Skip to content

Skip to table of contents

ਅਧਿਐਨ ਲੇਖ 29

ਆਪਣੇ ਆਗੂ ਯਿਸੂ ਦਾ ਸਾਥ ਦਿਓ

ਆਪਣੇ ਆਗੂ ਯਿਸੂ ਦਾ ਸਾਥ ਦਿਓ

“ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ।”​—ਮੱਤੀ 28:18.

ਗੀਤ 13 ਮਸੀਹ, ਸਾਡੀ ਮਿਸਾਲ

ਖ਼ਾਸ ਗੱਲਾਂ a

1. ਯਹੋਵਾਹ ਦੀ ਕੀ ਇੱਛਾ ਹੈ?

 ਪਰਮੇਸ਼ੁਰ ਦੀ ਇੱਛਾ ਹੈ ਕਿ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਧਰਤੀ ʼਤੇ ਕੀਤਾ ਜਾਵੇ। (ਮਰ. 13:10; 1 ਤਿਮੋ. 2:3, 4) ਇਹ ਕੰਮ ਯਹੋਵਾਹ ਦਾ ਹੈ ਅਤੇ ਇਹ ਉਸ ਨੂੰ ਇੰਨਾ ਪਿਆਰਾ ਹੈ ਕਿ ਉਸ ਨੇ ਇਸ ਕੰਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਆਪਣੇ ਪਿਆਰੇ ਪੁੱਤਰ ਨੂੰ ਦਿੱਤੀ ਹੈ। ਯਿਸੂ ਇਕ ਕਾਬਲ ਆਗੂ ਹੈ, ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਸ ਦੀ ਅਗਵਾਈ ਅਧੀਨ ਅੰਤ ਆਉਣ ਤੋਂ ਪਹਿਲਾਂ ਪ੍ਰਚਾਰ ਦਾ ਕੰਮ ਯਹੋਵਾਹ ਦੀ ਇੱਛਾ ਮੁਤਾਬਕ ਪੂਰਾ ਕੀਤਾ ਜਾਵੇਗਾ।​—ਮੱਤੀ 24:14.

2. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

2 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਿਸੂ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਰਾਹੀਂ ਕਿਵੇਂ ਸਾਨੂੰ ਸਹੀ ਗਿਆਨ ਅਤੇ ਪੂਰੀ ਦੁਨੀਆਂ ਵਿਚ ਪ੍ਰਚਾਰ ਕਰਨ ਵਾਸਤੇ ਹਿਦਾਇਤਾਂ ਦਿੰਦਾ ਹੈ। (ਮੱਤੀ 24:45) ਅਸੀਂ ਇਹ ਵੀ ਦੇਖਾਂਗੇ ਕਿ ਯਿਸੂ ਅਤੇ ਵਫ਼ਾਦਾਰ ਨੌਕਰ ਦਾ ਸਾਥ ਦੇਣ ਲਈ ਅਸੀਂ ਸਾਰੇ ਕੀ ਕਰ ਸਕਦੇ ਹਾਂ।

ਯਿਸੂ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਦਾ ਹੈ

3. ਯਿਸੂ ਨੂੰ ਕਿਹੜਾ ਅਧਿਕਾਰ ਦਿੱਤਾ ਗਿਆ ਹੈ?

3 ਅਸੀਂ ਇਹ ਗੱਲ ਇੰਨੇ ਭਰੋਸੇ ਨਾਲ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਪ੍ਰਚਾਰ ਦੇ ਕੰਮ ਦੀ ਅਗਵਾਈ ਕਰ ਰਿਹਾ ਹੈ? ਕਿਉਂਕਿ ਸਵਰਗ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ ਯਿਸੂ ਗਲੀਲ ਦੇ ਇਕ ਪਹਾੜ ʼਤੇ ਆਪਣੇ ਕਈ ਵਫ਼ਾਦਾਰ ਚੇਲਿਆਂ ਨੂੰ ਮਿਲਿਆ। ਉਸ ਨੇ ਉਨ੍ਹਾਂ ਨੂੰ ਕਿਹਾ: “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ।” ਧਿਆਨ ਦਿਓ ਕਿ ਇਸ ਤੋਂ ਤੁਰੰਤ ਬਾਅਦ ਉਸ ਨੇ ਕੀ ਕਿਹਾ: “ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ।” (ਮੱਤੀ 28:18, 19) ਇਨ੍ਹਾਂ ਆਇਤਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਨੂੰ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਨ ਦਾ ਵੀ ਅਧਿਕਾਰ ਦਿੱਤਾ ਗਿਆ ਹੈ।

4. ਅਸੀਂ ਪੂਰੇ ਭਰੋਸੇ ਨਾਲ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਅੱਜ ਵੀ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰ ਰਿਹਾ ਹੈ?

4 ਯਿਸੂ ਨੇ ਕਿਹਾ ਸੀ ਕਿ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ “ਸਾਰੀਆਂ ਕੌਮਾਂ” ਵਿਚ ਕੀਤਾ ਜਾਵੇਗਾ। ਉਸ ਨੇ ਇਹ ਵੀ ਕਿਹਾ ਕਿ ਉਹ “ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ” ਆਪਣੇ ਚੇਲਿਆਂ ਨਾਲ ਰਹੇਗਾ। (ਮੱਤੀ 28:20) ਇਨ੍ਹਾਂ ਗੱਲਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅੱਜ ਵੀ ਪ੍ਰਚਾਰ ਦਾ ਕੰਮ ਯਿਸੂ ਦੀ ਨਿਗਰਾਨੀ ਅਧੀਨ ਕੀਤਾ ਜਾ ਰਿਹਾ ਹੈ।

5. ਅਸੀਂ ਜ਼ਬੂਰ 110:3 ਵਿਚ ਦਰਜ ਭਵਿੱਖਬਾਣੀ ਨੂੰ ਪੂਰਾ ਕਰਨ ਵਿਚ ਕਿਵੇਂ ਹਿੱਸਾ ਲੈ ਰਹੇ ਹਾਂ?

5 ਯਿਸੂ ਨੂੰ ਇਸ ਗੱਲ ਦੀ ਫ਼ਿਕਰ ਨਹੀਂ ਸੀ ਕਿ ਯੁਗ ਦੇ ਆਖ਼ਰੀ ਸਮੇਂ ਵਿਚ ਰਾਜ ਦੇ ਪ੍ਰਚਾਰਕਾਂ ਦੀ ਕਮੀ ਹੋਵੇਗੀ। ਕਿਉਂ? ਕਿਉਂਕਿ ਉਹ ਜਾਣਦਾ ਸੀ ਕਿ ਜ਼ਬੂਰਾਂ ਦੇ ਲਿਖਾਰੀ ਦੀ ਇਹ ਭਵਿੱਖਬਾਣੀ ਪੂਰੀ ਹੋਵੇਗੀ: “ਜਿਸ ਦਿਨ ਤੂੰ ਆਪਣੀ ਫ਼ੌਜ ਯੁੱਧ ਵਿਚ ਲੈ ਕੇ ਜਾਵੇਂਗਾ ਉਸ ਦਿਨ ਤੇਰੇ ਲੋਕ ਆਪਣੇ ਆਪ ਨੂੰ ਖ਼ੁਸ਼ੀ-ਖ਼ੁਸ਼ੀ ਪੇਸ਼ ਕਰਨਗੇ।” (ਜ਼ਬੂ. 110:3) ਜੇ ਤੁਸੀਂ ਵੀ ਪ੍ਰਚਾਰ ਦਾ ਕੰਮ ਕਰ ਰਹੇ ਹੋ, ਤਾਂ ਤੁਸੀਂ ਇਸ ਭਵਿੱਖਬਾਣੀ ਨੂੰ ਪੂਰਾ ਕਰਨ ਵਿਚ ਹਿੱਸਾ ਲੈ ਰਹੇ ਹੋ ਅਤੇ ਯਿਸੂ ਤੇ ਵਫ਼ਾਦਾਰ ਨੌਕਰ ਦਾ ਸਾਥ ਦੇ ਰਹੇ ਹੋ। ਹਾਲਾਂਕਿ ਅੱਜ ਇਹ ਕੰਮ ਜ਼ੋਰਾਂ-ਸ਼ੋਰਾਂ ਨਾਲ ਹੋ ਰਿਹਾ ਹੈ, ਫਿਰ ਵੀ ਇਸ ਕੰਮ ਵਿਚ ਕਈ ਮੁਸ਼ਕਲਾਂ ਆਉਂਦੀਆਂ ਹਨ।

6. ਅੱਜ ਰਾਜ ਦੇ ਪ੍ਰਚਾਰਕਾਂ ਨੂੰ ਕਿਹੜੀ ਮੁਸ਼ਕਲ ਆਉਂਦੀ ਹੈ?

6 ਇਕ ਮੁਸ਼ਕਲ ਇਹ ਹੈ ਕਿ ਰਾਜ ਦੇ ਪ੍ਰਚਾਰਕਾਂ ਦਾ ਵਿਰੋਧ ਕੀਤਾ ਜਾਂਦਾ ਹੈ। ਧਰਮ-ਤਿਆਗੀ, ਧਾਰਮਿਕ ਆਗੂ ਅਤੇ ਨੇਤਾ ਸਾਡੇ ਕੰਮ ਬਾਰੇ ਬਹੁਤ ਸਾਰੀਆਂ ਝੂਠੀਆਂ ਗੱਲਾਂ ਫੈਲਾਉਂਦੇ ਹਨ। ਜੇ ਸਾਡੇ ਰਿਸ਼ਤੇਦਾਰ, ਜਾਣ-ਪਛਾਣ ਵਾਲੇ ਅਤੇ ਨਾਲ ਕੰਮ ਕਰਨ ਵਾਲੇ ਉਨ੍ਹਾਂ ਦੀਆਂ ਝੂਠੀਆਂ ਗੱਲਾਂ ਵਿਚ ਆ ਜਾਣ, ਤਾਂ ਉਹ ਸ਼ਾਇਦ ਸਾਡੇ ʼਤੇ ਦਬਾਅ ਪਾਉਣ ਕਿ ਅਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਈਏ ਅਤੇ ਪ੍ਰਚਾਰ ਕਰਨਾ ਬੰਦ ਕਰ ਦੇਈਏ। ਕਈ ਦੇਸ਼ਾਂ ਵਿਚ ਤਾਂ ਸਾਡੇ ਭੈਣਾਂ-ਭਰਾਵਾਂ ਨੂੰ ਡਰਾਇਆ-ਧਮਕਾਇਆ ਜਾਂਦਾ ਹੈ, ਗਿਰਫ਼ਤਾਰ ਕੀਤਾ ਜਾਂਦਾ ਹੈ ਅਤੇ ਇੱਥੋਂ ਤਕ ਕਿ ਉਨ੍ਹਾਂ ਨੂੰ ਜੇਲਾਂ ਵਿਚ ਵੀ ਸੁੱਟਿਆ ਜਾਂਦਾ ਹੈ। ਜਦੋਂ ਸਾਡੇ ਨਾਲ ਇਹ ਸਾਰਾ ਕੁਝ ਹੁੰਦਾ ਹੈ, ਤਾਂ ਸਾਨੂੰ ਕੋਈ ਹੈਰਾਨੀ ਨਹੀਂ ਹੁੰਦੀ ਕਿਉਂਕਿ ਯਿਸੂ ਨੇ ਕਿਹਾ ਸੀ: “ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ।” (ਮੱਤੀ 24:9) ਸੱਚਾਈ ਤਾਂ ਇਹ ਹੈ ਕਿ ਜਦੋਂ ਸਾਡੇ ਨਾਲ ਨਫ਼ਰਤ ਕੀਤੀ ਜਾਂਦੀ ਹੈ, ਤਾਂ ਇਹ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਸਾਡੇ ਤੋਂ ਖ਼ੁਸ਼ ਹੈ। (ਮੱਤੀ 5:11, 12) ਸਾਡਾ ਜੋ ਵੀ ਵਿਰੋਧ ਕੀਤਾ ਜਾਂਦਾ ਹੈ, ਉਸ ਸਾਰੇ ਪਿੱਛੇ ਸ਼ੈਤਾਨ ਦਾ ਹੀ ਹੱਥ ਹੁੰਦਾ ਹੈ। ਪਰ ਯਾਦ ਰੱਖੋ ਕਿ ਯਿਸੂ ਸ਼ੈਤਾਨ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। ਯਿਸੂ ਦੀ ਮਦਦ ਨਾਲ ਅੱਜ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾ ਰਹੀ ਹੈ। ਆਓ ਇਸ ਦੇ ਕੁਝ ਸਬੂਤ ਦੇਖੀਏ।

7. ਕਿਨ੍ਹਾਂ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਕਾਸ਼ ਦੀ ਕਿਤਾਬ 14:6, 7 ਵਿਚ ਦਰਜ ਭਵਿੱਖਬਾਣੀ ਪੂਰੀ ਹੋ ਰਹੀ ਹੈ?

7 ਇਕ ਹੋਰ ਮੁਸ਼ਕਲ ਇਹ ਹੈ ਕਿ ਦੁਨੀਆਂ ਭਰ ਵਿਚ ਲੋਕ ਅਲੱਗ-ਅਲੱਗ ਭਾਸ਼ਾਵਾਂ ਬੋਲਦੇ ਹਨ। ਇਸ ਕਰਕੇ ਰਾਜ ਦੇ ਪ੍ਰਚਾਰਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਪ੍ਰਚਾਰ ਕਰਨਾ ਔਖਾ ਹੋ ਸਕਦਾ ਹੈ। ਪਰ ਯਿਸੂ ਨੇ ਪ੍ਰਕਾਸ਼ ਦੀ ਕਿਤਾਬ ਵਿਚ ਯੂਹੰਨਾ ਰਸੂਲ ਨੂੰ ਦੱਸਿਆ ਸੀ ਕਿ ਸਾਡੇ ਦਿਨਾਂ ਵਿਚ ਸਾਰੀਆਂ ਭਾਸ਼ਾਵਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾਵੇਗੀ। (ਪ੍ਰਕਾਸ਼ ਦੀ ਕਿਤਾਬ 14:6, 7 ਪੜ੍ਹੋ।) ਅੱਜ ਬਹੁਤ ਸਾਰੇ ਲੋਕ ਸਾਡੀ ਵੈੱਬਸਾਈਟ jw.org ʼਤੇ ਬਾਈਬਲ ਆਧਾਰਿਤ ਪ੍ਰਕਾਸ਼ਨ 1,000 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਪੜ੍ਹ ਸਕਦੇ ਹਨ। ਇਸ ਤਰ੍ਹਾਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਰਾਜ ਦੀ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਦੇ ਰਹੇ ਹਾਂ। ਨਾਲੇ ਪ੍ਰਬੰਧਕ ਸਭਾ ਨੇ ਇਜਾਜ਼ਤ ਦਿੱਤੀ ਹੈ ਕਿ ਲੋਕਾਂ ਨੂੰ ਬਾਈਬਲ ਤੋਂ ਸਿਖਾਉਣ ਲਈ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦਾ 700 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾਵੇ। ਜੋ ਲੋਕ ਸੁਣ ਨਹੀਂ ਸਕਦੇ, ਉਨ੍ਹਾਂ ਲਈ ਬਾਈਬਲ ਆਧਾਰਿਤ ਵੀਡੀਓ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਜੋ ਲੋਕ ਦੇਖ ਨਹੀਂ ਸਕਦੇ, ਉਨ੍ਹਾਂ ਲਈ ਬ੍ਰੇਲ ਭਾਸ਼ਾ ਵਿਚ ਪ੍ਰਕਾਸ਼ਨ ਤਿਆਰ ਕੀਤੇ ਜਾ ਰਹੇ ਹਨ। ਅੱਜ ਅਸੀਂ ਆਪਣੀਆਂ ਅੱਖਾਂ ਨਾਲ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਪੂਰਾ ਹੁੰਦਿਆਂ ਦੇਖ ਰਹੇ ਹਾਂ। “ਕੌਮਾਂ ਦੀਆਂ ਸਾਰੀਆਂ ਭਾਸ਼ਾਵਾਂ” ਦੇ ਲੋਕ “ਸ਼ੁੱਧ ਭਾਸ਼ਾ ਬੋਲਣੀ” ਯਾਨੀ ਬਾਈਬਲ ਦੀਆਂ ਸੱਚਾਈਆਂ ਸਿੱਖ ਰਹੇ ਹਨ। (ਜ਼ਕ. 8:23; ਸਫ਼. 3:9) ਇਹ ਸਾਰਾ ਕੁਝ ਸਾਡੇ ਕਾਬਲ ਆਗੂ ਯਿਸੂ ਮਸੀਹ ਦੀ ਅਗਵਾਈ ਅਧੀਨ ਕੀਤਾ ਜਾ ਰਿਹਾ ਹੈ।

8. ਪ੍ਰਚਾਰ ਕਰਨ ਦੇ ਕਿਹੜੇ ਵਧੀਆ ਨਤੀਜੇ ਨਿਕਲ ਰਹੇ ਹਨ?

8 ਅੱਜ ਪ੍ਰਚਾਰ ਕਰਨ ਦੇ ਬਹੁਤ ਵਧੀਆ ਨਤੀਜੇ ਨਿਕਲ ਰਹੇ ਹਨ। ਦੁਨੀਆਂ ਦੇ 240 ਦੇਸ਼ਾਂ ਵਿਚ 80 ਲੱਖ ਤੋਂ ਜ਼ਿਆਦਾ ਲੋਕ ਯਹੋਵਾਹ ਦੇ ਸੰਗਠਨ ਦਾ ਹਿੱਸਾ ਹਨ ਅਤੇ ਹਰ ਸਾਲ ਲੱਖਾਂ ਹੀ ਲੋਕ ਬਪਤਿਸਮਾ ਲੈ ਕੇ ਇਸ ਸੰਗਠਨ ਨਾਲ ਜੁੜ ਰਹੇ ਹਨ। ਪਰ ਸਾਨੂੰ ਗਿਣਤੀ ਨਾਲੋਂ ਜ਼ਿਆਦਾ ਖ਼ੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਇਨ੍ਹਾਂ ਨਵੇਂ ਚੇਲਿਆਂ ਨੇ “ਨਵੇਂ ਸੁਭਾਅ” ਯਾਨੀ ਆਪਣੇ ਅੰਦਰ ਮਸੀਹੀ ਗੁਣਾਂ ਨੂੰ ਪੈਦਾ ਕੀਤਾ ਹੈ। (ਕੁਲੁ. 3:8-10) ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਪਹਿਲਾਂ ਬਦਚਲਣ, ਹਿੰਸਕ, ਪੱਖਪਾਤੀ ਅਤੇ ਦੇਸ਼ ਭਗਤ ਸਨ, ਪਰ ਹੁਣ ਉਨ੍ਹਾਂ ਨੇ ਆਪਣੇ ਆਪ ਨੂੰ ਬਦਲਿਆ ਹੈ। ਯਸਾਯਾਹ 2:4 ਦੀ ਇਹ ਭਵਿੱਖਬਾਣੀ ਪੂਰੀ ਹੋ ਰਹੀ ਹੈ: “ਉਹ ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।” ਜਦੋਂ ਅਸੀਂ ਨਵੇਂ ਸੁਭਾਅ ਨੂੰ ਪਹਿਨਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਇਹ ਦੇਖ ਕੇ ਲੋਕ ਪਰਮੇਸ਼ੁਰ ਦੇ ਸੰਗਠਨ ਵੱਲ ਖਿੱਚੇ ਆਉਂਦੇ ਹਨ। ਨਾਲੇ ਇਸ ਤੋਂ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਆਪਣੇ ਆਗੂ ਯਿਸੂ ਮਸੀਹ ਦੇ ਪਿੱਛੇ-ਪਿੱਛੇ ਚੱਲ ਰਹੇ ਹਾਂ। (ਯੂਹੰ. 13:35; 1 ਪਤ. 2:12) ਪਰ ਇਹ ਸਾਰਾ ਕੁਝ ਆਪਣੇ ਆਪ ਨਹੀਂ ਹੁੰਦਾ, ਸਗੋਂ ਅਸੀਂ ਇਹ ਸਾਰਾ ਕੁਝ ਯਿਸੂ ਦੀ ਮਦਦ ਨਾਲ ਹੀ ਕਰ ਪਾ ਰਹੇ ਹਾਂ।

ਯਿਸੂ ਇਕ ਨੌਕਰ ਨੂੰ ਨਿਯੁਕਤ ਕਰਦਾ ਹੈ

9. ਮੱਤੀ 24:45-47 ਮੁਤਾਬਕ ਯਿਸੂ ਨੇ ਅੰਤ ਦੇ ਸਮੇਂ ਬਾਰੇ ਕੀ ਦੱਸਿਆ ਸੀ?

9 ਮੱਤੀ 24:45-47 ਪੜ੍ਹੋ। ਯਿਸੂ ਨੇ ਦੱਸਿਆ ਸੀ ਕਿ ਉਹ ਅੰਤ ਦੇ ਸਮੇਂ ਵਿਚ ਪਰਮੇਸ਼ੁਰ ਦੇ ਬਚਨ ਤੋਂ ਹਿਦਾਇਤਾਂ ਦੇਣ ਲਈ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਨਿਯੁਕਤ ਕਰੇਗਾ। ਅੱਜ ਅਸੀਂ ਇਹ ਗੱਲ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਇਹ ਨੌਕਰ ਇਸ ਕੰਮ ਨੂੰ ਕਰਨ ਲਈ ਦਿਨ-ਰਾਤ ਮਿਹਨਤ ਕਰ ਰਿਹਾ ਹੈ। ਯਿਸੂ ਚੁਣੇ ਹੋਏ ਭਰਾਵਾਂ ਦੇ ਇਕ ਛੋਟੇ ਜਿਹੇ ਸਮੂਹ ਰਾਹੀਂ ਪਰਮੇਸ਼ੁਰ ਦੇ ਲੋਕਾਂ ਅਤੇ ਦਿਲਚਸਪੀ ਰੱਖਣ ਵਾਲਿਆਂ ਨੂੰ “ਸਹੀ ਸਮੇਂ ਤੇ ਭੋਜਨ” ਦੇ ਰਿਹਾ ਹੈ। ਇਹ ਭਰਾ ਨਿਹਚਾ ਦੇ ਸੰਬੰਧ ਵਿਚ ਦੂਜਿਆਂ ʼਤੇ ਹੁਕਮ ਨਹੀਂ ਚਲਾਉਂਦੇ। (2 ਕੁਰਿੰ. 1:24) ਇਸ ਦੀ ਬਜਾਇ, ਉਹ ਯਾਦ ਰੱਖਦੇ ਹਨ ਕਿ ਯਿਸੂ ਮਸੀਹ ਹੀ ਆਪਣੇ ਲੋਕਾਂ ਦਾ “ਆਗੂ ਤੇ ਹਾਕਮ” ਹੈ।​—ਯਸਾ. 55:4.

10. ਤਸਵੀਰ ਵਿਚ ਦਿਖਾਈ ਕਿਹੜੀ ਕਿਤਾਬ ਤੋਂ ਸਟੱਡੀ ਕਰ ਕੇ ਤੁਸੀਂ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ?

10 ਸਾਲ 1919 ਤੋਂ ਇਸ ਵਫ਼ਾਦਾਰ ਨੌਕਰ ਨੇ ਅਜਿਹੇ ਕਈ ਪ੍ਰਕਾਸ਼ਨ ਤਿਆਰ ਕੀਤੇ ਜਿਨ੍ਹਾਂ ਕਰਕੇ ਲੋਕ ਪਰਮੇਸ਼ੁਰ ਦੇ ਬਚਨ ਵਿਚ ਦਰਜ ਸੱਚਾਈਆਂ ਸਿੱਖ ਸਕੇ। ਇਹ ਪ੍ਰਕਾਸ਼ਨ ਬਿਲਕੁਲ ਸਹੀ ਸਮੇਂ ʼਤੇ ਮਿਲੇ ਭੋਜਨ ਵਾਂਗ ਸਨ ਅਤੇ ਇਨ੍ਹਾਂ ਨੂੰ ਪੜ੍ਹ ਕੇ ਲੋਕ ਬਾਈਬਲ ਬਾਰੇ ਸਿੱਖਣ ਲੱਗ ਪਏ। 1921 ਵਿਚ ਇਸ ਨੌਕਰ ਨੇ ਪਰਮੇਸ਼ੁਰ ਦੀ ਬਰਬਤ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਤਿਆਰ ਕੀਤੀ। ਨਾਲੇ ਜਿੱਦਾਂ-ਜਿੱਦਾਂ ਸਮਾਂ ਬਦਲਦਾ ਗਿਆ, ਇਸ ਨੌਕਰ ਨੇ ਬਾਈਬਲ ਸਟੱਡੀ ਕਰਵਾਉਣ ਲਈ ਕਈ ਨਵੇਂ ਪ੍ਰਕਾਸ਼ਨ ਤਿਆਰ ਕੀਤੇ, ਜਿਵੇਂ ਕਿ “ਪਰਮੇਸ਼ੁਰ ਸੱਚਾ ਠਹਿਰੇ” (ਅੰਗ੍ਰੇਜ਼ੀ), ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?, ਅਸੀਂ ਬਾਈਬਲ ਤੋਂ ਕੀ ਸਿੱਖ ਸਕਦੇ ਹਾਂ? ਅਤੇ ਨਵੀਂ ਕਿਤਾਬ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਤੁਸੀਂ ਇਨ੍ਹਾਂ ਵਿੱਚੋਂ ਕਿਹੜੀ ਕਿਤਾਬ ਤੋਂ ਸਟੱਡੀ ਕਰ ਕੇ ਆਪਣੇ ਸਵਰਗੀ ਪਿਤਾ ਬਾਰੇ ਜਾਣ ਸਕੇ ਅਤੇ ਉਸ ਨੂੰ ਪਿਆਰ ਕਰਨ ਲੱਗੇ?

11. ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਸਾਰੇ ਯਹੋਵਾਹ ਬਾਰੇ ਸਹੀ ਗਿਆਨ ਲੈਂਦੇ ਰਹੀਏ?

11 ਸਿਰਫ਼ ਨਵੇਂ ਲੋਕਾਂ ਨੂੰ ਹੀ ਨਹੀਂ, ਸਗੋਂ ਸਾਨੂੰ ਸਾਰਿਆਂ ਨੂੰ ਯਹੋਵਾਹ ਬਾਰੇ ਸਹੀ ਗਿਆਨ ਦੀ ਲੋੜ ਹੈ। ਪੌਲੁਸ ਰਸੂਲ ਨੇ ਲਿਖਿਆ: “ਰੋਟੀ ਸਮਝਦਾਰ ਲੋਕਾਂ ਲਈ ਹੁੰਦੀ ਹੈ।” ਉਸ ਨੇ ਅੱਗੇ ਦੱਸਿਆ ਕਿ ਜੇ ਅਸੀਂ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਾਂਗੇ, ਤਾਂ ਅਸੀਂ “ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੇ ਮਾਹਰ ਬਣ” ਸਕਾਂਗੇ। (ਇਬ. 5:14) ਇਸ ਮੁਸ਼ਕਲ ਸਮੇਂ ਵਿਚ ਸਾਡੇ ਲਈ ਯਹੋਵਾਹ ਦੇ ਮਿਆਰਾਂ ਮੁਤਾਬਕ ਜੀਉਣਾ ਸੱਚ-ਮੁੱਚ ਔਖਾ ਹੋ ਸਕਦਾ ਹੈ ਕਿਉਂਕਿ ਲੋਕਾਂ ਦੇ ਨੈਤਿਕ ਮਿਆਰ ਦਿਨ-ਬਦਿਨ ਡਿਗਦੇ ਜਾ ਰਹੇ ਹਨ। ਪਰ ਯਿਸੂ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਪਰਮੇਸ਼ੁਰ ਦੇ ਬਚਨ ਵਿੱਚੋਂ ਸਾਨੂੰ ਭੋਜਨ ਮਿਲਦਾ ਰਹੇ ਤਾਂਕਿ ਸਾਡੀ ਨਿਹਚਾ ਪੱਕੀ ਹੁੰਦੀ ਰਹੇ। ਵਫ਼ਾਦਾਰ ਨੌਕਰ ਯਿਸੂ ਦੀ ਅਗਵਾਈ ਅਧੀਨ ਇਸ ਭੋਜਨ ਨੂੰ ਤਿਆਰ ਕਰਦਾ ਅਤੇ ਵੰਡਦਾ ਹੈ।

12. ਯਿਸੂ ਵਾਂਗ ਅਸੀਂ ਪਰਮੇਸ਼ੁਰ ਦੇ ਨਾਂ ਨੂੰ ਆਦਰ ਕਿਵੇਂ ਦਿੰਦੇ ਹਾਂ?

12 ਯਿਸੂ ਵਾਂਗ ਅਸੀਂ ਵੀ ਯਹੋਵਾਹ ਦੇ ਨਾਂ ਨੂੰ ਪੂਰਾ ਆਦਰ-ਮਾਣ ਦਿੰਦੇ ਹਾਂ ਕਿਉਂਕਿ ਉਹ ਇਸ ਦਾ ਹੱਕਦਾਰ ਹੈ। (ਯੂਹੰ. 17:6, 26) ਉਦਾਹਰਣ ਲਈ, 1931 ਵਿਚ ਅਸੀਂ ਯਹੋਵਾਹ ਦੇ ਗਵਾਹ ਨਾਂ ਅਪਣਾਇਆ ਜੋ ਬਾਈਬਲ ਤੋਂ ਲਿਆ ਗਿਆ ਹੈ। ਇਹ ਨਾਂ ਅਪਣਾ ਕੇ ਅਸੀਂ ਦਿਖਾਇਆ ਕਿ ਸਾਡੇ ਲਈ ਪਰਮੇਸ਼ੁਰ ਦਾ ਨਾਂ ਕਿੰਨਾ ਜ਼ਿਆਦਾ ਅਹਿਮੀਅਤ ਰੱਖਦਾ ਹੈ ਅਤੇ ਅਸੀਂ ਆਪਣੇ ਸਵਰਗੀ ਪਿਤਾ ਦੇ ਨਾਂ ਤੋਂ ਪਛਾਣੇ ਜਾਣਾ ਚਾਹੁੰਦੇ ਹਾਂ। (ਯਸਾ. 43:10-12) ਉਸੇ ਸਾਲ ਅਕਤੂਬਰ ਮਹੀਨੇ ਵਿਚ ਸਾਡੇ ਪਹਿਰਾਬੁਰਜ ਦੇ ਮੁੱਖ ਸਫ਼ੇ ʼਤੇ ਪਰਮੇਸ਼ੁਰ ਦਾ ਨਾਂ ਛਾਪਿਆ ਜਾਣ ਲੱਗਾ। ਇਸ ਦੇ ਨਾਲ-ਨਾਲ ਪਵਿੱਤਰ ਲਿਖਤਾਂਨਵੀਂ ਦੁਨੀਆਂ ਅਨੁਵਾਦ ਵਿਚ ਪਰਮੇਸ਼ੁਰ ਦਾ ਨਾਂ ਉੱਥੇ ਪਾਇਆ ਗਿਆ ਜਿੱਥੇ ਇਹ ਹੋਣਾ ਚਾਹੀਦਾ ਹੈ। ਪਰ ਇਸ ਤੋਂ ਬਿਲਕੁਲ ਉਲਟ, ਈਸਾਈ ਜਗਤ ਦੇ ਚਰਚਾਂ ਨੇ ਬਾਈਬਲ ਦੇ ਬਹੁਤ ਸਾਰੇ ਆਪਣੇ ਅਨੁਵਾਦਾਂ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢ ਦਿੱਤਾ!

ਯਿਸੂ ਆਪਣੇ ਸੰਗਠਨ ਰਾਹੀਂ ਸਾਡੀ ਅਗਵਾਈ ਕਰਦਾ ਹੈ

13. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਰਾਹੀਂ ਅੱਜ ਸਾਡੀ ਅਗਵਾਈ ਕਰ ਰਿਹਾ ਹੈ? (ਯੂਹੰਨਾ 6:68)

13 ਯਿਸੂ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਰਾਹੀਂ ਸੰਗਠਨ ਨੂੰ ਚਲਾ ਰਿਹਾ ਹੈ ਤਾਂਕਿ ਸ਼ੁੱਧ ਭਗਤੀ ਹੁੰਦੀ ਰਹੇ। ਇਸ ਸੰਗਠਨ ਦਾ ਹਿੱਸਾ ਬਣ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਸ਼ਾਇਦ ਤੁਸੀਂ ਵੀ ਪਤਰਸ ਰਸੂਲ ਵਾਂਗ ਮਹਿਸੂਸ ਕਰੋ ਜਿਸ ਨੇ ਯਿਸੂ ਨੂੰ ਕਿਹਾ ਸੀ: “ਪ੍ਰਭੂ, ਅਸੀਂ ਹੋਰ ਕਿਹਦੇ ਕੋਲ ਜਾਈਏ? ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲੀਆਂ ਗੱਲਾਂ ਤਾਂ ਤੇਰੇ ਕੋਲ ਹਨ।” (ਯੂਹੰ. 6:68) ਸੱਚ-ਮੁੱਚ ਜੇ ਅਸੀਂ ਯਹੋਵਾਹ ਦੇ ਸੰਗਠਨ ਦਾ ਹਿੱਸਾ ਨਾ ਹੁੰਦੇ, ਤਾਂ ਸਾਡਾ ਕੀ ਹੋਣਾ ਸੀ! ਇਸ ਸੰਗਠਨ ਰਾਹੀਂ ਯਿਸੂ ਪੂਰਾ ਧਿਆਨ ਰੱਖਦਾ ਹੈ ਕਿ ਸਾਨੂੰ ਪਰਮੇਸ਼ੁਰ ਦੇ ਬਚਨ ਦਾ ਭਰਪੂਰ ਭੋਜਨ ਮਿਲਦਾ ਰਹੇ। ਨਾਲੇ ਉਹ ਸਾਨੂੰ ਅੱਜ ਵਧੀਆ ਢੰਗ ਨਾਲ ਪ੍ਰਚਾਰ ਕਰਨ ਦੀ ਸਿਖਲਾਈ ਦਿੰਦਾ ਹੈ। ਇਸ ਦੇ ਨਾਲ-ਨਾਲ ਉਹ “ਨਵੇਂ ਸੁਭਾਅ” ਨੂੰ ਪਹਿਨਣ ਵਿਚ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਯਹੋਵਾਹ ਨੂੰ ਖ਼ੁਸ਼ ਕਰਦੇ ਰਹਿ ਸਕੀਏ।​—ਅਫ਼. 4:24.

14. ਕੋਵਿਡ-19 ਮਹਾਂਮਾਰੀ ਦੌਰਾਨ ਯਹੋਵਾਹ ਦੇ ਸੰਗਠਨ ਤੋਂ ਮਿਲਦੀਆਂ ਹਿਦਾਇਤਾਂ ਤੋਂ ਤੁਹਾਨੂੰ ਕਿਵੇਂ ਫ਼ਾਇਦਾ ਹੋਇਆ?

14 ਯਿਸੂ ਔਖੀਆਂ ਘੜੀਆਂ ਵਿਚ ਵੀ ਸਾਨੂੰ ਜ਼ਰੂਰੀ ਹਿਦਾਇਤਾਂ ਦਿੰਦਾ ਹੈ। ਇਸ ਦਾ ਇਕ ਸਬੂਤ ਹੈ, ਕੋਵਿਡ-19 ਮਹਾਂਮਾਰੀ। ਜਦੋਂ ਇਹ ਮਹਾਂਮਾਰੀ ਫੈਲਣੀ ਸ਼ੁਰੂ ਹੋਈ, ਤਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਕਰਨ ਜਾਂ ਕੀ ਨਹੀਂ। ਪਰ ਯਿਸੂ ਨੇ ਸੰਗਠਨ ਰਾਹੀਂ ਸਾਨੂੰ ਸਾਰੀਆਂ ਜ਼ਰੂਰੀ ਹਿਦਾਇਤਾਂ ਦਿੱਤੀਆਂ ਤਾਂਕਿ ਅਸੀਂ ਇਸ ਬੀਮਾਰੀ ਤੋਂ ਬਚੇ ਰਹੀਏ। ਸਾਨੂੰ ਵਾਰ-ਵਾਰ ਯਾਦ ਕਰਾਇਆ ਗਿਆ ਕਿ ਬਾਹਰ ਜਾਂਦੇ ਵੇਲੇ ਅਸੀਂ ਮਾਸਕ ਪਾਈਏ ਅਤੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੀਏ। ਬਜ਼ੁਰਗਾਂ ਨੂੰ ਵੀ ਯਾਦ ਕਰਾਇਆ ਗਿਆ ਕਿ ਉਹ ਮੰਡਲੀ ਦੇ ਸਾਰੇ ਭੈਣਾਂ-ਭਰਾਵਾਂ ਦਾ ਹਾਲ-ਚਾਲ ਪੁੱਛਦੇ ਰਹਿਣ। ਨਾਲੇ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਭੈਣਾਂ-ਭਰਾਵਾਂ ਕੋਲ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਹੋਣ, ਉਨ੍ਹਾਂ ਦੀ ਸਿਹਤ ਠੀਕ ਰਹੇ ਅਤੇ ਯਹੋਵਾਹ ਨਾਲ ਉਨ੍ਹਾਂ ਦਾ ਵਧੀਆ ਰਿਸ਼ਤਾ ਬਣਿਆ ਰਹੇ। (ਯਸਾ. 32:1, 2) ਪ੍ਰਬੰਧਕ ਸਭਾ ਵੱਲੋਂ ਆਉਂਦੀ ਹਰ ਅਪਡੇਟ ਤੋਂ ਵੀ ਸਾਨੂੰ ਜ਼ਰੂਰੀ ਹਿਦਾਇਤਾਂ ਮਿਲਦੀਆਂ ਰਹੀਆਂ ਅਤੇ ਸਾਡਾ ਹੌਸਲਾ ਵਧਦਾ ਰਿਹਾ।

15. ਮਹਾਂਮਾਰੀ ਦੌਰਾਨ ਸਾਨੂੰ ਹੋਰ ਕਿਹੜੀਆਂ ਹਿਦਾਇਤਾਂ ਮਿਲੀਆਂ ਅਤੇ ਇਸ ਦੇ ਕਿਹੜੇ ਵਧੀਆ ਨਤੀਜੇ ਨਿਕਲੇ?

15 ਮਹਾਂਮਾਰੀ ਦੌਰਾਨ ਸਾਨੂੰ ਸਾਫ਼-ਸਾਫ਼ ਹਿਦਾਇਤਾਂ ਮਿਲਦੀਆਂ ਰਹੀਆਂ ਕਿ ਅਸੀਂ ਮੀਟਿੰਗਾਂ ਕਿਵੇਂ ਚਲਾਉਣੀਆਂ ਹਨ ਅਤੇ ਪ੍ਰਚਾਰ ਦਾ ਕੰਮ ਕਿਵੇਂ ਕਰਨਾ ਹੈ। ਇਸ ਦੌਰਾਨ ਅਸੀਂ ਬਹੁਤ ਜਲਦ ਇੰਟਰਨੈੱਟ ਰਾਹੀਂ ਮੀਟਿੰਗਾਂ, ਸੰਮੇਲਨਾਂ ਅਤੇ ਵੱਡੇ ਸੰਮੇਲਨਾਂ ਵਿਚ ਹਾਜ਼ਰ ਹੋਣਾ ਸ਼ੁਰੂ ਕਰ ਦਿੱਤਾ। ਅਸੀਂ ਚਿੱਠੀਆਂ ਲਿਖ ਕੇ ਅਤੇ ਫ਼ੋਨ ਰਾਹੀਂ ਗਵਾਹੀ ਦੇਣੀ ਵੀ ਸ਼ੁਰੂ ਕਰ ਦਿੱਤੀ। ਯਹੋਵਾਹ ਨੇ ਸਾਡੇ ਇਸ ਕੰਮ ʼਤੇ ਬਰਕਤ ਪਾਈ। ਬਹੁਤ ਸਾਰੇ ਬ੍ਰਾਂਚ ਆਫ਼ਿਸਾਂ ਨੇ ਰਿਪੋਰਟਾਂ ਭੇਜੀਆਂ ਕਿ ਇਸ ਦੌਰਾਨ ਪ੍ਰਚਾਰਕਾਂ ਦੀ ਗਿਣਤੀ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ। ਨਾਲੇ ਭੈਣਾਂ-ਭਰਾਵਾਂ ਨੂੰ ਪ੍ਰਚਾਰ ਕਰਦਿਆਂ ਬਹੁਤ ਵਧੀਆ ਤਜਰਬੇ ਹੋਏ!​—“ ਯਹੋਵਾਹ ਸਾਡੇ ਪ੍ਰਚਾਰ ਕੰਮ ʼਤੇ ਬਰਕਤ ਪਾਉਂਦਾ ਹੈ” ਨਾਂ ਦੀ ਡੱਬੀ ਦੇਖੋ।

16. ਸਾਨੂੰ ਕਿਹੜੀ ਗੱਲ ਦਾ ਪੱਕਾ ਭਰੋਸਾ ਹੈ?

16 ਮਹਾਂਮਾਰੀ ਦੌਰਾਨ ਸ਼ਾਇਦ ਕਈਆਂ ਨੂੰ ਲੱਗਾ ਹੋਵੇ ਕਿ ਸਾਡਾ ਸੰਗਠਨ ਹੱਦੋਂ ਵੱਧ ਸਾਵਧਾਨੀ ਵਰਤ ਰਿਹਾ ਸੀ। ਪਰ ਹਰ ਵਾਰ ਇਹ ਗੱਲ ਸਾਬਤ ਹੋਈ ਕਿ ਸਾਡੇ ਸੰਗਠਨ ਵੱਲੋਂ ਮਿਲੀਆਂ ਹਿਦਾਇਤਾਂ ਬਿਲਕੁਲ ਸਹੀ ਅਤੇ ਸਾਡੇ ਫ਼ਾਇਦੇ ਲਈ ਸਨ। (ਮੱਤੀ 11:19) ਨਾਲੇ ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਯਿਸੂ ਆਪਣੇ ਲੋਕਾਂ ਦੀ ਕਿੰਨੇ ਪਿਆਰ ਨਾਲ ਅਗਵਾਈ ਕਰਦਾ ਹੈ, ਤਾਂ ਸਾਡਾ ਭਰੋਸਾ ਵਧਦਾ ਹੈ ਕਿ ਕੱਲ੍ਹ ਚਾਹੇ ਜੋ ਮਰਜ਼ੀ ਹੋ ਜਾਵੇ, ਯਹੋਵਾਹ ਅਤੇ ਉਸਦਾ ਪਿਆਰਾ ਪੁੱਤਰ ਸਾਡਾ ਸਾਥ ਕਦੇ ਨਹੀਂ ਛੱਡਣਗੇ।​—ਇਬਰਾਨੀਆਂ 13:5, 6 ਪੜ੍ਹੋ।

17. ਆਪਣੇ ਆਗੂ ਯਿਸੂ ਦੀ ਅਗਵਾਈ ਅਧੀਨ ਕੰਮ ਕਰ ਕੇ ਤੁਹਾਨੂੰ ਕਿਵੇਂ ਲੱਗਦਾ ਹੈ?

17 ਸਾਡੇ ਲਈ ਇਹ ਕਿੰਨੀ ਵੱਡੀ ਬਰਕਤ ਹੈ ਕਿ ਯਿਸੂ ਸਾਡਾ ਆਗੂ ਹੈ! ਅਸੀਂ ਇਕ ਅਜਿਹੇ ਸੰਗਠਨ ਦਾ ਹਿੱਸਾ ਹਾਂ ਜਿਸ ਨੇ ਸਭਿਆਚਾਰ, ਕੌਮ ਅਤੇ ਭਾਸ਼ਾ ਵਰਗੀਆਂ ਮੁਸ਼ਕਲਾਂ ਨੂੰ ਪਾਰ ਕੀਤਾ ਹੈ ਅਤੇ ਸਾਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਿਆ ਹੈ। ਸਾਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਬਹੁਤ ਸਾਰੀਆਂ ਹਿਦਾਇਤਾਂ ਮਿਲਦੀਆਂ ਹਨ ਅਤੇ ਪ੍ਰਚਾਰ ਦਾ ਕੰਮ ਕਰਨ ਦੀ ਸਿਖਲਾਈ ਮਿਲਦੀ ਹੈ। ਸਾਨੂੰ ਸਾਰਿਆਂ ਨੂੰ ਨਵੇਂ ਸੁਭਾਅ ਨੂੰ ਪਹਿਨਣਾ ਅਤੇ ਇਕ-ਦੂਜੇ ਨੂੰ ਪਿਆਰ ਕਰਨਾ ਸਿਖਾਇਆ ਜਾ ਰਿਹਾ ਹੈ। ਸਾਡੇ ਕੋਲ ਆਪਣੇ ਆਗੂ ਯਿਸੂ ʼਤੇ ਮਾਣ ਕਰਨ ਦੇ ਬਹੁਤ ਸਾਰੇ ਕਾਰਨ ਹਨ।

ਗੀਤ 16 ਯਿਸੂ ਕਰਕੇ ਯਹੋਵਾਹ ਦੀ ਮਹਿਮਾ ਕਰੋ

a ਅੱਜ ਲੱਖਾਂ ਹੀ ਆਦਮੀ, ਔਰਤਾਂ ਅਤੇ ਬੱਚੇ ਪੂਰੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ। ਕੀ ਤੁਸੀਂ ਵੀ ਇਨ੍ਹਾਂ ਵਿੱਚੋਂ ਇਕ ਹੋ? ਜੇ ਹਾਂ, ਤਾਂ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਅਗਵਾਈ ਅਧੀਨ ਕੰਮ ਕਰ ਰਹੇ ਹੋ। ਇਸ ਲੇਖ ਵਿਚ ਅਸੀਂ ਇਸ ਗੱਲ ਦਾ ਸਬੂਤ ਦੇਖਾਂਗੇ ਕਿ ਯਿਸੂ ਅੱਜ ਪ੍ਰਚਾਰ ਦੇ ਕੰਮ ਦੀ ਅਗਵਾਈ ਕਰ ਰਿਹਾ ਹੈ। ਇਨ੍ਹਾਂ ਸਬੂਤਾਂ ʼਤੇ ਗੌਰ ਕਰ ਕੇ ਮਸੀਹ ਦੀ ਅਗਵਾਈ ਅਧੀਨ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ।