Skip to content

Skip to table of contents

ਪਰਮੇਸ਼ੁਰ ਦਾ ਗੁਣ ਹੀਰੇ-ਮੋਤੀਆਂ ਨਾਲੋਂ ਕਿਤੇ ਜ਼ਿਆਦਾ ਕੀਮਤੀ

ਪਰਮੇਸ਼ੁਰ ਦਾ ਗੁਣ ਹੀਰੇ-ਮੋਤੀਆਂ ਨਾਲੋਂ ਕਿਤੇ ਜ਼ਿਆਦਾ ਕੀਮਤੀ

ਹੀਰਿਆਂ ਨੂੰ ਲੰਬੇ ਸਮੇਂ ਤੋਂ ਅਨਮੋਲ ਜਵਾਹਰ ਸਮਝਿਆ ਜਾਂਦਾ ਹੈ। ਕਈ ਹੀਰਿਆਂ ਦੀ ਕੀਮਤ ਕਰੋੜਾਂ ਵਿਚ ਹੁੰਦੀ ਹੈ। ਪਰ ਕੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਹੀਰੇ-ਮੋਤੀਆਂ ਨਾਲੋਂ ਹੋਰ ਕੀਮਤੀ ਚੀਜ਼ਾਂ ਹਨ?

ਆਰਮੀਨੀਆ ਦੀ ਰਹਿਣ ਵਾਲੀ ਹਾਈਗਾਨੂਸ਼ ਪ੍ਰਚਾਰਕ ਹੈ ਜਿਸ ਦਾ ਅਜੇ ਬਪਤਿਸਮਾ ਨਹੀਂ ਹੋਇਆ। ਉਸ ਨੂੰ ਆਪਣੇ ਘਰ ਦੇ ਨੇੜੇ ਇਕ ਪਾਸਪੋਰਟ ਲੱਭਾ। ਪਾਸਪੋਰਟ ਦੇ ਵਿਚ ਕੁਝ ਡੈਬਿਟ ਕਾਰਡ ਅਤੇ ਕਾਫ਼ੀ ਪੈਸੇ ਸਨ। ਹਾਈਗਾਨੂਸ਼ ਨੇ ਇਹ ਗੱਲ ਆਪਣੇ ਪਤੀ ਨੂੰ ਦੱਸੀ। ਉਸ ਦਾ ਪਤੀ ਵੀ ਪ੍ਰਚਾਰਕ ਸੀ।

ਇਸ ਜੋੜੇ ਨੂੰ ਪੈਸਿਆਂ ਦੀ ਕਾਫ਼ੀ ਜ਼ਿਆਦਾ ਤੰਗੀ ਸੀ ਅਤੇ ਉਨ੍ਹਾਂ ਦੇ ਸਿਰ ’ਤੇ ਕਰਜ਼ਾ ਸੀ। ਪਰ ਉਹ ਫਿਰ ਵੀ ਪਾਸਪੋਰਟ ਵਿਚ ਦਿੱਤੇ ਪਤੇ ’ਤੇ ਪੈਸੇ ਮੋੜਨ ਗਏ। ਜਿਸ ਆਦਮੀ ਦਾ ਪਾਸਪੋਰਟ ਗੁਆਚਾ ਸੀ, ਉਹ ਅਤੇ ਉਸ ਦਾ ਪਰਿਵਾਰ ਹੈਰਾਨ ਰਹਿ ਗਿਆ। ਹਾਈਗਾਨੂਸ਼ ਅਤੇ ਉਸ ਦੇ ਪਤੀ ਨੇ ਸਮਝਾਇਆ ਕਿ ਉਨ੍ਹਾਂ ਨੇ ਈਮਾਨਦਾਰੀ ਇਸ ਲਈ ਦਿਖਾਈ ਕਿਉਂਕਿ ਉਹ ਬਾਈਬਲ ਬਾਰੇ ਸਿੱਖ ਰਹੇ ਸਨ। ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਨੂੰ ਈਮਾਨਦਾਰੀ ਦਿਖਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੇ ਇਸ ਮੌਕੇ ’ਤੇ ਉਸ ਪਰਿਵਾਰ ਨਾਲ ਯਹੋਵਾਹ ਦੇ ਗਵਾਹਾਂ ਬਾਰੇ ਗੱਲ ਕਰ ਕੇ ਕੁਝ ਪ੍ਰਕਾਸ਼ਨ ਵੀ ਦਿੱਤੇ।

ਉਹ ਪਰਿਵਾਰ ਹਾਈਗਾਨੂਸ਼ ਨੂੰ ਇਨਾਮ ਵਜੋਂ ਕੁਝ ਪੈਸੇ ਦੇਣਾ ਚਾਹੁੰਦਾ ਸੀ, ਪਰ ਉਸ ਨੇ ਪੈਸੇ ਨਹੀਂ ਲਏ। ਅਗਲੇ ਦਿਨ ਉਸ ਆਦਮੀ ਦੀ ਪਤਨੀ ਹਾਈਗਾਨੂਸ਼ ਦੇ ਘਰ ਗਈ ਅਤੇ ਆਪਣੇ ਪਰਿਵਾਰ ਵੱਲੋਂ ਸ਼ੁਕਰਗੁਜ਼ਾਰੀ ਦਿਖਾਉਂਦਿਆਂ ਹਾਈਗਾਨੂਸ਼ ’ਤੇ ਹੀਰੇ ਦੀ ਮੁੰਦੀ ਲੈਣ ਦਾ ਜ਼ੋਰ ਪਾਇਆ।

ਉਸ ਪਰਿਵਾਰ ਵਾਂਗ ਸ਼ਾਇਦ ਬਹੁਤ ਸਾਰੇ ਲੋਕ ਹਾਈਗਾਨੂਸ਼ ਅਤੇ ਉਸ ਦੇ ਪਤੀ ਦੀ ਈਮਾਨਦਾਰੀ ਤੋਂ ਹੈਰਾਨ ਹੋਣ। ਪਰ ਕੀ ਯਹੋਵਾਹ ਨੂੰ ਹੈਰਾਨੀ ਹੋਈ? ਉਸ ਨੇ ਉਨ੍ਹਾਂ ਦੀ ਈਮਾਨਦਾਰੀ ਨੂੰ ਕਿਵੇਂ ਵਿਚਾਰਿਆ? ਕੀ ਉਨ੍ਹਾਂ ਦੀ ਈਮਾਨਦਾਰੀ ਦਾ ਕੋਈ ਫ਼ਾਇਦਾ ਹੋਇਆ?

ਚੀਜ਼ਾਂ ਨਾਲੋਂ ਗੁਣ ਕਿਤੇ ਜ਼ਿਆਦਾ ਕੀਮਤੀ

ਇਨ੍ਹਾਂ ਸਵਾਲਾਂ ਦੇ ਜਵਾਬ ਔਖੇ ਨਹੀਂ ਹਨ। ਕਿਉਂ? ਕਿਉਂਕਿ ਪਰਮੇਸ਼ੁਰ ਦੇ ਸੇਵਕ ਮੰਨਦੇ ਹਨ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਉਸ ਵਰਗੇ ਗੁਣ ਦਿਖਾਉਣੇ ਹੀਰੇ, ਸੋਨੇ ਅਤੇ ਹੋਰ ਚੀਜ਼ਾਂ ਨਾਲੋਂ ਕਿਤੇ ਜ਼ਿਆਦਾ ਕੀਮਤੀ ਹਨ। ਜੀ ਹਾਂ, ਜ਼ਿਆਦਾਤਰ ਲੋਕ ਜਿਨ੍ਹਾਂ ਚੀਜ਼ਾਂ ਨੂੰ ਕੀਮਤੀ ਸਮਝਦੇ ਹਨ, ਉਹ ਚੀਜ਼ਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਬੇਕਾਰ ਹਨ। (ਯਸਾ. 55:8, 9) ਨਾਲੇ ਯਹੋਵਾਹ ਦੇ ਸੇਵਕਾਂ ਲਈ ਉਸ ਦੇ ਗੁਣਾਂ ਦੀ ਰੀਸ ਕਰਨ ਲਈ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਕੀਮਤੀ ਹਨ।

ਇਹ ਗੱਲ ਅਸੀਂ ਬਾਈਬਲ ਤੋਂ ਦੇਖ ਸਕਦੇ ਹਾਂ ਕਿ ਬਾਈਬਲ ਸਮਝ ਅਤੇ ਬੁੱਧ ਬਾਰੇ ਕੀ ਕਹਿੰਦੀ ਹੈ। ਕਹਾਉਤਾਂ 3:13-15 ਵਿਚ ਲਿਖਿਆ ਹੈ: “ਧੰਨ ਹੈ ਉਹ ਆਦਮੀ ਜਿਹ ਨੂੰ ਬੁੱਧ ਲੱਭਦੀ ਹੈ, ਅਤੇ ਉਹ ਪੁਰਸ਼ ਜਿਹ ਨੂੰ ਸਮਝ ਪ੍ਰਾਪਤ ਹੁੰਦੀ ਹੈ, ਕਿਉਂ ਜੋ ਉਹ ਦੀ ਪ੍ਰਾਪਤੀ ਚਾਂਦੀ ਦੀ ਪ੍ਰਾਪਤੀ ਨਾਲੋਂ, ਅਤੇ ਉਹ ਦਾ ਲਾਭ ਚੋਖੇ ਸੋਨੇ ਨਾਲੋਂ ਚੰਗਾ ਹੈ। ਉਹ ਤਾਂ ਲਾਲਾਂ ਨਾਲੋਂ ਵੀ ਅਣਮੁੱਲ ਹੈ, ਅਤੇ ਜਿੰਨੀਆਂ ਵਸਤਾਂ ਦੀ ਤੈਨੂੰ ਲੋਚ ਹੈ ਓਹਨਾਂ ਵਿੱਚੋਂ ਕੋਈ ਵੀ ਉਹ ਦੇ ਤੁੱਲ ਨਹੀਂ।” ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਇਸ ਤਰ੍ਹਾਂ ਦੇ ਗੁਣਾਂ ਨੂੰ ਕਿਸੇ ਵੀ ਚੀਜ਼ ਨਾਲੋਂ ਕੀਮਤੀ ਸਮਝਦਾ ਹੈ।

ਤਾਂ ਫਿਰ, ਈਮਾਨਦਾਰੀ ਬਾਰੇ ਕੀ?

ਯਹੋਵਾਹ ਆਪ ਈਮਾਨਦਾਰ ਹੈ, ਉਹ “ਕਦੀ ਝੂਠ ਨਹੀਂ ਬੋਲ ਸਕਦਾ।” (ਤੀਤੁ. 1:2) ਉਸ ਨੇ ਪੌਲੁਸ ਰਸੂਲ ਨੂੰ ਪ੍ਰੇਰਿਤ ਕੀਤਾ ਕਿ ਉਹ ਪਹਿਲੀ ਸਦੀ ਦੇ ਇਬਰਾਨੀ ਮਸੀਹੀਆਂ ਨੂੰ ਲਿਖੇ: “ਸਾਡੇ ਵਾਸਤੇ ਪ੍ਰਾਰਥਨਾ ਕਰਦੇ ਰਹੋ ਕਿਉਂਕਿ ਸਾਨੂੰ ਭਰੋਸਾ ਹੈ ਕਿ ਸਾਡੀ ਜ਼ਮੀਰ ਸਾਫ਼ ਹੈ ਅਤੇ ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।”—ਇਬ. 13:18.

ਯਿਸੂ ਮਸੀਹ ਨੇ ਈਮਾਨਦਾਰੀ ਦੀ ਵਧੀਆ ਮਿਸਾਲ ਰੱਖੀ। ਮਿਸਾਲ ਲਈ, ਉਸ ਸਮੇਂ ਨੂੰ ਯਾਦ ਕਰੋ ਜਦੋਂ ਮਹਾਂ ਪੁਜਾਰੀ ਕੇਫ਼ਾਸ ਨੇ ਕਿਹਾ: “ਤੈਨੂੰ ਜੀਉਂਦੇ ਪਰਮੇਸ਼ੁਰ ਦੀ ਸਹੁੰ, ਜੇ ਤੂੰ ਪਰਮੇਸ਼ੁਰ ਦਾ ਪੁੱਤਰ ਅਤੇ ਮਸੀਹ ਹੈਂ, ਤਾਂ ਸਾਨੂੰ ਦੱਸ।” ਯਿਸੂ ਨੇ ਮਸੀਹ ਵਜੋਂ ਆਪਣੀ ਪਛਾਣ ਕਰਾਈ, ਭਾਵੇਂ ਕਿ ਇਸ ਸੱਚਾਈ ਕਰਕੇ ਮਹਾਸਭਾ ਉਸ ’ਤੇ ਦੋਸ਼ ਲਾ ਸਕਦੀ ਸੀ ਕਿ ਉਸ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ। ਇਸ ਕਰਕੇ ਮਹਾਸਭਾ ਦੇ ਲੋਕ ਯਿਸੂ ਨੂੰ ਮਰਵਾ ਸਕਦੇ ਸਨ।​—ਮੱਤੀ 26:63-67.

ਸਾਡੇ ਬਾਰੇ ਕੀ? ਕੀ ਅਸੀਂ ਉਨ੍ਹਾਂ ਹਾਲਾਤਾਂ ਵਿਚ ਵੀ ਈਮਾਨਦਾਰ ਰਹਾਂਗੇ ਜਦੋਂ ਕੁਝ ਗੱਲਾਂ ਲੁਕਾਉਣ ਜਾਂ ਉਨ੍ਹਾਂ ਨੂੰ ਤੋੜ-ਮਰੋੜ ਕੇ ਦੱਸਣ ਕਰਕੇ ਸਾਨੂੰ ਪੈਸੇ ਜਾਂ ਹੋਰ ਚੀਜ਼ਾਂ ਮਿਲ ਸਕਦੀਆਂ ਹਨ?

ਈਮਾਨਦਾਰੀ ਇਕ ਚੁਣੌਤੀ

ਇਹ ਸੱਚ ਹੈ ਕਿ ਇਨ੍ਹਾਂ ਆਖ਼ਰੀ ਦਿਨਾਂ ਵਿਚ ਈਮਾਨਦਾਰ ਰਹਿਣਾ ਔਖਾ ਹੈ ਕਿਉਂਕਿ ਬਹੁਤ ਸਾਰੇ ਲੋਕ “ਸੁਆਰਥੀ” ਅਤੇ “ਪੈਸੇ ਦੇ ਪ੍ਰੇਮੀ” ਹਨ। (2 ਤਿਮੋ. 3:2) ਜਦੋਂ ਆਰਥਿਕ ਸੰਕਟ ਜਾਂ ਕੰਮ ਮਿਲਣਾ ਮੁਸ਼ਕਲ ਹੁੰਦਾ ਹੈ, ਤਾਂ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਚੋਰੀ ਕਰਨੀ, ਧੋਖਾ ਦੇਣਾ ਜਾਂ ਹੋਰ ਬੇਈਮਾਨੀ ਵਾਲੇ ਕੰਮ ਕਰਨੇ ਗ਼ਲਤ ਨਹੀਂ ਹਨ। ਇਸ ਤਰ੍ਹਾਂ ਦੀ ਰਾਇ ਬਹੁਤ ਆਮ ਹੈ। ਖ਼ਾਸ ਕਰਕੇ ਜਦੋਂ ਪੈਸਿਆਂ ਤੇ ਹੋਰ ਚੀਜ਼ਾਂ ਦੀ ਗੱਲ ਆਉਂਦੀ ਹੈ, ਤਾਂ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਈਮਾਨਦਾਰੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਇੱਥੋਂ ਤਕ ਕਿ ਕਈ ਮਸੀਹੀਆਂ ਨੇ ਇਸ ਮਾਮਲੇ ਬਾਰੇ ਗ਼ਲਤ ਫ਼ੈਸਲੇ ਕੀਤੇ ਹਨ ਅਤੇ “ਦੂਸਰਿਆਂ ਦਾ ਫ਼ਾਇਦਾ ਉਠਾਉਣ” ਕਰਕੇ ਮੰਡਲੀ ਵਿਚ ਉਨ੍ਹਾਂ ਦੀ ਨੇਕਨਾਮੀ ਨਹੀਂ ਰਹੀ।—1 ਤਿਮੋ. 3:8; ਤੀਤੁ. 1:7.

ਪਰ ਜ਼ਿਆਦਾਤਰ ਮਸੀਹੀ ਯਿਸੂ ਦੀ ਰੀਸ ਕਰਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਕਿਸੇ ਵੀ ਧਨ-ਦੌਲਤ ਜਾਂ ਚੀਜ਼ ਨਾਲੋਂ ਪਰਮੇਸ਼ੁਰੀ ਗੁਣ ਕਿਤੇ ਜ਼ਿਆਦਾ ਅਹਿਮ ਹਨ। ਇਸ ਲਈ ਮਸੀਹੀ ਨੌਜਵਾਨ ਸਕੂਲ ਵਿਚ ਚੰਗੇ ਨੰਬਰ ਲੈਣ ਲਈ ਨਕਲ ਨਹੀਂ ਮਾਰਦੇ। (ਕਹਾ. 20:23) ਇਹ ਸੱਚ ਹੈ ਕਿ ਹਾਈਗਾਨੂਸ਼ ਦੀ ਤਰ੍ਹਾਂ ਈਮਾਨਦਾਰੀ ਦਿਖਾਉਣ ਦਾ ਸ਼ਾਇਦ ਹਮੇਸ਼ਾ ਇਨਾਮ ਨਾ ਮਿਲੇ। ਪਰ ਈਮਾਨਦਾਰੀ ਦਿਖਾਉਣੀ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਹੈ, ਇਸ ਕਰਕੇ ਸਾਡੀ ਜ਼ਮੀਰ ਸ਼ੁੱਧ ਰਹਿੰਦੀ ਹੈ ਜੋ ਸੱਚ-ਮੁੱਚ ਅਨਮੋਲ ਹੈ।

ਗਾਗੀਕ ਦੀ ਮਿਸਾਲ ਤੋਂ ਇਸ ਬਾਰੇ ਸਾਫ਼ ਪਤਾ ਲੱਗਦਾ ਹੈ। ਉਹ ਦੱਸਦਾ ਹੈ: “ਯਹੋਵਾਹ ਦਾ ਗਵਾਹ ਬਣਨ ਤੋਂ ਪਹਿਲਾਂ ਮੈਂ ਇਕ ਵੱਡੀ ਕੰਪਨੀ ਵਿਚ ਕੰਮ ਕਰਦਾ ਸੀ ਜਿੱਥੇ ਮਾਲਕ ਆਮਦਨ-ਕਰ ਤੋਂ ਬਚਣ ਲਈ ਆਪਣੀ ਆਮਦਨ ਥੋੜ੍ਹੀ ਦੱਸਦਾ ਸੀ। ਮੈਨੇਜਿੰਗ ਡਾਇਰੈਕਟਰ ਹੋਣ ਦੇ ਨਾਤੇ ਮੈਥੋਂ ਮੰਗ ਕੀਤੀ ਜਾਂਦੀ ਸੀ ਕਿ ਮੈਂ ਕਰ ਅਧਿਕਾਰੀ ਨੂੰ ਰਿਸ਼ਵਤ ਦੇਵਾਂ ਤਾਂਕਿ ਉਹ ਕੰਪਨੀ ਵਿਚ ਹੁੰਦੇ ਘਪਲੇ ਤੋਂ ਅੱਖਾਂ ਮੀਟ ਲਵੇ। ਇਸ ਕਰਕੇ ਲੋਕ ਮੈਨੂੰ ਬੇਈਮਾਨ ਸਮਝਦੇ ਸਨ। ਪਰ ਜਦੋਂ ਮੈਂ ਸੱਚਾਈ ਸਿੱਖੀ, ਤਾਂ ਮੈਂ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ। ਭਾਵੇਂ ਕਿ ਮੈਨੂੰ ਮੋਟੀ ਤਨਖ਼ਾਹ ਮਿਲਦੀ ਸੀ, ਪਰ ਮੈਂ ਇਹ ਕੰਮ ਛੱਡ ਕੇ ਆਪਣਾ ਕਾਰੋਬਾਰ ਕਰਨ ਲੱਗ ਪਿਆ। ਪਹਿਲੇ ਦਿਨ ਤੋਂ ਹੀ ਮੈਂ ਆਪਣੀ ਕੰਪਨੀ ਨੂੰ ਕਾਨੂੰਨੀ ਤੌਰ ’ਤੇ ਰਜਿਸਟਰ ਕਰਾਇਆ ਅਤੇ ਸਾਰੇ ਕਰ ਭਰਦਾ ਹਾਂ।”​—2 ਕੁਰਿੰ. 8:21.

ਗਾਗੀਕ ਦੱਸਦਾ ਹੈ: “ਮੇਰੀ ਆਮਦਨ ਪਹਿਲਾਂ ਨਾਲੋਂ ਅੱਧੀ ਰਹਿ ਗਈ ਜਿਸ ਕਰਕੇ ਮੇਰੇ ਲਈ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਔਖਾ ਸੀ। ਪਰ ਮੈਂ ਹੁਣ ਪਹਿਲਾਂ ਨਾਲੋਂ ਜ਼ਿਆਦਾ ਖ਼ੁਸ਼ ਹਾਂ। ਯਹੋਵਾਹ ਅੱਗੇ ਮੇਰੀ ਜ਼ਮੀਰ ਸਾਫ਼ ਹੈ। ਮੈਂ ਆਪਣੇ ਦੋ ਮੁੰਡਿਆਂ ਲਈ ਚੰਗੀ ਮਿਸਾਲ ਰੱਖੀ ਹੈ ਅਤੇ ਮੰਡਲੀ ਵਿਚ ਮੈਨੂੰ ਬਹੁਤ ਸਾਰੇ ਸਨਮਾਨ ਮਿਲੇ ਹਨ। ਟੈਕਸ ਅਧਿਕਾਰੀ ਅਤੇ ਜਿਨ੍ਹਾਂ ਨਾਲ ਮੈਂ ਕਾਰੋਬਾਰ ਕਰਦਾ ਹਾਂ, ਉਹ ਮੈਨੂੰ ਈਮਾਨਦਾਰ ਆਦਮੀ ਵਜੋਂ ਜਾਣਦੇ ਹਨ।”

ਯਹੋਵਾਹ ਤੋਂ ਮਦਦ

ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਜੋ ਈਮਾਨਦਾਰੀ ਦਾ ਗੁਣ ਦਿਖਾਉਣ ਦੇ ਨਾਲ-ਨਾਲ ਉਸ ਦੇ ਹੋਰ ਗੁਣਾਂ ਦੀ ਵੀ ਰੀਸ ਕਰਦੇ ਹਨ। (ਤੀਤੁ. 2:10) ਰਾਜਾ ਦਾਊਦ ਨੇ ਯਹੋਵਾਹ ਦੀ ਪ੍ਰੇਰਣਾ ਨਾਲ ਇਹ ਭਰੋਸਾ ਦੇਣ ਵਾਲੀ ਗੱਲ ਲਿਖੀ: “ਮੈਂ ਜੁਆਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ।”​—ਜ਼ਬੂ. 37:25.

ਵਫ਼ਾਦਾਰ ਰੂਥ ਨੇ ਇਹ ਗੱਲ ਆਪਣੀ ਜ਼ਿੰਦਗੀ ਵਿਚ ਸੱਚ ਹੁੰਦੀ ਦੇਖੀ। ਉਹ ਆਪਣੀ ਸਿਆਣੀ ਸੱਸ ਨਾਓਮੀ ਨੂੰ ਛੱਡਣ ਦੀ ਬਜਾਇ ਉਸ ਨਾਲ ਹੀ ਰਹੀ। ਰੂਥ ਇਜ਼ਰਾਈਲ ਨੂੰ ਚਲੀ ਗਈ ਜਿੱਥੇ ਉਹ ਸੱਚੇ ਪਰਮੇਸ਼ੁਰ ਦੀ ਭਗਤੀ ਕਰ ਸਕੀ। (ਰੂਥ 1:16, 17) ਇਜ਼ਰਾਈਲ ਵਿਚ ਹੁੰਦਿਆਂ ਉਹ ਈਮਾਨਦਾਰ ਰਹੀ ਅਤੇ ਉਸ ਨੇ ਸਖ਼ਤ ਮਿਹਨਤ ਕੀਤੀ। ਉਸ ਨੇ ਮੂਸਾ ਦੇ ਕਾਨੂੰਨ ਵਿਚ ਦਿੱਤੇ ਪ੍ਰਬੰਧ ਅਨੁਸਾਰ ਮਿਹਨਤ ਨਾਲ ਸਿੱਟੇ ਚੁਗਣ ਦਾ ਕੰਮ ਕੀਤਾ। ਯਹੋਵਾਹ ਨੇ ਰੂਥ ਅਤੇ ਨਾਓਮੀ ਨੂੰ ਕਦੇ ਨਹੀਂ ਛੱਡਿਆ। ਇਸੇ ਤਰ੍ਹਾਂ ਯਹੋਵਾਹ ਨੇ ਬਹੁਤ ਸਾਲਾਂ ਬਾਅਦ ਦਾਊਦ ਦਾ ਵੀ ਸਾਥ ਦਿੱਤਾ। (ਰੂਥ 2:2-18) ਯਹੋਵਾਹ ਨੇ ਰੂਥ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਉਸ ਨੂੰ ਬਰਕਤਾਂ ਵੀ ਦਿੱਤੀਆਂ। ਪਰਮੇਸ਼ੁਰ ਨੇ ਉਸ ਨੂੰ ਦਾਊਦ ਦੀ ਅਤੇ ਇੱਥੋਂ ਤਕ ਕਿ ਵਾਅਦਾ ਕੀਤੇ ਹੋਏ ਮਸੀਹ ਦੀ ਪੂਰਵਜ ਬਣਾਇਆ।​—ਰੂਥ 4:13-17; ਮੱਤੀ 1:5, 16.

ਯਹੋਵਾਹ ਦੇ ਕੁਝ ਸੇਵਕਾਂ ਲਈ ਸ਼ਾਇਦ ਆਪਣੀਆਂ ਰੋਜ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੈਸੇ ਕਮਾਉਣੇ ਔਖੇ ਹੋਣ। ਪਰ ਬੇਈਮਾਨੀ ਵਾਲਾ ਰਾਹ ਚੁਣਨ ਦੀ ਬਜਾਇ ਉਹ ਸਖ਼ਤ ਮਿਹਨਤ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉੱਦਮੀ ਬਣਦੇ ਹਨ। ਇਸ ਤਰ੍ਹਾਂ ਕਰਕੇ ਉਹ ਦਿਖਾਉਂਦੇ ਹਨ ਕਿ ਉਹ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਪਰਮੇਸ਼ੁਰ ਦੇ ਵਧੀਆ ਗੁਣਾਂ ਦੀ ਕਦਰ ਕਰਦੇ ਹਨ। ਇਨ੍ਹਾਂ ਗੁਣਾਂ ਵਿਚ ਈਮਾਨਦਾਰੀ ਵੀ ਸ਼ਾਮਲ ਹੈ।​—ਕਹਾ. 12:24; ਅਫ਼. 4:28.

ਰੂਥ ਵਾਂਗ ਦੁਨੀਆਂ ਭਰ ਦੇ ਮਸੀਹੀਆਂ ਨੇ ਯਹੋਵਾਹ ਦੀ ਤਾਕਤ ’ਤੇ ਭਰੋਸਾ ਦਿਖਾਇਆ ਹੈ। ਉਹ ਪਰਮੇਸ਼ੁਰ ’ਤੇ ਭਰੋਸਾ ਰੱਖਦੇ ਹਨ ਜਿਸ ਨੇ ਇਹ ਵਾਅਦਾ ਕੀਤਾ ਹੈ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।” (ਇਬ. 13:5) ਯਹੋਵਾਹ ਨੇ ਵਾਰ-ਵਾਰ ਦਿਖਾਇਆ ਹੈ ਕਿ ਉਹ ਹਰ ਵੇਲੇ ਈਮਾਨਦਾਰੀ ਦਿਖਾਉਣ ਵਾਲੇ ਬੇਸਹਾਰਾ ਲੋਕਾਂ ਦੀ ਮਦਦ ਕਰ ਸਕਦਾ ਹੈ ਅਤੇ ਕਰੇਗਾ ਵੀ। ਉਹ ਆਪਣੇ ਵਾਅਦੇ ’ਤੇ ਪੱਕਾ ਰਿਹਾ ਹੈ ਕਿ ਉਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ।​—ਮੱਤੀ 6:33.

ਜੀ ਹਾਂ, ਇਨਸਾਨ ਸ਼ਾਇਦ ਹੀਰਿਆਂ ਅਤੇ ਹੋਰ ਚੀਜ਼ਾਂ ਨੂੰ ਕੀਮਤੀ ਸਮਝਣ। ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਸਾਡੇ ਸਵਰਗੀ ਪਿਤਾ ਦੀਆਂ ਨਜ਼ਰਾਂ ਵਿਚ ਸਾਡੀ ਈਮਾਨਦਾਰੀ ਅਤੇ ਹੋਰ ਗੁਣਾਂ ਦੀ ਕੀਮਤ ਹੀਰੇ-ਮੋਤੀਆਂ ਨਾਲੋਂ ਕਿਤੇ ਜ਼ਿਆਦਾ ਹੈ!

ਜੇ ਅਸੀਂ ਈਮਾਨਦਾਰ ਵਜੋਂ ਜਾਣੇ ਜਾਂਦੇ ਹਾਂ, ਤਾਂ ਲੋਕ ਸਾਡੀ ਗੱਲ ਸੁਣਨ ਲਈ ਤਿਆਰ ਹੋਣਗੇ ਅਤੇ ਸਾਡੀ ਜ਼ਮੀਰ ਸ਼ੁੱਧ ਰਹੇਗੀ