ਅਧਿਐਨ ਲੇਖ 30
ਆਪਣਾ ਪਿਆਰ ਵਧਾਉਂਦੇ ਰਹੋ
‘ਆਓ ਆਪਾਂ ਪਿਆਰ ਕਰਦਿਆਂ ਸਾਰੀਆਂ ਗੱਲਾਂ ਵਿਚ ਵਧਦੇ ਜਾਈਏ।’—ਅਫ਼. 4:15.
ਗੀਤ 2 ਯਹੋਵਾਹ ਤੇਰਾ ਨਾਮ
ਖ਼ਾਸ ਗੱਲਾਂ a
1. ਜਦੋਂ ਤੁਸੀਂ ਸਟੱਡੀ ਕਰਨੀ ਸ਼ੁਰੂ ਕੀਤੀ ਸੀ, ਤਾਂ ਤੁਸੀਂ ਕਿਹੜੀਆਂ ਸੱਚਾਈਆਂ ਸਿੱਖੀਆਂ ਸਨ?
ਕੀ ਤੁਹਾਨੂੰ ਉਹ ਸਮਾਂ ਯਾਦ ਹੈ ਜਦੋਂ ਤੁਸੀਂ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ ਸੀ? ਸ਼ਾਇਦ ਤੁਸੀਂ ਇਹ ਜਾਣ ਕੇ ਹੈਰਾਨ ਰਹਿ ਗਏ ਹੋਣੇ ਕਿ ਪਰਮੇਸ਼ੁਰ ਦਾ ਇਕ ਨਾਂ ਹੈ। ਸ਼ਾਇਦ ਤੁਹਾਨੂੰ ਉਦੋਂ ਬਹੁਤ ਸਕੂਨ ਮਿਲਿਆ ਹੋਣਾ ਜਦੋਂ ਤੁਹਾਨੂੰ ਪਤਾ ਲੱਗਾ ਕਿ ਪਰਮੇਸ਼ੁਰ ਲੋਕਾਂ ਨੂੰ ਨਰਕ ਦੀ ਅੱਗ ਵਿਚ ਤਸੀਹੇ ਨਹੀਂ ਦਿੰਦਾ। ਨਾਲੇ ਤੁਹਾਨੂੰ ਇਹ ਜਾਣ ਕੇ ਵੀ ਖ਼ੁਸ਼ੀ ਮਿਲੀ ਹੋਣੀ ਕਿ ਤੁਸੀਂ ਆਪਣੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਮਿਲੋਗੇ ਅਤੇ ਬਾਗ਼ ਵਰਗੀ ਸੋਹਣੀ ਧਰਤੀ ʼਤੇ ਉਨ੍ਹਾਂ ਨਾਲ ਹਮੇਸ਼ਾ ਲਈ ਰਹਿ ਸਕੋਗੇ।
2. ਬਾਈਬਲ ਤੋਂ ਸੱਚਾਈਆਂ ਸਿੱਖਣ ਦੇ ਨਾਲ-ਨਾਲ ਤੁਸੀਂ ਹੋਰ ਤਰੱਕੀ ਕਿਵੇਂ ਕੀਤੀ? (ਅਫ਼ਸੀਆਂ 5:1, 2)
2 ਜਦੋਂ ਤੁਸੀਂ ਪਰਮੇਸ਼ੁਰ ਦੇ ਬਚਨ ਦੀ ਹੋਰ ਜ਼ਿਆਦਾ ਸਟੱਡੀ ਕਰਨ ਲੱਗੇ, ਤਾਂ ਯਹੋਵਾਹ ਲਈ ਤੁਹਾਡਾ ਪਿਆਰ ਹੋਰ ਵਧਣ ਲੱਗਾ। ਇਸ ਪਿਆਰ ਕਰਕੇ ਤੁਸੀਂ ਸਿੱਖੀਆਂ ਗੱਲਾਂ ਨੂੰ ਲਾਗੂ ਕੀਤਾ। ਨਾਲੇ ਬਾਈਬਲ ਦੇ ਅਸੂਲਾਂ ਮੁਤਾਬਕ ਤੁਸੀਂ ਵਧੀਆ ਫ਼ੈਸਲੇ ਕਰਨ ਲੱਗੇ। ਤੁਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਸੀ ਜਿਸ ਕਰਕੇ ਤੁਸੀਂ ਆਪਣੀ ਸੋਚ ਬਦਲੀ ਤੇ ਸਹੀ ਕੰਮ ਕਰਨ ਲੱਗੇ। ਜਿੱਦਾਂ ਇਕ ਬੱਚਾ ਆਪਣੇ ਪਿਤਾ ਵਾਂਗ ਬਣਨ ਦੀ ਕੋਸ਼ਿਸ਼ ਕਰਦਾ ਹੈ, ਉੱਦਾਂ ਹੀ ਤੁਸੀਂ ਆਪਣੇ ਸਵਰਗੀ ਪਿਤਾ ਵਾਂਗ ਬਣਨ ਦੀ ਕੋਸ਼ਿਸ਼ ਕਰਨ ਲੱਗੇ।—ਅਫ਼ਸੀਆਂ 5:1, 2 ਪੜ੍ਹੋ।
3. ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?
3 ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਜਦੋਂ ਤੋਂ ਮੈਂ ਮਸੀਹੀ ਬਣਿਆ, ਕੀ ਉਦੋਂ ਤੋਂ ਯਹੋਵਾਹ ਲਈ ਮੇਰਾ ਪਿਆਰ ਹੋਰ ਵਧਿਆ ਹੈ? ਕੀ ਬਪਤਿਸਮੇ ਤੋਂ ਬਾਅਦ ਮੈਂ ਆਪਣੀ ਸੋਚ ਤੇ ਕੰਮਾਂ ਵਿਚ ਬਦਲਾਅ ਕੀਤੇ ਹਨ? ਕੀ ਮੈਂ ਯਹੋਵਾਹ ਵਾਂਗ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਖ਼ਾਸ ਕਰਕੇ ਭੈਣਾਂ-ਭਰਾਵਾਂ ਲਈ ਪਿਆਰ ਦਿਖਾਉਣ ਦੇ ਮਾਮਲੇ ਵਿਚ?’ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ “ਹੁਣ ਪਹਿਲਾਂ ਵਾਂਗ ਪਿਆਰ” ਨਹੀਂ ਕਰਦੇ, ਤਾਂ ਨਿਰਾਸ਼ ਨਾ ਹੋਵੋ। ਪਹਿਲੀ ਸਦੀ ਦੇ ਮਸੀਹੀਆਂ ਨਾਲ ਵੀ ਕੁਝ ਇੱਦਾਂ ਹੀ ਹੋਇਆ ਸੀ। ਪਰ ਯਿਸੂ ਨੇ ਨਾ ਤਾਂ ਉਨ੍ਹਾਂ ਨੂੰ ਠੁਕਰਾਇਆ ਸੀ ਅਤੇ ਨਾ ਹੀ ਉਹ ਤੁਹਾਨੂੰ ਠੁਕਰਾਵੇਗਾ। (ਪ੍ਰਕਾ. 2:4, 7) ਯਿਸੂ ਜਾਣਦਾ ਹੈ ਕਿ ਅਸੀਂ ਆਪਣੇ ਦਿਲ ਵਿਚ ਦੁਬਾਰਾ ਤੋਂ ਉਹ ਪਿਆਰ ਪੈਦਾ ਕਰ ਸਕਦੇ ਹਾਂ ਜੋ ਅਸੀਂ ਪਹਿਲਾਂ ਕਰਦੇ ਸੀ।
4. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?
4 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਯਹੋਵਾਹ ਅਤੇ ਦੂਜਿਆਂ ਲਈ ਆਪਣਾ ਪਿਆਰ ਕਿਵੇਂ ਵਧਾਉਂਦੇ ਰਹਿ ਸਕਦੇ ਹਾਂ। ਫਿਰ ਅਸੀਂ ਦੇਖਾਂਗੇ ਕਿ ਪਿਆਰ ਗੂੜ੍ਹਾ ਕਰ ਕੇ ਸਾਨੂੰ ਅਤੇ ਹੋਰਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ।
ਯਹੋਵਾਹ ਲਈ ਆਪਣਾ ਪਿਆਰ ਵਧਾਉਂਦੇ ਰਹੋ
5-6. (ੳ) ਪੌਲੁਸ ਰਸੂਲ ਨੇ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ? (ਅ) ਕਿਹੜੀਆਂ ਗੱਲਾਂ ਕਰਕੇ ਉਹ ਯਹੋਵਾਹ ਦੀ ਸੇਵਾ ਕਰਦਾ ਰਿਹਾ?
5 ਪੌਲੁਸ ਰਸੂਲ ਯਹੋਵਾਹ ਦੀ ਸੇਵਾ ਕਰ ਕੇ ਬਹੁਤ ਖ਼ੁਸ਼ ਸੀ, ਪਰ ਕਈ ਵਾਰ ਉਸ ਨੇ ਮੁਸ਼ਕਲਾਂ ਦਾ ਵੀ ਸਾਮ੍ਹਣਾ ਕੀਤਾ। ਉਸ ਨੇ ਅਕਸਰ ਲੰਬਾ ਸਫ਼ਰ ਕੀਤਾ, ਪਰ ਉਨ੍ਹਾਂ ਦਿਨਾਂ ਦੌਰਾਨ ਸਫ਼ਰ ਕਰਨਾ ਸੌਖਾ ਨਹੀਂ ਸੀ। ਸਫ਼ਰ ਕਰਦਿਆਂ ਕਈ ਵਾਰ ਪੌਲੁਸ ਨੇ “ਦਰਿਆਵਾਂ ਵਿਚ ਖ਼ਤਰਿਆਂ ਦਾ ਸਾਮ੍ਹਣਾ ਕੀਤਾ” ਅਤੇ “ਡਾਕੂਆਂ ਦੇ ਖ਼ਤਰਿਆਂ ਦਾ ਸਾਮ੍ਹਣਾ ਕੀਤਾ।” ਨਾਲੇ ਕਈ ਵਾਰ ਉਸ ਦੇ ਵਿਰੋਧੀ ਉਸ ਨੂੰ ਮਾਰਦੇ-ਕੁੱਟਦੇ ਵੀ ਸਨ। (2 ਕੁਰਿੰ. 11:23-27) ਇਸ ਤੋਂ ਇਲਾਵਾ, ਕਈ ਵਾਰ ਭੈਣਾਂ-ਭਰਾਵਾਂ ਨੇ ਵੀ ਪੌਲੁਸ ਦੀ ਮਿਹਨਤ ਦੀ ਕੋਈ ਕਦਰ ਨਹੀਂ ਕੀਤੀ।—2 ਕੁਰਿੰ. 10:10; ਫ਼ਿਲਿ. 4:15.
6 ਫਿਰ ਵੀ ਪੌਲੁਸ ਲਗਾਤਾਰ ਯਹੋਵਾਹ ਦੀ ਸੇਵਾ ਕਰਦਾ ਰਿਹਾ। ਪਰ ਕਿਹੜੀਆਂ ਗੱਲਾਂ ਨੇ ਪੌਲੁਸ ਦੀ ਇੱਦਾਂ ਕਰਨ ਵਿਚ ਮਦਦ ਕੀਤੀ? ਪੌਲੁਸ ਨੇ ਪਵਿੱਤਰ ਲਿਖਤਾਂ ਅਤੇ ਆਪਣੇ ਤਜਰਬੇ ਤੋਂ ਯਹੋਵਾਹ ਬਾਰੇ ਬਹੁਤ ਕੁਝ ਸਿੱਖਿਆ ਸੀ। ਪੌਲੁਸ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਯਹੋਵਾਹ ਪਰਮੇਸ਼ੁਰ ਉਸ ਨੂੰ ਪਿਆਰ ਕਰਦਾ ਸੀ। (ਰੋਮੀ. 8:38, 39; ਅਫ਼. 2:4, 5) ਨਾਲੇ ਉਹ ਯਹੋਵਾਹ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਨ ਲੱਗ ਪਿਆ ਸੀ। ਯਹੋਵਾਹ ਲਈ ਪਿਆਰ ਦਿਖਾਉਣ ਵਾਸਤੇ ਪੌਲੁਸ ਨੇ “ਪਵਿੱਤਰ ਲੋਕਾਂ ਦੀ ਸੇਵਾ ਕੀਤੀ” ਅਤੇ ਲਗਾਤਾਰ ਸੇਵਾ ਕਰਦਾ ਰਿਹਾ।—ਇਬ. 6:10.
7. ਕਿਹੜੇ ਇਕ ਤਰੀਕੇ ਰਾਹੀਂ ਅਸੀਂ ਯਹੋਵਾਹ ਲਈ ਆਪਣਾ ਪਿਆਰ ਹੋਰ ਵਧਾ ਸਕਦੇ ਹਾਂ?
7 ਅੱਜ ਅਸੀਂ ਪਰਮੇਸ਼ੁਰ ਲਈ ਆਪਣਾ ਪਿਆਰ ਹੋਰ ਕਿਵੇਂ ਵਧਾ ਸਕਦੇ ਹਾਂ? ਪਰਮੇਸ਼ੁਰ ਦੇ ਬਚਨ ਦਾ ਗਹਿਰਾਈ ਨਾਲ ਅਧਿਐਨ ਕਰ ਕੇ। ਬਾਈਬਲ ਪੜ੍ਹਦਿਆਂ ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਇਸ ਤੋਂ ਤੁਹਾਨੂੰ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ। ਆਪਣੇ ਆਪ ਤੋਂ ਪੁੱਛੋ: ‘ਇਸ ਬਿਰਤਾਂਤ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਮੈਨੂੰ ਪਿਆਰ ਕਰਦਾ ਹੈ? ਇਸ ਵਿਚ ਅਜਿਹੀ ਕਿਹੜੀ ਗੱਲ ਹੈ ਜਿਸ ਕਰਕੇ ਮੇਰਾ ਦਿਲ ਕਰਦਾ ਹੈ ਕਿ ਮੈਂ ਯਹੋਵਾਹ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਾਂ?’
8. ਪ੍ਰਾਰਥਨਾ ਕਰ ਕੇ ਅਸੀਂ ਪਰਮੇਸ਼ੁਰ ਲਈ ਆਪਣਾ ਪਿਆਰ ਕਿਵੇਂ ਵਧਾ ਸਕਦੇ ਹਾਂ?
8 ਯਹੋਵਾਹ ਲਈ ਆਪਣਾ ਪਿਆਰ ਵਧਾਉਣ ਦਾ ਇਕ ਹੋਰ ਤਰੀਕਾ ਹੈ, ਹਰ ਰੋਜ਼ ਦਿਲ ਖੋਲ੍ਹ ਕੇ ਉਸ ਨੂੰ ਪ੍ਰਾਰਥਨਾ ਕਰਨੀ। (ਜ਼ਬੂ. 25:4, 5) ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਉਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ। (1 ਯੂਹੰ. 3:21, 22) ਏਸ਼ੀਆ ਦੀ ਇਕ ਭੈਣ ਕਾਇਲਾ ਦੱਸਦੀ ਹੈ: “ਪਹਿਲਾਂ-ਪਹਿਲ ਤਾਂ ਮੈਂ ਬੱਸ ਇਸ ਕਰਕੇ ਯਹੋਵਾਹ ਨੂੰ ਪਿਆਰ ਕਰਦੀ ਸੀ ਕਿਉਂਕਿ ਮੈਂ ਉਸ ਬਾਰੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਸਿੱਖੀਆਂ ਸਨ। ਪਰ ਜਦੋਂ ਮੈਂ ਦੇਖਿਆ ਕਿ ਉਹ ਕਿਵੇਂ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ, ਤਾਂ ਮੈਂ ਉਸ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਨ ਲੱਗ ਪਈ। ਫਿਰ ਮੇਰਾ ਦਿਲ ਕਰਨ ਲੱਗ ਪਿਆ ਕਿ ਮੈਂ ਉਹ ਕੰਮ ਕਰਾਂ ਜਿਨ੍ਹਾਂ ਤੋਂ ਉਹ ਖ਼ੁਸ਼ ਹੁੰਦਾ ਹੈ।” b
ਦੂਜਿਆਂ ਲਈ ਆਪਣਾ ਪਿਆਰ ਵਧਾਉਂਦੇ ਰਹੋ
9. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਤਿਮੋਥਿਉਸ ਭੈਣਾਂ-ਭਰਾਵਾਂ ਨੂੰ ਹੋਰ ਜ਼ਿਆਦਾ ਪਿਆਰ ਕਰਨ ਲੱਗ ਪਿਆ ਸੀ?
9 ਮਸੀਹੀ ਬਣਨ ਤੋਂ ਕੁਝ ਸਾਲਾਂ ਬਾਅਦ ਪੌਲੁਸ ਰਸੂਲ ਤਿਮੋਥਿਉਸ ਨਾਂ ਦੇ ਇਕ ਨੌਜਵਾਨ ਨੂੰ ਮਿਲਿਆ। ਤਿਮੋਥਿਉਸ ਯਹੋਵਾਹ ਅਤੇ ਲੋਕਾਂ ਨੂੰ ਪਿਆਰ ਕਰਦਾ ਸੀ। ਫਿਰ ਕੁਝ ਸਾਲਾਂ ਬਾਅਦ ਪੌਲੁਸ ਨੇ ਫ਼ਿਲਿੱਪੈ ਦੀ ਮੰਡਲੀ ਨੂੰ ਲਿਖਿਆ: “ਮੇਰੇ ਕੋਲ ਉਸ ਵਰਗਾ ਹੋਰ ਕੋਈ ਨਹੀਂ ਹੈ ਜੋ ਸੱਚੇ ਦਿਲੋਂ ਤੁਹਾਡਾ ਫ਼ਿਕਰ ਕਰਦਾ ਹੋਵੇ।” (ਫ਼ਿਲਿ. 2:20) ਧਿਆਨ ਦਿਓ ਕਿ ਪੌਲੁਸ ਨੇ ਤਿਮੋਥਿਉਸ ਦੀ ਤਾਰੀਫ਼ ਇਸ ਕਰਕੇ ਨਹੀਂ ਕੀਤੀ ਸੀ ਕਿ ਉਹ ਵਧੀਆ ਪ੍ਰਬੰਧ ਕਰਨ ਵਾਲਾ ਜਾਂ ਵਧੀਆ ਭਾਸ਼ਣ ਦਿੰਦਾ ਸੀ। ਇਸ ਦੀ ਬਜਾਇ, ਤਿਮੋਥਿਉਸ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦਾ ਸੀ ਜਿਸ ਦਾ ਪੌਲੁਸ ਦੇ ਦਿਲ ʼਤੇ ਗਹਿਰਾ ਅਸਰ ਪਿਆ। ਬਿਨਾਂ ਸ਼ੱਕ, ਜਿਨ੍ਹਾਂ ਮੰਡਲੀਆਂ ਦਾ ਤਿਮੋਥਿਉਸ ਦੌਰਾ ਕਰਦਾ ਸੀ, ਉੱਥੇ ਦੇ ਭੈਣ-ਭਰਾ ਉਸ ਦੇ ਦੁਬਾਰਾ ਆਉਣ ਦੀ ਉਡੀਕ ਕਰਦੇ ਹੋਣੇ।—1 ਕੁਰਿੰ. 4:17.
10. ਐਨਾ ਤੇ ਉਸ ਦੇ ਪਤੀ ਨੇ ਭੈਣਾਂ-ਭਰਾਵਾਂ ਲਈ ਪਿਆਰ ਕਿਵੇਂ ਦਿਖਾਇਆ?
10 ਅਸੀਂ ਵੀ ਭੈਣਾਂ-ਭਰਾਵਾਂ ਦੀ ਮਦਦ ਕਰਨ ਦੇ ਤਰੀਕੇ ਲੱਭਦੇ ਹਾਂ। (ਇਬ. 13:16) ਜ਼ਰਾ ਭੈਣ ਐਨਾ ਦੇ ਤਜਰਬੇ ʼਤੇ ਗੌਰ ਕਰੋ ਜਿਸ ਦਾ ਜ਼ਿਕਰ ਪਿਛਲੇ ਲੇਖ ਵਿਚ ਕੀਤਾ ਗਿਆ ਸੀ। ਉਨ੍ਹਾਂ ਦੇ ਇਲਾਕੇ ਵਿਚ ਇਕ ਜ਼ਬਰਦਸਤ ਤੂਫ਼ਾਨ ਆਇਆ ਸੀ। ਤੂਫ਼ਾਨ ਤੋਂ ਬਾਅਦ ਐਨਾ ਤੇ ਉਸ ਦਾ ਪਤੀ ਇਕ ਗਵਾਹ ਪਰਿਵਾਰ ਨੂੰ ਮਿਲਣ ਗਏ। ਐਨਾ ਤੇ ਉਸ ਦੇ ਪਤੀ ਨੇ ਦੇਖਿਆ ਕਿ ਤੂਫ਼ਾਨ ਕਰਕੇ ਉਨ੍ਹਾਂ ਦੇ ਘਰ ਦੀ ਛੱਤ ਡਿਗ ਗਈ ਸੀ। ਇਸ ਕਰਕੇ ਉਨ੍ਹਾਂ ਕੋਲ ਪਹਿਨਣ ਲਈ ਸਾਫ਼ ਕੱਪੜੇ ਵੀ ਨਹੀਂ ਸਨ। ਐਨਾ ਦੱਸਦੀ ਹੈ: “ਅਸੀਂ ਉਨ੍ਹਾਂ ਦੇ ਕੱਪੜੇ ਲੈ ਕੇ ਗਏ। ਅਸੀਂ ਉਨ੍ਹਾਂ ਦੇ ਕੱਪੜੇ ਧੋ ਕੇ, ਪ੍ਰੈੱਸ ਕਰ ਕੇ ਅਤੇ ਫਿਰ ਤਹਿ ਲਾ ਕੇ ਵਾਪਸ ਕਰ ਦਿੱਤੇ। ਸਾਡੇ ਲਈ ਇਹ ਬਹੁਤ ਛੋਟਾ ਜਿਹਾ ਕੰਮ ਸੀ। ਪਰ ਇਸ ਕਰਕੇ ਸਾਡੀ ਉਨ੍ਹਾਂ ਨਾਲ ਦੋਸਤੀ ਹੋ ਗਈ ਤੇ ਇਹ ਦੋਸਤੀ ਅੱਜ ਤਕ ਕਾਇਮ ਹੈ।” ਭੈਣਾਂ-ਭਰਾਵਾਂ ਨਾਲ ਪਿਆਰ ਹੋਣ ਕਰਕੇ ਐਨਾ ਤੇ ਉਸ ਦੇ ਪਤੀ ਨੇ ਉਨ੍ਹਾਂ ਦੀ ਮਦਦ ਕੀਤੀ।—1 ਯੂਹੰ. 3:17, 18.
11. (ੳ) ਜਦੋਂ ਅਸੀਂ ਦੂਜਿਆਂ ਨੂੰ ਪਿਆਰ ਦਿਖਾਉਂਦੇ ਹਾਂ, ਤਾਂ ਉਹ ਅਕਸਰ ਇਸ ਬਾਰੇ ਕੀ ਸੋਚਦੇ ਹਨ? (ਅ) ਕਹਾਉਤਾਂ 19:17 ਮੁਤਾਬਕ ਯਹੋਵਾਹ ਕੀ ਕਰਦਾ ਹੈ ਜਦੋਂ ਅਸੀਂ ਕਿਸੇ ਨੂੰ ਪਿਆਰ ਦਿਖਾਉਂਦੇ ਹਾਂ?
11 ਜਦੋਂ ਅਸੀਂ ਦੂਜਿਆਂ ਨਾਲ ਪਿਆਰ ਤੇ ਦਇਆ ਨਾਲ ਪੇਸ਼ ਆਉਂਦੇ ਹਾਂ, ਤਾਂ ਉਹ ਦੇਖ ਸਕਦੇ ਹਨ ਕਿ ਅਸੀਂ ਯਹੋਵਾਹ ਦੀ ਰੀਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਸ਼ਾਇਦ ਅਹਿਸਾਸ ਹੀ ਨਾ ਹੋਵੇ ਕਿ ਅਸੀਂ ਉਨ੍ਹਾਂ ਲਈ ਜੋ ਕਰਦੇ ਹਾਂ, ਉਹ ਉਸ ਦੀ ਕਿੰਨੀ ਕਦਰ ਕਰਦੇ ਹਨ। ਜ਼ਰਾ ਫਿਰ ਤੋਂ ਭੈਣ ਕਾਇਲਾ ਦੀ ਮਿਸਾਲ ʼਤੇ ਗੌਰ ਕਰੋ। ਉਹ ਕਹਿੰਦੀ ਹੈ: “ਮੈਂ ਉਨ੍ਹਾਂ ਸਾਰੀਆਂ ਭੈਣਾਂ ਦੀ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜੋ ਮੈਨੂੰ ਆਪਣੇ ਨਾਲ ਪ੍ਰਚਾਰ ʼਤੇ ਲੈ ਕੇ ਜਾਂਦੀਆਂ ਸਨ। ਉਹ ਮੈਨੂੰ ਘਰੋਂ ਲੈਣ ਆਉਂਦੀਆਂ ਸਨ, ਮੈਨੂੰ ਖਾਣੇ ʼਤੇ ਬੁਲਾਉਂਦੀਆਂ ਸਨ ਅਤੇ ਘਰ ਵੀ ਛੱਡ ਜਾਂਦੀਆਂ ਸਨ। ਅੱਜ ਜਦੋਂ ਮੈਂ ਇਸ ਬਾਰੇ ਸੋਚਦੀ ਹਾਂ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਨੇ ਮੇਰੇ ਲਈ ਕਿੰਨਾ ਕੁਝ ਕੀਤਾ ਤੇ ਉਹ ਵੀ ਸਿਰਫ਼ ਪਿਆਰ ਕਰਕੇ।” ਪਰ ਹੋ ਸਕਦਾ ਹੈ ਕਿ ਅਸੀਂ ਜਿਨ੍ਹਾਂ ਦੀ ਮਦਦ ਕਰਦੇ ਹਾਂ, ਉਨ੍ਹਾਂ ਵਿੱਚੋਂ ਹਰ ਕੋਈ ਸਾਨੂੰ ਸ਼ੁਕਰੀਆ ਨਾ ਕਹੇ। ਜਿਨ੍ਹਾਂ ਨੇ ਕਾਇਲਾ ਦੀ ਮਦਦ ਕੀਤੀ ਸੀ, ਉਨ੍ਹਾਂ ਬਾਰੇ ਉਹ ਕਹਿੰਦੀ ਹੈ: “ਕਾਸ਼! ਮੈਂ ਉਨ੍ਹਾਂ ਭੈਣਾਂ ਲਈ ਕੁਝ ਕਰ ਸਕਦੀ, ਪਰ ਹੁਣ ਮੈਨੂੰ ਪਤਾ ਨਹੀਂ ਕਿ ਉਹ ਕਿੱਥੇ ਰਹਿੰਦੀਆਂ ਹਨ। ਪਰ ਯਹੋਵਾਹ ਨੂੰ ਪਤਾ ਹੈ ਅਤੇ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਯਹੋਵਾਹ ਮੇਰੇ ਵੱਲੋਂ ਉਨ੍ਹਾਂ ਲਈ ਕੁਝ-ਨਾ-ਕੁਝ ਕਰੇ।” ਕਾਇਲਾ ਨੇ ਬਿਲਕੁਲ ਸਹੀ ਕਿਹਾ। ਅਸੀਂ ਦੂਜਿਆਂ ਲਈ ਜੋ ਵੀ ਕਰਦੇ ਹਾਂ, ਯਹੋਵਾਹ ਉਸ ਨੂੰ ਇਕ ਅਨਮੋਲ ਬਲੀਦਾਨ ਵਾਂਗ ਸਮਝਦਾ ਹੈ। ਉਹ ਇੱਦਾਂ ਸੋਚਦਾ ਹੈ ਕਿ ਜਿਵੇਂ ਅਸੀਂ ਉਸ ਨੂੰ ਉਧਾਰ ਦਿੱਤਾ ਹੈ ਅਤੇ ਉਹ ਉਸ ਨੂੰ ਜ਼ਰੂਰ ਚੁਕਾਵੇਗਾ।—ਕਹਾਉਤਾਂ 19:17 ਪੜ੍ਹੋ।
12. ਭਰਾ ਮੰਡਲੀ ਲਈ ਪਿਆਰ ਕਿਵੇਂ ਦਿਖਾ ਸਕਦੇ ਹਨ? (ਤਸਵੀਰਾਂ ਵੀ ਦੇਖੋ।)
12 ਜੇ ਤੁਸੀਂ ਇਕ ਭਰਾ ਹੋ, ਤਾਂ ਤੁਸੀਂ ਦੂਜਿਆਂ ਲਈ ਪਿਆਰ ਕਿਵੇਂ ਦਿਖਾ ਸਕਦੇ ਹੋ ਅਤੇ ਉਨ੍ਹਾਂ ਦੀ ਹੋਰ ਵੀ ਮਦਦ ਕਿਵੇਂ ਕਰ ਸਕਦੇ ਹੋ? ਜ਼ਰਾ ਜਵਾਨ ਭਰਾ ਜੋਰਡਨ ਦੀ ਮਿਸਾਲ ʼਤੇ ਧਿਆਨ ਦਿਓ। ਉਸ ਨੇ ਇਕ ਬਜ਼ੁਰਗ ਨੂੰ ਪੁੱਛਿਆ ਕਿ ਉਹ ਭੈਣਾਂ-ਭਰਾਵਾਂ ਦੀ ਹੋਰ ਵੀ ਮਦਦ ਕਿਵੇਂ ਕਰ ਸਕਦਾ ਹੈ। ਜੋਰਡਨ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਜੋ ਵੀ ਕਰ ਰਿਹਾ ਸੀ, ਉਸ ਲਈ ਬਜ਼ੁਰਗ ਨੇ ਉਸ ਦੀ ਤਾਰੀਫ਼ ਕੀਤੀ ਅਤੇ ਫਿਰ ਉਸ ਨੂੰ ਕੁਝ ਸੁਝਾਅ ਦਿੱਤੇ। ਉਦਾਹਰਣ ਲਈ, ਉਸ ਬਜ਼ੁਰਗ ਨੇ ਕਿਹਾ ਕਿ ਉਹ ਕਿੰਗਡਮ ਹਾਲ ਛੇਤੀ ਆ ਸਕਦਾ ਹੈ, ਸਾਰਿਆਂ ਨੂੰ ਮਿਲ ਸਕਦਾ ਹੈ ਅਤੇ ਮੀਟਿੰਗਾਂ ਵਿਚ ਜਵਾਬ ਦੇ ਸਕਦਾ ਹੈ। ਨਾਲੇ ਉਹ ਆਪਣੇ ਪ੍ਰਚਾਰ ਦੇ ਗਰੁੱਪ ਨਾਲ ਬਾਕਾਇਦਾ ਪ੍ਰਚਾਰ ʼਤੇ ਜਾ ਸਕਦਾ ਹੈ ਅਤੇ ਸੋਚ ਸਕਦਾ ਹੈ ਕਿ ਉਹ ਕਿਹੜੇ ਤਰੀਕਿਆਂ ਨਾਲ ਦੂਜਿਆਂ ਦੀ ਮਦਦ ਕਰ ਸਕਦਾ ਹੈ। ਜੋਰਡਨ ਨੇ ਇਨ੍ਹਾਂ ਸੁਝਾਵਾਂ ਨੂੰ ਮੰਨਿਆ। ਇਸ ਕਰਕੇ ਉਹ ਨਾ ਸਿਰਫ਼ ਆਪਣੇ ਅੰਦਰ ਨਵੇਂ ਹੁਨਰ ਪੈਦਾ ਕਰ ਸਕਿਆ, ਸਗੋਂ ਭੈਣਾਂ-ਭਰਾਵਾਂ ਲਈ ਆਪਣਾ ਪਿਆਰ ਹੋਰ ਵੀ ਵਧਾ ਸਕਿਆ। ਜੋਰਡਨ ਨੇ ਸਿੱਖਿਆ ਕਿ ਭਰਾ ਸਹਾਇਕ ਸੇਵਕ ਬਣਨ ਤੋਂ ਬਾਅਦ ਹੀ ਦੂਜਿਆਂ ਦੀ ਮਦਦ ਕਰਨੀ ਸ਼ੁਰੂ ਨਹੀਂ ਕਰਦੇ, ਸਗੋਂ ਉਹ ਦੂਜਿਆਂ ਦੀ ਮਦਦ ਕਰਦੇ ਰਹਿੰਦੇ ਹਨ।—1 ਤਿਮੋ. 3:8-10, 13.
13. ਪਿਆਰ ਹੋਣ ਕਰਕੇ ਭਰਾ ਕ੍ਰਿਸਟੀਆਨ ਦੁਬਾਰਾ ਬਜ਼ੁਰਗ ਬਣਨ ਦੇ ਕਾਬਲ ਕਿਵੇਂ ਬਣਿਆ?
13 ਪਰ ਉਦੋਂ ਕੀ ਜੇ ਤੁਸੀਂ ਪਹਿਲਾਂ ਸਹਾਇਕ ਸੇਵਕ ਜਾਂ ਬਜ਼ੁਰਗ ਵਜੋਂ ਸੇਵਾ ਕਰਦੇ ਸੀ? ਪਿਆਰ ਹੋਣ ਕਰਕੇ ਤੁਸੀਂ ਬੀਤੇ ਸਮੇਂ ਵਿਚ ਜੋ ਵੀ ਕੀਤਾ, ਯਹੋਵਾਹ ਉਸ ਨੂੰ ਯਾਦ ਰੱਖਦਾ ਹੈ। (1 ਕੁਰਿੰ. 15:58) ਉਹ ਇਹ ਵੀ ਦੇਖਦਾ ਹੈ ਕਿ ਤੁਸੀਂ ਹੁਣ ਪਿਆਰ ਕਿਵੇਂ ਦਿਖਾ ਰਹੇ ਹੋ। ਜਦੋਂ ਭਰਾ ਕ੍ਰਿਸਟੀਆਨ ਤੋਂ ਬਜ਼ੁਰਗ ਦੀ ਜ਼ਿੰਮੇਵਾਰੀ ਲੈ ਲਈ ਗਈ, ਤਾਂ ਉਹ ਨਿਰਾਸ਼ ਹੋ ਗਿਆ। ਪਰ ਉਹ ਕਹਿੰਦਾ ਹੈ: “ਮੈਂ ਯਹੋਵਾਹ ਨੂੰ ਪਿਆਰ ਕਰਦਾ ਹਾਂ। ਇਸ ਕਰਕੇ ਮੈਂ ਇਰਾਦਾ ਕੀਤਾ ਕਿ ਮੈਂ ਯਹੋਵਾਹ ਦੀ ਸੇਵਾ ਕਰਨ ਵਿਚ ਪੂਰੀ ਵਾਹ ਲਾਵਾਂਗਾ, ਫਿਰ ਚਾਹੇ ਮੇਰੇ ਕੋਲ ਕੋਈ ਜ਼ਿੰਮੇਵਾਰੀ ਹੋਵੇ ਜਾਂ ਨਾ।” ਸਮੇਂ ਦੇ ਬੀਤਣ ਨਾਲ, ਉਸ ਨੂੰ ਦੁਬਾਰਾ ਬਜ਼ੁਰਗ ਨਿਯੁਕਤ ਕਰ ਦਿੱਤਾ ਗਿਆ। ਕ੍ਰਿਸਟੀਆਨ ਦੱਸਦਾ ਹੈ: “ਪਹਿਲਾਂ-ਪਹਿਲ ਤਾਂ ਮੈਂ ਇਹ ਜ਼ਿੰਮੇਵਾਰੀ ਲੈਣ ਤੋਂ ਝਿਜਕ ਰਿਹਾ ਸੀ। ਪਰ ਫਿਰ ਮੈਂ ਸੋਚਿਆ, ‘ਜੇ ਯਹੋਵਾਹ ਮੇਰੇ ʼਤੇ ਦਇਆ ਕਰਕੇ ਮੈਨੂੰ ਦੁਬਾਰਾ ਤੋਂ ਬਜ਼ੁਰਗ ਵਜੋਂ ਸੇਵਾ ਕਰਨ ਦਾ ਮੌਕਾ ਦੇ ਰਿਹਾ ਹੈ, ਤਾਂ ਮੈਨੂੰ ਇਹ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ। ਮੈਂ ਯਹੋਵਾਹ ਅਤੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦਾ ਹਾਂ, ਇਸ ਲਈ ਮੈਂ ਇਹ ਜ਼ਿੰਮੇਵਾਰੀ ਲੈਣ ਤੋਂ ਪਿੱਛੇ ਨਹੀਂ ਹਟਾਂਗਾ।’”
14. ਭੈਣ ਐਲੇਨਾ ਤੋਂ ਤੁਸੀਂ ਕੀ ਸਿੱਖਦੇ ਹੋ?
14 ਯਹੋਵਾਹ ਦੇ ਸੇਵਕ ਆਪਣੇ ਗੁਆਂਢੀਆਂ ਲਈ ਵੀ ਪਿਆਰ ਦਿਖਾਉਂਦੇ ਹਨ। (ਮੱਤੀ 22:37-39) ਜ਼ਰਾ ਜਾਰਜੀਆ ਵਿਚ ਰਹਿਣ ਵਾਲੀ ਭੈਣ ਐਲੇਨਾ ਦੀ ਮਿਸਾਲ ʼਤੇ ਗੌਰ ਕਰੋ। ਉਹ ਕਹਿੰਦੀ ਹੈ: “ਪਹਿਲਾਂ ਤਾਂ ਮੈਂ ਲੋਕਾਂ ਨੂੰ ਸਿਰਫ਼ ਇਸ ਲਈ ਪ੍ਰਚਾਰ ਕਰਦੀ ਸੀ ਕਿਉਂਕਿ ਮੈਂ ਯਹੋਵਾਹ ਨੂੰ ਪਿਆਰ ਕਰਦੀ ਹਾਂ। ਪਰ ਜਿੱਦਾਂ-ਜਿੱਦਾਂ ਮੇਰੇ ਦਿਲ ਵਿਚ ਯਹੋਵਾਹ ਲਈ ਪਿਆਰ ਵਧਦਾ ਗਿਆ, ਉੱਦਾਂ-ਉੱਦਾਂ ਮੈਂ ਲੋਕਾਂ ਨੂੰ ਵੀ ਜ਼ਿਆਦਾ ਪਿਆਰ ਕਰਨ ਲੱਗੀ। ਮੈਂ ਸੋਚਦੀ ਸੀ ਕਿ ਲੋਕ ਕਿਹੜੀਆਂ ਮੁਸ਼ਕਲਾਂ ਝੱਲ ਰਹੇ ਹਨ ਅਤੇ ਉਨ੍ਹਾਂ ਨੂੰ ਕਿਹੜੇ ਵਿਸ਼ਿਆਂ ʼਤੇ ਗੱਲ ਕਰਨੀ ਪਸੰਦ ਹੈ। ਮੈਂ ਜਿੰਨਾ ਜ਼ਿਆਦਾ ਇਸ ਬਾਰੇ ਸੋਚਦੀ ਸੀ, ਮੈਂ ਉੱਨਾ ਜ਼ਿਆਦਾ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੀ ਸੀ।”—ਰੋਮੀ. 10:13-15.
ਦੂਜਿਆਂ ਨੂੰ ਪਿਆਰ ਕਰਨ ਕਰਕੇ ਮਿਲਦੀਆਂ ਬੇਸ਼ੁਮਾਰ ਬਰਕਤਾਂ
15-16. ਜਿਵੇਂ ਤਸਵੀਰਾਂ ਵਿਚ ਦਿਖਾਇਆ ਗਿਆ ਹੈ ਕਿ ਦੂਜਿਆਂ ਨੂੰ ਪਿਆਰ ਕਰਨ ਕਰਕੇ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
15 ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਦਿਖਾਉਂਦੇ ਹਾਂ, ਤਾਂ ਸਿਰਫ਼ ਉਨ੍ਹਾਂ ਨੂੰ ਹੀ ਫ਼ਾਇਦਾ ਨਹੀਂ ਹੁੰਦਾ। ਕੋਵਿਡ-19 ਮਹਾਂਮਾਰੀ ਫੈਲਣ ਤੋਂ ਬਾਅਦ ਪਾਓਲੋ ਤੇ ਉਸ ਦੀ ਪਤਨੀ ਨੇ ਸਿਆਣੀ ਉਮਰ ਦੀਆਂ ਬਹੁਤ ਸਾਰੀਆਂ ਭੈਣਾਂ ਦੀ ਮਦਦ ਕੀਤੀ। ਉਨ੍ਹਾਂ ਨੇ ਕਈ ਭੈਣਾਂ ਨੂੰ ਸਿਖਾਇਆ ਕਿ ਉਹ ਫ਼ੋਨ ਜਾਂ ਟੈਬਲੇਟ ਵਰਤ ਕੇ ਗਵਾਹੀ ਕਿਵੇਂ ਦੇ ਸਕਦੀਆਂ ਹਨ। ਇਕ ਭੈਣ ਨੂੰ ਸ਼ੁਰੂ-ਸ਼ੁਰੂ ਵਿਚ ਇੱਦਾਂ ਕਰਨਾ ਔਖਾ ਲੱਗ ਰਿਹਾ ਸੀ, ਪਰ ਬਾਅਦ ਵਿਚ ਉਹ ਸਿੱਖ ਗਈ। ਇਸ ਕਰਕੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਮੈਮੋਰੀਅਲ ਵਿਚ ਹਾਜ਼ਰ ਹੋਣ ਦਾ ਸੱਦਾ ਦੇ ਸਕੀ। ਉਨ੍ਹਾਂ ਵਿੱਚੋਂ 60 ਜਣੇ ਵੀਡੀਓ ਕਾਨਫ਼ਰੰਸ ਰਾਹੀਂ ਹਾਜ਼ਰ ਹੋਏ। ਪਾਓਲੋ ਤੇ ਉਸ ਦੀ ਪਤਨੀ ਦੀ ਮਿਹਨਤ ਸਦਕਾ ਇਸ ਭੈਣ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਫ਼ਾਇਦਾ ਹੋਇਆ। ਬਾਅਦ ਵਿਚ ਇਸ ਭੈਣ ਨੇ ਪਾਓਲੋ ਨੂੰ ਲਿਖਿਆ: “ਸਾਨੂੰ ਸਿਆਣੀ ਉਮਰ ਦੀਆਂ ਭੈਣਾਂ ਨੂੰ ਫ਼ੋਨ ਜਾਂ ਟੈਬਲੇਟ ਵਰਤਣਾ ਸਿਖਾਉਣ ਲਈ ਤੁਹਾਡਾ ਧੰਨਵਾਦ! ਯਹੋਵਾਹ ਸਾਡੀ ਜਿੱਦਾਂ ਪਰਵਾਹ ਕਰਦਾ ਹੈ ਅਤੇ ਤੁਸੀਂ ਸਾਡੀ ਮਦਦ ਕਰਨ ਲਈ ਜੋ ਮਿਹਨਤ ਕੀਤੀ, ਉਹ ਮੈਂ ਕਦੇ ਨਹੀਂ ਭੁੱਲਾਂਗੀ।”
16 ਅਜਿਹੇ ਤਜਰਬਿਆਂ ਕਰਕੇ ਪਾਓਲੋ ਨੇ ਇਕ ਅਹਿਮ ਸਬਕ ਸਿੱਖਿਆ। ਉਸ ਨੂੰ ਅਹਿਸਾਸ ਹੋਇਆ ਕਿ ਗਿਆਨ ਜਾਂ ਕਾਬਲੀਅਤ ਹੋਣ ਨਾਲੋਂ ਪਿਆਰ ਹੋਣਾ ਜ਼ਿਆਦਾ ਜ਼ਰੂਰੀ ਹੈ। ਉਹ ਯਾਦ ਕਰਦਾ ਹੈ: “ਪਹਿਲਾਂ ਮੈਂ ਸਰਕਟ ਓਵਰਸੀਅਰ ਵਜੋਂ ਸੇਵਾ ਕਰਦਾ ਸੀ। ਅੱਜ ਮੈਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਚਾਹੇ ਭੈਣ-ਭਰਾ ਮੇਰੇ ਭਾਸ਼ਣ ਭੁੱਲ ਗਏ ਹੋਣ, ਪਰ ਉਨ੍ਹਾਂ ਨੂੰ ਹਾਲੇ ਵੀ ਯਾਦ ਹੈ ਕਿ ਮੈਂ ਉਸ ਵੇਲੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ ਸੀ।”
17. ਪਿਆਰ ਦਿਖਾਉਣ ਕਰਕੇ ਹੋਰ ਕਿਸ ਨੂੰ ਫ਼ਾਇਦਾ ਹੋਵੇਗਾ?
17 ਜਦੋਂ ਅਸੀਂ ਦੂਜਿਆਂ ਲਈ ਪਿਆਰ ਦਿਖਾਉਂਦੇ ਹਾਂ, ਤਾਂ ਸਾਨੂੰ ਵੀ ਫ਼ਾਇਦਾ ਹੁੰਦਾ ਹੈ। ਨਿਊਜ਼ੀਲੈਂਡ ਵਿਚ ਰਹਿਣ ਵਾਲਾ ਭਰਾ ਜੋਨਾਥਨ ਵੀ ਇਸ ਗੱਲ ਨਾਲ ਸਹਿਮਤ ਹੈ। ਇਕ ਵਾਰ ਸ਼ਨੀਵਾਰ ਦੁਪਹਿਰ ਇਕ ਪਾਇਨੀਅਰ ਭਰਾ ਸੜਕ ʼਤੇ ਇਕੱਲਾ ਪ੍ਰਚਾਰ ਕਰ ਰਿਹਾ ਸੀ ਅਤੇ ਉਸ ਦਿਨ ਬਹੁਤ ਗਰਮੀ ਸੀ। ਜੋਨਾਥਨ ਨੇ ਸੋਚਿਆ ਕਿ ਉਹ ਵੀ ਹਰ ਸ਼ਨੀਵਾਰ ਦੁਪਹਿਰ ਨੂੰ ਉਸ ਪਾਇਨੀਅਰ ਨਾਲ ਪ੍ਰਚਾਰ ਕਰੇਗਾ। ਉਹ ਤਾਂ ਸਿਰਫ਼ ਪਾਇਨੀਅਰ ਦੀ ਮਦਦ ਕਰਨ ਬਾਰੇ ਸੋਚ ਰਿਹਾ ਸੀ, ਪਰ ਉਸ ਨੂੰ ਪਤਾ ਨਹੀਂ ਸੀ ਕਿ ਇਸ ਨਾਲ ਉਸ ਨੂੰ ਕਿੰਨਾ ਫ਼ਾਇਦਾ ਹੋਵੇਗਾ। ਜੋਨਾਥਨ ਦੱਸਦਾ ਹੈ: “ਉਸ ਵੇਲੇ ਤਕ ਤਾਂ ਮੈਨੂੰ ਪ੍ਰਚਾਰ ਕਰ ਕੇ ਕੋਈ ਮਜ਼ਾ ਨਹੀਂ ਸੀ ਆਉਂਦਾ। ਪਰ ਜਦੋਂ ਮੈਂ ਦੇਖਿਆ ਕਿ ਉਹ ਕਿੰਨੇ ਵਧੀਆ ਤਰੀਕੇ ਨਾਲ ਸਿਖਾਉਂਦਾ ਹੈ ਅਤੇ ਉਸ ਨੂੰ ਪ੍ਰਚਾਰ ਕਰਨ ਦੇ ਕਿੰਨੇ ਵਧੀਆ ਨਤੀਜੇ ਮਿਲਦੇ ਹਨ, ਤਾਂ ਮੈਨੂੰ ਪ੍ਰਚਾਰ ਕਰ ਕੇ ਮਜ਼ਾ ਆਉਣ ਲੱਗ ਪਿਆ। ਨਾਲੇ ਇਹ ਭਰਾ ਮੇਰਾ ਜਿਗਰੀ ਦੋਸਤ ਬਣ ਗਿਆ। ਉਸ ਨੇ ਯਹੋਵਾਹ ਦੀ ਸੇਵਾ ਵਿਚ ਅੱਗੇ ਵਧਣ ਵਿਚ ਮੇਰੀ ਮਦਦ ਕੀਤੀ। ਉਸ ਕਰਕੇ ਮੈਨੂੰ ਪ੍ਰਚਾਰ ਵਿਚ ਮਜ਼ਾ ਆਉਣ ਲੱਗ ਪਿਆ ਅਤੇ ਯਹੋਵਾਹ ਨਾਲ ਮੇਰਾ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਗਿਆ ਹੈ।”
18. ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ?
18 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਾਰੇ ਜਣੇ ਉਸ ਲਈ ਅਤੇ ਦੂਜਿਆਂ ਲਈ ਆਪਣਾ ਪਿਆਰ ਹੋਰ ਵਧਾਉਂਦੇ ਰਹੀਏ। ਜਿੱਦਾਂ ਅਸੀਂ ਇਸ ਲੇਖ ਵਿੱਚੋਂ ਸਿੱਖਿਆ ਕਿ ਅਸੀਂ ਯਹੋਵਾਹ ਦਾ ਬਚਨ ਪੜ੍ਹ ਕੇ, ਇਸ ʼਤੇ ਸੋਚ-ਵਿਚਾਰ ਕਰ ਕੇ ਅਤੇ ਬਾਕਾਇਦਾ ਪ੍ਰਾਰਥਨਾ ਕਰ ਕੇ ਉਸ ਲਈ ਆਪਣਾ ਪਿਆਰ ਹੋਰ ਵਧਾ ਸਕਦੇ ਹਾਂ। ਆਪਣੇ ਭੈਣਾਂ-ਭਰਾਵਾਂ ਦੀ ਅਲੱਗ-ਅਲੱਗ ਤਰੀਕਿਆਂ ਨਾਲ ਮਦਦ ਕਰ ਕੇ ਅਸੀਂ ਉਨ੍ਹਾਂ ਲਈ ਵੀ ਆਪਣਾ ਪਿਆਰ ਵਧਾ ਸਕਦੇ ਹਾਂ। ਅਸੀਂ ਜਿੱਦਾਂ-ਜਿੱਦਾਂ ਯਹੋਵਾਹ ਅਤੇ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਵਧਾਵਾਂਗੇ, ਅਸੀਂ ਉੱਦਾਂ-ਉੱਦਾਂ ਉਨ੍ਹਾਂ ਦੇ ਹੋਰ ਵੀ ਨੇੜੇ ਜਾਵਾਂਗੇ। ਨਾਲੇ ਉਨ੍ਹਾਂ ਨਾਲ ਸਾਡੀ ਦੋਸਤੀ ਹਮੇਸ਼ਾ ਬਣੀ ਰਹੇਗੀ!
ਗੀਤ 109 ਦਿਲੋਂ ਗੂੜ੍ਹਾ ਪਿਆਰ ਕਰੋ
a ਚਾਹੇ ਅਸੀਂ ਸੱਚਾਈ ਵਿਚ ਨਵੇਂ ਹਾਂ ਜਾਂ ਕਾਫ਼ੀ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹਾਂ, ਪਰ ਫਿਰ ਵੀ ਅਸੀਂ ਸਾਰੇ ਤਰੱਕੀ ਕਰਦੇ ਰਹਿ ਸਕਦੇ ਹਾਂ। ਇਸ ਲੇਖ ਵਿਚ ਅਸੀਂ ਇਸ ਤਰ੍ਹਾਂ ਕਰਨ ਦਾ ਇਕ ਅਹਿਮ ਤਰੀਕਾ ਦੇਖਾਂਗੇ। ਉਹ ਹੈ, ਯਹੋਵਾਹ ਅਤੇ ਦੂਜਿਆਂ ਲਈ ਹੋਰ ਪਿਆਰ ਵਧਾਉਣਾ। ਇਸ ਲੇਖ ʼਤੇ ਸੋਚ-ਵਿਚਾਰ ਕਰਦਿਆਂ ਗੌਰ ਕਰੋ ਕਿ ਤੁਸੀਂ ਹੁਣ ਤਕ ਕਿਵੇਂ ਤਰੱਕੀ ਕੀਤੀ ਹੈ ਅਤੇ ਤੁਸੀਂ ਹੋਰ ਤਰੱਕੀ ਕਿਵੇਂ ਕਰ ਸਕਦੇ ਹੋ।
b ਕੁਝ ਨਾਂ ਬਦਲੇ ਗਏ ਹਨ।