Skip to content

Skip to table of contents

ਅਧਿਐਨ ਲੇਖ 27

ਆਪਣੇ ਆਪ ਨੂੰ ਲੋੜੋਂ ਵੱਧ ਨਾ ਸਮਝੋ

ਆਪਣੇ ਆਪ ਨੂੰ ਲੋੜੋਂ ਵੱਧ ਨਾ ਸਮਝੋ

‘ਮੈਂ ਤੁਹਾਨੂੰ ਹਰ ਇਕ ਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਲੋੜੋਂ ਵੱਧ ਨਾ ਸਮਝੋ; ਪਰ ਤੁਸੀਂ ਇਸ ਢੰਗ ਨਾਲ ਸੋਚੋ ਕਿ ਸਾਰਿਆਂ ਨੂੰ ਜ਼ਾਹਰ ਹੋਵੇ ਕਿ ਤੁਸੀਂ ਸਮਝਦਾਰ ਹੋ।’—ਰੋਮੀ. 12:3.

ਗੀਤ 35 ਪਰਮੇਸ਼ੁਰ ਦੇ ਧੀਰਜ ਲਈ ਕਦਰ ਦਿਖਾਓ

ਖ਼ਾਸ ਗੱਲਾਂ *

1. ਫ਼ਿਲਿੱਪੀਆਂ 2:3 ਮੁਤਾਬਕ ਨਿਮਰ ਹੋਣ ਕਰਕੇ ਦੂਜਿਆਂ ਨਾਲ ਸਾਡਾ ਰਿਸ਼ਤਾ ਚੰਗਾ ਕਿਵੇਂ ਬਣਦਾ ਹੈ?

ਅਸੀਂ ਨਿਮਰਤਾ ਨਾਲ ਯਹੋਵਾਹ ਦੇ ਮਿਆਰਾਂ ਉੱਤੇ ਚੱਲਦੇ ਹਾਂ ਕਿਉਂਕਿ ਉਹ ਜਾਣਦਾ ਹੈ ਕਿ ਸਾਡੀ ਭਲਾਈ ਕਿਹੜੀ ਗੱਲ ਵਿਚ ਹੈ। (ਅਫ਼. 4:22-24) ਨਿਮਰ ਹੋਣ ਕਰਕੇ ਅਸੀਂ ਆਪਣੀ ਇੱਛਾ ਦੀ ਬਜਾਇ ਯਹੋਵਾਹ ਦੀ ਇੱਛਾ ਨੂੰ ਪਹਿਲ ਦਿੰਦੇ ਹਾਂ ਅਤੇ ਦੂਜਿਆਂ ਨੂੰ ਆਪਣੇ ਨਾਲੋਂ ਚੰਗਾ ਸਮਝਦੇ ਹਾਂ। ਨਤੀਜੇ ਵਜੋਂ, ਯਹੋਵਾਹ ਅਤੇ ਭੈਣਾਂ-ਭਰਾਵਾਂ ਨਾਲ ਸਾਡਾ ਰਿਸ਼ਤਾ ਚੰਗਾ ਬਣਦਾ ਹੈ।—ਫ਼ਿਲਿੱਪੀਆਂ 2:3 ਪੜ੍ਹੋ।

2. ਪੌਲੁਸ ਕੀ ਜਾਣਦਾ ਸੀ ਅਤੇ ਇਸ ਲੇਖ ਵਿਚ ਅਸੀਂ ਕਿਨ੍ਹਾਂ ਮਾਮਲਿਆਂ ’ਤੇ ਗੌਰ ਕਰਾਂਗੇ?

2 ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਸ਼ੈਤਾਨ ਦੀ ਦੁਨੀਆਂ ਦੇ ਘਮੰਡੀ ਅਤੇ ਸੁਆਰਥੀ * ਲੋਕਾਂ ਦਾ ਅਸਰ ਸਾਡੇ ’ਤੇ ਪੈ ਸਕਦਾ ਹੈ। ਲੱਗਦਾ ਹੈ ਕਿ ਪਹਿਲੀ ਸਦੀ ਦੇ ਕੁਝ ਮਸੀਹੀ ਵੀ ਇਸ ਖ਼ਤਰੇ ਵਿਚ ਸਨ ਕਿਉਂਕਿ ਪੌਲੁਸ ਰਸੂਲ ਨੇ ਰੋਮੀਆਂ ਨੂੰ ਲਿਖਿਆ ਸੀ: ‘ਮੈਂ ਤੁਹਾਨੂੰ ਹਰ ਇਕ ਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਲੋੜੋਂ ਵੱਧ ਨਾ ਸਮਝੋ; ਪਰ ਤੁਸੀਂ ਇਸ ਢੰਗ ਨਾਲ ਸੋਚੋ ਕਿ ਸਾਰਿਆਂ ਨੂੰ ਜ਼ਾਹਰ ਹੋਵੇ ਕਿ ਤੁਸੀਂ ਸਮਝਦਾਰ ਹੋ।’ (ਰੋਮੀ. 12:3) ਪੌਲੁਸ ਇਹ ਨਹੀਂ ਸੀ ਕਹਿ ਰਿਹਾ ਕਿ ਸਾਨੂੰ ਆਪਣੇ ਆਪ ਨੂੰ ਕੁਝ ਵੀ ਨਹੀਂ ਸਮਝਣਾ ਚਾਹੀਦਾ। ਪਰ ਨਿਮਰਤਾ ਆਪਣੇ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਸਾਡੀ ਮਦਦ ਕਰੇਗੀ। ਇਸ ਲੇਖ ਵਿਚ ਅਸੀਂ ਤਿੰਨ ਮਾਮਲਿਆਂ ’ਤੇ ਗੌਰ ਕਰਾਂਗੇ ਜਿਨ੍ਹਾਂ ਵਿਚ ਨਿਮਰਤਾ ਸਾਡੀ ਮਦਦ ਕਰੇਗੀ ਕਿ ਅਸੀਂ ਆਪਣੇ ਆਪ ਬਾਰੇ ਹੱਦੋਂ ਵੱਧ ਨਾ ਸੋਚੀਏ। ਇਹ ਮਾਮਲੇ ਹਨ (1) ਸਾਡੀ ਵਿਆਹੁਤਾ ਜ਼ਿੰਦਗੀ, (2) ਸੇਵਾ ਦੇ ਸਾਡੇ ਸਨਮਾਨ ਅਤੇ (3) ਸੋਸ਼ਲ ਮੀਡੀਆ ਦੀ ਵਰਤੋਂ।

ਵਿਆਹੁਤਾ ਜ਼ਿੰਦਗੀ ਵਿਚ ਨਿਮਰਤਾ ਦਿਖਾਓ

3. ਵਿਆਹੁਤਾ ਜੀਵਨ ਵਿਚ ਅਣਬਣ ਕਿਉਂ ਹੋ ਸਕਦੀ ਹੈ ਅਤੇ ਇਸ ਕਰਕੇ ਕੁਝ ਲੋਕ ਕੀ ਕਰਦੇ ਹਨ?

3 ਯਹੋਵਾਹ ਨੇ ਵਿਆਹ ਦੀ ਸ਼ੁਰੂਆਤ ਕੀਤੀ ਤਾਂਕਿ ਪਤੀ-ਪਤਨੀ ਖ਼ੁਸ਼ ਰਹਿਣ। ਦੋਵਾਂ ਵਿੱਚੋਂ ਕੋਈ ਵੀ ਮੁਕੰਮਲ ਨਹੀਂ ਹੈ ਜਿਸ ਕਰਕੇ ਉਨ੍ਹਾਂ ਵਿਚ ਅਣਬਣ ਹੋ ਸਕਦੀ ਹੈ। ਦਰਅਸਲ, ਪੌਲੁਸ ਨੇ ਲਿਖਿਆ ਸੀ ਕਿ ਵਿਆਹੁਤਾ ਜੀਵਨ ਵਿਚ ਕੁਝ ਮੁਸ਼ਕਲਾਂ ਤਾਂ ਆਉਣਗੀਆਂ ਹੀ। (1 ਕੁਰਿੰ. 7:28) ਕੁਝ ਜਣਿਆਂ ਨੂੰ ਲੱਗਦਾ ਹੈ ਕਿ ਉਹ ਹਮੇਸ਼ਾ ਆਪਣੇ ਜੀਵਨ ਸਾਥੀ ਨਾਲ ਲੜਦੇ ਹੀ ਰਹਿੰਦੇ ਹਨ ਅਤੇ ਉਹ ਸ਼ਾਇਦ ਸੋਚਣ ਕਿ ਉਨ੍ਹਾਂ ਦੀ ਇਕ-ਦੂਜੇ ਨਾਲ ਨਹੀਂ ਨਿਭਣੀ। ਜੇ ਉਨ੍ਹਾਂ ਉੱਤੇ ਦੁਨੀਆਂ ਦਾ ਅਸਰ ਹੈ, ਤਾਂ ਉਹ ਜਲਦਬਾਜ਼ੀ ਵਿਚ ਤਲਾਕ ਲੈਣ ਬਾਰੇ ਸੋਚਣਗੇ। ਉਨ੍ਹਾਂ ਨੂੰ ਸ਼ਾਇਦ ਲੱਗੇ ਕਿ ਆਪਣੇ ਭਲੇ ਬਾਰੇ ਸੋਚਣਾ ਜ਼ਿਆਦਾ ਜ਼ਰੂਰੀ ਹੈ।

4. ਮੁਸ਼ਕਲਾਂ ਆਉਣ ’ਤੇ ਸਾਨੂੰ ਕੀ ਨਹੀਂ ਕਰਨਾ ਚਾਹੀਦਾ?

4 ਮੁਸ਼ਕਲਾਂ ਆਉਣ ’ਤੇ ਸਾਨੂੰ ਆਪਣੇ ਵਿਆਹੁਤਾ ਜੀਵਨ ਤੋਂ ਅੱਕ ਨਹੀਂ ਜਾਣਾ ਚਾਹੀਦਾ। ਅਸੀਂ ਜਾਣਦੇ ਹਾਂ ਕਿ ਬਾਈਬਲ ਅਨੁਸਾਰ ਹਰਾਮਕਾਰੀ ਹੀ ਤਲਾਕ ਲੈਣ ਦਾ ਇੱਕੋ-ਇਕ ਕਾਰਨ ਹੈ। (ਮੱਤੀ 5:32) ਪੌਲੁਸ ਦੇ ਲਿਖੇ ਸ਼ਬਦਾਂ ਅਨੁਸਾਰ ਜਦੋਂ ਵਿਆਹੁਤਾ ਜੀਵਨ ਵਿਚ ਕੋਈ ਮੁਸ਼ਕਲ ਆਉਂਦੀ ਹੈ, ਤਾਂ ਸਾਨੂੰ ਘਮੰਡ ਵਿਚ ਆ ਕੇ ਇਹ ਨਹੀਂ ਸੋਚਣਾ ਚਾਹੀਦਾ: ‘ਕੀ ਇਹ ਵਿਆਹੁਤਾ ਰਿਸ਼ਤਾ ਮੇਰੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ? ਕੀ ਮੈਨੂੰ ਉਹ ਪਿਆਰ ਮਿਲ ਰਿਹਾ ਹੈ ਜੋ ਮੈਨੂੰ ਮਿਲਣਾ ਚਾਹੀਦਾ ਹੈ? ਕੀ ਮੈਂ ਕਿਸੇ ਹੋਰ ਨਾਲ ਜ਼ਿਆਦਾ ਖ਼ੁਸ਼ ਰਹਿ ਸਕਦਾਂ?’ ਧਿਆਨ ਦਿਓ ਕਿ ਇਨ੍ਹਾਂ ਸਵਾਲਾਂ ਵਿਚ ਜ਼ਿਆਦਾ ਜ਼ੋਰ ਖ਼ੁਦ ’ਤੇ ਦਿੱਤਾ ਗਿਆ ਹੈ। ਦੁਨੀਆਂ ਦੀ ਬੁੱਧ ਕਹਿੰਦੀ ਹੈ ਕਿ ਆਪਣੇ ਦਿਲ ਦੀ ਸੁਣੋ ਅਤੇ ਉਹੀ ਕਰੋ ਜਿਸ ਤੋਂ ਤੁਹਾਨੂੰ ਖ਼ੁਸ਼ੀ ਮਿਲਦੀ ਹੈ, ਇਸ ਦੇ ਲਈ ਭਾਵੇਂ ਤੁਹਾਨੂੰ ਆਪਣਾ ਵਿਆਹੁਤਾ ਬੰਧਨ ਹੀ ਕਿਉਂ ਨਾ ਤੋੜਨਾ ਪਵੇ। ਪਰ ਪਰਮੇਸ਼ੁਰੀ ਬੁੱਧ ਕਹਿੰਦੀ ਹੈ: “ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।” (ਫ਼ਿਲਿ. 2:4) ਸੋ ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਇਸ ਬੰਧਨ ਨੂੰ ਤੋੜਨ ਦੀ ਬਜਾਇ ਜੋੜੀ ਰੱਖੋ। (ਮੱਤੀ 19:6) ਉਹ ਚਾਹੁੰਦਾ ਹੈ ਕਿ ਪਹਿਲਾਂ ਤੁਸੀਂ ਉਸ ਬਾਰੇ ਸੋਚੋ, ਨਾ ਕਿ ਆਪਣੇ ਬਾਰੇ।

5. ਅਫ਼ਸੀਆਂ 5:33 ਦੇ ਮੁਤਾਬਕ ਪਤੀ-ਪਤਨੀ ਨੂੰ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

5 ਪਤੀ-ਪਤਨੀ ਨੂੰ ਇਕ-ਦੂਜੇ ਨਾਲ ਪਿਆਰ ਤੇ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ। (ਅਫ਼ਸੀਆਂ 5:33 ਪੜ੍ਹੋ।) ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ। (ਰਸੂ. 20:35) ਪਿਆਰ ਅਤੇ ਆਦਰ ਦਿਖਾਉਣ ਵਿਚ ਕਿਹੜਾ ਗੁਣ ਪਤੀ-ਪਤਨੀ ਦੀ ਮਦਦ ਕਰੇਗਾ? ਨਿਮਰਤਾ। ਨਿਮਰ ਪਤੀ-ਪਤਨੀ ਆਪਣੇ ਬਾਰੇ ਹੀ ਨਹੀਂ, ਸਗੋਂ ਇਕ-ਦੂਜੇ ਦੇ “ਭਲੇ” ਬਾਰੇ ਸੋਚਣਗੇ।—1 ਕੁਰਿੰ. 10:24.

ਇਕ-ਦੂਜੇ ਦੇ ਦੁਸ਼ਮਣ ਬਣਨ ਦੀ ਬਜਾਇ ਨਿਮਰ ਜੋੜਾ ਮਿਲ ਕੇ ਕੰਮ ਕਰੇਗਾ (ਪੈਰਾ 6 ਦੇਖੋ)

6. ਸਟੀਵਨ ਅਤੇ ਸਟੈਫ਼ਨੀ ਦੀਆਂ ਕਹੀਆਂ ਗੱਲਾਂ ਤੋਂ ਤੁਸੀਂ ਕੀ ਸਿੱਖਦੇ ਹੋ?

6 ਨਿਮਰ ਹੋਣ ਕਰਕੇ ਬਹੁਤ ਸਾਰੇ ਮਸੀਹੀ ਜੋੜੇ ਆਪਣੇ ਵਿਆਹੁਤਾ ਜੀਵਨ ਤੋਂ ਬਹੁਤ ਖ਼ੁਸ਼ ਹਨ। ਮਿਸਾਲ ਲਈ, ਸਟੀਵਨ ਨਾਂ ਦਾ ਇਕ ਪਤੀ ਕਹਿੰਦਾ ਹੈ: “ਜੇ ਤੁਸੀਂ ਆਪਣੇ ਆਪ ਨੂੰ ਇਕ ਟੀਮ ਸਮਝਦੇ ਹੋ, ਤਾਂ ਤੁਸੀਂ ਮਿਲ ਕੇ ਕੰਮ ਕਰੋਗੇ, ਖ਼ਾਸ ਕਰ ਜਦੋਂ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ। ਫਿਰ ਤੁਸੀਂ ਇਹ ਨਹੀਂ ਸੋਚੋਗੇ ਕਿ ‘ਮੇਰੇ ਲਈ ਸਭ ਤੋਂ ਵਧੀਆ ਕੀ ਹੈ?,’ ਸਗੋਂ ਇਹ ਸੋਚੋਗੇ ਕਿ ‘ਸਾਡੇ ਲਈ ਸਭ ਤੋਂ ਵਧੀਆ ਕੀ ਹੈ?’” ਉਸ ਦੀ ਪਤਨੀ ਸਟੈਫ਼ਨੀ ਵੀ ਇਸੇ ਤਰ੍ਹਾਂ ਮਹਿਸੂਸ ਕਰਦੀ ਹੈ। ਉਹ ਕਹਿੰਦੀ ਹੈ: “ਕੋਈ ਵੀ ਅਜਿਹੇ ਇਨਸਾਨ ਨਾਲ ਨਹੀਂ ਰਹਿਣਾ ਚਾਹੇਗਾ ਜੋ ਹਮੇਸ਼ਾ ਬਹਿਸ ਕਰਦਾ ਰਹਿੰਦਾ ਹੈ। ਜਦੋਂ ਅਣਬਣ ਹੁੰਦੀ ਹੈ, ਤਾਂ ਅਸੀਂ ਸਮੱਸਿਆ ਦੀ ਜੜ੍ਹ ਪਛਾਣਨ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਅਸੀਂ ਪ੍ਰਾਰਥਨਾ ਤੇ ਖੋਜਬੀਨ ਕਰਦੇ ਹਾਂ ਅਤੇ ਸਮੱਸਿਆ ਬਾਰੇ ਗੱਲ ਕਰਦੇ ਹਾਂ। ਅਸੀਂ ਇਕ-ਦੂਜੇ ਉੱਤੇ ਵਾਰ ਕਰਨ ਦੀ ਬਜਾਇ ਸਮੱਸਿਆ ’ਤੇ ਵਾਰ ਕਰਦੇ ਹਾਂ।” ਪਤੀ-ਪਤਨੀ ਨੂੰ ਸੱਚ-ਮੁੱਚ ਫ਼ਾਇਦਾ ਹੁੰਦਾ ਹੈ ਜਦੋਂ ਉਹ ਲੋੜੋਂ ਵੱਧ ਆਪਣੇ ਆਪ ਬਾਰੇ ਨਹੀਂ ਸੋਚਦੇ।

“ਪੂਰੀ ਨਿਮਰਤਾ” ਨਾਲ ਯਹੋਵਾਹ ਦੀ ਸੇਵਾ ਕਰੋ

7. ਸੇਵਾ ਦਾ ਕੋਈ ਸਨਮਾਨ ਮਿਲਣ ਤੇ ਇਕ ਭਰਾ ਦਾ ਕੀ ਰਵੱਈਆ ਹੋਣਾ ਚਾਹੀਦਾ ਹੈ?

7 ਅਸੀਂ ਕਿਸੇ ਵੀ ਤਰੀਕੇ ਨਾਲ ਯਹੋਵਾਹ ਦੀ ਸੇਵਾ ਕਰਨ ਨੂੰ ਸਨਮਾਨ ਸਮਝਦੇ ਹਾਂ। (ਜ਼ਬੂ. 27:4; 84:10) ਜੇ ਕੋਈ ਭਰਾ ਸੇਵਾ ਦੇ ਕਿਸੇ ਸਨਮਾਨ ਲਈ ਅੱਗੇ ਆਉਂਦਾ ਹੈ, ਤਾਂ ਇਹ ਤਾਰੀਫ਼ ਦੇ ਕਾਬਲ ਹੈ। ਅਸਲ ਵਿਚ ਬਾਈਬਲ ਕਹਿੰਦੀ ਹੈ: “ਜੇ ਕੋਈ ਭਰਾ ਨਿਗਾਹਬਾਨ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਵਿਚ ਚੰਗਾ ਕੰਮ ਕਰਨ ਦੀ ਤਮੰਨਾ ਹੈ।” (1 ਤਿਮੋ. 3:1) ਪਰ ਜਦੋਂ ਉਸ ਨੂੰ ਕੋਈ ਜ਼ਿੰਮੇਵਾਰੀ ਮਿਲ ਜਾਂਦੀ ਹੈ, ਤਾਂ ਉਸ ਨੂੰ ਆਪਣੇ ਬਾਰੇ ਲੋੜੋਂ ਵੱਧ ਨਹੀਂ ਸੋਚਣਾ ਚਾਹੀਦਾ। (ਲੂਕਾ 17:7-10) ਉਸ ਨੂੰ ਨਿਮਰਤਾ ਨਾਲ ਦੂਜਿਆਂ ਦੀ ਸੇਵਾ ਕਰਨੀ ਚਾਹੀਦੀ ਹੈ।—2 ਕੁਰਿੰ. 12:15.

8. ਦਿਉਤ੍ਰਿਫੇਸ, ਉਜ਼ੀਯਾਹ ਅਤੇ ਅਬਸ਼ਾਲੋਮ ਦੀਆਂ ਮਿਸਾਲਾਂ ਤੋਂ ਅਸੀਂ ਕੀ ਸਿੱਖਦੇ ਹਾਂ?

8 ਬਾਈਬਲ ਵਿਚ ਚੇਤਾਵਨੀ ਦੇਣ ਵਾਲੀਆਂ ਅਜਿਹੇ ਲੋਕਾਂ ਦੀਆਂ ਮਿਸਾਲਾਂ ਹਨ ਜਿਹੜੇ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਸਮਝਦੇ ਸਨ। ਗੁਸਤਾਖ਼ ਦਿਉਤ੍ਰਿਫੇਸ ਮੰਡਲੀ ਵਿਚ ਚੌਧਰ ਕਰਨੀ ਚਾਹੁੰਦਾ ਸੀ। (3 ਯੂਹੰ. 9) ਉਜ਼ੀਯਾਹ ਨੇ ਘਮੰਡ ਨਾਲ ਉਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਯਹੋਵਾਹ ਨੇ ਉਸ ਨੂੰ ਕਰਨ ਲਈ ਨਹੀਂ ਦਿੱਤਾ ਸੀ। (2 ਇਤ. 26:16-21) ਅਬਸ਼ਾਲੋਮ ਨੇ ਚਲਾਕੀ ਨਾਲ ਲੋਕਾਂ ਦੇ ਦਿਲਾਂ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਰਾਜਾ ਬਣਨਾ ਚਾਹੁੰਦਾ ਸੀ। (2 ਸਮੂ. 15:2-6) ਬਾਈਬਲ ਦੀਆਂ ਇਨ੍ਹਾਂ ਮਿਸਾਲਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਤੋਂ ਖ਼ੁਸ਼ ਨਹੀਂ ਹੁੰਦਾ ਜੋ ਆਪਣੀ ਵਾਹ-ਵਾਹ ਕਰਾਉਣੀ ਚਾਹੁੰਦੇ ਹਨ। (ਕਹਾ. 25:27) ਸਮੇਂ ਦੇ ਬੀਤਣ ਨਾਲ ਘਮੰਡੀ ਅਤੇ ਸੁਆਰਥੀ ਰਵੱਈਆ ਇਨਸਾਨ ਨੂੰ ਲੈ ਡੁੱਬਦਾ ਹੈ।—ਕਹਾ. 16:18.

9. ਯਿਸੂ ਨੇ ਕਿਹੜੀ ਮਿਸਾਲ ਕਾਇਮ ਕੀਤੀ?

9 ਇਨ੍ਹਾਂ ਚੇਤਾਵਨੀ ਦੇਣ ਵਾਲੀਆਂ ਮਿਸਾਲਾਂ ਦੇ ਉਲਟ ਯਿਸੂ ਦੀ ਮਿਸਾਲ ’ਤੇ ਗੌਰ ਕਰੋ। “ਭਾਵੇਂ ਉਹ ਪਰਮੇਸ਼ੁਰ ਵਰਗਾ ਸੀ, ਫਿਰ ਵੀ ਉਸ ਨੇ ਪਰਮੇਸ਼ੁਰ ਦੇ ਬਰਾਬਰ ਬਣਨ ਲਈ ਉਸ ਦੇ ਅਧਿਕਾਰ ਉੱਤੇ ਕਬਜ਼ਾ ਕਰਨ ਬਾਰੇ ਨਹੀਂ ਸੋਚਿਆ।” (ਫ਼ਿਲਿ. 2:6) ਯਹੋਵਾਹ ਤੋਂ ਬਾਅਦ ਦੂਜੇ ਦਰਜੇ ’ਤੇ ਹੋਣ ਦੇ ਬਾਵਜੂਦ ਯਿਸੂ ਆਪਣੇ ਬਾਰੇ ਲੋੜੋਂ ਵੱਧ ਨਹੀਂ ਸੋਚਦਾ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਹਾਡੇ ਸਾਰਿਆਂ ਵਿੱਚੋਂ ਜੋ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝਦਾ ਹੈ, ਉਹੀ ਵੱਡਾ ਹੈ।” (ਲੂਕਾ 9:48) ਇਹ ਕਿੰਨੀ ਵੱਡੀ ਬਰਕਤ ਹੈ ਕਿ ਅਸੀਂ ਪਾਇਨੀਅਰਾਂ, ਸਹਾਇਕ ਸੇਵਕਾਂ, ਬਜ਼ੁਰਗਾਂ ਅਤੇ ਸਰਕਟ ਨਿਗਾਹਬਾਨਾਂ ਨਾਲ ਰਲ਼ ਕੇ ਕੰਮ ਕਰਦੇ ਹਾਂ ਜਿਹੜੇ ਯਿਸੂ ਦੀ ਤਰ੍ਹਾਂ ਨਿਮਰ ਹਨ। ਯਹੋਵਾਹ ਦੇ ਨਿਮਰ ਸੇਵਕ ਪਿਆਰ ਵਧਾਉਂਦੇ ਹਨ ਜੋ ਪਰਮੇਸ਼ੁਰ ਦੇ ਸੰਗਠਨ ਦੀ ਪਛਾਣ ਹੈ।—ਯੂਹੰ. 13:35.

10. ਜੇ ਤੁਹਾਨੂੰ ਲੱਗਦਾ ਹੈ ਕਿ ਮੰਡਲੀ ਵਿਚ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਨਹੀਂ ਸੁਲਝਾਇਆ ਜਾ ਰਿਹਾ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

10 ਉਦੋਂ ਕੀ ਜੇ ਤੁਹਾਨੂੰ ਲੱਗਦਾ ਹੈ ਕਿ ਮੰਡਲੀ ਵਿਚ ਸਮੱਸਿਆਵਾਂ ਹਨ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਨਹੀਂ ਸੁਲਝਾਇਆ ਜਾ ਰਿਹਾ? ਸ਼ਿਕਾਇਤ ਕਰਨ ਦੀ ਬਜਾਇ ਨਿਮਰਤਾ ਨਾਲ ਤੁਸੀਂ ਅਗਵਾਈ ਲੈਣ ਵਾਲੇ ਭਰਾਵਾਂ ਦਾ ਸਾਥ ਦੇ ਸਕਦੇ ਹੋ। (ਇਬ. 13:17) ਇਸ ਤਰ੍ਹਾਂ ਕਰਨ ਲਈ ਆਪਣੇ ਆਪ ਤੋਂ ਪੁੱਛੋ: ‘ਕੀ ਇਹ ਸਮੱਸਿਆਵਾਂ ਵਾਕਈ ਇੰਨੀਆਂ ਗੰਭੀਰ ਹਨ ਕਿ ਇਨ੍ਹਾਂ ਨੂੰ ਸੁਲਝਾਉਣ ਦੀ ਲੋੜ ਹੈ? ਕੀ ਇਨ੍ਹਾਂ ਨੂੰ ਸੁਲਝਾਉਣ ਦਾ ਇਹ ਸਹੀ ਸਮਾਂ ਹੈ? ਕੀ ਇਨ੍ਹਾਂ ਨੂੰ ਸੁਲਝਾਉਣਾ ਮੇਰੀ ਜ਼ਿੰਮੇਵਾਰੀ ਹੈ? ਕੀ ਮੈਂ ਕਹਿ ਸਕਦਾ ਹਾਂ ਕਿ ਮੈਂ ਸੱਚ-ਮੁੱਚ ਏਕਤਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਾਂ ਕੀ ਮੈਂ ਆਪਣੀ ਵਡਿਆਈ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ?’

ਜਿਨ੍ਹਾਂ ਕੋਲ ਜ਼ਿੰਮੇਵਾਰੀਆਂ ਹਨ, ਉਨ੍ਹਾਂ ਦੀ ਪਛਾਣ ਨਾ ਸਿਰਫ਼ ਉਨ੍ਹਾਂ ਦੀ ਕਾਬਲੀਅਤ ਕਰਕੇ, ਸਗੋਂ ਨਿਮਰਤਾ ਕਰਕੇ ਵੀ ਹੋਣੀ ਚਾਹੀਦੀ ਹੈ (ਪੈਰਾ 11 ਦੇਖੋ) *

11. ਅਫ਼ਸੀਆਂ 4:2, 3 ਅਨੁਸਾਰ ਨਿਮਰਤਾ ਨਾਲ ਯਹੋਵਾਹ ਦੀ ਸੇਵਾ ਕਰਨ ਦੇ ਕਿਹੜੇ ਨਤੀਜੇ ਨਿਕਲਦੇ ਹਨ?

11 ਯਹੋਵਾਹ ਯੋਗਤਾ ਨਾਲੋਂ ਨਿਮਰਤਾ ਅਤੇ ਨਿਪੁੰਨਤਾ ਨਾਲੋਂ ਏਕਤਾ ਨੂੰ ਅਹਿਮ ਸਮਝਦਾ ਹੈ। ਇਸ ਲਈ ਨਿਮਰਤਾ ਨਾਲ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰੋ। ਇਸ ਤਰ੍ਹਾਂ ਅਸੀਂ ਮੰਡਲੀ ਦੀ ਏਕਤਾ ਵਧਾਵਾਂਗੇ। (ਅਫ਼ਸੀਆਂ 4:2, 3 ਪੜ੍ਹੋ।) ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰੋ। ਦੂਜਿਆਂ ਲਈ ਭਲੇ ਕੰਮ ਕਰਨ ਦੇ ਤਰੀਕੇ ਭਾਲੋ। ਸਾਰਿਆਂ ਦੀ ਪਰਾਹੁਣਚਾਰੀ ਕਰੋ, ਉਨ੍ਹਾਂ ਦੀ ਵੀ ਜਿਨ੍ਹਾਂ ਕੋਲ ਮੰਡਲੀ ਵਿਚ ਕੋਈ ਜ਼ਿੰਮੇਵਾਰੀ ਨਹੀਂ ਹੈ। (ਮੱਤੀ 6:1-4; ਲੂਕਾ 14:12-14) ਜਦੋਂ ਤੁਸੀਂ ਮੰਡਲੀ ਵਿਚ ਨਿਮਰਤਾ ਨਾਲ ਕੰਮ ਕਰੋਗੇ, ਤਾਂ ਦੂਸਰਿਆਂ ਨੂੰ ਨਾ ਸਿਰਫ਼ ਤੁਹਾਡੀ ਯੋਗਤਾ, ਸਗੋਂ ਨਿਮਰਤਾ ਵੀ ਨਜ਼ਰ ਆਵੇਗੀ।

ਸੋਸ਼ਲ ਮੀਡੀਆ ਵਰਤਦਿਆਂ ਨਿਮਰਤਾ ਦਿਖਾਓ

12. ਕੀ ਬਾਈਬਲ ਸਾਨੂੰ ਦੋਸਤ ਬਣਾਉਣ ਦੀ ਹੱਲਾਸ਼ੇਰੀ ਦਿੰਦੀ ਹੈ? ਸਮਝਾਓ।

12 ਯਹੋਵਾਹ ਨੇ ਸਾਨੂੰ ਅਜਿਹੇ ਤਰੀਕੇ ਨਾਲ ਬਣਾਇਆ ਹੈ ਕਿ ਅਸੀਂ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਜੀਆਂ ਦੀ ਸੰਗਤ ਦਾ ਆਨੰਦ ਮਾਣ ਸਕੀਏ। (ਜ਼ਬੂ. 133:1) ਯਿਸੂ ਨੇ ਚੰਗੇ ਦੋਸਤ ਬਣਾਏ ਸਨ। (ਯੂਹੰ. 15:15) ਬਾਈਬਲ ਸੱਚੇ ਦੋਸਤ ਬਣਾਉਣ ਦੇ ਫ਼ਾਇਦਿਆਂ ਬਾਰੇ ਦੱਸਦੀ ਹੈ। (ਕਹਾ. 17:17; 18:24) ਬਾਈਬਲ ਇਹ ਵੀ ਕਹਿੰਦੀ ਹੈ ਕਿ ਸਾਡੇ ਲਈ ਦੂਜਿਆਂ ਤੋਂ ਵੱਖਰੇ ਰਹਿਣਾ ਚੰਗੀ ਗੱਲ ਨਹੀਂ ਹੈ। (ਕਹਾ. 18:1) ਕਈਆਂ ਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਅਜਿਹਾ ਜ਼ਰੀਆ ਹੈ ਜਿਸ ’ਤੇ ਤੁਸੀਂ ਬਹੁਤ ਸਾਰੇ ਦੋਸਤ ਬਣਾ ਸਕਦੇ ਹੋ ਅਤੇ ਇਕੱਲੇਪਣ ਤੋਂ ਬਚ ਸਕਦੇ ਹੋ। ਪਰ ਸੋਸ਼ਲ ਮੀਡੀਆ ਵਰਤਦਿਆਂ ਸਾਨੂੰ ਖ਼ਬਰਦਾਰ ਰਹਿਣ ਦੀ ਲੋੜ ਹੈ।

13. ਸੋਸ਼ਲ ਮੀਡੀਆ ਵਰਤਣ ਵਾਲੇ ਕੁਝ ਲੋਕ ਕਿਉਂ ਇਕੱਲੇ ਤੇ ਨਿਰਾਸ਼ ਮਹਿਸੂਸ ਕਰਦੇ ਹਨ?

13 ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਜਿਹੜੇ ਲੋਕ ਘੰਟਿਆਂ-ਬੱਧੀ ਸੋਸ਼ਲ ਮੀਡੀਆ ’ਤੇ ਦੂਜਿਆਂ ਵੱਲੋਂ ਪਾਈਆਂ ਫੋਟੋਆਂ ਅਤੇ ਲਿਖੀਆਂ ਗੱਲਾਂ ਦੇਖਦੇ ਰਹਿੰਦੇ ਹਨ, ਉਹ ਅਸਲ ਵਿਚ ਇਕੱਲੇ ਤੇ ਨਿਰਾਸ਼ ਮਹਿਸੂਸ ਕਰਦੇ ਹਨ। ਕਿਉਂ? ਇਕ ਕਾਰਨ ਹੋ ਸਕਦਾ ਹੈ ਕਿ ਲੋਕ ਸੋਸ਼ਲ ਮੀਡੀਆ ’ਤੇ ਅਕਸਰ ਆਪਣੀ ਜ਼ਿੰਦਗੀ ਦੇ ਖ਼ਾਸ ਪਲਾਂ ਦੀਆਂ ਫੋਟੋਆਂ ਪਾਉਂਦੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਕਿੰਨੇ ਮਜ਼ੇ ਕੀਤੇ ਅਤੇ ਉਹ ਕਿੰਨੀਆਂ ਸੋਹਣੀਆਂ ਥਾਵਾਂ ’ਤੇ ਘੁੰਮਣ ਗਏ। ਇਨ੍ਹਾਂ ਫੋਟੋਆਂ ਨੂੰ ਦੇਖਣ ਵਾਲਾ ਸ਼ਾਇਦ ਸਿੱਟਾ ਕੱਢੇ ਕਿ ਉਸ ਦੀ ਆਪਣੀ ਜ਼ਿੰਦਗੀ ਕਿੰਨੀ ਸਾਦੀ ਤੇ ਬੇਰੰਗੀ ਹੈ। 19 ਸਾਲਾਂ ਦੀ ਇਕ ਮਸੀਹੀ ਭੈਣ ਕਹਿੰਦੀ ਹੈ, “ਮੈਂ ਉਦਾਸ ਹੋ ਜਾਂਦੀ ਸੀ ਜਦ ਮੈਂ ਦੇਖਦੀ ਸੀ ਕਿ ਸ਼ਨੀ-ਐਤਵਾਰ ਦੂਸਰੇ ਕਿੰਨਾ ਮਜ਼ਾ ਕਰਦੇ ਸਨ ਤੇ ਮੈਂ ਘਰ ਬੈਠੀ ਬੋਰ ਹੁੰਦੀ ਰਹਿੰਦੀ ਸੀ।”

14. ਪਹਿਲਾ ਪਤਰਸ 3:8 ਦੀ ਸਲਾਹ ਸੋਸ਼ਲ ਮੀਡੀਆ ਨੂੰ ਵਰਤਣ ਸੰਬੰਧੀ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

14 ਇਹ ਸੱਚ ਹੈ ਕਿ ਸੋਸ਼ਲ ਮੀਡੀਆ ਨੂੰ ਚੰਗੇ ਮਕਸਦ ਲਈ ਵਰਤਿਆ ਜਾ ਸਕਦਾ ਹੈ, ਜਿਵੇਂ ਕਿ ਪਰਿਵਾਰ ਤੇ ਦੋਸਤਾਂ ਨਾਲ ਗੱਲਬਾਤ ਕਰਨ ਲਈ। ਪਰ ਕੀ ਤੁਸੀਂ ਕਦੇ ਦੇਖਿਆ ਕਿ ਲੋਕ ਜਿਹੜੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਪਾਉਂਦੇ ਹਨ, ਉਹ ਆਪਣੀ ਵਡਿਆਈ ਕਰਨ ਲਈ ਪਾਉਂਦੇ ਹਨ? ਸ਼ਾਇਦ ਉਹ ਕਹਿਣਾ ਚਾਹੁੰਦੇ ਹਨ, “ਮੇਰੇ ਵੱਲ ਦੇਖੋ।” ਕੁਝ ਲੋਕ ਆਪਣੀਆਂ ਜਾਂ ਦੂਜਿਆਂ ਦੀਆਂ ਪਾਈਆਂ ਫੋਟੋਆਂ ’ਤੇ ਰੁੱਖੀਆਂ ਅਤੇ ਅਸ਼ਲੀਲ ਗੱਲਾਂ ਲਿਖ ਦਿੰਦੇ ਹਨ। ਇਹ ਗੱਲ ਨਿਮਰਤਾ ਅਤੇ ਹਮਦਰਦੀ ਦੇ ਗੁਣਾਂ ਦੇ ਉਲਟ ਹੈ ਜੋ ਗੁਣ ਮਸੀਹੀਆਂ ਨੂੰ ਪੈਦਾ ਕਰਨ ਲਈ ਕਿਹਾ ਗਿਆ ਹੈ।—1 ਪਤਰਸ 3:8 ਪੜ੍ਹੋ।

ਜੇ ਤੁਸੀਂ ਸੋਸ਼ਲ ਮੀਡੀਆ ’ਤੇ ਫੋਟੋਆਂ ਜਾਂ ਵੀਡੀਓ ਪਾਉਂਦੇ ਹੋ, ਤਾਂ ਉਨ੍ਹਾਂ ਨੂੰ ਦੇਖ ਕੇ ਤੁਹਾਡੇ ਬਾਰੇ ਕੀ ਪਤਾ ਲੱਗਦਾ ਹੈ? ਕੀ ਇਹ ਕਿ ਤੁਸੀਂ ਨਿਮਰ ਹੋ ਜਾਂ ਕਿ ਸ਼ੇਖੀਆ ਮਾਰ ਰਹੇ ਹੋ? (ਪੈਰਾ 15 ਦੇਖੋ)

15. ਆਪਣੀ ਵਡਿਆਈ ਕਰਾਉਣ ਤੋਂ ਬਚਣ ਵਿਚ ਬਾਈਬਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

15 ਜੇ ਤੁਸੀਂ ਸੋਸ਼ਲ ਮੀਡੀਆ ਵਰਤਦੇ ਹੋ, ਤਾਂ ਆਪਣੇ ਤੋਂ ਇਹ ਸਵਾਲ ਪੁੱਛੋ: ‘ਸੋਸ਼ਲ ਮੀਡੀਆ ’ਤੇ ਮੈਂ ਜਿਹੜੀਆਂ ਗੱਲਾਂ, ਫੋਟੋਆਂ ਜਾਂ ਵੀਡੀਓ ਪਾਈਆਂ ਹਨ, ਕੀ ਉਨ੍ਹਾਂ ਨੂੰ ਦੇਖ ਕੇ ਦੂਜਿਆਂ ਨੂੰ ਇਹ ਤਾਂ ਨਹੀਂ ਲੱਗਦਾ ਕਿ ਮੈਂ ਸ਼ੇਖੀਆਂ ਮਾਰ ਰਿਹਾ ਹਾਂ? ਕੀ ਇਨ੍ਹਾਂ ਨੂੰ ਦੇਖ ਕੇ ਉਨ੍ਹਾਂ ਵਿਚ ਈਰਖਾ ਤਾਂ ਪੈਦਾ ਨਹੀਂ ਹੋ ਰਹੀ?’ ਬਾਈਬਲ ਕਹਿੰਦੀ ਹੈ: “ਦੁਨੀਆਂ ਵਿਚ ਜੋ ਕੁਝ ਵੀ ਹੈ ਯਾਨੀ ਸਰੀਰ ਦੀ ਲਾਲਸਾ ਅਤੇ ਅੱਖਾਂ ਦੀ ਲਾਲਸਾ ਅਤੇ ਆਪਣੀ ਧਨ-ਦੌਲਤ ਤੇ ਹੈਸੀਅਤ ਦਾ ਦਿਖਾਵਾ, ਇਹ ਸਭ ਕੁਝ ਪਿਤਾ ਤੋਂ ਨਹੀਂ, ਸਗੋਂ ਦੁਨੀਆਂ ਤੋਂ ਹੈ।” (1 ਯੂਹੰ. 2:16) ਇਕ ਬਾਈਬਲ ਤਰਜਮੇ ਵਿਚ “ਆਪਣੀ ਧਨ-ਦੌਲਤ ਤੇ ਹੈਸੀਅਤ ਦਾ ਦਿਖਾਵਾ” ਸ਼ਬਦਾਂ ਦਾ ਅਨੁਵਾਦ “ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਇੱਛਾ” ਕੀਤਾ ਗਿਆ ਹੈ। ਮਸੀਹੀ ਆਪਣੀ ਵਡਿਆਈ ਕਰਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਬਾਈਬਲ ਦੀ ਇਸ ਸਲਾਹ ’ਤੇ ਚੱਲਦੇ ਹਨ: “ਆਓ ਆਪਾਂ ਨਾ ਹੀ ਹੰਕਾਰ ਕਰੀਏ, ਨਾ ਹੀ ਮੁਕਾਬਲਾ ਕਰਨ ਲਈ ਇਕ-ਦੂਜੇ ਨੂੰ ਉਕਸਾਈਏ ਅਤੇ ਨਾ ਹੀ ਇਕ-ਦੂਜੇ ਨਾਲ ਈਰਖਾ ਕਰੀਏ।” (ਗਲਾ. 5:26) ਨਿਮਰਤਾ ਦੀ ਮਦਦ ਨਾਲ ਅਸੀਂ ਦੁਨੀਆਂ ਵਾਂਗ ਵਾਹ-ਵਾਹ ਖੱਟਣ ਦੇ ਫੰਦੇ ਵਿਚ ਨਹੀਂ ਫਸਾਂਗੇ।

ਆਪਣੀ ਸੋਚ ਤੋਂ ਜ਼ਾਹਰ ਕਰੋ ਕਿ ਤੁਸੀਂ “ਸਮਝਦਾਰ” ਹੋ

16. ਸਾਨੂੰ ਘਮੰਡ ਕਰਨ ਤੋਂ ਕਿਉਂ ਬਚਣਾ ਚਾਹੀਦਾ ਹੈ?

16 ਸਾਨੂੰ ਨਿਮਰਤਾ ਪੈਦਾ ਕਰਨ ਦੀ ਲੋੜ ਹੈ ਕਿਉਂਕਿ ਘਮੰਡੀ ਲੋਕ “ਸਮਝਦਾਰ” ਨਹੀਂ ਹੁੰਦੇ। (ਰੋਮੀ. 12:3) ਉਹ ਝਗੜਾਲੂ ਅਤੇ ਹੰਕਾਰੀ ਹੁੰਦੇ ਹਨ। ਉਹ ਆਪਣੀ ਸੋਚ ਤੇ ਕੰਮਾਂ ਕਰਕੇ ਅਕਸਰ ਖ਼ੁਦ ਨੂੰ ਅਤੇ ਦੂਜਿਆਂ ਨੂੰ ਠੇਸ ਪਹੁੰਚਾਉਂਦੇ ਹਨ। ਜੇ ਉਹ ਆਪਣੀ ਸੋਚ ਨਹੀਂ ਬਦਲਦੇ, ਤਾਂ ਸ਼ੈਤਾਨ ਉਨ੍ਹਾਂ ਦੇ ਮਨ ਦੀਆਂ ਅੱਖਾਂ ਅੰਨ੍ਹੀਆਂ ਅਤੇ ਸੋਚ ਨੂੰ ਖ਼ਰਾਬ ਕਰ ਦੇਵੇਗਾ। (2 ਕੁਰਿੰ. 4:4; 11:3) ਦੂਜੇ ਪਾਸੇ, ਨਿਮਰ ਇਨਸਾਨ ਸਮਝਦਾਰ ਹੁੰਦਾ ਹੈ। ਉਹ ਆਪਣੇ ਬਾਰੇ ਸਹੀ ਨਜ਼ਰੀਆ ਰੱਖਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਦੂਸਰੇ ਕਈ ਮਾਮਲਿਆਂ ਵਿਚ ਉਸ ਨਾਲੋਂ ਚੰਗੇ ਹਨ। (ਫ਼ਿਲਿ. 2:3) ਨਾਲੇ ਉਹ ਜਾਣਦਾ ਹੈ ਕਿ “ਪਰਮੇਸ਼ੁਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ, ਪਰ ਨਿਮਰ ਲੋਕਾਂ ਉੱਤੇ ਅਪਾਰ ਕਿਰਪਾ ਕਰਦਾ ਹੈ।” (1 ਪਤ. 5:5) ਸਮਝਦਾਰ ਇਨਸਾਨ ਨਹੀਂ ਚਾਹੇਗਾ ਕਿ ਯਹੋਵਾਹ ਉਸ ਦਾ ਵਿਰੋਧ ਕਰੇ।

17. ਨਿਮਰ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

17 ਨਿਮਰ ਬਣੇ ਰਹਿਣ ਲਈ ਸਾਨੂੰ ਬਾਈਬਲ ਦੀ ਇਸ ਸਲਾਹ ’ਤੇ ਚੱਲਣ ਦੀ ਲੋੜ ਹੈ: “ਪੁਰਾਣੇ ਸੁਭਾਅ ਅਤੇ ਆਦਤਾਂ ਨੂੰ ਪੁਰਾਣੇ ਕੱਪੜੇ ਵਾਂਗ ਲਾਹ ਕੇ ਸੁੱਟ ਦਿਓ ਅਤੇ ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨ ਲਓ।” ਇਸ ਦੇ ਲਈ ਸਾਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਸਾਨੂੰ ਯਿਸੂ ਦੀ ਜ਼ਿੰਦਗੀ ਬਾਰੇ ਅਧਿਐਨ ਕਰਨ ਅਤੇ ਉਸ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਨ ਦੀ ਲੋੜ ਹੈ। (ਕੁਲੁ. 3:9, 10; 1 ਪਤ. 2:21) ਇਸ ਤਰ੍ਹਾਂ ਕਰ ਕੇ ਸਾਨੂੰ ਬਹੁਤ ਫ਼ਾਇਦਾ ਹੋਵੇਗਾ। ਜਿੱਦਾਂ-ਜਿੱਦਾਂ ਅਸੀਂ ਨਿਮਰਤਾ ਦਾ ਗੁਣ ਪੈਦਾ ਕਰਦੇ ਹਾਂ, ਉੱਦਾਂ-ਉੱਦਾਂ ਸਾਡੀ ਪਰਿਵਾਰਕ ਜ਼ਿੰਦਗੀ ਸੁਧਰੇਗੀ, ਅਸੀਂ ਮੰਡਲੀ ਵਿਚ ਏਕਤਾ ਵਧਾਵਾਂਗੇ ਅਤੇ ਗ਼ਲਤ ਤਰੀਕੇ ਨਾਲ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੋਂ ਬਚਾਂਗੇ। ਸਭ ਤੋਂ ਜ਼ਰੂਰੀ ਗੱਲ ਹੈ ਕਿ ਸਾਡੇ ’ਤੇ ਯਹੋਵਾਹ ਦੀ ਬਰਕਤ ਅਤੇ ਮਿਹਰ ਹੋਵੇਗੀ।

ਗੀਤ 19 ਨਵੀਂ ਦੁਨੀਆਂ ਦਾ ਵਾਅਦਾ

^ ਪੈਰਾ 5 ਅੱਜ ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਘਮੰਡੀ ਅਤੇ ਸੁਆਰਥੀ ਲੋਕ ਹਨ। ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਉਨ੍ਹਾਂ ਦੇ ਰਵੱਈਏ ਦਾ ਸਾਡੇ ਉੱਤੇ ਅਸਰ ਨਾ ਪਵੇ। ਇਸ ਲੇਖ ਵਿਚ ਅਸੀਂ ਤਿੰਨ ਮਾਮਲਿਆਂ ’ਤੇ ਗੌਰ ਕਰਾਂਗੇ ਜਿਨ੍ਹਾਂ ਵਿਚ ਸਾਨੂੰ ਆਪਣੇ ਆਪ ਨੂੰ ਲੋੜੋਂ ਵੱਧ ਨਹੀਂ ਸਮਝਣਾ ਚਾਹੀਦਾ।

^ ਪੈਰਾ 2 ਸ਼ਬਦਾਂ ਦਾ ਮਤਲਬ: ਇਕ ਘਮੰਡੀ ਇਨਸਾਨ ਦੂਜਿਆਂ ਬਾਰੇ ਸੋਚਣ ਦੀ ਬਜਾਇ ਆਪਣੇ ਆਪ ਬਾਰੇ ਜ਼ਿਆਦਾ ਸੋਚਦਾ ਹੈ। ਉਹ ਸੁਆਰਥੀ ਹੁੰਦਾ ਹੈ। ਦੂਜੇ ਪਾਸੇ, ਨਿਮਰ ਇਨਸਾਨ ਨਿਰਸੁਆਰਥ ਹੁੰਦਾ ਹੈ। ਨਿਮਰਤਾ ਦਾ ਮਤਲਬ ਹੈ ਮਨ ਦੇ ਹਲੀਮ ਹੋਣਾ, ਨਾ ਕਿ ਘਮੰਡੀ ਜਾਂ ਹੰਕਾਰੀ ਹੋਣਾ।

^ ਪੈਰਾ 56 ਤਸਵੀਰ ਬਾਰੇ ਜਾਣਕਾਰੀ: ਇਕ ਬਜ਼ੁਰਗ ਜਿਹੜਾ ਸੰਮੇਲਨ ਵਿਚ ਭਾਸ਼ਣ ਦਿੰਦਾ ਅਤੇ ਦੂਸਰੇ ਭੈਣਾਂ-ਭਰਾਵਾਂ ਦੀ ਨਿਗਾਹਬਾਨੀ ਕਰਦਾ ਹੈ, ਉਹ ਪ੍ਰਚਾਰ ਵਿਚ ਅਗਵਾਈ ਕਰਨ ਅਤੇ ਕਿੰਗਡਮ ਹਾਲ ਦੀ ਸਫ਼ਾਈ ਕਰਨ ਦੇ ਸਨਮਾਨ ਦੀ ਵੀ ਕਦਰ ਕਰਦਾ ਹੈ।