ਅਧਿਐਨ ਲੇਖ 28
ਪਰਮੇਸ਼ੁਰ ਦਾ ਡਰ ਰੱਖਣ ਕਰਕੇ ਹਮੇਸ਼ਾ ਭਲਾ ਹੁੰਦਾ ਹੈ
“ਖਰੇ ਰਾਹ ʼਤੇ ਚੱਲਣ ਵਾਲਾ ਯਹੋਵਾਹ ਦਾ ਡਰ ਰੱਖਦਾ ਹੈ।”—ਕਹਾ. 14:2.
ਗੀਤ 122 ਤਕੜੇ ਹੋਵੋ, ਦ੍ਰਿੜ੍ਹ ਬਣੋ!
ਖ਼ਾਸ ਗੱਲਾਂ a
1-2. ਲੂਤ ਵਾਂਗ ਅੱਜ ਮਸੀਹੀਆਂ ਸਾਮ੍ਹਣੇ ਵੀ ਕਿਹੜੀ ਮੁਸ਼ਕਲ ਖੜ੍ਹੀ ਹੁੰਦੀ ਹੈ?
ਅੱਜ ਲੋਕ ਬੁਰੇ ਤੋਂ ਬੁਰੇ ਹੁੰਦੇ ਜਾ ਰਹੇ ਹਨ। ਇਹ ਸਭ ਦੇਖ ਕੇ ਅਸੀਂ ਧਰਮੀ ਲੂਤ ਵਾਂਗ ਮਹਿਸੂਸ ਕਰਦੇ ਹਾਂ। ਉਹ “ਇਸ ਗੱਲੋਂ ਬੜਾ ਦੁਖੀ ਹੁੰਦਾ ਸੀ ਕਿ ਬੁਰੇ ਲੋਕ ਕਿੰਨੇ ਬੇਸ਼ਰਮ ਹੋ ਕੇ ਗ਼ਲਤ ਕੰਮ ਕਰਦੇ ਸਨ।” ਕਿਉਂ? ਕਿਉਂਕਿ ਉਸ ਨੂੰ ਪਤਾ ਸੀ ਕਿ ਸਾਡਾ ਸਵਰਗੀ ਪਿਤਾ ਇੱਦਾਂ ਦੇ ਗ਼ਲਤ ਕੰਮਾਂ ਨਾਲ ਨਫ਼ਰਤ ਕਰਦਾ ਹੈ। (2 ਪਤ. 2:7, 8) ਪਰਮੇਸ਼ੁਰ ਦਾ ਡਰ ਰੱਖਣ ਅਤੇ ਉਸ ਨਾਲ ਪਿਆਰ ਹੋਣ ਕਰਕੇ ਲੂਤ ਆਪਣੇ ਆਲੇ-ਦੁਆਲੇ ਦੇ ਲੋਕਾਂ ਵਰਗਾ ਨਹੀਂ ਬਣਿਆ। ਅੱਜ ਅਸੀਂ ਵੀ ਅਜਿਹੇ ਲੋਕਾਂ ਨਾਲ ਘਿਰੇ ਹੋਏ ਹਾਂ ਜੋ ਯਹੋਵਾਹ ਦੇ ਮਿਆਰਾਂ ਦੀ ਥੋੜ੍ਹੀ-ਬਹੁਤੀ ਜਾਂ ਬਿਲਕੁਲ ਵੀ ਪਰਵਾਹ ਨਹੀਂ ਕਰਦੇ। ਇਸ ਦੇ ਬਾਵਜੂਦ, ਜੇ ਅਸੀਂ ਯਹੋਵਾਹ ਨਾਲ ਆਪਣਾ ਪਿਆਰ ਬਣਾਈ ਰੱਖੀਏ ਅਤੇ ਆਪਣੇ ਮਨ ਵਿਚ ਉਸ ਦਾ ਡਰ ਪੈਦਾ ਕਰੀਏ, ਤਾਂ ਅਸੀਂ ਆਪਣਾ ਚਾਲ-ਚਲਣ ਸ਼ੁੱਧ ਰੱਖ ਸਕਦੇ ਹਾਂ।—ਕਹਾ. 14:2.
2 ਯਹੋਵਾਹ ਇਸ ਤਰ੍ਹਾਂ ਕਰਨ ਵਿਚ ਸਾਡੀ ਮਦਦ ਕਰਦਾ ਹੈ। ਉਹ ਕਹਾਉਤਾਂ ਦੀ ਕਿਤਾਬ ਦੇ ਜ਼ਰੀਏ ਸਾਨੂੰ ਇੱਦਾਂ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ। ਇਸ ਵਿਚ ਦਰਜ ਬੁੱਧ ਦੀਆਂ ਸਲਾਹਾਂ ਤੋਂ ਸਾਰੇ ਮਸੀਹੀਆਂ ਨੂੰ ਜ਼ਰੂਰ ਫ਼ਾਇਦਾ ਹੋ ਸਕਦਾ ਹੈ, ਫਿਰ ਚਾਹੇ ਉਹ ਆਦਮੀ, ਔਰਤ, ਜਵਾਨ ਤੇ ਸਿਆਣੀ ਉਮਰ ਦੇ ਹੀ ਕਿਉਂ ਨਾ ਹੋਣ।
ਪਰਮੇਸ਼ੁਰ ਦਾ ਡਰ ਸਾਡੀ ਹਿਫਾਜ਼ਤ ਕਰਦਾ ਹੈ
3. ਕਹਾਉਤਾਂ 17:3 ਮੁਤਾਬਕ ਕਿਹੜੇ ਇਕ ਕਾਰਨ ਕਰਕੇ ਸਾਨੂੰ ਆਪਣੇ ਦਿਲ ਦੀ ਰਾਖੀ ਕਰਨੀ ਚਾਹੀਦੀ ਹੈ? (ਤਸਵੀਰ ਵੀ ਦੇਖੋ।)
3 ਆਪਣੇ ਦਿਲ ਦੀ ਰਾਖੀ ਕਰਨ ਦਾ ਇਕ ਅਹਿਮ ਕਾਰਨ ਹੈ ਕਿ ਯਹੋਵਾਹ ਸਾਡੇ ਦਿਲਾਂ ਨੂੰ ਜਾਂਚਦਾ ਹੈ। ਇਸ ਦਾ ਮਤਲਬ ਹੈ ਕਿ ਉਹ ਕਿਸੇ ਵੀ ਇਨਸਾਨ ਨਾਲੋਂ ਸਾਡੇ ਬਾਰੇ ਜ਼ਿਆਦਾ ਜਾਣਦਾ ਹੈ ਅਤੇ ਉਸ ਨੂੰ ਪਤਾ ਹੈ ਕਿ ਅਸੀਂ ਅਸਲ ਵਿਚ ਕਿਹੋ ਜਿਹੇ ਇਨਸਾਨ ਹਾਂ। (ਕਹਾਉਤਾਂ 17:3 ਪੜ੍ਹੋ।) ਜੇ ਅਸੀਂ ਆਪਣੇ ਦਿਲ-ਦਿਮਾਗ਼ ਨੂੰ ਪਰਮੇਸ਼ੁਰ ਦੀ ਬੁੱਧ ਨਾਲ ਭਰਾਂਗੇ, ਤਾਂ ਉਹ ਸਾਨੂੰ ਪਿਆਰ ਕਰੇਗਾ। (ਯੂਹੰ. 4:14) ਇਸ ਤਰ੍ਹਾਂ ਸ਼ੈਤਾਨ ਅਤੇ ਉਸ ਦੀ ਦੁਨੀਆਂ ਦੇ ਬੁਰੇ ਨੈਤਿਕ ਮਿਆਰਾਂ ਅਤੇ ਝੂਠੀਆਂ ਗੱਲਾਂ ਦਾ ਸਾਡੇ ʼਤੇ ਕੋਈ ਅਸਰ ਨਹੀਂ ਪਵੇਗਾ। (1 ਯੂਹੰ. 5:18, 19) ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਦੇ ਨੇੜੇ ਜਾਵਾਂਗੇ, ਉਸ ਲਈ ਸਾਡੇ ਦਿਲ ਵਿਚ ਪਿਆਰ ਤੇ ਆਦਰ ਹੋਰ ਵਧਦਾ ਜਾਵੇਗਾ। ਅਸੀਂ ਆਪਣੇ ਪਿਤਾ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ, ਇਸ ਕਰਕੇ ਅਸੀਂ ਪਾਪ ਕਰਨ ਦੇ ਖ਼ਿਆਲ ਤੋਂ ਵੀ ਨਫ਼ਰਤ ਕਰਦੇ ਹਾਂ। ਜਦੋਂ ਅਸੀਂ ਗ਼ਲਤ ਕੰਮ ਕਰਨ ਲਈ ਭਰਮਾਏ ਜਾਂਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ: ‘ਮੈਂ ਪਰਮੇਸ਼ੁਰ ਨੂੰ ਜਾਣ-ਬੁੱਝ ਕੇ ਕਿੱਦਾਂ ਦੁਖੀ ਕਰ ਸਕਦਾ ਹਾਂ ਜਿਸ ਨੇ ਮੇਰੇ ਨਾਲ ਇੰਨਾ ਜ਼ਿਆਦਾ ਪਿਆਰ ਕੀਤਾ ਹੈ?’—1 ਯੂਹੰ. 4:9, 10.
4. ਅਜ਼ਮਾਇਸ਼ ਦੌਰਾਨ ਇਕ ਭੈਣ ਦੀ ਹਿਫਾਜ਼ਤ ਕਿਵੇਂ ਹੋਈ?
4 ਕ੍ਰੋਏਸ਼ੀਆ ਦੀ ਰਹਿਣ ਵਾਲੀ ਭੈਣ ਮਾਰਥਾ ʼਤੇ ਹਰਾਮਕਾਰੀ ਕਰਨ ਦੀ ਅਜ਼ਮਾਇਸ਼ ਆਈ ਸੀ। ਉਹ ਲਿਖਦੀ ਹੈ: “ਮੇਰੇ ਲਈ ਸਾਫ਼-ਸਾਫ਼ ਸੋਚਣਾ ਅਤੇ ਗ਼ਲਤ ਕੰਮ ਕਰਨ ਦੀ ਇੱਛਾ ʼਤੇ ਕਾਬੂ ਪਾਉਣਾ ਬੜਾ ਔਖਾ ਸੀ। ਪਰ ਯਹੋਵਾਹ ਦਾ ਡਰ ਰੱਖਣ ਕਰਕੇ ਮੇਰੀ ਹਿਫਾਜ਼ਤ ਹੋਈ।” b ਕਿਵੇਂ? ਮਾਰਥਾ ਦੱਸਦੀ ਹੈ ਕਿ ਉਸ ਨੇ ਗ਼ਲਤ ਕੰਮ ਕਰਨ ਦੇ ਨਤੀਜਿਆਂ ʼਤੇ ਸੋਚ-ਵਿਚਾਰ ਕੀਤਾ। ਅਸੀਂ ਵੀ ਇੱਦਾਂ ਕਰ ਸਕਦੇ ਹਾਂ। ਅਸੀਂ ਸੋਚ ਸਕਦੇ ਹਾਂ ਕਿ ਗ਼ਲਤ ਕੰਮ ਕਰਨ ਦਾ ਸਭ ਤੋਂ ਭੈੜਾ ਨਤੀਜਾ ਕੀ ਨਿਕਲੇਗਾ? ਇਹੀ ਕਿ ਅਸੀਂ ਯਹੋਵਾਹ ਦੇ ਦਿਲ ਨੂੰ ਦੁਖੀ ਕਰਾਂਗੇ ਅਤੇ ਹਮੇਸ਼ਾ-ਹਮੇਸ਼ਾ ਲਈ ਉਸ ਦੀ ਭਗਤੀ ਕਰਨ ਦਾ ਮੌਕਾ ਗੁਆ ਬੈਠਾਂਗੇ।—ਉਤ. 6:5, 6.
5. ਤੁਸੀਂ ਲਿਓ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹੋ?
5 ਯਹੋਵਾਹ ਦਾ ਡਰ ਰੱਖਣ ਕਰਕੇ ਅਸੀਂ ਗ਼ਲਤ ਕੰਮ ਕਰਨ ਵਾਲਿਆਂ ਨਾਲ ਦੋਸਤੀ ਨਹੀਂ ਕਰਦੇ। ਕਾਂਗੋ ਦੇ ਰਹਿਣ ਵਾਲੇ ਭਰਾ ਲਿਓ ਨੇ ਇਹੀ ਸਬਕ ਸਿੱਖਿਆ। ਆਪਣੇ ਬਪਤਿਸਮੇ ਤੋਂ ਚਾਰ ਸਾਲਾਂ ਬਾਅਦ ਉਹ ਬੁਰੀ ਸੰਗਤ ਵਿਚ ਪੈ ਗਿਆ। ਉਸ ਨੇ ਸੋਚਿਆ ਕਿ ਜਦ ਤਕ ਉਹ ਆਪ ਕੋਈ ਗ਼ਲਤ ਕੰਮ ਨਹੀਂ ਕਰ ਰਿਹਾ, ਉਦੋਂ ਤਕ ਉਹ ਯਹੋਵਾਹ ਖ਼ਿਲਾਫ਼ ਕੋਈ ਪਾਪ ਨਹੀਂ ਕਰ ਰਿਹਾ। ਪਰ ਜਲਦੀ ਹੀ ਬੁਰੀ ਸੰਗਤ ਕਰਕੇ ਉਹ ਹੱਦੋਂ ਵੱਧ ਸ਼ਰਾਬ ਪੀਣ ਲੱਗ ਪਿਆ ਅਤੇ ਹਰਾਮਕਾਰੀ ਕਰ ਬੈਠਾ। ਫਿਰ ਉਸ ਨੇ ਉਨ੍ਹਾਂ ਗੱਲਾਂ ʼਤੇ ਸੋਚ-ਵਿਚਾਰ ਕਰਨਾ ਸ਼ੁਰੂ ਕੀਤਾ ਜੋ ਉਸ ਦੇ ਮਸੀਹੀ ਮਾਪਿਆਂ ਨੇ ਉਸ ਨੂੰ ਸਿਖਾਈਆਂ ਸਨ। ਨਾਲੇ ਉਸ ਨੇ ਇਸ ਗੱਲ ʼਤੇ ਵੀ ਸੋਚ-ਵਿਚਾਰ ਕੀਤਾ ਕਿ ਜਦੋਂ ਉਹ ਯਹੋਵਾਹ ਦੀ ਸੇਵਾ ਕਰਦਾ ਸੀ, ਤਾਂ ਉਹ ਕਿੰਨਾ ਖ਼ੁਸ਼ ਰਹਿੰਦਾ ਸੀ। ਇਸ ਦਾ ਕੀ ਨਤੀਜਾ ਨਿਕਲਿਆ? ਉਸ ਦੀ ਅਕਲ ਟਿਕਾਣੇ ਆ ਗਈ। ਬਜ਼ੁਰਗਾਂ ਦੀ ਮਦਦ ਨਾਲ ਉਹ ਯਹੋਵਾਹ ਕੋਲ ਮੁੜ ਆਇਆ। ਅੱਜ ਉਹ ਖ਼ੁਸ਼ੀ-ਖ਼ੁਸ਼ੀ ਇਕ ਬਜ਼ੁਰਗ ਤੇ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰ ਰਿਹਾ ਹੈ।
6. ਅਸੀਂ ਹੁਣ ਕਿਹੜੀਆਂ ਦੋ ਔਰਤਾਂ ਬਾਰੇ ਚਰਚਾ ਕਰਾਂਗੇ?
6 ਆਓ ਆਪਾਂ ਕਹਾਉਤਾਂ ਅਧਿਆਇ 9 ʼਤੇ ਗੌਰ ਕਰੀਏ। ਇਸ ਅਧਿਆਇ ਵਿਚ ਅਸੀਂ ਬੁੱਧੀਮਾਨੀ ਅਤੇ ਮੂਰਖਤਾ ਬਾਰੇ ਜਾਣਾਂਗੇ ਜਿਨ੍ਹਾਂ ਨੂੰ ਦੋ ਔਰਤਾਂ ਨਾਲ ਦਰਸਾਇਆ ਗਿਆ ਹੈ। (ਰੋਮੀਆਂ 5:14; ਗਲਾਤੀਆਂ 4:24 ਵਿਚ ਨੁਕਤਾ ਦੇਖੋ।) ਇੱਦਾਂ ਕਰਦਿਆਂ ਯਾਦ ਰੱਖੋ ਕਿ ਸ਼ੈਤਾਨ ਦੀ ਦੁਨੀਆਂ ʼਤੇ ਹਰਾਮਕਾਰੀ ਕਰਨ, ਗੰਦੀਆਂ ਤਸਵੀਰਾਂ ਅਤੇ ਫ਼ਿਲਮਾਂ ਦੇਖਣ ਦਾ ਜਨੂਨ ਸਵਾਰ ਹੈ। (ਅਫ਼. 4:19) ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਲ ਵਿਚ ਯਹੋਵਾਹ ਦਾ ਡਰ ਪੈਦਾ ਕਰੀਏ ਅਤੇ ਬੁਰਾਈ ਤੋਂ ਦੂਰ ਰਹੀਏ। (ਕਹਾ. 16:6) ਅਸੀਂ ਸਾਰੇ ਜਣੇ ਇਸ ਅਧਿਆਇ ਵਿਚ ਦੱਸੀਆਂ ਸਲਾਹਾਂ ਤੋਂ ਫ਼ਾਇਦਾ ਪਾ ਸਕਦੇ ਹਾਂ, ਫਿਰ ਚਾਹੇ ਅਸੀਂ ਆਦਮੀ ਹੋਈਏ ਜਾਂ ਔਰਤ। ਇਸ ਅਧਿਆਇ ਵਿਚ ਦੋਵੇਂ ਔਰਤਾਂ ਉਨ੍ਹਾਂ ਲੋਕਾਂ ਨੂੰ ਸੱਦਾ ਦਿੰਦੀਆਂ ਹਨ ਜੋ ਨਾਤਜਰਬੇਕਾਰ ਹਨ ਯਾਨੀ “ਜਿਨ੍ਹਾਂ ਨੂੰ ਅਕਲ ਦੀ ਘਾਟ” ਹੈ। ਇਹ ਦੋਵੇਂ ਔਰਤਾਂ ਇਹ ਸੱਦਾ ਦਿੰਦੀਆਂ ਹਨ, ‘ਮੇਰੇ ਘਰ ਆਓ ਤੇ ਰੋਟੀ-ਪਾਣੀ ਖਾਓ।’ (ਕਹਾ. 9:1, 5, 6, 13, 16, 17) ਪਰ ਉਨ੍ਹਾਂ ਦਾ ਸੱਦਾ ਕਬੂਲ ਕਰਨ ਵਾਲਿਆਂ ਨਾਲ ਜੋ ਹੁੰਦਾ ਹੈ, ਉਸ ਵਿਚ ਬੜਾ ਫ਼ਰਕ ਹੈ।
ਮੂਰਖ ਔਰਤ ਦਾ ਸੱਦਾ ਕਬੂਲ ਨਾ ਕਰੋ
7. ਕਹਾਉਤਾਂ 9:13-18 ਮੁਤਾਬਕ ਮੂਰਖ ਔਰਤ ਦਾ ਸੱਦਾ ਕਬੂਲ ਕਰਨ ਵਾਲਿਆਂ ਨਾਲ ਕੀ ਹੁੰਦਾ ਹੈ? (ਤਸਵੀਰ ਵੀ ਦੇਖੋ।)
7 ਜ਼ਰਾ “ਮੂਰਖ ਔਰਤ” ਦੇ ਸੱਦੇ ʼਤੇ ਗੌਰ ਕਰੋ। (ਕਹਾਉਤਾਂ 9:13-18 ਪੜ੍ਹੋ।) ਉਹ ਬੇਸ਼ਰਮ ਹੋ ਕੇ ਉਨ੍ਹਾਂ ਲੋਕਾਂ ਨੂੰ ਸੱਦਾ ਦਿੰਦੀ ਹੈ ਜਿਨ੍ਹਾਂ ਵਿਚ ਅਕਲ ਦੀ ਘਾਟ ਹੈ। ਉਹ ਕਹਿੰਦੀ ਹੈ ਕਿ ‘ਇੱਥੇ ਅੰਦਰ ਆਓ’ ਅਤੇ ਖਾਓ-ਪੀਓ। ਉਸ ਦਾ ਸੱਦਾ ਕਬੂਲ ਕਰਨ ਵਾਲਿਆਂ ਨਾਲ ਕੀ ਹੁੰਦਾ ਹੈ? ਉਹ “ਮੌਤ ਦੇ ਹੱਥਾਂ ਵਿਚ ਬੇਬੱਸ ਹਨ।” ਤੁਹਾਨੂੰ ਸ਼ਾਇਦ ਯਾਦ ਹੋਣਾ ਕਿ ਪਹਿਲਾਂ ਵੀ ਕਹਾਉਤਾਂ ਦੀ ਕਿਤਾਬ ਦੇ ਹੋਰ ਅਧਿਆਵਾਂ ਵਿਚ ਅਜਿਹੀ ਤਸਵੀਰੀ ਭਾਸ਼ਾ ਵਰਤੀ ਗਈ ਹੈ। ਉਨ੍ਹਾਂ ਵਿਚ ਵੀ ਸਾਨੂੰ “ਕੁਰਾਹੇ ਪਈ” ਅਤੇ “ਬਦਚਲਣ ਔਰਤ” ਬਾਰੇ ਚੇਤਾਵਨੀ ਦਿੱਤੀ ਗਈ ਹੈ। ਉੱਥੇ ਲਿਖਿਆ ਹੈ: “ਉਸ ਦਾ ਘਰ ਮੌਤ ਦੇ ਮੂੰਹ ਵਿਚ ਜਾਂਦਾ ਹੈ।” (ਕਹਾ. 2:11-19) ਕਹਾਉਤਾਂ 5:3-10 ਵਿਚ ਇਕ ਹੋਰ “ਕੁਰਾਹੇ ਪਈ ਔਰਤ” ਬਾਰੇ ਚੇਤਾਵਨੀ ਦਿੱਤੀ ਹੈ ਜਿਸ ਦੇ “ਪੈਰ ਮੌਤ ਵੱਲ ਲਹਿ ਜਾਂਦੇ ਹਨ।”
8. ਸਾਨੂੰ ਕਿਹੜਾ ਫ਼ੈਸਲਾ ਕਰਨਾ ਪੈ ਸਕਦਾ ਹੈ?
8 “ਮੂਰਖ ਔਰਤ” ਦਾ ਸੱਦਾ ਸੁਣਨ ਵਾਲਿਆਂ ਨੂੰ ਇਹ ਫ਼ੈਸਲਾ ਕਰਨਾ ਪੈਣਾ ਕਿ ਉਹ ਉਸ ਦਾ ਸੱਦਾ ਕਬੂਲ ਕਰਨਗੇ ਜਾਂ ਨਹੀਂ। ਹੋ ਸਕਦਾ ਹੈ ਕਿ ਸਾਨੂੰ ਵੀ ਇਸੇ ਤਰ੍ਹਾਂ ਦਾ ਕੋਈ ਫ਼ੈਸਲਾ ਕਰਨਾ ਪਵੇ। ਅਸੀਂ ਉਦੋਂ ਕੀ ਕਰਾਂਗੇ ਜਦੋਂ ਕੋਈ ਸਾਡੇ ʼਤੇ ਹਰਾਮਕਾਰੀ ਕਰਨ ਦਾ ਦਬਾਅ ਪਾਉਂਦਾ ਹੈ ਜਾਂ ਸਾਡੇ ਸਾਮ੍ਹਣੇ ਅਚਾਨਕ ਕੋਈ ਗੰਦੀ ਤਸਵੀਰ ਜਾਂ ਵੀਡੀਓ ਆ ਜਾਂਦੀ ਹੈ?
9-10. ਕਿਹੜੇ ਕੁਝ ਕਾਰਨਾਂ ਕਰਕੇ ਸਾਨੂੰ ਹਰਾਮਕਾਰੀ ਤੋਂ ਦੂਰ ਰਹਿਣਾ ਚਾਹੀਦਾ ਹੈ?
9 ਸਾਨੂੰ ਕਈ ਚੰਗੇ ਕਾਰਨਾਂ ਕਰਕੇ ਗੰਦੇ ਚਾਲ-ਚਲਣ ਅਤੇ ਹਰਾਮਕਾਰੀ ਤੋਂ ਦੂਰ ਰਹਿਣਾ ਚਾਹੀਦਾ ਹੈ। “ਮੂਰਖ ਔਰਤ” ਕਹਿੰਦੀ ਹੈ: “ਚੋਰੀ ਦਾ ਪਾਣੀ ਮਿੱਠਾ ਹੈ।” “ਚੋਰੀ ਦਾ ਪਾਣੀ” ਕੀ ਹੈ? ਬਾਈਬਲ ਵਿਚ ਦੱਸਿਆ ਗਿਆ ਹੈ ਕਿ ਵਿਆਹੁਤਾ ਜੋੜਿਆਂ ਵਿਚ ਸਰੀਰਕ ਸੰਬੰਧ ਤਾਜ਼ਗੀ ਦੇਣ ਵਾਲੇ ਪਾਣੀ ਵਾਂਗ ਹੈ। (ਕਹਾ. 5:15-18) ਜਿਸ ਆਦਮੀ ਤੇ ਔਰਤ ਦਾ ਕਾਨੂੰਨੀ ਤੌਰ ਤੇ ਵਿਆਹ ਹੋਇਆ ਹੁੰਦਾ ਹੈ, ਸਿਰਫ਼ ਉਹੀ ਇਕ-ਦੂਜੇ ਨਾਲ ਸਰੀਰਕ ਸੰਬੰਧ ਬਣਾ ਸਕਦੇ ਹਨ। ਪਰ ਇਹ ‘ਚੋਰੀ ਦੇ ਪਾਣੀ’ ਨਾਲੋਂ ਕਿਵੇਂ ਵੱਖਰਾ ਹੈ? “ਚੋਰੀ ਦਾ ਪਾਣੀ” ਵਿਆਹ ਤੋਂ ਬਗੈਰ ਜਾਂ ਨਾਜਾਇਜ਼ ਸਰੀਰਕ ਸੰਬੰਧਾਂ ਨੂੰ ਦਰਸਾ ਸਕਦਾ ਹੈ। ਜਿਵੇਂ ਚੋਰ ਅਕਸਰ ਲੁਕ-ਛਿਪ ਕੇ ਚੋਰੀ ਕਰਦਾ ਹੈ, ਬਿਲਕੁਲ ਉਸੇ ਤਰ੍ਹਾਂ ਨਾਜਾਇਜ਼ ਸੰਬੰਧ ਵੀ ਲੁਕ-ਛਿਪ ਕੇ ਬਣਾਏ ਜਾਂਦੇ ਹਨ। “ਚੋਰੀ ਦਾ ਪਾਣੀ” ਸ਼ਾਇਦ ਉਨ੍ਹਾਂ ਨੂੰ ਮਿੱਠਾ ਲੱਗਦਾ ਹੈ ਜੋ ਸੋਚਦੇ ਹਨ ਕਿ ਉਨ੍ਹਾਂ ਦੇ ਪਾਪ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ। ਪਰ ਇੱਦਾਂ ਸੋਚ ਕੇ ਉਹ ਆਪਣੇ ਆਪ ਨੂੰ ਕਿੰਨਾ ਵੱਡਾ ਧੋਖਾ ਦੇ ਰਹੇ ਹੁੰਦੇ ਹਨ! ਕਿਉਂ? ਕਿਉਂਕਿ ਯਹੋਵਾਹ ਸਾਰਾ ਕੁਝ ਦੇਖਦਾ ਹੈ। ਜੇ ਅਸੀਂ ਯਹੋਵਾਹ ਦੀ ਮਿਹਰ ਗੁਆ ਬੈਠੀਏ, ਤਾਂ ਇਸ ਨਾਲੋਂ ਕੌੜਾ ਹੋਰ ਕੀ ਹੋ ਸਕਦਾ ਹੈ? ਉਸ ਦੀ ਮਿਹਰ ਗੁਆ ਬੈਠਣਾ “ਮਿੱਠਾ” ਹੋ ਹੀ ਨਹੀਂ ਸਕਦਾ। (1 ਕੁਰਿੰ. 6:9, 10) ਪਰ ਇਸ ਦੇ ਹੋਰ ਵੀ ਬੁਰੇ ਅੰਜਾਮ ਭੁਗਤਣੇ ਪੈਂਦੇ ਹਨ।
10 ਹਰਾਮਕਾਰੀ ਕਰਨ ਕਰਕੇ ਸ਼ਰਮਿੰਦਗੀ ਹੋ ਸਕਦੀ ਹੈ, ਇਕ ਵਿਅਕਤੀ ਆਪਣੀਆਂ ਹੀ ਨਜ਼ਰਾਂ ਵਿਚ ਡਿਗ ਸਕਦਾ ਹੈ, ਅਣਚਾਹਿਆ ਗਰਭ ਠਹਿਰ ਸਕਦਾ ਹੈ ਅਤੇ ਪਰਿਵਾਰ ਟੁੱਟ ਸਕਦੇ ਹਨ। ਯਹੋਵਾਹ ਨਾਲ ਦੋਸਤੀ ਟੁੱਟਣ ਦੇ ਨਾਲ-ਨਾਲ ਨਾਜਾਇਜ਼ ਸੰਬੰਧ ਬਣਾਉਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਬੀਮਾਰੀਆਂ ਲੱਗ ਜਾਂਦੀਆਂ ਹਨ। ਇਸ ਕਰਕੇ ਉਹ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮੂਰਖ ਔਰਤ ਦੇ “ਘਰ” ਨਾ ਜਾਣਾ ਅਤੇ ਉੱਥੇ ਰੋਟੀ ਨਾ ਖਾਣੀ ਹੀ ਬੁੱਧੀਮਾਨੀ ਵਾਲਾ ਫ਼ੈਸਲਾ ਹੈ। (ਕਹਾ. 7:23, 26) ਅਧਿਆਇ 9 ਦੀ 18ਵੀਂ ਆਇਤ ਦੱਸਦੀ ਹੈ: “ਉਸ ਦੇ ਮਹਿਮਾਨ ਕਬਰ ਦੀਆਂ ਡੂੰਘਾਈਆਂ ਵਿਚ ਹਨ।” ਪਰ ਫਿਰ ਵੀ ਬਹੁਤ ਸਾਰੇ ਲੋਕ ਉਸ ਦੇ ਸੱਦੇ ਨੂੰ ਕਬੂਲ ਕਰ ਕੇ ਆਪਣੇ ਗਲ਼ ਆਫ਼ਤਾਂ ਦਾ ਫੰਦਾ ਕਿਉਂ ਪਾ ਲੈਂਦੇ ਹਨ?—ਕਹਾ. 9:13-18.
11. ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣੀਆਂ ਬਹੁਤ ਜ਼ਿਆਦਾ ਨੁਕਸਾਨਦੇਹ ਕਿਉਂ ਹਨ?
11 ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣੀਆਂ ਇਕ ਆਮ ਫੰਦਾ ਹੈ। ਕੁਝ ਲੋਕ ਸੋਚਦੇ ਹਨ ਕਿ ਇਨ੍ਹਾਂ ਨੂੰ ਦੇਖਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਪਰ ਇਹ ਸੱਚ ਨਹੀਂ ਹੈ। ਕਿਉਂ? ਕਿਉਂਕਿ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਨਾਲ ਨੁਕਸਾਨ ਹੁੰਦਾ ਹੈ, ਇਕ ਵਿਅਕਤੀ ਆਪਣੀਆਂ ਤੇ ਦੂਜਿਆਂ ਦੀ ਨਜ਼ਰਾਂ ਵਿਚ ਡਿਗ ਜਾਂਦਾ ਹੈ ਅਤੇ ਇਨ੍ਹਾਂ ਨੂੰ ਦੇਖਣ ਦੀ ਲਤ ਲੱਗ ਜਾਂਦੀ ਹੈ। ਇਹ ਕਾਫ਼ੀ ਲੰਬੇ ਸਮੇਂ ਤਕ ਦਿਮਾਗ਼ ਵਿਚ ਰਹਿੰਦੀਆਂ ਹਨ ਅਤੇ ਇਨ੍ਹਾਂ ਨੂੰ ਆਪਣੇ ਦਿਮਾਗ਼ ਵਿੱਚੋਂ ਕੱਢਣਾ ਬਹੁਤ ਔਖਾ ਹੈ। ਨਾਲੇ ਸਭ ਤੋਂ ਵੱਡੀ ਗੱਲ ਹੈ ਕਿ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਕਰਕੇ ਗ਼ਲਤ ਇੱਛਾਵਾਂ ਦੀ ਅੱਗ ਬੁਝਦੀ ਨਹੀਂ, ਸਗੋਂ ਭਾਂਬੜ ਵਾਂਗ ਹੋਰ ਵੀ ਮੱਚਦੀ ਹੈ। (ਕੁਲੁ. 3:5; ਯਾਕੂ. 1:14, 15) ਜੀ ਹਾਂ, ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਵਾਲੇ ਬਹੁਤ ਸਾਰੇ ਲੋਕ ਅਕਸਰ ਗ਼ਲਤ ਕੰਮ ਕਰ ਬੈਠਦੇ ਹਨ।
12. ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਗ਼ਲਤ ਇੱਛਾਵਾਂ ਪੈਦਾ ਕਰਨ ਵਾਲੀਆਂ ਤਸਵੀਰਾਂ ਤੋਂ ਮੂੰਹ ਮੋੜਦੇ ਹਾਂ?
12 ਮਸੀਹੀ ਹੋਣ ਦੇ ਨਾਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਸਾਡੇ ਫ਼ੋਨ, ਟੈਬਲੇਟ ਅਤੇ ਹੋਰ ਇਹੋ ਜਿਹੀਆਂ ਚੀਜ਼ਾਂ ʼਤੇ ਅਚਾਨਕ ਕੋਈ ਗੰਦੀ ਤਸਵੀਰ ਆ ਜਾਵੇ? ਸਾਨੂੰ ਇਕਦਮ ਉਸ ਤਸਵੀਰ ਤੋਂ ਮੂੰਹ ਮੋੜਨਾ ਚਾਹੀਦਾ ਹੈ। ਇੱਦਾਂ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਅਸੀਂ ਯਾਦ ਰੱਖ ਸਕਦੇ ਹਾਂ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਸਭ ਤੋਂ ਜ਼ਿਆਦਾ ਅਨਮੋਲ ਹੈ। ਦਰਅਸਲ, ਕੁਝ ਤਸਵੀਰਾਂ ਇੰਨੀਆਂ ਗੰਦੀਆਂ ਨਹੀਂ ਹੁੰਦੀਆਂ, ਪਰ ਉਹ ਸਾਡੇ ਮਨ ਵਿਚ ਗ਼ਲਤ ਇੱਛਾਵਾਂ ਜਗਾ ਸਕਦੀਆਂ ਹਨ। ਸਾਨੂੰ ਅਜਿਹੀਆਂ ਤਸਵੀਰਾਂ ਤੋਂ ਵੀ ਕਿਉਂ ਮੂੰਹ ਮੋੜਨਾ ਚਾਹੀਦਾ ਹੈ? ਕਿਉਂਕਿ ਅਸੀਂ ਇੱਦਾਂ ਦਾ ਕੋਈ ਛੋਟਾ ਜਿਹਾ ਕਦਮ ਵੀ ਨਹੀਂ ਚੁੱਕਣਾ ਚਾਹੁੰਦੇ ਜਿਸ ਕਰਕੇ ਅਸੀਂ ਆਪਣੇ ਦਿਲ ਵਿਚ ਹਰਾਮਕਾਰੀ ਕਰ ਬੈਠੀਏ। (ਮੱਤੀ 5:28, 29) ਥਾਈਲੈਂਡ ਵਿਚ ਰਹਿਣ ਵਾਲੇ ਡੇਵਿਡ ਨਾਂ ਦੇ ਬਜ਼ੁਰਗ ਨੇ ਦੱਸਿਆ: “ਮੈਂ ਆਪਣੇ ਆਪ ਤੋਂ ਪੁੱਛਦਾ ਹਾਂ: ‘ਭਾਵੇਂ ਕਿ ਇਹ ਤਸਵੀਰਾਂ ਇੰਨੀਆਂ ਗੰਦੀਆਂ ਨਹੀਂ ਹਨ, ਪਰ ਜੇ ਮੈਂ ਇਨ੍ਹਾਂ ਵੱਲ ਦੇਖਦਾ ਰਹਾਂਗਾ, ਤਾਂ ਕੀ ਯਹੋਵਾਹ ਮੇਰੇ ਤੋਂ ਖ਼ੁਸ਼ ਹੋਵੇਗਾ?’ ਇਸ ਤਰ੍ਹਾਂ ਸੋਚ-ਵਿਚਾਰ ਕਰ ਕੇ ਮੈਂ ਸਹੀ ਫ਼ੈਸਲੇ ਲੈ ਪਾਉਂਦਾ ਹਾਂ।”
13. ਕਿਹੜੀ ਗੱਲ ਕਰਕੇ ਅਸੀਂ ਸਮਝਦਾਰੀ ਤੋਂ ਕੰਮ ਲੈਣਾ ਸਿੱਖ ਸਕਦੇ ਹਾਂ?
13 ਜਦੋਂ ਅਸੀਂ ਯਹੋਵਾਹ ਨੂੰ ਨਾਰਾਜ਼ ਨਾ ਕਰਨ ਦਾ ਡਰ ਪੈਦਾ ਕਰਦੇ ਹਾਂ, ਤਾਂ ਅਸੀਂ ਸਮਝਦਾਰੀ ਤੋਂ ਕੰਮ ਲੈਣਾ ਸਿੱਖਦੇ ਹਾਂ। ਪਰਮੇਸ਼ੁਰ ਦਾ ਡਰ “ਬੁੱਧ ਦੀ ਸ਼ੁਰੂਆਤ ਹੈ।” (ਕਹਾ. 9:10) ਇਸ ਬਾਰੇ ਕਹਾਉਤਾਂ ਅਧਿਆਇ 9 ਦੀਆਂ ਪਹਿਲੀਆਂ ਕੁਝ ਆਇਤਾਂ ਵਿਚ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ। ਇੱਥੇ ਅਸੀਂ ਇਕ ਹੋਰ ਔਰਤ ਬਾਰੇ ਪੜ੍ਹਦੇ ਹਾਂ ਜਿਸ ਨੂੰ “ਸੱਚੀ ਬੁੱਧ” ਨਾਲ ਦਰਸਾਇਆ ਗਿਆ ਹੈ।
“ਸੱਚੀ ਬੁੱਧ” ਦਾ ਸੱਦਾ ਕਬੂਲ ਕਰੋ
14. ਕਹਾਉਤਾਂ 9:1-6 ਵਿਚ ਅਸੀਂ ਕਿਹੜਾ ਸੱਦਾ ਪੜ੍ਹਦੇ ਹਾਂ ਜੋ ਪਹਿਲੇ ਸੱਦੇ ਨਾਲੋਂ ਵੱਖਰਾ ਹੈ?
14 ਕਹਾਉਤਾਂ 9:1-6 ਪੜ੍ਹੋ। ਇਨ੍ਹਾਂ ਆਇਤਾਂ ਵਿਚ ਅਸੀਂ ਆਪਣੇ ਸਿਰਜਣਹਾਰ ਯਹੋਵਾਹ ਦਾ ਸੱਦਾ ਪੜ੍ਹਦੇ ਹਾਂ ਜੋ ਸਾਰੀ ਸੱਚੀ ਬੁੱਧ ਦਾ ਸੋਮਾ ਹੈ। (ਕਹਾ. 2:6; ਰੋਮੀ. 16:27) ਇੱਥੇ ਇਕ ਵੱਡੇ ਘਰ ਬਾਰੇ ਦੱਸਿਆ ਗਿਆ ਹੈ ਜਿਸ ਦੇ ਸੱਤ ਥੰਮ੍ਹ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਿੰਨੇ ਖੁੱਲ੍ਹੇ ਦਿਲ ਵਾਲਾ ਹੈ ਅਤੇ ਉਹ ਉਨ੍ਹਾਂ ਦਾ ਦਿਲੋਂ ਸੁਆਗਤ ਕਰਦਾ ਹੈ ਜੋ ਆਪਣੀ ਜ਼ਿੰਦਗੀ ਵਿਚ ਉਸ ਦੀ ਬੁੱਧ ਮੁਤਾਬਕ ਚੱਲਣਾ ਚਾਹੁੰਦੇ ਹਨ।
15. ਪਰਮੇਸ਼ੁਰ ਸਾਨੂੰ ਕੀ ਕਰਨ ਦਾ ਸੱਦਾ ਦਿੰਦਾ ਹੈ?
15 “ਸੱਚੀ ਬੁੱਧ” ਨੂੰ ਦਰਸਾਉਣ ਵਾਲੀ ਔਰਤ ਦੀ ਮਿਸਾਲ ਵਰਤ ਕੇ ਦਿਖਾਇਆ ਗਿਆ ਹੈ ਕਿ ਯਹੋਵਾਹ ਖੁੱਲ੍ਹੇ ਦਿਲ ਵਾਲਾ ਪਰਮੇਸ਼ੁਰ ਹੈ ਅਤੇ ਸਾਨੂੰ ਬਹੁਤਾਤ ਵਿਚ ਸਾਰਾ ਕੁਝ ਦਿੰਦਾ ਹੈ। ਇਹ ਗੁਣ “ਸੱਚੀ ਬੁੱਧ” ਨੂੰ ਦਰਸਾਉਣ ਵਾਲੀ ਔਰਤ ਵਿਚ ਨਜ਼ਰ ਆਉਂਦੇ ਹਨ ਜਿਸ ਦਾ ਜ਼ਿਕਰ ਕਹਾਉਤਾਂ ਅਧਿਆਇ 9 ਵਿਚ ਕੀਤਾ ਗਿਆ ਹੈ। ਇਸ ਬਿਰਤਾਂਤ ਵਿਚ ਦੱਸਿਆ ਗਿਆ ਹੈ ਕਿ ਇਸ ਔਰਤ ਨੇ ਮੀਟ ਤਿਆਰ ਕੀਤਾ ਹੈ, ਦਾਖਰਸ ਰਲ਼ਾ ਲਿਆ ਹੈ ਅਤੇ ਉਸ ਨੇ ਤਾਂ ਆਪਣੇ ਘਰ ਵਿਚ ਆਪਣਾ ਮੇਜ਼ ਵੀ ਸਜਾ ਲਿਆ ਹੈ। (ਕਹਾ. 9:2, ਫੁਟਨੋਟ) ਆਇਤਾਂ 4 ਅਤੇ 5 ਵਿਚ ਲਿਖਿਆ ਹੈ: “ਜਿਸ ਨੂੰ ਅਕਲ ਦੀ ਘਾਟ ਹੈ, ਉਸ ਨੂੰ ਉਹ [ਯਾਨੀ ਸੱਚੀ ਬੁੱਧ] ਕਹਿੰਦੀ ਹੈ: ‘ਆਓ ਮੇਰੀ ਰੋਟੀ ਖਾਓ।’” ਸਾਨੂੰ ਕਿਉਂ ਸੱਚੀ ਬੁੱਧ ਦੇ ਘਰ ਜਾਣਾ ਚਾਹੀਦਾ ਹੈ ਅਤੇ ਉਸ ਵੱਲੋਂ ਤਿਆਰ ਕੀਤਾ ਭੋਜਨ ਖਾਣਾ ਚਾਹੀਦਾ ਹੈ? ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਬੱਚੇ ਬੁੱਧੀਮਾਨ ਬਣਨ ਅਤੇ ਸੁਰੱਖਿਅਤ ਰਹਿਣ। ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਗ਼ਲਤੀਆਂ ਕਰ ਕੇ ਜ਼ਿੰਦਗੀ ਦੇ ਜ਼ਰੂਰੀ ਸਬਕ ਸਿੱਖੀਏ ਅਤੇ ਫਿਰ ਉਨ੍ਹਾਂ ʼਤੇ ਪਛਤਾਈਏ। ਇਸੇ ਕਰਕੇ “ਉਹ ਸਾਫ਼ ਦਿਲ ਵਾਲੇ ਲੋਕਾਂ ਲਈ ਬੁੱਧ ਨੂੰ ਸਾਂਭ ਕੇ ਰੱਖਦਾ ਹੈ।” (ਕਹਾ. 2:7) ਜਦੋਂ ਅਸੀਂ ਯਹੋਵਾਹ ਦਾ ਡਰ ਰੱਖਾਂਗੇ, ਤਾਂ ਅਸੀਂ ਉਸ ਨੂੰ ਖ਼ੁਸ਼ ਕਰਨਾ ਚਾਹਾਂਗੇ। ਅਸੀਂ ਉਸ ਦੀ ਬੁੱਧ ਭਰੀ ਸਲਾਹ ਸੁਣਦੇ ਹਾਂ ਅਤੇ ਖ਼ੁਸ਼ੀ ਨਾਲ ਉਸ ਨੂੰ ਲਾਗੂ ਕਰਦੇ ਹਾਂ।—ਯਾਕੂ. 1:25.
16. ਪਰਮੇਸ਼ੁਰ ਦਾ ਡਰ ਰੱਖਣ ਕਰਕੇ ਅਲੇਨ ਦੀ ਸਮਝਦਾਰੀ ਨਾਲ ਫ਼ੈਸਲੇ ਕਰਨ ਵਿਚ ਕਿਵੇਂ ਮਦਦ ਹੋਈ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
16 ਜ਼ਰਾ ਧਿਆਨ ਦਿਓ ਕਿ ਪਰਮੇਸ਼ੁਰ ਦਾ ਡਰ ਰੱਖਣ ਕਰਕੇ ਅਲੇਨ ਦੀ ਸਮਝਦਾਰੀ ਨਾਲ ਫ਼ੈਸਲੇ ਕਰਨ ਵਿਚ ਕਿਵੇਂ ਮਦਦ ਹੋਈ। ਅਲੇਨ ਮੰਡਲੀ ਦਾ ਬਜ਼ੁਰਗ ਹੈ ਅਤੇ ਇਕ ਸਕੂਲ ਵਿਚ ਟੀਚਰ ਹੈ। ਅਲੇਨ ਦੱਸਦਾ ਹੈ: “ਮੇਰੇ ਨਾਲ ਪੜ੍ਹਾਉਣ ਵਾਲੇ ਕਈ ਟੀਚਰ ਮੰਨਦੇ ਸਨ ਕਿ ਗੰਦੀਆਂ ਫ਼ਿਲਮਾਂ ਦੇਖ ਕੇ ਉਹ ਸੈਕਸ ਦੀ ਸਿੱਖਿਆ ਲੈਂਦੇ ਹਨ।” ਪਰ ਅਲੇਨ ਜਾਣਦਾ ਸੀ ਕਿ ਇਹ ਸੱਚ ਨਹੀਂ ਸੀ। ਉਸ ਨੇ ਅੱਗੇ ਕਿਹਾ: “ਯਹੋਵਾਹ ਦਾ ਡਰ ਰੱਖਣ ਕਰਕੇ ਮੈਂ ਉਨ੍ਹਾਂ ਫ਼ਿਲਮਾਂ ਨੂੰ ਦੇਖਣ ਤੋਂ ਸਖ਼ਤੀ ਨਾਲ ਮਨ੍ਹਾ ਕੀਤਾ। ਨਾਲੇ ਮੈਂ ਉਨ੍ਹਾਂ ਟੀਚਰਾਂ ਨੂੰ ਸਮਝਾਇਆ ਕਿ ਮੈਂ ਕਿਉਂ ਗੰਦੀਆਂ ਫ਼ਿਲਮਾਂ ਨਹੀਂ ਦੇਖਦਾ।” ਉਸ ਸਮੇਂ ਅਲੇਨ ਨੇ “ਸਮਝ ਦੇ ਰਾਹ ʼਤੇ” ਚੱਲਣ ਲਈ “ਸੱਚੀ ਬੁੱਧ” ਦੀਆਂ ਸਲਾਹਾਂ ਲਾਗੂ ਕੀਤੀਆਂ। (ਕਹਾ. 9:6) ਅਲੇਨ ਦਾ ਪੱਕਾ ਇਰਾਦਾ ਦੇਖ ਕੇ ਕੁਝ ਟੀਚਰਾਂ ਨੇ ਹੁਣ ਬਾਈਬਲ ਸਟੱਡੀ ਕਰਨੀ ਅਤੇ ਮੀਟਿੰਗਾਂ ʼਤੇ ਆਉਣਾ ਸ਼ੁਰੂ ਕਰ ਦਿੱਤਾ ਹੈ।
17-18. “ਸੱਚੀ ਬੁੱਧ” ਦਾ ਸੱਦਾ ਕਬੂਲ ਕਰਨ ਵਾਲਿਆਂ ਨੂੰ ਹੁਣ ਅਤੇ ਭਵਿੱਖ ਵਿਚ ਕਿਹੜੀਆਂ ਬਰਕਤਾਂ ਮਿਲਣਗੀਆਂ? (ਤਸਵੀਰ ਵੀ ਦੇਖੋ।)
17 ਯਹੋਵਾਹ ਨੇ ਦੋ ਔਰਤਾਂ ਦੀ ਮਿਸਾਲ ਵਰਤ ਕੇ ਸਾਡੀ ਇਹ ਦੇਖਣ ਵਿਚ ਮਦਦ ਕੀਤੀ ਹੈ ਕਿ ਅਸੀਂ ਆਪਣਾ ਭਵਿੱਖ ਖ਼ੁਸ਼ੀਆਂ ਭਰਿਆ ਕਿਵੇਂ ਬਣਾ ਸਕਦੇ ਹਾਂ। ਜਿਹੜੇ ਲੋਕ ਖੱਪ ਪਾਉਂਦੀ “ਮੂਰਖ ਔਰਤ” ਦਾ ਸੱਦਾ ਕਬੂਲ ਕਰਦੇ ਹਨ, ਉਹ ਗੰਦੇ ਕੰਮਾਂ ਵਿਚ ਖ਼ੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਪਰ ਉਹ ਚੰਦ ਪਲਾਂ ਦੀ ਖ਼ੁਸ਼ੀ ਲਈ ਆਪਣੇ ਭਵਿੱਖ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਉਨ੍ਹਾਂ ਦੇ ਕੰਮਾਂ ਕਰਕੇ ਉਹ “ਕਬਰ ਦੀਆਂ ਡੂੰਘਾਈਆਂ ਵਿਚ” ਚਲੇ ਜਾਣਗੇ।—ਕਹਾ. 9:13, 17, 18.
18 ਪਰ “ਸੱਚੀ ਬੁੱਧ” ਦਾ ਸੱਦਾ ਕਬੂਲ ਕਰਨ ਵਾਲੇ ਲੋਕਾਂ ਦਾ ਭਵਿੱਖ ਇਨ੍ਹਾਂ ਲੋਕਾਂ ਨਾਲੋਂ ਕਿੰਨਾ ਵੱਖਰਾ ਹੋਵੇਗਾ! (ਯਸਾ. 65:13) ਸੱਦਾ ਕਬੂਲ ਕਰਨ ਵਾਲੇ ਲੋਕ ਖ਼ੁਸ਼ ਹਨ ਕਿਉਂਕਿ ਉਨ੍ਹਾਂ ਕੋਲ ਉਹ ਸਭ ਕੁਝ ਹੈ ਜੋ ਯਹੋਵਾਹ ਨਾਲ ਗੂੜ੍ਹੀ ਦੋਸਤੀ ਬਣਾਈ ਰੱਖਣ ਲਈ ਜ਼ਰੂਰੀ ਹੈ। ਯਸਾਯਾਹ ਨਬੀ ਰਾਹੀਂ ਯਹੋਵਾਹ ਕਹਿੰਦਾ ਹੈ: “ਮੇਰੀ ਗੱਲ ਧਿਆਨ ਨਾਲ ਸੁਣੋ ਅਤੇ ਚੰਗਾ ਖਾਣਾ ਖਾਓ, ਚਿਕਨਾਈ ਵਾਲਾ ਖਾਣਾ ਖਾ ਕੇ ਤੁਸੀਂ ਬੇਹੱਦ ਖ਼ੁਸ਼ ਹੋਵੋਗੇ।” (ਯਸਾ. 55:1, 2) ਅਸੀਂ ਉਨ੍ਹਾਂ ਚੀਜ਼ਾਂ ਨਾਲ ਪਿਆਰ ਕਰਨਾ ਸਿੱਖ ਰਹੇ ਹਾਂ ਜਿਨ੍ਹਾਂ ਨਾਲ ਯਹੋਵਾਹ ਪਿਆਰ ਕਰਦਾ ਹੈ। ਨਾਲੇ ਅਸੀਂ ਉਨ੍ਹਾਂ ਚੀਜ਼ਾਂ ਨਾਲ ਨਫ਼ਰਤ ਕਰਨਾ ਸਿੱਖ ਰਹੇ ਹਾਂ ਜਿਨ੍ਹਾਂ ਨਾਲ ਯਹੋਵਾਹ ਨਫ਼ਰਤ ਕਰਦਾ ਹੈ। (ਜ਼ਬੂ. 97:10) ਇਸ ਤੋਂ ਇਲਾਵਾ, ਦੂਜਿਆਂ ਨੂੰ “ਸੱਚੀ ਬੁੱਧ” ਤੋਂ ਫ਼ਾਇਦਾ ਪਾਉਣ ਦਾ ਸੱਦਾ ਦੇ ਕੇ ਵੀ ਸਾਨੂੰ ਖ਼ੁਸ਼ੀ ਹੁੰਦੀ ਹੈ। ਇਹ ਇੱਦਾਂ ਹੈ ਜਿਵੇਂ ਅਸੀਂ ‘ਸ਼ਹਿਰ ਦੀਆਂ ਉਚਾਈਆਂ ਤੋਂ ਪੁਕਾਰਦੇ ਹਾਂ ਕਿ ਜਿਹੜਾ ਵੀ ਨਾਤਜਰਬੇਕਾਰ ਹੈ, ਉਹ ਇੱਥੇ ਅੰਦਰ ਆਵੇ।’ ਇਸ ਦੇ ਫ਼ਾਇਦੇ ਸਾਨੂੰ ਅਤੇ ਸੱਦਾ ਕਬੂਲ ਕਰਨ ਵਾਲਿਆਂ ਨੂੰ ਸਿਰਫ਼ ਹੁਣ ਹੀ ਨਹੀਂ ਹੋਣੇ। ਇਸ ਦੀ ਬਜਾਇ, ਇਸ ਦੇ ਫ਼ਾਇਦੇ ਸਾਨੂੰ ਹਮੇਸ਼ਾ ਲਈ ਹੋਣਗੇ ਯਾਨੀ ਅਸੀਂ ਹਮੇਸ਼ਾ ਲਈ “ਜੀਉਂਦੇ” ਰਹਾਂਗੇ ਜੇ ਅਸੀਂ “ਸਮਝ ਦੇ ਰਾਹ ʼਤੇ ਅੱਗੇ” ਵਧਦੇ ਰਹਾਂਗੇ।—ਕਹਾ. 9:3, 4, 6.
19. ਉਪਦੇਸ਼ਕ ਦੀ ਕਿਤਾਬ 12:13, 14 ਮੁਤਾਬਕ ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ? (“ ਪਰਮੇਸ਼ੁਰ ਦਾ ਡਰ ਰੱਖਣ ਦੇ ਫ਼ਾਇਦੇ” ਨਾਂ ਦੀ ਡੱਬੀ ਦੇਖੋ।)
19 ਉਪਦੇਸ਼ਕ ਦੀ ਕਿਤਾਬ 12:13, 14 ਪੜ੍ਹੋ। ਆਓ ਆਪਾਂ ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਪੱਕਾ ਇਰਾਦਾ ਕਰੀਏ ਕਿ ਅਸੀਂ ਹਮੇਸ਼ਾ ਪਰਮੇਸ਼ੁਰ ਦਾ ਡਰ ਰੱਖਾਂਗੇ। ਇਹ ਡਰ ਸਾਡੇ ਦਿਲ ਦੀ ਹਿਫਾਜ਼ਤ ਕਰੇਗਾ, ਸਾਡਾ ਚਾਲ-ਚਲਣ ਸ਼ੁੱਧ ਰਹੇਗਾ ਅਤੇ ਪਰਮੇਸ਼ੁਰ ਨਾਲ ਸਾਡੀ ਦੋਸਤੀ ਗੂੜ੍ਹੀ ਰਹੇਗੀ। ਯਹੋਵਾਹ ਦਾ ਡਰ ਰੱਖਣ ਕਰਕੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ “ਸੱਚੀ ਬੁੱਧ” ਭਾਲਣ ਅਤੇ ਇਸ ਦੇ ਫ਼ਾਇਦੇ ਲੈਣ ਦਾ ਸੱਦਾ ਦਿੰਦੇ ਰਹਾਂਗੇ।
ਗੀਤ 127 ਮੈਨੂੰ ਕਿਹੋ ਜਿਹਾ ਇਨਸਾਨ ਬਣਨਾ ਚਾਹੀਦਾ ਹੈ
a ਸਾਰੇ ਮਸੀਹੀ ਪਰਮੇਸ਼ੁਰ ਦਾ ਡਰ ਪੈਦਾ ਕਰਨਾ ਚਾਹੁੰਦੇ ਹਨ। ਇਸ ਡਰ ਕਰਕੇ ਸਾਡੇ ਦਿਲ ਦੀ ਰਾਖੀ ਹੋ ਸਕਦੀ ਹੈ, ਅਸੀਂ ਹਰਾਮਕਾਰੀ ਕਰਨ ਅਤੇ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਤੋਂ ਬਚ ਸਕਦੇ ਹਾਂ। ਇਸ ਲੇਖ ਵਿਚ ਅਸੀਂ ਕਹਾਉਤਾਂ ਅਧਿਆਇ 9 ʼਤੇ ਚਰਚਾ ਕਰਾਂਗੇ। ਇਸ ਅਧਿਆਇ ਵਿਚ ਬੁੱਧੀਮਾਨ ਇਨਸਾਨ ਅਤੇ ਮੂਰਖ ਇਨਸਾਨ ਵਿਚ ਫ਼ਰਕ ਦੱਸਿਆ ਗਿਆ ਹੈ। ਬੁੱਧੀਮਾਨੀ ਅਤੇ ਮੂਰਖਤਾ ਨੂੰ ਦੋ ਔਰਤਾਂ ਨਾਲ ਦਰਸਾਇਆ ਗਿਆ ਹੈ। ਇਸ ਅਧਿਆਇ ਵਿਚ ਦਿੱਤੀ ਸਲਾਹ ਕਰਕੇ ਸਾਡਾ ਹੁਣ ਅਤੇ ਭਵਿੱਖ ਵਿਚ ਭਲਾ ਹੋ ਸਕਦਾ ਹੈ।
b ਕੁਝ ਨਾਂ ਬਦਲੇ ਗਏ ਹਨ।