ਮਤਭੇਦ ਭੁਲਾਓ, ਸ਼ਾਂਤੀ ਵਧਾਓ
ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦੇ ਸਾਰੇ ਸੇਵਕ ਸ਼ਾਂਤੀ-ਪਸੰਦ ਹੋਣ ਅਤੇ ਇਕ-ਦੂਜੇ ਨਾਲ ਸ਼ਾਂਤੀ ਬਣਾ ਕੇ ਰੱਖਣ। ਇੱਦਾਂ ਕਰ ਕੇ ਮੰਡਲੀਆਂ ਵਿਚ ਸ਼ਾਂਤੀ ਭਰਿਆ ਮਾਹੌਲ ਬਣਿਆ ਰਹਿੰਦਾ ਹੈ। ਇਸ ਸ਼ਾਂਤੀ ਕਰਕੇ ਬਹੁਤ ਸਾਰੇ ਲੋਕ ਸਾਡੀਆਂ ਮੰਡਲੀਆਂ ਵੱਲ ਖਿੱਚੇ ਚਲੇ ਆਉਂਦੇ ਹਨ।
ਮਿਸਾਲ ਲਈ, ਮੈਡਾਗਾਸਕਰ ਵਿਚ ਇਕ ਝਾੜਾ-ਫੂਕੀ ਕਰਨ ਵਾਲੇ ਆਦਮੀ ਨੇ ਯਹੋਵਾਹ ਦੇ ਲੋਕਾਂ ਵਿਚ ਸ਼ਾਂਤੀ ਦੇਖ ਕੇ ਕਿਹਾ: ‘ਜੇ ਮੈਂ ਕਦੀ ਵੀ ਕਿਸੇ ਧਰਮ ਨੂੰ ਮੰਨਿਆ, ਤਾਂ ਮੈਂ ਇਨ੍ਹਾਂ ਦਾ ਹੀ ਧਰਮ ਮੰਨਾਂਗਾ।’ ਹੌਲੀ-ਹੌਲੀ ਉਸ ਨੇ ਦੁਸ਼ਟ ਦੂਤਾਂ ਦੀ ਭਗਤੀ ਕਰਨੀ ਛੱਡ ਦਿੱਤੀ, ਆਪਣੀ ਵਿਆਹੁਤਾ ਜ਼ਿੰਦਗੀ ਨੂੰ ਸੁਧਾਰਿਆ ਅਤੇ ਸ਼ਾਂਤੀ ਦੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਲੱਗ ਪਿਆ।
ਉਸ ਆਦਮੀ ਵਾਂਗ ਹਰ ਸਾਲ ਹਜ਼ਾਰਾਂ ਹੀ ਲੋਕ ਮਸੀਹੀ ਮੰਡਲੀਆਂ ਦਾ ਹਿੱਸਾ ਬਣਦੇ ਹਨ ਅਤੇ ਉਨ੍ਹਾਂ ਨੂੰ ਮੰਡਲੀਆਂ ਵਿਚ ਉਹ ਸ਼ਾਂਤੀ ਮਿਲਦੀ ਹੈ ਜਿਸ ਦੀ ਭਾਲ ਵਿਚ ਉਹ ਸਨ। ਪਰ ਬਾਈਬਲ ਦੱਸਦਾ ਹੈ ਕਿ “ਈਰਖਾ ਅਤੇ ਲੜਾਈ-ਝਗੜਾ ਕਰਨ ਦੀ ਭਾਵਨਾ” ਕਰਕੇ ਭੈਣ-ਭਰਾਵਾਂ ਦਾ ਆਪਸੀ ਰਿਸ਼ਤਾ ਖ਼ਰਾਬ ਹੋ ਸਕਦਾ ਹੈ ਅਤੇ ਮੰਡਲੀ ਵਿਚ ਫੁੱਟ ਪੈ ਸਕਦੀ ਹੈ। (ਯਾਕੂ. 3:14-16) ਪਰ ਬਾਈਬਲ ਦੀ ਵਧੀਆ ਸਲਾਹ ਨੂੰ ਲਾਗੂ ਕਰ ਕੇ ਅਸੀਂ ਇੱਦਾਂ ਦੇ ਮਤਭੇਦ ਤੋਂ ਬਚ ਸਕਦੇ ਹਾਂ ਅਤੇ ਆਪਸ ਵਿਚ ਸ਼ਾਂਤੀ ਬਣਾਈ ਰੱਖ ਸਕਦੇ ਹਾਂ। ਆਓ ਆਪਾਂ ਦੇਖੀਏ ਕਿ ਇਸ ਸਲਾਹ ਨੂੰ ਮੰਨ ਕੇ ਭੈਣਾਂ-ਭਰਾਵਾਂ ਨੂੰ ਕਿਹੜੇ ਫ਼ਾਇਦੇ ਹੋਏ।
ਮਤਭੇਦ ਤੋਂ ਬਚੋ
“ਜਿਸ ਭਰਾ ਨਾਲ ਮੈਂ ਕੰਮ ਕਰਦਾ ਸੀ, ਮੇਰੀ ਉਹ ਦੇ ਨਾਲ ਬਣਦੀ ਨਹੀਂ ਸੀ। ਇਕ ਵਾਰ ਅਸੀਂ ਗੁੱਸੇ ਵਿਚ ਇਕ-ਦੂਜੇ ਉੱਤੇ ਇੰਨੀ ਉੱਚੀ ਚੀਕ ਰਹੇ ਸੀ ਕਿ ਦੂਸਰੇ ਕਮਰੇ ਵਿੱਚੋਂ ਦੋ ਆਦਮੀ ਆ ਕੇ ਤਮਾਸ਼ਾ ਦੇਖਣ ਲੱਗੇ।”
—ਕ੍ਰਿਸ।
“ਮੈਂ ਇਕ ਭੈਣ ਨਾਲ ਅਕਸਰ ਪ੍ਰਚਾਰ ’ਤੇ ਜਾਂਦੀ ਸੀ। ਪਰ ਇਕ ਦਿਨ ਅਚਾਨਕ ਹੀ ਉਸ ਨੇ ਮੇਰੇ ਨਾਲ ਪ੍ਰਚਾਰ ’ਤੇ ਜਾਣਾ ਛੱਡ ਦਿੱਤਾ ਅਤੇ ਮੈਨੂੰ ਬੁਲਾਉਣਾ ਵੀ ਛੱਡ ਦਿੱਤਾ। ਪਤਾ ਨਹੀਂ ਉਸ ਨੂੰ ਕੀ ਹੋ ਗਿਆ ਸੀ।”
—ਜੈੱਨਟ।
“ਇਕ ਵਾਰ ਅਸੀਂ ਤਿੰਨ ਭਰਾ ਇਕ-ਦੂਜੇ ਨਾਲ ਫ਼ੋਨ ’ਤੇ ਗੱਲਾਂ ਕਰ ਰਹੇ ਸੀ। ਇਕ ਭਰਾ ਨੇ ਕਿਹਾ ‘ਚੰਗਾ ਫਿਰ’ ਅਤੇ ਮੈਨੂੰ ਲੱਗਾ ਕਿ ਉਸ ਨੇ ਫ਼ੋਨ ਕੱਟ ਦਿੱਤਾ। ਮੈਂ ਫਿਰ ਦੂਜੇ ਭਰਾ ਨਾਲ ਉਸ ਦੀਆਂ ਬੁਰਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਰ ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਉਸ ਨੇ ਹਾਲੇ ਫ਼ੋਨ ਕੱਟਿਆ ਹੀ ਨਹੀਂ ਸੀ ਤੇ ਉਸ ਨੇ ਸਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ।”
—ਮਾਈਕਲ।
“ਸਾਡੀ ਮੰਡਲੀ ਦੇ ਦੋ ਪਾਇਨੀਅਰ ਭਰਾਵਾਂ ਵਿਚ ਅਣਬਣ ਹੋਣ ਲੱਗ ਪਈ। ਇਕ ਨੇ ਕਈ ਵਾਰ ਦੂਜੇ ਨਾਲ ਬਹੁਤ ਬੁਰੀ ਤਰ੍ਹਾਂ ਗੱਲ ਕੀਤੀ। ਉਨ੍ਹਾਂ ਦੇ ਝਗੜਿਆਂ ਕਰਕੇ ਬਾਕੀ ਭੈਣ-ਭਰਾ ਪਰੇਸ਼ਾਨ ਸਨ।”
—ਗੈਰੀ।
ਸਾਨੂੰ ਸ਼ਾਇਦ ਲੱਗੇ ਕਿ ਇਹ ਤਾਂ ਛੋਟੀਆਂ-ਛੋਟੀਆਂ ਗੱਲਾਂ ਹਨ। ਪਰ ਇਨ੍ਹਾਂ ਭੈਣਾਂ-ਭਰਾਵਾਂ ਨੂੰ ਇਨ੍ਹਾਂ ਗੱਲਾਂ ਕਰਕੇ ਬਹੁਤ ਦੁੱਖ ਲੱਗ ਸਕਦਾ ਸੀ ਅਤੇ ਮੰਡਲੀ ਦੀ ਸ਼ਾਂਤੀ ਵੀ ਖ਼ਤਰੇ ਵਿਚ ਪੈ ਸਕਦੀ ਸੀ। ਪਰ ਖ਼ੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਭੈਣਾਂ-ਭਰਾਵਾਂ ਨੇ ਬਾਈਬਲ ਦੀਆਂ ਸਲਾਹਾਂ ਮੰਨੀਆਂ ਅਤੇ ਦੁਬਾਰਾ ਸ਼ਾਂਤੀ ਕਾਇਮ ਕੀਤੀ। ਬਾਈਬਲ ਦੇ ਕਿਹੜੇ ਅਸੂਲਾਂ ਨੇ ਇਨ੍ਹਾਂ ਦੀ ਮਦਦ ਕੀਤੀ?
“ਰਾਹ ਵਿਚ ਲੜਾਈ ਝਗੜਾ ਨਾ ਕਰਨਾ।” (ਉਤ. 45:24, CL.) ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਇਹ ਵਧੀਆ ਸਲਾਹ ਦਿੱਤੀ ਜਦੋਂ ਉਹ ਮੁੜ ਕੇ ਆਪਣੇ ਪਿਤਾ ਕੋਲ ਜਾ ਰਹੇ ਸਨ। ਜੇ ਕੋਈ ਆਪਣੀਆਂ ਭਾਵਨਾਵਾਂ ’ਤੇ ਕਾਬੂ ਨਹੀਂ ਰੱਖਦਾ ਅਤੇ ਗੁੱਸਾ ਨੱਕ ’ਤੇ ਹੀ ਰੱਖਦਾ ਹੈ, ਤਾਂ ਉਹ ਵਿਗੜੇ ਹੋਏ ਹਾਲਾਤਾਂ ਨੂੰ ਹੋਰ ਵੀ ਵਿਗਾੜ ਸਕਦਾ ਹੈ। ਉਸ ਕਰਕੇ ਬਾਕੀਆਂ ਦਾ ਵੀ ਪਾਰਾ ਚੜ੍ਹ ਸਕਦਾ ਹੈ। ਕ੍ਰਿਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਕਮਜ਼ੋਰੀ ਸੀ ਕਿ ਉਹ ਘਮੰਡੀ ਸੀ ਅਤੇ ਦੂਜਿਆਂ ਦੀ ਸਲਾਹ ਮੰਨਣੀ ਉਸ ਲਈ ਔਖੀ ਸੀ। ਉਹ ਬਦਲਣਾ ਚਾਹੁੰਦਾ ਸੀ ਇਸ ਲਈ ਉਸ ਨੇ ਉਸ ਭਰਾ ਤੋਂ ਮਾਫ਼ੀ ਮੰਗੀ ਜਿਸ ਨਾਲ ਉਸ ਦੀ ਬਹਿਸ ਹੋਈ ਸੀ। ਫਿਰ ਕ੍ਰਿਸ ਨੇ ਆਪਣੇ ਗੁੱਸੇ ’ਤੇ ਕਾਬੂ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਜਦੋਂ ਦੂਜੇ ਭਰਾ ਨੇ ਕ੍ਰਿਸ ਦੀਆਂ ਕੋਸ਼ਿਸ਼ਾਂ ਦੇਖੀਆਂ, ਤਾਂ ਉਸ ਨੇ ਵੀ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਹੁਣ ਉਨ੍ਹਾਂ ਦਾ ਰਿਸ਼ਤਾ ਵਧੀਆ ਹੈ ਅਤੇ ਉਹ ਮੋਢੇ ਨਾਲ ਮੋਢਾ ਜੋੜ ਕੇ ਯਹੋਵਾਹ ਦੀ ਸੇਵਾ ਕਰਦੇ ਹਨ।
“ਜੇ ਸਲਾਹ ਨਾ ਮਿਲੇ ਤਾਂ ਪਰੋਜਨ ਰੁੱਕ ਜਾਂਦੇ ਹਨ।” (ਕਹਾ. 15:22) ਜਦੋਂ ਜੈੱਨਟ ਦੀ ਸਹੇਲੀ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ, ਤਾਂ ਜੈੱਨਟ ਨੇ ਬਾਈਬਲ ਦੇ ਇਸ ਅਸੂਲ ਨੂੰ ਲਾਗੂ ਕੀਤਾ। ਉਹ ਉਸ ਭੈਣ ਨਾਲ “ਸਲਾਹ” ਯਾਨੀ ਗੱਲ ਕਰਨ ਗਈ। ਜੈਨੱਟ ਨੇ ਉਸ ਭੈਣ ਨੂੰ ਪੁੱਛਿਆ ‘ਕੀ ਮੈਂ ਤੈਨੂੰ ਕੁਝ ਕਿਹਾ ਹੈ ਜਿਸ ਕਰਕੇ ਤੂੰ ਮੈਨੂੰ ਬੁਲਾਉਂਦੀ ਨਹੀਂ?’ ਪਹਿਲਾਂ ਤਾਂ ਦੋਨਾਂ ਨੂੰ ਗੱਲ ਕਰਨੀ ਔਖੀ ਲੱਗ ਰਹੀ ਸੀ। ਪਰ ਪਿਆਰ ਨਾਲ ਗੱਲ ਕਰਨ ਕਰਕੇ ਉਹ ਖੁੱਲ੍ਹ ਕੇ ਗੱਲ ਕਰ ਪਾਈਆਂ। ਭੈਣ ਨੂੰ ਪਤਾ ਲੱਗਾ ਕਿ ਉਸ ਨੂੰ ਗ਼ਲਤਫ਼ਹਿਮੀ ਹੋਈ ਸੀ ਅਤੇ ਜੈੱਨਟ ਨੇ ਉਸ ਨਾਲ ਕੁਝ ਵੀ ਗ਼ਲਤ ਨਹੀਂ ਸੀ ਕੀਤਾ। ਉਸ ਨੇ ਜੈੱਨਟ ਕੋਲੋਂ ਮਾਫ਼ੀ ਮੰਗੀ। ਹੁਣ ਉਹ ਦੋਨੋਂ ਪੱਕੀਆਂ ਸਹੇਲੀਆਂ ਹਨ ਅਤੇ ਮਿਲ ਕੇ ਯਹੋਵਾਹ ਦੀ ਸੇਵਾ ਕਰਦੀਆਂ ਹਨ।
“ਇਸ ਲਈ ਜੇ ਤੂੰ ਵੇਦੀ ਉੱਤੇ ਚੜ੍ਹਾਵਾ ਚੜ੍ਹਾਉਣ ਆਇਆ ਹੈਂ ਤੇ ਉੱਥੇ ਤੈਨੂੰ ਚੇਤੇ ਆਉਂਦਾ ਹੈ ਕਿ ਤੇਰਾ ਭਰਾ ਕਿਸੇ ਗੱਲੋਂ ਤੇਰੇ ਨਾਲ ਨਾਰਾਜ਼ ਹੈ, ਤਾਂ ਤੂੰ ਆਪਣਾ ਚੜ੍ਹਾਵਾ ਵੇਦੀ ਦੇ ਸਾਮ੍ਹਣੇ ਰੱਖ ਅਤੇ ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸੁਲ੍ਹਾ ਕਰ।” (ਮੱਤੀ 5:23, 24) ਯਿਸੂ ਨੇ ਇਹ ਸਲਾਹ ਆਪਣੇ ਪਹਾੜੀ ਉਪਦੇਸ਼ ਵਿਚ ਦਿੱਤੀ ਸੀ। ਦੂਸਰੇ ਭਰਾ ਬਾਰੇ ਬੁਰੀਆਂ ਗੱਲਾਂ ਕਹਿਣ ਤੋਂ ਬਾਅਦ ਮਾਈਕਲ ਨੂੰ ਬਹੁਤ ਬੁਰਾ ਲੱਗਾ। ਆਪਣੇ ਦੋਸਤ ਨਾਲ ਰਿਸ਼ਤਾ ਸੁਧਾਰਨ ਲਈ ਉਸ ਨੇ ਹਰ ਮੁਮਕਿਨ ਕੋਸ਼ਿਸ਼ ਕਰਨ ਦੀ ਠਾਣੀ। ਉਹ ਭਰਾ ਕੋਲ ਗਿਆ ਅਤੇ ਉਸ ਨੇ ਕਿਹਾ ਕਿ ਉਹ ਆਪਣੀ ਗ਼ਲਤੀ ’ਤੇ ਬਹੁਤ ਸ਼ਰਮਿੰਦਾ ਸੀ। ਇਸ ਦਾ ਕੀ ਨਤੀਜਾ ਨਿਕਲਿਆ? ਮਾਈਕਲ ਦੱਸਦਾ ਹੈ: “ਭਰਾ ਨੇ ਮੈਨੂੰ ਦਿਲੋਂ ਮਾਫ਼ ਕਰ ਦਿੱਤਾ।” ਉਹ ਫਿਰ ਤੋਂ ਦੋਸਤ ਬਣ ਗਏ।
“ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।” (ਕੁਲੁ. 3:12-14) ਕੀ ਤੁਹਾਨੂੰ ਉਹ ਦੋ ਪਾਇਨੀਅਰ ਯਾਦ ਹਨ ਜੋ ਪ੍ਰਚਾਰ ’ਤੇ ਲੜ ਪਏ ਸਨ? ਇਕ ਬਜ਼ੁਰਗ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਨ੍ਹਾਂ ਦੀ ਲੜਾਈ ਕਰਕੇ ਦੂਜੇ ਭੈਣ-ਭਰਾ ਬਹੁਤ ਪਰੇਸ਼ਾਨ ਸਨ। ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਕ-ਦੂਜੇ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਮੰਡਲੀ ਵਿਚ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਭਰਾ ਦੀ ਸਲਾਹ ਨੂੰ ਮੰਨਿਆ ਕੀਤਾ। ਹੁਣ ਉਹ ਪਾਇਨੀਅਰ ਇਕੱਠੇ ਮਿਲ ਕੇ ਪ੍ਰਚਾਰ ਕਰਦੇ ਹਨ।
ਕੁਲੁੱਸੀਆਂ 3:12-14 ਦੀ ਸਲਾਹ ਮੰਨ ਕੇ ਸਾਡਾ ਵੀ ਫ਼ਾਇਦਾ ਹੋ ਸਕਦਾ ਹੈ। ਜਿਸ ਨੇ ਵੀ ਸਾਨੂੰ ਨਾਰਾਜ਼ ਕੀਤਾ ਅਸੀਂ ਉਸ ਨੂੰ ਮਾਫ਼ ਕਰ ਸਕਦੇ ਹਾਂ, ਹੋਰ ਨਿਮਰ ਬਣ ਸਕਦੇ ਹਾਂ ਅਤੇ ਮਾਮਲੇ ਨੂੰ ਭੁਲਾ ਸਕਦੇ ਹਾਂ। ਪਰ ਉਦੋਂ ਕੀ ਜਦੋਂ ਅਸੀਂ ਮਾਫ਼ ਕਰਨਾ ਤਾਂ ਚਾਹੁੰਦੇ ਹਾਂ, ਪਰ ਕਰ ਨਹੀਂ ਪਾਉਂਦੇ? ਮੱਤੀ 18:15 ਦਾ ਅਸੂਲ ਸਾਡੀ ਮਦਦ ਕਰ ਸਕਦਾ ਹੈ। ਚਾਹੇ ਯਿਸੂ ਇੱਥੇ ਕਿਸੇ ਦੇ ਗੰਭੀਰ ਪਾਪ ਕਰਨ ’ਤੇ ਕਦਮ ਚੁੱਕਣ ਦੀ ਸਲਾਹ ਦੇ ਰਿਹਾ ਸੀ, ਪਰ ਅਸੀਂ ਇਹ ਸਲਾਹ ਉਦੋਂ ਵੀ ਲਾਗੂ ਕਰ ਸਕਦੇ ਹਾਂ ਜਦੋਂ ਸਾਡੀ ਕਿਸੇ ਭੈਣ-ਭਰਾ ਨਾਲ ਅਣਬਣ ਹੁੰਦੀ ਹੈ। ਅਸੀਂ ਨਿਮਰਤਾ ਅਤੇ ਪਿਆਰ ਨਾਲ ਉਸ ਭੈਣ ਜਾਂ ਭਰਾ ਕੋਲ ਜਾ ਕੇ ਗੱਲ ਕਰ ਸਕਦੇ ਹਾਂ ਅਤੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ।
ਬਾਈਬਲ ਵਿਚ ਹੋਰ ਵੀ ਬਹੁਤ ਸਾਰੀਆਂ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਜ਼ਿਆਦਾਤਰ ਸਲਾਹਾਂ ਵਿਚ ਦੱਸਿਆ ਗਿਆ ਹੈ ਕਿ ਸਾਨੂੰ “ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ” ਆਪਣੇ ਵਿਚ “ਪਿਆਰ, ਖ਼ੁਸ਼ੀ, ਸ਼ਾਂਤੀ, ਸਹਿਣਸ਼ੀਲਤਾ, ਦਇਆ, ਭਲਾਈ, ਨਿਹਚਾ, ਨਰਮਾਈ, ਸੰਜਮ” ਵਰਗੇ ਗੁਣ ਪੈਦਾ ਕਰਨੇ ਚਾਹੀਦੇ ਹਨ। (ਗਲਾ. 5:22, 23) ਜ਼ਰਾ ਇਸ ਮਿਸਾਲ ਬਾਰੇ ਸੋਚੋ: ਇਕ ਮਸ਼ੀਨ ਤਾਂ ਹੀ ਵਧੀਆ ਤਰੀਕੇ ਨਾਲ ਚੱਲੇਗੀ ਜੇਕਰ ਉਸ ਦੇ ਪੁਰਜਿਆਂ ਨੂੰ ਚੰਗੀ ਤਰ੍ਹਾਂ ਤੇਲ ਦਿੱਤਾ ਜਾਵੇ। ਬਿਲਕੁਲ ਉਸੇ ਤਰ੍ਹਾਂ ਸਾਡੇ ਲਈ ਮਸਲਿਆਂ ਨੂੰ ਸੁਲਝਾਉਣਾ ਅਤੇ ਰਿਸ਼ਤਿਆਂ ਨੂੰ ਵਧੀਆ ਬਣਾਈ ਰੱਖਣਾ ਸੌਖਾ ਹੁੰਦਾ ਹੈ ਜਦੋਂ ਅਸੀਂ ਪਵਿੱਤਰ ਸ਼ਕਤੀ ਦੇ ਗੁਣ ਦਿਖਾਉਂਦੇ ਹਾਂ।
ਅਲੱਗ-ਅਲੱਗ ਸੁਭਾਅ ਮੰਡਲੀ ਦੀ ਸ਼ੋਭਾ
ਸਾਡੇ ਸਾਰਿਆਂ ਦੇ ਸੁਭਾਅ ਅਤੇ ਗੁਣ ਵੱਖੋ-ਵੱਖਰੇ ਹੁੰਦੇ ਹਨ। ਇਸ ਲਈ ਸਾਡਾ ਚੀਜ਼ਾਂ ਦੇਖਣ ਦਾ ਨਜ਼ਰੀਆ ਅਤੇ ਭਾਵਨਾਵਾਂ ਜ਼ਾਹਰ ਕਰਨ ਦਾ ਤਰੀਕਾ ਵੱਖੋ-ਵੱਖਰਾ ਹੁੰਦਾ ਹੈ। ਅਲੱਗ-ਅਲੱਗ ਸੁਭਾਅ ਦੇ ਲੋਕਾਂ ਨਾਲ ਦੋਸਤੀ ਕਰ ਕੇ ਵਧੀਆ ਲੱਗਦਾ ਹੈ। ਪਰ ਵੱਖੋ-ਵੱਖਰੇ ਸੁਭਾਅ ਹੋਣ ਕਰਕੇ ਸਾਡੇ ਵਿਚ ਗ਼ਲਤਫ਼ਹਿਮੀਆਂ ਅਤੇ ਮਤਭੇਦ ਹੋ ਸਕਦੇ ਹਨ। ਇਸ ਗੱਲ ਨੂੰ ਸਮਝਾਉਣ ਲਈ ਇਕ ਤਜਰਬੇਕਾਰ ਬਜ਼ੁਰਗ ਕਹਿੰਦਾ ਹੈ: “ਸ਼ਾਇਦ ਇਕ ਸ਼ਰਮੀਲੇ ਇਨਸਾਨ ਦੀ ਇਕ ਖੁੱਲ੍ਹੇ ਸੁਭਾਅ ਵਾਲੇ ਨਾਲ ਨਾ ਬਣੇ। ਉਨ੍ਹਾਂ ਦਾ ਵੱਖੋ-ਵੱਖਰਾ ਸੁਭਾਅ ਸ਼ਾਇਦ ਸਾਨੂੰ ਇੰਨੀ ਵੱਡੀ ਗੱਲ ਨਾ ਲੱਗੇ, ਪਰ ਇਸ ਕਰਕੇ ਵੱਡੀਆਂ ਮੁਸ਼ਕਲਾਂ ਆ ਸਕਦੀਆਂ ਹਨ।” ਕੀ ਤੁਹਾਨੂੰ ਵੀ ਇਸੇ ਤਰ੍ਹਾਂ ਲੱਗਦਾ ਕਿ ਵੱਖਰੇ ਸੁਭਾਅ ਵਾਲਿਆ ਦੀ ਆਪਸ ਵਿਚ ਕਦੇ ਨਹੀਂ ਬਣਦੀ? ਆਓ ਆਪਾਂ ਦੋ ਰਸੂਲਾਂ ਦੀ ਮਿਸਾਲ ਦੇਖੀਏ। ਜਦੋਂ ਅਸੀਂ ਪਤਸਰ ਦੀ ਗੱਲ ਕਰਦੇ ਹਾਂ, ਤਾਂ ਸਾਡੇ ਦਿਮਾਗ਼ ਵਿਚ ਸ਼ਾਇਦ ਉਸ ਇਨਸਾਨ ਦੀ ਤਸਵੀਰ ਬਣੇ ਜੋ ਮੂੰਹ ਆਈ ਗੱਲ ਕਹਿ ਦਿੰਦਾ ਸੀ। ਜਦੋਂ ਅਸੀਂ ਯੂਹੰਨਾ ਦੀ ਗੱਲ ਕਰਦੇ ਹਾਂ, ਤਾਂ ਸਾਡੇ ਦਿਮਾਗ਼ ਵਿਚ ਇਕ ਪਿਆਰ ਕਰਨ ਵਾਲੇ ਅਤੇ ਸੋਚ-ਸਮਝ ਕੇ ਬੋਲਣ ਅਤੇ ਕੰਮ ਕਰਨ ਵਾਲੇ ਦੀ ਤਸਵੀਰ ਬਣਦੀ ਹੈ। ਪਤਰਸ ਅਤੇ ਯੂਹੰਨਾ ਦੇ ਸੁਭਾਅ ਵੱਖਰੇ ਸਨ। ਪਰ ਉਨ੍ਹਾਂ ਨੇ ਮਿਲ ਕੇ ਯਹੋਵਾਹ ਦੀ ਸੇਵਾ ਕੀਤੀ। (ਰਸੂ. 8:14; ਗਲਾ. 2:9) ਅੱਜ ਸਾਡੇ ਨਾਲ ਵੀ ਇਸੇ ਤਰ੍ਹਾਂ ਹੋ ਸਕਦਾ ਹੈ। ਬਿਲਕੁਲ ਅਲੱਗ-ਅਲੱਗ ਸੁਭਾਅ ਦੇ ਮਸੀਹੀ ਵੀ ਮਿਲ ਕੇ ਕੰਮ ਕਰ ਸਕਦੇ ਹਨ।
ਯੂਹੰ. 13:34, 35; ਰੋਮੀ. 5:6-8) ਉਸ ਨਾਲ ਆਪਣੀ ਦੋਸਤੀ ਤੋੜਨੀ ਅਤੇ ਉਸ ਤੋਂ ਦੂਰ-ਦੂਰ ਰਹਿਣ ਦਾ ਫ਼ੈਸਲਾ ਕਰਨਾ ਚੰਗੀ ਗੱਲ ਨਹੀਂ ਹੋਵੇਗੀ। ਇਸ ਦੀ ਬਜਾਇ ਆਪਣੇ ਆਪ ਨੂੰ ਪੁੱਛੋ: ‘ਕੀ ਉਸ ਭੈਣ ਜਾਂ ਭਰਾ ਨੇ ਯਹੋਵਾਹ ਦਾ ਕੋਈ ਹੁਕਮ ਤੋੜਿਆ ਹੈ? ਕੀ ਉਹ ਜਾਣ-ਬੁੱਝ ਕੇ ਮੈਨੂੰ ਦੁਖੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ? ਜਾਂ ਕੀ ਸਿਰਫ਼ ਸਾਡੇ ਸੁਭਾਅ ਵੱਖੋ-ਵੱਖਰੇ ਹਨ?’ ਪਰ ਸਭ ਤੋਂ ਜ਼ਰੂਰੀ ਸਵਾਲ ਇਹ ਹੈ: ‘ਕੀ ਉਸ ਵਿਚ ਅਜਿਹੇ ਗੁਣ ਹਨ ਜੋ ਮੈਂ ਆਪਣੇ ਵਿਚ ਪੈਦਾ ਕਰਨੇ ਚਾਹੁੰਦਾ ਹਾਂ?’
ਪਰ ਉਦੋਂ ਕੀ ਜਦੋਂ ਤੁਹਾਡੀ ਮੰਡਲੀ ਵਿਚ ਕੋਈ ਭੈਣ ਜਾਂ ਭਰਾ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਕਹਿੰਦਾ ਜਾਂ ਕਰਦਾ ਜਿਸ ਨਾਲ ਤੁਹਾਨੂੰ ਖਿੱਝ ਆਉਂਦੀ ਹੈ? ਉਦੋਂ ਇਹ ਗੱਲ ਯਾਦ ਰੱਖਣੀ ਚੰਗੀ ਹੋਵੇਗੀ ਕਿ ਮਸੀਹ ਨੇ ਉਸ ਲਈ ਵੀ ਕੁਰਬਾਨੀ ਦਿੱਤੀ ਹੈ ਅਤੇ ਸਾਨੂੰ ਆਪਣੇ ਭਰਾ ਨੂੰ ਪਿਆਰ ਕਰਨ ਦਾ ਹੁਕਮ ਦਿੱਤਾ ਹੈ। (ਮਿਸਾਲ ਲਈ, ਜੇ ਕੋਈ ਵਿਅਕਤੀ ਬਹੁਤ ਗਾਲੜੀ ਹੈ ਅਤੇ ਤੁਸੀਂ ਚੁੱਪ-ਚੁੱਪ ਰਹਿੰਦੇ ਹੋ, ਤਾਂ ਕਿਉਂ ਨਾ ਤੁਸੀਂ ਉਸ ਨਾਲ ਪ੍ਰਚਾਰ ’ਤੇ ਜਾਓ? ਦੇਖੋ ਕਿ ਤੁਸੀਂ ਉਸ ਤੋਂ ਕੀ ਸਿੱਖ ਸਕਦੇ ਹੋ? ਕੀ ਉਹ ਤੁਹਾਡੇ ਨਾਲੋਂ ਜ਼ਿਆਦਾ ਦਿਆਲੂ ਹੈ? ਕੀ ਤੁਸੀਂ ਉਹ ਖ਼ੁਸ਼ੀ ਮਹਿਸੂਸ ਕੀਤੀ ਹੈ ਜੋ ਕਿਸੇ ਬਜ਼ੁਰਗ, ਬੀਮਾਰ ਜਾਂ ਲੋੜਵੰਦ ਦੀ ਮਦਦ ਕਰ ਕੇ ਮਿਲਦੀ ਹੈ? ਕੀ ਤੁਸੀਂ ਉਸ ਵਾਂਗ ਹੋਰ ਜ਼ਿਆਦਾ ਦਿਆਲੂ ਬਣਨਾ ਸਿੱਖ ਸਕਦੇ ਹੋ? ਚਾਹੇ ਤੁਹਾਡੇ ਸੁਭਾਅ ਵੱਖੋ-ਵੱਖਰੇ ਹਨ, ਪਰ ਜ਼ਰੂਰੀ ਹੈ ਕਿ ਤੁਸੀਂ ਉਸ ਦੇ ਚੰਗੇ ਗੁਣਾਂ ’ਤੇ ਧਿਆਨ ਲਾਓ। ਚਾਹੇ ਤੁਸੀਂ ਪੱਕੇ ਦੋਸਤ ਨਾ ਵੀ ਬਣੋ, ਤਾਂ ਵੀ ਤੁਸੀਂ ਇਕ-ਦੂਜੇ ਦੇ ਨੇੜੇ ਆ ਸਕਦੇ ਹੋ। ਇਸ ਨਾਲ ਤੁਹਾਡੀ ਆਪਸ ਵਿਚ ਅਤੇ ਮੰਡਲੀ ਵਿਚ ਸ਼ਾਂਤੀ ਬਣੀ ਰਹੇਗੀ।
ਪਹਿਲੀ ਸਦੀ ਵਿਚ ਯੂਓਦੀਆ ਅਤੇ ਸੁੰਤੁਖੇ ਨਾਂ ਦੀਆਂ ਦੋ ਭੈਣਾਂ ਸਨ। ਲੱਗਦਾ ਹੈ ਕਿ ਉਨ੍ਹਾਂ ਦੇ ਸੁਭਾਅ ਇਕ-ਦੂਜੇ ਤੋਂ ਬਿਲਕੁਲ ਵੱਖਰੇ ਸਨ, ਪਰ ਪੌਲੁਸ ਰਸੂਲ ਨੇ ਉਨ੍ਹਾਂ ਨੂੰ “ਪ੍ਰਭੂ ਦੀ ਸੇਵਾ ਕਰਦਿਆਂ ਇਕ ਮਨ ਹੋਣ” ਦੀ ਹੱਲਾਸ਼ੇਰੀ ਦਿੱਤੀ। (ਫ਼ਿਲਿ. 4:2) ਅਸੀਂ ਵੀ ਭੈਣਾਂ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੇ ਹਾਂ ਅਤੇ ਮੰਡਲੀ ਵਿਚ ਸ਼ਾਂਤੀ ਬਣਾਈ ਰੱਖਣੀ ਚਾਹੁੰਦੇ ਹਾਂ।
ਮਤਭੇਦ ਛੇਤੀ ਮੁਕਾਓ
ਸਾਨੂੰ ਆਪਣੇ ਅੰਦਰੋਂ ਦੂਜਿਆਂ ਲਈ ਬੁਰੀਆਂ ਭਾਵਨਾਵਾਂ ਜਲਦੀ ਤੋਂ ਜਲਦੀ ਕੱਢ ਦੇਣੀਆਂ ਚਾਹੀਦੀਆਂ ਹਨ। ਪਰ ਕਿਉਂ? ਅਸੀਂ ਇਨ੍ਹਾਂ ਬੁਰੀਆਂ ਭਾਵਨਾਵਾਂ ਦੀ ਤੁਲਨਾ ਜੰਗਲੀ ਝਾੜੀਆਂ ਨਾਲ ਕਰ ਸਕਦੇ ਹਾਂ ਜੋ ਬਹੁਤ ਸੋਹਣੇ ਫੁੱਲਾਂ ਦੇ ਬਾਗ਼ ਵਿਚ ਉੱਗ ਜਾਂਦੀਆਂ ਹਨ। ਜੇ ਅਸੀਂ ਜਲਦੀ ਇਨ੍ਹਾਂ ਝਾੜੀਆਂ ਨੂੰ ਨਹੀਂ ਪੁੱਟਦੇ, ਤਾਂ ਇਹ ਪੂਰੇ ਬਾਗ਼ ਵਿਚ ਫੈਲ ਸਕਦੀਆਂ ਹਨ।
ਬਿਲਕੁਲ ਇਸੇ ਤਰ੍ਹਾਂ ਜੇ ਅਸੀਂ ਕਿਸੇ ਲਈ ਆਪਣੇ ਅੰਦਰੋਂ ਬੁਰੀਆਂ ਭਾਵਨਾਵਾਂ ਨੂੰ ਜੜ੍ਹੋਂ ਨਹੀਂ ਪੁੱਟਦੇ, ਤਾਂ ਇਹ ਪੂਰੀ ਮੰਡਲੀ ’ਤੇ ਅਸਰ ਪਾ ਸਕਦੀਆਂ ਹਨ। ਯਹੋਵਾਹ ਅਤੇ ਭੈਣਾਂ-ਭਰਾਵਾਂ ਨਾਲ ਪਿਆਰ ਹੋਣ ਕਰਕੇ ਅਸੀਂ ਮੰਡਲੀ ਵਿਚ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ।ਜਦੋਂ ਅਸੀਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਇਸ ਦੇ ਨਤੀਜੇ ਦੇਖ ਕੇ ਹੈਰਾਨ ਰਹਿ ਜਾਂਦੇ ਹਾਂ। ਇਕ ਗਵਾਹ ਨਾਲ ਇਸੇ ਤਰ੍ਹਾਂ ਹੋਇਆ। ਉਹ ਕਹਿੰਦੀ ਹੈ: “ਮੈਨੂੰ ਇੱਦਾਂ ਲੱਗਾ ਕਿ ਇਕ ਭੈਣ ਮੇਰੇ ਨਾਲ ਇਸ ਤਰੀਕੇ ਨਾਲ ਪੇਸ਼ ਆ ਰਹੀ ਸੀ ਜਿਵੇਂ ਮੈਂ ਕੋਈ ਛੋਟੀ ਬੱਚੀ ਹੋਵਾਂ। ਇਸ ਕਰਕੇ ਮੈਨੂੰ ਖਿੱਝ ਆਉਂਦੀ ਸੀ। ਜਿੱਦਾਂ-ਜਿੱਦਾਂ ਮੇਰੇ ਅੰਦਰ ਖਿੱਝ ਵਧਦੀ ਗਈ ਮੈਂ ਉਸ ਨੂੰ ਟੁੱਟ ਕੇ ਜਵਾਬ ਦੇਣ ਲੱਗੀ। ਮੈਂ ਸੋਚਦੀ ਸੀ, ‘ਜੇ ਉਹ ਮੇਰੀ ਇੱਜ਼ਤ ਨਹੀਂ ਕਰਦੀ, ਤਾਂ ਮੈਂ ਵੀ ਉਸ ਦੀ ਇੱਜ਼ਤ ਕਿਉਂ ਕਰਾ।’”
ਪਰ ਬਾਅਦ ਵਿਚ ਭੈਣ ਨੇ ਆਪਣੇ ਰਵੱਈਏ ਬਾਰੇ ਸੋਚਿਆ। “ਮੈਂ ਆਪਣੇ ਵਿਚ ਖ਼ਾਮੀਆਂ ਦੇਖਣੀਆਂ ਸ਼ੁਰੂ ਕੀਤੀਆਂ ਅਤੇ ਸ਼ਰਮਿੰਦਗੀ ਮਹਿਸੂਸ ਕੀਤੀ। ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਇਸ ਮਾਮਲੇ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਤੋਂ ਬਾਅਦ ਮੈਂ ਭੈਣ ਲਈ ਇਕ ਛੋਟਾ ਜਿਹਾ ਤੋਹਫ਼ਾ ਖ਼ਰੀਦਿਆ ਅਤੇ ਕਾਰਡ ਲਿਖ ਕੇ ਆਪਣੇ ਬੁਰੇ ਰਵੱਈਏ ਲਈ ਮਾਫ਼ੀ ਮੰਗੀ। ਅਸੀਂ ਇਕ-ਦੂਜੇ ਨੂੰ ਜੱਫੀ ਪਾਈ ਅਤੇ ਮਾਮਲੇ ਨੂੰ ਉੱਥੇ ਹੀ ਖ਼ਤਮ ਕੀਤਾ। ਉਸ ਤੋਂ ਬਾਅਦ ਸਾਡੀ ਕਦੀ ਲੜਾਈ ਨਹੀਂ ਹੋਈ।”
ਸਾਰੇ ਸ਼ਾਂਤੀ ਚਾਹੁੰਦੇ ਹਨ। ਪਰ ਘਮੰਡ ਕਰਕੇ ਜਾਂ ਆਪਣੇ ਆਪ ’ਤੇ ਭਰੋਸਾ ਨਾ ਹੋਣ ਕਰਕੇ ਅਸੀਂ ਦੂਜਿਆਂ ਨਾਲ ਸਹੀ ਤਰੀਕੇ ਨਾਲ ਪੇਸ਼ ਨਹੀਂ ਆਉਂਦੇ ਜਿਸ ਕਰਕੇ ਸ਼ਾਂਤੀ ਭੰਗ ਹੋ ਜਾਂਦੀ ਹੈ। ਇਸ ਤਰ੍ਹਾਂ ਦਾ ਰਵੱਈਆ ਦੁਨੀਆਂ ਵਿਚ ਆਮ ਹੈ, ਪਰ ਯਹੋਵਾਹ ਆਪਣੇ ਲੋਕਾਂ ਤੋਂ ਇਸ ਤਰ੍ਹਾਂ ਦੇ ਰਵੱਈਏ ਦੀ ਉਮੀਦ ਨਹੀਂ ਰੱਖਦਾ। ਯਹੋਵਾਹ ਦੇ ਗਵਾਹਾਂ ਵਿਚ ਸ਼ਾਂਤੀ ਅਤੇ ਏਕਤਾ ਹੋਣੀ ਚਾਹੀਦੀ ਹੈ। ਯਹੋਵਾਹ ਨੇ ਪੌਲੁਸ ਨੂੰ ਇਹ ਲਿਖਣ ਲਈ ਪ੍ਰੇਰਿਆ ਕਿ ਮਸੀਹੀਆਂ ਦਾ “ਚਾਲ-ਚਲਣ ਉਸ ਸੱਦੇ ਦੇ ਯੋਗ” ਹੋਣਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਮਿਲਿਆ ਸੀ। ਉਸ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ‘ਪੂਰੀ ਨਿਮਰਤਾ, ਨਰਮਾਈ ਅਤੇ ਧੀਰਜ ਨਾਲ ਪੇਸ਼ ਆਉਣ, ਪਿਆਰ ਨਾਲ ਇਕ-ਦੂਜੇ ਦੀ ਸਹਿ ਲੈਣ, ਅਤੇ ਇਕ-ਦੂਜੇ ਨਾਲ ਬਣਾ ਕੇ ਰੱਖਣ ਅਤੇ ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼ ਕਰਨ।’ (ਅਫ਼. 4:1-3) ‘ਏਕਤਾ ਦਾ ਬੰਧਨ’ ਯਹੋਵਾਹ ਦੇ ਲੋਕਾਂ ਲਈ ਬਹੁਤ ਅਨਮੋਲ ਹੈ। ਸੋ ਆਓ ਆਪਾਂ ਇਸ ਨੂੰ ਹੋਰ ਪੱਕਾ ਕਰਨ ਦੀ ਹਰ ਮੁਮਕਿਨ ਕੋਸ਼ਿਸ਼ ਕਰੀਏ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਆਪਣੀਆਂ ਸਾਰੀਆਂ ਮੁਸ਼ਕਲਾਂ ਸੁਲਝਾਈਏ।