Skip to content

Skip to table of contents

ਅਧਿਐਨ ਲੇਖ 30

ਸੱਚਾਈ ਦੇ ਰਾਹ ਉੱਤੇ ਚੱਲਦੇ ਰਹੋ

ਸੱਚਾਈ ਦੇ ਰਾਹ ਉੱਤੇ ਚੱਲਦੇ ਰਹੋ

“ਮੇਰੇ ਲਈ ਇਸ ਤੋਂ ਜ਼ਿਆਦਾ ਖ਼ੁਸ਼ੀ ਦੀ ਗੱਲ ਹੋਰ ਕੋਈ ਨਹੀਂ ਕਿ ਮੈਂ ਸੁਣਾਂ ਕਿ ਮੇਰੇ ਬੱਚੇ ਸੱਚਾਈ ਦੇ ਰਾਹ ਉੱਤੇ ਚੱਲ ਰਹੇ ਹਨ।”—3 ਯੂਹੰ. 4.

ਗੀਤ 32 ਤਕੜੇ ਹੋਵੋ, ਦ੍ਰਿੜ੍ਹ ਬਣੋ!

ਖ਼ਾਸ ਗੱਲਾਂ *

1. ਤੀਜਾ ਯੂਹੰਨਾ 3, 4 ਮੁਤਾਬਕ ਸਾਨੂੰ ਕਿਹੜੀ ਗੱਲ ਤੋਂ ਖ਼ੁਸ਼ੀ ਮਿਲਦੀ ਹੈ?

ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਯੂਹੰਨਾ ਰਸੂਲ ਇਹ ਸੁਣ ਕੇ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਉਸ ਦੀ ਮਦਦ ਨਾਲ ਸੱਚਾਈ ਸਿੱਖਣ ਵਾਲੇ ਹਾਲੇ ਵੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਸਨ। ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਸਨ ਅਤੇ ਯੂਹੰਨਾ ਉਨ੍ਹਾਂ ਵਫ਼ਾਦਾਰ ਮਸੀਹੀਆਂ ਦੀ ਨਿਹਚਾ ਪੱਕੀ ਕਰਨ ਲਈ ਬਹੁਤ ਮਿਹਨਤ ਕਰ ਰਿਹਾ ਸੀ ਜਿਨ੍ਹਾਂ ਨੂੰ ਉਹ ਆਪਣੇ ਬੱਚੇ ਸਮਝਦਾ ਸੀ। ਸਾਨੂੰ ਵੀ ਇਸੇ ਤਰ੍ਹਾਂ ਦੀ ਹੀ ਖ਼ੁਸ਼ੀ ਮਿਲਦੀ ਹੈ ਜਦੋਂ ਸਾਡੇ ਬੱਚੇ ਜਾਂ ਜਿਨ੍ਹਾਂ ਨੂੰ ਅਸੀਂ ਸੱਚਾਈ ਸਿਖਾਈ ਹੈ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹਨ ਅਤੇ ਉਸ ਦੀ ਸੇਵਾ ਵਿਚ ਲੱਗੇ ਰਹਿੰਦੇ ਹਨ।—3 ਯੂਹੰਨਾ 3, 4 ਪੜ੍ਹੋ।

2. ਯੂਹੰਨਾ ਨੇ ਚਿੱਠੀਆਂ ਕਿਉਂ ਲਿਖੀਆਂ ਸਨ?

2 ਲੱਗਦਾ ਹੈ ਕਿ ਯੂਹੰਨਾ 98 ਈਸਵੀ ਵਿਚ ਅਫ਼ਸੁਸ ਜਾਂ ਇਸ ਦੇ ਨੇੜੇ ਤੇੜੇ ਰਹਿੰਦਾ ਸੀ। ਪਾਤਮੁਸ ਟਾਪੂ ਦੀ ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਸ਼ਾਇਦ ਉਹ ਉੱਥੇ ਰਹਿਣ ਲਈ ਚਲਾ ਗਿਆ ਸੀ। ਲਗਭਗ ਇਸੇ ਸਮੇਂ ਦੌਰਾਨ ਯਹੋਵਾਹ ਦੀ ਪਵਿੱਤਰ ਸ਼ਕਤੀ ਨੇ ਉਸ ਨੂੰ ਤਿੰਨ ਚਿੱਠੀਆਂ ਲਿਖਣ ਲਈ ਪ੍ਰੇਰਿਆ। ਉਸ ਨੇ ਇਹ ਚਿੱਠੀਆਂ ਵਫ਼ਾਦਾਰ ਮਸੀਹੀਆਂ ਨੂੰ ਹੱਲਾਸ਼ੇਰੀ ਦੇਣ ਲਈ ਲਿਖੀਆਂ ਸਨ ਤਾਂਕਿ ਉਹ ਯਿਸੂ ਉੱਤੇ ਨਿਹਚਾ ਕਰਦੇ ਰਹਿਣ ਅਤੇ ਸੱਚਾਈ ਦੇ ਰਾਹ ’ਤੇ ਚੱਲਦੇ ਰਹਿਣ।

3. ਅਸੀਂ ਕਿਹੜੇ ਸਵਾਲਾਂ ਦੇ ਜਵਾਬ ਜਾਣਾਂਗੇ?

3 ਉਸ ਵੇਲੇ ਰਸੂਲਾਂ ਵਿੱਚੋਂ ਸਿਰਫ਼ ਯੂਹੰਨਾ ਹੀ ਜੀਉਂਦਾ ਰਹਿ ਗਿਆ ਸੀ ਅਤੇ ਉਸ ਨੂੰ ਇਹ ਚਿੰਤਾ ਖਾਈ ਜਾਂਦੀ ਸੀ ਕਿ ਝੂਠੇ ਸਿੱਖਿਅਕ ਮੰਡਲੀਆਂ ਉੱਤੇ ਮਾੜਾ ਅਸਰ ਪਾ ਰਹੇ ਸਨ। * (1 ਯੂਹੰ. 2:18, 19, 26) ਇਹ ਧਰਮ-ਤਿਆਗੀ ਯਹੋਵਾਹ ਨੂੰ ਜਾਣਨ ਦਾ ਦਾਅਵਾ ਤਾਂ ਕਰਦੇ ਸਨ, ਪਰ ਉਸ ਦੇ ਹੁਕਮਾਂ ’ਤੇ ਨਹੀਂ ਚੱਲਦੇ ਸਨ। ਆਓ ਆਪਾਂ ਗੌਰ ਕਰੀਏ ਕਿ ਯੂਹੰਨਾ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਕਿਹੜੀ ਸਲਾਹ ਦਿੱਤੀ ਸੀ। ਇਸ ਸਲਾਹ ’ਤੇ ਗੌਰ ਕਰਦਿਆਂ ਅਸੀਂ ਤਿੰਨ ਸਵਾਲਾਂ ਦੇ ਜਵਾਬ ਜਾਣਾਂਗੇ: ਸੱਚਾਈ ਦੇ ਰਾਹ ’ਤੇ ਚੱਲਣ ਦਾ ਕੀ ਮਤਲਬ ਹੈ? ਸਾਨੂੰ ਕਿਹੜੀਆਂ ਰੁਕਾਵਟਾਂ ਆਉਂਦੀਆਂ ਹਨ? ਨਾਲੇ ਸੱਚਾਈ ਵਿਚ ਰਹਿਣ ਲਈ ਅਸੀਂ ਇਕ-ਦੂਜੇ ਦੀ ਮਦਦ ਕਿਵੇਂ ਕਰ ਸਕਦੇ ਹਾਂ?

ਸੱਚਾਈ ਦੇ ਰਾਹ ’ਤੇ ਚੱਲਣ ਦਾ ਕੀ ਮਤਲਬ ਹੈ?

4. ਪਹਿਲਾ ਯੂਹੰਨਾ 2:3-6 ਅਤੇ 2 ਯੂਹੰਨਾ 4, 6 ਦੇ ਮੁਤਾਬਕ ਸੱਚਾਈ ਦੇ ਰਾਹ ’ਤੇ ਚੱਲਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ?

4 ਸੱਚਾਈ ਦੇ ਰਾਹ ’ਤੇ ਚੱਲਣ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਸੱਚਾਈ ਨੂੰ ਜਾਣਨ ਦੀ ਲੋੜ ਹੈ। ਇਸ ਦੇ ਨਾਲ-ਨਾਲ ਸਾਨੂੰ ‘ਯਹੋਵਾਹ ਦੇ ਹੁਕਮ ਮੰਨਣੇ’ ਚਾਹੀਦੇ ਹਨ। (1 ਯੂਹੰਨਾ 2:3-6; 2 ਯੂਹੰਨਾ 4, 6 ਪੜ੍ਹੋ।) ਯਿਸੂ ਨੇ ਹਮੇਸ਼ਾ ਯਹੋਵਾਹ ਦਾ ਕਹਿਣਾ ਮੰਨ ਕੇ ਇਕ ਵਧੀਆ ਮਿਸਾਲ ਕਾਇਮ ਕੀਤੀ। ਯਹੋਵਾਹ ਦਾ ਕਹਿਣਾ ਮੰਨਣ ਦਾ ਇਕ ਅਹਿਮ ਤਰੀਕਾ ਹੈ ਕਿ ਅਸੀਂ ਯਿਸੂ ਦੇ ਨਕਸ਼ੇ-ਕਦਮਾਂ ’ਤੇ ਧਿਆਨ ਨਾਲ ਚੱਲੀਏ।—ਯੂਹੰ. 8:29; 1 ਪਤ. 2:21.

5. ਸਾਨੂੰ ਕਿਹੜੀਆਂ ਗੱਲਾਂ ਦਾ ਯਕੀਨ ਹੋਣਾ ਚਾਹੀਦਾ ਹੈ?

5 ਸੱਚਾਈ ਦੇ ਰਾਹ ’ਤੇ ਚੱਲਦੇ ਰਹਿਣ ਲਈ ਸਾਨੂੰ ਯਕੀਨ ਕਰਨ ਦੀ ਲੋੜ ਹੈ ਕਿ ਯਹੋਵਾਹ ਸੱਚਾਈ ਦਾ ਪਰਮੇਸ਼ੁਰ ਹੈ ਅਤੇ ਉਹ ਆਪਣੇ ਬਚਨ ਵਿਚ ਜੋ ਵੀ ਕਹਿੰਦਾ ਹੈ, ਉਹ ਸੱਚ ਹੈ। ਸਾਨੂੰ ਇਹ ਵੀ ਯਕੀਨ ਕਰਨ ਦੀ ਲੋੜ ਹੈ ਕਿ ਯਿਸੂ ਵਾਅਦਾ ਕੀਤਾ ਹੋਇਆ ਮਸੀਹ ਹੈ। ਅੱਜ ਬਹੁਤ ਸਾਰੇ ਲੋਕ ਸ਼ੱਕ ਕਰਦੇ ਹਨ ਕਿ ਯਿਸੂ ਪਰਮੇਸ਼ੁਰ ਦੇ ਰਾਜ ਦਾ ਚੁਣਿਆ ਹੋਇਆ ਰਾਜਾ ਹੈ। ਯੂਹੰਨਾ ਨੇ ਖ਼ਬਰਦਾਰ ਕੀਤਾ ਕਿ “ਬਹੁਤ ਸਾਰੇ ਧੋਖੇਬਾਜ਼” ਉਨ੍ਹਾਂ ਮਸੀਹੀਆਂ ਨੂੰ ਗੁਮਰਾਹ ਕਰਨਗੇ ਜਿਹੜੇ ਯਹੋਵਾਹ ਅਤੇ ਯਿਸੂ ਬਾਰੇ ਸੱਚਾਈ ਦਾ ਪੱਖ ਲੈਣ ਲਈ ਤਿਆਰ ਨਹੀਂ ਸਨ। (2 ਯੂਹੰ. 7-11) ਯੂਹੰਨਾ ਨੇ ਲਿਖਿਆ: “ਝੂਠਾ ਕੌਣ ਹੈ? ਕੀ ਉਹ ਨਹੀਂ ਜਿਹੜਾ ਯਿਸੂ ਨੂੰ ਮਸੀਹ ਮੰਨਣ ਤੋਂ ਇਨਕਾਰ ਕਰਦਾ ਹੈ?” (1 ਯੂਹੰ. 2:22) ਗੁਮਰਾਹ ਹੋਣ ਤੋਂ ਬਚਣ ਦਾ ਇੱਕੋ-ਇਕ ਤਰੀਕਾ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰੀਏ। ਇਸ ਤਰ੍ਹਾਂ ਕਰ ਕੇ ਹੀ ਅਸੀਂ ਯਹੋਵਾਹ ਅਤੇ ਯਿਸੂ ਬਾਰੇ ਜਾਣ ਸਕਾਂਗੇ। (ਯੂਹੰ. 17:3) ਤਾਹੀਓਂ ਸਾਨੂੰ ਯਕੀਨ ਹੋਵੇਗਾ ਕਿ ਸਾਡੇ ਕੋਲ ਸੱਚਾਈ ਹੈ।

ਸਾਨੂੰ ਕਿਹੜੀਆਂ ਰੁਕਾਵਟਾਂ ਆਉਂਦੀਆਂ ਹਨ?

6. ਨੌਜਵਾਨ ਮਸੀਹੀਆਂ ਨੂੰ ਕਿਹੜੀ ਰੁਕਾਵਟ ਆਉਂਦੀ ਹੈ?

6 ਸਾਰੇ ਮਸੀਹੀਆਂ ਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਉਹ ਇਨਸਾਨੀ ਫ਼ਲਸਫ਼ਿਆਂ ਤੋਂ ਗੁਮਰਾਹ ਨਾ ਹੋਣ। (1 ਯੂਹੰ. 2:26) ਖ਼ਾਸਕਰ ਨੌਜਵਾਨ ਮਸੀਹੀਆਂ ਨੂੰ ਇਸ ਫੰਦੇ ਤੋਂ ਬਚਣ ਦੀ ਲੋੜ ਹੈ। ਫਰਾਂਸ ਤੋਂ ਇਕ 25 ਸਾਲਾਂ ਦੀ ਭੈਣ ਅਲੈਕਸੀਆ * ਕਹਿੰਦੀ ਹੈ: “ਛੋਟੇ ਹੁੰਦਿਆਂ ਮੈਂ ਦੁਨਿਆਵੀ ਸਿੱਖਿਆਵਾਂ ਕਰਕੇ ਪਰੇਸ਼ਾਨ ਹੋ ਜਾਂਦੀ ਸੀ ਜਿਵੇਂ ਕਿ ਵਿਕਾਸਵਾਦ ਦੀ ਸਿੱਖਿਆ ਅਤੇ ਇਨਸਾਨੀ ਫ਼ਲਸਫ਼ੇ। ਕਦੇ-ਕਦੇ ਇਹ ਸਿੱਖਿਆਵਾਂ ਮੈਨੂੰ ਚੰਗੀਆਂ ਲੱਗਦੀਆਂ ਸਨ। ਪਰ ਫਿਰ ਮੈਂ ਸੋਚਿਆ ਕਿ ਮੈਨੂੰ ਸਿਰਫ਼ ਆਪਣੇ ਅਧਿਆਪਕਾਂ ਦੀ ਹੀ ਨਹੀਂ, ਸਗੋਂ ਯਹੋਵਾਹ ਦੀ ਗੱਲ ਵੀ ਸੁਣਨ ਦੀ ਲੋੜ ਹੈ।” ਅਲੈਕਸੀਆ ਨੇ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਵਿਕਾਸਵਾਦ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦਾ ਅਧਿਐਨ ਕੀਤਾ ਅਤੇ ਕੁਝ ਹੀ ਹਫ਼ਤਿਆਂ ਵਿਚ ਉਸ ਦੇ ਸਾਰੇ ਸ਼ੱਕ ਦੂਰ ਹੋ ਗਏ। ਅਲੈਕਸੀਆ ਕਹਿੰਦੀ ਹੈ: “ਮੈਂ ਖ਼ੁਦ ਨੂੰ ਯਕੀਨ ਦਿਵਾਇਆ ਕਿ ਬਾਈਬਲ ਵਿਚ ਹੀ ਸੱਚਾਈ ਹੈ। ਨਾਲੇ ਮੈਨੂੰ ਅਹਿਸਾਸ ਹੋਇਆ ਕਿ ਇਸ ਵਿਚ ਦੱਸੇ ਮਿਆਰਾਂ ’ਤੇ ਚੱਲ ਕੇ ਮੈਨੂੰ ਖ਼ੁਸ਼ੀ ਅਤੇ ਸ਼ਾਂਤੀ ਮਿਲੇਗੀ।”

7. ਸਾਨੂੰ ਕਿਹੜੇ ਦਬਾਅ ਹੇਠ ਆਉਣ ਤੋਂ ਬਚਣ ਦੀ ਲੋੜ ਹੈ ਅਤੇ ਕਿਉਂ?

7 ਸਾਰੇ ਮਸੀਹੀਆਂ ਨੂੰ ਦੋਹਰੀ ਜ਼ਿੰਦਗੀ ਜੀਉਣ ਦੇ ਦਬਾਅ ਹੇਠ ਆਉਣ ਤੋਂ ਬਚਣ ਦੀ ਲੋੜ ਹੈ ਚਾਹੇ ਉਹ ਨੌਜਵਾਨ ਹੋਣ ਜਾਂ ਬਜ਼ੁਰਗ। ਯੂਹੰਨਾ ਨੇ ਕਿਹਾ ਕਿ ਜੇ ਅਸੀਂ ਅਨੈਤਿਕ ਜ਼ਿੰਦਗੀ ਜੀ ਰਹੇ ਹਾਂ, ਤਾਂ ਅਸੀਂ ਸੱਚਾਈ ਦੇ ਰਾਹ ’ਤੇ ਨਹੀਂ ਚੱਲ ਰਹੇ ਹੋਵਾਂਗੇ। (1 ਯੂਹੰ. 1:6) ਜੇ ਅਸੀਂ ਹੁਣ ਅਤੇ ਭਵਿੱਖ ਵਿਚ ਪਰਮੇਸ਼ੁਰ ਦੀ ਮਿਹਰ ਪਾਉਣੀ ਚਾਹੁੰਦੇ ਹਾਂ, ਤਾਂ ਸਾਨੂੰ ਕੋਈ ਵੀ ਕੰਮ ਕਰਦਿਆਂ ਯਾਦ ਰੱਖਣ ਦੀ ਲੋੜ ਹੈ ਕਿ ਉਸ ਦੀਆਂ ਨਜ਼ਰਾਂ ਸਾਡੇ ’ਤੇ ਟਿਕੀਆਂ ਹੋਈਆਂ ਹਨ। ਕਹਿਣ ਦਾ ਮਤਲਬ ਹੈ ਕਿ ਗੁਪਤ ਪਾਪ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਕਿਉਂਕਿ ਅਸੀਂ ਯਹੋਵਾਹ ਅੱਗੇ ਇਕ ਖੁੱਲ੍ਹੀ ਕਿਤਾਬ ਵਾਂਗ ਹਾਂ।—ਇਬ. 4:13.

8. ਸਾਨੂੰ ਕਿਹੜਾ ਨਜ਼ਰੀਆ ਠੁਕਰਾਉਣ ਦੀ ਲੋੜ ਹੈ?

8 ਸਾਨੂੰ ਪਾਪ ਬਾਰੇ ਦੁਨੀਆਂ ਦੇ ਨਜ਼ਰੀਏ ਨੂੰ ਠੁਕਰਾਉਣ ਦੀ ਲੋੜ ਹੈ। ਯੂਹੰਨਾ ਰਸੂਲ ਨੇ ਲਿਖਿਆ: “ਜੇ ਅਸੀਂ ਕਹਿੰਦੇ ਹਾਂ: ‘ਸਾਡੇ ਵਿਚ ਪਾਪ ਨਹੀਂ ਹੈ,’ ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ।” (1 ਯੂਹੰ 1:8) ਯੂਹੰਨਾ ਦੇ ਜ਼ਮਾਨੇ ਵਿਚ ਧਰਮ-ਤਿਆਗੀ ਇਹ ਦਾਅਵਾ ਕਰਦੇ ਸਨ ਕਿ ਇਕ ਵਿਅਕਤੀ ਜਾਣ-ਬੁੱਝ ਕੇ ਪਾਪ ਕਰਨ ਦੇ ਨਾਲ-ਨਾਲ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਵੀ ਕਾਇਮ ਰੱਖ ਸਕਦਾ ਸੀ। ਸਾਡੇ ਜ਼ਮਾਨੇ ਦੇ ਲੋਕਾਂ ਦੀ ਵੀ ਇਹੀ ਸੋਚ ਹੈ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਉਹ ਪਰਮੇਸ਼ੁਰ ਨੂੰ ਮੰਨਦੇ ਹਨ, ਪਰ ਉਹ ਪਾਪ ਬਾਰੇ ਯਹੋਵਾਹ ਦੀ ਸੋਚ ਨੂੰ ਨਹੀਂ ਅਪਣਾਉਂਦੇ, ਖ਼ਾਸ ਕਰਕੇ ਸਰੀਰਕ ਸੰਬੰਧਾਂ ਦੇ ਮਾਮਲੇ ਵਿਚ। ਜਿਹੜੀ ਗੱਲ ਯਹੋਵਾਹ ਦੀਆਂ ਨਜ਼ਰਾਂ ਵਿਚ ਪਾਪ ਹੈ, ਉਹ ਉਨ੍ਹਾਂ ਦੀਆਂ ਨਜ਼ਰਾਂ ਵਿਚ ਜੀਉਣ ਦਾ ਇਕ ਵੱਖਰਾ ਤਰੀਕਾ ਹੈ।

9. ਬਾਈਬਲ-ਆਧਾਰਿਤ ਆਪਣੇ ਵਿਸ਼ਵਾਸਾਂ ’ਤੇ ਡਟੇ ਰਹਿਣ ਨਾਲ ਨੌਜਵਾਨਾਂ ਨੂੰ ਕੀ ਫ਼ਾਇਦਾ ਹੁੰਦਾ ਹੈ?

9 ਖ਼ਾਸਕਰ ਨੌਜਵਾਨ ਮਸੀਹੀਆਂ ਉੱਤੇ ਉਨ੍ਹਾਂ ਦੇ ਨਾਲ ਪੜ੍ਹਨ ਵਾਲੇ ਜਾਂ ਕੰਮ ਕਰਨ ਵਾਲੇ ਅਨੈਤਿਕ ਜ਼ਿੰਦਗੀ ਜੀਉਣ ਦਾ ਦਬਾਅ ਪਾਉਂਦੇ ਹਨ। ਐਲਕਜ਼ੈਂਡਰ ਨਾਲ ਵੀ ਇੱਦਾਂ ਹੀ ਹੋਇਆ। ਉਹ ਕਹਿੰਦਾ ਹੈ: “ਸਕੂਲ ਦੀਆਂ ਕੁਝ ਕੁੜੀਆਂ ਨੇ ਮੇਰੇ ਉੱਤੇ ਸਰੀਰਕ ਸੰਬੰਧ ਬਣਾਉਣ ਦਾ ਜ਼ੋਰ ਪਾਇਆ। ਮੇਰੀ ਕੋਈ ਗਰਲਫ੍ਰੈਂਡ ਨਾ ਹੋਣ ਕਰਕੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੂੰ ਪੱਕਾ ਸਮਲਿੰਗੀ ਹੋਣਾ।” ਸ਼ਾਇਦ ਤੁਹਾਡੇ ’ਤੇ ਵੀ ਅਜਿਹੇ ਦਬਾਅ ਪਾਏ ਜਾਣ, ਪਰ ਯਾਦ ਰੱਖੋ ਕਿ ਜੇ ਤੁਸੀਂ ਬਾਈਬਲ-ਆਧਾਰਿਤ ਆਪਣੇ ਵਿਸ਼ਵਾਸਾਂ ’ਤੇ ਡਟੇ ਰਹਿੰਦੇ ਹੋ, ਤਾਂ ਤੁਹਾਡੀ ਆਪਣੀਆਂ ਨਜ਼ਰਾਂ ਵਿਚ ਇੱਜ਼ਤ ਬਣੀ ਰਹੇਗੀ, ਤੁਹਾਡੀ ਸਿਹਤ ਠੀਕ ਰਹੇਗੀ, ਤੁਸੀਂ ਨਿਰਾਸ਼ ਨਹੀਂ ਹੋਵੋਗੇ ਅਤੇ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਬਰਕਰਾਰ ਰਹੇਗਾ। ਹਰ ਵਾਰ ਗ਼ਲਤ ਕੰਮਾਂ ਤੋਂ ਮੂੰਹ ਫੇਰਨ ਨਾਲ ਤੁਹਾਡੇ ਲਈ ਸਹੀ ਕੰਮ ਕਰਨੇ ਆਸਾਨ ਹੋਣਗੇ। ਯਾਦ ਰੱਖੋ ਕਿ ਨਾਜਾਇਜ਼ ਸਰੀਰਕ ਸੰਬੰਧਾਂ ਬਾਰੇ ਦੁਨੀਆਂ ਦੀ ਇਸ ਖ਼ਰਾਬ ਸੋਚ ਪਿੱਛੇ ਸ਼ੈਤਾਨ ਦਾ ਹੱਥ ਹੈ। ਇਸ ਲਈ ਜਦੋਂ ਤੁਸੀਂ ਦੁਨੀਆਂ ਦੀ ਸੋਚ ਨੂੰ ਠੁਕਰਾਉਂਦੇ ਹੋ, ਤਾਂ ਤੁਸੀਂ “ਉਸ ਦੁਸ਼ਟ ਨੂੰ ਜਿੱਤ” ਲੈਂਦੇ ਹੋ।—1 ਯੂਹੰ. 2:14.

ਨੌਜਵਾਨੋ, ਸਹੀ-ਗ਼ਲਤ ਬਾਰੇ ਆਪਣੇ ਬਾਈਬਲ-ਆਧਾਰਿਤ ਵਿਸ਼ਵਾਸਾਂ ਨੂੰ ਪੱਕਾ ਕਰੋ ਤਾਂਕਿ ਤੁਸੀਂ ਆਪਣੀ ਨਿਹਚਾ ਦੇ ਪੱਖ ਵਿਚ ਬੋਲ ਸਕੋ (ਪੈਰਾ 9 ਦੇਖੋ) *

10. ਸਾਫ਼ ਜ਼ਮੀਰ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ 1 ਯੂਹੰਨਾ 1:9 ਸਾਡੀ ਕਿਵੇਂ ਮਦਦ ਕਰਦਾ ਹੈ?

10 ਅਸੀਂ ਜਾਣਦੇ ਹਾਂ ਕਿ ਯਹੋਵਾਹ ਨੂੰ ਹੀ ਤੈਅ ਕਰਨ ਦਾ ਹੱਕ ਹੈ ਕਿ ਕਿਸ ਤਰ੍ਹਾਂ ਦਾ ਚਾਲ-ਚਲਣ ਗ਼ਲਤ ਹੈ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕੋਈ ਪਾਪ ਨਾ ਕਰੀਏ। ਪਰ ਜਦੋਂ ਸਾਡੇ ਤੋਂ ਪਾਪ ਹੋ ਜਾਂਦਾ ਹੈ, ਤਾਂ ਅਸੀਂ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣੇ ਪਾਪ ਕਬੂਲ ਕਰਦੇ ਹਾਂ। (1 ਯੂਹੰਨਾ 1:9 ਪੜ੍ਹੋ।) ਨਾਲੇ ਜੇ ਸਾਡੇ ਕੋਲੋਂ ਕੋਈ ਗੰਭੀਰ ਪਾਪ ਹੋ ਜਾਂਦਾ ਹੈ, ਤਾਂ ਅਸੀਂ ਬਜ਼ੁਰਗਾਂ ਦੀ ਮਦਦ ਲੈਂਦੇ ਹਾਂ ਜਿਨ੍ਹਾਂ ਨੂੰ ਯਹੋਵਾਹ ਨੇ ਸਾਡੀ ਦੇਖ-ਭਾਲ ਕਰਨ ਲਈ ਠਹਿਰਾਇਆ ਹੈ। (ਯਾਕੂ. 5:14-16) ਪਰ ਸਾਨੂੰ ਪਿਛਲੀਆਂ ਗ਼ਲਤੀਆਂ ਬਾਰੇ ਸੋਚ-ਸੋਚ ਕੇ ਦੋਸ਼ੀ ਮਹਿਸੂਸ ਨਹੀਂ ਕਰਨਾ ਚਾਹੀਦਾ। ਕਿਉਂ ਨਹੀਂ? ਕਿਉਂਕਿ ਸਾਡੇ ਪਿਆਰੇ ਪਿਤਾ ਨੇ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ ਹੈ ਤਾਂਕਿ ਸਾਡੇ ਪਾਪ ਮਾਫ਼ ਕੀਤੇ ਜਾ ਸਕਣ। ਜਦੋਂ ਯਹੋਵਾਹ ਕਹਿੰਦਾ ਹੈ ਕਿ ਉਹ ਤੋਬਾ ਕਰਨ ਵਾਲਿਆਂ ਨੂੰ ਮਾਫ਼ ਕਰੇਗਾ, ਤਾਂ ਉਹ ਜ਼ਰੂਰ ਕਰੇਗਾ। ਇਸ ਲਈ ਕੋਈ ਵੀ ਚੀਜ਼ ਸਾਫ਼ ਜ਼ਮੀਰ ਨਾਲ ਯਹੋਵਾਹ ਦੀ ਸੇਵਾ ਕਰਨ ਤੋਂ ਸਾਨੂੰ ਰੋਕ ਨਹੀਂ ਸਕਦੀ।—1 ਯੂਹੰ. 2:1, 2, 12; 3:19, 20.

11. ਅਸੀਂ ਨਿਹਚਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਿੱਖਿਆਵਾਂ ਤੋਂ ਆਪਣੇ ਮਨ ਦੀ ਰਾਖੀ ਕਿਵੇਂ ਕਰ ਸਕਦੇ ਹਾਂ?

11 ਸਾਨੂੰ ਧਰਮ-ਤਿਆਗੀਆਂ ਦੀਆਂ ਸਿੱਖਿਆਵਾਂ ਨੂੰ ਠੁਕਰਾਉਣ ਦੀ ਲੋੜ ਹੈ। ਮਸੀਹੀ ਮੰਡਲੀ ਦੀ ਸ਼ੁਰੂਆਤ ਤੋਂ ਹੀ ਸ਼ੈਤਾਨ ਬਹੁਤ ਸਾਰੇ ਧੋਖੇਬਾਜ਼ਾਂ ਰਾਹੀਂ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੇ ਮਨਾਂ ਵਿਚ ਸ਼ੱਕ ਦੇ ਬੀ ਬੀਜ ਰਿਹਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਸੱਚ ਤੇ ਝੂਠ ਵਿਚ ਫ਼ਰਕ ਪਛਾਣਨਾ ਸਿੱਖੀਏ। * ਸਾਡੇ ਦੁਸ਼ਮਣ ਸ਼ਾਇਦ ਇੰਟਰਨੈੱਟ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਯਹੋਵਾਹ ਉੱਤੇ ਸਾਡੀ ਨਿਹਚਾ ਅਤੇ ਭੈਣਾਂ-ਭਰਾਵਾਂ ਨਾਲ ਸਾਡੇ ਪਿਆਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨ। ਇਸ ਲਈ ਉਨ੍ਹਾਂ ਦੀਆਂ ਗੱਲਾਂ ਵਿਚ ਨਾ ਆਓ ਅਤੇ ਯਾਦ ਰੱਖੋ ਕਿ ਉਨ੍ਹਾਂ ਪਿੱਛੇ ਸ਼ੈਤਾਨ ਦੀ ਸੋਚ ਹੈ।—1 ਯੂਹੰ. 4:1, 6; ਪ੍ਰਕਾ. 12:9.

12. ਸਾਨੂੰ ਸਿੱਖੀਆਂ ਸੱਚਾਈਆਂ ਉੱਤੇ ਆਪਣਾ ਭਰੋਸਾ ਕਿਉਂ ਵਧਾਉਣਾ ਚਾਹੀਦਾ ਹੈ?

12 ਸ਼ੈਤਾਨ ਦੇ ਹਮਲਿਆਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਯਿਸੂ ’ਤੇ ਆਪਣਾ ਭਰੋਸਾ ਵਧਾਈਏ ਅਤੇ ਮੰਨੀਏ ਕਿ ਪਰਮੇਸ਼ੁਰ ਦੇ ਮਕਸਦ ਵਿਚ ਉਹ ਅਹਿਮ ਭੂਮਿਕਾ ਨਿਭਾਉਂਦਾ ਹੈ। ਸਾਨੂੰ ਉਨ੍ਹਾਂ ਉੱਤੇ ਵੀ ਭਰੋਸਾ ਕਰਨ ਦੀ ਲੋੜ ਹੈ ਜਿਨ੍ਹਾਂ ਰਾਹੀਂ ਯਹੋਵਾਹ ਆਪਣੇ ਸੰਗਠਨ ਨੂੰ ਨਿਰਦੇਸ਼ਨ ਦੇ ਰਿਹਾ ਹੈ। (ਮੱਤੀ 24:45-47) ਅਸੀਂ ਲਗਾਤਾਰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਆਪਣੇ ਇਸ ਭਰੋਸੇ ਨੂੰ ਵਧਾਉਂਦੇ ਹਾਂ। ਫਿਰ ਸਾਡੀ ਨਿਹਚਾ ਇਕ ਦਰਖ਼ਤ ਵਰਗੀ ਹੋਵੇਗੀ ਜਿਸ ਦੀਆਂ ਜੜ੍ਹਾਂ ਜ਼ਮੀਨ ਦੀ ਗਹਿਰਾਈ ਤਕ ਚਲੀਆਂ ਜਾਂਦੀਆਂ ਹਨ। ਕੁਲੁੱਸੈ ਦੀ ਮੰਡਲੀ ਨੂੰ ਚਿੱਠੀ ਲਿਖਦਿਆਂ ਪੌਲੁਸ ਨੇ ਇਸੇ ਤਰ੍ਹਾਂ ਦੀ ਗੱਲ ਕਹੀ ਸੀ। ਉਸ ਨੇ ਕਿਹਾ: ‘ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਤਾਂ ਕਰ ਲਿਆ ਹੈ, ਹੁਣ ਉਸ ਦੀ ਆਗਿਆਕਾਰੀ ਕਰਦੇ ਹੋਏ ਉਸ ਦੇ ਨਾਲ-ਨਾਲ ਚੱਲਦੇ ਰਹੋ। ਇਸ ਤਰ੍ਹਾਂ ਕਰਨ ਲਈ ਤੁਸੀਂ ਉਸ ਵਿਚ ਆਪਣੀਆਂ ਜੜ੍ਹਾਂ ਪੱਕੀਆਂ ਰੱਖੋ ਅਤੇ ਉਸ ਉੱਤੇ ਆਪਣੀ ਉਸਾਰੀ ਕਰਦੇ ਜਾਓ ਅਤੇ ਆਪਣੀ ਨਿਹਚਾ ਨੂੰ ਵਧਾਉਂਦੇ ਰਹੋ।’ (ਕੁਲੁ. 2:6, 7) ਜੇ ਅਸੀਂ ਆਪਣੀ ਨਿਹਚਾ ਪੱਕੀ ਕਰਨ ਲਈ ਮਿਹਨਤ ਕਰਾਂਗੇ, ਤਾਂ ਸ਼ੈਤਾਨ ਅਤੇ ਉਸ ਦਾ ਸਾਥ ਦੇਣ ਵਾਲੇ ਸਾਨੂੰ ਸੱਚਾਈ ਦੇ ਰਾਹ ’ਤੇ ਚੱਲਣ ਤੋਂ ਨਹੀਂ ਰੋਕ ਸਕਣਗੇ।—2 ਯੂਹੰ. 8, 9.

13. ਅਸੀਂ ਕਿਹੜੀ ਗੱਲ ਜਾਣਦੇ ਹਾਂ ਤੇ ਕਿਉਂ?

13 ਅਸੀਂ ਜਾਣਦੇ ਹਾਂ ਕਿ ਦੁਨੀਆਂ ਸਾਡੇ ਨਾਲ ਨਫ਼ਰਤ ਕਰੇਗੀ। (1 ਯੂਹੰ. 3:13) ਯੂਹੰਨਾ ਸਾਨੂੰ ਯਾਦ ਕਰਾਉਂਦਾ ਹੈ ਕਿ “ਸਾਰੀ ਦੁਨੀਆਂ ਉਸ ਦੁਸ਼ਟ ਦੇ ਵੱਸ ਵਿਚ ਹੈ।” (1 ਯੂਹੰ. 5:19) ਜਿਉਂ-ਜਿਉਂ ਇਸ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਸ਼ੈਤਾਨ ਦਾ ਪਾਰਾ ਚੜ੍ਹ ਰਿਹਾ ਹੈ। (ਪ੍ਰਕਾ. 12:12) ਸ਼ੈਤਾਨ ਅਨੈਤਿਕ ਕੰਮ ਕਰਨ ਜਾਂ ਧਰਮ-ਤਿਆਗੀਆਂ ਦੀਆਂ ਝੂਠੀਆਂ ਗੱਲਾਂ ਫੈਲਾਉਣ ਵਰਗੇ ਗੁੱਝੇ ਹਮਲਿਆਂ ਤੋਂ ਇਲਾਵਾ ਸਾਡੇ ਉੱਤੇ ਸਿੱਧੇ ਹਮਲੇ ਵੀ ਕਰਦਾ ਹੈ। ਸ਼ੈਤਾਨ ਜਾਣਦਾ ਹੈ ਕਿ ਸਾਡੇ ਪ੍ਰਚਾਰ ਨੂੰ ਰੋਕਣ ਜਾਂ ਸਾਡੀ ਨਿਹਚਾ ਦੀ ਬੇੜੀ ਨੂੰ ਡੋਬਣ ਲਈ ਉਸ ਕੋਲ ਥੋੜ੍ਹਾ ਹੀ ਸਮਾਂ ਬਚਿਆ ਹੈ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਕਈ ਦੇਸ਼ਾਂ ਵਿਚ ਸਾਡੇ ਸਾਰੇ ਕੰਮਾਂ ’ਤੇ ਪਾਬੰਦੀ ਲਾਈ ਗਈ ਹੈ ਜਾਂ ਕੁਝ ਕੰਮ ਕਰਨ ਤੋਂ ਰੋਕਿਆ ਗਿਆ ਹੈ। ਫਿਰ ਵੀ ਉਨ੍ਹਾਂ ਦੇਸ਼ਾਂ ਵਿਚ ਸਾਡੇ ਭੈਣ-ਭਰਾ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸ਼ੈਤਾਨ ਸਾਡੇ ਉੱਤੇ ਜਿਹੜੇ ਮਰਜ਼ੀ ਹਮਲੇ ਕਰ ਲਵੇ, ਅਸੀਂ ਜਿੱਤ ਸਕਦੇ ਹਾਂ!

ਸੱਚਾਈ ’ਤੇ ਚੱਲਦੇ ਰਹਿਣ ਵਿਚ ਇਕ-ਦੂਜੇ ਦੀ ਮਦਦ ਕਰੋ

14. ਕਿਹੜੇ ਇਕ ਤਰੀਕੇ ਨਾਲ ਅਸੀਂ ਸੱਚਾਈ ’ਤੇ ਚੱਲਦੇ ਰਹਿਣ ਵਿਚ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ?

14 ਸੱਚਾਈ ’ਤੇ ਚੱਲਦੇ ਰਹਿਣ ਵਿਚ ਇਕ-ਦੂਜੇ ਦੀ ਮਦਦ ਕਰਨ ਲਈ ਸਾਨੂੰ ਉਨ੍ਹਾਂ ਉੱਤੇ ਦਇਆ ਕਰਨ ਦੀ ਲੋੜ ਹੈ। (1 ਯੂਹੰ. 3:10, 11, 16-18) ਸਾਨੂੰ ਸਿਰਫ਼ ਉਦੋਂ ਇਕ-ਦੂਜੇ ਨੂੰ ਪਿਆਰ ਨਹੀਂ ਕਰਨਾ ਚਾਹੀਦਾ ਜਦੋਂ ਸਭ ਕੁਝ ਠੀਕ ਹੁੰਦਾ ਹੈ, ਸਗੋਂ ਮੁਸ਼ਕਲਾਂ ਆਉਣ ਤੇ ਵੀ ਕਰਨਾ ਚਾਹੀਦਾ ਹੈ। ਮਿਸਾਲ ਲਈ, ਕੀ ਤੁਸੀਂ ਕਿਸੇ ਭੈਣ ਜਾਂ ਭਰਾ ਨੂੰ ਜਾਣਦੇ ਹੋ ਜਿਸ ਦੇ ਆਪਣੇ ਕਿਸੇ ਦੀ ਮੌਤ ਹੋ ਗਈ ਹੈ ਅਤੇ ਉਸ ਨੂੰ ਦਿਲਾਸੇ ਤੇ ਮਦਦ ਦੀ ਲੋੜ ਹੈ? ਜਾਂ ਕੀ ਤੁਸੀਂ ਸੁਣਿਆ ਹੈ ਕਿ ਕਿਸੇ ਕੁਦਰਤੀ ਆਫ਼ਤ ਕਰਕੇ ਭੈਣਾਂ-ਭਰਾਵਾਂ ਦਾ ਨੁਕਸਾਨ ਹੋਇਆ ਹੈ ਤੇ ਉਨ੍ਹਾਂ ਨੂੰ ਆਪਣੇ ਕਿੰਗਡਮ ਹਾਲ ਜਾਂ ਘਰ ਬਣਾਉਣ ਲਈ ਮਦਦ ਦੀ ਲੋੜ ਹੈ? ਅਸੀਂ ਭੈਣਾਂ-ਭਰਾਵਾਂ ਲਈ ਆਪਣੇ ਪਿਆਰ ਤੇ ਦਇਆ ਦਾ ਸਬੂਤ ਆਪਣੀ ਕਹਿਣੀ ਨਾਲੋਂ ਵੱਧ ਆਪਣੀ ਕਰਨੀ ਰਾਹੀਂ ਦਿੰਦੇ ਹਾਂ।

15. ਪਹਿਲਾ ਯੂਹੰਨਾ 4:7, 8 ਦੇ ਮੁਤਾਬਕ ਸਾਨੂੰ ਕੀ ਕਰਨ ਦੀ ਲੋੜ ਹੈ?

15 ਇਕ-ਦੂਜੇ ਲਈ ਪਿਆਰ ਦਿਖਾ ਕੇ ਅਸੀਂ ਆਪਣੇ ਪਿਆਰ ਕਰਨ ਵਾਲੇ ਪਿਤਾ ਦੀ ਰੀਸ ਕਰਦੇ ਹਾਂ। (1 ਯੂਹੰਨਾ 4:7, 8 ਪੜ੍ਹੋ।) ਇਹ ਪਿਆਰ ਦਿਖਾਉਣ ਦਾ ਇਕ ਤਰੀਕਾ ਹੈ ਕਿ ਅਸੀਂ ਇਕ-ਦੂਜੇ ਨੂੰ ਮਾਫ਼ ਕਰੀਏ। ਮਿਸਾਲ ਲਈ, ਜੇ ਸਾਨੂੰ ਕੋਈ ਠੇਸ ਪਹੁੰਚਾਉਂਦਾ ਹੈ, ਤਾਂ ਉਸ ਨੂੰ ਮਾਫ਼ ਕਰ ਕੇ ਅਤੇ ਗੱਲ ’ਤੇ ਮਿੱਟੀ ਪਾ ਕੇ ਸਾਨੂੰ ਪਿਆਰ ਦਿਖਾਉਣਾ ਚਾਹੀਦਾ ਹੈ। (ਕੁਲੁ. 3:13) ਆਲਡੋ ਨਾਂ ਦੇ ਭਰਾ ਨੇ ਵੀ ਇਸ ਹਾਲਾਤ ਦਾ ਸਾਮ੍ਹਣਾ ਕੀਤਾ। ਇਕ ਵਾਰ ਉਸ ਨੇ ਆਪਣੀ ਜਾਤ ਬਾਰੇ ਇਕ ਭਰਾ ਨੂੰ ਕੁਝ ਮਾੜਾ ਕਹਿੰਦੇ ਸੁਣਿਆ ਜਿਸ ਦੀ ਉਹ ਬਹੁਤ ਇੱਜ਼ਤ ਕਰਦਾ ਸੀ। ਆਲਡੋ ਕਹਿੰਦਾ ਹੈ: “ਮੈਂ ਲਗਾਤਾਰ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਰਿਹਾ ਤਾਂਕਿ ਮੈਂ ਇਸ ਭਰਾ ਬਾਰੇ ਗ਼ਲਤ ਨਾ ਸੋਚਾਂ।” ਪਰ ਆਲਡੋ ਨੇ ਕੁਝ ਹੋਰ ਵੀ ਕੀਤਾ। ਉਸ ਨੇ ਭਰਾ ਨੂੰ ਆਪਣੇ ਨਾਲ ਪ੍ਰਚਾਰ ’ਤੇ ਜਾਣ ਲਈ ਪੁੱਛਿਆ। ਇਕੱਠੇ ਪ੍ਰਚਾਰ ਕਰਦਿਆਂ ਆਲਡੋ ਨੇ ਦੱਸਿਆ ਕਿ ਉਸ ਭਰਾ ਦੀ ਗੱਲ ਸੁਣ ਕੇ ਉਸ ਨੂੰ ਕਿਵੇਂ ਲੱਗਾ। ਆਲਡੋ ਦੱਸਦਾ ਹੈ, “ਜਦੋਂ ਉਸ ਭਰਾ ਨੇ ਸੁਣਿਆ ਕਿ ਉਸ ਦੀ ਗੱਲ ਸੁਣ ਕੇ ਮੈਨੂੰ ਕਿੰਨੀ ਠੇਸ ਪਹੁੰਚੀ, ਤਾਂ ਉਸ ਨੇ ਮਾਫ਼ੀ ਮੰਗੀ। ਉਸ ਦੀ ਗੱਲਬਾਤ ਦੇ ਲਹਿਜੇ ਤੋਂ ਮੈਂ ਸਮਝ ਗਿਆ ਕਿ ਉਸ ਨੂੰ ਆਪਣੀ ਕਹੀ ਗੱਲ ਦਾ ਕਿੰਨਾ ਪਛਤਾਵਾ ਸੀ। ਅਸੀਂ ਉੱਥੇ ਹੀ ਇਸ ਗੱਲ ’ਤੇ ਮਿੱਟੀ ਪਾਈ ਤੇ ਫਿਰ ਤੋਂ ਦੋਸਤ ਬਣ ਗਏ।”

16-17. ਸਾਨੂੰ ਕੀ ਕਰਨ ਦੀ ਠਾਣ ਲੈਣੀ ਚਾਹੀਦੀ ਹੈ?

16 ਯੂਹੰਨਾ ਰਸੂਲ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦਾ ਸੀ ਤੇ ਚਾਹੁੰਦਾ ਸੀ ਕਿ ਉਨ੍ਹਾਂ ਦੀ ਨਿਹਚਾ ਤਕੜੀ ਰਹੇ। ਉਸ ਦੀਆਂ ਤਿੰਨ ਚਿੱਠੀਆਂ ਵਿਚ ਦਿੱਤੀ ਸਲਾਹ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਉਸ ਨੂੰ ਉਨ੍ਹਾਂ ਦਾ ਕਿੰਨਾ ਫ਼ਿਕਰ ਸੀ। ਸਾਨੂੰ ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਯੂਹੰਨਾ ਵਰਗੇ ਭੈਣਾਂ-ਭਰਾਵਾਂ ਨੂੰ ਮਸੀਹ ਨਾਲ ਰਾਜ ਕਰਨ ਲਈ ਚੁਣਿਆ ਗਿਆ ਹੈ!—1 ਯੂਹੰ. 2:27.

17 ਆਓ ਆਪਾਂ ਇਸ ਲੇਖ ਵਿਚ ਦਿੱਤੀ ਸਲਾਹ ਨੂੰ ਮੰਨੀਏ। ਆਓ ਆਪਾਂ ਸੱਚਾਈ ਦੇ ਰਾਹ ’ਤੇ ਚੱਲਣ ਅਤੇ ਜ਼ਿੰਦਗੀ ਦੇ ਹਰ ਪਹਿਲੂ ਵਿਚ ਯਹੋਵਾਹ ਦਾ ਕਹਿਣਾ ਮੰਨਣ ਦੀ ਠਾਣ ਲਈਏ। ਉਸ ਦੇ ਬਚਨ ਦਾ ਅਧਿਐਨ ਕਰੀਏ ਤੇ ਇਸ ਵਿਚ ਦੱਸੀਆਂ ਗੱਲਾਂ ’ਤੇ ਭਰੋਸਾ ਕਰੀਏ। ਯਿਸੂ ਉੱਤੇ ਆਪਣੀ ਨਿਹਚਾ ਪੱਕੀ ਕਰੀਏ। ਇਨਸਾਨੀ ਫ਼ਲਸਫ਼ਿਆਂ ਅਤੇ ਧਰਮ-ਤਿਆਗੀਆਂ ਦੀਆਂ ਸਿੱਖਿਆਵਾਂ ਨੂੰ ਠੁਕਰਾਈਏ। ਦੋਹਰੀ ਜ਼ਿੰਦਗੀ ਜੀਣ ਅਤੇ ਪਾਪ ਕਰਨ ਦੇ ਦਬਾਅ ਹੇਠ ਨਾ ਆਈਏ। ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਏ। ਆਓ ਆਪਾਂ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਨ ਲਈ ਠੇਸ ਪਹੁੰਚਾਉਣ ਵਾਲਿਆਂ ਨੂੰ ਮਾਫ਼ ਕਰੀਏ ਅਤੇ ਲੋੜਵੰਦਾਂ ਦੀ ਮਦਦ ਕਰੀਏ। ਫਿਰ ਅਸੀਂ ਮੁਸ਼ਕਲਾਂ ਦੇ ਬਾਵਜੂਦ ਸੱਚਾਈ ਦੇ ਰਾਹ ’ਤੇ ਚੱਲਦੇ ਰਹਾਂਗੇ।

ਗੀਤ 11 ਯਹੋਵਾਹ ਦਾ ਜੀ ਆਨੰਦ ਕਰੋ

^ ਪੈਰਾ 5 ਅਸੀਂ ਅਜਿਹੀ ਦੁਨੀਆਂ ਵਿਚ ਰਹਿ ਰਹੇ ਹਾਂ ਜਿੱਥੇ ਝੂਠ ਦੇ ਪਿਉ ਸ਼ੈਤਾਨ ਦਾ ਬੋਲਬਾਲਾ ਹੈ। ਇਸ ਲਈ ਸੱਚਾਈ ’ਤੇ ਚੱਲਣ ਲਈ ਸਾਨੂੰ ਲਗਾਤਾਰ ਜੱਦੋ-ਜਹਿਦ ਕਰਨੀ ਪੈਂਦੀ ਹੈ। ਪਹਿਲੀ ਸਦੀ ਦੇ ਅਖ਼ੀਰ ਵਿਚ ਰਹਿੰਦੇ ਮਸੀਹੀਆਂ ਨੂੰ ਵੀ ਇਹੀ ਮੁਸ਼ਕਲ ਆਈ ਸੀ। ਯਹੋਵਾਹ ਨੇ ਉਨ੍ਹਾਂ ਦੀ ਅਤੇ ਸਾਡੀ ਮਦਦ ਕਰਨ ਲਈ ਯੂਹੰਨਾ ਰਸੂਲ ਨੂੰ ਤਿੰਨ ਚਿੱਠੀਆਂ ਲਿਖਣ ਲਈ ਪ੍ਰੇਰਿਆ। ਉਨ੍ਹਾਂ ਚਿੱਠੀਆਂ ਵਿਚ ਲਿਖੀਆਂ ਗੱਲਾਂ ਸਾਡੀ ਇਹ ਜਾਣਨ ਵਿਚ ਮਦਦ ਕਰਨਗੀਆਂ ਕਿ ਸਾਨੂੰ ਕਿਹੜੀਆਂ ਰੁਕਾਵਟਾਂ ਆਉਂਦੀਆਂ ਹਨ ਅਤੇ ਅਸੀਂ ਉਨ੍ਹਾਂ ਨੂੰ ਕਿਵੇਂ ਪਾਰ ਕਰ ਸਕਦੇ ਹਾਂ।

^ ਪੈਰਾ 6 ਕੁਝ ਨਾਂ ਬਦਲੇ ਗਏ ਹਨ।

^ ਪੈਰਾ 11 ਅਗਸਤ 2018 ਦੇ ਪਹਿਰਾਬੁਰਜ ਵਿਚ “ਕੀ ਤੁਹਾਡੇ ਕੋਲ ਸਹੀ ਜਾਣਕਾਰੀ ਹੈ?” ਨਾਂ ਦਾ ਅਧਿਐਨ ਲੇਖ ਦੇਖੋ।

^ ਪੈਰਾ 59 ਤਸਵੀਰਾਂ ਬਾਰੇ ਜਾਣਕਾਰੀ: ਸਕੂਲ ਵਿਚ ਹੁੰਦਿਆਂ ਇਕ ਨੌਜਵਾਨ ਭੈਣ ਅਜਿਹੀਆਂ ਚੀਜ਼ਾਂ ਦੇਖਦੀ ਹੋਈ ਜਿਨ੍ਹਾਂ ਰਾਹੀਂ ਸਮਲਿੰਗੀ ਸੰਬੰਧਾਂ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ। (ਕੁਝ ਸਭਿਆਚਾਰਾਂ ਵਿਚ ਸਤਰੰਗੀ ਪੀਂਘ ਦੇ ਰੰਗਾਂ ਨੂੰ ਸਮਲਿੰਗੀ ਸੰਬੰਧਾਂ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ।) ਬਾਅਦ ਵਿਚ ਉਹ ਆਪਣੇ ਮਸੀਹੀ ਵਿਸ਼ਵਾਸਾਂ ਨੂੰ ਪੱਕਾ ਕਰਨ ਲਈ ਖੋਜਬੀਨ ਕਰਦੀ ਹੋਈ ਜਿਸ ਕਰਕੇ ਉਹ ਦਬਾਅ ਆਉਣ ਤੇ ਸਹੀ ਫ਼ੈਸਲਾ ਕਰ ਪਾਉਂਦੀ ਹੈ।