ਕਰਨੇ ਚਾਹੁੰਦਾ ਹੈ। ਸ਼ੁਕਰਗੁਜ਼ਾਰੀ ਦਿਖਾਉਂਦੇ ਹੋਏ ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਹੇ ਯਹੋਵਾਹ, ਤੂੰ ਭਲਾ ਹੈਂ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈਂ।”​—ਜ਼ਬੂ. 86:5; 103:3, 10-13.

4. ਯਹੋਵਾਹ ਨੇ ਰਿਹਾਈ ਦੀ ਕੀਮਤ ਕਿਨ੍ਹਾਂ ਲਈ ਦਿੱਤੀ ਹੈ? (ਲੂਕਾ 5:32; 1 ਤਿਮੋਥਿਉਸ 1:15)

4 ਕੁਝ ਜਣਿਆਂ ਨੂੰ ਸ਼ਾਇਦ ਲੱਗੇ ਕਿ ਉਹ ਯਹੋਵਾਹ ਦੀ ਮਾਫ਼ੀ ਦੇ ਲਾਇਕ ਨਹੀਂ ਹਨ। ਇਹ ਸੱਚ ਹੈ ਕਿ ਸਾਡੇ ਵਿੱਚੋਂ ਕੋਈ ਵੀ ਲਾਇਕ ਨਹੀਂ ਹੈ। ਪੌਲੁਸ ਰਸੂਲ ਵੀ ਇਹ ਗੱਲ ਜਾਣਦਾ ਸੀ, ਇਸ ਲਈ ਉਸ ਨੇ ਕਿਹਾ: “ਮੈਂ ਤਾਂ ਰਸੂਲ ਕਹਾਉਣ ਦੇ ਲਾਇਕ ਵੀ ਨਹੀਂ ਹਾਂ।” ਪਰ ਉਸ ਨੇ ਅੱਗੇ ਕਿਹਾ: “ਮੈਂ ਜੋ ਵੀ ਹਾਂ, ਉਹ ਪਰਮੇਸ਼ੁਰ ਦੀ ਅਪਾਰ ਕਿਰਪਾ ਦੇ ਕਾਰਨ ਹੀ ਹਾਂ।” (1 ਕੁਰਿੰ. 15:9, 10) ਜਦੋਂ ਅਸੀਂ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਮਾਫ਼ ਕਰਦਾ ਹੈ। ਕਿਉਂ? ਇਸ ਕਰਕੇ ਨਹੀਂ ਕਿ ਅਸੀਂ ਇਸ ਦੇ ਹੱਕਦਾਰ ਹਾਂ, ਸਗੋਂ ਇਸ ਕਰਕੇ ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ। ਜੇ ਤੁਸੀਂ ਇਹ ਸੋਚ ਕੇ ਨਿਰਾਸ਼ ਹੋ ਜਾਂਦੇ ਹੋ ਕਿ ਤੁਸੀਂ ਯਹੋਵਾਹ ਦੀ ਮਾਫ਼ੀ ਦੇ ਲਾਇਕ ਨਹੀਂ, ਤਾਂ ਤੁਸੀਂ ਕੀ ਕਰ ਸਕਦੇ ਹੋ? ਯਾਦ ਰੱਖੋ ਕਿ ਯਹੋਵਾਹ ਨੇ ਰਿਹਾਈ ਦੀ ਕੀਮਤ ਉਨ੍ਹਾਂ ਲੋਕਾਂ ਲਈ ਨਹੀਂ ਦਿੱਤੀ ਜਿਨ੍ਹਾਂ ਨੇ ਕੋਈ ਪਾਪ ਨਹੀਂ ਕੀਤਾ, ਸਗੋਂ ਉਨ੍ਹਾਂ ਲਈ ਦਿੱਤੀ ਹੈ ਜੋ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਨ।​—ਲੂਕਾ 5:32; 1 ਤਿਮੋਥਿਉਸ 1:15 ਪੜ੍ਹੋ।

5. ਕੀ ਯਹੋਵਾਹ ਤੋਂ ਮਾਫ਼ੀ ਪਾਉਣਾ ਸਾਡਾ ਹੱਕ ਬਣਦਾ ਹੈ? ਸਮਝਾਓ।

5 ਸਾਨੂੰ ਕਿਸੇ ਨੂੰ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਬਹੁਤ ਸਾਲ ਲਾਏ ਹਨ, ਇਸ ਲਈ ਉਸ ਤੋਂ ਮਾਫ਼ੀ ਪਾਉਣਾ ਸਾਡਾ ਹੱਕ ਬਣਦਾ ਹੈ। ਬਿਨਾਂ ਸ਼ੱਕ, ਅਸੀਂ ਉਸ ਦੀ ਸੇਵਾ ਵਿਚ ਜੋ ਵੀ ਕਰਦੇ ਹਾਂ, ਯਹੋਵਾਹ ਉਸ ਦੀ ਕਦਰ ਕਰਦਾ ਹੈ। (ਇਬ. 6:10) ਪਰ ਯਹੋਵਾਹ ਨੇ ਆਪਣੇ ਪੁੱਤਰ ਨੂੰ ਤੋਹਫ਼ੇ ਵਜੋਂ ਦਿੱਤਾ ਹੈ, ਨਾ ਕਿ ਸਾਡੀ ਸੇਵਾ ਦੀ ਮਜ਼ਦੂਰੀ ਵਜੋਂ। ਜੇ ਅਸੀਂ ਇਹ ਸੋਚੀਏ ਕਿ ਅਸੀਂ ਯਹੋਵਾਹ ਲਈ ਜੋ ਕੀਤਾ ਹੈ, ਉਸ ਕਰਕੇ ਯਹੋਵਾਹ ਨੂੰ ਸਾਨੂੰ ਮਾਫ਼ ਕਰਨਾ ਚਾਹੀਦਾ ਹੈ, ਤਾਂ ਇੱਦਾਂ ਸੋਚਣਾ ਗ਼ਲਤ ਹੋਵੇਗਾ। ਇਹ ਇੱਦਾਂ ਹੋਵੇਗਾ ਜਿੱਦਾਂ ਅਸੀਂ ਕਹਿ ਰਹੇ ਹੋਈਏ ਕਿ ਸਾਨੂੰ ਰਿਹਾਈ ਦੀ ਕੀਮਤ ਦੀ ਲੋੜ ਹੀ ਨਹੀਂ ਸੀ।​—ਗਲਾਤੀਆਂ 2:21 ਵਿਚ ਨੁਕਤਾ ਦੇਖੋ।

6. ਪੌਲੁਸ ਨੇ ਪਰਮੇਸ਼ੁਰ ਦੀ ਸੇਵਾ ਵਿਚ ਇੰਨੀ ਸਖ਼ਤ ਮਿਹਨਤ ਕਿਉਂ ਕੀਤੀ?

6 ਪੌਲੁਸ ਜਾਣਦਾ ਸੀ ਕਿ ਉਹ ਯਹੋਵਾਹ ਦੀ ਸੇਵਾ ਵਿਚ ਚਾਹੇ ਜੋ ਮਰਜ਼ੀ ਕਰ ਲਵੇ, ਪਰ ਯਹੋਵਾਹ ਤੋਂ ਮਾਫ਼ੀ ਪਾਉਣ ਦਾ ਹੱਕਦਾਰ ਨਹੀਂ ਬਣ ਸਕਦਾ। ਤਾਂ ਫਿਰ ਉਸ ਨੇ ਯਹੋਵਾਹ ਦੀ ਸੇਵਾ ਵਿਚ ਇੰਨੀ ਜ਼ਿਆਦਾ ਮਿਹਨਤ ਕਿਉਂ ਕੀਤੀ? ਉਸ ਨੇ ਖ਼ੁਦ ਨੂੰ ਮਾਫ਼ੀ ਦੇ ਲਾਇਕ ਸਾਬਤ ਕਰਨ ਲਈ ਨਹੀਂ, ਸਗੋਂ ਯਹੋਵਾਹ ਦੀ ਅਪਾਰ ਕਿਰਪਾ ਲਈ ਸ਼ੁਕਰਗੁਜ਼ਾਰੀ ਦਿਖਾਉਣ ਲਈ ਇੱਦਾਂ ਕੀਤਾ। (ਅਫ਼. 3:7) ਪੌਲੁਸ ਵਾਂਗ ਅਸੀਂ ਵੀ ਪਰਮੇਸ਼ੁਰ ਦੀ ਸੇਵਾ ਜੋਸ਼ ਨਾਲ ਕਰਦੇ ਹਾਂ, ਮਾਫ਼ੀ ਦੇ ਹੱਕਦਾਰ ਬਣਨ ਲਈ ਨਹੀਂ, ਸਗੋਂ ਮਾਫ਼ੀ ਲਈ ਸ਼ੁਕਰਗੁਜ਼ਾਰੀ ਦਿਖਾਉਣ ਲਈ।

7. ਰਿਹਾਈ ਦੀ ਕੀਮਤ ਦੇ ਪ੍ਰਬੰਧ ਕਰਕੇ ਅੱਜ ਸਾਨੂੰ ਇਕ ਹੋਰ ਕਿਹੜੀ ਬਰਕਤ ਮਿਲਦੀ ਹੈ? (ਰੋਮੀਆਂ 5:1; ਯਾਕੂਬ 2:23)

7 ਰਿਹਾਈ ਦੀ ਕੀਮਤ ਦੇ ਪ੍ਰਬੰਧ ਕਰਕੇ ਅੱਜ ਸਾਨੂੰ ਇਕ ਹੋਰ ਬਰਕਤ ਮਿਲਦੀ ਹੈ। ਅਸੀਂ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾ ਸਕਦੇ ਹਾਂ। a ਪਿਛਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਜਨਮ ਵੇਲੇ ਸਾਡੇ ਵਿੱਚੋਂ ਕਿਸੇ ਦਾ ਵੀ ਯਹੋਵਾਹ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ। ਪਰ ਰਿਹਾਈ ਦੀ ਕੀਮਤ ਕਰਕੇ ਅਸੀਂ ਯਹੋਵਾਹ ਨਾਲ “ਸ਼ਾਂਤੀ ਭਰਿਆ ਰਿਸ਼ਤਾ” ਬਣਾ ਸਕਦੇ ਹਾਂ। ਨਤੀਜੇ ਵਜੋਂ, ਅਸੀਂ ਉਸ ਦੇ ਹੋਰ ਨੇੜੇ ਜਾ ਸਕਦੇ ਹਾਂ।​—ਰੋਮੀਆਂ 5:1; ਯਾਕੂਬ 2:23 ਪੜ੍ਹੋ।

8. ਪ੍ਰਾਰਥਨਾ ਕਰਨ ਦੇ ਸਨਮਾਨ ਲਈ ਸਾਨੂੰ ਯਹੋਵਾਹ ਦੇ ਸ਼ੁਕਰਗੁਜ਼ਾਰ ਕਿਉਂ ਹੋਣਾ ਚਾਹੀਦਾ ਹੈ?

8 ਯਹੋਵਾਹ ਨਾਲ ਰਿਸ਼ਤਾ ਹੋਣ ਕਰਕੇ ਸਾਨੂੰ ਪ੍ਰਾਰਥਨਾ ਕਰਨ ਦਾ ਇਕ ਬਹੁਤ ਵੱਡਾ ਸਨਮਾਨ ਮਿਲਿਆ ਹੈ। ਯਹੋਵਾਹ ਸਾਡੀਆਂ ਸਿਰਫ਼ ਉਹੀ ਪ੍ਰਾਰਥਨਾਵਾਂ ਨਹੀਂ ਸੁਣਦਾ ਜੋ ਅਸੀਂ ਦੂਜਿਆਂ ਨਾਲ ਮਿਲ ਕੇ ਕਰਦੇ ਹਾਂ, ਸਗੋਂ ਉਹ ਪ੍ਰਾਰਥਨਾਵਾਂ ਵੀ ਸੁਣਦਾ ਹੈ ਜੋ ਅਸੀਂ ਇਕੱਲਿਆਂ ਵਿਚ ਕਰਦੇ ਹਾਂ। ਪ੍ਰਾਰਥਨਾ ਕਰਨ ਨਾਲ ਸਾਨੂੰ ਸਕੂਨ ਅਤੇ ਮਨ ਦੀ ਸ਼ਾਂਤੀ ਮਿਲਦੀ ਹੈ। ਇੰਨਾ ਹੀ ਨਹੀਂ, ਪ੍ਰਾਰਥਨਾ ਕਰ ਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੁੰਦਾ ਹੈ। (ਜ਼ਬੂ. 65:2; ਯਾਕੂ. 4:8; 1 ਯੂਹੰ. 5:14) ਧਰਤੀ ʼਤੇ ਹੁੰਦਿਆਂ ਯਿਸੂ ਅਕਸਰ ਪ੍ਰਾਰਥਨਾ ਕਰਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਯਹੋਵਾਹ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਪ੍ਰਾਰਥਨਾ ਕਰਨ ਨਾਲ ਉਸ ਦਾ ਆਪਣੇ ਪਿਤਾ ਨਾਲ ਰਿਸ਼ਤਾ ਮਜ਼ਬੂਤ ਬਣਿਆ ਰਹੇਗਾ। (ਲੂਕਾ 5:16) ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਿਸੂ ਦੀ ਕੁਰਬਾਨੀ ਦੇ ਆਧਾਰ ਤੇ ਅੱਜ ਅਸੀਂ ਯਹੋਵਾਹ ਦੇ ਦੋਸਤ ਬਣ ਸਕਦੇ ਹਾਂ। ਇੱਥੋਂ ਤਕ ਕਿ ਪ੍ਰਾਰਥਨਾ ਰਾਹੀਂ ਅਸੀਂ ਉਸ ਨਾਲ ਗੱਲ ਵੀ ਕਰ ਸਕਦੇ ਹਾਂ।

ਭਵਿੱਖ ਵਿਚ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

9. ਵਫ਼ਾਦਾਰ ਸੇਵਕਾਂ ਨੂੰ ਭਵਿੱਖ ਵਿਚ ਕਿਹੜੀ ਬਰਕਤ ਮਿਲੇਗੀ?

9 ਰਿਹਾਈ ਦੀ ਕੀਮਤ ਦੇ ਪ੍ਰਬੰਧ ਕਰਕੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਭਵਿੱਖ ਵਿਚ ਕਿਹੜੀ ਬਰਕਤ ਮਿਲੇਗੀ? ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਪਰ ਕਈਆਂ ਨੂੰ ਸ਼ਾਇਦ ਲੱਗੇ ਕਿ ਹਮੇਸ਼ਾ ਦੀ ਜ਼ਿੰਦਗੀ ਨਾਮੁਮਕਿਨ ਹੈ ਕਿਉਂਕਿ ਇਨਸਾਨ ਤਾਂ ਸ਼ੁਰੂ ਤੋਂ ਹੀ ਮਰਦੇ ਆ ਰਹੇ ਹਨ। ਪਰ ਯਹੋਵਾਹ ਦਾ ਮੁਢਲਾ ਮਕਸਦ ਇਹੀ ਸੀ ਕਿ ਇਨਸਾਨ ਹਮੇਸ਼ਾ ਲਈ ਜੀਉਣ। ਜੇ ਆਦਮ ਨੇ ਪਾਪ ਨਾ ਕੀਤਾ ਹੁੰਦਾ, ਤਾਂ ਅੱਜ ਸਾਰਿਆਂ ਨੇ ਹਮੇਸ਼ਾ ਲਈ ਜੀਉਣਾ ਸੀ ਅਤੇ ਕਿਸੇ ਨੂੰ ਵੀ ਹਮੇਸ਼ਾ ਦੀ ਜ਼ਿੰਦਗੀ ਨਾਮੁਮਕਿਨ ਨਹੀਂ ਲੱਗਣੀ ਸੀ। ਸ਼ਾਇਦ ਅਸੀਂ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਣਾ ਕਿ ਅਸੀਂ ਹਮੇਸ਼ਾ ਲਈ ਜੀ ਸਕਦੇ ਹਾਂ, ਪਰ ਅਸੀਂ ਸੁਪਨੇ ਵਿਚ ਇਹ ਵੀ ਨਹੀਂ ਸੋਚਿਆ ਹੋਣਾ ਕਿ ਇਸ ਨੂੰ ਮੁਮਕਿਨ ਬਣਾਉਣ ਲਈ ਯਹੋਵਾਹ ਆਪਣੇ ਇਕਲੌਤੇ ਪੁੱਤਰ ਨੂੰ ਕੁਰਬਾਨ ਕਰ ਸਕਦਾ ਹੈ। ਜੀ ਹਾਂ, ਯਹੋਵਾਹ ਨੇ ਕੋਈ ਛੋਟੀ-ਮੋਟੀ ਨਹੀਂ, ਸਗੋਂ ਇਕ ਬਹੁਤ ਵੱਡੀ ਕੀਮਤ ਚੁਕਾਈ ਹੈ।​—ਰੋਮੀ. 8:32.

10. ਚੁਣੇ ਹੋਏ ਮਸੀਹੀ ਅਤੇ ਹੋਰ ਭੇਡਾਂ ਦੇ ਲੋਕ ਕਿਸ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ?

10 ਚਾਹੇ ਕਿ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਸਾਨੂੰ ਭਵਿੱਖ ਵਿਚ ਮਿਲੇਗਾ, ਪਰ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਹੁਣ ਤੋਂ ਹੀ ਇਸ ਬਾਰੇ ਸੋਚੀਏ। ਚੁਣੇ ਹੋਏ ਮਸੀਹੀ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਜਦੋਂ ਉਹ ਸਵਰਗ ਵਿਚ ਮਸੀਹ ਨਾਲ ਮਿਲ ਕੇ ਧਰਤੀ ʼਤੇ ਰਾਜ ਕਰਨਗੇ। (ਪ੍ਰਕਾ. 20:6) ਹੋਰ ਭੇਡਾਂ ਦੇ ਲੋਕ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ ਜਦੋਂ ਉਹ ਬਿਨਾਂ ਕਿਸੇ ਦੁੱਖ-ਦਰਦ ਦੇ ਧਰਤੀ ʼਤੇ ਹਮੇਸ਼ਾ ਲਈ ਜੀਉਣਗੇ। (ਪ੍ਰਕਾ. 21:3, 4) ਕੀ ਤੁਹਾਡੇ ਕੋਲ ਵੀ ਧਰਤੀ ʼਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਹੈ? ਜੇ ਹਾਂ, ਤਾਂ ਇੱਦਾਂ ਨਾ ਸੋਚੋ ਕਿ ਧਰਤੀ ʼਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਸਵਰਗੀ ਉਮੀਦ ਨਾਲੋਂ ਘੱਟ ਹੈ। ਦੇਖਿਆ ਜਾਵੇ, ਤਾਂ ਯਹੋਵਾਹ ਨੇ ਇਨਸਾਨਾਂ ਨੂੰ ਧਰਤੀ ʼਤੇ ਹੀ ਹਮੇਸ਼ਾ ਲਈ ਜੀਉਣ ਲਈ ਬਣਾਇਆ ਸੀ। ਸੱਚ-ਮੁੱਚ, ਧਰਤੀ ʼਤੇ ਸਾਡੀ ਜ਼ਿੰਦਗੀ ਕਿੰਨੀ ਹੀ ਖ਼ੁਸ਼ੀਆਂ ਭਰੀ ਹੋਵੇਗੀ!

11-12. ਤੁਸੀਂ ਨਵੀਂ ਦੁਨੀਆਂ ਵਿਚ ਕਿਹੜੀਆਂ ਕੁਝ ਬਰਕਤਾਂ ਦਾ ਆਨੰਦ ਮਾਣਨ ਦਾ ਇੰਤਜ਼ਾਰ ਕਰ ਰਹੇ ਹੋ? (ਤਸਵੀਰਾਂ ਵੀ ਦੇਖੋ।)

11 ਕਲਪਨਾ ਕਰੋ ਕਿ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿੰਨੀ ਲਾਜਵਾਬ ਹੋਵੇਗੀ! ਤੁਸੀਂ ਕਦੇ ਬੀਮਾਰ ਨਹੀਂ ਹੋਵੋਗੇ ਤੇ ਨਾ ਹੀ ਕਿਸੇ ਦੀ ਮੌਤ ਹੋਵੇਗੀ। (ਯਸਾ. 25:8; 33:24) ਯਹੋਵਾਹ ਤੁਹਾਡੀ ਹਰ ਜਾਇਜ਼ ਇੱਛਾ ਪੂਰੀ ਕਰੇਗਾ। ਤੁਸੀਂ ਨਵੀਂ ਦੁਨੀਆਂ ਵਿਚ ਕੀ ਕਰਨਾ ਚਾਹੋਗੇ? ਕਿਹੜੇ ਹੁਨਰ ਸਿੱਖਣੇ ਚਾਹੋਗੇ? ਕੀ ਤੁਸੀਂ ਵਿਗਿਆਨ, ਜਾਨਵਰਾਂ ਜਾਂ ਪੰਛੀਆਂ ਬਾਰੇ ਹੋਰ ਸਿੱਖਣਾ ਚਾਹੋਗੇ? ਸੰਗੀਤ ਜਾਂ ਕੋਈ ਸਾਜ਼ ਵਜਾਉਣਾ ਸਿੱਖਣਾ ਚਾਹੋਗੇ? ਜਾਂ ਫਿਰ ਕੋਈ ਹੋਰ ਕਲਾ ਸਿੱਖਣੀ ਚਾਹੋਗੇ? ਨਵੀਂ ਦੁਨੀਆਂ ਵਿਚ ਅਜਿਹੇ ਲੋਕਾਂ ਦੀ ਵੀ ਲੋੜ ਪਵੇਗੀ ਜਿਨ੍ਹਾਂ ਨੂੰ ਔਜ਼ਾਰ ਬਣਾਉਣੇ, ਨਕਸ਼ੇ ਬਣਾਉਣੇ ਅਤੇ ਇਮਾਰਤਾਂ ਬਣਾਉਣੀਆਂ ਆਉਂਦੀਆਂ ਹੋਣ। ਇਸ ਤੋਂ ਇਲਾਵਾ, ਬਾਗ਼ਬਾਨੀ ਕਰਨ, ਖੇਤੀਬਾੜੀ ਕਰਨ ਅਤੇ ਖਾਣਾ ਬਣਾਉਣ ਵਾਲਿਆਂ ਦੀ ਵੀ ਲੋੜ ਪਵੇਗੀ। (ਯਸਾ. 35:1; 65:21) ਨਵੀਂ ਦੁਨੀਆਂ ਵਿਚ ਤੁਹਾਡੇ ਕੋਲ ਸਮਾਂ ਹੀ ਸਮਾਂ ਹੋਵੇਗਾ, ਇਸ ਲਈ ਤੁਸੀਂ ਜਿੰਨੇ ਚਾਹੋ, ਉੱਨੇ ਹੁਨਰ ਸਿੱਖ ਸਕੋਗੇ।

12 ਸੋਚੋ ਕਿ ਉਹ ਸਮਾਂ ਕਿੰਨਾ ਹੀ ਖ਼ੁਸ਼ੀਆਂ ਭਰਿਆ ਹੋਵੇਗਾ ਜਦੋਂ ਅਸੀਂ ਆਪਣੇ ਮਰ ਚੁੱਕੇ ਅਜ਼ੀਜ਼ਾਂ ਦਾ ਸੁਆਗਤ ਕਰਾਂਗੇ। (ਰਸੂ. 24:15) ਉਦੋਂ ਅਸੀਂ ਸ੍ਰਿਸ਼ਟੀ ਤੋਂ ਯਹੋਵਾਹ ਬਾਰੇ ਕਿੰਨਾ ਕੁਝ ਸਿੱਖਾਂਗੇ। (ਜ਼ਬੂ. 104:24; ਯਸਾ. 11:9) ਨਾਲੇ ਜਦੋਂ ਅਸੀਂ ਮੁਕੰਮਲ ਹੋ ਜਾਵਾਂਗੇ ਅਤੇ ਕਦੇ ਦੋਸ਼ੀ ਮਹਿਸੂਸ ਨਹੀਂ ਕਰਾਂਗੇ, ਉਦੋਂ ਯਹੋਵਾਹ ਦੀ ਭਗਤੀ ਕਰ ਕੇ ਸਾਨੂੰ ਕਿੰਨੀ ਖ਼ੁਸ਼ੀ ਮਿਲੇਗੀ। ਤਾਂ ਫਿਰ ਕੀ ਤੁਸੀਂ “ਥੋੜ੍ਹੇ ਚਿਰ ਲਈ ਪਾਪ ਦਾ ਮਜ਼ਾ” ਲੈਣ ਲਈ ਇਨ੍ਹਾਂ ਬਰਕਤਾਂ ਨੂੰ ਦਾਅ ʼਤੇ ਲਾ ਦਿਓਗੇ? (ਇਬ. 11:25) ਬਿਲਕੁਲ ਵੀ ਨਹੀਂ! ਇਨ੍ਹਾਂ ਬਰਕਤਾਂ ਸਾਮ੍ਹਣੇ ਉਹ ਕੁਰਬਾਨੀਆਂ ਕੁਝ ਵੀ ਨਹੀਂ ਹਨ ਜੋ ਅਸੀਂ ਅੱਜ ਕਰ ਰਹੇ ਹਾਂ। ਯਾਦ ਰੱਖੋ, ਅਸੀਂ ਨਵੀਂ ਦੁਨੀਆਂ ਦਾ ਹਮੇਸ਼ਾ ਹੀ ਇੰਤਜ਼ਾਰ ਨਹੀਂ ਕਰਦੇ ਰਹਾਂਗੇ। ਇਹ ਇਕ ਦਿਨ ਜ਼ਰੂਰ ਆਵੇਗੀ। ਪਰ ਜੇ ਯਹੋਵਾਹ ਸਾਡੇ ਲਈ ਆਪਣੇ ਪੁੱਤਰ ਦੀ ਕੁਰਬਾਨੀ ਨਾ ਦਿੰਦਾ, ਤਾਂ ਇਹ ਕੁਝ ਵੀ ਮੁਮਕਿਨ ਨਹੀਂ ਹੋਣਾ ਸੀ।

ਤੁਸੀਂ ਨਵੀਂ ਦੁਨੀਆਂ ਵਿਚ ਮਿਲਣ ਵਾਲੀਆਂ ਕਿਹੜੀਆਂ ਬਰਕਤਾਂ ਮਿਲਣ ਦਾ ਇੰਤਜ਼ਾਰ ਕਰ ਰਹੇ ਹੋ? (ਪੈਰੇ 11-12 ਦੇਖੋ)


ਯਹੋਵਾਹ ਦੇ ਪਿਆਰ ਲਈ ਸ਼ੁਕਰਗੁਜ਼ਾਰੀ ਦਿਖਾਓ

13. ਅਸੀਂ ਯਹੋਵਾਹ ਦੇ ਪਿਆਰ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ? (2 ਕੁਰਿੰਥੀਆਂ 6:1)

13 ਅਸੀਂ ਰਿਹਾਈ ਦੀ ਕੀਮਤ ਦੇ ਪ੍ਰਬੰਧ ਲਈ ਯਹੋਵਾਹ ਨੂੰ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ? ਆਪਣੀ ਜ਼ਿੰਦਗੀ ਵਿਚ ਉਸ ਦੇ ਕੰਮਾਂ ਨੂੰ ਪਹਿਲ ਦੇ ਕੇ। (ਮੱਤੀ 6:33) ਯਿਸੂ ਇਸ ਲਈ ਮਰਿਆ “ਤਾਂਕਿ ਜਿਹੜੇ ਜੀ ਰਹੇ ਹਨ, ਉਹ ਅੱਗੇ ਤੋਂ ਆਪਣੇ ਲਈ ਨਹੀਂ, ਸਗੋਂ ਉਸ ਲਈ ਜੀਉਣ ਜੋ ਉਨ੍ਹਾਂ ਦੀ ਖ਼ਾਤਰ ਮਰਿਆ ਅਤੇ ਦੁਬਾਰਾ ਜੀਉਂਦਾ ਕੀਤਾ ਗਿਆ।” (2 ਕੁਰਿੰ. 5:15) ਯਹੋਵਾਹ ਨੇ ਹਮੇਸ਼ਾ ਸਾਨੂੰ ਪਿਆਰ ਦਿਖਾਇਆ ਹੈ ਅਤੇ ਸਾਨੂੰ ਮਾਫ਼ ਕੀਤਾ ਹੈ। ਉਸ ਦੀ ਸੇਵਾ ਵਿਚ ਪੂਰੀ ਵਾਹ ਲਾ ਕੇ ਅਸੀਂ ਜ਼ਾਹਰ ਕਰ ਸਕਦੇ ਹਾਂ ਕਿ ਅਸੀਂ ਉਸ ਦੀ ਅਪਾਰ ਕਿਰਪਾ ਦਾ ਮਕਸਦ ਨਹੀਂ ਭੁੱਲੇ ਅਤੇ ਅਸੀਂ ਉਸ ਦੇ ਦਿਲੋਂ ਸ਼ੁਕਰਗੁਜ਼ਾਰ ਹਾਂ।​—2 ਕੁਰਿੰਥੀਆਂ 6:1 ਪੜ੍ਹੋ।

14. ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਸਾਨੂੰ ਯਹੋਵਾਹ ʼਤੇ ਨਿਹਚਾ ਹੈ?

14 ਅਸੀਂ ਇਕ ਹੋਰ ਤਰੀਕੇ ਰਾਹੀਂ ਯਹੋਵਾਹ ਦੇ ਪਿਆਰ ਲਈ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ। ਯਹੋਵਾਹ ʼਤੇ ਨਿਹਚਾ ਕਰ ਕੇ ਅਤੇ ਉਸ ਦੀ ਸੇਧ ʼਤੇ ਚੱਲ ਕੇ। ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ, ਜਿਵੇਂ ਇਹ ਫ਼ੈਸਲਾ ਕਰਦਿਆਂ ਕਿ ਅਸੀਂ ਕਿੰਨੀ ਪੜ੍ਹਾਈ ਕਰਾਂਗੇ ਜਾਂ ਕਿਹੜੀ ਨੌਕਰੀ ਚੁਣਾਂਗੇ। (1 ਕੁਰਿੰ. 10:31; 2 ਕੁਰਿੰ. 5:7) ਜਦੋਂ ਅਸੀਂ ਯਹੋਵਾਹ ʼਤੇ ਨਿਹਚਾ ਕਰ ਕੇ ਫ਼ੈਸਲੇ ਲੈਂਦੇ ਹਾਂ, ਤਾਂ ਯਹੋਵਾਹ ʼਤੇ ਸਾਡੀ ਨਿਹਚਾ ਅਤੇ ਉਸ ਨਾਲ ਸਾਡੀ ਦੋਸਤੀ ਹੋਰ ਵੀ ਗੂੜ੍ਹੀ ਹੁੰਦੀ ਹੈ। ਨਾਲੇ ਹਮੇਸ਼ਾ ਦੀ ਜ਼ਿੰਦਗੀ ਦੀ ਸਾਡੀ ਉਮੀਦ ਹੋਰ ਵੀ ਪੱਕੀ ਹੁੰਦੀ ਹੈ।​—ਰੋਮੀ. 5:3-5; ਯਾਕੂ. 2:21, 22.

15. ਮੈਮੋਰੀਅਲ ਦੇ ਮਹੀਨਿਆਂ ਦੌਰਾਨ ਅਸੀਂ ਆਪਣੀ ਸ਼ੁਕਰਗੁਜ਼ਾਰੀ ਕਿਵੇਂ ਜ਼ਾਹਰ ਕਰ ਸਕਦੇ ਹਾਂ?

15 ਮੈਮੋਰੀਅਲ ਦੇ ਮਹੀਨਿਆਂ ਦੌਰਾਨ ਆਪਣੇ ਸਮੇਂ ਦਾ ਵਧੀਆ ਇਸਤੇਮਾਲ ਕਰ ਕੇ ਵੀ ਅਸੀਂ ਯਹੋਵਾਹ ਦੇ ਪਿਆਰ ਲਈ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ। ਅਸੀਂ ਖ਼ੁਦ ਮੈਮੋਰੀਅਲ ʼਤੇ ਹਾਜ਼ਰ ਹੋਣ ਦੇ ਨਾਲ-ਨਾਲ ਦੂਜਿਆਂ ਨੂੰ ਵੀ ਹਾਜ਼ਰ ਹੋਣ ਦਾ ਸੱਦਾ ਦੇ ਸਕਦੇ ਹਾਂ। (1 ਤਿਮੋ. 2:4) ਜਿਨ੍ਹਾਂ ਨੂੰ ਤੁਸੀਂ ਸੱਦਾ ਦਿੰਦੇ ਹੋ, ਉਨ੍ਹਾਂ ਨੂੰ ਸਮਝਾਓ ਕਿ ਮੈਮੋਰੀਅਲ ਵਿਚ ਕੀ ਕੁਝ ਹੋਵੇਗਾ। ਜੇ ਤੁਸੀਂ ਚਾਹੋ, ਤਾਂ ਤੁਸੀਂ jw.org/pa ਤੋਂ ਯਿਸੂ ਕਿਉਂ ਮਰਿਆ? ਅਤੇ ਯਿਸੂ ਦੀ ਮੌਤ ਦੀ ਯਾਦਗਾਰ ਵੀਡੀਓ ਵੀ ਦਿਖਾ ਸਕਦੇ ਹੋ। ਬਜ਼ੁਰਗਾਂ ਨੂੰ ਇਸ ਮੌਕੇ ਤੇ ਸੱਚਾਈ ਵਿਚ ਠੰਢੇ ਪੈ ਚੁੱਕੇ ਲੋਕਾਂ ਨੂੰ ਵੀ ਬੁਲਾਉਣਾ ਚਾਹੀਦਾ ਹੈ। ਜ਼ਰਾ ਸੋਚੋ ਕਿ ਜੇ ਯਹੋਵਾਹ ਦੀ ਕੋਈ ਗੁਆਚੀ ਹੋਈ ਭੇਡ ਝੁੰਡ ਵਿਚ ਵਾਪਸ ਆ ਜਾਵੇ, ਤਾਂ ਸਵਰਗ ਅਤੇ ਧਰਤੀ ʼਤੇ ਕਿੰਨੀਆਂ ਖ਼ੁਸ਼ੀਆਂ ਮਨਾਈਆਂ ਜਾਣਗੀਆਂ। (ਲੂਕਾ 15:4-7) ਆਓ ਆਪਾਂ ਠਾਣ ਲਈਏ ਕਿ ਅਸੀਂ ਮੈਮੋਰੀਅਲ ʼਤੇ ਸਿਰਫ਼ ਇਕ-ਦੂਸਰੇ ਨੂੰ ਮਿਲਣ ਦੀ ਬਜਾਇ ਨਵੇਂ ਲੋਕਾਂ ਅਤੇ ਕਾਫ਼ੀ ਸਮੇਂ ਬਾਅਦ ਆਉਣ ਵਾਲਿਆਂ ਨੂੰ ਵੀ ਮਿਲਾਂਗੇ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਉੱਥੇ ਆ ਕੇ ਓਪਰਾ ਮਹਿਸੂਸ ਨਾ ਹੋਵੇ।​—ਰੋਮੀ. 12:13.

16. ਮੈਮੋਰੀਅਲ ਦੇ ਮਹੀਨਿਆਂ ਦੌਰਾਨ ਤੁਹਾਨੂੰ ਹੋਰ ਵੀ ਵਧ-ਚੜ੍ਹ ਕੇ ਪ੍ਰਚਾਰ ਕਰਨ ਬਾਰੇ ਕਿਉਂ ਸੋਚਣਾ ਚਾਹੀਦਾ ਹੈ?

16 ਕੀ ਤੁਸੀਂ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਹੋਰ ਵੀ ਵਧ-ਚੜ੍ਹ ਕੇ ਪ੍ਰਚਾਰ ਕਰ ਸਕਦੇ ਹੋ? ਇੱਦਾਂ ਕਰ ਕੇ ਤੁਸੀਂ ਜ਼ਾਹਰ ਕਰ ਸਕਦੇ ਹੋ ਕਿ ਯਹੋਵਾਹ ਤੇ ਯਿਸੂ ਨੇ ਤੁਹਾਡੇ ਲਈ ਜੋ ਕੁਝ ਕੀਤਾ ਹੈ, ਤੁਸੀਂ ਉਸ ਲਈ ਸ਼ੁਕਰਗੁਜ਼ਾਰ ਹੋ। ਤੁਸੀਂ ਜਿੰਨਾ ਜ਼ਿਆਦਾ ਪ੍ਰਚਾਰ ਕਰੋਗੇ, ਉੱਨਾ ਜ਼ਿਆਦਾ ਤੁਸੀਂ ਦੇਖੋਗੇ ਕਿ ਯਹੋਵਾਹ ਤੁਹਾਡੀ ਮਦਦ ਕਰ ਰਿਹਾ ਹੈ ਅਤੇ ਉਸ ਉੱਤੇ ਤੁਹਾਡਾ ਭਰੋਸਾ ਹੋਰ ਵਧੇਗਾ। (1 ਕੁਰਿੰ. 3:9) ਇਸ ਤੋਂ ਇਲਾਵਾ, ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਅਤੇ ਸਭਾ ਪੁਸਤਿਕਾ ਵਿਚ ਦਿੱਤੀਆਂ ਮੈਮੋਰੀਅਲ ਨਾਲ ਜੁੜੀਆਂ ਆਇਤਾਂ ਪੜ੍ਹੋ। ਜੇ ਤੁਸੀਂ ਚਾਹੋ, ਤਾਂ ਨਿੱਜੀ ਅਧਿਐਨ ਵਿਚ ਤੁਸੀਂ ਇਨ੍ਹਾਂ ਆਇਤਾਂ ਬਾਰੇ ਹੋਰ ਖੋਜਬੀਨ ਕਰ ਸਕਦੇ ਹੋ।

17. ਯਹੋਵਾਹ ਨੂੰ ਕਿਸ ਗੱਲ ਤੋਂ ਖ਼ੁਸ਼ੀ ਹੁੰਦੀ ਹੈ? (“ ਯਹੋਵਾਹ ਦੇ ਪਿਆਰ ਲਈ ਸ਼ੁਕਰਗੁਜ਼ਾਰੀ ਦਿਖਾਉਣ ਦੇ ਤਰੀਕੇ” ਨਾਂ ਦੀ ਡੱਬੀ ਵੀ ਦੇਖੋ।)

17 ਆਪਣੇ ਹਾਲਾਤਾਂ ਕਰਕੇ ਸ਼ਾਇਦ ਤੁਸੀਂ ਹੋਰ ਵਧ-ਚੜ੍ਹ ਕੇ ਪ੍ਰਚਾਰ ਨਾ ਕਰ ਸਕੋ। ਪਰ ਯਾਦ ਰੱਖੋ ਕਿ ਤੁਸੀਂ ਜੋ ਵੀ ਕਰਦੇ ਹੋ, ਯਹੋਵਾਹ ਉਸ ਦੀ ਤੁਲਨਾ ਦੂਜਿਆਂ ਨਾਲ ਨਹੀਂ ਕਰਦਾ। ਉਹ ਜਾਣਦਾ ਹੈ ਕਿ ਤੁਹਾਡੇ ਦਿਲ ਵਿਚ ਉਸ ਲਈ ਕਿੰਨਾ ਪਿਆਰ ਹੈ। ਜਦੋਂ ਯਹੋਵਾਹ ਦੇਖਦਾ ਹੈ ਕਿ ਰਿਹਾਈ ਦੀ ਕੀਮਤ ਦੇ ਇਸ ਤੋਹਫ਼ੇ ਲਈ ਅਸੀਂ ਉਸ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ, ਤਾਂ ਉਸ ਨੂੰ ਖ਼ੁਸ਼ੀ ਹੁੰਦੀ ਹੈ।​—1 ਸਮੂ. 16:7; ਮਰ. 12:41-44.

18. ਅਸੀਂ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੇ ਕਿਉਂ ਸ਼ੁਕਰਗੁਜ਼ਾਰ ਹਾਂ?

18 ਰਿਹਾਈ ਦੀ ਕੀਮਤ ਕਰਕੇ ਹੀ ਸਾਨੂੰ ਸਾਡੇ ਪਾਪਾਂ ਦੀ ਮਾਫ਼ੀ ਮਿਲਦੀ ਹੈ। ਅਸੀਂ ਯਹੋਵਾਹ ਦੇ ਦੋਸਤ ਬਣ ਸਕਦੇ ਹਾਂ ਅਤੇ ਸਾਨੂੰ ਹਮੇਸ਼ਾ ਲਈ ਜੀਉਂਦੇ ਰਹਿਣ ਦੀ ਉਮੀਦ ਮਿਲਦੀ ਹੈ। ਆਓ ਆਪਾਂ ਹਮੇਸ਼ਾ ਯਹੋਵਾਹ ਦੇ ਪਿਆਰ ਲਈ ਸ਼ੁਕਰਗੁਜ਼ਾਰੀ ਦਿਖਾਈਏ। ਇਸ ਪਿਆਰ ਕਰਕੇ ਹੀ ਉਹ ਸਾਨੂੰ ਇਹ ਸਾਰੀਆਂ ਬਰਕਤਾਂ ਦੇਣ ਲਈ ਪ੍ਰੇਰਿਤ ਹੋਇਆ। (1 ਯੂਹੰ. 4:19) ਆਓ ਆਪਾਂ ਯਿਸੂ ਲਈ ਵੀ ਸ਼ੁਕਰਗੁਜ਼ਾਰੀ ਦਿਖਾਈਏ ਜਿਸ ਨੇ ਸਾਨੂੰ ਇੰਨਾ ਪਿਆਰ ਕੀਤਾ ਕਿ ਉਸ ਨੇ ਸਾਡੀ ਖ਼ਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ।​—ਯੂਹੰ. 15:13.

ਗੀਤ 154 ਪਿਆਰ ਕਦੇ ਮਿਟਦਾ ਨਹੀਂ

a ਯਿਸੂ ਦੇ ਜਾਨ ਕੁਰਬਾਨ ਕਰਨ ਤੋਂ ਪਹਿਲਾਂ ਹੀ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ ਦੇ ਪਾਪ ਮਾਫ਼ ਕੀਤੇ ਸਨ। ਉਸ ਨੇ ਇੱਦਾਂ ਇਸ ਲਈ ਕੀਤਾ ਕਿਉਂਕਿ ਉਸ ਨੂੰ ਪੂਰਾ ਯਕੀਨ ਸੀ ਕਿ ਉਸ ਦਾ ਪੁੱਤਰ ਆਖ਼ਰੀ ਦਮ ਤਕ ਵਫ਼ਾਦਾਰ ਰਹੇਗਾ। ਇਸ ਦਾ ਮਤਲਬ ਹੈ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਰਿਹਾਈ ਦੀ ਕੀਮਤ ਪਹਿਲਾਂ ਹੀ ਦਿੱਤੀ ਜਾ ਚੁੱਕੀ ਸੀ।​—ਰੋਮੀ. 3:25.