Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਯਿਸੂ ਦੇ ਜਨਮ ਤੋਂ ਬਾਅਦ ਯੂਸੁਫ਼ ਤੇ ਮਰੀਅਮ ਨਾਸਰਤ ਵਿਚ ਆਪਣੇ ਘਰ ਵਾਪਸ ਜਾਣ ਦੀ ਬਜਾਇ ਬੈਤਲਹਮ ਵਿਚ ਹੀ ਕਿਉਂ ਰਹੇ?

ਬਾਈਬਲ ਇਸ ਬਾਰੇ ਕੁਝ ਨਹੀਂ ਕਹਿੰਦੀ। ਪਰ ਇਹ ਇਸ ਬਾਰੇ ਦਿਲਚਸਪ ਜਾਣਕਾਰੀ ਜ਼ਰੂਰ ਦਿੰਦੀ ਹੈ ਕਿ ਸ਼ਾਇਦ ਉਨ੍ਹਾਂ ਨੇ ਇੱਦਾਂ ਕਰਨ ਦਾ ਫ਼ੈਸਲਾ ਕਿਉਂ ਕੀਤਾ ਹੋਣਾ।

ਇਕ ਦੂਤ ਨੇ ਮਰੀਅਮ ਨੂੰ ਦੱਸਿਆ ਸੀ ਕਿ ਉਹ ਗਰਭਵਤੀ ਹੋਵੇਗੀ ਅਤੇ ਇਕ ਪੁੱਤਰ ਨੂੰ ਜਨਮ ਦੇਵੇਗੀ। ਜਦੋਂ ਦੂਤ ਨੇ ਇਹ ਸੰਦੇਸ਼ ਦਿੱਤਾ ਸੀ, ਉਦੋਂ ਯੂਸੁਫ਼ ਤੇ ਮਰੀਅਮ ਗਲੀਲ ਦੇ ਨਾਸਰਤ ਸ਼ਹਿਰ ਵਿਚ ਰਹਿੰਦੇ ਸਨ ਜਿੱਥੇ ਯੂਸੁਫ਼ ਦਾ ਘਰ ਸੀ। (ਲੂਕਾ 1:26-31; 2:4) ਬਾਅਦ ਵਿਚ ਜਦੋਂ ਉਹ ਮਿਸਰ ਤੋਂ ਵਾਪਸ ਆਏ, ਤਾਂ ਉਹ ਨਾਸਰਤ ਨੂੰ ਚਲੇ ਗਏ। ਯਿਸੂ ਉੱਥੇ ਵੱਡਾ ਹੋਇਆ ਅਤੇ ਨਾਸਰੀ ਕਹਾਇਆ। (ਮੱਤੀ 2:19-23) ਇਸੇ ਲਈ ਜਦੋਂ ਯਿਸੂ, ਯੂਸੁਫ਼ ਅਤੇ ਮਰੀਅਮ ਦਾ ਜ਼ਿਕਰ ਆਉਂਦਾ ਹੈ, ਤਾਂ ਅਸੀਂ ਨਾਸਰਤ ਬਾਰੇ ਸੋਚਦੇ ਹਾਂ।

ਮਰੀਅਮ ਦੀ ਇਕ ਰਿਸ਼ਤੇਦਾਰ ਇਲੀਸਬਤ ਯਹੂਦਾਹ ਵਿਚ ਰਹਿੰਦੀ ਸੀ। ਇਲੀਸਬਤ ਜ਼ਕਰਯਾਹ ਪੁਜਾਰੀ ਦੀ ਪਤਨੀ ਅਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਮਾਂ ਸੀ। (ਲੂਕਾ 1:5, 9, 13, 36) ਮਰੀਅਮ ਇਲੀਸਬਤ ਨੂੰ ਮਿਲਣ ਗਈ ਅਤੇ ਉਸ ਨਾਲ ਯਹੂਦਾਹ ਵਿਚ ਤਿੰਨ ਮਹੀਨੇ ਲਈ ਰਹੀ। ਫਿਰ ਮਰੀਅਮ ਨਾਸਰਤ ਵਾਪਸ ਆ ਗਈ। (ਲੂਕਾ 1:39, 40, 56) ਇਸੇ ਕਰਕੇ ਮਰੀਅਮ ਯਹੂਦਾਹ ਦੇ ਇਲਾਕੇ ਬਾਰੇ ਥੋੜ੍ਹਾ-ਬਹੁਤਾ ਜਾਣਦੀ ਸੀ।

ਬਾਅਦ ਵਿਚ ਯੂਸੁਫ਼ ਨਾਸਰਤ ਤੋਂ ਬੈਤਲਹਮ ਨੂੰ ਗਿਆ ਕਿਉਂਕਿ ਰੋਮੀ ਸਰਕਾਰ ਨੇ ਫ਼ਰਮਾਨ ਜਾਰੀ ਕੀਤਾ ਸੀ ਕਿ ਲੋਕ “ਆਪੋ-ਆਪਣੇ ਜੱਦੀ ਸ਼ਹਿਰਾਂ” ਵਿਚ ਜਾ ਕੇ “ਨਾਂ ਦਰਜ ਕਰਾਉਣ।” ਬੈਤਲਹਮ “ਦਾਊਦ ਦਾ ਸ਼ਹਿਰ ਸੀ” ਅਤੇ ਭਵਿੱਖਬਾਣੀ ਕੀਤੀ ਗਈ ਸੀ ਕਿ ਮਸੀਹ ਇਸੇ ਜਗ੍ਹਾ ʼਤੇ ਪੈਦਾ ਹੋਵੇਗਾ। (ਲੂਕਾ 2:3, 4; 1 ਸਮੂ. 17:15; 20:6; ਮੀਕਾ. 5:2) ਜਦੋਂ ਮਰੀਅਮ ਨੇ ਯਿਸੂ ਨੂੰ ਜਨਮ ਦਿੱਤਾ, ਤਾਂ ਯੂਸੁਫ਼ ਨਹੀਂ ਚਾਹੁੰਦਾ ਸੀ ਕਿ ਨਾਸਰਤ ਵਾਪਸ ਜਾਣ ਲਈ ਮਰੀਅਮ ਆਪਣੇ ਨਵਜੰਮੇ ਬੱਚੇ ਨਾਲ ਇੰਨਾ ਲੰਬਾ ਸਫ਼ਰ ਕਰੇ। ਇਸ ਲਈ ਉਹ ਬੈਤਲਹਮ ਵਿਚ ਹੀ ਰੁਕੇ ਜੋ ਕਿ ਯਰੂਸ਼ਲਮ ਤੋਂ ਲਗਭਗ ਨੌਂ ਕਿਲੋਮੀਟਰ (ਲਗਭਗ ਛੇ ਮੀਲ) ਦੀ ਦੂਰੀ ʼਤੇ ਸੀ। ਨਾਲੇ ਉੱਥੋਂ ਉਨ੍ਹਾਂ ਲਈ ਆਪਣੇ ਬੱਚੇ ਨੂੰ ਮੰਦਰ ਲੈ ਕੇ ਜਾਣਾ ਅਤੇ ਮੂਸਾ ਦੇ ਕਾਨੂੰਨ ਮੁਤਾਬਕ ਬਲ਼ੀ ਚੜ੍ਹਾਉਣੀ ਸੌਖੀ ਸੀ।​—ਲੇਵੀ. 12:2, 6-8; ਲੂਕਾ 2:22-24.

ਪਰਮੇਸ਼ੁਰ ਦੇ ਦੂਤ ਨੇ ਮਰੀਅਮ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸ ਦੇ ਪੁੱਤਰ ਨੂੰ “ਦਾਊਦ ਦੀ ਰਾਜ-ਗੱਦੀ” ਮਿਲੇਗੀ ਅਤੇ ਉਹ “ਰਾਜ ਕਰੇਗਾ।” ਇਸ ਲਈ ਹੋ ਸਕਦਾ ਹੈ ਕਿ ਯੂਸੁਫ਼ ਤੇ ਮਰੀਅਮ ਨੇ ਸੋਚਿਆ ਹੋਣਾ ਕਿ ਯਿਸੂ ਦਾ ਜਨਮ ਦਾਊਦ ਦੇ ਸ਼ਹਿਰ ਵਿਚ ਹੋਣਾ ਬਹੁਤ ਅਹਿਮ ਗੱਲ ਸੀ। (ਲੂਕਾ 1:32, 33; 2:11, 17) ਸ਼ਾਇਦ ਇਸੇ ਕਰਕੇ ਉਨ੍ਹਾਂ ਨੇ ਬੈਤਲਹਮ ਵਿਚ ਰੁਕਣ ਦਾ ਫ਼ੈਸਲਾ ਕੀਤਾ। ਸ਼ਾਇਦ ਉਨ੍ਹਾਂ ਨੇ ਸੋਚਿਆ ਹੋਣਾ ਕਿ ਯਹੋਵਾਹ ਉਨ੍ਹਾਂ ਨੂੰ ਦੱਸੇਗਾ ਕਿ ਉਨ੍ਹਾਂ ਨੇ ਅੱਗੇ ਕੀ ਕਰਨਾ ਹੈ।

ਅਸੀਂ ਨਹੀਂ ਜਾਣਦੇ ਕਿ ਜਦੋਂ ਜੋਤਸ਼ੀ ਉਨ੍ਹਾਂ ਨੂੰ ਮਿਲਣ ਆਏ ਸੀ, ਤਾਂ ਉਨ੍ਹਾਂ ਨੂੰ ਬੈਤਲਹਮ ਵਿਚ ਰਹਿੰਦਿਆਂ ਕਿੰਨਾ ਸਮਾਂ ਹੋ ਗਿਆ ਸੀ। ਪਰ ਉਸ ਸਮੇਂ ਉਹ ਇਕ ਘਰ ਵਿਚ ਰਹਿ ਰਹੇ ਸਨ ਅਤੇ ਉਨ੍ਹਾਂ ਦਾ ਮੁੰਡਾ ਛੋਟਾ ‘ਬੱਚਾ’ ਸੀ, ਨਾ ਕਿ ਨੰਨ੍ਹਾ-ਮੁੰਨਾ ਕਾਕਾ। (ਮੱਤੀ 2:11) ਲੱਗਦਾ ਹੈ ਕਿ ਨਾਸਰਤ ਵਾਪਸ ਜਾਣ ਦੀ ਬਜਾਇ ਉਹ ਬੈਤਲਹਮ ਵਿਚ ਕਾਫ਼ੀ ਸਮਾਂ ਰਹੇ ਅਤੇ ਉਸ ਨੂੰ ਹੀ ਆਪਣਾ ਘਰ ਬਣਾ ਲਿਆ ਸੀ।

ਹੇਰੋਦੇਸ ਨੇ ਹੁਕਮ ਦਿੱਤਾ ਕਿ ‘ਬੈਤਲਹਮ ਵਿਚ ਸਾਰੇ ਮੁੰਡਿਆਂ ਨੂੰ ਮਰਵਾ ਦਿੱਤਾ ਜਾਵੇ ਜਿਹੜੇ ਦੋ ਸਾਲ ਦੇ ਜਾਂ ਇਸ ਤੋਂ ਛੋਟੇ ਸਨ।’ (ਮੱਤੀ 2:16) ਪਰਮੇਸ਼ੁਰ ਦੇ ਇਕ ਦੂਤ ਨੇ ਯੂਸੁਫ਼ ਅਤੇ ਮਰੀਅਮ ਨੂੰ ਇਸ ਹੁਕਮ ਬਾਰੇ ਚੇਤਾਵਨੀ ਦਿੱਤੀ। ਇਸ ਲਈ ਉਹ ਫ਼ੌਰਨ ਯਿਸੂ ਨੂੰ ਲੈ ਕੇ ਮਿਸਰ ਚਲੇ ਗਏ ਅਤੇ ਹੇਰੋਦੇਸ ਦੀ ਮੌਤ ਤਕ ਉੱਥੇ ਹੀ ਰਹੇ। ਬਾਅਦ ਵਿਚ ਯੂਸੁਫ਼ ਆਪਣੇ ਪਰਿਵਾਰ ਨੂੰ ਲੈ ਕੇ ਨਾਸਰਤ ਆ ਗਿਆ। ਉਹ ਬੈਤਲਹਮ ਵਾਪਸ ਕਿਉਂ ਨਹੀਂ ਗਏ? ਕਿਉਂਕਿ ਉਸ ਸਮੇਂ ਹੇਰੋਦੇਸ ਦਾ ਮੁੰਡਾ ਅਰਕਿਲਾਊਸ ਯਹੂਦਿਯਾ ʼਤੇ ਰਾਜ ਕਰਨ ਲੱਗ ਪਿਆ ਸੀ ਅਤੇ ਉਹ ਬਹੁਤ ਜ਼ਾਲਮ ਰਾਜਾ ਸੀ। ਨਾਲੇ ਪਰਮੇਸ਼ੁਰ ਦੇ ਦੂਤ ਨੇ ਵੀ ਯੂਸੁਫ਼ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਉੱਥੇ ਨਾ ਜਾਵੇ। ਨਾਸਰਤ ਵਿਚ ਯੂਸੁਫ਼ ਯਿਸੂ ਦੀ ਬਿਨਾਂ ਕਿਸੇ ਖ਼ਤਰੇ ਦੇ ਪਰਵਰਿਸ਼ ਕਰ ਸਕਦਾ ਸੀ ਅਤੇ ਉਸ ਨੂੰ ਸੱਚੇ ਪਰਮੇਸ਼ੁਰ ਬਾਰੇ ਸਿਖਾ ਸਕਦਾ ਸੀ।​—ਮੱਤੀ 2:19-22; 13:55; ਲੂਕਾ 2:39, 52.

ਲੱਗਦਾ ਹੈ ਕਿ ਯਿਸੂ ਦੀ ਕੁਰਬਾਨੀ ਅਤੇ ਉਸ ਵੱਲੋਂ ਸਵਰਗ ਦਾ ਰਾਹ ਖੋਲ੍ਹੇ ਜਾਣ ਤੋਂ ਪਹਿਲਾਂ ਹੀ ਯੂਸੁਫ਼ ਦੀ ਮੌਤ ਹੋ ਗਈ ਸੀ। ਇਸ ਲਈ ਯੂਸੁਫ਼ ਨੂੰ ਧਰਤੀ ʼਤੇ ਜੀਉਂਦਾ ਕੀਤਾ ਜਾਵੇਗਾ। ਉਸ ਸਮੇਂ ਬਹੁਤ ਜਣੇ ਉਸ ਨੂੰ ਮਿਲ ਸਕਣਗੇ ਅਤੇ ਇਸ ਬਾਰੇ ਹੋਰ ਜਾਣ ਸਕਣਗੇ ਕਿ ਉਹ ਤੇ ਮਰੀਅਮ ਯਿਸੂ ਦੇ ਜਨਮ ਤੋਂ ਬਾਅਦ ਬੈਤਲਹਮ ਵਿਚ ਹੀ ਕਿਉਂ ਰਹੇ ਸਨ।