Skip to content

Skip to table of contents

ਜੀਵਨੀ

ਮੈਂ ਉਹੀ ਕੀਤਾ ਜੋ ਮੈਨੂੰ ਕਰਨਾ ਚਾਹੀਦਾ ਸੀ

ਮੈਂ ਉਹੀ ਕੀਤਾ ਜੋ ਮੈਨੂੰ ਕਰਨਾ ਚਾਹੀਦਾ ਸੀ

ਡੌਨਲਡ ਰਿਡਲੀ ਨੇ ਪਿਛਲੇ 30 ਤੋਂ ਜ਼ਿਆਦਾ ਸਾਲਾਂ ਦੌਰਾਨ ਯਹੋਵਾਹ ਦੇ ਗਵਾਹਾਂ ਦੇ ਮੁਕੱਦਮੇ ਲੜੇ। ਉਸ ਨੇ ਖ਼ੂਨ ਨਾ ਲੈਣ ਬਾਰੇ ਮਰੀਜ਼ਾਂ ਦੇ ਹੱਕਾਂ ਦੀ ਰਾਖੀ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ ਅਮਰੀਕਾ ਦੀਆਂ ਉੱਚ-ਅਦਾਲਤਾਂ ਵਿਚ ਯਹੋਵਾਹ ਦੇ ਗਵਾਹਾਂ ਦੇ ਬਹੁਤ ਸਾਰੇ ਮੁਕੱਦਮੇ ਜਿੱਤਣ ਵਿਚ ਮਦਦ ਕੀਤੀ। ਉਸ ਦੇ ਦੋਸਤ ਉਸ ਨੂੰ ਡੌਨ ਕਹਿੰਦੇ ਸਨ। ਉਹ ਮਿਹਨਤੀ, ਨਿਮਰ ਤੇ ਦੂਸਰਿਆਂ ਦੇ ਭਲੇ ਲਈ ਕੰਮ ਕਰਦਾ ਸੀ।

2019 ਵਿਚ ਡੌਨ ਨੂੰ ਦਿਮਾਗ਼ ਦੀ ਲਾਇਲਾਜ ਬੀਮਾਰੀ ਲੱਗ ਗਈ। ਇਸ ਬੀਮਾਰੀ ਦੇ ਤੇਜ਼ੀ ਨਾਲ ਵਧਣ ਕਰਕੇ 16 ਅਗਸਤ 2019 ਨੂੰ ਉਸ ਦੀ ਮੌਤ ਹੋ ਗਈ। ਇਹ ਉਸ ਦੀ ਜ਼ਿੰਦਗੀ ਦੀ ਕਹਾਣੀ ਹੈ।

1954 ਵਿਚ ਮੇਰਾ ਜਨਮ ਅਮਰੀਕਾ ਦੇ ਸੇਂਟ ਪੌਲ, ਮਿਨੀਸੋਟਾ ਵਿਚ ਹੋਇਆ ਸੀ। ਮੇਰਾ ਪਰਿਵਾਰ ਨਾ ਤਾਂ ਜ਼ਿਆਦਾ ਅਮੀਰ ਸੀ ਤੇ ਨਾ ਹੀ ਗ਼ਰੀਬ ਅਤੇ ਅਸੀਂ ਕੈਥੋਲਿਕ ਧਰਮ ਨੂੰ ਮੰਨਦੇ ਸੀ। ਮੈਂ ਪੰਜ ਭੈਣਾਂ-ਭਰਾਵਾਂ ਵਿੱਚੋਂ ਦੂਜੇ ਨੰਬਰ ’ਤੇ ਸੀ। ਮੈਂ ਬਚਪਨ ਵਿਚ ਕੈਥੋਲਿਕ ਸਕੂਲ ਜਾਂਦਾ ਹੁੰਦਾ ਸੀ ਅਤੇ ਚਰਚ ਵਿਚ ਸੇਵਾ ਕਰਦਾ ਸੀ। ਪਰ ਮੈਨੂੰ ਬਾਈਬਲ ਬਾਰੇ ਬਹੁਤ ਘੱਟ ਜਾਣਕਾਰੀ ਸੀ। ਭਾਵੇਂ ਕਿ ਮੈਂ ਮੰਨਦਾ ਹੁੰਦਾ ਸੀ ਕਿ ਰੱਬ ਹੈ ਜਿਸ ਨੇ ਸਾਰਾ ਕੁਝ ਬਣਾਇਆ ਹੈ, ਪਰ ਚਰਚ ਤੋਂ ਮੇਰਾ ਵਿਸ਼ਵਾਸ ਉੱਠ ਚੁੱਕਾ ਸੀ।

ਮੈਨੂੰ ਸੱਚਾਈ ਮਿਲੀ

ਜਦੋਂ ਵਿਲੀਅਮ ਮਿੱਚਲ ਕਾਲਜ ਆਫ਼ ਲਾਅ ਵਿਚ ਮੇਰਾ ਪਹਿਲਾ ਸਾਲ ਸੀ, ਉਦੋਂ ਯਹੋਵਾਹ ਦੇ ਗਵਾਹ ਮੇਰੇ ਘਰ ਆਏ। ਉਸ ਸਮੇਂ ਮੈਂ ਕੱਪੜੇ ਧੋਣ ਵਿਚ ਬਿਜ਼ੀ ਸੀ, ਇਸ ਲਈ ਉਸ ਜੋੜੇ ਨੇ ਪਿਆਰ ਨਾਲ ਕਿਹਾ ਕਿ ਉਹ ਬਾਅਦ ਵਿਚ ਆਉਣਗੇ। ਫਿਰ ਜਦੋਂ ਉਹ ਵਾਪਸ ਆਏ, ਤਾਂ ਮੈਂ ਉਨ੍ਹਾਂ ਨੂੰ ਦੋ ਸਵਾਲ ਪੁੱਛੇ: “ਹਮੇਸ਼ਾ ਬੁਰੇ ਲੋਕ ਹੀ ਕਿਉਂ ਸਫ਼ਲ ਹੁੰਦੇ ਹਨ?” ਅਤੇ “ਸਾਨੂੰ ਸੱਚੀ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?” ਮੈਂ ਉਨ੍ਹਾਂ ਤੋਂ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ ਨਾਂ ਦੀ ਕਿਤਾਬ ਅਤੇ ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਵੀ ਲਈ। ਬਾਈਬਲ ਦੀ ਜਿਲਦ ਹਰੇ ਰੰਗ ਦੀ ਸੀ ਜੋ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਸੀ। ਮੈਂ ਬਾਈਬਲ ਸਟੱਡੀ ਕਰਨ ਲਈ ਵੀ ਮੰਨ ਗਿਆ। ਸਟੱਡੀ ਕਰ ਕੇ ਮੇਰੀਆਂ ਅੱਖਾਂ ਹੀ ਖੁੱਲ੍ਹ ਗਈਆਂ। ਜਦੋਂ ਮੈਂ ਸਿੱਖਿਆ ਕਿ ਇਸ ਧਰਤੀ ’ਤੇ ਇਨਸਾਨੀ ਸਰਕਾਰਾਂ ਨਹੀਂ, ਸਗੋਂ ਪਰਮੇਸ਼ੁਰ ਦੀ ਸਰਕਾਰ ਰਾਜ ਕਰੇਗੀ, ਤਾਂ ਮੈਨੂੰ ਬਹੁਤ ਖ਼ੁਸ਼ੀ ਹੋਈ। ਮੈਂ ਦੇਖ ਸਕਦਾ ਸੀ ਕਿ ਇਨਸਾਨੀ ਸਰਕਾਰਾਂ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੀਆਂ ਸਨ ਜਿਸ ਕਰਕੇ ਪੂਰੀ ਦੁਨੀਆਂ ਨੂੰ ਦੁੱਖ-ਦਰਦ, ਬੀਮਾਰੀਆਂ, ਬੇਇਨਸਾਫ਼ੀ ਅਤੇ ਆਫ਼ਤਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ।

1982 ਦੇ ਸ਼ੁਰੂ ਵਿਚ ਮੈਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕੀਤੀ ਤੇ ਬਾਅਦ ਵਿਚ ਉਸੇ ਸਾਲ ਮੈਂ “ਰਾਜ ਦੀ ਸੱਚਾਈ” ਨਾਂ ਦੇ ਸੰਮੇਲਨ ਵਿਚ ਬਪਤਿਸਮਾ ਲੈ ਲਿਆ। ਇਹ ਸੰਮੇਲਨ ਸੇਂਟ ਪੌਲ ਦੇ ਸੀਵਿਕ ਸੈਂਟਰ ਵਿਚ ਹੋਇਆ ਸੀ। ਇਸ ਤੋਂ ਅਗਲੇ ਹਫ਼ਤੇ ਮੈਂ ਮਿਨੀਸੋਟਾ ਦੇ ਸੀਵਿਕ ਸੈਂਟਰ ਵਾਪਸ ਗਿਆ ਤੇ ਉੱਥੇ ਮੈਂ ਵਕੀਲ ਬਣਨ ਲਈ ਇਕ ਪੇਪਰ ਦਿੱਤਾ। ਫਿਰ ਅਕਤੂਬਰ ਵਿਚ ਮੈਨੂੰ ਪਤਾ ਲੱਗਾ ਕਿ ਮੈਂ ਪਾਸ ਹੋ ਗਿਆ ਹਾਂ ਅਤੇ ਹੁਣ ਮੈਂ ਇਕ ਵਕੀਲ ਵਜੋਂ ਕੰਮ ਕਰ ਸਕਦਾ ਸੀ।

ਮੈਂ “ਰਾਜ ਦੀ ਸੱਚਾਈ” ਸੰਮੇਲਨ ਵਿਚ ਮਾਈਕ ਰਿਚਰਡਸਨ ਨੂੰ ਮਿਲਿਆ ਜੋ ਬਰੁਕਲਿਨ ਬੈਥਲ ਵਿਚ ਸੇਵਾ ਕਰਦਾ ਸੀ ਅਤੇ ਉਸ ਨੇ ਮੈਨੂੰ ਦੱਸਿਆ ਕਿ ਹੈੱਡਕੁਆਰਟਰ ਵਿਚ ਕਾਨੂੰਨ ਵਿਭਾਗ ਵੀ ਬਣਾਇਆ ਗਿਆ ਸੀ। ਉਸ ਵੇਲੇ ਮੈਨੂੰ ਰਸੂਲਾਂ ਦੇ ਕੰਮ 8:36 ਵਿਚ ਦਰਜ ਇਥੋਪੀਆ ਦੇ ਮੰਤਰੀ ਦੇ ਸ਼ਬਦ ਯਾਦ ਆਏ ਅਤੇ ਮੈਂ ਆਪਣੇ ਆਪ ਨੂੰ ਪੁੱਛਿਆ: ‘ਹੁਣ ਮੈਨੂੰ ਕਿਹੜੀ ਗੱਲ ਕਾਨੂੰਨ ਵਿਭਾਗ ਵਿਚ ਕੰਮ ਕਰਨ ਤੋਂ ਰੋਕ ਰਹੀ ਹੈ?’ ਇਸ ਲਈ ਮੈਂ ਬੈਥਲ ਸੇਵਾ ਲਈ ਫ਼ਾਰਮ ਭਰ ਦਿੱਤਾ।

ਮੇਰੇ ਮਾਤਾ-ਪਿਤਾ ਖ਼ੁਸ਼ ਨਹੀਂ ਸਨ ਕਿ ਮੈਂ ਯਹੋਵਾਹ ਦਾ ਗਵਾਹ ਬਣ ਗਿਆ ਸੀ। ਮੇਰੇ ਡੈਡੀ ਨੇ ਮੈਨੂੰ ਪੁੱਛਿਆ ਕਿ ਵਾਚਟਾਵਰ ਵਿਚ ਕੰਮ ਕਰਨ ਨਾਲ ਵਕੀਲ ਵਜੋਂ ਮੇਰੇ ਕੈਰੀਅਰ ਦਾ ਕੀ ਬਣੇਗਾ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਮੈਂ ਇਕ ਵਲੰਟੀਅਰ ਦੇ ਤੌਰ ਤੇ ਕੰਮ ਕਰਾਂਗਾ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ ਹਰ ਮਹੀਨੇ 75 ਅਮਰੀਕੀ ਡਾਲਰ ਮਿਲਣਗੇ ਜੋ ਕਿ ਬੈਥਲ ਦੇ ਮੈਂਬਰਾਂ ਨੂੰ ਜੇਬ ਖ਼ਰਚ ਲਈ ਮਿਲਦੇ ਸਨ।

ਮੈਂ ਅਦਾਲਤ ਵਿਚ ਕੰਮ ਕਰਨ ਦਾ ਪਹਿਲਾਂ ਹੀ ਵਾਅਦਾ ਕੀਤਾ ਹੋਇਆ ਸੀ ਜਿਸ ਕਰਕੇ ਮੈਂ ਜਲਦੀ ਬੈਥਲ ਨਹੀਂ ਜਾ ਸਕਿਆ। ਫਿਰ 1984 ਵਿਚ ਮੈਂ ਬਰੁਕਲਿਨ ਨਿਊਯਾਰਕ ਵਿਚ ਆਪਣੀ ਬੈਥਲ ਸੇਵਾ ਸ਼ੁਰੂ ਕੀਤੀ। ਮੈਨੂੰ ਕਾਨੂੰਨ ਵਿਭਾਗ ਵਿਚ ਕੰਮ ਕਰਨ ਲਈ ਕਿਹਾ ਗਿਆ। ਅਦਾਲਤ ਵਿਚ ਹੋਏ ਤਜਰਬੇ ਨੇ ਮੈਨੂੰ ਆਉਣ ਵਾਲੇ ਸਮੇਂ ਲਈ ਤਿਆਰ ਕੀਤਾ।

ਸਟੈਨਲੀ ਥੀਏਟਰ ਦੀ ਮੁਰੰਮਤ

ਖ਼ਰੀਦਣ ਵੇਲੇ ਸਟੈਨਲੀ ਥੀਏਟਰ ਇਸ ਤਰ੍ਹਾਂ ਦਾ ਦਿਸਦਾ ਸੀ

ਨਵੰਬਰ 1983 ਵਿਚ ਨਿਊ ਜਰਸੀ ਦੀ ਜਰਸੀ ਸਿਟੀ ਵਿਚ ਸਟੈਨਲੀ ਥੀਏਟਰ ਖ਼ਰੀਦਿਆ ਗਿਆ। ਭਰਾਵਾਂ ਨੇ ਇਸ ਇਮਾਰਤ ਵਿਚ ਬਿਜਲੀ ਤੇ ਪਲੰਬਿੰਗ ਦਾ ਕੰਮ ਕਰਾਉਣ ਦੀ ਮਨਜ਼ੂਰੀ ਲਈ ਅਰਜ਼ੀ ਦਿੱਤੀ। ਫਿਰ ਉਹ ਸ਼ਹਿਰ ਦੇ ਅਧਿਕਾਰੀਆਂ ਨੂੰ ਮਿਲੇ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਮਝਾਇਆ ਕਿ ਉਹ ਸਟੈਨਲੀ ਥੀਏਟਰ ਨੂੰ ਯਹੋਵਾਹ ਦੇ ਗਵਾਹਾਂ ਦੇ ਸੰਮੇਲਨਾਂ ਲਈ ਵਰਤਣਾ ਚਾਹੁੰਦੇ ਸਨ। ਪਰ ਇਸ ਨਾਲ ਮੁਸ਼ਕਲ ਖੜ੍ਹੀ ਹੋ ਗਈ। ਜਰਸੀ ਸਿਟੀ ਦੇ ਕਾਨੂੰਨ ਮੁਤਾਬਕ ਭਗਤੀ ਦੀਆਂ ਥਾਵਾਂ ਸਿਰਫ਼ ਰਿਹਾਇਸ਼ੀ ਇਲਾਕਿਆਂ ਵਿਚ ਹੀ ਹੋਣੀਆਂ ਚਾਹੀਦੀਆਂ ਸਨ। ਸਟੈਨਲੀ ਥੀਏਟਰ ਵਪਾਰਕ ਇਲਾਕੇ ਵਿਚ ਸੀ, ਇਸ ਲਈ ਸ਼ਹਿਰ ਦੇ ਅਧਿਕਾਰੀਆਂ ਨੇ ਸਾਨੂੰ ਮਨਜ਼ੂਰੀ ਦੇਣ ਤੋਂ ਮਨ੍ਹਾ ਕਰ ਦਿੱਤਾ। ਭਰਾਵਾਂ ਨੇ ਸ਼ਹਿਰ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ, ਪਰ ਉਨ੍ਹਾਂ ਦੀ ਅਪੀਲ ਨਾਮਨਜ਼ੂਰ ਹੋ ਗਈ।

ਮੇਰੀ ਬੈਥਲ ਸੇਵਾ ਦੇ ਪਹਿਲੇ ਹਫ਼ਤੇ ਦੌਰਾਨ ਸੰਗਠਨ ਨੇ ਫੈਡਰਲ ਡਿਸਟ੍ਰਿਕਟ ਅਦਾਲਤ ਵਿਚ ਅਧਿਕਾਰੀਆਂ ਦੇ ਫ਼ੈਸਲੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ। ਮੈਂ ਸੇਂਟ ਪੌਲ, ਮਿਨੀਸੋਟਾ ਦੀ ਫੈਡਰਲ ਡਿਸਟ੍ਰਿਕਟ ਅਦਾਲਤ ਵਿਚ ਦੋ ਸਾਲ ਕੰਮ ਕੀਤਾ ਸੀ। ਇਸ ਕਰਕੇ ਮੈਨੂੰ ਪਤਾ ਸੀ ਕਿ ਅਜਿਹੇ ਮੁਕੱਦਮੇ ਕਿਵੇਂ ਲੜੇ ਜਾਂਦੇ ਸਨ। ਸਾਡੇ ਇਕ ਵਕੀਲ ਨੇ ਪੈਰਵੀ ਕਰਦਿਆਂ ਕਿਹਾ ਕਿ ਜੇ ਸਟੈਨਲੀ ਥੀਏਟਰ ਨੂੰ ਬਹੁਤ ਸਾਰੇ ਪ੍ਰੋਗ੍ਰਾਮਾਂ, ਫ਼ਿਲਮਾਂ ਅਤੇ ਸੰਗੀਤ ਸਮਾਰੋਹਾਂ ਲਈ ਵਰਤਿਆ ਜਾਂਦਾ ਸੀ, ਤਾਂ ਫਿਰ ਧਾਰਮਿਕ ਪ੍ਰੋਗ੍ਰਾਮ ਲਈ ਇਹ ਗ਼ੈਰ-ਕਾਨੂੰਨੀ ਕਿਵੇਂ ਹੋ ਸਕਦਾ? ਫੈਡਰਲ ਡਿਸਟ੍ਰੀਕਟ ਅਦਾਲਤ ਨੇ ਇਸ ਮਾਮਲੇ ’ਤੇ ਗੌਰ ਕਰਦਿਆਂ ਕਿਹਾ ਕਿ ਜਰਸੀ ਸਿਟੀ ਦੇ ਅਧਿਕਾਰੀਆਂ ਨੇ ਸਾਡੇ ਧਾਰਮਿਕ ਆਜ਼ਾਦੀ ਦੇ ਹੱਕ ਦੀ ਉਲੰਘਣਾ ਕੀਤੀ ਸੀ। ਫਿਰ ਅਦਾਲਤ ਨੇ ਸ਼ਹਿਰ ਦੇ ਅਧਿਕਾਰੀਆਂ ਨੂੰ ਮਨਜ਼ੂਰੀ ਦੇਣ ਦਾ ਹੁਕਮ ਦਿੱਤਾ। ਮੈਂ ਸਾਫ਼-ਸਾਫ਼ ਦੇਖਿਆ ਕਿ ਯਹੋਵਾਹ ਨੇ ਆਪਣੇ ਕੰਮ ਨੂੰ ਵਧਾਉਣ ਲਈ ਕਿਵੇਂ ਕਾਨੂੰਨ ਨੂੰ ਵਰਤਿਆ। ਮੈਂ ਇਸ ਵਿਚ ਹਿੱਸਾ ਲੈ ਕੇ ਬਹੁਤ ਖ਼ੁਸ਼ ਸੀ।

ਭਰਾਵਾਂ ਨੇ ਵੱਡੇ ਪੈਮਾਨੇ ’ਤੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਅਤੇ ਇਹ ਕੰਮ ਸਾਲ ਦੇ ਵਿਚ-ਵਿਚ ਹੀ ਪੂਰਾ ਕਰ ਦਿੱਤਾ। ਜਰਸੀ ਸਿਟੀ ਦੇ ਸੰਮੇਲਨ ਹਾਲ ਵਿਚ 8 ਸਤੰਬਰ 1985 ਨੂੰ ਗਿਲਿਅਡ ਦੀ 79ਵੀਂ ਕਲਾਸ ਦੀ ਗ੍ਰੈਜੂਏਸ਼ਨ ਹੋਈ। ਬੈਥਲ ਵਿਚ ਆਉਣ ਤੋਂ ਪਹਿਲਾਂ ਵੀ ਮੈਂ ਵਕੀਲ ਵਜੋਂ ਕੰਮ ਕਰਦਾ ਸੀ, ਪਰ ਹੁਣ ਮੈਂ ਇਹ ਕੰਮ ਕਰ ਕੇ ਕਿਤੇ ਜ਼ਿਆਦਾ ਖ਼ੁਸ਼ ਸੀ। ਉਸ ਸਮੇਂ ਮੈਨੂੰ ਪਤਾ ਨਹੀਂ ਸੀ ਕਿ ਯਹੋਵਾਹ ਮੈਨੂੰ ਅਜਿਹੇ ਹੋਰ ਕਾਨੂੰਨੀ ਮੁਕੱਦਮੇ ਲੜਨ ਲਈ ਵਰਤੇਗਾ।

ਖ਼ੂਨ ਤੋਂ ਬਗੈਰ ਇਲਾਜ ਦੇ ਹੱਕਾਂ ਲਈ ਲੜਨਾ

1980 ਦੇ ਦਹਾਕੇ ਵਿਚ ਕਈ ਡਾਕਟਰ ਅਤੇ ਹਸਪਤਾਲ ਲਹੂ ਤੋਂ ਬਗੈਰ ਬਣੀਆਂ ਦਵਾਈਆਂ ਨਾਲ ਯਹੋਵਾਹ ਦੇ ਗਵਾਹਾਂ ਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੰਦੇ ਸਨ। ਜੱਜਾਂ ਦਾ ਮੰਨਣਾ ਸੀ ਕਿ ਖ਼ਾਸ ਕਰਕੇ ਗਰਭਵਤੀ ਔਰਤਾਂ ਕੋਲ ਖ਼ੂਨ ਤੋਂ ਬਿਨਾਂ ਇਲਾਜ ਕਰਾਉਣ ਦਾ ਕਾਨੂੰਨੀ ਹੱਕ ਨਹੀਂ ਸੀ। ਜੱਜ ਕਹਿੰਦੇ ਸਨ ਕਿ ਖ਼ੂਨ ਨਾ ਲੈਣ ਕਰਕੇ ਮਾਂ ਦੀ ਮੌਤ ਹੋ ਸਕਦੀ ਸੀ ਅਤੇ ਬੱਚੇ ਦਾ ਪਾਲਣ-ਪੋਸ਼ਣ ਬਿਨਾਂ ਮਾਂ ਤੋਂ ਹੋਣਾ ਸੀ।

29 ਦਸੰਬਰ 1988 ਨੂੰ ਭੈਣ ਡਨੀਸ ਨਿਕੋਲੇਅ ਦਾ ਆਪਣੇ ਮੁੰਡੇ ਨੂੰ ਜਨਮ ਦੇਣ ਤੋਂ ਬਾਅਦ ਬਹੁਤ ਸਾਰਾ ਖ਼ੂਨ ਵਹਿ ਗਿਆ। ਉਸ ਵਿਚ 5 ਗ੍ਰਾਮ ਤੋਂ ਵੀ ਘੱਟ ਖ਼ੂਨ ਰਹਿ ਗਿਆ। ਇਸ ਕਰਕੇ ਉਸ ਦੀ ਜਾਨ ਨੂੰ ਖ਼ਤਰਾ ਸੀ ਤੇ ਡਾਕਟਰ ਚਾਹੁੰਦੇ ਸਨ ਕਿ ਉਹ ਖ਼ੂਨ ਲੈ ਲਵੇ। ਪਰ ਭੈਣ ਨਿਕੋਲੇਅ ਨੇ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ। ਅਗਲੇ ਹੀ ਦਿਨ ਹਸਪਤਾਲ ਵਾਲਿਆਂ ਨੇ ਅਦਾਲਤ ਤੋਂ ਉਸ ਨੂੰ ਖ਼ੂਨ ਚੜ੍ਹਾਉਣ ਦੀ ਇਜਾਜ਼ਤ ਮੰਗੀ। ਜੱਜ ਨੇ ਬਿਨਾਂ ਸੁਣਵਾਈ ਕੀਤਿਆਂ ਅਤੇ ਭੈਣ ਨਿਕੋਲੇਅ ਜਾਂ ਉਸ ਦੇ ਪਤੀ ਨੂੰ ਕੁਝ ਦੱਸੇ ਬਿਨਾਂ ਹਸਪਤਾਲ ਵਾਲਿਆਂ ਨੂੰ ਖ਼ੂਨ ਚੜ੍ਹਾਉਣ ਦੀ ਇਜਾਜ਼ਤ ਦੇ ਦਿੱਤੀ।

ਭੈਣ ਨਿਕੋਲੇਅ ਦੇ ਪਤੀ ਅਤੇ ਪਰਿਵਾਰ ਵਾਲਿਆਂ ਦੇ ਸਖ਼ਤ ਵਿਰੋਧ ਕਰਨ ਦੇ ਬਾਵਜੂਦ 30 ਦਸੰਬਰ, ਦਿਨ ਸ਼ੁੱਕਰਵਾਰ ਨੂੰ ਹਸਪਤਾਲ ਵਾਲਿਆਂ ਨੇ ਭੈਣ ਨਿਕੋਲੇਅ ਨੂੰ ਖ਼ੂਨ ਚੜ੍ਹਾ ਦਿੱਤਾ। ਭੈਣ ਨਿਕੋਲੇਅ ਦੇ ਦੁਆਲੇ ਘੇਰਾ ਪਾ ਕੇ ਖੜ੍ਹੇ ਪਰਿਵਾਰ ਦੇ ਕਈ ਮੈਂਬਰਾਂ ਅਤੇ ਇਕ-ਦੋ ਬਜ਼ੁਰਗਾਂ ’ਤੇ ਦੋਸ਼ ਲਾਇਆ ਗਿਆ ਕਿ ਉਹ ਡਾਕਟਰਾਂ ਨੂੰ ਖ਼ੂਨ ਚੜ੍ਹਾਉਣ ਤੋਂ ਰੋਕ ਰਹੇ ਸਨ ਜਿਸ ਕਰਕੇ ਉਸ ਸ਼ਾਮ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ। 31 ਦਸੰਬਰ ਸ਼ਨੀਵਾਰ ਦੀ ਸਵੇਰ ਨੂੰ ਨਿਊਯਾਰਕ ਸਿਟੀ ਵਿਚ ਇਨ੍ਹਾਂ ਦੀ ਗਿਰਫ਼ਤਾਰੀ ਦੀ ਖ਼ਬਰ ਅਖ਼ਬਾਰਾਂ, ਟੀ. ਵੀ. ਤੇ ਰੇਡੀਓ ਵਿਚ ਆਈ।

ਸਾਡੀ ਜਵਾਨੀ ਦੇ ਸਾਲਾਂ ਵਿਚ ਫਿਲਿੱਪ ਬਰੱਮਲੀ ਨਾਲ

ਸੋਮਵਾਰ ਦੀ ਸਵੇਰ ਨੂੰ ਮੈਂ ਉੱਚ-ਅਦਾਲਤ ਦੇ ਜੱਜ ਮਿਲਟਨ ਮੌਲਨ ਨਾਲ ਗੱਲ ਕੀਤੀ। ਮੈਂ ਉਸ ਨੂੰ ਇਸ ਮੁਕੱਦਮੇ ਬਾਰੇ ਸਾਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੱਜ ਨੇ ਬਿਨਾਂ ਸੁਣਵਾਈ ਕੀਤਿਆਂ ਖ਼ੂਨ ਚੜ੍ਹਾਉਣ ਦੀ ਇਜਾਜ਼ਤ ਦੇ ਦਿੱਤੀ ਸੀ। ਜੱਜ ਮੌਲਨ ਨੇ ਮੈਨੂੰ ਕਿਹਾ ਕਿ ਤੂੰ ਦੁਪਹਿਰੋਂ ਬਾਅਦ ਮੇਰੇ ਦਫ਼ਤਰ ਵਿਚ ਆਈਂ, ਫਿਰ ਅਸੀਂ ਗੱਲ ਕਰ ਕੇ ਦੇਖਾਂਗੇ ਕਿ ਇਸ ਮੁਕੱਦਮੇ ਵਿਚ ਕਿਹੜਾ ਕਾਨੂੰਨ ਲਾਗੂ ਹੁੰਦਾ। ਫਿਰ ਉਸੇ ਸ਼ਾਮ ਕਾਨੂੰਨ ਵਿਭਾਗ ਦਾ ਨਿਗਰਾਨ ਫਿਲਿੱਪ ਬਰੱਮਲੀ ਮੇਰੇ ਨਾਲ ਜੱਜ ਮੌਲਨ ਦੇ ਦਫ਼ਤਰ ਗਿਆ ਅਤੇ ਜੱਜ ਨੇ ਉੱਥੇ ਹਸਪਤਾਲ ਦੇ ਵਕੀਲ ਨੂੰ ਵੀ ਬੁਲਾਇਆ ਹੋਇਆ ਸੀ। ਗੱਲਬਾਤ ਦੌਰਾਨ ਸਾਡੀ ਗਰਮਾ-ਗਰਮ ਬਹਿਸ ਹੋ ਗਈ। ਇਸ ਲਈ ਭਰਾ ਬਰੱਮਲੀ ਨੇ ਆਪਣੀ ਕਾਪੀ ’ਤੇ ਲਿਖ ਕੇ ਮੈਨੂੰ ਦੱਸਿਆ: “ਥੋੜ੍ਹਾ ਅਰਾਮ ਨਾਲ ਗੱਲ ਕਰ।” ਉਸ ਵੇਲੇ ਇਹ ਸਲਾਹ ਮੇਰੇ ਲਈ ਬਿਲਕੁਲ ਜਾਇਜ਼ ਸੀ ਕਿਉਂਕਿ ਮੈਂ ਵਿਰੋਧੀ ਧਿਰ ਦੇ ਵਕੀਲ ਨੂੰ ਗ਼ਲਤ ਠਹਿਰਾਉਣ ਲਈ ਉੱਚੀ-ਉੱਚੀ ਬਹਿਸ ਕਰ ਰਿਹਾ ਸੀ।

ਖੱਬੇ ਤੋਂ ਸੱਜੇ: ਰਿਚਰਡ ਮੋਕ, ਗ੍ਰੈਗਰੀ ਓਲਡਜ਼, ਪਾਲ ਪੌਲੀਡੋਰੋ, ਫਿਲਿੱਪ ਬਰੱਮਲੀ, ਮੈਂ ਅਤੇ ਮਾਰੀਓ ਮੋਰੇਨੋ—ਜਿਸ ਦਿਨ ਅਮਰੀਕਾ ਦੀ ਸਰਬ ਉੱਚ-ਅਦਾਲਤ ਵਿਚ ਪਹਿਰਾਬੁਰਜ ਬਨਾਮ ਸਟਰੈਟਨ ਕਸਬੇ ਦੀ ਬਹਿਸ ਹੋਈ, ਉਸ ਦਿਨ ਸੰਗਠਨ ਵੱਲੋਂ ਇਹ ਵਕੀਲ ਲੜ ਰਹੇ ਸਨ।—8 ਜਨਵਰੀ 2003 ਦਾ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇਖੋ

ਫਿਰ ਤਕਰੀਬਨ ਇਕ ਘੰਟੇ ਬਾਅਦ ਜੱਜ ਮੌਲਨ ਨੇ ਕਿਹਾ ਕਿ ਕੱਲ੍ਹ ਸਵੇਰ ਨੂੰ ਸਭ ਤੋਂ ਪਹਿਲਾਂ ਇਸ ਮੁਕੱਦਮੇ ਦੀ ਸੁਣਵਾਈ ਕੀਤੀ ਜਾਵੇਗੀ। ਜਦੋਂ ਅਸੀਂ ਜੱਜ ਮੌਲਨ ਦੇ ਦਫ਼ਤਰ ਵਿੱਚੋਂ ਨਿਕਲ ਰਹੇ ਸੀ, ਤਾਂ ਉਸ ਨੇ ਕਿਹਾ ਕਿ ਕੱਲ੍ਹ ਹਸਪਤਾਲ ਦੇ ਵਕੀਲ ਨੂੰ ਹੱਥਾਂ-ਪੈਰਾਂ ਦੀ ਪੈ ਜਾਣੀ ਯਾਨੀ ਕੱਲ੍ਹ ਉਸ ਲਈ ਇਹ ਸਾਬਤ ਕਰਨਾ ਔਖਾ ਹੋਣਾ ਕਿ ਕਿਹੜੇ ਕਾਰਨ ਕਰਕੇ ਹਸਪਤਾਲ ਨੇ ਭੈਣ ਨਿਕੋਲੇਅ ਨੂੰ ਜ਼ਬਰਦਸਤੀ ਖ਼ੂਨ ਚੜ੍ਹਾਇਆ ਸੀ। ਮੈਨੂੰ ਲੱਗਾ ਕਿ ਯਹੋਵਾਹ ਸਾਨੂੰ ਯਕੀਨ ਦਿਵਾ ਰਿਹਾ ਸੀ ਕਿ ਜਿੱਤ ਸਾਡੀ ਹੋਣੀ। ਮੈਂ ਹੈਰਾਨ ਸੀ ਕਿ ਯਹੋਵਾਹ ਆਪਣੀ ਇੱਛਾ ਪੂਰੀ ਕਰਾਉਣ ਲਈ ਸਾਨੂੰ ਵਰਤ ਰਿਹਾ ਸੀ।

ਅਸੀਂ ਦੇਰ ਰਾਤ ਤਕ ਮੁਕੱਦਮੇ ਦੀ ਤਿਆਰੀ ਕਰਦੇ ਰਹੇ। ਅਦਾਲਤ ਬਰੁਕਲਿਨ ਬੈਥਲ ਤੋਂ ਥੋੜ੍ਹੀ ਹੀ ਦੂਰ ਸੀ ਜਿਸ ਕਰਕੇ ਸਾਡੇ ਛੋਟੇ ਜਿਹੇ ਕਾਨੂੰਨ ਵਿਭਾਗ ਦੇ ਲਗਭਗ ਸਾਰੇ ਭੈਣ-ਭਰਾ ਤੁਰ ਕੇ ਉੱਥੇ ਪਹੁੰਚ ਗਏ। ਚਾਰ ਜੱਜਾਂ ਨੇ ਇਸ ਮੁਕੱਦਮੇ ਦੀ ਸੁਣਵਾਈ ਤੋਂ ਬਾਅਦ ਫ਼ੈਸਲਾ ਕੀਤਾ ਕਿ ਖ਼ੂਨ ਚੜ੍ਹਾਉਣ ਦਾ ਹੁਕਮ ਦੇਣਾ ਗ਼ਲਤ ਸੀ। ਉੱਚ-ਅਦਾਲਤ ਨੇ ਫ਼ੈਸਲਾ ਭੈਣ ਨਿਕੋਲੇਅ ਦੇ ਪੱਖ ਵਿਚ ਸੁਣਾਇਆ ਅਤੇ ਕਿਹਾ ਕਿ ਮਰੀਜ਼ ਦੀ ਗੱਲ ਸੁਣੇ ਬਿਨਾਂ ਕੋਈ ਹੁਕਮ ਜਾਰੀ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

ਨਿਊਯਾਰਕ ਦੀ ਸਰਬ ਉੱਚ-ਅਦਾਲਤ ਨੇ ਕਿਹਾ ਕਿ ਭੈਣ ਨਿਕੋਲੇਅ ਕੋਲ ਇਹ ਫ਼ੈਸਲਾ ਕਰਨ ਦਾ ਹੱਕ ਹੈ ਕਿ ਉਹ ਖ਼ੂਨ ਤੋਂ ਬਿਨਾਂ ਇਲਾਜ ਕਰਾ ਸਕਦੀ ਹੈ। ਅਮਰੀਕਾ ਦੀਆਂ ਵੱਖੋ-ਵੱਖਰੀਆਂ ਉੱਚ-ਅਦਾਲਤਾਂ ਵਿਚ ਖ਼ੂਨ ਸੰਬੰਧੀ ਚਾਰ ਮੁਕੱਦਮਿਆਂ ਵਿੱਚੋਂ ਇਹ ਪਹਿਲਾ ਮੁਕੱਦਮਾ ਸੀ ਜਿਸ ਵਿਚ ਮੈਨੂੰ ਕੰਮ ਕਰਨ ਦਾ ਸਨਮਾਨ ਮਿਲਿਆ। (“ ਸਰਬ ਉੱਚ-ਅਦਾਲਤ ਵਿਚ ਮਿਲੀਆਂ ਜਿੱਤਾਂ” ਨਾਂ ਦੀ ਡੱਬੀ ਦੇਖੋ।) ਬੈਥਲ ਵਿਚ ਕੰਮ ਕਰਦਿਆਂ ਮੈਂ ਹੋਰ ਵਕੀਲਾਂ ਨਾਲ ਮਿਲ ਕੇ ਕਈ ਮੁਕੱਦਮੇ ਲੜੇ ਜਿਵੇਂ ਤਲਾਕ, ਤਲਾਕ ਤੋਂ ਬਾਅਦ ਬੱਚਾ ਕਿਸ ਕੋਲ ਰਹੇਗਾ, ਜ਼ਮੀਨ-ਜਾਇਦਾਦ ਅਤੇ ਬਿਲਡਿੰਗਾਂ ਸੰਬੰਧੀ ਮੁਕੱਦਮੇ।

ਮੇਰਾ ਵਿਆਹ ਅਤੇ ਪਰਿਵਾਰ

ਆਪਣੀ ਪਤਨੀ ਡੇਨੀਸ ਨਾਲ

ਜਦੋਂ ਮੈਂ ਪਹਿਲੀ ਵਾਰ ਡੇਨੀਸ ਨੂੰ ਮਿਲਿਆ, ਤਾਂ ਉਸ ਦਾ ਤਲਾਕ ਹੋ ਚੁੱਕਾ ਸੀ ਅਤੇ ਉਹ ਤਿੰਨ ਬੱਚਿਆਂ ਦੀ ਪਰਵਰਿਸ਼ ਕਰ ਰਹੀ ਸੀ। ਉਹ ਆਪਣਾ ਗੁਜ਼ਾਰਾ ਤੋਰਨ ਲਈ ਕੰਮ ਕਰਨ ਦੇ ਨਾਲ-ਨਾਲ ਪਾਇਨੀਅਰਿੰਗ ਕਰਦੀ ਸੀ। ਉਸ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਔਖਾ ਸਮਾਂ ਦੇਖਿਆ ਸੀ ਅਤੇ ਯਹੋਵਾਹ ਦੀ ਸੇਵਾ ਕਰਨ ਦੇ ਉਸ ਦੇ ਪੱਕੇ ਇਰਾਦੇ ਦਾ ਮੇਰੇ ’ਤੇ ਗਹਿਰਾ ਅਸਰ ਪਿਆ। 1992 ਵਿਚ ਅਸੀਂ ਨਿਊਯਾਰਕ ਵਿਚ “ਚਾਨਣ ਸਾਰੇ ਪਾਸੇ ਫੈਲਾਓ” ਨਾਂ ਦੇ ਜ਼ਿਲ੍ਹਾ ਸੰਮੇਲਨ ਵਿਚ ਗਏ। ਉੱਥੇ ਮੈਂ ਉਸ ਨੂੰ ਪੁੱਛਿਆ: ਕੀ ਅਸੀਂ ਇਕ-ਦੂਸਰੇ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕਦੇ ਹਾਂ? ਇਕ ਸਾਲ ਬਾਅਦ ਅਸੀਂ ਵਿਆਹ ਕਰਾ ਲਿਆ। ਮੇਰੀ ਪਤਨੀ ਸੱਚ-ਮੁੱਚ ਮੇਰੇ ਲਈ ਯਹੋਵਾਹ ਵੱਲੋਂ ਤੋਹਫ਼ਾ ਸੀ। ਉਹ ਹਮੇਸ਼ਾ ਯਹੋਵਾਹ ਨੂੰ ਪਹਿਲੀ ਥਾਂ ਦਿੰਦੀ ਸੀ ਅਤੇ ਹਸਮੁਖ ਸੁਭਾਅ ਦੀ ਸੀ। ਡੇਨੀਸ ਨੇ ਹਰ ਪਲ ਮੇਰਾ ਸਾਥ ਦਿੱਤਾ।—ਕਹਾ. 31:12.

ਜਦੋਂ ਸਾਡਾ ਵਿਆਹ ਹੋਇਆ, ਉਦੋਂ ਬੱਚਿਆਂ ਦੀ ਉਮਰ 11, 13 ਅਤੇ 16 ਸਾਲਾਂ ਦੀ ਸੀ। ਮੈਂ ਉਨ੍ਹਾਂ ਲਈ ਇਕ ਚੰਗਾ ਪਿਤਾ ਬਣਨਾ ਚਾਹੁੰਦਾ ਸੀ, ਇਸ ਲਈ ਇਕ ਮਤਰੇਏ ਪਿਤਾ ਲਈ ਸਾਡੇ ਪ੍ਰਕਾਸ਼ਨਾਂ ਵਿਚ ਜੋ ਜਾਣਕਾਰੀ ਦਿੱਤੀ ਗਈ ਸੀ, ਉਸ ਨੂੰ ਮੈਂ ਧਿਆਨ ਨਾਲ ਪੜ੍ਹਿਆ ਅਤੇ ਲਾਗੂ ਕੀਤਾ। ਭਾਵੇਂ ਕਿ ਇਨ੍ਹਾਂ ਸਾਲਾਂ ਦੌਰਾਨ ਮੈਨੂੰ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ, ਪਰ ਮੈਂ ਇਸ ਗੱਲੋਂ ਖ਼ੁਸ਼ ਸੀ ਕਿ ਬੱਚਿਆਂ ਨੇ ਮੈਨੂੰ ਇਕ ਚੰਗੇ ਦੋਸਤ ਤੇ ਪਿਆਰੇ ਪਿਤਾ ਵਜੋਂ ਸਵੀਕਾਰ ਕਰ ਲਿਆ ਸੀ। ਸਾਡੇ ਬੱਚਿਆਂ ਦੇ ਦੋਸਤ ਕਦੇ ਵੀ ਸਾਡੇ ਘਰ ਆ ਸਕਦੇ ਸਨ ਅਤੇ ਉਨ੍ਹਾਂ ਦੀ ਸੰਗਤ ਕਰ ਕੇ ਸਾਨੂੰ ਵੀ ਮਜ਼ਾ ਆਉਂਦਾ ਸੀ।

2013 ਵਿਚ ਮੇਰੇ ਪਿਤਾ ਅਤੇ ਡੇਨੀਸ ਦੇ ਮਾਤਾ-ਪਿਤਾ ਦੀ ਦੇਖ-ਭਾਲ ਕਰਨ ਲਈ ਅਸੀਂ ਵਿਸਕਾਂਸਨ ਸ਼ਹਿਰ ਚਲੇ ਗਏ। ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਮੈਂ ਹਾਲੇ ਵੀ ਬੈਥਲ ਵਿਚ ਸੇਵਾ ਕਰ ਸਕਦਾ ਸੀ। ਮੈਂ ਲੋੜ ਪੈਣ ਤੇ ਕਾਨੂੰਨ ਵਿਭਾਗ ਵਿਚ ਮਦਦ ਕਰਨ ਲਈ ਜਾਂਦਾ ਹੁੰਦਾ ਸੀ।

ਅਚਾਨਕ ਹਾਲਾਤ ਬਦਲ ਗਏ

ਸਤੰਬਰ 2018 ਵਿਚ ਮੈਂ ਦੇਖਿਆ ਕਿ ਮੈਂ ਖੰਘ ਕੇ ਗਲ਼ੇ ਨੂੰ ਵਾਰ-ਵਾਰ ਸਾਫ਼ ਕਰਦਾ ਰਹਿੰਦਾ ਸੀ। ਡਾਕਟਰ ਨੇ ਮੇਰੀ ਜਾਂਚ ਕੀਤੀ, ਪਰ ਉਸ ਨੂੰ ਪਤਾ ਨਹੀਂ ਲੱਗਾ ਕਿ ਇੱਦਾਂ ਕਿਉਂ ਹੋ ਰਿਹਾ ਸੀ। ਬਾਅਦ ਵਿਚ ਮੈਨੂੰ ਕਿਸੇ ਹੋਰ ਡਾਕਟਰ ਨੇ ਸਲਾਹ ਦਿੱਤੀ ਕਿ ਮੈਂ ਕਿਸੇ ਦਿਮਾਗ਼ ਦੇ ਡਾਕਟਰ ਨੂੰ ਦਿਖਾਵਾਂ। ਜਨਵਰੀ 2019 ਵਿਚ ਦਿਮਾਗ਼ ਦੇ ਇਕ ਡਾਕਟਰ ਨੇ ਮੈਨੂੰ ਕਿਹਾ ਕਿ ਮੈਨੂੰ ਇਕ ਲਾਇਲਾਜ ਬੀਮਾਰੀ (progressive supranuclear palsy) ਲੱਗ ਗਈ ਸੀ ਜਿਸ ਦਾ ਅਸਰ ਮੇਰੇ ਸਾਰੇ ਸਰੀਰ ’ਤੇ ਪੈਣਾ ਸੀ।

ਤਿੰਨ ਦਿਨਾਂ ਬਾਅਦ ਜਦੋਂ ਮੈਂ ਬਰਫ਼ ’ਤੇ ਸਕੇਟਿੰਗ ਕਰ ਰਿਹਾ ਸੀ, ਤਾਂ ਮੇਰਾ ਸੱਜਾ ਗੁੱਟ ਟੁੱਟ ਗਿਆ। ਮੈਂ ਸਾਰੀ ਜ਼ਿੰਦਗੀ ਸਕੇਟਿੰਗ ਕੀਤੀ ਸੀ ਅਤੇ ਮੈਂ ਇਸ ਵਿਚ ਮਾਹਰ ਸੀ। ਇਸ ਕਰਕੇ ਮੈਨੂੰ ਪਤਾ ਲੱਗ ਰਿਹਾ ਸੀ ਕਿ ਮੇਰੀਆਂ ਮਾਸ-ਪੇਸ਼ੀਆਂ ਕੰਮ ਨਹੀਂ ਕਰ ਰਹੀਆਂ ਸਨ। ਮੈਂ ਇਸ ਗੱਲੋਂ ਹੈਰਾਨ ਸੀ ਕਿ ਬੀਮਾਰੀ ਕਿੰਨੀ ਤੇਜ਼ੀ ਨਾਲ ਵਧ ਰਹੀ ਸੀ। ਇਸ ਬੀਮਾਰੀ ਕਰਕੇ ਮੇਰੇ ਲਈ ਬੋਲਣਾ, ਕੁਝ ਨਿਗਲਣਾ ਅਤੇ ਤੁਰਨਾ-ਫਿਰਨਾ ਬਹੁਤ ਔਖਾ ਹੋ ਗਿਆ ਸੀ।

ਮੇਰੇ ਲਈ ਇਹ ਬਹੁਤ ਵੱਡਾ ਸਨਮਾਨ ਸੀ ਕਿ ਮੈਂ ਵਕੀਲ ਵਜੋਂ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਵਿਚ ਥੋੜ੍ਹਾ ਜਿਹਾ ਹਿੱਸਾ ਪਾ ਸਕਿਆ। ਨਾਲੇ ਮੈਂ ਇਸ ਗੱਲੋਂ ਵੀ ਬਹੁਤ ਖ਼ੁਸ਼ ਸੀ ਕਿ ਮੈਂ ਅਜਿਹੇ ਰਸਾਲਿਆਂ ਲਈ ਬਹੁਤ ਸਾਰੇ ਲੇਖ ਲਿਖੇ ਜਿਨ੍ਹਾਂ ਨੂੰ ਡਾਕਟਰ, ਵਕੀਲ ਤੇ ਜੱਜ ਪੜ੍ਹਦੇ ਸਨ। ਮੈਂ ਪੂਰੀ ਦੁਨੀਆਂ ਵਿਚ ਰੱਖੇ ਕਈ ਸੈਮੀਨਾਰਾਂ ਵਿਚ ਦੱਸਿਆ ਕਿ ਯਹੋਵਾਹ ਦੇ ਗਵਾਹ ਖ਼ੂਨ ਤੋਂ ਬਿਨਾਂ ਇਲਾਜ ਅਤੇ ਓਪਰੇਸ਼ਨ ਕਿਉਂ ਕਰਾਉਂਦੇ ਹਨ। ਫਿਰ ਵੀ ਮੈਂ ਬਾਈਬਲ ਲਿਖਾਰੀ ਲੂਕਾ ਵਾਂਗ ਮਹਿਸੂਸ ਕਰਦਾ ਹਾਂ ਜਿਸ ਨੇ ਲੂਕਾ 17:10 ਵਿਚ ਕਿਹਾ: ‘ਮੈਂ ਤਾਂ ਨਿਕੰਮਾ ਜਿਹਾ ਨੌਕਰ ਹੀ ਹਾਂ। ਮੈਂ ਤਾਂ ਉਹੀ ਕੀਤਾ ਜੋ ਮੈਨੂੰ ਕਰਨਾ ਚਾਹੀਦਾ ਸੀ।’