ਅਧਿਐਨ ਲੇਖ 24
ਯਹੋਵਾਹ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ
“ਹੇ ਯਹੋਵਾਹ, ਤੂੰ ਭਲਾ ਹੈਂ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈਂ; ਜੋ ਤੈਨੂੰ ਪੁਕਾਰਦੇ ਹਨ, ਤੂੰ ਉਨ੍ਹਾਂ ਨਾਲ ਬੇਹੱਦ ਅਟੱਲ ਪਿਆਰ ਕਰਦਾ ਹੈਂ।”—ਜ਼ਬੂ. 86:5.
ਗੀਤ 42 ਪਰਮੇਸ਼ੁਰ ਦੇ ਦਾਸ ਦੀ ਦੁਆ
ਖ਼ਾਸ ਗੱਲਾਂ *
1. ਉਪਦੇਸ਼ਕ ਦੀ ਕਿਤਾਬ 7:20 ਵਿਚ ਰਾਜਾ ਸੁਲੇਮਾਨ ਨੇ ਕਿਹੜੀ ਸੱਚਾਈ ਦੱਸੀ?
ਰਾਜਾ ਸੁਲੇਮਾਨ ਨੇ ਲਿਖਿਆ: “ਧਰਤੀ ਉੱਤੇ ਅਜਿਹਾ ਕੋਈ ਨੇਕ ਇਨਸਾਨ ਨਹੀਂ ਹੈ ਜੋ ਹਮੇਸ਼ਾ ਚੰਗੇ ਕੰਮ ਕਰੇ ਅਤੇ ਕਦੀ ਪਾਪ ਨਾ ਕਰੇ।” (ਉਪ. 7:20) ਜੀ ਹਾਂ, ਇਹ ਗੱਲ ਬਿਲਕੁਲ ਸੱਚ ਹੈ! ਅਸੀਂ ਸਾਰੇ ਪਾਪੀ ਹਾਂ। (1 ਯੂਹੰ. 1:8) ਇਸ ਲਈ ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਅਤੇ ਇਨਸਾਨਾਂ ਤੋਂ ਮਾਫ਼ੀ ਦੀ ਲੋੜ ਪੈਂਦੀ ਹੈ।
2. ਕਿਸੇ ਜਿਗਰੀ ਦੋਸਤ ਤੋਂ ਮਾਫ਼ੀ ਮਿਲਣ ਤੇ ਕਿਵੇਂ ਲੱਗਦਾ ਹੈ?
2 ਬਿਨਾਂ ਸ਼ੱਕ, ਤੁਹਾਨੂੰ ਉਹ ਸਮਾਂ ਯਾਦ ਹੋਣਾ ਜਦੋਂ ਤੁਸੀਂ ਆਪਣੇ ਕਿਸੇ ਜਿਗਰੀ ਦੋਸਤ ਨੂੰ ਠੇਸ ਪਹੁੰਚਾਈ ਸੀ। ਤੁਸੀਂ ਆਪਣੀ ਦੋਸਤੀ ਨੂੰ ਬਚਾਉਣਾ ਚਾਹੁੰਦੇ ਸੀ, ਇਸ ਲਈ ਤੁਸੀਂ ਆਪਣੇ ਦੋਸਤ ਤੋਂ ਦਿਲੋਂ ਮਾਫ਼ੀ ਮੰਗੀ ਹੋਣੀ। ਤੁਹਾਨੂੰ ਉਦੋਂ ਕਿਵੇਂ ਲੱਗਾ ਜਦੋਂ ਤੁਹਾਡੇ ਉਸ ਦੋਸਤ ਨੇ ਤੁਹਾਨੂੰ ਮਾਫ਼ ਕੀਤਾ ਸੀ? ਤੁਹਾਨੂੰ ਸੁੱਖ ਦਾ ਸਾਹ ਆਇਆ ਹੋਣਾ ਅਤੇ ਤੁਹਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਹੋਣਾ!
3. ਇਸ ਲੇਖ ਵਿਚ ਅਸੀਂ ਕੀ-ਕੀ ਦੇਖਾਂਗੇ?
3 ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡਾ ਜਿਗਰੀ ਦੋਸਤ ਬਣੇ, ਪਰ ਅਸੀਂ ਕਦੇ-ਨਾ-ਕਦੇ ਕੁਝ ਅਜਿਹਾ ਕਹਿ ਜਾਂ ਕਰ ਦਿੰਦੇ ਹਾਂ ਜਿਸ ਨਾਲ ਉਸ ਨੂੰ ਠੇਸ ਲੱਗਦੀ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ: ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਮਾਫ਼ ਕਰਨਾ ਚਾਹੁੰਦਾ ਹੈ? ਯਹੋਵਾਹ ਦੇ ਮਾਫ਼ ਕਰਨ ਅਤੇ ਇਨਸਾਨਾਂ ਦੇ ਮਾਫ਼ ਕਰਨ ਵਿਚ ਕੀ ਫ਼ਰਕ ਹੈ? ਨਾਲੇ ਅਖ਼ੀਰ ਵਿਚ ਅਸੀਂ ਦੇਖਾਂਗੇ, ਪਰਮੇਸ਼ੁਰ ਕਿਨ੍ਹਾਂ ਨੂੰ ਮਾਫ਼ ਕਰਦਾ ਹੈ?
ਯਹੋਵਾਹ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ
4. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ?
4 ਪਰਮੇਸ਼ੁਰ ਦਾ ਬਚਨ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਯਹੋਵਾਹ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। ਸੀਨਈ ਪਹਾੜ ʼਤੇ ਯਹੋਵਾਹ ਨੇ ਇਕ ਦੂਤ ਰਾਹੀਂ ਆਪਣੇ ਬਾਰੇ ਇਹ ਗੱਲ ਜ਼ਾਹਰ ਕੀਤੀ: “ਯਹੋਵਾਹ, ਯਹੋਵਾਹ, ਦਇਆਵਾਨ ਅਤੇ ਰਹਿਮਦਿਲ ਪਰਮੇਸ਼ੁਰ ਜੋ ਛੇਤੀ ਗੁੱਸਾ ਨਹੀਂ ਕਰਦਾ ਅਤੇ ਉਹ ਅਟੱਲ ਪਿਆਰ ਅਤੇ ਸੱਚਾਈ ਨਾਲ ਭਰਪੂਰ ਹੈ, ਉਹ ਹਜ਼ਾਰਾਂ ਨਾਲ ਅਟੱਲ ਪਿਆਰ ਕਰਦਾ ਹੈ ਅਤੇ ਗ਼ਲਤੀਆਂ, ਅਪਰਾਧ ਤੇ ਪਾਪ ਮਾਫ਼ ਕਰਦਾ ਹੈ।” (ਕੂਚ 34:6, 7) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਪਿਆਰ ਅਤੇ ਦਇਆ ਕਰਨ ਵਾਲਾ ਪਰਮੇਸ਼ੁਰ ਹੈ ਜੋ ਦਿਲੋਂ ਤੋਬਾ ਕਰਨ ਵਾਲੇ ਪਾਪੀਆਂ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ।—ਨਹ. 9:17; ਜ਼ਬੂ. 86:15.
5. ਜ਼ਬੂਰ 103:13, 14 ਮੁਤਾਬਕ ਸਾਨੂੰ ਚੰਗੀ ਤਰ੍ਹਾਂ ਜਾਣਨ ਕਰਕੇ ਯਹੋਵਾਹ ਕੀ ਕਰਨ ਲਈ ਪ੍ਰੇਰਿਤ ਹੁੰਦਾ ਹੈ?
5 ਸਾਡਾ ਸ੍ਰਿਸ਼ਟੀਕਰਤਾ ਹੋਣ ਕਰਕੇ ਯਹੋਵਾਹ ਸਾਡੀ ਰਗ-ਰਗ ਤੋਂ ਵਾਕਫ਼ ਹੈ। ਜ਼ਰਾ ਸੋਚੋ, ਉਹ ਧਰਤੀ ʼਤੇ ਰਹਿਣ ਵਾਲੇ ਹਰੇਕ ਇਨਸਾਨ ਬਾਰੇ ਸਭ ਕੁਝ ਜਾਣਦਾ ਹੈ! (ਜ਼ਬੂ. 139:15-17) ਇਸ ਕਰਕੇ ਉਹ ਸਾਡੀਆਂ ਸਾਰੀਆਂ ਕਮੀਆਂ-ਕਮਜ਼ੋਰੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਸਾਨੂੰ ਵਿਰਾਸਤ ਵਿਚ ਆਪਣੇ ਮਾਪਿਆਂ ਤੋਂ ਮਿਲੀਆਂ ਹਨ। ਇਸ ਤੋਂ ਇਲਾਵਾ, ਉਸ ਨੂੰ ਇਹ ਵੀ ਪਤਾ ਹੈ ਕਿ ਸਾਡੇ ਨਾਲ ਜ਼ਿੰਦਗੀ ਵਿਚ ਕੀ ਕੁਝ ਬੀਤਿਆ ਹੈ ਜਿਸ ਦਾ ਅਸਰ ਸਾਡੀ ਸ਼ਖ਼ਸੀਅਤ ʼਤੇ ਪਿਆ ਹੈ। ਜੀ ਹਾਂ, ਉਹ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ। ਤਾਂ ਫਿਰ, ਉਹ ਕੀ ਕਰਨ ਲਈ ਪ੍ਰੇਰਿਤ ਹੁੰਦਾ ਹੈ? ਉਹ ਸਾਡੇ ʼਤੇ ਰਹਿਮ ਕਰਨ ਲਈ ਪ੍ਰੇਰਿਤ ਹੁੰਦਾ ਹੈ।—ਜ਼ਬੂ. 78:39; ਜ਼ਬੂਰ 103:13, 14 ਪੜ੍ਹੋ।
6. ਯਹੋਵਾਹ ਨੇ ਕਿਵੇਂ ਸਬੂਤ ਦਿੱਤਾ ਕਿ ਉਹ ਸਾਨੂੰ ਮਾਫ਼ ਕਰਨਾ ਚਾਹੁੰਦਾ ਹੈ?
6 ਯਹੋਵਾਹ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਆਦਮ ਕਰਕੇ ਹੀ ਸਾਰੇ ਇਨਸਾਨਾਂ ਨੂੰ ਪਾਪ ਅਤੇ ਮੌਤ ਦਾ ਸਰਾਪ ਲੱਗਾ ਹੈ। (ਰੋਮੀ. 5:12) ਅਸੀਂ ਨਾ ਤਾਂ ਖ਼ੁਦ ਨੂੰ ਅਤੇ ਨਾ ਹੀ ਕਿਸੇ ਹੋਰ ਨੂੰ ਇਸ ਸਰਾਪ ਤੋਂ ਮੁਕਤ ਕਰਾ ਸਕਦੇ ਹਾਂ। (ਜ਼ਬੂ. 49:7-9) ਫਿਰ ਵੀ ਸਾਡੇ ਨਾਲ ਪਿਆਰ ਹੋਣ ਕਰਕੇ ਪਰਮੇਸ਼ੁਰ ਨੇ ਸਾਨੂੰ ਹਮਦਰਦੀ ਦਿਖਾਈ ਅਤੇ ਇਸ ਸਰਾਪ ਤੋਂ ਮੁਕਤ ਕਰਾਉਣ ਦਾ ਪ੍ਰਬੰਧ ਕੀਤਾ। ਯਹੋਵਾਹ ਦੇ ਇਸ ਪ੍ਰਬੰਧ ਤੋਂ ਸਬੂਤ ਮਿਲਦਾ ਹੈ ਕਿ ਉਹ ਸਾਨੂੰ ਮਾਫ਼ ਕਰਨਾ ਚਾਹੁੰਦਾ ਹੈ। ਇਹ ਗੱਲ ਯੂਹੰਨਾ 3:16 ਤੋਂ ਸਾਫ਼ ਪਤਾ ਲੱਗਦੀ ਹੈ। ਇਸ ਵਿਚ ਲਿਖਿਆ ਹੈ ਕਿ ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਸਾਡੀ ਖ਼ਾਤਰ ਮਰਨ ਲਈ ਭੇਜਿਆ। (ਮੱਤੀ 20:28; ਰੋਮੀ. 5:19) ਯਿਸੂ ਨੇ ਸਾਡੀ ਖ਼ਾਤਰ ਦਰਦਨਾਕ ਮੌਤ ਮਰਿਆ ਤਾਂਕਿ ਜਿਹੜਾ ਵੀ ਇਨਸਾਨ ਉਸ ʼਤੇ ਨਿਹਚਾ ਕਰੇ, ਉਹ ਇਸ ਸਰਾਪ ਤੋਂ ਮੁਕਤ ਹੋਵੇ। (ਇਬ. 2:9) ਜ਼ਰਾ ਸੋਚੋ, ਯਹੋਵਾਹ ਨੂੰ ਉਦੋਂ ਕਿੰਨਾ ਦੁੱਖ ਲੱਗਾ ਹੋਣਾ ਜਦੋਂ ਉਸ ਨੇ ਆਪਣੇ ਪਿਆਰੇ ਪੁੱਤਰ ਨੂੰ ਆਪਣੀਆਂ ਅੱਖਾਂ ਸਾਮ੍ਹਣੇ ਬੇਇੱਜ਼ਤ ਹੁੰਦਿਆਂ ਅਤੇ ਤੜਫ਼-ਤੜਫ਼ ਕੇ ਮਰਦਿਆਂ ਦੇਖਿਆ ਹੋਣਾ! ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਜੇ ਯਹੋਵਾਹ ਸਾਨੂੰ ਮਾਫ਼ ਨਾ ਕਰਨਾ ਚਾਹੁੰਦਾ ਹੁੰਦਾ, ਤਾਂ ਉਸ ਨੇ ਆਪਣੇ ਪੁੱਤਰ ਨੂੰ ਕਦੇ ਮਰਨ ਨਹੀਂ ਦੇਣਾ ਸੀ।
7. ਯਹੋਵਾਹ ਨੇ ਕਿਨ੍ਹਾਂ ਨੂੰ ਖੁੱਲ੍ਹੇ ਦਿਲ ਨਾਲ ਮਾਫ਼ ਕੀਤਾ?
7 ਬਾਈਬਲ ਵਿਚ ਅਜਿਹੇ ਬਹੁਤ ਸਾਰੇ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਯਹੋਵਾਹ ਨੇ ਖੁੱਲ੍ਹੇ ਦਿਲ ਨਾਲ ਮਾਫ਼ ਕੀਤਾ। (ਅਫ਼. 4:32) ਤੁਹਾਡੇ ਮਨ ਵਿਚ ਕਿਸ ਵਿਅਕਤੀ ਦਾ ਖ਼ਿਆਲ ਆਉਂਦਾ ਹੈ? ਸ਼ਾਇਦ ਤੁਹਾਡੇ ਮਨ ਵਿਚ ਰਾਜਾ ਮਨੱਸ਼ਹ ਦਾ ਖ਼ਿਆਲ ਆਵੇ। ਉਸ ਦੁਸ਼ਟ ਆਦਮੀ ਨੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬਹੁਤ ਹੀ ਘਿਣਾਉਣੇ ਕੰਮ ਕੀਤੇ ਸਨ। ਉਸ ਨੇ ਖ਼ੁਦ ਤਾਂ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕੀਤੀ ਹੀ, ਸਗੋਂ ਲੋਕਾਂ ਨੂੰ ਵੀ ਇਸ ਤਰ੍ਹਾਂ ਕਰਨ ਦੀ ਹੱਲਾਸ਼ੇਰੀ ਦਿੱਤੀ। ਉਸ ਨੇ ਝੂਠੇ ਦੇਵੀ-ਦੇਵਤਿਆਂ ਲਈ ਆਪਣੇ ਬੱਚਿਆਂ ਦੀਆਂ ਬਲ਼ੀਆਂ ਚੜ੍ਹਾਈਆਂ। ਇੰਨਾ ਹੀ ਨਹੀਂ, ਉਸ ਨੇ ਇਸ ਤੋਂ ਵੀ ਭੈੜਾ ਕੰਮ ਕੀਤਾ, ਉਸ ਨੇ ਝੂਠੇ ਦੇਵਤੇ ਦੀ ਇਕ ਘੜੀ ਹੋਈ ਮੂਰਤ ਯਹੋਵਾਹ ਦੇ ਭਵਨ ਵਿਚ ਰਖਵਾਈ। ਉਸ ਬਾਰੇ ਬਾਈਬਲ ਵਿਚ ਦੱਸਿਆ ਗਿਆ ਹੈ: “ਉਸ ਨੇ ਅਜਿਹੇ ਕੰਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਸਨ। ਇਸ ਤਰ੍ਹਾਂ ਉਸ ਨੇ ਉਸ ਦਾ ਕ੍ਰੋਧ ਭੜਕਾਇਆ।” (2 ਇਤਿ. 33:2-7) ਫਿਰ ਵੀ ਜਦੋਂ ਮਨੱਸ਼ਹ ਨੇ ਸੱਚੇ ਦਿਲੋਂ ਤੋਬਾ ਕੀਤੀ, ਤਾਂ ਯਹੋਵਾਹ ਨੇ ਉਸ ਨੂੰ ਖੁੱਲ੍ਹੇ ਦਿਲ ਨਾਲ ਮਾਫ਼ ਕਰ ਦਿੱਤਾ, ਇੱਥੋਂ ਤਕ ਕਿ ਪਰਮੇਸ਼ੁਰ ਨੇ ਉਸ ਨੂੰ ਉਸ ਦਾ ਰਾਜ ਵੀ ਵਾਪਸ ਮੋੜ ਦਿੱਤਾ। (2 ਇਤਿ. 33:12, 13) ਸ਼ਾਇਦ ਤੁਹਾਡੇ ਮਨ ਵਿਚ ਰਾਜਾ ਦਾਊਦ ਦਾ ਵੀ ਖ਼ਿਆਲ ਆਵੇ ਜਿਸ ਨੇ ਯਹੋਵਾਹ ਦੇ ਖ਼ਿਲਾਫ਼ ਗੰਭੀਰ ਪਾਪ ਕੀਤੇ ਸਨ, ਜਿਵੇਂ ਕਿ ਹਰਾਮਕਾਰੀ ਅਤੇ ਕਤਲ। ਫਿਰ ਵੀ ਜਦੋਂ ਦਾਊਦ ਨੇ ਆਪਣੀਆਂ ਗ਼ਲਤੀਆਂ ਨੂੰ ਮੰਨਿਆ ਅਤੇ ਦਿਲੋਂ ਤੋਬਾ ਕੀਤੀ, ਤਾਂ ਯਹੋਵਾਹ ਨੇ ਉਸ ਨੂੰ ਵੀ ਮਾਫ਼ ਕਰ ਦਿੱਤਾ। (2 ਸਮੂ. 12:9, 10, 13, 14) ਜੀ ਹਾਂ, ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਮਾਫ਼ ਕਰਨਾ ਚਾਹੁੰਦਾ ਹੈ। ਹੁਣ ਅਸੀਂ ਦੇਖਾਂਗੇ ਕਿ ਯਹੋਵਾਹ ਦੇ ਮਾਫ਼ ਕਰਨ ਅਤੇ ਇਨਸਾਨਾਂ ਦੇ ਮਾਫ਼ ਕਰਨ ਵਿਚ ਕੀ ਫ਼ਰਕ ਹੈ।
ਮਾਫ਼ ਕਰਨ ਵਿਚ ਯਹੋਵਾਹ ਬੇਮਿਸਾਲ
8. ਯਹੋਵਾਹ ਇਕ ਵਧੀਆ ਨਿਆਂਕਾਰ ਕਿਉਂ ਹੈ?
8 ਯਹੋਵਾਹ “ਸਾਰੀ ਦੁਨੀਆਂ ਦਾ ਨਿਆਂਕਾਰ” ਹੈ। (ਉਤ. 18:25) ਇਕ ਚੰਗੇ ਨਿਆਂਕਾਰ ਨੂੰ ਕਾਨੂੰਨ ਦੀ ਡੂੰਘੀ ਜਾਣਕਾਰੀ ਹੋਣੀ ਜ਼ਰੂਰੀ ਹੈ। ਇਹ ਗੱਲ ਯਹੋਵਾਹ ਬਾਰੇ ਬਿਲਕੁਲ ਸੱਚ ਹੈ ਕਿਉਂਕਿ ਉਹ ਸਾਡਾ ਨਿਆਂਕਾਰ ਹੋਣ ਦੇ ਨਾਲ-ਨਾਲ ਕਾਨੂੰਨ ਬਣਾਉਣ ਵਾਲਾ ਵੀ ਹੈ। (ਯਸਾ. 33:22) ਇਸ ਲਈ ਕੀ ਸਹੀ ਹੈ ਅਤੇ ਕੀ ਗ਼ਲਤ, ਇਸ ਬਾਰੇ ਯਹੋਵਾਹ ਤੋਂ ਵੱਧ ਹੋਰ ਕੋਈ ਨਹੀਂ ਜਾਣ ਸਕਦਾ। ਇਕ ਚੰਗੇ ਨਿਆਂਕਾਰ ਵਿਚ ਹੋਰ ਕੀ ਹੋਣਾ ਜ਼ਰੂਰੀ ਹੈ? ਚੰਗੇ ਨਿਆਂਕਾਰ ਲਈ ਜ਼ਰੂਰੀ ਹੈ ਕਿ ਕਿਸੇ ਮਾਮਲੇ ਬਾਰੇ ਕੋਈ ਵੀ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਉਸ ਨੂੰ ਮਾਮਲੇ ਬਾਰੇ ਸਾਰੀ ਸੱਚਾਈ ਪਤਾ ਹੋਵੇ। ਇਸ ਲਈ ਯਹੋਵਾਹ ਸਭ ਤੋਂ ਵਧੀਆ ਨਿਆਂਕਾਰ ਹੈ ਕਿਉਂਕਿ ਉਸ ਨੂੰ ਹਮੇਸ਼ਾ ਸਾਰੀ ਸੱਚਾਈ ਪਤਾ ਹੁੰਦੀ ਹੈ।
9. ਕਿਸੇ ਨੂੰ ਮਾਫ਼ ਕਰਨ ਦਾ ਫ਼ੈਸਲਾ ਕਰਦੇ ਵੇਲੇ ਯਹੋਵਾਹ ਨੂੰ ਕੀ ਕੁਝ ਪਤਾ ਹੁੰਦਾ ਹੈ?
9 ਇਨਸਾਨੀ ਨਿਆਂਕਾਰਾਂ ਤੋਂ ਉਲਟ, ਯਹੋਵਾਹ ਨੂੰ ਹਰ ਮਾਮਲੇ ਬਾਰੇ ਹਮੇਸ਼ਾ ਸਾਰੀ ਸੱਚਾਈ ਪਤਾ ਹੁੰਦੀ ਹੈ। (ਉਤ. 18:20, 21; ਜ਼ਬੂ. 90:8) ਉਹ ਇਨਸਾਨਾਂ ਵਾਂਗ ਨਹੀਂ ਹੈ ਜੋ ਸਿਰਫ਼ ਦੇਖ ਜਾਂ ਸੁਣ ਕੇ ਫ਼ੈਸਲਾ ਕਰਦੇ ਹਨ। ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਾਨੂੰ ਆਪਣੇ ਮਾਪਿਆਂ ਤੋਂ ਕਿਹੋ ਜਿਹਾ ਸੁਭਾਅ ਅਤੇ ਗੁਣ ਮਿਲੇ ਹਨ, ਸਾਡੀ ਪਰਵਰਿਸ਼ ਕਿਵੇਂ ਹੋਈ ਹੈ ਅਤੇ ਸਾਡਾ ਆਲਾ-ਦੁਆਲਾ ਕਿਹੋ ਜਿਹਾ ਹੈ। ਨਾਲੇ ਉਹ ਸਾਡੇ ਜਜ਼ਬਾਤਾਂ ਅਤੇ ਸੋਚਾਂ ਨੂੰ ਵੀ ਜਾਣਦਾ ਹੈ। ਉਸ ਨੂੰ ਪਤਾ ਹੈ ਕਿ ਇਨ੍ਹਾਂ ਸਾਰੀਆਂ ਗੱਲਾਂ ਦਾ ਸਾਡੇ ਕੰਮਾਂ ʼਤੇ ਕੀ ਅਸਰ ਪੈਂਦਾ ਹੈ। ਯਹੋਵਾਹ ਸਾਡੇ ਦਿਲਾਂ ਨੂੰ ਵੀ ਪੜ੍ਹ ਸਕਦਾ ਹੈ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਅਸੀਂ ਕਿਸ ਇਰਾਦੇ, ਸੋਚ ਤੇ ਇੱਛਾ ਨਾਲ ਕੋਈ ਕੰਮ ਕਰਦੇ ਹਾਂ। ਯਹੋਵਾਹ ਦੀਆਂ ਨਜ਼ਰਾਂ ਤੋਂ ਕੋਈ ਵੀ ਚੀਜ਼ ਲੁਕੀ ਹੋਈ ਨਹੀਂ ਹੈ। (ਇਬ. 4:13) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਯਹੋਵਾਹ ਕਿਸੇ ਨੂੰ ਮਾਫ਼ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਉਸ ਨੂੰ ਹਰ ਮਾਮਲੇ ਬਾਰੇ ਸਾਰੀ ਸੱਚਾਈ ਪਤਾ ਹੁੰਦੀ ਹੈ।
10. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦਾ ਨਿਆਂ ਹਮੇਸ਼ਾ ਸੱਚਾ ਤੇ ਸਹੀ ਹੁੰਦਾ ਹੈ? (ਬਿਵਸਥਾ ਸਾਰ 32:4)
10 ਯਹੋਵਾਹ ਦਾ ਨਿਆਂ ਹਮੇਸ਼ਾ ਸੱਚਾ ਤੇ ਸਹੀ ਹੁੰਦਾ ਹੈ। ਉਹ ਕਦੇ ਵੀ ਪੱਖਪਾਤ ਨਹੀਂ ਕਰਦਾ। ਉਹ ਕਿਸੇ ਦਾ ਰੰਗ-ਰੂਪ, ਧਨ-ਦੌਲਤ ਜਾਂ ਕਾਬਲੀਅਤਾਂ ਦੇਖ ਕੇ ਕਿਸੇ ਨੂੰ ਮਾਫ਼ ਨਹੀਂ ਕਰਦਾ। (1 ਸਮੂ. 16:7; ਯਾਕੂ. 2:1-4) ਨਾ ਤਾਂ ਯਹੋਵਾਹ ʼਤੇ ਕੋਈ ਦਬਾਅ ਪਾ ਅਤੇ ਨਾ ਹੀ ਕੋਈ ਉਸ ਨੂੰ ਰਿਸ਼ਵਤ ਦੇ ਕੇ ਖ਼ਰੀਦ ਸਕਦਾ ਹੈ। (2 ਇਤਿ. 19:7) ਉਹ ਗੁੱਸੇ ਵਿਚ ਆ ਕੇ ਜਾਂ ਜਜ਼ਬਾਤਾਂ ਵਿਚ ਵਹਿ ਕੇ ਫ਼ੈਸਲੇ ਨਹੀਂ ਕਰਦਾ। (ਕੂਚ 34:7) ਯਹੋਵਾਹ ਸਭ ਤੋਂ ਵਧੀਆ ਨਿਆਂਕਾਰ ਹੈ ਕਿਉਂਕਿ ਉਹ ਸਾਡੇ ਬਾਰੇ ਅਤੇ ਸਾਡੇ ਹਾਲਾਤਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ।—ਬਿਵਸਥਾ ਸਾਰ 32:4 ਪੜ੍ਹੋ।
11. ਯਹੋਵਾਹ ਮਾਫ਼ ਕਰਨ ਵਿਚ ਬੇਮਿਸਾਲ ਕਿਉਂ ਹੈ?
11 ਇਬਰਾਨੀ ਲਿਖਤਾਂ ਦੇ ਲਿਖਾਰੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਸਨ ਕਿ ਯਹੋਵਾਹ ਮਾਫ਼ ਕਰਨ ਵਿਚ ਬੇਮਿਸਾਲ ਹੈ। ਇਸ ਲਈ ਇਬਰਾਨੀ ਲਿਖਤਾਂ ਵਿਚ ਕਈ ਵਾਰ ਉਨ੍ਹਾਂ ਨੇ ਮਾਫ਼ੀ ਲਈ ਖ਼ਾਸ ਸ਼ਬਦ ਵਰਤਿਆ ਹੈ। ਇਸ ਬਾਰੇ ਇਕ ਕਿਤਾਬ ਵਿਚ ਦੱਸਿਆ ਹੈ ਕਿ ਇਹ ਸ਼ਬਦ ‘ਸਿਰਫ਼ ਪਰਮੇਸ਼ੁਰ ਦੁਆਰਾ ਕਿਸੇ ਪਾਪੀ ਇਨਸਾਨ ਨੂੰ ਮਾਫ਼ ਕਰਨ ਲਈ ਵਰਤਿਆ ਗਿਆ ਹੈ। ਇਹ ਸ਼ਬਦ ਕਦੇ ਵੀ ਕਿਸੇ ਇਨਸਾਨ ਦੁਆਰਾ ਦੂਜੇ ਇਨਸਾਨ ਨੂੰ ਮਾਫ਼ ਕਰਨ ਲਈ ਨਹੀਂ ਵਰਤਿਆ ਗਿਆ ਹੈ।’ ਇਕ ਇਨਸਾਨ ਦੂਸਰੇ ਇਨਸਾਨ ਨੂੰ ਪੂਰੀ ਤਰ੍ਹਾਂ ਮਾਫ਼ ਨਹੀਂ ਕਰ ਸਕਦਾ। ਸਿਰਫ਼ ਯਹੋਵਾਹ ਕੋਲ ਹੀ ਦਿਲੋਂ ਤੋਬਾ ਕਰਨ ਵਾਲੇ ਪਾਪੀ ਨੂੰ ਪੂਰੀ ਤਰ੍ਹਾਂ ਮਾਫ਼ ਕਰਨ ਦਾ ਅਧਿਕਾਰ ਹੈ। ਜਦੋਂ ਯਹੋਵਾਹ ਸਾਨੂੰ ਮਾਫ਼ ਕਰਦਾ ਹੈ, ਤਾਂ ਸਾਨੂੰ ਕਿੱਦਾਂ ਲੱਗਦਾ ਹੈ?
12-13. (ੳ) ਯਹੋਵਾਹ ਤੋਂ ਮਾਫ਼ੀ ਮਿਲਣ ਤੇ ਇਕ ਇਨਸਾਨ ਕਿਵੇਂ ਮਹਿਸੂਸ ਕਰਦਾ ਹੈ? (ਅ) ਯਹੋਵਾਹ ਸਾਨੂੰ ਕਿਸ ਹੱਦ ਤਕ ਮਾਫ਼ ਕਰਦਾ ਹੈ?
12 ਜਦੋਂ ਅਸੀਂ ਇਹ ਗੱਲ ਮੰਨ ਲੈਂਦੇ ਹਾਂ ਕਿ ਯਹੋਵਾਹ ਨੇ ਸਾਨੂੰ ਮਾਫ਼ ਕਰ ਦਿੱਤਾ ਹੈ, ਤਾਂ ਸਾਡੇ ਲਈ “ਰਾਹਤ ਦੇ ਦਿਨ” ਆਉਂਦੇ ਹਨ। ਨਾਲੇ ਸਾਨੂੰ ਮਨ ਦੀ ਸ਼ਾਂਤੀ ਅਤੇ ਸਾਫ਼ ਜ਼ਮੀਰ ਮਿਲਦੀ ਹੈ। ਸਿਰਫ਼ “ਯਹੋਵਾਹ ਵੱਲੋਂ” ਮਾਫ਼ੀ ਮਿਲਣ ʼਤੇ ਹੀ ਅਸੀਂ ਇੱਦਾਂ ਮਹਿਸੂਸ ਕਰਦੇ ਹਾਂ, ਨਾ ਕਿ ਕਿਸੇ ਇਨਸਾਨ ਵੱਲੋਂ ਮਾਫ਼ੀ ਮਿਲਣ ਤੇ। (ਰਸੂ. 3:19) ਜਦੋਂ ਯਹੋਵਾਹ ਸਾਨੂੰ ਮਾਫ਼ ਕਰਦਾ ਹੈ, ਤਾਂ ਉਹ ਸਾਡੇ ਨਾਲ ਦੁਬਾਰਾ ਇਸ ਤਰ੍ਹਾਂ ਰਿਸ਼ਤਾ ਜੋੜਦਾ ਹੈ ਜਿੱਦਾਂ ਅਸੀਂ ਕਦੇ ਕੋਈ ਪਾਪ ਕੀਤਾ ਹੀ ਨਾ ਹੋਵੇ।
13 ਇਕ ਵਾਰ ਜਦੋਂ ਯਹੋਵਾਹ ਸਾਡੇ ਪਾਪ ਮਾਫ਼ ਕਰ ਦਿੰਦਾ ਹੈ, ਤਾਂ ਉਹ ਫਿਰ ਕਦੇ ਵੀ ਸਾਨੂੰ ਉਸ ਪਾਪ ਲਈ ਦੋਸ਼ੀ ਨਹੀਂ ਠਹਿਰਾਉਂਦਾ ਜਾਂ ਦੁਬਾਰਾ ਉਸ ਲਈ ਸਜ਼ਾ ਨਹੀਂ ਦਿੰਦਾ। (ਯਸਾ. 43:25; ਯਿਰ. 31:34) ਉਹ ਸਾਡੇ ਪਾਪ ਸਾਡੇ ਤੋਂ ਇੰਨੀ ਦੂਰ ਸੁੱਟ ਦਿੰਦਾ ਹੈ “ਜਿੰਨਾ ਪੂਰਬ ਪੱਛਮ ਤੋਂ ਦੂਰ ਹੈ।” * (ਜ਼ਬੂ. 103:12) ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਮਾਫ਼ ਕਰਨ ਵਿਚ ਕਿੰਨਾ ਬੇਮਿਸਾਲ ਹੈ, ਤਾਂ ਕੀ ਸਾਡੇ ਦਿਲ ਸ਼ਰਧਾ ਨਾਲ ਨਹੀਂ ਭਰ ਜਾਂਦੇ। (ਜ਼ਬੂ. 130:4) ਪਰ ਯਹੋਵਾਹ ਕਿਨ੍ਹਾਂ ਨੂੰ ਮਾਫ਼ ਕਰਦਾ ਹੈ?
ਯਹੋਵਾਹ ਕਿਨ੍ਹਾਂ ਨੂੰ ਮਾਫ਼ ਕਰਦਾ ਹੈ?
14. ਯਹੋਵਾਹ ਕਿਸੇ ਨੂੰ ਮਾਫ਼ ਕਰਨ ਦਾ ਫ਼ੈਸਲਾ ਕਿਵੇਂ ਕਰਦਾ ਹੈ, ਇਸ ਬਾਰੇ ਅਸੀਂ ਹੁਣ ਤਕ ਕੀ ਸਿੱਖਿਆ?
14 ਹੁਣ ਤਕ ਅਸੀਂ ਦੇਖਿਆ ਕਿ ਯਹੋਵਾਹ ਕਿਸੇ ਨੂੰ ਮਾਫ਼ ਕਰਨ ਦਾ ਫ਼ੈਸਲਾ ਇਸ ਆਧਾਰ ʼਤੇ ਨਹੀਂ ਕਰਦਾ ਕਿ ਉਸ ਦਾ ਪਾਪ ਕਿੰਨਾ ਵੱਡਾ ਜਾਂ ਛੋਟਾ ਹੈ। ਯਹੋਵਾਹ ਸਾਡਾ ਸ੍ਰਿਸ਼ਟੀਕਰਤਾ, ਕਾਨੂੰਨ ਬਣਾਉਣ ਵਾਲਾ ਅਤੇ ਨਿਆਂਕਾਰ ਹੈ, ਇਸ ਕਰਕੇ ਉਸ ਕੋਲ ਸਾਰੀ ਜਾਣਕਾਰੀ ਹੁੰਦੀ ਹੈ ਜਿਸ ਦੇ ਆਧਾਰ ਤੇ ਉਹ ਕਿਸੇ ਨੂੰ ਮਾਫ਼ ਕਰਨ ਦਾ ਫ਼ੈਸਲਾ ਕਰਦਾ ਹੈ। ਇਸ ਤਰ੍ਹਾਂ ਕਰਦੇ ਵੇਲੇ ਯਹੋਵਾਹ ਹੋਰ ਕਿਹੜੀਆਂ ਖ਼ਾਸ ਗੱਲਾਂ ਦਾ ਧਿਆਨ ਰੱਖਦਾ ਹੈ?
15. ਲੂਕਾ 12:47, 48 ਮੁਤਾਬਕ ਯਹੋਵਾਹ ਕਿਹੜੀ ਗੱਲ ਦਾ ਧਿਆਨ ਰੱਖਦਾ ਹੈ?
15 ਯਹੋਵਾਹ ਇਸ ਗੱਲ ʼਤੇ ਗੌਰ ਕਰਦਾ ਹੈ: ਕੀ ਪਾਪ ਕਰਨ ਵਾਲੇ ਨੂੰ ਪਤਾ ਸੀ ਕਿ ਉਹ ਜੋ ਕਰ ਰਿਹਾ ਸੀ, ਉਹ ਗ਼ਲਤ ਸੀ? ਯਿਸੂ ਨੇ ਵੀ ਇਸ ਬਾਰੇ ਲੂਕਾ 12:47, 48 ਵਿਚ ਦੱਸਿਆ। (ਪੜ੍ਹੋ।) ਜੇ ਕੋਈ ਵਿਅਕਤੀ ਸਕੀਮਾਂ ਘੜ ਕੇ ਕੋਈ ਅਜਿਹਾ ਕੰਮ ਕਰਦਾ ਹੈ ਜੋ ਉਸ ਨੂੰ ਪਤਾ ਹੈ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਹੈ, ਤਾਂ ਉਹ ਗੰਭੀਰ ਪਾਪ ਕਰਦਾ ਹੈ। ਇਸ ਤਰ੍ਹਾਂ ਹੋਣ ਤੇ ਸ਼ਾਇਦ ਯਹੋਵਾਹ ਉਸ ਨੂੰ ਮਾਫ਼ ਨਾ ਕਰੇ। (ਮਰ. 3:29; ਯੂਹੰ. 9:41) ਇਹ ਸੱਚ ਹੈ ਕਿ ਕਈ ਵਾਰ ਸਾਨੂੰ ਪਤਾ ਹੁੰਦਾ ਹੈ ਕਿ ਜੋ ਅਸੀਂ ਕਰ ਰਹੇ ਹਾਂ, ਉਹ ਗ਼ਲਤ ਹੈ। ਤਾਂ ਫਿਰ, ਕੀ ਯਹੋਵਾਹ ਸਾਨੂੰ ਮਾਫ਼ ਕਰੇਗਾ? ਜੀ ਹਾਂ, ਪਰ ਆਓ ਆਪਾਂ ਦੇਖੀਏ ਕਿ ਯਹੋਵਾਹ ਇਸ ਤਰ੍ਹਾਂ ਦੇ ਮਾਮਲੇ ਵਿਚ ਮਾਫ਼ ਕਰਨ ਤੋਂ ਪਹਿਲਾਂ ਕਿਹੜੀ ਗੱਲ ਦਾ ਧਿਆਨ ਰੱਖਦਾ ਹੈ।
16. (ੳ) ਸੱਚੇ ਦਿਲੋਂ ਤੋਬਾ ਕਰਨ ਦਾ ਕੀ ਮਤਲਬ ਹੈ? (ਅ) ਯਹੋਵਾਹ ਤੋਂ ਮਾਫ਼ੀ ਪਾਉਣ ਲਈ ਕੀ ਕਰਨਾ ਜ਼ਰੂਰੀ ਹੈ?
16 ਯਹੋਵਾਹ ਇਕ ਹੋਰ ਗੱਲ ʼਤੇ ਵੀ ਗੌਰ ਕਰਦਾ ਹੈ: ਕੀ ਪਾਪ ਕਰਨ ਵਾਲੇ ਨੇ ਸੱਚੇ ਦਿਲੋਂ ਤੋਬਾ ਕੀਤੀ ਹੈ ਜਾਂ ਨਹੀਂ। ਸੱਚੇ ਦਿਲੋਂ ਤੋਬਾ ਕਰਨ ਦਾ ਮਤਲਬ ਹੈ, “ਆਪਣੀ ਗ਼ਲਤ ਸੋਚ, ਰਵੱਈਏ ਜਾਂ ਇਰਾਦੇ ਨੂੰ ਪੂਰੀ ਤਰ੍ਹਾਂ ਬਦਲਣਾ।” ਇਸ ਦਾ ਮਤਲਬ ਹੈ ਕਿ ਤੋਬਾ ਕਰਨ ਵਾਲੇ ਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਹੋਣਾ ਚਾਹੀਦਾ ਹੈ ਕਿ ਉਸ ਨੇ ਗ਼ਲਤ ਕੰਮ ਕੀਤਾ ਜਾਂ ਉਸ ਨੂੰ ਜੋ ਸਹੀ ਕੰਮ ਕਰਨਾ ਚਾਹੀਦਾ ਸੀ, ਉਸ ਨੇ ਨਹੀਂ ਕੀਤਾ। ਇੰਨਾ ਹੀ ਨਹੀਂ, ਉਸ ਨੂੰ ਇਸ ਗੱਲ ਦਾ ਵੀ ਦੁੱਖ ਹੋਣਾ ਚਾਹੀਦਾ ਹੈ ਕਿ ਉਸ ਨੇ ਯਹੋਵਾਹ ਨਾਲ ਆਪਣਾ ਰਿਸ਼ਤਾ ਕਮਜ਼ੋਰ ਹੋਣ ਦਿੱਤਾ ਜਿਸ ਕਰਕੇ ਉਸ ਨੇ ਪਾਪ ਕੀਤਾ। ਜ਼ਰਾ ਯਾਦ ਕਰੋ ਕਿ ਰਾਜਾ ਮਨੱਸ਼ਹ ਅਤੇ ਰਾਜਾ ਦਾਊਦ ਦੋਹਾਂ ਨੇ ਕਿੰਨੇ ਗੰਭੀਰ ਪਾਪ ਕੀਤੇ ਸਨ। ਪਰ ਯਹੋਵਾਹ ਨੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਕਿਉਂਕਿ ਉਨ੍ਹਾਂ ਦੋਹਾਂ ਨੇ ਸੱਚੇ ਦਿਲੋਂ ਤੋਬਾ ਕੀਤੀ ਸੀ। (1 ਰਾਜ. 14:8) ਜੀ ਹਾਂ, ਯਹੋਵਾਹ ਸਾਨੂੰ ਸਿਰਫ਼ ਉਦੋਂ ਮਾਫ਼ ਕਰਦਾ ਹੈ ਜਦੋਂ ਅਸੀਂ ਸੱਚੇ ਦਿਲੋਂ ਤੋਬਾ ਕਰਦੇ ਹਾਂ। ਪਰ ਸਾਡੇ ਲਈ ਆਪਣੇ ਪਾਪਾਂ ʼਤੇ ਸਿਰਫ਼ ਅਫ਼ਸੋਸ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਸਾਨੂੰ ਯਹੋਵਾਹ ਤੋਂ ਮਾਫ਼ੀ ਪਾਉਣ ਲਈ ਕਦਮ ਵੀ ਚੁੱਕਣੇ ਚਾਹੀਦੇ ਹਨ। * ਆਓ ਆਪਾਂ ਦੇਖੀਏ ਕਿ ਯਹੋਵਾਹ ਮਾਫ਼ ਕਰਨ ਵੇਲੇ ਹੋਰ ਕਿਹੜੀ ਗੱਲ ਧਿਆਨ ਵਿਚ ਰੱਖਦਾ ਹੈ।
17. ਆਪਣੇ ਆਪ ਨੂੰ ਬਦਲਣ ਦਾ ਕੀ ਮਤਲਬ ਹੈ ਅਤੇ ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ? (ਯਸਾਯਾਹ 55:7)
17 ਯਹੋਵਾਹ ਇਹ ਵੀ ਧਿਆਨ ਵਿਚ ਰੱਖਦਾ ਹੈ ਕਿ ਪਾਪ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਬਦਲਿਆ ਹੈ ਜਾਂ ਨਹੀਂ। ਆਪਣੇ ਆਪ ਨੂੰ ਬਦਲਣ ਦਾ ਮਤਲਬ ਹੈ ਕਿ ਆਪਣੇ ਬੁਰੇ ਰਾਹਾਂ ਨੂੰ ਛੱਡ ਕੇ ਯਹੋਵਾਹ ਦੇ ਰਾਹਾਂ ʼਤੇ ਚੱਲਣਾ। (ਯਸਾਯਾਹ 55:7 ਪੜ੍ਹੋ।) ਗ਼ਲਤੀ ਕਰਨ ਵਾਲੇ ਵਿਅਕਤੀ ਨੂੰ ਆਪਣੀ ਸੋਚ ਪੂਰੀ ਤਰ੍ਹਾਂ ਬਦਲਣੀ ਚਾਹੀਦੀ ਹੈ ਤਾਂਕਿ ਉਹ ਯਹੋਵਾਹ ਦੀ ਸੋਚ ਮੁਤਾਬਕ ਚੱਲ ਸਕੇ। (ਰੋਮੀ. 12:2; ਅਫ਼. 4:23) ਉਸ ਨੂੰ ਆਪਣੀਆਂ ਪੁਰਾਣੀਆਂ ਗ਼ਲਤ ਸੋਚਾਂ ਤੇ ਕੰਮਾਂ ਨੂੰ ਛੱਡਣ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ। (ਕੁਲੁ. 3:7-10) ਬਿਨਾਂ ਸ਼ੱਕ, ਸਾਨੂੰ ਮਸੀਹ ਦੀ ਕੁਰਬਾਨੀ ʼਤੇ ਨਿਹਚਾ ਕਰਨੀ ਚਾਹੀਦੀ ਹੈ ਕਿਉਂਕਿ ਇਸੇ ਆਧਾਰ ʼਤੇ ਯਹੋਵਾਹ ਸਾਨੂੰ ਮਾਫ਼ ਕਰਦਾ ਹੈ ਅਤੇ ਸਾਡੇ ਪਾਪ ਧੋ ਦਿੰਦਾ ਹੈ। ਜਦੋਂ ਯਹੋਵਾਹ ਦੇਖਦਾ ਹੈ ਕਿ ਅਸੀਂ ਸੱਚੇ ਦਿਲੋਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਹ ਸਾਨੂੰ ਯਿਸੂ ਦੀ ਕੁਰਬਾਨੀ ਦੇ ਆਧਾਰ ʼਤੇ ਮਾਫ਼ ਕਰ ਦਿੰਦਾ ਹੈ।—1 ਯੂਹੰ. 1:7.
ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਮਾਫ਼ ਕਰੇਗਾ
18. ਅਸੀਂ ਹੁਣ ਤਕ ਕੀ ਸਿੱਖਿਆ?
18 ਆਓ ਦੇਖੀਏ ਕਿ ਅਸੀਂ ਹੁਣ ਤਕ ਕਿਹੜੀਆਂ ਜ਼ਰੂਰੀ ਗੱਲਾਂ ਸਿੱਖੀਆਂ ਹਨ। ਪੂਰੀ ਕਾਇਨਾਤ ਵਿਚ ਹੋਰ ਕੋਈ ਨਹੀਂ ਹੈ ਜੋ ਯਹੋਵਾਹ ਵਾਂਗ ਖੁੱਲ੍ਹੇ ਦਿਲ ਨਾਲ ਮਾਫ਼ ਕਰਦਾ ਹੋਵੇ। ਅਸੀਂ ਇਹ ਗੱਲ ਕਿਸ ਆਧਾਰ ʼਤੇ ਕਹਿ ਸਕਦੇ ਹਾਂ? ਪਹਿਲੀ ਗੱਲ, ਉਹ ਸਾਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਦੂਜੀ ਗੱਲ, ਉਹ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਸ ਨੇ ਸਾਨੂੰ ਬਣਾਇਆ ਹੈ, ਇਸ ਕਰਕੇ ਸਿਰਫ਼ ਉਹੀ ਇਹ ਗੱਲ ਜਾਣਨ ਦੇ ਪੂਰੀ ਤਰ੍ਹਾਂ ਕਾਬਲ ਹੈ ਕਿ ਅਸੀਂ ਸੱਚੇ ਦਿਲੋਂ ਤੋਬਾ ਕੀਤੀ ਹੈ ਜਾਂ ਨਹੀਂ। ਤੀਜੀ ਗੱਲ, ਯਹੋਵਾਹ ਸਾਡੇ ਪਾਪ ਪੂਰੀ ਤਰ੍ਹਾਂ ਮਿਟਾ ਦਿੰਦਾ ਹੈ, ਜਿਵੇਂ ਸਲੇਟ ਨੂੰ ਪੂੰਝ ਕੇ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਜਾਂਦਾ ਹੈ। ਯਹੋਵਾਹ ਦੀਆਂ ਨਜ਼ਰਾਂ ਵਿਚ ਅਸੀਂ ਇਸ ਤਰ੍ਹਾਂ ਹੁੰਦੇ ਹਾਂ ਜਿਵੇਂ ਅਸੀਂ ਕਦੇ ਕੋਈ ਪਾਪ ਕੀਤਾ ਹੀ ਨਾ ਹੋਵੇ। ਇਸ ਕਰਕੇ ਸਾਡੀ ਜ਼ਮੀਰ ਫਿਰ ਤੋਂ ਸਾਫ਼ ਹੋ ਜਾਂਦੀ ਹੈ ਅਤੇ ਅਸੀਂ ਯਹੋਵਾਹ ਦੀ ਮਿਹਰ ਪਾਉਂਦੇ ਹਾਂ।
19. ਚਾਹੇ ਅਸੀਂ ਨਾਮੁਕੰਮਲ ਹਾਂ ਅਤੇ ਪਾਪ ਕਰ ਬੈਠਦੇ ਹਾਂ, ਫਿਰ ਵੀ ਅਸੀਂ ਖ਼ੁਸ਼ ਕਿਉਂ ਹੋ ਸਕਦੇ ਹਾਂ?
19 ਬਿਨਾਂ ਸ਼ੱਕ, ਨਾਮੁਕੰਮਲ ਹੋਣ ਕਰਕੇ ਸਾਡੇ ਤੋਂ ਪਾਪ ਹੁੰਦੇ ਹੀ ਰਹਿਣਗੇ। ਇਨਸਾਈਟ ਔਨ ਦ ਸਕ੍ਰਿਪਚਰਸ, ਖੰਡ 2 ਦੇ ਸਫ਼ੇ 771 ʼਤੇ ਲਿਖੀਆਂ ਗੱਲਾਂ ਤੋਂ ਸਾਨੂੰ ਦਿਲਾਸਾ ਮਿਲ ਸਕਦਾ ਹੈ। ਇੱਥੇ ਲਿਖਿਆ ਹੈ: “ਯਹੋਵਾਹ ਦਇਆਵਾਨ ਹੈ ਅਤੇ ਉਹ ਜਾਣਦਾ ਹੈ ਕਿ ਉਸ ਦੇ ਸੇਵਕਾਂ ਵਿਚ ਕਮੀਆਂ-ਕਮਜ਼ੋਰੀਆਂ ਹਨ। ਇਸ ਲਈ ਉਸ ਦੇ ਸੇਵਕਾਂ ਨੂੰ ਇਹ ਸੋਚ ਕੇ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿ ਉਹ ਨਾਮੁਕੰਮਲ ਹਨ ਅਤੇ ਉਨ੍ਹਾਂ ਤੋਂ ਗ਼ਲਤੀਆਂ ਹੁੰਦੀਆਂ ਹਨ। (ਜ਼ਬੂ. 103:8-14; 130:3) ਜੇ ਉਹ ਆਪਣੇ ਵੱਲੋਂ ਪੂਰੀ ਵਾਹ ਲਾ ਕੇ ਪਰਮੇਸ਼ੁਰ ਮੁਤਾਬਕ ਆਪਣੀ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਉਹ ਖ਼ੁਸ਼ ਹੋ ਸਕਦੇ ਹਨ। (ਫ਼ਿਲਿ. 4:4-6; 1 ਯੂਹੰ. 3:19-22)।” ਇਹ ਗੱਲ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ!
20. ਅਗਲੇ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ?
20 ਜਦੋਂ ਅਸੀਂ ਆਪਣੇ ਪਾਪਾਂ ਲਈ ਸੱਚੇ ਦਿਲੋਂ ਤੋਬਾ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਹਮੇਸ਼ਾ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। ਅਸੀਂ ਇਸ ਗੱਲ ਲਈ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ! ਪਰ ਮਾਫ਼ ਕਰਨ ਬਾਰੇ ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ? ਜਿਸ ਤਰੀਕੇ ਨਾਲ ਯਹੋਵਾਹ ਸਾਨੂੰ ਮਾਫ਼ ਕਰਦਾ ਹੈ ਅਤੇ ਜਿਸ ਤਰੀਕੇ ਨਾਲ ਅਸੀਂ ਦੂਜਿਆਂ ਨੂੰ ਮਾਫ਼ ਕਰਦੇ ਹਾਂ, ਉਸ ਵਿਚ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ ਅਤੇ ਕਿਹੜੀਆਂ ਗੱਲਾਂ ਵਿਚ ਫ਼ਰਕ ਹੈ? ਇਸ ਫ਼ਰਕ ਨੂੰ ਸਮਝਣਾ ਕਿਉਂ ਜ਼ਰੂਰੀ ਹੈ? ਅਗਲੇ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ।
ਗੀਤ 45 ਮੇਰੇ ਮਨ ਦੇ ਖ਼ਿਆਲ
^ ਯਹੋਵਾਹ ਆਪਣੇ ਬਚਨ ਰਾਹੀਂ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਦਿਲੋਂ ਤੋਬਾ ਕਰਨ ਵਾਲੇ ਪਾਪੀਆਂ ਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। ਫਿਰ ਵੀ ਕਈ ਵਾਰ ਸਾਨੂੰ ਲੱਗ ਸਕਦਾ ਹੈ ਕਿ ਅਸੀਂ ਉਸ ਦੀ ਮਾਫ਼ੀ ਦੇ ਲਾਇਕ ਨਹੀਂ ਹਾਂ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਜਦੋਂ ਅਸੀਂ ਆਪਣੇ ਪਾਪਾਂ ਲਈ ਦਿਲੋਂ ਮਾਫ਼ੀ ਮੰਗਦੇ ਹਾਂ, ਤਾਂ ਸਾਡਾ ਪਰਮੇਸ਼ੁਰ ਸਾਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ।
^ ਸ਼ਬਦਾਂ ਦਾ ਮਤਲਬ: “ਤੋਬਾ” ਕਰਨ ਦਾ ਮਤਲਬ ਹੈ, ਆਪਣਾ ਮਨ ਬਦਲਣਾ ਅਤੇ ਆਪਣੀ ਬੀਤੀ ਜ਼ਿੰਦਗੀ ਅਤੇ ਗ਼ਲਤ ਕੰਮਾਂ ਉੱਤੇ ਪਛਤਾਵਾ ਕਰਨਾ ਜਾਂ ਸਹੀ ਕੰਮ ਨਾ ਕਰਨ ਕਰਕੇ ਪਛਤਾਵਾ ਕਰਨਾ। ਸੱਚੇ ਮਨੋਂ ਤੋਬਾ ਕਰਨ ਵਾਲਾ ਬੁਰੇ ਕੰਮ ਛੱਡ ਕੇ ਚੰਗੇ ਕੰਮ ਕਰਦਾ ਹੈ। ਇਸ ਤਰ੍ਹਾਂ ਕਰਨ ਨਾਲ ਇਕ ਇਨਸਾਨ ਆਪਣੇ ਬੁਰੇ ਰਾਹ ਨੂੰ ਛੱਡ ਕੇ ਸਹੀ ਰਾਹ ʼਤੇ ਚੱਲਣ ਲੱਗ ਪੈਂਦਾ ਹੈ।