Skip to content

Skip to table of contents

ਅਧਿਐਨ ਲੇਖ 29

ਗੀਤ 121 ਸੰਜਮ ਰੱਖੋ

ਭਰਮਾਏ ਜਾਣ ਤੋਂ ਖ਼ਬਰਦਾਰ ਰਹੋ!

ਭਰਮਾਏ ਜਾਣ ਤੋਂ ਖ਼ਬਰਦਾਰ ਰਹੋ!

“ਜਾਗਦੇ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ ਤਾਂਕਿ ਤੁਸੀਂ ਕਿਸੇ ਪਰੀਖਿਆ ਦੌਰਾਨ ਡਿਗ ਨਾ ਪਓ।”​—ਮੱਤੀ 26:41.

ਕੀ ਸਿੱਖਾਂਗੇ?

ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਸਾਨੂੰ ਸਿਰਫ਼ ਪਾਪ ਕਰਨ ਤੋਂ ਹੀ ਨਹੀਂ, ਸਗੋਂ ਉਨ੍ਹਾਂ ਕੰਮਾਂ ਤੋਂ ਵੀ ਦੂਰ ਰਹਿਣ ਦੀ ਲੋੜ ਹੈ ਜਿਨ੍ਹਾਂ ਕਰਕੇ ਅਸੀਂ ਪਾਪ ਕਰ ਸਕਦੇ ਹਾਂ।

1-2. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਚੇਤਾਵਨੀ ਦਿੱਤੀ ਸੀ? (ਅ) ਯਿਸੂ ਦੇ ਚੇਲੇ ਉਸ ਨੂੰ ਛੱਡ ਕੇ ਕਿਉਂ ਭੱਜ ਗਏ? (ਤਸਵੀਰਾਂ ਵੀ ਦੇਖੋ।)

 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਦਿਲ ਤਾਂ ਤਿਆਰ ਹੈ, ਪਰ ਸਰੀਰ ਕਮਜ਼ੋਰ ਹੈ।” (ਮੱਤੀ 26:41ਅ) ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਜਾਣਦਾ ਸੀ ਕਿ ਅਸੀਂ ਸਹੀ ਕੰਮ ਤਾਂ ਕਰਨੇ ਚਾਹੁੰਦੇ ਹਾਂ, ਪਰ ਨਾਮੁਕੰਮਲ ਹੋਣ ਕਰਕੇ ਅਸੀਂ ਪਾਪ ਕਰ ਬੈਠਦੇ ਹਾਂ। ਪਰ ਇਨ੍ਹਾਂ ਸ਼ਬਦਾਂ ਰਾਹੀਂ ਉਸ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਵੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਆਪ ʼਤੇ ਹੱਦੋਂ ਵੱਧ ਭਰੋਸਾ ਨਹੀਂ ਕਰਨਾ ਚਾਹੀਦਾ। ਇਸ ਤੋਂ ਇਕ ਰਾਤ ਪਹਿਲਾਂ ਯਿਸੂ ਦੇ ਚੇਲਿਆਂ ਨੇ ਪੂਰੇ ਯਕੀਨ ਨਾਲ ਕਿਹਾ ਸੀ ਕਿ ਚਾਹੇ ਕੁਝ ਵੀ ਹੋ ਜਾਵੇ, ਉਹ ਉਸ ਦਾ ਸਾਥ ਨਹੀਂ ਛੱਡਣਗੇ। (ਮੱਤੀ 26:35) ਉਨ੍ਹਾਂ ਦਾ ਇਰਾਦਾ ਤਾਂ ਵਧੀਆ ਸੀ, ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਔਖੀ ਘੜੀ ਵਿਚ ਉਹ ਸੌਖਿਆਂ ਹੀ ਕਮਜ਼ੋਰ ਪੈ ਸਕਦੇ ਹਨ। ਇਸੇ ਕਰਕੇ ਯਿਸੂ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ: “ਜਾਗਦੇ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ ਤਾਂਕਿ ਤੁਸੀਂ ਕਿਸੇ ਪਰੀਖਿਆ ਦੌਰਾਨ ਡਿਗ ਨਾ ਪਓ।”​—ਮੱਤੀ 26:41ੳ.

2 ਪਰ ਦੁੱਖ ਦੀ ਗੱਲ ਹੈ ਕਿ ਚੇਲੇ ਖ਼ਬਰਦਾਰ ਨਹੀਂ ਰਹੇ। ਇਸ ਕਰਕੇ ਕੀ ਹੋਇਆ? ਜਦੋਂ ਫ਼ੌਜੀ ਯਿਸੂ ਨੂੰ ਫੜਨ ਆਏ, ਤਾਂ ਉਸ ਦਾ ਸਾਥ ਦੇਣ ਦੀ ਬਜਾਇ ਉਹ ਡਰ ਦੇ ਮਾਰੇ ਉਸ ਨੂੰ ਛੱਡ ਕੇ ਭੱਜ ਗਏ। ਉਨ੍ਹਾਂ ਦੀ ਕਮਜ਼ੋਰੀ ਉਨ੍ਹਾਂ ʼਤੇ ਇੰਨੀ ਹਾਵੀ ਹੋ ਗਈ ਕਿ ਉਹ ਗ਼ਲਤੀ ਕਰ ਬੈਠੇ। ਉਨ੍ਹਾਂ ਨੇ ਕਿਹਾ ਸੀ ਕਿ ਉਹ ਯਿਸੂ ਨੂੰ ਨਹੀਂ ਛੱਡਣਗੇ, ਪਰ ਉਹ ਉਸ ਨੂੰ ਛੱਡ ਕੇ ਭੱਜ ਗਏ।​—ਮੱਤੀ 26:56.

ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ਬਰਦਾਰ ਰਹਿਣ ਦੀ ਸਲਾਹ ਦਿੱਤੀ ਤਾਂਕਿ ਉਹ ਭਰਮਾਏ ਨਾ ਜਾਣ। ਪਰ ਉਹ ਉਸ ਨੂੰ ਛੱਡ ਕੇ ਭੱਜ ਗਏ (ਪੈਰੇ 1-2 ਦੇਖੋ)


3. (ੳ) ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਖ਼ੁਦ ʼਤੇ ਹੱਦੋਂ ਵੱਧ ਭਰੋਸਾ ਨਾ ਕਰੀਏ? (ਅ) ਇਸ ਲੇਖ ਵਿਚ ਅਸੀਂ ਕੀ ਜਾਣਾਂਗੇ?

3 ਸਾਨੂੰ ਖ਼ੁਦ ਉੱਤੇ ਹੱਦੋਂ ਵੱਧ ਭਰੋਸਾ ਨਹੀਂ ਕਰਨਾ ਚਾਹੀਦਾ। ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਕੋਈ ਗ਼ਲਤੀ ਨਹੀਂ ਕਰਾਂਗੇ। ਇਹ ਸੱਚ ਹੈ ਕਿ ਅਸੀਂ ਯਹੋਵਾਹ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ। ਪਰ ਨਾਮੁਕੰਮਲ ਹੋਣ ਕਰਕੇ ਅਸੀਂ ਸੌਖਿਆਂ ਹੀ ਗ਼ਲਤ ਕੰਮ ਕਰਨ ਲਈ ਭਰਮਾਏ ਜਾ ਸਕਦੇ ਹਾਂ। (ਰੋਮੀ. 5:12; 7:21-23) ਸਾਡੇ ਸਾਮ੍ਹਣੇ ਅਚਾਨਕ ਅਜਿਹੇ ਹਾਲਾਤ ਆ ਸਕਦੇ ਹਨ ਜਿਨ੍ਹਾਂ ਵਿਚ ਸਾਡੇ ਲਈ ਖ਼ੁਦ ਨੂੰ ਗ਼ਲਤ ਕੰਮ ਕਰਨ ਤੋਂ ਰੋਕਣਾ ਔਖਾ ਹੋ ਸਕਦਾ ਹੈ। ਅਜਿਹੇ ਹਾਲਾਤਾਂ ਵਿਚ ਅਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਯਿਸੂ ਦੇ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ? ਜਿੱਦਾਂ ਯਿਸੂ ਨੇ ਦੱਸਿਆ ਸੀ ਕਿ ਸਾਨੂੰ ਖ਼ਬਰਦਾਰ ਰਹਿਣ ਦੀ ਲੋੜ ਹੈ ਤਾਂਕਿ ਅਸੀਂ ਕੋਈ ਗ਼ਲਤ ਕੰਮ ਨਾ ਕਰ ਬੈਠੀਏ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਅਸੀਂ ਇਹ ਕਿਵੇਂ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਸਾਨੂੰ ਕਿਨ੍ਹਾਂ ਮਾਮਲਿਆਂ ਵਿਚ ਹੋਰ ਵੀ ਜ਼ਿਆਦਾ ਖ਼ਬਰਦਾਰ ਰਹਿਣ ਦੀ ਲੋੜ ਹੈ। ਫਿਰ ਅਸੀਂ ਦੇਖਾਂਗੇ ਕਿ ਅਸੀਂ ਕਿਵੇਂ ਖ਼ਬਰਦਾਰ ਰਹਿ ਸਕਦੇ ਹਾਂ ਅਤੇ ਅਖ਼ੀਰ ਵਿਚ ਅਸੀਂ ਜਾਣਾਂਗੇ ਕਿ ਹਮੇਸ਼ਾ ਖ਼ਬਰਦਾਰ ਰਹਿਣ ਲਈ ਸਾਨੂੰ ਕੀ ਕਰਨਾ ਪਵੇਗਾ।

ਕਿਨ੍ਹਾਂ ਮਾਮਲਿਆਂ ਵਿਚ ਖ਼ਬਰਦਾਰ ਰਹੀਏ?

4-5. ਸਾਨੂੰ ਉਨ੍ਹਾਂ ਪਾਪਾਂ ਤੋਂ ਵੀ ਕਿਉਂ ਦੂਰ ਰਹਿਣਾ ਚਾਹੀਦਾ ਹੈ ਜੋ ਇੰਨੇ ਗੰਭੀਰ ਨਹੀਂ ਹਨ?

4 ਭਾਵੇਂ ਕਿ ਕੁਝ ਪਾਪ ਇੰਨੇ ਗੰਭੀਰ ਨਹੀਂ ਹੁੰਦੇ, ਪਰ ਉਨ੍ਹਾਂ ਕਰਕੇ ਵੀ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਨਾਲੇ ਸਾਡੇ ਤੋਂ ਕੋਈ ਗੰਭੀਰ ਪਾਪ ਵੀ ਹੋ ਸਕਦਾ ਹੈ।

5 ਅਸੀਂ ਸਾਰੇ ਗ਼ਲਤੀਆਂ ਕਰਨ ਲਈ ਭਰਮਾਏ ਜਾਂਦੇ ਹਾਂ। ਪਰ ਸਾਡੀਆਂ ਆਪਣੀਆਂ ਕੁਝ ਕਮੀਆਂ-ਕਮਜ਼ੋਰੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਕਰਕੇ ਅਸੀਂ ਗ਼ਲਤ ਕੰਮ ਕਰ ਸਕਦੇ ਹਾਂ। ਮਿਸਾਲ ਲਈ, ਕੁਝ ਲੋਕਾਂ ਵਿਚ ਅਨੈਤਿਕ ਕੰਮ ਕਰਨ ਦੀ ਜ਼ਬਰਦਸਤ ਇੱਛਾ ਹੁੰਦੀ ਹੈ, ਜਿਵੇਂ ਨਾਜਾਇਜ਼ ਸਰੀਰਕ ਸੰਬੰਧ ਰੱਖਣੇ। ਕੁਝ ਲੋਕਾਂ ਦਾ ਕਈ ਹੋਰ ਗੰਦੇ ਕੰਮ ਕਰਨ ਦਾ ਮਨ ਕਰਦਾ ਹੈ, ਜਿਵੇਂ ਪੋਰਨੋਗ੍ਰਾਫੀ ਦੇਖਣੀ ਅਤੇ ਹਥਰਸੀ ਕਰਨੀ। ਇਸ ਤੋਂ ਇਲਾਵਾ, ਕੁਝ ਜਣੇ ਲੋਕਾਂ ਦਾ ਡਰ ਰੱਖਦੇ ਹਨ, ਛੇਤੀ ਗੁੱਸੇ ਵਿਚ ਆ ਜਾਂਦੇ ਹਨ ਜਾਂ ਘਮੰਡੀ ਹੁੰਦੇ ਹਨ। ਯਾਕੂਬ ਨੇ ਵੀ ਆਪਣੀ ਚਿੱਠੀ ਵਿਚ ਲਿਖਿਆ ਸੀ: “ਹਰ ਕੋਈ ਆਪਣੀ ਇੱਛਾ ਦੇ ਬਹਿਕਾਵੇ ਵਿਚ ਆ ਕੇ ਪਰੀਖਿਆਵਾਂ ਵਿਚ ਪੈਂਦਾ ਹੈ।”​—ਯਾਕੂ. 1:14.

6. ਸਾਨੂੰ ਆਪਣੇ ਬਾਰੇ ਕੀ ਪਤਾ ਹੋਣਾ ਚਾਹੀਦਾ?

6 ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਿਚ ਕਿਹੜੀਆਂ ਕਮੀਆਂ-ਕਮਜ਼ੋਰੀਆਂ ਹਨ ਜਿਨ੍ਹਾਂ ਕਰਕੇ ਤੁਸੀਂ ਭਰਮਾਏ ਜਾ ਸਕਦੇ ਹੋ? ਜੇ ਅਸੀਂ ਇਹ ਸੋਚਦੇ ਹਾਂ ਕਿ ਸਾਡੇ ਵਿਚ ਕੋਈ ਕਮੀ-ਕਮਜ਼ੋਰੀ ਨਹੀਂ, ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋਵਾਂਗੇ। (1 ਯੂਹੰ. 1:8) ਯਾਦ ਰੱਖੋ ਕਿ ਪੌਲੁਸ ਨੇ ਵੀ ਕਿਹਾ ਸੀ ਕਿ ਜੇ “ਸਮਝਦਾਰ” ਵੀ ਖ਼ਬਰਦਾਰ ਨਾ ਰਹਿਣ, ਤਾਂ ਉਹ ਵੀ ਭਰਮਾਏ ਜਾ ਸਕਦੇ ਹਨ। (ਗਲਾ. 6:1) ਇਸ ਲਈ ਜ਼ਰੂਰੀ ਹੈ ਕਿ ਅਸੀਂ ਈਮਾਨਦਾਰੀ ਨਾਲ ਆਪਣੇ ਆਪ ਦੀ ਜਾਂਚ ਕਰੀਏ ਅਤੇ ਪਤਾ ਕਰੀਏ ਕਿ ਸਾਡੇ ਵਿਚ ਕਿਹੜੀਆਂ ਕਮੀਆਂ-ਕਮਜ਼ੋਰੀਆਂ ਹਨ।​—2 ਕੁਰਿੰ. 13:5.

7. ਸਾਨੂੰ ਕਿਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ? ਉਦਾਹਰਣ ਦਿਓ।

7 ਆਪਣੀਆਂ ਕਮੀਆਂ-ਕਮਜ਼ੋਰੀਆਂ ਨੂੰ ਪਛਾਣਨ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ? ਇਸ ਨੂੰ ਸਮਝਣ ਲਈ ਇਕ ਉਦਾਹਰਣ ʼਤੇ ਧਿਆਨ ਦਿਓ। ਬਾਈਬਲ ਦੇ ਜ਼ਮਾਨੇ ਵਿਚ ਸ਼ਹਿਰ ਦੇ ਚਾਰੇ ਪਾਸੇ ਇਕ ਕੰਧ ਹੁੰਦੀ ਸੀ ਤੇ ਉਸ ਦਾ ਸਭ ਤੋਂ ਕਮਜ਼ੋਰ ਹਿੱਸਾ ਹੁੰਦਾ ਸੀ, ਫਾਟਕ। ਨਾਲੇ ਅਕਸਰ ਦੁਸ਼ਮਣ ਫਾਟਕ ʼਤੇ ਹੀ ਹਮਲਾ ਕਰਦੇ ਸਨ। ਇਸ ਲਈ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਸੀ ਕਿ ਫਾਟਕ ʼਤੇ ਜ਼ਿਆਦਾ ਤੋਂ ਜ਼ਿਆਦਾ ਪਹਿਰੇਦਾਰ ਖੜ੍ਹੇ ਹੋਣ। ਸਾਡੀਆਂ ਕਮੀਆਂ-ਕਮਜ਼ੋਰੀਆਂ ਵੀ ਫਾਟਕ ਵਾਂਗ ਹਨ। ਇਸ ਲਈ ਸਾਨੂੰ ਇਨ੍ਹਾਂ ʼਤੇ ਪਹਿਰਾ ਦੇਣਾ ਚਾਹੀਦਾ ਹੈ ਯਾਨੀ ਖ਼ਬਰਦਾਰ ਰਹਿਣਾ ਚਾਹੀਦਾ ਹੈ ਤਾਂਕਿ ਇਹ ਸਾਡੇ ʼਤੇ ਹਾਵੀ ਨਾ ਹੋ ਜਾਣ।​—1 ਕੁਰਿੰ. 9:27.

ਖ਼ਬਰਦਾਰ ਕਿਵੇਂ ਰਹੀਏ?

8-9. ਕਹਾਉਤਾਂ ਅਧਿਆਇ ਸੱਤ ਵਿਚ ਦੱਸਿਆ ਨੌਜਵਾਨ ਪਾਪ ਕਰਨ ਤੋਂ ਦੂਰ ਕਿਵੇਂ ਰਹਿ ਸਕਦਾ ਸੀ? (ਕਹਾਉਤਾਂ 7:8, 9, 13, 14, 21)

8 ਅਸੀਂ ਖ਼ਬਰਦਾਰ ਕਿਵੇਂ ਰਹਿ ਸਕਦੇ ਹਾਂ? ਆਓ ਆਪਾਂ ਕਹਾਉਤਾਂ ਅਧਿਆਇ ਸੱਤ ਵਿਚ ਦੱਸੇ ਨੌਜਵਾਨ ʼਤੇ ਗੌਰ ਕਰੀਏ ਅਤੇ ਜਾਣੀਏ ਕਿ ਉਹ ਕਿਵੇਂ ਨਾਜਾਇਜ਼ ਸੰਬੰਧ ਰੱਖਣ ਦੇ ਫੰਦੇ ਵਿਚ ਫਸ ਗਿਆ। ਆਇਤ 22 ਵਿਚ ਲਿਖਿਆ ਹੈ ਕਿ ਉਹ ਨੌਜਵਾਨ “ਝੱਟ” ਇਕ ਬਦਚਲਣ ਔਰਤ ਦੇ ਪਿੱਛੇ-ਪਿੱਛੇ ਚਲਾ ਗਿਆ। ਪਰ ਇਸ ਤੋਂ ਪਹਿਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਸਭ ਅਚਾਨਕ ਨਹੀਂ ਹੋਇਆ, ਸਗੋਂ ਹੌਲੀ-ਹੌਲੀ ਹੋਇਆ। ਉਸ ਨੌਜਵਾਨ ਨੇ ਅਜਿਹੇ ਬਹੁਤ ਸਾਰੇ ਕੰਮ ਕੀਤੇ ਸਨ ਜਿਸ ਕਰਕੇ ਉਹ ਪਾਪ ਕਰ ਬੈਠਾ।

9 ਸਭ ਤੋਂ ਪਹਿਲਾ ਸ਼ਾਮ ਦੇ ਵੇਲੇ “ਉਹ ਉਸ [ਬਦਚਲਣ] ਔਰਤ ਦੀ ਗਲੀ ਦੇ ਮੋੜ ਨੇੜਿਓਂ ਲੰਘਿਆ।” ਫਿਰ ਉਹ ਉਸ ਦੇ ਘਰ ਵੱਲ ਨੂੰ ਤੁਰ ਪਿਆ। (ਕਹਾਉਤਾਂ 7:8, 9 ਪੜ੍ਹੋ।) ਇਸ ਤੋਂ ਬਾਅਦ ਜਦੋਂ ਉਸ ਨੇ ਉਸ ਔਰਤ ਨੂੰ ਦੇਖਿਆ, ਤਾਂ ਉਹ ਦੂਰ ਨਹੀਂ ਭੱਜਿਆ। ਨਾਲੇ ਜਦੋਂ ਉਸ ਔਰਤ ਨੇ ਉਸ ਨੂੰ ਫੜ ਕੇ ਚੁੰਮਿਆ, ਤਾਂ ਉਸ ਨੇ ਖ਼ੁਦ ਨੂੰ ਨਹੀਂ ਛੁਡਾਇਆ, ਸਗੋਂ ਉਸ ਦੀਆਂ ਗੱਲਾਂ ਸੁਣਨ ਲੱਗ ਪਿਆ। ਉਸ ਔਰਤ ਨੇ ਕਿਹਾ ਕਿ ਉਸ ਨੇ ਸ਼ਾਂਤੀ ਦੀਆਂ ਬਲ਼ੀਆਂ ਚੜ੍ਹਾਈਆਂ ਹਨ। ਸ਼ਾਇਦ ਉਹ ਉਸ ਨੌਜਵਾਨ ਨੂੰ ਇਹ ਦਿਖਾਉਣਾ ਚਾਹੁੰਦੀ ਸੀ ਕਿ ਉਹ ਕੋਈ ਬੁਰੀ ਔਰਤ ਨਹੀਂ ਹੈ। (ਕਹਾਉਤਾਂ 7:13, 14, 21 ਪੜ੍ਹੋ।) ਜੇ ਉਹ ਖ਼ਬਰਦਾਰ ਰਹਿੰਦਾ ਅਤੇ ਖ਼ਤਰਿਆਂ ਨੂੰ ਪਛਾਣ ਲੈਂਦਾ, ਤਾਂ ਉਹ ਪਾਪ ਨਾ ਕਰਦਾ।

10. ਕਹਾਉਤਾਂ ਵਿਚ ਦੱਸੇ ਨੌਜਵਾਨ ਵਾਂਗ ਅੱਜ ਇਕ ਮਸੀਹੀ ਪਾਪ ਕਰਨ ਦੇ ਫੰਦੇ ਵਿਚ ਕਿਵੇਂ ਫਸ ਸਕਦਾ ਹੈ?

10 ਇਸ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਕਿਸੇ ਵੀ ਸੇਵਕ ਨਾਲ ਕੀ ਹੋ ਸਕਦਾ ਹੈ। ਸ਼ਾਇਦ ਇਕ ਮਸੀਹੀ ਕੋਈ ਗੰਭੀਰ ਪਾਪ ਕਰ ਬੈਠੇ ਅਤੇ ਬਾਅਦ ਵਿਚ ਉਸ ਨੂੰ ਲੱਗੇ ਕਿ ਸਭ ਕੁਝ ਅਚਾਨਕ ਹੋ ਗਿਆ। ਜਾਂ ਸ਼ਾਇਦ ਉਹ ਕਹੇ ਕਿ “ਮੈਨੂੰ ਪਤਾ ਹੀ ਨਹੀਂ ਲੱਗਾ, ਇਹ ਕਿੱਦਾਂ ਹੋ ਗਿਆ।” ਪਰ ਜੇ ਉਹ ਧਿਆਨ ਨਾਲ ਸੋਚੇ ਕਿ ਇੱਦਾਂ ਕਿਉਂ ਹੋਇਆ, ਤਾਂ ਸ਼ਾਇਦ ਉਸ ਨੂੰ ਅਹਿਸਾਸ ਹੋਵੇ ਕਿ ਉਸ ਨੇ ਸਮਝਦਾਰੀ ਤੋਂ ਕੰਮ ਨਹੀਂ ਲਿਆ ਸੀ ਅਤੇ ਕੁਝ ਗ਼ਲਤ ਕਦਮ ਚੁੱਕੇ ਸਨ। ਜਿਵੇਂ ਸ਼ਾਇਦ ਉਸ ਨੇ ਉਨ੍ਹਾਂ ਲੋਕਾਂ ਨਾਲ ਦੋਸਤੀ ਕੀਤੀ ਹੋਵੇ ਜੋ ਯਹੋਵਾਹ ਨੂੰ ਪਿਆਰ ਨਹੀਂ ਕਰਦੇ। ਜਾਂ ਉਹ ਅਜਿਹਾ ਮਨੋਰੰਜਨ ਕਰਨ ਲੱਗ ਪਿਆ ਹੋਵੇ ਜੋ ਇਕ ਮਸੀਹੀ ਲਈ ਸਹੀ ਨਹੀਂ ਹੈ। ਜਾਂ ਉਹ ਇਕ ਅਜਿਹੀ ਵੈੱਬਸਾਈਟ ਦੇਖਣ ਜਾਂ ਉਸ ਜਗ੍ਹਾ ʼਤੇ ਜਾਣ ਲੱਗ ਪਿਆ ਹੋਵੇ ਜੋ ਇਕ ਮਸੀਹੀ ਲਈ ਸਹੀ ਨਹੀਂ ਹੈ। ਨਾਲੇ ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਅਹਿਸਾਸ ਹੋਵੇ ਕਿ ਉਸ ਨੇ ਪ੍ਰਾਰਥਨਾ ਕਰਨੀ, ਬਾਈਬਲ ਪੜ੍ਹਨੀ, ਸਭਾਵਾਂ ʼਤੇ ਜਾਣਾ ਅਤੇ ਪ੍ਰਚਾਰ ਕਰਨਾ ਛੱਡ ਦਿੱਤਾ ਹੈ। ਕਹਾਉਤਾਂ ਵਿਚ ਦੱਸੇ ਨੌਜਵਾਨ ਵਾਂਗ ਇਸ ਮਸੀਹੀ ਨੇ ਸ਼ਾਇਦ “ਝੱਟ” ਪਾਪ ਨਹੀਂ ਕੀਤਾ, ਸਗੋਂ ਉਸ ਨੇ ਕੁਝ ਗ਼ਲਤ ਕਦਮ ਚੁੱਕੇ ਸਨ ਜਿਸ ਕਰਕੇ ਉਹ ਪਾਪ ਕਰਨ ਦੇ ਫੰਦੇ ਵਿਚ ਫਸ ਗਿਆ।

11. ਸਾਨੂੰ ਕਿਨ੍ਹਾਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂਕਿ ਅਸੀਂ ਪਾਪ ਨਾ ਕਰ ਬੈਠੀਏ?

11 ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਸਾਨੂੰ ਨਾ ਸਿਰਫ਼ ਪਾਪ ਕਰਨ ਤੋਂ, ਸਗੋਂ ਉਨ੍ਹਾਂ ਕੰਮਾਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ ਜੋ ਪਾਪ ਵੱਲ ਲੈ ਜਾ ਸਕਦੇ ਹਨ। ਉਸ ਨੌਜਵਾਨ ਮੁੰਡੇ ਅਤੇ ਬਦਚਲਣ ਔਰਤ ਦਾ ਬਿਰਤਾਂਤ ਦੱਸਣ ਤੋਂ ਬਾਅਦ ਸੁਲੇਮਾਨ ਨੇ ਇਹ ਗੱਲ ਸਮਝਾਈ। ਉਸ ਨੇ ਲਿਖਿਆ: “ਗੁਮਰਾਹ ਹੋ ਕੇ ਉਸ ਦੇ ਰਾਹਾਂ ʼਤੇ ਨਾ ਜਾਹ।” (ਕਹਾ. 7:25) ਉਸ ਨੇ ਇਹ ਵੀ ਲਿਖਿਆ: “ਉਸ ਤੋਂ ਕੋਹਾਂ ਦੂਰ ਰਹਿ; ਉਸ ਦੇ ਘਰ ਦੇ ਦਰਵਾਜ਼ੇ ਦੇ ਨੇੜੇ ਵੀ ਨਾ ਜਾਹ।” (ਕਹਾ. 5:3, 8) ਸਾਨੂੰ ਇਹ ਸਲਾਹ ਮੰਨਣੀ ਚਾਹੀਦੀ ਹੈ। ਸਾਨੂੰ ਉਨ੍ਹਾਂ ਕੰਮਾਂ ਅਤੇ ਹਾਲਾਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਵਿਚ ਅਸੀਂ ਪਾਪ ਕਰਨ ਲਈ ਭਰਮਾਏ ਜਾ ਸਕਦੇ ਹਾਂ। a ਇਸ ਤੋਂ ਇਲਾਵਾ, ਸਾਨੂੰ ਅਜਿਹੇ ਕੰਮਾਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ ਜੋ ਸ਼ਾਇਦ ਮਸੀਹੀਆਂ ਲਈ ਗ਼ਲਤ ਨਾ ਹੋਣ, ਪਰ ਉਨ੍ਹਾਂ ਕਰਕੇ ਅਸੀਂ ਪਾਪ ਕਰਨ ਲਈ ਭਰਮਾਏ ਜਾ ਸਕਦੇ ਹਾਂ।​—ਮੱਤੀ 5:29, 30.

12. ਅੱਯੂਬ ਨੇ ਕਿਹੜਾ ਪੱਕਾ ਇਰਾਦਾ ਕੀਤਾ ਸੀ ਅਤੇ ਇਸ ਕਰਕੇ ਉਹ ਪਾਪ ਕਰਨ ਤੋਂ ਕਿਵੇਂ ਦੂਰ ਰਹਿ ਸਕਿਆ? (ਅੱਯੂਬ 31:1)

12 ਸਾਨੂੰ ਅਜਿਹੇ ਕਿਸੇ ਵੀ ਹਾਲਾਤ ਤੋਂ ਦੂਰ ਰਹਿਣ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਜਿਸ ਵਿਚ ਅਸੀਂ ਪਾਪ ਕਰ ਸਕਦੇ ਹਾਂ। ਅੱਯੂਬ ਨੇ ਵੀ ਇੱਦਾਂ ਹੀ ਕੀਤਾ ਸੀ। ਉਸ ਨੇ “ਆਪਣੀਆਂ ਅੱਖਾਂ ਨਾਲ ਇਕਰਾਰ ਕੀਤਾ” ਸੀ ਕਿ ਉਹ ਕਿਸੇ ਵੀ ਔਰਤ ਨੂੰ ਗੰਦੀ ਨਜ਼ਰ ਨਾਲ ਨਹੀਂ ਦੇਖੇਗਾ। (ਅੱਯੂਬ 31:1 ਪੜ੍ਹੋ।) ਆਪਣੇ ਇਸ ਇਰਾਦੇ ʼਤੇ ਪੱਕੇ ਰਹਿਣ ਕਰਕੇ ਅੱਯੂਬ ਹਰਾਮਕਾਰੀ ਕਰਨ ਤੋਂ ਦੂਰ ਰਹਿ ਸਕਿਆ। ਜੇ ਅੱਯੂਬ ਵਾਂਗ ਸਾਡਾ ਵੀ ਇਰਾਦਾ ਪੱਕਾ ਹੋਵੇਗਾ, ਤਾਂ ਅਸੀਂ ਵੀ ਅਜਿਹਾ ਕੁਝ ਨਹੀਂ ਕਰਾਂਗੇ ਜਿਸ ਕਰਕੇ ਅਸੀਂ ਪਾਪ ਕਰਨ ਲਈ ਭਰਮਾਏ ਜਾਈਏ।

13. ਸਾਨੂੰ ਕਿਉਂ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕੀ ਸੋਚਦੇ ਹਾਂ? (ਤਸਵੀਰਾਂ ਵੀ ਦੇਖੋ।)

13 ਪਾਪ ਤੋਂ ਦੂਰ ਰਹਿਣ ਲਈ ਸਾਡੇ ਲਈ ਇਹ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਅਸੀਂ ਕੀ ਸੋਚਦੇ ਹਾਂ। (ਕੂਚ 20:17) ਕੁਝ ਲੋਕਾਂ ਨੂੰ ਲੱਗਦਾ ਹੈ ਕਿ ਗ਼ਲਤ ਕੰਮਾਂ ਬਾਰੇ ਸੋਚਣ ਵਿਚ ਕੋਈ ਬੁਰਾਈ ਨਹੀਂ ਹੈ। ਉਹ ਕਹਿੰਦੇ ਹਨ: “ਮੈਂ ਤਾਂ ਸਿਰਫ਼ ਸੋਚ ਹੀ ਰਿਹਾ ਹਾਂ, ਮੈਂ ਕਿਹੜਾ ਕਰ ਰਿਹਾ।” ਪਰ ਇਸ ਤਰ੍ਹਾਂ ਦੀ ਸੋਚ ਰੱਖਣੀ ਗ਼ਲਤ ਹੈ। ਕਿਉਂ? ਕਿਉਂਕਿ ਜਿਹੜਾ ਇਨਸਾਨ ਗ਼ਲਤ ਕੰਮਾਂ ਬਾਰੇ ਸੋਚਦਾ ਰਹਿੰਦਾ ਹੈ, ਉਸ ਅੰਦਰ ਗ਼ਲਤ ਕੰਮ ਕਰਨ ਦੀ ਇੱਛਾ ਵਧ ਜਾਂਦੀ ਹੈ ਅਤੇ ਉਸ ਲਈ ਗ਼ਲਤ ਕੰਮ ਕਰਨ ਤੋਂ ਬਚਣਾ ਹੋਰ ਵੀ ਔਖਾ ਹੋ ਜਾਂਦਾ ਹੈ। ਇਹ ਸੱਚ ਹੈ ਕਿ ਸਾਡੇ ਮਨ ਵਿਚ ਗ਼ਲਤ ਖ਼ਿਆਲ ਆ ਸਕਦੇ ਹਨ। ਪਰ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਇਨ੍ਹਾਂ ਖ਼ਿਆਲਾਂ ਨੂੰ ਤੁਰੰਤ ਆਪਣੇ ਮਨ ਵਿੱਚੋਂ ਕੱਢ ਸੁੱਟੀਏ ਅਤੇ ਆਪਣੇ ਮਨ ਨੂੰ ਚੰਗੀਆਂ ਗੱਲਾਂ ਨਾਲ ਭਰੀਏ। ਇੱਦਾਂ ਕਰਨ ਕਰਕੇ ਗ਼ਲਤ ਖ਼ਿਆਲ ਸਾਡੇ ਮਨ ਵਿਚ ਜੜ੍ਹ ਨਹੀਂ ਫੜਨਗੇ। ਪਰ ਜੇ ਅਸੀਂ ਇੱਦਾਂ ਨਹੀਂ ਕਰਦੇ, ਤਾਂ ਇਹ ਸਾਡੇ ਮਨ ਵਿਚ ਇਸ ਤਰ੍ਹਾਂ ਜੜ੍ਹ ਫੜ ਲੈਣਗੇ ਕਿ ਇਨ੍ਹਾਂ ਨੂੰ ਕੱਢਣਾ ਮੁਸ਼ਕਲ ਹੋ ਸਕਦਾ ਹੈ ਅਤੇ ਅਸੀਂ ਗੰਭੀਰ ਪਾਪ ਕਰ ਸਕਦੇ ਹਾਂ।​—ਫ਼ਿਲਿ. 4:8; ਕੁਲੁ. 3:2; ਯਾਕੂ. 1:13-15.

ਸਾਨੂੰ ਉਸ ਹਰ ਕੰਮ ਤੇ ਹਾਲਾਤ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਸ ਕਰਕੇ ਅਸੀਂ ਭਰਮਾਏ ਜਾ ਸਕਦੇ ਹਾਂ (ਪੈਰਾ 13 ਦੇਖੋ)


14. ਅਸੀਂ ਹੋਰ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਪਾਪ ਨਾ ਕਰ ਬੈਠੀਏ?

14 ਅਸੀਂ ਹੋਰ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਪਾਪ ਨਾ ਕਰ ਬੈਠੀਏ? ਸਾਨੂੰ ਇਸ ਗੱਲ ਦਾ ਪੂਰਾ ਭਰੋਸਾ ਰੱਖਣ ਦੀ ਲੋੜ ਹੈ ਕਿ ਯਹੋਵਾਹ ਦਾ ਕਹਿਣਾ ਮੰਨਣ ਨਾਲ ਸਾਡਾ ਹਮੇਸ਼ਾ ਭਲਾ ਹੋਵੇਗਾ। ਸ਼ਾਇਦ ਕਦੇ-ਕਦਾਈਂ ਯਹੋਵਾਹ ਵਰਗੀ ਸੋਚ ਰੱਖਣੀ ਅਤੇ ਆਪਣੀਆਂ ਗ਼ਲਤ ਇੱਛਾਵਾਂ ʼਤੇ ਕਾਬੂ ਪਾਉਣਾ ਔਖਾ ਹੋ ਸਕਦਾ ਹੈ। ਪਰ ਜੇ ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰੀਏ, ਤਾਂ ਸਾਨੂੰ ਮਨ ਦੀ ਸ਼ਾਂਤੀ ਅਤੇ ਸਕੂਨ ਮਿਲੇਗਾ।

15. ਸਹੀ ਕੰਮ ਕਰਨ ਦੀ ਇੱਛਾ ਵਧਾਉਣ ਕਰਕੇ ਅਸੀਂ ਪਾਪ ਤੋਂ ਕਿਵੇਂ ਦੂਰ ਰਹਿ ਸਕਾਂਗੇ?

15 ਪਾਪ ਤੋਂ ਦੂਰ ਰਹਿਣ ਲਈ ਸਾਨੂੰ ਆਪਣੇ ਅੰਦਰ ਸਹੀ ਕੰਮ ਕਰਨ ਦੀ ਇੱਛਾ ਵੀ ਵਧਾਉਣੀ ਪਵੇਗੀ। ਜੇ ਅਸੀਂ ‘ਬੁਰਾਈ ਤੋਂ ਨਫ਼ਰਤ ਕਰਨੀ ਅਤੇ ਨੇਕੀ ਨਾਲ ਪਿਆਰ ਕਰਨਾ’ ਸਿੱਖੀਏ, ਤਾਂ ਸਹੀ ਕੰਮ ਕਰਨ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ। ਫਿਰ ਅਸੀਂ ਅਜਿਹੇ ਹਾਲਾਤਾਂ ਤੋਂ ਦੂਰ ਰਹਿ ਸਕਾਂਗੇ ਜਿਨ੍ਹਾਂ ਵਿਚ ਅਸੀਂ ਪਾਪ ਕਰ ਸਕਦੇ ਹਾਂ। (ਆਮੋ. 5:15) ਸਹੀ ਕੰਮ ਕਰਨ ਦੀ ਇੱਛਾ ਵਧਾਉਣ ਦਾ ਸਾਨੂੰ ਇਕ ਹੋਰ ਫ਼ਾਇਦਾ ਹੋਵੇਗਾ। ਸਾਡਾ ਇਰਾਦਾ ਉਦੋਂ ਵੀ ਮਜ਼ਬੂਤ ਬਣਿਆ ਰਹੇਗਾ ਅਤੇ ਅਸੀਂ ਪਾਪ ਨਹੀਂ ਕਰਾਂਗੇ ਜਦੋਂ ਸਾਡੇ ਸਾਮ੍ਹਣੇ ਅਚਾਨਕ ਇੱਦਾਂ ਦਾ ਕੋਈ ਹਾਲਾਤ ਆ ਜਾਵੇ ਜਿਸ ਵਿਚ ਸ਼ਾਇਦ ਅਸੀਂ ਗ਼ਲਤ ਕੰਮ ਕਰਨ ਲਈ ਭਰਮਾਏ ਜਾਈਏ ਅਤੇ ਉਸ ਵਿੱਚੋਂ ਨਿਕਲਣਾ ਔਖਾ ਹੋਵੇ।

16. ਪਰਮੇਸ਼ੁਰ ਦੀ ਸੇਵਾ ਵਿਚ ਰੁੱਝੇ ਰਹਿਣ ਕਰਕੇ ਅਸੀਂ ਕਿੱਦਾਂ ਖ਼ਬਰਦਾਰ ਰਹਿ ਸਕਦੇ ਹਾਂ? (ਤਸਵੀਰਾਂ ਵੀ ਦੇਖੋ।)

16 ਅਸੀਂ ਆਪਣੇ ਅੰਦਰ ਸਹੀ ਕੰਮ ਕਰਨ ਦੀ ਇੱਛਾ ਕਿਵੇਂ ਵਧਾ ਸਕਦੇ ਹਾਂ? ਇੱਦਾਂ ਕਰਨ ਲਈ ਸਾਨੂੰ ਪਰਮੇਸ਼ੁਰ ਦੀ ਸੇਵਾ ਨਾਲ ਜੁੜੇ ਕੰਮਾਂ ਵਿਚ ਰੁੱਝੇ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਮੀਟਿੰਗਾਂ ਅਤੇ ਪ੍ਰਚਾਰ ʼਤੇ ਜਾਂਦੇ ਹਾਂ, ਤਾਂ ਸਾਡੇ ਅੰਦਰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਇੱਛਾ ਵਧਦੀ ਹੈ ਅਤੇ ਅਸੀਂ ਗ਼ਲਤ ਕੰਮ ਕਰਨ ਲਈ ਭਰਮਾਏ ਨਹੀਂ ਜਾਂਦੇ। (ਮੱਤੀ 28:19, 20; ਇਬ. 10:24, 25) ਪਰਮੇਸ਼ੁਰ ਦਾ ਬਚਨ ਪੜ੍ਹਨ ਅਤੇ ਉਸ ʼਤੇ ਮਨਨ ਕਰਨ ਨਾਲ ਚੰਗੀਆਂ ਗੱਲਾਂ ਲਈ ਸਾਡਾ ਪਿਆਰ ਵਧਦਾ ਹੈ ਅਤੇ ਅਸੀਂ ਬੁਰਾਈ ਨਾਲ ਨਫ਼ਰਤ ਕਰਨ ਲੱਗ ਪੈਂਦੇ ਹਾਂ। (ਯਹੋ. 1:8; ਜ਼ਬੂ. 1:2, 3; 119:97, 101) ਯਾਦ ਰੱਖੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਜਾਗਦੇ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ ਤਾਂਕਿ ਤੁਸੀਂ ਕਿਸੇ ਪਰੀਖਿਆ ਦੌਰਾਨ ਡਿਗ ਨਾ ਪਓ।” (ਮੱਤੀ 26:41) ਜੇ ਅਸੀਂ ਆਪਣੇ ਪਿਤਾ ਯਹੋਵਾਹ ਨੂੰ ਪ੍ਰਾਰਥਨਾ ਕਰੀਏ, ਤਾਂ ਉਹ ਖ਼ਬਰਦਾਰ ਰਹਿਣ ਵਿਚ ਸਾਡੀ ਮਦਦ ਕਰੇਗਾ ਅਤੇ ਉਸ ਨੂੰ ਖ਼ੁਸ਼ ਕਰਨ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ।​—ਯਾਕੂ. 4:8.

ਪਰਮੇਸ਼ੁਰ ਦੀ ਸੇਵਾ ਵਿਚ ਰੁੱਝੇ ਰਹਿਣ ਕਰਕੇ ਅਸੀਂ ਭਰਮਾਏ ਜਾਣ ਤੇ ਉਸ ਵਿਚ ਨਹੀਂ ਫਸਾਂਗੇ (ਪੈਰਾ 16 ਦੇਖੋ) b


ਹਮੇਸ਼ਾ ਖ਼ਬਰਦਾਰ ਰਹੋ

17. ਪਤਰਸ ਦੀ ਕਿਹੜੀ ਕਮਜ਼ੋਰੀ ਉਸ ʼਤੇ ਵਾਰ-ਵਾਰ ਹਾਵੀ ਹੋ ਜਾਂਦੀ ਸੀ?

17 ਹੋ ਸਕਦਾ ਹੈ ਕਿ ਅਸੀਂ ਆਪਣੀਆਂ ਕੁਝ ਕਮੀਆਂ-ਕਮਜ਼ੋਰੀਆਂ ʼਤੇ ਪੂਰੀ ਤਰ੍ਹਾਂ ਕਾਬੂ ਪਾ ਲਈਏ। ਪਰ ਸ਼ਾਇਦ ਕੁਝ ਕਮੀਆਂ-ਕਮਜ਼ੋਰੀਆਂ ਇੱਦਾਂ ਦੀਆਂ ਹੋਣ ਜਿਨ੍ਹਾਂ ਨਾਲ ਸਾਨੂੰ ਲੰਬੇ ਸਮੇਂ ਤਕ ਲੜਨਾ ਪਵੇ। ਜ਼ਰਾ ਪਤਰਸ ਰਸੂਲ ਬਾਰੇ ਸੋਚੋ। ਇਨਸਾਨਾਂ ਦੇ ਡਰ ਕਰਕੇ ਉਸ ਨੇ ਤਿੰਨ ਵਾਰ ਯਿਸੂ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਸੀ। (ਮੱਤੀ 26:69-75) ਪਰ ਕੁਝ ਸਮੇਂ ਬਾਅਦ ਉਸ ਨੇ ਮਹਾਸਭਾ ਸਾਮ੍ਹਣੇ ਦਲੇਰੀ ਨਾਲ ਗਵਾਹੀ ਦਿੱਤੀ। (ਰਸੂ. 5:27-29) ਇੱਦਾਂ ਲੱਗਦਾ ਹੈ ਕਿ ਉਦੋਂ ਤਕ ਉਸ ਨੇ ਆਪਣੇ ਡਰ ʼਤੇ ਕਾਬੂ ਪਾ ਲਿਆ ਸੀ। ਪਰ ਧਿਆਨ ਦਿਓ ਕਿ ਕੁਝ ਸਾਲਾਂ ਬਾਅਦ ਕੀ ਹੋਇਆ। “ਜਿਨ੍ਹਾਂ ਨੇ ਸੁੰਨਤ ਕਰਵਾਈ ਹੋਈ ਸੀ, ਉਨ੍ਹਾਂ ਤੋਂ ਡਰ ਕੇ” ਉਸ ਨੇ ਕੁਝ ਸਮੇਂ ਲਈ ਗ਼ੈਰ-ਯਹੂਦੀਆਂ ਨਾਲ ਖਾਣਾ-ਪੀਣਾ ਛੱਡ ਦਿੱਤਾ। (ਗਲਾ. 2:11, 12) ਇਕ ਵਾਰ ਫਿਰ ਇਨਸਾਨਾਂ ਦਾ ਡਰ ਪਤਰਸ ʼਤੇ ਹਾਵੀ ਹੋ ਗਿਆ। ਇੱਦਾਂ ਲੱਗਦਾ ਕਿ ਪਤਰਸ ਆਪਣੀ ਇਸ ਕਮਜ਼ੋਰੀ ʼਤੇ ਕਦੇ ਕਾਬੂ ਨਹੀਂ ਪਾ ਸਕਿਆ।

18. ਆਪਣੀਆਂ ਕੁਝ ਕਮੀਆਂ-ਕਮਜ਼ੋਰੀਆਂ ਬਾਰੇ ਸਾਨੂੰ ਕੀ ਲੱਗ ਸਕਦਾ ਹੈ?

18 ਸਾਡੇ ਨਾਲ ਵੀ ਇੱਦਾਂ ਹੋ ਸਕਦਾ ਹੈ। ਸ਼ਾਇਦ ਸਾਨੂੰ ਲੱਗੇ ਕਿ ਅਸੀਂ ਆਪਣੀ ਕਿਸੇ ਕਮਜ਼ੋਰੀ ʼਤੇ ਕਾਬੂ ਪਾ ਲਿਆ ਹੈ। ਪਰ ਹੋ ਸਕਦਾ ਹੈ ਕਿ ਉਹ ਸਾਡੇ ʼਤੇ ਦੁਬਾਰਾ ਹਾਵੀ ਹੋ ਜਾਵੇ। ਇਹ ਸਮਝਣ ਲਈ ਇਕ ਭਰਾ ਦੀ ਉਦਾਹਰਣ ʼਤੇ ਗੌਰ ਕਰੋ। ਉਹ ਕਹਿੰਦਾ ਹੈ: “ਮੈਂ ਦਸ ਸਾਲ ਪਹਿਲਾਂ ਗੰਦੀਆਂ ਤਸਵੀਰਾਂ ਅਤੇ ਵੀਡੀਓ ਦੇਖਣੀਆਂ ਛੱਡ ਦਿੱਤੀਆਂ ਸਨ। ਮੈਨੂੰ ਲੱਗਦਾ ਸੀ ਕਿ ਮੈਂ ਆਪਣੀ ਇਸ ਲਤ ʼਤੇ ਕਾਬੂ ਪਾ ਲਿਆ ਹੈ। ਪਰ ਅਸਲ ਵਿਚ ਇਹ ਲਤ ਮੇਰੇ ਅੰਦਰ ਕਿਤੇ ਲੁਕ ਕੇ ਬੈਠੀ ਹੋਈ ਸੀ ਅਤੇ ਸਮਾਂ ਆਉਣ ʼਤੇ ਉਸ ਨੇ ਮੈਨੂੰ ਦਬੋਚ ਲਿਆ।” ਖ਼ੁਸ਼ੀ ਦੀ ਗੱਲ ਹੈ ਕਿ ਇਸ ਭਰਾ ਨੇ ਹਿੰਮਤ ਨਹੀਂ ਹਾਰੀ। ਉਹ ਸਮਝ ਗਿਆ ਕਿ ਉਸ ਨੂੰ ਇਸ ਕਮਜ਼ੋਰੀ ਨਾਲ ਲੜਦੇ ਰਹਿਣ ਲਈ ਹਰ ਰੋਜ਼ ਮਿਹਨਤ ਕਰਨੀ ਪੈਣੀ। ਸ਼ਾਇਦ ਨਵੀਂ ਦੁਨੀਆਂ ਆਉਣ ਤਕ ਉਸ ਨੂੰ ਇੱਦਾਂ ਕਰਦੇ ਰਹਿਣਾ ਪੈਣਾ। ਪੋਰਨੋਗ੍ਰਾਫੀ ਤੋਂ ਦੂਰ ਰਹਿਣ ਲਈ ਇਸ ਭਰਾ ਨੇ ਹੋਰ ਵੀ ਕਈ ਕਦਮ ਚੁੱਕੇ। ਨਾਲੇ ਉਸ ਨੇ ਆਪਣੀ ਪਤਨੀ ਅਤੇ ਬਜ਼ੁਰਗਾਂ ਤੋਂ ਵੀ ਮਦਦ ਲਈ।

19. ਜੇ ਤੁਸੀਂ ਹਾਲੇ ਤਕ ਆਪਣੀ ਕਿਸੇ ਕਮਜ਼ੋਰੀ ʼਤੇ ਕਾਬੂ ਨਹੀਂ ਪਾ ਸਕੇ, ਤਾਂ ਤੁਸੀਂ ਕੀ ਕਰ ਸਕਦੇ ਹੋ?

19 ਇਹ ਸੱਚ ਹੈ ਕਿ ਕੁਝ ਕਮੀਆਂ-ਕਮਜ਼ੋਰੀਆਂ ʼਤੇ ਕਾਬੂ ਕਰਨਾ ਬਹੁਤ ਔਖਾ ਹੁੰਦਾ ਹੈ। ਪਰ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਸੀਂ ਪਾਪ ਨਾ ਕਰ ਬੈਠੋ? ਯਿਸੂ ਦੀ ਸਲਾਹ ਮੰਨੋ: “ਜਾਗਦੇ ਰਹੋ।” ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮਜ਼ਬੂਤੀ ਨਾਲ ਖੜ੍ਹੇ ਹੋ, ਉਦੋਂ ਵੀ ਉਨ੍ਹਾਂ ਕੰਮਾਂ ਅਤੇ ਹਾਲਾਤਾਂ ਤੋਂ ਦੂਰ ਰਹੋ ਜਿਨ੍ਹਾਂ ਵਿਚ ਤੁਹਾਡੀ ਕਮਜ਼ੋਰੀ ਤੁਹਾਡੇ ʼਤੇ ਹਾਵੀ ਹੋ ਸਕਦੀ ਹੈ। (1 ਕੁਰਿੰ. 10:12) ਯਾਦ ਕਰੋ ਕਿ ਤੁਸੀਂ ਆਪਣੀ ਕਮਜ਼ੋਰੀ ਨਾਲ ਲੜਨ ਲਈ ਪਹਿਲਾਂ ਕੀ ਕੀਤਾ ਸੀ। ਫਿਰ ਉਹੀ ਕਰੋ। ਬਾਈਬਲ ਵਿਚ ਲਿਖਿਆ ਹੈ: “ਖ਼ੁਸ਼ ਹੈ ਉਹ ਇਨਸਾਨ ਜੋ ਹਮੇਸ਼ਾ ਚੁਕੰਨਾ ਰਹਿੰਦਾ ਹੈ।”​—ਕਹਾ. 28:14; 2 ਪਤ. 3:14.

ਖ਼ਬਰਦਾਰ ਰਹਿਣ ਕਰਕੇ ਮਿਲਦੀਆਂ ਬਰਕਤਾਂ

20-21. (ੳ) ਖ਼ਬਰਦਾਰ ਰਹਿਣ ਕਰਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ? (ਅ) ਜੇ ਅਸੀਂ ਆਪਣੇ ਵੱਲੋਂ ਪੂਰੀ ਮਿਹਨਤ ਕਰੀਏ, ਤਾਂ ਯਹੋਵਾਹ ਸਾਡੇ ਲਈ ਕੀ ਕਰੇਗਾ? (2 ਕੁਰਿੰਥੀਆਂ 4:7)

20 ਖ਼ਬਰਦਾਰ ਰਹਿਣ ਵਿਚ ਮਿਹਨਤ ਤਾਂ ਜ਼ਰੂਰ ਲੱਗਦੀ ਹੈ, ਪਰ ਸਾਡੀ ਮਿਹਨਤ ਕਦੇ ਵੀ ਬੇਕਾਰ ਨਹੀਂ ਜਾਵੇਗੀ। ਹੋ ਸਕਦਾ ਹੈ ਕਿ ਪਾਪ ਕਰਨ ਕਰਕੇ ਸਾਨੂੰ ‘ਥੋੜ੍ਹੇ ਚਿਰ ਲਈ ਮਜ਼ਾ’ ਮਿਲੇ। ਪਰ ਯਹੋਵਾਹ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਣ ਕਰਕੇ ਸਾਨੂੰ ਹਮੇਸ਼ਾ ਖ਼ੁਸ਼ੀ ਮਿਲੇਗੀ। (ਇਬ. 11:25; ਜ਼ਬੂ. 19:8) ਸਾਨੂੰ ਇਨਸਾਨਾਂ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਅਸੀਂ ਯਹੋਵਾਹ ਦਾ ਕਹਿਣਾ ਮੰਨ ਕੇ ਖ਼ੁਸ਼ ਰਹਿ ਸਕਦੇ ਹਾਂ। (ਉਤ. 1:27) ਜਦੋਂ ਅਸੀਂ ਉਸ ਦਾ ਕਹਿਣਾ ਮੰਨਦੇ ਹਾਂ, ਤਾਂ ਸਾਡੀ ਜ਼ਮੀਰ ਸ਼ੁੱਧ ਰਹਿੰਦੀ ਹੈ। ਨਾਲੇ ਆਉਣ ਵਾਲੇ ਸਮੇਂ ਵਿਚ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਹੈ।​—1 ਤਿਮੋ. 6:12; 2 ਤਿਮੋ. 1:3; ਯਹੂ. 20, 21.

21 ਇਹ ਸੱਚ ਹੈ ਕਿ ਸਾਡਾ “ਸਰੀਰ ਕਮਜ਼ੋਰ ਹੈ।” ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਬੇਬੱਸ ਹਾਂ ਅਤੇ ਅਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ʼਤੇ ਕਾਬੂ ਨਹੀਂ ਪਾ ਸਕਦੇ। ਯਹੋਵਾਹ ਸਾਡੇ ਨਾਲ ਹੈ ਅਤੇ ਉਹ ਸਾਡੀਆਂ ਕਮੀਆਂ-ਕਮਜ਼ੋਰੀਆਂ ʼਤੇ ਕਾਬੂ ਪਾਉਣ ਲਈ ਸਾਨੂੰ ਤਾਕਤ ਦੇ ਸਕਦਾ ਹੈ। (2 ਕੁਰਿੰਥੀਆਂ 4:7 ਪੜ੍ਹੋ।) ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਜੋ ਤਾਕਤ ਦਿੰਦਾ ਹੈ, ਉਹ ਇਨਸਾਨਾਂ ਦੀ ਤਾਕਤ ਨਾਲੋਂ ਕਿਤੇ ਵਧ ਕੇ ਹੈ। ਪਰ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨ ਲਈ ਸਾਨੂੰ ਆਪਣੀ ਤਾਕਤ ਵੀ ਲਾਉਣੀ ਪੈਣੀ। ਸਾਨੂੰ ਹਰ ਰੋਜ਼ ਮਿਹਨਤ ਕਰਨ ਦੀ ਲੋੜ ਹੈ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ ਅਤੇ ਲੋੜ ਪੈਣ ʼਤੇ ਸਾਨੂੰ ਤਾਕਤ ਨਾਲ ਭਰ ਦੇਵੇਗਾ। (1 ਕੁਰਿੰ. 10:13) ਜੀ ਹਾਂ, ਯਹੋਵਾਹ ਦੀ ਮਦਦ ਨਾਲ ਅਸੀਂ ਖ਼ਬਰਦਾਰ ਰਹਿ ਸਕਦੇ ਹਾਂ ਅਤੇ ਪਾਪ ਕਰਨ ਤੋਂ ਦੂਰ ਰਹਿ ਸਕਦੇ ਹਾਂ।

ਗੀਤ 47 ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰੋ

b ਤਸਵੀਰ ਬਾਰੇ ਜਾਣਕਾਰੀ​: ਇਕ ਭਰਾ ਸਵੇਰੇ-ਸਵੇਰੇ ਦਿਨ ਦਾ ਹਵਾਲਾ ਪੜ੍ਹ ਰਿਹਾ ਹੈ, ਦੁਪਹਿਰ ਦੇ ਖਾਣੇ ਵੇਲੇ ਬਾਈਬਲ ਪੜ੍ਹ ਰਿਹਾ ਹੈ ਅਤੇ ਸ਼ਾਮ ਨੂੰ ਹਫ਼ਤੇ ਦੌਰਾਨ ਹੋਣ ਵਾਲੀ ਮੀਟਿੰਗ ਵਿਚ ਹਾਜ਼ਰ ਹੈ।