Skip to content

Skip to table of contents

ਆਪਣੇ ਘੁਮਿਆਰ ਯਹੋਵਾਹ ਦੀ ਕਦਰ ਕਰਦੇ ਰਹੋ

ਆਪਣੇ ਘੁਮਿਆਰ ਯਹੋਵਾਹ ਦੀ ਕਦਰ ਕਰਦੇ ਰਹੋ

‘ਹੇ ਯਹੋਵਾਹ, ਤੂੰ ਸਾਡਾ ਘੁਮਿਆਰ ਹੈਂ, ਅਸੀਂ ਸੱਭੇ ਤੇਰੀ ਦਸਤਕਾਰੀ ਹਾਂ।’​—ਯਸਾ. 64:8.

ਗੀਤ: 11, 26

1. ਕੋਈ ਵੀ ਕੁਸ਼ਲ ਘੁਮਿਆਰ ਯਹੋਵਾਹ ਦੀ ਬਰਾਬਰੀ ਕਿਉਂ ਨਹੀਂ ਕਰ ਸਕਦਾ?

ਇੰਗਲੈਂਡ ਦੇ ਲੰਡਨ ਸ਼ਹਿਰ ਵਿਚ ਨਵੰਬਰ 2010 ਨੂੰ 18ਵੀਂ ਸਦੀ ਵਿਚ ਬਣੇ ਚੀਨੀ ਮਿੱਟੀ ਦੇ ਫੁੱਲਦਾਨ ਦੀ ਨੀਲਾਮੀ ਕੀਤੀ ਗਈ। ਨੀਲਾਮੀ ਵਿਚ ਇਸ ਦੀ ਕੀਮਤ ਲਗਭਗ 7 ਕਰੋੜ ਡਾਲਰ ਤਕ ਪਹੁੰਚ ਗਈ। ਇਕ ਘੁਮਿਆਰ ਆਮ ਅਤੇ ਮਾਮੂਲੀ ਮਿੱਟੀ ਤੋਂ ਇਕ ਬਹੁਤ ਹੀ ਖੂਬਸੂਰਤ ਅਤੇ ਮਹਿੰਗੀ ਚੀਜ਼ ਬਣਾ ਸਕਦਾ ਹੈ। ਪਰ ਕੋਈ ਵੀ ਕੁਸ਼ਲ ਘੁਮਿਆਰ ਯਹੋਵਾਹ ਦੀ ਬਰਾਬਰੀ ਨਹੀਂ ਕਰ ਸਕਦਾ। ਪਰਮੇਸ਼ੁਰ ਨੇ ਸ੍ਰਿਸ਼ਟੀ ਦੇ ਛੇਵੇਂ ਦਿਨ “ਜ਼ਮੀਨ ਦੀ ਮਿੱਟੀ” ਤੋਂ ਇਕ ਮੁਕੰਮਲ ਆਦਮੀ ਆਦਮ ਨੂੰ ਰਚਿਆ ਅਤੇ ਉਸ ਨੂੰ ਕਾਬਲੀਅਤ ਦਿੱਤੀ ਕਿ ਉਹ ਆਪਣੇ ਸਿਰਜਣਹਾਰ ਵਰਗੇ ਗੁਣ ਦਿਖਾ ਸਕੇ। (ਉਤ. 2:7) ਜ਼ਮੀਨ ਦੀ ਮਿੱਟੀ ਤੋਂ ਬਣਾਏ ਇਸ ਮੁਕੰਮਲ ਆਦਮੀ ਨੂੰ “ਪਰਮੇਸ਼ੁਰ ਦਾ ਪੁੱਤਰ” ਕਿਹਾ ਗਿਆ।​—ਲੂਕਾ 3:38.

2, 3. ਅਸੀਂ ਤੋਬਾ ਕਰਨ ਵਾਲੇ ਇਜ਼ਰਾਈਲੀਆਂ ਦੀ ਨਕਲ ਕਿਵੇਂ ਕਰ ਸਕਦੇ ਹਾਂ?

2 ਪਰ ਆਦਮ ਨੇ ਆਪਣੇ ਬਣਾਉਣ ਵਾਲੇ ਦੇ ਖ਼ਿਲਾਫ਼ ਬਗਾਵਤ ਕਰ ਕੇ ਪਰਮੇਸ਼ੁਰ ਦੇ ਪੁੱਤਰ ਹੋਣ ਦਾ ਸਨਮਾਨ ਗੁਆ ਦਿੱਤਾ। ਫਿਰ ਵੀ ਆਦਮ ਦੀਆਂ ਪੀੜ੍ਹੀਆਂ ਵਿੱਚੋਂ ਇਕ “ਵੱਡੇ ਬੱਦਲ” ਯਾਨੀ ਬਹੁਤ ਸਾਰਿਆਂ ਨੇ ਪਰਮੇਸ਼ੁਰ ਦੀ ਹਕੂਮਤ ਦਾ ਸਮਰਥਨ ਕੀਤਾ ਹੈ। (ਇਬ. 12:1) ਆਪਣੇ ਕਰਤਾਰ ਦੇ ਅਧੀਨ ਰਹਿ ਕੇ ਇਨ੍ਹਾਂ ਨੇ ਦਿਖਾਇਆ ਹੈ ਕਿ ਉਹ ਸ਼ੈਤਾਨ ਦੀ ਬਜਾਇ ਪਰਮੇਸ਼ੁਰ ਨੂੰ ਆਪਣਾ ਪਿਤਾ ਅਤੇ ਘੁਮਿਆਰ ਮੰਨਦੇ ਹਨ। (ਯੂਹੰ. 8:44) ਇਨ੍ਹਾਂ ਦੀ ਵਫ਼ਾਦਾਰੀ ਤੋਂ ਸਾਨੂੰ ਤੋਬਾ ਕਰਨ ਵਾਲੇ ਇਜ਼ਰਾਈਲੀਆਂ ਦੇ ਕਹੇ ਸ਼ਬਦ ਯਾਦ ਆਉਂਦੇ ਹਨ: “ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ, ਅਸੀਂ ਸੱਭੇ ਤੇਰੀ ਦਸਤਕਾਰੀ ਹਾਂ।”​—ਯਸਾ. 64:8.

3 ਅੱਜ ਜਿੰਨੇ ਜਣੇ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਅਤੇ ਸੱਚਾਈ ਨਾਲ ਯਹੋਵਾਹ ਦੀ ਭਗਤੀ ਕਰਦੇ ਹਨ, ਉਹ ਉਸ ਵੱਡੇ ਬੱਦਲ ਵਿਚ ਸ਼ਾਮਲ ਸੇਵਕਾਂ ਵਰਗੀ ਨਿਮਰਤਾ ਅਤੇ ਅਧੀਨਗੀ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਉਹ ਯਹੋਵਾਹ ਨੂੰ ਆਪਣਾ ਪਿਤਾ ਕਹਿ ਸਕਦੇ ਹਨ ਜਿਸ ਨੂੰ ਉਹ ਮਾਣ ਦੀ ਗੱਲ ਸਮਝਦੇ ਹਨ। ਨਾਲੇ ਉਹ ਆਪਣੇ ਆਪ ਨੂੰ ਆਪਣੇ ਘੁਮਿਆਰ ਯਹੋਵਾਹ ਦੇ ਹੱਥਾਂ ਵਿਚ ਸੌਂਪਣਾ ਮਾਣ ਦੀ ਗੱਲ ਸਮਝਦੇ ਹਨ। ਕੀ ਤੁਸੀਂ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਹੋ ਜਿਸ ਨੂੰ ਉਹ ਆਪਣੀ ਮਰਜ਼ੀ ਅਨੁਸਾਰ ਢਾਲ਼ ਸਕਦਾ ਹੈ? ਕੀ ਤੁਸੀਂ ਆਪਣੇ ਭੈਣਾਂ-ਭਰਾਵਾਂ ਨੂੰ ਇੱਦਾਂ ਹੀ ਯਹੋਵਾਹ ਦੇ ਹੱਥਾਂ ਵਿਚ ਦੇਖਦੇ ਹੋ ਜਿਨ੍ਹਾਂ ਨੂੰ ਉਹ ਅਜੇ ਵੀ ਢਾਲ਼ ਰਿਹਾ ਹੈ? ਨਰਮ ਮਿੱਟੀ ਬਣਨ ਅਤੇ ਭੈਣਾਂ-ਭਰਾਵਾਂ ਪ੍ਰਤੀ ਸਹੀ ਰਵੱਈਆ ਰੱਖਣ ਲਈ ਆਓ ਆਪਾਂ ਤਿੰਨ ਗੱਲਾਂ ’ਤੇ ਗੌਰ ਕਰੀਏ ਕਿ ਯਹੋਵਾਹ ਘੁਮਿਆਰ ਵਜੋਂ ਕਿੱਦਾਂ ਕੰਮ ਕਰਦਾ ਹੈ। ਇਹ ਤਿੰਨ ਗੱਲਾਂ ਹਨ: (1) ਯਹੋਵਾਹ ਕਿਨ੍ਹਾਂ ਨੂੰ ਢਾਲ਼ਣ ਲਈ ਚੁਣਦਾ ਹੈ? (2) ਉਹ ਉਨ੍ਹਾਂ ਨੂੰ ਕਿਉਂ ਢਾਲ਼ਦਾ ਹੈ? (3) ਉਹ ਉਨ੍ਹਾਂ ਨੂੰ ਕਿੱਦਾਂ ਢਾਲ਼ਦਾ ਹੈ?

ਯਹੋਵਾਹ ਢਲ਼ਣ ਵਾਲਿਆਂ ਨੂੰ ਚੁਣਦਾ ਹੈ

4. ਲੋਕਾਂ ਨੂੰ ਆਪਣੇ ਵੱਲ ਖਿੱਚਣ ਤੋਂ ਪਹਿਲਾਂ ਯਹੋਵਾਹ ਕੀ ਦੇਖਦਾ ਹੈ? ਮਿਸਾਲਾਂ ਦਿਓ।

4 ਯਹੋਵਾਹ ਇਨਸਾਨਾਂ ਦਾ ਬਾਹਰੀ ਰੂਪ ਦੇਖਣ ਦੀ ਬਜਾਇ ਉਨ੍ਹਾਂ ਦਾ ਦਿਲ ਦੇਖਦਾ ਹੈ। (1 ਸਮੂਏਲ 16:7ਅ ਪੜ੍ਹੋ।) ਇਸ ਗੱਲ ਦਾ ਸਾਫ਼ ਸਬੂਤ ਮਿਲਿਆ ਜਦੋਂ ਪਰਮੇਸ਼ੁਰ ਨੇ ਮਸੀਹੀ ਮੰਡਲੀ ਸਥਾਪਿਤ ਕੀਤੀ। ਉਸ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਅਤੇ ਆਪਣੇ ਪੁੱਤਰ ਵੱਲ ਖਿੱਚਿਆ ਜਿਨ੍ਹਾਂ ਨੂੰ ਲੋਕ ਕਿਸੇ ਕੰਮ ਦੇ ਨਹੀਂ ਸਮਝਦੇ ਸਨ। (ਯੂਹੰ. 6:44) ਮਿਸਾਲ ਲਈ, ਪਰਮੇਸ਼ੁਰ ਨੇ ਸੌਲੁਸ ਨਾਂ ਦੇ ਫ਼ਰੀਸੀ ਨੂੰ ਆਪਣੇ ਵੱਲ ਖਿੱਚਿਆ ਜੋ “ਪਰਮੇਸ਼ੁਰ ਦੀ ਨਿੰਦਿਆ ਕਰਦਾ ਹੁੰਦਾ ਸੀ, ਉਸ ਦੇ ਲੋਕਾਂ ਉੱਤੇ ਅਤਿਆਚਾਰ ਕਰਦਾ ਹੁੰਦਾ ਸੀ ਤੇ ਹੰਕਾਰੀ ਸੀ।” (1 ਤਿਮੋ. 1:13) ਪਰ ‘ਮਨਾਂ ਦੇ ਪਰਖਣ ਵਾਲੇ’ ਨੇ ਸੌਲੁਸ ਨੂੰ ਨਿਕੰਮੀ ਮਿੱਟੀ ਦੀ ਤਰ੍ਹਾਂ ਨਹੀਂ ਸਮਝਿਆ। (ਕਹਾ. 17:3) ਸਗੋਂ ਪਰਮੇਸ਼ੁਰ ਨੇ ਦੇਖਿਆ ਕਿ ਉਹ ਨਰਮ ਮਿੱਟੀ ਸੀ ਜਿਸ ਨੂੰ ਉਹ ਇਕ ‘ਚੁਣੇ ਹੋਏ’ ਭਾਂਡੇ ਦੀ ਤਰ੍ਹਾਂ ਵਰਤ ਸਕਦਾ ਸੀ ਤਾਂਕਿ ਉਹ “ਗ਼ੈਰ-ਯਹੂਦੀ ਲੋਕਾਂ, ਰਾਜਿਆਂ ਅਤੇ ਇਜ਼ਰਾਈਲੀ ਲੋਕਾਂ” ਨੂੰ ਗਵਾਹੀ ਦੇਵੇ। (ਰਸੂ. 9:15) ਯਹੋਵਾਹ ਨੇ ਹੋਰਨਾਂ ਲੋਕਾਂ ਨੂੰ ਵੀ ‘ਆਦਰ ਦੇ ਕੰਮ ਲਈ ਵਰਤੇ’ ਜਾਂਦੇ ਭਾਂਡਿਆਂ ਵਜੋਂ ਦੇਖਿਆ ਜਿਨ੍ਹਾਂ ਵਿਚ ਸ਼ਰਾਬੀ, ਚੋਰ ਅਤੇ ਬਦਚਲਣ ਆਦਿ ਲੋਕ ਸ਼ਾਮਲ ਸਨ। (ਰੋਮੀ. 9:21; 1 ਕੁਰਿੰ. 6:9-11) ਜਿੱਦਾਂ-ਜਿੱਦਾਂ ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਦੀ ਸਹੀ ਸਿੱਖਿਆ ਲਈ, ਉੱਦਾਂ-ਉੱਦਾਂ ਉਨ੍ਹਾਂ ਨੇ ਆਪਣੀ ਨਿਹਚਾ ਮਜ਼ਬੂਤ ਕੀਤੀ ਅਤੇ ਆਪਣੇ ਆਪ ਨੂੰ ਯਹੋਵਾਹ ਦੇ ਹੱਥਾਂ ਵਿਚ ਢਲ਼ਣ ਦਿੱਤਾ।

5, 6. (ੳ) ਯਹੋਵਾਹ ਨੂੰ ਆਪਣਾ ਘੁਮਿਆਰ ਮੰਨਣ ਕਰਕੇ ਪ੍ਰਚਾਰ ਵਿਚ ਲੋਕਾਂ ਪ੍ਰਤੀ ਸਾਡਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ? (ਅ) ਯਹੋਵਾਹ ਨੂੰ ਆਪਣਾ ਘੁਮਿਆਰ ਮੰਨਣ ਕਰਕੇ ਭੈਣਾਂ-ਭਰਾਵਾਂ ਪ੍ਰਤੀ ਸਾਡਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ?

5 ਸਾਨੂੰ ਇਸ ਗੱਲ ਦਾ ਯਕੀਨ ਹੈ ਕਿ ਯਹੋਵਾਹ ਲੋਕਾਂ ਦੇ ਦਿਲ ਪੜ੍ਹ ਸਕਦਾ ਹੈ ਅਤੇ ਉਹ ਜਿਨ੍ਹਾਂ ਨੂੰ ਚਾਹੇ ਆਪਣੇ ਵੱਲ ਖਿੱਚ ਸਕਦਾ ਹੈ। ਇਸ ਕਰਕੇ ਅਸੀਂ ਪ੍ਰਚਾਰ ਵਿਚ ਮਿਲਦੇ ਲੋਕਾਂ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਬਾਰੇ ਪਹਿਲਾਂ ਹੀ ਰਾਇ ਕਾਇਮ ਨਹੀਂ ਕਰਦੇ। ਮਾਈਕਲ ਨਾਂ ਦੇ ਆਦਮੀ ਦੀ ਮਿਸਾਲ ਲਓ। ਉਹ ਦੱਸਦਾ ਹੈ: “ਜਦੋਂ ਵੀ ਯਹੋਵਾਹ ਦੇ ਗਵਾਹ ਮੇਰੇ ਦਰਵਾਜ਼ੇ ’ਤੇ ਆਉਂਦੇ ਸਨ, ਤਾਂ ਮੈਂ ਬਿਨਾਂ ਗੱਲ ਕੀਤਿਆਂ ਦਰਵਾਜ਼ਾ ਬੰਦ ਕਰ ਦਿੰਦਾ ਸੀ। ਮੇਰਾ ਰਵੱਈਆ ਚੰਗਾ ਨਹੀਂ ਸੀ। ਬਾਅਦ ਵਿਚ ਮੈਂ ਕਿਤੇ ਹੋਰ ਇਕ ਪਰਿਵਾਰ ਨੂੰ ਮਿਲਿਆ। ਉਸ ਪਰਿਵਾਰ ਦੇ ਸਾਰੇ ਮੈਂਬਰ ਬਹੁਤ ਹੀ ਚੰਗੇ ਸਨ ਜਿਨ੍ਹਾਂ ਨੂੰ ਦੇਖ ਕੇ ਮੈਂ ਬਹੁਤ ਪ੍ਰਭਾਵਿਤ ਹੋਇਆ। ਪਰ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਯਹੋਵਾਹ ਦੇ ਗਵਾਹ ਸਨ, ਤਾਂ ਮੈਂ ਹੱਕਾ-ਬੱਕਾ ਰਹਿ ਗਿਆ। ਉਨ੍ਹਾਂ ਦਾ ਚੰਗਾ ਚਾਲ-ਚਲਣ ਦੇਖ ਕੇ ਮੈਂ ਆਪਣੇ ਆਪ ਨੂੰ ਪੁੱਛਿਆ, ‘ਮੈਂ ਯਹੋਵਾਹ ਦੇ ਗਵਾਹਾਂ ਨੂੰ ਚੰਗਾ ਕਿਉਂ ਨਹੀਂ ਸਮਝਦਾ?’ ਮੈਨੂੰ ਪਤਾ ਲੱਗਾ ਕਿ ਮੈਨੂੰ ਯਹੋਵਾਹ ਦੇ ਗਵਾਹਾਂ ਬਾਰੇ ਸੱਚ ਨਹੀਂ ਪਤਾ, ਬੱਸ ਮੈਂ ਸੁਣੀਆਂ-ਸੁਣਾਈਆਂ ਗੱਲਾਂ ’ਤੇ ਵਿਸ਼ਵਾਸ ਕਰਦਾ ਆਇਆ ਸੀ।” ਇਨ੍ਹਾਂ ਬਾਰੇ ਸੱਚ ਪਤਾ ਕਰਨ ਲਈ ਮਾਈਕਲ ਬਾਈਬਲ ਸਟੱਡੀ ਕਰਨ ਲੱਗ ਪਿਆ। ਬਾਅਦ ਵਿਚ ਉਹ ਸੱਚਾਈ ਵਿਚ ਆ ਗਿਆ ਅਤੇ ਪੂਰੇ ਸਮੇਂ ਦੀ ਸੇਵਾ ਕਰਨ ਲੱਗ ਪਿਆ।

6 ਯਹੋਵਾਹ ਨੂੰ ਆਪਣਾ ਘੁਮਿਆਰ ਮੰਨਣ ਕਰਕੇ ਭੈਣਾਂ-ਭਰਾਵਾਂ ਪ੍ਰਤੀ ਵੀ ਸਾਡਾ ਰਵੱਈਆ ਬਦਲ ਸਕਦਾ ਹੈ। ਕੀ ਤੁਸੀਂ ਆਪਣੇ ਭੈਣਾਂ-ਭਰਾਵਾਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖਦੇ ਹੋ ਕਿ ਉਹ ਅਜੇ ਵੀ ਉਨ੍ਹਾਂ ਨੂੰ ਢਾਲ਼ ਰਿਹਾ ਹੈ? ਉਹ ਦਿਲਾਂ ਨੂੰ ਜਾਣਨ ਦੇ ਨਾਲ-ਨਾਲ ਇਹ ਵੀ ਜਾਣਦਾ ਹੈ ਕਿ ਉਹ ਉਨ੍ਹਾਂ ਨੂੰ ਢਾਲ਼ ਕੇ ਕਿੱਦਾਂ ਦੇ ਇਨਸਾਨ ਬਣਾ ਸਕਦਾ ਹੈ। ਇਸ ਲਈ ਲੋਕਾਂ ਦੀਆਂ ਛੋਟੀਆਂ-ਮੋਟੀਆਂ ਖ਼ਾਮੀਆਂ ਦੇਖਣ ਦੀ ਬਜਾਇ ਯਹੋਵਾਹ ਉਨ੍ਹਾਂ ਬਾਰੇ ਸਹੀ ਨਜ਼ਰੀਆ ਰੱਖਦਾ ਹੈ। (ਜ਼ਬੂ. 130:3) ਅਸੀਂ ਯਹੋਵਾਹ ਦੇ ਸੇਵਕਾਂ ਪ੍ਰਤੀ ਸਹੀ ਰਵੱਈਆ ਰੱਖ ਕੇ ਉਸ ਦੀ ਰੀਸ ਕਰ ਸਕਦੇ ਹਾਂ। ਜੀ ਹਾਂ, ਭੈਣਾਂ-ਭਰਾਵਾਂ ਦੀ ਸੱਚਾਈ ਵਿਚ ਤਰੱਕੀ ਕਰਨ ਵਿਚ ਮਦਦ ਕਰ ਕੇ ਅਸੀਂ ਆਪਣੇ ਘੁਮਿਆਰ ਨਾਲ ਮਿਲ ਕੇ ਕੰਮ ਕਰ ਸਕਦੇ ਹਾਂ। (1 ਥੱਸ. 5:14, 15) ‘ਤੋਹਫ਼ਿਆਂ ਵਜੋਂ ਦਿੱਤੇ’ ਬਜ਼ੁਰਗਾਂ ਨੂੰ ਇਸ ਮਾਮਲੇ ਵਿਚ ਪਹਿਲ ਕਰਨੀ ਚਾਹੀਦੀ ਹੈ।—ਅਫ਼. 4:8, 11-13.

ਯਹੋਵਾਹ ਸਾਨੂੰ ਕਿਉਂ ਢਾਲ਼ਦਾ ਹੈ?

7. ਤੁਸੀਂ ਯਹੋਵਾਹ ਵੱਲੋਂ ਮਿਲੀ ਤਾੜਨਾ ਦੀ ਕਦਰ ਕਿਉਂ ਕਰਦੇ ਹੋ?

7 ਤੁਸੀਂ ਸ਼ਾਇਦ ਕਿਸੇ ਨੂੰ ਇਹ ਕਹਿੰਦੇ ਸੁਣਿਆ ਹੋਵੇ: ‘ਮੈਨੂੰ ਆਪਣੇ ਮਾਪਿਆਂ ਵੱਲੋਂ ਮਿਲੀ ਤਾੜਨਾ ਦੀ ਉਦੋਂ ਤਕ ਕਦਰ ਨਹੀਂ ਹੋਈ ਜਦੋਂ ਤਕ ਮੇਰੇ ਆਪਣੇ ਨਿਆਣੇ ਨਹੀਂ ਹੋ ਗਏ।’ ਉਮਰ ਵਧਣ ਨਾਲ ਸ਼ਾਇਦ ਤਾੜਨਾ ਪ੍ਰਤੀ ਸਾਡਾ ਨਜ਼ਰੀਆ ਬਦਲ ਜਾਵੇ। ਸ਼ਾਇਦ ਅਸੀਂ ਤਾੜਨਾ ਪ੍ਰਤੀ ਯਹੋਵਾਹ ਵਰਗੀ ਸੋਚ ਰੱਖੀਏ ਕਿ ਪਿਆਰ ਕਰਕੇ ਤਾੜਨਾ ਦਿੱਤੀ ਜਾਂਦੀ ਹੈ। (ਇਬਰਾਨੀਆਂ 12:5, 6, 11 ਪੜ੍ਹੋ।) ਪਿਆਰ ਹੋਣ ਕਰਕੇ ਯਹੋਵਾਹ ਆਪਣੇ ਬੱਚਿਆਂ ਨੂੰ ਹੌਲੀ-ਹੌਲੀ ਢਾਲ਼ਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਸਮਝਦਾਰ ਬਣੀਏ, ਖ਼ੁਸ਼ ਰਹੀਏ ਅਤੇ ਉਸ ਨਾਲ ਪਿਆਰ ਕਰੀਏ। (ਕਹਾ. 23:15) ਉਹ ਨਹੀਂ ਚਾਹੁੰਦਾ ਕਿ ਅਸੀਂ ਆਪਣੇ ਕਿਸੇ ਗ਼ਲਤ ਕਦਮ ਚੁੱਕਣ ਕਰਕੇ ਦੁੱਖ ਝੱਲੀਏ। ਨਾਲੇ ਉਹ ਇਹ ਵੀ ਨਹੀਂ ਚਾਹੁੰਦਾ ਕਿ ਸਾਨੂੰ ਮੌਤ ਦੀ ਸਜ਼ਾ ਮਿਲੇ।​—ਅਫ਼. 2:2, 3.

8, 9. ਅੱਜ ਯਹੋਵਾਹ ਸਾਨੂੰ ਕਿਵੇਂ ਸਿਖਾ ਰਿਹਾ ਹੈ ਅਤੇ ਭਵਿੱਖ ਵਿਚ ਇਹ ਸਿੱਖਿਆ ਕਿਵੇਂ ਵਧੇਗੀ?

8 ਯਹੋਵਾਹ ਨੂੰ ਜਾਣਨ ਤੋਂ ਪਹਿਲਾਂ ਸਾਡੇ ਵਿਚ ਬਹੁਤ ਸਾਰੇ ਔਗੁਣ ਸਨ, ਸ਼ਾਇਦ ਸਾਡਾ ਜਾਨਵਰਾਂ ਵਰਗਾ ਸੁਭਾਅ ਸੀ। ਪਰ ਅਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਹਾਂ ਕਿ ਉਸ ਦੇ ਢਾਲ਼ਣ ਕਰਕੇ ਸਾਡਾ ਸੁਭਾਅ ਬਦਲ ਗਿਆ। (ਯਸਾ. 11:6-8; ਕੁਲੁ. 3:9, 10) ਅੱਜ ਯਹੋਵਾਹ ਦੇ ਲੋਕਾਂ ਵਿਚ ਪਿਆਰ ਅਤੇ ਸ਼ਾਂਤੀ ਭਰਿਆ ਮਾਹੌਲ ਹੈ ਜਿਸ ਵਿਚ ਉਹ ਸਾਨੂੰ ਢਾਲ਼ ਰਿਹਾ ਹੈ। ਦੁਨੀਆਂ ਦੀ ਦੁਸ਼ਟਤਾ ਦੇ ਬਾਵਜੂਦ ਵੀ ਅਸੀਂ ਇਸ ਮਾਹੌਲ ਵਿਚ ਸੁਰੱਖਿਅਤ ਮਹਿਸੂਸ ਕਰਦੇ ਹਾਂ। ਇਸ ਤੋਂ ਇਲਾਵਾ, ਜਿਨ੍ਹਾਂ ਨੂੰ ਬਚਪਨ ਵਿਚ ਆਪਣੇ ਮਾਪਿਆਂ ਤੋਂ ਪਿਆਰ ਨਹੀਂ ਮਿਲਿਆ, ਉਨ੍ਹਾਂ ਨੂੰ ਹੁਣ ਪਰਮੇਸ਼ੁਰ ਦੇ ਲੋਕਾਂ ਵਿਚ ਪਿਆਰ ਮਿਲਦਾ ਹੈ। (ਯੂਹੰ. 13:35) ਅਸੀਂ ਦੂਜਿਆਂ ਨੂੰ ਵੀ ਪਿਆਰ ਦਿਖਾਉਣਾ ਸਿੱਖਿਆ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਯਹੋਵਾਹ ਨੂੰ ਜਾਣਿਆ ਹੈ ਅਤੇ ਇਕ ਪਿਤਾ ਦਾ ਪਿਆਰ ਪਾਇਆ ਹੈ।​—ਯਾਕੂ. 4:8.

9 ਨਵੀਂ ਦੁਨੀਆਂ ਵਿਚ ਅਸੀਂ ਇਸ ਪਿਆਰ ਅਤੇ ਸ਼ਾਂਤੀ ਭਰੇ ਮਾਹੌਲ ਦਾ ਪੂਰੀ ਤਰ੍ਹਾਂ ਆਨੰਦ ਮਾਣ ਸਕਾਂਗੇ। ਇਸ ਦੇ ਨਾਲ-ਨਾਲ ਪਰਮੇਸ਼ੁਰ ਦੇ ਰਾਜ ਅਧੀਨ ਪੂਰੀ ਦੁਨੀਆਂ ਇਕ ਸੁੰਦਰ ਬਾਗ਼ ਵਰਗੀ ਬਣਾਈ ਜਾਵੇਗੀ। ਉਸ ਸਮੇਂ ਦੌਰਾਨ ਯਹੋਵਾਹ ਸਾਨੂੰ ਢਾਲ਼ਦਾ ਰਹੇਗਾ ਅਤੇ ਸਾਨੂੰ ਇੰਨੀ ਵਧੀਆ ਸਿੱਖਿਆ ਦੇਵੇਗਾ ਜਿਸ ਬਾਰੇ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। (ਯਸਾ. 11:9) ਇਸ ਤੋਂ ਇਲਾਵਾ, ਪਰਮੇਸ਼ੁਰ ਸਾਡੇ ਮਨਾਂ ਅਤੇ ਸਰੀਰਾਂ ਨੂੰ ਮੁਕੰਮਲ ਬਣਾ ਦੇਵੇਗਾ ਜਿਸ ਕਰਕੇ ਅਸੀਂ ਉਸ ਦੀ ਸਿੱਖਿਆ ਆਸਾਨੀ ਨਾਲ ਸਮਝ ਸਕਾਂਗੇ ਅਤੇ ਪਾਪ ਤੋਂ ਆਜ਼ਾਦ ਹੋਣ ਕਰਕੇ ਉਸ ਦੀ ਇੱਛਾ ਪੂਰੀ ਕਰ ਸਕਾਂਗੇ। ਸੋ ਆਓ ਆਪਾਂ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਬਣੇ ਰਹੀਏ ਅਤੇ ਦਿਖਾਈਏ ਕਿ ਅਸੀਂ ਉਸ ਵੱਲੋਂ ਦਿੱਤੀ ਤਾੜਨਾ ਨੂੰ ਉਸ ਦੇ ਪਿਆਰ ਦਾ ਸਬੂਤ ਸਮਝਦੇ ਹਾਂ।​—ਕਹਾ. 3:11, 12.

ਯਹੋਵਾਹ ਸਾਨੂੰ ਕਿਸ ਤਰ੍ਹਾਂ ਢਾਲ਼ਦਾ ਹੈ?

10. ਯਿਸੂ ਦੀ ਮਿਸਾਲ ਤੋਂ ਸਾਨੂੰ ਯਹੋਵਾਹ ਦੇ ਧੀਰਜ ਅਤੇ ਕੁਸ਼ਲਤਾ ਬਾਰੇ ਕੀ ਪਤਾ ਲੱਗਦਾ ਹੈ?

10 ਇਕ ਬਹੁਤ ਹੀ ਕੁਸ਼ਲ ਘੁਮਿਆਰ ਦੀ ਤਰ੍ਹਾਂ ਯਹੋਵਾਹ ਜਾਣਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ “ਮਿੱਟੀ” ਹਾਂ ਅਤੇ ਉਹ ਸਾਨੂੰ ਉਸ ਮੁਤਾਬਕ ਢਾਲ਼ਦਾ ਹੈ। (ਜ਼ਬੂਰਾਂ ਦੀ ਪੋਥੀ 103:10-14 ਪੜ੍ਹੋ।) ਉਹ ਕਦੇ ਵੀ ਇਕ ਇਨਸਾਨ ਦੀ ਤੁਲਨਾ ਦੂਜੇ ਇਨਸਾਨ ਨਾਲ ਨਹੀਂ ਕਰਦਾ। ਉਹ ਸਾਡੀਆਂ ਕਮੀਆਂ-ਕਮਜ਼ੋਰੀਆਂ ਅਤੇ ਹੱਦਾਂ ਜਾਣਨ ਦੇ ਨਾਲ-ਨਾਲ ਇਹ ਵੀ ਜਾਣਦਾ ਹੈ ਕਿ ਅਸੀਂ ਕਿਸ ਹੱਦ ਤਕ ਸੱਚਾਈ ਵਿਚ ਤਰੱਕੀ ਕੀਤੀ ਹੈ। ਯਿਸੂ ਜਿਸ ਤਰੀਕੇ ਨਾਲ ਆਪਣੇ ਚੇਲਿਆਂ ਨਾਲ ਪੇਸ਼ ਆਇਆ, ਉਸ ਤੋਂ ਅਸੀਂ ਜਾਣ ਸਕਦੇ ਹਾਂ ਕਿ ਯਹੋਵਾਹ ਆਪਣੇ ਸੇਵਕਾਂ ਪ੍ਰਤੀ ਕਿਹੋ ਜਿਹਾ ਰਵੱਈਆ ਰੱਖਦਾ ਹੈ। ਗੌਰ ਕਰੋ ਕਿ ਯਿਸੂ ਆਪਣੇ ਰਸੂਲਾਂ ਨਾਲ ਕਿੱਦਾਂ ਪੇਸ਼ ਆਉਂਦਾ ਸੀ, ਖ਼ਾਸ ਕਰਕੇ ਜਦੋਂ ਰਸੂਲ ਆਪਸ ਵਿਚ ਬਹਿਸ ਕਰਦੇ ਸਨ ਕਿ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਹੈ। ਜੇ ਤੁਸੀਂ ਰਸੂਲਾਂ ਨੂੰ ਬਹਿਸ ਕਰਦੇ ਹੋਏ ਦੇਖਦੇ, ਤਾਂ ਕੀ ਤੁਸੀਂ ਕਹਿੰਦੇ ਕਿ ਉਹ ਨਿਮਰ ਅਤੇ ਢਲ਼ਣ ਯੋਗ ਨਹੀਂ ਹਨ? ਪਰ ਯਿਸੂ ਨੇ ਇਨ੍ਹਾਂ ਪ੍ਰਤੀ ਗ਼ਲਤ ਨਜ਼ਰੀਆ ਨਹੀਂ ਰੱਖਿਆ। ਯਿਸੂ ਜਾਣਦਾ ਸੀ ਕਿ ਉਸ ਦੇ ਵਫ਼ਾਦਾਰ ਰਸੂਲਾਂ ਨੂੰ ਪਿਆਰ ਅਤੇ ਧੀਰਜ ਨਾਲ ਸਲਾਹ ਦੇ ਕੇ ਢਾਲ਼ਿਆ ਜਾ ਸਕਦਾ ਸੀ। ਨਾਲੇ ਉਹ ਉਸ ਦੀ ਨਿਮਰਤਾ ਤੋਂ ਵੀ ਸਿੱਖ ਸਕਦੇ ਸਨ। (ਮਰ. 9:33-37; 10:37, 41-45; ਲੂਕਾ 22:24-27) ਯਿਸੂ ਦੇ ਜੀਉਂਦੇ ਹੋਣ ਤੋਂ ਬਾਅਦ ਅਤੇ ਰਸੂਲਾਂ ਨੂੰ ਪਵਿੱਤਰ ਸ਼ਕਤੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਪੂਰਾ ਧਿਆਨ ਯਿਸੂ ਵੱਲੋਂ ਦਿੱਤੇ ਕੰਮ ’ਤੇ ਲਾਇਆ, ਨਾ ਕਿ ਇਸ ਗੱਲ ’ਤੇ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਸੀ।​—ਰਸੂ. 5:42.

11. ਦਾਊਦ ਨੇ ਕਿੱਦਾਂ ਦਿਖਾਇਆ ਕਿ ਉਹ ਨਰਮ ਮਿੱਟੀ ਸੀ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

11 ਯਹੋਵਾਹ ਅੱਜ ਆਪਣੇ ਸੇਵਕਾਂ ਨੂੰ ਆਪਣੇ ਬਚਨ, ਪਵਿੱਤਰ ਸ਼ਕਤੀ ਅਤੇ ਮੰਡਲੀ ਦੁਆਰਾ ਢਾਲ਼ਦਾ ਹੈ। ਪਰਮੇਸ਼ੁਰ ਦਾ ਬਚਨ ਸਾਨੂੰ ਢਾਲ਼ ਸਕਦਾ ਹੈ ਜਦੋਂ ਅਸੀਂ ਉਸ ਨੂੰ ਧਿਆਨ ਨਾਲ ਪੜ੍ਹਦੇ ਹਾਂ, ਉਸ ਉੱਤੇ ਮਨਨ ਕਰਦੇ ਹਾਂ ਅਤੇ ਬਾਈਬਲ ਦੀਆਂ ਗੱਲਾਂ ਲਾਗੂ ਕਰਨ ਵਿਚ ਯਹੋਵਾਹ ਤੋਂ ਮਦਦ ਮੰਗਦੇ ਹਾਂ। ਦਾਊਦ ਨੇ ਲਿਖਿਆ: “ਜਿਸ ਵੇਲੇ ਮੈਂ ਆਪਣੇ ਵਿਛਾਉਣੇ ਉੱਤੇ ਤੈਨੂੰ ਯਾਦ ਕਰਦਾ ਹਾਂ, ਅਤੇ ਰਾਤ ਦੇ ਪਹਿਰਾਂ ਵਿੱਚ ਤੇਰਾ ਧਿਆਨ ਕਰਦਾ ਹਾਂ।” (ਜ਼ਬੂ. 63:6) ਉਸ ਨੇ ਇਹ ਵੀ ਲਿਖਿਆ: “ਮੈਂ ਯਹੋਵਾਹ ਨੂੰ ਮੁਬਾਰਕ ਆਖਾਂਗਾ ਜਿਸ ਨੇ ਮੈਨੂੰ ਸਲਾਹ ਦਿੱਤੀ ਹੈ, ਰਾਤ ਦੇ ਵੇਲੇ ਮੇਰੇ ਗੁਰਦੇ ਮੈਨੂੰ ਸਿਖਲਾਉਂਦੇ ਹਨ।” (ਜ਼ਬੂ. 16:7) ਦਾਊਦ ਨੇ ਪਰਮੇਸ਼ੁਰ ਦੀਆਂ ਸਲਾਹਾਂ ਨੂੰ ਆਪਣੇ ‘ਗੁਰਦਿਆਂ’ ਯਾਨੀ ਆਪਣੇ ਧੁਰ ਅੰਦਰ ਤਕ ਬਿਠਾਇਆ ਤਾਂਕਿ ਇਹ ਸਲਾਹਾਂ ਉਸ ਦੀਆਂ ਡੂੰਘੀਆਂ ਸੋਚਾਂ ਅਤੇ ਭਾਵਨਾਵਾਂ ਨੂੰ ਢਾਲ਼ ਸਕਣ, ਚਾਹੇ ਇਹ ਸਲਾਹਾਂ ਸਖ਼ਤ ਹੀ ਸਨ। (2 ਸਮੂ. 12:1-13) ਦਾਊਦ ਨੇ ਸਾਡੇ ਲਈ ਨਿਮਰਤਾ ਅਤੇ ਅਧੀਨਗੀ ਦੀ ਕਿੰਨੀ ਹੀ ਵਧੀਆ ਮਿਸਾਲ ਕਾਇਮ ਕੀਤੀ! ਕੀ ਤੁਸੀਂ ਵੀ ਪਰਮੇਸ਼ੁਰ ਦੇ ਬਚਨ ’ਤੇ ਮਨਨ ਕਰਦੇ ਹੋ ਤਾਂਕਿ ਉਸ ਦੀਆਂ ਗੱਲਾਂ ਤੁਹਾਡੇ ਧੁਰ ਅੰਦਰ ਤਕ ਪਹੁੰਚ ਸਕਣ? ਕੀ ਤੁਹਾਨੂੰ ਇਸ ਮਾਮਲੇ ਵਿਚ ਸੁਧਾਰ ਕਰਨ ਦੀ ਲੋੜ ਹੈ?​—ਜ਼ਬੂ. 1:2, 3.

12, 13. ਯਹੋਵਾਹ ਸਾਨੂੰ ਪਵਿੱਤਰ ਸ਼ਕਤੀ ਅਤੇ ਮੰਡਲੀ ਦੁਆਰਾ ਕਿਵੇਂ ਢਾਲ਼ਦਾ ਹੈ?

12 ਪਵਿੱਤਰ ਸ਼ਕਤੀ ਕਈ ਤਰੀਕਿਆਂ ਨਾਲ ਸਾਨੂੰ ਢਾਲ਼ ਸਕਦੀ ਹੈ। ਮਿਸਾਲ ਲਈ, ਇਸ ਦੀ ਮਦਦ ਨਾਲ ਅਸੀਂ ਯਿਸੂ ਦੀ ਰੀਸ ਕਰ ਸਕਦੇ ਹਾਂ ਜਿਸ ਨੇ ਪਵਿੱਤਰ ਸ਼ਕਤੀ ਦੇ ਗੁਣ ਦਿਖਾਏ। (ਗਲਾ. 5:22, 23) ਪਵਿੱਤਰ ਸ਼ਕਤੀ ਦੇ ਗੁਣਾਂ ਵਿੱਚੋਂ ਇਕ ਗੁਣ ਪਿਆਰ ਹੈ। ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਅਸੀਂ ਉਸ ਦੇ ਹੁਕਮਾਂ ਨੂੰ ਬੋਝ ਨਹੀਂ ਸਮਝਦੇ, ਸਗੋਂ ਅਸੀਂ ਉਸ ਦਾ ਕਹਿਣਾ ਮੰਨਦੇ ਹਾਂ ਅਤੇ ਉਸ ਦੁਆਰਾ ਢਾਲੇ ਜਾਣਾ ਚਾਹੁੰਦੇ ਹਾਂ। ਪਵਿੱਤਰ ਸ਼ਕਤੀ ਸਾਡੀ ਮਦਦ ਕਰ ਸਕਦੀ ਹੈ ਤਾਂਕਿ ਅਸੀਂ ਇਸ ਦੁਨੀਆਂ ਦੀ ਮਾੜੀ ਸੋਚ ਦਾ ਆਪਣੇ ’ਤੇ ਅਸਰ ਨਾ ਪੈਣ ਦੇਈਏ। (ਅਫ਼. 2:2) ਯਹੂਦੀ ਧਾਰਮਿਕ ਆਗੂਆਂ ਦੇ ਘਮੰਡੀ ਰਵੱਈਏ ਨੇ ਨੌਜਵਾਨ ਪੌਲੁਸ ’ਤੇ ਬਹੁਤ ਪ੍ਰਭਾਵ ਪਾਇਆ। ਪੌਲੁਸ ਨੇ ਰਸੂਲ ਬਣਨ ਤੋਂ ਬਾਅਦ ਲਿਖਿਆ: “ਹਰ ਹਾਲਤ ਵਿਚ ਮੈਨੂੰ ਪਰਮੇਸ਼ੁਰ ਤੋਂ ਤਾਕਤ ਮਿਲਦੀ ਹੈ ਜਿਹੜਾ ਮੈਨੂੰ ਸ਼ਕਤੀ ਬਖ਼ਸ਼ਦਾ ਹੈ।” (ਫ਼ਿਲਿ. 4:13) ਇਸ ਲਈ ਆਓ ਆਪਾਂ ਵੀ ਪੌਲੁਸ ਵਾਂਗ ਪਵਿੱਤਰ ਸ਼ਕਤੀ ਦੀ ਮੰਗ ਕਰਦੇ ਰਹੀਏ। ਯਹੋਵਾਹ ਕਦੀ ਵੀ ਨਿਮਰ ਲੋਕਾਂ ਦੀਆਂ ਪ੍ਰਾਰਥਨਾਵਾਂ ਨੂੰ ਅਣਸੁਣੀਆਂ ਨਹੀਂ ਕਰੇਗਾ।​—ਜ਼ਬੂ. 10:17.

ਯਹੋਵਾਹ ਸਾਨੂੰ ਮੰਡਲੀ ਦੇ ਬਜ਼ੁਰਗਾਂ ਦੁਆਰਾ ਢਾਲ਼ਦਾ ਹੈ, ਪਰ ਸਾਨੂੰ ਵੀ ਕੁਝ ਕਰਨ ਦੀ ਲੋੜ ਹੈ (ਪੈਰੇ 12, 13 ਦੇਖੋ)

13 ਯਹੋਵਾਹ ਸਾਨੂੰ ਮੰਡਲੀ ਅਤੇ ਬਜ਼ੁਰਗਾਂ ਦੁਆਰਾ ਢਾਲ਼ਦਾ ਹੈ। ਮਿਸਾਲ ਲਈ, ਜੇ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਅਸੀਂ ਸੱਚਾਈ ਵਿਚ ਕਮਜ਼ੋਰ ਹੋ ਰਹੇ ਹਾਂ, ਤਾਂ ਉਹ ਸਾਡੀ ਮਦਦ ਕਰਦੇ ਹਨ। ਪਰ ਉਹ ਆਪਣੇ ਵੱਲੋਂ ਸਲਾਹ ਨਹੀਂ ਦਿੰਦੇ। (ਗਲਾ. 6:1) ਇਸ ਦੀ ਬਜਾਇ, ਉਹ ਪਰਮੇਸ਼ੁਰ ਤੋਂ ਬੁੱਧ ਅਤੇ ਸਮਝ ਲਈ ਪ੍ਰਾਰਥਨਾ ਕਰਦੇ ਹਨ। ਫਿਰ ਸਾਡੇ ਹਾਲਾਤਾਂ ਨੂੰ ਮਨ ਵਿਚ ਰੱਖਦੇ ਹੋਏ ਉਹ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਤੋਂ ਖੋਜਬੀਨ ਕਰਦੇ ਹਨ। ਇੱਦਾਂ ਕਰ ਕੇ ਉਹ ਸਾਡੇ ਹਾਲਾਤਾਂ ਮੁਤਾਬਕ ਸਾਨੂੰ ਸਹੀ ਸਲਾਹ ਦੇ ਪਾਉਂਦੇ ਹਨ। ਜੇ ਬਜ਼ੁਰਗ ਤੁਹਾਨੂੰ ਪਿਆਰ ਨਾਲ ਸਲਾਹ ਦੇਣ, ਜਿਵੇਂ ਕਿ ਕੱਪੜਿਆਂ ਜਾਂ ਹਾਰ-ਸ਼ਿੰਗਾਰ ਬਾਰੇ, ਤਾਂ ਕੀ ਤੁਸੀਂ ਉਨ੍ਹਾਂ ਦੀ ਸਲਾਹ ਨੂੰ ਪਰਮੇਸ਼ੁਰ ਦੇ ਪਿਆਰ ਦਾ ਸਬੂਤ ਸਮਝ ਕੇ ਕਬੂਲ ਕਰੋਗੇ? ਸਲਾਹ ਮੰਨ ਕੇ ਤੁਸੀਂ ਦਿਖਾਓਗੇ ਕਿ ਤੁਸੀਂ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਹੋ ਅਤੇ ਤੁਸੀਂ ਯਹੋਵਾਹ ਦੀ ਮਰਜ਼ੀ ਮੁਤਾਬਕ ਢਲ਼ਣ ਲਈ ਤਿਆਰ ਹੋ।

14. ਭਾਵੇਂ ਕਿ ਯਹੋਵਾਹ ਦਾ ਮਿੱਟੀ ’ਤੇ ਹੱਕ ਹੈ, ਪਰ ਉਹ ਲੋਕਾਂ ਨੂੰ ਕੀ ਕਰਨ ਲਈ ਮਜਬੂਰ ਨਹੀਂ ਕਰਦਾ?

14 ਜੇ ਅਸੀਂ ਸਮਝਦੇ ਹਾਂ ਕਿ ਯਹੋਵਾਹ ਸਾਨੂੰ ਕਿਵੇਂ ਢਾਲ਼ਦਾ ਹੈ, ਤਾਂ ਇਹ ਸਾਡੀ ਆਪਣੇ ਭੈਣਾਂ-ਭਰਾਵਾਂ ਨਾਲ ਵਧੀਆ ਰਿਸ਼ਤਾ ਬਣਾਉਣ ਵਿਚ ਮਦਦ ਕਰ ਸਕਦਾ ਹੈ। ਨਾਲੇ ਇਹ ਸਾਡੀ ਆਪਣੇ ਇਲਾਕੇ ਦੇ ਲੋਕਾਂ ਅਤੇ ਆਪਣੇ ਬਾਈਬਲ ਵਿਦਿਆਰਥੀਆਂ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਮਦਦ ਕਰੇਗਾ। ਘੁਮਿਆਰ ਮਿੱਟੀ ਪੁੱਟ ਕੇ ਭਾਂਡੇ ਬਣਾਉਣੇ ਸ਼ੁਰੂ ਨਹੀਂ ਕਰ ਦਿੰਦਾ, ਸਗੋਂ ਉਹ ਮਿੱਟੀ ਗੁਨ੍ਹਦਿਆਂ ਉਸ ਵਿੱਚੋਂ ਰੋੜੇ-ਰੂੜੇ ਕੱਢਦਾ ਹੈ। ਇਸੇ ਤਰ੍ਹਾਂ ਜਿਹੜੇ ਲੋਕ ਢਲ਼ਣਾ ਚਾਹੁੰਦੇ ਹਨ, ਉਨ੍ਹਾਂ ਨੂੰ ਯਹੋਵਾਹ ਪਹਿਲਾਂ ਤਿਆਰ ਕਰਦਾ ਹੈ। ਪਰ ਉਹ ਉਨ੍ਹਾਂ ਨੂੰ ਢਲ਼ਣ ਲਈ ਮਜਬੂਰ ਨਹੀਂ ਕਰਦਾ। ਇਸ ਦੀ ਬਜਾਇ, ਉਹ ਉਨ੍ਹਾਂ ਨੂੰ ਆਪਣੇ ਧਰਮੀ ਮਿਆਰ ਦੱਸਦਾ ਹੈ ਅਤੇ ਉਨ੍ਹਾਂ ’ਤੇ ਛੱਡ ਦਿੰਦਾ ਹੈ ਕਿ ਉਹ ਆਪਣੀਆਂ ਜ਼ਿੰਦਗੀਆਂ ਵਿਚ ਸੁਧਾਰ ਕਰਨਗੇ ਜਾਂ ਨਹੀਂ।

15, 16. ਬਾਈਬਲ ਵਿਦਿਆਰਥੀ ਕਿਵੇਂ ਦਿਖਾਉਂਦੇ ਹਨ ਕਿ ਉਹ ਚਾਹੁੰਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਢਾਲੇ? ਮਿਸਾਲ ਦਿਓ।

15 ਆਸਟ੍ਰੇਲੀਆ ਤੋਂ ਟੈਸੀ ਨਾਂ ਦੀ ਭੈਣ ਦੀ ਮਿਸਾਲ ’ਤੇ ਗੌਰ ਕਰੋ। ਉਸ ਨਾਲ ਸਟੱਡੀ ਕਰਨ ਵਾਲੀ ਭੈਣ ਨੇ ਕਿਹਾ: “ਟੈਸੀ ਬਹੁਤ ਵਧੀਆ ਸਟੱਡੀ ਕਰਦੀ ਹੁੰਦੀ ਸੀ। ਪਰ ਉਸ ਨੇ ਸੱਚਾਈ ਵਿਚ ਤਰੱਕੀ ਨਹੀਂ ਕੀਤੀ, ਇੱਥੋਂ ਤਕ ਕਿ ਉਹ ਸਭਾਵਾਂ ਵਿਚ ਵੀ ਨਹੀਂ ਆਉਂਦੀ ਸੀ। ਇਸ ਲਈ ਯਹੋਵਾਹ ਨੂੰ ਕਈ ਵਾਰ ਪ੍ਰਾਰਥਨਾ ਕਰਨ ਤੋਂ ਬਾਅਦ ਮੈਂ ਉਸ ਦੀ ਸਟੱਡੀ ਛੱਡਣ ਦਾ ਫ਼ੈਸਲਾ ਕੀਤਾ। ਮੈਂ ਸੋਚਿਆ ਕਿ ਟੈਸੀ ਨਾਲ ਇਹ ਮੇਰੀ ਆਖ਼ਰੀ ਸਟੱਡੀ ਹੋਵੇਗੀ, ਪਰ ਕੁਝ ਅਜਿਹਾ ਹੋਇਆ ਜਿਸ ਨਾਲ ਮੈਂ ਹੈਰਾਨ ਰਹਿ ਗਈ। ਟੈਸੀ ਨੇ ਉਸ ਦਿਨ ਮੇਰੇ ਅੱਗੇ ਆਪਣਾ ਦਿਲ ਖੋਲ੍ਹਿਆ। ਉਸ ਨੇ ਦੱਸਿਆ ਕਿ ਉਸ ਨੂੰ ਲੱਗਦਾ ਸੀ ਕਿ ਉਹ ਢੌਂਗ ਕਰ ਰਹੀ ਸੀ ਕਿਉਂਕਿ ਉਸ ਨੂੰ ਜੂਆ ਖੇਡਣਾ ਪਸੰਦ ਸੀ। ਪਰ ਹੁਣ ਉਸ ਨੇ ਜੂਆ ਨਾ ਖੇਡਣ ਦਾ ਫ਼ੈਸਲਾ ਕੀਤਾ।”

16 ਇਸ ਤੋਂ ਜਲਦੀ ਬਾਅਦ ਟੈਸੀ ਸਭਾਵਾਂ ਵਿਚ ਆਉਣ ਲੱਗ ਪਈ ਅਤੇ ਪਰਮੇਸ਼ੁਰੀ ਗੁਣ ਦਿਖਾਉਣ ਲੱਗ ਪਈ ਭਾਵੇਂ ਕਿ ਉਸ ਦੀਆਂ ਸਹੇਲੀਆਂ ਨੇ ਉਸ ਦਾ ਮਜ਼ਾਕ ਉਡਾਇਆ। ਭੈਣ ਨੇ ਅੱਗੇ ਕਿਹਾ: “ਸਮੇਂ ਦੇ ਬੀਤਣ ਨਾਲ ਟੈਸੀ ਨੇ ਬਪਤਿਸਮਾ ਲੈ ਲਿਆ। ਛੋਟੇ-ਛੋਟੇ ਬੱਚੇ ਹੋਣ ਦੇ ਬਾਵਜੂਦ ਵੀ ਉਸ ਨੇ ਰੈਗੂਲਰ ਪਾਇਨੀਅਰਿੰਗ ਕੀਤੀ।” ਜੀ ਹਾਂ, ਜਦੋਂ ਬਾਈਬਲ ਵਿਦਿਆਰਥੀ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕਰਦੇ ਹਨ, ਤਾਂ ਪਰਮੇਸ਼ੁਰ ਉਨ੍ਹਾਂ ਦੇ ਨੇੜੇ ਆਉਂਦਾ ਹੈ ਅਤੇ ਉਨ੍ਹਾਂ ਨੂੰ ਵਧੀਆ ਭਾਂਡਿਆਂ ਵਜੋਂ ਢਾਲ਼ਦਾ ਹੈ।

17. (ੳ) ਤੁਸੀਂ ਕਿਉਂ ਖ਼ੁਸ਼ ਹੋ ਕਿ ਯਹੋਵਾਹ ਤੁਹਾਡਾ ਘੁਮਿਆਰ ਹੈ? (ਅ) ਅਗਲੇ ਲੇਖ ਵਿਚ ਅਸੀਂ ਕਿਹੜੇ ਸਵਾਲਾਂ ’ਤੇ ਗੌਰ ਕਰਾਂਗੇ?

17 ਅੱਜ ਵੀ ਕੁਝ ਭਾਂਡੇ ਹੱਥਾਂ ਨਾਲ ਬਣਾਏ ਜਾਂਦੇ ਹਨ ਅਤੇ ਘੁਮਿਆਰ ਬੜੇ ਧਿਆਨ ਨਾਲ ਮਿੱਟੀ ਦੇ ਭਾਂਡੇ ਬਣਾਉਂਦਾ ਹੈ। ਇਸੇ ਤਰ੍ਹਾਂ ਸਾਡਾ ਘੁਮਿਆਰ ਵੀ ਸਾਨੂੰ ਸਲਾਹਾਂ ਦੇ ਕੇ ਬੜੇ ਧਿਆਨ ਅਤੇ ਧੀਰਜ ਨਾਲ ਢਾਲ਼ਦਾ ਹੈ। ਫਿਰ ਉਹ ਦੇਖਦਾ ਹੈ ਕਿ ਅਸੀਂ ਉਸ ਦੀਆਂ ਸਲਾਹਾਂ ਪ੍ਰਤੀ ਕਿਹੋ ਜਿਹਾ ਰਵੱਈਆ ਦਿਖਾਉਂਦੇ ਹਾਂ। (ਜ਼ਬੂਰਾਂ ਦੀ ਪੋਥੀ 32:8 ਪੜ੍ਹੋ।) ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਯਹੋਵਾਹ ਤੁਹਾਡੇ ਵਿਚ ਕਿੰਨੀ ਦਿਲਚਸਪੀ ਰੱਖਦਾ ਹੈ? ਕੀ ਤੁਸੀਂ ਦੇਖਦੇ ਹੋ ਕਿ ਉਹ ਪਿਆਰ ਨਾਲ ਤੁਹਾਨੂੰ ਆਪਣੇ ਹੱਥਾਂ ਵਿਚ ਢਾਲ਼ ਰਿਹਾ ਹੈ? ਜੇ ਹਾਂ, ਤਾਂ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਬਣੇ ਰਹਿਣ ਲਈ ਹੋਰ ਕਿਹੜੇ ਗੁਣ ਤੁਹਾਡੀ ਮਦਦ ਕਰਨਗੇ? ਤੁਹਾਨੂੰ ਆਪਣੇ ਵਿੱਚੋਂ ਕਿਹੜੇ ਔਗੁਣ ਕੱਢਣੇ ਚਾਹੀਦੇ ਹਨ ਤਾਂਕਿ ਤੁਸੀਂ ਸਖ਼ਤ ਮਿੱਟੀ ਨਾ ਬਣ ਜਾਓ? ਨਾਲੇ ਯਹੋਵਾਹ ਨਾਲ ਮਿਲ ਕੇ ਮਾਪੇ ਆਪਣੇ ਬੱਚਿਆਂ ਨੂੰ ਢਾਲ਼ਣ ਲਈ ਕੀ ਕਰ ਸਕਦੇ ਹਨ? ਅਗਲੇ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ।