Skip to content

Skip to table of contents

ਯਹੋਵਾਹ ਅਤੇ ਯਿਸੂ ਵਾਂਗ ਏਕਤਾ ਵਿਚ ਬੱਝੇ ਰਹੋ

ਯਹੋਵਾਹ ਅਤੇ ਯਿਸੂ ਵਾਂਗ ਏਕਤਾ ਵਿਚ ਬੱਝੇ ਰਹੋ

‘ਮੈਂ ਫ਼ਰਿਆਦ ਕਰਦਾ ਹਾਂ ਕਿ ਸਾਰਿਆਂ ਵਿਚ ਏਕਤਾ ਹੋਵੇ, ਜਿਵੇਂ ਹੇ ਪਿਤਾ, ਤੂੰ ਮੇਰੇ ਨਾਲ ਅਤੇ ਮੈਂ ਤੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹਾਂ।’​—ਯੂਹੰ. 17:20, 21.

ਗੀਤ: 16, 31

1, 2. (ੳ) ਆਪਣੇ ਚੇਲਿਆਂ ਨਾਲ ਆਖ਼ਰੀ ਵਾਰ ਪ੍ਰਾਰਥਨਾ ਕਰਦਿਆਂ ਯਿਸੂ ਨੇ ਕਿਹੜੀ ਬੇਨਤੀ ਕੀਤੀ? (ਅ) ਯਿਸੂ ਨੂੰ ਏਕਤਾ ਬਾਰੇ ਚਿੰਤਾ ਕਿਉਂ ਸੀ?

ਆਪਣੇ ਰਸੂਲਾਂ ਨਾਲ ਆਖ਼ਰੀ ਵਾਰ ਖਾਣਾ ਖਾਂਦਿਆਂ, ਯਿਸੂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਸ ਦੇ ਰਸੂਲਾਂ ਵਿਚ ਏਕਤਾ ਦੀ ਕਮੀ ਸੀ। ਉਨ੍ਹਾਂ ਨਾਲ ਪ੍ਰਾਰਥਨਾ ਕਰਦਿਆਂ ਯਿਸੂ ਨੇ ਆਪਣੀ ਦਿਲੀ ਇੱਛਾ ਜ਼ਾਹਰ ਕੀਤੀ ਕਿ ਉਸ ਦੇ ਚੇਲੇ ਏਕਤਾ ਵਿਚ ਬੱਝੇ ਰਹਿਣ, ਜਿਵੇਂ ਉਹ ਅਤੇ ਉਸ ਦਾ ਪਿਤਾ ਏਕਤਾ ਵਿਚ ਬੱਝੇ ਹੋਏ ਹਨ। (ਯੂਹੰਨਾ 17:20, 21 ਪੜ੍ਹੋ।) ਚੇਲਿਆਂ ਦੀ ਏਕਤਾ ਤੋਂ ਸਾਬਤ ਹੋਣਾ ਸੀ ਕਿ ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਲਈ ਯਹੋਵਾਹ ਨੇ ਯਿਸੂ ਨੂੰ ਧਰਤੀ ’ਤੇ ਘੱਲਿਆ ਸੀ। ਚੇਲਿਆਂ ਦਾ ਆਪਸੀ ਪਿਆਰ ਦੇਖ ਕੇ ਲੋਕ ਜਾਣ ਸਕਦੇ ਸਨ ਕਿ ਉਹ ਯਿਸੂ ਦੇ ਸੱਚੇ ਚੇਲੇ ਸਨ। ਇਸ ਦੇ ਨਾਲ-ਨਾਲ ਆਪਸੀ ਪਿਆਰ ਕਰਕੇ ਉਨ੍ਹਾਂ ਦੀ ਏਕਤਾ ਵੀ ਕਾਇਮ ਰਹਿਣੀ ਸੀ।​—ਯੂਹੰ. 13:34, 35.

2 ਯਿਸੂ ਨੇ ਏਕਤਾ ਬਣਾਈ ਰੱਖਣ ’ਤੇ ਕਾਫ਼ੀ ਜ਼ੋਰ ਦਿੱਤਾ। ਕਿਉਂ? ਕਿਉਂਕਿ ਯਿਸੂ ਨੇ ਆਪਣੇ ਰਸੂਲਾਂ ਵਿਚ ਏਕਤਾ ਦੀ ਕਮੀ ਦੇਖੀ ਸੀ, ਜਿਵੇਂ ਕਿ ਉਨ੍ਹਾਂ ਨਾਲ ਆਖ਼ਰੀ ਵਾਰ ਰੋਟੀ ਖਾਣ ਵੇਲੇ। ਇਹ ਪਹਿਲੀ ਵਾਰ ਨਹੀਂ ਸੀ ਜਦੋਂ ਰਸੂਲ ਇਸ ਗੱਲ ’ਤੇ ਬਹਿਸਣ ਲੱਗ ਪਏ ਕਿ “ਉਨ੍ਹਾਂ ਵਿੱਚੋਂ ਵੱਡਾ ਕੌਣ ਸੀ।” (ਲੂਕਾ 22:24-27; ਮਰ. 9:33, 34) ਨਾਲੇ ਇਕ ਮੌਕੇ ’ਤੇ ਯਾਕੂਬ ਤੇ ਯੂਹੰਨਾ ਨੇ ਯਿਸੂ ਕੋਲੋਂ ਉਸ ਦੇ ਰਾਜ ਵਿਚ ਉੱਚੀਆਂ ਪਦਵੀਆਂ ਮੰਗੀਆਂ।​—ਮਰ. 10:35-40.

3. ਯਿਸੂ ਦੇ ਚੇਲਿਆਂ ਵਿਚ ਸ਼ਾਇਦ ਏਕਤਾ ਦੀ ਕਮੀ ਕਿਉਂ ਸੀ? ਅਸੀਂ ਕਿਹੜੇ ਸਵਾਲਾਂ ’ਤੇ ਚਰਚਾ ਕਰਾਂਗੇ?

3 ਨਾ ਸਿਰਫ਼ ਉੱਚੀਆਂ ਪਦਵੀਆਂ ਪਾਉਣ ਦੀ ਖ਼ਾਹਸ਼ ਕਰਕੇ ਚੇਲਿਆਂ ਦੀ ਏਕਤਾ ਖ਼ਤਰੇ ਵਿਚ ਪਈ ਹੋਈ ਸੀ, ਸਗੋਂ ਏਕਤਾ ਭੰਗ ਹੋਣ ਦੇ ਹੋਰ ਵੀ ਕਈ ਕਾਰਨ ਸਨ। ਦੁਸ਼ਮਣੀ ਅਤੇ ਪੱਖਪਾਤ ਕਰਕੇ ਉੱਥੇ ਦੇ ਲੋਕਾਂ ਵਿਚ ਫੁੱਟ ਪਈ ਹੋਈ ਸੀ। ਯਿਸੂ ਦੇ ਚੇਲਿਆਂ ਨੂੰ ਆਪਣੇ ਦਿਲ ਵਿੱਚੋਂ ਇਹੋ ਜਿਹੀਆਂ ਭਾਵਨਾਵਾਂ ਕੱਢ ਦੇਣੀਆਂ ਚਾਹੀਦੀਆਂ ਸਨ। ਇਸ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ’ਤੇ ਚਰਚਾ ਕਰਾਂਗੇ: ਆਪਣੇ ਨਾਲ ਪੱਖਪਾਤ ਹੋਣ ਵੇਲੇ ਯਿਸੂ ਨੇ ਕੀ ਕੀਤਾ? ਯਿਸੂ ਨੇ ਆਪਣੇ ਚੇਲਿਆਂ ਨੂੰ ਦੂਜਿਆਂ ਨਾਲ ਪੱਖਪਾਤ ਨਾ ਕਰਨ ਅਤੇ ਏਕਤਾ ਵਿਚ ਰਹਿਣ ਬਾਰੇ ਕੀ ਸਿਖਾਇਆ? ਸਾਡੀ ਏਕਤਾ ਵਧਾਉਣ ਵਿਚ ਯਿਸੂ ਦੀਆਂ ਸਿੱਖਿਆਵਾਂ ਸਾਡੀ ਕਿਵੇਂ ਮਦਦ ਕਰਦੀਆਂ ਹਨ?

ਯਿਸੂ ਅਤੇ ਉਸ ਦੇ ਚੇਲਿਆਂ ਨਾਲ ਪੱਖਪਾਤ

4. ਯਿਸੂ ਨਾਲ ਹੋਏ ਪੱਖਪਾਤ ਬਾਰੇ ਦੱਸੋ।

4 ਯਿਸੂ ਨਾਲ ਵੀ ਪੱਖਪਾਤ ਹੋਇਆ। ਜਦੋਂ ਫ਼ਿਲਿੱਪੁਸ ਨੇ ਨਥਾਨਿਏਲ ਨੂੰ ਕਿਹਾ ਕਿ ਉਸ ਨੇ ਮਸੀਹ ਨੂੰ ਲੱਭ ਲਿਆ ਹੈ, ਤਾਂ ਨਥਾਨਿਏਲ ਨੇ ਉਸ ਨੂੰ ਕਿਹਾ: “ਭਲਾ ਨਾਸਰਤ ਵਿਚ ਵੀ ਕੋਈ ਚੰਗਾ ਆਦਮੀ ਹੋ ਸਕਦਾ ਹੈ?” (ਯੂਹੰ. 1:46) ਸ਼ਾਇਦ ਨਥਾਨਿਏਲ ਮੀਕਾਹ 5:2 ਦੀ ਭਵਿੱਖਬਾਣੀ ਜਾਣਦਾ ਸੀ ਅਤੇ ਸੋਚਦਾ ਸੀ ਕਿ ਨਾਸਰਤ ਵਰਗਾ ਮਾਮੂਲੀ ਸ਼ਹਿਰ ਮਸੀਹ ਦਾ ਜੱਦੀ ਸ਼ਹਿਰ ਨਹੀਂ ਹੋ ਸਕਦਾ। ਉੱਚੀਆਂ ਪਦਵੀਆਂ ਵਾਲੇ ਯਹੂਦੀ ਯਿਸੂ ਨੂੰ ਤੁੱਛ ਸਮਝਦੇ ਸਨ ਕਿਉਂਕਿ ਉਹ ਗਲੀਲ ਤੋਂ ਸੀ। (ਯੂਹੰ. 7:52) ਬਹੁਤ ਸਾਰੇ ਯਹੂਦੀ ਗਲੀਲ ਦੇ ਲੋਕਾਂ ਨੂੰ ਨੀਵਾਂ ਸਮਝਦੇ ਸਨ। ਕੁਝ ਯਹੂਦੀਆਂ ਨੇ ਯਿਸੂ ਨੂੰ ਸਾਮਰੀ ਕਹਿ ਕੇ ਉਸ ਦੀ ਬੇਇੱਜ਼ਤੀ ਕੀਤੀ। (ਯੂਹੰ. 8:48) ਸਾਮਰੀ ਹੋਰ ਕੌਮ ਦੇ ਸਨ ਅਤੇ ਉਨ੍ਹਾਂ ਦਾ ਧਰਮ ਵੀ ਯਹੂਦੀਆਂ ਨਾਲੋਂ ਵੱਖਰਾ ਸੀ। ਯਹੂਦੀ ਅਤੇ ਗਲੀਲੀ ਸਾਮਰੀਆਂ ਦੀ ਇੱਜ਼ਤ ਨਹੀਂ ਕਰਦੇ ਸਨ ਅਤੇ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਦੇ ਸਨ।​—ਯੂਹੰ. 4:9.

5. ਯਿਸੂ ਦੇ ਚੇਲਿਆਂ ਨਾਲ ਕਿਸ ਤਰ੍ਹਾਂ ਦਾ ਪੱਖਪਾਤ ਹੋਇਆ?

5 ਯਹੂਦੀ ਧਾਰਮਿਕ ਆਗੂ ਯਿਸੂ ਦੇ ਚੇਲਿਆਂ ਦਾ ਵੀ ਨਿਰਾਦਰ ਕਰਦੇ ਸਨ। ਫ਼ਰੀਸੀ ਉਨ੍ਹਾਂ ਨੂੰ “ਸਰਾਪੇ ਹੋਏ” ਕਹਿੰਦੇ ਸਨ। (ਯੂਹੰ. 7:47-49) ਫ਼ਰੀਸੀ ਉਨ੍ਹਾਂ ਲੋਕਾਂ ਨੂੰ ਘਟੀਆ ਸਮਝਦੇ ਸਨ ਜਿਨ੍ਹਾਂ ਨੇ ਇਬਰਾਨੀ ਧਾਰਮਿਕ ਸਕੂਲਾਂ ਵਿਚ ਸਿੱਖਿਆ ਨਹੀਂ ਲਈ ਸੀ ਅਤੇ ਜੋ ਉਨ੍ਹਾਂ ਦੇ ਰੀਤੀ-ਰਿਵਾਜਾਂ ਨੂੰ ਨਹੀਂ ਸੀ ਮੰਨਦੇ। (ਰਸੂ. 4:13 ਫੁਟਨੋਟ।) ਲੋਕਾਂ ਵਿਚ ਧਰਮ, ਸਮਾਜ ਅਤੇ ਕੌਮ ਲਈ ਘਮੰਡ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਜਿਸ ਕਰਕੇ ਲੋਕ ਯਿਸੂ ਅਤੇ ਉਸ ਦੇ ਚੇਲਿਆਂ ਨਾਲ ਪੱਖਪਾਤ ਕਰਦੇ ਸਨ। ਚੇਲੇ ਵੀ ਪੱਖਪਾਤ ਕਰਨ ਲੱਗ ਪਏ। ਚੇਲਿਆਂ ਨੂੰ ਏਕਤਾ ਬਣਾਈ ਰੱਖਣ ਲਈ ਆਪਣੀ ਸੋਚ ਬਦਲਣ ਦੀ ਲੋੜ ਸੀ।

6. ਪੱਖਪਾਤ ਦੀਆਂ ਭਾਵਨਾਵਾਂ ਦਾ ਸਾਡੇ ’ਤੇ ਕੀ ਅਸਰ ਪੈਂਦਾ ਹੈ? ਮਿਸਾਲ ਦੇ ਕੇ ਸਮਝਾਓ।

6 ਅੱਜ ਹਰ ਪਾਸੇ ਪੱਖਪਾਤ ਕੀਤਾ ਜਾਂਦਾ ਹੈ। ਸ਼ਾਇਦ ਸਾਡੇ ਨਾਲ ਪੱਖਪਾਤ ਹੋਇਆ ਹੋਵੇ ਜਾਂ ਅਸੀਂ ਸ਼ਾਇਦ ਕਿਸੇ ਨਾਲ ਪੱਖਪਾਤ ਕੀਤਾ ਹੋਵੇ। ਆਸਟ੍ਰੇਲੀਆ ਵਿਚ ਪਾਇਨੀਅਰਿੰਗ ਕਰ ਰਹੀ ਇਕ ਭੈਣ ਕਹਿੰਦੀ ਹੈ, “ਗੋਰੇ ਸਾਲਾਂ ਤੋਂ ਆਦਿਵਾਸੀਆਂ ਨਾਲ ਬਦਸਲੂਕੀ ਅਤੇ ਅਨਿਆਂ ਕਰਦੇ ਆਏ ਹਨ। ਇਹ ਦੇਖ ਕੇ ਮੇਰੇ ਦਿਲ ਵਿਚ ਦਿਨ-ਬਦਿਨ ਉਨ੍ਹਾਂ ਲਈ ਨਫ਼ਰਤ ਭਰਦੀ ਗਈ। ਆਦਿਵਾਸੀ ਹੋਣ ਕਰਕੇ ਜਦੋਂ ਮੇਰੇ ਨਾਲ ਵੀ ਬੇਇਨਸਾਫ਼ੀ ਹੋਈ, ਤਾਂ ਮੇਰੇ ਦਿਲ ਵਿਚ ਗੋਰਿਆਂ ਲਈ ਨਫ਼ਰਤ ਦਾ ਜ਼ਹਿਰ ਹੋਰ ਵੀ ਭਰ ਗਿਆ।” ਕੈਨੇਡਾ ਦਾ ਇਕ ਭਰਾ ਦੱਸਦਾ ਹੈ, “ਮੈਂ ਫ਼੍ਰੈਂਚ ਬੋਲਣ ਵਾਲੇ ਲੋਕਾਂ ਨੂੰ ਬਾਕੀਆਂ ਨਾਲੋਂ ਬਿਹਤਰ ਸਮਝਦਾ ਸੀ। ਇਸ ਲਈ ਮੇਰੇ ਦਿਲ ਵਿਚ ਅੰਗ੍ਰੇਜ਼ੀ ਬੋਲਣ ਵਾਲੇ ਲੋਕਾਂ ਲਈ ਨਫ਼ਰਤ ਭਰਨ ਲੱਗੀ।”

7. ਯਿਸੂ ਨੇ ਪੱਖਪਾਤ ਖ਼ਿਲਾਫ਼ ਕਿਹੜੇ ਕਦਮ ਚੁੱਕੇ?

7 ਯਿਸੂ ਦੇ ਦਿਨਾਂ ਵਾਂਗ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਪੱਖਪਾਤ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਇਨ੍ਹਾਂ ਨੂੰ ਪੁੱਟਣਾ ਬਹੁਤ ਔਖਾ ਹੈ। ਯਿਸੂ ਨੇ ਪੱਖਪਾਤ ਖ਼ਿਲਾਫ਼ ਕਿਹੜੇ ਕਦਮ ਚੁੱਕੇ? ਪਹਿਲਾ, ਉਸ ਨੇ ਕਦੀ ਵੀ ਕਿਸੇ ਨਾਲ ਪੱਖਪਾਤ ਨਹੀਂ ਕੀਤਾ! ਉਹ ਸਾਰਿਆਂ ਨਾਲ ਇੱਕੋ ਜਿਹੇ ਤਰੀਕੇ ਨਾਲ ਪੇਸ਼ ਆਉਂਦਾ ਸੀ। ਉਸ ਨੇ ਸਾਰਿਆਂ ਨੂੰ ਪ੍ਰਚਾਰ ਕੀਤਾ, ਜਿਵੇਂ ਅਮੀਰਾਂ-ਗ਼ਰੀਬਾਂ, ਫ਼ਰੀਸੀਆਂ-ਸਾਮਰੀਆਂ, ਇੱਥੋਂ ਤਕ ਕਿ ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਨੂੰ ਵੀ। ਦੂਜਾ, ਉਸ ਨੇ ਆਪਣੀ ਸਿੱਖਿਆ ਤੇ ਮਿਸਾਲ ਤੋਂ ਦਿਖਾਇਆ ਕਿ ਚੇਲਿਆਂ ਨੂੰ ਨਾ ਤਾਂ ਕਿਸੇ ’ਤੇ ਸ਼ੱਕ ਕਰਨਾ ਚਾਹੀਦਾ ਤੇ ਨਾ ਹੀ ਕਿਸੇ ਨਾਲ ਪੱਖਪਾਤ ਕਰਨਾ ਚਾਹੀਦਾ ਸੀ।

ਪਿਆਰ ਅਤੇ ਨਿਮਰਤਾ ਨਾਲ ਪੱਖਪਾਤ ਨੂੰ ਖ਼ਤਮ ਕਰੋ

8. ਮਸੀਹੀ ਏਕਤਾ ਕਿਸ ਅਹਿਮ ਅਸੂਲ ’ਤੇ ਟਿਕੀ ਹੋਈ ਹੈ? ਸਮਝਾਓ।

8 ਏਕਤਾ ਬਣਾਈ ਰੱਖਣ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਇਕ ਅਹਿਮ ਅਸੂਲ ਦਿੱਤਾ। ਉਸ ਨੇ ਕਿਹਾ: “ਤੁਸੀਂ ਸਾਰੇ ਜਣੇ ਭਰਾ ਹੋ।” (ਮੱਤੀ 23:8, 9 ਪੜ੍ਹੋ।) ਇਕ ਮਾਅਨੇ ਵਿਚ ਅਸੀਂ ਸਾਰੇ ਭਰਾ ਹਾਂ ਕਿਉਂਕਿ ਅਸੀਂ ਆਦਮ ਦੀ ਸੰਤਾਨ ਹਾਂ। (ਰਸੂ. 17:26) ਯਿਸੂ ਨੇ ਇਹ ਵੀ ਸਮਝਾਇਆ ਕਿ ਉਸ ਦੇ ਚੇਲੇ ਭੈਣ-ਭਰਾ ਇਸ ਲਈ ਹਨ ਕਿਉਂਕਿ ਉਹ ਯਹੋਵਾਹ ਨੂੰ ਆਪਣਾ ਸਵਰਗੀ ਪਿਤਾ ਮੰਨਦੇ ਸਨ। (ਮੱਤੀ 12:50) ਨਾਲੇ ਉਹ ਸਾਰੇ ਪਰਮੇਸ਼ੁਰ ਦੇ ਪਰਿਵਾਰ ਦੇ ਜੀਅ ਸਨ ਜੋ ਪਿਆਰ ਤੇ ਨਿਹਚਾ ਕਰਕੇ ਏਕਤਾ ਵਿਚ ਬੱਝੇ ਹੋਏ ਸਨ। ਇਸ ਲਈ ਮੰਡਲੀਆਂ ਨੂੰ ਲਿਖੀਆਂ ਚਿੱਠੀਆਂ ਵਿਚ ਰਸੂਲਾਂ ਨੇ ਮਸੀਹੀਆਂ ਨੂੰ ਭੈਣ-ਭਰਾ ਕਿਹਾ।​—1 ਪਤ. 2:17; 1 ਯੂਹੰ. 3:13. *

9, 10. (ੳ) ਯਹੂਦੀਆਂ ਕੋਲ ਆਪਣੀ ਕੌਮ ’ਤੇ ਘਮੰਡ ਕਰਨ ਦਾ ਕੋਈ ਜਾਇਜ਼ ਕਾਰਨ ਕਿਉਂ ਨਹੀਂ ਸੀ? (ਅ) ਯਿਸੂ ਨੇ ਕਿਹੜੀ ਮਿਸਾਲ ਰਾਹੀਂ ਸਮਝਾਇਆ ਕਿ ਆਪਣੀ ਕੌਮ ’ਤੇ ਘਮੰਡ ਕਰਨ ਨੂੰ ਗ਼ਲਤ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

9 ਯਿਸੂ ਨੇ ਆਪਣੇ ਚੇਲਿਆਂ ਨੂੰ ਸਾਫ਼-ਸਾਫ਼ ਸਮਝਾਇਆ ਕਿ ਉਹ ਇਕ-ਦੂਜੇ ਨੂੰ ਭੈਣ-ਭਰਾ ਸਮਝਣ। ਇਸ ਤੋਂ ਬਾਅਦ ਉਸ ਨੇ ਇਹ ਵੀ ਦੱਸਿਆ ਕਿ ਨਿਮਰ ਹੋਣਾ ਇੰਨਾ ਜ਼ਰੂਰੀ ਕਿਉਂ ਸੀ। (ਮੱਤੀ 23:11, 12 ਪੜ੍ਹੋ।) ਅਸੀਂ ਦੇਖਿਆ ਹੈ ਕਿ ਘਮੰਡ ਹੋਣ ਕਰਕੇ ਚੇਲਿਆਂ ਵਿਚ ਕਦੀ-ਕਦੀ ਬਹਿਸ ਹੋ ਜਾਂਦੀ ਸੀ। ਉਨ੍ਹਾਂ ਦਿਨਾਂ ਵਿਚ ਲੋਕਾਂ ਨੂੰ ਆਪਣੀ ਕੌਮ ’ਤੇ ਬਹੁਤ ਘਮੰਡ ਸੀ। ਬਹੁਤ ਸਾਰੇ ਯਹੂਦੀ ਸੋਚਦੇ ਸਨ ਕਿ ਅਬਰਾਹਾਮ ਦੀ ਸੰਤਾਨ ਹੋਣ ਕਰਕੇ ਉਹ ਬਾਕੀਆਂ ਨਾਲੋਂ ਬਿਹਤਰ ਸਨ। ਪਰ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਉਨ੍ਹਾਂ ਨੂੰ ਕਿਹਾ: “ਪਰਮੇਸ਼ੁਰ ਇਨ੍ਹਾਂ ਪੱਥਰਾਂ ਤੋਂ ਵੀ ਅਬਰਾਹਾਮ ਲਈ ਸੰਤਾਨ ਪੈਦਾ ਕਰ ਸਕਦਾ ਹੈ।”​—ਲੂਕਾ 3:8.

10 ਯਿਸੂ ਨੇ ਇਸ ਗੱਲ ਦੀ ਨਿੰਦਿਆ ਕੀਤੀ ਕਿ ਲੋਕ ਆਪਣੀ ਕੌਮ ’ਤੇ ਘਮੰਡ ਕਰਦੇ ਸਨ। ਉਸ ਨੇ ਇਹ ਗੱਲ ਸਾਫ਼-ਸਾਫ਼ ਸਮਝਾਈ ਜਦੋਂ ਇਕ ਗ੍ਰੰਥੀ ਨੇ ਉਸ ਤੋਂ ਪੁੱਛਿਆ: “ਅਸਲ ਵਿਚ ਮੇਰਾ ਗੁਆਂਢੀ ਹੈ ਕੌਣ?” ਯਿਸੂ ਨੇ ਜਵਾਬ ਵਿਚ ਇਕ ਮਿਸਾਲ ਦਿੱਤੀ। ਇਸ ਮਿਸਾਲ ਵਿਚ ਲੁਟੇਰੇ ਇਕ ਯਹੂਦੀ ਨੂੰ ਮਾਰ-ਕੁੱਟ ਕੇ ਅਧਮੋਇਆ ਛੱਡ ਗਏ। ਰਾਹ ਵਿੱਚੋਂ ਲੰਘਣ ਵਾਲੇ ਕੁਝ ਯਹੂਦੀ ਉਸ ਨੂੰ ਦੇਖ ਕੇ ਲੰਘ ਗਏ ਅਤੇ ਉਸ ਦੀ ਕੋਈ ਮਦਦ ਨਹੀਂ ਕੀਤੀ। ਪਰ ਇਕ ਸਾਮਰੀ ਨੂੰ ਉਸ ਉੱਤੇ ਤਰਸ ਆਇਆ ਅਤੇ ਉਸ ਦੀ ਦੇਖ-ਭਾਲ ਕੀਤੀ। ਮਿਸਾਲ ਦੇਣ ਤੋਂ ਬਾਅਦ ਯਿਸੂ ਨੇ ਗ੍ਰੰਥੀ ਨੂੰ ਸਮਝਾਇਆ ਕਿ ਉਸ ਨੂੰ ਸਾਮਰੀ ਵਾਂਗ ਬਣਨ ਦੀ ਲੋੜ ਸੀ। (ਲੂਕਾ 10:25-37) ਯਿਸੂ ਸਮਝਾ ਰਿਹਾ ਸੀ ਕਿ ਹਰ ਤਰ੍ਹਾਂ ਦੇ ਲੋਕਾਂ ਨੂੰ ਪਿਆਰ ਦਿਖਾਉਣ ਲਈ ਯਹੂਦੀਆਂ ਨੂੰ ਸਾਮਰੀ ਤੋਂ ਸਿੱਖਣ ਦੀ ਲੋੜ ਸੀ।

11. ਯਿਸੂ ਦੇ ਚੇਲਿਆਂ ਨੂੰ ਨਿਰਪੱਖ ਰਹਿਣ ਦੀ ਕਿਉਂ ਲੋੜ ਸੀ? ਯਿਸੂ ਨੇ ਇਹ ਗੱਲ ਸਮਝਣ ਵਿਚ ਉਨ੍ਹਾਂ ਦੀ ਕਿਵੇਂ ਮਦਦ ਕੀਤੀ?

11 ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ‘ਪੂਰੇ ਯਹੂਦੀਆ, ਸਾਮਰੀਆ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਗਵਾਹੀ ਦੇਣ ਦਾ ਹੁਕਮ ਦਿੱਤਾ।’ (ਰਸੂ. 1:8) ਇਹ ਹੁਕਮ ਪੂਰਾ ਕਰਨ ਲਈ ਉਸ ਦੇ ਚੇਲਿਆਂ ਨੂੰ ਆਪਣੇ ਆਪ ਵਿੱਚੋਂ ਘਮੰਡ ਅਤੇ ਪੱਖਪਾਤ ਦੀਆਂ ਭਾਵਨਾਵਾਂ ਨੂੰ ਕੱਢਣ ਦੀ ਲੋੜ ਸੀ। ਯਿਸੂ ਅਕਸਰ ਦੂਜੀ ਕੌਮ ਦੇ ਲੋਕਾਂ ਦੇ ਚੰਗੇ ਗੁਣਾਂ ਬਾਰੇ ਗੱਲ ਕਰਦਾ ਸੀ। ਇਸ ਤਰ੍ਹਾਂ ਉਸ ਨੇ ਆਪਣੇ ਚੇਲਿਆਂ ਨੂੰ ਸਾਰੀਆਂ ਕੌਮਾਂ ਨੂੰ ਪ੍ਰਚਾਰ ਕਰਨ ਲਈ ਤਿਆਰ ਕੀਤਾ। ਮਿਸਾਲ ਲਈ, ਉਸ ਨੇ ਦੂਜੀ ਕੌਮ ਦੇ ਇਕ ਫ਼ੌਜੀ ਅਫ਼ਸਰ ਦੀ ਤਾਰੀਫ਼ ਕੀਤੀ ਜਿਸ ਦੀ ਨਿਹਚਾ ਪੱਕੀ ਸੀ। (ਮੱਤੀ 8:5- 10) ਆਪਣੇ ਜੱਦੀ ਸ਼ਹਿਰ ਨਾਸਰਤ ਵਿਚ ਉਸ ਨੇ ਦੱਸਿਆ ਕਿ ਯਹੋਵਾਹ ਨੇ ਕਿਵੇਂ ਦੂਜੀ ਕੌਮ ਦੇ ਲੋਕਾਂ ਦੀ ਮਦਦ ਕੀਤੀ, ਜਿਵੇਂ ਫੈਨੀਕੇ ਇਲਾਕੇ ਦੇ ਸਾਰਫਥ ਨਗਰ ਦੀ ਵਿਧਵਾ ਅਤੇ ਸੀਰੀਆ ਦੇ ਕੋੜ੍ਹੀ ਨਾਮਾਨ ਦੀ। (ਲੂਕਾ 4:25-27) ਯਿਸੂ ਨੇ ਇਕ ਸਾਮਰੀ ਔਰਤ ਨੂੰ ਵੀ ਪ੍ਰਚਾਰ ਕੀਤਾ। ਉਹ ਤਾਂ ਦੋ ਦਿਨ ਸਾਮਰੀਆ ਵਿਚ ਵੀ ਰਿਹਾ ਕਿਉਂਕਿ ਲੋਕ ਉਸ ਦਾ ਸੰਦੇਸ਼ ਸੁਣਨਾ ਚਾਹੁੰਦੇ ਸਨ।​—ਯੂਹੰ. 4:21-24, 40.

ਪਹਿਲੀ ਸਦੀ ਦੇ ਮਸੀਹੀ ਪੱਖਪਾਤ ਦੀਆਂ ਭਾਵਨਾਵਾਂ ਨਾਲ ਲੜੇ

12, 13. (ੳ) ਯਿਸੂ ਨੂੰ ਸਾਮਰੀ ਔਰਤ ਨੂੰ ਸਿਖਾਉਂਦਿਆਂ ਦੇਖ ਕੇ ਰਸੂਲਾਂ ਨੂੰ ਕਿਵੇਂ ਲੱਗਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਾਕੂਬ ਅਤੇ ਯੂਹੰਨਾ ਨੇ ਯਿਸੂ ਵੱਲੋਂ ਸਿਖਾਇਆ ਸਬਕ ਨਹੀਂ ਸਿੱਖਿਆ?

12 ਰਸੂਲਾਂ ਲਈ ਆਪਣੇ ਆਪ ਵਿੱਚੋਂ ਪੱਖਪਾਤ ਦੀ ਭਾਵਨਾ ਨੂੰ ਕੱਢਣਾ ਸੌਖਾ ਨਹੀਂ ਸੀ। ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਕਿ ਯਿਸੂ ਇਕ ਸਾਮਰੀ ਔਰਤ ਨੂੰ ਸਿਖਾ ਰਿਹਾ ਸੀ। (ਯੂਹੰ. 4:9, 27) ਕਿਉਂ? ਕਿਉਂਕਿ ਯਹੂਦੀ ਧਾਰਮਿਕ ਆਗੂ ਖੁੱਲ੍ਹੇ-ਆਮ ਇਕ ਔਰਤ ਨਾਲ ਗੱਲ ਨਹੀਂ ਕਰਦੇ ਸੀ, ਖ਼ਾਸ ਕਰਕੇ ਇਕ ਸਾਮਰੀ ਔਰਤ ਨਾਲ ਜਿਸ ਦਾ ਚਾਲ-ਚਲਣ ਠੀਕ ਨਹੀਂ ਸੀ। ਰਸੂਲਾਂ ਨੇ ਯਿਸੂ ਨੂੰ ਖਾਣਾ ਖਾਣ ਲਈ ਕਿਹਾ, ਪਰ ਉਸ ਔਰਤ ਨੂੰ ਪ੍ਰਚਾਰ ਕਰਕੇ ਯਿਸੂ ਨੂੰ ਇੰਨਾ ਚੰਗਾ ਲੱਗ ਰਿਹਾ ਸੀ ਕਿ ਉਸ ਲਈ ਖਾਣਾ ਜ਼ਰੂਰੀ ਨਹੀਂ ਸੀ। ਪਰਮੇਸ਼ੁਰ ਦੀ ਇੱਛਾ ਸੀ ਕਿ ਉਹ ਪ੍ਰਚਾਰ ਕਰੇ। ਇਸ ਲਈ ਆਪਣੇ ਪਿਤਾ ਦੀ ਇੱਛਾ ਪੂਰੀ ਕਰਨੀ ਉਸ ਲਈ ਖਾਣੇ ਵਾਂਗ ਸੀ, ਇੱਥੋਂ ਤਕ ਕਿ ਸਾਮਰੀ ਔਰਤ ਨੂੰ ਪ੍ਰਚਾਰ ਕਰਨਾ ਵੀ।​—ਯੂਹੰ. 4:31-34.

13 ਯਾਕੂਬ ਅਤੇ ਯੂਹੰਨਾ ਨੇ ਇਹ ਅਹਿਮ ਸਬਕ ਨਹੀਂ ਸਿੱਖਿਆ। ਜਦੋਂ ਚੇਲੇ ਯਿਸੂ ਨਾਲ ਸਾਮਰੀਆ ਵਿੱਚੋਂ ਦੀ ਲੰਘ ਰਹੇ ਸਨ, ਤਾਂ ਉਹ ਰਾਤ ਬਿਤਾਉਣ ਲਈ ਸਾਮਰੀਆ ਪਿੰਡ ਵਿਚ ਜਗ੍ਹਾ ਲੱਭਣ ਗਏ। ਪਰ ਸਾਮਰੀ ਲੋਕਾਂ ਨੇ ਉਨ੍ਹਾਂ ਨੂੰ ਉੱਥੇ ਰੁਕਣ ਨਹੀਂ ਦਿੱਤਾ। ਯਾਕੂਬ ਅਤੇ ਯੂਹੰਨਾ ਬਹੁਤ ਗੁੱਸੇ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਸਵਰਗੋਂ ਅੱਗ ਬੁਲਾ ਕੇ ਸਾਰੇ ਪਿੰਡ ਨੂੰ ਸਾੜ ਕੇ ਸੁਆਹ ਕਰ ਦੇਣ। ਯਿਸੂ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਝਿੜਕਿਆ ਤੇ ਸੁਧਾਰਿਆ। (ਲੂਕਾ 9:51-56) ਸ਼ਾਇਦ ਯਾਕੂਬ ਅਤੇ ਯੂਹੰਨਾ ਨੂੰ ਉਦੋਂ ਇੰਨਾ ਗੁੱਸਾ ਨਾ ਚੜ੍ਹਦਾ ਜੇ ਇਸ ਤਰ੍ਹਾਂ ਉਨ੍ਹਾਂ ਦੇ ਜੱਦੀ ਸ਼ਹਿਰ ਗਲੀਲ ਵਿਚ ਹੋਇਆ ਹੁੰਦਾ। ਸ਼ਾਇਦ ਉਨ੍ਹਾਂ ਨੂੰ ਗੁੱਸਾ ਇਸ ਲਈ ਚੜ੍ਹਿਆ ਕਿਉਂਕਿ ਉਨ੍ਹਾਂ ਨਾਲ ਪੱਖਪਾਤ ਹੋ ਰਿਹਾ ਸੀ। ਬਾਅਦ ਵਿਚ, ਜਦੋਂ ਯੂਹੰਨਾ ਸਾਮਰੀਆਂ ਨੂੰ ਪ੍ਰਚਾਰ ਕਰ ਰਿਹਾ ਸੀ ਤੇ ਬਹੁਤ ਸਾਰੇ ਲੋਕਾਂ ਨੇ ਉਸ ਦੀ ਗੱਲ ਸੁਣੀ, ਤਾਂ ਸ਼ਾਇਦ ਉਸ ਨੂੰ ਬਹੁਤ ਸ਼ਰਮਿੰਦਗੀ ਹੋਈ ਹੋਣੀ ਕਿ ਉਸ ਨੇ ਪਹਿਲਾਂ ਕਿਹੋ ਜਿਹਾ ਰਵੱਈਆ ਦਿਖਾਇਆ ਸੀ।​—ਰਸੂ. 8:14, 25.

14. ਦੋ ਅਲੱਗ-ਅਲੱਗ ਭਾਸ਼ਾਵਾਂ ਦੇ ਲੋਕਾਂ ਵਿਚ ਹੋਈ ਮੁਸ਼ਕਲ ਨੂੰ ਕਿਵੇਂ ਹੱਲ ਕੀਤਾ ਗਿਆ?

14 ਥੋੜ੍ਹੇ ਸਮੇਂ ਬਾਅਦ, ਪੰਤੇਕੁਸਤ 33 ਈਸਵੀ ਵਿਚ ਵੀ ਮੰਡਲੀ ਵਿਚ ਭੇਦ-ਭਾਵ ਦੀ ਸਮੱਸਿਆ ਸੀ। ਲੋੜਵੰਦ ਵਿਧਵਾਵਾਂ ਨੂੰ ਭੋਜਨ ਵੰਡਦਿਆਂ ਭਰਾਵਾਂ ਨੇ ਯੂਨਾਨੀ ਬੋਲਣ ਵਾਲੀਆਂ ਵਿਧਵਾਵਾਂ ਨੂੰ ਨਜ਼ਰਅੰਦਾਜ਼ ਕੀਤਾ। (ਰਸੂ. 6:1) ਸ਼ਾਇਦ ਭਾਸ਼ਾ ਕਰਕੇ ਇਹ ਪੱਖਪਾਤ ਹੋਇਆ ਸੀ। ਰਸੂਲਾਂ ਨੇ ਇਹ ਮੁਸ਼ਕਲ ਛੇਤੀ ਹੀ ਹੱਲ ਕੀਤੀ। ਉਨ੍ਹਾਂ ਨੇ ਸੱਤ ਕਾਬਲ ਭਰਾਵਾਂ ਨੂੰ ਚੁਣਿਆ ਤਾਂਕਿ ਬਿਨਾਂ ਪੱਖਪਾਤ ਕੀਤਿਆਂ ਭੋਜਨ ਵੰਡਿਆ ਜਾਵੇ। ਇਨ੍ਹਾਂ ਸਾਰੇ ਭਰਾਵਾਂ ਦੇ ਯੂਨਾਨੀ ਨਾਂ ਹੋਣ ਕਰਕੇ ਸ਼ਾਇਦ ਨਾਰਾਜ਼ ਹੋਈਆਂ ਵਿਧਵਾਵਾਂ ਨੂੰ ਦਿਲਾਸਾ ਮਿਲਿਆ ਹੋਣਾ।

15. ਪਤਰਸ ਨੇ ਸਾਰਿਆਂ ਨਾਲ ਨਿਰਪੱਖਤਾ ਨਾਲ ਪੇਸ਼ ਆਉਣਾ ਕਿਵੇਂ ਸਿੱਖਿਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

15 ਸਾਲ 36 ਈਸਵੀ ਵਿਚ, ਯਿਸੂ ਦੇ ਚੇਲਿਆਂ ਨੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਪ੍ਰਚਾਰ ਕਰਨਾ ਸ਼ੁਰੂ ਕੀਤਾ। ਇਸ ਤੋਂ ਪਹਿਲਾਂ, ਪਤਰਸ ਰਸੂਲ ਸਿਰਫ਼ ਯਹੂਦੀਆਂ ਨੂੰ ਪ੍ਰਚਾਰ ਕਰਦਾ ਸੀ। ਬਾਅਦ ਵਿਚ, ਪਰਮੇਸ਼ੁਰ ਨੇ ਮਸੀਹੀਆਂ ਨੂੰ ਸਾਫ਼-ਸਾਫ਼ ਸਮਝਾਇਆ ਕਿ ਉਨ੍ਹਾਂ ਨੂੰ ਪੱਖਪਾਤ ਨਹੀਂ ਕਰਨਾ ਚਾਹੀਦਾ। ਇਸ ਲਈ ਪਤਰਸ ਨੇ ਰੋਮੀ ਫ਼ੌਜੀ ਕੁਰਨੇਲੀਅਸ ਨੂੰ ਪ੍ਰਚਾਰ ਕੀਤਾ। (ਰਸੂਲਾਂ ਦੇ ਕੰਮ 10:28, 34, 35 ਪੜ੍ਹੋ।) ਇਸ ਤੋਂ ਬਾਅਦ, ਪਤਰਸ ਗ਼ੈਰ-ਯਹੂਦੀਆਂ ਨਾਲ ਖਾਣ-ਪੀਣ ਅਤੇ ਸਮਾਂ ਬਿਤਾਉਣ ਲੱਗਾ। ਪਰ ਕਈ ਸਾਲਾਂ ਬਾਅਦ, ਉਸ ਨੇ ਅੰਤਾਕੀਆ ਦੇ ਗ਼ੈਰ-ਯਹੂਦੀ ਭੈਣਾਂ-ਭਰਾਵਾਂ ਨਾਲ ਖਾਣਾ-ਪੀਣਾ ਛੱਡ ਦਿੱਤਾ। (ਗਲਾ. 2:11-14) ਪੌਲੁਸ ਨੇ ਪਤਰਸ ਨੂੰ ਸੁਧਾਰਿਆ ਤੇ ਪਤਰਸ ਨੇ ਉਸ ਦੀ ਤਾੜਨਾ ਸਵੀਕਾਰ ਕੀਤੀ। ਅਸੀਂ ਇਹ ਗੱਲ ਕਿਵੇਂ ਜਾਣਦੇ ਹਾਂ? ਜਦੋਂ ਪਤਰਸ ਨੇ ਏਸ਼ੀਆ ਮਾਈਨਰ ਦੇ ਯਹੂਦੀ ਤੇ ਗ਼ੈਰ-ਯਹੂਦੀ ਮਸੀਹੀਆਂ ਨੂੰ ਪਹਿਲੀ ਚਿੱਠੀ ਲਿਖੀ, ਤਾਂ ਉਸ ਨੇ ਕਿਹਾ ਕਿ ਸਾਰੇ ਭੈਣਾਂ-ਭਰਾਵਾਂ ਨਾਲ ਪਿਆਰ ਕਰਨਾ ਕਿੰਨਾ ਜ਼ਰੂਰੀ ਹੈ।​—1 ਪਤ. 1:1; 2:17.

16. ਪਹਿਲੀ ਸਦੀ ਦੇ ਮਸੀਹੀ ਕਿਸ ਗੱਲ ਤੋਂ ਜਾਣੇ ਜਾਂਦੇ ਸਨ?

16 ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਦੀ ਮਿਸਾਲ ਤੋਂ ਰਸੂਲਾਂ ਨੇ “ਹਰ ਤਰ੍ਹਾਂ ਦੇ ਲੋਕਾਂ” ਨਾਲ ਪਿਆਰ ਕਰਨਾ ਸਿੱਖਿਆ। (ਯੂਹੰ. 12:32; 1 ਤਿਮੋ. 4:10) ਚਾਹੇ ਸਮਾਂ ਲੱਗਾ, ਪਰ ਉਨ੍ਹਾਂ ਨੇ ਲੋਕਾਂ ਪ੍ਰਤੀ ਆਪਣਾ ਨਜ਼ਰੀਆ ਬਦਲਿਆ। ਦਰਅਸਲ, ਪਹਿਲੀ ਸਦੀ ਦੇ ਮਸੀਹੀ ਇਕ-ਦੂਜੇ ਨੂੰ ਪਿਆਰ ਦਿਖਾਉਣ ਕਰਕੇ ਜਾਣੇ ਜਾਂਦੇ ਸਨ। ਲਗਭਗ ਸਾਲ 200 ਵਿਚ, ਲੇਖਕ ਟਰਟੂਲੀਅਨ ਨੇ ਲਿਖਿਆ ਕਿ ਲੋਕ ਮਸੀਹੀਆਂ ਬਾਰੇ ਕਹਿੰਦੇ ਹਨ: “ਉਹ ਇਕ-ਦੂਜੇ ਨੂੰ ਪਿਆਰ ਕਰਦੇ ਹਨ” ਅਤੇ “ਉਹ ਇਕ-ਦੂਜੇ ਲਈ ਜਾਨ ਵਾਰਨ ਲਈ ਵੀ ਤਿਆਰ ਹਨ।” ਉਸ ਵੇਲੇ ਦੇ ਮਸੀਹੀਆਂ ਨੇ “ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ” ਪਹਿਨਿਆ ਹੋਇਆ ਸੀ। ਇਸ ਲਈ ਉਨ੍ਹਾਂ ਨੇ ਪਰਮੇਸ਼ੁਰ ਵਾਂਗ ਸਾਰੇ ਲੋਕਾਂ ਨਾਲ ਨਿਰਪੱਖਤਾ ਨਾਲ ਪੇਸ਼ ਆਉਣਾ ਸਿੱਖਿਆ।​—ਕੁਲੁ. 3:10, 11.

17. ਅਸੀਂ ਆਪਣੇ ਦਿਲ ਵਿੱਚੋਂ ਪੱਖਪਾਤ ਦੀਆਂ ਭਾਵਨਾਵਾਂ ਨੂੰ ਕਿਵੇਂ ਕੱਢ ਸਕਦੇ ਹਾਂ? ਮਿਸਾਲ ਦਿਓ।

17 ਸ਼ਾਇਦ ਅੱਜ ਸਾਨੂੰ ਵੀ ਆਪਣੇ ਵਿੱਚੋਂ ਪੱਖਪਾਤ ਦੀਆਂ ਜੜ੍ਹਾਂ ਨੂੰ ਪੁੱਟਣ ਲਈ ਸਮਾਂ ਲੱਗੇ। ਫਰਾਂਸ ਵਿਚ ਰਹਿਣ ਵਾਲੀ ਭੈਣ ਦੱਸਦੀ ਹੈ ਕਿ ਉਸ ਲਈ ਇਸ ਤਰ੍ਹਾਂ ਕਰਨਾ ਬਹੁਤ ਔਖਾ ਹੈ। ਉਹ ਕਹਿੰਦੀ ਹੈ: “ਯਹੋਵਾਹ ਨੇ ਮੈਨੂੰ ਸਿਖਾਇਆ ਕਿ ਪਿਆਰ ਕਰਨ ਦਾ, ਸਾਂਝਾ ਕਰਨ ਦਾ ਤੇ ਹਰ ਤਰ੍ਹਾਂ ਦੇ ਲੋਕਾਂ ਨੂੰ ਪਿਆਰ ਕਰਨ ਦਾ ਕੀ ਮਤਲਬ ਹੈ। ਪਰ ਮੈਂ ਹਾਲੇ ਵੀ ਪੱਖਪਾਤ ਦੀਆਂ ਭਾਵਨਾਵਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਇਸ ਲਈ ਮੈਂ ਲਗਾਤਾਰ ਇਸ ਬਾਰੇ ਪ੍ਰਾਰਥਨਾ ਕਰਦੀ ਹਾਂ।” ਸਪੇਨ ਵਿਚ ਰਹਿਣ ਵਾਲੀ ਇਕ ਭੈਣ ਦੱਸਦੀ ਹੈ ਕਿ ਉਸ ਵਿਚ ਹਾਲੇ ਵੀ ਇਕ ਖ਼ਾਸ ਸਮੂਹ ਦੇ ਲੋਕਾਂ ਪ੍ਰਤੀ ਪੱਖਪਾਤ ਦੀਆਂ ਭਾਵਨਾਵਾਂ ਹਨ। ਉਸ ਨੂੰ ਇਨ੍ਹਾਂ ਨੂੰ ਕੱਢਣ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ। ਉਹ ਕਹਿੰਦੀ ਹੈ: “ਮੈਂ ਬਹੁਤ ਵਾਰ ਸਫ਼ਲ ਹੁੰਦੀ ਹਾਂ। ਪਰ ਮੈਨੂੰ ਪਤਾ ਹੈ ਕਿ ਮੈਨੂੰ ਇਨ੍ਹਾਂ ਨਾਲ ਲਗਾਤਾਰ ਲੜਦੇ ਰਹਿਣ ਦੀ ਲੋੜ ਹੈ। ਸ਼ੁਕਰ ਹੈ ਯਹੋਵਾਹ ਦਾ ਕਿ ਮੈਂ ਇਕ ਐਸੇ ਪਰਿਵਾਰ ਦਾ ਹਿੱਸਾ ਹਾਂ ਜੋ ਏਕਤਾ ਵਿਚ ਰਹਿੰਦਾ ਹੈ।” ਸਾਨੂੰ ਸਾਰਿਆਂ ਨੂੰ ਧਿਆਨ ਨਾਲ ਸੋਚਣਾ ਚਾਹੀਦਾ ਹੈ ਕਿ ਸਾਡੀ ਸੋਚ ਕਿਹੋ ਜਿਹੀ ਹੈ। ਕੀ ਸਾਨੂੰ ਵੀ ਆਪਣੇ ਵਿੱਚੋਂ ਪੱਖਪਾਤ ਦੀਆਂ ਭਾਵਨਾਵਾਂ ਨੂੰ ਕੱਢਣ ਦੀ ਲੋੜ ਤਾਂ ਨਹੀਂ?

ਪਿਆਰ ਵਧਾਓ, ਪੱਖਪਾਤ ਘਟਾਓ

18, 19. (ੳ) ਸਾਰਿਆਂ ਨੂੰ ਕਬੂਲ ਕਰਨ ਦੇ ਸਾਡੇ ਕੋਲ ਕਿਹੜੇ ਕਾਰਨ ਹਨ? (ਅ) ਅਸੀਂ ਇਹ ਕਿਵੇਂ ਕਰ ਸਕਦੇ ਹਾਂ?

18 ਸਾਨੂੰ ਸਾਰਿਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਪਰਮੇਸ਼ੁਰ ਲਈ “ਅਜਨਬੀ” ਸੀ। (ਅਫ਼. 2:12) ਪਰ ਯਹੋਵਾਹ ਨੇ ਪਿਆਰ ਨਾਲ ਸਾਨੂੰ ਆਪਣੇ ਵੱਲ ਖਿੱਚਿਆ। (ਹੋਸ਼ੇ. 11:4; ਯੂਹੰ. 6:44) ਯਿਸੂ ਨੇ ਵੀ ਸਾਨੂੰ ਕਬੂਲ ਕੀਤਾ। ਉਸ ਕਰਕੇ ਹੀ ਅਸੀਂ ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਬਣ ਪਾਏ। (ਰੋਮੀਆਂ 15:7 ਪੜ੍ਹੋ।) ਯਹੋਵਾਹ ਅਤੇ ਯਿਸੂ ਨੇ ਸਾਡੇ ਵਰਗੇ ਨਾਮੁਕੰਮਲ ਇਨਸਾਨਾਂ ਨੂੰ ਕਬੂਲ ਕੀਤਾ ਹੈ ਜਿਸ ਕਰਕੇ ਸਾਨੂੰ ਕਿਸੇ ਨੂੰ ਵੀ ਠੁਕਰਾਉਣ ਬਾਰੇ ਸੋਚਣਾ ਨਹੀਂ ਚਾਹੀਦਾ!

ਯਹੋਵਾਹ ਦੇ ਸੇਵਕ ਸਵਰਗੀ ਬੁੱਧ ਭਾਲਦੇ ਹਨ ਅਤੇ ਪਿਆਰ ਕਰਕੇ ਏਕਤਾ ਦੇ ਬੰਧਨ ਵਿਚ ਬੱਝੇ ਹੋਏ ਹਨ (ਪੈਰਾ 19 ਦੇਖੋ)

19 ਜਿੱਦਾਂ-ਜਿੱਦਾਂ ਅਸੀਂ ਇਸ ਦੁਸ਼ਟ ਦੁਨੀਆਂ ਦੇ ਅੰਤ ਦੇ ਕਰੀਬ ਜਾ ਰਹੇ ਹਾਂ, ਉੱਦਾਂ-ਉੱਦਾਂ ਲੋਕਾਂ ਵਿਚ ਫੁੱਟ, ਪੱਖਪਾਤ ਤੇ ਨਫ਼ਰਤ ਵਧਦੀ ਜਾ ਰਹੀ ਹੈ। (ਗਲਾ. 5:19-21; 2 ਤਿਮੋ. 3:13) ਪਰ ਯਹੋਵਾਹ ਦੇ ਲੋਕ ਹੋਣ ਦੇ ਨਾਤੇ, ਸਾਨੂੰ “ਸਵਰਗੋਂ ਬੁੱਧ ਮਿਲੀ ਹੈ” ਜਿਸ ਕਰਕੇ ਸਾਡੀ ਮਦਦ ਹੁੰਦੀ ਹੈ ਕਿ ਅਸੀਂ ਨਿਰਪੱਖ ਰਹੀਏ ਅਤੇ ਸ਼ਾਂਤੀ ਵਧਾਈਏ। (ਯਾਕੂ. 3:17, 18) ਸਾਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਦੂਸਰੇ ਦੇਸ਼ ਦੇ ਲੋਕਾਂ ਨਾਲ ਦੋਸਤੀ ਕਰਦੇ ਹਾਂ, ਉਨ੍ਹਾਂ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਸਵੀਕਾਰ ਕਰਦੇ ਹਾਂ ਅਤੇ ਇੱਥੋਂ ਤਕ ਕਿ ਉਨ੍ਹਾਂ ਦੀ ਭਾਸ਼ਾ ਸਿੱਖਦੇ ਹਾਂ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਸਾਡੀ “ਸ਼ਾਂਤੀ ਨਦੀ ਵਾਂਙੁ” ਅਤੇ ਸਾਡਾ ਨਿਆਂ “ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ” ਹੈ।​—ਯਸਾ. 48:17, 18.

20. ਉਦੋਂ ਕੀ ਹੁੰਦਾ ਹੈ ਜਦੋਂ ਪਿਆਰ ਸਾਡੀ ਸੋਚ ਬਦਲ ਦਿੰਦਾ ਹੈ?

20 ਜਦੋਂ ਆਸਟ੍ਰੇਲੀਆ ਵਿਚ ਰਹਿਣ ਵਾਲੀ ਭੈਣ ਨੇ ਬਾਈਬਲ ਅਧਿਐਨ ਕਰਨਾ ਸ਼ੁਰੂ ਕੀਤਾ, ਤਾਂ ਹੌਲੀ-ਹੌਲੀ ਉਸ ਦੇ ਦਿਲ ਵਿੱਚੋਂ ਪੱਖਪਾਤ ਤੇ ਨਫ਼ਰਤ ਦੀਆਂ ਭਾਵਨਾਵਾਂ ਖ਼ਤਮ ਹੋ ਗਈਆਂ। ਪਿਆਰ ਨੇ ਉਸ ਦੀ ਸੋਚ ਨੂੰ ਬਦਲ ਦਿੱਤਾ। ਕੈਨੇਡਾ ਵਿਚ ਰਹਿੰਦਾ ਫ਼੍ਰੈਂਚ ਬੋਲਣ ਵਾਲਾ ਭਰਾ ਕਹਿੰਦਾ ਹੈ ਕਿ ਉਸ ਨੂੰ ਹੁਣ ਅਹਿਸਾਸ ਹੋਇਆ ਕਿ ਲੋਕ ਅਕਸਰ ਇਕ-ਦੂਜੇ ਨੂੰ ਇਸ ਲਈ ਨਫ਼ਰਤ ਕਰਦੇ ਹਨ ਕਿਉਂਕਿ ਉਹ ਇਕ-ਦੂਜੇ ਨੂੰ ਜਾਣਦੇ ਨਹੀਂ ਹੁੰਦੇ। ਉਸ ਨੇ ਸਿੱਖਿਆ ਕਿ “ਲੋਕਾਂ ਦੇ ਗੁਣ ਉਨ੍ਹਾਂ ਦੇ ਜਨਮ-ਸਥਾਨ ਉੱਤੇ ਨਿਰਭਰ ਨਹੀਂ ਕਰਦੇ।” ਉਸ ਨੇ ਅੰਗ੍ਰੇਜ਼ੀ ਬੋਲਣ ਵਾਲੀ ਭੈਣ ਨਾਲ ਵਿਆਹ ਕਰਵਾਇਆ। ਇਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਪਿਆਰ ਪੱਖਪਾਤ ਦੀਆਂ ਭਾਵਨਾਵਾਂ ਨੂੰ ਖ਼ਤਮ ਕਰ ਸਕਦਾ ਹੈ। ਪਿਆਰ ਸਾਨੂੰ ਏਕਤਾ ਦੇ ਉਸ ਬੰਧਨ ਵਿਚ ਬੰਨ੍ਹਦਾ ਹੈ ਜਿਸ ਨੂੰ ਤੋੜਿਆ ਨਹੀਂ ਜਾ ਸਕਦਾ।​—ਕੁਲੁ. 3:14.

^ ਪੈਰਾ 8 ਜਦੋਂ ਬਾਈਬਲ ਵਿਚ “ਭਰਾ” ਸ਼ਬਦ ਆਉਂਦਾ ਹੈ, ਤਾਂ ਇਸ ਵਿਚ ਭੈਣਾਂ ਵੀ ਸ਼ਾਮਲ ਹੋ ਸਕਦੀਆਂ ਹਨ। ਜਦੋਂ ਪੌਲੁਸ ਨੇ ਰੋਮ ਦੇ “ਭਰਾਵਾਂ” ਨੂੰ ਚਿੱਠੀ ਲਿਖੀ, ਤਾਂ ਜ਼ਾਹਰ ਹੈ ਕਿ ਉਹ ਭੈਣਾਂ ਨੂੰ ਵੀ ਲਿਖ ਰਿਹਾ ਸੀ ਕਿਉਂਕਿ ਉਸ ਦੀ ਚਿੱਠੀ ਵਿਚ ਕੁਝ ਭੈਣਾਂ ਦੇ ਨਾਂ ਸਨ। (ਰੋਮੀ. 16:3, 6, 12) ਬਹੁਤ ਸਾਲਾਂ ਤੋਂ ਪਹਿਰਾਬੁਰਜ ਵਿਚ ਮੰਡਲੀ ਦੇ ਮਸੀਹੀਆਂ ਨੂੰ ਭੈਣ-ਭਰਾ ਕਿਹਾ ਜਾ ਰਿਹਾ ਹੈ।