ਅਧਿਐਨ ਲੇਖ 32
ਯਹੋਵਾਹ ਦੀ ਰੀਸ ਕਰੋ—ਸਮਝਦਾਰ ਬਣੋ
“ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ ਦਾ ਸਬੂਤ ਦਿਓ।” —ਫ਼ਿਲਿ. 4:5.
ਗੀਤ 89 ਸੁਣੋ, ਅਮਲ ਕਰੋ, ਸਫ਼ਲ ਹੋਵੋ
ਖ਼ਾਸ ਗੱਲਾਂ a
1. ਮਸੀਹੀਆਂ ਨੂੰ ਇਕ ਦਰਖ਼ਤ ਵਾਂਗ ਕਿਵੇਂ ਬਣਨਾ ਚਾਹੀਦਾ ਹੈ? (ਤਸਵੀਰ ਵੀ ਦੇਖੋ।)
“ਜਿਹੜਾ ਦਰਖ਼ਤ ਤੇਜ਼ ਹਵਾ ਦੇ ਰੁਖ ਮੁਤਾਬਕ ਝੁਕ ਜਾਂਦਾ ਹੈ, ਉਹ ਟੁੱਟਦਾ ਨਹੀਂ ਹੈ।” ਇਸ ਕਹਾਵਤ ਤੋਂ ਪਤਾ ਲੱਗਦਾ ਹੈ ਕਿ ਉਹ ਦਰਖ਼ਤ ਵਧਦਾ-ਫੁੱਲਦਾ ਹੈ ਜੋ ਝੁਕ ਜਾਂਦਾ ਹੈ। ਮਸੀਹੀਆਂ ਨੂੰ ਵੀ ਝੁਕਣ ਯਾਨੀ ਆਪਣੇ ਵਿਚ ਫੇਰ-ਬਦਲ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਤਾਂਕਿ ਉਹ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਦੇ ਰਹਿਣ। ਅਸੀਂ ਇੱਦਾਂ ਕਿਵੇਂ ਕਰ ਸਕਦੇ ਹਾਂ? ਸਾਨੂੰ ਆਪਣੇ ਹਾਲਾਤਾਂ ਮੁਤਾਬਕ ਢਲ਼ ਕੇ ਅਤੇ ਦੂਜਿਆਂ ਦੇ ਵਿਚਾਰਾਂ ਤੇ ਫ਼ੈਸਲਿਆਂ ਦਾ ਆਦਰ ਕਰ ਕੇ ਸਮਝਦਾਰੀ ਦਿਖਾਉਣੀ ਚਾਹੀਦੀ ਹੈ।
2. (ੳ) ਹਾਲਾਤਾਂ ਮੁਤਾਬਕ ਢਲ਼ਣ ਵਿਚ ਕਿਹੜੇ ਗੁਣ ਸਾਡੀ ਮਦਦ ਕਰਨਗੇ? (ਅ) ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?
2 ਯਹੋਵਾਹ ਦੇ ਸੇਵਕਾਂ ਵਜੋਂ ਅਸੀਂ ਸਮਝਦਾਰੀ ਦਾ ਸਬੂਤ ਦਿੰਦੇ ਹੋਏ ਆਪਣੇ ਹਾਲਾਤਾਂ ਮੁਤਾਬਕ ਢਲ਼ਣ ਲਈ ਤਿਆਰ ਰਹਿਣਾ ਚਾਹੁੰਦੇ ਹਾਂ। ਨਾਲੇ ਅਸੀਂ ਨਿਮਰ ਤੇ ਹਮਦਰਦ ਵੀ ਬਣਨਾ ਚਾਹੁੰਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਇਨ੍ਹਾਂ ਗੁਣਾਂ ਨੇ ਕੁਝ ਮਸੀਹੀਆਂ ਦੀ ਹਾਲਾਤਾਂ ਮੁਤਾਬਕ ਢਲ਼ਣ ਵਿਚ ਕਿਵੇਂ ਮਦਦ ਕੀਤੀ। ਨਾਲੇ ਅਸੀਂ ਦੇਖਾਂਗੇ ਕਿ ਇਹ ਗੁਣ ਸਾਡੀ ਕਿਵੇਂ ਮਦਦ ਕਰ ਸਕਦੇ ਹਨ। ਪਰ ਪਹਿਲਾਂ ਆਓ ਆਪਾਂ ਯਹੋਵਾਹ ਤੇ ਯਿਸੂ ਤੋਂ ਸਿੱਖੀਏ ਜਿਨ੍ਹਾਂ ਨੇ ਫੇਰ-ਬਦਲ ਕਰਨ ਦੇ ਮਾਮਲੇ ਵਿਚ ਸਭ ਤੋਂ ਵਧੀਆ ਮਿਸਾਲ ਰੱਖੀ ਹੈ।
ਯਹੋਵਾਹ ਤੇ ਯਿਸੂ ਫੇਰ-ਬਦਲ ਕਰਨ ਲਈ ਤਿਆਰ ਰਹਿੰਦੇ ਹਨ
3. ਕਿਹੜੀ ਗੱਲ ਤੋਂ ਸਬੂਤ ਮਿਲਦਾ ਹੈ ਕਿ ਯਹੋਵਾਹ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਹੈ?
3 ਯਹੋਵਾਹ ਨੂੰ “ਚਟਾਨ” ਕਿਹਾ ਗਿਆ ਹੈ ਕਿਉਂਕਿ ਉਹ ਆਪਣੀ ਗੱਲ ʼਤੇ ਪੱਕਾ ਰਹਿੰਦਾ ਹੈ। (ਬਿਵ. 32:4) ਪਰ ਉਹ ਆਪਣੀ ਗੱਲ ʼਤੇ ਅੜਿਆ ਨਹੀਂ ਰਹਿੰਦਾ। ਇਸ ਦੁਨੀਆਂ ਦੇ ਬਦਲਦੇ ਹਾਲਾਤਾਂ ਅਨੁਸਾਰ ਸਾਡਾ ਪਰਮੇਸ਼ੁਰ ਫੇਰ-ਬਦਲ ਕਰਦਾ ਹੈ ਤਾਂਕਿ ਉਹ ਆਪਣਾ ਮਕਸਦ ਪੂਰਾ ਕਰ ਸਕੇ। ਯਹੋਵਾਹ ਨੇ ਇਨਸਾਨਾਂ ਨੂੰ ਆਪਣੇ ਸਰੂਪ ʼਤੇ ਬਣਾਇਆ ਹੈ। ਇਸ ਕਰਕੇ ਉਸ ਨੇ ਉਨ੍ਹਾਂ ਨੂੰ ਵੀ ਹਾਲਾਤਾਂ ਮੁਤਾਬਕ ਢਲ਼ਣ ਦੀ ਕਾਬਲੀਅਤ ਦਿੱਤੀ ਹੈ। ਉਸ ਨੇ ਸਾਨੂੰ ਬਾਈਬਲ ਵਿਚ ਅਸੂਲ ਦਿੱਤੇ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਸਹੀ ਫ਼ੈਸਲੇ ਕਰ ਸਕਦੇ ਹਾਂ, ਫਿਰ ਚਾਹੇ ਸਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ। ਯਹੋਵਾਹ ਦੀ ਆਪਣੀ ਮਿਸਾਲ ਅਤੇ ਉਸ ਦੇ ਅਸੂਲਾਂ ਤੋਂ ਸਬੂਤ ਮਿਲਦਾ ਹੈ ਕਿ ਭਾਵੇਂ ਕਿ ਯਹੋਵਾਹ “ਚਟਾਨ” ਹੈ, ਫਿਰ ਵੀ ਉਹ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਹੈ।
4. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਅੜਬ ਨਹੀਂ ਹੈ? (ਲੇਵੀਆਂ 5:7, 11)
4 ਯਹੋਵਾਹ ਦੇ ਰਾਹ ਖਰੇ ਹਨ ਅਤੇ ਉਹ ਅੜਬ ਨਹੀਂ ਹੈ। ਉਹ ਇਨਸਾਨਾਂ ਤੋਂ ਹੱਦੋਂ ਵੱਧ ਦੀ ਮੰਗ ਨਹੀਂ ਕਰਦਾ। ਜ਼ਰਾ ਗੌਰ ਕਰੋ ਕਿ ਇਜ਼ਰਾਈਲੀਆਂ ਨਾਲ ਪੇਸ਼ ਆਉਂਦਿਆਂ ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹ ਅੜਬ ਨਹੀਂ ਹੈ। ਉਸ ਨੇ ਅਮੀਰਾਂ ਤੇ ਗ਼ਰੀਬਾਂ ਤੋਂ ਇੱਕੋ ਜਿਹੀ ਬਲ਼ੀ ਦੀ ਮੰਗ ਨਹੀਂ ਕੀਤੀ ਸੀ। ਕੁਝ ਮਾਮਲਿਆਂ ਵਿਚ ਉਸ ਨੇ ਹਰ ਵਿਅਕਤੀ ਨੂੰ ਆਪਣੇ ਹਾਲਾਤਾਂ ਅਨੁਸਾਰ ਬਲ਼ੀਆਂ ਚੜਾਉਣ ਦੀ ਇਜਾਜ਼ਤ ਦਿੱਤੀ ਸੀ।—ਲੇਵੀਆਂ 5:7, 11 ਪੜ੍ਹੋ।
5. ਇਕ ਉਦਾਹਰਣ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨਿਮਰ ਤੇ ਹਮਦਰਦ ਹੈ।
5 ਯਹੋਵਾਹ ਨਿਮਰ ਅਤੇ ਹਮਦਰਦ ਹੈ। ਇਸ ਕਰਕੇ ਉਹ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਹੈ। ਉਦਾਹਰਣ ਲਈ, ਯਹੋਵਾਹ ਨੇ ਸਦੂਮ ਦੇ ਦੁਸ਼ਟ ਲੋਕਾਂ ਦਾ ਨਾਸ਼ ਕਰਨ ਵੇਲੇ ਨਿਮਰਤਾ ਦਿਖਾਈ। ਉਸ ਨੇ ਆਪਣੇ ਦੂਤਾਂ ਰਾਹੀਂ ਲੂਤ ਨੂੰ ਪਹਾੜੀ ਇਲਾਕੇ ਵੱਲ ਭੱਜਣ ਦੀ ਹਿਦਾਇਤ ਦਿੱਤੀ। ਪਰ ਲੂਤ ਉੱਥੇ ਜਾਣ ਤੋਂ ਡਰਦਾ ਸੀ। ਇਸ ਕਰਕੇ ਉਸ ਨੇ ਪਰਮੇਸ਼ੁਰ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸੋਆਰ ਜਾਣ ਦੀ ਇਜਾਜ਼ਤ ਦੇਵੇ। ਯਹੋਵਾਹ ਨੇ ਇਸ ਛੋਟੇ ਜਿਹੇ ਸ਼ਹਿਰ ਨੂੰ ਵੀ ਨਾਸ਼ ਕਰਨਾ ਸੀ। ਇਸ ਲਈ ਜੇ ਯਹੋਵਾਹ ਚਾਹੁੰਦਾ, ਤਾਂ ਉਹ ਲੂਤ ʼਤੇ ਆਪਣੀਆਂ ਹਿਦਾਇਤਾਂ ਮੰਨਣ ਦਾ ਜ਼ੋਰ ਪਾ ਸਕਦਾ ਸੀ। ਪਰ ਉਸ ਨੇ ਲੂਤ ਦੀ ਬੇਨਤੀ ਸਵੀਕਾਰ ਕਰ ਲਈ ਅਤੇ ਸੋਆਰ ਦਾ ਨਾਸ਼ ਨਹੀਂ ਕੀਤਾ। (ਉਤ. 19:18-22) ਸਦੀਆਂ ਬਾਅਦ ਯਹੋਵਾਹ ਨੇ ਨੀਨਵਾਹ ਦੇ ਲੋਕਾਂ ਲਈ ਵੀ ਹਮਦਰਦੀ ਦਿਖਾਈ। ਯਹੋਵਾਹ ਨੇ ਯੂਨਾਹ ਨਬੀ ਨੂੰ ਨੀਨਵਾਹ ਦੇ ਲੋਕਾਂ ਨੂੰ ਇਹ ਦੱਸਣ ਲਈ ਭੇਜਿਆ ਕਿ ਉਹ ਨੀਨਵਾਹ ਅਤੇ ਇਸ ਦੇ ਦੁਸ਼ਟ ਲੋਕਾਂ ਦਾ ਨਾਸ਼ ਕਰਨ ਵਾਲਾ ਸੀ। ਪਰ ਜਦੋਂ ਨੀਨਵਾਹ ਦੇ ਲੋਕਾਂ ਨੇ ਦਿਲੋਂ ਤੋਬਾ ਕੀਤੀ, ਤਾਂ ਯਹੋਵਾਹ ਨੂੰ ਉਨ੍ਹਾਂ ʼਤੇ ਤਰਸ ਆਇਆ ਅਤੇ ਉਸ ਨੇ ਸ਼ਹਿਰ ਦਾ ਨਾਸ਼ ਨਹੀਂ ਕੀਤਾ।—ਯੂਨਾ. 3:1, 10; 4:10, 11.
6. ਕੁਝ ਉਦਾਹਰਣਾਂ ਦੇ ਕੇ ਸਮਝਾਓ ਕਿ ਯਹੋਵਾਹ ਦੀ ਰੀਸ ਕਰਦਿਆਂ ਯਿਸੂ ਵੀ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਸੀ।
6 ਯਹੋਵਾਹ ਦੀ ਰੀਸ ਕਰਦਿਆਂ ਯਿਸੂ ਵੀ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਸੀ। ਉਸ ਨੂੰ ਧਰਤੀ ਉੱਤੇ “ਇਜ਼ਰਾਈਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ” ਨੂੰ ਪ੍ਰਚਾਰ ਕਰਨ ਲਈ ਭੇਜਿਆ ਗਿਆ ਸੀ। ਪਰ ਉਸ ਨੇ ਇਹ ਜ਼ਿੰਮੇਵਾਰੀ ਪੂਰੀ ਕਰਦਿਆਂ ਦਿਖਾਇਆ ਕਿ ਉਹ ਆਪਣੀ ਗੱਲ ʼਤੇ ਅੜਿਆ ਨਹੀਂ ਰਹਿੰਦਾ। ਇਕ ਮੌਕੇ ʼਤੇ ਇਕ ਗ਼ੈਰ-ਇਜ਼ਰਾਈਲੀ ਔਰਤ ਉਸ ਅੱਗੇ ਤਰਲੇ ਕਰਨ ਲੱਗੀ ਕਿ ਉਹ ਉਸ ਦੀ ਧੀ ਨੂੰ ਠੀਕ ਕਰ ਦੇਵੇ। ਉਸ ਦੀ ਧੀ ਨੂੰ “ਦੁਸ਼ਟ ਦੂਤ ਚਿੰਬੜਿਆ ਹੋਇਆ” ਸੀ। ਯਿਸੂ ਨੇ ਹਮਦਰਦੀ ਦਿਖਾਉਂਦਿਆਂ ਉਸ ਔਰਤ ਦੀ ਧੀ ਨੂੰ ਠੀਕ ਕਰ ਦਿੱਤਾ। (ਮੱਤੀ 15:21-28) ਇਕ ਹੋਰ ਉਦਾਹਰਣ ʼਤੇ ਗੌਰ ਕਰੋ। ਆਪਣੀ ਸੇਵਕਾਈ ਸ਼ੁਰੂ ਕਰਨ ਤੋਂ ਕੁਝ ਸਮੇਂ ਬਾਅਦ ਯਿਸੂ ਨੇ ਕਿਹਾ ਸੀ: ‘ਜੋ ਮੈਨੂੰ ਕਬੂਲ ਨਹੀਂ ਕਰਦਾ, ਮੈਂ ਵੀ ਉਸ ਨੂੰ ਕਬੂਲ ਨਹੀਂ ਕਰਾਂਗਾ।’ (ਮੱਤੀ 10:33) ਜ਼ਰਾ ਸੋਚੋ ਕਿ ਪਤਰਸ ਨੇ ਤਾਂ ਯਿਸੂ ਨੂੰ ਪਛਾਣਨ ਤੋਂ ਤਿੰਨ ਵਾਰ ਇਨਕਾਰ ਕੀਤਾ ਸੀ, ਪਰ ਕੀ ਯਿਸੂ ਨੇ ਉਸ ਨੂੰ ਤਿਆਗ ਦਿੱਤਾ ਸੀ? ਨਹੀਂ। ਯਿਸੂ ਜਾਣਦਾ ਸੀ ਕਿ ਪਤਰਸ ਨੇ ਦਿਲੋਂ ਤੋਬਾ ਕੀਤੀ ਸੀ ਅਤੇ ਉਹ ਵਫ਼ਾਦਾਰ ਆਦਮੀ ਸੀ। ਯਿਸੂ ਜੀਉਂਦਾ ਹੋਣ ਤੋਂ ਬਾਅਦ ਪਤਰਸ ਅੱਗੇ ਪ੍ਰਗਟ ਹੋਇਆ। ਯਿਸੂ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਨੇ ਪਤਰਸ ਨੂੰ ਮਾਫ਼ ਕਰ ਦਿੱਤਾ ਸੀ ਅਤੇ ਉਹ ਉਸ ਨੂੰ ਅਜੇ ਵੀ ਪਿਆਰ ਕਰਦਾ ਸੀ।—ਲੂਕਾ 24:33, 34.
7. ਫ਼ਿਲਿੱਪੀਆਂ 4:5 ਮੁਤਾਬਕ ਅਸੀਂ ਕੀ ਚਾਹੁੰਦੇ ਹਾਂ ਕਿ ਲੋਕ ਸਾਡੇ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣ?
7 ਅਸੀਂ ਹੁਣ ਤਕ ਦੇਖਿਆ ਹੈ ਕਿ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਫੇਰ-ਬਦਲ ਕਰਨ ਲਈ ਤਿਆਰ ਰਹਿੰਦੇ ਹਨ। ਸਾਡੇ ਬਾਰੇ ਕੀ? ਯਹੋਵਾਹ ਚਾਹੁੰਦਾ ਹੈ ਕਿ ਅਸੀਂ ਵੀ ਸਮਝਦਾਰੀ ਦਿਖਾਉਂਦੇ ਹੋਏ ਫੇਰ-ਬਦਲ ਕਰਨ ਲਈ ਤਿਆਰ ਰਹੀਏ। (ਫ਼ਿਲਿੱਪੀਆਂ 4:5 ਪੜ੍ਹੋ, ਫੁਟਨੋਟ ਵੀ ਦੇਖੋ।) ਆਪਣੇ ਚਾਲ-ਚਲਣ ਤੋਂ ਦਿਖਾਓ ਕਿ ਤੁਸੀਂ ਆਪਣੀ ਗੱਲ ʼਤੇ ਅੜੇ ਨਹੀਂ ਰਹਿੰਦੇ। ਆਪਣੇ ਆਪ ਤੋਂ ਪੁੱਛੋ: ‘ਕੀ ਲੋਕ ਸੋਚਦੇ ਹਨ ਕਿ ਮੈਂ ਸਮਝਦਾਰ ਹਾਂ ਅਤੇ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਹਾਂ? ਜਾਂ ਕੀ ਮੈਂ ਅੜਬ, ਸਖ਼ਤ ਅਤੇ ਜ਼ਿੱਦੀ ਹਾਂ? ਕੀ ਮੈਂ ਦੂਜਿਆਂ ʼਤੇ ਦਬਾਅ ਪਾਉਂਦਾ ਹਾਂ ਕਿ ਉਹ ਮੇਰੇ ਕਹੇ ਮੁਤਾਬਕ ਹੀ ਚੱਲਣ? ਜਾਂ ਕੀ ਮੈਂ ਦੂਜਿਆਂ ਦੀ ਸੁਣਦਾ ਹਾਂ ਅਤੇ ਫੇਰ-ਬਦਲ ਕਰਦਾ ਹਾਂ?’ ਅਸੀਂ ਜਿੰਨਾ ਜ਼ਿਆਦਾ ਫੇਰ-ਬਦਲ ਕਰਨ ਲਈ ਤਿਆਰ ਰਹਿੰਦੇ ਹਾਂ, ਅਸੀਂ ਉੱਨਾ ਜ਼ਿਆਦਾ ਯਹੋਵਾਹ ਤੇ ਯਿਸੂ ਦੀ ਰੀਸ ਕਰ ਰਹੇ ਹੁੰਦੇ ਹਾਂ। ਆਓ ਆਪਾਂ ਦੋ ਮਾਮਲੇ ਦੇਖੀਏ ਜਿਨ੍ਹਾਂ ਵਿਚ ਸਾਨੂੰ ਫੇਰ-ਬਦਲ ਕਰਨ ਦੀ ਲੋੜ ਪੈ ਸਕਦੀ ਹੈ। ਪਹਿਲਾ, ਜਦੋਂ ਸਾਡੇ ਹਾਲਾਤ ਬਦਲਦੇ ਹਨ ਅਤੇ ਦੂਜਾ, ਜਦੋਂ ਦੂਸਰਿਆਂ ਦੇ ਵਿਚਾਰ ਤੇ ਫ਼ੈਸਲੇ ਸਾਡੇ ਤੋਂ ਵੱਖਰੇ ਹੁੰਦੇ ਹਨ।
ਹਾਲਾਤ ਬਦਲਣ ʼਤੇ ਸਮਝਦਾਰੀ ਦਿਖਾਓ
8. ਹਾਲਾਤ ਬਦਲਣ ʼਤੇ ਕਿਹੜੀਆਂ ਗੱਲਾਂ ਫੇਰ-ਬਦਲ ਕਰਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ? (ਫੁਟਨੋਟ ਵੀ ਦੇਖੋ।)
8 ਸਮਝਦਾਰੀ ਦਿਖਾਉਣ ਦਾ ਮਤਲਬ ਹੈ ਕਿ ਅਸੀਂ ਅੜਬ ਨਾ ਬਣੀਏ, ਸਗੋਂ ਹਾਲਾਤ ਬਦਲਣ ʼਤੇ ਫੇਰ-ਬਦਲ ਕਰੀਏ। ਹਾਲਾਤ ਬਦਲਣ ʼਤੇ ਸ਼ਾਇਦ ਅਜਿਹੀਆਂ ਮੁਸ਼ਕਲਾਂ ਖੜ੍ਹੀਆਂ ਹੋ ਜਾਣ ਜਿਨ੍ਹਾਂ ਬਾਰੇ ਅਸੀਂ ਕਦੇ ਸੋਚਿਆ ਵੀ ਨਾ ਹੋਵੇ। ਸ਼ਾਇਦ ਸਾਨੂੰ ਅਚਾਨਕ ਕੋਈ ਗੰਭੀਰ ਬੀਮਾਰੀ ਲੱਗ ਜਾਵੇ। ਜਾਂ ਸਾਡੇ ਇਲਾਕੇ ਵਿਚ ਆਰਥਿਕ ਤੰਗੀ ਆ ਜਾਵੇ ਜਾਂ ਰਾਜਨੀਤਿਕ ਉਥਲ-ਪੁਥਲ ਮੱਚ ਜਾਵੇ। ਇਸ ਕਰਕੇ ਸਾਡੀ ਜ਼ਿੰਦਗੀ ਹੋਰ ਵੀ ਔਖੀ ਹੋ ਸਕਦੀ ਹੈ। (ਉਪ. 9:11; 1 ਕੁਰਿੰ. 7:31) ਇੱਥੋਂ ਤਕ ਕਿ ਜਦੋਂ ਸੰਗਠਨ ਵਿਚ ਸਾਡੀ ਜ਼ਿੰਮੇਵਾਰੀ ਬਦਲਦੀ ਹੈ, ਤਾਂ ਉਸ ਵੇਲੇ ਵੀ ਸਾਡੇ ਲਈ ਔਖਾ ਹੋ ਸਕਦਾ ਹੈ। ਚਾਹੇ ਮੁਸ਼ਕਲ ਜਿਹੜੀ ਮਰਜ਼ੀ ਹੋਵੇ, ਪਰ ਅੱਗੇ ਦੱਸੇ ਚਾਰ ਕਦਮ ਚੁੱਕ ਕੇ ਅਸੀਂ ਨਵੇਂ ਹਾਲਾਤਾਂ ਮੁਤਾਬਕ ਢਲ਼ ਸਕਦੇ ਹਾਂ: (1) ਅਸਲੀਅਤ ਸਵੀਕਾਰ ਕਰੋ, (2) ਅਗਾਂਹ ਦੀ ਸੋਚੋ, (3) ਚੰਗੀਆਂ ਗੱਲਾਂ ʼਤੇ ਧਿਆਨ ਲਾਓ ਅਤੇ (4) ਦੂਜਿਆਂ ਲਈ ਕੁਝ ਕਰੋ। b ਆਓ ਆਪਾਂ ਕੁਝ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ʼਤੇ ਗੌਰ ਕਰੀਏ ਜਿਨ੍ਹਾਂ ਤੋਂ ਪਤਾ ਲੱਗੇਗਾ ਕਿ ਇਹ ਕਦਮ ਸਾਡੀ ਕਿਵੇਂ ਮਦਦ ਕਰ ਸਕਦੇ ਹਨ।
9. ਇਕ ਮਿਸ਼ਨਰੀ ਜੋੜੇ ਨੇ ਅਚਾਨਕ ਆਈਆਂ ਮੁਸ਼ਕਲਾਂ ਦਾ ਕਿਵੇਂ ਸਾਮ੍ਹਣਾ ਕੀਤਾ?
9 ਅਸਲੀਅਤ ਸਵੀਕਾਰ ਕਰੋ। ਐਮਾਨੂਏਲਾ ਅਤੇ ਫ਼੍ਰਾਂਚੇਸਕਾ ਨੂੰ ਕਿਸੇ ਹੋਰ ਦੇਸ਼ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰਨ ਦੀ ਜ਼ਿੰਮੇਵਾਰੀ ਮਿਲੀ। ਜਦੋਂ ਉਨ੍ਹਾਂ ਨੇ ਨਵੀਂ ਭਾਸ਼ਾ ਸਿੱਖਣੀ ਸ਼ੁਰੂ ਕੀਤੀ ਅਤੇ ਨਵੀਂ ਮੰਡਲੀ ਵਿਚ ਭੈਣਾਂ-ਭਰਾਵਾਂ ਨੂੰ ਜਾਣਨਾ ਸ਼ੁਰੂ ਕੀਤਾ, ਉਦੋਂ ਕੋਵਿਡ-19 ਮਹਾਂਮਾਰੀ ਸ਼ੁਰੂ ਹੋ ਗਈ। ਇਸ ਕਰਕੇ ਉਹ ਕਿਸੇ ਨੂੰ ਮਿਲ-ਗਿਲ਼ ਨਹੀਂ ਸਕਦੇ ਸਨ। ਫਿਰ ਫ਼੍ਰਾਂਚੇਸਕਾ ਦੀ ਮੰਮੀ ਦੀ ਅਚਾਨਕ ਮੌਤ ਹੋ ਗਈ। ਫ਼੍ਰਾਂਚੇਸਕਾ ਆਪਣੇ ਪਰਿਵਾਰ ਨੂੰ ਮਿਲਣ ਜਾਣਾ ਚਾਹੁੰਦੀ ਸੀ, ਪਰ ਮਹਾਂਮਾਰੀ ਕਰਕੇ ਨਹੀਂ ਜਾ ਸਕੀ। ਉਹ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕਰ ਸਕੀ? ਪਹਿਲਾ, ਐਮਾਨੂਏਲਾ ਤੇ ਫ਼੍ਰਾਂਚੇਸਕਾ ਹਰ ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਸਨ ਅਤੇ ਚਿੰਤਾਵਾਂ ਨਾਲ ਸਿੱਝਣ ਲਈ ਬੁੱਧ ਮੰਗਦੇ ਸਨ। ਯਹੋਵਾਹ ਨੇ ਆਪਣੇ ਸੰਗਠਨ ਰਾਹੀਂ ਸਹੀ ਸਮੇਂ ʼਤੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ। ਉਦਾਹਰਣ ਲਈ, ਉਨ੍ਹਾਂ ਨੇ ਇਕ ਵੀਡੀਓ ਦੇਖੀ ਜਿਸ ਵਿਚ ਇਕ ਭਰਾ ਦੀ ਇੰਟਰਵਿਊ ਸੀ। ਉਨ੍ਹਾਂ ਨੂੰ ਉਸ ਭਰਾ ਦੀਆਂ ਗੱਲਾਂ ਤੋਂ ਹੌਸਲਾ ਮਿਲਿਆ ਜਿਸ ਨੇ ਕਿਹਾ ਸੀ: “ਜਿੰਨੀ ਜਲਦੀ ਅਸੀਂ ਖ਼ੁਦ ਨੂੰ ਨਵੇਂ ਹਾਲਾਤਾਂ ਮੁਤਾਬਕ ਢਾਲਾਂਗੇ, ਉੱਨੀ ਜਲਦੀ ਸਾਡੀ ਖ਼ੁਸ਼ੀ ਵਾਪਸ ਆਵੇਗੀ ਤੇ ਨਵੇਂ ਹਾਲਾਤਾਂ ਮੁਤਾਬਕ ਯਹੋਵਾਹ ਦੀ ਸੇਵਾ ਕਰ ਸਕਾਂਗੇ ਅਤੇ ਦੂਜਿਆਂ ਨੂੰ ਸੱਚਾਈ ਬਾਰੇ ਦੱਸ ਸਕਾਂਗੇ।” c ਦੂਜਾ, ਉਨ੍ਹਾਂ ਨੇ ਫ਼ੋਨ ਰਾਹੀਂ ਗਵਾਹੀ ਦੇਣ ਦੀ ਆਪਣੀ ਕਲਾ ਨੂੰ ਨਿਖਾਰਿਆ। ਉਨ੍ਹਾਂ ਨੇ ਤਾਂ ਇਕ ਬਾਈਬਲ ਸਟੱਡੀ ਵੀ ਸ਼ੁਰੂ ਕੀਤੀ। ਤੀਜਾ, ਉਨ੍ਹਾਂ ਨੇ ਉੱਥੇ ਦੇ ਭੈਣਾਂ-ਭਰਾਵਾਂ ਦੀ ਮਦਦ ਸਵੀਕਾਰ ਕੀਤੀ ਅਤੇ ਉਹ ਉਨ੍ਹਾਂ ਦੇ ਪਿਆਰ ਲਈ ਸ਼ੁਕਰਗੁਜ਼ਾਰ ਸਨ। ਇਕ ਪਿਆਰੀ ਭੈਣ ਇਕ ਸਾਲ ਤਕ ਹਰ ਰੋਜ਼ ਉਨ੍ਹਾਂ ਨੂੰ ਇਕ ਛੋਟਾ ਜਿਹਾ ਮੈਸਿਜ ਅਤੇ ਬਾਈਬਲ ਵਿੱਚੋਂ ਇਕ ਆਇਤ ਭੇਜਦੀ ਰਹੀ। ਜੇ ਅਸੀਂ ਵੀ ਆਪਣੇ ਨਵੇਂ ਹਾਲਾਤਾਂ ਨੂੰ ਸਵੀਕਾਰ ਕਰਾਂਗੇ, ਤਾਂ ਅਸੀਂ ਵੀ ਉਹ ਕੰਮ ਕਰ ਕੇ ਖ਼ੁਸ਼ੀ ਪਾਵਾਂਗੇ ਜੋ ਅਸੀਂ ਕਰ ਸਕਦੇ ਹਾਂ।
10. ਇਕ ਭੈਣ ਨੇ ਆਪਣੀ ਜ਼ਿੰਦਗੀ ਵਿਚ ਆਈ ਵੱਡੀ ਤਬਦੀਲੀ ਮੁਤਾਬਕ ਆਪਣੇ ਆਪ ਨੂੰ ਕਿਵੇਂ ਢਾਲ਼ਿਆ?
10 ਅਗਾਂਹ ਦੀ ਸੋਚੋ ਅਤੇ ਚੰਗੀਆਂ ਗੱਲਾਂ ʼਤੇ ਧਿਆਨ ਲਾਓ। ਰੋਮਾਨੀਆ ਦੀ ਭੈਣ ਕ੍ਰਿਸਟੀਨਾ ਜਪਾਨ ਵਿਚ ਰਹਿੰਦੀ ਹੈ। ਉਹ ਉਦੋਂ ਨਿਰਾਸ਼ ਹੋ ਗਈ ਜਦੋਂ ਅੰਗ੍ਰੇਜ਼ੀ ਭਾਸ਼ਾ ਦੀ ਮੰਡਲੀ ਬੰਦ ਕਰ ਦਿੱਤੀ ਗਈ। ਪਰ ਉਹ ਇਸ ਬਾਰੇ ਸੋਚਦੀ ਨਹੀਂ ਰਹੀ। ਇਸ ਦੀ ਬਜਾਇ, ਉਸ ਨੇ ਜਪਾਨੀ ਭਾਸ਼ਾ ਦੀ ਮੰਡਲੀ ਵਿਚ ਜਾਣਾ ਸ਼ੁਰੂ ਕੀਤਾ ਅਤੇ ਜਪਾਨੀ ਭਾਸ਼ਾ ਵਿਚ ਪ੍ਰਚਾਰ ਕਰਨ ਵਿਚ ਆਪਣੀ ਪੂਰੀ ਵਾਹ ਲਾਈ। ਉਸ ਨੇ ਇਕ ਔਰਤ ਨੂੰ ਕਿਹਾ ਕਿ ਉਹ ਉਸ ਨੂੰ ਜਪਾਨੀ ਭਾਸ਼ਾ ਹੋਰ ਵੀ ਚੰਗੀ ਤਰ੍ਹਾਂ ਬੋਲਣੀ ਸਿਖਾਵੇ। ਉਹ ਔਰਤ ਪਹਿਲਾਂ ਕ੍ਰਿਸਟੀਨਾ ਨਾਲ ਕੰਮ ਕਰਦੀ ਸੀ। ਉਹ ਔਰਤ ਮੰਨ ਗਈ ਅਤੇ ਉਸ ਨੇ ਬਾਈਬਲ ਤੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਤੋਂ ਹੋਰ ਵਧੀਆ ਤਰੀਕੇ ਨਾਲ ਜਪਾਨੀ ਭਾਸ਼ਾ ਬੋਲਣ ਵਿਚ ਉਸ ਦੀ ਮਦਦ ਕੀਤੀ। ਇਸ ਤਰ੍ਹਾਂ ਕ੍ਰਿਸਟੀਨਾ ਜਪਾਨੀ ਭਾਸ਼ਾ ਹੋਰ ਵਧੀਆ ਤਰੀਕੇ ਨਾਲ ਬੋਲਣ ਲੱਗ ਪਈ ਅਤੇ ਉਸ ਔਰਤ ਨੇ ਵੀ ਸੱਚਾਈ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਜਦੋਂ ਅਸੀਂ ਅਚਾਨਕ ਆਈਆਂ ਤਬਦੀਲੀਆਂ ਦੌਰਾਨ ਵੀ ਅਗਾਂਹ ਦੀ ਸੋਚਦੇ ਹਾਂ ਅਤੇ ਚੰਗੀਆਂ ਗੱਲਾਂ ʼਤੇ ਧਿਆਨ ਲਾਉਂਦੇ ਹਾਂ, ਤਾਂ ਸਾਨੂੰ ਉਹ ਬਰਕਤਾਂ ਮਿਲ ਸਕਦੀਆਂ ਹਨ ਜਿਨ੍ਹਾਂ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ।
11. ਪੈਸੇ ਦੀ ਤੰਗੀ ਆਉਣ ʼਤੇ ਕਿਹੜੀਆਂ ਗੱਲਾਂ ਨੇ ਇਕ ਜੋੜੇ ਦੀ ਮਦਦ ਕੀਤੀ?
11 ਦੂਜਿਆਂ ਲਈ ਕੁਝ ਕਰੋ। ਇਕ ਜੋੜਾ ਅਜਿਹੇ ਦੇਸ਼ ਵਿਚ ਰਹਿੰਦਾ ਸੀ ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਸੀ। ਨਾਲੇ ਜਦੋਂ ਉਸ ਦੇਸ਼ ਵਿਚ ਆਰਥਿਕ ਤੰਗੀ ਆਈ, ਤਾਂ ਉਨ੍ਹਾਂ ਨੂੰ ਵੀ ਪੈਸੇ ਦੀ ਤੰਗੀ ਹੋ ਗਈ। ਉਨ੍ਹਾਂ ਨੇ ਆਪਣੇ ਆਪ ਨੂੰ ਹਾਲਾਤਾਂ ਮੁਤਾਬਕ ਕਿਵੇਂ ਢਾਲ਼ਿਆ? ਪਹਿਲਾ, ਉਨ੍ਹਾਂ ਨੇ ਆਪਣੇ ਖ਼ਰਚੇ ਘਟਾਏ। ਫਿਰ ਉਨ੍ਹਾਂ ਨੇ ਆਪਣੀਆਂ ਮੁਸ਼ਕਲਾਂ ʼਤੇ ਧਿਆਨ ਲਾਉਣ ਦੀ ਬਜਾਇ ਪ੍ਰਚਾਰ ਰਾਹੀਂ ਦੂਜਿਆਂ ਦੀ ਹੋਰ ਜ਼ਿਆਦਾ ਮਦਦ ਕਰਨ ਦਾ ਫ਼ੈਸਲਾ ਕੀਤਾ। (ਰਸੂ. 20:35) ਪਤੀ ਦੱਸਦਾ ਹੈ: “ਪ੍ਰਚਾਰ ਵਿਚ ਬਿਜ਼ੀ ਰਹਿਣ ਕਰਕੇ ਸਾਡੇ ਕੋਲ ਨਿਰਾਸ਼ ਕਰਨ ਵਾਲੀਆਂ ਗੱਲਾਂ ʼਤੇ ਧਿਆਨ ਲਾਉਣ ਲਈ ਟਾਈਮ ਹੀ ਨਹੀਂ ਹੁੰਦਾ ਸੀ ਅਤੇ ਅਸੀਂ ਆਪਣਾ ਜ਼ਿਆਦਾ ਤੋਂ ਜ਼ਿਆਦਾ ਟਾਈਮ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਲਾਉਂਦੇ ਸੀ।” ਹਾਲਾਤ ਬਦਲਣ ʼਤੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਦੂਜਿਆਂ ਦੀ ਮਦਦ ਕਰਦੇ ਰਹਿਣਾ ਕਿੰਨਾ ਜ਼ਰੂਰੀ ਹੈ, ਖ਼ਾਸ ਕਰਕੇ ਪ੍ਰਚਾਰ ਰਾਹੀਂ।
12. ਪ੍ਰਚਾਰ ਵਿਚ ਫੇਰ-ਬਦਲ ਕਰਨ ਵਿਚ ਪੌਲੁਸ ਰਸੂਲ ਦੀ ਮਿਸਾਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ?
12 ਪ੍ਰਚਾਰ ਕਰਦੇ ਹੋਏ ਵੀ ਸਾਨੂੰ ਫੇਰ-ਬਦਲ ਕਰਨ ਦੀ ਲੋੜ ਹੈ। ਅਸੀਂ ਪ੍ਰਚਾਰ ਵਿਚ ਅਲੱਗ-ਅਲੱਗ ਪਿਛੋਕੜਾਂ, ਸਭਿਆਚਾਰਾਂ ਅਤੇ ਵੱਖੋ-ਵੱਖਰੇ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਮਿਲਦੇ ਹਾਂ। ਪੌਲੁਸ ਰਸੂਲ ਪ੍ਰਚਾਰ ਕਰਦਿਆਂ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਸੀ ਅਤੇ ਅਸੀਂ ਉਸ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ। ਯਿਸੂ ਨੇ ਪੌਲੁਸ ਨੂੰ ‘ਹੋਰ ਕੌਮਾਂ ਦੇ ਰਸੂਲ’ ਵਜੋਂ ਨਿਯੁਕਤ ਕੀਤਾ ਸੀ। (ਰੋਮੀ. 11:13) ਇਸ ਲਈ ਪੌਲੁਸ ਨੇ ਯਹੂਦੀਆਂ, ਯੂਨਾਨੀਆਂ, ਪੜ੍ਹੇ-ਲਿਖੇ ਲੋਕਾਂ, ਕਿਸਾਨਾਂ, ਅਧਿਕਾਰੀਆਂ ਅਤੇ ਰਾਜਿਆਂ ਨੂੰ ਪ੍ਰਚਾਰ ਕੀਤਾ। ਪੌਲੁਸ “ਹਰ ਤਰ੍ਹਾਂ ਦੇ ਲੋਕਾਂ ਲਈ ਸਾਰਾ ਕੁਝ ਬਣਿਆ।” (1 ਕੁਰਿੰ. 9:19-23) ਉਸ ਨੇ ਲੋਕਾਂ ਦੇ ਦਿਲਾਂ ਤਕ ਪਹੁੰਚਣ ਲਈ ਉਨ੍ਹਾਂ ਦੇ ਸਭਿਆਚਾਰਾਂ, ਪਿਛੋਕੜਾਂ ਅਤੇ ਵਿਸ਼ਵਾਸਾਂ ਬਾਰੇ ਸੋਚਿਆ ਅਤੇ ਉਸ ਮੁਤਾਬਕ ਗੱਲਬਾਤ ਕਰਨ ਦਾ ਤਰੀਕਾ ਬਦਲਿਆ। ਜੇ ਅਸੀਂ ਵੀ ਫੇਰ-ਬਦਲ ਕਰਦੇ ਹਾਂ ਅਤੇ ਸੋਚਦੇ ਹਾਂ ਕਿ ਅਸੀਂ ਹਰ ਵਿਅਕਤੀ ਦੀ ਕਿਵੇਂ ਮਦਦ ਕਰ ਸਕਦੇ ਹਾਂ, ਤਾਂ ਅਸੀਂ ਹੋਰ ਵਧੀਆ ਤਰੀਕੇ ਨਾਲ ਪ੍ਰਚਾਰ ਕਰ ਸਕਦੇ ਹਾਂ।
ਦੂਜਿਆਂ ਦੇ ਵਿਚਾਰਾਂ ਦਾ ਆਦਰ ਕਰੋ
13. ਦੂਜਿਆਂ ਦੇ ਵਿਚਾਰਾਂ ਦਾ ਆਦਰ ਕਰ ਕੇ ਅਸੀਂ 1 ਕੁਰਿੰਥੀਆਂ 8:9 ਵਿਚ ਦੱਸੇ ਕਿਹੜੇ ਖ਼ਤਰੇ ਤੋਂ ਬਚ ਸਕਦੇ ਹਾਂ?
13 ਆਪਣੀ ਗੱਲ ʼਤੇ ਅੜੇ ਨਾ ਰਹਿ ਕੇ ਅਸੀਂ ਦੂਜਿਆਂ ਦੇ ਵਿਚਾਰਾਂ ਦਾ ਆਦਰ ਕਰਾਂਗੇ। ਉਦਾਹਰਣ ਲਈ, ਕੁਝ ਭੈਣਾਂ ਨੂੰ ਹਾਰ-ਸ਼ਿੰਗਾਰ ਕਰਨਾ ਪਸੰਦ ਹੈ ਤੇ ਕਈਆਂ ਨੂੰ ਨਹੀਂ। ਕੁਝ ਮਸੀਹੀਆਂ ਨੂੰ ਹਿਸਾਬ ਨਾਲ ਸ਼ਰਾਬ ਪੀਣੀ ਵਧੀਆ ਲੱਗਦੀ ਹੈ, ਪਰ ਕੁਝ ਮਸੀਹੀ ਬਿਲਕੁਲ ਵੀ ਸ਼ਰਾਬ ਨਹੀਂ ਪੀਂਦੇ। ਸਾਰੇ ਮਸੀਹੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਿਹਤ ਵਧੀਆ ਰਹੇ, ਪਰ ਸਿਹਤ ਵਧੀਆ ਰੱਖਣ ਲਈ ਉਹ ਅਲੱਗ-ਅਲੱਗ ਤਰੀਕੇ ਅਪਣਾਉਂਦੇ ਹਨ। ਜੇ ਅਸੀਂ ਸੋਚਦੇ ਹਾਂ ਕਿ ਸਾਡੀ ਗੱਲ ਹਮੇਸ਼ਾ ਸਹੀ ਹੁੰਦੀ ਹੈ ਅਤੇ ਦੂਜਿਆਂ ʼਤੇ ਆਪਣੀ ਰਾਇ ਥੋਪਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਭੈਣਾਂ-ਭਰਾਵਾਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਕਰ ਸਕਦੇ ਹਾਂ ਅਤੇ ਮੰਡਲੀ ਵਿਚ ਫੁੱਟ ਪਾ ਸਕਦੇ ਹਾਂ। ਪਰ ਅਸੀਂ ਇੱਦਾਂ ਬਿਲਕੁਲ ਵੀ ਨਹੀਂ ਕਰਨਾ ਚਾਹੁੰਦੇ। (1 ਕੁਰਿੰਥੀਆਂ 8:9 ਪੜ੍ਹੋ; 10:23, 24) ਆਓ ਆਪਾਂ ਦੋ ਉਦਾਹਰਣਾਂ ʼਤੇ ਗੌਰ ਕਰੀਏ ਜਿਨ੍ਹਾਂ ਤੋਂ ਪਤਾ ਲੱਗੇਗਾ ਕਿ ਬਾਈਬਲ ਦੇ ਅਸੂਲ ਸਹੀ ਸੋਚ ਰੱਖਣ ਅਤੇ ਸ਼ਾਂਤੀ ਬਣਾਈ ਰੱਖਣ ਵਿਚ ਸਾਡੀ ਕਿਵੇਂ ਮਦਦ ਕਰ ਸਕਦੇ ਹਨ।
14. ਪਹਿਰਾਵੇ ਤੇ ਹਾਰ-ਸ਼ਿੰਗਾਰ ਸੰਬੰਧੀ ਫ਼ੈਸਲੇ ਕਰਦਿਆਂ ਸਾਨੂੰ ਬਾਈਬਲ ਦੇ ਕਿਹੜੇ ਅਸੂਲ ਯਾਦ ਰੱਖਣੇ ਚਾਹੀਦੇ ਹਨ?
14 ਪਹਿਰਾਵਾ ਅਤੇ ਹਾਰ-ਸ਼ਿੰਗਾਰ। ਯਹੋਵਾਹ ਇਹ ਨਹੀਂ ਦੱਸਦਾ ਕਿ ਸਾਨੂੰ ਕਿਹੋ ਜਿਹੇ ਕੱਪੜੇ ਪਾਉਣੇ ਚਾਹੀਦੇ ਹਨ ਤੇ ਕਿਹੋ ਜਿਹੇ ਨਹੀਂ। ਪਰ ਉਸ ਨੇ ਸਾਨੂੰ ਅਸੂਲ ਦਿੱਤੇ ਹਨ। ਸਾਨੂੰ “ਸੋਚ-ਸਮਝ ਕੇ” ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ ਜੋ ਪਰਮੇਸ਼ੁਰ ਦੇ ਸੇਵਕਾਂ ਨੂੰ ਸ਼ੋਭਾ ਦਿੰਦੇ ਹਨ, ਜਿਨ੍ਹਾਂ ਤੋਂ ਸਮਝਦਾਰੀ ਦਾ ਸਬੂਤ ਮਿਲਦਾ ਹੈ ਅਤੇ ਜਿਨ੍ਹਾਂ ਤੋਂ ਸ਼ਰਮ-ਹਯਾ ਝਲਕਦੀ ਹੈ। (1 ਤਿਮੋ. 2:9, 10; 1 ਪਤ. 3:3) ਇਸ ਲਈ ਸਾਨੂੰ ਅਜਿਹੇ ਕੱਪੜੇ ਨਹੀਂ ਪਾਉਣੇ ਚਾਹੀਦੇ ਜਿਨ੍ਹਾਂ ਕਰਕੇ ਬਿਨਾਂ ਵਜ੍ਹਾ ਦੂਜਿਆਂ ਦਾ ਧਿਆਨ ਸਾਡੇ ਵੱਲ ਖਿੱਚਿਆ ਜਾਵੇ। ਨਾਲੇ ਬਾਈਬਲ ਦੇ ਅਸੂਲ ਬਜ਼ੁਰਗਾਂ ਦੀ ਮਦਦ ਕਰਨਗੇ ਕਿ ਉਹ ਪਹਿਰਾਵੇ ਅਤੇ ਹੇਅਰ-ਸਟਾਈਲ ਸੰਬੰਧੀ ਕੋਈ ਕਾਨੂੰਨ ਨਾ ਬਣਾਉਣ। ਉਦਾਹਰਣ ਲਈ, ਇਕ ਮੰਡਲੀ ਦੇ ਬਜ਼ੁਰਗ ਕੁਝ ਨੌਜਵਾਨ ਭਰਾਵਾਂ ਦੀ ਮਦਦ ਕਰਨੀ ਚਾਹੁੰਦੇ ਸਨ ਜੋ ਦੁਨਿਆਵੀ ਲੋਕਾਂ ਵਾਂਗ ਹੇਅਰ-ਸਟਾਈਲ ਬਣਾਉਂਦੇ ਸਨ। ਉਨ੍ਹਾਂ ਦੇ ਵਾਲ਼ ਛੋਟੇ ਤਾਂ ਸਨ, ਪਰ ਖਿਲਰੇ ਹੁੰਦੇ ਸਨ। ਬਜ਼ੁਰਗ ਬਿਨਾਂ ਕੋਈ ਕਾਨੂੰਨ ਬਣਾਏ ਉਨ੍ਹਾਂ ਦੀ ਮਦਦ ਕਿਵੇਂ ਕਰ ਸਕੇ? ਇਕ ਸਰਕਟ ਓਵਰਸੀਅਰ ਨੇ ਬਜ਼ੁਰਗਾਂ ਨੂੰ ਸਲਾਹ ਦਿੱਤੀ ਕਿ ਉਹ ਨੌਜਵਾਨ ਭਰਾਵਾਂ ਨੂੰ ਕਹਿਣ: “ਜੇ ਤੁਸੀਂ ਸਟੇਜ ʼਤੇ ਹੋ ਅਤੇ ਹਾਜ਼ਰੀਨ ਤੁਹਾਡੀਆਂ ਗੱਲਾਂ ਦੀ ਬਜਾਇ ਤੁਹਾਡੇ ʼਤੇ ਜ਼ਿਆਦਾ ਧਿਆਨ ਦਿੰਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਪਹਿਰਾਵਾ ਤੇ ਹਾਰ-ਸ਼ਿੰਗਾਰ ਸਹੀ ਨਹੀਂ ਹੈ।” ਇਸ ਤਰ੍ਹਾਂ ਬਜ਼ੁਰਗਾਂ ਵੱਲੋਂ ਕੋਈ ਕਾਨੂੰਨ ਬਣਾਏ ਬਗੈਰ ਹੀ ਨੌਜਵਾਨ ਭਰਾ ਸਮਝ ਸਕੇ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। d
15. ਸਿਹਤ ਸੰਬੰਧੀ ਫ਼ੈਸਲੇ ਕਰਦਿਆਂ ਬਾਈਬਲ ਦੇ ਕਿਹੜੇ ਕਾਨੂੰਨ ਅਤੇ ਅਸੂਲ ਸਾਡੀ ਮਦਦ ਕਰ ਸਕਦੇ ਹਨ? (ਰੋਮੀਆਂ 14:5)
15 ਸਿਹਤ-ਸੰਭਾਲ। ਹਰ ਮਸੀਹੀ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਸਿਹਤ ਦਾ ਖ਼ਿਆਲ ਕਿਵੇਂ ਰੱਖੇਗਾ। (ਗਲਾ. 6:5) ਮਸੀਹੀਆਂ ਨੂੰ ਇਲਾਜ ਕਰਾਉਣ ਦਾ ਫ਼ੈਸਲਾ ਕਰਦਿਆਂ ਬਾਈਬਲ ਦੇ ਅਸੂਲਾਂ ਅਨੁਸਾਰ ਖ਼ੂਨ ਲੈਣ ਅਤੇ ਜਾਦੂ-ਟੂਣੇ ਤੋਂ ਦੂਰ ਰਹਿਣਾ ਚਾਹੀਦਾ ਹੈ। (ਰਸੂ. 15:20; ਗਲਾ. 5:19, 20) ਪਰ ਬਾਕੀ ਮਾਮਲਿਆਂ ਵਿਚ ਉਹ ਫ਼ੈਸਲਾ ਕਰ ਸਕਦੇ ਹਨ ਕਿ ਉਨ੍ਹਾਂ ਨੇ ਕਿਹੜਾ ਇਲਾਜ ਕਰਾਉਣਾ ਹੈ ਅਤੇ ਕਿਹੜਾ ਨਹੀਂ। ਕੁਝ ਜਣੇ ਡਾਕਟਰਾਂ ਅਤੇ ਹਸਪਤਾਲ ਵਿਚ ਕੰਮ ਕਰਨ ਵਾਲਿਆਂ ਤੋਂ ਮਦਦ ਲੈਂਦੇ ਹਨ ਜਦ ਕਿ ਕੁਝ ਜਣੇ ਇਲਾਜ ਦੇ ਹੋਰ ਤਰੀਕੇ ਅਪਣਾਉਂਦੇ ਹਨ। ਚਾਹੇ ਸਾਨੂੰ ਲੱਗਦਾ ਹੈ ਕਿ ਕਿਸੇ ਕਿਸਮ ਦਾ ਇਲਾਜ ਸਹੀ ਹੈ ਜਾਂ ਨਹੀਂ, ਪਰ ਸਾਨੂੰ ਭੈਣਾਂ-ਭਰਾਵਾਂ ਵੱਲੋਂ ਇਲਾਜ ਸੰਬੰਧੀ ਲਏ ਫ਼ੈਸਲਿਆਂ ਦਾ ਆਦਰ ਕਰਨਾ ਚਾਹੀਦਾ ਹੈ। ਇਸ ਸੰਬੰਧੀ ਸਾਨੂੰ ਅੱਗੇ ਦੱਸੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ: (1) ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਇਨਸਾਨਾਂ ਦੀਆਂ ਬੀਮਾਰੀਆਂ ਨੂੰ ਪੂਰੀ ਤਰ੍ਹਾਂ ਅਤੇ ਹਮੇਸ਼ਾ ਲਈ ਠੀਕ ਕਰੇਗਾ। (ਯਸਾ. 33:24) (2) ਇਲਾਜ ਸੰਬੰਧੀ ਫ਼ੈਸਲਾ ਕਰਦਿਆਂ ਹਰ ਮਸੀਹੀ ਨੂੰ “ਯਕੀਨ” ਹੋਣਾ ਚਾਹੀਦਾ ਹੈ ਕਿ ਉਸ ਲਈ ਸਭ ਤੋਂ ਵਧੀਆ ਇਲਾਜ ਕਿਹੜਾ ਹੈ। (ਰੋਮੀਆਂ 14:5 ਪੜ੍ਹੋ।) (3) ਅਸੀਂ ਦੂਜਿਆਂ ʼਤੇ ਦੋਸ਼ ਨਹੀਂ ਲਾਉਂਦੇ ਅਤੇ ਨਾ ਹੀ ਉਨ੍ਹਾਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਕਰਦੇ ਹਾਂ। (ਰੋਮੀ. 14:13) (4) ਮਸੀਹੀ ਇਕ-ਦੂਜੇ ਨੂੰ ਪਿਆਰ ਕਰਦੇ ਹਨ ਅਤੇ ਸਮਝਦੇ ਹਨ ਕਿ ਮੰਡਲੀ ਦੀ ਏਕਤਾ ਉਨ੍ਹਾਂ ਦੀ ਸੋਚ ਨਾਲੋਂ ਜ਼ਿਆਦਾ ਮਾਅਨੇ ਰੱਖਦੀ ਹੈ। (ਰੋਮੀ. 14:15, 19, 20) ਇਨ੍ਹਾਂ ਗੱਲਾਂ ਨੂੰ ਯਾਦ ਰੱਖ ਕੇ ਅਸੀਂ ਮੰਡਲੀ ਵਿਚ ਸ਼ਾਂਤੀ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਕਰੀਬੀ ਰਿਸ਼ਤਾ ਬਣਾਈ ਰੱਖਾਂਗੇ।
16. ਇਕ ਬਜ਼ੁਰਗ ਦੂਜੇ ਬਜ਼ੁਰਗਾਂ ਨਾਲ ਪੇਸ਼ ਆਉਂਦੇ ਵੇਲੇ ਸਮਝਦਾਰੀ ਕਿਵੇਂ ਦਿਖਾ ਸਕਦਾ ਹੈ? (ਤਸਵੀਰਾਂ ਵੀ ਦੇਖੋ।)
16 ਬਜ਼ੁਰਗਾਂ ਨੂੰ ਸਮਝਦਾਰ ਬਣਨ ਵਿਚ ਵਧੀਆ ਮਿਸਾਲ ਰੱਖਣੀ ਚਾਹੀਦੀ ਹੈ। (1 ਤਿਮੋ. 3:2, 3) ਉਦਾਹਰਣ ਲਈ, ਇਕ ਬਜ਼ੁਰਗ ਨੂੰ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਉਸ ਦੀ ਰਾਇ ਨੂੰ ਹਮੇਸ਼ਾ ਸਵੀਕਾਰ ਕੀਤਾ ਜਾਵੇਗਾ ਕਿਉਂਕਿ ਉਹ ਬਾਕੀ ਬਜ਼ੁਰਗਾਂ ਨਾਲੋਂ ਸਿਆਣੀ ਉਮਰ ਦਾ ਹੈ। ਉਸ ਨੂੰ ਅਹਿਸਾਸ ਹੈ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਕਿਸੇ ਵੀ ਬਜ਼ੁਰਗ ਨੂੰ ਕੁਝ ਅਜਿਹਾ ਕਹਿਣ ਲਈ ਪ੍ਰੇਰ ਸਕਦੀ ਹੈ ਜਿਸ ਨਾਲ ਉਹ ਸਹੀ ਫ਼ੈਸਲਾ ਕਰ ਸਕਦੇ ਹਨ। ਨਾਲੇ ਸ਼ਾਇਦ ਕੋਈ ਬਜ਼ੁਰਗ ਕਿਸੇ ਫ਼ੈਸਲੇ ਨਾਲ ਸਹਿਮਤ ਨਾ ਹੋਵੇ। ਪਰ ਜੇ ਬਾਈਬਲ ਦਾ ਕੋਈ ਅਸੂਲ ਨਹੀਂ ਟੁੱਟਦਾ, ਤਾਂ ਉਹ ਬਜ਼ੁਰਗ ਸਮਝਦਾਰੀ ਦਿਖਾਉਂਦਿਆਂ ਖ਼ੁਸ਼ੀ-ਖ਼ੁਸ਼ੀ ਉਸ ਫ਼ੈਸਲੇ ਦਾ ਸਮਰਥਨ ਕਰੇਗਾ ਜਿਸ ਨਾਲ ਜ਼ਿਆਦਾਤਰ ਬਜ਼ੁਰਗ ਸਹਿਮਤ ਹਨ।
ਫੇਰ-ਬਦਲ ਕਰਨ ਦੇ ਫ਼ਾਇਦੇ
17. ਫੇਰ-ਬਦਲ ਕਰਨ ਕਰਕੇ ਯਹੋਵਾਹ ਦੇ ਲੋਕਾਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
17 ਫੇਰ-ਬਦਲ ਕਰਨ ਕਰਕੇ ਯਹੋਵਾਹ ਦੇ ਲੋਕਾਂ ਨੂੰ ਬੇਸ਼ੁਮਾਰ ਬਰਕਤਾਂ ਮਿਲਦੀਆਂ ਹਨ। ਸਾਡਾ ਭੈਣਾਂ-ਭਰਾਵਾਂ ਨਾਲ ਵਧੀਆ ਰਿਸ਼ਤਾ ਬਣਦਾ ਹੈ ਅਤੇ ਮੰਡਲੀ ਵਿਚ ਸ਼ਾਂਤੀ ਹੁੰਦੀ ਹੈ। ਚਾਹੇ ਅਸੀਂ ਅਲੱਗ-ਅਲੱਗ ਸਭਿਆਚਾਰਾਂ ਤੋਂ ਹਾਂ ਅਤੇ ਸਾਡੇ ਸੁਭਾਅ ਵੀ ਵੱਖੋ-ਵੱਖਰੇ ਹਨ, ਫਿਰ ਵੀ ਅਸੀਂ ਖ਼ੁਸ਼ ਹਾਂ ਕਿ ਅਸੀਂ ਸਾਰੇ ਜਣੇ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਾਂ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸਾਨੂੰ ਇਹ ਜਾਣ ਕੇ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਰੀਸ ਕਰ ਰਹੇ ਹਾਂ ਜੋ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਹੈ।
ਗੀਤ 90 ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੋ
a ਯਹੋਵਾਹ ਅਤੇ ਯਿਸੂ ਫੇਰ-ਬਦਲ ਕਰਨ ਲਈ ਤਿਆਰ ਰਹਿੰਦੇ ਹਨ। ਉਹ ਚਾਹੁੰਦੇ ਹਨ ਕਿ ਅਸੀਂ ਵੀ ਇੱਦਾਂ ਹੀ ਕਰੀਏ। ਜੇ ਅਸੀਂ ਸਮਝਦਾਰ ਹਾਂ, ਤਾਂ ਸਾਡੇ ਲਈ ਆਪਣੇ ਹਾਲਾਤਾਂ ਅਨੁਸਾਰ ਫੇਰ-ਬਦਲ ਕਰਨਾ ਸੌਖਾ ਹੋਵੇਗਾ, ਜਿਵੇਂ ਕਿ ਜਦੋਂ ਸਾਡੀ ਸਿਹਤ ਖ਼ਰਾਬ ਹੁੰਦੀ ਹੈ ਜਾਂ ਸਾਨੂੰ ਪੈਸੇ-ਧੇਲੇ ਦੀ ਤੰਗੀ ਆਉਂਦੀ ਹੈ। ਨਾਲੇ ਅਸੀਂ ਮੰਡਲੀ ਵਿਚ ਸ਼ਾਂਤੀ ਅਤੇ ਏਕਤਾ ਬਣਾਈ ਰੱਖਾਂਗੇ।
b ਜਾਗਰੂਕ ਬਣੋ! ਨੰ. 4, 2016 ਵਿਚ “ਬਦਲਦੇ ਹਾਲਾਤਾਂ ਅਨੁਸਾਰ ਕਿਵੇਂ ਢਲ਼ੀਏ” ਨਾਂ ਦਾ ਲੇਖ ਦੇਖੋ।
c ਮਾਰਚ-ਅਪ੍ਰੈਲ 2021 ਦੀ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ ਵਿਚ ਦਿੱਤੇ ਲੇਖ “ਅਤਿਆਚਾਰ ਦੇ ਬਾਵਜੂਦ ਮਿਲੀ ਗਵਾਹੀ” ਵਿਚ ਭਰਾ ਡਿਮੀਟਰੀ ਮੀਹਾਲੋਵ ਨਾਲ ਗੱਲਬਾਤ ਨਾਂ ਦੀ ਵੀਡੀਓ ਦੇਖੋ।
d ਪਹਿਰਾਵੇ ਤੇ ਹਾਰ-ਸ਼ਿੰਗਾਰ ਬਾਰੇ ਹੋਰ ਜਾਣਕਾਰੀ ਲੈਣ ਲਈ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦਾ ਪਾਠ 52 ਦੇਖੋ।