ਅਧਿਐਨ ਲੇਖ 31
“ਤਕੜੇ ਹੋਵੋ, ਦ੍ਰਿੜ੍ਹ ਬਣੋ”
“ਮੇਰੇ ਪਿਆਰੇ ਭਰਾਵੋ, ਤਕੜੇ ਹੋਵੋ, ਦ੍ਰਿੜ੍ਹ ਬਣੋ।”—1 ਕੁਰਿੰ. 15:58.
ਗੀਤ 122 ਤਕੜੇ ਹੋਵੋ, ਦ੍ਰਿੜ੍ਹ ਬਣੋ!
ਖ਼ਾਸ ਗੱਲਾਂ a
1-2. ਮਸੀਹੀ ਕਿਸ ਤਰੀਕੇ ਨਾਲ ਇਕ ਉੱਚੀ ਬਿਲਡਿੰਗ ਵਾਂਗ ਹਨ? (1 ਕੁਰਿੰਥੀਆਂ 15:58)
1978 ਵਿਚ ਜਪਾਨ ਦੇ ਟੋਕੀਓ ਸ਼ਹਿਰ ਵਿਚ 60 ਮੰਜ਼ਲਾ ਉੱਚੀ ਬਿਲਡਿੰਗ ਬਣਾਈ ਗਈ ਸੀ ਜੋ ਆਸਮਾਨ ਨੂੰ ਛੂੰਹਦੀ ਸੀ। ਲੋਕ ਇਸ ਗੱਲੋਂ ਹੈਰਾਨ ਸਨ ਕਿ ਇਹ ਬਿਲਡਿੰਗ ਕਿੱਦਾਂ ਖੜ੍ਹੀ ਰਹੇਗੀ ਕਿਉਂਕਿ ਉਸ ਸ਼ਹਿਰ ਵਿਚ ਅਕਸਰ ਭੁਚਾਲ਼ ਆਉਂਦੇ ਸਨ। ਭੁਚਾਲ਼ ਦੇ ਬਾਵਜੂਦ ਵੀ ਇਸ ਬਿਲਡਿੰਗ ਦੇ ਖੜ੍ਹੇ ਰਹਿਣ ਦਾ ਕੀ ਰਾਜ਼ ਸੀ? ਇੰਜੀਨੀਅਰਾਂ ਨੇ ਇਸ ਬਿਲਡਿੰਗ ਨੂੰ ਇਸ ਤਰ੍ਹਾਂ ਤਿਆਰ ਕੀਤਾ ਸੀ ਕਿ ਇਹ ਮਜ਼ਬੂਤ ਹੋਣ ਦੇ ਨਾਲ-ਨਾਲ ਲਚਕਦਾਰ ਵੀ ਸੀ। ਇਸ ਕਰਕੇ ਇਹ ਭੁਚਾਲ਼ ਆਉਣ ʼਤੇ ਝੂਲਣ ਦੇ ਬਾਵਜੂਦ ਵੀ ਡਿਗਣੀ ਨਹੀਂ ਸੀ। ਮਸੀਹੀ ਵੀ ਇਸ ਉੱਚੀ ਬਿਲਡਿੰਗ ਵਾਂਗ ਹਨ। ਕਿਵੇਂ?
2 ਉੱਚੀ ਬਿਲਡਿੰਗ ਵਾਂਗ ਮਸੀਹੀਆਂ ਨੂੰ ਮਜ਼ਬੂਤ ਹੋਣ ਦੇ ਨਾਲ-ਨਾਲ ਲਚਕਦਾਰ ਯਾਨੀ ਹਾਲਾਤਾਂ ਮੁਤਾਬਕ ਫੇਰ-ਬਦਲ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਮਸੀਹੀਆਂ ਨੂੰ ਯਹੋਵਾਹ ਦੇ ਕਾਨੂੰਨਾਂ ਅਤੇ ਮਿਆਰਾਂ ਮੁਤਾਬਕ ਚੱਲਣ ਦਾ ਦ੍ਰਿੜ੍ਹ ਇਰਾਦਾ ਰੱਖਣਾ ਚਾਹੀਦਾ ਹੈ। (1 ਕੁਰਿੰਥੀਆਂ 15:58 ਪੜ੍ਹੋ।) ਉਹ “ਕਹਿਣਾ ਮੰਨਣ ਲਈ ਤਿਆਰ” ਰਹਿੰਦੇ ਹਨ ਅਤੇ ਕਦੇ ਵੀ ਸਮਝੌਤਾ ਨਹੀਂ ਕਰਦੇ, ਪਰ ਉਹ ਹਾਲਾਤਾਂ ਜਾਂ ਲੋੜ ਮੁਤਾਬਕ ਫੇਰ-ਬਦਲ ਕਰਨ ਲਈ ਤਿਆਰ ਰਹਿੰਦੇ ਹਨ। (ਯਾਕੂ. 3:17) ਜਿਹੜੇ ਮਸੀਹੀਆਂ ਨੇ ਇਸ ਤਰ੍ਹਾਂ ਦਾ ਸਹੀ ਨਜ਼ਰੀਆ ਬਣਾਈ ਰੱਖਣਾ ਸਿੱਖਿਆ ਹੈ, ਉਹ ਨਾ ਤਾਂ ਅੜਬ ਹੁੰਦੇ ਹਨ ਤੇ ਨਾ ਹੀ ਖੁੱਲ੍ਹ ਦੇਣ ਵਾਲੇ। ਅਸੀਂ ਇਸ ਲੇਖ ਵਿਚ ਦੇਖਾਂਗੇ ਕਿ ਅਸੀਂ ਕਿਵੇਂ ਦ੍ਰਿੜ੍ਹ ਬਣ ਸਕਦੇ ਹਾਂ। ਅਸੀਂ ਸ਼ੈਤਾਨ ਦੇ ਪੰਜ ਤਰੀਕਿਆਂ ਬਾਰੇ ਵੀ ਜਾਣਾਂਗੇ ਜਿਨ੍ਹਾਂ ਨੂੰ ਵਰਤ ਕੇ ਉਹ ਸਾਡੇ ਇਰਾਦੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਾਲੇ ਸਿੱਖਾਂਗੇ ਕਿ ਅਸੀਂ ਸ਼ੈਤਾਨ ਦੀਆਂ ਕੋਸ਼ਿਸ਼ਾਂ ਕਿਵੇਂ ਨਾਕਾਮ ਕਰ ਸਕਦੇ ਹਾਂ।
ਅਸੀਂ ਦ੍ਰਿੜ੍ਹ ਕਿਵੇਂ ਬਣ ਸਕਦੇ ਹਾਂ?
3. ਰਸੂਲਾਂ ਦੇ ਕੰਮ 15:28, 29 ਵਿਚ ਯਹੋਵਾਹ ਨੇ ਸਾਨੂੰ ਕਿਹੜੇ ਹੁਕਮ ਦਿੱਤੇ ਹਨ?
3 ਯਹੋਵਾਹ ਕੋਲ ਹੀ ਕਾਨੂੰਨ ਬਣਾਉਣ ਦਾ ਸਭ ਤੋਂ ਜ਼ਿਆਦਾ ਅਧਿਕਾਰ ਹੈ। ਉਸ ਨੇ ਕਾਨੂੰਨਾਂ ਨੂੰ ਸੌਖੇ ਤਰੀਕੇ ਨਾਲ ਸਮਝਣ ਵਿਚ ਹਮੇਸ਼ਾ ਆਪਣੇ ਲੋਕਾਂ ਦੀ ਮਦਦ ਕੀਤੀ ਹੈ। (ਯਸਾ. 33:22) ਉਦਾਹਰਣ ਲਈ, ਪਹਿਲੀ ਸਦੀ ਦੀ ਪ੍ਰਬੰਧਕ ਸਭਾ ਨੇ ਤਿੰਨ ਮਾਮਲਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚ ਮਸੀਹੀਆਂ ਨੂੰ ਪੱਕੇ ਰਹਿਣਾ ਚਾਹੀਦਾ ਹੈ: (1) ਮੂਰਤੀ-ਪੂਜਾ ਨਹੀਂ ਕਰਨੀ, ਸਗੋਂ ਸਿਰਫ਼ ਯਹੋਵਾਹ ਦੀ ਭਗਤੀ ਕਰਨੀ ਹੈ, (2) ਖ਼ੂਨ ਨੂੰ ਪਵਿੱਤਰ ਸਮਝਣਾ ਹੈ ਅਤੇ (3) ਬਾਈਬਲ ਦੇ ਉੱਚੇ-ਸੁੱਚੇ ਮਿਆਰਾਂ ʼਤੇ ਚੱਲਣਾ ਹੈ। (ਰਸੂਲਾਂ ਦੇ ਕੰਮ 15:28, 29 ਪੜ੍ਹੋ।) ਅੱਜ ਮਸੀਹੀ ਇਨ੍ਹਾਂ ਤਿੰਨਾਂ ਮਾਮਲਿਆਂ ਵਿਚ ਮਜ਼ਬੂਤੀ ਨਾਲ ਖੜ੍ਹੇ ਕਿਵੇਂ ਰਹਿ ਸਕਦੇ ਹਨ?
4. ਅਸੀਂ ਸਿਰਫ਼ ਯਹੋਵਾਹ ਦੀ ਹੀ ਭਗਤੀ ਕਿਵੇਂ ਕਰਦੇ ਹਾਂ? (ਪ੍ਰਕਾਸ਼ ਦੀ ਕਿਤਾਬ 4:11)
4 ਅਸੀਂ ਮੂਰਤੀ-ਪੂਜਾ ਨਹੀਂ ਕਰਦੇ, ਸਗੋਂ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਦੇ ਹਾਂ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਸਿਰਫ਼ ਉਸ ਦੀ ਹੀ ਭਗਤੀ ਕਰਨ। (ਬਿਵ. 5:6-10) ਨਾਲੇ ਜਦੋਂ ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ, ਤਾਂ ਯਿਸੂ ਨੇ ਵੀ ਸਾਫ਼-ਸਾਫ਼ ਕਿਹਾ ਸੀ ਕਿ ਸਾਨੂੰ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਨੀ ਚਾਹੀਦੀ ਹੈ। (ਮੱਤੀ 4:8-10) ਇਸ ਕਰਕੇ ਅਸੀਂ ਮੂਰਤੀ-ਪੂਜਾ ਨਹੀਂ ਕਰਦੇ। ਅਸੀਂ ਇਨਸਾਨਾਂ ਦੀ ਵੀ ਪੂਜਾ ਨਹੀਂ ਕਰਦੇ, ਫਿਰ ਚਾਹੇ ਉਹ ਧਾਰਮਿਕ ਆਗੂ, ਰਾਜਨੀਤਿਕ ਨੇਤਾ, ਖੇਡ ਜਾਂ ਮਨੋਰੰਜਨ ਦੀ ਦੁਨੀਆਂ ਦੇ ਸਿਤਾਰੇ ਹੀ ਕਿਉਂ ਨਾ ਹੋਣ। ਅਸੀਂ ਉਨ੍ਹਾਂ ਨੂੰ ਰੱਬ ਦਾ ਦਰਜਾ ਨਹੀਂ ਦਿੰਦੇ। ਅਸੀਂ ਯਹੋਵਾਹ ਦਾ ਪੱਖ ਲੈਂਦੇ ਹਾਂ ਅਤੇ ਸਿਰਫ਼ ਉਸ ਦੀ ਹੀ ਭਗਤੀ ਕਰਦੇ ਹਾਂ ਜਿਸ ਨੇ “ਸਾਰੀਆਂ ਚੀਜ਼ਾਂ ਸਿਰਜੀਆਂ” ਹਨ।—ਪ੍ਰਕਾਸ਼ ਦੀ ਕਿਤਾਬ 4:11 ਪੜ੍ਹੋ।
5. ਯਹੋਵਾਹ ਦਾ ਹੁਕਮ ਮੰਨਦੇ ਹੋਏ ਅਸੀਂ ਜ਼ਿੰਦਗੀ ਅਤੇ ਖ਼ੂਨ ਨੂੰ ਪਵਿੱਤਰ ਕਿਉਂ ਸਮਝਦੇ ਹਾਂ?
5 ਯਹੋਵਾਹ ਦਾ ਹੁਕਮ ਮੰਨਦੇ ਹੋਏ ਅਸੀਂ ਜ਼ਿੰਦਗੀ ਅਤੇ ਖ਼ੂਨ ਨੂੰ ਪਵਿੱਤਰ ਸਮਝਦੇ ਹਾਂ। ਕਿਉਂ? ਕਿਉਂਕਿ ਯਹੋਵਾਹ ਨੇ ਕਿਹਾ ਹੈ ਕਿ ਖ਼ੂਨ ਜ਼ਿੰਦਗੀ ਨੂੰ ਦਰਸਾਉਂਦਾ ਹੈ ਅਤੇ ਇਹ ਉਸ ਵੱਲੋਂ ਅਨਮੋਲ ਤੋਹਫ਼ਾ ਹੈ। (ਲੇਵੀ. 17:14) ਜਦੋਂ ਯਹੋਵਾਹ ਨੇ ਇਨਸਾਨਾਂ ਨੂੰ ਪਹਿਲੀ ਵਾਰ ਮਾਸ ਖਾਣ ਦੀ ਇਜਾਜ਼ਤ ਦਿੱਤੀ, ਤਾਂ ਉਸ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਉਨ੍ਹਾਂ ਨੇ ਮਾਸ ਖ਼ੂਨ ਸਣੇ ਨਹੀਂ ਖਾਣਾ। (ਉਤ. 9:4) ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮੂਸਾ ਦਾ ਕਾਨੂੰਨ ਦਿੰਦਿਆਂ ਇਹ ਹੁਕਮ ਫਿਰ ਤੋਂ ਦੁਹਰਾਇਆ। (ਲੇਵੀ. 17:10) ਇਸ ਤੋਂ ਇਲਾਵਾ, ਯਹੋਵਾਹ ਨੇ ਪਹਿਲੀ ਸਦੀ ਦੀ ਪ੍ਰਬੰਧਕ ਸਭਾ ਦੁਆਰਾ ਸਾਰੇ ਮਸੀਹੀਆਂ ਨੂੰ ਇਹ ਹਿਦਾਇਤ ਦਿੱਤੀ ਕਿ ਉਹ ‘ਖ਼ੂਨ ਤੋਂ ਦੂਰ ਰਹਿਣ।’ (ਰਸੂ. 15:28, 29) ਇਲਾਜ ਸੰਬੰਧੀ ਫ਼ੈਸਲੇ ਕਰਦਿਆਂ ਅਸੀਂ ਯਹੋਵਾਹ ਦੇ ਇਸ ਹੁਕਮ ਨੂੰ ਹਰ ਹਾਲ ਵਿਚ ਮੰਨਦੇ ਹਾਂ। b
6. ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਣ ਲਈ ਅਸੀਂ ਕੀ ਕਰਨ ਦੀ ਕੋਸ਼ਿਸ਼ ਕਰਦੇ ਹਾਂ?
6 ਅਸੀਂ ਪੂਰੇ ਧਿਆਨ ਨਾਲ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ʼਤੇ ਚੱਲਦੇ ਹਾਂ। (ਇਬ. 13:4) ਪੌਲੁਸ ਰਸੂਲ ਨੇ ਤਸਵੀਰੀ ਭਾਸ਼ਾ ਵਰਤ ਕੇ ਸਾਨੂੰ ਸਲਾਹ ਦਿੱਤੀ ਕਿ ਅਸੀਂ ਆਪਣੇ ਸਰੀਰ ਦੇ ਅੰਗਾਂ ਨੂੰ ‘ਵੱਢ ਸੁੱਟੀਏ।’ ਇਸ ਦਾ ਮਤਲਬ ਹੈ ਕਿ ਸਾਨੂੰ ਆਪਣੇ ਅੰਦਰੋਂ ਹਰ ਤਰ੍ਹਾਂ ਦੀ ਬੁਰੀ ਇੱਛਾ ਨੂੰ ਕੱਢਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਇੱਦਾਂ ਦਾ ਕੁਝ ਵੀ ਨਹੀਂ ਦੇਖਦੇ ਜਾਂ ਕਰਦੇ ਜਿਸ ਕਰਕੇ ਅਸੀਂ ਹਰਾਮਕਾਰੀ ਕਰ ਬੈਠੀਏ। (ਕੁਲੁ. 3:5; ਅੱਯੂ. 31:1) ਜਦੋਂ ਵੀ ਸਾਡੇ ʼਤੇ ਕੋਈ ਪਰੀਖਿਆ ਆਉਂਦੀ ਹੈ, ਤਾਂ ਅਸੀਂ ਤੁਰੰਤ ਬੁਰੇ ਖ਼ਿਆਲ ਨੂੰ ਆਪਣੇ ਮਨੋਂ ਕੱਢ ਦਿੰਦੇ ਹਾਂ ਅਤੇ ਅਜਿਹਾ ਕੁਝ ਵੀ ਨਹੀਂ ਕਰਦੇ ਜਿਸ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਜਾਵੇ।
7. ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਅਤੇ ਕਿਉਂ?
7 ਯਹੋਵਾਹ ਚਾਹੁੰਦਾ ਹੈ ਕਿ ਅਸੀਂ “ਦਿਲੋਂ” ਉਸ ਦਾ ਕਹਿਣਾ ਮੰਨੀਏ। (ਰੋਮੀ. 6:17) ਅਸੀਂ ਇਹ ਫ਼ੈਸਲਾ ਨਹੀਂ ਕਰ ਸਕਦੇ ਕਿ ਅਸੀਂ ਉਸ ਦੇ ਕਿਹੜੇ ਕਾਨੂੰਨ ਮੰਨਾਂਗੇ ਤੇ ਕਿਹੜੇ ਨਹੀਂ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਦਾ ਕਹਿਣਾ ਮੰਨ ਕੇ ਸਾਡਾ ਹਮੇਸ਼ਾ ਭਲਾ ਹੁੰਦਾ ਹੈ। (ਯਸਾ. 48:17, 18; 1 ਕੁਰਿੰ. 6:9, 10) ਅਸੀਂ ਪੂਰੀ ਵਾਹ ਲਾ ਕੇ ਯਹੋਵਾਹ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਜ਼ਬੂਰਾਂ ਦੇ ਲਿਖਾਰੀ ਵਰਗਾ ਰਵੱਈਆ ਰੱਖਦੇ ਹਾਂ ਜਿਸ ਨੇ ਕਿਹਾ ਸੀ: “ਮੈਂ ਸਾਰੀ ਜ਼ਿੰਦਗੀ ਤੇਰੇ ਨਿਯਮਾਂ ਦੀ ਪਾਲਣਾ ਕਰਾਂਗਾ। ਮੈਂ ਮਰਨ ਤਕ ਇਸ ਤਰ੍ਹਾਂ ਕਰਨ ਦਾ ਪੱਕਾ ਇਰਾਦਾ ਕੀਤਾ ਹੈ।” (ਜ਼ਬੂ. 119:112) ਪਰ ਸ਼ੈਤਾਨ ਸਾਡੇ ਇਰਾਦੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਕਿਹੜੇ ਤਰੀਕੇ ਵਰਤਦਾ ਹੈ?
ਸ਼ੈਤਾਨ ਸਾਡੇ ਇਰਾਦੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਿਵੇਂ ਕਰਦਾ ਹੈ?
8. ਸ਼ੈਤਾਨ ਸਾਡੇ ਇਰਾਦੇ ਨੂੰ ਕਮਜ਼ੋਰ ਕਰਨ ਲਈ ਜ਼ੁਲਮਾਂ ਨੂੰ ਕਿਵੇਂ ਵਰਤਦਾ ਹੈ?
8 ਜ਼ੁਲਮ। ਸ਼ੈਤਾਨ ਸਾਡੇ ਇਰਾਦੇ ਨੂੰ ਕਮਜ਼ੋਰ ਕਰਨ ਲਈ ਸਾਡੇ ʼਤੇ ਜ਼ੁਲਮ ਕਰਾਉਂਦਾ ਹੈ ਤੇ ਮਾਨਸਿਕ ਦਬਾਅ ਪਾਉਂਦਾ ਹੈ। ਉਸ ਦਾ ਮਕਸਦ ਸਾਨੂੰ ‘ਨਿਗਲ਼ ਜਾਣ’ ਦਾ ਯਾਨੀ ਯਹੋਵਾਹ ਨਾਲ ਸਾਡਾ ਰਿਸ਼ਤਾ ਤੋੜਨ ਦਾ ਹੈ। (1 ਪਤ. 5:8) ਪਹਿਲੀ ਸਦੀ ਦੇ ਮਸੀਹੀਆਂ ਨੇ ਯਹੋਵਾਹ ਦੇ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ। ਇਸ ਕਰਕੇ ਉਨ੍ਹਾਂ ਨੂੰ ਡਰਾਇਆ-ਧਮਕਾਇਆ ਗਿਆ, ਮਾਰਿਆ-ਕੁੱਟਿਆ ਗਿਆ ਅਤੇ ਜਾਨੋਂ ਮਾਰ ਦਿੱਤਾ ਗਿਆ। (ਰਸੂ. 5:27, 28, 40; 7:54-60) ਸ਼ੈਤਾਨ ਅੱਜ ਵੀ ਜ਼ੁਲਮਾਂ ਦਾ ਸਹਾਰਾ ਲੈਂਦਾ ਹੈ। ਉਦਾਹਰਣ ਲਈ, ਰੂਸ ਅਤੇ ਹੋਰ ਦੇਸ਼ਾਂ ਵਿਚ ਵਿਰੋਧੀ ਸਾਡੇ ਭੈਣਾਂ-ਭਰਾਵਾਂ ਨਾਲ ਬੇਰਹਿਮੀ ਨਾਲ ਪੇਸ਼ ਆਉਂਦੇ ਹਨ। ਨਾਲੇ ਵਿਰੋਧੀ ਅਲੱਗ-ਅਲੱਗ ਤਰੀਕਿਆਂ ਨਾਲ ਸਾਡੇ ਭੈਣਾਂ-ਭਰਾਵਾਂ ʼਤੇ ਜ਼ੁਲਮ ਕਰਦੇ ਹਨ।
9. ਗੁੱਝੇ ਦਬਾਵਾਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਬਾਰੇ ਸਮਝਾਓ।
9 ਗੁੱਝੇ ਦਬਾਅ। ਸ਼ੈਤਾਨ ਜ਼ੁਲਮ ਕਰਨ ਦੇ ਨਾਲ-ਨਾਲ “ਚਾਲਾਂ” ਵੀ ਚੱਲਦਾ ਹੈ। (ਅਫ਼. 6:11) ਜ਼ਰਾ ਭਰਾ ਬੌਬ ਦੀ ਮਿਸਾਲ ʼਤੇ ਗੌਰ ਕਰੋ ਜਿਸ ਦਾ ਇਕ ਵੱਡਾ ਓਪਰੇਸ਼ਨ ਹੋਣਾ ਸੀ। ਉਸ ਨੇ ਡਾਕਟਰਾਂ ਨੂੰ ਦੱਸਿਆ ਕਿ ਉਹ ਕਿਸੇ ਵੀ ਹਾਲਤ ਵਿਚ ਖ਼ੂਨ ਨਹੀਂ ਲਵੇਗਾ। ਡਾਕਟਰ ਉਸ ਦੇ ਫ਼ੈਸਲੇ ਨਾਲ ਸਹਿਮਤ ਹੋ ਗਿਆ। ਪਰ ਓਪਰੇਸ਼ਨ ਤੋਂ ਇਕ ਰਾਤ ਪਹਿਲਾਂ ਜਦੋਂ ਬੌਬ ਦੇ ਘਰਦੇ ਚਲੇ ਗਏ, ਤਾਂ ਇਕ ਹੋਰ ਡਾਕਟਰ ਬੌਬ ਕੋਲ ਆਇਆ। ਉਸ ਨੇ ਬੌਬ ਨੂੰ ਕਿਹਾ ਕਿ ਉਹ ਉਸ ਨੂੰ ਖ਼ੂਨ ਨਹੀਂ ਚੜ੍ਹਾਉਣਗੇ, ਪਰ ਖ਼ੂਨ ਕੋਲ ਹੀ ਰੱਖਣਗੇ ਕਿਉਂਕਿ ਸ਼ਾਇਦ ਖ਼ੂਨ ਦੀ ਲੋੜ ਪੈ ਜਾਵੇ। ਡਾਕਟਰ ਨੂੰ ਸ਼ਾਇਦ ਲੱਗਾ ਕਿ ਜੇ ਬੌਬ ਦੇ ਘਰਦੇ ਲਾਗੇ ਨਹੀਂ ਹੋਣਗੇ, ਤਾਂ ਉਹ ਆਪਣਾ ਮਨ ਬਦਲ ਲਵੇਗਾ। ਪਰ ਬੌਬ ਆਪਣੇ ਫ਼ੈਸਲੇ ʼਤੇ ਪੱਕਾ ਰਿਹਾ ਅਤੇ ਉਸ ਨੇ ਕਿਹਾ ਕਿ ਉਸ ਨੂੰ ਕਿਸੇ ਵੀ ਹਾਲਤ ਵਿਚ ਖ਼ੂਨ ਨਾ ਚੜ੍ਹਾਇਆ ਜਾਵੇ।
10. ਇਨਸਾਨੀ ਸੋਚ ਇਕ ਫੰਦਾ ਕਿਉਂ ਹੈ? (1 ਕੁਰਿੰਥੀਆਂ 3:19, 20)
10 ਇਨਸਾਨੀ ਸੋਚ। ਜੇ ਅਸੀਂ ਮਾਮਲਿਆਂ ਨੂੰ ਇਨਸਾਨੀ ਨਜ਼ਰੀਏ ਤੋਂ ਦੇਖਦੇ ਹਾਂ, ਤਾਂ ਹੋ ਸਕਦਾ ਹੈ ਕਿ ਅਸੀਂ ਯਹੋਵਾਹ ਅਤੇ ਉਸ ਦੇ ਮਿਆਰਾਂ ਨੂੰ ਅਣਗੌਲਿਆ ਕਰਨ ਲੱਗ ਪਈਏ। (1 ਕੁਰਿੰਥੀਆਂ 3:19, 20 ਪੜ੍ਹੋ।) “ਇਸ ਦੁਨੀਆਂ ਦੀ ਬੁੱਧ” ਦੇ ਅਸਰ ਹੇਠ ਲੋਕ ਅਕਸਰ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਨੂੰ ਪਹਿਲ ਦਿੰਦੇ ਹਨ। ਪਰਗਮੁਮ ਅਤੇ ਥੂਆਤੀਰਾ ਦੇ ਲੋਕ ਮੂਰਤੀ-ਪੂਜਾ ਅਤੇ ਬਦਚਲਣੀ ਭਰੇ ਕੰਮ ਕਰਦੇ ਸਨ। ਇਨ੍ਹਾਂ ਦਾ ਅਸਰ ਉੱਥੇ ਦੇ ਕੁਝ ਮਸੀਹੀਆਂ ʼਤੇ ਵੀ ਪਿਆ। ਯਿਸੂ ਨੇ ਇਨ੍ਹਾਂ ਦੋਹਾਂ ਮੰਡਲੀਆਂ ਨੂੰ ਸਖ਼ਤ ਸਲਾਹ ਦਿੱਤੀ ਕਿਉਂਕਿ ਇਹ ਹਰਾਮਕਾਰੀ ਨੂੰ ਬਰਦਾਸ਼ਤ ਕਰ ਰਹੀਆਂ ਸਨ। (ਪ੍ਰਕਾ. 2:14, 20) ਅੱਜ ਲੋਕ ਸਾਡੇ ʼਤੇ ਵੀ ਗ਼ਲਤ ਸੋਚ ਅਪਣਾਉਣ ਦਾ ਦਬਾਅ ਪਾਉਂਦੇ ਹਨ। ਸਾਡੇ ਘਰਦੇ ਅਤੇ ਜਾਣ-ਪਛਾਣ ਵਾਲੇ ਸ਼ਾਇਦ ਸਾਨੂੰ ਭਾਵੁਕ ਕਰਨ ਅਤੇ ਸਾਡੇ ʼਤੇ ਯਹੋਵਾਹ ਦੇ ਕਾਨੂੰਨਾਂ ਨਾਲ ਸਮਝੌਤਾ ਕਰਨ ਦਾ ਦਬਾਅ ਪਾਉਣ। ਉਦਾਹਰਣ ਲਈ, ਉਹ ਦਾਅਵਾ ਕਰਨ ਕਿ ਗ਼ਲਤ ਇੱਛਾਵਾਂ ਪੂਰੀਆਂ ਕਰਨ ਵਿਚ ਕੋਈ ਖ਼ਰਾਬੀ ਨਹੀਂ ਹੈ ਅਤੇ ਬਾਈਬਲ ਦੇ ਨੈਤਿਕ ਮਿਆਰ ਪੁਰਾਣੇ ਹੋ ਚੁੱਕੇ ਹਨ।
11. ਆਪਣੇ ਇਰਾਦੇ ਨੂੰ ਪੱਕਾ ਰੱਖਣ ਲਈ ਸਾਨੂੰ ਕੀ ਕਰਨ ਤੋਂ ਬਚਣਾ ਚਾਹੀਦਾ ਹੈ?
11 ਕਦੇ-ਕਦਾਈਂ ਸਾਨੂੰ ਲੱਗ ਸਕਦਾ ਹੈ ਕਿ ਯਹੋਵਾਹ ਸਾਨੂੰ ਜੋ ਹਿਦਾਇਤਾਂ ਦਿੰਦਾ ਹੈ, ਉਹ ਕਾਫ਼ੀ ਨਹੀਂ ਹਨ। ਪਰਮੇਸ਼ੁਰ ਦੇ ਬਚਨ ਵਿਚ “ਜੋ ਲਿਖਿਆ ਗਿਆ ਹੈ,” ਅਸੀਂ ਸ਼ਾਇਦ ਉਸ ਤੋਂ ਵਾਧੂ ਕੁਝ ਕਰਨ ਲਈ ਭਰਮਾਏ ਜਾਈਏ। (1 ਕੁਰਿੰ. 4:6) ਯਿਸੂ ਦੇ ਜ਼ਮਾਨੇ ਦੇ ਧਾਰਮਿਕ ਆਗੂਆਂ ਨੇ ਵੀ ਇਹੀ ਗ਼ਲਤੀ ਕੀਤੀ ਸੀ। ਉਨ੍ਹਾਂ ਨੇ ਮੂਸਾ ਦੇ ਕਾਨੂੰਨ ਵਿਚ ਆਪਣੇ ਕਾਨੂੰਨ ਮਿਲਾ ਕੇ ਆਮ ਲੋਕਾਂ ʼਤੇ ਭਾਰੀ ਬੋਝ ਪਾ ਦਿੱਤਾ ਸੀ। (ਮੱਤੀ 23:4) ਯਹੋਵਾਹ ਆਪਣੇ ਬਚਨ ਅਤੇ ਸੰਗਠਨ ਰਾਹੀਂ ਸਾਨੂੰ ਸਾਫ਼-ਸਾਫ਼ ਹਿਦਾਇਤਾਂ ਦਿੰਦਾ ਹੈ। ਉਹ ਸਾਨੂੰ ਜੋ ਵੀ ਹਿਦਾਇਤਾਂ ਦਿੰਦਾ ਹੈ, ਸਾਨੂੰ ਉਨ੍ਹਾਂ ਵਿਚ ਫੇਰ-ਬਦਲ ਕਰਨ ਦੀ ਲੋੜ ਨਹੀਂ ਹੈ। (ਕਹਾ. 3:5-7) ਇਸ ਤਰ੍ਹਾਂ ਬਾਈਬਲ ਵਿਚ ਜੋ ਲਿਖਿਆ ਗਿਆ ਹੈ, ਅਸੀਂ ਉਸ ਤੋਂ ਵਾਧੂ ਕੁਝ ਨਹੀਂ ਕਰਦੇ ਜਾਂ ਨਿੱਜੀ ਮਾਮਲਿਆਂ ਬਾਰੇ ਭੈਣਾਂ-ਭਰਾਵਾਂ ਲਈ ਆਪਣੇ ਕਾਨੂੰਨ ਨਹੀਂ ਬਣਾਉਂਦੇ।
12. ਸ਼ੈਤਾਨ “ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ” ਕਿਵੇਂ ਫੈਲਾਉਂਦਾ ਹੈ?
12 ਧੋਖਾ ਦੇਣ ਵਾਲੀਆਂ ਗੱਲਾਂ। ਸ਼ੈਤਾਨ “ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ” ਅਤੇ “ਦੁਨੀਆਂ ਦੇ ਬੁਨਿਆਦੀ ਅਸੂਲਾਂ” ਨੂੰ ਵਰਤ ਕੇ ਲੋਕਾਂ ਨੂੰ ਗੁਮਰਾਹ ਕਰਦਾ ਹੈ ਅਤੇ ਉਨ੍ਹਾਂ ਵਿਚ ਫੁੱਟ ਪਾਉਂਦਾ ਹੈ। (ਕੁਲੁ. 2:8) ਪਹਿਲੀ ਸਦੀ ਵਿਚ ਸ਼ੈਤਾਨ ਨੇ ਖੋਖਲੀਆਂ ਗੱਲਾਂ ਵਰਤੀਆਂ, ਜਿਵੇਂ ਕਿ ਇਨਸਾਨੀ ਸੋਚ ʼਤੇ ਆਧਾਰਿਤ ਫ਼ਲਸਫ਼ੇ, ਯਹੂਦੀਆਂ ਦੀਆਂ ਆਪਣੀਆਂ ਸਿੱਖਿਆਵਾਂ ਅਤੇ ਇਹ ਸਿੱਖਿਆ ਕਿ ਮਸੀਹੀਆਂ ਨੂੰ ਮੂਸਾ ਦੇ ਕਾਨੂੰਨ ਮੁਤਾਬਕ ਚੱਲਣਾ ਚਾਹੀਦਾ। ਇਹ ਧੋਖਾ ਦੇਣ ਵਾਲੀਆਂ ਗੱਲਾਂ ਸਨ ਕਿਉਂਕਿ ਇਨ੍ਹਾਂ ਕਰਕੇ ਲੋਕਾਂ ਦਾ ਧਿਆਨ ਸੱਚੀ ਬੁੱਧ ਦੇ ਸੋਮੇ ਯਹੋਵਾਹ ਤੋਂ ਹਟ ਗਿਆ। ਅੱਜ ਵੀ ਸ਼ੈਤਾਨ ਸੋਸ਼ਲ ਮੀਡੀਆ ਅਤੇ ਰਾਜਨੀਤਿਕ ਨੇਤਾਵਾਂ ਰਾਹੀਂ ਅਫ਼ਵਾਹਾਂ ਅਤੇ ਝੂਠੀਆਂ ਖ਼ਬਰਾਂ ਫੈਲਾਉਂਦਾ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਇੱਦਾਂ ਦੀਆਂ ਖ਼ਬਰਾਂ ਦੀ ਭਰਮਾਰ ਸੀ। c ਬਹੁਤ ਸਾਰੇ ਲੋਕ ਇਨ੍ਹਾਂ ਗੁਮਰਾਹ ਕਰਨ ਵਾਲੀਆਂ ਖ਼ਬਰਾਂ ਕਰਕੇ ਹੱਦੋਂ ਵੱਧ ਚਿੰਤਾ ਕਰਨ ਲੱਗ ਪਏ। ਪਰ ਜਿਨ੍ਹਾਂ ਗਵਾਹਾਂ ਨੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਨੂੰ ਸੁਣਿਆ, ਉਹ ਫਾਲਤੂ ਦੀਆਂ ਚਿੰਤਾਵਾਂ ਤੋਂ ਬਚੇ ਰਹੇ।—ਮੱਤੀ 24:45.
13. ਸਾਨੂੰ ਧਿਆਨ ਭਟਕਾਉਣ ਵਾਲੀਆਂ ਗੱਲਾਂ ਤੋਂ ਕਿਉਂ ਬਚਣਾ ਚਾਹੀਦਾ ਹੈ?
13 ਧਿਆਨ ਭਟਕਾਉਣ ਵਾਲੀਆਂ ਗੱਲਾਂ। ਸਾਨੂੰ “ਜ਼ਿਆਦਾ ਜ਼ਰੂਰੀ ਗੱਲਾਂ” ਉੱਤੇ ਧਿਆਨ ਲਾਈ ਰੱਖਣਾ ਚਾਹੀਦਾ ਹੈ। (ਫ਼ਿਲਿ. 1:9, 10) ਧਿਆਨ ਭਟਕਾਉਣ ਵਾਲੀਆਂ ਗੱਲਾਂ ਕਰਕੇ ਸਾਡਾ ਕਾਫ਼ੀ ਸਮਾਂ ਅਤੇ ਤਾਕਤ ਖ਼ਰਾਬ ਹੋ ਸਕਦੀ ਹੈ। ਜੇ ਅਸੀਂ ਆਪਣਾ ਸਾਰਾ ਧਿਆਨ ਖਾਣ-ਪੀਣ, ਮਨੋਰੰਜਨ ਅਤੇ ਕੰਮ ਵਗੈਰਾ ʼਤੇ ਹੀ ਲਾਉਂਦੇ ਹਾਂ, ਤਾਂ ਸਾਡਾ ਧਿਆਨ ਭਟਕ ਸਕਦਾ ਹੈ। (ਲੂਕਾ 21:34, 35) ਨਾਲੇ ਹਰ ਰੋਜ਼ ਸਾਨੂੰ ਸਮਾਜਕ ਅਤੇ ਰਾਜਨੀਤਿਕ ਮਸਲਿਆਂ ਬਾਰੇ ਖ਼ਬਰਾਂ ਪੜ੍ਹਨ ਤੇ ਸੁਣਨ ਨੂੰ ਮਿਲਦੀਆਂ ਹਨ। ਸਾਨੂੰ ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਮਸਲਿਆਂ ਕਰਕੇ ਸਾਡਾ ਧਿਆਨ ਨਾ ਭਟਕੇ। ਨਹੀਂ ਤਾਂ ਹੋ ਸਕਦਾ ਹੈ ਕਿ ਅਸੀਂ ਆਪਣੇ ਦਿਲ-ਦਿਮਾਗ਼ ਵਿਚ ਇਨ੍ਹਾਂ ਦਾ ਪੱਖ ਲੈਣ ਲੱਗ ਪਈਏ। ਸ਼ੈਤਾਨ ਉੱਪਰ ਦੱਸੇ ਸਾਰੇ ਤਰੀਕੇ ਵਰਤ ਕੇ ਸਹੀ ਕੰਮ ਕਰਨ ਦੇ ਸਾਡੇ ਇਰਾਦੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਆਓ ਆਪਾਂ ਦੇਖੀਏ ਕਿ ਅਸੀਂ ਉਸ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਿਵੇਂ ਕਰ ਸਕਦੇ ਹਾਂ ਅਤੇ ਆਪਣਾ ਇਰਾਦਾ ਮਜ਼ਬੂਤ ਕਿਵੇਂ ਬਣਾਈ ਰੱਖ ਸਕਦੇ ਹਾਂ।
ਅਸੀਂ ਆਪਣਾ ਇਰਾਦਾ ਮਜ਼ਬੂਤ ਕਿਵੇਂ ਬਣਾਈ ਰੱਖ ਸਕਦੇ ਹਾਂ?
14. ਕਿਹੜੀ ਗੱਲ ਕਰਕੇ ਅਸੀਂ ਯਹੋਵਾਹ ਦਾ ਪੱਖ ਲੈਣ ਦਾ ਆਪਣਾ ਇਰਾਦਾ ਮਜ਼ਬੂਤ ਬਣਾਈ ਰੱਖ ਸਕਦੇ ਹਾਂ?
14 ਆਪਣੇ ਸਮਰਪਣ ਅਤੇ ਬਪਤਿਸਮੇ ਬਾਰੇ ਸੋਚ-ਵਿਚਾਰ ਕਰੋ। ਯਹੋਵਾਹ ਦਾ ਪੱਖ ਲੈਣ ਲਈ ਤੁਸੀਂ ਇਹ ਕਦਮ ਚੁੱਕੇ ਸਨ। ਜ਼ਰਾ ਸੋਚੋ ਕਿ ਕਿਹੜੀ ਗੱਲ ਕਰਕੇ ਤੁਹਾਨੂੰ ਯਕੀਨ ਹੋ ਗਿਆ ਕਿ ਤੁਹਾਨੂੰ ਸੱਚਾਈ ਮਿਲ ਗਈ ਹੈ। ਤੁਸੀਂ ਯਹੋਵਾਹ ਬਾਰੇ ਸਹੀ ਗਿਆਨ ਲਿਆ, ਉਸ ਨੂੰ ਆਪਣੇ ਸਵਰਗੀ ਪਿਤਾ ਵਜੋਂ ਪਿਆਰ ਕਰਨ ਲੱਗ ਪਏ ਅਤੇ ਉਸ ਦਾ ਆਦਰ ਕਰਨ ਲੱਗ ਪਏ। ਤੁਸੀਂ ਨਿਹਚਾ ਕਰਨ ਲੱਗ ਪਏ ਅਤੇ ਦਿਲੋਂ ਤੋਬਾ ਕਰਨ ਲਈ ਪ੍ਰੇਰਿਤ ਹੋਏ। ਨਾਲੇ ਤੁਸੀਂ ਬੁਰੇ ਕੰਮ ਕਰਨੇ ਛੱਡੇ ਦਿੱਤੇ ਅਤੇ ਪਰਮੇਸ਼ੁਰ ਦੀ ਇੱਛਾ ਮੁਤਾਬਕ ਆਪਣੀ ਜ਼ਿੰਦਗੀ ਜੀਉਣੀ ਸ਼ੁਰੂ ਕਰ ਦਿੱਤੀ। ਤੁਹਾਨੂੰ ਇਹ ਜਾਣ ਕੇ ਸਕੂਨ ਮਿਲਿਆ ਕਿ ਪਰਮੇਸ਼ੁਰ ਨੇ ਤੁਹਾਨੂੰ ਮਾਫ਼ ਕਰ ਦਿੱਤਾ ਹੈ। (ਜ਼ਬੂ. 32:1, 2) ਤੁਸੀਂ ਮੀਟਿੰਗਾਂ ਵਿਚ ਜਾਣ ਲੱਗ ਪਏ ਅਤੇ ਸਿੱਖੀਆਂ ਗੱਲਾਂ ਦੂਜਿਆਂ ਨੂੰ ਦੱਸਣ ਲੱਗ ਪਏ। ਫਿਰ ਤੁਸੀਂ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ। ਹੁਣ ਤੁਸੀਂ ਜ਼ਿੰਦਗੀ ਦੇ ਰਾਹ ʼਤੇ ਚੱਲ ਰਹੇ ਹੋ। ਤੁਸੀਂ ਪੱਕਾ ਇਰਾਦਾ ਕਰ ਲਿਆ ਹੈ ਕਿ ਤੁਸੀਂ ਇਸ ਰਾਹ ʼਤੇ ਚੱਲਦੇ ਰਹੋਗੇ।—ਮੱਤੀ 7:13, 14.
15. ਅਧਿਐਨ ਅਤੇ ਸੋਚ-ਵਿਚਾਰ ਕਰ ਕੇ ਸਾਨੂੰ ਕਿਉਂ ਫ਼ਾਇਦਾ ਹੁੰਦਾ ਹੈ?
15 ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰੋ ਅਤੇ ਇਸ ʼਤੇ ਸੋਚ-ਵਿਚਾਰ ਕਰੋ। ਦਰਖ਼ਤ ਦੀਆਂ ਜੜ੍ਹਾਂ ਡੂੰਘੀਆਂ ਹੋਣ ਕਰਕੇ ਹੀ ਉਹ ਮਜ਼ਬੂਤੀ ਨਾਲ ਖੜ੍ਹਾ ਰਹਿ ਸਕਦਾ ਹੈ। ਉਸੇ ਤਰ੍ਹਾਂ ਯਹੋਵਾਹ ʼਤੇ ਨਿਹਚਾ ਪੱਕੀ ਹੋਣ ਕਰਕੇ ਹੀ ਸਾਡਾ ਇਰਾਦਾ ਵੀ ਮਜ਼ਬੂਤ ਰਹਿ ਸਕਦਾ ਹੈ। ਦਰਖ਼ਤ ਜਿੱਦਾਂ-ਜਿੱਦਾਂ ਵਧਦਾ ਹੈ, ਉਸ ਦੀਆਂ ਜੜ੍ਹਾਂ ਉੱਦਾਂ-ਉੱਦਾਂ ਹੋਰ ਡੂੰਘੀਆਂ ਹੁੰਦੀਆਂ ਜਾਂਦੀਆਂ ਹਨ ਅਤੇ ਕਾਫ਼ੀ ਦੂਰ ਤਕ ਫੈਲ ਜਾਂਦੀਆਂ ਹਨ। ਇਸੇ ਤਰ੍ਹਾਂ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਅਤੇ ਇਸ ʼਤੇ ਸੋਚ-ਵਿਚਾਰ ਕਰ ਕੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ। ਨਾਲੇ ਇਸ ਗੱਲ ʼਤੇ ਸਾਡਾ ਭਰੋਸਾ ਵਧਦਾ ਹੈ ਕਿ ਪਰਮੇਸ਼ੁਰ ਦੇ ਰਾਹ ਹੀ ਸਭ ਤੋਂ ਵਧੀਆ ਹਨ। (ਕੁਲੁ. 2:6, 7) ਗੌਰ ਕਰੋ ਕਿ ਬੀਤੇ ਜ਼ਮਾਨੇ ਵਿਚ ਯਹੋਵਾਹ ਨੇ ਹਿਦਾਇਤਾਂ ਅਤੇ ਸੇਧ ਦੇ ਕੇ ਉਨ੍ਹਾਂ ਦੀ ਕਿਵੇਂ ਮਦਦ ਅਤੇ ਹਿਫਾਜ਼ਤ ਕੀਤੀ। ਉਦਾਹਰਣ ਲਈ, ਹਿਜ਼ਕੀਏਲ ਨੇ ਇਕ ਦਰਸ਼ਣ ਵਿਚ ਦੇਖਿਆ ਕਿ ਇਕ ਦੂਤ ਬੜੇ ਧਿਆਨ ਨਾਲ ਮੰਦਰ ਦੀ ਮਿਣਤੀ ਕਰ ਰਿਹਾ ਸੀ। ਇਸ ਦਰਸ਼ਣ ਕਰਕੇ ਹਿਜ਼ਕੀਏਲ ਦੀ ਨਿਹਚਾ ਮਜ਼ਬੂਤ ਹੋਈ। ਇਸ ਤੋਂ ਅਸੀਂ ਵੀ ਸਿੱਖਦੇ ਹਾਂ ਕਿ ਸ਼ੁੱਧ ਭਗਤੀ ਲਈ ਦਿੱਤੇ ਯਹੋਵਾਹ ਦੇ ਮਿਆਰਾਂ ʼਤੇ ਅਸੀਂ ਕਿਵੇਂ ਚੱਲ ਸਕਦੇ ਹਾਂ। d (ਹਿਜ਼. 40:1-4; 43:10-12) ਨਾਲੇ ਜਦੋਂ ਅਸੀਂ ਸਮਾਂ ਕੱਢ ਕੇ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਗੱਲਾਂ ਦਾ ਅਧਿਐਨ ਕਰਦੇ ਹਾਂ ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਨੂੰ ਵੀ ਫ਼ਾਇਦਾ ਹੁੰਦਾ ਹੈ।
16. ਆਪਣੇ ਮਨ ਵਿਚ ਪੱਕਾ ਇਰਾਦਾ ਕਰਨ ਕਰਕੇ ਬੌਬ ਦੀ ਹਿਫਾਜ਼ਤ ਕਿਵੇਂ ਹੋਈ? (ਜ਼ਬੂਰ 112:7)
16 ਆਪਣੇ ਮਨ ਵਿਚ ਪੱਕਾ ਇਰਾਦਾ ਕਰੋ। ਰਾਜਾ ਦਾਊਦ ਨੇ ਕਿਹਾ ਕਿ ਉਹ ਯਹੋਵਾਹ ਨੂੰ ਪਿਆਰ ਕਰਨਾ ਕਦੇ ਨਹੀਂ ਛੱਡੇਗਾ। ਉਸ ਨੇ ਗਾਇਆ: “ਹੇ ਪਰਮੇਸ਼ੁਰ, ਮੈਂ ਮਨ ਵਿਚ ਪੱਕਾ ਇਰਾਦਾ ਕੀਤਾ ਹੈ।” (ਜ਼ਬੂ. 57:7) ਅਸੀਂ ਵੀ ਯਹੋਵਾਹ ʼਤੇ ਪੂਰਾ ਭਰੋਸਾ ਰੱਖ ਕੇ ਆਪਣੇ ਮਨ ਵਿਚ ਪੱਕਾ ਇਰਾਦਾ ਕਰ ਸਕਦੇ ਹਾਂ। (ਜ਼ਬੂਰ 112:7 ਪੜ੍ਹੋ।) ਜ਼ਰਾ ਗੌਰ ਕਰੋ ਕਿ ਇੱਦਾਂ ਕਰਨ ਨਾਲ ਬੌਬ ਦੀ ਕਿਵੇਂ ਮਦਦ ਹੋਈ ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ। ਬੌਬ ਨੂੰ ਦੱਸਿਆ ਗਿਆ ਕਿ ਓਪਰੇਸ਼ਨ ਦੌਰਾਨ ਖ਼ੂਨ ਦੀ ਲੋੜ ਪੈ ਸਕਦੀ ਹੈ। ਇਸ ਲਈ ਖ਼ੂਨ ਲਾਗੇ ਹੀ ਰੱਖਿਆ ਜਾਵੇਗਾ। ਉਸ ਵੇਲੇ ਬੌਬ ਨੇ ਫ਼ੌਰਨ ਜਵਾਬ ਦਿੱਤਾ ਕਿ ਜੇ ਡਾਕਟਰ ਖ਼ੂਨ ਚੜ੍ਹਾਉਣ ਬਾਰੇ ਜ਼ਰਾ ਵੀ ਸੋਚ ਰਹੇ ਹਨ, ਤਾਂ ਉਹ ਇਕਦਮ ਹਸਪਤਾਲ ਛੱਡ ਕੇ ਚਲਾ ਜਾਵੇਗਾ। ਬਾਅਦ ਵਿਚ ਬੌਬ ਨੇ ਦੱਸਿਆ: “ਮੈਨੂੰ ਆਪਣੇ ਫ਼ੈਸਲੇ ʼਤੇ ਜ਼ਰਾ ਵੀ ਸ਼ੱਕ ਨਹੀਂ ਸੀ ਅਤੇ ਮੈਨੂੰ ਇਸ ਗੱਲ ਦੀ ਵੀ ਕੋਈ ਚਿੰਤਾ ਨਹੀਂ ਸੀ ਕਿ ਮੇਰੇ ਨਾਲ ਕੀ ਹੋਵੇਗਾ।”
17. ਬੌਬ ਦੇ ਤਜਰਬੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਤਸਵੀਰ ਵੀ ਦੇਖੋ।)
17 ਬੌਬ ਦਾ ਇਰਾਦਾ ਪੱਕਾ ਸੀ ਕਿਉਂਕਿ ਉਸ ਨੇ ਹਸਪਤਾਲ ਜਾਣ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਦ੍ਰਿੜ੍ਹ ਰਹਿਣ ਦਾ ਫ਼ੈਸਲਾ ਕਰ ਲਿਆ ਸੀ। ਕਿਹੜੀਆਂ ਗੱਲਾਂ ਨੇ ਉਸ ਦੀ ਇਹ ਫ਼ੈਸਲਾ ਕਰਨ ਵਿਚ ਮਦਦ ਕੀਤੀ? ਪਹਿਲੀ, ਉਹ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਦੂਜੀ, ਉਸ ਨੇ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿੱਚੋਂ ਜ਼ਿੰਦਗੀ ਅਤੇ ਖ਼ੂਨ ਦੀ ਪਵਿੱਤਰਤਾ ਬਾਰੇ ਬੜੇ ਧਿਆਨ ਨਾਲ ਅਧਿਐਨ ਕੀਤਾ ਸੀ। ਤੀਜੀ, ਉਸ ਨੂੰ ਇਸ ਗੱਲ ਦਾ ਪੱਕਾ ਯਕੀਨ ਸੀ ਕਿ ਯਹੋਵਾਹ ਦੀਆਂ ਹਿਦਾਇਤਾਂ ਮੰਨਣ ਕਰਕੇ ਉਸ ਨੂੰ ਬਰਕਤਾਂ ਮਿਲਣਗੀਆਂ। ਅਸੀਂ ਵੀ ਆਪਣੇ ਮਨ ਵਿਚ ਪੱਕਾ ਇਰਾਦਾ ਕਰ ਸਕਦੇ ਹਾਂ, ਫਿਰ ਚਾਹੇ ਸਾਡੇ ʼਤੇ ਜਿਹੜੀ ਮਰਜ਼ੀ ਅਜ਼ਮਾਇਸ਼ ਆਵੇ।
18. ਬਾਰਾਕ ਦੀ ਮਿਸਾਲ ਤੋਂ ਅਸੀਂ ਯਹੋਵਾਹ ʼਤੇ ਭਰੋਸਾ ਰੱਖਣ ਬਾਰੇ ਕੀ ਸਿੱਖਦੇ ਹਾਂ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
18 ਯਹੋਵਾਹ ʼਤੇ ਭਰੋਸਾ ਰੱਖੋ। ਜ਼ਰਾ ਗੋਰ ਕਰੋ ਕਿ ਯਹੋਵਾਹ ਦੀਆਂ ਹਿਦਾਇਤਾਂ ʼਤੇ ਭਰੋਸਾ ਕਰਨ ਕਰਕੇ ਬਾਰਾਕ ਕਿਵੇਂ ਕਾਮਯਾਬ ਹੋਇਆ। ਯਹੋਵਾਹ ਨੇ ਬਾਰਾਕ ਨੂੰ ਕਨਾਨ ਦੀ ਫ਼ੌਜ ਦੇ ਸੈਨਾਪਤੀ ਸੀਸਰਾ ਅਤੇ ਉਸ ਦੀ ਫ਼ੌਜ ਨਾਲ ਯੁੱਧ ਕਰਨ ਲਈ ਕਿਹਾ। ਉਸ ਵੇਲੇ ਸੀਸਰਾ ਦੀ ਫ਼ੌਜ ਯੁੱਧ ਲਈ ਤਿਆਰ ਸੀ, ਪਰ ਬਾਰਾਕ ਤੇ ਉਸ ਦੇ ਆਦਮੀ ਯੁੱਧ ਲਈ ਤਿਆਰ ਨਹੀਂ ਸਨ। ਉਨ੍ਹਾਂ ਕੋਲ ਤਾਂ ਕੋਈ ਹਥਿਆਰ ਵੀ ਨਹੀਂ ਸੀ। (ਨਿਆ. 5:8) ਦਬੋਰਾਹ ਨਬੀਆ ਨੇ ਬਾਰਾਕ ਨੂੰ ਕਿਹਾ ਕਿ ਉਹ ਥੱਲੇ ਜਾ ਕੇ ਮੈਦਾਨ ਵਿਚ ਸੀਸਰਾ ਅਤੇ ਉਸ ਦੇ 900 ਰਥਾਂ ਖ਼ਿਲਾਫ਼ ਲੜੇ। ਇਜ਼ਰਾਈਲੀਆਂ ਲਈ ਪੱਧਰੀ ਜ਼ਮੀਨ ʼਤੇ ਤੇਜ਼ ਦੌੜਨ ਵਾਲੇ ਰਥਾਂ ਖ਼ਿਲਾਫ਼ ਲੜਨਾ ਬਹੁਤ ਮੁਸ਼ਕਲ ਸੀ। ਚਾਹੇ ਕਿ ਬਾਰਾਕ ਇਹ ਜਾਣਦਾ ਸੀ, ਫਿਰ ਵੀ ਉਸ ਨੇ ਯਹੋਵਾਹ ਦਾ ਕਹਿਣਾ ਮੰਨਿਆ। ਜਿੱਦਾਂ ਹੀ ਬਾਰਾਕ ਅਤੇ ਉਸ ਦੇ ਆਦਮੀ ਤਾਬੋਰ ਪਹਾੜ ਤੋਂ ਥੱਲੇ ਆਏ, ਯਹੋਵਾਹ ਨੇ ਬਹੁਤ ਜ਼ੋਰਦਾਰ ਮੀਂਹ ਪਾਇਆ। ਸੀਸਰਾ ਦੇ ਰਥ ਚਿੱਕੜ ਵਿਚ ਫਸ ਗਏ ਅਤੇ ਯਹੋਵਾਹ ਨੇ ਬਾਰਾਕ ਨੂੰ ਜਿੱਤ ਦਿਵਾ ਦਿੱਤੀ। (ਨਿਆ. 4:1-7, 10, 13-16) ਇਸੇ ਤਰ੍ਹਾਂ ਜੇ ਅਸੀਂ ਵੀ ਯਹੋਵਾਹ ਅਤੇ ਉਸ ਦੇ ਸੰਗਠਨ ਦੀਆਂ ਹਿਦਾਇਤਾਂ ʼਤੇ ਭਰੋਸਾ ਰੱਖਾਂਗੇ, ਤਾਂ ਯਹੋਵਾਹ ਸਾਨੂੰ ਵੀ ਜਿੱਤ ਦਿਵਾਏਗਾ।—ਬਿਵ. 31:6.
ਦ੍ਰਿੜ੍ਹ ਬਣੇ ਰਹਿਣ ਦਾ ਪੱਕਾ ਇਰਾਦਾ ਕਰੋ
19. ਤੁਸੀਂ ਦ੍ਰਿੜ੍ਹ ਕਿਉਂ ਬਣੇ ਰਹਿਣਾ ਚਾਹੁੰਦੇ ਹੋ?
19 ਅਸੀਂ ਜਦੋਂ ਤਕ ਇਸ ਦੁਨੀਆਂ ਵਿਚ ਰਹਾਂਗੇ, ਸਾਨੂੰ ਉਦੋਂ ਤਕ ਦ੍ਰਿੜ੍ਹ ਬਣੇ ਰਹਿਣ ਲਈ ਜੱਦੋ-ਜਹਿਦ ਕਰਨੀ ਪਵੇਗੀ। (1 ਤਿਮੋ. 6:11, 12; 2 ਪਤ. 3:17) ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਜ਼ੁਲਮਾਂ, ਗੁੱਝੇ ਦਬਾਵਾਂ, ਇਨਸਾਨੀ ਸੋਚਾਂ, ਧੋਖਾ ਦੇਣ ਵਾਲੀਆਂ ਅਤੇ ਧਿਆਨ ਭਟਕਾਉਣ ਵਾਲੀਆਂ ਗੱਲਾਂ ਕਰਕੇ ਕਦੇ ਵੀ ਡਾਵਾਂ-ਡੋਲ ਨਹੀਂ ਹੋਵਾਂਗੇ। (ਅਫ਼. 4:14) ਇਸ ਦੀ ਬਜਾਇ, ਆਓ ਆਪਾਂ ਆਪਣਾ ਇਰਾਦਾ ਮਜ਼ਬੂਤ ਰੱਖੀਏ, ਯਹੋਵਾਹ ਦੀ ਸੇਵਾ ਵਿਚ ਲੱਗੇ ਰਹੀਏ ਅਤੇ ਹਰ ਹਾਲ ਵਿਚ ਉਸ ਦੇ ਹੁਕਮ ਮੰਨਦੇ ਰਹੀਏ। ਨਾਲੇ ਸਾਨੂੰ ਸਮਝਦਾਰ ਬਣਨ ਦੀ ਵੀ ਲੋੜ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਅਤੇ ਯਿਸੂ ਸਮਝਦਾਰੀ ਦਿਖਾਉਣ ਦੇ ਮਾਮਲੇ ਵਿਚ ਸਭ ਤੋਂ ਵਧੀਆ ਮਿਸਾਲ ਕਿਵੇਂ ਹਨ।
ਗੀਤ 129 ਅਸੀਂ ਧੀਰਜ ਨਾਲ ਸਹਿੰਦੇ ਰਹਾਂਗੇ
a ਆਦਮ ਅਤੇ ਹੱਵਾਹ ਦੇ ਸਮੇਂ ਤੋਂ ਸ਼ੈਤਾਨ ਲੋਕਾਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦਾ ਆਇਆ ਹੈ ਕਿ ਉਨ੍ਹਾਂ ਨੂੰ ਸਹੀ ਅਤੇ ਗ਼ਲਤ ਬਾਰੇ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਦੇ ਕਾਨੂੰਨ ਅਤੇ ਉਸ ਦੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਮੰਨਣ ਦੀ ਬਜਾਇ ਆਪਣੀ ਮਨ-ਮਰਜ਼ੀ ਕਰੀਏ। ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਅਸੀਂ ਇਸ ਤਰ੍ਹਾਂ ਕਰਨ ਤੋਂ ਕਿਵੇਂ ਬਚ ਸਕਦੇ ਹਾਂ ਅਤੇ ਹਮੇਸ਼ਾ ਯਹੋਵਾਹ ਦੀਆਂ ਹਿਦਾਇਤਾਂ ਮੰਨਣ ਯਾਨੀ ਦ੍ਰਿੜ੍ਹ ਰਹਿਣ ਦਾ ਆਪਣਾ ਇਰਾਦਾ ਕਿਵੇਂ ਪੱਕਾ ਕਰ ਸਕਦੇ ਹਾਂ।
b ਮਸੀਹੀ ਖ਼ੂਨ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਕਿਵੇਂ ਰੱਖ ਸਕਦੇ ਹਨ, ਇਸ ਬਾਰੇ ਹੋਰ ਜਾਣਨ ਲਈ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦਾ ਪਾਠ 39 ਦੇਖੋ।
c jw.org ʼਤੇ “ਗ਼ਲਤ ਜਾਣਕਾਰੀ ਤੋਂ ਆਪਣੀ ਰਾਖੀ ਕਰੋ” (ਹਿੰਦੀ) ਨਾਂ ਦਾ ਲੇਖ ਦੇਖੋ।
d ਹੋਰ ਜਾਣਕਾਰੀ ਲਈ ਯਹੋਵਾਹ ਦੀ ਸ਼ੁੱਧ ਭਗਤੀ ਬਹਾਲ! ਨਾਂ ਦੀ ਕਿਤਾਬ ਦੇ ਅਧਿਆਇ 13 ਅਤੇ 14 ਦੇਖੋ।