Skip to content

Skip to table of contents

“ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ”

“ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ”

“ਹੇ ਇਸਰਾਏਲ, ਸੁਣੋ! ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ।”​—ਬਿਵ. 6:4.

ਗੀਤ: 138, 2

1, 2. (ੳ) ਬਿਵਸਥਾ ਸਾਰ 6:4 ਦੇ ਸ਼ਬਦ ਮੰਨੇ-ਪ੍ਰਮੰਨੇ ਕਿਉਂ ਹਨ? (ਅ) ਮੂਸਾ ਨੇ ਇਹ ਸ਼ਬਦ ਕਿਉਂ ਕਹੇ ਸਨ?

ਸੈਂਕੜੇ ਸਾਲਾਂ ਤੋਂ ਯਹੂਦੀ ਇਕ ਖ਼ਾਸ ਪ੍ਰਾਰਥਨਾ ਕਰਦੇ ਆਏ ਹਨ ਜਿਸ ਵਿਚ ਉਹ ਬਿਵਸਥਾ ਸਾਰ 6:4 ਦੇ ਸ਼ਬਦ ਵੀ ਕਹਿੰਦੇ ਹਨ। ਇਸ ਖ਼ਾਸ ਪ੍ਰਾਰਥਨਾ ਦਾ ਨਾਂ ਸ਼ੀਮਾ ਹੈ ਜੋ ਇਬਰਾਨੀ ਭਾਸ਼ਾ ਵਿਚ ਇਸ ਆਇਤ ਦਾ ਪਹਿਲਾ ਸ਼ਬਦ ਹੈ। ਬਹੁਤ ਸਾਰੇ ਯਹੂਦੀ ਸਵੇਰੇ-ਸ਼ਾਮ ਇਹ ਪ੍ਰਾਰਥਨਾ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਕਰ ਕੇ ਉਹ ਸਿਰਫ਼ ਪਰਮੇਸ਼ੁਰ ਦੀ ਹੀ ਭਗਤੀ ਕਰਦੇ ਹਨ।

2 ਮੂਸਾ ਨੇ ਇਹ ਸ਼ਬਦ ਇਜ਼ਰਾਈਲ ਕੌਮ ਨੂੰ ਆਪਣੇ ਆਖ਼ਰੀ ਭਾਸ਼ਣ ਵਿਚ ਕਹੇ ਸਨ ਜਦੋਂ ਕੌਮ ਸਾਲ 1473 ਈ. ਪੂ. ਵਿਚ ਮੋਆਬ ਦੇ ਮੈਦਾਨ ਵਿਚ ਇਕੱਠੀ ਹੋਈ ਸੀ। ਇਜ਼ਰਾਈਲ ਕੌਮ ਯਰਦਨ ਦਰਿਆ ਪਾਰ ਕਰ ਕੇ ਵਾਅਦਾ ਕੀਤੇ ਹੋਏ ਦੇਸ਼ ’ਤੇ ਕਬਜ਼ਾ ਕਰਨ ਹੀ ਵਾਲੀ ਸੀ। (ਬਿਵ. 6:1) ਮੂਸਾ 40 ਸਾਲਾਂ ਤੋਂ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ ਅਤੇ ਉਹ ਚਾਹੁੰਦਾ ਸੀ ਕਿ ਲੋਕ ਆਉਣ ਵਾਲੀਆਂ ਚੁਣੌਤੀਆਂ ਦਾ ਸਾਮ੍ਹਣਾ ਦਲੇਰੀ ਨਾਲ ਕਰਨ। ਉਨ੍ਹਾਂ ਨੂੰ ਯਹੋਵਾਹ ’ਤੇ ਭਰੋਸਾ ਰੱਖਣ ਅਤੇ ਉਸ ਦੇ ਵਫ਼ਾਦਾਰ ਰਹਿਣ ਦੀ ਲੋੜ ਸੀ। ਸੋ ਮੂਸਾ ਦੇ ਆਖ਼ਰੀ ਸ਼ਬਦਾਂ ਨੇ ਲੋਕਾਂ ਨੂੰ ਇਸੇ ਤਰ੍ਹਾਂ ਕਰਨ ਦੀ ਹੱਲਾਸ਼ੇਰੀ ਦਿੱਤੀ। ਯਹੋਵਾਹ ਵੱਲੋਂ ਦਿੱਤੇ ਦਸ ਹੁਕਮ ਅਤੇ ਹੋਰ ਕਾਨੂੰਨ ਦੱਸਣ ਤੋਂ ਬਾਅਦ ਮੂਸਾ ਨੇ ਬਿਵਸਥਾ ਸਾਰ 6:4, 5 (ਪੜ੍ਹੋ) ਵਿਚ ਦਰਜ ਜ਼ਬਰਦਸਤ ਸ਼ਬਦ ਕਹੇ।

3. ਅਸੀਂ ਇਸ ਲੇਖ ਵਿਚ ਕਿਹੜੇ ਸਵਾਲਾਂ ’ਤੇ ਗੌਰ ਕਰਾਂਗੇ?

3 ਇਜ਼ਰਾਈਲੀ ਜਾਣਦੇ ਸਨ ਕਿ ਯਹੋਵਾਹ ਉਨ੍ਹਾਂ ਦਾ “ਇੱਕੋ ਹੀ ਯਹੋਵਾਹ” ਪਰਮੇਸ਼ੁਰ ਹੈ। ਵਫ਼ਾਦਾਰ ਇਜ਼ਰਾਈਲੀ ਇੱਕੋ ਹੀ ਪਰਮੇਸ਼ੁਰ ਦੀ ਭਗਤੀ ਕਰਦੇ ਸਨ ਜੋ ਉਨ੍ਹਾਂ ਦੇ ਦਾਦੇ-ਪੜਦਾਦਿਆਂ ਦਾ ਪਰਮੇਸ਼ੁਰ ਸੀ। ਸੋ ਮੂਸਾ ਨੇ ਉਨ੍ਹਾਂ ਨੂੰ ਇਹ ਯਾਦ ਕਿਉਂ ਕਰਾਇਆ ਕਿ ਯਹੋਵਾਹ ਉਨ੍ਹਾਂ ਦਾ “ਇੱਕੋ ਹੀ ਯਹੋਵਾਹ” ਪਰਮੇਸ਼ੁਰ ਹੈ? ਇਨ੍ਹਾਂ ਸ਼ਬਦਾਂ ਅਤੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ, ਆਪਣੀ ਪੂਰੀ ਜਾਨ ਅਤੇ ਆਪਣੀ ਪੂਰੀ ਸ਼ਕਤੀ ਨਾਲ ਪਿਆਰ ਕਰਨ ਵਿਚ ਕੀ ਸੰਬੰਧ ਹੈ? ਨਾਲੇ ਬਿਵਸਥਾ ਸਾਰ 6:4, 5 ਦੇ ਸ਼ਬਦ ਅੱਜ ਸਾਡੇ ’ਤੇ ਕਿਵੇਂ ਲਾਗੂ ਹੁੰਦੇ ਹਨ?

ਸਾਡਾ ਪਰਮੇਸ਼ੁਰ “ਇੱਕੋ ਹੀ ਯਹੋਵਾਹ” ਹੈ

4, 5. (ੳ) “ਇੱਕੋ ਹੀ ਯਹੋਵਾਹ” ਸ਼ਬਦਾਂ ਦਾ ਇਕ ਮਤਲਬ ਕੀ ਹੈ? (ਅ) ਯਹੋਵਾਹ ਹੋਰ ਕੌਮਾਂ ਦੇ ਦੇਵਤਿਆਂ ਨਾਲੋਂ ਅਲੱਗ ਕਿਵੇਂ ਹੈ?

4 ਬੇਜੋੜ। “ਇੱਕੋ ਹੀ ਯਹੋਵਾਹ” ਸ਼ਬਦਾਂ ਦਾ ਇਕ ਮਤਲਬ ਇਹ ਹੈ ਕਿ ਯਹੋਵਾਹ ਬੇਜੋੜ ਹੈ ਅਤੇ ਉਸ ਦੇ ਤੁੱਲ ਹੋਰ ਕੋਈ ਨਹੀਂ। ਮੂਸਾ ਨੇ ਇਹ ਸ਼ਬਦ ਕਿਉਂ ਕਹੇ ਸਨ? ਇੱਦਾਂ ਨਹੀਂ ਲੱਗਦਾ ਕਿ ਉਹ ਤ੍ਰਿਏਕ ਦੀ ਸਿੱਖਿਆ ਬਾਰੇ ਗੱਲ ਕਰ ਰਿਹਾ ਸੀ। ਯਹੋਵਾਹ ਹੀ ਸਵਰਗ ਅਤੇ ਧਰਤੀ ਦਾ ਸਿਰਜਣਹਾਰ ਹੈ ਅਤੇ ਉਸ ਨੂੰ ਪੂਰੇ ਬ੍ਰਹਿਮੰਡ ’ਤੇ ਰਾਜ ਕਰਨ ਦਾ ਹੱਕ ਹੈ। ਉਹੀ ਸੱਚਾ ਪਰਮੇਸ਼ੁਰ ਹੈ ਅਤੇ ਹੋਰ ਕੋਈ ਵੀ ਈਸ਼ਵਰ ਉਸ ਵਰਗਾ ਨਹੀਂ ਹੈ। (2 ਸਮੂ. 7:22) ਸੋ ਮੂਸਾ ਦੇ ਇਨ੍ਹਾਂ ਸ਼ਬਦਾਂ ਨੇ ਇਜ਼ਰਾਈਲੀਆਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਨੂੰ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਆਲੇ-ਦੁਆਲੇ ਦੀਆਂ ਕੌਮਾਂ ਦੀ ਰੀਸ ਨਹੀਂ ਕਰਨੀ ਚਾਹੀਦੀ ਸੀ ਜੋ ਬਹੁਤ ਸਾਰੇ ਦੇਵੀ-ਦੇਵਤਿਆਂ ਦੀ ਭਗਤੀ ਕਰਦੇ ਸਨ। ਉਹ ਲੋਕ ਮੰਨਦੇ ਸਨ ਕਿ ਉਨ੍ਹਾਂ ਦੇ ਦੇਵਤੇ ਕੁਦਰਤ ਦੀਆਂ ਕੁਝ ਚੀਜ਼ਾਂ ’ਤੇ ਵੱਸ ਕਰ ਸਕਦੇ ਸਨ।

5 ਮਿਸਾਲ ਲਈ, ਮਿਸਰੀ ਲੋਕ ਸੂਰਜ ਦੇ ਦੇਵਤੇ ਰਾ, ਆਕਾਸ਼ ਦੀ ਦੇਵੀ ਨੱਟ, ਧਰਤੀ ਦੇ ਦੇਵਤੇ ਗੇਬ, ਨੀਲ ਨਦੀ ਦੇ ਦੇਵਤੇ ਹਾਪੀ ਅਤੇ ਬਹੁਤ ਸਾਰੇ ਜਾਨਵਰਾਂ ਦੀ ਭਗਤੀ ਕਰਦੇ ਸਨ। ਯਹੋਵਾਹ ਨੇ 10 ਬਿਪਤਾਵਾਂ ਲਿਆ ਕੇ ਦਿਖਾਇਆ ਕਿ ਉਹ ਇਨ੍ਹਾਂ ਸਾਰੇ ਝੂਠੇ ਦੇਵੀ-ਦੇਵਤਿਆਂ ਨਾਲੋਂ ਸਭ ਤੋਂ ਉੱਚਾ ਹੈ। ਕਨਾਨੀਆਂ ਦਾ ਮੁੱਖ ਦੇਵਤਾ ਬਆਲ ਸੀ ਅਤੇ ਉਹ ਮੰਨਦੇ ਸਨ ਕਿ ਬਆਲ ਜਣਨ-ਸ਼ਕਤੀ ਅਤੇ ਉਪਜ ਦਾ ਦੇਵਤਾ ਸੀ। ਨਾਲੇ ਉਹ ਇਹ ਵੀ ਮੰਨਦੇ ਸਨ ਕਿ ਬਆਲ ਆਕਾਸ਼, ਮੀਂਹ ਅਤੇ ਤੂਫ਼ਾਨ ਦਾ ਦੇਵਤਾ ਹੈ। ਬਹੁਤ ਸਾਰੀਆਂ ਥਾਵਾਂ ’ਤੇ ਲੋਕ ਸੁਰੱਖਿਆ ਲਈ ਬਆਲ ’ਤੇ ਭਰੋਸਾ ਰੱਖਦੇ ਸਨ। (ਗਿਣ. 25:3) ਇਜ਼ਰਾਈਲੀਆਂ ਨੇ ਯਾਦ ਰੱਖਣਾ ਸੀ ਕਿ ਉਨ੍ਹਾਂ ਦਾ “ਇੱਕੋ ਹੀ ਯਹੋਵਾਹ” ਸੱਚਾ ਪਰਮੇਸ਼ੁਰ ਹੈ ਜੋ ਬੇਜੋੜ ਹੈ।—ਬਿਵ. 4:35, 39.

6, 7. “ਇੱਕੋ ਹੀ ਯਹੋਵਾਹ” ਸ਼ਬਦਾਂ ਦਾ ਹੋਰ ਕੀ ਮਤਲਬ ਹੈ ਅਤੇ ਯਹੋਵਾਹ ਨੇ ਆਪਣੇ ਆਪ ਨੂੰ “ਇੱਕੋ ਹੀ” ਕਿਵੇਂ ਸਾਬਤ ਕੀਤਾ ਹੈ?

6 ਅਟੱਲ ਅਤੇ ਵਫ਼ਾਦਾਰ। “ਇੱਕੋ ਹੀ ਯਹੋਵਾਹ” ਸ਼ਬਦਾਂ ਦਾ ਹੋਰ ਮਤਲਬ ਇਹ ਹੈ ਕਿ ਉਸ ਦਾ ਮਕਸਦ ਅਤੇ ਉਸ ਦੇ ਕੰਮ ਭਰੋਸੇਯੋਗ ਹਨ। ਯਹੋਵਾਹ ਆਪਣੇ ਵਾਅਦਿਆਂ ’ਤੇ ਪੱਕਾ ਰਹਿੰਦਾ ਹੈ ਅਤੇ ਕਦੀ ਵੀ ਦੁਚਿੱਤਾ ਨਹੀਂ ਹੁੰਦਾ। ਨਾਲੇ ਉਹ ਹਮੇਸ਼ਾ ਸੱਚਾ, ਵਫ਼ਾਦਾਰ ਅਤੇ ਅਟੱਲ ਰਹਿੰਦਾ ਹੈ। ਉਸ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਕਿ ਉਸ ਦੀ ਸੰਤਾਨ ਵਾਅਦਾ ਕੀਤੇ ਹੋਏ ਦੇਸ਼ ਵਿਚ ਵੱਸੇਗੀ। ਇਸ ਲਈ ਯਹੋਵਾਹ ਨੇ ਇਹ ਵਾਅਦਾ ਪੂਰਾ ਕਰਨ ਲਈ ਵੱਡੇ-ਵੱਡੇ ਚਮਤਕਾਰ ਕੀਤੇ। ਭਾਵੇਂ ਇਸ ਵਾਅਦੇ ਨੂੰ ਕੀਤਿਆਂ 430 ਸਾਲ ਬੀਤ ਗਏ ਸਨ, ਫਿਰ ਵੀ ਯਹੋਵਾਹ ਆਪਣੇ ਵਾਅਦੇ ਤੋਂ ਮੁੱਕਰਿਆ ਨਹੀਂ।​—ਉਤ. 12:1, 2, 7; ਕੂਚ 12:40, 41.

7 ਸਦੀਆਂ ਬਾਅਦ ਯਹੋਵਾਹ ਨੇ ਇਜ਼ਰਾਈਲੀਆਂ ਦੀ ਪਛਾਣ ਆਪਣੇ ਗਵਾਹਾਂ ਵਜੋਂ ਕਰਾਉਂਦਿਆਂ ਕਿਹਾ: “ਮੈਂ ਉਹੀ ਹਾਂ। ਮੈਥੋਂ ਅੱਗੇ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆ, ਨਾ ਮੇਰੇ ਪਿੱਛੋਂ ਕੋਈ ਹੋਵੇਗਾ।” ਯਹੋਵਾਹ ਨੇ ਇਹ ਵੀ ਪੱਕਾ ਕੀਤਾ ਕਿ ਉਸ ਦਾ ਮਕਸਦ ਬਦਲਦਾ ਨਹੀਂ ਜਦੋਂ ਉਸ ਨੇ ਅੱਗੇ ਕਿਹਾ: “ਮੈਂ ਹੀ ਉਹ ਹਾਂ।” (ਯਸਾ. 43:10, 13; 44:6; 48:12) ਇਜ਼ਰਾਈਲੀਆਂ ਵਾਂਗ ਸਾਡੇ ਕੋਲ ਵੀ ਯਹੋਵਾਹ ਦੇ ਸੇਵਕ ਹੋਣ ਦਾ ਕਿੰਨਾ ਹੀ ਵੱਡਾ ਸਨਮਾਨ ਹੈ ਜੋ ਅਟੱਲ ਅਤੇ ਵਫ਼ਾਦਾਰ ਹੈ!​—ਮਲਾ. 3:6; ਯਾਕੂ. 1:17.

8, 9. (ੳ) ਯਹੋਵਾਹ ਆਪਣੇ ਭਗਤਾਂ ਤੋਂ ਕੀ ਚਾਹੁੰਦਾ ਹੈ? (ਅ) ਯਿਸੂ ਨੇ ਮੂਸਾ ਦੇ ਸ਼ਬਦਾਂ ਦੀ ਅਹਿਮੀਅਤ ’ਤੇ ਕਿਵੇਂ ਜ਼ੋਰ ਦਿੱਤਾ?

8 ਜੀ ਹਾਂ, ਮੂਸਾ ਨੇ ਲੋਕਾਂ ਨੂੰ ਯਾਦ ਕਰਾਇਆ ਕਿ ਯਹੋਵਾਹ ਉਨ੍ਹਾਂ ਦੀ ਪਰਵਾਹ ਕਰਦਾ ਹੈ ਅਤੇ ਉਨ੍ਹਾਂ ਨੂੰ ਪਿਆਰ ਕਰਦਾ ਹੈ। ਇਸ ਲਈ ਯਹੋਵਾਹ ਉਨ੍ਹਾਂ ਤੋਂ ਚਾਹੁੰਦਾ ਸੀ ਕਿ ਉਹ ਸਿਰਫ਼ ਉਸ ਦੀ ਹੀ ਭਗਤੀ ਕਰਨ ਅਤੇ ਬਿਨਾਂ ਕਿਸੇ ਸ਼ਰਤ ਦੇ ਆਪਣੇ ਪੂਰੇ ਦਿਲ, ਆਪਣੀ ਪੂਰੀ ਜਾਨ ਅਤੇ ਆਪਣੀ ਪੂਰੀ ਸ਼ਕਤੀ ਨਾਲ ਉਸ ਨੂੰ ਪਿਆਰ ਕਰਨ। ਇਜ਼ਰਾਈਲੀ ਮਾਪਿਆਂ ਦਾ ਫ਼ਰਜ਼ ਬਣਦਾ ਸੀ ਕਿ ਉਹ ਹਰ ਮੌਕੇ ’ਤੇ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਤਾਂਕਿ ਉਨ੍ਹਾਂ ਦੇ ਬੱਚੇ ਵੀ ਸਿਰਫ਼ ਉਸ ਦੀ ਹੀ ਭਗਤੀ ਕਰਨ।​—ਬਿਵ. 6:6-9.

9 ਯਹੋਵਾਹ ਕਦੀ ਨਹੀਂ ਬਦਲਦਾ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਵੱਲੋਂ ਭਗਤੀ ਦੇ ਮਾਮਲੇ ਸੰਬੰਧੀ ਦਿੱਤੀਆਂ ਮੰਗਾਂ ਅੱਜ ਵੀ ਬਦਲੀਆਂ ਨਹੀਂ ਹਨ। ਜੇ ਅਸੀਂ ਚਾਹੁੰਦੇ ਹਾਂ ਕਿ ਉਸ ਨੂੰ ਸਾਡੀ ਭਗਤੀ ਮਨਜ਼ੂਰ ਹੋਵੇ, ਤਾਂ ਸਾਨੂੰ ਵੀ ਆਪਣੇ ਪੂਰੇ ਦਿਲ, ਆਪਣੀ ਪੂਰੀ ਜਾਨ ਅਤੇ ਆਪਣੀ ਪੂਰੀ ਸ਼ਕਤੀ ਨਾਲ ਉਸ ਨੂੰ ਪਿਆਰ ਕਰਨਾ ਚਾਹੀਦਾ ਹੈ। ਦਰਅਸਲ ਯਿਸੂ ਨੇ ਕਿਹਾ ਸੀ ਕਿ ਇਹ ਸਭ ਤੋਂ ਵੱਡਾ ਹੁਕਮ ਹੈ। (ਮਰਕੁਸ 12:28-31 ਪੜ੍ਹੋ।) ਸੋ ਆਓ ਆਪਾਂ ਦੇਖੀਏ ਕਿ ਅਸੀਂ ਆਪਣੇ ਕੰਮਾਂ ਰਾਹੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸੱਚ-ਮੁੱਚ ਮੰਨਦੇ ਹਾਂ ਕਿ “ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ।”

ਸਿਰਫ਼ ਯਹੋਵਾਹ ਦੀ ਹੀ ਭਗਤੀ ਕਰੋ

10, 11. (ੳ) ਕਿਸ ਮਾਅਨੇ ਵਿਚ ਸਾਨੂੰ ਯਹੋਵਾਹ ਦੀ ਭਗਤੀ ਕਰਨੀ ਚਾਹੀਦੀ ਹੈ? (ਅ) ਬਾਬਲ ਵਿਚ ਇਬਰਾਨੀ ਨੌਜਵਾਨਾਂ ਨੇ ਕਿਵੇਂ ਦਿਖਾਇਆ ਕਿ ਉਹ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਦੇ ਸਨ?

10 ਯਹੋਵਾਹ ਹੀ ਸਾਡਾ ਇੱਕੋ-ਇਕ ਪਰਮੇਸ਼ੁਰ ਹੈ। ਇਸ ਲਈ ਸਾਨੂੰ ਸਿਰਫ਼ ਉਸ ਦੀ ਹੀ ਭਗਤੀ ਕਰਨੀ ਚਾਹੀਦੀ ਹੈ। ਅਸੀਂ ਯਹੋਵਾਹ ਤੋਂ ਸਿਵਾਇ ਕਿਸੇ ਹੋਰ ਦੀ ਭਗਤੀ ਨਹੀਂ ਕਰਦੇ ਤੇ ਨਾ ਹੀ ਆਪਣੀ ਭਗਤੀ ਵਿਚ ਝੂਠੀਆਂ ਸਿੱਖਿਆਵਾਂ ਦੀ ਮਿਲਾਵਟ ਕਰਦੇ ਹਾਂ। ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਕੋਈ ਦੇਵਤਾ ਜਾਂ ਈਸ਼ਵਰ ਨਹੀਂ, ਸਗੋਂ ਉਹੀ ਸਰਬਸ਼ਕਤੀਮਾਨ ਅਤੇ ਸੱਚਾ ਪਰਮੇਸ਼ੁਰ ਹੈ। ਉਸ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ। ਇਸ ਕਰਕੇ ਸਾਨੂੰ ਸਿਰਫ਼ ਉਸ ਦੀ ਹੀ ਭਗਤੀ ਕਰਨੀ ਚਾਹੀਦੀ ਹੈ।​—ਪ੍ਰਕਾਸ਼ ਦੀ ਕਿਤਾਬ 4:11 ਪੜ੍ਹੋ।

11 ਅਸੀਂ ਦਾਨੀਏਲ ਦੀ ਕਿਤਾਬ ਵਿੱਚੋਂ ਇਬਰਾਨੀ ਨੌਜਵਾਨਾਂ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਬਾਰੇ ਪੜ੍ਹਦੇ ਹਾਂ। ਉਨ੍ਹਾਂ ਨੇ ਸਿਰਫ਼ ਯਹੋਵਾਹ ਦੀ ਹੀ ਭਗਤੀ ਕੀਤੀ। ਕਿਵੇਂ? ਉਨ੍ਹਾਂ ਨੇ ਨਾ ਸਿਰਫ਼ ਅਸ਼ੁੱਧ ਖਾਣਾ ਖਾਣ ਤੋਂ ਇਨਕਾਰ ਕੀਤਾ, ਸਗੋਂ ਨਬੂਕਦਨੱਸਰ ਵੱਲੋਂ ਬਣਾਈ ਗਈ ਸੋਨੇ ਦੀ ਮੂਰਤੀ ਅੱਗੇ ਮੱਥਾ ਟੇਕਣ ਤੋਂ ਵੀ ਇਨਕਾਰ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ’ਤੇ ਰੱਖਿਆ ਅਤੇ ਸੱਚੀ ਭਗਤੀ ਕਰਨ ਵਿਚ ਕੋਈ ਸਮਝੌਤਾ ਨਹੀਂ ਕੀਤਾ।​—ਦਾਨੀ. 1:1–3:30.

12. ਸਿਰਫ਼ ਯਹੋਵਾਹ ਦੀ ਭਗਤੀ ਕਰਨ ਲਈ ਸਾਨੂੰ ਕਿਸ ਗੱਲ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ?

12 ਸਾਨੂੰ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲੀ ਥਾਂ ਦੇਣੀ ਚਾਹੀਦੀ ਹੈ। ਇੱਦਾਂ ਕਰਨ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਹੋਰ ਚੀਜ਼ਾਂ ਕਿਤੇ ਯਹੋਵਾਹ ਦੀ ਜਗ੍ਹਾ ਨਾ ਲੈ ਲੈਣ। ਇਹ ਕਿਹੜੀਆਂ ਚੀਜ਼ਾਂ ਹੋ ਸਕਦੀਆਂ ਹਨ? ਦਸ ਹੁਕਮਾਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਸਾਫ਼-ਸਾਫ਼ ਦੱਸਿਆ ਸੀ ਕਿ ਉਨ੍ਹਾਂ ਨੂੰ ਕਿਸੇ ਹੋਰ ਦੀ ਭਗਤੀ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਮੂਰਤੀ-ਪੂਜਾ ਕਰਨੀ ਚਾਹੀਦੀ ਹੈ। (ਬਿਵ. 5:6-10) ਅੱਜ ਮੂਰਤੀ-ਪੂਜਾ ਕਈ ਤਰੀਕਿਆਂ ਦੀ ਹੋ ਸਕਦੀ ਹੈ ਅਤੇ ਇਨ੍ਹਾਂ ਵਿੱਚੋਂ ਕਈ ਤਰੀਕਿਆਂ ਨੂੰ ਪਛਾਣਨਾ ਔਖਾ ਹੋ ਸਕਦਾ ਹੈ। ਪਰ ਯਹੋਵਾਹ ਦੀਆਂ ਮੰਗਾਂ ਬਦਲੀਆਂ ਨਹੀਂ ਹਨ। ਉਹ ਅਜੇ ਵੀ “ਇੱਕੋ ਹੀ ਯਹੋਵਾਹ” ਹੈ। ਆਓ ਆਪਾਂ ਦੇਖੀਏ ਕਿ ਅੱਜ ਅਸੀਂ ਮੂਰਤੀ-ਪੂਜਾ ਤੋਂ ਕਿਵੇਂ ਬਚ ਸਕਦੇ ਹਾਂ।

13. ਅਸੀਂ ਯਹੋਵਾਹ ਨਾਲੋਂ ਕਿਹੜੀਆਂ ਚੀਜ਼ਾਂ ਨੂੰ ਜ਼ਿਆਦਾ ਪਿਆਰ ਕਰਨ ਲੱਗ ਸਕਦੇ ਹਾਂ?

13 ਕੁਲੁੱਸੀਆਂ 3:5 (ਪੜ੍ਹੋ) ਵਿਚ ਮਸੀਹੀਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ। ਉਸ ਵਿਚ ਸਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਗੌਰ ਕਰੋ ਕਿ ਲੋਭ ਨੂੰ ਮੂਰਤੀ-ਪੂਜਾ ਨਾਲ ਜੋੜਿਆ ਗਿਆ ਹੈ। ਕਿਉਂ? ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਦੀ ਇੱਛਾ ਰੱਖਦੇ ਹਾਂ, ਜਿਵੇਂ ਧਨ-ਦੌਲਤ ਜਾਂ ਐਸ਼ੋ-ਆਰਾਮ, ਤਾਂ ਇਹ ਸਾਡੇ ’ਤੇ ਇੰਨੀ ਹਾਵੀ ਹੋ ਸਕਦੀ ਹੈ ਕਿ ਇਹੀ ਸਾਡਾ ਰੱਬ ਬਣ ਜਾਂਦੀ ਹੈ। ਪਰ ਪੂਰੀ ਆਇਤ ’ਤੇ ਗੌਰ ਕਰ ਕੇ ਅਸੀਂ ਸੌਖਿਆਂ ਹੀ ਦੇਖ ਸਕਦੇ ਹਾਂ ਕਿ ਹੋਰ ਗ਼ਲਤ ਕੰਮਾਂ ਦਾ ਸੰਬੰਧ ਕਿਸੇ-ਨਾ-ਕਿਸੇ ਤਰੀਕੇ ਨਾਲ ਲੋਭ ਨਾਲ ਹੈ ਜੋ ਕਿ ਮੂਰਤੀ-ਪੂਜਾ ਹੈ। ਇਨ੍ਹਾਂ ਚੀਜ਼ਾਂ ਦੀ ਲਾਲਸਾ ਕਰਕੇ ਅਸੀਂ ਯਹੋਵਾਹ ਦੀ ਬਜਾਇ ਇਨ੍ਹਾਂ ਨੂੰ ਜ਼ਿਆਦਾ ਪਿਆਰ ਕਰਨ ਲੱਗ ਸਕਦੇ ਹਾਂ। ਕੀ ਅਸੀਂ ਇਹ ਖ਼ਤਰਾ ਮੁੱਲ ਲੈ ਸਕਦੇ ਹਾਂ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਡੇ ’ਤੇ ਇੰਨੀਆਂ ਹਾਵੀ ਹੋ ਜਾਣ ਜਿਸ ਕਰਕੇ ਅਸੀਂ ਯਹੋਵਾਹ ਨੂੰ ਪਿੱਛੇ ਛੱਡ ਦੇਈਏ? ਬਿਲਕੁਲ ਨਹੀਂ।

14. ਯੂਹੰਨਾ ਰਸੂਲ ਨੇ ਕਿਹੜੀ ਚੇਤਾਵਨੀ ਦਿੱਤੀ ਸੀ?

14 ਯੂਹੰਨਾ ਰਸੂਲ ਨੇ ਵੀ ਇੱਦਾਂ ਦੀ ਚੇਤਾਵਨੀ ਦਿੱਤੀ ਸੀ। ਉਸ ਨੇ ਕਿਹਾ ਕਿ ਜੇ ਕੋਈ ਦੁਨੀਆਂ ਦੀਆਂ ਚੀਜ਼ਾਂ ਨੂੰ ਪਿਆਰ ਕਰਦਾ ਹੈ ਯਾਨੀ “ਸਰੀਰ ਦੀ ਲਾਲਸਾ ਅਤੇ ਅੱਖਾਂ ਦੀ ਲਾਲਸਾ ਅਤੇ ਆਪਣੀ ਧਨ-ਦੌਲਤ ਤੇ ਹੈਸੀਅਤ ਦਾ ਦਿਖਾਵਾ,” ਤਾਂ “ਉਸ ਦੇ ਦਿਲ ਵਿਚ ਪਿਤਾ ਲਈ ਪਿਆਰ ਨਹੀਂ ਹੈ।” (1 ਯੂਹੰ. 2:15, 16) ਇਸ ਲਈ ਸਾਨੂੰ ਆਪਣੇ ਦਿਲ ਦੀ ਲਗਾਤਾਰ ਜਾਂਚ ਕਰਨ ਦੀ ਲੋੜ ਹੈ ਕਿ ਕਿਤੇ ਸਾਡੇ ਦਿਲ ਵਿਚ ਸੰਗਤੀ, ਕੱਪੜਿਆਂ ਦੇ ਸਟਾਈਲ, ਹਾਰ-ਸ਼ਿੰਗਾਰ ਅਤੇ ਮਨੋਰੰਜਨ ਦੀ ਲਾਲਸਾ ਪੈਦਾ ਤਾਂ ਨਹੀਂ ਹੋ ਰਹੀ। ਜਾਂ ਸ਼ਾਇਦ ਦੁਨੀਆਂ ਨਾਲ ਪਿਆਰ ਹੋਣ ਕਰਕੇ ਅਸੀਂ ਉੱਚ-ਸਿੱਖਿਆ ਵਗੈਰਾ ਲੈ ਕੇ “ਵੱਡੀਆਂ ਚੀਜ਼ਾਂ” ਪਾਉਣ ਦੀ ਕੋਸ਼ਿਸ਼ ਕਰੀਏ। (ਯਿਰ. 45:4, 5) ਅਸੀਂ ਵਾਅਦਾ ਕੀਤੀ ਹੋਈ ਨਵੀਂ ਦੁਨੀਆਂ ਦੀ ਦਹਿਲੀਜ਼ ’ਤੇ ਖੜ੍ਹੇ ਹਾਂ। ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਮੂਸਾ ਦੇ ਜ਼ਬਰਦਸਤ ਸ਼ਬਦ ਯਾਦ ਰੱਖੀਏ! ਜੇ ਅਸੀਂ ਇਸ ਗੱਲ ਨੂੰ ਸਾਫ਼-ਸਾਫ਼ ਸਮਝਦੇ ਹਾਂ ਅਤੇ ਪੂਰੀ ਤਰ੍ਹਾਂ ਮੰਨਦੇ ਹਾਂ ਕਿ “ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ,” ਤਾਂ ਅਸੀਂ ਉਸ ਦੀ ਮਰਜ਼ੀ ਮੁਤਾਬਕ ਸਿਰਫ਼ ਉਸ ਦੀ ਹੀ ਭਗਤੀ ਕਰਾਂਗੇ।​—ਇਬ. 12:28, 29.

ਏਕਤਾ ਬਣਾਈ ਰੱਖੋ

15. ਪੌਲੁਸ ਨੇ ਮਸੀਹੀਆਂ ਨੂੰ ਕਿਉਂ ਯਾਦ ਕਰਾਇਆ ਕਿ ਉਨ੍ਹਾਂ ਦਾ ‘ਇੱਕੋ ਹੀ ਪਰਮੇਸ਼ੁਰ ਯਹੋਵਾਹ ਹੈ’?

15 “ਇੱਕੋ ਹੀ ਯਹੋਵਾਹ” ਸ਼ਬਦ ਸਾਡੀ ਇਹ ਸਮਝਣ ਵਿਚ ਮਦਦ ਕਰਦੇ ਹਨ ਕਿ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸੇਵਕਾਂ ਵਿਚ ਏਕਤਾ ਹੋਵੇ ਅਤੇ ਉਨ੍ਹਾਂ ਦਾ ਇੱਕੋ ਜਿਹਾ ਮਕਸਦ ਹੋਵੇ। ਪਹਿਲੀ ਸਦੀ ਦੀਆਂ ਮੰਡਲੀਆਂ ਵਿਚ ਯਹੂਦੀ, ਯੂਨਾਨੀ, ਰੋਮੀ ਅਤੇ ਹੋਰ ਕੌਮਾਂ ਦੇ ਲੋਕ ਸਨ। ਉਨ੍ਹਾਂ ਦੇ ਪਿਛੋਕੜ ਅਤੇ ਰੀਤੀ-ਰਿਵਾਜ ਅਲੱਗ-ਅਲੱਗ ਸਨ। ਨਾਲੇ ਉਹ ਆਪਣੀ ਜ਼ਿੰਦਗੀ ਵਿਚ ਵੱਖ-ਵੱਖ ਚੀਜ਼ਾਂ ਨੂੰ ਪਹਿਲ ਦਿੰਦੇ ਸਨ। ਇਸ ਕਰਕੇ ਕੁਝ ਲੋਕਾਂ ਲਈ ਨਵੇਂ ਤਰੀਕੇ ਨਾਲ ਭਗਤੀ ਕਰਨੀ ਜਾਂ ਪੂਰੀ ਤਰ੍ਹਾਂ ਆਪਣੇ ਰੀਤੀ-ਰਿਵਾਜ ਛੱਡਣੇ ਔਖੇ ਸਨ। ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਮਸੀਹੀਆਂ ਦਾ ਇੱਕੋ ਹੀ ਪਰਮੇਸ਼ੁਰ ਯਹੋਵਾਹ ਹੈ।​—1 ਕੁਰਿੰਥੀਆਂ 8:5, 6 ਪੜ੍ਹੋ।

16, 17. (ੳ) ਅਸੀਂ ਆਪਣੀ ਅੱਖੀਂ ਕਿਹੜੀ ਭਵਿੱਖਬਾਣੀ ਪੂਰੀ ਹੁੰਦੀ ਦੇਖ ਰਹੇ ਹਾਂ ਅਤੇ ਇਸ ਦਾ ਕੀ ਨਤੀਜਾ ਨਿਕਲਿਆ ਹੈ? (ਅ) ਕਿਹੜੀਆਂ ਗੱਲਾਂ ਕਰਕੇ ਸਾਡੀ ਏਕਤਾ ਖ਼ਤਰੇ ਵਿਚ ਪੈ ਸਕਦੀ ਹੈ?

16 ਅੱਜ ਦੀਆਂ ਮੰਡਲੀਆਂ ਬਾਰੇ ਕੀ? ਯਸਾਯਾਹ ਨਬੀ ਨੇ ਪਹਿਲਾਂ ਹੀ ਦੱਸਿਆ ਸੀ ਕਿ “ਆਖਰੀ ਦਿਨਾਂ ਦੇ ਵਿੱਚ” ਅਲੱਗ-ਅਲੱਗ ਕੌਮਾਂ ਦੇ ਲੋਕ ਇਕੱਠੇ ਮਿਲ ਕੇ ਯਹੋਵਾਹ ਦੀ ਭਗਤੀ ਕਰਨਗੇ। ਉਹ ਕਹਿਣਗੇ: “[ਯਹੋਵਾਹ] ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ।” (ਯਸਾ. 2:2, 3) ਅਸੀਂ ਕਿੰਨੇ ਖ਼ੁਸ਼ ਹਾਂ ਕਿ ਅਸੀਂ ਆਪਣੀ ਅੱਖੀਂ ਇਹ ਭਵਿੱਖਬਾਣੀ ਪੂਰੀ ਹੁੰਦੀ ਦੇਖ ਰਹੇ ਹਾਂ! ਬਹੁਤ ਸਾਰੀਆਂ ਮੰਡਲੀਆਂ ਵਿਚ ਅਲੱਗ-ਅਲੱਗ ਦੇਸ਼ਾਂ, ਸਭਿਆਚਾਰਾਂ ਅਤੇ ਭਾਸ਼ਾਵਾਂ ਦੇ ਲੋਕ ਯਹੋਵਾਹ ਦੀ ਮਹਿਮਾ ਕਰ ਰਹੇ ਹਨ। ਪਰ ਇਸ ਕਰਕੇ ਕਈ ਵਾਰ ਸ਼ਾਇਦ ਮੁਸ਼ਕਲਾਂ ਖੜ੍ਹੀਆਂ ਹੋਣ ਜਿਨ੍ਹਾਂ ਬਾਰੇ ਸਾਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।

ਕੀ ਤੁਸੀਂ ਭੈਣਾਂ-ਭਰਾਵਾਂ ਨਾਲ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹੋ? (ਪੈਰੇ 16-19 ਦੇਖੋ)

17 ਮਿਸਾਲ ਲਈ, ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਕਿਵੇਂ ਮਹਿਸੂਸ ਕਰਦੇ ਹੋ ਜਿਨ੍ਹਾਂ ਦਾ ਸਭਿਆਚਾਰ ਤੁਹਾਡੇ ਤੋਂ ਬਹੁਤ ਵੱਖਰਾ ਹੈ? ਸ਼ਾਇਦ ਉਨ੍ਹਾਂ ਦੀ ਭਾਸ਼ਾ, ਕੱਪੜੇ, ਤੌਰ-ਤਰੀਕੇ ਅਤੇ ਖਾਣਾ-ਪੀਣਾ ਤੁਹਾਡੇ ਤੋਂ ਵੱਖਰਾ ਹੋਵੇ। ਕੀ ਤੁਸੀਂ ਉਨ੍ਹਾਂ ਤੋਂ ਦੂਰ-ਦੂਰ ਰਹਿੰਦੇ ਹੋ ਅਤੇ ਸਿਰਫ਼ ਉਨ੍ਹਾਂ ਨਾਲ ਸਮਾਂ ਬਿਤਾਉਂਦੇ ਹੋ ਜਿਹੜੇ ਤੁਹਾਡੇ ਪਿਛੋਕੜ ਤੋਂ ਹਨ? ਤੁਸੀਂ ਆਪਣੀ ਮੰਡਲੀ, ਸਰਕਟ ਜਾਂ ਬ੍ਰਾਂਚ ਦੇ ਇਲਾਕੇ ਵਿਚ ਸੇਵਾ ਕਰ ਰਹੇ ਉਨ੍ਹਾਂ ਬਜ਼ੁਰਗਾਂ ਬਾਰੇ ਕਿਵੇਂ ਮਹਿਸੂਸ ਕਰਦੇ ਹੋ ਜਿਨ੍ਹਾਂ ਦੀ ਉਮਰ ਤੁਹਾਡੇ ਤੋਂ ਛੋਟੀ ਹੈ ਜਾਂ ਉਹ ਅਲੱਗ ਕੌਮ ਜਾਂ ਸਭਿਆਚਾਰ ਦੇ ਹਨ? ਜੇ ਅਸੀਂ ਖ਼ਬਰਦਾਰ ਨਾ ਰਹੀਏ, ਤਾਂ ਸ਼ਾਇਦ ਇਨ੍ਹਾਂ ਗੱਲਾਂ ਦਾ ਪ੍ਰਭਾਵ ਸਾਡੇ ’ਤੇ ਪਵੇ ਅਤੇ ਮੰਡਲੀ ਦੀ ਏਕਤਾ ਖ਼ਤਰੇ ਵਿਚ ਪੈ ਜਾਵੇ।

18, 19. (ੳ) ਅਫ਼ਸੀਆਂ 4:1-3 ਵਿਚ ਕਿਹੜੀ ਸਲਾਹ ਦਿੱਤੀ ਗਈ ਹੈ? (ਅ) ਮੰਡਲੀ ਵਿਚ ਏਕਤਾ ਬਣਾਈ ਰੱਖਣ ਲਈ ਅਸੀਂ ਕੀ ਕਰ ਸਕਦੇ ਹਾਂ?

18 ਅਸੀਂ ਇਨ੍ਹਾਂ ਖ਼ਤਰਿਆਂ ਵਿਚ ਪੈਣ ਤੋਂ ਕਿਵੇਂ ਬਚ ਸਕਦੇ ਹਾਂ? ਪੌਲੁਸ ਨੇ ਅਫ਼ਸੀਆਂ ਵਿਚ ਰਹਿੰਦੇ ਮਸੀਹੀਆਂ ਨੂੰ ਵਧੀਆ ਸਲਾਹ ਦਿੱਤੀ। ਅਫ਼ਸੀਆਂ ਇਕ ਅਮੀਰ ਸ਼ਹਿਰ ਸੀ ਜਿਸ ਵਿਚ ਅਲੱਗ-ਅਲੱਗ ਪਿਛੋਕੜਾਂ ਦੇ ਲੋਕ ਰਹਿੰਦੇ ਸਨ। (ਅਫ਼ਸੀਆਂ 4:1-3 ਪੜ੍ਹੋ।) ਗੌਰ ਕਰੋ ਕਿ ਪੌਲੁਸ ਨੇ ਪਹਿਲਾਂ ਇਨ੍ਹਾਂ ਗੁਣਾਂ ਦਾ ਜ਼ਿਕਰ ਕੀਤਾ, ਜਿਵੇਂ ਨਿਮਰਤਾ, ਨਰਮਾਈ, ਧੀਰਜ ਅਤੇ ਪਿਆਰ। ਇਹ ਗੁਣ ਘਰ ਵਿਚ ਬਣੇ ਮਜ਼ਬੂਤ ਥੰਮ੍ਹਾਂ ਦੀ ਤਰ੍ਹਾਂ ਹੋ ਸਕਦੇ ਹਨ ਜਿਨ੍ਹਾਂ ’ਤੇ ਘਰ ਟਿਕਿਆ ਹੁੰਦਾ ਹੈ। ਪਰ ਇਨ੍ਹਾਂ ਮਜ਼ਬੂਤ ਥੰਮ੍ਹਾਂ ਦੇ ਬਾਵਜੂਦ ਵੀ ਇਕ ਘਰ ਨੂੰ ਲਗਾਤਾਰ ਮੁਰੰਮਤ ਦੀ ਲੋੜ ਹੁੰਦੀ ਹੈ। ਜੇ ਅਸੀਂ ਮੁਰੰਮਤ ਨਹੀਂ ਕਰਦੇ, ਤਾਂ ਇਹ ਟੁੱਟ-ਭੱਜ ਸਕਦਾ ਹੈ। ਪੌਲੁਸ ਨੇ ਅਫ਼ਸੀਆਂ ਦੇ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਉਹ “ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼” ਕਰਨ।

19 ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਮੰਡਲੀ ਵਿਚ ਏਕਤਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੀਏ। ਅਸੀਂ ਇੱਦਾਂ ਕਰਨ ਲਈ ਕੀ ਕਰ ਸਕਦੇ ਹਾਂ? ਪੌਲੁਸ ਵੱਲੋਂ ਦੱਸੇ ਨਿਮਰਤਾ, ਨਰਮਾਈ, ਧੀਰਜ ਅਤੇ ਪਿਆਰ ਵਰਗੇ ਗੁਣਾਂ ਨੂੰ ਆਪਣੇ ਵਿਚ ਪੈਦਾ ਕਰੋ ਅਤੇ ਉਨ੍ਹਾਂ ਨੂੰ ਦਿਖਾਓ। ਫਿਰ “ਏਕਤਾ ਦੇ ਬੰਧਨ” ਨੂੰ ਮਜ਼ਬੂਤ ਰੱਖਣ ਦੀ ਪੂਰੀ ਕੋਸ਼ਿਸ਼ ਕਰੋ। ਗ਼ਲਤਫ਼ਹਿਮੀਆਂ ਦਰਾੜਾਂ ਵਾਂਗ ਹੋ ਸਕਦੀਆਂ ਹਨ। ਇਸ ਲਈ ਏਕਤਾ ਅਤੇ ਸ਼ਾਂਤੀ ਬਣਾਈ ਰੱਖਣ ਲਈ ਸਾਨੂੰ ਇਨ੍ਹਾਂ ਦਰਾੜਾਂ ਨੂੰ ਭਰਨ ਲਈ ਪੂਰੀ ਵਾਹ ਲਾਉਣੀ ਚਾਹੀਦੀ ਹੈ।

20. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ “ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ”?

20 “ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ।” ਕਿੰਨੇ ਹੀ ਜ਼ਬਰਦਸਤ ਸ਼ਬਦ! ਇਨ੍ਹਾਂ ਸ਼ਬਦਾਂ ਨੇ ਇਜ਼ਰਾਈਲੀਆਂ ਨੂੰ ਤਕੜਾ ਕੀਤਾ ਤਾਂਕਿ ਉਹ ਵਾਅਦਾ ਕੀਤੇ ਹੋਏ ਦੇਸ਼ ’ਤੇ ਕਬਜ਼ਾ ਕਰਦਿਆਂ ਚੁਣੌਤੀਆਂ ਦਾ ਸਾਮ੍ਹਣਾ ਕਰ ਸਕਣ। ਇਨ੍ਹਾਂ ਸ਼ਬਦਾਂ ਨੂੰ ਯਾਦ ਰੱਖ ਕੇ ਅਸੀਂ ਵੀ ਆਉਣ ਵਾਲੇ ਮਹਾਂਕਸ਼ਟ ਦਾ ਸਾਮ੍ਹਣਾ ਕਰ ਸਕਾਂਗੇ ਅਤੇ ਨਵੀਂ ਦੁਨੀਆਂ ਵਿਚ ਸ਼ਾਂਤੀ ਅਤੇ ਏਕਤਾ ਬਣਾਈ ਰੱਖ ਸਕਾਂਗੇ। ਆਓ ਆਪਾਂ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਨ ਲਈ ਉਸ ਨੂੰ ਆਪਣੇ ਪੂਰੇ ਦਿਲ ਨਾਲ ਪਿਆਰ ਕਰੀਏ ਅਤੇ ਉਸ ਦੀ ਸੇਵਾ ਕਰੀਏ। ਨਾਲੇ ਸਾਰੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੀਏ। ਜੇ ਅਸੀਂ ਇਸ ਤਰ੍ਹਾਂ ਕਰਦੇ ਰਹਾਂਗੇ, ਤਾਂ ਯਿਸੂ ਭੇਡਾਂ ਵਜੋਂ ਸਾਡਾ ਨਿਆਂ ਕਰੇਗਾ ਅਤੇ ਅਸੀਂ ਉਸ ਦੇ ਇਹ ਸ਼ਬਦ ਪੂਰੇ ਹੁੰਦੇ ਦੇਖਾਂਗੇ: “ਆਓ, ਉਸ ਰਾਜ ਨੂੰ ਕਬੂਲ ਕਰੋ ਜੋ ਤੁਹਾਡੇ ਲਈ ਦੁਨੀਆਂ ਦੀ ਨੀਂਹ ਰੱਖਣ ਦੇ ਸਮੇਂ ਤੋਂ ਤਿਆਰ ਕੀਤਾ ਹੋਇਆ ਹੈ।”​—ਮੱਤੀ 25:34.