Skip to content

Skip to table of contents

ਉਹ ਪਰਮੇਸ਼ੁਰ ਦੀ ਮਿਹਰ ਪਾ ਸਕਦਾ ਸੀ

ਉਹ ਪਰਮੇਸ਼ੁਰ ਦੀ ਮਿਹਰ ਪਾ ਸਕਦਾ ਸੀ

ਅਸੀਂ ਯਹੋਵਾਹ ਦੀ ਸੇਵਾ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਉਸ ਦੀ ਮਿਹਰ ਤੇ ਬਰਕਤ ਸਾਡੇ ’ਤੇ ਹੋਵੇ। ਪਰ ਅਸੀਂ ਪਰਮੇਸ਼ੁਰ ਦੀ ਮਿਹਰ ਕਿਵੇਂ ਪਾ ਸਕਦੇ ਹਾਂ? ਬਾਈਬਲ ਜ਼ਮਾਨੇ ਵਿਚ ਕੁਝ ਜਣਿਆਂ ਨੇ ਗੰਭੀਰ ਪਾਪ ਕੀਤੇ ਸਨ, ਪਰ ਬਾਅਦ ਵਿਚ ਫਿਰ ਤੋਂ ਉਨ੍ਹਾਂ ’ਤੇ ਪਰਮੇਸ਼ੁਰ ਦੀ ਮਿਹਰ ਹੋਈ। ਕੁਝ ਜਣਿਆਂ ਵਿਚ ਬਹੁਤ ਵਧੀਆ ਗੁਣ ਸਨ, ਪਰ ਅਖ਼ੀਰ ਵਿਚ ਉਹ ਪਰਮੇਸ਼ੁਰ ਦੀ ਮਿਹਰ ਗੁਆ ਬੈਠੇ। ਇਸ ਲਈ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: “ਯਹੋਵਾਹ ਸਾਡੇ ਸਾਰਿਆਂ ਵਿਚ ਕਿਹੜੀ ਖ਼ਾਸ ਗੱਲ ਦੇਖਦਾ ਹੈ?” ਇਸ ਸਵਾਲ ਦੇ ਜਵਾਬ ਲਈ ਆਓ ਆਪਾਂ ਯਹੂਦਾਹ ਦੇ ਰਾਜੇ ਰਹਬੁਆਮ ਦੀ ਮਿਸਾਲ ’ਤੇ ਗੌਰ ਕਰੀਏ।

ਡਾਵਾਂ-ਡੋਲ ਸ਼ੁਰੂਆਤ

ਰਹਬੁਆਮ ਦੇ ਪਿਤਾ ਸੁਲੇਮਾਨ ਨੇ 40 ਸਾਲ ਇਜ਼ਰਾਈਲ ਵਿਚ ਰਾਜ ਕੀਤਾ। (1 ਰਾਜ. 11:42) ਸੁਲੇਮਾਨ 997 ਈ. ਪੂ. ਵਿਚ ਮਰ ਗਿਆ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਰਹਬੁਆਮ ਯਰੂਸ਼ਲਮ ਤੋਂ ਉੱਤਰ ਵੱਲ ਸ਼ਕਮ ਨੂੰ ਰਾਜਾ ਬਣਨ ਲਈ ਗਿਆ। (2 ਇਤ. 10:1) ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਰਹਬੁਆਮ ਚਿੰਤਾ ਵਿਚ ਸੀ ਕਿ ਉਹ ਆਪਣੇ ਪਿਤਾ ਸੁਲੇਮਾਨ ਵਾਂਗ ਰਾਜ ਕਰ ਸਕੇਗਾ ਜੋ ਆਪਣੀ ਬੇਮਿਸਾਲ ਬੁੱਧ ਕਰਕੇ ਜਾਣਿਆ ਜਾਂਦਾ ਸੀ। ਜਲਦੀ ਹੀ ਰਹਬੁਆਮ ਸਾਮ੍ਹਣੇ ਇਕ ਔਖਾ ਮਸਲਾ ਖੜ੍ਹਾ ਹੋਣ ਵਾਲਾ ਸੀ ਅਤੇ ਇਹ ਗੱਲ ਸਾਫ਼ ਹੋਣ ਵਾਲੀ ਸੀ ਕਿ ਉਹ ਵੀ ਬੁੱਧੀਮਾਨ ਸੀ ਜਾਂ ਨਹੀਂ।

ਇਜ਼ਰਾਈਲੀਆਂ ਨੂੰ ਲੱਗਦਾ ਸੀ ਕਿ ਰਾਜੇ ਨੇ ਉਨ੍ਹਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਸੀ। ਇਸ ਲਈ ਉਨ੍ਹਾਂ ਨੇ ਰਹਬੁਆਮ ਨੂੰ ਆਪਣੀਆਂ ਮੰਗਾਂ ਦੱਸਣ ਲਈ ਕੁਝ ਨੁਮਾਇੰਦੇ ਭੇਜੇ: “ਤੁਹਾਡੇ ਪਿਤਾ ਨੇ ਸਾਡੇ ਜੂਆ ਔਖਾ ਕਰ ਰੱਖਿਆ ਸੀ ਸੋ ਹੁਣ ਤੁਸੀਂ ਆਪਣੇ ਪਿਤਾ ਦੀ ਉਸ ਔਖੀ ਟਹਿਲ ਅਤੇ ਉਸ ਭਾਰੀ ਜੂਏ ਨੂੰ ਜੋ ਉਸ ਅਸਾਂ ਉੱਤੇ ਪਾ ਰੱਖਿਆ ਸੀ ਕੁਝ ਹੌਲਾ ਕਰ ਦਿਓ ਤਾਂ ਅਸੀਂ ਤੁਹਾਡੀ ਸੇਵਾ ਕਰਾਂਗੇ।”​—2 ਇਤ. 10:3, 4.

ਰਹਬੁਆਮ ਲਈ ਇਕ ਪਾਸੇ ਖੂਹ ਸੀ ਤੇ ਦੂਜੇ ਪਾਸੇ ਖਾਈ। ਜੇ ਉਹ ਲੋਕਾਂ ਦੀ ਗੱਲ ਮੰਨਦਾ, ਤਾਂ ਉਸ ਨੂੰ, ਉਸ ਦੇ ਪਰਿਵਾਰ ਅਤੇ ਉਸ ਦੇ ਦਰਬਾਰੀਆਂ ਨੂੰ ਆਪਣੀਆਂ ਕੁਝ ਸੁੱਖ-ਸਹੂਲਤਾਂ ਤਿਆਗਣੀਆਂ ਪੈਣੀਆਂ ਸਨ। ਦੂਜੇ ਪਾਸੇ, ਜੇ ਉਹ ਲੋਕਾਂ ਦੀ ਗੱਲ ਨਾ ਮੰਨਦਾ, ਤਾਂ ਸ਼ਾਇਦ ਲੋਕਾਂ ਨੇ ਬਗਾਵਤ ਕਰ ਦੇਣੀ ਸੀ। ਉਸ ਨੇ ਕੀ ਕੀਤਾ? ਪਹਿਲਾਂ ਉਸ ਨੇ ਬਜ਼ੁਰਗ ਆਦਮੀਆਂ ਦੀ ਸਲਾਹ ਲਈ ਜੋ ਸੁਲੇਮਾਨ ਦੇ ਸਲਾਹਕਾਰ ਸੀ। ਉਨ੍ਹਾਂ ਨੇ ਉਸ ਨੂੰ ਲੋਕਾਂ ਦੀ ਗੱਲ ਮੰਨਣ ਲਈ ਕਿਹਾ। ਪਰ ਫਿਰ ਰਹਬੁਆਮ ਨੇ ਆਪਣੇ ਹਮਉਮਰ ਨੌਜਵਾਨਾਂ ਤੋਂ ਸਲਾਹ ਲਈ। ਉਨ੍ਹਾਂ ਦੀ ਸਲਾਹ ਮੰਨਦਿਆਂ ਰਹਬੁਆਮ ਨੇ ਲੋਕਾਂ ਨਾਲ ਬੁਰੇ ਤਰੀਕੇ ਨਾਲ ਪੇਸ਼ ਆਉਣ ਦਾ ਫ਼ੈਸਲਾ ਕੀਤਾ। ਉਸ ਨੇ ਕਿਹਾ: “ਮੇਰੇ ਪਿਤਾ ਨੇ ਤੁਹਾਡਾ ਜੂਆ ਭਾਰੀ ਕੀਤਾ ਪਰ ਮੈਂ ਉਸ ਨੂੰ ਹੋਰ ਵੀ ਭਾਰੀ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫੰਡਿਆ ਪਰ ਮੈਂ ਤੁਹਾਨੂੰ ਬਿੱਛੂਆਂ ਵਾਲੇ ਕੋਟਲਿਆਂ ਨਾਲ ਫੰਡਾਂਗਾਂ!”​—2 ਇਤ. 10:6-14.

ਕੀ ਅਸੀਂ ਇਸ ਤੋਂ ਕੋਈ ਸਬਕ ਸਿੱਖ ਸਕਦੇ ਹਾਂ? ਅੱਜ ਸਾਡੀਆਂ ਮੰਡਲੀਆਂ ਵਿਚ ਅਜਿਹੇ ਬਹੁਤ ਸਾਰੇ ਸਮਝਦਾਰ ਭੈਣ-ਭਰਾ ਹਨ ਜੋ ਕਾਫ਼ੀ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰਦੇ ਆ ਰਹੇ ਹਨ। ਚੰਗੇ ਫ਼ੈਸਲੇ ਕਰਨ ਲਈ ਅਸੀਂ ਇਨ੍ਹਾਂ ਤੋਂ ਸਲਾਹ ਲੈ ਸਕਦੇ ਹਾਂ। ਆਓ ਆਪਾਂ ਬੁੱਧੀਮਾਨ ਬਣੀਏ ਅਤੇ ਇਨ੍ਹਾਂ ਦੀ ਸੁਣੀਏ।​—ਅੱਯੂ. 12:12.

‘ਉਨ੍ਹਾਂ ਨੇ ਯਹੋਵਾਹ ਦੀ ਗੱਲ ਸੁਣੀ’

ਬਗਾਵਤ ਹੋਣ ’ਤੇ ਰਹਬੁਆਮ ਨੇ ਆਪਣੀ ਫ਼ੌਜ ਇਕੱਠੀ ਕੀਤੀ। ਪਰ ਇਨ੍ਹਾਂ ਨੂੰ ਰੋਕਣ ਲਈ ਯਹੋਵਾਹ ਨੇ ਨਬੀ ਸ਼ਮਾਯਾਹ ਰਾਹੀਂ ਕਿਹਾ: “ਤੁਸੀਂ ਚੜ੍ਹਾਈ ਨਾ ਕਰੋ ਨਾ ਆਪਣੇ ਇਸਰਾਏਲ ਭਰਾਵਾਂ ਨਾਲ ਲੜੋ। ਹਰ ਮਨੁੱਖ ਆਪੋ ਆਪਣੇ ਘਰ ਨੂੰ ਮੁੜ ਜਾਵੇ ਕਿਉਂ ਜੋ ਏਹ ਗੱਲ ਮੇਰੀ ਵੱਲੋਂ ਹੈ।”​—1 ਰਾਜ. 12:21-24. *

ਕੀ ਰਹਬੁਆਮ ਲਈ ਯਹੋਵਾਹ ਦੀ ਗੱਲ ਸੁਣਨੀ ਸੌਖੀ ਸੀ? ਲੋਕ ਆਪਣੇ ਨਵੇਂ ਰਾਜੇ ਬਾਰੇ ਕੀ ਸੋਚਦੇ ਹੋਣੇ? ਜਿਸ ਰਾਜੇ ਨੇ ਕਿਹਾ ਸੀ ਕਿ ਉਹ ਲੋਕਾਂ ਨੂੰ “ਬਿੱਛੂਆਂ ਵਾਲੇ ਕੋਟਲਿਆਂ ਨਾਲ” ਸਜ਼ਾ ਦੇਵੇਗਾ, ਹੁਣ ਇਹੀ ਰਾਜਾ ਹੱਥ ਢਿੱਲੇ ਕਰ ਕੇ ਬਹਿ ਗਿਆ। (2 ਇਤਹਾਸ 13:7 ਵਿਚ ਨੁਕਤਾ ਦੇਖੋ।) ਪਰ ਲੋਕ ਚਾਹੇ ਉਸ ਬਾਰੇ ਜੋ ਵੀ ਸੋਚਦੇ ਸਨ, ਰਾਜਾ ਅਤੇ ਉਸ ਦੀਆਂ ਫ਼ੌਜਾਂ ‘ਯਹੋਵਾਹ ਦੀ ਗੱਲ ਸੁਣ ਕੇ ਚਲੇ ਗਏ ਸਨ।’

ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਭਾਵੇਂ ਪਰਮੇਸ਼ੁਰ ਦੀ ਗੱਲ ਮੰਨਣ ਕਰਕੇ ਸਾਡਾ ਮਜ਼ਾਕ ਹੀ ਕਿਉਂ ਨਾ ਉਡਾਇਆ ਜਾਵੇ, ਪਰ ਫਿਰ ਵੀ ਉਸ ਦਾ ਕਹਿਣਾ ਮੰਨਣਾ ਸਮਝਦਾਰੀ ਦੀ ਗੱਲ ਹੈ। ਪਰਮੇਸ਼ੁਰ ਦਾ ਕਹਿਣਾ ਮੰਨਣ ਕਰਕੇ ਸਾਡੇ ’ਤੇ ਪਰਮੇਸ਼ੁਰ ਦੀ ਮਿਹਰ ਹੋਵੇਗੀ ਅਤੇ ਸਾਨੂੰ ਬਰਕਤਾਂ ਮਿਲਣਗੀਆਂ।​—ਬਿਵ. 28:2.

ਕੀ ਪਰਮੇਸ਼ੁਰ ਦਾ ਕਹਿਣਾ ਮੰਨਣ ਕਰਕੇ ਰਹਬੁਆਮ ’ਤੇ ਪਰਮੇਸ਼ੁਰ ਦੀ ਮਿਹਰ ਹੋਈ? ਰਹਬੁਆਮ ਹਾਲੇ ਵੀ ਯਹੂਦਾਹ ਅਤੇ ਬਿਨਯਾਮੀਨ ’ਤੇ ਰਾਜ ਕਰਦਾ ਸੀ ਅਤੇ ਉਸ ਨੇ ਨਵੇਂ ਸ਼ਹਿਰ ਉਸਾਰਨ ਦਾ ਫ਼ੈਸਲਾ ਕੀਤਾ। ਉਸ ਨੇ ਕੁਝ ਸ਼ਹਿਰਾਂ ਨੂੰ “ਬਹੁਤ ਹੀ ਪੱਕਾ ਕਰ ਦਿੱਤਾ।” (2 ਇਤ. 11:5-12) ਇਸ ਤੋਂ ਵੀ ਅਹਿਮ ਗੱਲ ਇਹ ਸੀ ਕਿ ਉਸ ਨੇ ਕੁਝ ਸਮੇਂ ਲਈ ਯਹੋਵਾਹ ਦੇ ਕਾਨੂੰਨਾਂ ਦੀ ਪਾਲਣਾ ਕੀਤੀ। ਦਸ-ਗੋਤੀ ਰਾਜ ਦੇ ਬਹੁਤ ਸਾਰੇ ਲੋਕਾਂ ਨੇ ਰਹਬੁਆਮ ਦਾ ਸਾਥ ਦੇਣ ਅਤੇ ਸੱਚੀ ਭਗਤੀ ਕਰਨ ਲਈ ਯਰੂਸ਼ਲਮ ਆਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਦਸ-ਗੋਤੀ ਰਾਜ ਝੂਠੀ ਭਗਤੀ ਦੀ ਦਲਦਲ ਵਿਚ ਫਸ ਗਏ। (2 ਇਤ. 11:16, 17) ਯਹੋਵਾਹ ਦੇ ਆਗਿਆਕਾਰ ਰਹਿਣ ਕਰਕੇ ਰਹਬੁਆਮ ਦਾ ਰਾਜ ਹੋਰ ਵੀ ਮਜ਼ਬੂਤ ਹੋਇਆ।

ਪਾਪ ਅਤੇ ਕੁਝ ਹੱਦ ਤਕ ਤੋਬਾ

ਜਦੋਂ ਰਹਬੁਆਮ ਦਾ ਰਾਜ ਮਜ਼ਬੂਤ ਹੋ ਗਿਆ, ਤਾਂ ਉਸ ਨੇ ਇਕ ਅਜੀਬ ਕੰਮ ਕੀਤਾ। ਉਸ ਨੇ ਯਹੋਵਾਹ ਦੇ ਕਾਨੂੰਨ ਮੰਨਣੇ ਛੱਡ ਦਿੱਤੇ ਅਤੇ ਝੂਠੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਪਰ ਕਿਉਂ? ਕੀ ਉਸ ਨੇ ਆਪਣੀ ਅੰਮੋਨੀ ਮਾਂ ਦੇ ਪ੍ਰਭਾਵ ਹੇਠ ਆ ਕੇ ਇੱਦਾਂ ਕੀਤਾ ਸੀ? (1 ਰਾਜ. 14:21) ਵਜ੍ਹਾ ਚਾਹੇ ਜੋ ਮਰਜ਼ੀ ਸੀ, ਪਰ ਸਾਰੀ ਕੌਮ ਉਸ ਦੇ ਮਗਰ ਲੱਗ ਗਈ। ਇਸ ਲਈ ਯਹੋਵਾਹ ਨੇ ਮਿਸਰ ਦੇ ਰਾਜੇ ਸ਼ੀਸ਼ਕ ਨੂੰ ਯਹੂਦੀਆ ਰਾਜ ਦੇ ਬਹੁਤ ਸਾਰੇ ਸ਼ਹਿਰਾਂ ’ਤੇ ਕਬਜ਼ਾ ਕਰਨ ਦੀ ਇਜਾਜ਼ਤ ਦਿੱਤੀ, ਭਾਵੇਂ ਕਿ ਰਹਬੁਆਮ ਨੇ ਇਨ੍ਹਾਂ ਸ਼ਹਿਰਾਂ ਨੂੰ ਮਜ਼ਬੂਤ ਕੀਤਾ ਸੀ।​—1 ਰਾਜ. 14:22-24; 2 ਇਤ. 12:1-4.

ਮਾਮਲਾ ਉਦੋਂ ਹੋਰ ਵੀ ਵਿਗੜ ਗਿਆ ਜਦੋਂ ਸ਼ੀਸ਼ਕ ਯਰੂਸ਼ਲਮ ਤਕ ਪਹੁੰਚ ਗਿਆ ਜਿੱਥੇ ਰਹਬੁਆਮ ਰਾਜ ਕਰਦਾ ਸੀ। ਉਸ ਸਮੇਂ ਸ਼ਮਆਯਾਹ ਨਬੀ ਨੇ ਰਹਬੁਆਮ ਤੇ ਉਸ ਦੇ ਸਰਦਾਰਾਂ ਨੂੰ ਪਰਮੇਸ਼ੁਰ ਦਾ ਸੰਦੇਸ਼ ਦਿੱਤਾ: “ਤੁਸਾਂ ਮੈਨੂੰ ਛੱਡ ਦਿੱਤਾ, ਏਸ ਲਈ ਮੈਂ ਵੀ ਤੁਹਾਨੂੰ ਸ਼ੀਸ਼ਕ ਦੇ ਹੱਥ ਵਿੱਚ ਛੱਡ ਦਿੱਤਾ ਹੈ।” ਪਰਮੇਸ਼ੁਰ ਵੱਲੋਂ ਇਸ ਤਾੜਨਾ ਪ੍ਰਤੀ ਰਹਬੁਆਮ ਨੇ ਕਿਹੋ ਜਿਹਾ ਨਜ਼ਰੀਆ ਦਿਖਾਇਆ? ਉਸ ਨੇ ਤਾੜਨਾ ਨੂੰ ਸਵੀਕਾਰ ਕੀਤਾ! ਬਾਈਬਲ ਦੱਸਦੀ ਹੈ: “ਤਦ ਇਸਰਾਏਲ ਦੇ ਸਰਦਾਰਾਂ ਅਤੇ ਪਾਤਸ਼ਾਹ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਅਤੇ ਆਖਿਆ, ਯਹੋਵਾਹ ਹੀ ਧਰਮੀ ਹੈ।” ਇਸ ਲਈ ਯਹੋਵਾਹ ਨੇ ਰਹਬੁਆਮ ਤੇ ਯਰੂਸ਼ਲਮ ਨੂੰ ਨਾਸ਼ ਹੋਣ ਤੋਂ ਬਚਾ ਲਿਆ।​—2 ਇਤ. 12:5-7, 12.

ਇਸ ਤੋਂ ਬਾਅਦ, ਰਹਬੁਆਮ ਦੱਖਣੀ ਰਾਜ ’ਤੇ ਹਕੂਮਤ ਕਰਦਾ ਰਿਹਾ। ਆਪਣੀ ਮੌਤ ਤੋਂ ਪਹਿਲਾਂ ਉਸ ਨੇ ਦਿਲ ਖੋਲ੍ਹ ਕੇ ਆਪਣੇ ਬਹੁਤ ਸਾਰੇ ਪੁੱਤਰਾਂ ਨੂੰ ਤੋਹਫ਼ੇ ਦਿੱਤੇ ਤਾਂਕਿ ਉਹ ਆਪਣੇ ਭਰਾ ਅਬੀਯਾਹ ਖ਼ਿਲਾਫ਼ ਬਗਾਵਤ ਨਾ ਕਰਨ ਜਿਸ ਨੇ ਅੱਗੋਂ ਰਾਜ-ਗੱਦੀ ਸੰਭਾਲਣੀ ਸੀ। (2 ਇਤ. 11:21-23) ਇਸ ਸਮੇਂ ਰਹਬੁਆਮ ਨੇ ਥੋੜ੍ਹੀ ਜਿਹੀ ਸਮਝਦਾਰੀ ਦਿਖਾਈ ਜੋ ਉਸ ਨੇ ਪਹਿਲਾਂ ਨਹੀਂ ਦਿਖਾਈ ਸੀ।

ਚੰਗਾ ਜਾਂ ਬੁਰਾ?

ਭਾਵੇਂ ਰਹਬੁਆਮ ਨੇ ਕੁਝ ਚੰਗੇ ਕੰਮ ਕੀਤੇ, ਪਰ ਬਾਈਬਲ ਕਹਿੰਦੀ ਹੈ: “ਉਸ ਨੇ ਬੁਰਿਆਈ ਕੀਤੀ।” ਕਿਉਂ? ਕਿਉਂਕਿ “ਉਸ ਨੇ ਯਹੋਵਾਹ ਦੀ ਖੋਜ ਵਿੱਚ ਆਪਣਾ ਮੰਨ ਨਾ ਲਾਇਆ।” ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਮਿਹਰ ਉਸ ਉੱਤੇ ਨਹੀਂ ਸੀ।​—2 ਇਤ. 12:14.

ਦਾਊਦ ਤੋਂ ਉਲਟ, ਰਹਬੁਆਮ ਨੇ ਯਹੋਵਾਹ ਨਾਲ ਕਰੀਬੀ ਰਿਸ਼ਤਾ ਨਹੀਂ ਜੋੜਿਆ

ਅਸੀਂ ਰਹਬੁਆਮ ਤੋਂ ਕੀ ਸਿੱਖਦੇ ਹਾਂ? ਕਈ ਵਾਰ ਉਸ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ। ਉਸ ਨੇ ਯਹੋਵਾਹ ਦੀ ਕੌਮ ਲਈ ਕੁਝ ਚੰਗੇ ਕੰਮ ਵੀ ਕੀਤੇ। ਪਰ ਉਸ ਨੇ ਯਹੋਵਾਹ ਨਾਲ ਕਰੀਬੀ ਰਿਸ਼ਤਾ ਨਹੀਂ ਜੋੜਿਆ ਅਤੇ ਉਸ ਦੇ ਮਨ ਵਿਚ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਤੀਬਰ ਇੱਛਾ ਨਹੀਂ ਸੀ। ਇਸ ਲਈ ਉਸ ਨੇ ਚੰਗੇ ਕੰਮ ਕਰਨੇ ਛੱਡ ਦਿੱਤੇ ਤੇ ਉਹ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਲੱਗ ਪਿਆ। ਤੁਸੀਂ ਸ਼ਾਇਦ ਸੋਚੋ: ‘ਕੀ ਰਹਬੁਆਮ ਨੇ ਦਿਲੋਂ ਤੋਬਾ ਕਰਨ ਕਰਕੇ ਤੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਕਰਕੇ ਤਾੜਨਾ ਸਵੀਕਾਰ ਕੀਤੀ? ਜਾਂ ਕਿਸੇ ਦੇ ਪ੍ਰਭਾਵ ਹੇਠ ਆ ਕੇ ਤਾੜਨਾ ਸਵੀਕਾਰ ਕੀਤੀ?’ (2 ਇਤ. 11:3, 4; 12:6) ਬਾਅਦ ਵਿਚ ਉਹ ਫਿਰ ਗ਼ਲਤ ਕੰਮ ਕਰਨ ਲੱਗਾ ਪਿਆ। ਉਹ ਆਪਣੇ ਦਾਦੇ ਰਾਜਾ ਦਾਊਦ ਤੋਂ ਕਿੰਨਾ ਹੀ ਵੱਖਰਾ ਸੀ! ਜੀ ਹਾਂ, ਦਾਊਦ ਨੇ ਗੰਭੀਰ ਪਾਪ ਕੀਤੇ, ਪਰ ਉਹ ਯਹੋਵਾਹ ਨੂੰ ਦਿਲੋਂ ਪਿਆਰ ਕਰਦਾ ਸੀ, ਸੱਚੀ ਭਗਤੀ ਕਰਦਾ ਸੀ ਅਤੇ ਉਸ ਨੇ ਦਿਲੋਂ ਆਪਣੇ ਪਾਪਾਂ ਤੋਂ ਤੋਬਾ ਕੀਤੀ ਸੀ।​—1 ਰਾਜ. 14:8; ਜ਼ਬੂ. 51:1, 17; 63:1.

ਅਸੀਂ ਰਹਬੁਆਮ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਅਸੀਂ ਤਾਰੀਫ਼ ਦੇ ਲਾਇਕ ਹਾਂ ਕਿ ਅਸੀਂ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਦੇ ਹਾਂ ਅਤੇ ਯਹੋਵਾਹ ਦੀ ਸੇਵਾ ਕਰਨ ਵਿਚ ਮਿਹਨਤ ਕਰਦੇ ਹਾਂ। ਪਰ ਇੰਨਾ ਹੀ ਕਾਫ਼ੀ ਨਹੀਂ ਹੈ। ਪਰਮੇਸ਼ੁਰ ਦੀ ਮਿਹਰ ਪਾਉਣ ਲਈ ਸਾਨੂੰ ਉਸ ਦੀ ਇੱਛਾ ਮੁਤਾਬਕ ਭਗਤੀ ਕਰਨੀ ਚਾਹੀਦੀ ਹੈ ਅਤੇ ਉਸ ਨਾਲ ਮਜ਼ਬੂਤ ਰਿਸ਼ਤਾ ਜੋੜਨਾ ਚਾਹੀਦਾ ਹੈ।

ਇੱਦਾਂ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਨੂੰ ਦਿਲੋਂ ਪਿਆਰ ਕਰੀਏ। ਜਿੱਦਾਂ ਅੱਗ ਬਲ਼ਦੀ ਰੱਖਣ ਲਈ ਅਸੀਂ ਉਸ ਵਿਚ ਬਾਲ਼ਣ ਪਾਉਂਦੇ ਰਹਿੰਦੇ ਹਾਂ, ਉੱਦਾਂ ਹੀ ਪਰਮੇਸ਼ੁਰ ਨਾਲ ਪਿਆਰ ਬਣਾਈ ਰੱਖਣ ਲਈ ਸਾਨੂੰ ਉਸ ਦੇ ਬਚਨ ਦਾ ਬਾਕਾਇਦਾ ਅਧਿਐਨ ਕਰਦੇ ਰਹਿਣਾ, ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰਦੇ ਰਹਿਣਾ ਅਤੇ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ। (ਜ਼ਬੂ. 1:2; ਰੋਮੀ. 12:12) ਯਹੋਵਾਹ ਲਈ ਪਿਆਰ ਹੋਣ ਕਰਕੇ ਅਸੀਂ ਆਪਣੇ ਹਰ ਕੰਮ ਨਾਲ ਉਸ ਨੂੰ ਖ਼ੁਸ਼ ਕਰਨਾ ਚਾਹਾਂਗੇ। ਗ਼ਲਤੀ ਹੋਣ ਤੇ ਇਹ ਪਿਆਰ ਸਾਨੂੰ ਤੋਬਾ ਕਰਨ ਅਤੇ ਯਹੋਵਾਹ ਤੋਂ ਮਾਫ਼ੀ ਮੰਗਣ ਲਈ ਪ੍ਰੇਰਿਤ ਕਰੇਗਾ। ਇਸ ਤਰ੍ਹਾਂ ਕਰ ਕੇ ਅਸੀਂ ਰਹਬੁਆਮ ਤੋਂ ਉਲਟ ਸੱਚੀ ਭਗਤੀ ਦਾ ਹਮੇਸ਼ਾ ਪੱਖ ਲਵਾਂਗੇ।​—ਯਹੂ. 20, 21.

^ ਪੈਰਾ 9 ਸੁਲੇਮਾਨ ਦੀ ਬੇਵਫ਼ਾਈ ਕਰਕੇ ਪਰਮੇਸ਼ੁਰ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਰਾਜ ਦੋ ਹਿੱਸਿਆਂ ਵਿਚ ਵੰਡਿਆ ਜਾਵੇਗਾ।​—1 ਰਾਜ. 11:31.