Skip to content

Skip to table of contents

ਅਧਿਐਨ ਲੇਖ 27

ਗੀਤ 73 ਮੈਨੂੰ ਦਲੇਰੀ ਦੇ

ਸਾਦੋਕ ਵਾਂਗ ਦਲੇਰ ਬਣੋ

ਸਾਦੋਕ ਵਾਂਗ ਦਲੇਰ ਬਣੋ

‘ਸਾਦੋਕ ਤਾਕਤਵਰ ਅਤੇ ਦਲੇਰ ਨੌਜਵਾਨ ਸੀ।’​—1 ਇਤਿ. 12:28.

ਕੀ ਸਿੱਖਾਂਗੇ?

ਸਾਦੋਕ ਦੀ ਮਿਸਾਲ ਦਲੇਰ ਬਣਨ ਵਿਚ ਸਾਡੀ ਕਿੱਦਾਂ ਮਦਦ ਕਰ ਸਕਦੀ ਹੈ।

1-2. ਸਾਦੋਕ ਕੌਣ ਸੀ? (1 ਇਤਿਹਾਸ 12:22, 26-28)

 ਹਬਰੋਨ ਵਿਚ 3,40,000 ਤੋਂ ਜ਼ਿਆਦਾ ਲੋਕ ਇਕੱਠੇ ਹੋਏ ਹਨ। ਉਹ ਦਾਊਦ ਨੂੰ ਇਜ਼ਰਾਈਲ ਦਾ ਰਾਜਾ ਬਣਾਉਣਾ ਚਾਹੁੰਦੇ ਹਨ। ਪਿਛਲੇ ਤਿੰਨ ਦਿਨਾਂ ਤੋਂ ਉਹ ਖ਼ੁਸ਼ੀਆਂ ਮਨਾ ਰਹੇ ਹਨ, ਇਕ-ਦੂਜੇ ਨਾਲ ਗੱਲਾਂ ਕਰ ਰਹੇ ਹਨ ਅਤੇ ਯਹੋਵਾਹ ਦੀ ਮਹਿਮਾ ਵਿਚ ਗੀਤ ਗਾ ਰਹੇ ਹਨ। (1 ਇਤਿ. 12:39) ਉਸ ਭੀੜ ਵਿਚ ਸਾਦੋਕ ਨਾਂ ਦਾ ਇਕ ਨੌਜਵਾਨ ਵੀ ਹੈ। ਇੰਨੇ ਸਾਰੇ ਲੋਕਾਂ ਵਿਚ ਸ਼ਾਇਦ ਹੀ ਕਿਸੇ ਨੇ ਉਸ ʼਤੇ ਧਿਆਨ ਦਿੱਤਾ ਹੋਵੇ। ਪਰ ਯਹੋਵਾਹ ਨੇ ਉਸ ʼਤੇ ਧਿਆਨ ਦਿੱਤਾ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਵੀ ਉਸ ʼਤੇ ਧਿਆਨ ਦੇਈਏ ਅਤੇ ਉਸ ਤੋਂ ਸਿੱਖੀਏ। (1 ਇਤਿਹਾਸ 12:22, 26-28 ਪੜ੍ਹੋ।) ਪਰ ਸਾਦੋਕ ਕੌਣ ਸੀ?

2 ਸਾਦੋਕ ਇਕ ਪੁਜਾਰੀ ਸੀ। ਉਹ ਮਹਾਂ ਪੁਜਾਰੀ ਅਬਯਾਥਾਰ ਨਾਲ ਮਿਲ ਕੇ ਸੇਵਾ ਕਰਦਾ ਸੀ। ਸਾਦੋਕ ਇਕ ਦਰਸ਼ੀ ਵੀ ਸੀ। ਇਸ ਦਾ ਮਤਲਬ ਹੈ ਕਿ ਯਹੋਵਾਹ ਨੇ ਆਪਣੀ ਮਰਜ਼ੀ ਜਾਣਨ ਲਈ ਉਸ ਨੂੰ ਬੁੱਧ ਅਤੇ ਕਾਬਲੀਅਤ ਦਿੱਤੀ ਸੀ। (2 ਸਮੂ. 15:27) ਲੋਕ ਜ਼ਰੂਰੀ ਮਾਮਲਿਆਂ ਬਾਰੇ ਸਲਾਹ ਲੈਣ ਲਈ ਸਾਦੋਕ ਕੋਲ ਆਉਂਦੇ ਸਨ। ਸਾਦੋਕ ਦਲੇਰ ਵੀ ਸੀ। ਇਸ ਲੇਖ ਵਿਚ ਅਸੀਂ ਇਸ ਗੁਣ ਬਾਰੇ ਚਰਚਾ ਕਰਾਂਗੇ।

3. (ੳ) ਯਹੋਵਾਹ ਦੇ ਸੇਵਕਾਂ ਨੂੰ ਦਲੇਰ ਬਣਨ ਦੀ ਕਿਉਂ ਲੋੜ ਹੈ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

3 ਅੱਜ ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਸ਼ੈਤਾਨ ਸਾਡੀ ਨਿਹਚਾ ਤੋੜਨ ਲਈ ਪੂਰਾ ਜ਼ੋਰ ਲਾ ਰਿਹਾ ਹੈ। (1 ਪਤ. 5:8) ਇਸ ਲਈ ਸਾਨੂੰ ਦਲੇਰ ਬਣਨ ਦੀ ਲੋੜ ਹੈ ਤਾਂਕਿ ਅਸੀਂ ਧੀਰਜ ਨਾਲ ਉਸ ਸਮੇਂ ਦੀ ਉਡੀਕ ਕਰ ਸਕੀਏ ਜਦੋਂ ਯਹੋਵਾਹ ਸ਼ੈਤਾਨ ਅਤੇ ਉਸ ਦੀ ਦੁਸ਼ਟ ਦੁਨੀਆਂ ਨੂੰ ਖ਼ਤਮ ਕਰ ਦੇਵੇਗਾ। (ਜ਼ਬੂ. 31:24) ਹੁਣ ਆਓ ਆਪਾਂ ਤਿੰਨ ਤਰੀਕਿਆਂ ʼਤੇ ਗੌਰ ਕਰੀਏ ਕਿ ਅਸੀਂ ਕਿਵੇਂ ਸਾਦੋਕ ਵਾਂਗ ਦਲੇਰ ਬਣ ਸਕਦੇ ਹਾਂ।

ਪਰਮੇਸ਼ੁਰ ਦੇ ਰਾਜ ਦਾ ਸਾਥ ਦਿਓ

4. ਯਹੋਵਾਹ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਸਾਥ ਦੇਣ ਲਈ ਦਲੇਰੀ ਦੀ ਕਿਉਂ ਲੋੜ ਹੈ? (ਤਸਵੀਰ ਵੀ ਦੇਖੋ।)

4 ਅਸੀਂ ਪੂਰੇ ਦਿਲੋਂ ਉਸ ਦੇ ਰਾਜ ਦਾ ਸਾਥ ਦਿੰਦੇ ਹਾਂ। ਪਰ ਇੱਦਾਂ ਕਰਨ ਲਈ ਸਾਨੂੰ ਅਕਸਰ ਦਲੇਰੀ ਦੀ ਲੋੜ ਪੈਂਦੀ ਹੈ। (ਮੱਤੀ 6:33) ਉਦਾਹਰਣ ਲਈ, ਇਸ ਦੁਸ਼ਟ ਦੁਨੀਆਂ ਵਿਚ ਯਹੋਵਾਹ ਦੇ ਮਿਆਰਾਂ ਮੁਤਾਬਕ ਜੀਉਣ ਅਤੇ ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਸਾਨੂੰ ਦਲੇਰੀ ਦੀ ਲੋੜ ਪੈਂਦੀ ਹੈ। (1 ਥੱਸ. 2:2) ਅੱਜ ਰਾਜਨੀਤਿਕ ਮਾਮਲਿਆਂ ਨੂੰ ਲੈ ਕੇ ਲੋਕਾਂ ਵਿਚ ਫੁੱਟ ਪੈਂਦੀ ਜਾ ਰਹੀ ਹੈ। ਇਸ ਕਰਕੇ ਨਿਰਪੱਖ ਰਹਿਣ ਲਈ ਸਾਨੂੰ ਦਲੇਰੀ ਦੀ ਲੋੜ ਹੈ। (ਯੂਹੰ. 18:36) ਇਸ ਤੋਂ ਇਲਾਵਾ, ਰਾਜਨੀਤੀ ਵਿਚ ਹਿੱਸਾ ਨਾ ਲੈਣ ਕਰਕੇ ਜਾਂ ਫ਼ੌਜ ਵਿਚ ਭਰਤੀ ਨਾ ਹੋਣ ਕਰਕੇ ਸਾਡੇ ਕਈ ਭੈਣਾਂ-ਭਰਾਵਾਂ ਨੂੰ ਪੈਸੇ ਦੀ ਤੰਗੀ ਝੱਲਣੀ ਪਈ ਹੈ, ਉਨ੍ਹਾਂ ਨੂੰ ਮਾਰਿਆ-ਕੁੱਟਿਆ ਗਿਆ ਹੈ ਜਾਂ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਹੈ।

ਜੇ ਦੂਜੇ ਜਣੇ ਰਾਜਨੀਤਿਕ ਪਾਰਟੀਆਂ ਦਾ ਪੱਖ ਲੈਣ, ਤਾਂ ਤੁਸੀਂ ਕੀ ਕਰੋਗੇ? (ਪੈਰਾ 4 ਦੇਖੋ)


5. ਦਾਊਦ ਦਾ ਸਾਥ ਦੇਣ ਲਈ ਸਾਦੋਕ ਨੂੰ ਦਲੇਰੀ ਦੀ ਲੋੜ ਕਿਉਂ ਪਈ ਹੋਣੀ?

5 ਸਾਦੋਕ ਹਬਰੋਨ ਵਿਚ ਸਿਰਫ਼ ਖ਼ੁਸ਼ੀਆਂ ਮਨਾਉਣ ਹੀ ਨਹੀਂ, ਸਗੋਂ ਉਹ ਆਪਣੇ ਨਾਲ ਹਥਿਆਰ ਲੈ ਕੇ ਵੀ ਗਿਆ ਸੀ। ਨਾਲੇ ਉਹ ਯੁੱਧ ਲਈ ਬਿਲਕੁਲ ਤਿਆਰ ਸੀ। (1 ਇਤਿ. 12:38) ਉਹ ਦਾਊਦ ਨਾਲ ਯੁੱਧ ਵਿਚ ਜਾਣ ਅਤੇ ਇਜ਼ਰਾਈਲੀਆਂ ਨੂੰ ਆਪਣੇ ਦੁਸ਼ਮਣਾਂ ਤੋਂ ਬਚਾਉਣ ਲਈ ਕੁਝ ਵੀ ਕਰਨ ਲਈ ਤਿਆਰ ਸੀ। ਉਹ ਨੌਜਵਾਨ ਸੀ ਅਤੇ ਉਸ ਨੂੰ ਯੁੱਧ ਲੜਨ ਦਾ ਬੱਸ ਥੋੜ੍ਹਾ-ਬਹੁਤਾ ਹੀ ਤਜਰਬਾ ਸੀ। ਫਿਰ ਵੀ ਉਹ ਲੜਨ ਲਈ ਤਿਆਰ ਸੀ। ਇੱਦਾਂ ਕਰਨ ਲਈ ਉਸ ਨੂੰ ਦਲੇਰੀ ਦੀ ਲੋੜ ਪਈ ਹੋਣੀ।

6. ਦਲੇਰੀ ਦੇ ਮਾਮਲੇ ਵਿਚ ਸਾਦੋਕ ਨੇ ਦਾਊਦ ਤੋਂ ਕੀ ਸਿੱਖਿਆ ਹੋਣਾ? (ਜ਼ਬੂਰ 138:3)

6 ਸਾਦੋਕ ਪੁਜਾਰੀ ਇੰਨਾ ਦਲੇਰ ਕਿਵੇਂ ਬਣਿਆ? ਉਹ ਅਜਿਹੇ ਕਈ ਆਦਮੀਆਂ ਨੂੰ ਜਾਣਦਾ ਸੀ ਜੋ ਤਕੜੇ ਅਤੇ ਦਲੇਰ ਸਨ। ਬਿਨਾਂ ਸ਼ੱਕ, ਉਸ ਨੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੋਣਾ। ਉਨ੍ਹਾਂ ਵਿੱਚੋਂ ਇਕ ਸੀ, ਦਾਊਦ। ਉਹ ਬਹੁਤ ਦਲੇਰ ਸੀ ਅਤੇ “ਯੁੱਧਾਂ ਵਿਚ ਇਜ਼ਰਾਈਲ ਦੀ ਅਗਵਾਈ ਕਰਦਾ ਸੀ।” ਇਸ ਕਰਕੇ ਸਾਰੇ ਲੋਕ ਉਸ ਦਾ ਸਾਥ ਦਿੰਦੇ ਸਨ। (1 ਇਤਿ. 11:1, 2) ਆਪਣੇ ਦੁਸ਼ਮਣਾਂ ਨਾਲ ਲੜਨ ਲਈ ਦਾਊਦ ਨੇ ਹਮੇਸ਼ਾ ਯਹੋਵਾਹ ʼਤੇ ਭਰੋਸਾ ਰੱਖਿਆ। (ਜ਼ਬੂ. 28:7; ਜ਼ਬੂਰ 138:3 ਪੜ੍ਹੋ।) ਦਾਊਦ ਤੋਂ ਇਲਾਵਾ ਸਾਦੋਕ ਨੇ ਕੁਝ ਹੋਰ ਲੋਕਾਂ ਤੋਂ ਵੀ ਦਲੇਰ ਬਣਨਾ ਸਿੱਖਿਆ ਹੋਣਾ। ਜਿਵੇਂ, ਯਹੋਯਾਦਾ ਤੇ ਉਸ ਦੇ ਯੋਧੇ ਪੁੱਤਰ ਬਨਾਯਾਹ ਅਤੇ ਇਜ਼ਰਾਈਲ ਦੇ ਘਰਾਣੇ ਦੇ 22 ਮੁਖੀਆਂ ਤੋਂ। (1 ਇਤਿ. 11:22-25; 12:26-28) ਇਹ ਸਾਰੇ ਜਣੇ ਦਾਊਦ ਦੇ ਵਫ਼ਾਦਾਰ ਸਨ। ਉਹ ਉਸ ਨੂੰ ਰਾਜਾ ਬਣਾਉਣਾ ਚਾਹੁੰਦੇ ਸਨ ਅਤੇ ਹਰ ਕੀਮਤ ʼਤੇ ਉਸ ਦਾ ਸਾਥ ਦੇਣਾ ਚਾਹੁੰਦੇ ਸਨ।

7. (ੳ) ਦਲੇਰੀ ਦਿਖਾਉਣ ਵਾਲੇ ਭਰਾਵਾਂ ਤੋਂ ਤੁਸੀਂ ਕੀ ਸਿੱਖ ਸਕਦੇ ਹੋ? (ਅ) ਵੀਡੀਓ ਵਿਚ ਦਿਖਾਏ ਭਰਾ ਨਸੀਲੂ ਤੋਂ ਤੁਸੀਂ ਕੀ ਸਿੱਖਿਆ?

7 ਦਲੇਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਸਾਥ ਦੇਣ ਵਾਲਿਆਂ ਦੀਆਂ ਕਈ ਮਿਸਾਲਾਂ ਹਨ। ਉਨ੍ਹਾਂ ਦੀ ਮਿਸਾਲ ʼਤੇ ਧਿਆਨ ਦੇ ਕੇ ਅਸੀਂ ਵੀ ਤਕੜੇ ਅਤੇ ਦਲੇਰ ਬਣ ਸਕਦੇ ਹਾਂ। ਇਨ੍ਹਾਂ ਵਿੱਚੋਂ ਇਕ ਮਿਸਾਲ ਸਾਡੇ ਰਾਜੇ ਯਿਸੂ ਮਸੀਹ ਦੀ ਹੈ। ਧਰਤੀ ʼਤੇ ਹੁੰਦਿਆਂ ਉਸ ਨੇ ਦੁਨੀਆਂ ਦੀ ਰਾਜਨੀਤੀ ਵਿਚ ਹਿੱਸਾ ਲੈਣ ਤੋਂ ਸਾਫ਼ ਇਨਕਾਰ ਕੀਤਾ ਸੀ। (ਮੱਤੀ 4:8-11; ਯੂਹੰ. 6:14, 15) ਉਸ ਨੇ ਯਹੋਵਾਹ ʼਤੇ ਭਰੋਸਾ ਰੱਖਿਆ ਜਿਸ ਕਰਕੇ ਉਹ ਦਲੇਰ ਬਣ ਸਕਿਆ। ਅੱਜ ਵੀ ਕਈ ਨੌਜਵਾਨ ਭਰਾਵਾਂ ਨੇ ਇੱਦਾਂ ਹੀ ਕੀਤਾ ਹੈ। ਉਨ੍ਹਾਂ ਨੇ ਫ਼ੌਜ ਵਿਚ ਭਰਤੀ ਹੋਣ ਜਾਂ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਲੈਣ ਤੋਂ ਸਾਫ਼ ਇਨਕਾਰ ਕੀਤਾ ਹੈ। ਇਨ੍ਹਾਂ ਵਿੱਚੋਂ ਕਈ ਭਰਾਵਾਂ ਦੇ ਤਜਰਬੇ jw.org ʼਤੇ ਦਿੱਤੇ ਗਏ ਹਨ। ਕਿਉਂ ਨਾ ਸਮਾਂ ਕੱਢ ਕੇ ਇਨ੍ਹਾਂ ਨੂੰ ਪੜ੍ਹੋ। a ਇੱਦਾਂ ਕਰ ਕੇ ਤੁਸੀਂ ਵੀ ਦਲੇਰ ਬਣ ਸਕੋਗੇ।

ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰੋ

8. ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਬਜ਼ੁਰਗਾਂ ਨੂੰ ਕਦੋਂ ਦਲੇਰੀ ਦਿਖਾਉਣ ਦੀ ਲੋੜ ਪੈ ਸਕਦੀ ਹੈ?

8 ਯਹੋਵਾਹ ਦੇ ਲੋਕਾਂ ਨੂੰ ਇਕ-ਦੂਜੇ ਦੀ ਮਦਦ ਕਰਨੀ ਬਹੁਤ ਵਧੀਆ ਲੱਗਦੀ ਹੈ। (2 ਕੁਰਿੰ. 8:4) ਪਰ ਕਦੀ-ਕਦਾਈਂ ਇੱਦਾਂ ਕਰਨ ਲਈ ਦਲੇਰੀ ਦੀ ਲੋੜ ਹੁੰਦੀ ਹੈ। ਉਦਾਹਰਣ ਲਈ, ਜਦੋਂ ਯੁੱਧ ਹੁੰਦਾ ਹੈ, ਤਾਂ ਬਜ਼ੁਰਗ ਆਪਣੇ ਭੈਣਾਂ-ਭਰਾਵਾਂ ਲਈ ਬਹੁਤ ਕੁਝ ਕਰਦੇ ਹਨ। ਉਹ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਲੋੜਾਂ ਦਾ ਖ਼ਿਆਲ ਰੱਖਦੇ ਹਨ ਅਤੇ ਦੇਖਦੇ ਹਨ ਕਿ ਉਨ੍ਹਾਂ ਕੋਲ ਰਹਿਣ ਲਈ ਜਗ੍ਹਾ ਹੈ ਜਾਂ ਨਹੀਂ। ਨਾਲੇ ਉਹ ਧਿਆਨ ਰੱਖਦੇ ਹਨ ਕਿ ਭੈਣਾਂ-ਭਰਾਵਾਂ ਕੋਲ ਬਾਈਬਲ ਅਤੇ ਹੋਰ ਪ੍ਰਕਾਸ਼ਨ ਹੋਣ। ਉਹ ਉਨ੍ਹਾਂ ਦਾ ਹੌਸਲਾ ਵੀ ਵਧਾਉਂਦੇ ਹਨ। ਬਜ਼ੁਰਗ ਸਾਰੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦੇ ਹਨ। ਇਸ ਕਰਕੇ ਉਨ੍ਹਾਂ ਦੀ ਮਦਦ ਕਰਨ ਲਈ ਉਹ ਆਪਣੀ ਜਾਨ ਖ਼ਤਰੇ ਵਿਚ ਪਾਉਂਦੇ ਹਨ। (ਯੂਹੰ. 15:12, 13) ਇੱਦਾਂ ਕਰ ਕੇ ਉਹ ਸਾਦੋਕ ਵਾਂਗ ਦਲੇਰੀ ਦਿਖਾਉਂਦੇ ਹਨ।

9. ਦੂਜਾ ਸਮੂਏਲ 15:27-29 ਵਿਚ ਦਾਊਦ ਨੇ ਸਾਦੋਕ ਨੂੰ ਕੀ ਕਰਨ ਲਈ ਕਿਹਾ? (ਤਸਵੀਰ ਵੀ ਦੇਖੋ।)

9 ਸਾਦੋਕ ਨੇ ਵੀ ਮੁਸ਼ਕਲ ਹਾਲਾਤਾਂ ਵਿਚ ਦੂਜਿਆਂ ਦੀ ਮਦਦ ਕੀਤੀ ਸੀ। ਇਕ ਵਾਰ ਦਾਊਦ ਦੀ ਜਾਨ ਖ਼ਤਰੇ ਵਿਚ ਸੀ। ਉਸ ਦਾ ਪੁੱਤਰ ਅਬਸ਼ਾਲੋਮ ਉਸ ਦੀ ਰਾਜ-ਗੱਦੀ ਹਥਿਆਉਣਾ ਚਾਹੁੰਦਾ ਸੀ। (2 ਸਮੂ. 15:12, 13) ਇਸ ਕਰਕੇ ਦਾਊਦ ਨੂੰ ਤੁਰੰਤ ਯਰੂਸ਼ਲਮ ਛੱਡ ਕੇ ਭੱਜਣਾ ਪਿਆ। ਉਸ ਨੇ ਆਪਣੇ ਸੇਵਕਾਂ ਨੂੰ ਬੁਲਾਇਆ ਅਤੇ ਕਿਹਾ: “ਉੱਠੋ, ਚਲੋ ਆਪਾਂ ਭੱਜ ਚੱਲੀਏ, ਨਹੀਂ ਤਾਂ ਸਾਡੇ ਵਿੱਚੋਂ ਕੋਈ ਵੀ ਅਬਸ਼ਾਲੋਮ ਦੇ ਹੱਥੋਂ ਨਹੀਂ ਬਚ ਸਕੇਗਾ!” (2 ਸਮੂ. 15:14) ਜਦੋਂ ਉਹ ਯਰੂਸ਼ਲਮ ਛੱਡ ਕੇ ਜਾ ਰਹੇ ਸਨ, ਤਾਂ ਦਾਊਦ ਨੇ ਸੋਚਿਆ ਕਿ ਕਿਸੇ ਨੂੰ ਤਾਂ ਯਰੂਸ਼ਲਮ ਵਿਚ ਰਹਿਣਾ ਪੈਣਾ ਤਾਂਕਿ ਉਹ ਅਬਸ਼ਾਲੋਮ ਦੇ ਹਰ ਕਦਮ ਦੀ ਖ਼ਬਰ ਉਨ੍ਹਾਂ ਨੂੰ ਭੇਜਦਾ ਰਹੇ। ਇਸ ਲਈ ਉਸ ਨੇ ਜਾਸੂਸੀ ਕਰਨ ਲਈ ਸਾਦੋਕ ਅਤੇ ਕੁਝ ਹੋਰ ਪੁਜਾਰੀਆਂ ਨੂੰ ਯਰੂਸ਼ਲਮ ਵਾਪਸ ਜਾਣ ਲਈ ਕਿਹਾ। (2 ਸਮੂਏਲ 15:27-29 ਪੜ੍ਹੋ।) ਪਰ ਉਨ੍ਹਾਂ ਨੇ ਖ਼ਬਰਦਾਰ ਰਹਿਣਾ ਸੀ ਕਿਉਂਕਿ ਇਹ ਕੰਮ ਖ਼ਤਰੇ ਤੋਂ ਖਾਲੀ ਨਹੀਂ ਸੀ। ਅਬਸ਼ਾਲੋਮ ਬਹੁਤ ਸੁਆਰਥੀ ਸੀ ਅਤੇ ਆਪਣਾ ਸੁਆਰਥ ਪੂਰਾ ਕਰਨ ਲਈ ਉਹ ਕਿਸੇ ਵੀ ਹੱਦ ਤਕ ਜਾ ਸਕਦਾ ਸੀ। ਉਸ ਧੋਖੇਬਾਜ਼ ਨੇ ਤਾਂ ਆਪਣੇ ਪਿਤਾ ਨੂੰ ਹੀ ਨਹੀਂ ਛੱਡਿਆ। ਫਿਰ ਜ਼ਰਾ ਸੋਚੋ, ਜੇ ਉਸ ਨੂੰ ਪਤਾ ਲੱਗ ਜਾਂਦਾ ਕਿ ਸਾਦੋਕ ਤੇ ਹੋਰ ਪੁਜਾਰੀ ਦਾਊਦ ਲਈ ਉਸ ਦੀ ਜਾਸੂਸੀ ਕਰ ਰਹੇ ਸਨ, ਤਾਂ ਉਸ ਨੇ ਉਨ੍ਹਾਂ ਦਾ ਕਿੰਨਾ ਬੁਰਾ ਹਾਲ ਕਰਨਾ ਸੀ!

ਦਾਊਦ ਨੇ ਸਾਦੋਕ ਨੂੰ ਇਕ ਅਜਿਹਾ ਕੰਮ ਦਿੱਤਾ ਜਿਸ ਵਿਚ ਖ਼ਤਰਾ ਸੀ (ਪੈਰਾ 9 ਦੇਖੋ)


10. ਸਾਦੋਕ ਅਤੇ ਉਸ ਦੇ ਸਾਥੀਆਂ ਨੇ ਦਾਊਦ ਦੀ ਜਾਨ ਬਚਾਉਣ ਲਈ ਕੀ ਕੀਤਾ?

10 ਦਾਊਦ ਨੇ ਇਕ ਯੋਜਨਾ ਬਣਾਈ ਅਤੇ ਉਸ ਨੂੰ ਅੰਜਾਮ ਦੇਣ ਲਈ ਉਸ ਨੇ ਸਾਦੋਕ ਅਤੇ ਆਪਣੇ ਵਫ਼ਾਦਾਰ ਦੋਸਤ ਹੂਸ਼ਈ ਦੀ ਮਦਦ ਲਈ। (2 ਸਮੂ. 15:32-37) ਉਸ ਨੇ ਹੂਸ਼ਈ ਨੂੰ ਕਿਹਾ ਕਿ ਉਹ ਅਬਸ਼ਾਲੋਮ ਦਾ ਭਰੋਸਾ ਜਿੱਤੇ ਅਤੇ ਦਾਊਦ ʼਤੇ ਹਮਲਾ ਕਰਨ ਲਈ ਉਸ ਨੂੰ ਅਜਿਹੀ ਕੋਈ ਸਲਾਹ ਦੇਵੇ ਜਿਸ ਨੂੰ ਪੂਰਾ ਕਰਨ ਵਿਚ ਸਮਾਂ ਲੱਗੇ। ਇਸ ਤਰ੍ਹਾਂ ਦਾਊਦ ਨੂੰ ਯੁੱਧ ਦੀ ਤਿਆਰੀ ਕਰਨ ਲਈ ਸਮਾਂ ਮਿਲ ਜਾਣਾ ਸੀ। ਉਸ ਨੇ ਹੂਸ਼ਈ ਨੂੰ ਇਹ ਵੀ ਕਿਹਾ ਕਿ ਮਹਿਲ ਵਿਚ ਉਸ ਨੂੰ ਜੋ ਵੀ ਖ਼ਬਰ ਮਿਲੇ, ਉਹ ਉਸ ਨੂੰ ਸਾਦੋਕ ਤੇ ਅਬਯਾਥਾਰ ਤਕ ਪਹੁੰਚਾਵੇ। (2 ਸਮੂ. 17:8-16) ਇਨ੍ਹਾਂ ਆਦਮੀਆਂ ਨੇ ਉਹੀ ਕੀਤਾ ਜਿਵੇਂ ਦਾਊਦ ਨੇ ਕਿਹਾ ਸੀ। (2 ਸਮੂ. 17:17) ਯਹੋਵਾਹ ਦੀ ਮਦਦ ਨਾਲ ਸਾਦੋਕ ਅਤੇ ਉਸ ਦੇ ਨਾਲ ਦੇ ਪੁਜਾਰੀ ਦਾਊਦ ਦੀ ਜਾਨ ਬਚਾ ਸਕੇ।​—2 ਸਮੂ. 17:21, 22.

11. ਭੈਣਾਂ-ਭਰਾਵਾਂ ਦੀ ਮਦਦ ਕਰਦਿਆਂ ਅਸੀਂ ਸਾਦੋਕ ਵਾਂਗ ਦਲੇਰੀ ਕਿਵੇਂ ਦਿਖਾ ਸਕਦੇ ਹਾਂ?

11 ਜੇ ਕਿਸੇ ਖ਼ਤਰਨਾਕ ਹਾਲਾਤ ਵਿਚ ਸਾਨੂੰ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨੀ ਪਵੇ, ਤਾਂ ਅਸੀਂ ਸਾਦੋਕ ਵਾਂਗ ਦਲੇਰੀ ਕਿਵੇਂ ਦਿਖਾ ਸਕਦੇ ਹਾਂ? (1) ਹਿਦਾਇਤਾਂ ਮੰਨੋ। ਅਜਿਹੇ ਹਾਲਾਤ ਵਿਚ ਏਕਤਾ ਬਣਾਈ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਲਈ ਬ੍ਰਾਂਚ ਆਫ਼ਿਸ ਤੋਂ ਮਿਲਦੀ ਹਰ ਹਿਦਾਇਤ ਮੰਨੋ। (ਇਬ. 13:17) ਬਿਪਤਾ ਜਾਂ ਆਫ਼ਤ ਆਉਣ ਤੇ ਕੀ ਕੀਤਾ ਜਾਣਾ ਚਾਹੀਦਾ, ਇਸ ਬਾਰੇ ਹਰੇਕ ਮੰਡਲੀ ਵਿਚ ਕੁਝ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਸੰਗਠਨ ਵੀ ਕੁਝ ਹਿਦਾਇਤਾਂ ਦਿੰਦਾ ਹੈ। ਬਜ਼ੁਰਗਾਂ ਨੂੰ ਸਮੇਂ-ਸਮੇਂ ਤੇ ਇਨ੍ਹਾਂ ਪ੍ਰਬੰਧਾਂ ਅਤੇ ਹਿਦਾਇਤਾਂ ʼਤੇ ਗੌਰ ਕਰਨਾ ਚਾਹੀਦਾ ਹੈ। (1 ਕੁਰਿੰ. 14:33, 40) (2) ਦਲੇਰ ਬਣੋ, ਪਰ ਖ਼ਬਰਦਾਰ ਵੀ ਰਹੋ। (ਕਹਾ. 22:3) ਕੁਝ ਵੀ ਕਰਨ ਤੋਂ ਪਹਿਲਾਂ ਸੋਚੋ ਤੇ ਬਿਨਾਂ ਵਜ੍ਹਾ ਖ਼ਤਰਾ ਮੁੱਲ ਨਾ ਲਓ। (3) ਯਹੋਵਾਹ ʼਤੇ ਭਰੋਸਾ ਰੱਖੋ। ਯਾਦ ਰੱਖੋ ਕਿ ਯਹੋਵਾਹ ਨੂੰ ਤੁਹਾਡਾ ਅਤੇ ਸਾਰੇ ਭੈਣਾਂ-ਭਰਾਵਾਂ ਦਾ ਫ਼ਿਕਰ ਹੈ। ਉਨ੍ਹਾਂ ਦੀ ਹਿਫਾਜ਼ਤ ਕਰਨ ਵਿਚ ਉਹ ਜ਼ਰੂਰ ਤੁਹਾਡੀ ਮਦਦ ਕਰੇਗਾ।

12-13. ਤੁਸੀਂ ਭਰਾ ਵਿਕਟਰ ਅਤੇ ਭਰਾ ਵਿਟਾਲੀ ਤੋਂ ਕੀ ਸਿੱਖਿਆ? (ਤਸਵੀਰ ਵੀ ਦੇਖੋ।)

12 ਜ਼ਰਾ ਭਰਾ ਵਿਕਟਰ ਅਤੇ ਭਰਾ ਵਿਟਾਲੀ ਦੀ ਮਿਸਾਲ ʼਤੇ ਗੌਰ ਕਰੋ। ਯੂਕਰੇਨ ਵਿਚ ਇਨ੍ਹਾਂ ਦੋਵਾਂ ਭਰਾਵਾਂ ਨੇ ਬਹੁਤ ਦਲੇਰੀ ਦਿਖਾਈ। ਉਹ ਭੈਣਾਂ-ਭਰਾਵਾਂ ਤਕ ਖਾਣ-ਪੀਣ ਦੀਆਂ ਤੇ ਹੋਰ ਚੀਜ਼ਾਂ ਪਹੁੰਚਾਉਂਦੇ ਸਨ। ਭਰਾ ਵਿਕਟਰ ਦੱਸਦਾ ਹੈ: “ਸਾਡੇ ਆਲੇ-ਦੁਆਲੇ ਗੋਲਾਬਾਰੀ ਹੋ ਰਹੀ ਸੀ। ਅਸੀਂ ਹਰ ਕਿਤੇ ਖਾਣ-ਪੀਣ ਦੀਆਂ ਚੀਜ਼ਾਂ ਲੱਭੀਆਂ। ਇਕ ਭਰਾ ਨੇ ਆਪਣੇ ਗੋਦਾਮ ਵਿੱਚੋਂ ਇੰਨੀਆਂ ਚੀਜ਼ਾਂ ਦੇ ਦਿੱਤੀਆਂ ਜਿਨ੍ਹਾਂ ਨਾਲ ਕਈ ਭੈਣਾਂ-ਭਰਾਵਾਂ ਦਾ ਕੁਝ ਸਮੇਂ ਤਕ ਗੁਜ਼ਾਰਾ ਚੱਲ ਸਕਦਾ ਸੀ। ਨਾਲੇ ਜਦੋਂ ਅਸੀਂ ਟਰੱਕ ਵਿਚ ਸਾਮਾਨ ਭਰ ਰਹੇ ਸੀ, ਤਾਂ ਸਾਡੀ ਗੱਡੀ ਤੋਂ ਸਿਰਫ਼ 66 ਫੁੱਟ (20 ਮੀਟਰ) ਦੀ ਦੂਰੀ ʼਤੇ ਇਕ ਬੰਬ ਡਿਗਿਆ, ਪਰ ਸ਼ੁਕਰ ਹੈ ਕਿ ਬੰਬ ਫਟਿਆ ਨਹੀਂ। ਉਸ ਤੋਂ ਬਾਅਦ ਮੈਂ ਪੂਰਾ ਦਿਨ ਯਹੋਵਾਹ ਅੱਗੇ ਤਰਲੇ ਕਰਦਾ ਰਿਹਾ ਕਿ ਉਹ ਮੈਨੂੰ ਹਿੰਮਤ ਦੇਵੇ ਤਾਂਕਿ ਮੈਂ ਭੈਣਾਂ-ਭਰਾਵਾਂ ਦੀ ਮਦਦ ਕਰਨ ਤੋਂ ਪਿੱਛੇ ਨਾ ਹਟਾਂ।”

13 ਭਰਾ ਵਿਟਾਲੀ ਦੱਸਦਾ ਹੈ: “ਇਹ ਕੰਮ ਕਰਨ ਲਈ ਸਾਨੂੰ ਬਹੁਤ ਜ਼ਿਆਦਾ ਦਲੇਰੀ ਦੀ ਲੋੜ ਸੀ। ਜਦੋਂ ਮੈਂ ਪਹਿਲੀ ਵਾਰ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾਉਣ ਗਿਆ, ਤਾਂ ਮੈਨੂੰ ਲਗਭਗ 12 ਘੰਟੇ ਲੱਗੇ। ਮੈਂ ਪੂਰੇ ਰਸਤੇ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਰਿਹਾ।” ਭਰਾ ਵਿਟਾਲੀ ਨੇ ਦਲੇਰੀ ਦਿਖਾਈ, ਪਰ ਉਹ ਖ਼ਬਰਦਾਰ ਵੀ ਰਿਹਾ। ਉਹ ਦੱਸਦਾ ਹੈ: “ਮੈਂ ਯਹੋਵਾਹ ਨੂੰ ਬੁੱਧ ਲਈ ਪ੍ਰਾਰਥਨਾ ਕੀਤੀ ਤਾਂਕਿ ਮੈਂ ਬਿਨਾਂ ਵਜ੍ਹਾ ਖ਼ਤਰਾ ਮੁੱਲ ਨਾ ਲਵਾਂ ਤੇ ਅਧਿਕਾਰੀਆਂ ਦੀਆਂ ਹਿਦਾਇਤਾਂ ਮੰਨਾਂ। ਮੈਂ ਸਿਰਫ਼ ਉਨ੍ਹਾਂ ਰਸਤਿਆਂ ਥਾਣੀਂ ਗਿਆ ਜੋ ਸਰਕਾਰ ਨੇ ਖੋਲ੍ਹੇ ਹੋਏ ਸਨ। ਮੇਰੀ ਨਿਹਚਾ ਉਦੋਂ ਬਹੁਤ ਮਜ਼ਬੂਤ ਹੋਈ ਜਦੋਂ ਮੈਂ ਆਪਣੀ ਅੱਖੀਂ ਦੇਖਿਆ ਕਿ ਭੈਣ-ਭਰਾ ਕਿਵੇਂ ਮਿਲ ਕੇ ਕੰਮ ਕਰ ਰਹੇ ਸਨ। ਉਹ ਰਸਤਿਆਂ ਨੂੰ ਸਾਫ਼ ਕਰ ਰਹੇ ਸਨ ਅਤੇ ਰਾਹਤ ਦਾ ਸਾਮਾਨ ਇਕੱਠਾ ਕਰ ਕੇ ਸਾਡੇ ਟਰੱਕ ਵਿਚ ਲੱਦ ਰਹੇ ਸਨ। ਨਾਲੇ ਜਦੋਂ ਮੈਂ ਤੇ ਵਿਕਟਰ ਸਾਮਾਨ ਲੈ ਕੇ ਜਾਂਦੇ ਸੀ, ਤਾਂ ਭੈਣ-ਭਰਾ ਸਾਡੇ ਖਾਣ-ਪੀਣ ਅਤੇ ਆਰਾਮ ਕਰਨ ਦਾ ਪ੍ਰਬੰਧ ਕਰਦੇ ਸਨ। ਇਹ ਗੱਲ ਮੇਰੇ ਦਿਲ ਨੂੰ ਛੂਹ ਗਈ।”

ਖ਼ਤਰਨਾਕ ਹਾਲਾਤਾਂ ਵਿਚ ਭੈਣਾਂ-ਭਰਾਵਾਂ ਦੀ ਮਦਦ ਕਰਦਿਆਂ ਦਲੇਰੀ ਤਾਂ ਦਿਖਾਓ, ਪਰ ਖ਼ਬਰਦਾਰ ਵੀ ਰਹੋ (ਪੈਰੇ 12-13 ਦੇਖੋ)


ਯਹੋਵਾਹ ਦੇ ਵਫ਼ਾਦਾਰ ਬਣੇ ਰਹੋ

14. ਜਦੋਂ ਸਾਡਾ ਕੋਈ ਆਪਣਾ ਯਹੋਵਾਹ ਨੂੰ ਛੱਡ ਦਿੰਦਾ ਹੈ, ਉਦੋਂ ਸਾਡੇ ਕੀ ਬੀਤਦੀ ਹੈ?

14 ਕੁਝ ਮੁਸ਼ਕਲਾਂ ਇੱਦਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਕਰਕੇ ਸਾਨੂੰ ਬਹੁਤ ਦੁੱਖ ਲੱਗਦਾ ਹੈ। ਜਿਵੇਂ, ਜਦੋਂ ਪਰਿਵਾਰ ਦਾ ਕੋਈ ਮੈਂਬਰ ਜਾਂ ਸਾਡਾ ਕੋਈ ਕਰੀਬੀ ਦੋਸਤ ਯਹੋਵਾਹ ਨੂੰ ਛੱਡ ਦਿੰਦਾ ਹੈ, ਤਾਂ ਇਹ ਦੁੱਖ ਸਹਿਣਾ ਬਹੁਤ ਔਖਾ ਹੁੰਦਾ ਹੈ। (ਜ਼ਬੂ. 78:40; ਕਹਾ. 24:10) ਜਿੰਨਾ ਜ਼ਿਆਦਾ ਉਸ ਵਿਅਕਤੀ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੁੰਦਾ ਹੈ, ਉੱਨਾ ਜ਼ਿਆਦਾ ਸਾਨੂੰ ਦੁੱਖ ਲੱਗਦਾ ਹੈ। ਹੋ ਸਕਦਾ ਹੈ ਕਿ ਅਸੀਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਜਾਈਏ। ਜੇ ਤੁਹਾਡੇ ਨਾਲ ਇੱਦਾਂ ਹੋਇਆ ਹੈ, ਤਾਂ ਸਾਦੋਕ ਦੀ ਵਫ਼ਾਦਾਰੀ ਦੀ ਮਿਸਾਲ ਤੋਂ ਤੁਹਾਨੂੰ ਤਾਕਤ ਮਿਲ ਸਕਦੀ ਹੈ।

15. ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਸਾਦੋਕ ਨੂੰ ਦਲੇਰੀ ਦੀ ਕਿਉਂ ਲੋੜ ਸੀ? (1 ਰਾਜਿਆਂ 1:5-8)

15 ਸਾਦੋਕ ਦੀ ਜ਼ਿੰਦਗੀ ਵਿਚ ਅਜਿਹਾ ਸਮਾਂ ਵੀ ਆਇਆ ਜਦੋਂ ਉਸ ਲਈ ਯਹੋਵਾਹ ਦੇ ਵਫ਼ਾਦਾਰ ਰਹਿਣਾ ਔਖਾ ਹੋਇਆ ਹੋਣਾ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਦਾਊਦ ਬਹੁਤ ਬੁੱਢਾ ਹੋ ਗਿਆ ਸੀ ਅਤੇ ਉਹ ਮਰਨ ਕਿਨਾਰੇ ਸੀ। ਇਸ ਸਮੇਂ ਦੌਰਾਨ ਉਸ ਦੇ ਪੁੱਤਰ ਅਦੋਨੀਯਾਹ ਨੇ ਉਸ ਦੀ ਰਾਜ-ਗੱਦੀ ਹਥਿਆਉਣ ਦੀ ਕੋਸ਼ਿਸ਼ ਕੀਤੀ। ਪਰ ਯਹੋਵਾਹ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸੁਲੇਮਾਨ ਅਗਲਾ ਰਾਜਾ ਬਣੇਗਾ, ਫਿਰ ਵੀ ਅਦੋਨੀਯਾਹ ਨੇ ਰਾਜਾ ਬਣਨ ਦੀ ਜੁਰਅਤ ਕੀਤੀ। (1 ਇਤਿ. 22:9, 10) ਸਾਦੋਕ ਦੇ ਦੋਸਤ ਅਬਯਾਥਾਰ ਨੇ ਅਦੋਨੀਯਾਹ ਦਾ ਸਾਥ ਦਿੱਤਾ। (1 ਰਾਜਿਆਂ 1:5-8 ਪੜ੍ਹੋ।) ਇੱਦਾਂ ਕਰ ਕੇ ਅਬਯਾਥਾਰ ਨੇ ਨਾ ਸਿਰਫ਼ ਦਾਊਦ ਨਾਲ, ਸਗੋਂ ਯਹੋਵਾਹ ਨਾਲ ਵੀ ਗੱਦਾਰੀ ਕੀਤੀ। ਜ਼ਰਾ ਸੋਚੋ, ਇਹ ਸਭ ਦੇਖ ਦੇ ਸਾਦੋਕ ʼਤੇ ਕੀ ਬੀਤੀ ਹੋਣੀ! ਉਸ ਨੂੰ ਤਾਂ ਯਕੀਨ ਹੀ ਨਹੀਂ ਹੋਇਆ ਹੋਣਾ ਕਿ ਉਸ ਦਾ ਸਭ ਤੋਂ ਵਧੀਆ ਦੋਸਤ ਇੱਦਾਂ ਕਰ ਸਕਦਾ ਹੈ! ਅਬਯਾਥਾਰ ਅਤੇ ਸਾਦੋਕ ਨੇ ਲਗਭਗ 40 ਸਾਲ ਮਿਲ ਕੇ ਪੁਜਾਰੀਆਂ ਵਜੋਂ ਸੇਵਾ ਕੀਤੀ ਸੀ। (2 ਸਮੂ. 8:17) ਉਨ੍ਹਾਂ ਦੋਵਾਂ ਨੇ ਮਿਲ ਕੇ “ਸੱਚੇ ਪਰਮੇਸ਼ੁਰ ਦੇ ਸੰਦੂਕ” ਦੀ ਦੇਖ-ਭਾਲ ਕੀਤੀ ਸੀ। (2 ਸਮੂ. 15:29) ਉਨ੍ਹਾਂ ਨੇ ਦਾਊਦ ਨੂੰ ਰਾਜ-ਗੱਦੀ ਦਿਵਾਉਣ ਵਿਚ ਉਸ ਦਾ ਸਾਥ ਦਿੱਤਾ ਸੀ ਅਤੇ ਮਿਲ ਕੇ ਯਹੋਵਾਹ ਦੀ ਸੇਵਾ ਵਿਚ ਬਹੁਤ ਕੁਝ ਕੀਤਾ ਸੀ। (2 ਸਮੂ. 19:11-14) ਜਦੋਂ ਅਬਯਾਥਾਰ ਵਫ਼ਾਦਾਰ ਨਹੀਂ ਰਿਹਾ, ਤਾਂ ਸਾਦੋਕ ਨੂੰ ਬਹੁਤ ਦੁੱਖ ਹੋਇਆ ਹੋਣਾ।

16. ਵਫ਼ਾਦਾਰੀ ਬਣਾਈ ਰੱਖਣ ਵਿਚ ਸ਼ਾਇਦ ਕਿਹੜੀ ਗੱਲ ਨੇ ਸਾਦੋਕ ਦੀ ਮਦਦ ਕੀਤੀ ਹੋਣੀ?

16 ਚਾਹੇ ਕਿ ਅਬਯਾਥਾਰ ਨੇ ਦਾਊਦ ਨੂੰ ਛੱਡ ਦਿੱਤਾ ਸੀ, ਪਰ ਸਾਦੋਕ ਨੇ ਦਾਊਦ ਪ੍ਰਤੀ ਵਫ਼ਾਦਾਰੀ ਬਣਾਈ ਰੱਖੀ। ਦਾਊਦ ਨੂੰ ਸਾਦੋਕ ʼਤੇ ਪੂਰਾ ਭਰੋਸਾ ਸੀ। ਇਸ ਲਈ ਅਦੋਨੀਯਾਹ ਦੀ ਸਾਜ਼ਸ਼ ਬਾਰੇ ਪਤਾ ਲੱਗਣ ਤੇ ਦਾਊਦ ਨੇ ਸਾਦੋਕ, ਨਾਥਾਨ ਅਤੇ ਬਨਾਯਾਹ ਨੂੰ ਬੁਲਾਇਆ। ਫਿਰ ਉਨ੍ਹਾਂ ਨੂੰ ਕਿਹਾ ਕਿ ਉਹ ਸੁਲੇਮਾਨ ਨੂੰ ਰਾਜਾ ਬਣਾਉਣ। (1 ਰਾਜ. 1:32-34) ਜ਼ਰਾ ਸੋਚੋ, ਨਾਥਾਨ ਅਤੇ ਦੂਜੇ ਸੇਵਕਾਂ ਦੀ ਰਾਜਾ ਦਾਊਦ ਪ੍ਰਤੀ ਵਫ਼ਾਦਾਰੀ ਦੇਖ ਕੇ ਸਾਦੋਕ ਨੂੰ ਵੀ ਇੱਦਾਂ ਕਰਨ ਦੀ ਹੱਲਾਸ਼ੇਰੀ ਮਿਲੀ ਹੋਣੀ। (1 ਰਾਜ. 1:38, 39) ਫਿਰ ਜਦੋਂ ਸੁਲੇਮਾਨ ਰਾਜਾ ਬਣਿਆ, ਤਾਂ ਉਸ ਨੇ “ਅਬਯਾਥਾਰ ਦੀ ਜਗ੍ਹਾ ਸਾਦੋਕ ਨੂੰ ਪੁਜਾਰੀ ਨਿਯੁਕਤ ਕਰ ਦਿੱਤਾ।”​—1 ਰਾਜ. 2:35.

17. ਜੇ ਤੁਹਾਡਾ ਕੋਈ ਆਪਣਾ ਯਹੋਵਾਹ ਨੂੰ ਛੱਡ ਦਿੰਦਾ ਹੈ, ਤਾਂ ਤੁਸੀਂ ਸਾਦੋਕ ਦੀ ਰੀਸ ਕਿਵੇਂ ਕਰ ਸਕਦੇ ਹੋ?

17 ਤੁਸੀਂ ਸਾਦੋਕ ਦੀ ਰੀਸ ਕਿਵੇਂ ਕਰ ਸਕਦੇ ਹੋ? ਜੇ ਤੁਹਾਡਾ ਕੋਈ ਆਪਣਾ ਯਹੋਵਾਹ ਨੂੰ ਛੱਡ ਦਿੰਦਾ ਹੈ, ਤਾਂ ਸਾਦੋਕ ਵਾਂਗ ਆਪਣੇ ਕੰਮਾਂ ਤੋਂ ਦਿਖਾਓ ਕਿ ਤੁਸੀਂ ਯਹੋਵਾਹ ਦੇ ਵਫ਼ਾਦਾਰ ਹੋ। (ਯਹੋ. 24:15) ਇੱਦਾਂ ਕਰਨ ਲਈ ਯਹੋਵਾਹ ਤੁਹਾਨੂੰ ਤਾਕਤ ਦੇਵੇਗਾ ਅਤੇ ਦਲੇਰ ਬਣਾਵੇਗਾ। ਇਸ ਲਈ ਉਸ ਨੂੰ ਪ੍ਰਾਰਥਨਾ ਕਰੋ ਅਤੇ ਆਪਣੇ ਉਨ੍ਹਾਂ ਦੋਸਤਾਂ ਦੇ ਨੇੜੇ ਰਹੋ ਜੋ ਯਹੋਵਾਹ ਦੇ ਵਫ਼ਾਦਾਰ ਹਨ। ਯਹੋਵਾਹ ਤੁਹਾਡੀ ਵਫ਼ਾਦਾਰੀ ਨੂੰ ਅਨਮੋਲ ਸਮਝਦਾ ਹੈ ਅਤੇ ਉਹ ਤੁਹਾਨੂੰ ਇਸ ਦਾ ਇਨਾਮ ਜ਼ਰੂਰ ਦੇਵੇਗਾ।​—2 ਸਮੂ. 22:26.

18. ਤੁਸੀਂ ਮਾਰਕੋ ਅਤੇ ਸਿਡਸੇ ਦੀ ਮਿਸਾਲ ਤੋਂ ਕੀ ਸਿੱਖਿਆ?

18 ਜ਼ਰਾ ਭਰਾ ਮਾਰਕੋ ਅਤੇ ਉਸ ਦੀ ਪਤਨੀ ਸਿਡਸੀ ਦੀ ਮਿਸਾਲ ʼਤੇ ਗੌਰ ਕਰੋ। ਉਨ੍ਹਾਂ ਦੀਆਂ ਦੋਹਾਂ ਕੁੜੀਆਂ ਨੇ ਹੀ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ। ਭਰਾ ਮਾਰਕੋ ਦੱਸਦਾ ਹੈ: “ਜਦੋਂ ਤੁਹਾਡੇ ਬੱਚੇ ਹੁੰਦੇ ਹਨ, ਤਾਂ ਤੁਸੀਂ ਉਨ੍ਹਾਂ ਨਾਲ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋ। ਤੁਸੀਂ ਉਨ੍ਹਾਂ ਦੀ ਹਰ ਬੁਰੀ ਚੀਜ਼ ਤੋਂ ਹਿਫਾਜ਼ਤ ਕਰਦੇ ਹੋ। ਇਸ ਲਈ ਜਦੋਂ ਤੁਹਾਡਾ ਬੱਚਾ ਯਹੋਵਾਹ ਨੂੰ ਛੱਡ ਦਿੰਦਾ ਹੋ, ਤਾਂ ਤੁਸੀਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਜਾਂਦੇ ਹੋ।” ਭਰਾ ਅੱਗੇ ਦੱਸਦਾ ਹੈ: “ਪਰ ਯਹੋਵਾਹ ਨੇ ਕਦੇ ਵੀ ਸਾਡਾ ਸਾਥ ਨਹੀਂ ਛੱਡਿਆ। ਉਸ ਨੇ ਸਾਨੂੰ ਦੋਹਾਂ ਨੂੰ ਇਕ-ਦੂਜੇ ਦਾ ਹੌਸਲਾ ਵਧਾਉਣ ਦੀ ਤਾਕਤ ਦਿੱਤੀ। ਜਦੋਂ ਮੈਂ ਕਮਜ਼ੋਰ ਹੁੰਦਾ ਸੀ, ਤਾਂ ਮੇਰੀ ਪਤਨੀ ਮੇਰਾ ਹੌਸਲਾ ਵਧਾਉਂਦੀ ਸੀ। ਨਾਲੇ ਜਦੋਂ ਉਹ ਕਮਜ਼ੋਰ ਹੁੰਦੀ ਸੀ, ਤਾਂ ਮੈਂ ਉਸ ਦਾ ਹੌਸਲਾ ਵਧਾਉਂਦਾ ਸੀ।” ਭੈਣ ਸਿਡਸੀ ਦੱਸਦੀ ਹੈ: “ਜੇ ਯਹੋਵਾਹ ਨਾ ਹੁੰਦਾ, ਤਾਂ ਅਸੀਂ ਇਹ ਸਾਰਾ ਕੁਝ ਨਹੀਂ ਸਹਿ ਪਾਉਣਾ ਸੀ। ਮੈਨੂੰ ਵਾਰ-ਵਾਰ ਇਹੀ ਲੱਗਦਾ ਸੀ ਕਿ ਮੇਰਾ ਹੀ ਕਸੂਰ ਹੈ। ਇਹ ਸਾਰਾ ਕੁਝ ਮੇਰੇ ਕਰਕੇ ਹੀ ਹੋਇਆ ਹੈ। ਮੈਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਇਹ ਗੱਲ ਦੱਸੀ। ਇਸ ਤੋਂ ਕੁਝ ਦਿਨਾਂ ਬਾਅਦ ਕਿੰਗਡਮ ਹਾਲ ਵਿਚ ਇਕ ਭੈਣ ਮੈਨੂੰ ਮਿਲਣ ਆਈ ਜਿਸ ਨੂੰ ਮੈਂ ਕਈ ਸਾਲ ਪਹਿਲਾਂ ਮਿਲੀ ਸੀ। ਉਸ ਨੇ ਮੇਰੇ ਮੋਢਿਆਂ ʼਤੇ ਹੱਥ ਰੱਖਿਆ ਤੇ ਮੇਰੀਆਂ ਅੱਖਾਂ ਵਿਚ ਦੇਖ ਕੇ ਕਿਹਾ, ‘ਸਿਡਸੇ ਯਾਦ ਰੱਖੀਂ, ਤੇਰਾ ਕੋਈ ਕਸੂਰ ਨਹੀਂ ਹੈ।’ ਯਹੋਵਾਹ ਨੇ ਮੇਰੀ ਬਹੁਤ ਮਦਦ ਕੀਤੀ। ਇਸ ਕਰਕੇ ਮੈਂ ਅੱਜ ਵੀ ਖ਼ੁਸ਼ੀ ਨਾਲ ਉਸ ਦੀ ਸੇਵਾ ਕਰ ਰਹੀ ਹਾਂ।”

19. ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?

19 ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸਾਰੇ ਸੇਵਕ ਸਾਦੋਕ ਵਾਂਗ ਦਲੇਰ ਬਣਨ। (2 ਤਿਮੋ. 1:7) ਪਰ ਉਹ ਇਹ ਨਹੀਂ ਚਾਹੁੰਦਾ ਕਿ ਅਸੀਂ ਆਪਣੀ ਤਾਕਤ ʼਤੇ ਭਰੋਸਾ ਰੱਖੀਏ। ਇਸ ਦੀ ਬਜਾਇ, ਉਹ ਚਾਹੁੰਦਾ ਹੈ ਕਿ ਅਸੀਂ ਉਸ ʼਤੇ ਭਰੋਸਾ ਰੱਖੀਏ। ਇਸ ਲਈ ਜਦੋਂ ਤੁਹਾਨੂੰ ਦਲੇਰੀ ਦੀ ਲੋੜ ਹੁੰਦੀ ਹੈ, ਤਾਂ ਯਹੋਵਾਹ ਤੋਂ ਮਦਦ ਮੰਗੋ। ਤੁਸੀਂ ਪੂਰਾ ਭਰੋਸਾ ਰੱਖ ਸਕਦੇ ਹੋ ਕਿ ਉਹ ਤੁਹਾਨੂੰ ਵੀ ਸਾਦੋਕ ਵਾਂਗ ਦਲੇਰ ਬਣਾਵੇਗਾ।​—1 ਪਤ. 5:10.

ਗੀਤ 126 ਖ਼ਬਰਦਾਰ ਰਹੋ, ਦਲੇਰ ਬਣੋ