Skip to content

Skip to table of contents

ਕੀ ਤੁਸੀਂ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਹੋ?

ਕੀ ਤੁਸੀਂ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਹੋ?

‘ਵੇਖੋ, ਜਿਵੇਂ ਮਿੱਟੀ ਘੁਮਿਆਰ ਦੇ ਹੱਥ ਵਿੱਚ ਹੈ ਤਿਵੇਂ ਤੁਸੀਂ ਮੇਰੇ ਹੱਥ ਵਿੱਚ ਹੋ।’​—ਯਿਰ. 18:6.

ਗੀਤ: 60, 22

1, 2. ਪਰਮੇਸ਼ੁਰ ਨੇ ਦਾਨੀਏਲ ਨੂੰ ‘ਅੱਤ ਪਿਆਰਾ ਮਨੁੱਖ’ ਕਿਉਂ ਕਿਹਾ ਸੀ ਅਤੇ ਅਸੀਂ ਦਾਨੀਏਲ ਵਾਂਗ ਆਗਿਆਕਾਰ ਕਿੱਦਾਂ ਬਣ ਸਕਦੇ ਹਾਂ?

ਜਦੋਂ ਇਜ਼ਰਾਈਲੀਆਂ ਨੂੰ ਗ਼ੁਲਾਮ ਬਣਾ ਕੇ ਬਾਬਲ ਸ਼ਹਿਰ ਲਿਆਂਦਾ ਗਿਆ, ਤਾਂ ਉਨ੍ਹਾਂ ਨੇ ਦੇਖਿਆ ਕੇ ਸ਼ਹਿਰ ਮੂਰਤੀਆਂ ਅਤੇ ਦੁਸ਼ਟ ਦੂਤਾਂ ਦੀ ਭਗਤੀ ਕਰਨ ਵਾਲੇ ਲੋਕਾਂ ਨਾਲ ਭਰਿਆ ਪਿਆ ਸੀ। ਪਰ ਦਾਨੀਏਲ ਅਤੇ ਉਸ ਦੇ ਤਿੰਨ ਦੋਸਤਾਂ ਵਾਂਗ ਹੋਰ ਵੀ ਵਫ਼ਾਦਾਰ ਇਜ਼ਰਾਈਲੀ ਬਾਬਲ ਦੇ ਬੁਰੇ ਮਾਹੌਲ ਮੁਤਾਬਕ ਨਹੀਂ ਢਲ਼ੇ। (ਦਾਨੀ. 1:6, 8, 12; 3:16-18) ਦਾਨੀਏਲ ਅਤੇ ਉਸ ਦੇ ਤਿੰਨ ਦੋਸਤਾਂ ਨੇ ਯਹੋਵਾਹ ਨੂੰ ਆਪਣਾ ਘੁਮਿਆਰ ਮੰਨ ਕੇ ਸਿਰਫ਼ ਉਸ ਦੀ ਹੀ ਭਗਤੀ ਕਰਨ ਦਾ ਪੱਕਾ ਇਰਾਦਾ ਕੀਤਾ ਸੀ। ਉਹ ਉਮਰ ਭਰ ਯਹੋਵਾਹ ਦੇ ਵਫ਼ਾਦਾਰ ਰਹੇ। ਭਾਵੇਂ ਕਿ ਦਾਨੀਏਲ ਨੇ ਆਪਣੀ ਜ਼ਿਆਦਾਤਰ ਜ਼ਿੰਦਗੀ ਬਾਬਲ ਵਿਚ ਹੀ ਬਿਤਾਈ, ਫਿਰ ਵੀ ਪਰਮੇਸ਼ੁਰ ਦੇ ਦੂਤ ਨੇ ਕਿਹਾ ਕਿ ਉਹ ‘ਅੱਤ ਪਿਆਰਾ ਮਨੁੱਖ’ ਸੀ।​—ਦਾਨੀ. 10:11, 19.

2 ਇਕ ਘੁਮਿਆਰ ਸ਼ਾਇਦ ਮਿੱਟੀ ਨੂੰ ਢਾਂਚੇ ਵਿਚ ਪਾਵੇ ਤਾਂਕਿ ਮਿੱਟੀ ਉਸ ਢਾਂਚੇ ਦਾ ਆਕਾਰ ਲੈ ਲਵੇ। ਅੱਜ ਸੱਚੀ ਭਗਤੀ ਕਰਨ ਵਾਲੇ ਲੋਕ ਇਹ ਮੰਨਦੇ ਹਨ ਕਿ ਪੂਰੀ ਕਾਇਨਾਤ ਦਾ ਮਾਲਕ ਯਹੋਵਾਹ ਜਿੱਦਾਂ ਚਾਹੇ ਲੋਕਾਂ ਅਤੇ ਕੌਮਾਂ ਨੂੰ ਢਾਲ਼ ਸਕਦਾ ਹੈ। (ਯਿਰਮਿਯਾਹ 18:6 ਪੜ੍ਹੋ।) ਯਹੋਵਾਹ ਸਾਨੂੰ ਵੀ ਆਪਣੀ ਮਰਜ਼ੀ ਮੁਤਾਬਕ ਢਾਲ਼ ਸਕਦਾ ਹੈ। ਪਰ ਉਹ ਸਾਨੂੰ ਜ਼ਬਰਦਸਤੀ ਨਹੀਂ ਢਾਲ਼ਦਾ, ਸਗੋਂ ਚਾਹੁੰਦਾ ਹੈ ਕਿ ਅਸੀਂ ਖ਼ੁਸ਼ੀ-ਖ਼ੁਸ਼ੀ ਉਸ ਦੀ ਮਰਜ਼ੀ ਮੁਤਾਬਕ ਢਲ਼ੀਏ। ਆਓ ਆਪਾਂ ਹੁਣ ਤਿੰਨ ਗੱਲਾਂ ’ਤੇ ਧਿਆਨ ਦੇਈਏ ਜੋ ਪਰਮੇਸ਼ੁਰ ਦੇ ਹੱਥਾਂ ਵਿਚ ਨਰਮ ਮਿੱਟੀ ਬਣੇ ਰਹਿਣ ਵਿਚ ਸਾਡੀ ਮਦਦ ਕਰ ਸਕਦੀਆਂ ਹਨ: (1) ਅਸੀਂ ਉਨ੍ਹਾਂ ਗੱਲਾਂ ਤੋਂ ਕਿਵੇਂ ਬਚ ਸਕਦੇ ਹਾਂ ਜੋ ਸ਼ਾਇਦ ਸਾਡੇ ਦਿਲਾਂ ਨੂੰ ਕਠੋਰ ਬਣਾ ਦੇਣ? (2) ਅਸੀਂ ਉਹ ਗੁਣ ਕਿੱਦਾਂ ਪੈਦਾ ਕਰ ਸਕਦੇ ਹਾਂ ਜੋ ਸਾਨੂੰ ਨਰਮ ਅਤੇ ਯਹੋਵਾਹ ਦੇ ਅਧੀਨ ਰਹਿਣ ਵਿਚ ਮਦਦ ਕਰ ਸਕਦੇ ਹਨ? (3) ਮਸੀਹੀ ਮਾਪੇ ਆਪਣੇ ਬੱਚਿਆਂ ਨੂੰ ਢਾਲ਼ਦਿਆਂ ਯਹੋਵਾਹ ਦੇ ਅਧੀਨ ਕਿੱਦਾਂ ਰਹਿ ਸਕਦੇ ਹਨ?

ਦਿਲ ਨੂੰ ਕਠੋਰ ਬਣਾਉਣ ਵਾਲੀਆਂ ਗੱਲਾਂ ਤੋਂ ਬਚੋ

3. ਕਿਨ੍ਹਾਂ ਗੱਲਾਂ ਕਰਕੇ ਸਾਡੇ ਦਿਲ ਕਠੋਰ ਹੋ ਸਕਦੇ ਹਨ? ਮਿਸਾਲ ਦਿਓ।

3 ਕਹਾਉਤਾਂ 4:23 ਵਿਚ ਲਿਖਿਆ ਹੈ: “ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!” ਸਾਨੂੰ ਕਿਨ੍ਹਾਂ ਗੱਲਾਂ ਤੋਂ ਚੌਕਸ ਰਹਿਣਾ ਚਾਹੀਦਾ ਹੈ ਤਾਂਕਿ ਸਾਡੇ ਦਿਲ ਕਠੋਰ ਨਾ ਹੋ ਜਾਣ? ਇਨ੍ਹਾਂ ਵਿਚ ਘਮੰਡ ਕਰਨਾ, ਵਾਰ-ਵਾਰ ਪਾਪ ਕਰਨਾ ਅਤੇ ਨਿਹਚਾ ਦੀ ਘਾਟ ਹੋਣ ਦੇ ਨਾਲ-ਨਾਲ ਹੋਰ ਵੀ ਗੱਲਾਂ ਹੋ ਸਕਦੀਆਂ ਹਨ। ਇਨ੍ਹਾਂ ਗੱਲਾਂ ਕਰਕੇ ਅਸੀਂ ਅਣਆਗਿਆਕਾਰੀ ਅਤੇ ਬਾਗ਼ੀ ਹੋ ਸਕਦੇ ਹਾਂ। (ਦਾਨੀ. 5:1, 20; ਇਬ. 3:13, 18, 19) ਯਹੂਦਾਹ ਦਾ ਰਾਜਾ ਉੱਜ਼ੀਯਾਹ ਘਮੰਡੀ ਸੀ। (2 ਇਤਹਾਸ 26:3-5, 16-21 ਪੜ੍ਹੋ।) ਸ਼ੁਰੂ-ਸ਼ੁਰੂ ਵਿਚ ਉੱਜ਼ੀਯਾਹ ਨੇ “ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ” ਅਤੇ ਉਹ ਪਰਮੇਸ਼ੁਰ ਦੀ ਭਾਲ ਕਰਦਾ ਰਿਹਾ। ਪਰ ‘ਜਦ ਉਹ ਤਕੜਾ ਹੋ ਗਿਆ, ਤਾਂ ਉਹ ਦਾ ਦਿਲ ਹੰਕਾਰਿਆ ਗਿਆ’ ਭਾਵੇਂ ਕਿ ਉਸ ਦੀ ਤਾਕਤ ਪਿੱਛੇ ਪਰਮੇਸ਼ੁਰ ਦਾ ਹੱਥ ਸੀ। ਇੱਥੋਂ ਤਕ ਕਿ ਉਸ ਨੇ ਮੰਦਰ ਵਿਚ ਧੂਪ ਧੁਖਾਉਣ ਦੀ ਕੋਸ਼ਿਸ਼ ਕੀਤੀ ਜੋ ਕੰਮ ਸਿਰਫ਼ ਪੁਜਾਰੀ ਹੀ ਕਰ ਸਕਦੇ ਸਨ। ਜਦੋਂ ਪੁਜਾਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਘਮੰਡੀ ਉੱਜ਼ੀਯਾਹ ਦਾ ਗੁੱਸਾ ਭੜਕ ਉੱਠਿਆ। ਇਸ ਤੋਂ ਬਾਅਦ ਕੀ ਹੋਇਆ? ਯਹੋਵਾਹ ਨੇ ਉਸ ਦਾ ਘਮੰਡ ਤੋੜਿਆ ਅਤੇ ਉਹ ਮਰਨ ਤਕ ਕੋੜ੍ਹੀ ਰਿਹਾ।​—ਕਹਾ. 16:18.

4, 5. ਕੀ ਹੋ ਸਕਦਾ ਹੈ ਜੇ ਅਸੀਂ ਘਮੰਡ ਕਰਨ ਤੋਂ ਖ਼ਬਰਦਾਰ ਨਹੀਂ ਰਹਿੰਦੇ? ਮਿਸਾਲ ਦਿਓ।

4 ਜੇ ਅਸੀਂ ਘਮੰਡ ਕਰਨ ਤੋਂ ਖ਼ਬਰਦਾਰ ਨਹੀਂ ਰਹਿੰਦੇ, ਤਾਂ ਅਸੀਂ ਵੀ ਸ਼ਾਇਦ ‘ਆਪਣੇ ਆਪ ਨੂੰ ਲੋੜੋਂ ਵੱਧ ਸਮਝਣ’ ਲੱਗ ਪਈਏ। ਅਸੀਂ ਸ਼ਾਇਦ ਇੰਨੇ ਘਮੰਡੀ ਹੋ ਜਾਈਏ ਕਿ ਅਸੀਂ ਬਾਈਬਲ ਤੋਂ ਮਿਲੀ ਸਲਾਹ ਨੂੰ ਮੰਨਣ ਤੋਂ ਇਨਕਾਰ ਕਰ ਦੇਈਏ। (ਰੋਮੀ. 12:3; ਕਹਾ. 29:1) ਮੰਡਲੀ ਦੇ ਇਕ ਬਜ਼ੁਰਗ ਜਿਮ ਦੀ ਮਿਸਾਲ ਲੈ ਲਓ। ਉਹ ਆਪਣੀ ਮੰਡਲੀ ਦੇ ਬਜ਼ੁਰਗਾਂ ਨਾਲ ਕਿਸੇ ਮਾਮਲੇ ’ਤੇ ਸਹਿਮਤ ਨਹੀਂ ਸੀ। ਜਿਮ ਦੱਸਦਾ ਹੈ: “ਬਜ਼ੁਰਗਾਂ ਨਾਲ ਹੋ ਰਹੀ ਮੀਟਿੰਗ ਵਿਚ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਇਸ ਮਾਮਲੇ ਵਿਚ ਪਿਆਰ ਨਹੀਂ ਦਿਖਾ ਰਹੇ ਤੇ ਮੈਂ ਉਸ ਮੀਟਿੰਗ ਵਿੱਚੋਂ ਉੱਠ ਕੇ ਚਲਾ ਗਿਆ।” ਕੁਝ ਛੇ ਮਹੀਨੇ ਬਾਅਦ ਉਹ ਆਪਣੀ ਮੰਡਲੀ ਛੱਡ ਕੇ ਕਿਸੇ ਨੇੜੇ ਦੀ ਮੰਡਲੀ ਵਿਚ ਜਾਣ ਲੱਗ ਪਿਆ। ਪਰ ਉਸ ਨੂੰ ਉੱਥੇ ਬਜ਼ੁਰਗ ਵਜੋਂ ਸੇਵਾ ਕਰਨ ਦਾ ਸਨਮਾਨ ਨਹੀਂ ਮਿਲਿਆ। ਉਹ ਕਹਿੰਦਾ ਹੈ: “ਮੈਨੂੰ ਬਹੁਤ ਦੁੱਖ ਲੱਗਾ। ਆਪਣੇ ਆਪ ਨੂੰ ਲੋੜੋਂ ਵੱਧ ਸਮਝਣ ਕਰਕੇ ਮੈਂ ਸੱਚਾਈ ਛੱਡ ਦਿੱਤੀ।” ਜਿਮ 10 ਸਾਲਾਂ ਤਕ ਯਹੋਵਾਹ ਤੋਂ ਦੂਰ ਰਿਹਾ। ਉਹ ਦੱਸਦਾ ਹੈ: “ਮੈਨੂੰ ਲੱਗਾ ਕਿ ਉਨ੍ਹਾਂ ਨੇ ਮੇਰੀ ਬੇਇੱਜ਼ਤੀ ਕੀਤੀ ਅਤੇ ਜੋ ਕੁਝ ਵੀ ਮੇਰੇ ਨਾਲ ਹੋਇਆ, ਮੈਂ ਉਸ ਲਈ ਯਹੋਵਾਹ ਨੂੰ ਦੋਸ਼ ਦੇ ਰਿਹਾ ਸੀ। ਉਨ੍ਹਾਂ 10 ਸਾਲਾਂ ਦੌਰਾਨ ਭਰਾਵਾਂ ਨੇ ਆ ਕੇ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਨ੍ਹਾਂ ਦੀ ਗੱਲ ਨਹੀਂ ਸੁਣੀ।”

5 ਜਿਮ ਦੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਘਮੰਡ ਹੋਣ ਕਰਕੇ ਸ਼ਾਇਦ ਅਸੀਂ ਆਪਣੀ ਗ਼ਲਤੀਆਂ ਦੀਆਂ ਸਫ਼ਾਈਆਂ ਪੇਸ਼ ਕਰੀਏ, ਜਿਸ ਨਾਲ ਅਸੀਂ ਨਰਮ ਮਿੱਟੀ ਬਣਨ ਦੀ ਬਜਾਇ ਸਖ਼ਤ ਮਿੱਟੀ ਬਣ ਜਾਈਏ। (ਯਿਰ. 17:9) ਜਿਮ ਕਹਿੰਦਾ ਹੈ: “ਮੈਂ ਬੱਸ ਇਹੀ ਸੋਚਦਾ ਰਿਹਾ ਕਿ ਮੈਂ ਕਿੱਦਾਂ ਗ਼ਲਤ ਹੋ ਸਕਦਾ।” ਕੀ ਕਿਸੇ ਮਸੀਹੀ ਨੇ ਤੁਹਾਨੂੰ ਕਦੀ ਦੁੱਖ ਪਹੁੰਚਾਇਆ ਹੈ? ਜਾਂ ਕੀ ਤੁਹਾਨੂੰ ਉਦੋਂ ਦੁੱਖ ਲੱਗਾ ਸੀ ਜਦੋਂ ਤੁਹਾਡੇ ਤੋਂ ਮੰਡਲੀ ਦੀ ਕੋਈ ਜ਼ਿੰਮੇਵਾਰੀ ਲੈ ਲਈ ਗਈ ਸੀ? ਜੇ ਹਾਂ, ਤਾਂ ਤੁਸੀਂ ਕੀ ਕੀਤਾ ਸੀ? ਕੀ ਤੁਹਾਡੇ ਵਿਚ ਜਿਮ ਵਾਂਗ ਘਮੰਡ ਆ ਗਿਆ ਸੀ? ਜਾਂ ਕੀ ਤੁਸੀਂ ਆਪਣੇ ਭਰਾ ਨਾਲ ਸੁਲ੍ਹਾ ਕਰਨੀ ਅਤੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਚਾਹੁੰਦੇ ਸੀ?​—ਜ਼ਬੂਰਾਂ ਦੀ ਪੋਥੀ 119:165; ਕੁਲੁੱਸੀਆਂ 3:13 ਪੜ੍ਹੋ।

6. ਵਾਰ-ਵਾਰ ਗ਼ਲਤੀਆਂ ਕਰਦੇ ਰਹਿਣ ਕਰਕੇ ਸਾਡੇ ਨਾਲ ਕੀ ਹੋ ਸਕਦਾ ਹੈ?

6 ਵਾਰ-ਵਾਰ ਪਾਪ ਕਰਨ ਜਾਂ ਇੱਥੋਂ ਤਕ ਕਿ ਚੋਰੀ-ਛਿਪੇ ਪਾਪ ਕਰਨ ਕਰਕੇ ਅਸੀਂ ਪਰਮੇਸ਼ੁਰ ਵੱਲੋਂ ਮਿਲਦੀ ਸਲਾਹ ਨੂੰ ਅਣਸੁਣੀ ਕਰ ਸਕਦੇ ਹਾਂ। ਸਾਡੇ ਲਈ ਪਾਪ ਕਰਨਾ ਕੋਈ ਬੁਰੀ ਗੱਲ ਨਹੀਂ ਰਹਿੰਦੀ। ਇਕ ਭਰਾ ਦੱਸਦਾ ਹੈ ਕਿ ਸਮੇਂ ਦੇ ਬੀਤਣ ਨਾਲ ਉਸ ਨੂੰ ਆਪਣੇ ਗ਼ਲਤ ਕੰਮਾਂ ਨਾਲ ਕੋਈ ਫ਼ਰਕ ਹੀ ਨਹੀਂ ਪੈਂਦਾ ਸੀ। (ਉਪ. 8:11) ਇਕ ਹੋਰ ਭਰਾ, ਜਿਸ ਨੂੰ ਗੰਦੀਆਂ ਫ਼ਿਲਮਾਂ ਅਤੇ ਤਸਵੀਰਾਂ ਦੇਖਣ ਦੀ ਆਦਤ ਸੀ, ਕਹਿੰਦਾ ਹੈ: “ਮੈਂ ਮੰਡਲੀ ਦੇ ਬਜ਼ੁਰਗਾਂ ਖ਼ਿਲਾਫ਼ ਬੁੜ-ਬੁੜ ਕਰਨ ਲੱਗ ਪਿਆ।” ਇਸ ਆਦਤ ਕਰਕੇ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਖ਼ਰਾਬ ਹੋ ਰਿਹਾ ਸੀ। ਅਖ਼ੀਰ ਦੂਜਿਆਂ ਨੂੰ ਉਸ ਦੀ ਆਦਤ ਦਾ ਪਤਾ ਲੱਗਾ ਅਤੇ ਉਸ ਨੂੰ ਬਜ਼ੁਰਗਾਂ ਤੋਂ ਸਲਾਹ ਮਿਲੀ। ਇਹ ਸੱਚ ਹੈ ਕਿ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। ਪਰ ਜੇ ਅਸੀਂ ਪਰਮੇਸ਼ੁਰ ਤੋਂ ਮਾਫ਼ੀ ਪਾਉਣ ਜਾਂ ਉਸ ਤੋਂ ਮਦਦ ਲੈਣ ਦੀ ਬਜਾਇ ਨੁਕਤਾਚੀਨੀ ਕਰਨ ਲੱਗ ਪਈਏ ਜਾਂ ਗ਼ਲਤ ਕੰਮ ਕਰਨ ਦੀਆਂ ਸਫ਼ਾਈਆਂ ਦੇਣ ਲੱਗ ਪਈਏ, ਤਾਂ ਸ਼ਾਇਦ ਸਾਡੇ ਦਿਲ ਸਖ਼ਤ ਮਿੱਟੀ ਵਾਂਗ ਹੋ ਗਏ ਹੋਣ।

7, 8. (ੳ) ਇਜ਼ਰਾਈਲੀਆਂ ਦੀ ਮਿਸਾਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਨਿਹਚਾ ਦੀ ਘਾਟ ਹੋਣ ਕਰਕੇ ਸਾਡੇ ਦਿਲ ਕਠੋਰ ਹੋ ਸਕਦੇ ਹਨ? (ਅ) ਇਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ?

7 ਨਿਹਚਾ ਦੀ ਘਾਟ ਹੋਣ ਕਰਕੇ ਸਾਡੇ ਦਿਲ ਕਠੋਰ ਹੋ ਸਕਦੇ ਹਨ। ਇਹ ਗੱਲ ਅਸੀਂ ਉਨ੍ਹਾਂ ਇਜ਼ਰਾਈਲੀਆਂ ਦੀ ਮਿਸਾਲ ਤੋਂ ਦੇਖ ਸਕਦੇ ਹਾਂ ਕਿ ਜਿਨ੍ਹਾਂ ਨੂੰ ਯਹੋਵਾਹ ਨੇ ਮਿਸਰ ਦੇਸ਼ ਤੋਂ ਛੁਡਾਇਆ ਸੀ। ਉਸ ਕੌਮ ਨੇ ਆਪਣੀ ਅੱਖੀਂ ਦੇਖਿਆ ਸੀ ਕਿ ਪਰਮੇਸ਼ੁਰ ਨੇ ਉਨ੍ਹਾਂ ਲਈ ਬਹੁਤ ਸਾਰੇ ਚਮਤਕਾਰ ਕੀਤੇ ਸਨ, ਕਈ ਤਾਂ ਹੈਰਾਨ ਕਰ ਦੇਣ ਵਾਲੇ ਸਨ। ਪਰ ਜਦੋਂ ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਦੇ ਕੋਲ ਸਨ, ਤਾਂ ਉਨ੍ਹਾਂ ਨੇ ਨਿਹਚਾ ਨਹੀਂ ਦਿਖਾਈ। ਯਹੋਵਾਹ ’ਤੇ ਭਰੋਸਾ ਰੱਖਣ ਦੀ ਬਜਾਇ ਉਹ ਡਰ ਗਏ ਅਤੇ ਮੂਸਾ ਖ਼ਿਲਾਫ਼ ਬੁੜ-ਬੁੜ ਕਰਨ ਲੱਗ ਪਏ। ਉਹ ਤਾਂ ਮਿਸਰ ਵਾਪਸ ਮੁੜਨਾ ਚਾਹੁੰਦੇ ਸਨ ਜਿੱਥੇ ਉਹ ਗ਼ੁਲਾਮ ਸਨ। ਯਹੋਵਾਹ ਨੂੰ ਡੂੰਘੀ ਸੱਟ ਵੱਜੀ। ਉਸ ਨੇ ਕਿਹਾ: “ਏਹ ਪਰਜਾ ਕਦ ਤੀਕ ਮੇਰੀ ਨਿਰਾਦਰੀ ਕਰਦੀ ਰਹੇਗੀ?” (ਗਿਣ. 14:1-4, 11; ਜ਼ਬੂ. 78:40, 41) ਉਨ੍ਹਾਂ ਦੇ ਢੀਠਪੁਣੇ ਅਤੇ ਉਨ੍ਹਾਂ ਵਿਚ ਨਿਹਚਾ ਦੀ ਘਾਟ ਹੋਣ ਕਰਕੇ ਉਸ ਪੀੜ੍ਹੀ ਦੇ ਸਾਰੇ ਲੋਕ ਉਜਾੜ ਵਿਚ ਹੀ ਮਰ ਗਏ।

8 ਅੱਜ ਅਸੀਂ ਨਵੀਂ ਦੁਨੀਆਂ ਦੇ ਬਹੁਤ ਨੇੜੇ ਹਾਂ ਅਤੇ ਸਾਡੀ ਨਿਹਚਾ ਦੀ ਪਰਖ ਹੁੰਦੀ ਹੈ। ਇਸ ਲਈ ਸਾਨੂੰ ਆਪਣੀ ਨਿਹਚਾ ਦੀ ਜਾਂਚ ਕਰਨ ਦੀ ਲੋੜ ਹੈ। ਮਿਸਾਲ ਲਈ, ਅਸੀਂ ਮੱਤੀ 6:33 ਵਿਚ ਦਰਜ ਯਿਸੂ ਦੇ ਸ਼ਬਦਾਂ ਬਾਰੇ ਆਪਣੇ ਨਜ਼ਰੀਏ ਦੀ ਜਾਂਚ ਕਰ ਸਕਦੇ ਹਾਂ। ਆਪਣੇ ਆਪ ਤੋਂ ਪੁੱਛੋ, ‘ਮੇਰੇ ਫ਼ੈਸਲਿਆਂ ਅਤੇ ਜਿਨ੍ਹਾਂ ਚੀਜ਼ਾਂ ਨੂੰ ਮੈਂ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦਾ ਹਾਂ, ਕੀ ਉਨ੍ਹਾਂ ਤੋਂ ਜ਼ਾਹਰ ਹੁੰਦਾ ਹੈ ਕਿ ਮੈਂ ਵਾਕਈ ਯਿਸੂ ਦੇ ਸ਼ਬਦਾਂ ’ਤੇ ਵਿਸ਼ਵਾਸ ਕਰਦਾ ਹਾਂ? ਕੀ ਮੈਂ ਆਪਣੀ ਆਮਦਨ ਵਧਾਉਣ ਲਈ ਕਦੀ-ਕਦਾਈਂ ਸਭਾਵਾਂ ਜਾਂ ਪ੍ਰਚਾਰ ’ਤੇ ਨਾ ਜਾਣ ਦਾ ਫ਼ੈਸਲਾ ਕਰਾਂਗਾ? ਮੈਂ ਉਦੋਂ ਕੀ ਕਰਾਂਗਾ ਜੇ ਕੰਮ ’ਤੇ ਮੈਨੂੰ ਜ਼ਿਆਦਾ ਸਮਾਂ ਲਾਉਣ ਨੂੰ ਕਿਹਾ ਜਾਵੇ? ਕੀ ਮੈਂ ਦੁਨੀਆਂ ਮੁਤਾਬਕ ਢਲ਼ ਜਾਵਾਂਗਾ ਅਤੇ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਵਾਂਗਾ?

9. ਸਾਨੂੰ ਆਪਣੇ ਆਪ ਨੂੰ ਕਿਉਂ “ਪਰਖਦੇ” ਰਹਿਣਾ ਚਾਹੀਦਾ ਹੈ ਕਿ ਅਸੀਂ ਮਸੀਹ ਦੇ ਰਾਹ ’ਤੇ ਚੱਲ ਰਹੇ ਹਾਂ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ?

9 ਜ਼ਰਾ ਯਹੋਵਾਹ ਦੇ ਇਕ ਸੇਵਕ ਬਾਰੇ ਸੋਚੋ ਜੋ ਸ਼ਾਇਦ ਬਾਈਬਲ ਦੇ ਸੰਗਤੀ, ਛੇਕੇ ਹੋਏ ਵਿਅਕਤੀ ਜਾਂ ਮਨੋਰੰਜਨ ਦੇ ਮਾਮਲੇ ਬਾਰੇ ਦਿੱਤੇ ਅਸੂਲਾਂ ’ਤੇ ਚੱਲਣ ਤੋਂ ਹਿਚਕਿਚਾਉਂਦਾ ਹੋਵੇ। ਆਪਣੇ ਆਪ ਤੋਂ ਪੁੱਛੋ, ‘ਕੀ ਮੇਰੇ ਨਾਲ ਤਾਂ ਇੱਦਾਂ ਨਹੀਂ ਹੋ ਰਿਹਾ?’ ਜੇ ਅਸੀਂ ਆਪਣੇ ਆਪ ਵਿਚ ਇਸ ਤਰ੍ਹਾਂ ਦਾ ਰਵੱਈਆ ਦੇਖਦੇ ਹਾਂ, ਤਾਂ ਸਾਨੂੰ ਆਪਣੀ ਨਿਹਚਾ ਦੀ ਤੁਰੰਤ ਜਾਂਚ ਕਰਨ ਦੀ ਲੋੜ ਹੈ। ਬਾਈਬਲ ਸਾਨੂੰ ਸਲਾਹ ਦਿੰਦੀ ਹੈ: “ਆਪਣੇ ਆਪ ਨੂੰ ਪਰਖਦੇ ਰਹੋ ਕਿ ਤੁਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹੋ ਜਾਂ ਨਹੀਂ, ਅਤੇ ਆਪਣੀ ਜਾਂਚ ਕਰਦੇ ਰਹੋ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ।” (2 ਕੁਰਿੰ. 13:5) ਸਾਨੂੰ ਬਾਕਾਇਦਾ ਪਰਮੇਸ਼ੁਰ ਦੇ ਬਚਨ ਤੋਂ ਆਪਣੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ।

ਨਰਮ ਮਿੱਟੀ ਬਣੇ ਰਹੋ

10. ਕਿਹੜੀਆਂ ਗੱਲਾਂ ਸਾਡੀ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਬਣੇ ਰਹਿਣ ਵਿਚ ਮਦਦ ਕਰ ਸਕਦੀਆਂ ਹਨ?

10 ਨਰਮ ਮਿੱਟੀ ਬਣੇ ਰਹਿਣ ਲਈ ਪਰਮੇਸ਼ੁਰ ਨੇ ਸਾਨੂੰ ਆਪਣਾ ਬਚਨ ਦਿੱਤਾ ਹੈ। ਨਾਲੇ ਉਸ ਨੇ ਕਈ ਹੋਰ ਪ੍ਰਬੰਧ ਕੀਤੇ ਹਨ, ਜਿਵੇਂ ਮੀਟਿੰਗਾਂ ਅਤੇ ਪ੍ਰਚਾਰ। ਜਿੱਦਾਂ ਪਾਣੀ ਨਾਲ ਮਿੱਟੀ ਨਰਮ ਹੁੰਦੀ ਹੈ, ਉਸੇ ਤਰ੍ਹਾਂ ਹਰ ਰੋਜ਼ ਬਾਈਬਲ ਪੜ੍ਹਨ ਅਤੇ ਇਸ ’ਤੇ ਸੋਚ-ਵਿਚਾਰ ਕਰਨ ਨਾਲ ਅਸੀਂ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਬਣ ਸਕਦੇ ਹਾਂ। ਯਹੋਵਾਹ ਇਜ਼ਰਾਈਲੀ ਰਾਜਿਆਂ ਤੋਂ ਮੰਗ ਕਰਦਾ ਸੀ ਕਿ ਉਹ ਪਰਮੇਸ਼ੁਰ ਦੇ ਕਾਨੂੰਨ ਦੀਆਂ ਕਾਪੀਆਂ ਆਪ ਲਿਖਣ ਅਤੇ ਹਰ ਰੋਜ਼ ਉਸ ਨੂੰ ਪੜ੍ਹਨ। (ਬਿਵ. 17:18, 19) ਰਸੂਲ ਜਾਣਦੇ ਸਨ ਕਿ ਪ੍ਰਚਾਰ ਕਰਨ ਲਈ ਜ਼ਰੂਰੀ ਸੀ ਕਿ ਉਹ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਨੂੰ ਪੜ੍ਹਨ ਅਤੇ ਇਨ੍ਹਾਂ ’ਤੇ ਸੋਚ-ਵਿਚਾਰ ਕਰਨ। ਉਨ੍ਹਾਂ ਨੇ ਯੂਨਾਨੀ ਕਿਤਾਬਾਂ ਲਿਖਦਿਆਂ ਸੈਂਕੜੇ ਵਾਰ ਇਬਰਾਨੀ ਲਿਖਤਾਂ ਤੋਂ ਹਵਾਲੇ ਦਿੱਤੇ। ਨਾਲੇ ਜਿਨ੍ਹਾਂ ਨੂੰ ਉਹ ਪ੍ਰਚਾਰ ਕਰਦੇ ਸਨ, ਉਨ੍ਹਾਂ ਨੂੰ ਵੀ ਉਹ ਪਰਮੇਸ਼ੁਰ ਦਾ ਬਚਨ ਪੜ੍ਹਨ ਅਤੇ ਉਸ ਉੱਤੇ ਸੋਚ-ਵਿਚਾਰ ਕਰਨ ਨੂੰ ਕਹਿੰਦੇ ਸਨ। (ਰਸੂ. 17:11) ਅੱਜ ਸਾਨੂੰ ਵੀ ਹਰ ਰੋਜ਼ ਬਾਈਬਲ ਪੜ੍ਹਨ ਅਤੇ ਇਸ ’ਤੇ ਸੋਚ-ਵਿਚਾਰ ਕਰਨ ਦੀ ਅਹਿਮੀਅਤ ਬਾਰੇ ਪਤਾ ਹੈ। (1 ਤਿਮੋ. 4:15) ਜਦੋਂ ਅਸੀਂ ਬਾਈਬਲ ਪੜ੍ਹ ਕੇ ਇਸ ਉੱਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਅਸੀਂ ਨਿਮਰ ਰਹਿਣ ਦੇ ਨਾਲ-ਨਾਲ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਵੀ ਬਣੇ ਰਹਾਂਗੇ।

ਨਰਮ ਮਿੱਟੀ ਬਣੇ ਰਹਿਣ ਲਈ ਪਰਮੇਸ਼ੁਰ ਵੱਲੋਂ ਕੀਤੇ ਪ੍ਰਬੰਧਾਂ ਦਾ ਪੂਰਾ-ਪੂਰਾ ਫ਼ਾਇਦਾ ਲਓ (ਪੈਰੇ 10-13 ਦੇਖੋ)

11, 12. ਯਹੋਵਾਹ ਸਾਡੀਆਂ ਲੋੜਾਂ ਅਨੁਸਾਰ ਮੰਡਲੀ ਰਾਹੀਂ ਸਾਨੂੰ ਕਿਵੇਂ ਢਾਲ਼ ਸਕਦਾ ਹੈ? ਮਿਸਾਲ ਦਿਓ।

11 ਮੰਡਲੀ ਦੇ ਜ਼ਰੀਏ ਯਹੋਵਾਹ ਸਾਡੀਆਂ ਲੋੜਾਂ ਅਨੁਸਾਰ ਸਾਨੂੰ ਢਾਲ਼ ਸਕਦਾ ਹੈ। ਪਹਿਲਾਂ ਜ਼ਿਕਰ ਕੀਤੇ ਜਿਮ ਦਾ ਰਵੱਈਆ ਉਦੋਂ ਬਦਲਿਆ ਜਦੋਂ ਇਕ ਬਜ਼ੁਰਗ ਨੇ ਉਸ ਵਿਚ ਦਿਲਚਸਪੀ ਦਿਖਾਈ। ਜਿਮ ਦੱਸਦਾ ਹੈ: “ਉਸ ਨੇ ਨਾ ਤਾਂ ਮੈਨੂੰ ਕਦੇ ਦੋਸ਼ੀ ਠਹਿਰਾਇਆ ਅਤੇ ਨਾ ਹੀ ਮੇਰੀ ਨੁਕਤਾਚੀਨੀ ਕੀਤੀ। ਇਸ ਦੀ ਬਜਾਇ, ਉਸ ਨੇ ਸਹੀ ਨਜ਼ਰੀਆ ਰੱਖਿਆ ਅਤੇ ਉਹ ਦਿਲੋਂ ਮੇਰੀ ਮਦਦ ਕਰਨੀ ਚਾਹੁੰਦਾ ਸੀ।” ਲਗਭਗ ਤਿੰਨ ਮਹੀਨਿਆਂ ਬਾਅਦ ਉਸ ਬਜ਼ੁਰਗ ਨੇ ਜਿਮ ਨੂੰ ਮੀਟਿੰਗ ’ਤੇ ਆਉਣ ਦਾ ਸੱਦਾ ਦਿੱਤਾ। ਜਿਮ ਕਹਿੰਦਾ ਹੈ: “ਮੰਡਲੀ ਦੇ ਭੈਣਾਂ-ਭਰਾਵਾਂ ਨੇ ਮੇਰਾ ਦਿਲੋਂ ਸੁਆਗਤ ਕੀਤਾ। ਉਨ੍ਹਾਂ ਦਾ ਪਿਆਰ ਦੇਖ ਕੇ ਮੇਰੀ ਜ਼ਿੰਦਗੀ ਵਿਚ ਨਵਾਂ ਮੋੜ ਆਇਆ। ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੇਰੀਆਂ ਭਾਵਨਾਵਾਂ ਨਾਲੋਂ ਹੋਰ ਵੀ ਜ਼ਰੂਰੀ ਗੱਲਾਂ ਹਨ। ਭੈਣਾਂ-ਭਰਾਵਾਂ ਅਤੇ ਆਪਣੀ ਪਿਆਰੀ ਪਤਨੀ, ਜਿਸ ਨੇ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡੀ, ਦੀ ਮਦਦ ਨਾਲ ਮੈਂ ਹੌਲੀ-ਹੌਲੀ ਯਹੋਵਾਹ ਦੀ ਸੇਵਾ ਫਿਰ ਤੋਂ ਕਰਨ ਲੱਗ ਪਿਆ। ਮੈਨੂੰ 15 ਨਵੰਬਰ 1992 ਦੇ ਪਹਿਰਾਬੁਰਜ ਵਿਚ ‘ਯਹੋਵਾਹ ਦੋਸ਼ੀ ਨਹੀਂ ਹੈ’ ਅਤੇ ‘ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰੋ’ (ਅੰਗ੍ਰੇਜ਼ੀ) ਨਾਂ ਦੇ ਲੇਖਾਂ ਤੋਂ ਬਹੁਤ ਹੌਸਲਾ ਮਿਲਿਆ।

12 ਸਮੇਂ ਦੇ ਬੀਤਣ ਨਾਲ ਜਿਮ ਨੂੰ ਦੁਬਾਰਾ ਬਜ਼ੁਰਗ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ। ਉਦੋਂ ਤੋਂ ਉਸ ਨੇ ਹੋਰ ਭਰਾਵਾਂ ਦੀ ਇਹੋ ਜਿਹੀਆਂ ਸਮੱਸਿਆਵਾਂ ਨਾਲ ਨਜਿੱਠਣ ਅਤੇ ਨਿਹਚਾ ਮਜ਼ਬੂਤ ਕਰਨ ਵਿਚ ਮਦਦ ਕੀਤੀ ਹੈ। ਉਹ ਦੱਸਦਾ ਹੈ: “ਮੈਂ ਸੋਚਦਾ ਸੀ ਕਿ ਯਹੋਵਾਹ ਨਾਲ ਮੇਰਾ ਰਿਸ਼ਤਾ ਪੱਕਾ ਸੀ ਜਦ ਕਿ ਇੱਦਾਂ ਨਹੀਂ ਸੀ। ਮੈਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਘਮੰਡ ਕਰਕੇ ਮੈਂ ਜ਼ਰੂਰੀ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਮੈਂ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ’ਤੇ ਧਿਆਨ ਲਾਈ ਰੱਖਿਆ।​—1 ਕੁਰਿੰ. 10:12.

13. ਪ੍ਰਚਾਰ ਕਰਕੇ ਸਾਡੇ ਵਿਚ ਕਿਹੜੇ ਗੁਣ ਪੈਦਾ ਹੋ ਸਕਦੇ ਹਨ ਅਤੇ ਇਨ੍ਹਾਂ ਗੁਣਾਂ ਕਰਕੇ ਕੀ ਫ਼ਾਇਦੇ ਹੁੰਦੇ ਹਨ?

13 ਪ੍ਰਚਾਰ ਦਾ ਕੰਮ ਸਾਨੂੰ ਕਿਵੇਂ ਢਾਲ਼ ਸਕਦਾ ਹੈ? ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਕਰਕੇ ਸਾਡੇ ਵਿਚ ਨਿਮਰਤਾ ਪੈਦਾ ਹੋਣ ਦੇ ਨਾਲ-ਨਾਲ ਪਵਿੱਤਰ ਸ਼ਕਤੀ ਦੇ ਹੋਰ ਗੁਣ ਵੀ ਪੈਦਾ ਹੋ ਸਕਦੇ ਹਨ। (ਗਲਾ. 5:22, 23) ਸੋਚੋ ਕਿ ਤੁਸੀਂ ਪ੍ਰਚਾਰ ਕਰਦਿਆਂ ਕਿਹੜੇ ਗੁਣ ਪੈਦਾ ਕੀਤੇ ਹਨ। ਇਸ ਤੋਂ ਇਲਾਵਾ, ਪ੍ਰਚਾਰ ਵਿਚ ਯਿਸੂ ਦੀ ਰੀਸ ਕਰਨ ਕਰਕੇ ਸ਼ਾਇਦ ਲੋਕਾਂ ਦਾ ਸਾਡੇ ਪ੍ਰਤੀ ਰਵੱਈਆ ਬਦਲ ਜਾਵੇ ਅਤੇ ਉਹ ਸਾਡਾ ਸੰਦੇਸ਼ ਸੁਣਨ। ਮਿਸਾਲ ਲਈ, ਆਸਟ੍ਰੇਲੀਆ ਵਿਚ ਜਦੋਂ ਇਕ ਔਰਤ ਨੇ ਦੋ ਗਵਾਹਾਂ ਨਾਲ ਰੁੱਖੇ ਢੰਗ ਨਾਲ ਗੱਲ ਕੀਤੀ, ਤਾਂ ਉਹ ਚੁੱਪ-ਚਾਪ ਸੁਣਦੇ ਰਹੇ। ਪਰ ਬਾਅਦ ਵਿਚ ਉਸ ਔਰਤ ਨੂੰ ਆਪਣੀ ਕੀਤੀ ’ਤੇ ਸ਼ਰਮ ਆਈ ਅਤੇ ਉਸ ਨੇ ਸ਼ਾਖ਼ਾ ਦਫ਼ਤਰ ਨੂੰ ਚਿੱਠੀ ਲਿਖੀ। ਉਸ ਚਿੱਠੀ ਵਿਚ ਉਸ ਨੇ ਇਹ ਵੀ ਲਿਖਿਆ: “ਮੈਂ ਉਨ੍ਹਾਂ ਦੋਵੇਂ ਨਿਮਰ ਅਤੇ ਧੀਰਜ ਦਿਖਾਉਣ ਵਾਲੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੁੰਦੀ ਹਾਂ। ਮੈਂ ਉਨ੍ਹਾਂ ਨਾਲ ਬਹੁਤ ਹੀ ਬੁਰੇ ਤਰੀਕੇ ਨਾਲ ਗੱਲ ਕੀਤੀ। ਮੈਂ ਕਿੰਨੀ ਹੀ ਬੇਵਕੂਫ਼ ਹਾਂ ਕਿ ਮੈਂ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰ ਰਹੇ ਲੋਕਾਂ ਨੂੰ ਆਪਣੇ ਦਰਵਾਜ਼ੇ ਤੋਂ ਭਜਾ ਦਿੱਤਾ।” ਜੇ ਉਨ੍ਹਾਂ ਦੋ ਗਵਾਹਾਂ ਨੇ ਥੋੜ੍ਹਾ ਜਿਹਾ ਵੀ ਗੁੱਸਾ ਦਿਖਾਇਆ ਹੁੰਦਾ, ਤਾਂ ਕੀ ਉਹ ਔਰਤ ਇੱਦਾਂ ਦੀ ਚਿੱਠੀ ਲਿਖਦੀ? ਸ਼ਾਇਦ ਨਹੀਂ। ਹਾਂ, ਇਹ ਗੱਲ ਕਿੰਨੀ ਸੱਚ ਹੈ ਕਿ ਪ੍ਰਚਾਰ ਕਰਕੇ ਸਾਡਾ ਅਤੇ ਸਾਡੇ ਗੁਆਂਢੀਆਂ ਦਾ ਫ਼ਾਇਦਾ ਹੁੰਦਾ ਹੈ।

ਪਰਮੇਸ਼ੁਰ ਦੀ ਸੇਧ ਅਨੁਸਾਰ ਆਪਣੇ ਬੱਚਿਆਂ ਨੂੰ ਢਾਲ਼ੋ

14. ਮਾਪਿਆਂ ਨੂੰ ਕੀ ਕਰਨ ਦੀ ਲੋੜ ਹੈ ਜੇ ਉਹ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੀ ਸੇਧ ਅਨੁਸਾਰ ਢਾਲ਼ਣਾ ਚਾਹੁੰਦੇ ਹਨ?

14 ਜ਼ਿਆਦਾਤਰ ਛੋਟੇ ਬੱਚਿਆਂ ਨੂੰ ਸਿੱਖਣ ਦੀ ਚਾਅ ਹੁੰਦੀ ਹੈ ਅਤੇ ਉਹ ਨਿਮਰ ਹੁੰਦੇ ਹਨ। (ਮੱਤੀ 18:1-4) ਇਸ ਲਈ ਸਮਝਦਾਰ ਮਾਪੇ ਆਪਣੇ ਬੱਚਿਆਂ ਨੂੰ ਸੱਚਾਈ ਸਿਖਾਉਣ ਅਤੇ ਉਨ੍ਹਾਂ ਦੇ ਦਿਲਾਂ ਵਿਚ ਸੱਚਾਈ ਪ੍ਰਤੀ ਪਿਆਰ ਪੈਦਾ ਕਰਨ ਲਈ ਪੂਰੀ ਕੋਸ਼ਿਸ਼ ਕਰ ਸਕਦੇ ਹਨ। (2 ਤਿਮੋ. 3:14, 15) ਪਰ ਇੱਦਾਂ ਕਰਨ ਲਈ ਕਿੰਨਾ ਜ਼ਰੂਰੀ ਹੈ ਕਿ ਮਾਪੇ ਪਹਿਲਾਂ ਆਪਣੇ ਦਿਲਾਂ ਵਿਚ ਸੱਚਾਈ ਲਈ ਪਿਆਰ ਪੈਦਾ ਕਰਨ ਅਤੇ ਆਪਣੀ ਜ਼ਿੰਦਗੀ ਵਿਚ ਸੱਚਾਈ ਨੂੰ ਪਹਿਲ ਦੇਣ। ਜਦੋਂ ਮਾਪੇ ਇੱਦਾਂ ਕਰਦੇ ਹਨ, ਤਾਂ ਬੱਚੇ ਸਿਰਫ਼ ਮਾਪਿਆਂ ਤੋਂ ਸੱਚਾਈ ਬਾਰੇ ਸੁਣਦੇ ਹੀ ਨਹੀਂ, ਸਗੋਂ ਉਹ ਉਨ੍ਹਾਂ ਦੀ ਜੀਉਂਦੀ-ਜਾਗਦੀ ਮਿਸਾਲ ਤੋਂ ਵੀ ਸਿੱਖ ਸਕਦੇ ਹਨ। ਨਾਲੇ ਉਹ ਇਹ ਵੀ ਸਿੱਖਦੇ ਹਨ ਕਿ ਮਾਪਿਆਂ ਵੱਲੋਂ ਦਿੱਤੀ ਜਾਂਦੀ ਤਾੜਨਾ ਯਹੋਵਾਹ ਦੇ ਪਿਆਰ ਦਾ ਸਬੂਤ ਹੈ।

15, 16. ਜੇ ਕਿਸੇ ਦੇ ਬੱਚੇ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਜਾਵੇ, ਤਾਂ ਮਾਪੇ ਪਰਮੇਸ਼ੁਰ ਉੱਤੇ ਆਪਣਾ ਭਰੋਸਾ ਕਿਵੇਂ ਦਿਖਾ ਸਕਦੇ ਹਨ?

15 ਕਈ ਬਚਪਨ ਤੋਂ ਸੱਚਾਈ ਵਿਚ ਹੁੰਦੇ ਹਨ, ਪਰ ਉਨ੍ਹਾਂ ਵਿੱਚੋਂ ਕੁਝ ਵੱਡੇ ਹੋ ਕੇ ਸੱਚਾਈ ਛੱਡ ਦਿੰਦੇ ਹਨ ਜਾਂ ਛੇਕੇ ਜਾਂਦੇ ਹਨ। ਇੱਦਾਂ ਹੋਣ ਤੇ ਪਰਿਵਾਰ ਨੂੰ ਬਹੁਤ ਦੁੱਖ ਲੱਗਦਾ ਹੈ। ਦੱਖਣੀ ਅਫ਼ਰੀਕਾ ਵਿਚ ਰਹਿਣ ਵਾਲੀ ਇਕ ਭੈਣ ਦੱਸਦੀ ਹੈ: “ਜਦੋਂ ਮੇਰੇ ਵੀਰ ਨੂੰ ਮੰਡਲੀ ਵਿੱਚੋਂ ਛੇਕਿਆ ਗਿਆ, ਤਾਂ ਮੈਨੂੰ ਇੱਦਾਂ ਲੱਗਾ ਕਿ ਮੇਰਾ ਵੀਰ ਮਰ ਗਿਆ। ਮੇਰੇ ਕੋਲ ਆਪਣਾ ਦੁੱਖ ਬਿਆਨ ਕਰਨ ਲਈ ਸ਼ਬਦ ਹੀ ਨਹੀਂ ਸਨ।” ਉਸ ਨੇ ਅਤੇ ਉਸ ਦੇ ਮਾਪਿਆਂ ਨੇ ਕੀ ਕੀਤਾ? ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਵਿਚ ਦਿੱਤੀ ਸਲਾਹ ਮੰਨੀ। (1 ਕੁਰਿੰਥੀਆਂ 5:11, 13 ਪੜ੍ਹੋ।) ਉਸ ਦੇ ਮਾਪਿਆਂ ਨੇ ਕਿਹਾ: “ਅਸੀਂ ਬਾਈਬਲ ਦੀ ਸਲਾਹ ਅਨੁਸਾਰ ਚੱਲਣ ਦਾ ਫ਼ੈਸਲਾ ਕੀਤਾ ਕਿਉਂਕਿ ਸਾਨੂੰ ਪਤਾ ਸੀ ਕਿ ਜੇ ਅਸੀਂ ਯਹੋਵਾਹ ਦਾ ਕਹਿਣਾ ਮੰਨਾਂਗੇ, ਤਾਂ ਸਾਡਾ ਹੀ ਫ਼ਾਇਦਾ ਹੋਵੇਗਾ। ਜਦੋਂ ਸਾਡੇ ਮੁੰਡੇ ਨੂੰ ਛੇਕਿਆ ਗਿਆ, ਤਾਂ ਅਸੀਂ ਸੋਚਿਆ ਕਿ ਯਹੋਵਾਹ ਨੇ ਉਸ ਨੂੰ ਤਾੜਨਾ ਦਿੱਤੀ ਹੈ। ਨਾਲੇ ਸਾਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਪਿਆਰ ਕਰਕੇ ਤਾੜਨਾ ਅਤੇ ਯੋਗ ਸਜ਼ਾ ਦਿੰਦਾ ਹੈ। ਇਸ ਲਈ ਅਸੀਂ ਆਪਣੇ ਮੁੰਡੇ ਨਾਲ ਸਿਰਫ਼ ਉਦੋਂ ਹੀ ਗੱਲ ਕਰਦੇ ਸੀ ਜਦੋਂ ਕੋਈ ਜਾਇਜ਼ ਕਾਰਨ ਹੁੰਦਾ ਸੀ।”

16 ਉਨ੍ਹਾਂ ਦੇ ਮੁੰਡੇ ਨੂੰ ਕਿੱਦਾਂ ਲੱਗਾ? ਉਸ ਨੇ ਬਾਅਦ ਵਿਚ ਦੱਸਿਆ: “ਮੈਨੂੰ ਪਤਾ ਸੀ ਕਿ ਮੇਰਾ ਪਰਿਵਾਰ ਮੇਰੇ ਨਾਲ ਨਫ਼ਰਤ ਨਹੀਂ ਕਰਦਾ, ਪਰ ਉਹ ਯਹੋਵਾਹ ਅਤੇ ਉਸ ਦੇ ਸੰਗਠਨ ਦੇ ਕਹਿਣੇ ਅਨੁਸਾਰ ਚੱਲ ਰਿਹਾ ਸੀ।” ਉਸ ਨੇ ਇਹ ਵੀ ਕਿਹਾ: “ਜਦੋਂ ਤੁਹਾਡਾ ਕੋਈ ਨਹੀਂ ਹੁੰਦਾ, ਤਾਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਨੂੰ ਯਹੋਵਾਹ ਦੀ ਮਦਦ ਦੀ ਕਿੰਨੀ ਲੋੜ ਹੈ!” ਜ਼ਰਾ ਉਸ ਪਰਿਵਾਰ ਦੀ ਖ਼ੁਸ਼ੀ ਬਾਰੇ ਸੋਚੋ ਜਦੋਂ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਮੰਡਲੀ ਵਿਚ ਵਾਪਸ ਆਇਆ! ਜੀ ਹਾਂ, ਜੇ ਅਸੀਂ ਹਰ ਗੱਲ ਵਿਚ ਪਰਮੇਸ਼ੁਰ ਦਾ ਕਹਿਣਾ ਮੰਨਾਂਗੇ, ਤਾਂ ਸਾਡਾ ਹਮੇਸ਼ਾ ਭਲਾ ਹੋਵੇਗਾ।​—ਕਹਾ. 3:5, 6; 28:26.

17. ਸਾਨੂੰ ਹਰ ਗੱਲ ਵਿਚ ਯਹੋਵਾਹ ਦੇ ਅਧੀਨ ਕਿਉਂ ਰਹਿਣਾ ਚਾਹੀਦਾ ਹੈ ਅਤੇ ਇਸ ਦਾ ਸਾਨੂੰ ਕੀ ਫ਼ਾਇਦਾ ਹੋਵੇਗਾ?

17 ਯਸਾਯਾਹ ਨਬੀ ਨੇ ਪਹਿਲਾਂ ਹੀ ਕਿਹਾ ਸੀ ਕਿ ਬਾਬਲ ਵਿਚ ਗ਼ੁਲਾਮ ਇਜ਼ਰਾਈਲੀ ਤੋਬਾ ਕਰਨਗੇ ਅਤੇ ਕਹਿਣਗੇ: “ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ, ਅਸੀਂ ਸੱਭੇ ਤੇਰੀ ਦਸਤਕਾਰੀ ਹਾਂ।” ਉਨ੍ਹਾਂ ਨੇ ਯਹੋਵਾਹ ਅੱਗੇ ਤਰਲੇ ਕੀਤੇ: “ਨਾ ਬਦੀ ਨੂੰ ਸਦਾ ਯਾਦ ਰੱਖ। ਵੇਖ, ਧਿਆਨ ਦੇਹ, ਅਸੀਂ ਸੱਭੇ ਤੇਰੀ ਪਰਜਾ ਹਾਂ।” (ਯਸਾ. 64:8, 9) ਜਦੋਂ ਅਸੀਂ ਵੀ ਨਿਮਰਤਾ ਨਾਲ ਯਹੋਵਾਹ ਦਾ ਕਹਿਣਾ ਮੰਨਾਂਗੇ ਅਤੇ ਹਰ ਗੱਲ ਵਿਚ ਉਸ ਦੇ ਅਧੀਨ ਰਹਾਂਗੇ, ਤਾਂ ਉਹ ਦਾਨੀਏਲ ਨਬੀ ਵਾਂਗ ਸਾਨੂੰ ਵੀ ਪਿਆਰੇ ਸਮਝੇਗਾ। ਇਸ ਤੋਂ ਇਲਾਵਾ, ਯਹੋਵਾਹ ਸਾਨੂੰ ਆਪਣੇ ਬਚਨ, ਪਵਿੱਤਰ ਸ਼ਕਤੀ ਅਤੇ ਸੰਗਠਨ ਰਾਹੀਂ ਢਾਲ਼ਦਾ ਰਹੇਗਾ ਤਾਂਕਿ ਭਵਿੱਖ ਵਿਚ ਅਸੀਂ ਉਸ ਦੇ ਮੁਕੰਮਲ ‘ਬੱਚੇ’ ਬਣ ਜਾਈਏ।​—ਰੋਮੀ. 8:21.