Skip to content

Skip to table of contents

ਇਸ ਭਵਿੱਖਬਾਣੀ ਦੀ ਸਾਡੇ ਸਮੇਂ ਦੀ ਪੂਰਤੀ ਵਿਚ ਲਿਖਣ ਵਾਲੀ ਦਵਾਤ ਵਾਲਾ ਆਦਮੀ ਯਿਸੂ ਨੂੰ ਦਰਸਾਉਂਦਾ ਹੈ ਜੋ ਉਨ੍ਹਾਂ ’ਤੇ ਨਿਸ਼ਾਨ ਲਾਵੇਗਾ ਜਿਨ੍ਹਾਂ ਨੂੰ ਬਚਾਇਆ ਜਾਵੇਗਾ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਹਿਜ਼ਕੀਏਲ ਦੇ ਦਰਸ਼ਣ ਵਿਚ ਉਹ ਆਦਮੀ ਜਿਸ ਕੋਲ ਲਿਖਣ ਵਾਲੀ ਦਵਾਤ ਸੀ ਅਤੇ ਛੇ ਆਦਮੀ ਜਿਨ੍ਹਾਂ ਕੋਲ ਵੱਢਣ ਵਾਲੇ ਸ਼ਸਤ੍ਰ ਸਨ, ਕਿਨ੍ਹਾਂ ਨੂੰ ਦਰਸਾਉਂਦੇ ਹਨ?

ਇਹ ਸਵਰਗੀ ਫ਼ੌਜਾਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੇ ਯਰੂਸ਼ਲਮ ਦਾ ਨਾਸ਼ ਕਰਨ ਵਿਚ ਹਿੱਸਾ ਲਿਆ ਅਤੇ ਇਹ ਆਰਮਾਗੇਡਨ ਵਿਚ ਸ਼ੈਤਾਨ ਦੀ ਦੁਸ਼ਟ ਦੁਨੀਆਂ ਦਾ ਨਾਸ਼ ਕਰਨ ਵਿਚ ਵੀ ਹਿੱਸਾ ਲੈਣਗੇ। ਇਹ ਨਵੀਂ ਸਮਝ ਹੈ। ਪੁਰਾਣੀ ਸਮਝ ਵਿਚ ਸੁਧਾਰ ਕਰਨ ਦੀ ਲੋੜ ਕਿਉਂ ਪਈ?

607 ਈਸਵੀ ਪੂਰਵ ਤੋਂ ਪਹਿਲਾਂ ਯਹੋਵਾਹ ਨੇ ਹਿਜ਼ਕੀਏਲ ਨੂੰ ਦਰਸ਼ਣ ਦਿੱਤਾ ਕਿ ਯਰੂਸ਼ਲਮ ਦੀ ਤਬਾਹੀ ਹੋਣ ਤੋਂ ਪਹਿਲਾਂ ਕੀ-ਕੀ ਹੋਵੇਗਾ। ਦਰਸ਼ਣ ਵਿਚ ਹਿਜ਼ਕੀਏਲ ਨੇ ਦੇਖਿਆ ਕਿ ਉੱਥੇ ਬਹੁਤ ਜ਼ਿਆਦਾ ਘਿਣਾਉਣੇ ਕੰਮ ਹੋ ਰਹੇ ਸਨ। ਫਿਰ ਉਸ ਨੇ ਛੇ ਮਨੁੱਖ ਦੇਖੇ ਜਿਨ੍ਹਾਂ ਕੋਲ ਵੱਢਣ ਵਾਲੇ ਸ਼ਸਤ੍ਰ ਸਨ। ਉਸ ਨੇ ਉਨ੍ਹਾਂ ਨਾਲ ਇਕ ਹੋਰ ਆਦਮੀ ਵੀ ਦੇਖਿਆ ਜਿਸ ਨੇ “ਕਤਾਨੀ ਕੱਪੜੇ ਪਹਿਨੇ ਹੋਏ ਸਨ” ਅਤੇ ਉਸ ਕੋਲ “ਲਿਖਣ ਵਾਲੀ ਦਵਾਤ” ਸੀ। (ਹਿਜ਼. 8:6-12; 9:2, 3) ਇਸ ਆਦਮੀ ਨੂੰ ਕਿਹਾ ਗਿਆ ਕਿ ‘ਸ਼ਹਿਰ ਦੇ ਵਿਚਾਲਿਓਂ ਲੰਘ ਅਤੇ ਉਨ੍ਹਾਂ ਲੋਕਾਂ ਦੇ ਮੱਥੇ ਉੱਤੇ ਜੋ ਓਹਨਾਂ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਜੋ ਉਸ ਵਿਚ ਕੀਤੇ ਜਾਂਦੇ ਹਨ ਆਹਾਂ ਭਰਦੇ, ਅਤੇ ਰੋਂਦੇ ਹਨ, ਨਿਸ਼ਾਨ ਲਗਾ ਦੇਹ।’ ਫਿਰ ਜਿਨ੍ਹਾਂ ਆਦਮੀਆਂ ਕੋਲ ਵੱਢਣ ਵਾਲੇ ਸ਼ਸਤ੍ਰ ਸਨ, ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਉਨ੍ਹਾਂ ਲੋਕਾਂ ਨੂੰ ਮਾਰ ਦੇਣ ਜਿਨ੍ਹਾਂ ’ਤੇ ਨਿਸ਼ਾਨ ਨਹੀਂ ਲੱਗਾ ਹੋਇਆ। (ਹਿਜ਼. 9:4-7) ਅਸੀਂ ਇਸ ਦਰਸ਼ਣ ਤੋਂ ਕੀ ਸਿੱਖਦੇ ਹਾਂ ਅਤੇ ਉਹ ਆਦਮੀ ਕੌਣ ਹੈ ਜਿਸ ਕੋਲ ਲਿਖਣ ਵਾਲੀ ਦਵਾਤ ਹੈ?

ਇਹ ਭਵਿੱਖਬਾਣੀ 612 ਈ. ਪੂ. ਵਿਚ ਕੀਤੀ ਗਈ ਸੀ। ਇਸ ਦੀ ਪਹਿਲੀ ਪੂਰਤੀ ਸਿਰਫ਼ ਪੰਜ ਸਾਲਾਂ ਬਾਅਦ ਹੋਈ ਜਦੋਂ ਬਾਬਲੀ ਫ਼ੌਜਾਂ ਨੇ ਯਰੂਸ਼ਲਮ ਨੂੰ ਨਾਸ਼ ਕੀਤਾ। ਭਾਵੇਂ ਕਿ ਝੂਠੀ ਭਗਤੀ ਕਰਨ ਵਾਲੇ ਬਾਬਲੀ ਲੋਕਾਂ ਨੇ ਯਰੂਸ਼ਲਮ ਦਾ ਨਾਸ਼ ਕੀਤਾ, ਪਰ ਉਨ੍ਹਾਂ ਨੇ ਇਹ ਸਭ ਕੁਝ ਯਹੋਵਾਹ ਦੀ ਮਰਜ਼ੀ ਮੁਤਾਬਕ ਕੀਤਾ ਸੀ। (ਯਿਰ. 25:9, 15-18) ਕਿਉਂਕਿ ਯਹੋਵਾਹ ਬੇਵਫ਼ਾ ਇਜ਼ਰਾਈਲੀਆਂ ਨੂੰ ਸਜ਼ਾ ਦੇਣੀ ਚਾਹੁੰਦਾ ਸੀ। ਪਰ ਪਰਮੇਸ਼ੁਰ ਨੇ ਇਜ਼ਰਾਈਲੀਆਂ ਦਾ ਅੰਨ੍ਹੇਵਾਹ ਨਾਸ਼ ਨਹੀਂ ਹੋਣ ਦਿੱਤਾ। ਯਹੋਵਾਹ ਨੇ ਉਨ੍ਹਾਂ ਇਜ਼ਰਾਈਲੀਆਂ ਨੂੰ ਬਚਾਉਣ ਦਾ ਪ੍ਰਬੰਧ ਕੀਤਾ ਜੋ ਸ਼ਹਿਰ ਵਿਚ ਹੁੰਦੇ ਘਿਣਾਉਣੇ ਕੰਮਾਂ ਕਰਕੇ ਆਹਾਂ ਭਰ ਰਹੇ ਸਨ।

ਹਿਜ਼ਕੀਏਲ ਨੇ ਨਾ ਤਾਂ ਕਿਸੇ ਦੇ ਮੱਥੇ ’ਤੇ ਨਿਸ਼ਾਨ ਲਾਇਆ ਤੇ ਨਾ ਹੀ ਨਾਸ਼ ਕਰਨ ਵਿਚ ਹਿੱਸਾ ਲਿਆ। ਇਸ ਦੀ ਬਜਾਇ, ਯਰੂਸ਼ਲਮ ਦਾ ਨਾਸ਼ ਦੂਤਾਂ ਦੀ ਅਗਵਾਈ ਅਧੀਨ ਕੀਤਾ ਗਿਆ। ਸੋ ਇਸ ਭਵਿੱਖਬਾਣੀ ਤੋਂ ਮਾਨੋ ਅਸੀਂ ਦੇਖ ਸਕਦੇ ਹਾਂ ਕਿ ਸਵਰਗ ਵਿਚ ਕੀ ਹੋਇਆ ਸੀ। ਯਹੋਵਾਹ ਨੇ ਦੂਤਾਂ ਨੂੰ ਨਾ ਸਿਰਫ਼ ਦੁਸ਼ਟ ਲੋਕਾਂ ਨੂੰ ਖ਼ਤਮ ਕਰਨ, ਸਗੋਂ ਧਰਮੀਆਂ ਨੂੰ ਬਚਾਉਣ ਦਾ ਵੀ ਕੰਮ ਦਿੱਤਾ। *

ਇਹ ਭਵਿੱਖਬਾਣੀ ਆਉਣ ਵਾਲੇ ਸਮੇਂ ਵਿਚ ਵੀ ਪੂਰੀ ਹੋਵੇਗੀ। ਸਾਡੇ ਪ੍ਰਕਾਸ਼ਨਾਂ ਵਿਚ ਪਹਿਲਾਂ ਸਮਝਾਇਆ ਗਿਆ ਸੀ ਕਿ ਜਿਸ ਆਦਮੀ ਕੋਲ ਲਿਖਣ ਵਾਲੀ ਦਵਾਤ ਸੀ, ਉਹ ਆਦਮੀ ਧਰਤੀ ’ਤੇ ਰਹਿੰਦੇ ਚੁਣੇ ਹੋਏ ਮਸੀਹੀਆਂ ਨੂੰ ਦਰਸਾਉਂਦਾ ਸੀ। ਪਹਿਲਾਂ ਸਮਝਿਆ ਜਾਂਦਾ ਸੀ ਕਿ ਪ੍ਰਚਾਰ ਕਰਨ ਵੇਲੇ ਜਿਹੜੇ ਲੋਕ ਸੰਦੇਸ਼ ਕਬੂਲ ਕਰਦੇ ਸਨ, ਉਨ੍ਹਾਂ ਲੋਕਾਂ ’ਤੇ ਬਚਾਅ ਦਾ ਨਿਸ਼ਾਨ ਲਾਇਆ ਜਾਂਦਾ ਸੀ। ਪਰ ਹਾਲ ਹੀ ਵਿਚ ਸਾਨੂੰ ਪਤਾ ਲੱਗਾ ਹੈ ਕਿ ਸਾਨੂੰ ਆਪਣੀ ਇਸ ਸਮਝ ਵਿਚ ਸੁਧਾਰ ਕਰਨ ਦੀ ਲੋੜ ਹੈ। ਮੱਤੀ 25:31-33 ਮੁਤਾਬਕ ਯਿਸੂ ਹੀ ਲੋਕਾਂ ਦਾ ਨਿਆਂ ਕਰੇਗਾ। ਉਹ ਮਹਾਂਕਸ਼ਟ ਦੌਰਾਨ ਬੱਕਰੀਆਂ ਅਤੇ ਭੇਡਾਂ ਵਰਗੇ ਲੋਕਾਂ ਨੂੰ ਵੱਖ ਕਰੇਗਾ। ਉਹ ਭੇਡਾਂ ਵਰਗੇ ਲੋਕਾਂ ਨੂੰ ਬਚਾਵੇਗਾ, ਪਰ ਬੱਕਰੀਆਂ ਵਰਗੇ ਲੋਕਾਂ ਦਾ ਨਾਸ਼ ਕਰੇਗਾ।

ਇਸ ਸਮਝ ਵਿਚ ਸੁਧਾਰ ਹੋਣ ਕਰਕੇ ਅਸੀਂ ਹਿਜ਼ਕੀਏਲ ਦੇ ਦਰਸ਼ਣ ਤੋਂ ਕੀ ਸਬਕ ਸਿੱਖਦੇ ਹਾਂ? ਇਸ ਵਿਚ ਘੱਟੋ-ਘੱਟ ਪੰਜ ਸਬਕ ਹਨ:

  1. ਯਰੂਸ਼ਲਮ ਦੇ ਨਾਸ਼ ਹੋਣ ਤੋਂ ਪਹਿਲਾਂ ਹਿਜ਼ਕੀਏਲ ਦੇ ਨਾਲ-ਨਾਲ ਯਿਰਮਿਯਾਹ ਅਤੇ ਯਸਾਯਾਹ ਨੇ ਪਹਿਰੇਦਾਰਾਂ ਵਜੋਂ ਸੇਵਾ ਕੀਤੀ ਯਾਨੀ ਲੋਕਾਂ ਨੂੰ ਸ਼ਹਿਰ ਦੇ ਨਾਸ਼ ਬਾਰੇ ਚੇਤਾਵਨੀ ਦਿੱਤੀ। ਅੱਜ ਯਹੋਵਾਹ ਚੁਣੇ ਹੋਏ ਮਸੀਹੀਆਂ ਵਿੱਚੋਂ ਛੋਟੇ ਜਿਹੇ ਸਮੂਹ ਰਾਹੀਂ ਆਪਣੇ ਲੋਕਾਂ ਨੂੰ ਗਿਆਨ ਦੇ ਰਿਹਾ ਹੈ ਅਤੇ ਮਹਾਂਕਸ਼ਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਲੋਕਾਂ ਨੂੰ ਚੇਤਾਵਨੀ ਦੇ ਰਿਹਾ ਹੈ। ਦਰਅਸਲ ਪਰਮੇਸ਼ੁਰ ਦੇ ਸਾਰੇ ਲੋਕ ਯਾਨੀ ਮਸੀਹ ਦੇ ਨੌਕਰ-ਚਾਕਰ ਇਸ ਕੰਮ ਵਿਚ ਹਿੱਸਾ ਲੈ ਰਹੇ ਹਨ।​—ਮੱਤੀ 24:45-47.

  2. ਹਿਜ਼ਕੀਏਲ ਨੇ ਬਚਾਅ ਲਈ ਲੋਕਾਂ ਦੇ ਮੱਥੇ ’ਤੇ ਨਿਸ਼ਾਨ ਨਹੀਂ ਲਾਇਆ ਅਤੇ ਨਾ ਹੀ ਅੱਜ ਯਹੋਵਾਹ ਦੇ ਲੋਕ ਇੱਦਾਂ ਕਰਦੇ ਹਨ। ਬਚਣ ਵਾਲੇ ਲੋਕਾਂ ਦੇ ਮੱਥੇ ’ਤੇ ਨਿਸ਼ਾਨ ਨਹੀਂ ਲਾਉਂਦੇ। ਉਹ ਸਿਰਫ਼ ਪਰਮੇਸ਼ੁਰ ਦਾ ਸੰਦੇਸ਼ ਸੁਣਾਉਂਦੇ ਹਨ ਅਤੇ ਲੋਕਾਂ ਨੂੰ ਆਉਣ ਵਾਲੇ ਸਮੇਂ ਬਾਰੇ ਚੇਤਾਵਨੀ ਦਿੰਦੇ ਹਨ। ਉਹ ਇਹ ਕੰਮ ਦੂਤਾਂ ਦੀ ਅਗਵਾਈ ਅਧੀਨ ਕਰ ਰਹੇ ਹਨ।​—ਪ੍ਰਕਾ. 14:6.

  3. ਹਿਜ਼ਕੀਏਲ ਦੇ ਦਿਨਾਂ ਵਿਚ ਲੋਕਾਂ ਦੇ ਮੱਥੇ ’ਤੇ ਸੱਚੀਂ-ਮੁੱਚੀ ਨਿਸ਼ਾਨ ਨਹੀਂ ਲਾਇਆ ਗਿਆ ਅਤੇ ਅੱਜ ਵੀ ਇੱਦਾਂ ਨਹੀਂ ਕੀਤਾ ਜਾਂਦਾ। ਮਹਾਂਕਸ਼ਟ ਤੋਂ ਬਚਣ ਲਈ ਲੋਕਾਂ ਨੂੰ ਕੀ ਕਰਨ ਦੀ ਲੋੜ ਹੈ? ਉਨ੍ਹਾਂ ਨੂੰ ਸੰਦੇਸ਼ ਸੁਣਨ, ਮਸੀਹ ਵਰਗਾ ਸੁਭਾਅ ਅਪਣਾਉਣ, ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਮਸੀਹ ਦੇ ਭਰਾਵਾਂ ਦਾ ਵਫ਼ਾਦਾਰੀ ਨਾਲ ਸਮਰਥਨ ਕਰਨ ਦੀ ਲੋੜ ਹੈ। (ਮੱਤੀ 25:35-40) ਜਿਹੜੇ ਲੋਕ ਇਹ ਕੰਮ ਕਰਦੇ ਹਨ, ਉਨ੍ਹਾਂ ’ਤੇ ਮਹਾਂਕਸ਼ਟ ਦੌਰਾਨ ਨਿਸ਼ਾਨ ਲਾਇਆ ਜਾਵੇਗਾ ਯਾਨੀ ਉਨ੍ਹਾਂ ਨੂੰ ਬਚਾਇਆ ਜਾਵੇਗਾ।

  4. ਇਸ ਭਵਿੱਖਬਾਣੀ ਦੀ ਸਾਡੇ ਸਮੇਂ ਦੀ ਪੂਰਤੀ ਵਿਚ ਲਿਖਣ ਵਾਲੀ ਦਵਾਤ ਵਾਲਾ ਆਦਮੀ ਯਿਸੂ ਨੂੰ ਦਰਸਾਉਂਦਾ ਹੈ। ਮਹਾਂਕਸ਼ਟ ਦੌਰਾਨ ਯਿਸੂ ਵੱਡੀ ਭੀੜ ’ਤੇ ਨਿਸ਼ਾਨ ਲਾਵੇਗਾ ਜਦੋਂ ਉਹ ਉਨ੍ਹਾਂ ਦਾ ਭੇਡਾਂ ਵਜੋਂ ਨਿਆਂ ਕਰੇਗਾ। ਫਿਰ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਮਿਲੇਗਾ।​—ਮੱਤੀ 25:34, 46. *

  5. ਇਸ ਭਵਿੱਖਬਾਣੀ ਦੀ ਸਾਡੇ ਸਮੇਂ ਦੀ ਪੂਰਤੀ ਵਿਚ ਸ਼ਸਤ੍ਰ ਨਾਲ ਵੱਢਣ ਵਾਲੇ ਛੇ ਆਦਮੀ ਯਿਸੂ ਦੀਆਂ ਸਵਰਗੀ ਫ਼ੌਜਾਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਦੀ ਅਗਵਾਈ ਯਿਸੂ ਕਰਦਾ ਹੈ। ਉਹ ਕੌਮਾਂ ਅਤੇ ਸਾਰੀ ਦੁਸ਼ਟਤਾ ਨੂੰ ਖ਼ਤਮ ਕਰ ਦੇਣਗੇ।​—ਹਿਜ਼. 9:2, 6, 7; ਪ੍ਰਕਾ. 19:11-21.

ਇਹ ਵਧੀਆ ਸਬਕ ਸਿੱਖ ਕੇ ਯਹੋਵਾਹ ’ਤੇ ਸਾਡਾ ਭਰੋਸਾ ਮਜ਼ਬੂਤ ਹੁੰਦਾ ਹੈ ਕਿ ਉਹ ਦੁਸ਼ਟਾਂ ਨਾਲ ਧਰਮੀਆਂ ਦਾ ਨਾਸ਼ ਨਹੀਂ ਕਰਦਾ। (2 ਪਤ. 2:9; 3:9) ਨਾਲੇ ਸਾਨੂੰ ਯਾਦ ਕਰਾਇਆ ਗਿਆ ਹੈ ਕਿ ਅੱਜ ਪ੍ਰਚਾਰ ਕਰਨਾ ਕਿੰਨਾ ਜ਼ਰੂਰੀ ਹੈ! ਅੰਤ ਆਉਣ ਤੋਂ ਪਹਿਲਾਂ ਸਾਰਿਆਂ ਨੂੰ ਚੇਤਾਵਨੀ ਦਿੱਤੀ ਜਾਣੀ ਚਾਹੀਦੀ ਹੈ।​—ਮੱਤੀ 24:14.

^ ਪੈਰਾ 6 ਜਿਨ੍ਹਾਂ ਨੂੰ ਬਚਾਇਆ ਗਿਆ ਸੀ, ਉਨ੍ਹਾਂ ਦੇ ਮੱਥਿਆਂ ’ਤੇ ਸੱਚ-ਮੁੱਚ ਨਿਸ਼ਾਨ ਨਹੀਂ ਲਾਇਆ ਗਿਆ ਸੀ, ਜਿਵੇਂ ਬਾਰੂਕ (ਯਿਰਮਿਯਾਹ ਦਾ ਸੈਕਟਰੀ), ਅਬਦ-ਮਲਕ ਕੂਸ਼ੀ ਅਤੇ ਰੇਕਾਬੀ। (ਯਿਰ. 35:1-19; 39:15-18; 45:1-5) ਨਿਸ਼ਾਨ ਇਸ ਗੱਲ ਨੂੰ ਦਰਸਾਉਂਦਾ ਸੀ ਕਿ ਉਨ੍ਹਾਂ ਨੂੰ ਬਚਾਇਆ ਜਾਣਾ ਸੀ।

^ ਪੈਰਾ 12 ਵਫ਼ਾਦਾਰ ਚੁਣੇ ਹੋਏ ਮਸੀਹੀਆਂ ’ਤੇ ਬਚਾਅ ਲਈ ਇਹ ਨਿਸ਼ਾਨ ਲਗਾਉਣ ਦੀ ਲੋੜ ਨਹੀਂ ਹੈ। ਇਸ ਦੀ ਬਜਾਇ, ਉਨ੍ਹਾਂ ’ਤੇ ਆਖ਼ਰੀ ਮੋਹਰ ਉਨ੍ਹਾਂ ਦੇ ਮਰਨ ਤੋਂ ਥੋੜ੍ਹੀ ਦੇਰ ਪਹਿਲਾਂ ਜਾਂ ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਲੱਗੇਗੀ।​—ਪ੍ਰਕਾ. 7:1, 3.