Skip to content

Skip to table of contents

ਅਧਿਐਨ ਲੇਖ 4

ਗੀਤ 18 ਰਿਹਾਈ ਲਈ ਅਹਿਸਾਨਮੰਦ

ਰਿਹਾਈ ਦੀ ਕੀਮਤ ਤੋਂ ਅਸੀਂ ਕੀ ਸਿੱਖਦੇ ਹਾਂ?

ਰਿਹਾਈ ਦੀ ਕੀਮਤ ਤੋਂ ਅਸੀਂ ਕੀ ਸਿੱਖਦੇ ਹਾਂ?

“ਪਰਮੇਸ਼ੁਰ ਦਾ ਪਿਆਰ ਇਸ ਤਰ੍ਹਾਂ ਜ਼ਾਹਰ ਹੋਇਆ ਸੀ।”​—1 ਯੂਹੰ. 4:9.

ਕੀ ਸਿੱਖਾਂਗੇ?

ਅਸੀਂ ਸਿੱਖਾਂਗੇ ਕਿ ਰਿਹਾਈ ਦੀ ਕੀਮਤ ਤੋਂ ਸਾਨੂੰ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੇ ਕਿਹੜੇ ਸ਼ਾਨਦਾਰ ਗੁਣਾਂ ਬਾਰੇ ਪਤਾ ਲੱਗਦਾ ਹੈ।

1. ਹਰ ਸਾਲ ਯਿਸੂ ਦੀ ਮੌਤ ਦੀ ਯਾਦਗਾਰ ਵਿਚ ਹਾਜ਼ਰ ਹੋਣਾ ਸਾਡੇ ਲਈ ਕਿਉਂ ਜ਼ਰੂਰੀ ਹੈ?

 ਤੁਸੀਂ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਣੇ ਕਿ ਰਿਹਾਈ ਦੀ ਕੀਮਤ ਇਕ ਬੇਸ਼ਕੀਮਤੀ ਤੋਹਫ਼ਾ ਹੈ। (2 ਕੁਰਿੰ. 9:15) ਯਿਸੂ ਦੀ ਕੁਰਬਾਨੀ ਕਰਕੇ ਤੁਸੀਂ ਯਹੋਵਾਹ ਪਰਮੇਸ਼ੁਰ ਨਾਲ ਗੂੜ੍ਹੀ ਦੋਸਤੀ ਕਰ ਸਕਦੇ ਹੋ। ਨਾਲੇ ਇਸੇ ਕਰਕੇ ਹੀ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲੀ ਹੈ। ਸਾਡੇ ਕੋਲ ਯਹੋਵਾਹ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਣ ਦੇ ਬਹੁਤ ਸਾਰੇ ਕਾਰਨ ਹਨ। ਪਿਆਰ ਹੋਣ ਕਰਕੇ ਹੀ ਉਸ ਨੇ ਸਾਡੇ ਲਈ ਰਿਹਾਈ ਦੀ ਕੀਮਤ ਦਾ ਪ੍ਰਬੰਧ ਕੀਤਾ। (ਰੋਮੀ. 5:8) ਅਸੀਂ ਰਿਹਾਈ ਦੀ ਕੀਮਤ ਨੂੰ ਕਦੇ ਨਾ ਭੁੱਲੀਏ ਤੇ ਹਮੇਸ਼ਾ ਸ਼ੁਕਰਗੁਜ਼ਾਰੀ ਦਿਖਾਉਂਦੇ ਰਹੀਏ, ਇਸ ਲਈ ਯਿਸੂ ਨੇ ਹਰ ਸਾਲ ਸਾਨੂੰ ਉਸ ਦੀ ਮੌਤ ਦੀ ਯਾਦਗਾਰ ਮਨਾਉਣ ਦਾ ਹੁਕਮ ਦਿੱਤਾ।​—ਲੂਕਾ 22:19, 20.

2. ਇਸ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

2 ਇਸ ਸਾਲ ਮੈਮੋਰੀਅਲ ਸ਼ਨੀਵਾਰ 12 ਅਪ੍ਰੈਲ 2025 ਨੂੰ ਮਨਾਇਆ ਜਾਵੇਗਾ। ਬਿਨਾਂ ਸ਼ੱਕ, ਅਸੀਂ ਸਾਰੇ ਇਸ ਵਿਚ ਹਾਜ਼ਰ ਹੋਣ ਲਈ ਤਿਆਰੀਆਂ ਕਰ ਰਹੇ ਹਾਂ। ਮੈਮੋਰੀਅਲ ਦੇ ਮਹੀਨਿਆਂ ਦੌਰਾਨ ਜੇ ਅਸੀਂ ਇਸ ਗੱਲ ʼਤੇ ਸੋਚ-ਵਿਚਾਰ a ਕਰਦੇ ਹਾਂ ਕਿ ਯਹੋਵਾਹ ਅਤੇ ਉਸ ਦੇ ਪੁੱਤਰ ਨੇ ਸਾਡੇ ਲਈ ਕੀ ਕੁਝ ਕੀਤਾ ਹੈ, ਤਾਂ ਸਾਨੂੰ ਇਸ ਤੋਂ ਬਹੁਤ ਫ਼ਾਇਦਾ ਹੋਵੇਗਾ। ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਰਿਹਾਈ ਦੀ ਕੀਮਤ ਤੋਂ ਅਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਬਾਰੇ ਕੀ ਸਿੱਖਦੇ ਹਾਂ। ਅਗਲਾ ਲੇਖ ਸਾਡੀ ਇਹ ਸਮਝਣ ਵਿਚ ਮਦਦ ਕਰੇਗਾ ਕਿ ਰਿਹਾਈ ਦੀ ਕੀਮਤ ਤੋਂ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ ਅਤੇ ਅਸੀਂ ਇਸ ਲਈ ਸ਼ੁਕਰਗੁਜ਼ਾਰੀ ਕਿੱਦਾਂ ਦਿਖਾ ਸਕਦੇ ਹਾਂ।

ਰਿਹਾਈ ਦੀ ਕੀਮਤ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?

3. ਇਕ ਇਨਸਾਨ ਦੀ ਮੌਤ ਨਾਲ ਲੱਖਾਂ-ਕਰੋੜਾਂ ਲੋਕਾਂ ਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਕਿਵੇਂ ਮਿਲ ਸਕਦਾ ਹੈ? (ਤਸਵੀਰ ਵੀ ਦੇਖੋ।)

3 ਰਿਹਾਈ ਦੀ ਕੀਮਤ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਨਿਆਂ ਕਰਨ ਵਾਲਾ ਪਰਮੇਸ਼ੁਰ ਹੈ। (ਬਿਵ. 32:4) ਕਿਵੇਂ? ਜ਼ਰਾ ਸੋਚੋ, ਆਦਮ ਦੀ ਅਣਆਗਿਆਕਾਰੀ ਕਰਕੇ ਸਾਨੂੰ ਵਿਰਾਸਤ ਵਿਚ ਪਾਪ ਅਤੇ ਮੌਤ ਮਿਲੀ। (ਰੋਮੀ. 5:12) ਸਾਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਦਿਵਾਉਣ ਲਈ ਯਹੋਵਾਹ ਨੇ ਯਿਸੂ ਨੂੰ ਧਰਤੀ ਉੱਤੇ ਭੇਜਿਆ ਤਾਂਕਿ ਉਹ ਰਿਹਾਈ ਦੀ ਕੀਮਤ ਚੁਕਾਵੇ। ਪਰ ਸਿਰਫ਼ ਇਕ ਮੁਕੰਮਲ ਇਨਸਾਨ ਦੀ ਕੁਰਬਾਨੀ ਨਾਲ ਲੱਖਾਂ-ਕਰੋੜਾਂ ਲੋਕਾਂ ਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਕਿਵੇਂ ਮਿਲ ਸਕਦਾ ਹੈ? ਪੌਲੁਸ ਰਸੂਲ ਨੇ ਦੱਸਿਆ: “ਜਿਵੇਂ ਇਕ ਆਦਮੀ [ਆਦਮ] ਦੀ ਅਣਆਗਿਆਕਾਰੀ ਕਰਕੇ ਬਹੁਤ ਸਾਰੇ ਲੋਕਾਂ ਨੂੰ ਪਾਪੀ ਠਹਿਰਾਇਆ ਗਿਆ ਸੀ, ਉਸੇ ਤਰ੍ਹਾਂ ਇਕ ਹੋਰ ਆਦਮੀ [ਯਿਸੂ] ਦੀ ਆਗਿਆਕਾਰੀ ਕਰਕੇ ਬਹੁਤ ਸਾਰੇ ਲੋਕਾਂ ਨੂੰ ਧਰਮੀ ਠਹਿਰਾਇਆ ਜਾਵੇਗਾ।” (ਰੋਮੀ. 5:19; 1 ਤਿਮੋ. 2:6) ਹੋਰ ਲਫ਼ਜ਼ਾਂ ਵਿਚ ਕਹੀਏ, ਤਾਂ ਜਿਵੇਂ ਇਕ ਮੁਕੰਮਲ ਆਦਮੀ ਦੀ ਅਣਆਗਿਆਕਾਰੀ ਕਰਕੇ ਸਾਨੂੰ ਵਿਰਾਸਤ ਵਿਚ ਪਾਪ ਅਤੇ ਮੌਤ ਮਿਲੀ, ਉਸੇ ਤਰ੍ਹਾਂ ਇਕ ਮੁਕੰਮਲ ਇਨਸਾਨ ਦੀ ਆਗਿਆਕਾਰੀ ਕਰਕੇ ਸਾਨੂੰ ਇਨ੍ਹਾਂ ਤੋਂ ਛੁਟਕਾਰਾ ਮਿਲੇਗਾ।

ਜਿਸ ਤਰ੍ਹਾਂ ਇਕ ਆਦਮੀ ਕਰਕੇ ਅਸੀਂ ਸਾਰੇ ਪਾਪ ਅਤੇ ਮੌਤ ਦੇ ਗ਼ੁਲਾਮ ਬਣ ਗਏ, ਉਸੇ ਤਰ੍ਹਾਂ ਇਕ ਆਦਮੀ ਕਰਕੇ ਅਸੀਂ ਸਾਰੇ ਆਜ਼ਾਦ ਹੋ ਸਕਦੇ ਹਾਂ (ਪੈਰਾ 3 ਦੇਖੋ)


4. ਯਹੋਵਾਹ ਨੇ ਆਦਮ ਦੇ ਉਨ੍ਹਾਂ ਬੱਚਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਕਿਉਂ ਨਹੀਂ ਦੇ ਦਿੱਤੀ ਜੋ ਉਸ ਦੇ ਕਹਿਣੇਕਾਰ ਸਨ?

4 ਕੀ ਸਾਨੂੰ ਛੁਟਕਾਰਾ ਦਿਵਾਉਣ ਲਈ ਯਹੋਵਾਹ ਨੂੰ ਸੱਚ-ਮੁੱਚ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਦੀ ਲੋੜ ਸੀ? ਯਹੋਵਾਹ ਨੇ ਆਦਮ ਦੇ ਉਨ੍ਹਾਂ ਬੱਚਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਕਿਉਂ ਨਹੀਂ ਦੇ ਦਿੱਤੀ ਜੋ ਉਸ ਦੇ ਕਹਿਣੇਕਾਰ ਸਨ? ਸ਼ਾਇਦ ਸਾਨੂੰ ਇਨਸਾਨਾਂ ਨੂੰ ਲੱਗੇ ਕਿ ਇਸ ਮਸਲੇ ਨੂੰ ਹੱਲ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਸੀ। ਪਰ ਇਹ ਯਹੋਵਾਹ ਦੇ ਨਿਆਂ ਦੇ ਖ਼ਿਲਾਫ਼ ਹੋਣਾ ਸੀ। ਇਹ ਇੱਦਾਂ ਹੋਣਾ ਸੀ ਜਿੱਦਾਂ ਆਦਮ ਨੇ ਕਦੇ ਪਾਪ ਕੀਤਾ ਹੀ ਨਾ ਹੋਵੇ ਅਤੇ ਉਸ ਦੀ ਔਲਾਦ ਨੂੰ ਵਿਰਾਸਤ ਵਿਚ ਪਾਪ ਮਿਲਿਆ ਹੀ ਨਾ ਹੋਵੇ। ਪਰ ਇਹ ਸੱਚ ਨਹੀਂ ਸੀ।

5. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਹਮੇਸ਼ਾ ਉਹੀ ਕਰੇਗਾ ਜੋ ਸਹੀ ਹੈ?

5 ਜੇ ਯਹੋਵਾਹ ਰਿਹਾਈ ਦੀ ਕੀਮਤ ਦਾ ਪ੍ਰਬੰਧ ਨਾ ਕਰਦਾ ਅਤੇ ਆਦਮ ਦੀ ਔਲਾਦ ਨੂੰ ਨਾਮੁਕੰਮਲ ਹੁੰਦਿਆਂ ਹੋਇਆ ਵੀ ਹਮੇਸ਼ਾ ਜੀਉਣ ਦਿੰਦਾ, ਤਾਂ ਯਹੋਵਾਹ ਸਹੀ ਅਤੇ ਗ਼ਲਤ ਬਾਰੇ ਆਪਣੇ ਹੀ ਮਿਆਰਾਂ ਨਾਲ ਸਮਝੌਤਾ ਕਰ ਰਿਹਾ ਹੁੰਦਾ। ਨਤੀਜੇ ਵਜੋਂ, ਲੋਕਾਂ ਨੂੰ ਇੱਦਾਂ ਲੱਗ ਸਕਦਾ ਸੀ ਕਿ ਯਹੋਵਾਹ ਕਦੇ ਵੀ ਆਪਣੇ ਮਿਆਰਾਂ ਨਾਲ ਸਮਝੌਤਾ ਕਰ ਸਕਦਾ ਹੈ। ਨਾਲੇ ਸ਼ਾਇਦ ਉਨ੍ਹਾਂ ਦੇ ਮਨਾਂ ਵਿਚ ਇਹ ਵੀ ਸ਼ੱਕ ਆਉਂਦਾ ਕਿ ਪਤਾ ਨਹੀਂ ਯਹੋਵਾਹ ਆਪਣੇ ਵਾਅਦੇ ਪੂਰੇ ਕਰੇਗਾ ਜਾਂ ਨਹੀਂ। ਪਰ ਸਾਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕਿਉਂ? ਕਿਉਂਕਿ ਯਹੋਵਾਹ ਨੇ ਉਹ ਕੀਤਾ ਜੋ ਸਹੀ ਸੀ। ਫਿਰ ਚਾਹੇ ਇੱਦਾਂ ਕਰਨ ਲਈ ਉਸ ਨੂੰ ਆਪਣੇ ਹੀ ਪੁੱਤਰ ਦੀ ਕੁਰਬਾਨੀ ਕਿਉਂ ਨਹੀਂ ਦੇਣੀ ਪਈ। ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਹਮੇਸ਼ਾ ਉਹੀ ਕਰੇਗਾ ਜੋ ਸਹੀ ਹੈ।

6. ਹੋਰ ਕਿਹੜੇ ਕਾਰਨ ਕਰਕੇ ਯਹੋਵਾਹ ਨੇ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ? (1 ਯੂਹੰਨਾ 4:9, 10)

6 ਇਕ ਹੋਰ ਕਾਰਨ ਕਰਕੇ ਯਹੋਵਾਹ ਨੇ ਸਾਡੇ ਲਈ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ। ਉਹ ਹੈ, ਸਾਡੇ ਲਈ ਉਸ ਦਾ ਪਿਆਰ। (1 ਯੂਹੰ. 3:16; 1 ਯੂਹੰਨਾ 4:9, 10 ਪੜ੍ਹੋ।) ਰਿਹਾਈ ਦੀ ਕੀਮਤ ਦੇ ਇਸ ਪ੍ਰਬੰਧ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਿਰਫ਼ ਇਹੀ ਨਹੀਂ ਚਾਹੁੰਦਾ ਕਿ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇ, ਸਗੋਂ ਉਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਉਸ ਦੇ ਪਰਿਵਾਰ ਦਾ ਹਿੱਸਾ ਬਣੀਏ। ਧਿਆਨ ਦਿਓ ਕਿ ਜਦੋਂ ਆਦਮ ਨੇ ਪਾਪ ਕੀਤਾ, ਤਾਂ ਯਹੋਵਾਹ ਨੇ ਉਸ ਨੂੰ ਆਪਣੇ ਪਰਿਵਾਰ ਵਿੱਚੋਂ ਕੱਢ ਦਿੱਤਾ ਸੀ। ਨਤੀਜੇ ਵਜੋਂ, ਜਦੋਂ ਸਾਡਾ ਜਨਮ ਹੋਇਆ, ਤਾਂ ਅਸੀਂ ਵੀ ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਨਹੀਂ ਸੀ। ਪਰ ਰਿਹਾਈ ਦੀ ਕੀਮਤ ਕਰਕੇ ਇਕ ਦਿਨ ਉਹ ਸਾਰੇ ਇਨਸਾਨ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨਗੇ ਜੋ ਉਸ ʼਤੇ ਨਿਹਚਾ ਕਰਦੇ ਹਨ ਅਤੇ ਉਸ ਦਾ ਕਹਿਣਾ ਮੰਨਦੇ ਹਨ। ਨਾਲੇ ਇਸ ਪ੍ਰਬੰਧ ਕਰਕੇ ਯਹੋਵਾਹ ਅੱਜ ਵੀ ਸਾਡੇ ਪਾਪ ਮਾਫ਼ ਕਰ ਸਕਦਾ ਹੈ ਅਤੇ ਅਸੀਂ ਉਸ ਨਾਲ ਅਤੇ ਭੈਣਾਂ-ਭਰਾਵਾਂ ਨਾਲ ਇਕ ਵਧੀਆ ਰਿਸ਼ਤਾ ਬਣਾ ਸਕਦੇ ਹਾਂ। ਸੱਚ-ਮੁੱਚ, ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ!​—ਰੋਮੀ. 5:10, 11.

7. ਯਿਸੂ ਨੇ ਜੋ ਕੁਝ ਸਹਿਆ, ਉਸ ਤੋਂ ਕਿੱਦਾਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ?

7 ਜੇ ਅਸੀਂ ਇਸ ਗੱਲ ʼਤੇ ਧਿਆਨ ਦੇਈਏ ਕਿ ਯਹੋਵਾਹ ਲਈ ਆਪਣੇ ਪੁੱਤਰ ਦੀ ਕੁਰਬਾਨੀ ਦੇਣੀ ਕਿੰਨੀ ਦਰਦਨਾਕ ਅਤੇ ਔਖੀ ਹੋਈ ਹੋਣੀ, ਤਾਂ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ। ਸ਼ੈਤਾਨ ਨੇ ਦਾਅਵਾ ਕੀਤਾ ਸੀ ਕਿ ਕੋਈ ਵੀ ਇਨਸਾਨ ਔਖੀਆਂ ਘੜੀਆਂ ਦੌਰਾਨ ਯਹੋਵਾਹ ਦਾ ਵਫ਼ਾਦਾਰ ਨਹੀਂ ਰਹੇਗਾ। ਸ਼ੈਤਾਨ ਦਾ ਇਹ ਦਾਅਵਾ ਝੂਠਾ ਸਾਬਤ ਕਰਨ ਲਈ ਯਹੋਵਾਹ ਨੇ ਯਿਸੂ ਨੂੰ ਦਰਦਨਾਕ ਮੌਤ ਮਰਨ ਦਿੱਤਾ। (ਅੱਯੂ. 2:1-5; 1 ਪਤ. 2:21) ਯਹੋਵਾਹ ਨੇ ਦੇਖਿਆ ਕਿ ਲੋਕਾਂ ਨੇ ਯਿਸੂ ਦਾ ਮਜ਼ਾਕ ਉਡਾਇਆ, ਫ਼ੌਜੀਆਂ ਨੇ ਉਸ ਦੇ ਕੋਰੜੇ ਮਾਰੇ ਅਤੇ ਉਸ ਨੂੰ ਸੂਲ਼ੀ ʼਤੇ ਟੰਗ ਦਿੱਤਾ। ਫਿਰ ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਨੂੰ ਤੜਫ-ਤੜਫ ਕੇ ਮਰਦਿਆਂ ਵੀ ਦੇਖਿਆ। (ਮੱਤੀ 27:28-31, 39) ਯਹੋਵਾਹ ਕੋਲ ਇਹ ਸਭ ਕੁਝ ਰੋਕਣ ਦੀ ਤਾਕਤ ਸੀ। ਮਿਸਾਲ ਲਈ, ਜਦੋਂ ਵਿਰੋਧੀਆਂ ਨੇ ਕਿਹਾ: “ਜੇ ਪਰਮੇਸ਼ੁਰ ਵਾਕਈ ਇਸ ਤੋਂ ਖ਼ੁਸ਼ ਹੈ, ਤਾਂ ਉਹੀ ਇਸ ਨੂੰ ਬਚਾਵੇ।” (ਮੱਤੀ 27:42, 43) ਯਹੋਵਾਹ ਚਾਹੁੰਦਾ ਤਾਂ ਉਸ ਨੂੰ ਬਚਾ ਸਕਦਾ ਸੀ। ਪਰ ਜੇ ਯਹੋਵਾਹ ਇੱਦਾਂ ਕਰਦਾ, ਤਾਂ ਰਿਹਾਈ ਦੀ ਕੀਮਤ ਨਹੀਂ ਦੇ ਹੋਣੀ ਸੀ ਅਤੇ ਸਾਨੂੰ ਕੋਈ ਉਮੀਦ ਨਹੀਂ ਮਿਲਣੀ ਸੀ। ਇਸ ਲਈ ਯਹੋਵਾਹ ਨੇ ਆਪਣੇ ਦਿਲ ʼਤੇ ਪੱਥਰ ਰੱਖ ਕੇ ਆਪਣੇ ਪੁੱਤਰ ਨੂੰ ਇਹ ਸਭ ਕੁਝ ਸਹਿਣ ਦਿੱਤਾ।

8. ਕੀ ਆਪਣੇ ਪੁੱਤਰ ਨੂੰ ਤੜਫਦਾ ਦੇਖ ਕੇ ਯਹੋਵਾਹ ਨੂੰ ਦੁੱਖ ਹੋਇਆ ਸੀ? ਸਮਝਾਓ। (ਤਸਵੀਰ ਵੀ ਦੇਖੋ।)

8 ਪਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਰਬਸ਼ਕਤੀਮਾਨ ਹੋਣ ਕਰਕੇ ਪਰਮੇਸ਼ੁਰ ਵਿਚ ਭਾਵਨਾਵਾਂ ਨਹੀਂ ਹਨ। ਉਸ ਨੇ ਇਨਸਾਨਾਂ ਅੰਦਰ ਭਾਵਨਾਵਾਂ ਪਾਈਆਂ ਹਨ ਅਤੇ ਬਾਈਬਲ ਦੱਸਦੀ ਹੈ ਕਿ ਉਸ ਨੇ ਸਾਨੂੰ ਆਪਣੇ ਸਰੂਪ ਉੱਤੇ ਬਣਾਇਆ ਹੈ। ਇਸ ਦਾ ਮਤਲਬ ਹੈ ਕਿ ਉਸ ਵਿਚ ਵੀ ਭਾਵਨਾਵਾਂ ਹਨ। ਬਾਈਬਲ ਦੱਸਦੀ ਹੈ ਕਿ ਉਸ ਦਾ “ਮਨ ਦੁਖੀ” ਹੁੰਦਾ ਹੈ ਅਤੇ ਉਸ ਦਾ ਵੀ ‘ਦਿਲ ਦੁਖਦਾ’ ਹੈ। (ਜ਼ਬੂ. 78:40, 41) ਜ਼ਰਾ ਅਬਰਾਹਾਮ ਅਤੇ ਇਸਹਾਕ ਦੇ ਬਿਰਤਾਂਤ ʼਤੇ ਧਿਆਨ ਦਿਓ। ਤੁਹਾਨੂੰ ਯਾਦ ਹੋਣਾ ਕਿ ਯਹੋਵਾਹ ਨੇ ਅਬਰਾਹਾਮ ਨੂੰ ਆਪਣੇ ਇਕਲੌਤੇ ਪੁੱਤਰ ਦੀ ਬਲ਼ੀ ਦੇਣ ਲਈ ਕਿਹਾ ਸੀ। (ਉਤ. 22:9-12; ਇਬ. 11:17-19) ਜ਼ਰਾ ਸੋਚੋ ਕਿ ਜਦੋਂ ਅਬਰਾਹਾਮ ਆਪਣੇ ਪੁੱਤਰ ਦੀ ਬਲ਼ੀ ਚੜ੍ਹਾਉਣ ਦੀ ਤਿਆਰੀ ਕਰ ਰਿਹਾ ਹੋਣਾ, ਤਾਂ ਉਸ ਦੇ ਮਨ ਵਿਚ ਕਿੰਨਾ ਕੁਝ ਚੱਲ ਰਿਹਾ ਹੋਣਾ। ਜਿੱਦਾਂ ਹੀ ਉਸ ਨੇ ਆਪਣੇ ਪੁੱਤਰ ਨੂੰ ਮਾਰਨ ਲਈ ਚਾਕੂ ਚੁੱਕਿਆ ਹੋਣਾ, ਤਾਂ ਉਸ ਦੇ ਦਿਲ ʼਤੇ ਕੀ ਬੀਤੀ ਹੋਣੀ। ਪਰ ਹੁਣ ਜ਼ਰਾ ਸੋਚੋ ਕਿ ਯਹੋਵਾਹ ਨੂੰ ਉਦੋਂ ਕਿੰਨਾ ਜ਼ਿਆਦਾ ਦੁੱਖ ਹੋਇਆ ਹੋਣਾ ਜਦੋਂ ਉਸ ਦੇ ਪੁੱਤਰ ਨੂੰ ਤੜਫਾ-ਤੜਫਾ ਕੇ ਮੌਤ ਦੇ ਘਾਟ ਉਤਾਰਿਆ ਗਿਆ।​—jw.org/pa ʼਤੇ ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ​—ਅਬਰਾਹਾਮ, ਭਾਗ 2 ਵੀਡੀਓ ਦੇਖੋ।

ਆਪਣੇ ਪੁੱਤਰ ਨੂੰ ਤੜਫਦਾ ਦੇਖ ਕੇ ਯਹੋਵਾਹ ਦਾ ਦਿਲ ਵਿੰਨ੍ਹਿਆ ਗਿਆ (ਪੈਰਾ 8 ਦੇਖੋ)


9. ਰੋਮੀਆਂ 8:32, 38, 39 ਤੋਂ ਤੁਸੀਂ ਯਹੋਵਾਹ ਦੇ ਪਿਆਰ ਬਾਰੇ ਕੀ ਸਿੱਖ ਸਕਦੇ ਹੋ?

9 ਰਿਹਾਈ ਦੀ ਕੀਮਤ ਦੇ ਪ੍ਰਬੰਧ ਤੋਂ ਅਸੀਂ ਸਿੱਖਦੇ ਹਾਂ ਕਿ ਜਿੰਨਾ ਪਿਆਰ ਯਹੋਵਾਹ ਸਾਨੂੰ ਕਰਦਾ ਹੈ, ਉੱਨਾ ਹੋਰ ਕੋਈ ਨਹੀਂ ਕਰ ਸਕਦਾ, ਇੱਥੋਂ ਤਕ ਕਿ ਸਾਡਾ ਪੱਕਾ ਦੋਸਤ ਜਾਂ ਕਰੀਬੀ ਰਿਸ਼ਤੇਦਾਰ ਵੀ ਨਹੀਂ। (ਰੋਮੀਆਂ 8:32, 38, 39 ਪੜ੍ਹੋ।) ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਸਾਡੇ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈ। ਕੀ ਤੁਸੀਂ ਹਮੇਸ਼ਾ ਲਈ ਜੀਉਣਾ ਚਾਹੁੰਦੇ ਹੋ? ਤੁਹਾਡੇ ਨਾਲੋਂ ਕਿਤੇ ਜ਼ਿਆਦਾ ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਹਮੇਸ਼ਾ ਲਈ ਜੀਓ। ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਾਪ ਮਾਫ਼ ਹੋ ਜਾਣ? ਤੁਹਾਡੇ ਨਾਲੋਂ ਕਿਤੇ ਜ਼ਿਆਦਾ ਯਹੋਵਾਹ ਚਾਹੁੰਦਾ ਹੈ ਕਿ ਉਹ ਤੁਹਾਡੇ ਪਾਪ ਮਾਫ਼ ਕਰੇ। ਬਦਲੇ ਵਿਚ, ਯਹੋਵਾਹ ਸਾਡੇ ਤੋਂ ਸਿਰਫ਼ ਇਹੀ ਚਾਹੁੰਦਾ ਹੈ ਕਿ ਉਸ ਨੇ ਰਿਹਾਈ ਦੀ ਕੀਮਤ ਦਾ ਜੋ ਪ੍ਰਬੰਧ ਕੀਤਾ ਹੈ, ਅਸੀਂ ਉਸ ਲਈ ਸ਼ੁਕਰਗੁਜ਼ਾਰੀ ਦਿਖਾਈਏ, ਉਸ ʼਤੇ ਨਿਹਚਾ ਕਰੀਏ ਅਤੇ ਉਸ ਦਾ ਕਹਿਣਾ ਮੰਨੀਏ। ਰਿਹਾਈ ਦੀ ਕੀਮਤ ਦਾ ਪ੍ਰਬੰਧ ਯਹੋਵਾਹ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਹੈ ਅਤੇ ਨਵੀਂ ਦੁਨੀਆਂ ਵਿਚ ਅਸੀਂ ਯਹੋਵਾਹ ਦੇ ਪਿਆਰ ਬਾਰੇ ਹੋਰ ਵੀ ਬਹੁਤ ਕੁਝ ਸਿੱਖਾਂਗੇ।​—ਉਪ. 3:11.

ਰਿਹਾਈ ਦੀ ਕੀਮਤ ਤੋਂ ਅਸੀਂ ਯਿਸੂ ਬਾਰੇ ਕੀ ਸਿੱਖਦੇ ਹਾਂ?

10. (ੳ) ਯਿਸੂ ਆਪਣੀ ਮੌਤ ਬਾਰੇ ਸੋਚ ਕੇ ਦੁਖੀ ਕਿਉਂ ਸੀ? (ਅ) ਯਿਸੂ ਨੇ ਕਿੱਦਾਂ ਆਪਣੇ ਪਿਤਾ ਦੇ ਨਾਂ ਨੂੰ ਪਵਿੱਤਰ ਕੀਤਾ? (“ ਵਫ਼ਾਦਾਰ ਰਹਿ ਕੇ ਯਿਸੂ ਨੇ ਯਹੋਵਾਹ ਦਾ ਨਾਂ ਪਵਿੱਤਰ ਕੀਤਾ” ਨਾਂ ਦੀ ਡੱਬੀ ਵੀ ਦੇਖੋ।)

10 ਯਿਸੂ ਨੂੰ ਆਪਣੇ ਪਿਤਾ ਦੇ ਨਾਂ ਦੀ ਬਹੁਤ ਫ਼ਿਕਰ ਹੈ। (ਯੂਹੰ. 14:31) ਯਿਸੂ ਨੂੰ ਇਹ ਸੋਚ ਕੇ ਬਹੁਤ ਦੁੱਖ ਹੋ ਰਿਹਾ ਸੀ ਕਿ ਉਸ ʼਤੇ ਆਪਣੇ ਪਿਤਾ ਦੀ ਨਿੰਦਿਆ ਕਰਨ ਦਾ ਜੋ ਇਲਜ਼ਾਮ ਲਾਇਆ ਜਾਵੇਗਾ ਅਤੇ ਇਕ ਅਪਰਾਧੀ ਦੇ ਤੌਰ ʼਤੇ ਮਾਰ ਦਿੱਤਾ ਜਾਵੇਗਾ, ਉਸ ਕਰਕੇ ਉਸ ਦੇ ਪਿਤਾ ਦੇ ਨਾਂ ਦੀ ਕਿੰਨੀ ਬਦਨਾਮੀ ਹੋਵੇਗੀ। ਇਸੇ ਕਰਕੇ ਉਸ ਨੇ ਪ੍ਰਾਰਥਨਾ ਕੀਤੀ: “ਹੇ ਮੇਰੇ ਪਿਤਾ, ਜੇ ਹੋ ਸਕੇ, ਤਾਂ ਇਹ ਪਿਆਲਾ ਮੇਰੇ ਤੋਂ ਦੂਰ ਕਰ ਦੇ।” (ਮੱਤੀ 26:39) ਆਪਣੀ ਮੌਤ ਤਕ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਕੇ ਯਿਸੂ ਨੇ ਆਪਣੇ ਪਿਤਾ ਦੇ ਨਾਂ ਨੂੰ ਪਵਿੱਤਰ ਕੀਤਾ।

11. ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਲੋਕਾਂ ਨੂੰ ਦਿਲੋਂ ਪਿਆਰ ਕਰਦਾ ਹੈ? (ਯੂਹੰਨਾ 13:1)

11 ਰਿਹਾਈ ਦੀ ਕੀਮਤ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਯਿਸੂ ਲੋਕਾਂ ਦੀ ਦਿਲੋਂ ਪਰਵਾਹ ਕਰਦਾ ਹੈ, ਖ਼ਾਸ ਕਰਕੇ ਆਪਣੇ ਚੇਲਿਆਂ ਦੀ। (ਕਹਾ. 8:31; ਯੂਹੰਨਾ 13:1 ਪੜ੍ਹੋ।) ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਯਿਸੂ ਜਾਣਦਾ ਸੀ ਕਿ ਧਰਤੀ ʼਤੇ ਉਸ ਦੀ ਸੇਵਕਾਈ ਸੌਖੀ ਨਹੀਂ ਹੋਵੇਗੀ, ਉਸ ਨੂੰ ਕਈ ਮੁਸ਼ਕਲਾਂ ਸਹਿਣੀਆਂ ਪੈਣਗੀਆਂ ਅਤੇ ਉਸ ਨੂੰ ਇਕ ਦਰਦਨਾਕ ਮੌਤ ਮਰਨਾ ਪਵੇਗਾ। ਯਿਸੂ ਨੇ ਇਹ ਸਭ ਕੁਝ ਸਿਰਫ਼ ਇਸ ਕਰਕੇ ਨਹੀਂ ਕੀਤਾ ਕਿਉਂਕਿ ਯਹੋਵਾਹ ਨੇ ਉਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ, ਸਗੋਂ ਉਹ ਲੋਕਾਂ ਨੂੰ ਪਿਆਰ ਕਰਦਾ ਸੀ। ਉਸ ਨੇ ਪੂਰਾ ਦਿਲ ਲਾ ਕੇ ਲੋਕਾਂ ਨੂੰ ਪ੍ਰਚਾਰ ਕੀਤਾ, ਉਨ੍ਹਾਂ ਨੂੰ ਸਿਖਾਇਆ ਅਤੇ ਉਨ੍ਹਾਂ ਦੀ ਸੇਵਾ ਕੀਤੀ। ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਰਸੂਲਾਂ ਦੇ ਪੈਰ ਧੋਤੇ ਅਤੇ ਉਨ੍ਹਾਂ ਨੂੰ ਸਿਖਾਇਆ। ਨਾਲੇ ਉਸ ਨੇ ਉਨ੍ਹਾਂ ਨੂੰ ਹੌਸਲਾ ਅਤੇ ਹੱਲਾਸ਼ੇਰੀ ਦਿੱਤੀ। (ਯੂਹੰ. 13:12-15) ਫਿਰ ਜਦੋਂ ਉਹ ਸੂਲ਼ੀ ʼਤੇ ਟੰਗਿਆ ਹੋਇਆ ਸੀ, ਤਾਂ ਉਸ ਨੇ ਆਪਣੇ ਨਾਲ ਟੰਗੇ ਅਪਰਾਧੀ ਨੂੰ ਉਮੀਦ ਦਿੱਤੀ ਅਤੇ ਆਪਣੀ ਮਾਂ ਦੀ ਦੇਖ-ਭਾਲ ਕਰਨ ਦਾ ਵੀ ਪ੍ਰਬੰਧ ਕੀਤਾ। (ਲੂਕਾ 23:42, 43; ਯੂਹੰ. 19:26, 27) ਇੱਦਾਂ ਯਿਸੂ ਨੇ ਨਾ ਸਿਰਫ਼ ਆਪਣੀ ਜਾਨ ਦੇ ਕੇ ਆਪਣਾ ਪਿਆਰ ਜ਼ਾਹਰ ਕੀਤਾ, ਸਗੋਂ ਉਸ ਨੇ ਆਪਣੇ ਜੀਉਣ ਦੇ ਤਰੀਕੇ ਤੋਂ ਵੀ ਦਿਖਾਇਆ ਕਿ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ।

12. ਕਿਸ ਮਾਅਨੇ ਵਿਚ ਯਿਸੂ ਅੱਜ ਵੀ ਸਾਡੇ ਲਈ ਕੰਮ ਕਰ ਰਿਹਾ ਹੈ?

12 ਇਹ ਸੱਚ ਹੈ ਕਿ ਯਿਸੂ “ਇੱਕੋ ਵਾਰ ਮਰਿਆ,” ਪਰ ਅਜੇ ਵੀ ਉਹ ਸਾਡੇ ਲਈ ਬਹੁਤ ਸਾਰੇ ਕੰਮ ਕਰ ਰਿਹਾ ਹੈ। (ਰੋਮੀ. 6:10) ਕਿਹੜੇ ਕੰਮ? ਉਹ ਸਾਨੂੰ ਅੱਜ ਵੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਦੇ ਰਿਹਾ ਹੈ ਜੋ ਰਿਹਾਈ ਦੀ ਕੀਮਤ ਕਰਕੇ ਮੁਮਕਿਨ ਹੋਈਆਂ ਹਨ। ਜ਼ਰਾ ਗੌਰ ਕਰੋ ਕਿ ਯਿਸੂ ਕਿਨ੍ਹਾਂ ਕੰਮਾਂ ਵਿਚ ਰੁੱਝਾ ਹੋਇਆ ਹੈ। ਉਹ ਰਾਜੇ, ਮਹਾਂ ਪੁਜਾਰੀ ਅਤੇ ਮੰਡਲੀ ਦੇ ਸਿਰ ਵਜੋਂ ਸੇਵਾ ਕਰ ਰਿਹਾ ਹੈ। (1 ਕੁਰਿੰ. 15:25; ਅਫ਼. 5:23; ਇਬ. 2:17) ਉਸ ਨੂੰ ਚੁਣੇ ਹੋਏ ਮਸੀਹੀਆਂ ਅਤੇ ਵੱਡੀ ਭੀੜ ਨੂੰ ਇਕੱਠਾ ਕਰਨ ਦਾ ਕੰਮ ਦਿੱਤਾ ਗਿਆ ਹੈ। ਇਹ ਕੰਮ ਮਹਾਂਕਸ਼ਟ ਦੇ ਖ਼ਤਮ ਹੋਣ ਤੋਂ ਪਹਿਲਾਂ ਪੂਰਾ ਕੀਤਾ ਜਾਵੇਗਾ। b (ਮੱਤੀ 25:32; ਮਰ. 13:27) ਨਾਲੇ ਉਹ ਧਿਆਨ ਰੱਖਦਾ ਹੈ ਕਿ ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਮਸੀਹੀਆਂ ਨੂੰ ਸਹੀ ਸਮੇਂ ਤੇ ਉਹ ਭੋਜਨ ਮਿਲਦਾ ਰਹੇ ਜੋ ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਜ਼ਰੂਰੀ ਹੈ। (ਮੱਤੀ 24:45) ਨਾਲੇ ਆਪਣੇ ਹਜ਼ਾਰ ਸਾਲ ਦੇ ਰਾਜ ਦੌਰਾਨ ਉਹ ਸਾਡੇ ਭਲੇ ਲਈ ਕੰਮ ਕਰਦਾ ਰਹੇਗਾ। ਸੱਚ-ਮੁੱਚ, ਯਿਸੂ ਸਾਡੇ ਲਈ ਯਹੋਵਾਹ ਵੱਲੋਂ ਅਨਮੋਲ ਤੋਹਫ਼ਾ ਹੈ!

ਨਵੀਆਂ-ਨਵੀਆਂ ਗੱਲਾਂ ਸਿੱਖਦੇ ਰਹੋ

13. ਤੁਸੀਂ ਯਹੋਵਾਹ ਅਤੇ ਯਿਸੂ ਦੇ ਪਿਆਰ ਬਾਰੇ ਕਿਵੇਂ ਸਿੱਖਦੇ ਰਹਿ ਸਕਦੇ ਹੋ?

13 ਜੇ ਤੁਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹੋ ਕਿ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੇ ਸਾਡੇ ਲਈ ਕੀ ਕੁਝ ਕੀਤਾ ਹੈ, ਤਾਂ ਤੁਸੀਂ ਉਨ੍ਹਾਂ ਦੇ ਪਿਆਰ ਬਾਰੇ ਸਿੱਖਦੇ ਰਹਿ ਸਕਦੇ ਹੋ। ਇਸ ਸਾਲ ਦੇ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਕਿਉਂ ਨਾ ਤੁਸੀਂ ਇਕ ਜਾਂ ਇਕ ਤੋਂ ਜ਼ਿਆਦਾ ਇੰਜੀਲਾਂ ਧਿਆਨ ਨਾਲ ਪੜ੍ਹਨ ਦੀ ਕੋਸ਼ਿਸ਼ ਕਰੋ। ਇਕ ਸਮੇਂ ʼਤੇ ਜ਼ਿਆਦਾ ਅਧਿਆਇ ਪੜ੍ਹਨ ਦੀ ਬਜਾਇ ਆਰਾਮ ਨਾਲ ਪੜ੍ਹੋ। ਹੋਰ ਕਾਰਨ ਲੱਭੋ ਕਿ ਤੁਹਾਨੂੰ ਯਹੋਵਾਹ ਅਤੇ ਯਿਸੂ ਨੂੰ ਕਿਉਂ ਪਿਆਰ ਕਰਨਾ ਚਾਹੀਦਾ ਹੈ। ਨਾਲੇ ਮੌਕਾ ਮਿਲਣ ਤੇ ਸਿੱਖੀਆਂ ਗੱਲਾਂ ਦੂਜਿਆਂ ਨਾਲ ਸਾਂਝੀਆਂ ਕਰਨ ਲਈ ਤਿਆਰ ਰਹੋ।

14. ਖੋਜਬੀਨ ਕਰਨ ਨਾਲ ਤੁਸੀਂ ਰਿਹਾਈ ਦੀ ਕੀਮਤ ਅਤੇ ਹੋਰ ਵਿਸ਼ਿਆਂ ਬਾਰੇ ਕਿਵੇਂ ਸਿੱਖਦੇ ਰਹਿ ਸਕਦੇ ਹੋ? (ਜ਼ਬੂਰ 119:97) (ਤਸਵੀਰ ਵੀ ਦੇਖੋ।)

14 ਜੇ ਤੁਸੀਂ ਕਾਫ਼ੀ ਸਾਲਾਂ ਤੋਂ ਸੱਚਾਈ ਵਿਚ ਹੋ, ਤਾਂ ਤੁਸੀਂ ਸ਼ਾਇਦ ਸੋਚੋ, ‘ਯਹੋਵਾਹ ਦੇ ਪਿਆਰ, ਉਸ ਦੇ ਨਿਆਂ ਅਤੇ ਰਿਹਾਈ ਦੀ ਕੀਮਤ ਵਰਗੇ ਵਿਸ਼ਿਆਂ ਬਾਰੇ ਤਾਂ ਅਸੀਂ ਪਹਿਲਾਂ ਹੀ ਬਹੁਤ ਕੁਝ ਜਾਣਦੇ ਹਾਂ। ਹੁਣ ਇਨ੍ਹਾਂ ਬਾਰੇ ਅਸੀਂ ਹੋਰ ਕੀ ਨਵਾਂ ਸਿੱਖ ਸਕਦੇ ਹਾਂ?’ ਸੱਚ ਤਾਂ ਇਹ ਹੈ ਕਿ ਇਨ੍ਹਾਂ ਵਿਸ਼ਿਆਂ ਬਾਰੇ ਤੁਸੀਂ ਹਮੇਸ਼ਾ ਕੁਝ-ਨਾ-ਕੁਝ ਨਵਾਂ ਸਿੱਖਦੇ ਰਹਿ ਸਕਦੇ ਹੋ। ਤੁਸੀਂ ਇਹ ਕਿੱਦਾਂ ਕਰ ਸਕਦੇ ਹੋ? ਇਨ੍ਹਾਂ ਵਿਸ਼ਿਆਂ ਬਾਰੇ ਸਾਡੇ ਪ੍ਰਕਾਸ਼ਨਾਂ ਵਿਚ ਦਿੱਤੀ ਬਾਈਬਲ-ਆਧਾਰਿਤ ਜਾਣਕਾਰੀ ਪੜ੍ਹੋ ਅਤੇ ਉਸ ਦਾ ਅਧਿਐਨ ਕਰੋ। ਜਦੋਂ ਬਾਈਬਲ ਪੜ੍ਹਦਿਆਂ ਤੁਹਾਨੂੰ ਕੋਈ ਗੱਲ ਸਮਝ ਨਹੀਂ ਆਉਂਦੀ, ਤਾਂ ਖੋਜਬੀਨ ਕਰੋ। ਫਿਰ ਦਿਨ ਦੌਰਾਨ ਸਿੱਖੀਆਂ ਗੱਲਾਂ ʼਤੇ ਸੋਚ-ਵਿਚਾਰ ਕਰੋ। ਸੋਚੋ ਕਿ ਇਸ ਜਾਣਕਾਰੀ ਤੋਂ ਤੁਹਾਨੂੰ ਯਹੋਵਾਹ, ਉਸ ਦੇ ਪੁੱਤਰ ਅਤੇ ਤੁਹਾਡੇ ਲਈ ਉਨ੍ਹਾਂ ਦੇ ਪਿਆਰ ਬਾਰੇ ਕੀ ਪਤਾ ਲੱਗਦਾ ਹੈ।​ਜ਼ਬੂਰ 119:97 ਅਤੇ ਫੁਟਨੋਟ ਪੜ੍ਹੋ।

ਭਾਵੇਂ ਕਿ ਅਸੀਂ ਕਈ ਸਾਲਾਂ ਤੋਂ ਯਹੋਵਾਹ ਦੇ ਗਵਾਹ ਹਾਂ, ਫਿਰ ਵੀ ਸਾਨੂੰ ਰਿਹਾਈ ਦੀ ਕੀਮਤ ਲਈ ਆਪਣੀ ਸ਼ੁਕਰਗੁਜ਼ਾਰੀ ਵਧਾਉਂਦੇ ਰਹਿਣਾ ਚਾਹੀਦਾ ਹੈ (ਪੈਰਾ 14 ਦੇਖੋ)


15. ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਬਾਈਬਲ ਵਿੱਚੋਂ ਨਵੀਆਂ ਤੋਂ ਨਵੀਆਂ ਗੱਲਾਂ ਸਿੱਖਦੇ ਰਹੀਏ?

15 ਜੇ ਬਾਈਬਲ ਪੜ੍ਹਦਿਆਂ ਜਾਂ ਖੋਜਬੀਨ ਕਰਦਿਆਂ ਹਰ ਵਾਰ ਤੁਹਾਨੂੰ ਨਵੀਆਂ ਗੱਲਾਂ ਨਹੀਂ ਲੱਭਦੀਆਂ, ਤਾਂ ਨਿਰਾਸ਼ ਨਾ ਹੋਵੋ। ਸੋਚੋ ਕਿ ਤੁਸੀਂ ਉਸ ਇਨਸਾਨ ਵਰਗੇ ਹੋ ਜੋ ਸੋਨਾ ਲੱਭਦਾ ਹੈ। ਕਈ ਵਾਰ ਤਾਂ ਸੋਨੇ ਦਾ ਇਕ ਕਣ ਲੱਭਣ ਲਈ ਉਸ ਨੂੰ ਕਈ ਘੰਟੇ ਅਤੇ ਕਈ ਦਿਨ ਲੱਗ ਜਾਂਦੇ ਹਨ। ਪਰ ਉਹ ਹਾਰ ਨਹੀਂ ਮੰਨਦਾ, ਸਗੋਂ ਧੀਰਜ ਰੱਖਦਿਆਂ ਸੋਨੇ ਦੇ ਛੋਟੇ ਤੋਂ ਛੋਟੇ ਕਣ ਨੂੰ ਲੱਭਣ ਵਿਚ ਲੱਗਾ ਰਹਿੰਦਾ ਹੈ ਕਿਉਂਕਿ ਉਸ ਲਈ ਸੋਨੇ ਦਾ ਹਰ ਕਣ ਕੀਮਤੀ ਹੈ। ਬਾਈਬਲ ਦੀਆਂ ਸੱਚਾਈਆਂ ਸੋਨੇ ਨਾਲੋਂ ਕਿਤੇ ਜ਼ਿਆਦਾ ਕੀਮਤੀ ਹਨ। (ਜ਼ਬੂ. 119:127; ਕਹਾ. 8:10) ਇਸ ਲਈ ਹਰ ਰੋਜ਼ ਬਾਈਬਲ ਪੜ੍ਹਦੇ ਰਹੋ ਅਤੇ ਨਵੀਆਂ ਤੋਂ ਨਵੀਆਂ ਗੱਲਾਂ ਸਿੱਖਦੇ ਰਹੋ।​—ਜ਼ਬੂ. 1:2.

16. ਅਸੀਂ ਯਹੋਵਾਹ ਅਤੇ ਯਿਸੂ ਦੀ ਰੀਸ ਕਿੱਦਾਂ ਕਰ ਸਕਦੇ ਹਾਂ?

16 ਸਟੱਡੀ ਕਰਦਿਆਂ ਸੋਚੋ ਕਿ ਤੁਸੀਂ ਸਿੱਖੀਆਂ ਗੱਲਾਂ ਨੂੰ ਕਿੱਦਾਂ ਲਾਗੂ ਕਰ ਸਕਦੇ ਹੋ। ਮਿਸਾਲ ਲਈ, ਯਹੋਵਾਹ ਦੇ ਨਿਆਂ ਦੀ ਰੀਸ ਕਰਦਿਆਂ ਦੂਜਿਆਂ ਨਾਲ ਨਿਰਪੱਖਤਾ ਨਾਲ ਪੇਸ਼ ਆਓ। ਯਿਸੂ ਵਾਂਗ ਯਹੋਵਾਹ ਦੇ ਨਾਂ ਦੀ ਖ਼ਾਤਰ ਖ਼ੁਸ਼ੀ-ਖ਼ੁਸ਼ੀ ਦੁੱਖ ਝੱਲ ਕੇ ਅਤੇ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਜੀ-ਜਾਨ ਲਾ ਕੇ ਯਹੋਵਾਹ ਅਤੇ ਲੋਕਾਂ ਨੂੰ ਪਿਆਰ ਕਰੋ। ਨਾਲੇ ਯਿਸੂ ਵਾਂਗ ਦੂਜਿਆਂ ਨੂੰ ਪ੍ਰਚਾਰ ਕਰੋ ਤਾਂਕਿ ਉਨ੍ਹਾਂ ਨੂੰ ਜਾਣਨ ਦਾ ਮੌਕਾ ਮਿਲੇ ਕਿ ਯਹੋਵਾਹ ਨੇ ਮਨੁੱਖਜਾਤੀ ਲਈ ਕੀ ਕੁਝ ਕੀਤਾ ਹੈ ਅਤੇ ਉਹ ਰਿਹਾਈ ਦੀ ਕੀਮਤ ʼਤੇ ਨਿਹਚਾ ਜ਼ਾਹਰ ਕਰ ਸਕਣ।

17. ਅਗਲੇ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

17 ਜਿੰਨਾ ਜ਼ਿਆਦਾ ਅਸੀਂ ਰਿਹਾਈ ਦੀ ਕੀਮਤ ਬਾਰੇ ਜਾਣਾਂਗੇ ਅਤੇ ਉਸ ਲਈ ਸ਼ੁਕਰਗੁਜ਼ਾਰੀ ਦਿਖਾਵਾਂਗੇ, ਉੱਨਾ ਜ਼ਿਆਦਾ ਯਹੋਵਾਹ ਅਤੇ ਉਸ ਦੇ ਪੁੱਤਰ ਲਈ ਸਾਡਾ ਪਿਆਰ ਵਧੇਗਾ। ਬਦਲੇ ਵਿਚ, ਉਹ ਵੀ ਸਾਨੂੰ ਹੋਰ ਜ਼ਿਆਦਾ ਪਿਆਰ ਕਰਨਗੇ। (ਯੂਹੰ. 14:21; ਯਾਕੂ. 4:8) ਰਿਹਾਈ ਦੀ ਕੀਮਤ ਬਾਰੇ ਜਾਣਨ ਲਈ ਯਹੋਵਾਹ ਨੇ ਜੋ ਪ੍ਰਬੰਧ ਕੀਤੇ ਹਨ, ਉਨ੍ਹਾਂ ਦਾ ਪੂਰਾ-ਪੂਰਾ ਫ਼ਾਇਦਾ ਲਓ। ਅਗਲੇ ਲੇਖ ਵਿਚ ਅਸੀਂ ਜਾਣਾਂਗੇ ਕਿ ਰਿਹਾਈ ਦੀ ਕੀਮਤ ਕਰਕੇ ਸਾਨੂੰ ਕਿਹੜੀਆਂ-ਕਿਹੜੀਆਂ ਬਰਕਤਾਂ ਮਿਲਦੀਆਂ ਹਨ ਅਤੇ ਅਸੀਂ ਯਹੋਵਾਹ ਦੇ ਪਿਆਰ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ।

ਗੀਤ 107 ਪਰਮੇਸ਼ੁਰ ਦੇ ਪਿਆਰ ਦੀ ਮਿਸਾਲ

a ਸ਼ਬਦ ਦਾ ਮਤਲਬ: “ਸੋਚ-ਵਿਚਾਰ” ਕਰਨ ਦਾ ਮਤਲਬ ਹੈ ਕਿਸੇ ਵਿਸ਼ੇ ਬਾਰੇ ਗਹਿਰਾਈ ਨਾਲ ਸੋਚਣਾ ਅਤੇ ਉਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਜਾਣਕਾਰੀ ਲੈਣੀ।

b ਅਫ਼ਸੀਆਂ 1:10 ਵਿਚ ਪੌਲੁਸ ਰਸੂਲ ਨੇ ‘ਸਵਰਗ ਦੀਆਂ ਚੀਜ਼ਾਂ’ ਨੂੰ ਇਕੱਠਾ ਕਰਨ ਦੀ ਜੋ ਗੱਲ ਕਹੀ ਅਤੇ ਯਿਸੂ ਮਸੀਹ ਨੇ ਮੱਤੀ 24:31 ਅਤੇ ਮਰਕੁਸ 13:27 ਵਿਚ “ਚੁਣੇ ਹੋਏ” ਲੋਕਾਂ ਨੂੰ ਇਕੱਠਾ ਕਰਨ ਦੀ ਗੱਲ ਕਹੀ, ਉਨ੍ਹਾਂ ਦੋਹਾਂ ਵਿਚ ਫ਼ਰਕ ਹੈ। ਪੌਲੁਸ ਉਸ ਸਮੇਂ ਦੀ ਗੱਲ ਕਰ ਰਿਹਾ ਸੀ ਜਦੋਂ ਯਹੋਵਾਹ ਕੁਝ ਲੋਕਾਂ ਨੂੰ ਯਿਸੂ ਨਾਲ ਰਾਜ ਕਰਨ ਲਈ ਪਵਿੱਤਰ ਸ਼ਕਤੀ ਨਾਲ ਚੁਣਦਾ ਹੈ। ਪਰ ਯਿਸੂ ਉਸ ਸਮੇਂ ਦੀ ਗੱਲ ਕਰ ਰਿਹਾ ਸੀ ਜਦੋਂ ਧਰਤੀ ਉੱਤੇ ਰਹਿੰਦੇ ਚੁਣੇ ਹੋਏ ਮਸੀਹੀਆਂ ਨੂੰ ਮਹਾਂਕਸ਼ਟ ਦੌਰਾਨ ਸਵਰਗ ਵਿਚ ਇਕੱਠਾ ਕੀਤਾ ਜਾਵੇਗਾ।