ਅਧਿਐਨ ਲੇਖ 28
ਗੀਤ 123 ਯਹੋਵਾਹ ਦੇ ਅਧੀਨ ਰਹੋ
ਤੁਸੀਂ ਸੱਚ ਅਤੇ ਝੂਠ ਵਿਚ ਫ਼ਰਕ ਕਰਨਾ ਸਿੱਖ ਸਕਦੇ ਹੋ
“ਮਜ਼ਬੂਤੀ ਨਾਲ ਖੜ੍ਹੇ ਰਹੋ ਅਤੇ ਆਪਣੇ ਲੱਕ ਦੁਆਲੇ ਸੱਚਾਈ ਦਾ ਕਮਰਬੰਦ ਬੰਨ੍ਹੋ।”—ਅਫ਼. 6:14.
ਕੀ ਸਿੱਖਾਂਗੇ?
ਯਹੋਵਾਹ ਨੇ ਸਾਨੂੰ ਜੋ ਸੱਚਾਈ ਸਿਖਾਈ ਹੈ ਅਤੇ ਸ਼ੈਤਾਨ ਤੇ ਸਾਡੇ ਵਿਰੋਧੀ ਜੋ ਝੂਠੀਆਂ ਗੱਲਾਂ ਫੈਲਾਉਂਦੇ ਹਨ, ਅਸੀਂ ਉਨ੍ਹਾਂ ਵਿਚ ਫ਼ਰਕ ਕਰਨਾ ਕਿਵੇਂ ਸਿੱਖ ਸਕਦੇ ਹਾਂ।
1. ਬਾਈਬਲ ਵਿਚ ਪਾਈ ਜਾਂਦੀ ਸੱਚਾਈ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
ਅਸੀਂ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਸੱਚਾਈ ਨੂੰ ਬਹੁਤ ਪਿਆਰ ਕਰਦੇ ਹਾਂ। ਸਾਡੀ ਨਿਹਚਾ ਇਸ ʼਤੇ ਆਧਾਰਿਤ ਹੈ। (ਰੋਮੀ. 10:17) ਸਾਨੂੰ ਯਕੀਨ ਹੈ ਕਿ ਮੰਡਲੀ “ਸੱਚਾਈ ਦਾ ਥੰਮ੍ਹ ਅਤੇ ਸਹਾਰਾ ਹੈ” ਅਤੇ ਯਹੋਵਾਹ ਨੇ ਇਹ ਪ੍ਰਬੰਧ ਕੀਤਾ ਹੈ। (1 ਤਿਮੋ. 3:15) ਨਾਲੇ ‘ਜਿਹੜੇ ਅਗਵਾਈ ਕਰਦੇ ਹਨ,’ ਉਹ ਸਾਨੂੰ ਬਾਈਬਲ ਦੀਆਂ ਸੱਚਾਈਆਂ ਸਮਝਾਉਂਦੇ ਹਨ ਅਤੇ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਸੇਧ ਦਿੰਦੇ ਹਨ। ਇਸ ਲਈ ਅਸੀਂ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਭਰਾਵਾਂ ਦੇ ਅਧੀਨ ਰਹਿੰਦੇ ਹਾਂ।—ਇਬ. 13:17.
2. ਯਾਕੂਬ 5:19 ਅਨੁਸਾਰ ਸੱਚਾਈ ਸਿੱਖਣ ਤੋਂ ਬਾਅਦ ਵੀ ਸਾਡੇ ਨਾਲ ਕੀ ਹੋ ਸਕਦਾ ਹੈ?
2 ਅਸੀਂ ਬਾਈਬਲ ਦੀਆਂ ਸੱਚਾਈਆਂ ਨੂੰ ਮੰਨਦੇ ਹਾਂ ਅਤੇ ਸਾਨੂੰ ਪੂਰਾ ਯਕੀਨ ਹੈ ਕਿ ਅੱਜ ਯਹੋਵਾਹ ਦਾ ਸੰਗਠਨ ਸਾਨੂੰ ਜੋ ਵੀ ਸੇਧ ਦੇ ਰਿਹਾ ਹੈ, ਉਹ ਇਕਦਮ ਸਹੀ ਹੈ। ਫਿਰ ਵੀ ਅਸੀਂ ਗੁਮਰਾਹ ਹੋ ਸਕਦੇ ਹਾਂ। (ਯਾਕੂਬ 5:19 ਪੜ੍ਹੋ।) ਸ਼ੈਤਾਨ ਇਹੀ ਤਾਂ ਚਾਹੁੰਦਾ ਹੈ ਕਿ ਅਸੀਂ ਬਾਈਬਲ ਦੀਆਂ ਗੱਲਾਂ ਅਤੇ ਸੰਗਠਨ ਤੋਂ ਮਿਲਣ ਵਾਲੀ ਸੇਧ ʼਤੇ ਸ਼ੱਕ ਕਰਨ ਲੱਗ ਪਈਏ ਅਤੇ ਉਨ੍ਹਾਂ ʼਤੇ ਭਰੋਸਾ ਕਰਨਾ ਛੱਡ ਦੇਈਏ।—ਅਫ਼. 4:14.
3. ਸਾਨੂੰ ਸੱਚਾਈ ਨੂੰ ਘੁੱਟ ਕੇ ਫੜੀ ਰੱਖਣ ਦੀ ਕਿਉਂ ਲੋੜ ਹੈ? (ਅਫ਼ਸੀਆਂ 6:13, 14)
3 ਅਫ਼ਸੀਆਂ 6:13, 14 ਪੜ੍ਹੋ। ਬਹੁਤ ਜਲਦ ਸ਼ੈਤਾਨ ਸਾਰੀਆਂ ਕੌਮਾਂ ਨੂੰ ਗੁਮਰਾਹ ਕਰਨ ਲਈ ਝੂਠੀਆਂ ਗੱਲਾਂ ਫੈਲਾਵੇਗਾ ਅਤੇ ਉਹ ਯਹੋਵਾਹ ਅਤੇ ਉਸ ਦੇ ਲੋਕਾਂ ਖ਼ਿਲਾਫ਼ ਹੋ ਜਾਣਗੀਆਂ। (ਪ੍ਰਕਾ. 16:13, 14) ਇਹੀ ਨਹੀਂ, ਸ਼ੈਤਾਨ ਯਹੋਵਾਹ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਪੂਰੀ ਵਾਹ ਲਾਵੇਗਾ। (ਪ੍ਰਕਾ. 12:9) ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸੱਚ ਤੇ ਝੂਠ ਵਿਚ ਫ਼ਰਕ ਕਰਨਾ ਸਿੱਖੀਏ। ਨਾਲੇ ਸੱਚਾਈ ਨੂੰ ਘੁੱਟ ਕੇ ਫੜੀ ਰੱਖੀਏ। (ਰੋਮੀ. 6:17; 1 ਪਤ. 1:22) ਇੱਦਾਂ ਕਰਨ ਕਰਕੇ ਅਸੀਂ ਮਹਾਂਕਸ਼ਟ ਵਿੱਚੋਂ ਬਚ ਸਕਾਂਗੇ।
4. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ?
4 ਇਸ ਲੇਖ ਵਿਚ ਅਸੀਂ ਦੋ ਗੁਣਾਂ ʼਤੇ ਗੌਰ ਕਰਾਂਗੇ। ਇਨ੍ਹਾਂ ਦੀ ਮਦਦ ਨਾਲ ਅਸੀਂ ਸੱਚ ਤੇ ਝੂਠ ਵਿਚ ਫ਼ਰਕ ਦੇਖ ਸਕਾਂਗੇ। ਨਾਲੇ ਅਸੀਂ ਸੰਗਠਨ ਤੋਂ ਮਿਲਣ ਵਾਲੀ ਸੇਧ ਕਬੂਲ ਕਰ ਸਕਾਂਗੇ। ਫਿਰ ਅਸੀਂ ਤਿੰਨ ਸੁਝਾਵਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਨੂੰ ਮੰਨਣ ਕਰਕੇ ਅਸੀਂ ਸੱਚਾਈ ਨੂੰ ਘੁੱਟ ਕੇ ਫੜੀ ਰੱਖ ਸਕਾਂਗੇ।
ਸੱਚ ਤੇ ਝੂਠ ਵਿਚ ਫ਼ਰਕ ਕਰਨ ਲਈ ਦੋ ਜ਼ਰੂਰੀ ਗੁਣ
5. ਯਹੋਵਾਹ ਦਾ ਡਰ ਹੋਣ ਕਰਕੇ ਅਸੀਂ ਕੀ ਕਰਾਂਗੇ?
5 ਯਹੋਵਾਹ ਦਾ ਡਰ ਰੱਖਣਾ। ਯਹੋਵਾਹ ਦਾ ਡਰ ਰੱਖਣ ਦਾ ਮਤਲਬ ਹੈ ਕਿ ਸਾਨੂੰ ਉਸ ਨਾਲ ਇੰਨਾ ਪਿਆਰ ਹੈ ਕਿ ਅਸੀਂ ਇੱਦਾਂ ਦਾ ਕੋਈ ਕੰਮ ਨਹੀਂ ਕਰਦੇ ਜਿਸ ਤੋਂ ਉਸ ਨੂੰ ਦੁੱਖ ਹੋਵੇ। ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਕੀ ਸਹੀ ਹੈ ਤੇ ਕੀ ਗ਼ਲਤ, ਕੀ ਸੱਚ ਹੈ ਤੇ ਕੀ ਝੂਠ ਤਾਂਕਿ ਅਸੀਂ ਉਸ ਦੀ ਮਨਜ਼ੂਰੀ ਪਾ ਸਕੀਏ। (ਕਹਾ. 2:3-6; ਇਬ. 5:14) ਪਰ ਸਾਨੂੰ ਆਪਣੇ ਆਪ ʼਤੇ ਇਨਸਾਨਾਂ ਦਾ ਡਰ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਜੇ ਅਸੀਂ ਲੋਕਾਂ ਦਾ ਡਰ ਖ਼ੁਦ ʼਤੇ ਹਾਵੀ ਹੋਣ ਦੇਵਾਂਗੇ, ਤਾਂ ਯਹੋਵਾਹ ਲਈ ਸਾਡਾ ਪਿਆਰ ਘੱਟ ਜਾਵੇਗਾ। ਨਾਲੇ ਜੇ ਇੱਦਾਂ ਹੋਇਆ, ਤਾਂ ਅਸੀਂ ਲੋਕਾਂ ਨੂੰ ਖ਼ੁਸ਼ ਕਰਨ ਲੱਗ ਜਾਵਾਂਗੇ ਅਤੇ ਯਹੋਵਾਹ ਨੂੰ ਨਾਰਾਜ਼ ਕਰ ਦੇਵਾਂਗੇ।
6. ਕਨਾਨੀਆਂ ਦੇ ਡਰ ਕਰਕੇ ਇਜ਼ਰਾਈਲੀਆਂ ਦੇ 10 ਮੁਖੀਆਂ ਨੇ ਇੱਦਾਂ ਦਾ ਕੀ ਕਿਹਾ ਜੋ ਸੱਚ ਨਹੀਂ ਸੀ?
6 ਜੇ ਅਸੀਂ ਯਹੋਵਾਹ ਤੋਂ ਜ਼ਿਆਦਾ ਇਨਸਾਨਾਂ ਦਾ ਡਰ ਰੱਖਣ ਲੱਗ ਪਈਏ, ਤਾਂ ਅਸੀਂ ਸੱਚਾਈ ਦੇ ਰਾਹ ਤੋਂ ਦੂਰ ਜਾ ਸਕਦੇ ਹਾਂ। ਧਿਆਨ ਦਿਓ ਕਿ ਇਜ਼ਰਾਈਲੀਆਂ ਦੇ ਉਨ੍ਹਾਂ 12 ਮੁਖੀਆਂ ਨਾਲ ਕੀ ਹੋਇਆ ਜੋ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਸੂਸੀ ਕਰਨ ਗਏ ਸਨ। ਉਨ੍ਹਾਂ ਵਿੱਚੋਂ 10 ਜਾਸੂਸ ਕਨਾਨੀਆਂ ਤੋਂ ਇੰਨਾ ਡਰ ਗਏ ਕਿ ਯਹੋਵਾਹ ਲਈ ਉਨ੍ਹਾਂ ਦਾ ਪਿਆਰ ਘੱਟ ਗਿਆ। ਉਨ੍ਹਾਂ ਨੇ ਬਾਕੀ ਇਜ਼ਰਾਈਲੀਆਂ ਨੂੰ ਕਿਹਾ: “ਅਸੀਂ ਉਨ੍ਹਾਂ ਨਾਲ ਲੜ ਨਹੀਂ ਸਕਦੇ ਕਿਉਂਕਿ ਉਹ ਸਾਡੇ ਨਾਲੋਂ ਤਾਕਤਵਰ ਹਨ।” (ਗਿਣ. 13:27-31) ਇਹ ਤਾਂ ਸੱਚ ਸੀ ਕਿ ਕਨਾਨੀ ਇਜ਼ਰਾਈਲੀਆਂ ਨਾਲੋਂ ਜ਼ਿਆਦਾ ਤਾਕਤਵਰ ਸਨ। ਪਰ ਇਹ ਗੱਲ ਝੂਠ ਸੀ ਕਿ ਇਜ਼ਰਾਈਲੀ ਉਨ੍ਹਾਂ ਨੂੰ ਹਰਾ ਨਹੀਂ ਸਕਦੇ ਸਨ। 10 ਜਾਸੂਸ ਇਹ ਗੱਲ ਭੁੱਲ ਗਏ ਸਨ ਕਿ ਯਹੋਵਾਹ ਇਜ਼ਰਾਈਲੀਆਂ ਦੇ ਨਾਲ ਸੀ। ਉਨ੍ਹਾਂ ਨੂੰ ਸੋਚਣਾ ਚਾਹੀਦਾ ਸੀ ਕਿ ਯਹੋਵਾਹ ਨੇ ਕੁਝ ਸਮੇਂ ਪਹਿਲਾਂ ਹੀ ਇਜ਼ਰਾਈਲੀਆਂ ਲਈ ਕੀ-ਕੀ ਕੀਤਾ ਸੀ ਅਤੇ ਯਹੋਵਾਹ ਉਨ੍ਹਾਂ ਤੋਂ ਕੀ ਚਾਹੁੰਦਾ ਸੀ। ਜੇ ਉਹ ਇੱਦਾਂ ਕਰਦੇ, ਤਾਂ ਉਹ ਸਮਝ ਜਾਂਦੇ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਸਾਮ੍ਹਣੇ ਕਨਾਨੀ ਤਾਂ ਕੁਝ ਵੀ ਨਹੀਂ ਹਨ। ਦੂਜੇ ਪਾਸੇ, ਯਹੋਸ਼ੁਆ ਤੇ ਕਾਲੇਬ ਉਨ੍ਹਾਂ 10 ਜਾਸੂਸਾਂ ਤੋਂ ਬਿਲਕੁਲ ਅਲੱਗ ਸਨ। ਉਹ ਯਹੋਵਾਹ ਦੀ ਮਨਜ਼ੂਰੀ ਪਾਉਣੀ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਇਜ਼ਰਾਈਲੀਆਂ ਨੂੰ ਕਿਹਾ: “ਜੇ ਯਹੋਵਾਹ ਸਾਡੇ ਤੋਂ ਖ਼ੁਸ਼ ਹੈ, ਤਾਂ ਉਹ ਸਾਨੂੰ ਜ਼ਰੂਰ ਉਸ ਦੇਸ਼ ਵਿਚ ਲੈ ਜਾਵੇਗਾ ਅਤੇ ਉਹ ਦੇਸ਼ ਸਾਨੂੰ ਦੇਵੇਗਾ।”—ਗਿਣ. 14:6-9.
7. ਅਸੀਂ ਆਪਣੇ ਅੰਦਰ ਯਹੋਵਾਹ ਦਾ ਡਰ ਕਿਵੇਂ ਵਧਾ ਸਕਦੇ ਹਾਂ? (ਤਸਵੀਰ ਵੀ ਦੇਖੋ।)
7 ਜੇ ਸਾਡੇ ਦਿਲ ਵਿਚ ਯਹੋਵਾਹ ਦਾ ਡਰ ਹੋਵੇਗਾ, ਤਾਂ ਕੋਈ ਵੀ ਫ਼ੈਸਲਾ ਕਰਦਿਆਂ ਅਸੀਂ ਇਹ ਸੋਚਾਂਗੇ ਕਿ ਯਹੋਵਾਹ ਇਸ ਫ਼ੈਸਲੇ ਤੋਂ ਖ਼ੁਸ਼ ਹੋਵੇਗਾ ਜਾਂ ਨਹੀਂ। (ਜ਼ਬੂ. 16:8) ਅਸੀਂ ਆਪਣੇ ਅੰਦਰ ਯਹੋਵਾਹ ਦਾ ਡਰ ਕਿਵੇਂ ਵਧਾ ਸਕਦੇ ਹਾਂ? ਬਾਈਬਲ ਵਿੱਚੋਂ ਕੋਈ ਬਿਰਤਾਂਤ ਪੜ੍ਹਦਿਆਂ ਆਪਣੇ ਆਪ ਤੋਂ ਪੁੱਛੋ, ‘ਜੇ ਮੈਂ ਉਸ ਹਾਲਾਤ ਵਿਚ ਹੁੰਦਾ, ਤਾਂ ਮੈਂ ਕੀ ਕਰਦਾ?’ ਜ਼ਰਾ ਸੋਚੋ, 10 ਮੁਖੀ ਝੂਠੀ ਖ਼ਬਰ ਦੇ ਰਹੇ ਹਨ ਅਤੇ ਤੁਸੀਂ ਉੱਥੇ ਖੜ੍ਹੇ ਹੋ। ਉਹ ਕਹਿ ਰਹੇ ਹਨ ਕਿ ਅਸੀਂ ਕਨਾਨੀਆਂ ਨੂੰ ਹਰਾ ਨਹੀਂ ਸਕਦੇ। ਹੁਣ ਤੁਸੀਂ ਕੀ ਕਰੋਗੇ? ਕੀ ਤੁਸੀਂ ਉਨ੍ਹਾਂ ਦੀ ਗੱਲ ਸੱਚ ਮੰਨ ਲਓਗੇ ਅਤੇ ਇਨਸਾਨਾਂ ਤੋਂ ਡਰਨ ਲੱਗ ਪਓਗੇ? ਜਾਂ ਤੁਸੀਂ ਯਹੋਵਾਹ ਦਾ ਡਰ ਰੱਖੋਗੇ ਅਤੇ ਉਹ ਕਰੋਗੇ ਜਿਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। ਦੁੱਖ ਦੀ ਗੱਲ ਹੈ ਕਿ ਇਜ਼ਰਾਈਲ ਦੀ ਉਹ ਸਾਰੀ ਪੀੜ੍ਹੀ ਇਹ ਨਹੀਂ ਪਛਾਣ ਸਕੀ ਕਿ ਯਹੋਸ਼ੁਆ ਤੇ ਕਾਲੇਬ ਸੱਚ ਕਹਿ ਰਹੇ ਸਨ। ਇਸ ਕਰਕੇ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦਾ ਮੌਕਾ ਆਪਣੇ ਹੱਥੋਂ ਗੁਆ ਬੈਠੇ।—ਗਿਣ. 14:10, 22, 23.
8. ਸਾਨੂੰ ਆਪਣੇ ਵਿਚ ਕਿਹੜਾ ਗੁਣ ਪੈਦਾ ਕਰਨਾ ਚਾਹੀਦਾ ਹੈ ਅਤੇ ਕਿਉਂ?
8 ਨਿਮਰ ਰਹੋ। ਯਹੋਵਾਹ ਨਿਮਰ ਲੋਕਾਂ ʼਤੇ ਸੱਚਾਈ ਜ਼ਾਹਰ ਕਰਦਾ ਹੈ। (ਮੱਤੀ 11:25) ਨਿਮਰ ਹੋਣ ਕਰਕੇ ਅਸੀਂ ਸੱਚਾਈ ਸਿੱਖਣ ਲਈ ਦੂਜਿਆਂ ਤੋਂ ਮਦਦ ਲਈ ਸੀ। (ਰਸੂ. 8:30, 31) ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਨਿਮਰ ਰਹੀਏ ਤੇ ਕਦੀ ਵੀ ਘਮੰਡੀ ਨਾ ਬਣੀਏ। ਜੇ ਅਸੀਂ ਘਮੰਡੀ ਬਣ ਜਾਈਏ, ਤਾਂ ਸ਼ਾਇਦ ਅਸੀਂ ਸੋਚਣ ਲੱਗ ਪਈਏ ਕਿ ਸਾਡੀ ਸੋਚ ਬਾਈਬਲ ਦੇ ਅਸੂਲਾਂ ਅਤੇ ਸੰਗਠਨ ਵੱਲੋਂ ਮਿਲਦੀ ਸੇਧ ਤੋਂ ਘੱਟ ਨਹੀਂ ਹੈ।
9. ਅਸੀਂ ਨਿਮਰ ਕਿਵੇਂ ਬਣੇ ਰਹਿ ਸਕਦੇ ਹਾਂ?
9 ਨਿਮਰ ਬਣੇ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਇਹ ਯਾਦ ਰੱਖੀਏ ਕਿ ਯਹੋਵਾਹ ਕਿੰਨਾ ਮਹਾਨ ਹੈ ਅਤੇ ਅਸੀਂ ਉਸ ਦੇ ਸਾਮ੍ਹਣੇ ਕਿੰਨੇ ਮਾਮੂਲੀ ਜਿਹੇ ਹਾਂ! (ਜ਼ਬੂ. 8:3, 4) ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਵੀ ਕਰਨੀ ਚਾਹੀਦੀ ਹੈ ਕਿ ਅਸੀਂ ਹਮੇਸ਼ਾ ਨਿਮਰ ਰਹੀਏ ਅਤੇ ਸਿੱਖਣ ਲਈ ਤਿਆਰ ਰਹੀਏ। ਫਿਰ ਯਹੋਵਾਹ ਦੀ ਮਦਦ ਨਾਲ ਅਸੀਂ ਆਪਣੀ ਸੋਚ ਤੋਂ ਜ਼ਿਆਦਾ ਉਸ ਦੀ ਸੋਚ ਨੂੰ ਅਹਿਮੀਅਤ ਦੇ ਸਕਾਂਗੇ। ਨਾਲੇ ਉਹ ਆਪਣੇ ਬਚਨ ਅਤੇ ਸੰਗਠਨ ਰਾਹੀਂ ਜੋ ਸੇਧ ਦਿੰਦਾ ਹੈ, ਅਸੀਂ ਉਸ ਮੁਤਾਬਕ ਚੱਲ ਸਕਾਂਗੇ। ਬਾਈਬਲ ਪੜ੍ਹਦਿਆਂ ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਯਹੋਵਾਹ ਕਿਵੇਂ ਨਿਮਰ ਲੋਕਾਂ ਨੂੰ ਪਿਆਰ ਕਰਦਾ ਹੈ, ਪਰ ਘਮੰਡੀ ਤੇ ਹੰਕਾਰੀ ਲੋਕਾਂ ਤੋਂ ਨਫ਼ਰਤ ਕਰਦਾ ਹੈ। ਨਾਲੇ ਜੇ ਤੁਹਾਨੂੰ ਕੋਈ ਅਜਿਹੀ ਜ਼ਿੰਮੇਵਾਰੀ ਮਿਲਦੀ ਹੈ ਜਿਸ ਕਰਕੇ ਤੁਸੀਂ ਦੂਜਿਆਂ ਦੀਆਂ ਨਜ਼ਰਾਂ ਵਿਚ ਆਉਂਦੇ ਹੋ, ਤਾਂ ਨਿਮਰ ਬਣੇ ਰਹਿਣ ਦੀ ਹੋਰ ਵੀ ਜ਼ਿਆਦਾ ਕੋਸ਼ਿਸ਼ ਕਰੋ।
ਸੱਚਾਈ ਨੂੰ ਘੁੱਟ ਕੇ ਕਿਵੇਂ ਫੜੀ ਰੱਖੀਏ?
10. ਯਹੋਵਾਹ ਕਿਨ੍ਹਾਂ ਰਾਹੀਂ ਆਪਣੇ ਲੋਕਾਂ ਨੂੰ ਸੇਧ ਦਿੰਦਾ ਆਇਆ ਹੈ?
10 ਯਹੋਵਾਹ ਦੇ ਸੰਗਠਨ ਤੋਂ ਮਿਲਦੀ ਸੇਧ ʼਤੇ ਹਮੇਸ਼ਾ ਭਰੋਸਾ ਰੱਖੋ। ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਮੂਸਾ ਅਤੇ ਫਿਰ ਯਹੋਸ਼ੁਆ ਰਾਹੀਂ ਇਜ਼ਰਾਈਲੀਆਂ ਨੂੰ ਸੇਧ ਦਿੱਤੀ ਸੀ। (ਯਹੋ. 1:16, 17) ਇਜ਼ਰਾਈਲੀ ਜਾਣਦੇ ਸਨ ਕਿ ਯਹੋਵਾਹ ਨੇ ਇਨ੍ਹਾਂ ਆਦਮੀਆਂ ਨੂੰ ਚੁਣਿਆ ਹੈ ਅਤੇ ਉਹ ਉਨ੍ਹਾਂ ਰਾਹੀਂ ਸੇਧ ਦੇ ਰਿਹਾ ਹੈ। ਜਦੋਂ ਇਜ਼ਰਾਈਲੀ ਉਨ੍ਹਾਂ ਦੀ ਸੇਧ ਅਨੁਸਾਰ ਚੱਲੇ, ਤਾਂ ਉਨ੍ਹਾਂ ਨੂੰ ਬਰਕਤਾਂ ਮਿਲੀਆਂ। ਇਸ ਤੋਂ ਸਦੀਆਂ ਬਾਅਦ ਜਦੋਂ ਪਹਿਲੀ ਮੰਡਲੀ ਬਣੀ, ਤਾਂ ਯਹੋਵਾਹ ਨੇ 12 ਰਸੂਲਾਂ ਰਾਹੀਂ ਮਸੀਹੀਆਂ ਨੂੰ ਸੇਧ ਦਿੱਤੀ। (ਰਸੂ. 8:14, 15) ਅੱਗੇ ਜਾ ਕੇ ਕੁਝ ਹੋਰ ਬਜ਼ੁਰਗ ਇਨ੍ਹਾਂ ਰਸੂਲਾਂ ਨਾਲ ਮਿਲ ਕੇ ਯਰੂਸ਼ਲਮ ਵਿਚ ਸੇਵਾ ਕਰਨ ਲੱਗ ਪਏ। ਇਨ੍ਹਾਂ ਵਫ਼ਾਦਾਰ ਆਦਮੀਆਂ ਦੀ ਸੇਧ ਅਨੁਸਾਰ ਚੱਲਣ ਕਰਕੇ “ਮੰਡਲੀਆਂ ਦੀ ਨਿਹਚਾ ਪੱਕੀ ਹੁੰਦੀ ਗਈ ਅਤੇ ਇਨ੍ਹਾਂ ਵਿਚ ਭੈਣਾਂ-ਭਰਾਵਾਂ ਦੀ ਗਿਣਤੀ ਵੀ ਦਿਨ-ਬਦਿਨ ਵਧਦੀ ਗਈ।” (ਰਸੂ. 16:4, 5) ਯਹੋਵਾਹ ਦੇ ਸੰਗਠਨ ਮੁਤਾਬਕ ਚੱਲਣ ਕਰਕੇ ਅੱਜ ਸਾਨੂੰ ਵੀ ਬੇਸ਼ੁਮਾਰ ਬਰਕਤਾਂ ਮਿਲਦੀਆਂ ਹਨ। ਪਰ ਜ਼ਰਾ ਸੋਚੋ, ਜੇ ਅਸੀਂ ਉਨ੍ਹਾਂ ਭਰਾਵਾਂ ਦੀ ਨਾ ਸੁਣੀਏ ਜਿਨ੍ਹਾਂ ਨੂੰ ਯਹੋਵਾਹ ਨੇ ਚੁਣਿਆ ਹੈ, ਤਾਂ ਉਸ ਨੂੰ ਕਿਵੇਂ ਲੱਗੇਗਾ? ਇਹ ਜਾਣਨ ਲਈ ਆਓ ਆਪਾਂ ਦੇਖੀਏ ਕਿ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਪਹਿਲਾਂ ਇਜ਼ਰਾਈਲੀਆਂ ਨਾਲ ਕੀ ਹੋਇਆ।
11. ਜਦੋਂ ਇਜ਼ਰਾਈਲੀਆਂ ਨੇ ਯਹੋਵਾਹ ਦੇ ਚੁਣੇ ਹੋਏ ਆਗੂ ਮੂਸਾ ʼਤੇ ਸਵਾਲ ਖੜ੍ਹਾ ਕੀਤਾ, ਤਾਂ ਕੀ ਹੋਇਆ? (ਤਸਵੀਰ ਵੀ ਦੇਖੋ।)
11 ਯਹੋਵਾਹ ਨੇ ਇਜ਼ਰਾਈਲੀਆਂ ਦੀ ਅਗਵਾਈ ਕਰਨ ਲਈ ਮੂਸਾ ਨੂੰ ਚੁਣਿਆ ਸੀ। ਪਰ ਇਜ਼ਰਾਈਲ ਦੇ ਕੁਝ ਖ਼ਾਸ ਅਤੇ ਵੱਡੇ ਆਦਮੀਆਂ ਨੇ ਮੂਸਾ ʼਤੇ ਸਵਾਲ ਖੜ੍ਹਾ ਕੀਤਾ। ਉਹ ਕਹਿਣ ਲੱਗੇ ਕਿ ਸਿਰਫ਼ ਮੂਸਾ ਨਹੀਂ, ਸਗੋਂ “ਪੂਰੀ ਮੰਡਲੀ ਪਵਿੱਤਰ ਹੈ, ਹਾਂ, ਸਾਰੇ ਜਣੇ ਪਵਿੱਤਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਵਿਚਕਾਰ ਹੈ।” (ਗਿਣ. ) ਇਹ ਸੱਚ ਹੈ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ “ਪੂਰੀ ਮੰਡਲੀ ਪਵਿੱਤਰ” ਸੀ, ਪਰ ਉਸ ਨੇ ਅਗਵਾਈ ਕਰਨ ਲਈ ਮੂਸਾ ਨੂੰ ਚੁਣਿਆ ਸੀ। ( 16:1-3ਗਿਣ. 16:28) ਇਸ ਲਈ ਜਦੋਂ ਉਹ ਮੂਸਾ ਖ਼ਿਲਾਫ਼ ਬੋਲੇ, ਤਾਂ ਉਹ ਅਸਲ ਵਿਚ ਯਹੋਵਾਹ ਦੇ ਖ਼ਿਲਾਫ਼ ਬੋਲ ਰਹੇ ਸਨ। ਉਹ ਅਧਿਕਾਰ ਤੇ ਰੁਤਬਾ ਪਾਉਣ ਦੇ ਚੱਕਰ ਵਿਚ ਇੰਨੇ ਅੰਨ੍ਹੇ ਹੋ ਗਏ ਸਨ ਕਿ ਉਨ੍ਹਾਂ ਨੇ ਸੋਚਿਆ ਹੀ ਨਹੀਂ ਕਿ ਯਹੋਵਾਹ ਕੀ ਚਾਹੁੰਦਾ ਹੈ। ਬੱਸ ਉਨ੍ਹਾਂ ਨੂੰ ਆਪਣੀ ਹੀ ਪਈ ਸੀ। ਇਸ ਕਰਕੇ ਯਹੋਵਾਹ ਨੇ ਬਾਗ਼ੀਆਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਹਜ਼ਾਰਾਂ ਹੀ ਇਜ਼ਰਾਈਲੀਆਂ ਨੂੰ ਮਾਰ ਸੁੱਟਿਆ। (ਗਿਣ. 16:30-35, 41, 49) ਅੱਜ ਵੀ ਜੇ ਕੋਈ ਯਹੋਵਾਹ ਦੇ ਸੰਗਠਨ ਤੋਂ ਮਿਲਣ ਵਾਲੀ ਸੇਧ ਅਨੁਸਾਰ ਨਹੀਂ ਚੱਲਦਾ, ਤਾਂ ਯਹੋਵਾਹ ਉਸ ਤੋਂ ਖ਼ੁਸ਼ ਨਹੀਂ ਹੁੰਦਾ।
12. ਅਸੀਂ ਯਹੋਵਾਹ ਦੇ ਸੰਗਠਨ ʼਤੇ ਪੂਰਾ ਭਰੋਸਾ ਕਿਉਂ ਕਰਦੇ ਰਹਿ ਸਕਦੇ ਹਾਂ?
12 ਅਸੀਂ ਯਹੋਵਾਹ ਦੇ ਸੰਗਠਨ ʼਤੇ ਪੂਰਾ ਭਰੋਸਾ ਕਰਦੇ ਰਹਿ ਸਕਦੇ ਹਾਂ। ਜਦੋਂ ਪ੍ਰਬੰਧਕ ਸਭਾ ਦੇ ਭਰਾਵਾਂ ਨੂੰ ਲੱਗਦਾ ਹੈ ਕਿ ਕਿਸੇ ਸਿੱਖਿਆ ਬਾਰੇ ਸਾਡੀ ਸਮਝ ਵਿਚ ਸੁਧਾਰ ਕਰਨ ਦੀ ਲੋੜ ਹੈ ਜਾਂ ਯਹੋਵਾਹ ਦੀ ਸੇਵਾ ਕਰਨ ਦੇ ਕਿਸੇ ਤਰੀਕੇ ਵਿਚ ਫੇਰ-ਬਦਲ ਕਰਨ ਦੀ ਲੋੜ ਹੈ, ਤਾਂ ਉਹ ਇੱਦਾਂ ਕਰਨ ਤੋਂ ਪਿੱਛੇ ਨਹੀਂ ਹਟਦੇ। (ਕਹਾ. 4:18) ਉਹ ਇੱਦਾਂ ਕਿਉਂ ਕਰਦੇ ਹਨ? ਕਿਉਂਕਿ ਉਹ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ ਅਤੇ ਇਹੀ ਗੱਲ ਉਨ੍ਹਾਂ ਲਈ ਸਭ ਤੋਂ ਜ਼ਿਆਦਾ ਮਾਅਨੇ ਰੱਖਦੀ ਹੈ। ਇਸ ਤੋਂ ਇਲਾਵਾ, ਉਹ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਉਨ੍ਹਾਂ ਦਾ ਹਰ ਫ਼ੈਸਲਾ ਬਾਈਬਲ ਯਾਨੀ ਸਹੀ ਸਿੱਖਿਆਵਾਂ ਦੇ ਉਸ ਨਮੂਨੇ ʼਤੇ ਆਧਾਰਿਤ ਹੋਵੇ ਜਿਸ ʼਤੇ ਯਹੋਵਾਹ ਦੇ ਸਾਰੇ ਸੇਵਕ ਚੱਲਦੇ ਹਨ।
13. ‘ਸਹੀ ਸਿੱਖਿਆਵਾਂ ਦੇ ਨਮੂਨੇ’ ਦਾ ਕੀ ਮਤਲਬ ਹੈ ਅਤੇ ਸਾਨੂੰ ਇਨ੍ਹਾਂ ਸਿੱਖਿਆਵਾਂ ਨਾਲ ਕੀ ਕਰਨਾ ਚਾਹੀਦਾ ਹੈ?
13 ‘ਸਹੀ ਸਿੱਖਿਆਵਾਂ ਦੇ ਨਮੂਨੇ ਮੁਤਾਬਕ ਚੱਲਦੇ ਰਹੋ।’ (2 ਤਿਮੋ. 1:13) ‘ਸਹੀ ਸਿੱਖਿਆਵਾਂ ਦੇ ਨਮੂਨੇ’ ਦਾ ਮਤਲਬ ਹੈ, ਬਾਈਬਲ ਵਿਚ ਦਰਜ ਮਸੀਹੀ ਸਿੱਖਿਆਵਾਂ। (ਯੂਹੰ. 17:17) ਸਾਡੀ ਨਿਹਚਾ ਇਨ੍ਹਾਂ ਸਿੱਖਿਆਵਾਂ ʼਤੇ ਆਧਾਰਿਤ ਹੈ। ਯਹੋਵਾਹ ਦਾ ਸੰਗਠਨ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਇਨ੍ਹਾਂ ਸਿੱਖਿਆਵਾਂ ਨੂੰ ਘੁੱਟ ਕੇ ਫੜੀ ਰੱਖੀਏ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਬੇਸ਼ੁਮਾਰ ਬਰਕਤਾਂ ਦੇਵੇਗਾ।
14. ਕੁਝ ਮਸੀਹੀ ‘ਸਹੀ ਸਿੱਖਿਆਵਾਂ ਦੇ ਨਮੂਨੇ’ ਨੂੰ ਘੁੱਟ ਕੇ ਫੜੀ ਕਿਉਂ ਨਹੀਂ ਰੱਖ ਸਕੇ?
14 ਜੇ ਅਸੀਂ ‘ਸਹੀ ਸਿੱਖਿਆਵਾਂ ਦੇ ਨਮੂਨੇ’ ਨੂੰ ਘੁੱਟ ਕੇ ਫੜੀ ਨਾ ਰੱਖੀਏ, ਤਾਂ ਕੀ ਹੋ ਸਕਦਾ ਹੈ? ਜ਼ਰਾ ਧਿਆਨ ਦਿਓ ਕਿ ਪਹਿਲੀ ਸਦੀ ਵਿਚ ਕੀ ਹੋਇਆ। ਉਸ ਸਮੇਂ ਕੁਝ ਮਸੀਹੀ ਇਹ ਅਫ਼ਵਾਹ ਫੈਲਾਉਣ ਲੱਗ ਪਏ ਕਿ ਯਹੋਵਾਹ ਦਾ ਦਿਨ ਆ ਗਿਆ ਹੈ। ਇੱਦਾਂ ਲੱਗਦਾ ਹੈ ਕਿ ਉਨ੍ਹਾਂ ਨੂੰ ਇਕ ਚਿੱਠੀ ਮਿਲੀ ਸੀ ਜਿਸ ਵਿਚ ਇਹ ਗੱਲ ਲਿਖੀ ਸੀ। ਉਨ੍ਹਾਂ ਨੇ ਮੰਨ ਲਿਆ ਸੀ ਕਿ ਇਹ ਚਿੱਠੀ ਪੌਲੁਸ ਵੱਲੋਂ ਸੀ। ਉਨ੍ਹਾਂ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਸੱਚ ਹੈ ਕੀ। ਉਨ੍ਹਾਂ ਨੇ ਬੱਸ ਉਸ ਅਫ਼ਵਾਹ ʼਤੇ ਯਕੀਨ ਕਰ ਲਿਆ ਅਤੇ ਇਸ ਨੂੰ ਦੂਜਿਆਂ ਵਿਚ ਵੀ ਫੈਲਾਉਣ ਲੱਗ ਪਏ। ਜੇ ਉਹ ਯਾਦ ਰੱਖਦੇ ਕਿ ਪੌਲੁਸ ਨੇ ਉਨ੍ਹਾਂ ਦੇ ਨਾਲ ਹੁੰਦਿਆਂ ਉਨ੍ਹਾਂ ਨੂੰ ਕੀ ਸਿਖਾਇਆ ਸੀ, ਤਾਂ ਉਨ੍ਹਾਂ ਨੇ ਗੁਮਰਾਹ ਨਹੀਂ ਸੀ ਹੋਣਾ। (2 ਥੱਸ. 2:1-5) ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਹਰ ਗੱਲ ʼਤੇ ਅੱਖਾਂ ਬੰਦ ਕਰ ਕੇ ਯਕੀਨ ਨਾ ਕਰਨ। ਉਸ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਉਹ ਕਿਵੇਂ ਪਛਾਣ ਸਕਦੇ ਹਨ ਕਿ ਕੋਈ ਚਿੱਠੀ ਉਸ ਵੱਲੋਂ ਹੈ ਕਿ ਨਹੀਂ। ਉਹ ਫਿਰ ਤੋਂ ਗੁਮਰਾਹ ਨਾ ਹੋਣ, ਇਸ ਕਰਕੇ ਥੱਸਲੁਨੀਕੀਆਂ ਨੂੰ ਲਿਖੀ ਆਪਣੀ ਦੂਜੀ ਚਿੱਠੀ ਦੇ ਅਖ਼ੀਰ ਵਿਚ ਉਸ ਨੇ ਲਿਖਿਆ: “ਮੈਂ ਪੌਲੁਸ ਆਪਣੇ ਹੱਥੀਂ ਤੁਹਾਨੂੰ ਨਮਸਕਾਰ ਲਿਖ ਰਿਹਾ ਹਾਂ। ਇਹ ਮੇਰੀ ਹਰ ਚਿੱਠੀ ਦੀ ਪਛਾਣ ਹੈ ਅਤੇ ਮੇਰੇ ਲਿਖਣ ਦਾ ਇਹੀ ਤਰੀਕਾ ਹੈ।”—2 ਥੱਸ. 3:17.
15. ਅਸੀਂ ਉਨ੍ਹਾਂ ਝੂਠੀਆਂ ਗੱਲਾਂ ਤੋਂ ਖ਼ੁਦ ਨੂੰ ਕਿਵੇਂ ਬਚਾ ਸਕਦੇ ਹਾਂ ਜੋ ਸੱਚੀਆਂ ਲੱਗਦੀਆਂ ਹਨ? ਇਕ ਉਦਾਹਰਣ ਦਿਓ। (ਤਸਵੀਰਾਂ ਵੀ ਦੇਖੋ।)
15 ਪੌਲੁਸ ਨੇ ਥੱਸਲੁਨੀਕੀਆਂ ਦੀ ਮੰਡਲੀ ਨੂੰ ਜੋ ਲਿਖਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਜਦੋਂ ਅਸੀਂ ਕੋਈ ਅਜਿਹੀ ਗੱਲ ਸੁਣਦੇ ਹਾਂ ਜੋ ਬਾਈਬਲ ਦੀਆਂ ਸਿੱਖਿਆਵਾਂ ਨਾਲ ਮੇਲ ਨਹੀਂ ਖਾਂਦੀ ਜਾਂ ਕੋਈ ਸਨਸਨੀਖੇਜ਼ ਖ਼ਬਰ ਸੁਣਦੇ ਹਾਂ, ਤਾਂ ਸਾਨੂੰ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤਣੀ ਚਾਹੀਦੀ ਹੈ। ਜ਼ਰਾ ਧਿਆਨ ਦਿਓ ਕਿ ਸਾਬਕਾ ਸੋਵੀਅਤ ਸੰਘ ਵਿਚ ਸਾਡੇ ਭਰਾਵਾਂ ਨਾਲ ਕੀ ਹੋਇਆ। ਇਕ ਵਾਰ ਸਰਕਾਰੀ ਅਧਿਕਾਰੀਆਂ ਨੇ ਭਰਾਵਾਂ ਨੂੰ ਇਕ ਚਿੱਠੀ ਦਿੱਤੀ ਜੋ ਦੇਖਣ ਨੂੰ ਇੱਦਾਂ ਲੱਗਦੀ ਸੀ ਜਿਵੇਂ ਉਹ ਮੁੱਖ ਦਫ਼ਤਰ ਤੋਂ ਆਈ ਹੋਵੇ। ਉਸ ਚਿੱਠੀ ਵਿਚ ਕੁਝ ਭਰਾਵਾਂ ਨੂੰ ਕਿਹਾ ਗਿਆ ਕਿ ਉਹ ਇਕ ਅਲੱਗ ਸੰਗਠਨ ਦੀ ਸ਼ੁਰੂਆਤ ਕਰਨ। ਦੇਖਣ ਨੂੰ ਤਾਂ ਚਿੱਠੀ ਬਿਲਕੁਲ ਅਸਲੀ ਲੱਗ ਰਹੀ ਸੀ, ਪਰ ਵਫ਼ਾਦਾਰ ਭਰਾ ਗੁਮਰਾਹ ਨਹੀਂ ਹੋਏ। ਉਹ ਸਮਝ ਗਏ ਕਿ ਉਸ ਵਿਚ ਲਿਖੀਆਂ ਗੱਲਾਂ ਉਨ੍ਹਾਂ ਗੱਲਾਂ ਨਾਲ ਮੇਲ ਨਹੀਂ ਖਾਂਦੀਆਂ ਜੋ ਉਨ੍ਹਾਂ ਨੇ ਬਾਈਬਲ ਤੋਂ ਸਿੱਖੀਆਂ ਸਨ। ਅੱਜ ਵੀ ਸਾਡੇ ਦੁਸ਼ਮਣ ਸਾਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਰਾਹੀਂ ਝੂਠੀਆਂ ਗੱਲਾਂ ਫੈਲਾਉਂਦੇ ਹਨ ਅਤੇ ਸਾਡੇ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਕਦੇ ਵੀ ਆਪਣੇ “ਮਨ ਝੱਟ ਉਲਝਣ” ਵਿਚ ਨਾ ਪੈਣ ਦਿਓ। ਇਸ ਦੀ ਬਜਾਇ, ਜਦੋਂ ਵੀ ਤੁਸੀਂ ਕੁਝ ਪੜ੍ਹਦੇ ਜਾਂ ਸੁਣਦੇ ਹੋ, ਤਾਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਕੀ ਉਹ ਬਾਈਬਲ ਅਨੁਸਾਰ ਸਹੀ ਹੈ ਜਾਂ ਨਹੀਂ। ਇੱਦਾਂ ਕਰਨ ਕਰਕੇ ਤੁਸੀਂ ਗੁਮਰਾਹ ਨਹੀਂ ਹੋਵੋਗੇ।—2 ਥੱਸ. 2:2; 1 ਯੂਹੰ. 4:1.
16. ਜਦੋਂ ਕੁਝ ਲੋਕ ਸੱਚਾਈ ਦੇ ਰਾਹ ਤੋਂ ਭਟਕ ਜਾਂਦੇ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? (ਰੋਮੀਆਂ 16:17, 18)
16 ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨਾਲ ਮਿਲ ਕੇ ਉਸ ਦੀ ਭਗਤੀ ਕਰੋ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਉਸ ਦੀ ਭਗਤੀ ਕਰੀਏ। ਜਦੋਂ ਤਕ ਅਸੀਂ ਸੱਚਾਈ ਨੂੰ ਘੁੱਟ ਕੇ ਫੜੀ ਰੱਖਾਂਗੇ, ਸਾਡੇ ਵਿਚ ਏਕਤਾ ਬਣੀ ਰਹੇਗੀ। ਪਰ ਜਿਹੜੇ ਲੋਕ ਸੱਚਾਈ ਦੇ ਰਾਹ ਤੋਂ ਭਟਕ ਜਾਂਦੇ ਹਨ ਅਤੇ ਝੂਠੀਆਂ ਗੱਲਾਂ ਫੈਲਾਉਂਦੇ ਹਨ, ਉਹ ਮੰਡਲੀ ਵਿਚ ਫੁੱਟ ਪਾ ਦਿੰਦੇ ਹਨ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਤੋਂ ‘ਦੂਰ ਰਹੀਏ।’ ਜੇ ਅਸੀਂ ਇੱਦਾਂ ਨਹੀਂ ਕਰਦੇ, ਤਾਂ ਅਸੀਂ ਵੀ ਸੱਚਾਈ ਦੇ ਰਾਹ ਤੋਂ ਭਟਕ ਸਕਦੇ ਹਾਂ।—ਰੋਮੀਆਂ 16:17, 18 ਪੜ੍ਹੋ।
17. ਜੇ ਅਸੀਂ ਸੱਚ ਤੇ ਝੂਠ ਵਿਚ ਫ਼ਰਕ ਕਰਨਾ ਸਿੱਖੀਏ ਅਤੇ ਸੱਚਾਈ ਨੂੰ ਘੁੱਟ ਕੇ ਫੜੀ ਰੱਖੀਏ, ਤਾਂ ਸਾਨੂੰ ਕਿਹੜੇ ਫ਼ਾਇਦੇ ਹੋਣਗੇ?
17 ਜਦੋਂ ਅਸੀਂ ਸੱਚ ਤੇ ਝੂਠ ਵਿਚ ਫ਼ਰਕ ਕਰਨਾ ਸਿੱਖਾਂਗੇ ਅਤੇ ਸੱਚਾਈ ਨੂੰ ਘੁੱਟ ਕੇ ਫੜੀ ਰੱਖਾਂਗੇ, ਤਾਂ ਅਸੀਂ ਯਹੋਵਾਹ ਦੇ ਹੋਰ ਵੀ ਨੇੜੇ ਆਵਾਂਗੇ ਅਤੇ ਸਾਡੀ ਨਿਹਚਾ ਹੋਰ ਵੀ ਮਜ਼ਬੂਤ ਹੋਵੇਗੀ। (ਅਫ਼. 4:15, 16) ਨਾਲੇ ਅਸੀਂ ਸ਼ੈਤਾਨ ਦੁਆਰਾ ਫੈਲਾਈਆਂ ਝੂਠੀਆਂ ਸਿੱਖਿਆਵਾਂ ਅਤੇ ਗੱਲਾਂ ਕਰਕੇ ਗੁਮਰਾਹ ਨਹੀਂ ਹੋਵਾਂਗੇ ਅਤੇ ਮਹਾਂਕਸ਼ਟ ਦੌਰਾਨ ਯਹੋਵਾਹ ਦੀਆਂ ਬਾਹਾਂ ਵਿਚ ਮਹਿਫੂਜ਼ ਰਹਾਂਗੇ। ਸੱਚਾਈ ਨੂੰ ਘੁੱਟ ਕੇ ਫੜੀ ਰੱਖਣ ਕਰਕੇ “ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਨਾਲ ਰਹੇਗਾ।”—ਫ਼ਿਲਿ. 4:8, 9.
ਗੀਤ 122 ਤਕੜੇ ਹੋਵੋ, ਦ੍ਰਿੜ੍ਹ ਬਣੋ!
a ਤਸਵੀਰ ਬਾਰੇ ਜਾਣਕਾਰੀ: ਇੱਥੇ ਦਿਖਾਇਆ ਗਿਆ ਹੈ ਕਿ ਸਾਲਾਂ ਪਹਿਲਾਂ ਸਾਬਕਾ ਸੋਵੀਅਤ ਸੰਘ ਵਿਚ ਕੀ ਹੋਇਆ ਸੀ। ਸਾਡੇ ਭਰਾਵਾਂ ਨੂੰ ਇਕ ਚਿੱਠੀ ਮਿਲੀ ਸੀ ਜੋ ਮੁੱਖ ਦਫ਼ਤਰ ਵੱਲੋਂ ਆਈ ਲੱਗਦੀ ਸੀ, ਪਰ ਅਸਲ ਵਿਚ ਉਹ ਸਾਡੇ ਦੁਸ਼ਮਣਾਂ ਵੱਲੋਂ ਸੀ। ਅੱਜ ਸਾਡੇ ਦੁਸ਼ਮਣ ਸਾਨੂੰ ਗੁਮਰਾਹ ਕਰਨ ਲਈ ਸ਼ਾਇਦ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਰਾਹੀਂ ਯਹੋਵਾਹ ਦੇ ਸੰਗਠਨ ਬਾਰੇ ਝੂਠੀਆਂ ਗੱਲਾਂ ਫੈਲਾਉਣ।