Skip to content

Skip to table of contents

ਅਧਿਐਨ ਲੇਖ 30

ਗੀਤ 36 ਦਿਲ ਦੀ ਰਾਖੀ ਕਰੋ

ਇਜ਼ਰਾਈਲ ਦੇ ਰਾਜਿਆਂ ਤੋਂ ਸਿੱਖੋ ਅਹਿਮ ਸਬਕ

ਇਜ਼ਰਾਈਲ ਦੇ ਰਾਜਿਆਂ ਤੋਂ ਸਿੱਖੋ ਅਹਿਮ ਸਬਕ

“ਤੁਸੀਂ ਫਿਰ ਤੋਂ ਧਰਮੀ ਤੇ ਦੁਸ਼ਟ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਅਤੇ ਨਾ ਕਰਨ ਵਾਲੇ ਵਿਚ ਫ਼ਰਕ ਦੇਖੋਗੇ।” ​—ਮਲਾ. 3:18.

ਕੀ ਸਿੱਖਾਂਗੇ?

ਅਸੀਂ ਜਾਣਾਂਗੇ ਕਿ ਯਹੋਵਾਹ ਨੇ ਕਿਉਂ ਇਜ਼ਰਾਈਲ ਦੇ ਕੁਝ ਰਾਜਿਆਂ ਨੂੰ ਚੰਗਾ ਕਿਹਾ ਤੇ ਕੁਝ ਨੂੰ ਬੁਰਾ। ਇਸ ਤੋਂ ਅਸੀਂ ਜਾਣ ਸਕਾਂਗੇ ਕਿ ਅੱਜ ਯਹੋਵਾਹ ਆਪਣੇ ਸੇਵਕਾਂ ਤੋਂ ਕੀ ਚਾਹੁੰਦਾ ਹੈ।

1-2. ਬਾਈਬਲ ਵਿਚ ਇਜ਼ਰਾਈਲ ਦੇ ਰਾਜਿਆਂ ਬਾਰੇ ਕੀ ਦੱਸਿਆ ਗਿਆ ਹੈ?

 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਇਜ਼ਰਾਈਲ ਵਿਚ 40 ਤੋਂ ਵੱਧ ਰਾਜਿਆਂ ਨੇ ਰਾਜ ਕੀਤਾ। a ਇਨ੍ਹਾਂ ਵਿੱਚੋਂ ਕੁਝ ਰਾਜਿਆਂ ਬਾਰੇ ਬਾਈਬਲ ਵਿਚ ਖੁੱਲ੍ਹ ਕੇ ਦੱਸਿਆ ਗਿਆ ਹੈ। ਜਿਵੇਂ ਇਸ ਵਿਚ ਦੱਸਿਆ ਗਿਆ ਹੈ ਕਿ ਚੰਗੇ ਰਾਜਿਆਂ ਨੇ ਵੀ ਕੁਝ ਬੁਰੇ ਕੰਮ ਕੀਤੇ ਸਨ। ਜੇ ਅਸੀਂ ਰਾਜਾ ਦਾਊਦ ਬਾਰੇ ਗੱਲ ਕਰੀਏ, ਤਾਂ ਉਹ ਇਕ ਚੰਗਾ ਰਾਜਾ ਸੀ। ਯਹੋਵਾਹ ਨੇ ਉਸ ਬਾਰੇ ਕਿਹਾ: ‘ਮੇਰਾ ਸੇਵਕ ਦਾਊਦ ਆਪਣੇ ਪੂਰੇ ਦਿਲ ਨਾਲ ਮੇਰੇ ਪਿੱਛੇ ਚੱਲਦਾ ਰਿਹਾ ਤੇ ਉਹੀ ਕੀਤਾ ਜੋ ਮੇਰੀਆਂ ਨਜ਼ਰਾਂ ਵਿਚ ਸਹੀ ਸੀ।’ (1 ਰਾਜ. 14:8) ਪਰ ਦਾਊਦ ਨੇ ਕੁਝ ਬੁਰੇ ਕੰਮ ਵੀ ਕੀਤੇ ਸਨ। ਉਸ ਨੇ ਇਕ ਵਿਆਹੀ ਔਰਤ ਨਾਲ ਨਾਜਾਇਜ਼ ਸਰੀਰਕ ਸੰਬੰਧ ਰੱਖੇ ਸਨ ਅਤੇ ਉਸ ਨੇ ਸਾਜ਼ਸ਼ ਘੜ ਕੇ ਉਸ ਦੇ ਪਤੀ ਨੂੰ ਯੁੱਧ ਵਿਚ ਮਰਵਾ ਸੁੱਟਿਆ।​—2 ਸਮੂ. 11:4, 14, 15.

2 ਦੂਜੇ ਪਾਸੇ, ਇਜ਼ਰਾਈਲ ਵਿਚ ਕੁਝ ਰਾਜੇ ਅਜਿਹੇ ਵੀ ਸਨ ਜੋ ਯਹੋਵਾਹ ਦੇ ਵਫ਼ਾਦਾਰ ਨਹੀਂ ਰਹੇ, ਪਰ ਉਨ੍ਹਾਂ ਨੇ ਕੁਝ ਚੰਗੇ ਕੰਮ ਕੀਤੇ ਸਨ। ਰਾਜਾ ਰਹਬੁਆਮ ਬਾਰੇ ਸੋਚੋ। ਯਹੋਵਾਹ ਦੀਆਂ ਨਜ਼ਰਾਂ ਵਿਚ ਉਸ ਨੇ “ਉਹੀ ਕੀਤਾ ਜੋ ਬੁਰਾ ਸੀ।” (2 ਇਤਿ. 12:14) ਪਰ ਉਸ ਨੇ ਯਹੋਵਾਹ ਦਾ ਕਹਿਣਾ ਵੀ ਮੰਨਿਆ। ਉਸ ਨੇ ਯਹੋਵਾਹ ਦੇ ਕਹਿਣ ʼਤੇ 10 ਗੋਤੀ ਰਾਜ ਨਾਲ ਯੁੱਧ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਆਪਣਾ ਰਾਜਾ ਚੁਣਨ ਦਿੱਤਾ। ਨਾਲੇ ਉਸ ਨੇ ਪਰਮੇਸ਼ੁਰ ਦੇ ਲੋਕਾਂ ਦੀ ਦੁਸ਼ਮਣਾਂ ਤੋਂ ਰਾਖੀ ਕਰਨ ਲਈ ਕਈ ਕਿਲੇਬੰਦ ਸ਼ਹਿਰ ਵੀ ਬਣਾਏ।​—1 ਰਾਜ. 12:21-24; 2 ਇਤਿ. 11:5-12.

3. ਇਜ਼ਰਾਈਲ ਦੇ ਰਾਜਿਆਂ ਬਾਰੇ ਕਿਹੜਾ ਸਵਾਲ ਖੜ੍ਹਾ ਹੁੰਦਾ ਹੈ ਅਤੇ ਅਸੀਂ ਇਸ ਲੇਖ ਵਿਚ ਕੀ ਜਾਣਾਂਗੇ?

3 ਫਿਰ ਇਕ ਅਹਿਮ ਸਵਾਲ ਖੜ੍ਹਾ ਹੁੰਦਾ ਹੈ: ਯਹੋਵਾਹ ਨੇ ਕਿਉਂ ਕੁਝ ਰਾਜਿਆਂ ਨੂੰ ਵਫ਼ਾਦਾਰ ਜਾਂ ਚੰਗਾ ਸਮਝਿਆ ਤੇ ਕੁਝ ਨੂੰ ਨਹੀਂ? ਇਸ ਸਵਾਲ ਦਾ ਜਵਾਬ ਜਾਣ ਕੇ ਅਸੀਂ ਸਮਝ ਸਕਾਂਗੇ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ। ਅਸੀਂ ਤਿੰਨ ਗੱਲਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਕਰਕੇ ਸ਼ਾਇਦ ਯਹੋਵਾਹ ਨੇ ਇਕ ਰਾਜੇ ਨੂੰ ਚੰਗਾ ਜਾਂ ਬੁਰਾ ਸਮਝਿਆ: (1) ਉਹ ਯਹੋਵਾਹ ਨੂੰ ਪੂਰੇ ਦਿਲ ਨਾਲ ਪਿਆਰ ਕਰਦਾ ਸੀ ਜਾਂ ਨਹੀਂ (2) ਉਸ ਨੇ ਆਪਣੀਆਂ ਗ਼ਲਤੀਆਂ ਤੋਂ ਦਿਲੋਂ ਤੋਬਾ ਕੀਤੀ ਸੀ ਜਾਂ ਨਹੀਂ ਅਤੇ (3) ਉਸ ਨੇ ਕਿਸ ਹੱਦ ਤਕ ਸੱਚੀ ਭਗਤੀ ਦਾ ਸਾਥ ਦਿੱਤਾ ਸੀ।

ਉਨ੍ਹਾਂ ਦਾ ਦਿਲ ਯਹੋਵਾਹ ਵੱਲ ਪੂਰੀ ਤਰ੍ਹਾਂ ਲੱਗਾ ਰਿਹਾ

4. ਵਫ਼ਾਦਾਰ ਅਤੇ ਬੇਵਫ਼ਾ ਰਾਜਿਆਂ ਵਿਚ ਕੀ ਫ਼ਰਕ ਸੀ?

4 ਯਹੋਵਾਹ ਉਨ੍ਹਾਂ ਰਾਜਿਆਂ ਤੋਂ ਖ਼ੁਸ਼ ਹੋਇਆ ਜੋ ਪੂਰੇ ਦਿਲ b ਨਾਲ ਉਸ ਦੀ ਸੇਵਾ ਕਰਦੇ ਸਨ। ਜਿਵੇਂ ਰਾਜਾ ਯਹੋਸ਼ਾਫ਼ਾਟ ਇਕ ਚੰਗਾ ਰਾਜਾ ਸੀ ਜਿਸ ਨੇ “ਆਪਣੇ ਪੂਰੇ ਦਿਲ ਨਾਲ ਯਹੋਵਾਹ ਦੀ ਭਾਲ ਕੀਤੀ ਸੀ।” (2 ਇਤਿ. 22:9) ਯੋਸੀਯਾਹ ਬਾਰੇ ਬਾਈਬਲ ਵਿਚ ਲਿਖਿਆ ਹੈ ਕਿ ‘ਉਸ ਤੋਂ ਪਹਿਲਾਂ ਉਸ ਵਰਗਾ ਕੋਈ ਰਾਜਾ ਨਹੀਂ ਸੀ ਹੋਇਆ ਜੋ ਆਪਣੇ ਪੂਰੇ ਦਿਲ ਨਾਲ ਯਹੋਵਾਹ ਵੱਲ ਮੁੜਿਆ ਹੋਵੇ।’ (2 ਰਾਜ. 23:25) ਸੁਲੇਮਾਨ ਬਾਰੇ ਕੀ ਕਿਹਾ ਜਾ ਸਕਦਾ ਹੈ ਜਿਸ ਨੇ ਆਪਣੇ ਬੁਢਾਪੇ ਵਿਚ ਬੁਰੇ ਕੰਮ ਕੀਤੇ ਸਨ? ਬਾਈਬਲ ਵਿਚ ਲਿਖਿਆ ਹੈ: “ਉਸ ਦਾ ਦਿਲ ਉਸ ਦੇ ਪਰਮੇਸ਼ੁਰ ਯਹੋਵਾਹ ਵੱਲ ਪੂਰੀ ਤਰ੍ਹਾਂ ਨਾ ਲੱਗਾ ਰਿਹਾ।” (1 ਰਾਜ. 11:4) ਨਾਲੇ ਰਾਜਾ ਅਬੀਯਾਮ ਵੀ ਯਹੋਵਾਹ ਦਾ ਵਫ਼ਾਦਾਰ ਨਹੀਂ ਰਿਹਾ। ਉਸ ਬਾਰੇ ਲਿਖਿਆ ਹੈ: “ਉਸ ਦਾ ਦਿਲ ਉਸ ਦੇ ਪਰਮੇਸ਼ੁਰ ਯਹੋਵਾਹ ਵੱਲ ਪੂਰੀ ਤਰ੍ਹਾਂ ਨਾ ਲੱਗਾ ਰਿਹਾ।”​—1 ਰਾਜ. 15:3.

5. ਇਸ ਦਾ ਕੀ ਮਤਲਬ ਹੈ ਕਿ ਇਕ ਵਿਅਕਤੀ ਦਾ ਦਿਲ ਯਹੋਵਾਹ ਵੱਲ ਪੂਰੀ ਤਰ੍ਹਾਂ ਲੱਗਾ ਹੋਇਆ ਹੈ?

5 ਜਦੋਂ ਇਕ ਵਿਅਕਤੀ ਦਾ ਦਿਲ ਯਹੋਵਾਹ ਵੱਲ ਪੂਰੀ ਤਰ੍ਹਾਂ ਲੱਗਾ ਰਹਿੰਦਾ ਹੈ, ਤਾਂ ਉਹ ਸਿਰਫ਼ ਫ਼ਰਜ਼ ਸਮਝ ਕੇ ਹੀ ਨਹੀਂ, ਸਗੋਂ ਪੂਰੇ ਦਿਲ ਨਾਲ ਉਸ ਦੀ ਭਗਤੀ ਕਰਦਾ ਹੈ। ਨਾਲੇ ਪਿਆਰ ਹੋਣ ਕਰਕੇ ਉਹ ਜ਼ਿੰਦਗੀ ਭਰ ਉਸ ਦੀ ਸੇਵਾ ਕਰਦਾ ਰਹਿੰਦਾ ਹੈ।

6. ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਦਿਲ ਯਹੋਵਾਹ ਵੱਲ ਪੂਰੀ ਤਰ੍ਹਾਂ ਲੱਗ ਰਹੇ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ? (ਕਹਾਉਤਾਂ 4:23; ਮੱਤੀ 5:29, 30)

6 ਅਸੀਂ ਉਨ੍ਹਾਂ ਵਫ਼ਾਦਾਰ ਰਾਜਿਆਂ ਦੀ ਰੀਸ ਕਿਵੇਂ ਕਰ ਸਕਦੇ ਹਾਂ ਜਿਨ੍ਹਾਂ ਦਾ ਦਿਲ ਯਹੋਵਾਹ ਵੱਲ ਪੂਰੀ ਤਰ੍ਹਾਂ ਲੱਗਾ ਰਿਹਾ? ਸਾਨੂੰ ਉਨ੍ਹਾਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਕਰਕੇ ਯਹੋਵਾਹ ਲਈ ਸਾਡਾ ਪਿਆਰ ਘੱਟ ਸਕਦਾ ਹੈ। ਮਿਸਾਲ ਲਈ, ਅਸੀਂ ਧਿਆਨ ਰੱਖਾਂਗੇ ਕਿ ਅਸੀਂ ਕਿਹੋ ਜਿਹਾ ਮਨੋਰੰਜਨ ਕਰਦੇ ਹਾਂ, ਅਸੀਂ ਕਿਹੋ ਜਿਹੇ ਲੋਕਾਂ ਨਾਲ ਦੋਸਤੀ ਕਰਦੇ ਹਾਂ ਅਤੇ ਕਿਤੇ ਅਸੀਂ ਦਿਨ-ਰਾਤ ਪੈਸਾ ਕਮਾਉਣ ਬਾਰੇ ਤਾਂ ਨਹੀਂ ਸੋਚਦੇ ਰਹਿੰਦੇ। ਜੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਕਿਸੇ ਵੀ ਕਾਰਨ ਕਰਕੇ ਯਹੋਵਾਹ ਲਈ ਸਾਡਾ ਪਿਆਰ ਠੰਢਾ ਪੈਣ ਲੱਗ ਪਿਆ ਹੈ, ਤਾਂ ਸਾਨੂੰ ਤੁਰੰਤ ਕਦਮ ਚੁੱਕਣ ਦੀ ਲੋੜ ਹੈ।​—ਕਹਾਉਤਾਂ 4:23; ਮੱਤੀ 5:29, 30 ਪੜ੍ਹੋ।

7. ਬੁਰੀਆਂ ਗੱਲਾਂ ਤੋਂ ਦੂਰ ਰਹਿਣਾ ਕਿਉਂ ਜ਼ਰੂਰੀ ਹੈ?

7 ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡਾ ਦਿਲ ਦੋ ਪਾਸੇ ਨਹੀਂ, ਸਗੋਂ ਪੂਰੀ ਤਰ੍ਹਾਂ ਯਹੋਵਾਹ ਵੱਲ ਲੱਗਾ ਰਹੇ। ਜੇ ਅਸੀਂ ਧਿਆਨ ਨਾ ਰੱਖੀਏ, ਤਾਂ ਅਸੀਂ ਸੋਚਣ ਲੱਗ ਸਕਦੇ ਹਾਂ ਕਿ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਕਰਕੇ ਸਾਡੇ ʼਤੇ ਬੁਰੀਆਂ ਗੱਲਾਂ ਦਾ ਅਸਰ ਨਹੀਂ ਪਵੇਗਾ। ਇਸ ਤਰ੍ਹਾਂ ਦੀ ਸੋਚ ਰੱਖਣੀ ਬੇਵਕੂਫ਼ੀ ਦੀ ਗੱਲ ਹੋਵੇਗੀ। ਇਸ ਨੂੰ ਸਮਝਣ ਲਈ ਇਕ ਉਦਾਹਰਣ ʼਤੇ ਗੌਰ ਕਰੋ। ਮੰਨ ਲਓ, ਬਾਹਰ ਕੜਾਕੇ ਦੀ ਠੰਢ ਪੈ ਰਹੀ ਹੈ। ਤੁਸੀਂ ਘਰ ਆ ਕੇ ਹੀਟਰ ਚਲਾਉਂਦੇ ਹੋ। ਪਰ ਜੇ ਤੁਸੀਂ ਦਰਵਾਜ਼ਾ ਬੰਦ ਨਹੀਂ ਕਰਦੇ, ਤਾਂ ਕੀ ਹੀਟਰ ਚਲਾਉਣ ਦਾ ਕੋਈ ਫ਼ਾਇਦਾ ਹੋਵੇਗਾ? ਬਿਲਕੁਲ ਨਹੀਂ। ਸੋ ਅਸੀਂ ਇਸ ਉਦਾਹਰਣ ਤੋਂ ਕੀ ਸਿੱਖ ਸਕਦੇ ਹਾਂ? ਸਾਨੂੰ ਨਾ ਸਿਰਫ਼ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਦੀ ਲੋੜ ਹੈ, ਸਗੋਂ ਆਪਣੇ ਦਿਲ ਦੇ ਦਰਵਾਜ਼ੇ ਵੀ ਬੰਦ ਕਰਨ ਦੀ ਲੋੜ ਹੈ ਤਾਂਕਿ ਦੁਨੀਆਂ ਦੀ “ਹਵਾ” ਦਾ ਅਸਰ ਸਾਡੇ ʼਤੇ ਨਾ ਪਵੇ। (ਅਫ਼. 2:2) ਜੇ ਅਸੀਂ ਇੱਦਾਂ ਨਹੀਂ ਕਰਦੇ, ਤਾਂ ਸਾਡਾ ਦਿਲ ਦੋ ਪਾਸੇ ਲੱਗ ਸਕਦਾ ਹੈ ਯਾਨੀ ਯਹੋਵਾਹ ਲਈ ਸਾਡਾ ਪਿਆਰ ਠੰਢਾ ਪੈ ਸਕਦਾ ਹੈ।

ਉਨ੍ਹਾਂ ਨੇ ਦਿਲੋਂ ਤੋਬਾ ਕੀਤੀ

8-9. ਜਦੋਂ ਰਾਜਾ ਦਾਊਦ ਅਤੇ ਰਾਜਾ ਹਿਜ਼ਕੀਯਾਹ ਨੂੰ ਸੁਧਾਰਿਆ ਗਿਆ, ਤਾਂ ਉਨ੍ਹਾਂ ਨੇ ਕੀ ਕੀਤਾ? (ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਦੇਖੋ।)

8 ਜਿਵੇਂ ਅਸੀਂ ਪਹਿਲਾਂ ਦੇਖਿਆ, ਰਾਜਾ ਦਾਊਦ ਨੇ ਗੰਭੀਰ ਪਾਪ ਕੀਤੇ ਸਨ। ਪਰ ਜਦੋਂ ਨਾਥਾਨ ਨਬੀ ਨੇ ਦਾਊਦ ਨੂੰ ਉਸ ਦੀ ਗ਼ਲਤੀ ਦੱਸੀ ਅਤੇ ਉਸ ਨੂੰ ਸੁਧਾਰਿਆ, ਤਾਂ ਉਸ ਨੇ ਨਿਮਰ ਹੋ ਕੇ ਤੋਬਾ ਕੀਤੀ। (2 ਸਮੂ. 12:13) ਉਸ ਦੀ ਤੋਬਾ ਕੋਈ ਦਿਖਾਵਾ ਨਹੀਂ ਸੀ ਤਾਂਕਿ ਨਾਥਾਨ ਨੂੰ ਉਸ ʼਤੇ ਯਕੀਨ ਹੋ ਜਾਵੇ ਅਤੇ ਉਹ ਉਸ ਨੂੰ ਸਜ਼ਾ ਨਾ ਸੁਣਾਵੇ। ਜ਼ਬੂਰ 51 ਵਿਚ ਦਾਊਦ ਨੇ ਜੋ ਗੱਲਾਂ ਲਿਖੀਆਂ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਆਪਣੀ ਕੀਤੀ ʼਤੇ ਅਫ਼ਸੋਸ ਸੀ ਅਤੇ ਉਸ ਨੇ ਦਿਲੋਂ ਤੋਬਾ ਕੀਤੀ ਸੀ।​—ਜ਼ਬੂ. 51:3, 4, 17, ਸਿਰਲੇਖ

9 ਰਾਜਾ ਹਿਜ਼ਕੀਯਾਹ ਨੇ ਵੀ ਪਾਪ ਕੀਤਾ ਸੀ ਅਤੇ ਯਹੋਵਾਹ ਨੂੰ ਦੁਖੀ ਕੀਤਾ ਸੀ। ਬਾਈਬਲ ਵਿਚ ਲਿਖਿਆ ਹੈ: “ਉਸ ਦਾ ਮਨ ਘਮੰਡੀ ਹੋ ਗਿਆ ਜਿਸ ਕਰਕੇ ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਅਤੇ ਯਹੂਦਾਹ ਤੇ ਯਰੂਸ਼ਲਮ ਉੱਤੇ ਭੜਕਿਆ।” (2 ਇਤਿ. 32:25) ਹਿਜ਼ਕੀਯਾਹ ਘਮੰਡ ਨਾਲ ਕਿਉਂ ਫੁੱਲ ਗਿਆ ਸੀ? ਸ਼ਾਇਦ ਆਪਣੀ ਦੌਲਤ ਕਰਕੇ, ਅੱਸ਼ੂਰੀਆਂ ʼਤੇ ਜਿੱਤ ਹਾਸਲ ਕਰਨ ਕਰਕੇ ਜਾਂ ਇਸ ਕਰਕੇ ਕਿ ਯਹੋਵਾਹ ਨੇ ਚਮਤਕਾਰੀ ਤਰੀਕੇ ਨਾਲ ਉਸ ਦੀ ਬੀਮਾਰੀ ਠੀਕ ਕੀਤੀ ਸੀ। ਜੋ ਵੀ ਹੋਵੇ, ਸ਼ਾਇਦ ਉਸ ਨੇ ਘਮੰਡ ਕਰਕੇ ਹੀ ਬਾਬਲ ਦੇ ਲੋਕਾਂ ਨੂੰ ਆਪਣਾ ਸਾਰਾ ਖ਼ਜ਼ਾਨਾ ਦਿਖਾਇਆ ਸੀ। ਇਸ ਲਈ ਯਹੋਵਾਹ ਨੇ ਆਪਣੇ ਨਬੀ ਯਸਾਯਾਹ ਰਾਹੀਂ ਉਸ ਦੀ ਸੋਚ ਸੁਧਾਰੀ। (2 ਰਾਜ. 20:12-18) ਉਸ ਵੇਲੇ ਹਿਜ਼ਕੀਯਾਹ ਨੇ ਦਾਊਦ ਵਾਂਗ ਨਿਮਰ ਹੋ ਕੇ ਆਪਣੀ ਗ਼ਲਤੀ ਮੰਨੀ ਅਤੇ ਤੋਬਾ ਕੀਤੀ। (2 ਇਤਿ. 32:26) ਤਾਂ ਫਿਰ ਯਹੋਵਾਹ ਦੀਆਂ ਨਜ਼ਰਾਂ ਵਿਚ ਹਿਜ਼ਕੀਯਾਹ ਕਿਹੋ ਜਿਹਾ ਇਨਸਾਨ ਸੀ? ਬਾਈਬਲ ਵਿਚ ਦੱਸਿਆ ਹੈ ਕਿ ਉਹ ਇਕ ਵਫ਼ਾਦਾਰ ਰਾਜਾ ਸੀ ਜੋ “ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ।”​—2 ਰਾਜ. 18:3.

ਜਦੋਂ ਰਾਜਾ ਦਾਊਦ ਅਤੇ ਹਿਜ਼ਕੀਯਾਹ ਨੂੰ ਸੁਧਾਰਿਆ ਗਿਆ, ਤਾਂ ਉਨ੍ਹਾਂ ਨੇ ਨਿਮਰ ਹੋ ਕੇ ਆਪਣੀ ਗ਼ਲਤੀ ਕਬੂਲ ਕੀਤੀ ਅਤੇ ਦਿਲੋਂ ਤੋਬਾ ਕੀਤੀ (ਪੈਰੇ 8-9 ਦੇਖੋ)


10. ਜਦੋਂ ਅਮਸਯਾਹ ਨੂੰ ਉਸ ਦੀ ਗ਼ਲਤੀ ਦੱਸੀ ਗਈ, ਤਾਂ ਉਸ ਨੇ ਕੀ ਕੀਤਾ?

10 ਯਹੂਦਾਹ ਦਾ ਰਾਜਾ ਅਮਸਯਾਹ ਰਾਜਾ ਦਾਊਦ ਅਤੇ ਹਿਜ਼ਕੀਯਾਹ ਤੋਂ ਬਿਲਕੁਲ ਅਲੱਗ ਸੀ। ਉਸ ਨੇ ਉਹ ਕੰਮ ਤਾਂ ਕੀਤੇ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸਨ, ਪਰ “ਪੂਰੇ ਦਿਲ ਨਾਲ ਨਹੀਂ।” (2 ਇਤਿ. 25:2) ਉਸ ਨੇ ਕਿਹੜੀ ਗ਼ਲਤੀ ਕੀਤੀ ਸੀ? ਯਹੋਵਾਹ ਨੇ ਉਸ ਨੂੰ ਅਦੋਮੀਆਂ ʼਤੇ ਜਿੱਤ ਦਿਵਾਈ, ਪਰ ਉਸ ਤੋਂ ਬਾਅਦ ਉਹ ਉਨ੍ਹਾਂ ਦੇ ਦੇਵਤਿਆਂ ਦੀ ਪੂਜਾ ਕਰਨ ਲੱਗ ਪਿਆ। c ਫਿਰ ਜਦੋਂ ਯਹੋਵਾਹ ਦੇ ਨਬੀ ਨੇ ਆ ਕੇ ਉਸ ਨੂੰ ਉਸ ਦੀ ਗ਼ਲਤੀ ਦੱਸੀ, ਤਾਂ ਉਹ ਗੁੱਸੇ ਨਾਲ ਭੜਕ ਉੱਠਿਆ ਅਤੇ ਉਸ ਨੇ ਨਬੀ ਦੀ ਇਕ ਨਾ ਸੁਣੀ।​—2 ਇਤਿ. 25:14-16.

11. ਦੂਜਾ ਕੁਰਿੰਥੀਆਂ 7:9, 11 ਅਨੁਸਾਰ ਯਹੋਵਾਹ ਤੋਂ ਮਾਫ਼ੀ ਪਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? (ਤਸਵੀਰਾਂ ਵੀ ਦੇਖੋ।)

11 ਅਸੀਂ ਇਜ਼ਰਾਈਲ ਦੇ ਰਾਜਿਆਂ ਤੋਂ ਕੀ ਸਿੱਖਦੇ ਹਾਂ? ਜਦੋਂ ਸਾਡੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ, ਤਾਂ ਸਾਨੂੰ ਦਿਲੋਂ ਤੋਬਾ ਕਰਨੀ ਚਾਹੀਦੀ ਹੈ। ਨਾਲੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉਹੀ ਗ਼ਲਤੀ ਨਾ ਦੁਹਰਾਈਏ। ਪਰ ਜੇ ਬਜ਼ੁਰਗ ਸਾਨੂੰ ਕਿਸੇ ਅਜਿਹੇ ਮਾਮਲੇ ਬਾਰੇ ਸਲਾਹ ਦੇਣ ਜੋ ਸਾਨੂੰ ਛੋਟਾ ਜਿਹਾ ਲੱਗ ਰਿਹਾ ਹੈ, ਤਾਂ ਅਸੀਂ ਕੀ ਕਰਾਂਗੇ? ਉਸ ਸਮੇਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਬਜ਼ੁਰਗ ਸਾਨੂੰ ਪਸੰਦ ਨਹੀਂ ਕਰਦੇ ਜਾਂ ਯਹੋਵਾਹ ਸਾਨੂੰ ਪਿਆਰ ਨਹੀਂ ਕਰਦਾ। ਯਾਦ ਕਰੋ, ਚੰਗੇ ਰਾਜਿਆਂ ਨੂੰ ਵੀ ਸਲਾਹ ਦਿੱਤੀ ਗਈ ਸੀ ਅਤੇ ਉਨ੍ਹਾਂ ਦੀ ਸੋਚ ਸੁਧਾਰੀ ਗਈ ਸੀ। (ਇਬ. 12:6) ਇਸ ਲਈ ਜਦੋਂ ਸਾਨੂੰ ਸੁਧਾਰਿਆ ਜਾਂਦਾ ਹੈ, ਤਾਂ ਸਾਨੂੰ (1) ਨਿਮਰ ਹੋ ਕੇ ਗ਼ਲਤੀ ਮੰਨਣੀ ਚਾਹੀਦੀ ਹੈ, (2) ਜ਼ਰੂਰੀ ਬਦਲਾਅ ਕਰਨੇ ਚਾਹੀਦੇ ਹਨ ਅਤੇ (3) ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨੀ ਚਾਹੀਦੀ ਹੈ। ਜੇ ਅਸੀਂ ਦਿਲੋਂ ਤੋਬਾ ਕਰੀਏ, ਤਾਂ ਯਹੋਵਾਹ ਸਾਨੂੰ ਜ਼ਰੂਰ ਮਾਫ਼ ਕਰ ਦੇਵੇਗਾ।​—2 ਕੁਰਿੰਥੀਆਂ 7:9, 11 ਪੜ੍ਹੋ।

ਜਦੋਂ ਸਾਨੂੰ ਸੁਧਾਰਿਆ ਜਾਂਦਾ ਹੈ, ਤਾਂ ਸਾਨੂੰ (1) ਨਿਮਰ ਹੋ ਕੇ ਗ਼ਲਤੀ ਮੰਨਣੀ ਚਾਹੀਦੀ ਹੈ, (2) ਜ਼ਰੂਰੀ ਬਦਲਾਅ ਕਰਨੇ ਚਾਹੀਦੇ ਹਨ ਅਤੇ (3) ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨੀ ਚਾਹੀਦੀ ਹੈ (ਪੈਰਾ 11 ਦੇਖੋ) f


ਉਨ੍ਹਾਂ ਨੇ ਸੱਚੀ ਭਗਤੀ ਦਾ ਸਾਥ ਦਿੱਤਾ

12. ਕੁਝ ਰਾਜਿਆਂ ਨੇ ਅਜਿਹਾ ਕੀ ਕੀਤਾ ਜਿਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਵਫ਼ਾਦਾਰ ਸਮਝਿਆ?

12 ਸੱਚੀ ਭਗਤੀ ਦਾ ਸਾਥ ਦੇਣ ਵਾਲੇ ਰਾਜਿਆਂ ਨੂੰ ਯਹੋਵਾਹ ਨੇ ਵਫ਼ਾਦਾਰ ਸਮਝਿਆ। ਉਨ੍ਹਾਂ ਰਾਜਿਆਂ ਨੇ ਨਾ ਸਿਰਫ਼ ਖ਼ੁਦ ਯਹੋਵਾਹ ਦੀ ਭਗਤੀ ਕੀਤੀ, ਸਗੋਂ ਆਪਣੀ ਪਰਜਾ ਨੂੰ ਵੀ ਇੱਦਾਂ ਕਰਨ ਦੀ ਹੱਲਾਸ਼ੇਰੀ ਦਿੱਤੀ। ਭਾਵੇਂ ਉਨ੍ਹਾਂ ਤੋਂ ਕੁਝ ਗ਼ਲਤੀਆਂ ਤਾਂ ਹੋਈਆਂ ਸਨ, ਪਰ ਉਨ੍ਹਾਂ ਨੇ ਸਿਰਫ਼ ਸੱਚੇ ਪਰਮੇਸ਼ੁਰ ਯਹੋਵਾਹ ਦੀ ਹੀ ਭਗਤੀ ਕੀਤੀ। ਨਾਲੇ ਉਨ੍ਹਾਂ ਨੇ ਇਜ਼ਰਾਈਲ ਵਿੱਚੋਂ ਮੂਰਤੀ-ਪੂਜਾ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਵੀ ਪੂਰੀ ਕੋਸ਼ਿਸ਼ ਕੀਤੀ। d

13. ਯਹੋਵਾਹ ਨੇ ਰਾਜਾ ਅਹਾਬ ਨੂੰ ਵਫ਼ਾਦਾਰ ਕਿਉਂ ਨਹੀਂ ਸਮਝਿਆ?

13 ਪਰ ਕੁਝ ਰਾਜਿਆਂ ਨੂੰ ਯਹੋਵਾਹ ਨੇ ਵਫ਼ਾਦਾਰ ਕਿਉਂ ਨਹੀਂ ਸਮਝਿਆ? ਇੱਦਾਂ ਨਹੀਂ ਸੀ ਕਿ ਉਨ੍ਹਾਂ ਨੇ ਹਮੇਸ਼ਾ ਬੁਰੇ ਕੰਮ ਕੀਤੇ ਸਨ। ਮਿਸਾਲ ਲਈ, ਦੁਸ਼ਟ ਰਾਜੇ ਅਹਾਬ ਬਾਰੇ ਸੋਚੋ। ਉਹ ਵੀ ਕੁਝ ਹੱਦ ਤਕ ਨਿਮਰ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਕਰਕੇ ਨਾਬੋਥ ਨੂੰ ਜਾਨੋਂ ਮਾਰ ਦਿੱਤਾ ਗਿਆ ਸੀ, ਤਾਂ ਉਹ ਬਹੁਤ ਦੁਖੀ ਹੋਇਆ। (1 ਰਾਜ. 21:27-29) ਉਸ ਨੇ ਕੁਝ ਹੋਰ ਚੰਗੇ ਕੰਮ ਵੀ ਕੀਤੇ ਸਨ। ਉਸ ਨੇ ਕਈ ਸ਼ਹਿਰ ਬਣਵਾਏ ਸਨ ਅਤੇ ਕਈ ਲੜਾਈਆਂ ਵਿਚ ਇਜ਼ਰਾਈਲੀਆਂ ਨੂੰ ਜਿੱਤ ਦਿਵਾਈ ਸੀ। (1 ਰਾਜ. 20:21, 29; 22:39) ਪਰ ਆਪਣੀ ਪਤਨੀ ਦੀਆਂ ਗੱਲਾਂ ਵਿਚ ਆ ਕੇ ਅਹਾਬ ਝੂਠੀ ਭਗਤੀ ਕਰਨ ਲੱਗ ਪਿਆ ਅਤੇ ਉਸ ਨੇ ਲੋਕਾਂ ਨੂੰ ਵੀ ਇੱਦਾਂ ਕਰਨ ਦੀ ਹੱਲਾਸ਼ੇਰੀ ਦਿੱਤੀ। ਆਪਣੀ ਇਸ ਗ਼ਲਤੀ ਕਰਕੇ ਉਸ ਨੇ ਕਦੀ ਵੀ ਤੋਬਾ ਨਹੀਂ ਕੀਤੀ।​—1 ਰਾਜ. 21:25, 26.

14. (ੳ) ਯਹੋਵਾਹ ਦੀਆਂ ਨਜ਼ਰਾਂ ਵਿਚ ਰਾਜਾ ਰਹਬੁਆਮ ਵਫ਼ਾਦਾਰ ਕਿਉਂ ਨਹੀਂ ਸੀ? (ਅ) ਜਿਹੜੇ ਰਾਜੇ ਯਹੋਵਾਹ ਦੇ ਵਫ਼ਾਦਾਰ ਨਹੀਂ ਰਹੇ, ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਕੀ ਕੀਤਾ?

14 ਆਓ ਆਪਾਂ ਇਕ ਹੋਰ ਰਾਜੇ ʼਤੇ ਗੌਰ ਕਰੀਏ ਜੋ ਯਹੋਵਾਹ ਦਾ ਵਫ਼ਾਦਾਰ ਨਹੀਂ ਰਿਹਾ। ਉਹ ਸੀ, ਰਹਬੁਆਮ। ਉਸ ਨੇ ਕਈ ਚੰਗੇ ਕੰਮ ਕੀਤੇ ਸਨ। ਪਰ ਜਦੋਂ ਉਸ ਦਾ ਰਾਜ ਮਜ਼ਬੂਤੀ ਨਾਲ ਕਾਇਮ ਹੋ ਗਿਆ, ਤਾਂ ਉਸ ਨੇ ਯਹੋਵਾਹ ਦਾ ਕਾਨੂੰਨ ਮੰਨਣਾ ਛੱਡ ਦਿੱਤਾ। (2 ਇਤਿ. 12:1) ਇਸ ਤੋਂ ਬਾਅਦ, ਉਹ ਕਦੀ ਯਹੋਵਾਹ ਦੀ ਭਗਤੀ ਕਰਦਾ ਸੀ ਤੇ ਕਦੀ ਝੂਠੇ ਦੇਵੀ-ਦੇਵਤਿਆਂ ਦੀ। (1 ਰਾਜ. 14:21-24) ਰਹਬੁਆਮ ਅਤੇ ਅਹਾਬ ਤੋਂ ਇਲਾਵਾ ਅਜਿਹੇ ਹੋਰ ਵੀ ਰਾਜੇ ਸਨ ਜੋ ਸੱਚੀ ਭਗਤੀ ਤੋਂ ਭਟਕ ਗਏ ਸਨ। ਦਰਅਸਲ, ਜਿਹੜੇ ਰਾਜੇ ਯਹੋਵਾਹ ਦੇ ਵਫ਼ਾਦਾਰ ਨਹੀਂ ਰਹੇ, ਉਨ੍ਹਾਂ ਵਿੱਚੋਂ ਜ਼ਿਆਦਾਤਰ ਰਾਜਿਆਂ ਨੇ ਝੂਠੀ ਭਗਤੀ ਦਾ ਸਾਥ ਦਿੱਤਾ ਅਤੇ ਦੂਜਿਆਂ ਨੂੰ ਵੀ ਇੱਦਾਂ ਕਰਨ ਦੀ ਹੱਲਾਸ਼ੇਰੀ ਦਿੱਤੀ। ਤਾਂ ਫਿਰ ਯਹੋਵਾਹ ਨੇ ਕਿਵੇਂ ਤੈਅ ਕੀਤਾ ਕਿ ਕਿਹੜਾ ਰਾਜਾ ਵਫ਼ਾਦਾਰ ਸੀ ਤੇ ਕਿਹੜਾ ਨਹੀਂ? ਯਹੋਵਾਹ ਨੇ ਇਸ ਗੱਲ ʼਤੇ ਖ਼ਾਸ ਧਿਆਨ ਦਿੱਤਾ ਕਿ ਕਿਹੜੇ ਰਾਜੇ ਨੇ ਸੱਚੀ ਭਗਤੀ ਦਾ ਸਾਥ ਦਿੱਤਾ ਤੇ ਕਿਹੜੇ ਨੇ ਨਹੀਂ।

15. ਯਹੋਵਾਹ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ ਕਿ ਇਕ ਵਿਅਕਤੀ ਸੱਚੀ ਭਗਤੀ ਦਾ ਸਾਥ ਦੇਵੇ?

15 ਯਹੋਵਾਹ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ ਕਿ ਸਿਰਫ਼ ਉਸ ਦੀ ਹੀ ਭਗਤੀ ਕੀਤੀ ਜਾਵੇ? ਜੇ ਰਾਜਿਆਂ ਦੀ ਗੱਲ ਕਰੀਏ, ਤਾਂ ਉਨ੍ਹਾਂ ਦੀ ਇਹ ਜ਼ਿੰਮੇਵਾਰੀ ਸੀ ਕਿ ਉਹ ਲੋਕਾਂ ਨੂੰ ਸੱਚੀ ਭਗਤੀ ਕਰਨ ਦੀ ਹੱਲਾਸ਼ੇਰੀ ਦੇਣ। ਪਰ ਜੇ ਰਾਜਾ ਇੱਦਾਂ ਨਹੀਂ ਕਰਦਾ ਸੀ, ਤਾਂ ਲੋਕ ਝੂਠੀ ਭਗਤੀ ਕਰਨੀ ਸ਼ੁਰੂ ਕਰ ਦਿੰਦੇ ਸਨ। ਨਤੀਜੇ ਵਜੋਂ, ਲੋਕ ਵੱਡੇ-ਵੱਡੇ ਪਾਪ ਕਰਦੇ ਸਨ ਅਤੇ ਇਕ-ਦੂਜੇ ਨਾਲ ਬੁਰਾ ਸਲੂਕ ਕਰਦੇ ਸਨ। (ਹੋਸ਼ੇ. 4:1, 2) ਜ਼ਰਾ ਇਸ ਬਾਰੇ ਵੀ ਸੋਚੋ, ਰਾਜਾ ਅਤੇ ਉਸ ਦੇ ਲੋਕ ਦੋਵੇਂ ਯਹੋਵਾਹ ਨੂੰ ਸਮਰਪਿਤ ਸਨ। ਇਸ ਲਈ ਜੇ ਉਹ ਯਹੋਵਾਹ ਨੂੰ ਛੱਡ ਕੇ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਲੱਗ ਪੈਂਦੇ ਸਨ, ਤਾਂ ਉਹ ਯਹੋਵਾਹ ਨਾਲ ਬੇਵਫ਼ਾਈ ਕਰ ਰਹੇ ਹੁੰਦੇ ਸਨ। (ਯਿਰ. 3:8, 9) ਜਦੋਂ ਇਕ ਪਤੀ ਜਾਂ ਪਤਨੀ ਆਪਣੇ ਸਾਥੀ ਨਾਲ ਬੇਵਫ਼ਾਈ ਕਰਦੀ ਹੈ, ਤਾਂ ਉਸ ਦੇ ਸਾਥੀ ਨੂੰ ਬਹੁਤ ਦੁੱਖ ਲੱਗਦਾ ਹੈ। ਉਸੇ ਤਰ੍ਹਾਂ ਜੇ ਯਹੋਵਾਹ ਦਾ ਸਮਰਪਿਤ ਸੇਵਕ ਉਸ ਨੂੰ ਛੱਡ ਕੇ ਹੋਰ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪੈਂਦਾ ਹੈ, ਤਾਂ ਯਹੋਵਾਹ ਨੂੰ ਵੀ ਬਹੁਤ ਦੁੱਖ ਲੱਗਦਾ ਹੈ। e​—ਬਿਵ. 4:23, 24.

16. ਯਹੋਵਾਹ ਕਿਸ ਆਧਾਰ ਤੇ ਫ਼ੈਸਲਾ ਕਰਦਾ ਹੈ ਕਿ ਇਕ ਵਿਅਕਤੀ ਧਰਮੀ ਹੈ ਜਾਂ ਦੁਸ਼ਟ?

16 ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਸਾਨੂੰ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਕਿ ਅਸੀਂ ਝੂਠੀ ਭਗਤੀ ਨਹੀਂ ਕਰਾਂਗੇ। ਪਰ ਸਾਨੂੰ ਸੱਚੀ ਭਗਤੀ ਦਾ ਵੀ ਸਾਥ ਦੇਣਾ ਚਾਹੀਦਾ ਹੈ ਅਤੇ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਾ ਚਾਹੀਦਾ ਹੈ। ਮਲਾਕੀ ਨਬੀ ਨੇ ਦੱਸਿਆ ਸੀ ਕਿ ਯਹੋਵਾਹ ਕਿਵੇਂ ਚੰਗੇ ਤੇ ਬੁਰੇ ਵਿਚ ਫ਼ਰਕ ਕਰਦਾ ਹੈ। ਉਸ ਨੇ ਕਿਹਾ ਸੀ ਕਿ ‘ਪਰਮੇਸ਼ੁਰ ਦੀ ਸੇਵਾ ਕਰਨ ਵਾਲੇ’ ਉਸ ਦੀਆਂ ਨਜ਼ਰਾਂ ਵਿਚ “ਧਰਮੀ” ਹਨ, ਪਰ ‘ਉਸ ਦੀ ਸੇਵਾ ਨਾ ਕਰਨ ਵਾਲੇ’ ਉਸ ਦੀਆਂ ਨਜ਼ਰਾਂ ਵਿਚ “ਦੁਸ਼ਟ” ਹਨ। (ਮਲਾ. 3:18) ਅਸੀਂ ਵੀ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਧਰਮੀ ਸਮਝੇ। ਇਸ ਲਈ ਸਾਨੂੰ ਆਪਣੀਆਂ ਗ਼ਲਤੀਆਂ ਅਤੇ ਕਮੀਆਂ-ਕਮਜ਼ੋਰੀਆਂ ਕਰਕੇ ਇੰਨੇ ਜ਼ਿਆਦਾ ਨਿਰਾਸ਼ ਨਹੀਂ ਹੋ ਜਾਣਾ ਚਾਹੀਦਾ ਕਿ ਅਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਈਏ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਗੰਭੀਰ ਪਾਪ ਹੋਵੇਗਾ।

17. ਸਾਨੂੰ ਕਿਉਂ ਸੋਚ-ਸਮਝ ਕੇ ਜੀਵਨ ਸਾਥੀ ਚੁਣਨਾ ਚਾਹੀਦਾ ਹੈ?

17 ਕੀ ਤੁਸੀਂ ਕੁਆਰੇ ਹੋ ਅਤੇ ਵਿਆਹ ਕਰਨ ਬਾਰੇ ਸੋਚ ਰਹੇ ਹੋ? ਜੇ ਹਾਂ, ਤਾਂ ਮਲਾਕੀ ਦੀਆਂ ਕਹੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਤੁਸੀਂ ਕਿਵੇਂ ਇਕ ਚੰਗਾ ਜੀਵਨ ਸਾਥੀ ਚੁਣ ਸਕਦੇ ਹੋ? ਸ਼ਾਇਦ ਇਕ ਵਿਅਕਤੀ ਵਿਚ ਚੰਗੇ ਗੁਣ ਹੋਣ। ਪਰ ਜੇ ਉਹ ਯਹੋਵਾਹ ਦੀ ਸੇਵਾ ਨਹੀਂ ਕਰਦਾ, ਤਾਂ ਕੀ ਉਹ ਉਸ ਦੀਆਂ ਨਜ਼ਰਾਂ ਵਿਚ ਧਰਮੀ ਹੋਵੇਗਾ? (2 ਕੁਰਿੰ. 6:14) ਨਾਲੇ ਜੇ ਤੁਸੀਂ ਉਸ ਨਾਲ ਵਿਆਹ ਕਰਾ ਲਓ, ਤਾਂ ਕੀ ਉਹ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਕਰਨ ਵਿਚ ਤੁਹਾਡੀ ਮਦਦ ਕਰੇਗਾ? ਜ਼ਰਾ ਸੋਚੋ, ਰਾਜਾ ਸੁਲੇਮਾਨ ਨੇ ਹੋਰ ਕੌਮਾਂ ਦੀਆਂ ਜਿਨ੍ਹਾਂ ਔਰਤਾਂ ਨਾਲ ਵਿਆਹ ਕਰਾਇਆ ਸੀ, ਉਨ੍ਹਾਂ ਵਿਚ ਵੀ ਕੁਝ ਚੰਗੇ ਗੁਣ ਹੋਣੇ। ਪਰ ਉਹ ਯਹੋਵਾਹ ਦੀ ਭਗਤੀ ਨਹੀਂ ਕਰਦੀਆਂ ਸਨ। ਉਨ੍ਹਾਂ ਨੇ ਹੌਲੀ-ਹੌਲੀ ਸੁਲੇਮਾਨ ਦਾ ਦਿਲ ਭਰਮਾ ਲਿਆ ਅਤੇ ਉਹ ਵੀ ਝੂਠੀ ਭਗਤੀ ਕਰਨ ਲੱਗ ਪਿਆ।​—1 ਰਾਜ. 11:1, 4.

18. ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕੀ ਸਿਖਾਉਣਾ ਚਾਹੀਦਾ ਹੈ?

18 ਮਾਪਿਓ, ਬਾਈਬਲ ਵਿਚ ਇਜ਼ਰਾਈਲ ਦੇ ਰਾਜਿਆਂ ਬਾਰੇ ਜੋ ਬਿਰਤਾਂਤ ਲਿਖੇ ਹਨ, ਉਨ੍ਹਾਂ ਬਾਰੇ ਆਪਣੇ ਬੱਚਿਆਂ ਨਾਲ ਚਰਚਾ ਕਰੋ। ਨਾਲੇ ਉਨ੍ਹਾਂ ਦੇ ਦਿਲ ਵਿਚ ਯਹੋਵਾਹ ਦੀ ਸੇਵਾ ਕਰਨ ਦੀ ਇੱਛਾ ਪੈਦਾ ਕਰੋ। ਉਨ੍ਹਾਂ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਜਿਨ੍ਹਾਂ ਰਾਜਿਆਂ ਨੇ ਸੱਚੀ ਭਗਤੀ ਦਾ ਸਾਥ ਦਿੱਤਾ, ਉਨ੍ਹਾਂ ਨੂੰ ਯਹੋਵਾਹ ਪਸੰਦ ਕਰਦਾ ਸੀ ਅਤੇ ਜਿਨ੍ਹਾਂ ਨੇ ਸਾਥ ਨਹੀਂ ਦਿੱਤਾ, ਉਹ ਉਸ ਦੀਆਂ ਨਜ਼ਰਾਂ ਵਿਚ ਬੁਰੇ ਸਨ। ਆਪਣੀ ਕਹਿਣੀ ਤੇ ਕਰਨੀ ਰਾਹੀਂ ਦਿਖਾਓ ਕਿ ਤੁਹਾਡੇ ਲਈ ਯਹੋਵਾਹ ਦੀ ਸੇਵਾ ਨਾਲ ਜੁੜੇ ਕੰਮ ਹੋਰ ਸਾਰੇ ਕੰਮਾਂ ਨਾਲੋਂ ਜ਼ਿਆਦਾ ਅਹਿਮੀਅਤ ਰੱਖਦੇ ਹਨ। ਇਸ ਲਈ ਲਗਾਤਾਰ ਬਾਈਬਲ ਦਾ ਅਧਿਐਨ ਕਰੋ, ਸਭਾਵਾਂ ਵਿਚ ਜਾਓ ਅਤੇ ਪ੍ਰਚਾਰ ਕਰੋ। ਇਸ ਤਰ੍ਹਾਂ ਤੁਹਾਡੇ ਬੱਚੇ ਇੱਦਾਂ ਕਰਨਾ ਸਿੱਖਣਗੇ। (ਮੱਤੀ 6:33) ਪਰ ਜੇ ਤੁਸੀਂ ਇੱਦਾਂ ਨਹੀਂ ਕਰਦੇ, ਤਾਂ ਸ਼ਾਇਦ ਬੱਚੇ ਸਿਰਫ਼ ਇਸ ਲਈ ਯਹੋਵਾਹ ਦੀ ਸੇਵਾ ਕਰਨ ਕਿਉਂਕਿ ਤੁਸੀਂ ਇੱਦਾਂ ਕਰ ਰਹੇ ਹੋ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਯਹੋਵਾਹ ਨੂੰ ਪਹਿਲੀ ਥਾਂ ਦੇਣੀ ਛੱਡ ਦੇਣ ਜਾਂ ਫਿਰ ਉਸ ਦੀ ਭਗਤੀ ਹੀ ਕਰਨੀ ਛੱਡ ਦੇਣ।

19. ਜੇ ਕਿਸੇ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਹੈ, ਤਾਂ ਕੀ ਉਹ ਦੁਬਾਰਾ ਉਸ ਦਾ ਦੋਸਤ ਬਣ ਸਕਦਾ ਹੈ? (“ ਯਹੋਵਾਹ ਵੱਲ ਮੁੜ ਆਓ” ਨਾਂ ਦੀ ਡੱਬੀ ਦੇਖੋ।)

19 ਜਿਨ੍ਹਾਂ ਲੋਕਾਂ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਹੈ, ਉਹ ਦੁਬਾਰਾ ਉਸ ਦੇ ਦੋਸਤ ਬਣ ਸਕਦੇ ਹਨ। ਦੋਸਤ ਬਣਨ ਲਈ ਉਨ੍ਹਾਂ ਨੂੰ ਕੀ ਕਰਨਾ ਪਵੇਗਾ? ਉਨ੍ਹਾਂ ਨੂੰ ਦਿਲੋਂ ਤੋਬਾ ਕਰਨੀ ਪਵੇਗੀ ਅਤੇ ਫਿਰ ਤੋਂ ਯਹੋਵਾਹ ਦੀ ਭਗਤੀ ਕਰਨੀ ਪਵੇਗੀ। ਪਰ ਇੱਦਾਂ ਕਰਨ ਲਈ ਉਨ੍ਹਾਂ ਨੂੰ ਆਪਣੇ ਘਮੰਡ ਨੂੰ ਇਕ ਪਾਸੇ ਰੱਖ ਕੇ ਨਿਮਰ ਬਣਨਾ ਪੈਣਾ ਅਤੇ ਬਜ਼ੁਰਗਾਂ ਤੋਂ ਮਦਦ ਲੈਣੀ ਪੈਣੀ। (ਯਾਕੂ. 5:14) ਇਹ ਸਾਰੀਆਂ ਕੋਸ਼ਿਸ਼ਾਂ ਕਰਨ ਕਰਕੇ ਉਹ ਯਹੋਵਾਹ ਦੇ ਦੋਸਤ ਬਣ ਸਕਣਗੇ। ਇਸ ਬਰਕਤ ਸਾਮ੍ਹਣੇ ਉਨ੍ਹਾਂ ਦੀਆਂ ਇਹ ਸਾਰੀਆਂ ਕੋਸ਼ਿਸ਼ਾਂ ਕੁਝ ਵੀ ਨਹੀਂ ਹਨ।

20. ਯਹੋਵਾਹ ਦੇ ਵਫ਼ਾਦਾਰ ਬਣੇ ਰਹਿਣ ਕਰਕੇ ਉਹ ਸਾਡੇ ਬਾਰੇ ਕੀ ਕਹੇਗਾ?

20 ਇਸ ਲੇਖ ਵਿਚ ਅਸੀਂ ਸਿੱਖਿਆ ਕਿ ਇਜ਼ਰਾਈਲ ਦੇ ਚੰਗੇ ਰਾਜਿਆਂ ਵਾਂਗ ਸਾਨੂੰ ਵੀ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨੀ ਚਾਹੀਦੀ ਹੈ। ਗ਼ਲਤੀ ਹੋ ਜਾਣ ਤੇ ਸਾਨੂੰ ਦਿਲੋਂ ਤੋਬਾ ਕਰਨੀ ਚਾਹੀਦੀ ਹੈ ਅਤੇ ਖ਼ੁਦ ਨੂੰ ਸੁਧਾਰਨਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਾਨੂੰ ਸਿਰਫ਼ ਤੇ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਨੀ ਚਾਹੀਦੀ ਹੈ। ਯਹੋਵਾਹ ਦੇ ਵਫ਼ਾਦਾਰ ਰਹਿਣ ਕਰਕੇ ਉਹ ਤੁਹਾਡੇ ਬਾਰੇ ਵੀ ਕਹੇਗਾ ਕਿ ਤੁਸੀਂ ਉਹੀ ਕਰਦੇ ਹੋ ਜੋ ਉਸ ਦੀਆਂ ਨਜ਼ਰਾਂ ਵਿਚ ਸਹੀ ਹੈ।

ਗੀਤ 45 ਮੇਰੇ ਮਨ ਦੇ ਖ਼ਿਆਲ

a ਇਸ ਲੇਖ ਵਿਚ “ਇਜ਼ਰਾਈਲ ਦੇ ਸਾਰੇ ਰਾਜਿਆਂ” ਬਾਰੇ ਗੱਲ ਕੀਤੀ ਜਾਵੇਗੀ। ਇਸ ਵਿਚ ਇਜ਼ਰਾਈਲ ਦੇ ਸਾਰੇ ਰਾਜੇ ਸ਼ਾਮਲ ਹਨ, ਫਿਰ ਚਾਹੇ ਉਨ੍ਹਾਂ ਨੇ ਯਹੂਦਾਹ ਦੇ ਦੋ-ਗੋਤਾਂ ʼਤੇ, ਇਜ਼ਰਾਈਲ ਦੇ ਦਸ-ਗੋਤਾਂ ʼਤੇ ਜਾਂ ਫਿਰ ਸਾਰੇ 12 ਗੋਤਾਂ ʼਤੇ ਰਾਜ ਕੀਤਾ ਹੋਵੇ।

b ਸ਼ਬਦ ਦੀ ਸਮਝ: “ਦਿਲ” ਦਾ ਮਤਲਬ ਹੈ, ਅੰਦਰਲਾ ਇਨਸਾਨ। ਇਸ ਵਿਚ ਸਾਡੀਆਂ ਇੱਛਾਵਾਂ, ਸੋਚਾਂ, ਭਾਵਨਾਵਾਂ, ਕਾਬਲੀਅਤਾਂ, ਸਾਡਾ ਸੁਭਾਅ, ਇਰਾਦਾ ਅਤੇ ਰਵੱਈਆ ਸਭ ਕੁਝ ਸ਼ਾਮਲ ਹੈ।

c ਇੱਦਾਂ ਲੱਗਦਾ ਹੈ ਕਿ ਗ਼ੈਰ-ਇਜ਼ਰਾਈਲੀ ਰਾਜੇ ਜਦੋਂ ਕਿਸੇ ਦੇਸ਼ ʼਤੇ ਜਿੱਤ ਹਾਸਲ ਕਰਦੇ ਸਨ, ਤਾਂ ਉਹ ਅਕਸਰ ਉਸ ਦੇਸ਼ ਦੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪੈਂਦੇ ਸਨ।

d ਰਾਜਾ ਆਸਾ ਨੇ ਬਹੁਤ ਗੰਭੀਰ ਪਾਪ ਕੀਤੇ ਸਨ। (2 ਇਤਿ. 16:7, 10) ਪਰ ਬਾਈਬਲ ਵਿਚ ਉਸ ਬਾਰੇ ਲਿਖਿਆ ਹੈ ਕਿ ਉਸ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ। ਜਦੋਂ ਯਹੋਵਾਹ ਦੇ ਨਬੀ ਨੇ ਉਸ ਨੂੰ ਸੁਧਾਰਿਆ, ਤਾਂ ਪਹਿਲਾਂ ਤਾਂ ਉਸ ਨੇ ਉਸ ਦੀ ਨਹੀਂ ਸੁਣੀ, ਪਰ ਸ਼ਾਇਦ ਬਾਅਦ ਵਿਚ ਉਸ ਨੇ ਤੋਬਾ ਕੀਤੀ ਹੋਵੇ। ਯਹੋਵਾਹ ਨੇ ਉਸ ਦੀਆਂ ਬੁਰਾਈਆਂ ਨਾਲੋਂ ਜ਼ਿਆਦਾ ਉਸ ਦੀਆਂ ਖ਼ੂਬੀਆਂ ʼਤੇ ਧਿਆਨ ਦਿੱਤਾ। ਗੌਰ ਕਰਨ ਵਾਲੀ ਗੱਲ ਹੈ ਕਿ ਆਸਾ ਨੇ ਯਹੋਵਾਹ ਤੋਂ ਇਲਾਵਾ ਹੋਰ ਕਿਸੇ ਦੀ ਭਗਤੀ ਨਹੀਂ ਕੀਤੀ ਅਤੇ ਆਪਣੇ ਦੇਸ਼ ਵਿੱਚੋਂ ਮੂਰਤੀ-ਪੂਜਾ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ।​—1 ਰਾਜ. 15:11-13; 2 ਇਤਿ. 14:2-5.

e ਧਿਆਨ ਦੇਣ ਵਾਲੀ ਗੱਲ ਹੈ ਕਿ ਮੂਸਾ ਦੇ ਕਾਨੂੰਨ ਵਿਚ ਦਰਜ ਪਹਿਲੇ ਦੋ ਕਾਨੂੰਨ ਸਨ ਕਿ ਸਿਰਫ਼ ਯਹੋਵਾਹ ਦੀ ਹੀ ਭਗਤੀ ਕੀਤੀ ਜਾਵੇ, ਨਾ ਕਿਸੇ ਵਿਅਕਤੀ ਦੀ ਤੇ ਨਾ ਹੀ ਕਿਸੇ ਚੀਜ਼ ਦੀ।​—ਕੂਚ 20:1-6.

f ਤਸਵੀਰਾਂ ਬਾਰੇ ਜਾਣਕਾਰੀ: ਇਕ ਨੌਜਵਾਨ ਬਜ਼ੁਰਗ ਸ਼ਰਾਬ ਬਾਰੇ ਇਕ ਭਰਾ ਨੂੰ ਸਲਾਹ ਦੇ ਰਿਹਾ ਹੈ। ਉਹ ਭਰਾ ਨਿਮਰ ਹੋ ਕੇ ਸਲਾਹ ਮੰਨਦਾ ਹੈ, ਆਪਣੇ ਅੰਦਰ ਸੁਧਾਰ ਕਰਦਾ ਹੈ ਅਤੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਹਿੰਦਾ ਹੈ।