ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
ਕਿਹੜੇ ਚਾਰ ਤਰੀਕਿਆਂ ਨਾਲ ਅਸੀਂ ਵਧੀਆ ਢੰਗ ਨਾਲ ਗਾ ਸਕਦੇ ਹਾਂ?
ਸਾਨੂੰ ਗਾਉਣ ਵੇਲੇ ਗੀਤਾਂ ਵਾਲੀ ਕਿਤਾਬ ਉੱਚੀ ਫੜਨੀ ਚਾਹੀਦੀ ਹੈ। ਸਾਨੂੰ ਸਹੀ ਤਰੀਕੇ ਨਾਲ ਸਾਹ ਲੈਣਾ ਚਾਹੀਦਾ ਹੈ। ਜਦੋਂ ਅਸੀਂ ਚੰਗੀ ਤਰ੍ਹਾਂ ਮੂੰਹ ਖੋਲ੍ਹ ਕੇ ਗਾਵਾਂਗੇ, ਤਾਂ ਅਸੀਂ ਉੱਚੀ ਆਵਾਜ਼ ਵਿਚ ਗਾ ਸਕਾਂਗੇ।—w17.11, ਸਫ਼ਾ 5.
ਇਜ਼ਰਾਈਲ ਦੇ ਪਨਾਹ ਨਗਰਾਂ ਦੀਆਂ ਥਾਵਾਂ ਅਤੇ ਇਨ੍ਹਾਂ ਤਕ ਪਹੁੰਚਣ ਵਾਲੀਆਂ ਸੜਕਾਂ ਬਾਰੇ ਕਿਹੜੀ ਗੱਲ ਤੁਹਾਨੂੰ ਪ੍ਰਭਾਵਿਤ ਕਰਦੀ ਹੈ?
ਪੂਰੇ ਦੇਸ਼ ਵਿਚ ਛੇ ਪਨਾਹ ਨਗਰ ਸਨ ਜਿਨ੍ਹਾਂ ਤਕ ਸੌਖਿਆਂ ਹੀ ਪਹੁੰਚਿਆ ਜਾ ਸਕਦਾ ਸੀ। ਭਗੌੜਾ ਜਲਦੀ ਅਤੇ ਸੌਖਿਆਂ ਹੀ ਕਿਸੇ ਵੀ ਪਨਾਹ ਨਗਰ ਤਕ ਪਹੁੰਚ ਸਕਦਾ ਸੀ।—w17.11, ਸਫ਼ਾ 14.
ਰੱਬ ਵੱਲੋਂ ਦਿੱਤਾ ਰਿਹਾਈ ਦੀ ਕੀਮਤ ਦਾ ਤੋਹਫ਼ਾ ਸਭ ਤੋਂ ਉੱਤਮ ਤੋਹਫ਼ਾ ਕਿਉਂ ਹੈ?
ਇਹ ਸਾਡੀ ਹਮੇਸ਼ਾ ਜੀਉਂਦੇ ਰਹਿਣ ਦੀ ਇੱਛਾ ਪੂਰੀ ਕਰਦਾ ਹੈ ਅਤੇ ਇਸ ਨਾਲ ਸਾਨੂੰ ਪਾਪ ਤੇ ਮੌਤ ਤੋਂ ਆਜ਼ਾਦੀ ਮਿਲੀ ਹੈ। ਰੱਬ ਨੇ ਆਦਮ ਦੀ ਔਲਾਦ ਨੂੰ ਪਿਆਰ ਦਿਖਾਉਂਦੇ ਹੋਏ ਯਿਸੂ ਦੀ ਰਿਹਾਈ ਦੀ ਕੀਮਤ ਉਦੋਂ ਦਿੱਤੀ, ਜਦੋਂ ਅਸੀਂ ਅਜੇ ਪਾਪੀ ਹੀ ਸੀ।—wp17.6, ਸਫ਼ੇ 6-7.
ਜ਼ਬੂਰ 118:22 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ?
ਯਿਸੂ ਨੂੰ ਮਸੀਹ ਵਜੋਂ ਰੱਦਿਆ ਗਿਆ ਅਤੇ ਮਾਰਿਆ ਗਿਆ ਸੀ। ਪਰ “ਖੂੰਜੇ ਦਾ ਸਿਰਾ” ਬਣਨ ਲਈ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਜਾਣਾ ਸੀ।—w17.12, ਸਫ਼ੇ 9-10.
ਕੀ ਯਿਸੂ ਦੇ ਸਾਰੇ ਪੂਰਵਜ ਆਪਣੇ ਖ਼ਾਨਦਾਨ ਵਿੱਚੋਂ ਜੇਠੇ ਸਨ?
ਯਿਸੂ ਦੇ ਕਈ ਪੂਰਵਜ ਆਪਣੇ ਖ਼ਾਨਦਾਨ ਵਿੱਚੋਂ ਜੇਠੇ ਸਨ, ਪਰ ਸਾਰੇ ਨਹੀਂ। ਯੱਸੀ ਦਾ ਮੁੰਡਾ ਦਾਊਦ ਜੇਠਾ ਨਹੀਂ ਸੀ, ਪਰ ਫਿਰ ਵੀ ਮਸੀਹ ਦਾਊਦ ਦੀ ਪੀੜ੍ਹੀ ਵਿੱਚੋਂ ਆਇਆ।—w17.12, ਸਫ਼ੇ 14, 15.
ਬਾਈਬਲ ਵਿਚ ਸਿਹਤ ਸੰਬੰਧੀ ਕਿਹੜੇ ਕੁਝ ਅਸੂਲ ਦਿੱਤੇ ਗਏ ਹਨ?
ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਛੂਤ ਦੀਆਂ ਬੀਮਾਰੀਆਂ ਦੇ ਰੋਗੀਆਂ ਨੂੰ ਦੂਸਰੇ ਲੋਕਾਂ ਤੋਂ ਅਲੱਗ ਰੱਖਿਆ ਜਾਣਾ ਚਾਹੀਦਾ ਸੀ। ਲਾਸ਼ ਨੂੰ ਛੋਹਣ ਵਾਲੇ ਵਿਅਕਤੀ ਨੂੰ ਪਾਣੀ ਨਾਲ ਨਹਾਉਣਾ ਚਾਹੀਦਾ ਸੀ। ਮਲ-ਮੂਤਰ ਚੰਗੀ ਤਰ੍ਹਾਂ ਦੱਬ ਦਿੱਤਾ ਜਾਣਾ ਚਾਹੀਦਾ ਸੀ। ਜਨਮ ਤੋਂ ਬਾਅਦ ਅੱਠਵੇਂ ਦਿਨ ਬੱਚੇ ਦੀ ਸੁੰਨਤ ਕੀਤੀ ਜਾਣੀ ਚਾਹੀਦੀ ਸੀ ਕਿਉਂਕਿ ਉਸ ਸਮੇਂ ’ਤੇ ਉਸ ਦੇ ਖ਼ੂਨ ਦਾ ਚੰਗੀ ਤਰ੍ਹਾਂ ਜਮਾਅ ਹੋਣਾ ਸ਼ੁਰੂ ਹੁੰਦਾ ਸੀ।—wp18.1, ਸਫ਼ਾ 7.
ਮਸੀਹੀਆਂ ਲਈ ਕੁਝ ਹੱਦ ਤਕ ਆਪਣੇ ਆਪ ਨੂੰ ਪਿਆਰ ਕਰਨਾ ਸਹੀ ਕਿਉਂ ਹੈ?
ਅਸੀਂ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰਦੇ ਹਾਂ। (ਮਰ. 12:31) “ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਉਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਆਪਣੇ ਸਰੀਰਾਂ ਨਾਲ ਪਿਆਰ ਕਰਦੇ ਹਨ।” (ਅਫ਼. 5:28) ਪਰ ਆਪਣੇ ਆਪ ਨੂੰ ਹੱਦੋਂ ਵੱਧ ਪਿਆਰ ਕਰਨਾ ਖ਼ਤਰਨਾਕ ਹੋ ਸਕਦਾ ਹੈ।—w18.01, ਸਫ਼ਾ 23.
ਸੱਚਾਈ ਵਿਚ ਤਰੱਕੀ ਕਰਨ ਲਈ ਅਸੀਂ ਕਿਹੜੇ ਕਦਮ ਚੁੱਕ ਸਕਦੇ ਹਾਂ?
ਸਾਨੂੰ ਧਿਆਨ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ, ਉਸ ’ਤੇ ਸੋਚ-ਵਿਚਾਰ ਕਰਨਾ ਅਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਸਾਨੂੰ ਪਵਿੱਤਰ ਸ਼ਕਤੀ ਦੀ ਅਗਵਾਈ ਨੂੰ ਅਤੇ ਦੂਜਿਆਂ ਦੀ ਮਦਦ ਨੂੰ ਵੀ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰਨਾ ਚਾਹੀਦਾ ਹੈ।—w18.02, ਸਫ਼ਾ 26.
ਜੋਤਸ਼-ਵਿੱਦਿਆ ਅਤੇ ਭਵਿੱਖ ਦੱਸਣ ਵਾਲਿਆਂ ਦੀਆਂ ਗੱਲਾਂ ਭਵਿੱਖ ਬਾਰੇ ਜਾਣਨ ਦਾ ਸਹੀ ਤਰੀਕਾ ਕਿਉਂ ਨਹੀਂ ਹੈ?
ਇਸ ਦੇ ਬਹੁਤ ਸਾਰੇ ਕਾਰਨ ਹਨ, ਪਰ ਇਸ ਦਾ ਮੁੱਖ ਕਾਰਨ ਹੈ ਕਿ ਬਾਈਬਲ ਇਸ ਤਰ੍ਹਾਂ ਕਰਨ ਦੀ ਨਿੰਦਿਆ ਕਰਦੀ ਹੈ।—wp18.2, ਸਫ਼ੇ 4-5.
ਜੇ ਅਸੀਂ ਕਿਸੇ ਦਾ ਸੱਦਾ ਕਬੂਲ ਕੀਤਾ ਹੈ, ਤਾਂ ਸਾਨੂੰ ਕੀ ਸੋਚਣਾ ਚਾਹੀਦਾ ਹੈ?
ਜੇ ਅਸੀਂ ਕਿਸੇ ਦਾ ਸੱਦਾ ਕਬੂਲ ਕੀਤਾ ਹੈ, ਤਾਂ ਸਾਨੂੰ ਆਪਣੇ ਵਾਅਦੇ ’ਤੇ ਪੱਕੇ ਰਹਿਣਾ ਚਾਹੀਦਾ ਹੈ। (ਜ਼ਬੂ. 15:4) ਸਾਨੂੰ ਬਿਨਾਂ ਵਜ੍ਹਾ ਸੱਦੇ ਨੂੰ ਰੱਦ ਨਹੀਂ ਕਰਨਾ ਚਾਹੀਦਾ। ਮੇਜ਼ਬਾਨ ਨੇ ਖਾਣਾ ਤਿਆਰ ਕਰਨ ਲਈ ਸ਼ਾਇਦ ਬਹੁਤ ਮਿਹਨਤ ਕੀਤੀ ਹੋਵੇ।—w18.03, ਸਫ਼ਾ 18.
ਤਿਮੋਥਿਉਸ ਦੀ ਮਿਸਾਲ ਤੋਂ ਜ਼ਿੰਮੇਵਾਰ ਭਰਾ ਕੀ ਸਿੱਖ ਸਕਦੇ ਹਨ?
ਤਿਮੋਥਿਉਸ ਦਿਲੋਂ ਲੋਕਾਂ ਦੀ ਪਰਵਾਹ ਕਰਦਾ ਸੀ ਅਤੇ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦਿੰਦਾ ਸੀ। ਉਸ ਨੇ ਪਰਮੇਸ਼ੁਰ ਦੀ ਸੇਵਾ ਵਿਚ ਸਖ਼ਤ ਮਿਹਨਤ ਕੀਤੀ ਅਤੇ ਸਿੱਖੀਆਂ ਗੱਲਾਂ ਨੂੰ ਲਾਗੂ ਕੀਤਾ। ਉਹ ਆਪਣੇ ਆਪ ਨੂੰ ਸਿਖਲਾਈ ਦਿੰਦਾ ਰਿਹਾ ਤੇ ਯਹੋਵਾਹ ਦੀ ਸ਼ਕਤੀ ’ਤੇ ਭਰੋਸਾ ਰੱਖਿਆ। ਬਜ਼ੁਰਗ ਅਤੇ ਬਾਕੀ ਸਾਰੇ ਵੀ ਉਸ ਦੀ ਮਿਸਾਲ ਤੇ ਚੱਲ ਸਕਦੇ ਹਨ।—w18.04, ਸਫ਼ੇ 13-14.