Skip to content

Skip to table of contents

ਤੁਸੀਂ ਕਿਸ ਦੀ ਮਨਜ਼ੂਰੀ ਪਾਉਣੀ ਚਾਹੁੰਦੇ ਹੋ?

ਤੁਸੀਂ ਕਿਸ ਦੀ ਮਨਜ਼ੂਰੀ ਪਾਉਣੀ ਚਾਹੁੰਦੇ ਹੋ?

“ਪਰਮੇਸ਼ੁਰ ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਨੂੰ ਤੇ ਪਿਆਰ ਨੂੰ ਭੁੱਲ ਜਾਵੇ ਜੋ ਤੁਸੀਂ ਉਸ ਦੇ ਨਾਂ ਨਾਲ ਕਰਦੇ ਹੋ।”​—ਇਬ. 6:10.

ਗੀਤ: 4, 51

1. ਅਸੀਂ ਸਾਰੇ ਕੀ ਚਾਹੁੰਦੇ ਹਾਂ?

ਤੁਹਾਨੂੰ ਕਿਵੇਂ ਲੱਗਦਾ ਹੈ ਜਦੋਂ ਤੁਹਾਡਾ ਕੋਈ ਜਾਣ-ਪਛਾਣ ਵਾਲਾ ਤੁਹਾਡਾ ਨਾਂ ਭੁੱਲ ਜਾਂਦਾ ਹੈ ਜਾਂ ਤੁਹਾਨੂੰ ਪਛਾਣਦਾ ਵੀ ਨਹੀਂ ਹੈ? ਸ਼ਾਇਦ ਤੁਸੀਂ ਨਿਰਾਸ਼ ਹੋ ਜਾਓ। ਕਿਉਂ? ਕਿਉਂਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਲੋਕ ਸਾਨੂੰ ਯਾਦ ਰੱਖਣ ਤੇ ਸਾਨੂੰ ਸਵੀਕਾਰ ਕਰਨ। ਪਰ ਅਸੀਂ ਸਿਰਫ਼ ਇਹੀ ਨਹੀਂ ਚਾਹੁੰਦੇ ਕਿ ਉਹ ਸਾਡਾ ਨਾਂ ਯਾਦ ਰੱਖਣ, ਸਗੋਂ ਚਾਹੁੰਦੇ ਹਾਂ ਕਿ ਉਹ ਜਾਣਨ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ ਅਤੇ ਅਸੀਂ ਕੀ ਕੁਝ ਕੀਤਾ ਹੈ।​—ਗਿਣ. 11:16; ਅੱਯੂ. 31:6.

2, 3. ਆਪਣੇ ਬਾਰੇ ਹੱਦੋਂ ਵੱਧ ਸੋਚਣ ਦਾ ਕੀ ਨਤੀਜਾ ਨਿਕਲ ਸਕਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

2 ਪਰ ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਅਸੀਂ ਆਪਣੇ ਬਾਰੇ ਹੱਦੋਂ ਵੱਧ ਸੋਚਣ ਲੱਗ ਸਕਦੇ ਹਾਂ। ਸ਼ੈਤਾਨ ਦੀ ਦੁਨੀਆਂ ਸਾਡੇ ਵਿਚ ਮਸ਼ਹੂਰ ਹੋਣ ਅਤੇ ਆਪਣੀ ਵਡਿਆਈ ਕਰਨ ਦੀ ਇੱਛਾ ਪੈਦਾ ਕਰ ਸਕਦੀ ਹੈ। ਜਦੋਂ ਇੱਦਾਂ ਹੁੰਦਾ ਹੈ, ਤਾਂ ਅਸੀਂ ਆਪਣੇ ਸਵਰਗੀ ਪਿਤਾ ਯਹੋਵਾਹ ਦੀ ਵਡਿਆਈ ਨਹੀਂ ਕਰਦੇ ਜਿਸ ਦਾ ਉਹ ਹੱਕਦਾਰ ਹੈ।​—ਪ੍ਰਕਾ. 4:11.

3 ਯਿਸੂ ਦੇ ਜ਼ਮਾਨੇ ਵਿਚ ਕੁਝ ਧਾਰਮਿਕ ਆਗੂ ਲੋਕਾਂ ਤੋਂ ਵਾਹ-ਵਾਹ ਖੱਟਣੀ ਚਾਹੁੰਦੇ ਸਨ। ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ: “ਗ੍ਰੰਥੀਆਂ ਤੋਂ ਖ਼ਬਰਦਾਰ ਰਹੋ ਜੋ ਲੰਬੇ-ਲੰਬੇ ਚੋਗੇ ਪਾ ਕੇ ਘੁੰਮਣਾ ਪਸੰਦ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਬਾਜ਼ਾਰਾਂ ਵਿਚ ਲੋਕ ਉਨ੍ਹਾਂ ਨੂੰ ਸਲਾਮਾਂ ਕਰਨ, ਅਤੇ ਉਹ ਸਭਾ ਘਰਾਂ ਅਤੇ ਦਾਅਵਤਾਂ ਵਿਚ ਮੋਹਰੇ ਹੋ-ਹੋ ਕੇ ਬੈਠਣਾ ਪਸੰਦ ਕਰਦੇ ਹਨ।” ਉਸ ਨੇ ਅੱਗੇ ਕਿਹਾ: “ਇਨ੍ਹਾਂ ਨੂੰ ਹੋਰ ਵੀ ਸਖ਼ਤ ਸਜ਼ਾ ਮਿਲੇਗੀ।” (ਲੂਕਾ 20:46, 47) ਇਸ ਦੇ ਉਲਟ, ਯਿਸੂ ਨੇ ਉਸ ਗ਼ਰੀਬ ਵਿਧਵਾ ਦੀ ਤਾਰੀਫ਼ ਕੀਤੀ ਜਿਸ ਨੇ ਦੋ ਸਿੱਕੇ ਦਾਨ ਕੀਤੇ ਤੇ ਜੋ ਆਪਣੀ ਵਾਹ-ਵਾਹ ਨਹੀਂ ਕਰਾਉਣੀ ਚਾਹੁੰਦੀ ਸੀ। (ਲੂਕਾ 21:1-4) ਹਾਂ, ਯਿਸੂ ਨੇ ਬਾਹਰੋਂ-ਬਾਹਰੋਂ ਨਹੀਂ ਦੇਖਿਆ, ਪਰ ਇਹ ਦੇਖਿਆ ਕਿ ਇਨਸਾਨ ਅੰਦਰੋਂ ਕਿਹੋ ਜਿਹਾ ਹੈ। ਇਸ ਲੇਖ ਰਾਹੀਂ ਸਾਨੂੰ ਯਿਸੂ ਅਤੇ ਯਹੋਵਾਹ ਪਰਮੇਸ਼ੁਰ ਵਰਗਾ ਨਜ਼ਰੀਆ ਰੱਖਣ ਵਿਚ ਮਦਦ ਮਿਲੇਗੀ।

ਕਿਸ ਦੀ ਮਨਜ਼ੂਰੀ ਪਾਉਣੀ ਸਭ ਤੋਂ ਵਧੀਆ ਹੈ?

4. ਕਿਸ ਦੀ ਮਨਜ਼ੂਰੀ ਪਾਉਣੀ ਸਭ ਤੋਂ ਵਧੀਆ ਹੈ ਅਤੇ ਕਿਉਂ?

4 ਕਿਸ ਦੀ ਮਨਜ਼ੂਰੀ ਪਾਉਣੀ ਸਭ ਤੋਂ ਵਧੀਆ ਹੈ? ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਦੁਨੀਆਂ ਵਿਚ ਉਨ੍ਹਾਂ ਦੀ ਕੋਈ ਪਛਾਣ ਬਣੇ। ਦੂਜਿਆਂ ਤੋਂ ਵਾਹ-ਵਾਹ ਖੱਟਣ ਲਈ ਉਹ ਉੱਚ-ਸਿੱਖਿਆ ਲੈ ਕੇ, ਕਾਰੋਬਾਰ ਕਰ ਕੇ ਜਾਂ ਮਨੋਰੰਜਨ ਦੀ ਦੁਨੀਆਂ ਵਿਚ ਨਾਂ ਕਮਾਉਂਦੇ ਹਨ। ਪਰ ਪੌਲੁਸ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਕਿਸ ਦੀ ਮਨਜ਼ੂਰੀ ਪਾਉਣੀ ਸਭ ਤੋਂ ਵਧੀਆ ਹੈ। ਉਸ ਨੇ ਕਿਹਾ: “ਤੁਸੀਂ ਪਰਮੇਸ਼ੁਰ ਨੂੰ ਜਾਣਦੇ ਹੋ, ਜਾਂ ਕਹਿ ਲਓ ਕਿ ਪਰਮੇਸ਼ੁਰ ਤੁਹਾਨੂੰ ਜਾਣਦਾ ਹੈ, ਤਾਂ ਫਿਰ ਤੁਸੀਂ ਬੇਕਾਰ ਤੇ ਫਜ਼ੂਲ ਦੀਆਂ ਬੁਨਿਆਦੀ ਗੱਲਾਂ ਵੱਲ ਵਾਪਸ ਕਿਉਂ ਜਾ ਰਹੇ ਹੋ ਅਤੇ ਦੁਬਾਰਾ ਉਨ੍ਹਾਂ ਦੀ ਗ਼ੁਲਾਮੀ ਕਿਉਂ ਕਰਨੀ ਚਾਹੁੰਦੇ ਹੋ?” (ਗਲਾ. 4:9) ਇਸ ਤੋਂ ਵੱਡਾ ਸਨਮਾਨ ਕਿਹੜਾ ਹੋ ਸਕਦਾ ਹੈ ਕਿ ਜਹਾਨ ਦਾ ਮਾਲਕ “ਪਰਮੇਸ਼ੁਰ ਤੁਹਾਨੂੰ ਜਾਣਦਾ” ਹੈ! ਯਹੋਵਾਹ ਸਾਨੂੰ ਜਾਣਦਾ ਹੈ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ, ਉਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਨੂੰ ਆਪਣੇ ਦੋਸਤ ਬਣਾਉਣਾ ਚਾਹੁੰਦਾ ਹੈ। ਯਹੋਵਾਹ ਨੇ ਸਾਨੂੰ ਆਪਣੇ ਨਾਲ ਦੋਸਤੀ ਕਰਨ ਲਈ ਬਣਾਇਆ ਸੀ।​—ਉਪ. 12:13, 14.

5. ਯਹੋਵਾਹ ਦੇ ਦੋਸਤ ਬਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

5 ਅਸੀਂ ਜਾਣਦੇ ਹਾਂ ਕਿ ਮੂਸਾ ਯਹੋਵਾਹ ਦਾ ਦੋਸਤ ਸੀ। ਜਦੋਂ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਮੈਨੂੰ ਆਪਣਾ ਰਾਹ ਦੱਸ,” ਤਾਂ ਯਹੋਵਾਹ ਨੇ ਕਿਹਾ: “ਜਿਹੜੀ ਗੱਲ ਤੈਂ ਕੀਤੀ ਹੈ ਮੈਂ ਏਹ ਵੀ ਕਰਾਂਗਾ ਕਿਉਂ ਜੋ ਮੇਰੀ ਕਿਰਪਾ ਦੀ ਨਿਗਾਹ ਤੇਰੇ ਉੱਤੇ ਹੈ ਅਤੇ ਮੈਂ ਤੈਨੂੰ ਨਾਉਂ ਤੋਂ ਜਾਣਦਾ ਹਾਂ।” (ਕੂਚ 33:12-17) ਯਹੋਵਾਹ ਸਾਨੂੰ ਵੀ ਜਾਣਦਾ ਹੈ। ਪਰ ਯਹੋਵਾਹ ਦੇ ਦੋਸਤ ਬਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਉਸ ਨੂੰ ਪਿਆਰ ਕਰਨਾ ਅਤੇ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਚਾਹੀਦੀ ਹੈ।​—1 ਕੁਰਿੰਥੀਆਂ 8:3 ਪੜ੍ਹੋ।

6, 7. ਕਿਹੜੀ ਗੱਲ ਕਰਕੇ ਯਹੋਵਾਹ ਨਾਲ ਸਾਡੀ ਦੋਸਤੀ ਟੁੱਟ ਸਕਦੀ ਹੈ?

6 ਪਰ ਸਾਨੂੰ ਆਪਣੇ ਸਵਰਗੀ ਪਿਤਾ ਨਾਲ ਆਪਣੀ ਅਨਮੋਲ ਦੋਸਤੀ ਬਣਾਈ ਰੱਖਣ ਦੀ ਲੋੜ ਹੈ। ਗਲਾਤੀਆਂ ਦੇ ਮਸੀਹੀਆਂ ਵਾਂਗ ਸਾਨੂੰ ਵੀ ਦੁਨੀਆਂ ਦੀਆਂ “ਬੇਕਾਰ ਤੇ ਫਜ਼ੂਲ ਦੀਆਂ ਬੁਨਿਆਦੀ ਗੱਲਾਂ” ਦੀ ਗ਼ੁਲਾਮੀ ਕਰਨ ਤੋਂ ਹਟ ਜਾਣਾ ਚਾਹੀਦਾ ਹੈ ਜਿਨ੍ਹਾਂ ਵਿਚ ਦੁਨੀਆਂ ਵੱਲੋਂ ਪੇਸ਼ ਕੀਤੀ ਜਾਂਦੀ ਸਫ਼ਲਤਾ ਤੇ ਸ਼ੁਹਰਤ ਵੀ ਸ਼ਾਮਲ ਹੈ। (ਗਲਾ. 4:9) ਪਹਿਲੀ ਸਦੀ ਦੇ ਇਹ ਮਸੀਹੀ ਯਹੋਵਾਹ ਨੂੰ ਜਾਣਦੇ ਸਨ ਤੇ ਯਹੋਵਾਹ ਉਨ੍ਹਾਂ ਨੂੰ ਜਾਣਦਾ ਸੀ। ਪਰ ਪੌਲੁਸ ਨੇ ਕਿਹਾ ਕਿ ਇਹੀ ਮਸੀਹੀ ਫ਼ਜ਼ੂਲ ਦੀਆਂ ਗੱਲਾਂ ਵੱਲ “ਵਾਪਸ” ਜਾ ਰਹੇ ਸਨ। ਦੂਜੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਪੌਲੁਸ ਉਨ੍ਹਾਂ ਨੂੰ ਪੁੱਛ ਰਿਹਾ ਸੀ: ‘ਤੁਸੀਂ ਉਹੀ ਬੇਕਾਰ ਤੇ ਫ਼ਜ਼ੂਲ ਦੀਆਂ ਗੱਲਾਂ ਵੱਲ ਕਿਉਂ ਵਾਪਸ ਮੁੜ ਗਏ ਅਤੇ ਉਨ੍ਹਾਂ ਦੀ ਫਿਰ ਤੋਂ ਗ਼ੁਲਾਮੀ ਕਰਨੀ ਕਿਉਂ ਸ਼ੁਰੂ ਕਰ ਦਿੱਤੀ ਸੀ?’

7 ਕੀ ਸਾਡੇ ਨਾਲ ਵੀ ਇੱਦਾਂ ਹੋ ਸਕਦਾ ਹੈ? ਬਿਲਕੁਲ ਹੋ ਸਕਦਾ ਹੈ। ਜਦੋਂ ਅਸੀਂ ਯਹੋਵਾਹ ਬਾਰੇ ਜਾਣਿਆ, ਤਾਂ ਪੌਲੁਸ ਵਾਂਗ ਅਸੀਂ ਵੀ ਸ਼ੈਤਾਨ ਦੀ ਦੁਨੀਆਂ ਵਿਚ ਸ਼ਾਇਦ ਸ਼ੁਹਰਤ ਅਤੇ ਸਫ਼ਲਤਾ ਛੱਡੀ ਸੀ। (ਫ਼ਿਲਿੱਪੀਆਂ 3:7, 8 ਪੜ੍ਹੋ।) ਅਸੀਂ ਸ਼ਾਇਦ ਉੱਚ-ਪੜ੍ਹਾਈ ਕਰਨ, ਵਧੀਆ ਨੌਕਰੀ ਕਰਨ ਜਾਂ ਜ਼ਿਆਦਾ ਪੈਸੇ ਕਮਾਉਣ ਦੇ ਮੌਕਿਆਂ ਨੂੰ ਤਿਆਗਿਆ ਹੋਵੇ। ਗੀਤ-ਸੰਗੀਤ ਜਾਂ ਖੇਡਾਂ ਵਿਚ ਵਧੀਆ ਹੋਣ ਕਰਕੇ ਸ਼ਾਇਦ ਸਾਡੇ ਕੋਲ ਮਸ਼ਹੂਰ ਹੋਣ ਅਤੇ ਧਨ-ਦੌਲਤ ਕਮਾਉਣ ਦਾ ਮੌਕਾ ਸੀ। ਪਰ ਅਸੀਂ ਇਨ੍ਹਾਂ ਸਾਰੇ ਮੌਕਿਆਂ ਨੂੰ ਛੱਡਿਆ ਸੀ। (ਇਬ. 11:24-27) ਇਹ ਕਿੰਨੀ ਬੇਵਕੂਫ਼ੀ ਵਾਲੀ ਗੱਲ ਹੋਵੇਗੀ ਕਿ ਅਸੀਂ ਆਪਣੇ ਇਨ੍ਹਾਂ ਸਹੀ ਫ਼ੈਸਲਿਆਂ ’ਤੇ ਪਛਤਾਈਏ ਅਤੇ ਇਹ ਸੋਚੀਏ ਕਿ ਜੇ ਅਸੀਂ ਉਨ੍ਹਾਂ ਚੀਜ਼ਾਂ ਪਿੱਛੇ ਭੱਜਦੇ, ਤਾਂ ਸਾਡੀ ਜ਼ਿੰਦਗੀ ਬਹੁਤ ਵਧੀਆ ਹੋਣੀ ਸੀ! ਇਸ ਤਰ੍ਹਾਂ ਦਾ ਰਵੱਈਆ ਸਾਨੂੰ ਦੁਨੀਆਂ ਦੀਆਂ ਉਨ੍ਹਾਂ ਚੀਜ਼ਾਂ ਵੱਲ ਵਾਪਸ ਲਿਜਾ ਸਕਦਾ ਹੈ ਜਿਨ੍ਹਾਂ ਨੂੰ ਅਸੀਂ “ਬੇਕਾਰ ਤੇ ਫਜ਼ੂਲ” ਕਿਹਾ ਸੀ।

ਯਹੋਵਾਹ ਦੀ ਮਨਜ਼ੂਰੀ ਪਾਉਣ ਦੀ ਇੱਛਾ ਨੂੰ ਹੋਰ ਮਜ਼ਬੂਤ ਕਰੋ

8. ਯਹੋਵਾਹ ਦੀ ਮਨਜ਼ੂਰੀ ਪਾਉਣ ਦੀ ਆਪਣੀ ਇੱਛਾ ਨੂੰ ਅਸੀਂ ਹੋਰ ਮਜ਼ਬੂਤ ਕਿਵੇਂ ਕਰ ਸਕਦੇ ਹਾਂ?

8 ਦੁਨੀਆਂ ਤੋਂ ਵਾਹ-ਵਾਹ ਖੱਟਣ ਦੀ ਬਜਾਇ ਅਸੀਂ ਯਹੋਵਾਹ ਦੀ ਮਨਜ਼ੂਰੀ ਪਾਉਣ ਦੀ ਆਪਣੀ ਇੱਛਾ ਨੂੰ ਹੋਰ ਮਜ਼ਬੂਤ ਕਿਵੇਂ ਕਰ ਸਕਦੇ ਹਾਂ? ਸਾਨੂੰ ਦੋ ਜ਼ਰੂਰੀ ਸੱਚਾਈਆਂ ’ਤੇ ਧਿਆਨ ਦੇਣ ਦੀ ਲੋੜ ਹੈ। ਪਹਿਲੀ, ਯਹੋਵਾਹ ਹਮੇਸ਼ਾ ਉਨ੍ਹਾਂ ਨੂੰ ਮਨਜ਼ੂਰ ਕਰਦਾ ਹੈ ਜੋ ਉਸ ਦੀ ਵਫ਼ਾਦਾਰੀ ਨਾਲ ਸੇਵਾ ਕਰਦੇ ਹਨ। (ਇਬਰਾਨੀਆਂ 6:10 ਪੜ੍ਹੋ; 11:6) ਯਹੋਵਾਹ ਆਪਣੇ ਹਰ ਵਫ਼ਾਦਾਰ ਸੇਵਕ ਨੂੰ ਅਨਮੋਲ ਸਮਝਦਾ ਹੈ। ਪਰਮੇਸ਼ੁਰ “ਅਨਿਆਈ” ਨਹੀਂ ਹੈ ਕਿ ਉਹ ਆਪਣੇ ਕਿਸੇ ਵੀ ਵਫ਼ਾਦਾਰ ਸੇਵਕ ਨੂੰ ਨਜ਼ਰਅੰਦਾਜ਼ ਕਰੇ। ਯਹੋਵਾਹ ਹਮੇਸ਼ਾ “ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ।” (2 ਤਿਮੋ. 2:19) ਉਹ “ਧਰਮੀਆਂ ਦਾ ਰਾਹ ਜਾਣਦਾ ਹੈ” ਅਤੇ ਉਨ੍ਹਾਂ ਨੂੰ ਬਚਾਉਣਾ ਜਾਣਦਾ ਹੈ।​—ਜ਼ਬੂ. 1:6; 2 ਪਤ. 2:9.

9. ਮਿਸਾਲ ਦਿਓ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ।

9 ਕਈ ਮੌਕਿਆਂ ’ਤੇ ਯਹੋਵਾਹ ਨੇ ਖ਼ਾਸ ਤਰੀਕਿਆਂ ਨਾਲ ਦਿਖਾਇਆ ਕਿ ਉਸ ਦੇ ਲੋਕ ਉਸ ਲਈ ਅਨਮੋਲ ਹਨ। (2 ਇਤ. 20:20, 29) ਮਿਸਾਲ ਲਈ, ਜ਼ਰਾ ਸੋਚੋ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਲਾਲ ਸਮੁੰਦਰ ’ਤੇ ਕਿਵੇਂ ਬਚਾਇਆ ਜਦੋਂ ਫ਼ਿਰਊਨ ਦੀ ਸ਼ਕਤੀਸ਼ਾਲੀ ਫ਼ੌਜ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। (ਕੂਚ 14:21-30; ਜ਼ਬੂ. 106:9-11) ਇਹ ਘਟਨਾ ਇੰਨੀ ਸ਼ਾਨਦਾਰ ਸੀ ਕਿ 40 ਸਾਲਾਂ ਬਾਅਦ ਵੀ ਦੁਨੀਆਂ ਦੇ ਇਸ ਹਿੱਸੇ ਵਿਚ ਲੋਕ ਇਸ ਘਟਨਾ ਬਾਰੇ ਗੱਲਾਂ ਕਰ ਰਹੇ ਸਨ। (ਯਹੋ. 2:9-11) ਇਹ ਯਾਦ ਰੱਖ ਕੇ ਸਾਨੂੰ ਹੌਸਲਾ ਮਿਲਦਾ ਹੈ ਕਿ ਯਹੋਵਾਹ ਨੇ ਪਿਆਰ ਅਤੇ ਆਪਣੀ ਤਾਕਤ ਨਾਲ ਕਿਵੇਂ ਆਪਣੇ ਲੋਕਾਂ ਨੂੰ ਬਚਾਇਆ ਸੀ ਕਿਉਂਕਿ ਜਲਦੀ ਹੀ ਮਾਗੋਗ ਦਾ ਗੋਗ ਸਾਡੇ ’ਤੇ ਹਮਲਾ ਕਰੇਗਾ। (ਹਿਜ਼. 38:8-12) ਉਸ ਸਮੇਂ ਅਸੀਂ ਕਿੰਨੇ ਖ਼ੁਸ਼ ਹੋਵਾਂਗੇ ਕਿ ਅਸੀਂ ਦੁਨੀਆਂ ਵਿਚ ਨਾਂ ਕਮਾਉਣ ਦੀ ਬਜਾਇ ਪਰਮੇਸ਼ੁਰ ਦੀ ਮਨਜ਼ੂਰੀ ਪਾਈ ਸੀ।

10. ਸਾਨੂੰ ਹੋਰ ਕਿਸ ਸੱਚਾਈ ਵੱਲ ਧਿਆਨ ਦੇਣ ਦੀ ਲੋੜ ਹੈ?

10 ਸਾਨੂੰ ਦੂਜੀ ਸੱਚਾਈ ਵੱਲ ਵੀ ਧਿਆਨ ਦੇਣ ਦੀ ਲੋੜ ਹੈ: ਯਹੋਵਾਹ ਆਪਣੀ ਮਨਜ਼ੂਰੀ ਜ਼ਾਹਰ ਕਰਨ ਲਈ ਸ਼ਾਇਦ ਸਾਨੂੰ ਅਜਿਹਾ ਇਨਾਮ ਦੇਵੇ ਜਿਸ ਦੀ ਸਾਨੂੰ ਉਮੀਦ ਨਾ ਹੋਵੇ। ਜੇ ਲੋਕ ਸਿਰਫ਼ ਦੂਜਿਆਂ ਤੋਂ ਵਾਹ-ਵਾਹ ਖੱਟਣ ਲਈ ਚੰਗੇ ਕੰਮ ਕਰਦੇ ਹਨ, ਤਾਂ ਯਹੋਵਾਹ ਉਨ੍ਹਾਂ ਨੂੰ ਇਨਾਮ ਨਹੀਂ ਦੇਵੇਗਾ। ਕਿਉਂ? ਕਿਉਂਕਿ ਯਿਸੂ ਨੇ ਕਿਹਾ ਸੀ ਕਿ ਜਦੋਂ ਦੂਜੇ ਉਨ੍ਹਾਂ ਦੀ ਵਾਹ-ਵਾਹ ਕਰਦੇ ਹਨ, ਤਾਂ ਇਹੀ ਉਨ੍ਹਾਂ ਦਾ ਇਨਾਮ ਹੁੰਦਾ ਹੈ। (ਮੱਤੀ 6:1-5 ਪੜ੍ਹੋ।) ਦੂਜੇ ਪਾਸੇ, ਜਿਨ੍ਹਾਂ ਦੇ ਚੰਗੇ ਕੰਮਾਂ ਦੀ ਤਾਰੀਫ਼ ਨਹੀਂ ਹੁੰਦੀ, ਯਹੋਵਾਹ ਉਨ੍ਹਾਂ ਦੇ ਚੰਗੇ ਕੰਮ ‘ਸਵਰਗੋਂ ਦੇਖਦਾ ਹੈ।’ ਉਹ ਉਨ੍ਹਾਂ ਦੇ ਕੰਮ ਦੇਖਦਾ ਹੈ ਅਤੇ ਉਨ੍ਹਾਂ ਨੂੰ ਇਨਾਮ ਦਿੰਦਾ ਹੈ। ਨਾਲੇ ਕਈ ਵਾਰ ਉਹ ਆਪਣੇ ਸੇਵਕਾਂ ਨੂੰ ਉਹ ਇਨਾਮ ਦਿੰਦਾ ਹੈ ਜਿਸ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਹੀ ਨਾ ਹੋਵੇ। ਆਓ ਆਪਾਂ ਕੁਝ ਮਿਸਾਲਾਂ ’ਤੇ ਗੌਰ ਕਰੀਏ।

ਯਹੋਵਾਹ ਨੇ ਇਕ ਨਿਮਰ ਔਰਤ ਨੂੰ ਮਨਜ਼ੂਰੀ ਦਿੱਤੀ

11. ਯਹੋਵਾਹ ਨੇ ਮਰੀਅਮ ’ਤੇ ਆਪਣੀ ਮਨਜ਼ੂਰੀ ਜ਼ਾਹਰ ਕਿਵੇਂ ਕੀਤੀ?

11 ਯਹੋਵਾਹ ਨੇ ਮਰੀਅਮ ਨੂੰ ਆਪਣੇ ਪੁੱਤਰ ਯਿਸੂ ਦੀ ਮਾਂ ਬਣਨ ਲਈ ਚੁਣਿਆ। ਇਹ ਨਿਮਰ ਔਰਤ ਛੋਟੇ ਜਿਹੇ ਸ਼ਹਿਰ ਨਾਸਰਤ ਵਿਚ ਰਹਿੰਦੀ ਸੀ ਜੋ ਯਰੂਸ਼ਲਮ ਅਤੇ ਇਸ ਦੇ ਸ਼ਾਨਦਾਰ ਮੰਦਰ ਤੋਂ ਕਾਫ਼ੀ ਦੂਰ ਸੀ। (ਲੂਕਾ 1:26-33 ਪੜ੍ਹੋ।) ਯਹੋਵਾਹ ਨੇ ਮਰੀਅਮ ਨੂੰ ਕਿਉਂ ਚੁਣਿਆ ਸੀ? ਜਬਰਾਏਲ ਨਾਂ ਦੇ ਦੂਤ ਨੇ ਉਸ ਨੂੰ ਕਿਹਾ ਕਿ ਉਸ ’ਤੇ “ਪਰਮੇਸ਼ੁਰ ਦੀ ਮਿਹਰ ਹੋਈ ਹੈ।” ਬਾਅਦ ਵਿਚ ਮਰੀਅਮ ਨੇ ਆਪਣੀ ਰਿਸ਼ਤੇਦਾਰ ਇਲੀਸਬਤ ਨੂੰ ਜੋ ਕਿਹਾ, ਉਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਦਾ ਯਹੋਵਾਹ ਨਾਲ ਬਹੁਤ ਕਰੀਬੀ ਰਿਸ਼ਤਾ ਸੀ। (ਲੂਕਾ 1:46-55) ਯਹੋਵਾਹ ਮਰੀਅਮ ਨੂੰ ਦੇਖਦਾ ਆਇਆ ਸੀ। ਮਰੀਅਮ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਸੀ, ਇਸ ਕਰਕੇ ਉਸ ਨੇ ਮਰੀਅਮ ਨੂੰ ਉਸ ਤਰੀਕੇ ਨਾਲ ਬਰਕਤ ਦਿੱਤੀ ਜਿਸ ਬਾਰੇ ਉਸ ਨੇ ਕਦੇ ਸੋਚਿਆ ਨਹੀਂ ਸੀ।

12, 13. ਯਿਸੂ ਦੇ ਜਨਮ ਵੇਲੇ ਅਤੇ 40 ਦਿਨਾਂ ਬਾਅਦ ਮੰਦਰ ਵਿਚ ਯਹੋਵਾਹ ਨੇ ਉਸ ਦੀ ਪਛਾਣ ਕਿਵੇਂ ਕਰਾਈ?

12 ਯਹੋਵਾਹ ਨੇ ਯਿਸੂ ਦੇ ਜਨਮ ਬਾਰੇ ਕਿਨ੍ਹਾਂ ਨੂੰ ਦੱਸਿਆ? ਉਸ ਨੇ ਯਰੂਸ਼ਲਮ ਤੇ ਬੈਤਲਹਮ ਦੇ ਵੱਡੇ ਅਫ਼ਸਰਾਂ ਜਾਂ ਹਾਕਮਾਂ ਨੂੰ ਨਹੀਂ ਦੱਸਿਆ। ਇਸ ਦੀ ਬਜਾਇ, ਉਸ ਨੇ ਥੋੜ੍ਹੇ ਜਿਹੇ ਚਰਵਾਹਿਆਂ ਕੋਲ ਆਪਣੇ ਦੂਤ ਭੇਜੇ। ਇਹ ਚਰਵਾਹੇ ਬੈਤਲਹਮ ਦੇ ਬਾਹਰ ਖੇਤਾਂ ਵਿਚ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰ ਰਹੇ ਸਨ। (ਲੂਕਾ 2:8-14) ਫਿਰ ਇਹ ਚਰਵਾਹੇ ਨਵ-ਜੰਮੇ ਬੱਚੇ ਨੂੰ ਦੇਖਣ ਗਏ। (ਲੂਕਾ 2:15-17) ਮਰੀਅਮ ਤੇ ਯੂਸੁਫ਼ ਕਿੰਨੇ ਹੈਰਾਨ ਹੋਏ ਹੋਣੇ ਕਿ ਪਰਮੇਸ਼ੁਰ ਨੇ ਦੂਤ ਭੇਜ ਕੇ ਯਿਸੂ ਦੀ ਪਛਾਣ ਕਰਾਈ! ਯਹੋਵਾਹ ਅਤੇ ਸ਼ੈਤਾਨ ਦੇ ਕੰਮ ਕਰਨ ਦੇ ਤਰੀਕੇ ਵਿਚ ਬਹੁਤ ਫ਼ਰਕ ਹੈ। ਜਦੋਂ ਸ਼ੈਤਾਨ ਨੇ ਯਿਸੂ ਤੇ ਉਸ ਦੇ ਮਾਪਿਆਂ ਕੋਲ ਜੋਤਸ਼ੀ ਘੱਲੇ, ਤਾਂ ਯਿਸੂ ਦੇ ਜਨਮ ਦੀ ਖ਼ਬਰ ਸਾਰੇ ਪਾਸੇ ਫੈਲ ਗਈ ਅਤੇ ਇਸ ਬਾਰੇ ਸੁਣ ਕੇ ਯਰੂਸ਼ਲਮ ਦੇ ਸਾਰੇ ਲੋਕ ਘਬਰਾ ਗਏ। (ਮੱਤੀ 2:3) ਨਤੀਜੇ ਵਜੋਂ, ਬਹੁਤ ਸਾਰੇ ਮਾਸੂਮ ਬੱਚਿਆਂ ਦਾ ਕਤਲ ਕੀਤਾ ਗਿਆ।​—ਮੱਤੀ 2:16.

13 ਯਹੋਵਾਹ ਦੇ ਕਾਨੂੰਨ ਅਨੁਸਾਰ, ਬੱਚੇ ਨੂੰ ਜਨਮ ਦੇਣ ਤੋਂ 40 ਦਿਨਾਂ ਬਾਅਦ ਇਕ ਮਾਂ ਨੂੰ ਯਹੋਵਾਹ ਅੱਗੇ ਬਲ਼ੀ ਚੜ੍ਹਾਉਣੀ ਹੁੰਦੀ ਸੀ। ਇਸ ਕਰਕੇ ਮਰੀਅਮ ਅਤੇ ਯੂਸੁਫ਼ ਯਿਸੂ ਨਾਲ ਬੈਤਲਹਮ ਤੋਂ ਯਰੂਸ਼ਲਮ ਨੂੰ ਗਏ ਜੋ 9 ਕਿਲੋਮੀਟਰ (6 ਮੀਲ) ਦੂਰ ਸੀ। (ਲੂਕਾ 2:22-24) ਰਾਹ ਵਿਚ ਮਰੀਅਮ ਨੇ ਸ਼ਾਇਦ ਸੋਚਿਆ ਹੋਣਾ ਕਿ ਪੁਜਾਰੀ ਯਿਸੂ ਦੀ ਕਿਸੇ ਖ਼ਾਸ ਤਰੀਕੇ ਨਾਲ ਪਛਾਣ ਕਰਵਾਏਗਾ। ਯਹੋਵਾਹ ਨੇ ਯਿਸੂ ਦੀ ਪਛਾਣ ਜ਼ਰੂਰ ਕਰਾਈ, ਪਰ ਉਸ ਤਰੀਕੇ ਨਾਲ ਨਹੀਂ ਜਿੱਦਾਂ ਮਰੀਅਮ ਨੇ ਸੋਚਿਆ। ਯਹੋਵਾਹ ਨੇ “ਧਰਮੀ ਅਤੇ ਪਰਮੇਸ਼ੁਰ ਤੋਂ ਡਰਨ” ਵਾਲੇ ਸ਼ਿਮਓਨ ਅਤੇ 84 ਸਾਲਾਂ ਦੀ ਅੱਨਾ ਨੂੰ ਚੁਣਿਆ ਜਿਨ੍ਹਾਂ ਨੇ ਐਲਾਨ ਕੀਤਾ ਕਿ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹ ਬਣੇਗਾ।​—ਲੂਕਾ 2:25-38.

14. ਯਹੋਵਾਹ ਨੇ ਮਰੀਅਮ ਨੂੰ ਕੀ ਇਨਾਮ ਦਿੱਤਾ?

14 ਯਿਸੂ ਦੀ ਪਰਵਰਿਸ਼ ਅਤੇ ਦੇਖ-ਭਾਲ ਕਰਨ ਕਰਕੇ ਕੀ ਯਹੋਵਾਹ ਮਰੀਅਮ ਉੱਤੇ ਆਪਣੀ ਮਨਜ਼ੂਰੀ ਜ਼ਾਹਰ ਕਰਦਾ ਰਿਹਾ? ਬਿਲਕੁਲ। ਪਰਮੇਸ਼ੁਰ ਨੇ ਮਰੀਅਮ ਦੀਆਂ ਕੁਝ ਗੱਲਾਂ ਤੇ ਕੰਮ ਬਾਈਬਲ ਵਿਚ ਲਿਖਵਾਏ। ਲੱਗਦਾ ਹੈ ਕਿ ਮਰੀਅਮ ਯਿਸੂ ਦੀ ਸਾਢੇ ਤਿੰਨ ਸਾਲ ਦੀ ਸੇਵਕਾਈ ਦੌਰਾਨ ਉਸ ਨਾਲ ਸਫ਼ਰ ਨਹੀਂ ਕਰ ਸਕੀ। ਸ਼ਾਇਦ ਵਿਧਵਾ ਹੋਣ ਕਰਕੇ ਉਸ ਨੂੰ ਨਾਸਰਤ ਵਿਚ ਹੀ ਰਹਿਣਾ ਪਿਆ। ਭਾਵੇਂ ਮਰੀਅਮ ਕਈ ਸਨਮਾਨਾਂ ਤੋਂ ਵਾਂਝੀ ਰਹਿ ਗਈ, ਪਰ ਯਿਸੂ ਦੇ ਮਰਨ ਵੇਲੇ ਮਰੀਅਮ ਉਸ ਥਾਂ ਮੌਜੂਦ ਸੀ। (ਯੂਹੰ. 19:26) ਪੰਤੇਕੁਸਤ ਵੇਲੇ ਪਵਿੱਤਰ ਸ਼ਕਤੀ ਮਿਲਣ ਤੋਂ ਪਹਿਲਾਂ ਮਰੀਅਮ ਬਾਕੀ ਚੇਲਿਆਂ ਨਾਲ ਯਰੂਸ਼ਲਮ ਵਿਚ ਸੀ। (ਰਸੂ. 1:13, 14) ਉਸ ਨੂੰ ਵੀ ਬਾਕੀ ਚੇਲਿਆਂ ਵਾਂਗ ਪਵਿੱਤਰ ਸ਼ਕਤੀ ਦੁਆਰਾ ਚੁਣਿਆ ਗਿਆ ਹੋਣਾ। ਜੇ ਉਸ ਨੂੰ ਚੁਣਿਆ ਗਿਆ ਸੀ, ਤਾਂ ਇਸ ਦਾ ਮਤਲਬ ਹੈ ਕਿ ਉਸ ਨੂੰ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਦਾ ਮੌਕਾ ਮਿਲਿਆ ਹੈ। ਇਹ ਉਸ ਦੀ ਵਫ਼ਾਦਾਰੀ ਦਾ ਕਿੰਨਾ ਸ਼ਾਨਦਾਰ ਇਨਾਮ!

ਯਹੋਵਾਹ ਨੇ ਆਪਣੇ ਪੁੱਤਰ ਨੂੰ ਮਨਜ਼ੂਰੀ ਦਿੱਤੀ

15. ਯਿਸੂ ਦੇ ਧਰਤੀ ’ਤੇ ਹੁੰਦਿਆਂ ਯਹੋਵਾਹ ਨੇ ਉਸ ਨੂੰ ਕਿਵੇਂ ਮਨਜ਼ੂਰੀ ਦਿੱਤੀ?

15 ਯਿਸੂ ਧਾਰਮਿਕ ਜਾਂ ਰਾਜਨੀਤਿਕ ਆਗੂਆਂ ਤੋਂ ਵਾਹ-ਵਾਹ ਨਹੀਂ ਖੱਟਣੀ ਚਾਹੁੰਦਾ ਸੀ। ਪਰ ਤਿੰਨ ਵਾਰ ਯਹੋਵਾਹ ਨੇ ਸਵਰਗੋਂ ਖ਼ੁਦ ਗੱਲ ਕੀਤੀ ਤੇ ਆਪਣੇ ਪੁੱਤਰ ਨੂੰ ਦੱਸਿਆ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ। ਇਨ੍ਹਾਂ ਸ਼ਬਦਾਂ ਨਾਲ ਯਿਸੂ ਦਾ ਕਿੰਨਾ ਹੀ ਹੌਸਲਾ ਵਧਿਆ ਹੋਣਾ! ਯਰਦਨ ਦਰਿਆ ਵਿਚ ਯਿਸੂ ਦੇ ਬਪਤਿਸਮੇ ਤੋਂ ਬਾਅਦ ਯਹੋਵਾਹ ਨੇ ਕਿਹਾ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।” (ਮੱਤੀ 3:17) ਲੱਗਦਾ ਹੈ ਕਿ ਯਿਸੂ ਤੋਂ ਇਲਾਵਾ ਸਿਰਫ਼ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਇਹ ਸ਼ਬਦ ਸੁਣੇ ਹੋਣੇ। ਫਿਰ ਯਿਸੂ ਦੀ ਮੌਤ ਤੋਂ ਲਗਭਗ ਇਕ ਸਾਲ ਪਹਿਲਾਂ ਉਸ ਦੇ ਤਿੰਨ ਰਸੂਲਾਂ ਨੇ ਯਹੋਵਾਹ ਨੂੰ ਯਿਸੂ ਬਾਰੇ ਇਹ ਕਹਿੰਦਿਆਂ ਸੁਣਿਆ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ; ਇਸ ਦੀ ਗੱਲ ਸੁਣੋ।” (ਮੱਤੀ 17:5) ਅਖ਼ੀਰ, ਯਿਸੂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਯਹੋਵਾਹ ਨੇ ਦੁਬਾਰਾ ਸਵਰਗ ਤੋਂ ਆਪਣੇ ਪੁੱਤਰ ਨਾਲ ਗੱਲ ਕੀਤੀ।​—ਯੂਹੰ. 12:28.

ਯਹੋਵਾਹ ਨੇ ਜਿਸ ਤਰੀਕੇ ਨਾਲ ਆਪਣੇ ਪੁੱਤਰ ’ਤੇ ਆਪਣੀ ਮਨਜ਼ੂਰੀ ਜ਼ਾਹਰ ਕੀਤੀ, ਉਸ ਤੋਂ ਤੁਸੀਂ ਕੀ ਸਿੱਖਦੇ ਹੋ? (ਪੈਰੇ 15-17 ਦੇਖੋ)

16, 17. ਯਹੋਵਾਹ ਨੇ ਯਿਸੂ ਨੂੰ ਕਿਹੜੇ ਇਨਾਮ ਦਿੱਤੇ ਜਿਨ੍ਹਾਂ ਬਾਰੇ ਉਸ ਨੇ ਕਦੇ ਸੋਚਿਆ ਨਹੀਂ ਸੀ?

16 ਯਿਸੂ ਜਾਣਦਾ ਸੀ ਕਿ ਲੋਕ ਉਸ ਨੂੰ ਨਿੰਦਿਆ ਕਰਨ ਵਾਲਾ ਕਹਿਣਗੇ ਅਤੇ ਉਸ ਨੂੰ ਸ਼ਰਮਨਾਕ ਮੌਤ ਮਰਨਾ ਪਵੇਗਾ। ਪਰ ਫਿਰ ਵੀ ਉਸ ਨੇ ਪ੍ਰਾਰਥਨਾ ਕੀਤੀ ਕਿ ਉਸ ਦੀ ਨਹੀਂ, ਸਗੋਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੋਵੇ। (ਮੱਤੀ 26:39, 42) ਇਸੇ ਲਈ “ਉਸ ਨੇ ਬੇਇੱਜ਼ਤੀ ਦੀ ਪਰਵਾਹ ਨਾ ਕਰਦੇ ਹੋਏ ਤਸੀਹੇ ਦੀ ਸੂਲ਼ੀ ਉੱਤੇ ਮੌਤ ਸਹੀ।” ਜੀ ਹਾਂ, ਦੁਨੀਆਂ ਤੋਂ ਵਾਹ-ਵਾਹ ਖੱਟਣ ਦੀ ਬਜਾਇ ਯਿਸੂ ਆਪਣੇ ਪਿਤਾ ਦੀ ਮਨਜ਼ੂਰੀ ਪਾਉਣੀ ਚਾਹੁੰਦਾ ਸੀ। (ਇਬ. 12:2) ਪਰ, ਯਹੋਵਾਹ ਨੇ ਯਿਸੂ ’ਤੇ ਆਪਣੀ ਮਨਜ਼ੂਰੀ ਕਿਵੇਂ ਜ਼ਾਹਰ ਕੀਤੀ?

17 ਧਰਤੀ ’ਤੇ ਹੁੰਦਿਆਂ ਯਿਸੂ ਨੇ ਪ੍ਰਾਰਥਨਾ ਕੀਤੀ ਕਿ ਉਸ ਨੂੰ ਉਹ ਮਹਿਮਾ ਮਿਲੇ ਜੋ ਆਪਣੇ ਪਿਤਾ ਨਾਲ ਸਵਰਗ ਵਿਚ ਰਹਿੰਦਿਆਂ ਉਸ ਕੋਲ ਸੀ। (ਯੂਹੰ. 17:5) ਬਾਈਬਲ ਵਿਚ ਇਹ ਕਿਤੇ ਵੀ ਨਹੀਂ ਦੱਸਿਆ ਗਿਆ ਕਿ ਯਿਸੂ ਨੇ ਇਸ ਤੋਂ ਜ਼ਿਆਦਾ ਦੀ ਉਮੀਦ ਕੀਤੀ ਸੀ। ਧਰਤੀ ’ਤੇ ਯਹੋਵਾਹ ਦੀ ਇੱਛਾ ਪੂਰੀ ਕਰਨ ਕਰਕੇ ਉਸ ਨੇ ਕਿਸੇ ਖ਼ਾਸ ਇਨਾਮ ਦੀ ਉਮੀਦ ਨਹੀਂ ਕੀਤੀ। ਪਰ ਯਹੋਵਾਹ ਨੇ ਕੀ ਕੀਤਾ? ਉਸ ਨੇ ਯਿਸੂ ਨੂੰ ਉਹ ਇਨਾਮ ਦਿੱਤਾ ਜਿਸ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ। ਜਦੋਂ ਯਹੋਵਾਹ ਨੇ ਯਿਸੂ ਨੂੰ ਜੀਉਂਦਾ ਕੀਤਾ, ਤਾਂ ਉਸ ਨੇ ਯਿਸੂ ਨੂੰ ਸਵਰਗ ਵਿਚ “ਪਹਿਲਾਂ ਨਾਲੋਂ ਜ਼ਿਆਦਾ ਉੱਚਾ ਰੁਤਬਾ” ਦਿੱਤਾ। ਨਾਲੇ ਉਸ ਨੇ ਯਿਸੂ ਨੂੰ ਅਮਰ ਜੀਵਨ ਵੀ ਦਿੱਤਾ ਜੋ ਪਹਿਲਾਂ ਕਿਸੇ ਨੂੰ ਨਹੀਂ ਦਿੱਤਾ ਗਿਆ ਸੀ। * (ਫ਼ਿਲਿ. 2:9; 1 ਤਿਮੋ. 6:16) ਯਿਸੂ ਦੀ ਵਫ਼ਾਦਾਰੀ ਦਾ ਇਨਾਮ ਦੇਣ ਦਾ ਯਹੋਵਾਹ ਦਾ ਕਿੰਨਾ ਹੀ ਵਧੀਆ ਤਰੀਕਾ!

18. ਦੁਨੀਆਂ ਦੀ ਬਜਾਇ ਪਰਮੇਸ਼ੁਰ ਦੀ ਮਨਜ਼ੂਰੀ ਪਾਉਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?

18 ਦੁਨੀਆਂ ਦੀ ਬਜਾਇ ਪਰਮੇਸ਼ੁਰ ਦੀ ਮਨਜ਼ੂਰੀ ਪਾਉਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ? ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਯਹੋਵਾਹ ਹਮੇਸ਼ਾ ਆਪਣੇ ਵਫ਼ਾਦਾਰ ਸੇਵਕਾਂ ਨੂੰ ਇਨਾਮ ਦਿੰਦਾ ਹੈ ਅਤੇ ਉਹ ਅਕਸਰ ਉਨ੍ਹਾਂ ਤਰੀਕਿਆਂ ਨਾਲ ਇਨਾਮ ਦਿੰਦਾ ਹੈ ਜਿਨ੍ਹਾਂ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਾ ਹੋਵੇ। ਸਾਨੂੰ ਨਹੀਂ ਪਤਾ ਕਿ ਭਵਿੱਖ ਵਿਚ ਯਹੋਵਾਹ ਸਾਨੂੰ ਕਿਹੜੇ ਇਨਾਮ ਦੇਵੇਗਾ। ਪਰ ਹੁਣ ਇਸ ਦੁਸ਼ਟ ਦੁਨੀਆਂ ਵਿਚ ਮੁਸ਼ਕਲਾਂ ਅਤੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦਿਆਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਦੁਨੀਆਂ ਖ਼ਤਮ ਹੋ ਰਹੀ ਹੈ। ਸੋ ਇਸ ਦੁਨੀਆਂ ਦੀਆਂ ਨਜ਼ਰਾਂ ਵਿਚ ਬਣਾਈ ਕਿਸੇ ਵੀ ਤਰ੍ਹਾਂ ਦੀ ਪਛਾਣ ਖ਼ਤਮ ਹੋ ਜਾਵੇਗੀ। (1 ਯੂਹੰ. 2:17) ਦੂਜੇ ਪਾਸੇ, ਸਾਡਾ ਪਿਆਰਾ ਸਵਰਗੀ ਪਿਤਾ ਸਾਡੇ ਕੰਮਾਂ ਤੇ ਸਾਡੇ ਪਿਆਰ ਨੂੰ ਕਦੇ ਨਹੀਂ ਭੁੱਲੇਗਾ ਜੋ ਅਸੀਂ ਉਸ ਦੇ ਨਾਂ ਦੀ ਖ਼ਾਤਰ ਕਰਦੇ ਹਾਂ ਕਿਉਂਕਿ ਉਹ “ਅਨਿਆਈ ਨਹੀਂ ਹੈ।” (ਇਬ. 6:10) ਉਹ ਜ਼ਰੂਰ ਸਾਨੂੰ ਆਪਣੀ ਮਨਜ਼ੂਰੀ ਦੇਵੇਗਾ, ਸ਼ਾਇਦ ਉਸ ਤਰੀਕੇ ਨਾਲ ਜਿਸ ਬਾਰੇ ਅਸੀਂ ਕਦੇ ਸੋਚਿਆ ਵੀ ਨਾ ਹੋਵੇ।

^ ਪੈਰਾ 17 ਇਬਰਾਨੀ ਲਿਖਤਾਂ ਵਿਚ ਅਮਰ ਜੀਵਨ ਦਾ ਜ਼ਿਕਰ ਨਹੀਂ ਕੀਤਾ ਗਿਆ। ਇਸ ਲਈ ਇਹ ਉਹ ਇਨਾਮ ਸੀ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ।