Skip to content

Skip to table of contents

ਬਾਈਬਲ ਅਧਿਐਨ ਨੂੰ ਹੋਰ ਅਸਰਦਾਰ ਤੇ ਮਜ਼ੇਦਾਰ ਕਿਵੇਂ ਬਣਾਈਏ?

ਬਾਈਬਲ ਅਧਿਐਨ ਨੂੰ ਹੋਰ ਅਸਰਦਾਰ ਤੇ ਮਜ਼ੇਦਾਰ ਕਿਵੇਂ ਬਣਾਈਏ?

ਯਹੋਸ਼ੁਆ ਨੂੰ ਇਕ ਮੁਸ਼ਕਲ ਜ਼ਿੰਮੇਵਾਰੀ ਮਿਲੀ। ਉਸ ਨੇ ਵੱਡੀਆਂ ਰੁਕਾਵਟਾਂ ਨੂੰ ਪਾਰ ਕਰਦਿਆਂ ਇਜ਼ਰਾਈਲ ਕੌਮ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਕੇ ਜਾਣਾ ਸੀ। ਪਰ ਯਹੋਵਾਹ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਉਸ ਨੂੰ ਇਹ ਕਹਿ ਕੇ ਭਰੋਸਾ ਦਿੱਤਾ: ‘ਤਕੜਾ ਹੋ ਅਤੇ ਵੱਡਾ ਹੌਸਲਾ ਰੱਖ। ਤੂੰ ਮੇਰੀ ਸਾਰੀ ਬਿਵਸਥਾ ਦੀ ਪਾਲਨਾ ਕਰ। ਦਿਨ ਰਾਤ ਉਸ ਉੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇਂ ਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸੁਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ।’​—ਯਹੋ. 1:7, 8.

ਇਨ੍ਹਾਂ “ਮੁਸੀਬਤਾਂ ਨਾਲ ਭਰੇ” ਸਮਿਆਂ ਵਿਚ ਅਸੀਂ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ। (2 ਤਿਮੋ. 3:1) ਜੇ ਅਸੀਂ ਵੀ ਯਹੋਸ਼ੁਆ ਵਾਂਗ ਸਫ਼ਲ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਯਹੋਸ਼ੁਆ ਨੂੰ ਦਿੱਤੀ ਯਹੋਵਾਹ ਦੀ ਸਲਾਹ ਮੰਨਣੀ ਚਾਹੀਦੀ ਹੈ। ਸਾਨੂੰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ ਅਤੇ ਫ਼ੈਸਲੇ ਕਰਦਿਆਂ ਸਿੱਖੀਆਂ ਗੱਲਾਂ ਲਾਗੂ ਕਰਨੀਆਂ ਚਾਹੀਦੀਆਂ ਹਨ।

ਸਾਡੇ ਵਿੱਚੋਂ ਕਈਆਂ ਨੂੰ ਸ਼ਾਇਦ ਪਤਾ ਹੀ ਨਹੀਂ ਕਿ ਬਾਈਬਲ ਅਧਿਐਨ ਕਰਨਾ ਕਿਵੇਂ ਹੈ ਜਾਂ ਸ਼ਾਇਦ ਸਾਨੂੰ ਬਾਈਬਲ ਅਧਿਐਨ ਕਰ ਕੇ ਮਜ਼ਾ ਨਹੀਂ ਆਉਂਦਾ। ਪਰ ਬਾਈਬਲ ਦਾ ਅਧਿਐਨ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸ ਲਈ “ ਇਨ੍ਹਾਂ ਸੁਝਾਵਾਂ ਨੂੰ ਮੰਨੋ” ਨਾਂ ਦੀ ਡੱਬੀ ਵਿੱਚੋਂ ਕੁਝ ਵਧੀਆ ਸੁਝਾਅ ਮੰਨ ਕੇ ਤੁਸੀਂ ਬਾਈਬਲ ਅਧਿਐਨ ਨੂੰ ਹੋਰ ਅਸਰਦਾਰ ਅਤੇ ਮਜ਼ੇਦਾਰ ਬਣਾ ਸਕਦੇ ਹੋ।

ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: ‘ਮੈਨੂੰ ਆਪਣੇ ਹੁਕਮਾਂ ਦੇ ਮਾਰਗ ਦੀ ਅਗਵਾਈ ਕਰ, ਕਿਉਂ ਜੋ ਉਸ ਵਿੱਚ ਮੈਂ ਮਗਨ ਹਾਂ!’ (ਜ਼ਬੂ. 119:35) ਤੁਹਾਨੂੰ ਵੀ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਖ਼ੁਸ਼ੀ ਮਿਲ ਸਕਦੀ ਹੈ। ਲਗਾਤਾਰ ਪਰਮੇਸ਼ੁਰ ਦੇ ਬਚਨ ਦੀ ਖੋਜ ਕਰ ਕੇ ਤੁਹਾਨੂੰ ਹੋਰ ਹੀਰੇ-ਮੋਤੀ ਲੱਭਣਗੇ।

ਭਾਵੇਂ ਤੁਸੀਂ ਯਹੋਸ਼ੁਆ ਵਾਂਗ ਇਜ਼ਰਾਈਲ ਕੌਮ ਦੀ ਅਗਵਾਈ ਨਹੀਂ ਕਰਦੇ, ਪਰ ਤੁਹਾਨੂੰ ਜ਼ਿੰਦਗੀ ਵਿਚ ਅਲੱਗ-ਅਲੱਗ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਸ ਲਈ ਯਹੋਸ਼ੁਆ ਵਾਂਗ ਬਾਈਬਲ ਦਾ ਅਧਿਐਨ ਕਰੋ ਅਤੇ ਉਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰੋ ਜੋ ਤੁਹਾਡੇ ਫ਼ਾਇਦੇ ਲਈ ਲਿਖੀਆਂ ਗਈਆਂ ਹਨ। ਜਦੋਂ ਤੁਸੀਂ ਇੱਦਾਂ ਕਰੋਗੇ, ਤਾਂ ਤੁਸੀਂ ਵੀ ਸਫ਼ਲ ਹੋਵੋਗੇ ਅਤੇ ਸਮਝਦਾਰੀ ਤੋਂ ਕੰਮ ਲਵੋਗੇ।