Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਯਿਸੂ ਕਦੋਂ ਮਹਾਂ ਪੁਜਾਰੀ ਬਣਿਆ ਅਤੇ ਕੀ ਇਸ ਵਿਚ ਕੋਈ ਫ਼ਰਕ ਹੈ ਕਿ ਨਵਾਂ ਇਕਰਾਰ ਕਦੋਂ ਪੱਕਾ ਅਤੇ ਕਦੋਂ ਲਾਗੂ ਹੋਇਆ?

ਯਿਸੂ 29 ਈਸਵੀ ਵਿਚ ਮਹਾਂ ਪੁਜਾਰੀ ਬਣਿਆ ਜਦੋਂ ਉਸ ਨੇ ਬਪਤਿਸਮਾ ਲਿਆ ਸੀ। ਇਸ ਗੱਲ ਦਾ ਕਿਹੜਾ ਸਬੂਤ ਹੈ? ਯਿਸੂ ਨੇ ਆਪਣੇ ਬਪਤਿਸਮੇ ਸਮੇਂ ਪਰਮੇਸ਼ੁਰ ਦੀ “ਇੱਛਾ” ਦੀ ਵੇਦੀ ਉੱਤੇ ਕੁਰਬਾਨੀ ਦੇਣ ਲਈ ਖ਼ੁਦ ਨੂੰ ਪੇਸ਼ ਕੀਤਾ। (ਗਲਾ. 1:4; ਇਬ. 10:5-10) ਇਹ ਇਕ ਤਰ੍ਹਾਂ ਦੀ ਵੇਦੀ ਯਿਸੂ ਦੇ ਬਪਤਿਸਮੇ ਦੇ ਸਮੇਂ ਤੋਂ ਹੀ ਹੋਂਦ ਵਿਚ ਹੈ, ਇਸ ਲਈ ਪਰਮੇਸ਼ੁਰ ਦਾ ਮਹਾਨ ਮੰਦਰ ਵੀ ਉਸੇ ਵਕਤ ਹੋਂਦ ਵਿਚ ਆਇਆ ਹੋਣਾ। ਇਹ ਮੰਦਰ ਯਿਸੂ ਦੀ ਕੁਰਬਾਨੀ ਦੇ ਆਧਾਰ ’ਤੇ ਕੀਤਾ ਹੋਇਆ ਸੱਚੀ ਭਗਤੀ ਦਾ ਇੰਤਜ਼ਾਮ ਹੈ। ਵੇਦੀ ਉਸ ਮਹਾਨ ਮੰਦਰ ਦੀ ਇਕ ਖ਼ਾਸੀਅਤ ਹੈ।—ਮੱਤੀ 3:16, 17; ਇਬ. 5:4-6.

ਪਰਮੇਸ਼ੁਰ ਦੇ ਇਸ ਮਹਾਨ ਮੰਦਰ ਵਿਚ ਸੇਵਾ ਕਰਨ ਵਾਸਤੇ ਇਕ ਮਹਾਂ ਪੁਜਾਰੀ ਦੀ ਲੋੜ ਸੀ। ਇਹ ਲੋੜ ਪੂਰੀ ਕਰਨ ਲਈ ਯਿਸੂ ਨੂੰ “ਪਵਿੱਤਰ ਸ਼ਕਤੀ ਅਤੇ ਤਾਕਤ ਨਾਲ” ਚੁਣਿਆ ਗਿਆ। (ਰਸੂ. 10:37, 38; ਮਰ. 1:9-11) ਪਰ ਅਸੀਂ ਕਿਵੇਂ ਜਾਣਦੇ ਹਾਂ ਕਿ ਯਿਸੂ ਨੂੰ ਉਸ ਦੀ ਮੌਤ ਅਤੇ ਉਸ ਨੂੰ ਜੀਉਂਦਾ ਕੀਤੇ ਜਾਣ ਤੋਂ ਪਹਿਲਾਂ ਮਹਾਂ ਪੁਜਾਰੀ ਨਿਯੁਕਤ ਕੀਤਾ ਗਿਆ ਸੀ? ਸਾਨੂੰ ਇਸ ਸਵਾਲ ਦਾ ਜਵਾਬ ਹਾਰੂਨ ਅਤੇ ਉਸ ਤੋਂ ਬਾਅਦ ਆਏ ਮਹਾਂ ਪੁਜਾਰੀਆਂ ਦੀਆਂ ਮਿਸਾਲਾਂ ’ਤੇ ਗੌਰ ਕਰ ਕੇ ਮਿਲੇਗਾ ਜਿਨ੍ਹਾਂ ਨੇ ਮੂਸਾ ਦੇ ਕਾਨੂੰਨ ਮੁਤਾਬਕ ਮਹਾਂ ਪੁਜਾਰੀਆਂ ਵਜੋਂ ਸੇਵਾ ਕੀਤੀ ਸੀ।

ਮੂਸਾ ਦੇ ਕਾਨੂੰਨ ਮੁਤਾਬਕ ਸਿਰਫ਼ ਮਹਾਂ ਪੁਜਾਰੀ ਤੰਬੂ ਦੇ ਅੱਤ ਪਵਿੱਤਰ ਹਿੱਸੇ ਵਿਚ ਅਤੇ ਬਾਅਦ ਵਿਚ ਬਣੇ ਮੰਦਰ ਦੇ ਅੱਤ ਪਵਿੱਤਰ ਕਮਰੇ ਵਿਚ ਜਾ ਸਕਦਾ ਸੀ। ਇਸ ਕਮਰੇ ਨੂੰ ਇਕ ਪਰਦੇ ਨਾਲ ਪਵਿੱਤਰ ਕਮਰੇ ਤੋਂ ਅਲੱਗ ਕੀਤਾ ਗਿਆ ਸੀ। ਮਹਾਂ ਪੁਜਾਰੀ ਸਿਰਫ਼ ਪਾਪ ਮਿਟਾਉਣ ਵਾਲੇ ਦਿਨ ਹੀ ਇਸ ਪਰਦੇ ਵਿੱਚੋਂ ਦੀ ਲੰਘ ਕੇ ਅੱਗੇ ਜਾਂਦਾ ਸੀ। (ਇਬ. 9:1-3, 6, 7) ਜਿਸ ਤਰ੍ਹਾਂ ਹਾਰੂਨ ਅਤੇ ਉਸ ਤੋਂ ਬਾਅਦ ਦੇ ਸੇਵਕਾਂ ਨੂੰ ਤੰਬੂ ਦੇ ‘ਪਰਦੇ ਵਿੱਚੋਂ ਦੀ ਲੰਘਣ’ ਤੋਂ ਪਹਿਲਾਂ ਚੁਣਿਆ ਗਿਆ ਸੀ, ਉਸੇ ਤਰ੍ਹਾਂ ਯਿਸੂ ਨੂੰ ਉਸ ਦੀ ਮੌਤ ਤੋਂ ਪਹਿਲਾਂ ਯਹੋਵਾਹ ਦੇ ਮਹਾਨ ਮੰਦਰ ਦਾ ਮਹਾਂ ਪੁਜਾਰੀ ਨਿਯੁਕਤ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹ “ਪਰਦੇ ਵਿੱਚੋਂ ਦੀ ਲੰਘ ਕੇ” ਸਵਰਗ ਚਲਾ ਗਿਆ। ਇਹ ਪਰਦਾ “ਉਸ ਦਾ ਆਪਣਾ ਸਰੀਰ” ਸੀ। (ਇਬ. 10:20) ਇਸ ਵਜ੍ਹਾ ਕਰਕੇ ਪੌਲੁਸ ਰਸੂਲ ਨੇ ਕਿਹਾ ਕਿ ਯਿਸੂ “ਮਹਾਂ ਪੁਜਾਰੀ ਦੇ ਤੌਰ ਤੇ” ਆਇਆ ਅਤੇ ਉਹ “ਉਸ ਤੰਬੂ ਵਿਚ ਗਿਆ ਜਿਹੜਾ ਜ਼ਿਆਦਾ ਮਹੱਤਵਪੂਰਣ ਤੇ ਉੱਤਮ ਹੈ ਤੇ ਜਿਸ ਨੂੰ ਇਨਸਾਨੀ ਹੱਥਾਂ ਨੇ ਨਹੀਂ ਬਣਾਇਆ” ਅਤੇ ਫਿਰ “ਸਵਰਗ ਵਿਚ ਗਿਆ।”—ਇਬ. 9:11, 24.

ਸੋ ਇਸ ਗੱਲ ਵਿਚ ਕੋਈ ਫ਼ਰਕ ਨਹੀਂ ਹੈ ਕਿ ਨਵਾਂ ਇਕਰਾਰ ਕਦੋਂ ਪੱਕਾ ਹੋਇਆ ਸੀ ਤੇ ਇਹ ਕਦੋਂ ਲਾਗੂ ਹੋਇਆ ਸੀ। ਕਿਉਂ ਨਹੀਂ? ਜਦੋਂ ਯਿਸੂ ਸਵਰਗ ਗਿਆ ਅਤੇ ਸਾਡੀ ਖ਼ਾਤਰ ਉੱਥੇ ਆਪਣੀ ਮੁਕੰਮਲ ਜ਼ਿੰਦਗੀ ਦੀ ਕੀਮਤ ਅਦਾ ਕੀਤੀ, ਤਾਂ ਉਸ ਨੇ ਉਹ ਕੰਮ ਸ਼ੁਰੂ ਕਰ ਦਿੱਤਾ ਜਿਸ ਨਾਲ ਨਵਾਂ ਇਕਰਾਰ ਪੱਕਾ ਹੋਇਆ ਜਾਂ ਕਾਨੂੰਨੀ ਤੌਰ ਤੇ ਜਾਇਜ਼ ਠਹਿਰਾਇਆ ਗਿਆ। ਨਾਲੇ ਇਸੇ ਕੰਮ ਸਦਕਾ ਇਕਰਾਰ ਲਾਗੂ ਵੀ ਹੋ ਗਿਆ। ਇਸ ਕੰਮ ਲਈ ਕਿਹੜੇ ਕਦਮ ਉਠਾਏ ਗਏ ਸਨ?

ਪਹਿਲਾ, ਯਿਸੂ ਯਹੋਵਾਹ ਅੱਗੇ ਹਾਜ਼ਰ ਹੋਇਆ; ਫਿਰ ਯਿਸੂ ਨੇ ਆਪਣੀ ਕੁਰਬਾਨੀ ਦੀ ਕੀਮਤ ਯਹੋਵਾਹ ਅੱਗੇ ਪੇਸ਼ ਕੀਤੀ ਅਤੇ ਅਖ਼ੀਰ ਵਿਚ ਯਹੋਵਾਹ ਨੇ ਯਿਸੂ ਦੇ ਵਹਾਏ ਖ਼ੂਨ ਦੀ ਕੀਮਤ ਕਬੂਲ ਕੀਤੀ। ਇਹ ਕਦਮ ਚੁੱਕਣ ਤੋਂ ਬਾਅਦ ਹੀ ਨਵਾਂ ਇਕਰਾਰ ਲਾਗੂ ਹੋਣਾ ਸ਼ੁਰੂ ਹੋਇਆ।

ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਯਹੋਵਾਹ ਨੇ ਐਨ ਕਿਸ ਵਕਤ ਯਿਸੂ ਦੀ ਕੁਰਬਾਨੀ ਦੀ ਕੀਮਤ ਕਬੂਲ ਕੀਤੀ ਸੀ। ਇਸ ਲਈ ਅਸੀਂ ਸਹੀ-ਸਹੀ ਸਮਾਂ ਨਹੀਂ ਦੱਸ ਸਕਦੇ ਕਿ ਨਵਾਂ ਇਕਰਾਰ ਕਦੋਂ ਪੱਕਾ ਕੀਤਾ ਗਿਆ ਤੇ ਲਾਗੂ ਹੋਇਆ। ਪਰ ਸਾਨੂੰ ਇਹ ਪਤਾ ਹੈ ਕਿ ਯਿਸੂ ਪੰਤੇਕੁਸਤ ਤੋਂ ਦਸ ਦਿਨ ਪਹਿਲਾਂ ਸਵਰਗ ਨੂੰ ਗਿਆ ਸੀ। (ਰਸੂ. 1:3) ਇਸ ਸਮੇਂ ਦੇ ਵਿਚ-ਵਿਚਾਲੇ ਹੀ ਉਸ ਨੇ ਯਹੋਵਾਹ ਨੂੰ ਆਪਣੀ ਕੁਰਬਾਨੀ ਦੀ ਕੀਮਤ ਅਦਾ ਕੀਤੀ ਜਿਸ ਨੂੰ ਯਹੋਵਾਹ ਨੇ ਕਬੂਲ ਕੀਤਾ। (ਇਬ. 9:12) ਇਸ ਗੱਲ ਦਾ ਸਬੂਤ ਪੰਤੇਕੁਸਤ ਦੇ ਤਿਉਹਾਰ ’ਤੇ ਸਾਫ਼ ਨਜ਼ਰ ਆਇਆ ਸੀ। (ਰਸੂ. 2:1-4, 32, 33) ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਵੇਲੇ ਨਵਾਂ ਇਕਰਾਰ ਲਾਗੂ ਹੋ ਚੁੱਕਾ ਸੀ।

ਥੋੜ੍ਹੇ ਸ਼ਬਦਾਂ ਵਿਚ ਕਹੀਏ, ਤਾਂ ਨਵਾਂ ਇਕਰਾਰ ਉਦੋਂ ਪੱਕਾ ਤੇ ਲਾਗੂ ਹੋਇਆ ਜਦੋਂ ਯਹੋਵਾਹ ਨੇ ਯਿਸੂ ਦੇ ਵਹਾਏ ਗਏ ਖ਼ੂਨ ਦੀ ਕੀਮਤ ਨੂੰ ਕਬੂਲ ਕੀਤਾ। ਫਿਰ ਮਹਾਂ ਪੁਜਾਰੀ ਯਿਸੂ ਦੇ ਜ਼ਰੀਏ ਇਹ ਇਕਰਾਰ ਕੰਮ ਕਰਨ ਲੱਗ ਪਿਆ ਜੋ ਇਸ ਇਕਰਾਰ ਦਾ ਵਿਚੋਲਾ ਹੈ।—ਇਬ. 7:25; 8:1-3, 6; 9:13-15.