Skip to content

Skip to table of contents

ਅਧਿਐਨ ਲੇਖ 29

ਕੀ ਤੁਸੀਂ ਮਹਾਂਕਸ਼ਟ ਲਈ ਤਿਆਰ ਹੋ?

ਕੀ ਤੁਸੀਂ ਮਹਾਂਕਸ਼ਟ ਲਈ ਤਿਆਰ ਹੋ?

‘ਤੁਸੀਂ ਹਮੇਸ਼ਾ ਤਿਆਰ ਰਹੋ।’​—ਮੱਤੀ 24:44.

ਗੀਤ 150 ਯਹੋਵਾਹ ਵਿਚ ਪਨਾਹ ਲਓ

ਖ਼ਾਸ ਗੱਲਾਂ a

1. ਆਫ਼ਤਾਂ ਲਈ ਪਹਿਲਾਂ ਤੋਂ ਹੀ ਤਿਆਰੀ ਕਰਨੀ ਸਮਝਦਾਰੀ ਦੀ ਗੱਲ ਕਿਉਂ ਹੈ?

 ਪਹਿਲਾਂ ਤੋਂ ਹੀ ਤਿਆਰੀ ਕਰਨ ਨਾਲ ਜਾਨਾਂ ਬਚ ਸਕਦੀਆਂ ਹਨ। ਉਦਾਹਰਣ ਲਈ, ਕਿਸੇ ਆਫ਼ਤ ਦਾ ਸਾਮ੍ਹਣਾ ਕਰਨ ਲਈ ਜਿਨ੍ਹਾਂ ਲੋਕਾਂ ਨੇ ਪਹਿਲਾਂ ਤੋਂ ਹੀ ਤਿਆਰੀ ਕੀਤੀ ਹੁੰਦੀ ਹੈ, ਉਨ੍ਹਾਂ ਦੇ ਬਚਣ ਦੀ ਗੁੰਜਾਇਸ਼ ਜ਼ਿਆਦਾ ਹੁੰਦੀ ਹੈ। ਨਾਲੇ ਉਹ ਦੂਜਿਆਂ ਦੀ ਵੀ ਮਦਦ ਕਰ ਸਕਦੇ ਹਨ। ਲੋੜਵੰਦਾਂ ਦੀ ਮਦਦ ਕਰਨ ਵਾਲਾ ਯੂਰਪ ਦਾ ਇਕ ਸੰਗਠਨ ਦੱਸਦਾ ਹੈ: “ਤੁਹਾਡੀ ਜਾਨ ਬਚੇਗੀ ਜਾਂ ਨਹੀਂ, ਇਹ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਤੁਸੀਂ ਪਹਿਲਾਂ ਤੋਂ ਹੀ ਕਿੰਨੀ ਚੰਗੀ ਤਿਆਰੀ ਕੀਤੀ ਹੈ।”

2. ਸਾਨੂੰ ਮਹਾਂਕਸ਼ਟ ਲਈ ਪਹਿਲਾਂ ਤੋਂ ਹੀ ਤਿਆਰੀ ਕਿਉਂ ਕਰਨੀ ਚਾਹੀਦੀ ਹੈ? (ਮੱਤੀ 24:44)

2 “ਮਹਾਂਕਸ਼ਟ” ਅਚਾਨਕ ਆ ਜਾਵੇਗਾ। (ਮੱਤੀ 24:21) ਪਰ ਮਹਾਂਕਸ਼ਟ ਦੂਜੀਆਂ ਆਫ਼ਤਾਂ ਨਾਲੋਂ ਬਿਲਕੁਲ ਵੱਖਰਾ ਹੋਵੇਗਾ। ਕਿਉਂ? ਕਿਉਂਕਿ ਸਾਨੂੰ ਪਤਾ ਹੈ ਕਿ ਮਹਾਂਕਸ਼ਟ ਜ਼ਰੂਰ ਆਵੇਗਾ। ਲਗਭਗ 2,000 ਸਾਲ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ਬਰਦਾਰ ਕੀਤਾ ਸੀ ਕਿ ਉਹ ਇਸ ਦਿਨ ਲਈ ਤਿਆਰ ਰਹਿਣ। (ਮੱਤੀ 24:44 ਪੜ੍ਹੋ।) ਜੇ ਅਸੀਂ ਇਸ ਲਈ ਪਹਿਲਾਂ ਤੋਂ ਹੀ ਤਿਆਰੀ ਕਰਾਂਗੇ, ਤਾਂ ਸਾਡੇ ਲਈ ਇਸ ਔਖੇ ਸਮੇਂ ਵਿੱਚੋਂ ਲੰਘਣਾ ਅਤੇ ਦੂਜਿਆਂ ਦੀ ਮਦਦ ਕਰਨੀ ਜ਼ਿਆਦਾ ਸੌਖੀ ਹੋਵੇਗੀ।​—ਲੂਕਾ 21:36.

3. ਮਹਾਂਕਸ਼ਟ ਲਈ ਪਹਿਲਾਂ ਤੋਂ ਹੀ ਤਿਆਰੀ ਕਰਨ ਵਾਸਤੇ ਧੀਰਜ, ਹਮਦਰਦੀ ਅਤੇ ਪਿਆਰ ਦੇ ਗੁਣ ਸਾਡੀ ਕਿਵੇਂ ਮਦਦ ਕਰਨਗੇ?

3 ਆਓ ਆਪਾਂ ਤਿੰਨ ਗੁਣਾਂ ʼਤੇ ਗੌਰ ਕਰੀਏ ਜਿਨ੍ਹਾਂ ਦੀ ਮਦਦ ਨਾਲ ਅਸੀਂ ਮਹਾਂਕਸ਼ਟ ਲਈ ਪਹਿਲਾਂ ਤੋਂ ਹੀ ਤਿਆਰੀ ਕਰ ਸਕਦੇ ਹਾਂ। ਅਸੀਂ ਉਦੋਂ ਕੀ ਕਰਾਂਗੇ ਜਦੋਂ ਸਾਨੂੰ ਸਖ਼ਤ ਸਜ਼ਾ ਦਾ ਸੰਦੇਸ਼ ਸੁਣਾਉਣ ਲਈ ਕਿਹਾ ਜਾਵੇਗਾ ਅਤੇ ਲੋਕ ਸਾਡਾ ਵਿਰੋਧ ਕਰਨਗੇ? (ਪ੍ਰਕਾ. 16:21) ਧੀਰਜ ਰੱਖਣ ਕਰਕੇ ਅਸੀਂ ਯਹੋਵਾਹ ਦਾ ਕਹਿਣਾ ਮੰਨਾਂਗੇ ਅਤੇ ਭਰੋਸਾ ਰੱਖਾਂਗੇ ਕਿ ਉਹ ਸਾਡੀ ਹਿਫਾਜ਼ਤ ਜ਼ਰੂਰ ਕਰੇਗਾ। ਅਸੀਂ ਉਦੋਂ ਕੀ ਕਰਾਂਗੇ ਜਦੋਂ ਸਾਡੇ ਭੈਣ-ਭਰਾ ਆਪਣੀਆਂ ਕੁਝ ਚੀਜ਼ਾਂ ਜਾਂ ਆਪਣਾ ਸਾਰਾ ਕੁਝ ਗੁਆ ਬੈਠਣ? (ਹੱਬ. 3:17, 18) ਹਮਦਰਦੀ ਹੋਣ ਕਰਕੇ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਾਂਗੇ। ਅਸੀਂ ਉਦੋਂ ਕੀ ਕਰਾਂਗੇ ਜਦੋਂ ਕੌਮਾਂ ਦੇ ਗਠਜੋੜ ਦੇ ਹਮਲੇ ਕਰਕੇ ਸਾਨੂੰ ਥੋੜ੍ਹੇ ਸਮੇਂ ਲਈ ਇੱਕੋ ਥਾਂ ʼਤੇ ਇਕੱਠਿਆਂ ਰਹਿਣਾ ਪਵੇਗਾ? (ਹਿਜ਼. 38:10-12) ਭੈਣਾਂ-ਭਰਾਵਾਂ ਨਾਲ ਗੂੜ੍ਹਾ ਪਿਆਰ ਹੋਣ ਕਰਕੇ ਅਸੀਂ ਇਸ ਔਖੇ ਸਮੇਂ ਵਿੱਚੋਂ ਨਿਕਲ ਸਕਾਂਗੇ।

4. ਬਾਈਬਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਸਾਨੂੰ ਧੀਰਜ, ਹਮਦਰਦੀ ਅਤੇ ਪਿਆਰ ਦਿਖਾਉਂਦੇ ਰਹਿਣਾ ਚਾਹੀਦਾ ਹੈ?

4 ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਧੀਰਜ, ਹਮਦਰਦੀ ਅਤੇ ਪਿਆਰ ਦਿਖਾਉਂਦੇ ਰਹੀਏ। ਲੂਕਾ 21:19 ਵਿਚ ਕਿਹਾ ਗਿਆ ਹੈ: “ਧੀਰਜ ਰੱਖਣ ਕਰਕੇ ਹੀ ਤੁਸੀਂ ਆਪਣੀਆਂ ਜਾਨਾਂ ਬਚਾਓਗੇ।” ਕੁਲੁੱਸੀਆਂ 3:12 ਵਿਚ ਲਿਖਿਆ ਹੈ: ‘ਹਮਦਰਦੀ ਨੂੰ ਪਹਿਨ ਲਓ।’ ਨਾਲੇ 1 ਥੱਸਲੁਨੀਕੀਆਂ 4:9, 10 ਵਿਚ ਦੱਸਿਆ ਹੈ: “ਇਕ-ਦੂਜੇ ਨਾਲ ਪਿਆਰ ਕਰਨ ਦੀ ਸਿੱਖਿਆ ਪਰਮੇਸ਼ੁਰ ਨੇ ਆਪ ਤੁਹਾਨੂੰ ਦਿੱਤੀ ਹੈ। . . . ਪਰ ਭਰਾਵੋ, ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਹੋਰ ਵੀ ਜ਼ਿਆਦਾ ਪਿਆਰ ਕਰੋ।” ਇਹ ਆਇਤਾਂ ਉਨ੍ਹਾਂ ਮਸੀਹੀਆਂ ਲਈ ਲਿਖੀਆਂ ਗਈਆਂ ਸਨ ਜੋ ਪਹਿਲਾਂ ਤੋਂ ਹੀ ਧੀਰਜ, ਹਮਦਰਦੀ ਅਤੇ ਪਿਆਰ ਜ਼ਾਹਰ ਕਰ ਰਹੇ ਸਨ। ਫਿਰ ਵੀ ਉਨ੍ਹਾਂ ਨੂੰ ਇਹ ਗੁਣ ਹੋਰ ਵੀ ਜ਼ਿਆਦਾ ਦਿਖਾਉਂਦੇ ਰਹਿਣ ਦੀ ਲੋੜ ਸੀ। ਸਾਨੂੰ ਵੀ ਬਿਲਕੁਲ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ। ਇਹ ਲੇਖ ਸਾਡੀ ਇਸ ਤਰ੍ਹਾਂ ਕਰਨ ਵਿਚ ਮਦਦ ਕਰੇਗਾ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਪਹਿਲੀ ਸਦੀ ਦੇ ਮਸੀਹੀਆਂ ਨੇ ਇਹ ਗੁਣ ਕਿਵੇਂ ਦਿਖਾਏ ਅਤੇ ਅਸੀਂ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਸਾਬਤ ਕਰ ਸਕਾਂਗੇ ਕਿ ਅਸੀਂ ਮਹਾਂਕਸ਼ਟ ਲਈ ਤਿਆਰ ਹਾਂ।

ਹੋਰ ਧੀਰਜ ਦਿਖਾਓ

5. ਪਹਿਲੀ ਸਦੀ ਦੇ ਮਸੀਹੀਆਂ ਨੇ ਮੁਸ਼ਕਲਾਂ ਦੇ ਬਾਵਜੂਦ ਧੀਰਜ ਕਿਵੇਂ ਰੱਖਿਆ?

5 ਪਹਿਲੀ ਸਦੀ ਦੇ ਮਸੀਹੀਆਂ ਨੂੰ ਧੀਰਜ ਰੱਖਣ ਦੀ ਲੋੜ ਸੀ। (ਇਬ. 10:36) ਇਨ੍ਹਾਂ ਮਸੀਹੀਆਂ ਨੂੰ ਆਪਣੇ ਸਮੇਂ ਦੇ ਲੋਕਾਂ ਵਰਗੀਆਂ ਮੁਸ਼ਕਲਾਂ ਤਾਂ ਝੱਲਣੀਆਂ ਹੀ ਪਈਆਂ, ਪਰ ਮਸੀਹੀ ਹੋਣ ਕਰਕੇ ਇਨ੍ਹਾਂ ʼਤੇ ਹੋਰ ਵੀ ਮੁਸ਼ਕਲਾਂ ਆਈਆਂ ਸਨ। ਇਨ੍ਹਾਂ ਵਿੱਚੋਂ ਕਈ ਮਸੀਹੀਆਂ ਉੱਤੇ ਨਾ ਸਿਰਫ਼ ਯਹੂਦੀ ਧਾਰਮਿਕ ਆਗੂਆਂ ਅਤੇ ਰੋਮੀ ਅਧਿਕਾਰੀਆਂ ਨੇ ਜ਼ੁਲਮ ਕੀਤੇ, ਸਗੋਂ ਉਨ੍ਹਾਂ ਦੇ ਘਰਦਿਆਂ ਨੇ ਵੀ ਉਨ੍ਹਾਂ ʼਤੇ ਜ਼ੁਲਮ ਕੀਤੇ। (ਮੱਤੀ 10:21) ਇਸ ਤੋਂ ਇਲਾਵਾ, ਉਨ੍ਹਾਂ ਨੂੰ ਮੰਡਲੀ ਵਿਚ ਧਰਮ-ਤਿਆਗੀਆਂ ਦੇ ਅਸਰ ਅਤੇ ਉਨ੍ਹਾਂ ਦੀਆਂ ਫੁੱਟ ਪਾਉਣ ਵਾਲੀਆਂ ਸਿੱਖਿਆਵਾਂ ਤੋਂ ਬਚਣ ਲਈ ਵੀ ਜੱਦੋ-ਜਹਿਦ ਕਰਨੀ ਪੈਂਦੀ ਸੀ। (ਰਸੂ. 20:29, 30) ਫਿਰ ਵੀ ਉਨ੍ਹਾਂ ਨੇ ਧੀਰਜ ਨਾਲ ਇਹ ਸਭ ਕੁਝ ਸਹਿਆ। (ਪ੍ਰਕਾ. 2:3) ਕਿਵੇਂ? ਉਨ੍ਹਾਂ ਨੇ ਧੀਰਜ ਨਾਲ ਮੁਸ਼ਕਲਾਂ ਸਹਿਣ ਬਾਰੇ ਪਰਮੇਸ਼ੁਰ ਦੇ ਬਚਨ ਵਿਚ ਦਿੱਤੀਆਂ ਮਿਸਾਲਾਂ ʼਤੇ ਸੋਚ-ਵਿਚਾਰ ਕੀਤਾ, ਜਿਵੇਂ ਕਿ ਅੱਯੂਬ ਦੀ ਮਿਸਾਲ। (ਯਾਕੂ. 5:10, 11) ਉਨ੍ਹਾਂ ਨੇ ਹਿੰਮਤ ਲਈ ਵੀ ਪ੍ਰਾਰਥਨਾ ਕੀਤੀ। (ਰਸੂ. 4:29-31) ਨਾਲੇ ਉਨ੍ਹਾਂ ਨੇ ਆਪਣਾ ਧਿਆਨ ਇਸ ਗੱਲ ʼਤੇ ਲਾਇਆ ਕਿ ਧੀਰਜ ਰੱਖਣ ਕਰਕੇ ਯਹੋਵਾਹ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਦੇਵੇਗਾ।​—ਰਸੂ. 5:41.

6. ਮਰੀਟਾ ਨੇ ਵਿਰੋਧ ਕਿਵੇਂ ਸਹਿਆ ਅਤੇ ਉਸ ਤੋਂ ਤੁਸੀਂ ਕੀ ਸਿੱਖਦੇ ਹੋ?

6 ਅਸੀਂ ਵੀ ਧੀਰਜ ਰੱਖ ਸਕਦੇ ਹਾਂ। ਕਿਵੇਂ? ਬਾਕਾਇਦਾ ਪਰਮੇਸ਼ੁਰ ਦਾ ਬਚਨ ਅਤੇ ਪ੍ਰਕਾਸ਼ਨਾਂ ਵਿੱਚੋਂ ਧੀਰਜ ਰੱਖਣ ਵਾਲਿਆਂ ਦੀਆਂ ਮਿਸਾਲਾਂ ਪੜ੍ਹ ਕੇ ਅਤੇ ਉਨ੍ਹਾਂ ʼਤੇ ਸੋਚ-ਵਿਚਾਰ ਕਰ ਕੇ। ਅਲਬਾਨੀਆ ਦੀ ਭੈਣ ਮਰੀਟਾ ਨੇ ਇਸੇ ਤਰ੍ਹਾਂ ਕੀਤਾ। ਇਸ ਕਰਕੇ ਉਹ ਆਪਣੇ ਘਰਦਿਆਂ ਹੱਥੋਂ ਮਾਰ-ਕੁੱਟ ਸਹਿ ਸਕੀ। ਉਹ ਦੱਸਦੀ ਹੈ: “ਬਾਈਬਲ ਵਿੱਚੋਂ ਅੱਯੂਬ ਦਾ ਬਿਰਤਾਂਤ ਪੜ੍ਹ ਕੇ ਮੇਰੇ ʼਤੇ ਗਹਿਰਾ ਅਸਰ ਪਿਆ। ਅੱਯੂਬ ਨੇ ਬਹੁਤ ਕੁਝ ਸਹਿਆ ਸੀ। ਜਦ ਕਿ ਉਸ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਸ ਦੀਆਂ ਮੁਸ਼ਕਲਾਂ ਪਿੱਛੇ ਕਿਹਦਾ ਹੱਥ ਹੈ। ਫਿਰ ਵੀ ਉਸ ਨੇ ਕਿਹਾ: ‘ਮਰਦੇ ਦਮ ਤਕ ਮੈਂ ਆਪਣੀ ਵਫ਼ਾਦਾਰੀ ਨਹੀਂ ਛੱਡਾਂਗਾ!’ (ਅੱਯੂ. 27:5) ਮੈਂ ਸੋਚਿਆ ਕਿ ਅੱਯੂਬ ਦੀਆਂ ਮੁਸ਼ਕਲਾਂ ਸਾਮ੍ਹਣੇ ਮੇਰੀਆਂ ਮੁਸ਼ਕਲਾਂ ਤਾਂ ਕੁਝ ਵੀ ਨਹੀਂ ਹਨ। ਉਸ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਸ ਦੀਆਂ ਮੁਸ਼ਕਲਾਂ ਪਿੱਛੇ ਕੌਣ ਹੈ, ਪਰ ਮੈਨੂੰ ਤਾਂ ਪਤਾ ਹੈ।”

7. ਭਾਵੇਂ ਕਿ ਅਸੀਂ ਅੱਜ ਕੋਈ ਸਖ਼ਤ ਅਜ਼ਮਾਇਸ਼ ਨਹੀਂ ਸਹਿ ਰਹੇ, ਫਿਰ ਵੀ ਸਾਨੂੰ ਹੁਣ ਤੋਂ ਹੀ ਕੀ ਕਰਨਾ ਚਾਹੀਦਾ ਹੈ?

7 ਅਸੀਂ ਵੀ ਧੀਰਜ ਦਿਖਾਉਂਦੇ ਰਹਿ ਸਕਦੇ ਹਾਂ। ਪਰ ਕਿਵੇਂ? ਯਹੋਵਾਹ ਨੂੰ ਦਿਲੋਂ ਤੇ ਵਾਰ-ਵਾਰ ਆਪਣੀਆਂ ਚਿੰਤਾਵਾਂ ਦੱਸ ਕੇ। (ਫ਼ਿਲਿ. 4:6; 1 ਥੱਸ. 5:17) ਹੋ ਸਕਦਾ ਹੈ ਕਿ ਤੁਸੀਂ ਹੁਣ ਕੋਈ ਸਖ਼ਤ ਅਜ਼ਮਾਇਸ਼ ਨਾ ਸਹਿ ਰਹੇ ਹੋਵੋ। ਪਰ ਕੀ ਤੁਸੀਂ ਉਦੋਂ ਵੀ ਯਹੋਵਾਹ ਦੀ ਸੇਧ ਲੈਂਦੇ ਹੋ ਜਦੋਂ ਤੁਸੀਂ ਉਦਾਸ-ਪਰੇਸ਼ਾਨ ਹੁੰਦੇ ਹੋ? ਜੇ ਤੁਸੀਂ ਹੁਣ ਤੋਂ ਹੀ ਰੋਜ਼ਮੱਰਾ ਦੀਆਂ ਮੁਸ਼ਕਲਾਂ ਬਾਰੇ ਯਹੋਵਾਹ ਤੋਂ ਬਾਕਾਇਦਾ ਸੇਧ ਲੈਂਦੇ ਹੋ, ਤਾਂ ਭਵਿੱਖ ਵਿਚ ਵੀ ਵੱਡੀਆਂ-ਵੱਡੀਆਂ ਮੁਸ਼ਕਲਾਂ ਆਉਣ ʼਤੇ ਤੁਸੀਂ ਇਸ ਤਰ੍ਹਾਂ ਕਰਨ ਤੋਂ ਨਹੀਂ ਝਿਜਕੋਗੇ। ਫਿਰ ਤੁਹਾਨੂੰ ਪੱਕਾ ਯਕੀਨ ਹੋਵੇਗਾ ਕਿ ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਸ ਨੇ ਕਦੋਂ ਤੇ ਕਿਵੇਂ ਤੁਹਾਡੀ ਮਦਦ ਕਰਨੀ ਹੈ।​—ਜ਼ਬੂ. 27:1, 3.

ਧੀਰਜ

ਹਰ ਵਾਰ ਕਿਸੇ ਮੁਸ਼ਕਲ ਨੂੰ ਧੀਰਜ ਨਾਲ ਸਹਿਣ ਕਰਕੇ ਅਸੀਂ ਆਉਣ ਵਾਲੀ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰਨ ਲਈ ਤਿਆਰ ਹੁੰਦੇ ਹਾਂ (ਪੈਰਾ 8 ਦੇਖੋ)

8. ਮੀਰਾ ਦੀ ਮਿਸਾਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਅੱਜ ਮੁਸ਼ਕਲਾਂ ਨੂੰ ਧੀਰਜ ਨਾਲ ਸਹਿਣ ਕਰਕੇ ਭਵਿੱਖ ਵਿਚ ਵੀ ਤੁਹਾਡੀ ਮਦਦ ਹੋਵੇਗੀ? (ਯਾਕੂਬ 1:2-4) (ਤਸਵੀਰ ਵੀ ਦੇਖੋ।)

8 ਜੇ ਅਸੀਂ ਅੱਜ ਮੁਸ਼ਕਲਾਂ ਦੌਰਾਨ ਧੀਰਜ ਰੱਖਦੇ ਹਾਂ, ਤਾਂ ਭਵਿੱਖ ਵਿਚ ਮਹਾਂਕਸ਼ਟ ਦੌਰਾਨ ਵੀ ਇੱਦਾਂ ਜ਼ਰੂਰ ਕਰ ਸਕਾਂਗੇ। (ਰੋਮੀ. 5:3) ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਦੇਖਿਆ ਹੈ ਕਿ ਜਦੋਂ ਉਹ ਹਰ ਵਾਰ ਕਿਸੇ ਮੁਸ਼ਕਲ ਨੂੰ ਧੀਰਜ ਨਾਲ ਸਹਿੰਦੇ ਹਨ, ਤਾਂ ਉਹ ਆਉਣ ਵਾਲੀ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰਨ ਲਈ ਤਿਆਰ ਹੁੰਦੇ ਹਨ। ਧੀਰਜ ਕਰਕੇ ਉਨ੍ਹਾਂ ਵਿਚ ਸੁਧਾਰ ਹੁੰਦਾ ਹੈ ਅਤੇ ਉਨ੍ਹਾਂ ਦੀ ਨਿਹਚਾ ਪੱਕੀ ਹੁੰਦੀ ਹੈ ਕਿ ਯਹੋਵਾਹ ਉਨ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਹੈ। ਨਾਲੇ ਯਹੋਵਾਹ ʼਤੇ ਨਿਹਚਾ ਹੋਣ ਕਰਕੇ ਉਹ ਆਉਣ ਵਾਲੀ ਕਿਸੇ ਵੀ ਅਜ਼ਮਾਇਸ਼ ਨੂੰ ਧੀਰਜ ਨਾਲ ਸਹਿ ਸਕਦੇ ਹਨ। (ਯਾਕੂਬ 1:2-4 ਪੜ੍ਹੋ।) ਅਲਬਾਨੀਆ ਦੀ ਇਕ ਪਾਇਨੀਅਰ ਭੈਣ ਮੀਰਾ ਨੇ ਦੇਖਿਆ ਹੈ ਕਿ ਬੀਤੇ ਸਮੇਂ ਦੌਰਾਨ ਮੁਸ਼ਕਲਾਂ ਨੂੰ ਧੀਰਜ ਨਾਲ ਸਹਿਣ ਕਰਕੇ ਉਹ ਅੱਜ ਵੀ ਇੱਦਾਂ ਕਰ ਪਾਉਂਦੀ ਹੈ। ਉਹ ਮੰਨਦੀ ਹੈ ਕਿ ਕਈ ਵਾਰ ਉਸ ਨੂੰ ਲੱਗਦਾ ਹੈ ਕਿ ਸਿਰਫ਼ ਉਸ ʼਤੇ ਹੀ ਇੰਨੀਆਂ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ। ਪਰ ਉਹ ਯਾਦ ਕਰਦੀ ਹੈ ਕਿ ਪਿਛਲੇ 20 ਸਾਲਾਂ ਦੌਰਾਨ ਯਹੋਵਾਹ ਨੇ ਉਸ ਲਈ ਕਿੰਨਾ ਕੁਝ ਕੀਤਾ ਅਤੇ ਕਿਵੇਂ ਉਸ ਦੀ ਮਦਦ ਕੀਤੀ। ਫਿਰ ਉਹ ਆਪਣੇ ਆਪ ਨੂੰ ਕਹਿੰਦੀ ਹੈ: ‘ਵਫ਼ਾਦਾਰ ਰਹਿ। ਇਨ੍ਹਾਂ ਸਾਲਾਂ ਦੌਰਾਨ ਯਹੋਵਾਹ ਦੀ ਮਦਦ ਨਾਲ ਤੂੰ ਜੋ ਕੁਝ ਸਹਿਆ ਹੈ, ਉਸ ਨੂੰ ਬੇਕਾਰ ਨਾ ਜਾਣ ਦੇ।’ ਤੁਸੀਂ ਵੀ ਇਸ ਗੱਲ ʼਤੇ ਸੋਚ-ਵਿਚਾਰ ਕਰ ਸਕਦੇ ਹੋ ਕਿ ਯਹੋਵਾਹ ਨੇ ਮੁਸ਼ਕਲਾਂ ਨੂੰ ਧੀਰਜ ਨਾਲ ਸਹਿਣ ਵਿਚ ਤੁਹਾਡੀ ਪਹਿਲਾਂ ਵੀ ਕਿਵੇਂ ਮਦਦ ਕੀਤੀ ਸੀ। ਭਰੋਸਾ ਰੱਖੋ ਕਿ ਜਦੋਂ ਹਰ ਵਾਰ ਤੁਸੀਂ ਕਿਸੇ ਅਜ਼ਮਾਇਸ਼ ਨੂੰ ਧੀਰਜ ਨਾਲ ਸਹਿੰਦੇ ਹੋ, ਤਾਂ ਯਹੋਵਾਹ ਇਸ ਵੱਲ ਧਿਆਨ ਦਿੰਦਾ ਹੈ ਅਤੇ ਉਹ ਤੁਹਾਨੂੰ ਇਸ ਦਾ ਇਨਾਮ ਵੀ ਜ਼ਰੂਰ ਦੇਵੇਗਾ। (ਮੱਤੀ 5:10-12) ਫਿਰ ਜਦੋਂ ਮਹਾਂਕਸ਼ਟ ਸ਼ੁਰੂ ਹੋਵੇਗਾ, ਉਦੋਂ ਤਕ ਤੁਸੀਂ ਧੀਰਜ ਰੱਖਣਾ ਸਿੱਖ ਲਿਆ ਹੋਵੇਗਾ ਅਤੇ ਮੁਸ਼ਕਲਾਂ ਨੂੰ ਸਹਿੰਦੇ ਰਹਿਣ ਦਾ ਤੁਹਾਡਾ ਇਰਾਦਾ ਹੋਰ ਵੀ ਪੱਕਾ ਹੋ ਗਿਆ ਹੋਵੇਗਾ।

ਹਮਦਰਦੀ ਦਿਖਾਓ

9. ਸੀਰੀਆ ਪ੍ਰਾਂਤ ਵਿਚ ਅੰਤਾਕੀਆ ਦੀ ਮੰਡਲੀ ਨੇ ਹਮਦਰਦੀ ਕਿੱਦਾਂ ਦਿਖਾਈ?

9 ਗੌਰ ਕਰੋ ਕਿ ਉਦੋਂ ਕੀ ਹੋਇਆ ਜਦੋਂ ਯਹੂਦਿਯਾ ਵਿਚ ਇਕ ਵੱਡਾ ਕਾਲ਼ ਪਿਆ ਸੀ। ਸੀਰੀਆ ਪ੍ਰਾਂਤ ਵਿਚ ਅੰਤਾਕੀਆ ਦੀ ਮੰਡਲੀ ਨੂੰ ਜਿੱਦਾਂ ਹੀ ਇਸ ਕਾਲ਼ ਬਾਰੇ ਪਤਾ ਲੱਗਾ, ਉਨ੍ਹਾਂ ਨੇ ਬਿਨਾਂ ਸ਼ੱਕ ਯਹੂਦਿਯਾ ਦੇ ਭੈਣਾਂ-ਭਰਾਵਾਂ ਲਈ ਹਮਦਰਦੀ ਦਿਖਾਈ ਹੋਣੀ। ਪਰ ਹਮਦਰਦੀ ਦਿਖਾਉਣ ਦੇ ਨਾਲ-ਨਾਲ ਉਨ੍ਹਾਂ ਨੇ ਕਦਮ ਵੀ ਚੁੱਕੇ। ਉਨ੍ਹਾਂ ਨੇ “ਫ਼ੈਸਲਾ ਕੀਤਾ ਕਿ ਹਰੇਕ ਜਣਾ ਆਪਣੀ ਹੈਸੀਅਤ ਅਨੁਸਾਰ ਯਹੂਦਿਯਾ ਦੇ ਲੋੜਵੰਦ ਭਰਾਵਾਂ ਲਈ ਚੀਜ਼ਾਂ ਘੱਲੇ।” (ਰਸੂ. 11:27-30) ਭਾਵੇਂ ਕਿ ਉਹ ਯਹੂਦਿਯਾ ਦੇ ਮਸੀਹੀਆਂ ਤੋਂ ਬਹੁਤ ਦੂਰ ਰਹਿੰਦੇ ਸਨ, ਫਿਰ ਵੀ ਉਹ ਉਨ੍ਹਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟੇ।​—1 ਯੂਹੰ. 3:17, 18.

ਹਮਦਰਦੀ

ਭੈਣਾਂ-ਭਰਾਵਾਂ ਪ੍ਰਤੀ ਹਮਦਰਦੀ ਹੋਣ ਕਰਕੇ ਅਸੀਂ ਕੁਦਰਤੀ ਆਫ਼ਤਾਂ ਆਉਣ ʼਤੇ ਉਨ੍ਹਾਂ ਦੀ ਜ਼ਰੂਰ ਮਦਦ ਕਰਾਂਗੇ (ਪੈਰਾ 10 ਦੇਖੋ)

10. ਜਦੋਂ ਭੈਣਾਂ-ਭਰਾਵਾਂ ʼਤੇ ਕੋਈ ਆਫ਼ਤ ਆਉਂਦੀ ਹੈ, ਤਾਂ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਉਨ੍ਹਾਂ ਪ੍ਰਤੀ ਹਮਦਰਦੀ ਦਿਖਾ ਸਕਦੇ ਹਾਂ? (ਤਸਵੀਰ ਵੀ ਦੇਖੋ।)

10 ਅੱਜ ਅਸੀਂ ਵੀ ਹਮਦਰਦੀ ਦਿਖਾ ਸਕਦੇ ਹਾਂ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਭੈਣਾਂ-ਭਰਾਵਾਂ ʼਤੇ ਕੋਈ ਆਫ਼ਤ ਆਈ ਹੈ। ਅਸੀਂ ਝੱਟ ਕਦਮ ਚੁੱਕਦੇ ਹਾਂ, ਜਿਵੇਂ ਕਿ ਸ਼ਾਇਦ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਨ ਬਾਰੇ ਬਜ਼ੁਰਗਾਂ ਨੂੰ ਪੁੱਛ ਸਕਦੇ ਹਾਂ, ਪੂਰੀ ਦੁਨੀਆਂ ਵਿਚ ਹੋ ਰਹੇ ਕੰਮਾਂ ਲਈ ਦਾਨ ਦੇ ਸਕਦੇ ਹਾਂ ਅਤੇ ਆਫ਼ਤ ਵਾਲੇ ਇਲਾਕਿਆਂ ਵਿਚ ਰਹਿਣ ਵਾਲੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ। b (ਕਹਾ. 17:17) ਉਦਾਹਰਣ ਲਈ, ਜਦੋਂ 2020 ਵਿਚ ਕੋਵਿਡ-19 ਮਹਾਂਮਾਰੀ ਫੈਲੀ ਹੋਈ ਸੀ, ਉਦੋਂ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਲਈ ਪੂਰੀ ਦੁਨੀਆਂ ਵਿਚ 950 ਤੋਂ ਵੀ ਜ਼ਿਆਦਾ ਰਾਹਤ ਕਮੇਟੀਆਂ ਬਣਾਈਆਂ ਗਈਆਂ ਸਨ। ਰਾਹਤ ਕਮੇਟੀਆਂ ਵਿਚ ਸੇਵਾ ਕਰਨ ਵਾਲੇ ਭੈਣ-ਭਰਾ ਸਾਡੀ ਤਾਰੀਫ਼ ਦੇ ਹੱਕਦਾਰ ਹਨ। ਉਨ੍ਹਾਂ ਨੇ ਆਪਣੇ ਭੈਣਾਂ-ਭਰਾਵਾਂ ਲਈ ਹਮਦਰਦੀ ਦਿਖਾਉਂਦਿਆਂ ਉਨ੍ਹਾਂ ਤਕ ਰਾਹਤ ਦੀਆਂ ਚੀਜ਼ਾਂ ਪਹੁੰਚਾਈਆਂ ਅਤੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਵਿਚ ਉਨ੍ਹਾਂ ਦੀ ਮਦਦ ਕੀਤੀ। ਨਾਲੇ ਉਨ੍ਹਾਂ ਨੇ ਕਈ ਇਲਾਕਿਆਂ ਵਿਚ ਤਾਂ ਭੈਣਾਂ-ਭਰਾਵਾਂ ਦੇ ਘਰਾਂ ਜਾਂ ਕਿੰਗਡਮ ਹਾਲਾਂ ਦੀ ਮੁਰੰਮਤ ਕੀਤੀ ਜਾਂ ਦੁਬਾਰਾ ਤੋਂ ਉਨ੍ਹਾਂ ਦੀ ਉਸਾਰੀ ਕੀਤੀ।​—2 ਕੁਰਿੰਥੀਆਂ 8:1-4 ਵਿਚ ਨੁਕਤਾ ਦੇਖੋ।

11. ਹਮਦਰਦੀ ਹੋਣ ਕਰਕੇ ਅਸੀਂ ਜੋ ਕੰਮ ਕਰਦੇ ਹਾਂ, ਉਸ ਨਾਲ ਯਹੋਵਾਹ ਦੀ ਮਹਿਮਾ ਕਿਵੇਂ ਹੁੰਦੀ ਹੈ?

11 ਜਦੋਂ ਅਸੀਂ ਕਿਸੇ ਆਫ਼ਤ ਤੋਂ ਬਾਅਦ ਹਮਦਰਦੀ ਦਿਖਾਉਂਦੇ ਹਾਂ, ਤਾਂ ਲੋਕ ਸਾਡੇ ਕੰਮਾਂ ਵੱਲ ਧਿਆਨ ਦਿੰਦੇ ਹਨ। ਉਦਾਹਰਣ ਲਈ, 2019 ਵਿਚ ਬਹਾਮਾ ਵਿਚ ਡੋਰਿਅਨ ਨਾਂ ਦੇ ਤੂਫ਼ਾਨ ਕਰਕੇ ਇਕ ਕਿੰਗਡਮ ਹਾਲ ਤਬਾਹ ਹੋ ਗਿਆ। ਜਦੋਂ ਸਾਡੇ ਭੈਣ-ਭਰਾ ਉਸ ਕਿੰਗਡਮ ਹਾਲ ਦੀ ਦੁਬਾਰਾ ਉਸਾਰੀ ਕਰ ਰਹੇ ਸਨ, ਤਾਂ ਉਹ ਇਕ ਠੇਕੇਦਾਰ ਕੋਲ ਗਏ ਜੋ ਯਹੋਵਾਹ ਦਾ ਗਵਾਹ ਨਹੀਂ ਸੀ। ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਨੇ ਕੋਈ ਕੰਮ ਕਰਾਉਣਾ ਹੈ ਅਤੇ ਪੁੱਛਿਆ ਕਿ ਇਸ ਕੰਮ ਵਿਚ ਕਿੰਨਾ ਖ਼ਰਚਾ ਆਵੇਗਾ। ਉਸ ਨੇ ਕਿਹਾ: ‘ਮੈਂ ਤੁਹਾਡਾ ਇਹ ਕੰਮ ਮੁਫ਼ਤ ਵਿਚ ਕਰਾਂਗਾ। ਮੈਂ ਔਜ਼ਾਰ, ਮਜ਼ਦੂਰ ਅਤੇ ਸਾਮਾਨ ਦਾ ਵੀ ਤੁਹਾਡੇ ਤੋਂ ਕੋਈ ਪੈਸਾ ਨਹੀਂ ਲਵਾਂਗਾ। ਮੈਂ ਬੱਸ ਇਹ ਤੁਹਾਡੇ ਸੰਗਠਨ ਲਈ ਕਰਨਾ ਚਾਹੁੰਦਾ ਹਾਂ। ਤੁਸੀਂ ਜਿੱਦਾਂ ਆਪਣੇ ਦੋਸਤਾਂ ਦੀ ਮਦਦ ਕਰ ਰਹੇ ਹੋ, ਉਹ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਦਾ ਹੈ।’ ਅੱਜ ਦੁਨੀਆਂ ਵਿਚ ਜ਼ਿਆਦਾਤਰ ਲੋਕ ਯਹੋਵਾਹ ਦੇ ਗਵਾਹਾਂ ਨੂੰ ਨਹੀਂ ਜਾਣਦੇ। ਪਰ ਬਹੁਤ ਸਾਰੇ ਲੋਕ ਯਹੋਵਾਹ ਦੇ ਗਵਾਹਾਂ ਦੇ ਕੰਮ ਜ਼ਰੂਰ ਦੇਖਦੇ ਹਨ। ਜ਼ਰਾ ਸੋਚੋ ਕਿ ਇਹ ਕਿੰਨੀ ਵੱਡੀ ਗੱਲ ਹੈ ਕਿ ਹਮਦਰਦੀ ਹੋਣ ਕਰਕੇ ਅਸੀਂ ਜੋ ਕੰਮ ਕਰਦੇ ਹਾਂ, ਉਨ੍ਹਾਂ ਨੂੰ ਦੇਖ ਕੇ ਲੋਕਾਂ ਦੇ ਮਨਾਂ ਵਿਚ ਸੱਚੇ ਪਰਮੇਸ਼ੁਰ ਬਾਰੇ ਜਾਣਨ ਦੀ ਇੱਛਾ ਜਾਗ ਸਕਦੀ ਹੈ ਜੋ “ਦਇਆ ਦਾ ਸਾਗਰ ਹੈ”!​—ਅਫ਼. 2:4.

12. ਅੱਜ ਹਮਦਰਦੀ ਦਿਖਾਉਣ ਕਰਕੇ ਅਸੀਂ ਮਹਾਂਕਸ਼ਟ ਲਈ ਕਿਵੇਂ ਤਿਆਰ ਹੁੰਦੇ ਹਾਂ? (ਪ੍ਰਕਾਸ਼ ਦੀ ਕਿਤਾਬ 13:16, 17)

12 ਮਹਾਂਕਸ਼ਟ ਦੌਰਾਨ ਸਾਨੂੰ ਹਮਦਰਦੀ ਦਿਖਾਉਣ ਦੀ ਲੋੜ ਕਿਉਂ ਹੋਵੇਗੀ? ਬਾਈਬਲ ਦੱਸਦੀ ਹੈ ਕਿ ਜਿਹੜੇ ਲੋਕ ਇਸ ਦੁਨੀਆਂ ਦੀਆਂ ਸਰਕਾਰਾਂ ਦਾ ਸਾਥ ਨਹੀਂ ਦਿੰਦੇ, ਉਨ੍ਹਾਂ ਨੂੰ ਹੁਣ ਅਤੇ ਮਹਾਂਕਸ਼ਟ ਦੌਰਾਨ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ। (ਪ੍ਰਕਾਸ਼ ਦੀ ਕਿਤਾਬ 13:16, 17 ਪੜ੍ਹੋ।) ਸ਼ਾਇਦ ਸਾਡੇ ਭੈਣਾਂ-ਭਰਾਵਾਂ ਨੂੰ ਰੋਜ਼ਮੱਰਾ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਸਾਡੀ ਮਦਦ ਦੀ ਲੋੜ ਪਵੇ। ਹਮਦਰਦੀ ਹੋਣ ਕਰਕੇ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਾਂਗੇ। ਫਿਰ ਜਦੋਂ ਸਾਡਾ ਰਾਜਾ ਯਿਸੂ ਮਸੀਹ ਇਸ ਦੁਨੀਆਂ ਦਾ ਨਿਆਂ ਕਰਨ ਆਵੇਗਾ ਅਤੇ ਸਾਨੂੰ ਹਮਦਰਦੀ ਕਰਦਿਆਂ ਦੇਖੇਗਾ, ਤਾਂ ਉਹ ਸਾਨੂੰ “ਰਾਜ ਨੂੰ ਕਬੂਲ” ਕਰਨ ਦਾ ਸੱਦਾ ਦੇਵੇਗਾ।​—ਮੱਤੀ 25:34-40.

ਹੋਰ ਪਿਆਰ ਦਿਖਾਓ

13. ਰੋਮੀਆਂ 15:7 ਮੁਤਾਬਕ ਪਹਿਲੀ ਸਦੀ ਦੇ ਮਸੀਹੀਆਂ ਨੇ ਇਕ-ਦੂਜੇ ਲਈ ਹੋਰ ਪਿਆਰ ਕਿਵੇਂ ਦਿਖਾਇਆ?

13 ਪਿਆਰ ਪਹਿਲੀ ਸਦੀ ਦੇ ਮਸੀਹੀਆਂ ਦੀ ਪਛਾਣ ਸੀ। ਪਰ ਕੀ ਉਨ੍ਹਾਂ ਲਈ ਪਿਆਰ ਦਿਖਾਉਣਾ ਸੌਖਾ ਸੀ? ਗੌਰ ਕਰੋ ਕਿ ਰੋਮ ਦੀ ਮੰਡਲੀ ਦੇ ਭੈਣ-ਭਰਾ ਅਲੱਗ-ਅਲੱਗ ਪਿਛੋਕੜਾਂ ਤੋਂ ਸਨ। ਇਸ ਮੰਡਲੀ ਵਿਚ ਸਿਰਫ਼ ਯਹੂਦੀ ਹੀ ਨਹੀਂ ਸਨ ਜਿਨ੍ਹਾਂ ਦੀ ਪਰਵਰਿਸ਼ ਮੂਸਾ ਦੇ ਕਾਨੂੰਨ ਅਨੁਸਾਰ ਹੋਈ ਸੀ, ਸਗੋਂ ਗ਼ੈਰ-ਯਹੂਦੀ ਵੀ ਸਨ ਜਿਨ੍ਹਾਂ ਦਾ ਪਿਛੋਕੜ ਬਿਲਕੁਲ ਵੱਖਰਾ ਸੀ। ਕੁਝ ਮਸੀਹੀ ਸ਼ਾਇਦ ਗ਼ੁਲਾਮ ਸਨ ਤੇ ਕੁਝ ਮਾਲਕ। ਸ਼ਾਇਦ ਕੁਝ ਮਸੀਹੀ ਉਨ੍ਹਾਂ ਗ਼ੁਲਾਮਾਂ ਦੇ ਮਾਲਕ ਵੀ ਸਨ। ਇਸ ਸਭ ਦੇ ਬਾਵਜੂਦ ਵੀ ਉਨ੍ਹਾਂ ਮਸੀਹੀਆਂ ਨੇ ਹੋਰ ਪਿਆਰ ਕਿਵੇਂ ਦਿਖਾਇਆ? ਪੌਲੁਸ ਰਸੂਲ ਨੇ ਉਨ੍ਹਾਂ ਨੂੰ ਗੁਜ਼ਾਰਸ਼ ਕੀਤੀ: “ਇਕ-ਦੂਜੇ ਨੂੰ ਕਬੂਲ ਕਰੋ।” (ਰੋਮੀਆਂ 15:7 ਪੜ੍ਹੋ।) ਇਸ ਦਾ ਕੀ ਮਤਲਬ ਹੈ? ਜਿਨ੍ਹਾਂ ਸ਼ਬਦਾਂ ਦਾ ਅਨੁਵਾਦ “ਕਬੂਲ ਕਰੋ” ਕੀਤਾ ਗਿਆ ਹੈ, ਉਨ੍ਹਾਂ ਦਾ ਮਤਲਬ ਹੈ ਕਿਸੇ ਦਾ ਪਿਆਰ ਨਾਲ ਸੁਆਗਤ ਕਰਨਾ ਜਾਂ ਕਿਸੇ ਦੀ ਪਰਾਹੁਣਚਾਰੀ ਕਰਨੀ, ਜਿਵੇਂ ਕਿਸੇ ਨੂੰ ਆਪਣੇ ਘਰ ਬੁਲਾਉਣਾ ਜਾਂ ਉਸ ਨਾਲ ਦੋਸਤੀ ਕਰਨੀ। ਉਦਾਹਰਣ ਲਈ, ਪੌਲੁਸ ਨੇ ਫਿਲੇਮੋਨ ਨੂੰ ਦੱਸਿਆ ਕਿ ਉਹ ਗ਼ੁਲਾਮ ਉਨੇਸਿਮੁਸ ਦਾ ਕਿਵੇਂ ਸੁਆਗਤ ਕਰੇ ਜੋ ਦੌੜ ਗਿਆ ਸੀ। ਪੌਲੁਸ ਨੇ ਉਸ ਨੂੰ ਕਿਹਾ: ‘ਉਸ ਦਾ ਪਿਆਰ ਨਾਲ ਸੁਆਗਤ ਕਰੀਂ।’ (ਫਿਲੇ. 17) ਇਸ ਤੋਂ ਇਲਾਵਾ, ਪ੍ਰਿਸਕਿੱਲਾ ਤੇ ਅਕੂਲਾ ਨੇ ਅਪੁੱਲੋਸ ਦਾ ਸੁਆਗਤ ਕੀਤਾ। ਭਾਵੇਂ ਕਿ ਅਪੁੱਲੋਸ ਮਸੀਹੀ ਸਿੱਖਿਆਵਾਂ ਬਾਰੇ ਉਨ੍ਹਾਂ ਨਾਲੋਂ ਘੱਟ ਜਾਣਦਾ ਸੀ, ਫਿਰ ਵੀ ਉਹ ਅਪੁੱਲੋਸ ਨੂੰ “ਆਪਣੇ ਨਾਲ ਲੈ ਗਏ।” (ਰਸੂ. 18:26) ਚਾਹੇ ਕਿ ਇਹ ਮਸੀਹੀ ਵੱਖੋ-ਵੱਖਰੇ ਪਿਛੋਕੜਾਂ ਤੋਂ ਸਨ, ਪਰ ਉਨ੍ਹਾਂ ਨੇ ਆਪਣੇ ਵਿਚ ਫੁੱਟ ਨਹੀਂ ਪੈਣ ਦਿੱਤੀ, ਸਗੋਂ ਇਕ-ਦੂਜੇ ਨੂੰ ਪਿਆਰ ਨਾਲ ਕਬੂਲ ਕੀਤਾ।

ਪਿਆਰ

ਸਾਨੂੰ ਸਾਰਿਆਂ ਨੂੰ ਆਪਣੇ ਭੈਣਾਂ-ਭਰਾਵਾਂ ਦੇ ਪਿਆਰ ਦੀ ਲੋੜ ਹੈ (ਪੈਰਾ 15 ਦੇਖੋ)

14. ਐਨਾ ਤੇ ਉਸ ਦੇ ਪਤੀ ਨੇ ਪਿਆਰ ਕਿਵੇਂ ਦਿਖਾਇਆ?

14 ਅਸੀਂ ਵੀ ਆਪਣੇ ਭੈਣਾਂ-ਭਰਾਵਾਂ ਨਾਲ ਦੋਸਤੀ ਕਰ ਕੇ ਅਤੇ ਉਨ੍ਹਾਂ ਨਾਲ ਸਮਾਂ ਬਿਤਾ ਕੇ ਉਨ੍ਹਾਂ ਲਈ ਆਪਣਾ ਪਿਆਰ ਦਿਖਾ ਸਕਦੇ ਹਾਂ। ਬਦਲੇ ਵਿਚ, ਉਹ ਵੀ ਸਾਨੂੰ ਪਿਆਰ ਦਿਖਾਉਣ ਲਈ ਪ੍ਰੇਰਿਤ ਹੋਣਗੇ। (2 ਕੁਰਿੰ. 6:11-13) ਜ਼ਰਾ ਭੈਣ ਐਨਾ ਅਤੇ ਉਸ ਦੇ ਪਤੀ ਦੇ ਤਜਰਬੇ ʼਤੇ ਗੌਰ ਕਰੋ। ਉਹ ਪੱਛਮੀ ਅਫ਼ਰੀਕਾ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰਨ ਲਈ ਗਏ ਸਨ। ਛੇਤੀ ਹੀ ਕੋਵਿਡ-19 ਮਹਾਂਮਾਰੀ ਫੈਲ ਗਈ। ਇਸ ਕਰਕੇ ਉਹ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਆਮ੍ਹੋ-ਸਾਮ੍ਹਣੇ ਨਹੀਂ ਮਿਲ ਸਕੇ। ਉਨ੍ਹਾਂ ਨੇ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਕਿਵੇਂ ਦਿਖਾਇਆ? ਉਨ੍ਹਾਂ ਨੇ ਭੈਣਾਂ-ਭਰਾਵਾਂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ ਹੋਰ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹਨ। ਇਸ ਦਾ ਭੈਣਾਂ-ਭਰਾਵਾਂ ʼਤੇ ਕੀ ਅਸਰ ਪਿਆ? ਉਹ ਵੀ ਅਕਸਰ ਉਨ੍ਹਾਂ ਨੂੰ ਮੈਸਿਜ ਤੇ ਫ਼ੋਨ ਕਰਨ ਲੱਗ ਪਏ। ਇਸ ਜੋੜੇ ਨੇ ਆਪਣੀ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਜਾਣਨ ਦੀ ਕੋਸ਼ਿਸ਼ ਕਿਉਂ ਕੀਤੀ? ਐਨਾ ਦੱਸਦੀ ਹੈ: “ਭੈਣਾਂ-ਭਰਾਵਾਂ ਨੇ ਚੰਗੇ-ਮਾੜੇ ਹਾਲਾਤਾਂ ਵਿਚ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਪਿਆਰ ਦਿਖਾਇਆ ਸੀ। ਇਸ ਦਾ ਮੇਰੇ ਦਿਲ-ਦਿਮਾਗ਼ ʼਤੇ ਗਹਿਰਾ ਅਸਰ ਪਿਆ ਸੀ। ਇਸ ਕਰਕੇ ਮੈਂ ਵੀ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਦਿਖਾਉਣ ਲਈ ਪ੍ਰੇਰਿਤ ਹੋਈ।”

15. ਸਾਰੇ ਭੈਣਾਂ-ਭਰਾਵਾਂ ਨੂੰ ਪਿਆਰ ਕਰਨ ਬਾਰੇ ਤੁਸੀਂ ਵਨੈਸਾ ਤੋਂ ਕੀ ਸਿੱਖਦੇ ਹੋ? (ਤਸਵੀਰ ਵੀ ਦੇਖੋ।)

15 ਕਈ ਮੰਡਲੀਆਂ ਵਿਚ ਅਜਿਹੇ ਭੈਣ-ਭਰਾ ਹਨ ਜਿਨ੍ਹਾਂ ਦੀ ਪਰਵਰਿਸ਼ ਅਲੱਗ-ਅਲੱਗ ਮਾਹੌਲ ਵਿਚ ਹੋਈ ਹੈ ਅਤੇ ਜਿਨ੍ਹਾਂ ਦਾ ਸੁਭਾਅ ਵੀ ਅਲੱਗ-ਅਲੱਗ ਹੈ। ਅਸੀਂ ਉਨ੍ਹਾਂ ਦੇ ਚੰਗੇ ਗੁਣਾਂ ਵੱਲ ਧਿਆਨ ਦੇ ਕੇ ਉਨ੍ਹਾਂ ਲਈ ਆਪਣਾ ਪਿਆਰ ਹੋਰ ਵਧਾ ਸਕਦੇ ਹਾਂ। ਜ਼ਰਾ ਨਿਊਜ਼ੀਲੈਂਡ ਦੀ ਇਕ ਮੰਡਲੀ ਵਿਚ ਸੇਵਾ ਕਰਨ ਵਾਲੀ ਭੈਣ ਵਨੈਸਾ ਦੀ ਮਿਸਾਲ ʼਤੇ ਗੌਰ ਕਰੋ। ਉਸ ਨੂੰ ਮੰਡਲੀ ਦੇ ਕੁਝ ਭੈਣਾਂ-ਭਰਾਵਾਂ ਨਾਲ ਦੋਸਤੀ ਕਰਨੀ ਔਖੀ ਲੱਗਦੀ ਸੀ। ਕਿਉਂ? ਕਿਉਂਕਿ ਉਨ੍ਹਾਂ ਦੇ ਸੁਭਾਅ ਕਰਕੇ ਵਨੈਸਾ ਨੂੰ ਖਿੱਝ ਚੜ੍ਹਦੀ ਸੀ। ਪਰ ਵਨੈਸਾ ਨੇ ਸੋਚਿਆ ਕਿ ਉਨ੍ਹਾਂ ਭੈਣਾਂ-ਭਰਾਵਾਂ ਤੋਂ ਦੂਰ ਰਹਿਣ ਦੀ ਬਜਾਇ ਉਹ ਉਨ੍ਹਾਂ ਨਾਲ ਹੋਰ ਵੀ ਜ਼ਿਆਦਾ ਸਮਾਂ ਬਿਤਾਵੇਗੀ। ਇਸ ਤਰ੍ਹਾਂ ਉਹ ਜਾਣ ਸਕੀ ਕਿ ਯਹੋਵਾਹ ਨੂੰ ਉਨ੍ਹਾਂ ਵਿਚ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ। ਉਹ ਦੱਸਦੀ ਹੈ: “ਹੁਣ ਮੇਰੇ ਪਤੀ ਸਰਕਟ ਓਵਰਸੀਅਰ ਹਨ ਅਤੇ ਅਸੀਂ ਅਜਿਹੇ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਮਿਲਦੇ ਹਾਂ ਜਿਨ੍ਹਾਂ ਦਾ ਸੁਭਾਅ ਸਾਡੇ ਨਾਲੋਂ ਅਲੱਗ ਹੈ। ਹੁਣ ਮੈਂ ਸੌਖਿਆਂ ਹੀ ਉਨ੍ਹਾਂ ਨਾਲ ਘੁਲ-ਮਿਲ ਜਾਂਦੀ ਹਾਂ ਅਤੇ ਮੈਨੂੰ ਅਲੱਗ-ਅਲੱਗ ਭੈਣਾਂ-ਭਰਾਵਾਂ ਨਾਲ ਮਿਲਣਾ ਬਹੁਤ ਚੰਗਾ ਲੱਗਦਾ ਹੈ। ਯਹੋਵਾਹ ਵੀ ਵੱਖੋ-ਵੱਖਰੇ ਪਿਛੋਕੜ ਤੇ ਸੁਭਾਅ ਦੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਹੈ, ਇਸੇ ਲਈ ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਿਆ ਹੈ।” ਜਦੋਂ ਅਸੀਂ ਯਹੋਵਾਹ ਵਾਂਗ ਦੂਜਿਆਂ ਵਿਚ ਚੰਗੇ ਗੁਣ ਦੇਖਦੇ ਹਾਂ, ਤਾਂ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ।​—2 ਕੁਰਿੰ. 8:24.

ਯਹੋਵਾਹ ਵਾਅਦਾ ਕਰਦਾ ਹੈ ਕਿ ਜੇ ਅਸੀਂ ਮਹਾਂਕਸ਼ਟ ਦੌਰਾਨ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਉਸ ਦੀ ਸੇਵਾ ਕਰਦੇ ਰਹਾਂਗੇ, ਤਾਂ ਉਹ ਸਾਡੀ ਹਿਫਾਜ਼ਤ ਕਰੇਗਾ (ਪੈਰਾ 16 ਦੇਖੋ)

16. ਮਹਾਂਕਸ਼ਟ ਦੌਰਾਨ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਦਿਖਾਉਣਾ ਜ਼ਰੂਰੀ ਕਿਉਂ ਹੋਵੇਗਾ? (ਤਸਵੀਰ ਵੀ ਦੇਖੋ।)

16 ਮਹਾਂਕਸ਼ਟ ਦੌਰਾਨ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਦਿਖਾਉਣਾ ਬਹੁਤ ਜ਼ਰੂਰੀ ਹੋਵੇਗਾ। ਮਹਾਂਕਸ਼ਟ ਸ਼ੁਰੂ ਹੋਣ ʼਤੇ ਸਾਨੂੰ ਸੁਰੱਖਿਆ ਕਿੱਥੇ ਮਿਲੇਗੀ? ਗੌਰ ਕਰੋ ਕਿ ਜਦੋਂ ਬਾਬਲ ʼਤੇ ਹਮਲਾ ਕੀਤਾ ਗਿਆ, ਤਾਂ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਕੀ ਕਰਨ ਲਈ ਕਿਹਾ ਸੀ: “ਹੇ ਮੇਰੇ ਲੋਕੋ, ਜਾਓ, ਆਪਣੀਆਂ ਕੋਠੜੀਆਂ ਵਿਚ ਵੜ ਜਾਓ ਅਤੇ ਆਪਣੇ ਬੂਹੇ ਬੰਦ ਕਰ ਲਓ। ਆਪਣੇ ਆਪ ਨੂੰ ਥੋੜ੍ਹੇ ਸਮੇਂ ਲਈ ਲੁਕਾ ਲਓ ਜਦ ਤਕ ਕ੍ਰੋਧ ਟਲ ਨਹੀਂ ਜਾਂਦਾ।” (ਯਸਾ. 26:20) ਸ਼ਾਇਦ ਮਹਾਂਕਸ਼ਟ ਦੌਰਾਨ ਸਾਨੂੰ ਵੀ ਇਹ ਹਿਦਾਇਤਾਂ ਮੰਨਣੀਆਂ ਪੈਣ। “ਕੋਠੜੀਆਂ” ਸ਼ਾਇਦ ਮੰਡਲੀਆਂ ਨੂੰ ਦਰਸਾਉਂਦੀਆਂ ਹਨ। ਯਹੋਵਾਹ ਵਾਅਦਾ ਕਰਦਾ ਹੈ ਕਿ ਜੇ ਅਸੀਂ ਮਹਾਂਕਸ਼ਟ ਦੌਰਾਨ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਉਸ ਦੀ ਸੇਵਾ ਕਰਦੇ ਰਹਾਂਗੇ, ਤਾਂ ਉਹ ਸਾਡੀ ਹਿਫਾਜ਼ਤ ਕਰੇਗਾ। ਇਸ ਲਈ ਸਾਨੂੰ ਆਪਣੇ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਸਹਿਣ ਵਿਚ ਹੀ ਨਹੀਂ, ਸਗੋਂ ਉਨ੍ਹਾਂ ਨੂੰ ਪਿਆਰ ਕਰਨ ਵਿਚ ਵੀ ਹੁਣ ਤੋਂ ਹੀ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਇਹ ਸਾਡੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ!

ਹੁਣ ਤੋਂ ਹੀ ਤਿਆਰੀ ਕਰੋ

17. ਜੇ ਅਸੀਂ ਹੁਣ ਤੋਂ ਹੀ ਤਿਆਰੀ ਕਰਾਂਗੇ, ਤਾਂ ਅਸੀਂ ਮਹਾਂਕਸ਼ਟ ਦੌਰਾਨ ਕੀ ਕਰ ਸਕਾਂਗੇ?

17 “ਯਹੋਵਾਹ ਦਾ ਮਹਾਨ ਦਿਨ” ਸਾਰੇ ਇਨਸਾਨਾਂ ਲਈ ਬਹੁਤ ਹੀ ਜ਼ਿਆਦਾ ਔਖਾ ਸਮਾਂ ਹੋਵੇਗਾ। (ਸਫ਼. 1:14, 15) ਯਹੋਵਾਹ ਦੇ ਲੋਕਾਂ ਨੂੰ ਵੀ ਮੁਸ਼ਕਲਾਂ ਝੱਲਣੀਆਂ ਪੈਣਗੀਆਂ। ਪਰ ਜੇ ਅਸੀਂ ਹੁਣ ਤੋਂ ਹੀ ਤਿਆਰੀ ਕਰਾਂਗੇ, ਤਾਂ ਅਸੀਂ ਸ਼ਾਂਤ ਰਹਿ ਸਕਾਂਗੇ ਅਤੇ ਦੂਜਿਆਂ ਦੀ ਮਦਦ ਕਰ ਸਕਾਂਗੇ। ਅਸੀਂ ਆਪਣੇ ਰਾਹ ਵਿਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਨੂੰ ਧੀਰਜ ਨਾਲ ਸਹਿ ਸਕਾਂਗੇ। ਜਦੋਂ ਸਾਡੇ ਭੈਣਾਂ-ਭਰਾਵਾਂ ʼਤੇ ਦੁੱਖ-ਮੁਸੀਬਤਾਂ ਆਉਂਦੀਆਂ ਹਨ, ਤਾਂ ਅਸੀਂ ਆਪਣੇ ਵੱਲੋਂ ਪੂਰੀ ਵਾਹ ਲਾ ਕੇ ਉਨ੍ਹਾਂ ਨੂੰ ਹਮਦਰਦੀ ਦਿਖਾਵਾਂਗੇ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਾਂਗੇ। ਨਾਲੇ ਜੇ ਅਸੀਂ ਹੁਣ ਤੋਂ ਹੀ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਨਾ ਸਿੱਖਿਆ ਹੈ, ਤਾਂ ਅਸੀਂ ਭਵਿੱਖ ਵਿਚ ਵੀ ਉਨ੍ਹਾਂ ਨੂੰ ਪਿਆਰ ਦਿਖਾ ਸਕਾਂਗੇ। ਫਿਰ ਯਹੋਵਾਹ ਸਾਨੂੰ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ ਜਿੱਥੇ ਅਸੀਂ ਹਰ ਤਰ੍ਹਾਂ ਦੀਆਂ ਆਫ਼ਤਾਂ ਅਤੇ ਦੁੱਖਾਂ ਨੂੰ ਭੁੱਲ ਜਾਵਾਂਗੇ।​—ਯਸਾ. 65:17.

ਗੀਤ 144 ਇਨਾਮ ʼਤੇ ਨਜ਼ਰ ਰੱਖੋ!

a ਮਹਾਂਕਸ਼ਟ ਛੇਤੀ ਹੀ ਸ਼ੁਰੂ ਹੋਣ ਵਾਲਾ ਹੈ। ਇਨਸਾਨਾਂ ਨੇ ਇਸ ਤੋਂ ਜ਼ਿਆਦਾ ਔਖਾ ਸਮਾਂ ਕਦੇ ਵੀ ਨਹੀਂ ਦੇਖਿਆ ਹੋਣਾ। ਇਸ ਸਮੇਂ ਲਈ ਤਿਆਰ ਹੋਣ ਵਾਸਤੇ ਸਾਨੂੰ ਧੀਰਜ, ਹਮਦਰਦੀ ਅਤੇ ਪਿਆਰ ਦੇ ਗੁਣ ਪੈਦਾ ਕਰਨ ਦੀ ਲੋੜ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਪਹਿਲੀ ਸਦੀ ਦੇ ਮਸੀਹੀਆਂ ਨੇ ਇਹ ਗੁਣ ਕਿਵੇਂ ਦਿਖਾਏ। ਅੱਜ ਅਸੀਂ ਇਹ ਗੁਣ ਕਿਵੇਂ ਦਿਖਾ ਸਕਦੇ ਹਾਂ ਅਤੇ ਇਹ ਗੁਣ ਮਹਾਂਕਸ਼ਟ ਲਈ ਤਿਆਰ ਹੋਣ ਵਿਚ ਸਾਡੀ ਕਿਵੇਂ ਮਦਦ ਕਰਨਗੇ।

b ਜਿਹੜੇ ਭੈਣ-ਭਰਾ ਰਾਹਤ ਕੰਮ ਵਿਚ ਹੱਥ ਵਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪਹਿਲਾਂ ਸਥਾਨਕ ਡੀਜ਼ਾਈਨ/ਉਸਾਰੀ ਦਾ ਫ਼ਾਰਮ (DC-50) ਜਾਂ ਵਾਲੰਟੀਅਰ ਪ੍ਰੋਗ੍ਰਾਮ ਦਾ ਫ਼ਾਰਮ (A-19) ਭਰਨਾ ਚਾਹੀਦਾ ਹੈ। ਫਿਰ ਜਦ ਤਕ ਇਸ ਕੰਮ ਲਈ ਸੱਦਾ ਨਹੀਂ ਮਿਲਦਾ, ਉਦੋਂ ਤਕ ਉਡੀਕ ਕਰੋ।