Skip to content

Skip to table of contents

ਅਧਿਐਨ ਲੇਖ 25

ਬਜ਼ੁਰਗੋ​—ਗਿਦਾਊਨ ਦੀ ਮਿਸਾਲ ਤੋਂ ਸਿੱਖੋ

ਬਜ਼ੁਰਗੋ​—ਗਿਦਾਊਨ ਦੀ ਮਿਸਾਲ ਤੋਂ ਸਿੱਖੋ

‘ਜੇ ਮੈਂ ਗਿਦਾਊਨ ਬਾਰੇ ਗੱਲ ਕਰਾਂ, ਤਾਂ ਸਮਾਂ ਘੱਟ ਪੈ ਜਾਵੇਗਾ।’​—ਇਬ. 11:32.

ਗੀਤ 124 ਹਮੇਸ਼ਾ ਵਫ਼ਾਦਾਰ ਰਹਾਂਗੇ

ਖ਼ਾਸ ਗੱਲਾਂ a

1. ਪਹਿਲਾ ਪਤਰਸ 5:2 ਮੁਤਾਬਕ ਬਜ਼ੁਰਗਾਂ ਕੋਲ ਕਿਹੜਾ ਸਨਮਾਨ ਹੈ?

 ਮਸੀਹੀ ਬਜ਼ੁਰਗਾਂ ਨੂੰ ਯਹੋਵਾਹ ਨੇ ਆਪਣੀਆਂ ਅਨਮੋਲ ਭੇਡਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਪਰਮੇਸ਼ੁਰ ਦੇ ਇਹ ਸੇਵਕ ਭੈਣਾਂ-ਭਰਾਵਾਂ ਦੀ ਸੇਵਾ ਕਰਨ ਦੇ ਸਨਮਾਨ ਦੀ ਬਹੁਤ ਕਦਰ ਕਰਦੇ ਹਨ ਅਤੇ “ਚਰਵਾਹੀ” ਦੇ ਕੰਮ ਵਿਚ ਸਖ਼ਤ ਮਿਹਨਤ ਕਰਦੇ ਹਨ। (ਯਿਰ. 23:4; 1 ਪਤਰਸ 5:2 ਪੜ੍ਹੋ।) ਅਸੀਂ ਕਿੰਨੇ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਸਾਡੀ ਮੰਡਲੀ ਵਿਚ ਅਜਿਹੇ ਭਰਾ ਹਨ!

2. ਕੁਝ ਬਜ਼ੁਰਗਾਂ ʼਤੇ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ?

2 ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਬਜ਼ੁਰਗਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ। ਇਕ ਤਾਂ ਇਹ ਕਿ ਉਨ੍ਹਾਂ ਕੋਲ ਮੰਡਲੀ ਦੇ ਬਹੁਤ ਸਾਰੇ ਕੰਮ ਹੁੰਦੇ ਹਨ। ਅਮਰੀਕਾ ਵਿਚ ਰਹਿਣ ਵਾਲਾ ਬਜ਼ੁਰਗ ਟੋਨੀ ਮੰਡਲੀ ਦਾ ਜ਼ਿਆਦਾ ਤੋਂ ਜ਼ਿਆਦਾ ਕੰਮ ਲੈ ਲੈਂਦਾ ਸੀ, ਪਰ ਉਸ ਨੂੰ ਆਪਣੀਆਂ ਹੱਦਾਂ ਵਿਚ ਰਹਿਣਾ ਸਿੱਖਣਾ ਪਿਆ। ਉਹ ਦੱਸਦਾ ਹੈ: “ਜਦੋਂ ਕੋਵਿਡ-19 ਮਹਾਂਮਾਰੀ ਸ਼ੁਰੂ ਹੋਈ, ਤਾਂ ਮੈਂ ਮੀਟਿੰਗਾਂ ਅਤੇ ਪ੍ਰਚਾਰ ਦਾ ਪ੍ਰਬੰਧ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਚਾਹੇ ਮੈਂ ਜਿੰਨਾ ਮਰਜ਼ੀ ਕੰਮ ਕਰਦਾ ਸੀ, ਫਿਰ ਵੀ ਮੰਡਲੀ ਵਿਚ ਹਮੇਸ਼ਾ ਕੁਝ-ਨਾ-ਕੁਝ ਕਰਨ ਨੂੰ ਹੁੰਦਾ ਹੀ ਸੀ। ਹੌਲੀ-ਹੌਲੀ ਮੈਂ ਇੰਨਾ ਜ਼ਿਆਦਾ ਬਿਜ਼ੀ ਹੋ ਗਿਆ ਕਿ ਮੇਰੇ ਕੋਲ ਬਾਈਬਲ ਪੜ੍ਹਨ, ਨਿੱਜੀ ਤੌਰ ʼਤੇ ਬਾਈਬਲ ਦਾ ਅਧਿਐਨ ਕਰਨ ਅਤੇ ਪ੍ਰਾਰਥਨਾ ਕਰਨ ਲਈ ਸਮਾਂ ਹੀ ਨਹੀਂ ਸੀ ਬਚਦਾ।” ਕੋਸੋਵੋ ਵਿਚ ਰਹਿਣ ਵਾਲੇ ਇਕ ਬਜ਼ੁਰਗ ਈਲੀਰ ਨੂੰ ਇਕ ਵੱਖਰੀ ਮੁਸ਼ਕਲ ਆਈ। ਜਦੋਂ ਉਹ ਯੁੱਧ ਵਾਲੇ ਇਲਾਕੇ ਵਿਚ ਰਹਿੰਦਾ ਸੀ, ਉਦੋਂ ਉਸ ਨੂੰ ਸੰਗਠਨ ਦੀਆਂ ਹਿਦਾਇਤਾਂ ਮੰਨਣੀਆਂ ਔਖੀਆਂ ਲੱਗੀਆਂ। ਉਹ ਕਹਿੰਦਾ ਹੈ: “ਬ੍ਰਾਂਚ ਆਫ਼ਿਸ ਨੇ ਮੈਨੂੰ ਅਜਿਹੇ ਇਲਾਕੇ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਕਿਹਾ ਜਿੱਥੇ ਬਹੁਤ ਖ਼ਤਰਾ ਸੀ। ਉਸ ਵੇਲੇ ਮੇਰੀ ਦਲੇਰੀ ਦੀ ਪਰਖ ਹੋਈ। ਮੈਂ ਡਰ ਗਿਆ ਅਤੇ ਮੈਨੂੰ ਉਨ੍ਹਾਂ ਦੀ ਹਿਦਾਇਤ ਸਹੀ ਨਹੀਂ ਸੀ ਲੱਗ ਰਹੀ।” ਏਸ਼ੀਆ ਵਿਚ ਮਿਸ਼ਨਰੀ ਵਜੋਂ ਸੇਵਾ ਕਰ ਰਹੇ ਟਿਮ ਨੂੰ ਰੋਜ਼ਾਨਾ ਦੇ ਕੰਮ ਕਰਨੇ ਔਖੇ ਲੱਗ ਰਹੇ ਸਨ। ਉਹ ਦੱਸਦਾ ਹੈ: “ਕਈ ਵਾਰ ਤਾਂ ਮੇਰੀ ਬੱਸ ਹੋ ਜਾਂਦੀ ਸੀ। ਮੈਨੂੰ ਇੱਦਾਂ ਲੱਗਦਾ ਸੀ ਕਿ ਭੈਣਾਂ-ਭਰਾਵਾਂ ਦੀ ਮਦਦ ਕਰਨ ਕਰਕੇ ਮੇਰੇ ਵਿਚ ਤਾਕਤ ਹੀ ਨਹੀਂ ਸੀ ਰਹਿੰਦੀ।” ਉਨ੍ਹਾਂ ਬਜ਼ੁਰਗਾਂ ਨੂੰ ਕਿਵੇਂ ਮਦਦ ਮਿਲ ਸਕਦੀ ਹੈ ਜੋ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ?

3. ਨਿਆਂਕਾਰ ਗਿਦਾਊਨ ਦੀ ਮਿਸਾਲ ʼਤੇ ਧਿਆਨ ਦੇਣ ਨਾਲ ਸਾਨੂੰ ਕੀ ਫ਼ਾਇਦੇ ਹੋਣਗੇ?

3 ਬਜ਼ੁਰਗ ਨਿਆਂਕਾਰ ਗਿਦਾਊਨ ਦੀ ਮਿਸਾਲ ਤੋਂ ਸਿੱਖ ਸਕਦੇ ਹਨ। (ਇਬ. 6:12; 11:32) ਉਹ ਪਰਮੇਸ਼ੁਰ ਦੇ ਲੋਕਾਂ ਦਾ ਰਾਖਾ ਅਤੇ ਚਰਵਾਹਾ ਸੀ। (ਨਿਆ. 2:16; 1 ਇਤਿ. 17:6) ਪਰਮੇਸ਼ੁਰ ਨੇ ਇਸ ਔਖੇ ਸਮੇਂ ਦੌਰਾਨ ਆਪਣੇ ਲੋਕਾਂ ਦੀ ਦੇਖ-ਭਾਲ ਕਰਨ ਲਈ ਗਿਦਾਊਨ ਵਾਂਗ ਬਜ਼ੁਰਗਾਂ ਨੂੰ ਨਿਯੁਕਤ ਕੀਤਾ ਹੈ। (ਰਸੂ. 20:28; 2 ਤਿਮੋ. 3:1) ਅਸੀਂ ਗਿਦਾਊਨ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ ਕਿ ਅਸੀਂ ਆਪਣੀਆਂ ਹੱਦਾਂ ਕਿਵੇਂ ਪਛਾਣ ਸਕਦੇ ਹਾਂ ਅਤੇ ਨਿਮਰ ਤੇ ਆਗਿਆਕਾਰ ਕਿਵੇਂ ਰਹਿ ਸਕਦੇ ਹਾਂ। ਨਾਲੇ ਜਦੋਂ ਸਾਨੂੰ ਕੋਈ ਜ਼ਿੰਮੇਵਾਰੀ ਨਿਭਾਉਣੀ ਔਖੀ ਲੱਗਦੀ ਹੈ, ਤਾਂ ਬਿਨਾਂ ਹਾਰ ਮੰਨੇ ਅਸੀਂ ਇਸ ਨੂੰ ਕਿਵੇਂ ਨਿਭਾ ਸਕਦੇ ਹਾਂ। ਚਾਹੇ ਅਸੀਂ ਬਜ਼ੁਰਗ ਹਾਂ ਜਾਂ ਨਹੀਂ, ਪਰ ਅਸੀਂ ਬਜ਼ੁਰਗਾਂ ਲਈ ਆਪਣੇ ਦਿਲਾਂ ਵਿਚ ਕਦਰਦਾਨੀ ਵਧਾ ਸਕਦੇ ਹਾਂ। ਨਾਲੇ ਅਸੀਂ ਇਨ੍ਹਾਂ ਮਿਹਨਤੀ ਭਰਾਵਾਂ ਦਾ ਸਾਥ ਦੇ ਸਕਦੇ ਹਾਂ ਜੋ ਮੰਡਲੀ ਵਿਚ ਸਾਡੀ ਦੇਖ-ਭਾਲ ਕਰਦੇ ਹਨ।​—ਇਬ. 13:17.

ਜਦੋਂ ਹੱਦਾਂ ਵਿਚ ਰਹਿਣਾ ਅਤੇ ਨਿਮਰ ਰਹਿਣਾ ਔਖਾ ਹੋਵੇ

4. ਗਿਦਾਊਨ ਨੇ ਕਿਵੇਂ ਦਿਖਾਇਆ ਕਿ ਉਹ ਨਿਮਰ ਸੀ ਅਤੇ ਆਪਣੀਆਂ ਹੱਦਾਂ ਪਛਾਣਦਾ ਸੀ?

4 ਗਿਦਾਊਨ ਨਿਮਰ ਸੀ ਅਤੇ ਆਪਣੀਆਂ ਹੱਦਾਂ ਪਛਾਣਦਾ ਸੀ। b ਜਦੋਂ ਯਹੋਵਾਹ ਨੇ ਇਕ ਦੂਤ ਰਾਹੀਂ ਗਿਦਾਊਨ ਨੂੰ ਦੱਸਿਆ ਕਿ ਇਜ਼ਰਾਈਲੀਆਂ ਨੂੰ ਤਾਕਤਵਰ ਮਿਦਿਆਨੀਆਂ ਹੱਥੋਂ ਛੁਡਾਉਣ ਲਈ ਉਸ ਨੂੰ ਚੁਣਿਆ ਗਿਆ ਸੀ, ਤਾਂ ਉਸ ਨੇ ਨਿਮਰਤਾ ਨਾਲ ਜਵਾਬ ਦਿੱਤਾ: “ਮੇਰਾ ਕਬੀਲਾ ਮਨੱਸ਼ਹ ਵਿਚ ਸਭ ਤੋਂ ਛੋਟਾ ਹੈ ਤੇ ਮੈਂ ਆਪਣੇ ਪਿਤਾ ਦੇ ਘਰਾਣੇ ਵਿਚ ਸਭ ਤੋਂ ਮਾਮੂਲੀ ਇਨਸਾਨ ਹਾਂ।” (ਨਿਆ. 6:15) ਗਿਦਾਊਨ ਆਪਣੇ ਆਪ ਨੂੰ ਇਸ ਜ਼ਿੰਮੇਵਾਰੀ ਦੇ ਕਾਬਲ ਨਹੀਂ ਸੀ ਸਮਝਦਾ, ਪਰ ਯਹੋਵਾਹ ਜਾਣਦਾ ਸੀ ਕਿ ਉਹ ਇਹ ਕਰ ਸਕਦਾ ਹੈ। ਯਹੋਵਾਹ ਦੀ ਮਦਦ ਨਾਲ ਗਿਦਾਊਨ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਵਿਚ ਸਫ਼ਲ ਹੋਇਆ।

5. ਕਿਸੇ ਬਜ਼ੁਰਗ ਲਈ ਆਪਣੀਆਂ ਹੱਦਾਂ ਵਿਚ ਰਹਿਣਾ ਅਤੇ ਨਿਮਰ ਰਹਿਣਾ ਔਖਾ ਕਦੋਂ ਹੋ ਸਕਦਾ ਹੈ?

5 ਬਜ਼ੁਰਗ ਆਪਣੀਆਂ ਹੱਦਾਂ ਵਿਚ ਰਹਿਣ ਅਤੇ ਨਿਮਰ ਰਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। (ਮੀਕਾ. 6:8; ਰਸੂ. 20:18, 19) ਉਹ ਆਪਣੀਆਂ ਕਾਬਲੀਅਤਾਂ ਅਤੇ ਕੰਮਾਂ ਬਾਰੇ ਸ਼ੇਖ਼ੀਆਂ ਨਹੀਂ ਮਾਰਦੇ ਤੇ ਨਾ ਹੀ ਕੋਈ ਗ਼ਲਤੀ ਹੋਣ ʼਤੇ ਆਪਣੇ ਆਪ ਨੂੰ ਨਿਕੰਮੇ ਸਮਝਦੇ ਹਨ। ਪਰ ਕਦੇ-ਕਦਾਈਂ ਕਿਸੇ ਬਜ਼ੁਰਗ ਲਈ ਆਪਣੀਆਂ ਹੱਦਾਂ ਵਿਚ ਰਹਿਣਾ ਅਤੇ ਨਿਮਰ ਰਹਿਣਾ ਔਖਾ ਹੁੰਦਾ ਹੈ। ਉਦਾਹਰਣ ਲਈ, ਹੋ ਸਕਦਾ ਹੈ ਕਿ ਇਕ ਬਜ਼ੁਰਗ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਵੀਕਾਰ ਕਰ ਲਵੇ, ਪਰ ਬਾਅਦ ਵਿਚ ਉਨ੍ਹਾਂ ਨੂੰ ਪੂਰਾ ਕਰਨਾ ਉਸ ਨੂੰ ਔਖਾ ਲੱਗੇ। ਜਾਂ ਕੋਈ ਹੋਰ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਾ ਨਿਭਾਉਣ ਕਰਕੇ ਭੈਣ-ਭਰਾ ਉਸ ਦੀ ਨੁਕਤਾਚੀਨੀ ਕਰਨ, ਪਰ ਸ਼ਾਇਦ ਕੋਈ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾਉਣ ਕਰਕੇ ਭੈਣ-ਭਰਾ ਉਸ ਦੀ ਤਾਰੀਫ਼ ਕਰਨ। ਇਨ੍ਹਾਂ ਹਾਲਾਤਾਂ ਵਿਚ ਗਿਦਾਊਨ ਦੀ ਮਿਸਾਲ ਬਜ਼ੁਰਗਾਂ ਦੀ ਕਿਵੇਂ ਮਦਦ ਕਰ ਸਕਦੀ ਹੈ?

ਗਿਦਾਊਨ ਵਾਂਗ ਇਕ ਬਜ਼ੁਰਗ ਦੂਜਿਆਂ ਤੋਂ ਮਦਦ ਲੈਣ ਲਈ ਤਿਆਰ ਹੈ, ਜਿਵੇਂ ਰੇੜ੍ਹੀ ਲਾ ਕੇ ਪ੍ਰਚਾਰ ਕਰਨ ਦਾ ਪ੍ਰਬੰਧ ਕਰਨ ਲਈ (ਪੈਰਾ 6 ਦੇਖੋ)

6. ਬਜ਼ੁਰਗ ਆਪਣੀਆਂ ਹੱਦਾਂ ਵਿਚ ਰਹਿਣ ਬਾਰੇ ਗਿਦਾਊਨ ਤੋਂ ਕੀ ਸਿੱਖ ਸਕਦੇ ਹਨ? (ਤਸਵੀਰ ਵੀ ਦੇਖੋ।)

6 ਦੂਜਿਆਂ ਤੋਂ ਮਦਦ ਮੰਗੋ। ਆਪਣੀਆਂ ਹੱਦਾਂ ਵਿਚ ਰਹਿਣ ਵਾਲਾ ਵਿਅਕਤੀ ਜਾਣਦਾ ਹੈ ਕਿ ਉਹ ਕੀ ਕਰ ਸਕਦਾ ਹੈ ਤੇ ਕੀ ਨਹੀਂ। ਗਿਦਾਊਨ ਆਪਣੀਆਂ ਹੱਦਾਂ ਜਾਣਦਾ ਸੀ, ਇਸ ਲਈ ਉਹ ਦੂਜਿਆਂ ਤੋਂ ਮਦਦ ਮੰਗਦਾ ਸੀ। (ਨਿਆ. 6:27, 35; 7:24) ਸਮਝਦਾਰ ਬਜ਼ੁਰਗ ਵੀ ਇੱਦਾਂ ਹੀ ਕਰਦੇ ਹਨ। ਟੋਨੀ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਹੈ, ਦੱਸਦਾ ਹੈ: “ਮੇਰੀ ਪਰਵਰਿਸ਼ ਇਸ ਤਰੀਕੇ ਨਾਲ ਹੋਈ ਸੀ ਕਿ ਮੈਂ ਕੋਈ ਕੰਮ ਕਰਨ ਤੋਂ ਮਨ੍ਹਾ ਨਹੀਂ ਸੀ ਕਰਦਾ। ਪਰ ਮੈਂ ਜਿੰਨਾ ਕੰਮ ਲੈਂਦਾ ਸੀ, ਉਹ ਸਾਰਾ ਨਹੀਂ ਸੀ ਕਰ ਪਾਉਂਦਾ। ਇਸ ਲਈ ਮੈਂ ਪਰਿਵਾਰਕ ਸਟੱਡੀ ਵਿਚ ਆਪਣੀਆਂ ਹੱਦਾਂ ਪਛਾਣਨ ਦੇ ਵਿਸ਼ੇ ʼਤੇ ਚਰਚਾ ਕੀਤੀ। ਨਾਲੇ ਮੈਂ ਆਪਣੀ ਪਤਨੀ ਤੋਂ ਵੀ ਪੁੱਛਿਆ ਕਿ ਮੈਂ ਇਸ ਮਾਮਲੇ ਵਿਚ ਕਿੱਥੇ ਸੁਧਾਰ ਕਰ ਸਕਦਾ ਹਾਂ। ਇਸ ਤੋਂ ਇਲਾਵਾ, ਮੈਂ jw.org ਵੈੱਬਸਾਈਟ ʼਤੇ ਯਿਸੂ ਵਾਂਗ ਦੂਜਿਆਂ ਨੂੰ ਸਿਖਲਾਈ ਦਿਓ, ਉਨ੍ਹਾਂ ʼਤੇ ਭਰੋਸਾ ਕਰੋ ਅਤੇ ਜ਼ਿੰਮੇਵਾਰੀਆਂ ਦਿਓ ਨਾਂ ਦੀ ਵੀਡੀਓ ਵੀ ਦੇਖੀ।” ਇਸ ਕਰਕੇ ਟੋਨੀ ਨੇ ਦੂਜਿਆਂ ਤੋਂ ਮਦਦ ਲੈਣੀ ਸ਼ੁਰੂ ਕਰ ਦਿੱਤੀ। ਇਸ ਦਾ ਕੀ ਨਤੀਜਾ ਨਿਕਲਿਆ? ਟੋਨੀ ਦੱਸਦਾ ਹੈ: “ਹੁਣ ਮੰਡਲੀ ਦੇ ਸਾਰੇ ਕੰਮ ਵਧੀਆ ਢੰਗ ਨਾਲ ਹੋ ਜਾਂਦੇ ਹਨ ਅਤੇ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਵੀ ਮੇਰੇ ਕੋਲ ਕਾਫ਼ੀ ਸਮਾਂ ਹੁੰਦਾ ਹੈ।”

7. ਨੁਕਤਾਚੀਨੀ ਹੋਣ ਤੇ ਬਜ਼ੁਰਗ ਨਿਆਂਕਾਰ ਗਿਦਾਊਨ ਦੀ ਰੀਸ ਕਿਵੇਂ ਕਰ ਸਕਦੇ ਹਨ? (ਯਾਕੂਬ 3:13)

7 ਨੁਕਤਾਚੀਨੀ ਹੋਣ ਤੇ ਨਰਮਾਈ ਨਾਲ ਜਵਾਬ ਦਿਓ। ਬਜ਼ੁਰਗਾਂ ਲਈ ਇਕ ਹੋਰ ਮੁਸ਼ਕਲ ਉਦੋਂ ਖੜ੍ਹੀ ਹੋ ਸਕਦੀ ਹੈ ਜਦੋਂ ਉਨ੍ਹਾਂ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ। ਇਸ ਹਾਲਾਤ ਵਿਚ ਵੀ ਗਿਦਾਊਨ ਦੀ ਮਿਸਾਲ ਉਨ੍ਹਾਂ ਦੀ ਮਦਦ ਕਰ ਸਕਦੀ ਹੈ। ਬਿਨਾਂ ਸ਼ੱਕ, ਗਿਦਾਊਨ ਆਪਣੀਆਂ ਕਮੀਆਂ-ਕਮਜ਼ੋਰੀਆਂ ਜਾਣਦਾ ਸੀ। ਇਸ ਲਈ ਜਦੋਂ ਇਫ਼ਰਾਈਮੀ ਆਦਮੀ ਉਸ ਦੀ ਨੁਕਤਾਚੀਨੀ ਕਰਨ ਲੱਗੇ, ਤਾਂ ਉਨ੍ਹਾਂ ʼਤੇ ਗੁੱਸੇ ਵਿਚ ਭੜਕਣ ਦੀ ਬਜਾਇ ਉਹ ਸ਼ਾਂਤ ਰਿਹਾ। (ਨਿਆ. 8:1-3) ਉਸ ਨੇ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣੀ ਅਤੇ ਨਰਮਾਈ ਨਾਲ ਜਵਾਬ ਦਿੱਤਾ। ਇਸ ਕਰਕੇ ਉਨ੍ਹਾਂ ਆਦਮੀਆਂ ਦਾ ਗੁੱਸਾ ਸ਼ਾਂਤ ਹੋ ਗਿਆ। ਗਿਦਾਊਨ ਦੇ ਰਵੱਈਏ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਨਿਮਰ ਸੀ। ਬਜ਼ੁਰਗ ਗਿਦਾਊਨ ਦੀ ਰੀਸ ਕਰ ਸਕਦੇ ਹਨ। ਜਦੋਂ ਉਨ੍ਹਾਂ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ, ਤਾਂ ਉਹ ਸਮਝਦਾਰੀ ਦਿਖਾਉਂਦਿਆਂ ਧਿਆਨ ਨਾਲ ਗੱਲ ਸੁਣ ਸਕਦੇ ਹਨ ਅਤੇ ਨਰਮਾਈ ਨਾਲ ਜਵਾਬ ਦੇ ਸਕਦੇ ਹਨ। (ਯਾਕੂਬ 3:13 ਪੜ੍ਹੋ।) ਇਸ ਤਰ੍ਹਾਂ ਉਹ ਮੰਡਲੀ ਵਿਚ ਸ਼ਾਂਤੀ ਬਣਾਈ ਰੱਖਦੇ ਹਨ।

8. ਜਦੋਂ ਬਜ਼ੁਰਗਾਂ ਦੀ ਤਾਰੀਫ਼ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ? ਇਕ ਉਦਾਹਰਣ ਦਿਓ।

8 ਸਾਰੀ ਮਹਿਮਾ ਯਹੋਵਾਹ ਨੂੰ ਦਿਓ। ਜਦੋਂ ਮਿਦਿਆਨੀਆਂ ʼਤੇ ਜਿੱਤ ਹਾਸਲ ਕਰਨ ਕਰਕੇ ਦੂਜਿਆਂ ਨੇ ਗਿਦਾਊਨ ਦੀ ਤਾਰੀਫ਼ ਕੀਤੀ, ਤਾਂ ਉਸ ਨੇ ਸਾਰੀ ਮਹਿਮਾ ਯਹੋਵਾਹ ਨੂੰ ਦਿੱਤੀ। (ਨਿਆ. 8:22, 23) ਜ਼ਿੰਮੇਵਾਰ ਭਰਾ ਗਿਦਾਊਨ ਦੀ ਰੀਸ ਕਿਵੇਂ ਕਰ ਸਕਦੇ ਹਨ? ਉਹ ਜੋ ਵੀ ਕਰਦੇ ਹਨ, ਉਹ ਉਸ ਦਾ ਸਿਹਰਾ ਯਹੋਵਾਹ ਨੂੰ ਦੇ ਸਕਦੇ ਹਨ। (1 ਕੁਰਿੰ. 4:6, 7) ਉਦਾਹਰਣ ਲਈ, ਜੇ ਵਧੀਆ ਢੰਗ ਨਾਲ ਸਿਖਾਉਣ ਕਰਕੇ ਕਿਸੇ ਬਜ਼ੁਰਗ ਦੀ ਤਾਰੀਫ਼ ਕੀਤੀ ਜਾਂਦੀ ਹੈ, ਤਾਂ ਉਹ ਕਹਿ ਸਕਦਾ ਹੈ ਕਿ ਇਹ ਸਾਰੀ ਜਾਣਕਾਰੀ ਪਰਮੇਸ਼ੁਰ ਦੇ ਬਚਨ ਤੋਂ ਹੈ ਅਤੇ ਅਸੀਂ ਸਾਰੇ ਹੀ ਯਹੋਵਾਹ ਦੇ ਸੰਗਠਨ ਤੋਂ ਸਿੱਖਦੇ ਹਾਂ। ਸਮੇਂ-ਸਮੇਂ ʼਤੇ ਬਜ਼ੁਰਗ ਇਸ ਗੱਲ ʼਤੇ ਸੋਚ-ਵਿਚਾਰ ਕਰ ਸਕਦੇ ਹਨ ਕਿ ਉਹ ਭੈਣਾਂ-ਭਰਾਵਾਂ ਦਾ ਧਿਆਨ ਕਿਤੇ ਆਪਣੇ ਵੱਲ ਤਾਂ ਨਹੀਂ ਖਿੱਚ ਰਹੇ। ਜ਼ਰਾ ਤਿਮੋਥੀ ਨਾਂ ਦੇ ਇਕ ਬਜ਼ੁਰਗ ਦੇ ਤਜਰਬੇ ʼਤੇ ਗੌਰ ਕਰੋ। ਜਦੋਂ ਉਹ ਨਵਾਂ-ਨਵਾਂ ਬਜ਼ੁਰਗ ਬਣਿਆ ਸੀ, ਤਾਂ ਉਸ ਨੂੰ ਪਬਲਿਕ ਭਾਸ਼ਣ ਦੇਣੇ ਬਹੁਤ ਵਧੀਆ ਲੱਗਦੇ ਸਨ। ਉਹ ਕਹਿੰਦਾ ਹੈ: “ਮੇਰੇ ਭਾਸ਼ਣਾਂ ਦੀ ਸ਼ੁਰੂਆਤ ਲੰਬੀ-ਚੌੜੀ ਹੁੰਦੀ ਸੀ ਤੇ ਮੈਂ ਵੱਡੀਆਂ-ਵੱਡੀਆਂ ਮਿਸਾਲਾਂ ਦਿੰਦਾ ਸੀ। ਇਨ੍ਹਾਂ ਕਰਕੇ ਦੂਜੇ ਅਕਸਰ ਮੇਰੀ ਤਾਰੀਫ਼ ਕਰਦੇ ਸਨ। ਪਰ ਅਫ਼ਸੋਸ ਇਸ ਕਰਕੇ ਉਨ੍ਹਾਂ ਦਾ ਧਿਆਨ ਬਾਈਬਲ ਜਾਂ ਯਹੋਵਾਹ ʼਤੇ ਜਾਣ ਦੀ ਬਜਾਇ ਮੇਰੇ ʼਤੇ ਜ਼ਿਆਦਾ ਜਾਂਦਾ ਸੀ।” ਸਮੇਂ ਦੇ ਬੀਤਣ ਨਾਲ, ਭਰਾ ਤਿਮੋਥੀ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਆਪਣੇ ਸਿਖਾਉਣ ਦੇ ਤਰੀਕੇ ਵਿਚ ਸੁਧਾਰ ਕਰਨ ਦੀ ਲੋੜ ਹੈ ਤਾਂਕਿ ਬਿਨਾਂ ਵਜ੍ਹਾ ਉਹ ਭੈਣਾਂ-ਭਰਾਵਾਂ ਦਾ ਧਿਆਨ ਆਪਣੇ ਵੱਲ ਨਾ ਖਿੱਚੇ। (ਕਹਾ. 27:21) ਇਸ ਦਾ ਕੀ ਨਤੀਜਾ ਨਿਕਲਿਆ? ਉਹ ਦੱਸਦਾ ਹੈ: “ਹੁਣ ਭੈਣ-ਭਰਾ ਆ ਕੇ ਮੈਨੂੰ ਦੱਸਦੇ ਹਨ ਕਿ ਮੇਰੇ ਭਾਸ਼ਣ ਕਰਕੇ ਉਹ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਿਵੇਂ ਕਰ ਸਕੇ, ਕਿਸੇ ਅਜ਼ਮਾਇਸ਼ ਨੂੰ ਕਿਵੇਂ ਸਹਿ ਸਕੇ ਜਾਂ ਯਹੋਵਾਹ ਦੇ ਹੋਰ ਨੇੜੇ ਕਿਵੇਂ ਆ ਸਕੇ। ਉਨ੍ਹਾਂ ਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੁੰਦੀ ਹੈ ਜੋ ਮੈਨੂੰ ਸਾਲਾਂ ਪਹਿਲਾਂ ਆਪਣੀ ਤਾਰੀਫ਼ ਸੁਣ ਕੇ ਨਹੀਂ ਹੁੰਦੀ ਸੀ।”

ਜਦੋਂ ਤੁਹਾਡੇ ਲਈ ਕਹਿਣਾ ਮੰਨਣਾ ਜਾਂ ਦਲੇਰੀ ਦਿਖਾਉਣੀ ਔਖੀ ਹੋਵੇ

ਗਿਦਾਊਨ ਨੇ ਕਹਿਣਾ ਮੰਨ ਕੇ ਆਪਣੇ ਫ਼ੌਜੀਆਂ ਦੀ ਗਿਣਤੀ ਘਟਾ ਦਿੱਤੀ। ਉਸ ਨੇ ਉਨ੍ਹਾਂ 300 ਆਦਮੀਆਂ ਨੂੰ ਚੁਣਿਆ ਜਿਨ੍ਹਾਂ ਨੇ ਦਿਖਾਇਆ ਕਿ ਉਹ ਚੁਕੰਨੇ ਸਨ (ਪੈਰਾ 9 ਦੇਖੋ)

9. ਕਿਹੜੀਆਂ ਗੱਲਾਂ ਕਰਕੇ ਗਿਦਾਊਨ ਲਈ ਕਹਿਣਾ ਮੰਨਣਾ ਅਤੇ ਦਲੇਰੀ ਦਿਖਾਉਣੀ ਔਖੀ ਹੋਈ ਹੋਣੀ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)

9 ਜਦੋਂ ਗਿਦਾਊਨ ਨੂੰ ਨਿਆਂਕਾਰ ਵਜੋਂ ਨਿਯੁਕਤ ਕੀਤਾ ਗਿਆ, ਤਾਂ ਉਸ ਨੇ ਯਹੋਵਾਹ ਦਾ ਕਹਿਣਾ ਮੰਨਣਾ ਸੀ ਅਤੇ ਦਲੇਰੀ ਦਿਖਾਉਣੀ ਸੀ। ਪਰ ਉਸ ਲਈ ਇਹ ਸੌਖਾ ਨਹੀਂ ਸੀ। ਕਿਉਂ? ਕਿਉਂਕਿ ਉਸ ਨੂੰ ਬਆਲ ਦੀ ਵੇਦੀ ਢਾਹੁਣ ਲਈ ਕਿਹਾ ਗਿਆ ਜੋ ਉਸ ਦੇ ਪਿਤਾ ਨੇ ਬਣਵਾਈ ਸੀ। ਇਸ ਕੰਮ ਵਿਚ ਖ਼ਤਰਾ ਸੀ। (ਨਿਆ. 6:25, 26) ਫਿਰ ਬਾਅਦ ਵਿਚ ਜਦੋਂ ਉਸ ਨੇ ਫ਼ੌਜ ਇਕੱਠੀ ਕੀਤੀ, ਤਾਂ ਉਸ ਨੂੰ ਦੋ ਵਾਰ ਫ਼ੌਜੀਆਂ ਦੀ ਗਿਣਤੀ ਘਟਾਉਣ ਲਈ ਕਿਹਾ ਗਿਆ। (ਨਿਆ. 7:2-7) ਅਖ਼ੀਰ, ਉਸ ਨੂੰ ਰਾਤ ਦੇ ਸੰਨਾਟੇ ਵਿਚ ਦੁਸ਼ਮਣਾਂ ਦੀ ਛਾਉਣੀ ʼਤੇ ਹਮਲਾ ਕਰਨ ਲਈ ਕਿਹਾ ਗਿਆ।​—ਨਿਆ. 7:9-11.

10. ਕਿਸੇ ਬਜ਼ੁਰਗ ਲਈ ਕਹਿਣਾ ਮੰਨਣਾ ਕਦੋਂ ਔਖਾ ਹੋ ਸਕਦਾ ਹੈ?

10 ਬਜ਼ੁਰਗਾਂ ਨੂੰ “ਕਹਿਣਾ ਮੰਨਣ ਲਈ ਤਿਆਰ” ਰਹਿਣਾ ਚਾਹੀਦਾ ਹੈ। (ਯਾਕੂ. 3:17) ਜਿਹੜੇ ਬਜ਼ੁਰਗ ਕਹਿਣਾ ਮੰਨਣ ਲਈ ਤਿਆਰ ਰਹਿੰਦੇ ਹਨ, ਉਹ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਅਤੇ ਉਸ ਦੇ ਸੰਗਠਨ ਦੀਆਂ ਹਿਦਾਇਤਾਂ ਝੱਟ ਮੰਨਦੇ ਹਨ। ਇਸ ਤਰ੍ਹਾਂ ਉਹ ਦੂਜਿਆਂ ਲਈ ਵਧੀਆ ਮਿਸਾਲ ਰੱਖਦੇ ਹਨ। ਪਰ ਫਿਰ ਵੀ ਹੋ ਸਕਦਾ ਹੈ ਕਿ ਕਦੇ-ਕਦਾਈਂ ਉਨ੍ਹਾਂ ਨੂੰ ਕਹਿਣਾ ਮੰਨਣਾ ਔਖਾ ਲੱਗੇ। ਉਦਾਹਰਣ ਲਈ, ਹੋ ਸਕਦਾ ਹੈ ਕਿ ਕਿਸੇ ਬਜ਼ੁਰਗ ਨੂੰ ਬਹੁਤ ਸਾਰੀਆਂ ਹਿਦਾਇਤਾਂ ਮਿਲਣ ਜਾਂ ਇਨ੍ਹਾਂ ਵਿਚ ਵਾਰ-ਵਾਰ ਬਦਲਾਅ ਕੀਤੇ ਜਾਣ ਜਿਸ ਕਰਕੇ ਇਨ੍ਹਾਂ ਮੁਤਾਬਕ ਕੰਮ ਕਰਨਾ ਉਸ ਨੂੰ ਔਖਾ ਲੱਗੇ। ਜਾਂ ਇਕ ਬਜ਼ੁਰਗ ਨੂੰ ਲੱਗੇ ਕਿ ਸੰਗਠਨ ਜੋ ਹਿਦਾਇਤ ਦੇ ਰਿਹਾ ਹੈ, ਕੀ ਉਸ ਨੂੰ ਮੰਨਣਾ ਵਾਕਈ ਸਮਝਦਾਰੀ ਦੀ ਗੱਲ ਹੋਵੇਗੀ। ਜਾਂ ਹੋ ਸਕਦਾ ਹੈ ਕਿ ਕਿਸੇ ਬਜ਼ੁਰਗ ਨੂੰ ਕੋਈ ਅਜਿਹਾ ਕੰਮ ਕਰਨ ਲਈ ਕਿਹਾ ਜਾਵੇ ਜਿਸ ਕਰਕੇ ਜੇਲ੍ਹ ਜਾਣ ਦਾ ਖ਼ਤਰਾ ਹੋਵੇ। ਗਿਦਾਊਨ ਦੀ ਮਿਸਾਲ ʼਤੇ ਚੱਲ ਕੇ ਬਜ਼ੁਰਗ ਇਨ੍ਹਾਂ ਹਾਲਾਤਾਂ ਵਿਚ ਕਹਿਣਾ ਕਿਵੇਂ ਮੰਨ ਸਕਦੇ ਹਨ?

11. ਕਹਿਣਾ ਮੰਨਣ ਵਿਚ ਕਿਹੜੀ ਗੱਲ ਬਜ਼ੁਰਗਾਂ ਦੀ ਮਦਦ ਕਰ ਸਕਦੀ ਹੈ?

11 ਧਿਆਨ ਨਾਲ ਹਿਦਾਇਤਾਂ ਸੁਣੋ ਅਤੇ ਉਨ੍ਹਾਂ ਮੁਤਾਬਕ ਕੰਮ ਕਰੋ। ਪਰਮੇਸ਼ੁਰ ਨੇ ਗਿਦਾਊਨ ਨੂੰ ਦੱਸਿਆ ਕਿ ਉਸ ਨੇ ਆਪਣੇ ਪਿਤਾ ਵੱਲੋਂ ਬਣਵਾਈ ਵੇਦੀ ਨੂੰ ਕਿਵੇਂ ਢਾਹੁਣਾ ਸੀ, ਯਹੋਵਾਹ ਲਈ ਨਵੀਂ ਵੇਦੀ ਕਿੱਥੇ ਬਣਾਉਣੀ ਸੀ ਅਤੇ ਕਿਹੜੇ ਜਾਨਵਰ ਦੀ ਬਲ਼ੀ ਚੜ੍ਹਾਉਣੀ ਸੀ। ਗਿਦਾਊਨ ਨੇ ਇਨ੍ਹਾਂ ਹਿਦਾਇਤਾਂ ਬਾਰੇ ਕੋਈ ਸਵਾਲ ਨਹੀਂ ਪੁੱਛਿਆ, ਸਗੋਂ ਇਨ੍ਹਾਂ ਨੂੰ ਉਸੇ ਤਰ੍ਹਾਂ ਮੰਨਿਆ। ਅੱਜ ਯਹੋਵਾਹ ਦਾ ਸੰਗਠਨ ਬਜ਼ੁਰਗਾਂ ਨੂੰ ਚਿੱਠੀਆਂ, ਘੋਸ਼ਣਾਵਾਂ ਅਤੇ ਹੋਰ ਤਰੀਕਿਆਂ ਨਾਲ ਹਿਦਾਇਤਾਂ ਦਿੰਦਾ ਹੈ। ਇਸ ਕਰਕੇ ਅਸੀਂ ਸੁਰੱਖਿਅਤ ਰਹਿੰਦੇ ਹਾਂ ਅਤੇ ਯਹੋਵਾਹ ਦੇ ਨੇੜੇ ਰਹਿੰਦੇ ਹਾਂ। ਅਸੀਂ ਆਪਣੇ ਬਜ਼ੁਰਗਾਂ ਨੂੰ ਬਹੁਤ ਪਿਆਰ ਕਰਦੇ ਹਾਂ ਕਿਉਂਕਿ ਉਹ ਵਫ਼ਾਦਾਰੀ ਨਾਲ ਪਰਮੇਸ਼ੁਰ ਦੀਆਂ ਹਿਦਾਇਤਾਂ ਮੰਨਦੇ ਹਨ। ਇਸ ਨਾਲ ਪੂਰੀ ਮੰਡਲੀ ਨੂੰ ਫ਼ਾਇਦਾ ਹੁੰਦਾ ਹੈ।​—ਜ਼ਬੂ. 119:112.

12. ਜੇ ਸੰਗਠਨ ਬਜ਼ੁਰਗਾਂ ਨੂੰ ਕੋਈ ਕੰਮ ਅਲੱਗ ਤਰੀਕੇ ਨਾਲ ਕਰਨ ਲਈ ਕਹਿੰਦਾ ਹੈ, ਤਾਂ ਉਹ ਇਬਰਾਨੀਆਂ 13:17 ਮੁਤਾਬਕ ਹਿਦਾਇਤ ਨੂੰ ਕਿਵੇਂ ਮੰਨ ਸਕਦੇ ਹਨ?

12 ਫੇਰ-ਬਦਲ ਕਰਨ ਲਈ ਤਿਆਰ ਰਹੋ। ਜ਼ਰਾ ਯਾਦ ਕਰੋ ਕਿ ਯਹੋਵਾਹ ਦੇ ਕਹਿਣ ਤੇ ਗਿਦਾਊਨ ਨੇ ਆਪਣੀ ਫ਼ੌਜ ਦੇ 99 ਪ੍ਰਤਿਸ਼ਤ ਫ਼ੌਜੀਆਂ ਦੀ ਗਿਣਤੀ ਘਟਾ ਦਿੱਤੀ ਸੀ। (ਨਿਆ. 7:8) ਉਹ ਸੋਚ ਸਕਦਾ ਸੀ, ‘ਕੀ ਇਹ ਬਦਲਾਅ ਕਰਨ ਦੀ ਵਾਕਈ ਲੋੜ ਹੈ? ਕੀ ਅਸੀਂ ਇੰਨੇ ਘੱਟ ਫ਼ੌਜੀਆਂ ਨਾਲ ਯੁੱਧ ਜਿੱਤ ਸਕਦੇ ਹਾਂ?’ ਫਿਰ ਵੀ ਗਿਦਾਊਨ ਨੇ ਕਹਿਣਾ ਮੰਨਿਆ। ਬਜ਼ੁਰਗ ਨਿਆਂਕਾਰ ਗਿਦਾਊਨ ਦੀ ਮਿਸਾਲ ʼਤੇ ਚੱਲਦਿਆਂ ਉਦੋਂ ਵੀ ਹਿਦਾਇਤਾਂ ਮੰਨਦੇ ਹਨ ਜਦੋਂ ਸੰਗਠਨ ਬਜ਼ੁਰਗਾਂ ਨੂੰ ਕੋਈ ਕੰਮ ਅਲੱਗ ਤਰੀਕੇ ਨਾਲ ਕਰਨ ਲਈ ਕਹਿੰਦਾ ਹੈ। (ਇਬਰਾਨੀਆਂ 13:17 ਪੜ੍ਹੋ।) ਉਦਾਹਰਣ ਲਈ, 2014 ਵਿਚ ਪ੍ਰਬੰਧਕ ਸਭਾ ਨੇ ਕਿੰਗਡਮ ਹਾਲਾਂ ਅਤੇ ਸੰਮੇਲਨ ਹਾਲਾਂ ਦੀ ਉਸਾਰੀ ਦੇ ਖ਼ਰਚੇ ਬਾਰੇ ਕੁਝ ਫੇਰ-ਬਦਲ ਕੀਤੇ। (2 ਕੁਰਿੰ. 8:12-14) ਪਹਿਲਾਂ ਜੇ ਕੋਈ ਕਿੰਗਡਮ ਹਾਲ ਜਾਂ ਸੰਮੇਲਨ ਹਾਲ ਬਣਾਇਆ ਜਾਂਦਾ ਸੀ, ਤਾਂ ਸੰਗਠਨ ਮੰਡਲੀਆਂ ਨੂੰ ਪੈਸਾ ਦਿੰਦਾ ਸੀ ਅਤੇ ਬਾਅਦ ਵਿਚ ਮੰਡਲੀਆਂ ਉਹ ਪੈਸਾ ਵਾਪਸ ਕਰ ਦਿੰਦੀਆਂ ਸਨ। ਪਰ ਹੁਣ ਮੰਡਲੀਆਂ ਨੂੰ ਉਹ ਪੈਸਾ ਵਾਪਸ ਕਰਨ ਦੀ ਲੋੜ ਨਹੀਂ ਪੈਂਦੀ। ਹੁਣ ਸੰਗਠਨ ਅਜਿਹੀਆਂ ਇਮਾਰਤਾਂ ਦੀ ਉਸਾਰੀ ਲਈ ਦੁਨੀਆਂ ਭਰ ਦੀਆਂ ਮੰਡਲੀਆਂ ਤੋਂ ਮਿਲਣ ਵਾਲੇ ਦਾਨ ਵਿੱਚੋਂ ਪੈਸਾ ਇਸਤੇਮਾਲ ਕਰਦਾ ਹੈ, ਫਿਰ ਚਾਹੇ ਕੋਈ ਮੰਡਲੀ ਜ਼ਿਆਦਾ ਦਾਨ ਨਾ ਵੀ ਦੇ ਸਕਦੀ ਹੋਵੇ। ਜਦੋਂ ਭਰਾ ਹੋਜ਼ੇ ਨੂੰ ਇਸ ਫੇਰ-ਬਦਲ ਬਾਰੇ ਪਤਾ ਲੱਗਾ, ਤਾਂ ਉਸ ਨੂੰ ਲੱਗਾ ਕਿ ਸ਼ਾਇਦ ਇਹ ਤਰੀਕਾ ਕਾਮਯਾਬ ਨਹੀਂ ਹੋਣਾ। ਉਹ ਸੋਚਣ ਲੱਗਾ: ‘ਇੱਦਾਂ ਤਾਂ ਇਕ ਵੀ ਕਿੰਗਡਮ ਹਾਲ ਨਹੀਂ ਬਣਨਾ। ਸਾਡੇ ਇੱਥੇ ਇਹ ਤਰੀਕਾ ਨਹੀਂ ਚੱਲਣਾ।’ ਪਰ ਕਿਹੜੀ ਗੱਲ ਨੇ ਹੌਜ਼ੇ ਦੀ ਇਸ ਹਿਦਾਇਤ ਨੂੰ ਮੰਨਣ ਵਿਚ ਮਦਦ ਕੀਤੀ? ਉਹ ਦੱਸਦਾ ਹੈ: “ਕਹਾਉਤਾਂ 3:5, 6 ਵਿਚ ਲਿਖੀ ਗੱਲ ਤੋਂ ਮੈਨੂੰ ਯਾਦ ਆਇਆ ਕਿ ਮੈਨੂੰ ਯਹੋਵਾਹ ʼਤੇ ਭਰੋਸਾ ਕਰਨਾ ਚਾਹੀਦਾ ਹੈ। ਇਸ ਤਰੀਕੇ ਨਾਲ ਕੰਮ ਕਰਨ ਦੇ ਬਹੁਤ ਸਾਰੇ ਵਧੀਆ ਨਤੀਜੇ ਨਿਕਲੇ ਹਨ! ਹੁਣ ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕਿੰਗਡਮ ਹਾਲ ਬਣਾ ਪਾ ਰਹੇ ਹਾਂ ਅਤੇ ਅਸੀਂ ਅਲੱਗ-ਅਲੱਗ ਤਰੀਕਿਆਂ ਨਾਲ ਦਾਨ ਦੇਣਾ ਵੀ ਸਿੱਖਿਆ ਹੈ। ਇਸ ਤਰ੍ਹਾਂ ਕਿਸੇ ਦੇ ਵਾਧੇ ਕਰਕੇ ਕਿਸੇ ਦਾ ਘਾਟਾ ਪੂਰਾ ਹੋ ਰਿਹਾ ਹੈ।”

ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ, ਉੱਥੇ ਵੀ ਅਸੀਂ ਦਲੇਰੀ ਦਿਖਾਉਂਦੇ ਹੋਏ ਵਧੀਆ ਤਰੀਕੇ ਨਾਲ ਗਵਾਹੀ ਦੇ ਸਕਦੇ ਹਾਂ (ਪੈਰਾ 13 ਦੇਖੋ)

13. (ੳ) ਗਿਦਾਊਨ ਨੂੰ ਕਿਹੜੀ ਗੱਲ ਦਾ ਭਰੋਸਾ ਸੀ? (ਅ) ਬਜ਼ੁਰਗ ਨਿਆਂਕਾਰ ਗਿਦਾਊਨ ਦੀ ਰੀਸ ਕਿਵੇਂ ਕਰ ਸਕਦੇ ਹਨ? (ਤਸਵੀਰ ਵੀ ਦੇਖੋ।)

13 ਦਲੇਰੀ ਨਾਲ ਯਹੋਵਾਹ ਦੀ ਇੱਛਾ ਪੂਰੀ ਕਰੋ। ਗਿਦਾਊਨ ਨੇ ਡਰ ਅਤੇ ਖ਼ਤਰਿਆਂ ਦੇ ਬਾਵਜੂਦ ਵੀ ਯਹੋਵਾਹ ਦਾ ਕਹਿਣਾ ਮੰਨਿਆ। (ਨਿਆ. 9:17) ਜਦੋਂ ਯਹੋਵਾਹ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਉਸ ਦੀ ਰਾਖੀ ਕਰੇਗਾ, ਤਾਂ ਉਸ ਨੂੰ ਪੱਕਾ ਯਕੀਨ ਹੋ ਗਿਆ ਕਿ ਪਰਮੇਸ਼ੁਰ ਆਪਣੇ ਲੋਕਾਂ ਦੀ ਰਾਖੀ ਕਰਨ ਵਿਚ ਉਸ ਦਾ ਸਾਥ ਜ਼ਰੂਰ ਦੇਵੇਗਾ। ਅੱਜ ਜੋ ਬਜ਼ੁਰਗ ਉਨ੍ਹਾਂ ਇਲਾਕਿਆਂ ਵਿਚ ਰਹਿੰਦੇ ਹਨ ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ, ਉਹ ਗਿਦਾਊਨ ਵਾਂਗ ਦਲੇਰੀ ਦਿਖਾਉਂਦੇ ਹਨ। ਉਹ ਮੀਟਿੰਗਾਂ ਅਤੇ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਦੇ ਹਨ, ਫਿਰ ਚਾਹੇ ਇਸ ਕੰਮ ਕਰਕੇ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਜਾਵੇ, ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾਵੇ, ਉਨ੍ਹਾਂ ਨੂੰ ਕੰਮ ਤੋਂ ਕੱਢਿਆ ਜਾਵੇ ਜਾਂ ਉਨ੍ਹਾਂ ਨਾਲ ਮਾਰ-ਕੁੱਟ ਕੀਤੀ ਜਾਵੇ। c ਮਹਾਂਕਸ਼ਟ ਦੌਰਾਨ ਮਿਲਣ ਵਾਲੀਆਂ ਹਿਦਾਇਤਾਂ ਮੰਨਣ ਲਈ ਬਜ਼ੁਰਗਾਂ ਨੂੰ ਦਲੇਰੀ ਦੀ ਲੋੜ ਪਵੇਗੀ, ਚਾਹੇ ਕਿ ਇਸ ਤਰ੍ਹਾਂ ਕਰਨ ਵਿਚ ਉਨ੍ਹਾਂ ਦੀ ਜਾਨ ਨੂੰ ਹੀ ਖ਼ਤਰਾ ਕਿਉਂ ਨਾ ਹੋਵੇ। ਉਨ੍ਹਾਂ ਨੂੰ ਸ਼ਾਇਦ ਹਿਦਾਇਤਾਂ ਮਿਲਣ ਕਿ ਗੜਿਆਂ ਵਰਗਾ ਸੰਦੇਸ਼ ਕਿਵੇਂ ਸੁਣਾਉਣਾ ਹੈ ਅਤੇ ਮਾਗੋਗ ਦੇ ਗੋਗ ਦੇ ਹਮਲੇ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ।​—ਹਿਜ਼. 38:18; ਪ੍ਰਕਾ. 16:21.

ਜਦੋਂ ਕੋਈ ਜ਼ਿੰਮੇਵਾਰੀ ਨਿਭਾਉਣੀ ਔਖੀ ਹੋਵੇ

14. ਗਿਦਾਊਨ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਕਿਉਂ ਔਖੀ ਰਹੀ ਹੋਣੀ?

14 ਗਿਦਾਊਨ ਨੂੰ ਨਿਆਂਕਾਰ ਵਜੋਂ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਸੀ, ਉਸ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਸੀ। ਜਦੋਂ ਮਿਦਿਆਨੀ ਰਾਤ ਨੂੰ ਯੁੱਧ ਦਾ ਮੈਦਾਨ ਛੱਡ ਕੇ ਭੱਜਣ ਲੱਗੇ, ਤਾਂ ਗਿਦਾਊਨ ਨੇ ਉਨ੍ਹਾਂ ਦਾ ਪਿੱਛਾ ਕੀਤਾ। ਉਹ ਯਿਜ਼ਰਾਏਲ ਘਾਟੀ ਤੋਂ ਲੈ ਕੇ ਯਰਦਨ ਦਰਿਆ ਤਕ ਉਨ੍ਹਾਂ ਦਾ ਪਿੱਛਾ ਕਰਦਾ ਰਿਹਾ ਅਤੇ ਇਹ ਇਲਾਕਾ ਕੰਡਿਆਲ਼ੀਆਂ ਝਾੜੀਆਂ ਨਾਲ ਭਰਿਆ ਹੋਇਆ ਸੀ। (ਨਿਆ. 7:22) ਕੀ ਗਿਦਾਊਨ ਯਰਦਨ ʼਤੇ ਜਾ ਕੇ ਰੁਕ ਗਿਆ? ਬਿਲਕੁਲ ਨਹੀਂ! ਚਾਹੇ ਕਿ ਉਹ ਅਤੇ ਉਸ ਦੇ 300 ਆਦਮੀ ਕਾਫ਼ੀ ਥੱਕੇ ਹੋਏ ਸਨ, ਫਿਰ ਵੀ ਉਹ ਯਰਦਨ ਦਰਿਆ ਪਾਰ ਕਰ ਕੇ ਦੁਸ਼ਮਣਾਂ ਦਾ ਪਿੱਛਾ ਕਰਦੇ ਰਹੇ। ਅਖ਼ੀਰ, ਉਨ੍ਹਾਂ ਨੇ ਮਿਦਿਆਨੀਆਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਹਰਾ ਦਿੱਤਾ।​—ਨਿਆ. 8:4-12.

15. ਸ਼ਾਇਦ ਇਕ ਬਜ਼ੁਰਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਔਖੀ ਕਿਉਂ ਲੱਗੇ?

15 ਕਦੇ-ਕਦਾਈਂ ਸ਼ਾਇਦ ਕੁਝ ਬਜ਼ੁਰਗ ਆਪਣੇ ਪਰਿਵਾਰ ਤੇ ਮੰਡਲੀ ਦੀ ਦੇਖ-ਭਾਲ ਕਰਨ ਕਰਕੇ ਥੱਕ ਕੇ ਪੂਰੀ ਤਰ੍ਹਾਂ ਚੂਰ ਹੋ ਜਾਣ। ਇਨ੍ਹਾਂ ਹਾਲਾਤਾਂ ਵਿਚ ਬਜ਼ੁਰਗ ਗਿਦਾਊਨ ਦੀ ਰੀਸ ਕਿਵੇਂ ਕਰ ਸਕਦੇ ਹਨ।

ਬਜ਼ੁਰਗ ਉਨ੍ਹਾਂ ਭੈਣਾਂ-ਭਰਾਵਾਂ ਦਾ ਹੌਸਲਾ ਵਧਾ ਸਕੇ ਹਨ ਜਿਨ੍ਹਾਂ ਨੂੰ ਇਸ ਦੀ ਲੋੜ ਸੀ (ਪੈਰੇ 16-17 ਦੇਖੋ)

16-17. (ੳ) ਜ਼ਿੰਮੇਵਾਰੀ ਨਿਭਾਉਣ ਵਿਚ ਕਿਹੜੀ ਗੱਲ ਨੇ ਗਿਦਾਊਨ ਦੀ ਮਦਦ ਕੀਤੀ? (ਅ) ਬਜ਼ੁਰਗ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਨ? (ਯਸਾਯਾਹ 40:28-31) (ਤਸਵੀਰ ਵੀ ਦੇਖੋ।)

16 ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਤਾਕਤ ਦੇਵੇਗਾ। ਗਿਦਾਊਨ ਨੂੰ ਭਰੋਸਾ ਸੀ ਕਿ ਯਹੋਵਾਹ ਉਸ ਨੂੰ ਤਾਕਤ ਦੇਵੇਗਾ ਅਤੇ ਯਹੋਵਾਹ ਨੇ ਉਸ ਦਾ ਭਰੋਸਾ ਨਹੀਂ ਤੋੜਿਆ। (ਨਿਆ. 6:14, 34) ਇਕ ਵਾਰ ਗਿਦਾਊਨ ਅਤੇ ਉਸ ਦੇ ਆਦਮੀ ਦੋ ਮਿਦਿਆਨੀ ਰਾਜਿਆਂ ਦਾ ਪੈਦਲ ਪਿੱਛਾ ਕਰ ਰਹੇ ਸਨ ਜਦ ਕਿ ਰਾਜੇ ਸ਼ਾਇਦ ਊਠਾਂ ʼਤੇ ਸਵਾਰ ਸਨ। (ਨਿਆ. 8:12, 21) ਫਿਰ ਵੀ ਪਰਮੇਸ਼ੁਰ ਦੀ ਮਦਦ ਨਾਲ ਇਜ਼ਰਾਈਲੀਆਂ ਨੇ ਉਨ੍ਹਾਂ ਰਾਜਿਆਂ ਨੂੰ ਹਰਾ ਦਿੱਤਾ। ਉਸੇ ਤਰ੍ਹਾਂ ਬਜ਼ੁਰਗ ਯਹੋਵਾਹ ʼਤੇ ਭਰੋਸਾ ਰੱਖ ਸਕਦੇ ਹਨ ਜੋ “ਨਾ ਕਦੇ ਥੱਕਦਾ ਤੇ ਨਾ ਕਦੇ ਹੰਭਦਾ ਹੈ।” ਯਹੋਵਾਹ ਲੋੜ ਪੈਣ ਤੇ ਬਜ਼ੁਰਗਾਂ ਨੂੰ ਤਾਕਤ ਜ਼ਰੂਰ ਦੇਵੇਗਾ।​ਯਸਾਯਾਹ 40:28-31 ਪੜ੍ਹੋ।

17 ਜ਼ਰਾ ਭਰਾ ਮੈਥਿਊ ਦੇ ਤਜਰਬੇ ʼਤੇ ਗੌਰ ਕਰੋ ਜੋ ਹਸਪਤਾਲ ਸੰਪਰਕ ਕਮੇਟੀ ਦਾ ਮੈਂਬਰ ਹੈ। ਕਿਹੜੀ ਗੱਲ ਇਹ ਜ਼ਿੰਮੇਵਾਰੀ ਨਿਭਾਉਣ ਵਿਚ ਉਸ ਦੀ ਮਦਦ ਕਰਦੀ ਹੈ? ਮੈਥਿਊ ਦੱਸਦਾ ਹੈ: “ਮੈਂ ਫ਼ਿਲਿੱਪੀਆਂ 4:13 ਦੇ ਸ਼ਬਦਾਂ ਨੂੰ ਸੱਚ ਸਾਬਤ ਹੁੰਦਿਆਂ ਦੇਖਿਆ ਹੈ। ਬਹੁਤ ਵਾਰ ਮੈਂ ਇੰਨਾ ਜ਼ਿਆਦਾ ਥੱਕ ਜਾਂਦਾ ਹਾਂ ਕਿ ਮੈਨੂੰ ਲੱਗਦਾ ਕਿ ਬੱਸ ਮੈਂ ਹੋਰ ਨਹੀਂ ਕਰ ਸਕਦਾ। ਫਿਰ ਮੈਂ ਗਿੜਗਿੜਾ ਕੇ ਯਹੋਵਾਹ ਤੋਂ ਤਾਕਤ ਮੰਗਦਾ ਹਾਂ ਕਿ ਮੈਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰ ਸਕਾਂ। ਉਸ ਸਮੇਂ ਮੈਂ ਯਹੋਵਾਹ ਦੀ ਤਾਕਤ ਨੂੰ ਮਹਿਸੂਸ ਕਰਦਾ ਹਾਂ ਜੋ ਜ਼ਿੰਮੇਵਾਰੀਆਂ ਨਿਭਾਉਣ ਵਿਚ ਮੇਰੀ ਮਦਦ ਕਰਦੀ ਹੈ।” ਗਿਦਾਊਨ ਵਾਂਗ ਸਾਡੇ ਬਜ਼ੁਰਗ ਵੀ ਯਹੋਵਾਹ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਵਿਚ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ, ਭਾਵੇਂ ਕਿ ਇੱਦਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਬਿਨਾਂ ਸ਼ੱਕ, ਉਨ੍ਹਾਂ ਨੂੰ ਆਪਣੀਆਂ ਹੱਦਾਂ ਪਛਾਣਨ ਦੀ ਲੋੜ ਹੈ ਅਤੇ ਸਮਝਣਾ ਚਾਹੀਦਾ ਹੈ ਕਿ ਉਹ ਹਮੇਸ਼ਾ ਸਾਰੇ ਕੰਮ ਨਹੀਂ ਕਰ ਸਕਦੇ। ਪਰ ਉਹ ਯਹੋਵਾਹ ʼਤੇ ਭਰੋਸਾ ਰੱਖ ਸਕਦੇ ਹਨ ਕਿ ਉਹ ਮਦਦ ਲਈ ਕੀਤੀਆਂ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਜ਼ਰੂਰ ਸੁਣੇਗਾ ਅਤੇ ਜ਼ਿੰਮੇਵਾਰੀਆਂ ਨਿਭਾਉਣ ਲਈ ਉਨ੍ਹਾਂ ਨੂੰ ਤਾਕਤ ਦੇਵੇਗਾ।​—ਜ਼ਬੂ. 116:1; ਫ਼ਿਲਿ. 2:13.

18. ਬਜ਼ੁਰਗ ਨਿਆਂਕਾਰ ਗਿਦਾਊਨ ਦੀ ਰੀਸ ਕਿਵੇਂ ਕਰ ਸਕਦੇ ਹਨ?

18 ਬਜ਼ੁਰਗ ਨਿਆਂਕਾਰ ਗਿਦਾਊਨ ਦੀ ਮਿਸਾਲ ਤੋਂ ਹਮੇਸ਼ਾ ਕੁਝ-ਨਾ-ਕੁਝ ਸਿੱਖ ਸਕਦੇ ਹਨ। ਬਜ਼ੁਰਗਾਂ ਨੂੰ ਜ਼ਿੰਮੇਵਾਰੀਆਂ ਸਵੀਕਾਰ ਕਰਦਿਆਂ ਆਪਣੀਆਂ ਹੱਦਾਂ ਪਛਾਣਨੀਆਂ ਚਾਹੀਦੀਆਂ ਹਨ ਅਤੇ ਨਿਮਰ ਰਹਿਣਾ ਚਾਹੀਦਾ ਹੈ। ਨਾਲੇ ਜਦੋਂ ਉਨ੍ਹਾਂ ਦੀ ਨੁਕਤਾਚੀਨੀ ਜਾਂ ਤਾਰੀਫ਼ ਕੀਤੀ ਜਾਂਦੀ ਹੈ, ਉਦੋਂ ਵੀ ਉਨ੍ਹਾਂ ਨੂੰ ਆਪਣੀਆਂ ਹੱਦਾਂ ਪਛਾਣਨੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਕਹਿਣਾ ਮੰਨਣਾ ਚਾਹੀਦਾ ਹੈ ਅਤੇ ਦਲੇਰੀ ਦਿਖਾਉਣੀ ਚਾਹੀਦੀ ਹੈ, ਖ਼ਾਸ ਕਰਕੇ ਜਿੱਦਾਂ-ਜਿੱਦਾਂ ਇਸ ਦੁਨੀਆਂ ਦਾ ਅੰਤ ਨੇੜੇ ਆਉਂਦਾ ਜਾ ਰਿਹਾ ਹੈ। ਨਾਲੇ ਉਨ੍ਹਾਂ ਨੂੰ ਇਸ ਗੱਲ ʼਤੇ ਭਰੋਸਾ ਰੱਖਣ ਦੀ ਲੋੜ ਹੈ ਕਿ ਚਾਹੇ ਉਨ੍ਹਾਂ ਸਾਮ੍ਹਣੇ ਜਿਹੜੀ ਮਰਜ਼ੀ ਮੁਸ਼ਕਲ ਆਵੇ, ਫਿਰ ਵੀ ਪਰਮੇਸ਼ੁਰ ਉਨ੍ਹਾਂ ਨੂੰ ਤਾਕਤ ਦੇ ਸਕਦਾ ਹੈ। ਬਿਨਾਂ ਸ਼ੱਕ, ਅਸੀਂ ਅਜਿਹੇ ਮਿਹਨਤੀ ਚਰਵਾਹਿਆਂ ਦੇ ਸ਼ੁਕਰਗੁਜ਼ਾਰ ਹਾਂ ਅਤੇ ਅਸੀਂ ਇਨ੍ਹਾਂ “ਭਰਾਵਾਂ ਦੀ ਕਦਰ ਕਰਦੇ” ਰਹਾਂਗੇ।​—ਫ਼ਿਲਿ. 2:29.

ਗੀਤ 120 ਯਿਸੂ ਵਾਂਗ ਨਰਮ-ਦਿਲ ਬਣੋ

a ਜਦੋਂ ਇਜ਼ਰਾਈਲ ਕੌਮ ਬਹੁਤ ਹੀ ਔਖੇ ਸਮੇਂ ਵਿੱਚੋਂ ਲੰਘ ਰਹੀ ਸੀ, ਤਾਂ ਯਹੋਵਾਹ ਨੇ ਆਪਣੇ ਲੋਕਾਂ ਦੀ ਅਗਵਾਈ ਕਰਨ ਅਤੇ ਰਾਖੀ ਕਰਨ ਲਈ ਗਿਦਾਊਨ ਨੂੰ ਨਿਯੁਕਤ ਕੀਤਾ। ਗਿਦਾਊਨ ਨੇ ਲਗਭਗ 40 ਸਾਲਾਂ ਤਕ ਇਸ ਜ਼ਿੰਮੇਵਾਰੀ ਨੂੰ ਵਫ਼ਾਦਾਰੀ ਨਾਲ ਨਿਭਾਇਆ। ਪਰ ਉਸ ʼਤੇ ਬਹੁਤ ਸਾਰੀਆਂ ਮੁਸ਼ਕਲਾਂ ਵੀ ਆਈਆਂ। ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਮੁਸ਼ਕਲਾਂ ਆਉਣ ʼਤੇ ਬਜ਼ੁਰਗ ਨਿਆਂਕਾਰ ਗਿਦਾਊਨ ਦੀ ਮਿਸਾਲ ʼਤੇ ਕਿਵੇਂ ਚੱਲ ਸਕਦੇ ਹਨ।

b ਆਪਣੀਆਂ ਹੱਦਾਂ ਵਿਚ ਰਹਿਣ ਅਤੇ ਨਿਮਰ ਹੋਣ ਦਾ ਆਪਸ ਵਿਚ ਗਹਿਰਾ ਸੰਬੰਧ ਹੈ। ਆਪਣੀਆਂ ਹੱਦਾਂ ਵਿਚ ਰਹਿਣਾ ਵਾਲਾ ਵਿਅਕਤੀ ਆਪਣੇ ਆਪ ਨੂੰ ਜ਼ਿਆਦਾ ਨਹੀਂ ਸਮਝਦਾ ਅਤੇ ਜਾਣਦਾ ਹੈ ਕਿ ਉਹ ਕੀ ਕਰ ਸਕਦਾ ਹੈ ਤੇ ਕੀ ਨਹੀਂ। ਨਿਮਰ ਵਿਅਕਤੀ ਦੂਜਿਆਂ ਦਾ ਆਦਰ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਲੋਂ ਵਧੀਆ ਸਮਝਦਾ ਹੈ। (ਫ਼ਿਲਿ. 2:3) ਆਮ ਤੌਰ ਤੇ ਜਿਹੜਾ ਵਿਅਕਤੀ ਆਪਣੀਆਂ ਹੱਦਾਂ ਵਿਚ ਰਹਿੰਦਾ ਹੈ, ਉਹ ਨਿਮਰ ਵੀ ਹੁੰਦਾ ਹੈ।