Skip to content

Skip to table of contents

ਜੀਵਨੀ

ਨਿਰਾਸ਼ਾ ਭਰੇ ਸਮੇਂ ਵਿਚ ਦਿਲਾਸਾ

ਨਿਰਾਸ਼ਾ ਭਰੇ ਸਮੇਂ ਵਿਚ ਦਿਲਾਸਾ

ਸਿੰਧ ਦਰਿਆ, ਜੋ ਹੁਣ ਪਾਕਿਸਤਾਨ ਵਿਚ ਹੈ, ਦੇ ਪੱਛਮੀ ਕਿਨਾਰੇ ’ਤੇ ਸੂਕੂਰ ਨਾਂ ਦਾ ਇਕ ਬਹੁਤ ਹੀ ਪੁਰਾਣਾ ਸ਼ਹਿਰ ਹੈ। ਇਸ ਸ਼ਹਿਰ ਵਿਚ 9 ਨਵੰਬਰ 1929 ਵਿਚ ਮੇਰਾ ਜਨਮ ਹੋਇਆ। ਲਗਭਗ ਉਸ ਸਮੇਂ ਮੇਰੇ ਮੰਮੀ-ਡੈਡੀ ਨੂੰ ਇਕ ਅੰਗ੍ਰੇਜ਼ ਮਿਸ਼ਨਰੀ ਨੇ ਰੰਗਦਾਰ ਕਿਤਾਬਾਂ ਦਿੱਤੀਆਂ ਸਨ। ਜਿੱਦਾਂ-ਜਿੱਦਾਂ ਮੈਂ ਵੱਡਾ ਹੋਇਆ, ਇਨ੍ਹਾਂ ਕਿਤਾਬਾਂ ਨੇ ਸੱਚਾਈ ਸਿੱਖਣ ਵਿਚ ਮੇਰੀ ਮਦਦ ਕੀਤੀ।

ਜਦੋਂ ਮੈਂ ਇਨ੍ਹਾਂ ਕਿਤਾਬਾਂ ਨੂੰ ਪੜ੍ਹਦਾ ਸੀ, ਤਾਂ ਇਨ੍ਹਾਂ ਵਿਚ ਦਿੱਤੀਆਂ ਤਸਵੀਰਾਂ ਕਰਕੇ ਮੈਂ ਸੋਚਣ ਲਈ ਮਜਬੂਰ ਹੋ ਜਾਂਦਾ ਸੀ। ਇਸ ਕਰਕੇ ਛੋਟੀ ਉਮਰ ਤੋਂ ਹੀ ਮੇਰੇ ਅੰਦਰ ਬਾਈਬਲ ਦਾ ਗਿਆਨ ਲੈਣ ਦੀ ਚਾਅ ਪੈਦਾ ਹੋ ਗਈ।

ਜਦੋਂ ਦੂਜੇ ਵਿਸ਼ਵ ਯੁੱਧ ਦਾ ਖ਼ਤਰਾ ਭਾਰਤ ’ਤੇ ਮੰਡਰਾਉਣ ਲੱਗਾ, ਤਾਂ ਮੇਰੀ ਜ਼ਿੰਦਗੀ ਬਦਤਰ ਹੋਣੀ ਸ਼ੁਰੂ ਹੋ ਗਈ। ਮੇਰੇ ਮਾਪੇ ਅਲੱਗ ਰਹਿਣ ਲੱਗ ਪਏ ਅਤੇ ਫਿਰ ਉਨ੍ਹਾਂ ਨੇ ਤਲਾਕ ਲੈ ਲਿਆ। ਮੈਂ ਇਹ ਗੱਲ ਸਮਝ ਨਹੀਂ ਪਾਇਆ ਕਿ ਮੇਰੇ ਮੰਮੀ-ਡੈਡੀ ਨੇ ਤਲਾਕ ਕਿਉਂ ਲੈ ਲਿਆ ਜਿਨ੍ਹਾਂ ਨੂੰ ਮੈਂ ਇੰਨਾ ਪਿਆਰ ਕਰਦਾ ਸੀ। ਮੈਨੂੰ ਬਹੁਤ ਵੱਡਾ ਸਦਮਾ ਲੱਗਾ। ਮੈਂ ਉਨ੍ਹਾਂ ਦਾ ਇਕਲੌਤਾ ਮੁੰਡਾ ਸੀ, ਪਰ ਮੈਨੂੰ ਉਹ ਹੌਸਲਾ ਤੇ ਸਹਾਰਾ ਨਹੀਂ ਮਿਲਿਆ ਜੋ ਮੈਂ ਚਾਹੁੰਦਾ ਸੀ। ਮੈਨੂੰ ਲੱਗਾ ਕਿ ਮੈਂ ਇਕੱਲਾ ਰਹਿ ਗਿਆ ਸੀ।

ਮੈਂ ਤੇ ਮੇਰੇ ਮੰਮੀ ਸੂਬੇ ਦੀ ਰਾਜਧਾਨੀ ਕਰਾਚੀ ਵਿਚ ਰਹਿਣ ਲੱਗ ਪਏ। ਇਕ ਦਿਨ ਸਿਆਣੀ ਉਮਰ ਦਾ ਡਾਕਟਰ ਫਰੈੱਡ ਹਾਰਡੇਕਰ ਸਾਡੇ ਘਰ ਆਇਆ ਜੋ ਯਹੋਵਾਹ ਦਾ ਗਵਾਹ ਸੀ। ਇਸ ਡਾਕਟਰ ਦੇ ਵਿਸ਼ਵਾਸ ਵੀ ਉਸ ਅੰਗ੍ਰੇਜ਼ ਮਿਸ਼ਨਰੀ ਵਰਗੇ ਸਨ ਜਿਸ ਨੇ ਸਾਨੂੰ ਕਿਤਾਬਾਂ ਦਿੱਤੀਆਂ ਸਨ। ਉਸ ਨੇ ਮੇਰੇ ਮੰਮੀ ਨੂੰ ਬਾਈਬਲ ਸਟੱਡੀ ਕਰਨ ਦੀ ਪੇਸ਼ਕਸ਼ ਕੀਤੀ। ਮੇਰੇ ਮੰਮੀ ਨੇ ਮਨ੍ਹਾ ਕਰ ਦਿੱਤਾ, ਪਰ ਮੰਮੀ ਜੀ ਨੇ ਕਿਹਾ ਕਿ ਸ਼ਾਇਦ ਮੈਂ ਕਰਨੀ ਚਾਹਾਂ। ਮੈਂ ਅਗਲੇ ਹਫ਼ਤੇ ਤੋਂ ਹੀ ਭਰਾ ਹਾਰਡੇਕਰ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ।

ਕੁਝ ਹਫ਼ਤਿਆਂ ਬਾਅਦ, ਮੈਂ ਸਭਾਵਾਂ ’ਤੇ ਜਾਣ ਲੱਗ ਪਿਆ ਜੋ ਭਰਾ ਹਾਰਡੇਕਰ ਦੇ ਕਲਿਨਿਕ ’ਤੇ ਹੁੰਦੀਆਂ ਸਨ। ਉੱਥੇ ਲਗਭਗ 12 ਸਿਆਣੀ ਉਮਰ ਦੇ ਭੈਣ-ਭਰਾ ਭਗਤੀ ਕਰਨ ਲਈ ਇਕੱਠੇ ਹੁੰਦੇ ਸਨ। ਉਨ੍ਹਾਂ ਨੇ ਆਪਣੇ ਬੱਚਿਆਂ ਵਾਂਗ ਮੈਨੂੰ ਦਿਲਾਸਾ ਦਿੱਤਾ ਤੇ ਮੇਰੀ ਦੇਖ-ਭਾਲ ਕੀਤੀ। ਮੈਨੂੰ ਅਜੇ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਉਹ ਕਿਵੇਂ ਮੇਰੇ ਕੋਲ ਆ ਕੇ ਬੈਠ ਜਾਂਦੇ ਸਨ, ਗੋਡਿਆਂ ਭਾਰ ਬੈਠ ਕੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੋਸਤਾਂ ਵਾਂਗ ਗੱਲਾਂ ਕਰਦੇ ਸਨ। ਉਸ ਵੇਲੇ ਮੈਨੂੰ ਇਸ ਦੀ ਬਹੁਤ ਲੋੜ ਸੀ।

ਜਲਦੀ ਹੀ ਭਰਾ ਹਾਰਡੇਕਰ ਨੇ ਮੈਨੂੰ ਆਪਣੇ ਨਾਲ ਪ੍ਰਚਾਰ ’ਤੇ ਆਉਣ ਲਈ ਕਿਹਾ। ਉਸ ਨੇ ਮੈਨੂੰ ਫੋਨੋਗ੍ਰਾਫ (ਤਵਿਆਂ ਵਾਲਾ ਰਿਕਾਰਡ ਪਲੇਅਰ) ਚਲਾਉਣਾ ਸਿਖਾਇਆ ਤਾਂਕਿ ਅਸੀਂ ਛੋਟੇ-ਛੋਟੇ ਬਾਈਬਲ-ਆਧਾਰਿਤ ਭਾਸ਼ਣ ਚਲਾ ਸਕੀਏ। ਕੁਝ ਭਾਸ਼ਣਾਂ ਵਿਚ ਸਿੱਧੀ-ਸਿੱਧੀ ਗੱਲ ਕਹੀ ਹੁੰਦੀ ਸੀ ਜਿਸ ਕਰਕੇ ਕਈ ਲੋਕ ਨਾਰਾਜ਼ ਹੋ ਜਾਂਦੇ ਸਨ। ਪਰ ਮੈਂ ਦੂਜਿਆਂ ਨੂੰ ਗਵਾਹੀ ਦੇਣ ਲਈ ਬਹੁਤ ਉਤਸੁਕ ਸੀ। ਮੇਰੇ ਅੰਦਰ ਬਾਈਬਲ ਦੀਆਂ ਸੱਚਾਈਆਂ ਲਈ ਬਹੁਤ ਜੋਸ਼ ਸੀ ਤੇ ਇਨ੍ਹਾਂ ਬਾਰੇ ਦੂਜਿਆਂ ਨੂੰ ਦੱਸਣਾ ਮੈਨੂੰ ਬਹੁਤ ਵਧੀਆ ਲੱਗਦਾ ਸੀ।

ਜਦੋਂ ਜਪਾਨੀ ਫ਼ੌਜ ਭਾਰਤ ਵੱਲ ਨੂੰ ਵਧਣ ਲੱਗੀ, ਤਾਂ ਬਰਤਾਨਵੀ ਸਰਕਾਰ ਨੇ ਯਹੋਵਾਹ ਦੇ ਗਵਾਹਾਂ ’ਤੇ ਹੋਰ ਜ਼ਿਆਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਜੁਲਾਈ 1943 ਵਿਚ ਇਸ ਦਾ ਅਸਰ ਮੇਰੇ ’ਤੇ ਵੀ ਪਿਆ। ਮੇਰੇ ਸਕੂਲ ਦਾ ਪ੍ਰਿੰਸੀਪਲ ਇਕ ਐਂਗਲੀਕਨ ਪਾਦਰੀ ਸੀ, ਉਸ ਨੇ ਮੈਨੂੰ ਸਕੂਲੋਂ ਕੱਢ ਦਿੱਤਾ। ਉਸ ਨੇ ਮੇਰੇ ਮੰਮੀ ਜੀ ਨੂੰ ਕਿਹਾ ਕਿ ਯਹੋਵਾਹ ਦੇ ਗਵਾਹਾਂ ਨਾਲ ਸੰਗਤੀ ਕਰਨ ਕਰਕੇ ਦੂਜੇ ਵਿਦਿਆਰਥੀਆਂ ’ਤੇ ਮੇਰਾ ਬੁਰਾ ਅਸਰ ਪੈ ਰਿਹਾ ਸੀ। ਮੇਰੇ ਮੰਮੀ ਜੀ ਡਰ ਗਏ ਅਤੇ ਉਨ੍ਹਾਂ ਨੇ ਗਵਾਹਾਂ ਨਾਲ ਮੇਰਾ ਮਿਲਣਾ-ਜੁਲਣਾ ਬੰਦ ਕਰ ਦਿੱਤਾ। ਬਾਅਦ ਵਿਚ, ਉਨ੍ਹਾਂ ਨੇ ਮੈਨੂੰ ਜਹਾਜ਼ ਰਾਹੀਂ ਮੇਰੇ ਡੈਡੀ ਜੀ ਕੋਲ ਪੇਸ਼ਾਵਰ ਭੇਜ ਦਿੱਤਾ ਜੋ ਉੱਤਰ ਵਿਚ ਲਗਭਗ 1,370 ਕਿਲੋਮੀਟਰ (850 ਮੀਲ) ਦੂਰ ਸੀ। ਯਹੋਵਾਹ ਦੇ ਗਵਾਹਾਂ ਤੋਂ ਦੂਰ ਹੋਣ ਅਤੇ ਪਰਮੇਸ਼ੁਰ ਦਾ ਗਿਆਨ ਨਾ ਲੈਣ ਕਰਕੇ ਯਹੋਵਾਹ ਨਾਲ ਮੇਰਾ ਰਿਸ਼ਤਾ ਕਮਜ਼ੋਰ ਪੈ ਗਿਆ।

ਯਹੋਵਾਹ ਕੋਲ ਵਾਪਸ ਮੁੜਨਾ

1947 ਵਿਚ ਮੈਂ ਕੰਮ ਦੀ ਭਾਲ ਵਿਚ ਕਰਾਚੀ ਆ ਗਿਆ। ਉਦੋਂ ਮੈਂ ਉੱਥੇ ਡਾਕਟਰ ਹਾਰਡੇਕਰ ਦੇ ਕਲਿਨਿਕ ਗਿਆ। ਉਹ ਬਹੁਤ ਵਧੀਆ ਤਰੀਕੇ ਨਾਲ ਮੇਰੇ ਨਾਲ ਪੇਸ਼ ਆਇਆ।

ਉਸ ਨੇ ਸੋਚਿਆ ਕਿ ਮੈਂ ਬੀਮਾਰ ਹਾਂ ਤੇ ਦਵਾਈ ਲੈਣ ਆਇਆ ਹਾਂ। ਇਸ ਲਈ ਉਸ ਨੇ ਮੈਨੂੰ ਪੁੱਛਿਆ: “ਹਾਂਜੀ ਦੱਸੋ, ਕੀ ਹੋਇਆ?”

ਮੈਂ ਜਵਾਬ ਦਿੱਤਾ: “ਕੁਝ ਨਹੀਂ। ਮੈਂ ਤਾਂ ਬਾਈਬਲ ਸਟੱਡੀ ਕਰਨੀ ਚਾਹੁੰਦਾ।”

ਉਨ੍ਹਾਂ ਨੇ ਪੁੱਛਿਆ: “ਤੂੰ ਬਾਈਬਲ ਸਟੱਡੀ ਕਦੋਂ ਕਰਨੀ ਚਾਹੁੰਦਾ?”

ਮੈਂ ਕਿਹਾ: “ਜੇ ਹੋ ਸਕੇ, ਤਾਂ ਹੁਣੇ ਹੀ।”

ਉਸ ਸ਼ਾਮ ਬਾਈਬਲ ਸਟੱਡੀ ਕਰ ਕੇ ਸਾਨੂੰ ਬਹੁਤ ਮਜ਼ਾ ਆਇਆ। ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਮੈਂ ਯਹੋਵਾਹ ਦੇ ਲੋਕਾਂ ਵਿਚ ਵਾਪਸ ਮੁੜ ਆਇਆ ਸੀ। ਮੇਰੇ ਮੰਮੀ ਜੀ ਨੇ ਮੈਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਗਵਾਹਾਂ ਨਾਲ ਨਾ ਮਿਲਾਂ, ਪਰ ਇਸ ਵਾਰ ਮੈਂ ਯਹੋਵਾਹ ਦੀ ਸੇਵਾ ਕਰਨ ਦਾ ਪੱਕਾ ਇਰਾਦਾ ਕੀਤਾ ਸੀ। 31 ਅਗਸਤ 1947 ਨੂੰ ਮੈਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ। ਜਲਦੀ ਹੀ 17 ਸਾਲਾਂ ਦੀ ਉਮਰ ਵਿਚ ਮੈਂ ਰੈਗੂਲਰ ਪਾਇਨੀਅਰ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ।

ਪਾਇਨੀਅਰ ਸੇਵਾ ਵਿਚ ਖ਼ੁਸ਼ੀ

ਮੈਂ ਸਭ ਤੋਂ ਪਹਿਲਾਂ ਕਵੇਟਾ ਵਿਚ ਪਾਇਨੀਅਰਿੰਗ ਕੀਤੀ। ਇੱਥੇ ਬਰਤਾਨਵੀ ਸੈਨਾ ਦੀ ਚੌਂਕੀ ਸੀ। 1947 ਵਿਚ ਦੇਸ਼ ਦੋ ਭਾਗਾਂ ਵਿਚ ਵੰਡਿਆ ਗਿਆ, ਭਾਰਤ ਅਤੇ ਪਾਕਿਸਤਾਨ। * ਇਸ ਵੰਡ ਕਰਕੇ ਲੋਕਾਂ ਵਿਚ ਵੱਡੇ ਪੱਧਰ ’ਤੇ ਧਰਮ ਦੇ ਨਾਂ ’ਤੇ ਦੰਗੇ-ਫ਼ਸਾਦ ਹੋਏ। ਨਤੀਜੇ ਵਜੋਂ, ਇਤਿਹਾਸ ਵਿਚ ਇੰਨੀ ਵੱਡੀ ਤਾਦਾਦ ਵਿਚ ਲੋਕਾਂ ਨੂੰ ਇਕ ਦੇਸ਼ ਤੋਂ ਦੂਸਰੇ ਦੇਸ਼ ਭੱਜਣਾ ਪਿਆ। ਲਗਭਗ 1,40,00,000 ਸ਼ਰਨਾਰਥੀਆਂ ਵਜੋਂ ਦੂਸਰੀ ਜਗ੍ਹਾ ਜਾਣਾ ਪਿਆ। ਭਾਰਤ ਵਿਚ ਰਹਿਣ ਵਾਲੇ ਮੁਸਲਮਾਨਾਂ ਨੂੰ ਪਾਕਿਸਤਾਨ ਆਉਣਾ ਪਿਆ ਅਤੇ ਪਾਕਿਸਤਾਨ ਵਿਚ ਰਹਿਣ ਵਾਲੇ ਹਿੰਦੂਆਂ ਅਤੇ ਸਿੱਖਾਂ ਨੂੰ ਭਾਰਤ ਜਾਣਾ ਪਿਆ। ਇਸ ਘੜਮੱਸ ਵਿਚ ਮੈਂ ਕਰਾਚੀ ਤੋਂ ਖਚਾਖਚ ਭਰੀ ਰੇਲ-ਗੱਡੀ ਵਿਚ ਚੜ੍ਹ ਗਿਆ ਤੇ ਕਵੇਟਾ ਤਕ ਜ਼ਿਆਦਾਤਰ ਰਸਤੇ ਮੈਂ ਰੇਲ-ਗੱਡੀ ਦੇ ਬਾਹਰ ਲੱਗੇ ਡੰਡੇ ਨੂੰ ਫੜ੍ਹ ਕੇ ਲਟਕਦਾ ਰਿਹਾ। ਇੱਦਾਂ ਕਰਨਾ ਬਹੁਤ ਖ਼ਤਰਨਾਕ ਸੀ।

ਮੈਂ 1948 ਵਿਚ ਭਾਰਤ ਵਿਚ ਹੋਏ ਸਰਕਟ ਸੰਮੇਲਨ ਵਿਚ

ਕਵੇਟਾ ਵਿਚ ਮੈਂ ਜੌਰਜ ਸਿੰਘ ਨਾਂ ਦੇ ਸਪੈਸ਼ਲ ਪਾਇਨੀਅਰ ਨੂੰ ਮਿਲਿਆ ਜੋ 25-26 ਸਾਲਾਂ ਦਾ ਸੀ। ਜੌਰਜ ਨੇ ਮੈਨੂੰ ਪ੍ਰਚਾਰ ਕਰਨ ਲਈ ਪੁਰਾਣਾ ਸਾਈਕਲ ਦਿੱਤਾ ਜਿਸ ਨੂੰ ਮੈਂ ਪਹਾੜੀ ਇਲਾਕੇ ’ਤੇ ਚਲਾ (ਜਾਂ ਰੇੜ੍ਹ) ਸਕਦਾ ਸੀ। ਜ਼ਿਆਦਾਤਰ ਮੈਂ ਇਕੱਲਾ ਹੀ ਪ੍ਰਚਾਰ ਕਰਦਾ ਸੀ। ਛੇ ਮਹੀਨਿਆਂ ਦੇ ਅੰਦਰ-ਅੰਦਰ ਮੇਰੇ ਕੋਲ 17 ਬਾਈਬਲ ਸਟੱਡੀਆਂ ਹੋ ਗਈਆਂ ਅਤੇ ਕੁਝ ਜਣੇ ਤਾਂ ਸੱਚਾਈ ਵਿਚ ਵੀ ਆ ਗਏ। ਇਨ੍ਹਾਂ ਵਿੱਚੋਂ ਇਕ ਜਣਾ ਸਦੀਕ ਮਸੀਹ ਨਾਂ ਦਾ ਫ਼ੌਜੀ ਅਫ਼ਸਰ ਸੀ। ਉਸ ਨੇ ਮੇਰੀ ਅਤੇ ਜੌਰਜ ਦੀ ਕੁਝ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਉਰਦੂ ਵਿਚ ਅਨੁਵਾਦ ਕਰਨ ਵਿਚ ਮਦਦ ਕੀਤੀ। ਉਰਦੂ ਪਾਕਿਸਤਾਨ ਦੀ ਰਾਸ਼ਟਰੀ ਭਾਸ਼ਾ ਹੈ। ਸਮੇਂ ਦੇ ਬੀਤਣ ਨਾਲ, ਸਦੀਕ ਜੋਸ਼ੀਲਾ ਪ੍ਰਚਾਰਕ ਬਣ ਗਿਆ।

ਕਵੀਨ ਇਲਿਜ਼ਬਥ ਨਾਂ ਦੇ ਜਹਾਜ਼ ਰਾਹੀਂ ਗਿਲਿਅਡ ਸਕੂਲ ਜਾਂਦੇ ਹੋਏ

ਬਾਅਦ ਵਿਚ ਮੈਂ ਕਰਾਚੀ ਵਾਪਸ ਆ ਗਿਆ ਅਤੇ ਮੈਂ ਗਿਲਿਅਡ ਸਕੂਲ ਤੋਂ ਆਏ ਨਵੇਂ ਮਿਸ਼ਨਰੀ ਭਰਾਵਾਂ ਹੈਨਰੀ ਫਿੰਚ ਅਤੇ ਹੈਰੀ ਫੌਰਸਟ ਨਾਲ ਸੇਵਾ ਕੀਤੀ। ਉਨ੍ਹਾਂ ਨੇ ਮੈਨੂੰ ਯਹੋਵਾਹ ਦੀ ਸੇਵਾ ਕਰਨ ਦੀ ਕਿੰਨੀ ਹੀ ਵਧੀਆ ਸਿਖਲਾਈ ਦਿੱਤੀ! ਇਕ ਵਾਰ ਮੈਂ ਭਰਾ ਫਿੰਚ ਨਾਲ ਉੱਤਰੀ ਪਾਕਿਸਤਾਨ ਵਿਚ ਪ੍ਰਚਾਰ ਕਰਨ ਗਿਆ। ਇਸ ਪਹਾੜੀ ਇਲਾਕੇ ਵਿਚ, ਅਸੀਂ ਕਈ ਉਰਦੂ ਬੋਲਣ ਵਾਲੇ ਲੋਕਾਂ ਨੂੰ ਮਿਲੇ ਜੋ ਬਾਈਬਲ ਦੀ ਸੱਚਾਈ ਜਾਣਨੀ ਚਾਹੁੰਦੇ ਸਨ। ਦੋ ਸਾਲਾਂ ਬਾਅਦ ਮੈਂ ਖ਼ੁਦ ਗਿਲਿਅਡ ਸਕੂਲ ਜਾ ਸਕਿਆ। ਮੈਂ ਪਾਕਿਸਤਾਨ ਵਾਪਸ ਆ ਗਿਆ ਅਤੇ ਕਦੇ-ਕਦੇ ਸਰਕਟ ਨਿਗਾਹਬਾਨ ਵਜੋਂ ਦੌਰਾ ਕਰਨ ਜਾਂਦਾ ਸੀ। ਮੈਂ ਤਿੰਨ ਹੋਰ ਮਿਸ਼ਨਰੀ ਭਰਾਵਾਂ ਨਾਲ ਲਾਹੌਰ ਦੇ ਇਕ ਮਿਸ਼ਨਰੀ ਘਰ ਵਿਚ ਰਹਿੰਦਾ ਸੀ।

ਔਖੀ ਘੜੀ ਵਿਚ ਮਦਦ

ਦੁੱਖ ਦੀ ਗੱਲ ਹੈ ਕਿ ਸਾਲ 1954 ਵਿਚ ਲਾਹੌਰ ਵਿਚ ਮਿਸ਼ਨਰੀਆਂ ਦੀ ਆਪਸ ਵਿਚ ਨਹੀਂ ਬਣੀ ਜਿਸ ਕਰਕੇ ਸ਼ਾਖ਼ਾ ਦਫ਼ਤਰ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਦਲਣੀਆਂ ਪਈਆਂ। ਲੜਾਈ ਵਿਚ ਬਿਨਾਂ ਸੋਚੇ-ਸਮਝੇ ਪੱਖ ਲੈਣ ਕਰਕੇ ਮੈਨੂੰ ਸਖ਼ਤ ਤਾੜਨਾ ਮਿਲੀ। ਮੈਂ ਬਹੁਤ ਨਿਰਾਸ਼ ਹੋ ਗਿਆ ਤੇ ਮੈਨੂੰ ਲੱਗਾ ਕਿ ਮੈਂ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾਈ। ਮੈਂ ਕਰਾਚੀ ਵਾਪਸ ਆ ਗਿਆ ਤੇ ਫਿਰ ਲੰਡਨ, ਇੰਗਲੈਂਡ ਚਲਾ ਗਿਆ ਤਾਂਕਿ ਮੈਂ ਨਵੇਂ ਸਿਰਿਓਂ ਯਹੋਵਾਹ ਦੀ ਸੇਵਾ ਕਰ ਸਕਾਂ।

ਇੱਥੇ ਸਾਡੀ ਮੰਡਲੀ ਵਿਚ ਬੈਥਲ ਪਰਿਵਾਰ ਦੇ ਬਹੁਤ ਸਾਰੇ ਭੈਣ-ਭਰਾ ਸਨ। ਪਰਾਈਸ ਹਿਊਜ਼ ਨੇ ਮੈਨੂੰ ਬਹੁਤ ਪਿਆਰ ਨਾਲ ਸਿਖਲਾਈ ਦਿੱਤੀ ਜੋ ਉਸ ਸਮੇਂ ਬ੍ਰਾਂਚ ਸੇਵਕ ਸੀ। ਉਸ ਨੇ ਇਕ ਦਿਨ ਮੈਨੂੰ ਦੱਸਿਆ ਕਿ ਉਸ ਨੂੰ ਭਰਾ ਜੋਸਫ਼ ਐੱਫ਼. ਰਦਰਫ਼ਰਡ ਨੇ ਤਾੜਨਾ ਦਿੱਤੀ ਸੀ। ਭਰਾ ਰਦਰਫ਼ਰਡ ਦੁਨੀਆਂ ਭਰ ਵਿਚ ਹੁੰਦੇ ਪ੍ਰਚਾਰ ਦੇ ਕੰਮ ਦੀ ਦੇਖ-ਰੇਖ ਕਰਦਾ ਸੀ। ਜਦੋਂ ਭਰਾ ਹਿਊਜ਼ ਨੇ ਆਪਣੀ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਭਰਾ ਰਦਰਫ਼ਰਡ ਨੇ ਉਸ ਨੂੰ ਬੁਰੀ ਤਰ੍ਹਾਂ ਝਿੜਕਿਆ। ਮੈਂ ਹੈਰਾਨ ਸੀ ਕਿ ਉਸ ਗੱਲ ਨੂੰ ਯਾਦ ਕਰ ਕੇ ਭਰਾ ਹਿਊਜ਼ ਦੇ ਚਿਹਰੇ ’ਤੇ ਮੁਸਕਾਨ ਸੀ। ਭਰਾ ਹਿਊਜ਼ ਨੇ ਕਿਹਾ ਕਿ ਪਹਿਲਾਂ ਤਾਂ ਉਹ ਉਸ ਗੱਲ ਕਰਕੇ ਨਿਰਾਸ਼ ਹੋ ਗਿਆ ਸੀ। ਪਰ ਬਾਅਦ ਵਿਚ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਸਖ਼ਤ ਤਾੜਨਾ ਦੀ ਲੋੜ ਸੀ ਅਤੇ ਇਹ ਤਾੜਨਾ ਯਹੋਵਾਹ ਦੇ ਪਿਆਰ ਦਾ ਸਬੂਤ ਸੀ। (ਇਬ. 12:6) ਉਸ ਦੀਆਂ ਗੱਲਾਂ ਮੇਰੇ ਦਿਲ ਨੂੰ ਛੂਹ ਗਈਆਂ ਅਤੇ ਮੈਂ ਦੁਬਾਰਾ ਤੋਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਨ ਲੱਗ ਪਿਆ।

ਲਗਭਗ ਉਸ ਸਮੇਂ ਦੌਰਾਨ ਮੇਰੇ ਮੰਮੀ ਜੀ ਲੰਡਨ ਆ ਗਏ ਅਤੇ ਉਹ ਭਰਾ ਜੌਨ ਈ. ਬਾਰ ਤੋਂ ਬਾਈਬਲ ਸਟੱਡੀ ਕਰਨ ਲੱਗੇ। ਭਰਾ ਬਾਰ ਨੇ ਬਾਅਦ ਵਿਚ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਸੇਵਾ ਕੀਤੀ। ਮੇਰੇ ਮੰਮੀ ਜੀ ਨੇ ਲਗਾਤਾਰ ਸੱਚਾਈ ਵਿਚ ਤਰੱਕੀ ਕੀਤੀ ਤੇ 1957 ਵਿਚ ਬਪਤਿਸਮਾ ਲੈ ਲਿਆ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਮੇਰੇ ਡੈਡੀ ਜੀ ਨੇ ਮੌਤ ਤੋਂ ਪਹਿਲਾਂ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕੀਤੀ ਸੀ।

1958 ਵਿਚ ਮੈਂ ਲੀਨੀ ਨਾਂ ਦੀ ਡੈਨਿਸ਼ ਕੁੜੀ ਨਾਲ ਵਿਆਹ ਕਰ ਲਿਆ ਜੋ ਲੰਡਨ ਵਿਚ ਰਹਿੰਦੀ ਸੀ। ਅਗਲੇ ਸਾਲ ਸਾਡੀ ਕੁੜੀ ਜੇਨ ਦਾ ਜਨਮ ਹੋਇਆ। ਸਾਡੇ ਪੰਜ ਬੱਚੇ ਹੋਏ। ਮੈਨੂੰ ਫੁਲਹੈਮ ਨਾਂ ਦੀ ਮੰਡਲੀ ਵਿਚ ਸੇਵਾ ਕਰਨ ਦਾ ਸਨਮਾਨ ਮਿਲਿਆ। ਪਰ ਬਾਅਦ ਵਿਚ ਲੀਨੀ ਦੀ ਸਿਹਤ ਖ਼ਰਾਬ ਹੋਣ ਕਰਕੇ ਸਾਨੂੰ ਗਰਮ ਇਲਾਕੇ ਵਿਚ ਜਾਣਾ ਪਿਆ। ਸੋ 1967 ਵਿਚ ਅਸੀਂ ਐਡੀਲੇਡ, ਆਸਟ੍ਰੇਲੀਆ ਵਿਚ ਰਹਿਣ ਚਲੇ ਗਏ।

ਇਕ ਦੁਖਦਾਈ ਸਦਮਾ

ਐਡੀਲੇਡ ਦੀ ਸਾਡੀ ਮੰਡਲੀ ਵਿਚ ਸਿਆਣੀ ਉਮਰ ਦੇ 12 ਚੁਣੇ ਹੋਏ ਮਸੀਹੀ ਭੈਣ-ਭਰਾ ਸਨ। ਉਹ ਪ੍ਰਚਾਰ ਦਾ ਕੰਮ ਬੜੇ ਜੋਸ਼ ਨਾਲ ਕਰਦੇ ਸਨ। ਮੈਂ ਤੇ ਮੇਰੀ ਪਤਨੀ ਜਲਦੀ ਹੀ ਦੁਬਾਰਾ ਤੋਂ ਵਧੀਆ ਤਰੀਕੇ ਨਾਲ ਯਹੋਵਾਹ ਦੀ ਸੇਵਾ ਕਰਨ ਲੱਗ ਪਏ।

1979 ਵਿਚ ਸਾਡੇ ਪੰਜਵੇਂ ਬੱਚੇ ਡਾਨੀਏਲ ਦਾ ਜਨਮ ਹੋਇਆ। ਉਸ ਨੂੰ ਡਾਊਨ ਸਿੰਡਰੋਮ * ਨਾਂ ਦੀ ਬੀਮਾਰੀ ਸੀ ਜਿਸ ਕਰਕੇ ਉਹ ਜ਼ਿਆਦਾ ਦੇਰ ਜੀਉਂਦਾ ਨਹੀਂ ਰਹਿ ਸਕਦਾ ਸੀ। ਅਸੀਂ ਅੱਜ ਵੀ ਆਪਣੇ ਇਸ ਦੁੱਖ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਅਸੀਂ ਆਪਣੇ ਚਾਰ ਬੱਚਿਆਂ ਦਾ ਧਿਆਨ ਰੱਖਣ ਦੇ ਨਾਲ-ਨਾਲ ਡਾਨੀਏਲ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਕੋਈ ਕਮੀ ਨਹੀਂ ਛੱਡੀ। ਡਾਨੀਏਲ ਦੇ ਦਿਲ ਵਿਚ ਦੋ ਛੇਕ ਹੋਣ ਕਰਕੇ ਕਈ ਵਾਰ ਉਸ ਨੂੰ ਆਕਸੀਜਨ ਦੀ ਘਾਟ ਹੋ ਜਾਂਦੀ ਸੀ ਤੇ ਉਸ ਦਾ ਸਰੀਰ ਨੀਲਾ ਪੈ ਜਾਂਦਾ ਸੀ। ਇਸ ਕਰਕੇ ਉਸ ਨੂੰ ਇਕਦਮ ਹਸਪਤਾਲ ਲੈ ਕੇ ਜਾਣਾ ਪੈਂਦਾ ਸੀ। ਭਾਵੇਂ ਉਸ ਦੀ ਸਿਹਤ ਖ਼ਰਾਬ ਸੀ, ਪਰ ਉਹ ਬਹੁਤ ਹੁਸ਼ਿਆਰ ਅਤੇ ਪਿਆਰਾ ਬੱਚਾ ਸੀ। ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਸੀ। ਜਦੋਂ ਅਸੀਂ ਸਾਰੇ ਖਾਣੇ ਤੋਂ ਪਹਿਲਾਂ ਪ੍ਰਾਰਥਨਾ ਕਰਦੇ ਸੀ, ਤਾਂ ਉਹ ਆਪਣੇ ਛੋਟੇ-ਛੋਟੇ ਹੱਥ ਜੋੜਦਾ, ਸਿਰ ਹਿਲਾਉਂਦਾ ਅਤੇ ਦਿਲੋਂ “ਆਮੀਨ” ਕਹਿਣ ਤੋਂ ਬਾਅਦ ਹੀ ਆਪਣਾ ਖਾਣਾ ਖਾਂਦਾ ਸੀ।

ਚਾਰ ਸਾਲਾਂ ਦੀ ਉਮਰ ਵਿਚ ਡਾਨੀਏਲ ਨੂੰ ਬਲੱਡ ਕੈਂਸਰ ਹੋ ਗਿਆ। ਮੈਂ ਤੇ ਲੀਨੀ ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੇ ਸੀ। ਮੈਨੂੰ ਲੱਗਦਾ ਸੀ ਕਿ ਮੇਰੇ ਦਿਮਾਗ਼ ਦੀਆਂ ਨਸਾਂ ਫਟ ਜਾਣੀਆਂ। ਇਕ ਦਿਨ ਜਦੋਂ ਅਸੀਂ ਬਹੁਤ ਜ਼ਿਆਦਾ ਨਿਰਾਸ਼ ਸੀ, ਨੈਵਲੀ ਬਰਾਮਿਚ ਨਾਂ ਦਾ ਸਰਕਟ ਨਿਗਾਹਬਾਨ ਸਾਡੇ ਘਰ ਆਇਆ। ਉਸ ਨੇ ਸਾਨੂੰ ਆਪਣੇ ਗਲ਼ੇ ਲਾਇਆ ਤੇ ਅਸੀਂ ਸਾਰੇ ਜਣੇ ਰੋਏ। ਉਸ ਦੇ ਪਿਆਰ ਅਤੇ ਗੱਲਾਂ ਤੋਂ ਸਾਨੂੰ ਇੰਨਾ ਦਿਲਾਸਾ ਮਿਲਿਆ ਕਿ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ। ਉਹ ਰਾਤ ਦੇ ਇਕ ਵਜੇ ਕੁ ਚਲਾ ਗਿਆ। ਉਸ ਤੋਂ ਥੋੜ੍ਹੀ ਦੇਰ ਬਾਅਦ, ਡਾਨੀਏਲ ਦੀ ਮੌਤ ਹੋ ਗਈ। ਉਸ ਦੀ ਮੌਤ ਦਾ ਸਾਨੂੰ ਬਹੁਤ ਸਦਮਾ ਲੱਗਾ। ਉਸ ਸਮੇਂ ਅਸੀਂ ਧੀਰਜ ਧਰਿਆ ਅਤੇ ਸਾਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਮੌਤ ਵੀ ਡਾਨੀਏਲ ਨੂੰ ਯਹੋਵਾਹ ਦੇ ਪਿਆਰ ਤੋਂ ਅਲੱਗ ਨਹੀਂ ਕਰ ਸਕਦੀ। (ਰੋਮੀ. 8:38, 39) ਅਸੀਂ ਉਸ ਸਮੇਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜਦੋਂ ਉਸ ਨੂੰ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਦੁਬਾਰਾ ਜੀਉਂਦਾ ਕੀਤਾ ਜਾਵੇਗਾ।​—ਯੂਹੰ. 5:28, 29.

ਦੂਜਿਆਂ ਦੀ ਮਦਦ ਕਰ ਕੇ ਖ਼ੁਸ਼ੀ ਪਾਉਣੀ

ਮੈਨੂੰ ਦੋ ਵੱਡੇ ਸਟ੍ਰੋਕ ਹੋਏ ਸਨ। ਪਰ ਮੈਂ ਅਜੇ ਵੀ ਮੰਡਲੀ ਵਿਚ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹਾਂ। ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਖ਼ਾਸ ਕਰਕੇ ਉਨ੍ਹਾਂ ਲੋਕਾਂ ਪ੍ਰਤੀ ਹਮਦਰਦ ਬਣਨਾ ਅਤੇ ਦਇਆ ਦਿਖਾਉਣੀ ਸਿੱਖੀ ਹੈ ਜੋ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ। ਮੈਂ ਉਨ੍ਹਾਂ ਨੂੰ ਸਹੀ ਜਾਂ ਗ਼ਲਤ ਠਹਿਰਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਇਸ ਦੀ ਬਜਾਇ, ਮੈਂ ਆਪਣੇ ਆਪ ਨੂੰ ਪੁੱਛਦਾ ਹਾਂ: ‘ਜ਼ਿੰਦਗੀ ਵਿਚ ਹੋਏ ਤਜਰਬਿਆਂ ਦਾ ਉਨ੍ਹਾਂ ਦੀ ਸੋਚ ਅਤੇ ਭਾਵਨਾਵਾਂ ’ਤੇ ਕੀ ਅਸਰ ਪਿਆ ਹੈ? ਮੈਂ ਕਿਵੇਂ ਦਿਖਾ ਸਕਦਾ ਹਾਂ ਕਿ ਮੈਨੂੰ ਉਨ੍ਹਾਂ ਦੀ ਪਰਵਾਹ ਹੈ? ਮੈਂ ਉਨ੍ਹਾਂ ਨੂੰ ਯਹੋਵਾਹ ਦੇ ਰਾਹਾਂ ’ਤੇ ਚੱਲਣ ਦੀ ਹੱਲਾਸ਼ੇਰੀ ਕਿਵੇਂ ਦੇ ਸਕਦਾ ਹਾਂ?’ ਮੈਨੂੰ ਮੰਡਲੀ ਵਿਚ ਬਜ਼ੁਰਗ ਵਜੋਂ ਸੇਵਾ ਕਰਨੀ ਬਹੁਤ ਪਸੰਦ ਹੈ। ਵਾਕਈ, ਦੂਜਿਆਂ ਨੂੰ ਤਸੱਲੀ ਤੇ ਹੌਸਲਾ ਦੇ ਕੇ ਮੈਨੂੰ ਖ਼ੁਦ ਨੂੰ ਤਸੱਲੀ ਤੇ ਹੌਸਲਾ ਮਿਲਦਾ ਹੈ।

ਦੂਜਿਆਂ ਨੂੰ ਹੌਸਲਾ ਦੇ ਕੇ ਮੈਨੂੰ ਅਜੇ ਵੀ ਖ਼ੁਸ਼ੀ ਮਿਲਦੀ ਹੈ

ਮੈਂ ਜ਼ਬੂਰਾਂ ਦੇ ਲਿਖਾਰੀ ਦਾਊਦ ਵਾਂਗ ਮਹਿਸੂਸ ਕਰਦਾ ਹਾਂ ਜਿਸ ਨੇ ਕਿਹਾ: “ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।” (ਜ਼ਬੂ. 94:19) ਯਹੋਵਾਹ ਨੇ ਪਰਿਵਾਰ ਵਿਚ ਆਈਆਂ ਮੁਸ਼ਕਲਾਂ, ਧਰਮ ਕਰਕੇ ਹੋਏ ਵਿਰੋਧ, ਖ਼ੁਦ ਤੇ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਅਤੇ ਘੋਰ ਨਿਰਾਸ਼ਾ ਦੇ ਸਮੇਂ ਮੈਨੂੰ ਸੰਭਾਲਿਆ। ਸੱਚ-ਮੁੱਚ ਉਹ ਮੇਰੇ ਲਈ ਇਕ ਪਿਤਾ ਵਾਂਗ ਹੈ!

^ ਪੈਰਾ 19 ਪਹਿਲਾਂ ਪਾਕਿਸਤਾਨ ਪੱਛਮੀ ਪਾਕਿਸਤਾਨ (ਹੁਣ ਪਾਕਿਸਤਾਨ) ਅਤੇ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਤੋਂ ਮਿਲ ਕੇ ਬਣਿਆ ਸੀ।

^ ਪੈਰਾ 29 15 ਅਪ੍ਰੈਲ 2010 ਦੇ ਪਹਿਰਾਬੁਰਜ ਦੇ ਸਫ਼ੇ 16 ’ਤੇ “ਅਜ਼ਮਾਇਸ਼ਾਂ ਸਹਿੰਦਿਆਂ ਯਹੋਵਾਹ ਵਿਚ ਸਾਡੀ ਨਿਹਚਾ ਮਜ਼ਬੂਤ ਹੋਈ” ਨਾਂ ਦਾ ਲੇਖ ਦੇਖੋ।