Skip to content

Skip to table of contents

ਦੂਜਿਆਂ ਦੀਆਂ ਗ਼ਲਤੀਆਂ ਕਰਕੇ ਆਪਣੀ ਨਿਹਚਾ ਕਮਜ਼ੋਰ ਨਾ ਹੋਣ ਦਿਓ

ਦੂਜਿਆਂ ਦੀਆਂ ਗ਼ਲਤੀਆਂ ਕਰਕੇ ਆਪਣੀ ਨਿਹਚਾ ਕਮਜ਼ੋਰ ਨਾ ਹੋਣ ਦਿਓ

“ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।”​—ਕੁਲੁ. 3:13.

ਗੀਤ: 53, 28

1, 2. ਬਾਈਬਲ ਵਿਚ ਯਹੋਵਾਹ ਦੇ ਲੋਕਾਂ ਦੇ ਵਾਧੇ ਬਾਰੇ ਪਹਿਲਾਂ ਹੀ ਕੀ ਦੱਸਿਆ ਗਿਆ ਸੀ?

ਯਹੋਵਾਹ ਦੇ ਗਵਾਹ ਇਕ ਸੰਗਠਨ ਵਿਚ ਬੱਝੇ ਹੋਏ ਹਨ ਜੋ ਬਹੁਤ ਹੀ ਖ਼ਾਸ ਹੈ। ਇਹ ਸੱਚ ਹੈ ਕਿ ਇਸ ਸੰਗਠਨ ਵਿਚ ਪਾਪੀ ਅਤੇ ਗ਼ਲਤੀਆਂ ਕਰਨ ਵਾਲੇ ਇਨਸਾਨ ਹਨ। ਪਰ ਇਸ ਦੇ ਬਾਵਜੂਦ ਵੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕਰਕੇ ਇਹ ਵਿਸ਼ਵ-ਵਿਆਪੀ ਸੰਗਠਨ ਵਧ-ਫੁੱਲ ਰਿਹਾ ਹੈ। ਚਾਹੇ ਯਹੋਵਾਹ ਦੇ ਲੋਕ ਵਿਚ ਵੀ ਕਮੀਆਂ-ਕਮਜ਼ੋਰੀਆਂ ਹਨ, ਪਰ ਫਿਰ ਵੀ ਯਹੋਵਾਹ ਆਪਣੇ ਲੋਕਾਂ ਤੋਂ ਸ਼ਾਨਦਾਰ ਕੰਮ ਕਰਵਾ ਰਿਹਾ ਹੈ। ਆਓ ਆਪਾਂ ਉਨ੍ਹਾਂ ਦੇ ਕੁਝ ਕੰਮਾਂ ’ਤੇ ਗੌਰ ਕਰੀਏ।

2 1914 ਵਿਚ ਯੁਗ ਦੇ ਆਖ਼ਰੀ ਸਮੇਂ ਦੀ ਸ਼ੁਰੂਆਤ ਵੇਲੇ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਮੁੱਠੀ ਭਰ ਸੀ। ਪਰ ਯਹੋਵਾਹ ਨੇ ਇਨ੍ਹਾਂ ਦੇ ਪ੍ਰਚਾਰ ਦੇ ਕੰਮ ’ਤੇ ਬਰਕਤ ਪਾਈ। ਆਉਣ ਵਾਲੇ ਦਹਾਕਿਆਂ ਦੌਰਾਨ ਲੱਖਾਂ ਹੀ ਲੋਕਾਂ ਨੇ ਬਾਈਬਲ ਦੀ ਸੱਚਾਈ ਸਿੱਖੀ ਅਤੇ ਯਹੋਵਾਹ ਦੇ ਗਵਾਹ ਬਣੇ। ਯਹੋਵਾਹ ਨੇ ਇਸ ਸ਼ਾਨਦਾਰ ਵਾਧੇ ਬਾਰੇ ਪਹਿਲਾਂ ਹੀ ਦੱਸਿਆ ਸੀ: “ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਅਤੇ ਛੋਟਾ ਇੱਕ ਬਲਵੰਤ ਕੌਮ, ਮੈਂ ਯਹੋਵਾਹ ਵੇਲੇ ਸਿਰ ਏਹ ਨੂੰ ਛੇਤੀ ਕਰਾਂਗਾ।” (ਯਸਾ. 60:22) ਇਹ ਭਵਿੱਖਬਾਣੀ ਅੱਜ ਇਨ੍ਹਾਂ ਆਖ਼ਰੀ ਦਿਨਾਂ ਵਿਚ ਪੂਰੀ ਹੋਈ ਹੈ। ਦਰਅਸਲ ਅੱਜ ਧਰਤੀ ’ਤੇ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਕਈ ਕੌਮਾਂ ਦੀ ਕੁੱਲ ਗਿਣਤੀ ਨਾਲੋਂ ਜ਼ਿਆਦਾ ਹੈ।

3. ਪਰਮੇਸ਼ੁਰ ਦੇ ਸੇਵਕਾਂ ਨੇ ਪਿਆਰ ਕਿਵੇਂ ਦਿਖਾਇਆ?

3 ਇਸ ਸਮੇਂ ਦੌਰਾਨ ਯਹੋਵਾਹ ਨੇ ਆਪਣੇ ਲੋਕਾਂ ਦੀ ਇਸ ਗੱਲ ਵਿਚ ਵੀ ਮਦਦ ਕੀਤੀ ਕਿ ਉਹ ਆਪਣੇ ਵਿਚ ਪਰਮੇਸ਼ੁਰ ਦੇ ਮੁੱਖ ਗੁਣ ਪਿਆਰ ਨੂੰ ਹੋਰ ਵੀ ਵਧਾਉਣ। (1 ਯੂਹੰ. 4:8) ਯਿਸੂ ਨੇ ਪਰਮੇਸ਼ੁਰ ਦੇ ਪਿਆਰ ਦੀ ਰੀਸ ਕੀਤੀ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਤੁਹਾਨੂੰ ਇਕ ਨਵਾਂ ਹੁਕਮ ਦੇ ਰਿਹਾ ਹਾਂ: ਤੁਸੀਂ ਇਕ-ਦੂਜੇ ਨੂੰ ਪਿਆਰ ਕਰੋ; . . . ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” (ਯੂਹੰ. 13:34, 35) ਇਹ ਹੁਕਮ ਖ਼ਾਸ ਕਰਕੇ 20ਵੀਂ ਸਦੀ ਵਿਚ ਬਹੁਤ ਫ਼ਾਇਦੇਮੰਦ ਸਾਬਤ ਹੋਇਆ ਜਦੋਂ ਕੌਮਾਂ ਵੱਡੇ ਪੱਧਰ ’ਤੇ ਯੁੱਧ ਲੜ ਰਹੀਆਂ ਸਨ। ਮਿਸਾਲ ਲਈ, ਸਿਰਫ਼ ਦੂਜੇ ਵਿਸ਼ਵ ਯੁੱਧ ਵਿਚ ਹੀ ਲਗਭਗ 5 ਕਰੋੜ 50 ਲੱਖ ਲੋਕਾਂ ਨੇ ਆਪਣੀ ਜਾਨ ਗੁਆਈ। ਪਰ ਯਹੋਵਾਹ ਦੇ ਗਵਾਹਾਂ ਨੇ ਦੁਨੀਆਂ ਭਰ ਵਿਚ ਹੋ ਰਹੇ ਖ਼ੂਨ-ਖ਼ਰਾਬੇ ਵਿਚ ਹਿੱਸਾ ਨਹੀਂ ਲਿਆ। (ਮੀਕਾਹ 4:1, 3 ਪੜ੍ਹੋ।) ਇਸ ਕਰਕੇ ਉਹ “ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼” ਰਹਿ ਸਕੇ।​—ਰਸੂ. 20:26.

4. ਪਰਮੇਸ਼ੁਰ ਦੇ ਲੋਕਾਂ ਵਿਚ ਹੋ ਰਿਹਾ ਵਾਧਾ ਹੈਰਾਨੀਜਨਕ ਕਿਉਂ ਹੈ?

4 ਇਸ ਬੇਰਹਿਮ ਦੁਨੀਆਂ ਵਿਚ ਪਰਮੇਸ਼ੁਰ ਦੇ ਲੋਕਾਂ ਦੀ ਗਿਣਤੀ ਦਿਨ-ਬਦਿਨ ਵਧ ਰਹੀ ਹੈ। ਬਾਈਬਲ ਕਹਿੰਦੀ ਹੈ ਕਿ ਦੁਨੀਆਂ ਸ਼ੈਤਾਨ ਦੇ ਵੱਸ ਵਿਚ ਹੈ ਜੋ ‘ਇਸ ਦੁਨੀਆਂ ਦਾ ਈਸ਼ਵਰ ਹੈ।’ (2 ਕੁਰਿੰ. 4:4) ਸ਼ੈਤਾਨ ਦੁਨੀਆਂ ਦੀਆਂ ਸਰਕਾਰਾਂ ਅਤੇ ਮੀਡੀਆ ਨੂੰ ਆਪਣੀਆਂ ਉਂਗਲਾਂ ’ਤੇ ਨਚਾ ਰਿਹਾ ਹੈ। ਪਰ ਉਹ ਖ਼ੁਸ਼ ਖ਼ਬਰੀ ਦੇ ਪ੍ਰਚਾਰ ਨੂੰ ਨਹੀਂ ਰੋਕ ਸਕਦਾ। ਪਰ ਉਹ ਜਾਣਦਾ ਹੈ ਕਿ ਉਸ ਦਾ ਸਮਾਂ ਥੋੜ੍ਹਾ ਰਹਿ ਗਿਆ ਹੈ। ਇਸ ਕਰਕੇ ਉਹ ਵੱਖੋ-ਵੱਖਰੀਆਂ ਚਾਲਾਂ ਚੱਲ ਕੇ ਪਰਮੇਸ਼ੁਰ ਦੇ ਲੋਕਾਂ ਨੂੰ ਸੱਚਾਈ ਤੋਂ ਦੂਰ ਲਿਜਾਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।—ਪ੍ਰਕਾ. 12:12.

ਦੂਜਿਆਂ ਦੀਆਂ ਗ਼ਲਤੀਆਂ ਦੇ ਬਾਵਜੂਦ ਯਹੋਵਾਹ ਪ੍ਰਤੀ ਵਫ਼ਾਦਾਰੀ

5. ਦੂਜੇ ਸਾਡੀਆਂ ਭਾਵਨਾਵਾਂ ਨੂੰ ਠੇਸ ਕਿਉਂ ਪਹੁੰਚਾਉਂਦੇ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

5 ਮੰਡਲੀਆਂ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਸਾਨੂੰ ਪਰਮੇਸ਼ੁਰ ਅਤੇ ਲੋਕਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਯਿਸੂ ਨੇ ਕਿਹਾ: “‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।’ ਇਹੀ ਪਹਿਲਾ ਅਤੇ ਸਭ ਤੋਂ ਵੱਡਾ ਹੁਕਮ ਹੈ। ਅਤੇ ਦੂਸਰਾ ਹੁਕਮ ਇਹ ਹੈ: ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’” (ਮੱਤੀ 22:35-39) ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਆਦਮ ਦੇ ਪਾਪ ਕਰਕੇ ਸਾਰੇ ਇਨਸਾਨ ਪਾਪੀ ਪੈਦਾ ਹੁੰਦੇ ਹਨ। (ਰੋਮੀਆਂ 5:12, 19 ਪੜ੍ਹੋ।) ਇਸ ਲਈ ਕਈ ਵਾਰ ਮੰਡਲੀ ਦੇ ਕੁਝ ਭੈਣ-ਭਰਾ ਸ਼ਾਇਦ ਕੁਝ ਅਜਿਹਾ ਕਰਨ ਜਾਂ ਕਹਿਣ ਜਿਸ ਕਰਕੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਅਸੀਂ ਇਨ੍ਹਾਂ ਹਾਲਾਤਾਂ ਵਿਚ ਕੀ ਕਰਾਂਗੇ? ਕੀ ਯਹੋਵਾਹ ਲਈ ਸਾਡਾ ਪਿਆਰ ਫਿੱਕਾ ਪੈ ਜਾਵੇਗਾ? ਕੀ ਅਸੀਂ ਯਹੋਵਾਹ ਅਤੇ ਆਪਣੇ ਭੈਣਾਂ-ਭਰਾਵਾਂ ਪ੍ਰਤੀ ਵਫ਼ਾਦਾਰ ਰਹਾਂਗੇ? ਬਾਈਬਲ ਦੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੇ ਵੀ ਕੁਝ ਅਜਿਹਾ ਕੀਤਾ ਜਾਂ ਕਿਹਾ ਜਿਸ ਕਰਕੇ ਦੂਜਿਆਂ ਦੇ ਦਿਲਾਂ ਨੂੰ ਠੇਸ ਪਹੁੰਚੀ ਸੀ। ਆਓ ਆਪਾਂ ਦੇਖੀਏ ਕਿ ਅਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ।

ਜੇ ਤੁਸੀਂ ਏਲੀ ਅਤੇ ਉਸ ਦੇ ਪੁੱਤਰਾਂ ਦੇ ਸਮੇਂ ਵਿਚ ਇਜ਼ਰਾਈਲ ਵਿਚ ਹੁੰਦੇ, ਤਾਂ ਤੁਸੀਂ ਕੀ ਕਰਦੇ? (ਪੈਰਾ 6 ਦੇਖੋ)

6. ਏਲੀ ਨੇ ਆਪਣੇ ਮੁੰਡਿਆਂ ਨੂੰ ਕਿੱਦਾਂ ਤਾੜਨਾ ਦਿੱਤੀ?

6 ਮਿਸਾਲ ਲਈ, ਮਹਾਂ ਪੁਜਾਰੀ ਏਲੀ ਦੇ ਦੋ ਪੁੱਤਰ ਸਨ ਜੋ ਯਹੋਵਾਹ ਦੇ ਕਾਨੂੰਨਾਂ ਨੂੰ ਨਹੀਂ ਮੰਨਦੇ ਸਨ। ਅਸੀਂ ਪੜ੍ਹਦੇ ਹਾਂ ਕਿ “ਏਲੀ ਦੇ ਪੁੱਤ੍ਰ ਸ਼ਤਾਨੀ ਪੁੱਤ੍ਰ ਸਨ। ਉਨ੍ਹਾਂ ਨੇ ਯਹੋਵਾਹ ਨੂੰ ਨਾ ਸਿਆਤਾ।” (1 ਸਮੂ. 2:12) ਭਾਵੇਂ ਏਲੀ ਨੇ ਸੱਚੀ ਭਗਤੀ ਕਰਨ ਵਿਚ ਖ਼ਾਸ ਭੂਮਿਕਾ ਨਿਭਾਈ, ਪਰ ਉਸ ਦੇ ਮੁੰਡਿਆਂ ਨੇ ਬਹੁਤ ਗੰਭੀਰ ਪਾਪ ਕੀਤੇ। ਏਲੀ ਨੂੰ ਉਨ੍ਹਾਂ ਦੇ ਗੰਭੀਰ ਪਾਪਾਂ ਦਾ ਪਤਾ ਸੀ ਅਤੇ ਉਸ ਦਾ ਫ਼ਰਜ਼ ਬਣਦਾ ਸੀ ਕਿ ਉਹ ਉਨ੍ਹਾਂ ਨੂੰ ਸਖ਼ਤੀ ਨਾਲ ਤਾੜਦਾ, ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। ਨਤੀਜੇ ਵਜੋਂ, ਪਰਮੇਸ਼ੁਰ ਨੇ ਏਲੀ ਦੇ ਖ਼ਾਨਦਾਨ ਨੂੰ ਸਖ਼ਤ ਸਜ਼ਾ ਸੁਣਾਈ। (1 ਸਮੂ. 3:10-14) ਬਾਅਦ ਵਿਚ ਯਹੋਵਾਹ ਨੇ ਏਲੀ ਦੇ ਖ਼ਾਨਦਾਨ ਵਿੱਚੋਂ ਕਿਸੇ ਨੂੰ ਵੀ ਮਹਾਂ ਪੁਜਾਰੀ ਵਜੋਂ ਸੇਵਾ ਕਰਨ ਦਾ ਸਨਮਾਨ ਨਹੀਂ ਦਿੱਤਾ। ਜੇ ਤੁਸੀਂ ਏਲੀ ਦੇ ਦਿਨਾਂ ਵਿਚ ਹੁੰਦੇ ਅਤੇ ਇਹ ਦੇਖਦੇ ਕਿ ਏਲੀ ਆਪਣੇ ਮੁੰਡਿਆਂ ਦੇ ਗੰਭੀਰ ਪਾਪਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ, ਤਾਂ ਤੁਸੀਂ ਕੀ ਕਰਦੇ? ਕੀ ਤੁਸੀਂ ਇਹ ਸਾਰਾ ਕੁਝ ਦੇਖ ਕੇ ਆਪਣੀ ਨਿਹਚਾ ਨੂੰ ਇੰਨੀ ਕਮਜ਼ੋਰ ਹੋਣ ਦਿੰਦੇ ਕਿ ਤੁਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੰਦੇ?

7. ਦਾਊਦ ਨੇ ਕਿਹੜੇ ਗੰਭੀਰ ਪਾਪ ਕੀਤੇ ਅਤੇ ਪਰਮੇਸ਼ੁਰ ਨੇ ਇਸ ਬਾਰੇ ਕੀ ਕੀਤਾ?

7 ਦਾਊਦ ਵਿਚ ਬਹੁਤ ਚੰਗੇ ਗੁਣ ਸਨ ਜਿਸ ਕਰਕੇ ਯਹੋਵਾਹ ਉਸ ਨੂੰ ਬਹੁਤ ਪਿਆਰ ਕਰਦਾ ਸੀ। (1 ਸਮੂ. 13:13, 14; ਰਸੂ. 13:22) ਪਰ ਬਾਅਦ ਵਿਚ ਦਾਊਦ ਨੇ ਬਥ-ਸ਼ਬਾ ਨਾਲ ਹਰਾਮਕਾਰੀ ਕੀਤੀ ਅਤੇ ਉਹ ਗਰਭਵਤੀ ਹੋ ਗਈ। ਇਹ ਸਾਰਾ ਕੁਝ ਉਦੋਂ ਹੋਇਆ ਜਦੋਂ ਬਥ-ਸ਼ਬਾ ਦਾ ਪਤੀ ਊਰੀਯਾਹ ਯੁੱਧ ਵਿਚ ਲੜਨ ਗਿਆ ਸੀ। ਜਦੋਂ ਊਰੀਯਾਹ ਥੋੜ੍ਹੇ ਦਿਨਾਂ ਲਈ ਯੁੱਧ ਤੋਂ ਵਾਪਸ ਆਇਆ, ਤਾਂ ਦਾਊਦ ਨੇ ਉਸ ਉੱਤੇ ਜ਼ੋਰ ਪਾਇਆ ਕਿ ਉਹ ਆਪਣੇ ਘਰ ਜਾ ਕੇ ਆਪਣੀ ਪਤਨੀ ਨਾਲ ਸਰੀਰਕ ਸੰਬੰਧ ਬਣਾਏ ਤਾਂਕਿ ਇੱਦਾਂ ਲੱਗੇ ਕਿ ਪੈਦਾ ਹੋਣ ਵਾਲਾ ਬੱਚਾ ਦਾਊਦ ਦਾ ਨਹੀਂ, ਸਗੋਂ ਊਰੀਯਾਹ ਦਾ ਹੈ। ਊਰੀਯਾਹ ਨੇ ਦਾਊਦ ਦੀ ਗੱਲ ਨਹੀਂ ਮੰਨੀ, ਸੋ ਦਾਊਦ ਨੇ ਉਸ ਨੂੰ ਯੁੱਧ ਵਿਚ ਮਰਵਾਉਣ ਦੀ ਸਾਜ਼ਸ਼ ਘੜੀ। ਇਨ੍ਹਾਂ ਪਾਪਾਂ ਕਰਕੇ ਦਾਊਦ ਅਤੇ ਉਸ ਦੇ ਘਰਦਿਆਂ ਉੱਤੇ ਦੁੱਖਾਂ ਦਾ ਕਹਿਰ ਟੁੱਟ ਪਿਆ। (2 ਸਮੂ. 12:9-12) ਪਰ ਪਰਮੇਸ਼ੁਰ ਨੇ ਦਾਊਦ ’ਤੇ ਦਇਆ ਦਿਖਾਈ ਜੋ “ਮਨ ਦੀ ਸਚਿਆਈ” ਨਾਲ ਯਹੋਵਾਹ ਅੱਗੇ ਚੱਲਣਾ ਚਾਹੁੰਦਾ ਸੀ। (1 ਰਾਜ. 9:4) ਜੇ ਤੁਸੀਂ ਉਨ੍ਹਾਂ ਦਿਨਾਂ ਵਿਚ ਹੁੰਦੇ, ਤਾਂ ਤੁਸੀਂ ਦਾਊਦ ਦੇ ਪਾਪਾਂ ਨੂੰ ਜਾਣ ਕੇ ਕੀ ਕਰਦੇ? ਕੀ ਉਸ ਦੇ ਪਾਪਾਂ ਕਰਕੇ ਤੁਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੰਦੇ?

8. (ੳ) ਪਤਰਸ ਰਸੂਲ ਆਪਣੀ ਗੱਲ ਤੋਂ ਕਿਵੇਂ ਮੁੱਕਰ ਗਿਆ? (ਅ) ਪਤਰਸ ਦੀ ਗ਼ਲਤੀ ਤੋਂ ਬਾਅਦ ਵੀ ਯਹੋਵਾਹ ਉਸ ਨੂੰ ਕਿਉਂ ਵਰਤਦਾ ਰਿਹਾ?

8 ਪਤਰਸ ਰਸੂਲ ਦੀ ਵੀ ਮਿਸਾਲ ਲਓ। ਯਿਸੂ ਨੇ ਉਸ ਨੂੰ ਇਕ ਰਸੂਲ ਵਜੋਂ ਚੁਣਿਆ। ਪਰ ਕਈ ਵਾਰ ਪਤਰਸ ਨੇ ਅਜਿਹਾ ਕੁਝ ਕਿਹਾ ਜਾਂ ਕੀਤਾ ਜਿਸ ਦਾ ਉਸ ਨੂੰ ਬਾਅਦ ਵਿਚ ਪਛਤਾਵਾ ਹੋਇਆ। ਮਿਸਾਲ ਲਈ, ਇਕ ਮੁਸ਼ਕਲ ਸਮੇਂ ਵਿਚ ਰਸੂਲਾਂ ਨੇ ਯਿਸੂ ਨੂੰ ਛੱਡ ਦਿੱਤਾ। ਪਤਰਸ ਨੇ ਪਹਿਲਾਂ ਕਿਹਾ ਸੀ ਕਿ ਭਾਵੇਂ ਦੂਜੇ ਯਿਸੂ ਨੂੰ ਛੱਡ ਦੇਣ, ਪਰ ਉਹ ਉਸ ਨੂੰ ਕਦੀ ਨਹੀਂ ਛੱਡੇਗਾ। (ਮਰ. 14:27-31, 50) ਪਰ ਜਦੋਂ ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ, ਤਾਂ ਸਾਰੇ ਰਸੂਲ ਉਸ ਨੂੰ ਛੱਡ ਕੇ ਚਲੇ ਗਏ ਜਿਨ੍ਹਾਂ ਵਿਚ ਪਤਰਸ ਵੀ ਸੀ। ਉਸ ਨੇ ਵਾਰ-ਵਾਰ ਯਿਸੂ ਨੂੰ ਪਛਾਣਨ ਤੋਂ ਇਨਕਾਰ ਕੀਤਾ। (ਮਰ. 14:53, 54, 66-72) ਪਰ ਪਤਰਸ ਨੂੰ ਆਪਣੀ ਗ਼ਲਤੀ ਦਾ ਪਛਤਾਵਾ ਸੀ ਜਿਸ ਕਰਕੇ ਯਹੋਵਾਹ ਉਸ ਨੂੰ ਆਪਣੇ ਕੰਮਾਂ ਲਈ ਵਰਤਦਾ ਰਿਹਾ। ਜੇ ਤੁਸੀਂ ਉਸ ਸਮੇਂ ਯਿਸੂ ਦੇ ਚੇਲੇ ਹੁੰਦੇ, ਤਾਂ ਕੀ ਪਤਰਸ ਦੇ ਕੰਮਾਂ ਕਰਕੇ ਤੁਸੀਂ ਯਹੋਵਾਹ ਪ੍ਰਤੀ ਵਫ਼ਾਦਾਰੀ ਬਣਾਈ ਰੱਖਦੇ?

9. ਤੁਸੀਂ ਕਿਉਂ ਭਰੋਸਾ ਰੱਖਦੇ ਹੋ ਕਿ ਪਰਮੇਸ਼ੁਰ ਹਮੇਸ਼ਾ ਨਿਆਂ ਕਰਦਾ ਹੈ?

9 ਇਹ ਕੁਝ ਹੀ ਮਿਸਾਲਾਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਕੁਝ ਵਫ਼ਾਦਾਰ ਸੇਵਕਾਂ ਨੇ ਵੀ ਦੂਜਿਆਂ ਨੂੰ ਠੇਸ ਪਹੁੰਚਾਈ। ਅੱਜ ਅਤੇ ਬੀਤੇ ਸਮੇਂ ਦੇ ਹੋਰ ਬਹੁਤ ਸਾਰੇ ਪਰਮੇਸ਼ੁਰ ਦੇ ਸੇਵਕਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਗ਼ਲਤੀਆਂ ਕੀਤੀਆਂ ਅਤੇ ਦੂਜਿਆਂ ਨੂੰ ਠੇਸ ਪਹੁੰਚਾਈ। ਪਰ ਸਵਾਲ ਇਹ ਹੈ ਕਿ ਤੁਸੀਂ ਕੀ ਕਰੋਗੇ? ਕੀ ਦੂਜਿਆਂ ਦੀਆਂ ਗ਼ਲਤੀਆਂ ਕਰਕੇ ਤੁਸੀਂ ਯਹੋਵਾਹ ਅਤੇ ਉਸ ਦੇ ਲੋਕਾਂ ਦੇ ਨਾਲ-ਨਾਲ ਮਸੀਹੀ ਸਭਾਵਾਂ ਵਿਚ ਜਾਣਾ ਛੱਡ ਦਿਓਗੇ? ਜਾਂ ਤੁਸੀਂ ਇਹ ਸੋਚੋਗੇ ਕਿ ਯਹੋਵਾਹ ਸ਼ਾਇਦ ਗ਼ਲਤੀ ਕਰਨ ਵਾਲੇ ਵਿਅਕਤੀ ਨੂੰ ਪਛਤਾਵਾ ਕਰਨ ਦਾ ਸਮਾਂ ਦੇ ਰਿਹਾ ਹੈ ਅਤੇ ਆਪਣੇ ਸਮੇਂ ਵਿਚ ਸਾਰਾ ਕੁਝ ਠੀਕ ਕਰ ਦੇਵੇਗਾ? ਦੂਜੇ ਪਾਸੇ, ਕਈ ਵਾਰ ਜਿਹੜੇ ਲੋਕ ਗੰਭੀਰ ਪਾਪ ਕਰਦੇ ਹਨ, ਉਹ ਨਾ ਤਾਂ ਯਹੋਵਾਹ ਦੀ ਦਇਆ ਨੂੰ ਸਵੀਕਾਰ ਕਰਦੇ ਹਨ ਤੇ ਨਾ ਹੀ ਪਛਤਾਵਾ ਕਰਦੇ ਹਨ। ਇਨ੍ਹਾਂ ਹਾਲਾਤਾਂ ਵਿਚ, ਕੀ ਤੁਸੀਂ ਭਰੋਸਾ ਰੱਖੋਗੇ ਕਿ ਯਹੋਵਾਹ ਆਪਣੇ ਸਮੇਂ ’ਤੇ ਗ਼ਲਤੀ ਕਰਨ ਵਾਲਿਆਂ ਦਾ ਨਿਆਂ ਕਰੇਗਾ, ਸ਼ਾਇਦ ਉਨ੍ਹਾਂ ਨੂੰ ਮੰਡਲੀ ਵਿੱਚੋਂ ਛੇਕ ਦੇਵੇਗਾ?

ਵਫ਼ਾਦਾਰੀ ਬਣਾਈ ਰੱਖੋ

10. ਯਿਸੂ ਯਹੂਦਾ ਇਸਕਰਿਓਤੀ ਅਤੇ ਪਤਰਸ ਦੀਆਂ ਗ਼ਲਤੀਆਂ ਬਾਰੇ ਕੀ ਜਾਣਦਾ ਸੀ?

10 ਬਾਈਬਲ ਵਿਚ ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕਾਂ ਬਾਰੇ ਦੱਸਿਆ ਗਿਆ ਹੈ ਜੋ ਦੂਜਿਆਂ ਦੀਆਂ ਗੰਭੀਰ ਗ਼ਲਤੀਆਂ ਦੇ ਬਾਵਜੂਦ ਵੀ ਯਹੋਵਾਹ ਅਤੇ ਉਸ ਦੇ ਲੋਕਾਂ ਪ੍ਰਤੀ ਵਫ਼ਾਦਾਰ ਰਹੇ। ਮਿਸਾਲ ਲਈ, ਆਪਣੇ ਪਿਤਾ ਨੂੰ ਪੂਰੀ ਰਾਤ ਪ੍ਰਾਰਥਨਾ ਕਰਨ ਤੋਂ ਬਾਅਦ ਯਿਸੂ ਨੇ 12 ਰਸੂਲਾਂ ਨੂੰ ਚੁਣਿਆ। ਯਹੂਦਾ ਇਸਕਰਿਓਤੀ ਉਨ੍ਹਾਂ ਵਿੱਚੋਂ ਇਕ ਸੀ। ਭਾਵੇਂ ਯਹੂਦਾ ਨੇ ਯਿਸੂ ਨਾਲ ਗੱਦਾਰੀ ਕੀਤੀ, ਤਾਂ ਵੀ ਮਸੀਹ ਯਹੋਵਾਹ ਤੋਂ ਦੂਰ ਨਹੀਂ ਹੋਇਆ। ਨਾਲੇ ਪਤਰਸ ਦੇ ਇਨਕਾਰ ਕਰਨ ਦੇ ਬਾਵਜੂਦ ਵੀ ਯਿਸੂ ਨੇ ਯਹੋਵਾਹ ਨਾਲ ਆਪਣੇ ਰਿਸ਼ਤੇ ਵਿਚ ਦਰਾੜ ਨਹੀਂ ਆਉਣ ਦਿੱਤੀ। (ਲੂਕਾ 6:12-16; 22:2-6, 31, 32) ਯਿਸੂ ਜਾਣਦਾ ਸੀ ਕਿ ਇਨ੍ਹਾਂ ਗ਼ਲਤੀਆਂ ਪਿੱਛੇ ਨਾ ਤਾਂ ਯਹੋਵਾਹ ਦਾ ਤੇ ਨਾ ਹੀ ਉਸ ਦੇ ਲੋਕਾਂ ਦਾ ਹੱਥ ਸੀ। ਭਾਵੇਂ ਕਿ ਉਸ ਦੇ ਕੁਝ ਚੇਲਿਆਂ ਨੇ ਯਿਸੂ ਨੂੰ ਨਿਰਾਸ਼ ਕੀਤਾ, ਫਿਰ ਵੀ ਉਹ ਸ਼ਾਨਦਾਰ ਕੰਮ ਕਰਦਾ ਰਿਹਾ। ਯਹੋਵਾਹ ਨੇ ਯਿਸੂ ਨੂੰ ਜੀਉਂਦਾ ਕਰ ਕੇ ਅਤੇ ਬਾਅਦ ਵਿਚ ਸਵਰਗੀ ਰਾਜ ਦਾ ਰਾਜਾ ਬਣਾ ਕੇ ਉਸ ਨੂੰ ਇਨਾਮ ਦਿੱਤਾ।​—ਮੱਤੀ 28:7, 18-20.

11. ਬਾਈਬਲ ਵਿਚ ਯਹੋਵਾਹ ਦੇ ਸੇਵਕਾਂ ਬਾਰੇ ਪਹਿਲਾਂ ਹੀ ਕੀ ਦੱਸਿਆ ਗਿਆ ਸੀ?

11 ਯਿਸੂ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਯਹੋਵਾਹ ਅਤੇ ਉਸ ਦੇ ਲੋਕਾਂ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਸਾਡੇ ਕੋਲ ਵਧੀਆ ਕਾਰਨ ਹਨ। ਅਸੀਂ ਦੇਖ ਸਕਦੇ ਹਾਂ ਕਿ ਇਨ੍ਹਾਂ ਆਖ਼ਰੀ ਦਿਨਾਂ ਵਿਚ ਯਹੋਵਾਹ ਆਪਣੇ ਸੇਵਕਾਂ ਨੂੰ ਸੇਧ ਦੇ ਰਿਹਾ ਹੈ। ਦੁਨੀਆਂ ਭਰ ਵਿਚ ਪ੍ਰਚਾਰ ਕਰਨ ਵਿਚ ਉਹ ਸਾਡੀ ਮਦਦ ਕਰ ਰਿਹਾ ਹੈ ਅਤੇ ਸਾਡੇ ਤੋਂ ਸਿਵਾਇ ਹੋਰ ਕੋਈ ਵੀ ਇਹ ਕੰਮ ਨਹੀਂ ਕਰ ਰਿਹਾ। ਯਹੋਵਾਹ ਵੱਲੋਂ ਸਿਖਾਏ ਜਾਣ ਕਰਕੇ ਅਸੀਂ ਖ਼ੁਸ਼ ਹਾਂ ਅਤੇ ਏਕਤਾ ਦੇ ਬੰਧਨ ਵਿਚ ਬੱਝੇ ਹੋਏ ਹਾਂ। ਇਸ ਬਾਰੇ ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ: “ਵੇਖੋ, ਮੇਰੇ ਦਾਸ ਖੁਸ਼ ਦਿਲੀ ਨਾਲ ਜੈਕਾਰੇ ਗਜਾਉਣਗੇ, ਪਰ ਤੁਸੀਂ ਦੁਖ ਦਿਲੀ ਨਾਲ ਚਿੱਲਾਓਗੇ, ਅਤੇ ਟੁੱਟੇ ਹੋਏ ਆਤਮਾ ਨਾਲ ਚੀਕਾਂ ਮਾਰੋਗੇ!”​—ਯਸਾ. 65:14.

12. ਸਾਨੂੰ ਦੂਜਿਆਂ ਦੀਆਂ ਗ਼ਲਤੀਆਂ ਪ੍ਰਤੀ ਕਿਹੋ ਜਿਹਾ ਰਵੱਈਆ ਰੱਖਣਾ ਚਾਹੀਦਾ ਹੈ?

12 ਯਹੋਵਾਹ ਦੇ ਸੇਵਕ ਖ਼ੁਸ਼ ਹਨ ਕਿਉਂਕਿ ਯਹੋਵਾਹ ਉਨ੍ਹਾਂ ਨੂੰ ਸੇਧ ਦਿੰਦਾ ਹੈ ਅਤੇ ਬਹੁਤ ਸਾਰੇ ਚੰਗੇ ਕੰਮ ਕਰਨ ਵਿਚ ਮਦਦ ਕਰਦਾ ਹੈ। ਦੂਜੇ ਪਾਸੇ, ਸ਼ੈਤਾਨ ਦੇ ਵੱਸ ਵਿਚ ਪਈ ਦੁਨੀਆਂ ਆਹਾਂ ਭਰ ਰਹੀ ਹੈ ਕਿਉਂਕਿ ਇਸ ਦੀ ਹਾਲਤ ਵਿਗੜਦੀ ਜਾ ਰਹੀ ਹੈ। ਜੇ ਅਸੀਂ ਯਹੋਵਾਹ ਦੇ ਕੁਝ ਸੇਵਕਾਂ ਦੀਆਂ ਗ਼ਲਤੀਆਂ ਕਰਕੇ ਉਸ ਨੂੰ ਜਾਂ ਮੰਡਲੀ ਨੂੰ ਦੋਸ਼ ਦੇਈਏ, ਤਾਂ ਇਹ ਚੰਗੀ ਅਤੇ ਸਮਝਦਾਰੀ ਵਾਲੀ ਗੱਲ ਨਹੀਂ ਹੋਵੇਗੀ। ਸਾਨੂੰ ਯਹੋਵਾਹ ਅਤੇ ਉਸ ਦੇ ਸੰਗਠਨ ਪ੍ਰਤੀ ਵਫ਼ਾਦਾਰ ਰਹਿਣ ਦੀ ਲੋੜ ਹੈ। ਨਾਲੇ ਸਾਨੂੰ ਇਹ ਸਿੱਖਣ ਦੀ ਲੋੜ ਹੈ ਕਿ ਅਸੀਂ ਦੂਜਿਆਂ ਦੀਆਂ ਗ਼ਲਤੀਆਂ ਪ੍ਰਤੀ ਸਹੀ ਰਵੱਈਆ ਕਿਵੇਂ ਰੱਖ ਸਕਦੇ ਹਾਂ।

ਸਾਡਾ ਰਵੱਈਆ

13, 14. (ੳ) ਸਾਨੂੰ ਇਕ-ਦੂਜੇ ਨਾਲ ਧੀਰਜ ਕਿਉਂ ਰੱਖਣਾ ਚਾਹੀਦਾ ਹੈ? (ਅ) ਸਾਨੂੰ ਕਿਹੜਾ ਵਾਅਦਾ ਯਾਦ ਰੱਖਣਾ ਚਾਹੀਦਾ ਹੈ?

13 ਜੇ ਕੋਈ ਭੈਣ-ਭਰਾ ਸਾਨੂੰ ਠੇਸ ਪਹੁੰਚਾਵੇ, ਤਾਂ ਅਸੀਂ ਕੀ ਕਰ ਸਕਦੇ ਹਾਂ? ਬਾਈਬਲ ਇਹ ਵਧੀਆ ਸਲਾਹ ਦਿੰਦੀ ਹੈ: “ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ, ਕਿਉਂ ਜੋ ਖਿਝ ਮੂਰਖਾਂ ਦੇ ਹਿਰਦੇ ਵਿੱਚ ਰਹਿੰਦੀ ਹੈ।” (ਉਪ. 7:9) ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਕਿੰਨੇ ਜ਼ਿਆਦਾ ਪਾਪੀ ਹੋ ਚੁੱਕੇ ਹਾਂ ਕਿਉਂਕਿ ਅਦਨ ਦੇ ਬਾਗ਼ ਦੇ ਦਿਨਾਂ ਤੋਂ ਲੈ ਕੇ ਹੁਣ ਤਕ 6,000 ਸਾਲ ਬੀਤ ਚੁੱਕੇ ਹਨ। ਪਾਪੀ ਲੋਕਾਂ ਤੋਂ ਗ਼ਲਤੀਆਂ ਹੋਣਗੀਆਂ ਹੀ ਹੋਣਗੀਆਂ। ਇਸ ਲਈ ਨਾ ਤਾਂ ਸਾਨੂੰ ਆਪਣੇ ਭੈਣਾਂ-ਭਰਾਵਾਂ ਤੋਂ ਹੱਦੋਂ ਵੱਧ ਉਮੀਦ ਰੱਖਣੀ ਚਾਹੀਦੀ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਗ਼ਲਤੀਆਂ ਕਰਕੇ ਉਹ ਖ਼ੁਸ਼ੀ ਗੁਆਉਣੀ ਚਾਹੀਦੀ ਜੋ ਆਖ਼ਰੀ ਦਿਨਾਂ ਵਿਚ ਸਾਨੂੰ ਭੈਣਾਂ-ਭਰਾਵਾਂ ਨਾਲ ਸੇਵਾ ਕਰਕੇ ਮਿਲਦੀ ਹੈ। ਨਾਲੇ ਦੂਜਿਆਂ ਦੀਆਂ ਗ਼ਲਤੀਆਂ ਕਰਕੇ ਯਹੋਵਾਹ ਦੇ ਸੰਗਠਨ ਨੂੰ ਛੱਡਣਾ ਮੂਰਖਤਾਈ ਵਾਲੀ ਗੱਲ ਹੋਵੇਗੀ। ਇੱਦਾਂ ਹੋਣ ’ਤੇ ਅਸੀਂ ਨਾ ਸਿਰਫ਼ ਯਹੋਵਾਹ ਦੀ ਇੱਛਾ ਪੂਰੀ ਕਰਨ ਦਾ ਸਨਮਾਨ ਗੁਆ ਬੈਠਾਂਗੇ, ਸਗੋਂ ਨਵੀਂ ਦੁਨੀਆਂ ਵਿਚ ਰਹਿਣ ਦੀ ਆਸ ਵੀ ਗੁਆ ਬੈਠਾਂਗੇ।

14 ਸਾਨੂੰ ਆਪਣੀ ਖ਼ੁਸ਼ੀ ਅਤੇ ਉਮੀਦ ਬਰਕਰਾਰ ਰੱਖਣ ਲਈ ਯਹੋਵਾਹ ਦਾ ਇਹ ਵਾਅਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ: “ਵੇਖੋ ਤਾਂ, ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।” (ਯਸਾ. 65:17; 2 ਪਤ. 3:13) ਦੂਜਿਆਂ ਦੀਆਂ ਗ਼ਲਤੀਆਂ ਕਰਕੇ ਤੁਸੀਂ ਇਨ੍ਹਾਂ ਬਰਕਤਾਂ ਤੋਂ ਆਪਣੇ ਆਪ ਨੂੰ ਵਾਂਝੇ ਨਾ ਹੋਣ ਦਿਓ।

15. ਜਦੋਂ ਦੂਜੇ ਗ਼ਲਤੀਆਂ ਕਰਦੇ ਹਨ, ਤਾਂ ਸਾਨੂੰ ਯਿਸੂ ਦੀ ਕਿਹੜੀ ਸਲਾਹ ਯਾਦ ਰੱਖਣੀ ਚਾਹੀਦੀ ਹੈ?

15 ਪਰ ਅਸੀਂ ਹਾਲੇ ਨਵੀਂ ਦੁਨੀਆਂ ਵਿਚ ਨਹੀਂ ਪਹੁੰਚੇ। ਇਸ ਲਈ ਜਦੋਂ ਵੀ ਕੋਈ ਸਾਨੂੰ ਠੇਸ ਪਹੁੰਚਾਉਂਦਾ ਹੈ, ਤਾਂ ਸਾਨੂੰ ਉਸ ਵੇਲੇ ਪਰਮੇਸ਼ੁਰ ਵਰਗਾ ਨਜ਼ਰੀਆ ਰੱਖਣਾ ਚਾਹੀਦਾ ਹੈ। ਮਿਸਾਲ ਲਈ, ਸਾਨੂੰ ਯਿਸੂ ਵੱਲੋਂ ਦਿੱਤਾ ਇਹ ਅਸੂਲ ਯਾਦ ਰੱਖਣਾ ਚਾਹੀਦਾ ਹੈ: “ਜੇ ਤੁਸੀਂ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਕਰੋਗੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਕਰੇਗਾ; ਪਰ ਜੇ ਤੁਸੀਂ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਨਹੀਂ ਕਰਦੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਨਹੀਂ ਕਰੇਗਾ।” ਨਾਲੇ ਚੇਤੇ ਕਰੋ ਕਿ ਜਦੋਂ ਪਤਰਸ ਨੇ ਯਿਸੂ ਨੂੰ ਪੁੱਛਿਆ ਕਿ ਸਾਨੂੰ “ਸੱਤ ਵਾਰ” ਮਾਫ਼ ਕਰਨਾ ਚਾਹੀਦਾ ਹੈ, ਤਾਂ ਯਿਸੂ ਨੇ ਕਿਹਾ: “ਮੈਂ ਤੈਨੂੰ ਕਹਿੰਦਾ ਹਾਂ, ਸੱਤ ਵਾਰ ਨਹੀਂ, ਸਗੋਂ ਸਤੱਤਰ ਵਾਰ।” ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਅਸੀਂ ਦੂਜਿਆਂ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹੀਏ।​—ਮੱਤੀ 6:14, 15; 18:21, 22.

16. ਯੂਸੁਫ਼ ਨੇ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ?

16 ਦੂਜਿਆਂ ਦੀਆਂ ਗ਼ਲਤੀਆਂ ਪ੍ਰਤੀ ਸਹੀ ਨਜ਼ਰੀਆ ਰੱਖਣ ਵਿਚ ਯੂਸੁਫ਼ ਨੇ ਵਧੀਆ ਮਿਸਾਲ ਕਾਇਮ ਕੀਤੀ। ਯੂਸੁਫ਼ ਰਾਕੇਲ ਦਾ ਜੇਠਾ ਪੁੱਤ ਸੀ ਜਿਸ ਦਾ ਪਿਤਾ ਯਾਕੂਬ ਸੀ। ਯੂਸੁਫ਼ ਦੇ 10 ਮਤਰੇਏ ਭਰਾ ਉਸ ਨਾਲ ਖਾਰ ਖਾਂਦੇ ਸਨ ਕਿਉਂਕਿ ਉਨ੍ਹਾਂ ਦਾ ਪਿਤਾ ਯੂਸੁਫ਼ ਨੂੰ ਜ਼ਿਆਦਾ ਪਿਆਰ ਕਰਦਾ ਸੀ। ਫਿਰ ਉਨ੍ਹਾਂ ਨੇ ਯੂਸੁਫ਼ ਨੂੰ ਗ਼ੁਲਾਮੀ ਵਿਚ ਵੇਚ ਦਿੱਤਾ। ਬਹੁਤ ਸਾਲਾਂ ਬਾਅਦ ਮਿਸਰ ਵਿਚ ਯੂਸੁਫ਼ ਦੇ ਚੰਗੇ ਕੰਮਾਂ ਕਰਕੇ ਉਸ ਨੂੰ ਦੇਸ਼ ਦਾ ਦੂਜੇ ਦਰਜੇ ਦਾ ਹਾਕਮ ਬਣਾਇਆ ਗਿਆ। ਜਦੋਂ ਦੇਸ਼ ਕਾਲ਼ ਦੀ ਲਪੇਟ ਵਿਚ ਸੀ, ਉਦੋਂ ਯੂਸੁਫ਼ ਦੇ ਭਰਾ ਅਨਾਜ ਖ਼ਰੀਦਣ ਲਈ ਮਿਸਰ ਆਏ, ਪਰ ਉਨ੍ਹਾਂ ਨੇ ਯੂਸੁਫ਼ ਨੂੰ ਪਛਾਣਿਆ ਨਹੀਂ। ਯੂਸੁਫ਼ ਦੇ ਭਰਾਵਾਂ ਨੇ ਉਸ ਨਾਲ ਜੋ ਬੁਰਾ ਸਲੂਕ ਕੀਤਾ ਸੀ, ਉਸ ਦਾ ਬਦਲਾ ਲੈਣ ਲਈ ਉਹ ਆਪਣਾ ਅਧਿਕਾਰ ਵਰਤ ਸਕਦਾ ਸੀ। ਪਰ ਇੱਦਾਂ ਕਰਨ ਦੀ ਬਜਾਇ ਉਸ ਨੇ ਆਪਣੇ ਭਰਾਵਾਂ ਦੀ ਪਰਖ ਕੀਤੀ ਕਿ ਉਨ੍ਹਾਂ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਸੀ ਜਾਂ ਨਹੀਂ। ਜਦੋਂ ਯੂਸੁਫ਼ ਨੇ ਦੇਖਿਆ ਕਿ ਉਸ ਦੇ ਭਰਾ ਬਿਲਕੁਲ ਬਦਲ ਗਏ ਸਨ, ਤਾਂ ਉਸ ਨੇ ਆਪਣੀ ਪਛਾਣ ਕਰਾਈ। ਉਸ ਨੇ ਬਾਅਦ ਵਿਚ ਕਿਹਾ: “ਤੁਸੀਂ ਨਾ ਡਰੋ। ਮੈਂ ਤੁਹਾਡੀ ਅਤੇ ਤੁਹਾਡੇ ਨੀਂਗਰਾਂ ਦੀ ਪਾਲਣਾ ਕਰਾਂਗਾ।” ਬਾਈਬਲ ਇਹ ਵੀ ਕਹਿੰਦੀ ਹੈ: “ਸੋ ਉਸ ਨੇ ਉਨ੍ਹਾਂ ਨੂੰ ਧੀਰਜ ਦਿੱਤੀ ਅਤੇ ਉਨ੍ਹਾਂ ਨੇ ਦਿਲਾਸਾ ਪਾਇਆ।”​—ਉਤ. 50:21.

17. ਜਦੋਂ ਦੂਜੇ ਗ਼ਲਤੀਆਂ ਕਰਦੇ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

17 ਯਾਦ ਰੱਖੋ ਕਿ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ ਜਿਸ ਕਰਕੇ ਅਸੀਂ ਵੀ ਸ਼ਾਇਦ ਦੂਜਿਆਂ ਨੂੰ ਠੇਸ ਪਹੁੰਚਾਈਏ। ਜੇ ਸਾਨੂੰ ਲੱਗਦਾ ਹੈ ਕਿ ਅਸੀਂ ਇੱਦਾਂ ਕੀਤਾ ਹੈ, ਤਾਂ ਸਾਨੂੰ ਬਾਈਬਲ ਦੀ ਸਲਾਹ ਅਨੁਸਾਰ ਠੇਸ ਪਹੁੰਚਾਉਣ ਵਾਲੇ ਵਿਅਕਤੀ ਨਾਲ ਸੁਲ੍ਹਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਮੱਤੀ 5:23, 24 ਪੜ੍ਹੋ।) ਸਾਨੂੰ ਚੰਗਾ ਲੱਗਦਾ ਹੈ ਜਦੋਂ ਦੂਜੇ ਸਾਡੇ ਖ਼ਿਲਾਫ਼ ਗਿਲੇ-ਸ਼ਿਕਵੇ ਨਹੀਂ ਰੱਖਦੇ। ਇਸ ਲਈ ਸਾਨੂੰ ਵੀ ਇੱਦਾਂ ਹੀ ਕਰਨਾ ਚਾਹੀਦਾ ਹੈ। ਕੁਲੁੱਸੀਆਂ 3:13 ਸਾਨੂੰ ਹੱਲਾਸ਼ੇਰੀ ਦਿੰਦਾ ਹੈ: “ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ। ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ।” 1 ਕੁਰਿੰਥੀਆਂ 13:5 ਵਿਚ ਲਿਖਿਆ ਹੈ ਕਿ ਪਿਆਰ “ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ।” ਜੇ ਅਸੀਂ ਦੂਜਿਆਂ ਨੂੰ ਮਾਫ਼ ਕਰਾਂਗੇ, ਤਾਂ ਯਹੋਵਾਹ ਵੀ ਸਾਨੂੰ ਮਾਫ਼ ਕਰੇਗਾ। ਸੋ ਜਦੋਂ ਦੂਜੇ ਗ਼ਲਤੀਆਂ ਕਰਦੇ ਹਨ, ਤਾਂ ਸਾਨੂੰ ਦਇਆ ਦਿਖਾਉਣੀ ਚਾਹੀਦੀ ਹੈ ਜਿਵੇਂ ਸਾਡਾ ਪਿਤਾ ਯਹੋਵਾਹ ਸਾਨੂੰ ਦਇਆ ਦਿਖਾਉਂਦਾ ਹੈ।​—ਜ਼ਬੂਰਾਂ ਦੀ ਪੋਥੀ 103:12-14 ਪੜ੍ਹੋ।