“ਯਹੋਵਾਹ ਤੁਹਾਡੇ ਫ਼ੈਸਲਿਆਂ ’ਤੇ ਬਰਕਤ ਪਾਵੇ”
“ਤੂੰ ਯਹੋਵਾਹ ਉੱਤੇ ਨਿਹਾਲ ਰਹੁ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ।”—ਜ਼ਬੂ. 37:4.
ਗੀਤ: 11, 44
1. ਨੌਜਵਾਨਾਂ ਨੂੰ ਆਪਣੇ ਭਵਿੱਖ ਲਈ ਕੀ ਤੈਅ ਕਰਨਾ ਚਾਹੀਦਾ ਹੈ? ਕਿਹੜੀ ਗੱਲ ਕਰਕੇ ਉਹ ਹੱਦੋਂ ਵਧ ਚਿੰਤਾ ਕਰਨ ਤੋਂ ਬਚ ਸਕਦੇ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
ਨੌਜਵਾਨ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਕਿਤੇ ਵੀ ਜਾਣ ਤੋਂ ਪਹਿਲਾਂ ਆਪਣੀ ਮੰਜ਼ਲ ਤੈਅ ਕਰਨੀ ਚੰਗੀ ਗੱਲ ਹੁੰਦੀ ਹੈ। ਜ਼ਿੰਦਗੀ ਇਕ ਸਫ਼ਰ ਵਾਂਗ ਹੈ ਅਤੇ ਜਵਾਨੀ ਹੀ ਆਪਣੀ ਮੰਜ਼ਲ ਤੈਅ ਕਰਨ ਦਾ ਸਭ ਤੋਂ ਵਧੀਆ ਸਮਾਂ ਹੁੰਦਾ ਹੈ। ਪਰ ਇਸ ਤਰ੍ਹਾਂ ਦੇ ਫ਼ੈਸਲੇ ਕਰਨੇ ਸੌਖੇ ਨਹੀਂ ਹੁੰਦੇ। ਹੈਦਰ ਨਾਂ ਦੀ ਭੈਣ ਨੇ ਕਿਹਾ: “ਮੈਂ ਤਾਂ ਇਹ ਸੋਚ ਕੇ ਹੀ ਬਹੁਤ ਡਰ ਜਾਂਦੀ ਹਾਂ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਕੀ ਕਰਾਂਗੀ।” ਜੇ ਤੁਸੀਂ ਵੀ ਇਸ ਕੁੜੀ ਵਾਂਗ ਮਹਿਸੂਸ ਕਰਦੇ ਹੋ, ਤਾਂ ਯਹੋਵਾਹ ਦੇ ਸ਼ਬਦ ਯਾਦ ਰੱਖੋ: “ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ।”—ਯਸਾ. 41:10.
2. ਤੁਸੀਂ ਕਿਵੇਂ ਜਾਣਦੇ ਹੋ ਕਿ ਯਹੋਵਾਹ ਤੁਹਾਡੇ ਲਈ ਭਵਿੱਖ ਵਿਚ ਖ਼ੁਸ਼ੀਆਂ ਚਾਹੁੰਦਾ ਹੈ?
2 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸੋਚ-ਸਮਝ ਕੇ ਭਵਿੱਖ ਲਈ ਫ਼ੈਸਲੇ ਕਰੀਏ। (ਉਪ. 12:1; ਮੱਤੀ 6:20) ਉਹ ਤੁਹਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ। ਇਹ ਗੱਲ ਉਦੋਂ ਸਾਫ਼ ਹੋ ਜਾਂਦੀ ਹੈ ਜਦੋਂ ਅਸੀਂ ਸ੍ਰਿਸ਼ਟੀ ਵਿਚ ਬਣਾਈਆਂ ਉਸ ਦੀਆਂ ਚੀਜ਼ਾਂ ਨੂੰ ਦੇਖਦੇ, ਸੁਣਦੇ ਅਤੇ ਚੱਖਦੇ ਹਾਂ। ਯਹੋਵਾਹ ਹੋਰ ਵੀ ਤਰੀਕਿਆਂ ਰਾਹੀਂ ਸਾਡੀ ਪਰਵਾਹ ਦਿਖਾਉਂਦਾ ਹੈ। ਉਹ ਸਾਨੂੰ ਸਲਾਹ ਦਿੰਦਾ ਹੈ ਅਤੇ ਸਭ ਤੋਂ ਵਧੀਆ ਜ਼ਿੰਦਗੀ ਜੀਉਣ ਦਾ ਤਰੀਕਾ ਦੱਸਦਾ ਹੈ। ਉਸ ਨੂੰ ਖ਼ੁਸ਼ੀ ਨਹੀਂ ਹੁੰਦੀ ਜਦੋਂ ਲੋਕ ਉਸ ਦੀ ਸਲਾਹ ਨਹੀਂ ਮੰਨਦੇ। ਇੱਦਾਂ ਦੇ ਲੋਕਾਂ ਬਾਰੇ ਪਰਮੇਸ਼ੁਰ ਕਹਿੰਦਾ ਹੈ: “ਜੋ ਮੈਨੂੰ ਪਸੰਦ ਨਹੀਂ ਸੀ ਸੋ ਤੁਸਾਂ ਚੁਣਿਆ। . . . ਵੇਖੋ, ਮੇਰੇ ਦਾਸ ਖਾਣਗੇ ਪਰ ਤੁਸੀਂ ਭੁੱਖੇ ਰਹੋਗੇ, ਵੇਖੋ, ਮੇਰੇ ਦਾਸ ਪੀਣਗੇ ਪਰ ਤੁਸੀਂ ਤਿਹਾਏ ਰਹੋਗੇ, ਵੇਖੋ, ਮੇਰੇ ਦਾਸ ਖੁਸ਼ੀ ਮਨਾਉਣਗੇ ਪਰ ਤੁਸੀਂ ਸ਼ਰਮ ਖਾਓਗੇ, ਵੇਖੋ, ਮੇਰੇ ਦਾਸ ਖੁਸ਼ ਦਿਲੀ ਨਾਲ ਜੈਕਾਰੇ ਗਜਾਉਣਗੇ” (ਯਸਾ. 65:12-14) ਜ਼ਿੰਦਗੀ ਵਿਚ ਸਮਝਦਾਰੀ ਨਾਲ ਫ਼ੈਸਲੇ ਕਰਕੇ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ।—ਕਹਾ. 27:11.
ਫ਼ੈਸਲੇ ਜਿਨ੍ਹਾਂ ਤੋਂ ਤੁਹਾਨੂੰ ਖ਼ੁਸ਼ੀ ਮਿਲੇਗੀ
3. ਯਹੋਵਾਹ ਤੁਹਾਨੂੰ ਕੀ ਕਰਨ ਦੀ ਸਲਾਹ ਦਿੰਦਾ ਹੈ?
3 ਯਹੋਵਾਹ ਤੁਹਾਨੂੰ ਕੀ ਕਰਨ ਦੀ ਸਲਾਹ ਦਿੰਦਾ ਹੈ? ਯਹੋਵਾਹ ਨੇ ਇਨਸਾਨਾਂ ਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਉਹ ਉਸ ਨੂੰ ਜਾਣਨ ਅਤੇ ਉਸ ਦੀ ਭਗਤੀ ਕਰ ਕੇ ਖ਼ੁਸ਼ ਰਹਿਣ। (ਜ਼ਬੂ. 128:1; ਮੱਤੀ 5:3) ਜਾਨਵਰ ਸਿਰਫ਼ ਖਾਂਦੇ, ਪੀਂਦੇ ਅਤੇ ਬੱਚੇ ਪੈਦਾ ਕਰਦੇ ਹਨ। ਪਰ ਯਹੋਵਾਹ ਚਾਹੁੰਦਾ ਹੈ ਕਿ ਤੁਹਾਡੀ ਜ਼ਿੰਦਗੀ ਮਕਸਦ ਭਰੀ ਅਤੇ ਖ਼ੁਸ਼ੀਆਂ ਭਰੀ ਹੋਵੇ। ਤੁਹਾਡਾ ਸ੍ਰਿਸ਼ਟੀਕਰਤਾ “ਖ਼ੁਸ਼ਦਿਲ” ਅਤੇ “ਪਿਆਰ” ਕਰਨ ਵਾਲਾ ਪਰਮੇਸ਼ੁਰ ਹੈ ਜਿਸ ਨੇ ਇਨਸਾਨਾਂ ਨੂੰ “ਆਪਣੇ ਸਰੂਪ” ’ਤੇ ਬਣਾਇਆ ਹੈ। (2 ਕੁਰਿੰ. 13:11; 1 ਤਿਮੋ. 1:11; ਉਤ. 1:27) ਪਿਆਰ ਕਰਨ ਵਾਲੇ ਪਰਮੇਸ਼ੁਰ ਦੀ ਰੀਸ ਕਰ ਕੇ ਤੁਹਾਨੂੰ ਖ਼ੁਸ਼ੀ ਮਿਲੇਗੀ। ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਇਸ ਗੱਲ ਨੂੰ ਮਹਿਸੂਸ ਕੀਤਾ ਹੈ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂ. 20:35) ਜੀ ਹਾਂ, ਇਹ ਜ਼ਿੰਦਗੀ ਦੀ ਸੱਚਾਈ ਹੈ। ਇਸ ਲਈ ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਭਵਿੱਖ ਲਈ ਅਜਿਹੇ ਫ਼ੈਸਲੇ ਕਰੋ ਜਿਸ ਤੋਂ ਪਰਮੇਸ਼ੁਰ ਲਈ ਅਤੇ ਲੋਕਾਂ ਲਈ ਤੁਹਾਡਾ ਪਿਆਰ ਝਲਕੇ।—ਮੱਤੀ 22:36-39 ਪੜ੍ਹੋ।
4, 5. ਯਿਸੂ ਨੂੰ ਕਿਹੜੀ ਗੱਲ ਤੋਂ ਖ਼ੁਸ਼ੀ ਮਿਲਦੀ ਸੀ?
4 ਨੌਜਵਾਨੋ, ਯਿਸੂ ਨੇ ਤੁਹਾਡੇ ਸਾਮ੍ਹਣੇ ਸਭ ਤੋਂ ਵਧੀਆ ਮਿਸਾਲ ਰੱਖੀ ਹੈ। ਉਹ ਆਪਣੇ ਬਚਪਨ ਵਿਚ ਜ਼ਰੂਰ ਖੇਡਦਾ ਤੇ ਮਜ਼ੇ ਕਰਦਾ ਹੋਣਾ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ “ਇੱਕ ਹੱਸਣ ਦਾ ਵੇਲਾ ਹੈ” ਅਤੇ “ਇੱਕ ਨੱਚਣ ਦਾ ਵੇਲਾ ਹੈ।” (ਉਪ. 3:4) ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਯਿਸੂ ਯਹੋਵਾਹ ਦੇ ਨੇੜੇ ਗਿਆ ਸੀ। ਜਦੋਂ ਯਿਸੂ 12 ਸਾਲਾਂ ਦਾ ਸੀ, ਤਾਂ ਮੰਦਰ ਦੇ ਧਰਮ-ਗੁਰੂਆ ਨੂੰ “ਉਸ ਦੇ ਜਵਾਬ ਸੁਣ ਕੇ ਅਤੇ ਉਸ ਦੀ ਸਮਝ ਦੇਖ ਕੇ ਅਚੰਭਾ ਹੋ ਰਿਹਾ ਸੀ।”—ਲੂਕਾ 2:42, 46, 47.
5 ਵੱਡਾ ਹੋ ਕੇ ਵੀ ਯਿਸੂ ਦੀ ਖ਼ੁਸ਼ੀ ਪਰਮੇਸ਼ੁਰ ਦਾ ਕਹਿਣ ਮੰਨਣ ਵਿਚ ਸੀ। ਮਿਸਾਲ ਲਈ, ਪਰਮੇਸ਼ੁਰ ਚਾਹੁੰਦਾ ਸੀ ਕਿ ਉਹ “ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ” ਸੁਣਾਵੇ ਅਤੇ “ਅੰਨ੍ਹਿਆਂ ਨੂੰ ਸੁਜਾਖੇ” ਕਰੇ। (ਲੂਕਾ 4:18) ਜ਼ਬੂਰ 40:8 ਵਿਚ ਦੱਸਿਆ ਗਿਆ ਹੈ ਕਿ ਯਿਸੂ ਪਰਮੇਸ਼ੁਰ ਬਾਰੇ ਕੀ ਸੋਚਦਾ ਹੈ: “ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ।” ਆਪਣੇ ਪਿਤਾ ਬਾਰੇ ਲੋਕਾਂ ਨੂੰ ਸਿਖਾ ਕੇ ਯਿਸੂ ਨੂੰ ਬਹੁਤ ਖ਼ੁਸ਼ੀ ਮਿਲਦੀ ਸੀ। (ਲੂਕਾ 10:21 ਪੜ੍ਹੋ।) ਸੱਚੀ ਭਗਤੀ ਬਾਰੇ ਇਕ ਔਰਤ ਨਾਲ ਗੱਲ ਕਰਨ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਘੱਲਣ ਵਾਲੇ ਦੀ ਇੱਛਾ ਪੂਰੀ ਕਰਾਂ ਅਤੇ ਉਸ ਨੇ ਮੈਨੂੰ ਜੋ ਕੰਮ ਦਿੱਤਾ ਹੈ, ਉਹ ਪੂਰਾ ਕਰਾਂ।” (ਯੂਹੰ. 4:31-34) ਪਰਮੇਸ਼ੁਰ ਅਤੇ ਦੂਸਰਿਆਂ ਨੂੰ ਪਿਆਰ ਦਿਖਾ ਕੇ ਯਿਸੂ ਨੂੰ ਬਹੁਤ ਖ਼ੁਸ਼ੀ ਮਿਲੀ। ਯਿਸੂ ਦੀ ਰੀਸ ਕਰ ਕੇ ਤੁਸੀਂ ਵੀ ਖ਼ੁਸ਼ ਰਹਿ ਸਕਦੇ ਹੋ।
6. ਤੁਹਾਨੂੰ ਆਪਣੇ ਫ਼ੈਸਲਿਆਂ ਬਾਰੇ ਦੂਸਰਿਆਂ ਨਾਲ ਗੱਲ ਕਿਉਂ ਕਰਨੀ ਚਾਹੀਦੀ ਹੈ?
6 ਬਹੁਤ ਸਾਰੇ ਮਸੀਹੀਆਂ ਨੂੰ ਜਵਾਨੀ ਵਿਚ ਪਾਇਨੀਅਰਿੰਗ ਕਰ ਕੇ ਖ਼ੁਸ਼ੀ ਮਿਲੀ। ਕਿਉਂ ਨਾ ਇਨ੍ਹਾਂ ਨਾਲ ਆਪਣੇ ਫ਼ੈਸਲਿਆਂ ਬਾਰੇ ਗੱਲ ਕਰੋ। “ਜੇ ਸਲਾਹ ਨਾ ਮਿਲੇ ਤਾਂ ਪਰੋਜਨ ਰੁੱਕ ਜਾਂਦੇ ਹਨ, ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ ਤਾਂ ਓਹ ਕਾਇਮ ਹੋ ਜਾਂਦੇ ਹਨ।” (ਕਹਾ. 15:22) ਇਹ ਭੈਣ-ਭਰਾ ਤੁਹਾਨੂੰ ਦੱਸ ਸਕਦੇ ਹਨ ਕਿ ਪਾਇਨੀਅਰਿੰਗ ਕਰ ਕੇ ਤੁਸੀਂ ਜੋ ਸਿੱਖਦੇ ਹੋ ਉਹ ਉਮਰ ਭਰ ਤੁਹਾਡੇ ਕੰਮ ਆਵੇਗਾ। ਯਿਸੂ ਨੇ ਸਵਰਗ ਵਿਚ ਆਪਣੇ ਪਿਤਾ ਤੋਂ ਬਹੁਤ ਕੁਝ ਸਿੱਖਿਆ ਅਤੇ ਧਰਤੀ ’ਤੇ ਆ ਕੇ ਵੀ ਸਿੱਖਦਾ ਰਿਹਾ। ਉਸ ਨੂੰ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਦੱਸ ਕੇ ਖ਼ੁਸ਼ੀ ਮਿਲਦੀ ਸੀ। ਉਸ ਨੇ ਮੁਸ਼ਕਲ ਹਾਲਾਤਾਂ ਵਿਚ ਵੀ ਆਪਣੀ ਵਫ਼ਾਦਾਰੀ ਬਣਾਈ ਰੱਖੀ। (ਯਸਾਯਾਹ 50:4 ਪੜ੍ਹੋ; ਇਬ. 5:8; 12:2) ਆਓ ਆਪਾਂ ਦੇਖੀਏ ਕਿ ਪੂਰੇ ਸਮੇਂ ਦੀ ਸੇਵਾ ਕਰ ਕੇ ਤੁਹਾਨੂੰ ਖ਼ੁਸ਼ੀ ਕਿਉਂ ਮਿਲੇਗੀ।
ਚੇਲੇ ਬਣਾਉਣ ਦਾ ਕੰਮ ਸਭ ਤੋਂ ਵਧੀਆ ਕਿਉਂ ਹੈ?
7. ਬਹੁਤ ਸਾਰੇ ਨੌਜਵਾਨਾਂ ਨੂੰ ਚੇਲੇ ਬਣਾਉਣ ਦਾ ਕੰਮ ਵਧੀਆ ਕਿਉਂ ਲੱਗਦਾ ਹੈ?
7 ਯਿਸੂ ਨੇ ਸਾਨੂੰ ਲੋਕਾਂ ਨੂੰ ‘ਚੇਲੇ ਬਣਾਉਣ’ ਅਤੇ ਸਿਖਾਉਣ ਦਾ ਹੁਕਮ ਦਿੱਤਾ। (ਮੱਤੀ 28:19, 20) ਜੇ ਤੁਸੀਂ ਅੱਗੇ ਚੱਲ ਕੇ ਪੂਰੇ ਸਮੇਂ ਦੀ ਸੇਵਾ ਕਰਨੀ ਚਾਹੁੰਦੇ ਹੋ, ਤਾਂ ਇਸ ਨਾਲ ਤੁਹਾਨੂੰ ਖ਼ੁਸ਼ੀ ਮਿਲੇਗੀ ਅਤੇ ਯਹੋਵਾਹ ਦੇ ਨਾਂ ਦੀ ਮਹਿਮਾ ਹੋਵੇਗੀ। ਕਿਸੇ ਵੀ ਕੰਮ ਵਿਚ ਮਾਹਰ ਬਣਨ ਲਈ ਸਮਾਂ ਲੱਗਦਾ ਹੈ। ਟਿਮਥੀ ਨਾਂ ਦੇ ਭਰਾ ਨੇ 19 ਸਾਲਾਂ ਦੀ ਉਮਰ ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। ਉਹ ਕਹਿੰਦਾ ਹੈ: “ਪੂਰੇ ਸਮੇਂ ਦੀ ਸੇਵਾ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਕਿਉਂਕਿ ਮੈਂ ਯਹੋਵਾਹ ਲਈ ਆਪਣਾ ਪਿਆਰ ਜ਼ਾਹਰ ਕਰਦਾ ਹਾਂ। ਸ਼ੁਰੂ-ਸ਼ੁਰੂ ਵਿਚ ਮੇਰੇ ਕੋਲ ਕੋਈ ਬਾਈਬਲ ਅਧਿਐਨ ਨਹੀਂ ਸੀ, ਪਰ ਦੂਸਰੇ ਇਲਾਕੇ ਵਿਚ ਜਾਣ ਕਰਕੇ ਮੈਨੂੰ ਇਕ ਮਹੀਨੇ ਦੇ ਅੰਦਰ-ਅੰਦਰ ਕਈ ਬਾਈਬਲ ਅਧਿਐਨ ਮਿਲੇ। ਉਨ੍ਹਾਂ ਵਿੱਚੋਂ ਇਕ ਵਿਦਿਆਰਥੀ ਸਭਾਵਾਂ ਵਿਚ ਆਉਣ ਲੱਗਾ। ਮੈਨੂੰ ਦੋ ਮਹੀਨਿਆਂ ਲਈ ਭਰਾਵਾਂ ਲਈ ਬਾਈਬਲ ਸਕੂਲ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। * ਇਸ ਤੋਂ ਬਾਅਦ ਮੈਨੂੰ ਕਿਤੇ ਹੋਰ ਸੇਵਾ ਕਰਨ ਲਈ ਭੇਜਿਆ ਗਿਆ ਜਿੱਥੇ ਮੈਂ ਚਾਰ ਬਾਈਬਲ ਅਧਿਐਨ ਕਰਾਉਣੇ ਸ਼ੁਰੂ ਕੀਤੇ। ਮੈਨੂੰ ਲੋਕਾਂ ਨੂੰ ਸਿਖਾਉਣਾ ਵਧੀਆ ਲੱਗਦਾ ਹੈ ਕਿਉਂਕਿ ਮੈਂ ਦੇਖ ਸਕਦਾ ਹਾਂ ਕਿ ਪਵਿੱਤਰ ਸ਼ਕਤੀ ਉਨ੍ਹਾਂ ਦੀ ਜ਼ਿੰਦਗੀ ਬਦਲ ਰਹੀ ਹੈ।”—1 ਥੱਸ. 2:19.
8. ਕੁਝ ਨੌਜਵਾਨਾਂ ਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਚਾਰ ਕਰਨ ਲਈ ਕੀ ਕੀਤਾ ਹੈ?
8 ਕੁਝ ਨੌਜਵਾਨਾਂ ਨੇ ਨਵੀਂ ਭਾਸ਼ਾ ਸਿੱਖੀ ਹੈ। ਮਿਸਾਲ ਲਈ, ਅਮਰੀਕਾ ਵਿਚ ਰਹਿਣ ਵਾਲਾ ਜੇਕਬ ਲਿਖਦਾ ਹੈ: “ਜਦੋਂ ਮੈਂ ਸੱਤ ਸਾਲਾਂ ਦਾ ਸੀ ਉਦੋਂ ਮੇਰੀ ਕਲਾਸ ਦੇ ਕਈ ਬੱਚੇ ਵੀਅਤਨਾਮੀ ਸਨ। ਮੈਂ ਉਨ੍ਹਾਂ ਨੂੰ ਯਹੋਵਾਹ ਬਾਰੇ ਦੱਸਣਾ ਚਾਹੁੰਦਾ ਸੀ। ਕੁਝ ਸਮੇਂ ਬਾਅਦ ਮੈਂ ਵੀਅਤਨਾਮੀ ਭਾਸ਼ਾ ਸਿੱਖਣੀ ਸ਼ੁਰੂ ਕੀਤੀ। ਮੈਂ ਜ਼ਿਆਦਾਤਰ ਵੀਅਤਨਾਮੀ ਭਾਸ਼ਾ ਅੰਗ੍ਰੇਜ਼ੀ ਅਤੇ ਵੀਅਤਨਾਮੀ ਦੇ ਪਹਿਰਾਬੁਰਜ ਦੀ ਤੁਲਨਾ ਕਰ ਕੇ ਸਿੱਖੀ। ਮੈਂ ਨੇੜੇ ਦੀ ਮੰਡਲੀ ਦੇ ਵੀਅਤਨਾਮੀ ਭਾਸ਼ਾ ਬੋਲਣ ਵਾਲੇ ਭੈਣਾਂ-ਭਰਾਵਾਂ ਨਾਲ ਦੋਸਤੀ ਕੀਤੀ। ਮੈਂ 18 ਸਾਲਾਂ ਦੀ ਉਮਰ ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। ਇਸ ਤੋਂ ਬਾਅਦ ਮੈਨੂੰ ਭਰਾਵਾਂ ਲਈ ਬਾਈਬਲ ਸਕੂਲ ਵਿਚ ਜਾਣ ਦਾ ਸੱਦਾ ਮਿਲਿਆ। ਇਸ ਸਕੂਲ ਨੇ ਮੇਰੀ ਬਹੁਤ ਮਦਦ ਕੀਤੀ। ਅੱਜ ਮੈਂ ਵੀਅਤਨਾਮੀ ਭਾਸ਼ਾ ਦੇ ਗਰੁੱਪ ਵਿਚ ਇਕੱਲੇ ਬਜ਼ੁਰਗ ਵਜੋਂ ਜ਼ਿੰਮੇਵਾਰੀਆਂ ਸੰਭਾਲਣ ਦੇ ਨਾਲ-ਨਾਲ ਪਾਇਨੀਅਰਿੰਗ ਵੀ ਕਰ ਪਾ ਰਿਹਾ ਹਾਂ। ਕਈ ਵੀਅਤਨਾਮੀ ਲੋਕ ਬਹੁਤ ਹੈਰਾਨ ਹੁੰਦੇ ਹਨ ਕਿ ਮੈਨੂੰ ਉਨ੍ਹਾਂ ਦੀ ਭਾਸ਼ਾ ਆਉਂਦੀ ਹੈ। ਉਹ ਮੈਨੂੰ ਆਪਣੇ ਘਰ ਬੁਲਾਉਂਦੇ ਹਨ ਅਤੇ ਅਕਸਰ ਮੈਂ ਉਨ੍ਹਾਂ ਨਾਲ ਬਾਈਬਲ ਅਧਿਐਨ ਸ਼ੁਰੂ ਕਰ ਪਾਉਂਦਾ ਹਾਂ। ਇਨ੍ਹਾਂ ਵਿੱਚੋਂ ਕਈਆਂ ਨੇ ਬਪਤਿਸਮਾ ਵੀ ਲੈ ਲਿਆ ਹੈ।”—ਰਸੂ. 2:7, 8 ਵਿਚ ਨੁਕਤਾ ਦੇਖੋ।
9. ਚੇਲੇ ਬਣਾਉਣ ਦੇ ਕੰਮ ਤੋਂ ਤੁਸੀਂ ਕੀ ਸਿੱਖਦੇ ਹੋ?
9 ਚੇਲੇ ਬਣਾਉਣ ਦੇ ਕੰਮ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਮਿਸਾਲ ਲਈ, ਤੁਹਾਡੇ ਵਿਚ ਕੰਮ ਕਰਨ ਦੀਆਂ ਚੰਗੀਆਂ ਆਦਤਾਂ ਪੈਦਾ ਹੁੰਦੀਆਂ ਹਨ, ਤੁਸੀਂ ਲੋਕਾਂ ਨਾਲ ਚੰਗੇ ਤਰੀਕੇ ਨਾਲ ਗੱਲ ਕਰਨੀ ਸਿੱਖਦੇ ਹੋ, ਤੁਹਾਡਾ ਭਰੋਸਾ ਵਧਦਾ ਹੈ ਤੇ ਤੁਸੀਂ ਸਮਝਦਾਰ ਬਣਦੇ ਹੋ। (ਕਹਾ. 21:5; 2 ਤਿਮੋ. 2:24) ਇਸ ਕੰਮ ਤੋਂ ਤੁਹਾਨੂੰ ਜ਼ਿਆਦਾ ਖ਼ੁਸ਼ੀ ਇਸ ਲਈ ਮਿਲਦੀ ਹੈ ਕਿਉਂਕਿ ਤੁਸੀਂ ਬਾਈਬਲ ਵਿੱਚੋਂ ਭਰੋਸੇ ਨਾਲ ਜਵਾਬ ਦੇਣੇ ਅਤੇ ਯਹੋਵਾਹ ਨਾਲ ਮਿਲ ਕੇ ਕੰਮ ਕਰਨਾ ਸਿੱਖਦੇ ਹੋ।—1 ਕੁਰਿੰ. 3:9.
10. ਭਾਵੇਂ ਤੁਹਾਡੇ ਇਲਾਕੇ ਵਿਚ ਬਹੁਤ ਹੀ ਘੱਟ ਲੋਕ ਬਾਈਬਲ ਅਧਿਐਨ ਕਰਨਾ ਚਾਹੁਣ, ਪਰ ਫਿਰ ਵੀ ਤੁਹਾਨੂੰ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?
10 ਭਾਵੇਂ ਤੁਹਾਡੇ ਇਲਾਕੇ ਵਿਚ ਬਹੁਤ ਹੀ ਘੱਟ ਲੋਕ ਬਾਈਬਲ ਅਧਿਐਨ ਕਰਨਾ ਚਾਹੁਣ, ਫਿਰ ਵੀ ਤੁਹਾਨੂੰ ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਮਿਲ ਸਕਦੀ ਹੈ। ਕਿਸੇ ਇਕੱਲੇ ਮਸੀਹੀ ਦੀ ਮਿਹਨਤ ਸਦਕਾ ਕੋਈ ਚੇਲਾ ਨਹੀਂ ਬਣਦਾ, ਸਗੋਂ ਸਾਰੀ ਮੰਡਲੀ ਦਾ ਹੱਥ ਹੁੰਦਾ ਹੈ। ਚਾਹੇ ਇਕ ਭੈਣ ਜਾ ਭਰਾ ਨੇ ਕਿਸੇ ਵਿਅਕਤੀ ਨੂੰ ਪ੍ਰਚਾਰ ਵਿਚ ਲੱਭਿਆ ਹੈ, ਪਰ ਫਿਰ ਵੀ ਸਾਰੀ ਮੰਡਲੀ ਖ਼ੁਸ਼ ਹੁੰਦੀ ਹੈ ਕਿਉਂਕਿ ਸਾਰਿਆਂ ਨੇ ਇਸ ਕੰਮ ਵਿਚ ਹਿੱਸਾ ਪਾਇਆ ਸੀ। ਮਿਸਾਲ ਲਈ, ਬਰੈਂਡਨ ਨਾਂ ਦੇ ਭਰਾ ਨੇ ਉਸ ਇਲਾਕੇ ਵਿਚ ਨੌਂ ਸਾਲ ਪਾਇਨੀਅਰਿੰਗ ਕੀਤੀ ਜਿੱਥੇ ਘੱਟ ਹੀ ਲੋਕ ਬਾਈਬਲ ਅਧਿਐਨ ਕਰਨਾ ਚਾਹੁੰਦੇ ਸਨ। ਉਹ ਦੱਸਦਾ ਹੈ: “ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਮੈਨੂੰ ਖ਼ੁਸ਼ੀ ਮਿਲਦੀ ਹੈ ਕਿਉਂਕਿ ਮੈਂ ਯਹੋਵਾਹ ਵੱਲੋਂ ਦਿੱਤਾ ਕੰਮ ਕਰ ਰਿਹਾ ਹਾਂ। ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ ਆਪਣੀ ਮੰਡਲੀ ਦੇ ਨੌਜਵਾਨ ਭਰਾਵਾਂ ਨੂੰ ਹੱਲਾਸ਼ੇਰੀ ਦੇਣੀ ਅਤੇ ਉਨ੍ਹਾਂ ਨੂੰ ਤਰੱਕੀ ਕਰਦਿਆਂ ਦੇਖ ਕੇ ਬਹੁਤ ਖ਼ੁਸ਼ੀ ਮਿਲਦੀ ਹੈ। ਭਰਾਵਾਂ ਲਈ ਬਾਈਬਲ ਸਕੂਲ ਵਿਚ ਜਾਣ ਤੋਂ ਬਾਅਦ ਮੈਨੂੰ ਨਵੀਂ ਜਗ੍ਹਾ ’ਤੇ ਪਾਇਨੀਅਰਿੰਗ ਕਰਨ ਲਈ ਭੇਜਿਆ ਗਿਆ। ਮੰਡਲੀ ਦੇ ਭੈਣ-ਭਰਾਵਾਂ ਨੇ ਕਈਆਂ ਦੀ ਬਪਤਿਸਮਾ ਲੈਣ ਵਿਚ ਮਦਦ ਕੀਤੀ ਹੈ। ਚਾਹੇ ਮੈਂ ਇਸ ਤਰ੍ਹਾਂ ਨਹੀਂ ਕਰ ਸਕਿਆ, ਫਿਰ ਵੀ ਮੈਨੂੰ ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਮਿਲਦੀ ਹੈ।”—ਉਪ. 11:6.
ਤੁਹਾਡੇ ਫ਼ੈਸਲਿਆਂ ਦਾ ਕੀ ਨਤੀਜਾ ਨਿਕਲੇਗਾ?
11. ਨੌਜਵਾਨਾਂ ਨੇ ਯਹੋਵਾਹ ਦੀ ਸੇਵਾ ਵਿਚ ਹੋਰ ਕਿਹੜਾ ਕੰਮ ਕਰ ਕੇ ਖ਼ੁਸ਼ੀ ਪਾਈ?
11 ਯਹੋਵਾਹ ਦੀ ਸੇਵਾ ਵਿਚ ਬਹੁਤ ਸਾਰੇ ਮੌਕੇ ਹਨ। ਮਿਸਾਲ ਲਈ, ਸੈਂਕੜੇ ਹੀ ਨਵੇਂ ਕਿੰਗਡਮ ਹਾਲਾਂ ਦੀ ਲੋੜ ਹੈ ਇਸ ਲਈ ਬਹੁਤ ਸਾਰੇ ਨੌਜਵਾਨ ਉਸਾਰੀ ਦੇ ਕੰਮ ਵਿਚ ਮਦਦ ਕਰਦੇ ਹਨ। ਕਿੰਗਡਮ ਹਾਲਾਂ ਵਿਚ ਯਹੋਵਾਹ ਦੇ ਨਾਂ ਦੀ ਉਸਤਤ ਹੁੰਦੀ ਹੈ ਇਸ ਲਈ ਇਨ੍ਹਾਂ ਨੂੰ ਬਣਾ ਕੇ ਤੁਹਾਨੂੰ ਖ਼ੁਸ਼ੀ ਮਿਲ ਸਕਦੀ ਹੈ। ਤੁਹਾਨੂੰ ਭੈਣਾਂ-ਭਰਾਵਾਂ ਨਾਲ ਕੰਮ ਕਰ ਕੇ ਵੀ ਖ਼ੁਸ਼ੀ ਮਿਲ ਸਕਦੀ ਹੈ। ਤੁਸੀਂ ਹੋਰ ਵੀ ਬਹੁਤ ਕੁਝ ਸਿੱਖ ਸਕਦੇ ਹੋ, ਜਿਵੇਂ ਕਿ ਸੁਰੱਖਿਅਤ ਤੇ ਸਹੀ ਤਰੀਕੇ ਨਾਲ ਕੰਮ ਕਰਨਾ ਅਤੇ ਅਗਵਾਈ ਲੈਣ ਵਾਲੇ ਭਰਾਵਾਂ ਦੇ ਅਧੀਨ ਰਹਿਣਾ।
12. ਪਾਇਨੀਅਰਿੰਗ ਕਰਨ ਨਾਲ ਹੋਰ ਕਿਹੜੇ ਮੌਕੇ ਮਿਲ ਸਕਦੇ ਹਨ?
12 ਕੇਵਨ ਨਾਂ ਦਾ ਭਰਾ ਦੱਸਦਾ ਹੈ: “ਛੋਟੇ ਹੁੰਦਿਆਂ ਤੋਂ ਹੀ ਮੈਂ ਪੂਰੇ ਸਮੇਂ ਦੀ ਸੇਵਾ ਕਰਨੀ ਚਾਹੁੰਦਾ ਸੀ। ਅਖ਼ੀਰ ਮੈਂ 19 ਸਾਲਾਂ ਦੀ ਉਮਰ ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਮੈਂ ਅਜਿਹਾ ਕੰਮ ਲੱਭਿਆ ਜਿਸ ਨਾਲ ਮੈਂ ਆਪਣਾ ਗੁਜ਼ਾਰਾ ਕਰਨ ਦੇ ਨਾਲ-ਨਾਲ ਪਾਇਨੀਅਰਿੰਗ ਵੀ ਕਰ ਸਕਿਆ। ਮੈਂ ਇਕ ਭਰਾ ਨਾਲ ਕੰਮ ਕਰਦਾ ਸੀ ਜੋ ਮਕਾਨ ਬਣਾਉਂਦਾ ਸੀ। ਉਸ ਤੋਂ ਮੈਂ ਛੱਤ ਪਾਉਣੀ ਅਤੇ ਤਾਕੀਆਂ ਤੇ ਦਰਵਾਜ਼ੇ ਲਾਉਣੇ ਸਿੱਖੇ। ਇਸ ਤੋਂ ਬਾਅਦ ਮੈਂ ਰਾਹਤ ਪਹੁੰਚਾਉਣ ਵਾਲੇ ਕੰਮ ਵਿਚ ਹਿੱਸਾ ਲਿਆ। ਮੈਂ ਉਨ੍ਹਾਂ ਥਾਵਾਂ ’ਤੇ ਉਸਾਰੀ ਦਾ ਕੰਮ ਕੀਤਾ ਜਿੱਥੇ ਤੂਫ਼ਾਨ ਕਰਕੇ ਕਿੰਗਡਮ ਹਾਲਾਂ ਅਤੇ ਭੈਣਾਂ-ਭਰਾਵਾਂ ਦੇ ਘਰਾਂ ਦਾ ਨੁਕਸਾਨ ਹੋਇਆ ਸੀ। ਜਦੋਂ ਮੈਨੂੰ ਪਤਾ ਲੱਗਾ ਕਿ ਦੱਖਣੀ ਅਫ਼ਰੀਕਾ ਵਿਚ ਉਸਾਰੀ ਦਾ ਕੰਮ ਕਰਨ ਵਾਲੇ ਭਰਾਵਾਂ ਦੀ ਲੋੜ ਹੈ, ਤਾਂ ਮੈਂ ਅਰਜ਼ੀ ਭਰੀ ਅਤੇ ਮੈਨੂੰ ਦੱਖਣੀ ਅਫ਼ਰੀਕਾ ਜਾਣ ਦੀ ਮਨਜ਼ੂਰੀ ਮਿਲ ਗਈ। ਉੱਥੇ ਮੈਂ ਕਿੰਗਡਮ ਹਾਲ ਬਣਾਉਣ ਲਈ ਕੁਝ ਹੀ ਹਫ਼ਤਿਆਂ ਬਾਅਦ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦਾ ਹਾਂ। ਜਿਨ੍ਹਾਂ ਭੈਣਾਂ-ਭਰਾਵਾਂ ਨਾਲ ਮੈਂ ਕੰਮ ਕਰਦਾ ਹਾਂ, ਉਹ ਮੇਰੇ ਪਰਿਵਾਰ ਦੀ ਤਰ੍ਹਾਂ ਹਨ। ਅਸੀਂ ਇਕੱਠੇ ਰਹਿੰਦੇ, ਇਕੱਠੇ ਬਾਈਬਲ ਪੜ੍ਹਦੇ ਅਤੇ ਇਕੱਠੇ ਕੰਮ ਕਰਦੇ ਹਾਂ। ਹਰ ਹਫ਼ਤੇ ਮੈਨੂੰ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰ ਕੇ ਵੀ ਬਹੁਤ ਖ਼ੁਸ਼ੀ ਮਿਲਦੀ ਹੈ। ਮੈਂ ਛੋਟੀ ਉਮਰ ਵਿਚ ਜੋ ਵੀ ਫ਼ੈਸਲੇ ਕੀਤੇ ਸਨ, ਅੱਜ ਉਨ੍ਹਾਂ ਕਰਕੇ ਮੈਨੂੰ ਉਹ ਖ਼ੁਸ਼ੀ ਮਿਲੀ ਰਹੀ ਹੈ ਜੋ ਮੈਂ ਕਦੀ ਸੋਚੀ ਵੀ ਨਹੀਂ ਸੀ।”
13. ਬਹੁਤ ਸਾਰੇ ਨੌਜਵਾਨ ਬੈਥਲ ਵਿਚ ਸੇਵਾ ਕਰ ਕੇ ਖ਼ੁਸ਼ ਕਿਉਂ ਹਨ?
13 ਜਿਹੜੇ ਕੁਝ ਭੈਣ-ਭਰਾ ਪਹਿਲਾਂ ਪਾਇਨੀਅਰਿੰਗ ਕਰਦੇ ਸਨ, ਉਹ ਅੱਜ ਬੈਥਲ ਵਿਚ ਸੇਵਾ ਕਰ ਰਹੇ ਹਨ। ਉਨ੍ਹਾਂ ਨੂੰ ਬੈਥਲ ਵਿਚ ਸੇਵਾ ਕਰ ਕੇ ਵੀ ਬਹੁਤ ਖ਼ੁਸ਼ੀ ਮਿਲਦੀ ਹੈ ਕਿਉਂਕਿ ਉੱਥੇ ਉਹ ਜੋ ਵੀ ਕੰਮ ਕਰਦੇ ਹਨ ਉਹ ਸਭ ਯਹੋਵਾਹ ਲਈ ਕਰਦੇ ਹਨ। ਬੈਥਲ ਵਿਚ ਬਾਈਬਲ ਅਤੇ ਕਈ ਪ੍ਰਕਾਸ਼ਨ ਤਿਆਰ ਕੀਤੇ ਜਾਂਦੇ ਹਨ, ਜਿਸ ਨਾਲ ਲੋਕਾਂ ਨੂੰ ਸੱਚਾਈ ਸਿੱਖਣ ਵਿਚ ਮਦਦ ਮਿਲਦੀ ਹੈ। ਬੈਥਲ ਵਿਚ ਸੇਵਾ ਕਰਨ ਵਾਲੇ ਭਰਾ ਡਸਟਿਨ ਨੇ ਦੱਸਿਆ: “ਮੈਂ ਨੌਂ ਸਾਲ ਦੀ ਉਮਰ ਵਿਚ ਪੂਰੇ ਸਮੇਂ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਸੀ। ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। ਡੇਢ ਸਾਲ ਬਾਅਦ ਹੀ ਮੈਨੂੰ ਬੈਥਲ ਜਾਣ ਦਾ ਸੱਦਾ ਮਿਲਿਆ। ਉੱਥੇ ਮੈਂ ਛਪਾਈ ਦੀਆਂ ਮਸ਼ੀਨਾਂ ਚਲਾਉਣੀਆਂ ਸਿੱਖੀਆਂ ਅਤੇ ਬਾਅਦ ਵਿਚ ਕੰਪਿਊਟਰ ਦਾ ਕੰਮ ਕਰਨਾ ਵੀ ਸਿੱਖਿਆ। ਇੱਥੇ ਮੈਨੂੰ ਪੂਰੀ ਦੁਨੀਆਂ ਵਿਚ ਪ੍ਰਚਾਰ ਦੇ ਕੰਮ ਦੇ ਵਾਧੇ ਬਾਰੇ ਸੁਣ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਮੈਨੂੰ ਇੱਥੇ ਸੇਵਾ ਕਰ ਕੇ ਬਹੁਤ ਖ਼ੁਸ਼ੀ ਮਿਲਦੀ ਹੈ ਕਿਉਂਕਿ ਸਾਡੀ ਸੇਵਾ ਕਰਕੇ ਲੋਕ ਯਹੋਵਾਹ ਦੇ ਨੇੜੇ ਜਾ ਸਕਦੇ ਹਨ।”
ਤੁਸੀਂ ਭਵਿੱਖ ਵਿਚ ਕੀ ਕਰਨ ਦਾ ਫ਼ੈਸਲਾ ਕੀਤਾ ਹੈ?
14. ਪੂਰੇ ਸਮੇਂ ਦੀ ਸੇਵਾ ਕਰਨ ਲਈ ਤੁਸੀਂ ਕਿਹੜੀ ਤਿਆਰੀ ਕਰ ਸਕਦੇ ਹੋ?
14 ਤੁਸੀਂ ਪੂਰੇ ਸਮੇਂ ਦੀ ਸੇਵਾ ਕਰਨ ਦੀ ਤਿਆਰੀ ਕਿਵੇਂ ਕਰ ਸਕਦੇ ਹੋ? ਸਭ ਤੋਂ ਵਧੀਆ ਤਰੀਕੇ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਤੁਹਾਨੂੰ ਮਸੀਹੀ ਗੁਣ ਪੈਦਾ ਕਰਨ ਦੀ ਲੋੜ ਹੈ। ਲਗਾਤਾਰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰੋ, ਇਸ ’ਤੇ ਮਨਨ ਕਰੋ ਅਤੇ ਸਭਾਵਾਂ ਵਿਚ ਹਿੱਸਾ ਲੈ ਕੇ ਆਪਣੀ ਨਿਹਚਾ ਦਾ ਸਬੂਤ ਦਿਓ। ਚਾਹੇ ਤੁਸੀਂ ਹਾਲੇ ਸਕੂਲ ਜਾਂਦੇ ਹੋ, ਤਾਂ ਵੀ ਤੁਸੀਂ ਪ੍ਰਚਾਰ ਕਰਨ ਦੀ ਕਾਬਲੀਅਤ ਨਿਖਾਰ ਸਕਦੇ ਹੋ। ਸਮਝਦਾਰੀ ਨਾਲ ਦੂਸਰਿਆਂ ਦੀ ਰਾਇ ਪੁੱਛੋ ਅਤੇ ਉਨ੍ਹਾਂ ਦੀ ਗੱਲ ਸੁਣ ਕੇ ਦਿਲਚਸਪੀ ਲੈਣੀ ਸਿੱਖੋ। ਇਸ ਦੇ ਨਾਲ-ਨਾਲ ਤੁਸੀਂ ਮੰਡਲੀ ਦੇ ਕੰਮਾਂ ਵਿਚ ਹੱਥ ਵਟਾ ਸਕਦੇ ਹੋ, ਜਿਵੇਂ ਕਿ ਕਿੰਗਡਮ ਹਾਲ ਦੀ ਸਫ਼ਾਈ ਅਤੇ ਮੁਰੰਮਤ ਕਰਨੀ। ਯਹੋਵਾਹ ਨਿਮਰ ਅਤੇ ਖ਼ੁਸ਼ੀ ਨਾਲ ਕੰਮ ਕਰਨ ਵਾਲਿਆਂ ਤੋਂ ਖ਼ੁਸ਼ ਹੁੰਦਾ ਹੈ। (ਜ਼ਬੂਰਾਂ ਦੀ ਪੋਥੀ 110:3 ਪੜ੍ਹੋ; ਰਸੂ. 6:1-3) ਪੌਲੂਸ ਰਸੂਲ ਨੇ ਤਿਮੋਥਿਉਸ ਨੂੰ ਮਿਸ਼ਨਰੀ ਦੌਰੇ ’ਤੇ ਆਉਣ ਦਾ ਸੱਦਾ ਦਿੱਤਾ ਕਿਉਂਕਿ “ਭਰਾ ਉਸ ਦੀਆਂ ਬਹੁਤ ਸਿਫ਼ਤਾਂ ਕਰਦੇ ਸਨ।”—ਰਸੂ. 16:1-5.
15. ਆਪਣਾ ਗੁਜ਼ਾਰਾ ਤੋਰਨ ਲਈ ਤੁਸੀਂ ਅੱਜ ਤੋਂ ਹੀ ਕਿਹੜੀ ਤਿਆਰੀ ਕਰ ਸਕਦੇ ਹੋ?
15 ਜ਼ਿਆਦਾਤਰ ਪੂਰੇ ਸਮੇਂ ਦੇ ਸੇਵਕਾਂ ਨੂੰ ਆਪਣਾ ਗੁਜ਼ਾਰਾ ਕਰਨ ਲਈ ਕੰਮ ਕਰਨਾ ਪੈਂਦਾ ਹੈ। (ਰਸੂ. 18:2, 3) ਕਿਉਂ ਨਾ ਕੋਈ ਹੁਨਰ ਸਿੱਖੋ ਜਾਂ ਛੋਟਾ ਜਿਹਾ ਕੋਰਸ ਕਰੋ ਜਿਸ ਨਾਲ ਤੁਹਾਨੂੰ ਆਪਣੇ ਇਲਾਕੇ ਵਿਚ ਸੌਖਿਆਂ ਹੀ ਕੰਮ ਮਿਲ ਸਕੇ ਅਤੇ ਤੁਸੀਂ ਪਾਇਨੀਅਰਿੰਗ ਵੀ ਕਰ ਸਕੋ। ਆਪਣੇ ਫ਼ੈਸਲੇ ਬਾਰੇ ਸਫ਼ਰੀ ਨਿਗਾਹਬਾਨ ਅਤੇ ਪਾਇਨੀਅਰਾਂ ਨਾਲ ਗੱਲ ਕਰੋ ਅਤੇ ਉਨ੍ਹਾਂ ਤੋਂ ਸਲਾਹ ਲਵੋ। ਫਿਰ ਬਾਈਬਲ ਦੀ ਇਹ ਸਲਾਹ ਲਾਗੂ ਕਰੋ: “ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦੇਹ, ਤਾਂ ਤੇਰੇ ਮਨੋਰਥ ਪੂਰੇ ਹੋਣਗੇ।”—ਕਹਾ. 16:3; 20:18.
16. ਪੂਰੇ ਸਮੇਂ ਦੀ ਸੇਵਾ ਹੋਰ ਜ਼ਿੰਮੇਵਾਰੀਆਂ ਸੰਭਾਲਣ ਵਿਚ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?
16 ਭਰੋਸਾ ਰੱਖੋ ਕਿ ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਚੰਗੇ ਭਵਿੱਖ ਨੂੰ ‘ਘੁੱਟ ਕੇ ਫੜੀ’ ਰੱਖੋ। (1 ਤਿਮੋਥਿਉਸ 6:18, 19 ਪੜ੍ਹੋ।) ਪੂਰੇ ਸਮੇਂ ਦੀ ਸੇਵਾ ਕਰਨ ਨਾਲ ਤੁਸੀਂ ਦੂਸਰੇ ਪੂਰੇ ਸਮੇਂ ਦੇ ਸੇਵਕਾਂ ਨਾਲ ਮਿਲ ਕੇ ਕੰਮ ਕਰ ਸਕਦੇ ਹੋ ਅਤੇ ਹੋਰ ਵੀ ਸਮਝਦਾਰ ਬਣ ਸਕਦੇ ਹੋ। ਬਹੁਤ ਸਾਰੇ ਪੂਰੇ ਸਮੇਂ ਦੇ ਸੇਵਕਾਂ ਨੇ ਇਹ ਗੱਲ ਅਜ਼ਮਾ ਕੇ ਦੇਖੀ ਹੈ, ਕਿ ਜਵਾਨੀ ਵਿਚ ਪੂਰੇ ਸਮੇਂ ਦੀ ਸੇਵਾ ਕਰਨ ਨਾਲ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਸਫ਼ਲ ਹੋਈ ਹੈ। ਜੋ ਕੁਆਰੇ ਹੁੰਦਿਆਂ ਪਾਇਨੀਅਰਿੰਗ ਕਰਦੇ ਸਨ ਉਹ ਅਕਸਰ ਵਿਆਹ ਤੋਂ ਬਾਅਦ ਵੀ ਆਪਣੇ ਸਾਥੀ ਨਾਲ ਮਿਲ ਕੇ ਪਾਇਨੀਅਰਿੰਗ ਕਰਦੇ ਰਹਿੰਦੇ ਹਨ।—ਰੋਮੀ. 16:3, 4.
17, 18. ਸਾਡੇ ਫ਼ੈਸਲਿਆਂ ਦਾ ਸਾਡੇ ਦਿਲ ਨਾਲ ਕੀ ਸੰਬੰਧ ਹੈ?
17 ਜ਼ਬੂਰ 20:4 ਵਿਚ ਲਿਖਿਆ ਹੈ ਕਿ ਯਹੋਵਾਹ “ਤੇਰੇ ਮਨੋਰਥ ਅਨੁਸਾਰ ਤੈਨੂੰ ਦੇਵੇ, ਅਤੇ ਤੇਰੇ ਸਾਰੇ ਮੱਤੇ ਨੂੰ ਪੂਰਾ ਕਰੇ।” ਆਪਣੇ ਭਵਿੱਖ ਬਾਰੇ ਫ਼ੈਸਲਾ ਕਰਦਿਆਂ ਸੋਚੇ ਕਿ ਅਸਲ ਵਿਚ ਤੁਸੀਂ ਆਪਣੀ ਜ਼ਿੰਦਗੀ ਵਿਚ ਕਰਨਾ ਕੀ ਚਾਹੁੰਦੇ ਹੋ। ਸੋਚੋ ਕਿ ਯਹੋਵਾਹ ਸਾਡੇ ਸਮੇਂ ਵਿਚ ਕਿਹੜੇ ਕੰਮ ਕਰਾ ਰਿਹਾ ਹੈ ਅਤੇ ਅਸੀਂ ਇਸ ਵਿਚ ਕਿਵੇਂ ਹਿੱਸਾ ਲੈ ਸਕਦੇ ਹਾਂ। ਫਿਰ ਜੋ ਵੀ ਫ਼ੈਸਲਾ ਕਰੋ ਉਸ ਨੂੰ ਖ਼ੁਸ਼ ਕਰਨ ਲਈ ਕਰੋ।
18 ਪੂਰੇ ਸਮੇਂ ਦੀ ਸੇਵਾ ਕਰ ਕੇ ਯਹੋਵਾਹ ਦੀ ਮਹਿਮਾ ਕਰੋ ਅਤੇ ਬੇਹੱਦ ਖ਼ੁਸ਼ੀਆਂ ਪਾਓ। “ਤੂੰ ਯਹੋਵਾਹ ਉੱਤੇ ਨਿਹਾਲ ਰਹੁ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ।”—ਜ਼ਬੂ. 37:4.
^ ਪੈਰਾ 7 ਹੁਣ ਇਸ ਸਕੂਲ ਦਾ ਨਾਂ ਬਦਲ ਕੇ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਰੱਖ ਦਿੱਤਾ ਗਿਆ ਹੈ।